Revised Common Lectionary (Complementary)
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ।
30 ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ।
ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ।
ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
2 ਮੇਰੇ ਯਹੋਵਾਹ ਪਰਮੇਸ਼ੁਰ, ਮੈਂ ਤੁਹਾਨੂੰ ਪ੍ਰਾਰਥਨਾ ਕੀਤੀ।
ਤੇ ਤੁਸਾਂ ਮੈਨੂੰ ਨਿਰੋਗ ਕੀਤਾ।
3 ਤੁਸਾਂ ਮੈਨੂੰ ਕਬਰ ਵਿੱਚੋਂ ਉੱਠਾ ਲਿਆ ਸੀ।
ਤੁਸਾਂ ਮੈਨੂੰ ਜੀਣ ਦਿੱਤਾ।
ਮੈਨੂੰ ਮੁਰਦਿਆਂ ਦੇ ਨਾਲ ਲੇਟਣਾ ਨਹੀਂ ਪਿਆ ਜਿਹੜੇ ਮ੍ਰਿਤੂ ਲੋਕ ਵਿੱਚ ਪਏ ਹਨ।
4 ਹੇ ਪਰਮੇਸ਼ੁਰ ਦੇ ਚੇਲਿਉ, ਯਹੋਵਾਹ ਨੂੰ ਉਸਤਤਾਂ ਗਾਵੋ।
ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
5 ਪਰਮੇਸ਼ੁਰ ਗੁੱਸੇ ਸੀ, ਇਸ ਲਈ ਫ਼ੈਸਲਾ “ਮੌਤ” ਸੀ।
ਪਰ ਉਸ ਨੇ ਆਪਣਾ ਪਿਆਰ ਦਰਸਾਇਆ, ਅਤੇ ਉਸ ਨੇ ਮੈਨੂੰ “ਜੀਵਨ ਦੀ ਅਸੀਸ” ਦਿੱਤੀ।
ਰਾਤ ਵੇਲੇ ਮੈਂ ਰੋਂਦਾ ਹੋਇਆ ਲੇਟਿਆ ਸਾਂ।
ਅਗਲੀ ਸਵੇਰ, ਮੈਂ ਪ੍ਰਸੰਨ ਸਾਂ ਤੇ ਗਾ ਰਿਹਾ ਸਾਂ।
6 ਜਦੋਂ ਮੈਂ ਸੁਰੱਖਿਅਤ ਤੇ ਨਿਸ਼ਚਿੰਤ ਸਾਂ,
ਮੈਂ ਸੋਚਿਆ ਮੈਨੂੰ ਕੋਈ ਵੀ ਸੱਟ ਨਹੀਂ ਮਾਰ ਸੱਕਦਾ।
7 ਹਾਂ, ਯਹੋਵਾਹ, ਜਦੋਂ ਤੁਸੀਂ ਮੇਰੇ ਉੱਤੇ ਮਿਹਰਬਾਨ ਸੀ।
ਮੈਂ ਮਹਿਸੂਸ ਕੀਤਾ ਜਿਵੇਂ ਕੁਝ ਵੀ ਨਹੀਂ ਜੋ ਮੈਨੂੰ ਹਰਾ ਸੱਕਦਾ ਸੀ।
ਪਰ ਜਦੋਂ ਤੁਸੀਂ ਮੈਥੋਂ ਮੁੱਖ ਮੋੜਿਆ ਸੀ
ਮੈਂ ਸਹਿਮ ਗਿਆ ਅਤੇ ਡਰ ਨਾਲ ਕੰਬ ਗਿਆ।
8 ਇਸ ਲਈ, ਹੇ ਪਰਮੇਸ਼ੁਰ ਮੈਂ ਧਰਤੀ ਉੱਤੇ ਤੇਰੇ ਅੱਗੇ ਪ੍ਰਾਰਥਨਾ ਕੀਤੀ।
ਮੈਂ ਆਖਿਆ ਕਿ ਤੂੰ ਮੇਰੇ ਉੱਪਰ ਦਯਾ ਕਰੇਂ।
9 ਮੈਂ ਆਖਿਆ, “ਹੇ ਪਰਮੇਸ਼ੁਰ ਇਸ ਵਿੱਚ ਕੀ ਚੰਗਾ ਹੈ ਜੇ ਮੈਂ ਮਰ ਜਾਵਾਂ
ਤੇ ਮੈਂ ਕਬਰ ਵਿੱਚ ਨਿਘਰ ਜਾਵਾਂ?
