Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 87-88

ਕੋਰਹ ਪਰਿਵਾਰ ਦਾ ਇੱਕ ਉਸਤਤਿ ਗੀਤ।

87 ਪਰਮੇਸ਼ੁਰ ਨੇ ਯਰੂਸ਼ਲਮ ਦੀਆਂ ਪਵਿੱਤਰ ਪਹਾੜੀਆਂ ਉੱਤੇ ਆਪਣਾ ਮੰਦਰ ਬਣਾਇਆ।
    ਯਹੋਵਾਹ ਸੀਯੋਨ ਦੇ ਦਰਵਾਜਿਆਂ ਨੂੰ ਇਸਰਾਏਲ ਦੀ ਹੋਰ ਕਿਸੇ ਵੀ ਥਾਂ ਨਾਲੋਂ ਵੱਧੇਰੇ ਪਿਆਰ ਕਰਦਾ ਹੈ।
ਹੇ ਪਰਮੇਸ਼ੁਰ ਦੇ ਸ਼ਹਿਰ, ਲੋਕ ਤੇਰੇ ਬਾਰੇ ਬਹੁਤ ਅਦਭੁਤ ਗੱਲਾਂ ਬੋਲਦੇ ਹਨ।

ਪਰਮੇਸ਼ੁਰ ਆਪਣੇ ਸਾਰੇ ਬੰਦਿਆਂ ਦੀ ਸੂਚੀ ਰੱਖਦਾ।
“ਉਨ੍ਹਾਂ ਵਿੱਚੋਂ ਕੁਝ ਮਿਸਰ ਅਤੇ ਕੁਝ ਬੇਬੀਲੋਨ ਵਿੱਚ ਰਹਿੰਦੇ ਹਨ।
    ਉਨ੍ਹਾਂ ਵਿੱਚੋਂ ਕੁਝ ਲੋਕ ਫ਼ਲਿਸਤੀਨੀਆਂ, ਸੂਰ ਅਤੇ ਇਥੋਮੀਆਂ ਵਿੱਚ ਵੀ ਜਨਮੇ ਸਨ।”
ਪਰਮੇਸ਼ੁਰ ਸੀਯੋਨ ਉੱਤੇ ਜੰਮੇ ਹਰ ਬੰਦੇ ਨੂੰ ਜਾਣਦਾ ਹੈ।
    ਸਰਬ ਉੱਚ ਪਰਮੇਸ਼ੁਰ ਨੇ ਉਸ ਸ਼ਹਿਰ ਨੂੰ ਬਣਾਇਆ।
ਪਰਮੇਸ਼ੁਰ ਆਪਣੇ ਸਾਰੇ ਲੋਕਾਂ ਦੀ ਸੂਚੀ ਰੱਖਦਾ।
    ਪਰਮੇਸ਼ੁਰ ਜਾਣਦਾ ਹੈ ਕਿ ਹਰ ਇੱਕ ਬੰਦਾ ਕਿੱਥੇ ਜੰਮਿਆ ਹੈ।

ਪਰਮੇਸ਼ੁਰ ਦੇ ਖਾਸ ਬੰਦੇ ਯਰੂਸ਼ਲਮ ਨੂੰ ਤਿਉਹਾਰ ਮਨਾਉਣ ਲਈ ਜਾਂਦੇ ਹਨ।
    ਉਹ ਬਹੁਤ ਖੁਸ਼ ਹਨ।
ਉਹ ਗਾ ਅਤੇ ਨੱਚ ਰਹੇ ਹਨ ਉਹ ਆਖਦੇ ਹਨ,
    “ਸਾਰੀਆਂ ਸ਼ੁਭ ਚੀਜ਼ਾਂ ਯਰੂਸ਼ਲਮ ਤੋਂ ਆਉਂਦੀਆਂ ਹਨ।”

ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ।

88 ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ।
    ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
ਕਿਰਪਾ ਕਰਕੇ ਮੇਰੀਆਂ ਪ੍ਰਾਰਥਨਾ ਵੱਲ ਧਿਆਨ ਦਿਉ।
    ਰਹਿਮ ਲਈ ਮੇਰੀਆਂ ਪ੍ਰਾਰਥਨਾ ਸੁਣੋ।
ਮੇਰੀ ਰੂਹ ਨੇ ਇਸ ਦਰਦ ਨੂੰ ਬਹੁਤ ਝੱਲਿਆ ਹੈ।
    ਮੈਂ ਛੇਤੀ ਹੀ ਮਰ ਜਾਵਾਂਗਾ।
ਲੋਕਾਂ ਨੇ ਤਾਂ ਮੈਨੂੰ ਪਹਿਲਾਂ ਹੀ ਮੁਰਦਾ ਸਮਝ ਲਿਆ ਹੈ।
    ਉਸ ਬੰਦੇ ਵਰਗਾ ਜਿਹੜਾ ਕਮਜ਼ੋਰੀ ਕਾਰਣ ਜਿਉਣ ਦੇ ਕਾਬਲ ਨਹੀਂ ਰਿਹਾ।
ਮੁਰਦਾ ਲੋਕਾਂ ਵਿੱਚ ਮੇਰੀ ਤਲਾਸ਼ ਕਰੋ,
    ਮੈਂ ਕਬਰਸਤਾਨ ਵਿੱਚ ਪਈ ਹੋਈ ਇੱਕ ਲਾਸ਼ ਵਾਂਗ ਹਾਂ।
ਉਨ੍ਹਾਂ ਲੋਕਾਂ ਵਿੱਚੋਂ ਜਿਨ੍ਹਾਂ ਨੂੰ ਤੁਸਾਂ ਭੁਲਾ ਦਿੱਤਾ ਹੈ।
    ਤੁਹਾਡੇ ਨਾਲੋਂ ਅਤੇ ਤੁਹਾਡੀ ਦੇਖ-ਭਾਲ ਨਾਲੋਂ ਟੁੱਟੇ ਹੋਇਆਂ ਨੂੰ।
ਤੁਸੀਂ ਮੈਨੂੰ ਧਰਤੀ ਦੀ ਉਸ ਖੱਡ ਵਿੱਚ ਸੁੱਟ ਦਿੱਤਾ ਸੀ। ਹਾਂ,
    ਤੁਸੀਂ ਹੀ ਮੈਨੂੰ ਉਸ ਹਨੇਰੀ ਥਾਵੇਂ ਰੱਖਿਆ ਸੀ।
ਹੇ ਪਰਮੇਸ਼ੁਰ, ਤੁਸੀਂ ਮੇਰੇ ਉੱਪਰ ਕਹਿਰਵਾਨ ਸੀ ਅਤੇ ਤੁਸੀਂ ਮੈਨੂੰ ਦੰਡ ਦਿੱਤਾ ਸੀ।

ਮੇਰੇ ਯਾਰ ਮੈਨੂੰ ਛੱਡ ਗਏ ਹਨ।
    ਇੱਕ ਅਛੂਤ ਬੰਦੇ ਵਾਂਗ ਉਨ੍ਹਾਂ ਨੇ ਮੇਰੇ ਕੋਲੋਂ ਦੂਰੀ ਰੱਖ ਲਈ ਹੈ।
ਮੈਂ ਘਰ ਵਿੱਚ ਹੀ ਕੈਦ ਹਾਂ ਅਤੇ ਮੈਂ ਬਾਹਰ ਨਹੀਂ ਆ ਸੱਕਦਾ।
    ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ।
ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
    ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
10 ਯਹੋਵਾਹ, ਕੀ ਤੁਸੀਂ ਮੁਰਦਾ ਬੰਦਿਆਂ ਲਈ ਕਰਿਸ਼ਮੇ ਕਰਦੇ ਹੋ?
    ਕੀ ਪ੍ਰੇਤ ਉੱਠਦੇ ਹਨ ਅਤੇ ਤੁਹਾਡੀ ਉਸਤਤਿ ਕਰਦੇ ਹਨ? ਨਹੀਂ।

