Revised Common Lectionary (Complementary)
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
12 ਉਸ ਔਰਤ ਨੇ ਕਿਹਾ, “ਹੇ ਮੇਰੇ ਮਹਾਰਾਜ ਅਤੇ ਪਾਤਸ਼ਾਹ! ਮੈਨੂੰ ਕੁਝ ਹੋਰ ਵੀ ਆਖਣ ਦੀ ਇਜਾਜ਼ਤ ਦੇ।”
ਪਾਤਸ਼ਾਹ ਨੇ ਕਿਹਾ, “ਬੋਲ!”
13 ਤਾਂ ਉਸ ਔਰਤ ਨੇ ਕਿਹਾ, “ਤੁਸੀਂ ਪਰਮੇਸ਼ੁਰ ਦੇ ਲੋਕਾਂ ਦੇ ਵਿਰੁੱਧ ਇਹੋ ਜਿਹਾ ਕਿਸ ਲਈ ਧਿਆਨ ਕੀਤਾ ਹੈ? ਹਾਂ! ਜਦੋਂ ਤੁਸੀਂ ਅਜਿਹਾ ਆਖਦੇ ਹੋ ਤਾਂ ਇਉਂ ਜਾਪਦੇ ਕਿ ਤੁਸੀਂ ਦੋਸ਼ੀ ਹੋ! ਕਿਉਂ ਕਿ ਜਿਸ ਪੁੱਤਰ ਨੂੰ ਤੁਸੀਂ ਜਬਰਦਸਤੀ ਘਰੋ ਕੱਢਿਆ ਸੀ ਉਸ ਨੂੰ ਵਾਪਸ ਨਹੀਂ ਸੱਦਿਆ। 14 ਅਸੀਂ ਸਭਨਾਂ ਨੇ ਇੱਕ ਨਾ ਇੱਕ ਦਿਨ ਮਰਨਾ ਹੈ। ਅਸੀਂ ਉਸ ਪਾਣੀ ਵਰਗੇ ਹਾਂ ਜੋ ਧਰਤੀ ਤੇ ਡੋਲ੍ਹਿਆ ਜਾਂਦਾ ਹੈ, ਤੇ ਫ਼ਿਰ ਧਰਤੀ ਤੇ ਡੁਲ੍ਹੇ ਪਾਣੀ ਨੂੰ ਕੋਈ ਮੁੜ ਇਕੱਠਾ ਨਹੀਂ ਕਰ ਸੱਕਦਾ। ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਕਿਸੇ ਦੀ ਜਾਨ ਨਹੀਂ ਲੈਂਦਾ ਸਗੋਂ ਜਿਹੜੇ ਘਰੋ ਜਬਰਦਸਤੀ ਕੱਢੇ ਜਾਂਦੇ ਹਨ, ਪਰਮੇਸ਼ੁਰ ਉਨ੍ਹਾਂ ਦੀ ਸੁਰੱਖਿਆ ਦੀ ਵਿਉਂਤ ਬਣਾਉਂਦਾ ਹੈ-ਪਰਮੇਸ਼ੁਰ ਉਨ੍ਹਾਂ ਨੂੰ ਆਪਣੀ ਨਜ਼ਰ ਤੋਂ ਦੂਰ ਕਰਨ ਦਾ ਹੁਕਮ ਨਹੀਂ ਦਿੰਦਾ। 