Old/New Testament
ਪਵਿੱਤਰ ਚੀਜ਼ਾਂ ਲਈ ਸੁਗਾਤਾਂ
25 ਯਹੋਵਾਹ ਨੇ ਮੂਸਾ ਨੂੰ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ ਕਿ ਮੇਰੇ ਲਈ ਸੁਗਾਤਾਂ ਲਿਆਉਣ। ਹਰ ਬੰਦਾ ਆਪਣੇ ਦਿਲ ਵਿੱਚ ਇਹ ਫ਼ੈਸਲਾ ਕਰੇ ਕਿ ਉਹ ਮੈਨੂੰ ਕੀ ਦੇਣਾ ਚਾਹੁੰਦਾ ਹੈ। ਇਨ੍ਹਾਂ ਸੁਗਾਤਾਂ ਨੂੰ ਮੇਰੇ ਲਈ ਪਰਵਾਨ ਕਰ। 3 ਜਿਹੜੀਆਂ ਚੀਜ਼ਾਂ ਤੈਨੂੰ ਲੋਕਾਂ ਤੋਂ ਪਰਵਾਨ ਕਰਨੀਆਂ ਚਾਹੀਦੀਆਂ ਹਨ ਉਨ੍ਹਾਂ ਦੀ ਸੂਚੀ ਇਹ ਹੈ; ਸੋਨਾ, ਚਾਂਦੀ ਅਤੇ ਤਾਂਬਾ; 4 ਨੀਲਾ ਜਾਮਨੀ ਅਤੇ ਲਾਲ ਧਾਗਾ ਅਤੇ ਮਹੀਨ ਲਿਨਨ, ਬੱਕਰੀ ਦੇ ਵਾਲ, 5 ਲਾਲ ਰੰਗ ਵਿੱਚ ਰੰਗੀਆਂ ਭੇਡੂ ਦੀਆਂ ਖੱਲਾਂ, ਅਤੇ ਵੱਧੀਆ ਚਮੜਾ, ਸ਼ਿਟੀਮ ਦੀ ਲੱਕੜ, 6 ਦੀਵਿਆਂ ਲਈ ਤੇਲ, ਮਸਹ ਕਰਨ ਵਾਲੇ ਤੇਲ ਲਈ ਮਸਾਲੇ ਅਤੇ ਸੁਗੰਧਤ ਧੂਫ਼ ਦੇ ਮਸਾਲੇ। 7 ਇਸ ਤੋਂ ਇਲਾਵਾ ਸੁਲੇਮਾਨੀ ਪੱਥਰ ਅਤੇ ਏਫ਼ੋਦ ਉੱਤੇ ਅਤੇ ਸੀਨੇ-ਬੰਦ ਉੱਤੇ ਪਾਉਣ ਲਈ ਹੋਰ ਹੀਰੇ ਵੀ।”
ਪਵਿੱਤਰ ਤੰਬੂ
8 ਪਰਮੇਸ਼ੁਰ ਨੇ ਇਹ ਵੀ ਆਖਿਆ, “ਲੋਕ ਮੇਰੇ ਲਈ ਪਵਿੱਤਰ ਸਥਾਨ ਬਨਾਉਣਗੇ, ਫ਼ੇਰ ਮੈਂ ਉਨ੍ਹਾਂ ਦਰਮਿਆਨ ਰਹਿ ਸੱਕਾਂਗਾ। 9 ਮੈਂ ਤੁਹਾਨੂੰ ਦਰਸਾਵਾਂਗਾ ਕਿ ਪਵਿੱਤਰ ਤੰਬੂ ਅਤੇ ਇਸ ਵਿੱਚਲੀ ਹਰ ਸ਼ੈ ਕਿਵੇਂ ਦਿਖਣੀ ਚਾਹੀਦੀ ਹੈ। ਹਰ ਚੀਜ਼ ਨੂੰ ਬਿਲਕੁਲ ਉਸੇ ਤਰ੍ਹਾਂ ਬਨਾਉਣਾ ਜਿਵੇਂ ਮੈਂ ਤੁਹਾਨੂੰ ਦਰਸਾਉਂਦਾ ਹਾਂ।
ਇਕਰਾਰਨਾਮੇ ਵਾਲਾ ਸੰਦੂਕ
