Revised Common Lectionary (Complementary)
17 ਕੁਝ ਸਮੇਂ ਬਾਅਦ ਔਰਤ ਦਾ ਪੁੱਤਰ ਬੀਮਾਰ ਪੈ ਗਿਆ। ਉਹ ਦਿਨੋ ਦਿਨੀ ਵੱਧੇਰੇ ਬੀਮਾਰ ਹੁੰਦਾ ਗਿਆ ਅਤੇ ਅਖੀਰੀ ਉਸ ਵਿੱਚ ਸਾਹ ਵੀ ਨਾ ਰਹੇ। 18 ਤਾਂ ਉਸ ਔਰਤ ਨੇ ਏਲੀਯਾਹ ਨੂੰ ਕਿਹਾ, “ਤੂੰ ਪਰਮੇਸ਼ੁਰ ਦਾ ਮਨੁੱਖ ਹੈਂ, ਕੀ ਤੂੰ ਮੇਰੀ ਮਦਦ ਕਰ ਸੱਕਦਾ ਹੈਂ? ਜਾਂ ਤੂੰ ਇੱਥੇ ਮੈਨੂੰ ਮੇਰੇ ਪਾਪਾਂ ਦਾ ਚੇਤਾ ਹੀ ਕਰਵਾਉਣ ਲਈ ਆਇਆ ਹੈਂ? ਜਾਂ ਤੂੰ ਇੱਥੇ ਮੇਰੇ ਪੁੱਤਰ ਦੀ ਮੌਤ ਦਾ ਕਾਰਣ ਬਣਨ ਲਈ ਆਇਆ ਹੈਂ?”
19 ਏਲੀਯਾਹ ਨੇ ਕਿਹਾ, “ਆਪਣਾ ਪੁੱਤਰ ਮੈਨੂੰ ਦੇ!” ਏਲੀਯਾਹ ਨੇ ਉਸਤੋਂ ਉਸਦਾ ਪੁੱਤਰ ਲੈ ਕੇ ਉਸ ਨੂੰ ਪੌੜੀਆਂ ਚੜ੍ਹ ਕੇ ਉੱਪਰ ਲੈ ਗਿਆ। ਜਿਸ ਕਮਰੇ ਵਿੱਚ ਉਹ ਆਪ ਰਹਿੰਦਾ ਸੀ ਉਸ ਨੂੰ ਉੱਥੇ ਬਿਸਤਰ ਤੇ ਲੰਮਾ ਪਾ ਦਿੱਤਾ। 20 ਫ਼ਿਰ ਏਲੀਯਾਹ ਨੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਹ ਵਿਧਵਾ ਔਰਤ ਮੈਨੂੰ ਆਪਣੇ ਘਰ ਵਿੱਚ ਪਨਾਹ ਦੇ ਰਹੀ ਹੈ, ਤੇ ਕੀ ਤੂੰ ਉਸ ਨਾਲ ਅਜਿਹੀ ਬਦਕਿਸਮਤੀ ਕਰੇਂਗਾ? ਕੀ ਤੂੰ ਚਾਹੇਂਗਾ ਕਿ ਉਸਦਾ ਪੁੱਤਰ ਮਰੇ?” 21 ਫ਼ਿਰ ਏਲੀਯਾਹ ਨੇ ਤਿੰਨ ਵਾਰ ਆਪਣੇ ਆਪ ਨੂੰ ਮੁੰਡੇ ਉੱਪਰ ਪਸਾਰਿਆ ਤੇ ਪ੍ਰਾਰਥਨਾ ਕੀਤੀ, “ਹੇ ਯਹੋਵਾਹ ਮੇਰੇ ਪਰਮੇਸ਼ੁਰ! ਇਸ ਮੁੰਡੇ ਨੂੰ ਮੁੜ ਤੋਂ ਜੀਣ ਦੀ ਆਗਿਆ ਦੇ।”
22 ਯਹੋਵਾਹ ਨੇ ਏਲੀਯਾਹ ਦੀ ਪ੍ਰਾਰਥਨਾ ਸੁਣੀ। ਮੁੰਡੇ ਨੇ ਮੁੜ ਤੋਂ ਸਾਹ ਲੈਣਾ ਸ਼ੁਰੂ ਕੀਤਾ। ਉਹ ਜਿਉ ਪਿਆ। 23 ਏਲੀਯਾਹ ਮੁੰਡੇ ਨੂੰ ਹੇਠਾਂ ਲੈ ਆਇਆ। ਏਲੀਯਾਹ ਨੇ ਮੁੰਡਾ ਉਸਦੀ ਮਾਂ ਦੇ ਹਵਾਲੇ ਕੀਤਾ ਅਤੇ ਕਿਹਾ, “ਵੇਖ ਤੇਰਾ ਪੁੱਤਰ ਜਿਉਂਦਾ ਹੈ।”