11 ਮੁਰਦਾ ਬੰਦੇ, ਕਬਰ ਵਿੱਚ ਪਏ ਹੋਏ ਤੁਹਾਡੇ ਪਿਆਰ ਦੀ ਗੱਲਾਂ ਨਹੀਂ ਕਰ ਸੱਕਦੇ।
    ਮੁਰਦਿਆਂ ਦੀ ਦੁਨੀਆਂ ਦੇ ਮਰਦਾ ਲੋਕ ਤੁਹਾਡੀ ਵਫ਼ਾਦਾਰੀ ਦੀ ਗੱਲ ਨਹੀਂ ਕਰ ਸੱਕਦੇ।
12 ਹਨੇਰੇ ਵਿੱਚ ਪਏ ਹੋਏ ਮੁਰਦਾ ਲੋਕ ਤੁਹਾਡੇ ਚਮਤਕਾਰ ਨਹੀਂ ਦੇਖ ਸੱਕਦੇ।
    ਭੁੱਲੇ ਵਿੱਸਰਿਆਂ ਦੀ ਦੁਨੀਆਂ ਦੇ ਮੁਰਦਾ ਲੋਕ ਤੁਹਾਡੀ ਸ਼ੁਭਤਾ ਦੀ ਗੱਲ ਨਹੀਂ ਕਰ ਸੱਕਦੇ।
13 ਯਹੋਵਾਹ, ਮੈਂ ਤੁਹਾਨੂੰ ਸਹਾਇਤਾ ਲਈ ਆਖ ਰਿਹਾ ਹਾਂ।
    ਮੈਂ ਹਰ ਰੋਜ਼ ਮੂੰਹ ਹਨੇਰੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ।
14 ਹੇ ਪਰਮੇਸ਼ੁਰ, ਤੁਸੀਂ ਮੈਨੂੰ ਕਿਉਂ ਛੱਡ ਦਿੱਤਾ ਹੈ?
    ਤੁਸੀਂ ਮੈਨੂੰ ਸੁਣਨ ਤੋਂ ਇਨਕਾਰ ਕਿਉਂ ਕਰਦੇ ਹੋਂ?
15 ਆਪਣੀ ਨੌਜਵਾਨੀ ਵੇਲੇ ਤੋਂ ਹੀ ਮੈਂ ਕਮਜ਼ੋਰ ਅਤੇ ਬਿਮਾਰ ਸਾਂ
    ਅਤੇ ਮੈਂ ਤੁਹਾਡਾ ਗੁੱਸਾ ਝੱਲਿਆ ਹੈ। ਮੈਂ ਬੇਸਹਾਰਾ ਹਾਂ।
16 ਯਹੋਵਾਹ, ਤੁਸੀਂ ਮੇਰੇ ਉੱਤੇ ਕਹਿਰਵਾਨ ਸੀ
    ਅਤੇ ਦੰਡ ਮੈਨੂੰ ਮਾਰ ਰਿਹਾ ਹੈ।
17 ਮੇਰੇ ਨਾਲ ਸਦਾ ਚੀਸਾਂ ਅਤੇ ਦਰਦ ਰਿਹਾ ਹੈ।
    ਮੈਂ ਮਹਿਸੂਸ ਕਰਦਾ ਹਾਂ ਕਿ ਮੈਂ ਆਪਣੀਆਂ ਚੀਸਾਂ ਅਤੇ ਦਰਦਾਂ ਨਾਲ ਡੁੱਬ ਰਿਹਾ ਹਾਂ।
18 ਅਤੇ ਹੇ ਪਰਮੇਸ਼ੁਰ, ਤੁਸੀਂ ਮੈਨੂੰ ਮੇਰੇ ਸਾਰੇ ਦੋਸਤਾਂ ਅਤੇ ਪਿਆਰਿਆਂ ਨੂੰ ਛੱਡਣ ਲਈ ਮਜ਼ਬੂਰ ਕਰ ਦਿੱਤਾ।
    ਸਿਰਫ਼ ਹਨੇਰਾ ਹੀ ਮੇਰਾ ਸੰਗੀ ਸਾਥੀ ਹੈ।