10 “ਸ਼ਿਟੀਮ ਦੀ ਲੱਕੜ ਲੈ ਕੇ ਇੱਕ ਖਾਸ ਸੰਦੂਕ ਬਣਾਉ ਇਸ ਪਵਿੱਤਰ ਸੰਦੂਕ ਦੀ ਲੰਬਾਈ ਢਾਈ ਹੱਥ, ਚੌੜਾਈ ਡੇਢ ਹੱਥ ਅਤੇ ਉਚਾਈ ਡੇਢ ਹੱਥ ਹੋਵੇ। 11 ਸ਼ੁੱਧ ਸੋਨਾ ਸੰਦੂਕ ਦੇ ਅੰਦਰ ਅਤੇ ਬਾਹਰ ਲੱਗਿਆ ਹੋਵੇ। ਸੰਦੂਕ ਦੇ ਕੋਨਿਆਂ ਉੱਤੇ ਸੋਨੇ ਦੀ ਪੱਤਰੀ ਲਗਾਓ। 12 ਸੰਦੂਕ ਚੁੱਕਣ ਲਈ ਚਾਰ ਸੁਨਿਹਰੀ ਕੜੇ ਬਣਾਉ ਇਨ੍ਹਾਂ ਸੁਨਿਹਰੀ ਕੜਿਆਂ ਨੂੰ ਚਾਰਾਂ ਪਉੜਾਂ ਵਿੱਚ ਪਾਉ। ਹਰ ਪਾਸੇ ਦੋ-ਦੋ। 13 ਫ਼ੇਰ ਸੰਦੂਕ ਚੁੱਕਣ ਲਈ ਚੋਬਾਂ ਬਣਾਉ ਇਹ ਚੋਬਾਂ ਸ਼ਿਟੀਮ ਦੀ ਲੱਕੜ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਇਨ੍ਹਾਂ ਉੱਪਰ ਸੋਨਾ ਮਢ਼ਿਆ ਹੋਣਾ ਚਾਹੀਦਾ ਹੈ। 14 ਇਨ੍ਹਾਂ ਚੋਬਾਂ ਨੂੰ ਸੰਦੂਕ ਦੇ ਕਿਨਾਰਿਆਂ ਤੇ ਲੱਗੇ ਕੜਿਆਂ ਵਿੱਚ ਪਾਉ। ਇਨ੍ਹਾਂ ਚੋਬਾਂ ਨੂੰ ਸੰਦੂਕ ਚੁੱਕਣ ਲਈ ਵਰਤੋਂ। 15 ਇਹ ਚੋਬਾਂ ਹਰ ਵੇਲੇ ਸੰਦੂਕ ਦੇ ਕੜਿਆਂ ਵਿੱਚ ਰਹਿਣੀਆਂ ਚਾਹੀਦੀਆਂ ਹਨ। ਇਨ੍ਹਾਂ ਚੋਬਾਂ ਨੂੰ ਬਾਹਰ ਨਾ ਕੱਢੋ।”
16 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਨੂੰ ਇਕਰਾਰਨਾਮਾ ਦੇਵਾਂਗਾ। ਇਕਰਾਰਨਾਮੇ ਨੂੰ ਇਸ ਸੰਦੂਕ ਵਿੱਚ ਰੱਖਣਾ। 17 ਫ਼ੇਰ ਇੱਕ ਢੱਕਣ ਬਨਾਉਣ ਇਸ ਨੂੰ ਸ਼ੁੱਧ ਸੋਨੇ ਨਾਲ ਬਨਾਉਣਾ ਇਹ ਢਾਈ ਹੱਥ ਲੰਬਾ ਅਤੇ ਡੇਢ ਹੱਥ ਚੌੜਾ ਹੋਣਾ ਚਾਹੀਦਾ ਹੈ। 18 ਫ਼ੇਰ ਕੁੱਟੇ ਹੋਏ ਸੋਨੇ ਦੀ ਪੱਤਰੀਆਂ ਤੋਂ ਦੋ ਕਰੂਬੀ ਦੂਤ ਬਣਾਓ ਅਤੇ ਉਨ੍ਹਾਂ ਨੂੰ ਢੱਕਣ ਦੇ ਹਰ ਪਾਸੇ ਉੱਤੇ ਲਾਓ। 