ਸਿਰਫ਼ ਮੁਰਦਾ ਲੋਕ ਖਾਕ ਵਿੱਚ ਲੇਟਦੇ ਹਨ?
ਉਹ ਤੇਰੀ ਉਸਤਤਿ ਨਹੀਂ ਕਰਦੇ।
ਉਹ ਲੋਕਾਂ ਤਾਈਂ ਨਹੀਂ ਦੱਸਦੇ ਅਸੀਂ ਤੇਰੇ ਉੱਤੇ ਕਿੰਨਾ ਨਿਰਭਰ ਹੋ ਸੱਕਦੇ ਹਾਂ।
10 ਹੇ ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ ਅਤੇ ਮੇਰੇ ਉੱਤੇ ਮਿਹਰਬਾਨ ਹੋਵੋ।
ਹੇ ਯਹੋਵਾਹ, ਮੇਰੀ ਮਦਦ ਕਰੋ।”
11 ਮੈਂ ਪ੍ਰਾਰਥਨਾ ਕੀਤੀ ਅਤੇ ਤੁਸਾਂ ਮੇਰੀ ਮਦਦ ਕੀਤੀ।
ਤੁਸੀਂ ਮੇਰੇ ਰੋਣ ਨੂੰ ਨੱਚਣ ਵਿੱਚ ਬਦਲਿਆ।
ਤੁਸੀਂ ਮੇਰੀ ਉਦਾਸੀ ਦੀ ਪੋਸ਼ਾਕ ਲਾਹ ਲਈ।
ਅਤੇ ਤੁਸੀਂ ਮੈਨੂੰ ਖੁਸ਼ੀ ਨਾਲ ਢੱਕਿਆ।
12 ਯਹੋਵਾਹ, ਮੇਰੇ ਪਰਮੇਸ਼ੁਰ, ਮੈਂ ਸਦਾ ਤੇਰੀ ਉਸਤਤਿ ਕਰਾਂਗਾ ਇਸ ਲਈ ਕਦੇ ਵੀ ਖਾਮੋਸ਼ੀ ਨਹੀਂ ਛਾਏਗੀ
ਅਤੇ ਇੱਥੋਂ ਕੋਈ ਨਾ ਕੋਈ ਸਦਾ ਤੁਹਾਡੇ ਆਦਰ ਦੇ ਗੀਤ ਗਾ ਰਿਹਾ ਹੋਵੇਗਾ।
ਯੋਆਬ ਵੱਲੋਂ ਦਾਊਦ ਕੋਲ ਇੱਕ ਸਿਆਣੀ ਔਰਤ ਨੂੰ ਭੇਜਣਾ
14 ਸਰੂਯਾਹ ਦੇ ਪੁੱਤਰ ਯੋਆਬ ਨੂੰ ਜਦੋਂ ਪਤਾ ਲੱਗਾ ਕਿ ਦਾਊਦ ਪਾਤਸ਼ਾਹ ਆਪਣੇ ਪੁੱਤਰ ਅਬਸ਼ਾਲੋਮ ਨੂੰ ਬਹੁਤ ਯਾਦ ਕਰਦਾ ਹੈ ਤਾਂ 2 ਯੋਆਬ ਨੇ ਤਕੋਆਹ ਵਿੱਚ ਸੰਦੇਸ਼ਵਾਹਕ ਭੇਜਕੇ ਉੱਥੋਂ ਇੱਕ ਸਿਆਣੀ ਔਰਤ ਬੁਲਵਾਈ ਅਤੇ ਉਸ ਨੂੰ ਆਖਿਆ, “ਤੂੰ ਸੋਗੀ ਪਹਿਰਾਵਾ ਪਾਕੇ ਸੋਗ ਦਾ ਸਾਂਗ ਰਚਾਅ ਅਤੇ ਇਉਂ ਸਾਂਗ ਕਰ ਜਿਵੇਂ ਇੱਕ ਔਰਤ ਕਿਸੇ ਦੇ ਮਰਨ ਉਪਰੰਤ ਉਸ ਲਈ ਕਿੰਨੇ ਦਿਨ ਵੈਣ ਪਾਉਂਦੀ ਤੇ ਰੋਂਦੀ-ਪਿੱਟਦੀ ਹੈ। 3 ਤੂੰ ਪਾਤਸ਼ਾਹ ਕੋਲ ਜਾ ਅਤੇ ਜਿਵੇਂ ਮੈਂ ਤੈਨੂੰ ਸਮਝਾਵਾਂ ਉਸ ਨੂੰ ਉਵੇਂ ਹੀ ਜਾਕੇ ਆਖ।” ਤਦ ਯੋਆਬ ਨੇ ਉਸ ਸਿਆਣੀ ਔਰਤ ਨੂੰ ਸਮਝਾਇਆ ਕਿ ਜਾਕੇ ਕੀ ਆਖਣਾ ਹੈ।
4 ਤਦ ਤਕੋਆਹ ਦੀ ਉਹ ਔਰਤ ਨੇ ਜਾਕੇ ਪਾਤਸ਼ਾਹ ਨਾਲ ਗੱਲ ਕੀਤੀ। ਉਸ ਨੇ ਜਾਕੇ ਆਪਣਾ ਸਿਰ ਝੁਕਾਅ ਕੇ ਮੱਥਾ ਟੇਕਿਆ ਅਤੇ ਆਖਣ ਲਗੀ, “ਹੇ ਪਾਤਸ਼ਾਹ! ਮੇਰੀ ਮਦਦ ਕਰ!”