ਰੋਮੀਆਂ ਨੂੰ 13

ਤੁਹਾਡੀ ਸਰਕਾਰ ਦੇ ਸ਼ਾਸਕਾਂ ਨੂੰ ਮੰਨੋ

13 ਤੁਹਾਨੂੰ ਸਾਰਿਆਂ ਨੂੰ, ਉੱਚ ਅਧਿਕਾਰੀਆਂ ਨੂੰ ਮੰਨਣਾ ਚਾਹੀਦਾ ਹੈ। ਹਰ ਕੋਈ, ਜੋ ਸ਼ਾਸਨ ਕਰਦਾ ਹੈ, ਪਰਮੇਸ਼ੁਰ ਦੁਆਰਾ ਉਨ੍ਹਾਂ ਨੂੰ ਅਧਿਕਾਰ ਦਿੱਤਾ ਗਿਆ ਹੈ। ਅਤੇ ਉਹ ਸਾਰੇ ਲੋਕ, ਜਿਹੜੇ ਹੁਣ ਸ਼ਾਸਨ ਕਰ ਰਹੇ ਹਨ ਉਨ੍ਹਾਂ ਨੂੰ, ਪਰਮੇਸ਼ੁਰ ਵੱਲੋਂ ਇਹ ਅਧਿਕਾਰ ਪ੍ਰਾਪਤ ਕੀਤਾ ਹੈ। ਇਸ ਲਈ ਇੱਕ ਵਿਅਕਤੀ ਜਿਹੜਾ ਅਧਿਕਾਰੀਆਂ ਦਾ ਵਿਰੋਧ ਕਰਦਾ ਹੈ ਉਹ ਪਰਮੇਸ਼ੁਰ ਦੀ ਵਿਵਸਥਾ ਦਾ ਵਿਰੋਧ ਕਰਦਾ ਹੈ। ਜਿਹੜੇ ਵਿਰੋਧ ਕਰਦੇ ਹਨ ਉਨ੍ਹਾਂ ਨੂੰ ਦੰਡ ਦਿੱਤਾ ਜਾਵੇਗਾ। ਜਿਹੜੇ ਲੋਕ ਉਹੀ ਕਰਦੇ ਹਨ ਜੋ ਸਹੀ ਹੈ, ਉਨ੍ਹਾਂ ਨੂੰ ਹਾਕਮਾਂ ਤੋਂ ਡਰਨਾ ਨਹੀਂ ਪੈਂਦਾ। ਪਰ ਗਲਤ ਕੰਮ ਕਰਨ ਵਾਲਿਆਂ ਨੂੰ ਹਾਕਮਾਂ ਤੋਂ ਡਰਨਾ ਚਾਹੀਦਾ ਹੈ। ਕੀ ਤੁਸੀਂ ਹਾਕਮਾਂ ਤੋਂ ਬੇਖੌਫ਼ ਰਹਿਣਾ ਚਾਹੁੰਦੇ ਹੋ? ਤਾਂ ਤੁਹਾਨੂੰ ਚੰਗਾ ਕਰਨਾ ਪਵੇਗਾ। ਜੇਕਰ ਤੁਸੀਂ ਠੀਕ ਕੰਮ ਕਰੋਂਗੇ ਤਾਂ ਸ਼ਾਸਕ ਤੁਹਾਡੀ ਉਸਤਤਿ ਕਰੇਗਾ।

ਹਾਕਮ ਤੁਹਾਡੀ ਮਦਦ ਲਈ ਪਰੇਮਸ਼ੁਰ ਦਾ ਸੇਵਕ ਹੈ। ਪਰ ਜੇਕਰ ਤੁਸੀਂ ਗਲਤ ਗੱਲਾਂ ਕਰੋ, ਤਾਂ ਤੁਹਾਨੂੰ ਡਰਨਾ ਚਾਹੀਦਾ ਹੈ। ਕਿਉਂਕਿ ਹਾਕਮ ਕੋਲ ਦੰਡ ਦੇਣ ਦਾ ਅਧਿਕਾਰ ਹੈ ਅਤੇ ਉਹ ਉਸ ਅਧਿਕਾਰ ਦੀ ਵਰਤੋਂ ਕਰੇਗਾ। ਉਹ, ਲੋਕਾਂ ਨੂੰ ਸਜ਼ਾ ਦੇਣ ਲਈ ਜੋ ਗਲਤ ਗੱਲਾਂ ਕਰਦੇ ਹਨ, ਪਰਮੇਸ਼ੁਰ ਦਾ ਸੇਵਕ ਹੈ। ਇਸ ਲਈ ਤੁਹਾਨੂੰ ਉੱਚ ਅਧਿਕਾਰੀਆਂ ਦੇ ਹੁਕਮਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਆਗਿਆ ਦਾ ਅਵੱਸ਼ ਪਾਲਣ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਤੁਸੀਂ ਨਹੀਂ ਮੰਨਦੇ ਤਾਂ ਤੁਸੀਂ ਸਜ਼ਾ ਦੇ ਭਾਗੀ ਹੋ, ਤੁਹਾਨੂੰ ਇਸ ਲਈ ਵੀ ਆਗਿਆ ਮੰਨਣੀ ਚਾਹੀਦੀ ਹੈ ਕਿਉਂਕਿ ਤੁਸੀਂ ਜਾਣਦੇ ਹੋ ਕਿ ਇਹੀ ਠੀਕ ਹੈ।