24 ਔਰਤ ਨੇ ਕਿਹਾ, “ਹੁਣ ਮੈਂ ਜਾਣ ਗਈ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਬੰਦਾ ਹੈਂ ਅਤੇ ਯਹੋਵਾਹ ਸੱਚ ਮੁੱਚ ਤੇਰੇ ਰਾਹੀਂ ਬੋਲਦਾ ਹੈ।”
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
ਪੌਲੁਸ ਦਾ ਅਧਿਕਾਰ ਪਰਮੇਸ਼ੁਰ ਵੱਲੋਂ ਹੈ
11 ਭਰਾਵੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਹੜੀ ਖੁਸ਼ਖਬਰੀ ਦਾ ਪ੍ਰਚਾਰ ਮੈਂ ਤੁਹਾਨੂੰ ਕੀਤਾ ਸੀ ਉਹ ਮਨੁੱਖਾਂ ਦੀ ਬਣਾਈ ਹੋਈ ਨਹੀਂ ਸੀ। 12 ਮੈਨੂੰ ਇਹ ਖੁਸ਼ਖਬਰੀ ਕਿਸੇ ਮਨੁੱਖ ਵਲੋਂ ਨਹੀਂ ਮਿਲੀ ਸੀ। ਕਿਸੇ ਮਨੁੱਖ ਨੇ ਮੈਨੂੰ ਇਹ ਖੁਸ਼ਖਬਰੀ ਨਹੀਂ ਪੜ੍ਹਾਈ। ਮੈਨੂੰ ਇਹ ਯਿਸੂ ਮਸੀਹ ਨੇ ਦਿੱਤੀ ਸੀ। ਉਸ ਨੇ ਇਹ ਖੁਸ਼ਖਬਰੀ ਮੈਨੂੰ ਪ੍ਰਗਟ ਕੀਤੀ ਸੀ।
13 ਤੁਸੀਂ ਮੇਰੇ ਪਿੱਛਲੇ ਜੀਵਨ ਬਾਰੇ ਸੁਣ ਚੁੱਕੇ ਹੋ। ਮੈਂ ਯਹੂਦੀ ਧਰਮ ਦਾ ਅਨੁਯਾਈ ਸਾਂ। ਮੈਂ ਪਰਮੇਸ਼ੁਰ ਦੀ ਕਲੀਸਿਯਾ ਨੂੰ ਬਹੁਤ ਸਤਾਇਆ ਸੀ, ਅਤੇ ਮੈਂ ਇਸ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ। 14 ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਹੋਰਨਾਂ ਯਹੂਦੀਆਂ ਨਾਲੋਂ ਵੱਧੇਰੇ ਵੱਧ ਰਿਹਾ ਸੀ। ਮੈਂ ਆਪਣੇ ਵੱਲੋਂ ਪੁਰਾਣੀ ਮਰਯਾਦਾ ਦਾ ਅਨੁਸਰਣ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਇਹ ਨੇਮ ਉਹੀ ਰਿਵਾਜ਼ ਸਨ ਜਿਨ੍ਹਾਂ ਨੂੰ ਅਸੀਂ ਆਪਣੇ ਪੁਰਖਿਆਂ ਤੋਂ ਹਾਸਿਲ ਕੀਤਾ ਸੀ।