5 ਦਾਊਦ ਪਾਤਸ਼ਾਹ ਨੇ ਉਸ ਨੂੰ ਆਖਿਆ, “ਤੈਨੂੰ ਕੀ ਦੁੱਖ ਹੈ?”
ਉਸ ਔਰਤ ਨੇ ਕਿਹਾ, “ਮੈਂ ਵਿੱਧਵਾ ਔਰਤ ਹਾਂ। ਮੇਰਾ ਪਤੀ ਮਰ ਗਿਆ ਹੈ। 6 ਮੇਰੇ ਦੋ ਪੁੱਤਰ ਸਨ, ਉਹ ਦੋਨੋ ਖੇਤ ਵਿੱਚ ਆਪਸ ਵਿੱਚ ਲੜ ਪਏ ਅਤੇ ਉੱਥੇ ਉਨ੍ਹਾਂ ਨੂੰ ਛੁਡਾਉਣ ਵਾਲਾ ਕੋਈ ਨਹੀਂ ਸੀ ਤਾਂ ਇੱਕ ਪੁੱਤਰ ਨੇ ਦੂਜੇ ਨੂੰ ਮਾਰ ਦਿੱਤਾ। 7 ਹੁਣ ਸਾਰਾ ਪਰਿਵਾਰ ਮੇਰੇ ਵਿਰੁੱਧ ਹੋ ਗਿਆ ਹੈ। ਉਨ੍ਹਾਂ ਮੈਨੂੰ ਆਖਿਆ, ‘ਜਿਸਨੇ ਆਪਣੇ ਭਰਾ ਨੂੰ ਵੱਢ ਸੁੱਟਿਆ ਹੈ ਉਸ ਨੂੰ ਸਾਡੇ ਹੱਥ ਸੌਂਪ ਦੇ ਜੋ ਅਸੀਂ ਉਸ ਦੇ ਮਾਰੇ ਹੋਏ ਭਰਾ ਦੇ ਬਦਲੇ ਉਸ ਨੂੰ ਵੱਢ ਸੁੱਟੀਏ ਕਿਉਂ ਕਿ ਉਸ ਨੇ ਆਪਣੇ ਭਰਾ ਨੂੰ ਮਾਰਿਆ ਹੈ।’ ਮੇਰਾ ਉਹ ਬੱਚਿਆਂ ਹੋਇਆ ਪੁੱਤਰ ਅੱਗ ਦੀ ਅਖੀਰੀ ਚਿੰਗਾਰੀ ਵਰਗਾ ਹੈ, ਜੇਕਰ ਉਹ ਉਸ ਨੂੰ ਮਾਰ ਦੇਣਗੇ ਤਾਂ ਉਹ ਅੱਗ ਵੀ ਬਲਦੀ ਬੁਝ ਜਾਵੇਗੀ। ਸਿਰਫ਼ ਉਹੀ ਪੁੱਤਰ ਬੱਚਿਆਂ ਹੈ ਜੋ ਆਪਣੇ ਪਿਤਾ ਦੀ ਜਾਇਦਾਦ ਦਾ ਹੱਕਦਾਰ ਹੈ। ਤਾਂ ਫ਼ਿਰ ਮੇਰੇ ਮਰੇ ਹੋਏ ਪਤੀ ਦੀ ਜਾਇਦਾਦ ਕਿਸੇ ਹੋਰ ਦੇ ਨਾਂ ਹੋ ਜਾਵੇਗੀ ਅਤੇ ਉਸਦਾ ਨਾਂ ਹੀ ਧਰਤੀ ਤੋਂ ਖਤਮ ਹੋ ਜਾਵੇਗਾ।”
8 ਤਾਂ ਪਾਤਸ਼ਾਹ ਨੇ ਉਸ ਔਰਤ ਨੂੰ ਕਿਹਾ, “ਤੂੰ ਆਪਣੇ ਘਰ ਜਾ ਮੈਂ ਤੇਰੇ ਲਈ ਆਗਿਆ ਦੇਵਾਂਗਾ।”