15 ਮੇਰੇ ਮਹਾਰਾਜ ਅਤੇ ਪਾਤਸ਼ਾਹ, ਮੈਂ ਤੁਹਾਨੂੰ ਇਹ ਗੱਲ ਆਖਣ ਇਸ ਲਈ ਆਈ ਹਾਂ ਕਿਉਂ ਕਿ ਲੋਕਾਂ ਨੇ ਮੈਨੂੰ ਡਰਾਇਆ ਤਾਂ ਮੈਂ ਆਪਣੇ-ਆਪ ਨੂੰ ਕਿਹਾ, ‘ਮੈਂ ਪਾਤਸ਼ਾਹ ਅੱਗੇ ਫ਼ਰਿਆਦ ਕਰਾਂਗੀ, ਹੋ ਸੱਕਦਾ ਪਾਤਸ਼ਾਹ ਮੇਰੀ ਫ਼ਰਿਆਦ ਸੁਣੇ ਤੇ ਮੇਰੀ ਮਦਦ ਕਰੇ। 16 ਪਾਤਸ਼ਾਹ ਮੇਰੀ ਸੁਣੇਗਾ ਅਤੇ ਜੋ ਮੈਨੂੰ ਅਤੇ ਮੇਰੇ ਪੁੱਤਰ ਨੂੰ ਮਾਰਨਾ ਚਾਹੁੰਦੇ ਹਨ, ਉਨ੍ਹਾਂ ਤੋਂ ਸਾਡੀ ਸੁਰੱਖਿਆ ਕਰੇਗਾ। ਜੋ ਮਨੁੱਖ ਸਾਨੂੰ ਪਰਮੇਸ਼ੁਰ ਦੀ ਦਿੱਤੀ ਦਾਤ ਤੋਂ ਵਾਂਝਾ ਰੱਖ ਕੇ ਮਾਰਨਾ ਚਾਹੁੰਦਾ ਹੈ, ਪਾਤਸ਼ਾਹ ਸਾਨੂੰ ਉਸਤੋਂ ਬਚਾਵੇਗਾ।’ 17 ਮੈਨੂੰ ਪਤਾ ਹੈ ਕਿ ਮੇਰੇ ਮਹਾਰਾਜ ਪਾਤਸ਼ਾਹ ਦੇ ਸ਼ਬਦ ਸੁੱਖ-ਸ਼ਾਂਤੀ ਦੇਣਗੇ ਕਿਉਂ ਕਿ ਤੂੰ ਪਰਮੇਸ਼ੁਰ ਦੇ ਦੂਤ ਵਰਗਾ ਹੈਂ। ਤੂੰ ਚੰਗੇ ਬੁਰੇ ਦੀ ਪਛਾਣ ਰੱਖਦਾ ਹੈਂ ਅਤੇ ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ।”
18 ਦਾਊਦ ਪਾਤਸ਼ਾਹ ਨੇ ਉਸ ਔਰਤ ਨੂੰ ਆਖਿਆ, “ਤੈਨੂੰ ਮੈਂ ਜੋ ਗੱਲਾਂ ਪੁੱਛਾਂ ਤੂੰ ਸਿਰਫ਼ ਉਸਦਾ ਜਵਾਬ ਦੇਵੀਂ।”
ਔਰਤ ਨੇ ਕਿਹਾ, “ਮੇਰੇ ਮਹਾਰਾਜ ਅਤੇ ਪਾਤਸ਼ਾਹ! ਕਿਰਪਾ ਕਰਕੇ ਸਵਾਲ ਪੁੱਛੋ।”
19 ਪਾਤਸ਼ਾਹ ਨੇ ਆਖਿਆ, “ਕੀ ਯੋਆਬ ਨੇ ਇਹ ਸਭ ਕੁਝ ਮੈਨੂੰ ਆਖਣ ਲਈ ਤੈਨੂੰ ਨਹੀਂ ਸਿੱਖਾਇਆ?”