15 ਪਰ ਮੇਰੇ ਜਨਮ ਤੋਂ ਵੀ ਪਹਿਲਾਂ, ਮੇਰੇ ਲਈ ਪਰਮੇਸ਼ੁਰ ਦੀ ਖਾਸ ਵਿਉਂਤ ਸੀ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਨਾਲ ਸੱਦਿਆ। 16 ਪਰਮੇਸ਼ੁਰ ਚਾਹੁੰਦਾ ਸੀ ਕਿ ਮੈਂ ਉਸ ਦੇ ਪੁੱਤਰ ਬਾਰੇ ਗੈਰ ਯਹੂਦੀਆਂ ਨੂੰ ਖੁਸ਼ਖਬਰੀ ਦੱਸਾਂ। ਇਸ ਲਈ ਪਰਮੇਸ਼ੁਰ ਨੇ ਮੈਨੂੰ ਆਪਣੇ ਪੁੱਤਰ ਬਾਰੇ ਪ੍ਰਕਾਸ਼ ਕੀਤਾ। ਜਦੋਂ ਪਰਮੇਸ਼ੁਰ ਨੇ ਮੈਨੂੰ ਬੁਲਾਇਆ, ਮੈਂ ਕਿਸੇ ਮਨੁੱਖ ਪਾਸੋਂ ਸਲਾਹ ਜਾਂ ਸਹਾਇਤਾ ਨਹੀਂ ਮੰਗੀ। 17 ਮੈਂ ਯਰੂਸ਼ਲਮ ਵਿੱਚ ਰਸੂਲਾਂ ਨੂੰ ਮਿਲਣ ਨਹੀਂ ਗਿਆ। ਇਹ ਲੋਕ ਮੇਰੇ ਤੋਂ ਵੀ ਪਹਿਲਾਂ ਹੀ ਰਸੂਲ ਸਨ। ਪਰ ਮੈਂ ਤੁਰੰਤ ਅਰਬ ਦੇਸ਼ ਨੂੰ ਚੱਲਾ ਗਿਆ। ਬਾਦ ਵਿੱਚ ਮੈਂ ਦੰਮਿਸਕ ਸ਼ਹਿਰ ਵਿੱਚ ਵਾਪਸ ਚੱਲਾ ਗਿਆ।
18 ਤਿੰਨਾਂ ਸਾਲਾਂ ਬਾਦ ਮੈਂ ਯਰੂਸ਼ਲਮ ਚੱਲਾ ਗਿਆ। ਮੈਂ ਪਤਰਸ ਨੂੰ ਮਿਲਣਾ ਚਾਹੁੰਦਾ ਸਾਂ। ਮੈਂ ਪਤਰਸ ਕੋਲ ਪੰਦਰ੍ਹਾਂ ਦਿਨਾਂ ਤੱਕ ਠਹਿਰਿਆ। 19 ਮੈਂ ਯਿਸੂ ਦੇ ਭਰਾ ਯਾਕੂਬ ਤੋਂ ਬਿਨਾ ਕਿਸੇ ਹੋਰ ਰਸੂਲ ਨੂੰ ਨਹੀਂ ਮਿਲਿਆ। 20 ਪਰਮੇਸ਼ੁਰ ਜਾਣਦਾ ਹੈ ਕਿ ਇਹ ਜਿਹੜੀਆਂ ਗੱਲਾਂ ਮੈਂ ਲਿਖ ਰਿਹਾ ਹਾਂ ਝੂਠੀਆਂ ਨਹੀਂ ਹਨ। 21 ਬਾਦ ਵਿੱਚ ਮੈਂ ਸੁਰਿਯਾ ਤੋਂ ਕਿਲਿਕਿਯਾ ਦੇ ਇਲਾਕੇ ਵੱਲ ਚੱਲਾ ਗਿਆ।
22 ਯਹੂਦਿਯਾ ਵਿੱਚ ਮਸੀਹ ਦੀਆਂ ਕਲੀਸਿਯਾਵਾਂ ਮੈਨੂੰ ਨਿਜੀ ਤੌਰ ਤੇ ਨਹੀਂ ਮਿਲੀਆਂ। 23 ਉਨ੍ਹਾਂ ਨੇ ਮੇਰੇ ਬਾਰੇ ਇਹੀ ਸੁਣਿਆ ਸੀ; “ਇਹ ਆਦਮੀ ਸਾਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਹੁਣ ਉਹ ਲੋਕਾਂ ਨੂੰ ਓਸੇ ਵਿਸ਼ਵਾਸ ਦਾ ਪ੍ਰਚਾਰ ਕਰ ਰਿਹਾ ਹੈ ਜਿਸ ਨੂੰ ਕਦੇ ਉਹ ਤਬਾਹ ਕਰਨਾ ਚਾਹੁੰਦਾ ਸੀ।” 24 ਇਨ੍ਹਾਂ ਵਿਸ਼ਵਾਸੀਆਂ ਨੇ ਮੇਰੇ ਵਾਸਤੇ ਪਰਮੇਸ਼ੁਰ ਦੀ ਵਡਿਆਈ ਕੀਤੀ।