9 ਤਾਂ ਉਸ ਤਕੋਆਹ ਦੀ ਔਰਤ ਨੇ ਪਾਤਸ਼ਾਹ ਨੂੰ ਕਿਹਾ, “ਹੇ ਮੇਰੇ ਮਹਾਰਾਜ, ਪਾਤਸ਼ਾਹ! ਤੁਸੀਂ ਇਹ ਸਾਰਾ ਦੋਸ਼ ਮੇਰੇ ਉੱਪਰ ਰਹਿਣ ਦੇਵੋ। ਤੁਸੀਂ ਤੇ ਤੁਹਾਡਾ ਰਾਜ ਬੇਦੋਸ਼ਾ ਹੋਵੇ।”
10 ਦਾਊਦ ਪਾਤਸ਼ਾਹ ਨੇ ਆਖਿਆ, “ਜੇਕਰ ਕੋਈ ਮਨੁੱਖ ਤੈਨੂੰ ਕੁਝ ਬੁਰਾ-ਭਲਾ ਕਹੇ, ਉਸ ਨੂੰ ਮੇਰੇ ਕੋਲ ਲੈ ਆ, ਕੀ ਮਜਾਲ ਉਹ ਤੈਨੂੰ ਦੋਬਾਰਾ ਕੁਝ ਆਖ ਸੱਕੇ।”
11 ਉਸ ਔਰਤ ਨੇ ਆਖਿਆ, “ਮੈਂ ਬੇਨਤੀ ਕਰਦੀ ਹਾਂ, ਹੇ ਪਾਤਸ਼ਾਹ! ਯਹੋਵਾਹ, ਆਪਣੇ ਪਰਮੇਸ਼ੁਰ ਵੱਲ ਧਿਆਨ ਲਾਕੇ ਕਤਲ ਦਾ ਬਦਲਾ ਲੈਣ ਵਾਲਿਆਂ ਨੂੰ ਰੋਕ ਦੇਵੋ। ਉਹ ਮੇਰੇ ਪੁੱਤਰ ਨੂੰ ਆਪਣੇ ਭਰਾ ਦੇ ਕਤਲ ਕਾਰਣ ਸਜ਼ਾ ਦੇਣਾ ਚਾਹੁੰਦੇ ਹਨ। ਵਚਨ ਦਿਓ ਕਿ ਤੁਸੀਂ ਉਨ੍ਹਾਂ ਨੂੰ ਮੇਰੇ ਪੁੱਤਰ ਨੂੰ ਖਤਮ ਨਾ ਕਰਨ ਦੇਵੋਂਗੇ।”
ਦਾਊਦ ਨੇ ਕਿਹਾ, “ਯਹੋਵਾਹ ਦੀ ਸੌਂਹ! ਤੇਰੇ ਪੁੱਤਰ ਦਾ ਧਰਤੀ ਤੇ ਇੱਕ ਵਾਲ ਵੀ ਨਾ ਡਿੱਗੇਗਾ।”
ਪੌਲੁਸ ਨੇ ਆਪਣੇ ਪਰਿਵਰਤਨ ਬਾਰੇ ਦੱਸਿਆ
6 “ਪਰ ਦੰਮਿਸਕ ਦੇ ਰਾਹ ਵਿੱਚ ਹੀ ਮੇਰੇ ਨਾਲ ਕੁਝ ਵਾਪਰਿਆ। ਇਹ ਕੋਈ ਦੁਪਿਹਰ ਦਾ ਵੇਲਾ ਸੀ, ਜਦੋਂ ਮੈਂ ਦੰਮਿਸਕ ਦੇ ਨੇੜੇ ਪਹੁੰਚਿਆ। ਅਚਾਨਕ ਹੀ, ਅਕਾਸ਼ ਵਿੱਚ ਇੱਕ ਚਮਕੀਲੀ ਰੌਸ਼ਨੀ ਮੇਰੇ ਆਲੇ-ਦੁਆਲੇ ਫ਼ੈਲ ਗਈ। 7 ਮੈਂ ਧਰਤੀ ਤੇ ਡਿੱਗ ਗਿਆ ਤੇ ਇੱਕ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, ‘ਹੇ ਸੌਲੁਸ, ਹੇ ਸੌਲੁਸ, ਤੂੰ ਮੈਨੂੰ ਕਸ਼ਟ ਕਿਉਂ ਦੇ ਰਿਹਾ ਹੈ?’