ਇਹੀ ਕਾਰਣ ਹੈ ਕਿ ਤੁਸੀਂ ਮਹਿਸੂਲ ਵੀ ਦਿੰਦੇ ਹੋ। ਸ਼ਾਸਕ ਆਪਣੇ ਕੰਮਾਂ ਵਿੱਚ ਰੁੱਝੇ ਹਨ ਕਿਉਂਕਿ ਪਰਮੇਸ਼ੁਰ ਦੇ ਸੇਵਕ ਹਨ। ਸਭਨਾਂ ਨੂੰ ਉਹ ਕੁਝ ਦੇ ਦਿਉ ਜਿਸਦੇ ਵੀ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਇੱਜ਼ਤ ਦਿਉ, ਜਿਨ੍ਹਾਂ ਨੂੰ ਤੁਸੀਂ ਇੱਜ਼ਤ ਦੇ ਦੇਣਦਾਰ ਹੋ। ਉਨ੍ਹਾਂ ਨੂੰ ਮਹਿਸੂਲ ਦਿਉ ਜਿਸਦੇ ਤੁਸੀਂ ਦੇਣਦਾਰ ਹੋ। ਉਨ੍ਹਾਂ ਲੋਕਾਂ ਨੂੰ ਸਤਿਕਾਰ ਦਿਉ ਜਿਨ੍ਹਾਂ ਲਈ ਸਤਿਕਾਰ ਦੇ ਤੁਸੀਂ ਦੇਣਦਾਰ ਹੋ।

ਦੂਜਿਆਂ ਨੂੰ ਪ੍ਰੇਮ ਕਰੋ ਜਿਵੇਂ ਸ਼ਰ੍ਹਾ ਆਖਦੀ ਹੈ

ਕਿਸੇ ਦੇ ਕਰਜਾਈ ਨਾ ਰਹੋ। ਪਰ ਹਮੇਸ਼ਾ ਇੱਕ ਦੂਜੇ ਦੇ ਪਿਆਰ ਦੇ ਕਰਜਾਈ ਹੋਵੋ। ਜਿਹੜਾ ਦੂਜਿਆਂ ਲੋਕਾਂ ਨੂੰ ਪਿਆਰ ਕਰਦਾ ਹੈ ਉਸ ਨੇ ਸਾਰੀ ਸ਼ਰ੍ਹਾ ਨੂੰ ਮੰਨਿਆ ਹੈ। ਭਲਾ ਮੈਂ ਇਹ ਕਿਉਂ ਆਖਦਾ ਹਾਂ? ਕਿਉਂਕਿ ਸ਼ਰ੍ਹਾ ਕਹਿੰਦੀ ਹੈ, “ਬਦਕਾਰੀ ਨਾ ਕਰੋ, ਕਿਸੇ ਨੂੰ ਨਾ ਮਾਰੋ, ਚੋਰੀ ਨਾ ਕਰੋ, ਅਤੇ ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਨਾ ਕਰੋ।” [a] ਅਸਲ ਵਿੱਚ ਇਹ ਸਾਰੇ ਹੁਕਮਨਾਮੇ ਪੂਰੀ ਤਰ੍ਹਾਂ ਇੱਕੋ ਹੀ ਹੁਕਮ ਵਿੱਚ ਜਾਹਰ ਹਨ; “ਦੂਜਿਆਂ ਨਾਲ ਉਵੇਂ ਪ੍ਰੇਮ ਕਰ ਜਿਵੇਂ ਤੂੰ ਆਪਣੇ ਆਪ ਨੂੰ ਕਰਦਾ ਹੈਂ।” [b] 10 ਪਿਆਰ ਦੂਜਿਆਂ ਲੋਕਾਂ ਨੂੰ ਸੱਟ ਨਹੀਂ ਮਾਰਦਾ ਇਸ ਲਈ ਦੂਜਿਆਂ ਨੂੰ ਪ੍ਰੇਮ ਕਰਨਾ ਪੂਰੀ ਸ਼ਰ੍ਹਾ ਨੂੰ ਮੰਨਣ ਵਾਂਗ ਹੈ।