ਯਿਸੂ ਦਾ ਇੱਕ ਮਨੁੱਖ ਨੂੰ ਜਿਉਂਦਾ ਕਰਨਾ
11 ਅਗਲੇ ਦਿਨ ਯਿਸੂ ਨਾਇਨ ਨਾਂ ਦੇ ਇੱਕ ਸ਼ਹਿਰ ਵਿੱਚ ਗਿਆ। ਉਸ ਦੇ ਚੇਲੇ ਅਤੇ ਲੋਕਾਂ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸਫ਼ਰ ਕਰ ਰਹੀ ਸੀ। 12 ਜਦੋਂ ਉਹ ਨਗਰ ਦੇ ਫ਼ਾਟਕ ਦੇ ਕੋਲ ਪਹੁੰਚਿਆ ਤਾਂ ਉਸ ਨੇ ਇੱਕ ਜਨਾਜ਼ਾ ਵੇਖਿਆ। ਇੱਕ ਵਿਧਵਾ ਦਾ ਇੱਕੋ-ਇੱਕ ਪੁੱਤਰ ਸੀ ਜੋ ਮਰ ਗਿਆ ਸੀ। ਜਦੋਂ ਉਸ ਦੇ ਪੁੱਤਰ ਦਾ ਜਨਾਜ਼ਾ ਲਿਜਾਇਆ ਜਾ ਰਿਹਾ ਸੀ ਤਾਂ ਉਸ ਦੇ ਨਾਲ ਕਾਫ਼ੀ ਲੋਕ ਵੀ ਤੁਰ ਰਹੇ ਸਨ। 13 ਜਦੋਂ ਪ੍ਰਭੂ ਯਿਸੂ ਨੇ ਉਸ ਨੂੰ ਵੇਖਿਆ ਤਾਂ ਉਸ ਦੇ ਉੱਤੇ ਤਰਸ ਖਾਧਾ ਅਤੇ ਉਸ ਨੇ ਉਸ ਔਰਤ ਨੂੰ ਕਿਹਾ, “ਤੂੰ ਰੋ ਨਹੀਂ।” 14 ਉਹ ਅਗਾਂਹ ਗਿਆ ਅਤੇ ਤਾਬੂਤ ਨੂੰ ਛੋਹਿਆ ਅਤੇ ਜਿਨ੍ਹਾਂ ਲੋਕਾਂ ਨੇ ਤਾਬੂਤ ਨੂੰ ਚੁੱਕਿਆ ਹੋਇਆ ਸੀ, ਉੱਥੇ ਹੀ ਰੁਕ ਗਏ। ਯਿਸੂ ਨੇ ਉਸ ਮੁਰਦਾ ਪੁੱਤਰ ਨੂੰ ਕਿਹਾ, “ਹੇ ਯੁਵਕ! 15 ਮੈਂ ਤੈਨੂੰ ਆਖਦਾ ਹਾਂ ਕਿ ਉੱਠ ਖਲੋ।” ਤਾਂ ਉਹ ਵਿਧਵਾ ਦਾ ਪੁੱਤਰ ਉੱਠ ਬੈਠਾ ਅਤੇ ਗੱਲਾਂ ਕਰਨ ਲੱਗ ਪਿਆ ਅਤੇ ਯਿਸੂ ਨੇ ਉਸ ਨੂੰ ਉਸਦੀ ਮਾਂ ਨੂੰ ਦੇ ਦਿੱਤਾ।
16 ਸਭ ਲੋਕ ਡਰ ਨਾਲ ਭਰ ਗਏ ਅਤੇ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੇ “ਇੱਕ ਵੱਡਾ ਨਬੀ ਸਾਡੇ ਕੋਲ ਆਇਆ ਹੈ।” ਅਤੇ ਉਨ੍ਹਾਂ ਕਿਹਾ, “ਪਰਮੇਸ਼ੁਰ ਖੁਦ ਆਪਣੇ ਲੋਕਾਂ ਦੀ ਮਦਦ ਕਰਨ ਲਈ ਆਇਆ ਹੈ।”
17 ਇਹ ਖਬਰ ਯਿਸੂ ਬਾਰੇ ਸਾਰੇ ਯਹੂਦਿਯਾ ਅਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਫ਼ੈਲ ਗਈ।
2010 by World Bible Translation Center