8 “ਮੈਂ ਪੁੱਛਿਆ, ‘ਪ੍ਰਭੂ, ਤੂੰ ਕੌਣ ਹੈਂ?’ ਅਵਾਜ਼ ਨੇ ਆਖਿਆ, ‘ਮੈਂ ਯਿਸੂ ਨਾਸਰੀ ਹਾਂ, ਜਿਸ ਨੂੰ ਤੂੰ ਕਸ਼ਟ ਦੇ ਰਿਹਾ ਹੈਂ।’ 9 ਮੇਰੇ ਸਾਥੀਆਂ ਨੇ ਜੋ ਮੇਰੇ ਨਾਲ ਸਨ, ਉਹ ਜੋਤ ਤਾਂ ਵੇਖੀ, ਪਰ ਜੋ ਮੇਰੇ ਨਾਲ ਬੋਲਦਾ ਸੀ ਉਸਦੀ ਅਵਾਜ਼ ਨਾ ਸੁਣੀ
10 “ਮੈਂ ਪੁੱਛਿਆ, ‘ਪ੍ਰਭੂ ਮੈਨੂੰ ਕੀ ਕਰਨਾ ਚਾਹੀਦਾ ਹੈ?’ ਪ੍ਰਭੂ ਨੇ ਉੱਤਰ ਦਿੱਤਾ, ‘ਉੱਠ ਅਤੇ ਦੰਮਿਸਕ ਵਿੱਚ ਜਾ। ਉੱਥੇ ਤੈਨੂੰ ਸਭ ਗੱਲਾਂ ਕਹੀਆਂ ਜਾਣਗੀਆਂ ਜੋ ਤੇਰੇ ਕਰਨ ਲਈ ਵਿਉਂਤੀਆਂ ਗਈਆਂ ਹਨ।’ 11 ਮੈਂ ਕੁਝ ਵੇਖ ਨਾ ਸੱਕਿਆ ਕਿਉਂਕਿ ਤੇਜ਼ ਰੋਸ਼ਨੀ ਨੇ ਮੈਨੂੰ ਚੁੰਧਿਆ ਦਿੱਤਾ ਸੀ, ਮੈਨੂੰ ਕੁਝ ਨਾ ਦਿਸਿਆ। ਤਾਂ ਉਹ ਆਦਮੀ ਜੋ ਮੇਰੇ ਨਾਲ ਸਨ ਉਹ ਮੇਰਾ ਹੱਥ ਫ਼ੜਕੇ ਮੈਨੂੰ ਦੰਮਿਸਕ ਵਿੱਚ ਲੈ ਗਏ।
12 “ਦੰਮਿਸਕ ਵਿੱਚ ਹਨਾਨਿਯਾਹ ਨਾਂ ਦਾ ਇੱਕ ਆਦਮੀ ਮੇਰੇ ਕੋਲ ਆਇਆ ਉਹ ਇੱਕ ਧਰਮੀ ਆਦਮੀ ਸੀ ਜਿਸਨੇ ਮੂਸਾ ਦੀ ਸ਼ਰ੍ਹਾ ਦਾ ਅਨੁਸਰਣ ਕੀਤਾ ਸੀ। ਉੱਥੇ ਰਹਿੰਦੇ ਸਾਰੇ ਯਹੂਦੀਆਂ ਨੇ ਉਸਦੀ ਇੱਜ਼ਤ ਕੀਤੀ। 13 ਉਹ ਮੇਰੇ ਕੋਲ ਅਇਆ ਅਤੇ ਆਖਿਆ, ‘ਸੌਲੁਸ, ਮੇਰੇ ਭਰਾ, ਫ਼ੇਰ ਤੋਂ ਵੇਖ।’ ਉਸੇ ਵਕਤ ਮੈਂ ਵੇਖਣ ਦੇ ਕਾਬਿਲ ਹੋ ਗਿਆ। ਤੇ ਉਸ ਨੂੰ ਵੇਖਿਆ।
14 “ਅਤੇ ਉਸ ਨੇ ਆਖਿਆ, ‘ਸਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੀ ਮਰਜ਼ੀ ਜਾਨਣ ਲਈ, ਉਸ ਇੱਕ ਧਰਮੀ ਨੂੰ ਵੇਖਣ ਲਈ ਅਤੇ ਉਸ ਦੇ ਮੂੰਹੋਂ ਬਚਨ ਸੁਣਨ ਲਈ, ਤੈਨੂੰ ਚੁਣਿਆ ਹੈ। 