ਔਰਤ ਨੇ ਜਵਾਬ ਦਿੱਤਾ, “ਤੇਰੀ ਜਾਨ ਦੀ ਸੌਂਹ! ਮੇਰੇ ਮਹਾਰਾਜ ਅਤੇ ਪਾਤਸ਼ਾਹ! ਤੂੰ ਬਿਲਕੁਲ ਠੀਕ ਆਖਿਆ ਹੈ। ਤੇਰੇ ਅਫ਼ਸਰ ਯੋਆਬ ਨੇ ਹੀ ਇਹ ਸਭ ਕੁਝ ਮੈਨੂੰ ਤੈਨੂੰ ਆਖਣ ਲਈ ਕਿਹਾ ਸੀ। 20 ਅਤੇ ਤੇਰੇ ਸੇਵਕ ਯੋਆਬ ਨੇ ਇਹ ਸਾਰੀ ਗੱਲ ਇਸ ਲਈ ਕੀਤੀ ਹੈ ਤਾਂ ਜੋ ਉਹ ਇਸ ਕੰਮ ਦਾ ਰੰਗ ਬਦਲ ਦੇਵੇ ਅਤੇ ਜੋ ਕੁਝ ਧਰਤੀ ਤੇ ਹੁੰਦਾ ਹੈ ਉਸ ਦੇ ਜਾਨਣ ਨੂੰ ਮੇਰਾ ਮਹਾਰਾਜ ਪਰਮੇਸ਼ੁਰ ਦੇ ਦੂਤ ਦੀ ਬੁੱਧ ਅਨੁਸਾਰ ਬੁੱਧਵਾਨ ਹੈ।”
ਅਬਸ਼ਾਲੋਮ ਦਾ ਯਰੂਸ਼ਲਮ ਨੂੰ ਪਰਤਨਾ
21 ਪਾਤਸ਼ਾਹ ਨੇ ਯੋਆਬ ਨੂੰ ਆਖਿਆ, “ਵੇਖ! ਜੋ ਮੈਂ ਵਾਅਦਾ ਕੀਤਾ ਹੈ, ਉਹ ਪੂਰਾ ਕਰਾਂਗਾ। ਹੁਣ ਤੂੰ ਮਿਹਰਬਾਨੀ ਕਰਕੇ ਜੁਆਨ ਅਬਸ਼ਲੋਮ ਨੂੰ ਵਾਪਸ ਸੱਦ ਲਿਆ।”
22 ਤਦ ਯੋਆਬ ਨੇ ਨਿਮਰਤਾ ਸਹਿਤ ਮੂੰਹ ਪਰਨੇ ਧਰਤੀ ਵੱਲ ਝੁਕ ਕੇ ਮੱਥਾ ਟੇਕ ਕੇ ਪਾਤਸ਼ਾਹ ਨੂੰ ਧੰਨ ਕਿਹਾ। ਤਾਂ ਯੋਆਬ ਬੋਲਿਆ, “ਅੱਜ ਮੈਂ ਜਾਣਦਾ ਹਾਂ ਕਿ ਮੇਰੇ ਪਾਤਸ਼ਾਹ ਦੀ ਮੇਰੇ ਤੇ ਕਿਰਪਾ ਹੈ ਕਿਉਂ ਕਿ ਮੈਂ ਜੋ ਅਰਜ ਕੀਤੀ ਹੈ ਤੁਸੀਂ ਮੇਰੀ ਬੇਨਤੀ ਪਰਵਾਨ ਕੀਤੀ ਹੈ।”
23 ਤਦ ਯੋਆਬ ਉੱਠਿਆ ਅਤੇ ਗਸ਼ੂਰ ਵੱਲ ਗਿਆ ਅਤੇ ਉੱਥੋਂ ਅਬਸ਼ਾਲੋਮ ਨੂੰ ਯਰੂਸ਼ਲਮ ਵਿੱਚ ਲਿਆਣ ਲਈ ਗਿਆ। 24 ਪਰ ਦਾਊਦ ਪਾਤਸ਼ਾਹ ਨੇ ਕਿਹਾ, “ਅਬਸ਼ਲੋਮ ਆਪਣੇ ਘਰ ਵਾਪਸ ਜਾ ਸੱਕਦਾ ਹੈ, ਪਰ ਉਹ ਇੱਥੇ ਮੇਰੇ ਕੋਲ ਨਹੀਂ ਆ ਸੱਕਦਾ!”