11 ਮੈਂ ਇਹ ਸਭ ਗੱਲਾਂ ਇਸ ਲਈ ਆਖ ਰਿਹਾ ਹਾਂ ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਖਾਸ ਸਮੇਂ ਵਿੱਚ ਜਿਉਂ ਰਹੇ ਹਾਂ। ਹਾਂ, ਹੁਣ ਤੁਹਾਨੂੰ ਤੁਹਾਡੀ ਨੀਂਦ ਤੋਂ ਜਾਗਣ ਦਾ ਇਹੀ ਸਮਾਂ ਹੈ। ਕਿਉਂ ਕਿ ਹੁਣ ਸਾਡੀ ਮੁਕਤੀ ਸਾਡੇ ਨਿਹਚਾ ਕਰਨ ਦੇ ਸਮੇਂ ਤੋਂ ਵੀ ਬਹੁਤ ਨੇੜੇ ਹੈ। 12 ਰਾਤ ਹੁਣ ਬਹੁਤੀ ਬੀਤ ਗਈ ਹੈ ਅਤੇ ਦਿਨ ਚੜ੍ਹ੍ਹਨ ਵਾਲਾ ਹੈ। ਇਸ ਲਈ ਹੁਣ ਸਾਨੂੰ ਹਨੇਰੇ ਦੇ ਕੰਮ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਸਾਨੂੰ ਪ੍ਰਕਾਸ਼ ਦੇ ਕੰਮ ਕਰਨੇ ਚਾਹੀਦੇ ਹਨ। 13 ਸਾਨੂੰ ਸਹੀ ਢੰਗ ਨਾਲ ਜਿਉਣਾ ਚਾਹੀਦਾ ਹੈ ਕਿਉਂਕਿ ਇਹ ਚਾਨਣ ਦੇ ਲੋਕਾਂ ਲਈ ਯੋਗ ਹੈ। ਸਾਨੂੰ ਅਨੈਤਿਕ ਅਤੇ ਫ਼ਜ਼ੂਲ ਦਾਅਵਤਾਂ ਨਹੀਂ ਕਰਨੀਆਂ ਚਾਹੀਦੀਆਂ। ਸਾਨੂੰ ਸ਼ਰਾਬੀ ਨਹੀਂ ਹੋਣਾ ਚਾਹੀਦਾ। ਸਾਨੂੰ ਆਪਣੇ ਸਰੀਰਾਂ ਨਾਲ ਕਿਸੇ ਤਰ੍ਹਾਂ ਦੇ ਜਿਨਸੀ ਪਾਪ ਨਹੀਂ ਕਰਨੇ ਚਾਹੀਦੇ। ਸਾਨੂੰ ਕਿਸੇ ਨਾਲ ਵਿਵਾਦ ਨਹੀਂ ਕਰਨਾ ਚਾਹੀਦਾ ਹੈ ਜਾਂ ਕਿਸੇ ਨਾਲ ਈਰਖਾ ਮਹਿਸੂਸ ਨਹੀਂ ਕਰਨੀ ਚਾਹੀਦੀ। 14 ਪਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਪਹਿਰਾਵਾ ਬਣਾ ਲਵੋ। ਇਸ ਬਾਰੇ ਨਾ ਸੋਚੋ ਕਿ ਤੁਸੀਂ ਆਪਣੇ ਪਾਪੀ ਸੁਭਾਅ ਅਤੇ ਦੁਸ਼ਟ ਇੱਛਾਵਾਂ ਨੂੰ ਕਿਵੇਂ ਪੂਰਨ ਕਰੋਂਗੇ।

Punjabi Bible: Easy-to-Read Version (ERV-PA)

2010 by World Bible Translation Center