15 ਤੂੰ ਸਾਰਿਆਂ ਲੋਕਾਂ ਲਈ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ ਜੋ ਤੂੰ ਸੁਣੀਆਂ ਤੇ ਵੇਖੀਆਂ ਹਨ। 16 ਹੁਣ ਹੋਰ ਦੇਰ ਨਾ ਕਰ। ਉੱਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰੱਖਕੇ ਇਹ ਕਰ।’
17 “ਉਸ ਤੋਂ ਬਾਅਦ, ਮੈਂ ਯਰੂਸ਼ਲਮ ਨੂੰ ਪਰਤਿਆ। ਮੈਂ ਮੰਦਰ ਦੇ ਦਲਾਨ ਵਿੱਚ ਪ੍ਰਾਰਥਨਾ ਕਰ ਰਿਹਾ ਸੀ ਤਾਂ ਮੈਂ ਇੱਕ ਦਰਸ਼ਨ ਡਿਠਾ। 18 ਉਸ ਦਰਸ਼ਨ ਵਿੱਚ, ਮੈਂ ਯਿਸੂ ਨੂੰ ਵੇਖਿਆ ਅਤੇ ਉਸ ਨੇ ਮੈਨੂੰ ਆਖਿਆ, ‘ਛੇਤੀ ਕਰ। ਹੁਣੇ ਯਰੂਸ਼ਲਮ ਛੱਡ ਦੇ। ਇੱਥੋਂ ਦੇ ਲੋਕ ਮੇਰੇ ਬਾਰੇ ਤੇਰੀ ਗਵਾਹੀ ਨੂੰ ਸਵੀਕਾਰ ਨਹੀਂ ਕਰਨਗੇ।’
19 “ਮੈਂ ਕਿਹਾ, ‘ਹੇ ਪ੍ਰਭੂ, ਉਹ ਜਾਣਦੇ ਹਨ ਕਿ ਉਹ ਮੈਂ ਹੀ ਸੀ ਜਿਸਨੇ ਨਿਹਚਾਵਾਨਾ ਨੂੰ ਕੈਦ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਕੁੱਟਿਆ। ਮੈਂ ਸਾਰੇ ਪ੍ਰਾਰਥਨਾ ਸਥਾਨਾਂ ਵਿੱਚ ਉਨ੍ਹਾਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕਰਨ ਲਈ ਗਿਆ। 20 ਲੋਕ ਇਹ ਵੀ ਜਾਣਦੇ ਹਨ ਕਿ ਤੇਰੇ ਸ਼ਹੀਦ ਇਸਤੀਫ਼ਾਨ ਦਾ ਲਹੂ ਵਹਾਇਆ ਗਿਆ ਤਾਂ ਮੈਂ ਉੱਥੇ ਹੀ ਖੜ੍ਹਾ ਸੀ ਅਤੇ ਉਸ ਨੂੰ ਮਾਰਨ ਦੀ ਹਾਮੀ ਭਰੀ। ਮੈਂ ਉਨ੍ਹਾਂ ਦੇ ਕੱਪੜਿਆਂ ਦੀ ਰਾਖੀ ਕਰ ਰਿਹਾ ਸੀ ਜੋ ਉਸ ਨੂੰ ਮਾਰ ਰਹੇ ਸਨ।’
21 “ਪਰ ਯਿਸੂ ਨੇ ਮੈਨੂੰ ਕਿਹਾ, ‘ਤੂੰ ਹੁਣ ਇੱਥੋਂ ਚੱਲਿਆ ਜਾ, ਕਿਉਂਕਿ ਮੈਂ ਤੈਨੂੰ ਦੂਰ ਗੈਰ-ਯਹੂਦੀ ਲੋਕਾਂ ਕੋਲ ਭੇਜ ਦੇਵਾਂਗਾ।’”
2010 by World Bible Translation Center