ਪੌਲੁਸ ਰਾਜਾ ਅਗ੍ਰਿਪਾ ਦੇ ਸਾਹਮਣੇ
26 ਅਗ੍ਰਿਪਾ ਨੇ ਪੌਲੁਸ ਨੂੰ ਆਖਿਆ, “ਤੈਨੂੰ ਆਪਣੇ ਹੱਕ ਵਿੱਚ ਬੋਲਣ ਦੀ ਇਜਾਜ਼ਤ ਹੈ।” ਤਾਂ ਪੌਲੁਸ ਆਪਣੇ ਹੱਥ ਨਾਲ ਲੋਕਾਂ ਨੂੰ ਸੁਨਣ ਦਾ ਇਸ਼ਾਰਾ ਕਰਦਿਆਂ ਹੋਇਆਂ ਆਖਣ ਲੱਗਾ। 2 “ਹੇ ਰਾਜਾ ਅਗ੍ਰਿਪਾ, ਤੁਹਾਡੇ ਅੱਗੇ ਖੜ੍ਹਾ ਹੋਕੇ ਅੱਜ ਮੈਂ ਆਪਣੇ ਆਪਨੂੰ ਬੜਾ ਭਾਗਸ਼ਾਲੀ ਸਮਝਦਾ ਹਾਂ ਅਤੇ ਮੈਂ ਯਹੂਦੀਆਂ ਦੁਆਰਾ ਆਪਣੇ ਉੱਤੇ ਲਾਏ ਗਏ ਸਾਰੇ ਇਲਜ਼ਾਮਾਂ ਦਾ ਉੱਤਰ ਦੇਵਾਂਗਾ। 3 ਮੈਂ ਵੱਧੇਰੇ ਖੁਸ਼ ਹਾਂ ਕਿਉਂਕਿ ਤੈਨੂੰ ਯਹੂਦੀ ਰਿਵਾਜ਼ਾਂ ਬਾਰੇ ਅਤੇ ਜਿਹੜੀਆਂ ਗੱਲਾਂ ਬਾਰੇ ਇਹ ਬਹਿਸ ਕਰਦੇ ਹਨ ਉਨ੍ਹਾਂ ਬਾਰੇ ਪੂਰਾ ਗਿਆਨ ਹੈ। ਇਸ ਲਈ ਕਿਰਪਾ ਕਰਕੇ ਮੇਰੀ ਗੱਲ ਸਬਰ ਨਾਲ ਸੁਣੋ।
4 “ਸਾਰੇ ਯਹੂਦੀ ਮੇਰੇ ਸਾਰੇ ਜੀਵਨ ਬਾਰੇ ਜਾਣਦੇ ਹਨ। ਉਹ ਜਾਣਦੇ ਹਨ ਕਿ ਕਿਵੇਂ ਮੈਂ ਮੁਢੋ ਆਪਣੇ ਦੇਸ਼ ਵਿੱਚ ਰਿਹਾ ਹਾਂ ਅਤੇ ਬਾਦ ਵਿੱਚ ਯਰੂਸ਼ਲਮ ਦੇ ਵਿੱਚ। 5 ਇਹ ਯਹੂਦੀ ਮੈਨੂੰ ਬੜੇ ਲੰਬੇ ਸਮੇਂ ਤੋਂ ਜਾਣਦੇ ਹਨ। ਜੇਕਰ ਇਹ ਚਾਹੁਣ, ਉਹ ਤੈਨੂੰ ਦੱਸ ਸੱਕੱਦੇ ਹਨ ਕਿ ਮੈਂ ਆਪਣਾ ਜੀਵਨ ਇੱਕ ਫ਼ਰੀਸੀ ਵਾਂਗ ਬਤੀਤ ਕੀਤਾ ਹੈ। ਫ਼ਰੀਸੀ ਯਹੂਦੀ ਧਰਮ ਦੇ ਨੇਮਾਂ ਦੀ ਪਾਲਣਾ ਹੋਰਨਾਂ ਯਹੂਦੀ ਧੜਿਆਂ ਤੋਂ ਵੀ ਵੱਧੇਰੇ ਧਿਆਨ ਨਾਲ ਕਰਦੇ ਹਨ। 6 ਹੁਣ ਮੈਂ ਉਸ ਵਿਸ਼ਵਾਸ ਕਾਰਣ ਕਚਿਹਰੀ ਦੇ ਸਾਹਮਣੇ ਖੜ੍ਹਾ ਹਾਂ ਜੋ ਮੈਨੂੰ ਉਸ ਵਾਅਦੇ ਕਾਰਣ ਮਿਲੀ ਹੈ ਜਿਹੜਾ ਪਰਮੇਸ਼ੁਰ ਨੇ ਸਾਡੇ ਬਜ਼ੁਰਗਿਆਂ ਨਾਲ ਕੀਤਾ ਸੀ। 7 ਉਸੇ ਕਰਾਰ ਨੂੰ ਪ੍ਰਾਪਤ ਕਰਨ ਦੀ ਆਸ ਉੱਪਰ ਸਾਡੀਆਂ ਬਾਰ੍ਹਾਂ ਗੋਤਾਂ ਦਿਨ ਰਾਤ ਵੱਡੇ ਯਤਨ ਨਾਲ ਪਰਮੇਸ਼ੁਰ ਦੀ ਉਪਾਸਨਾ ਕਰਦੀਆਂ ਹਨ। ਹੇ ਰਾਜਾ। ਇਸੇ ਆਸ ਦੇ ਵਚਨ ਦੇ ਬਦਲੇ ਯਹੂਦੀ ਮੇਰੇ ਉੱਪਰ ਦੋਸ਼ ਮੜ੍ਹ ਰਹੇ ਹਨ। 8 ਤੁਸੀਂ ਇਸ ਗੱਲ ਨੂੰ ਅਸੰਭਵ ਕਿਉਂ ਮੰਨਦੇ ਹੋ ਕਿ ਪਰਮੇਸ਼ੁਰ ਮੁਰਦਿਆਂ ਨੂੰ ਜਿਵਾਲੇ?
9 “ਜਦੋਂ ਮੈਂ ਇੱਕ ਫ਼ਰੀਸੀ ਸਾਂ ਮੈਂ ਵੀ ਸੋਚਿਆ ਕਿ ਮੈਨੂੰ ਯਿਸੂ ਨਾਸਰੀ ਦੇ ਨਾਂ ਦੇ ਵਿਰੁੱਧ ਸਾਰੀਆਂ ਸੰਭਵ ਗੱਲਾਂ ਕਰਨੀਆਂ ਚਾਹੀਦੀਆਂ ਹਨ। 10 ਅਤੇ ਯਰੂਸ਼ਲਮ ਵਿੱਚ ਮੈਂ ਨਿਹਚਾਵਾਨਾਂ ਦੇ ਖਿਲਾਫ਼ ਵੀ ਬੜੇ ਕੰਮ ਕੀਤੇ। ਪਰਧਾਨ ਜਾਜਕਾਂ ਨੇ ਮੈਨੂੰ ਇਹ ਇਖਤਿਆਰ ਦਿੱਤਾ ਹੋਇਆ ਸੀ, ਇਸ ਲਈ ਮੈਂ ਬਹੁਤ ਸਾਰੇ ਨਿਹਚਾਵਾਨਾਂ ਨੂੰ ਕੈਦ ਕੀਤਾ ਅਤੇ ਉਨ੍ਹਾਂ ਨੂੰ ਕੈਦਖਾਨੇ ਵਿੱਚ ਪਾ ਦਿੱਤਾ। ਜਦੋਂ ਉਹ ਮਾਰੇ ਜਾ ਰਹੇ ਸਨ, ਤਾਂ ਮੈਂ ਵੀ ਹਾਂਮੀ ਭਰੀ। 11 ਹਰ ਪ੍ਰਾਰਥਨਾ ਸਥਾਨ ਵਿੱਚ ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ। ਮੈਂ ਉਨ੍ਹਾਂ ਨੂੰ ਯਿਸੂ ਦੇ ਖਿਲਾਫ਼ ਬੇਇੱਜ਼ਤੀ ਦੇ ਸ਼ਬਦ ਆਖਣ ਲਈ ਮਜਬੂਰ ਕੀਤਾ। ਮੈਂ ਉਨ੍ਹਾਂ ਦੇ ਇੰਨਾ ਖਿਲਾਫ਼ ਸੀ ਕਿ ਮੈਂ ਉਨ੍ਹਾਂ ਦੀ ਭਾਲ ਵਿੱਚ ਹੋਰ ਥਾਵਾਂ ਤੇ ਵੀ ਗਿਆ।
2010 by World Bible Translation Center