19 ਇੱਕ ਦੂਤ ਨੂੰ ਢੱਕਣ ਦੇ ਇੱਕ ਸਿਰੇ ਉੱਤੇ ਲਗਾਉ ਅਤੇ ਦੂਸਰੇ ਦੂਤ ਨੂੰ ਦੂਸਰੇ ਉੱਤੇ। ਇਨ੍ਹਾਂ ਦੋਹਾਂ ਦੂਤਾਂ ਨੂੰ ਢੱਕਣ ਨਾਲ ਇੱਕਮਿਕ ਕਰ ਦਿਉ। 20 ਇਨ੍ਹਾਂ ਦੂਤਾਂ ਦੇ ਖੰਭ ਅਕਾਸ਼ ਵੱਲ ਫ਼ੈਲੇ ਹੋਣੇ ਚਾਹੀਦੇ ਹਨ। ਦੂਤਾਂ ਨੇ ਸੰਦੂਕ ਨੂੰ ਆਪਣੀਆਂ ਖੰਭਾਂ ਨਾਲ ਕਜਿਆ ਹੋਣਾ ਚਾਹੀਦਾ ਹੈ। ਦੂਤਾਂ ਦਾ ਚਿਹਰਾ ਇੱਕ ਦੂਸਰੇ ਦੇ ਸਾਹਮਣੇ ਹੋਣਾ ਚਾਹੀਦਾ ਹੈ, ਢੱਕਣ ਵੱਲ ਦੇਖਦਿਆਂ ਹੋਇਆਂ।
21 “ਮੈਂ ਤੁਹਾਨੂੰ ਇਕਰਾਰਨਾਮਾ ਦਿਆਂਗਾ। ਉਸ ਇਕਰਾਰਨਾਮੇ ਨੂੰ ਸੰਦੂਕ ਵਿੱਚ ਰੱਖ ਦਿਉ, ਅਤੇ ਸੰਦੂਕ ਉੱਪਰ ਢੱਕਣ ਰੱਖ ਦੇਣਾ। 22 ਜਦੋਂ ਮੈਂ ਤੈਨੂੰ ਮਿਲਾਂਗਾ, ਮੈਂ ਢੱਕਣ ਉੱਤੇ ਕਰੂਬੀ ਫ਼ਰਿਸ਼ਤਿਆਂ ਦੇ ਵਿੱਚਕਾਰੋਂ ਬੋਲਾਂਗਾ ਜਿਹੜੇ ਇਕਰਾਰਨਾਮੇ ਦੇ ਸੰਦੂਕ ਉੱਪਰ ਹਨ। ਉਸ ਥਾਂ ਤੋਂ ਮੈਂ ਇਸਰਾਏਲ ਦੇ ਲੋਕਾਂ ਨੂੰ ਆਪਣੇ ਸਾਰੇ ਹੁਕਮ ਸੁਣਾਵਾਂਗਾ।
ਮੇਜ਼
23 “ਸ਼ਿਟੀਮ ਦੀ ਲੱਕੜ ਦਾ ਇੱਕ ਮੇਜ ਬਣਾਉ। ਮੇਜ ਦੋ ਹੱਥ ਲੰਮਾ, ਇੱਕ ਹੱਥ ਚੌੜਾ ਅਤੇ ਡੇਢ ਹੱਥ ਉੱਚਾ ਹੋਣਾ ਚਾਹੀਦਾ ਹੈ। 24 ਮੇਜ ਉੱਤੇ ਸ਼ੁੱਧ ਸੋਨਾ ਮਢ਼ ਦਿਉ ਅਤੇ ਇਸਦੇ ਆਲੇ-ਦੁਆਲੇ ਸੋਨੇ ਦੀ ਕਿਨਾਰੀ ਬਣਾ ਦਿਉ। 25 ਫ਼ੇਰ ਮੇਜ ਦੇ ਦੁਆਲੇ ਇੱਕ ਹੱਥ ਚੌੜਾ ਫ਼ਰੇਮ ਬਣਾਉ ਅਤੇ ਫ਼ਰੇਮ ਤੇ ਸੋਨੇ ਦੀਆਂ ਕੰਨੀਆਂ ਪਾਉ। 26 ਫ਼ੇਰ ਸੋਨੇ ਦੇ ਚਾਰ ਕੜੇ ਬਣਾਇਉ ਅਤੇ ਉਨ੍ਹਾਂ ਨੂੰ ਮੇਜ ਦੇ ਚੌਹਾਂ ਕੋਨਿਆਂ ਉੱਤੇ ਪੌੜਾਂ ਵਿੱਚ ਪਾ ਦੇਣਾ। 27 ਕੜਿਆਂ ਨੂੰ ਮੇਜ ਦੇ ਉਤਲੇ ਸਿਰੇ ਦੇ ਆਲੇ-ਦੁਆਲੇ ਫ਼ਰੇਮ ਦੇ ਨੇੜੇ ਪਾ ਦੇਣਾ। ਇਹ ਕੜੇ ਉਨ੍ਹਾਂ ਚੋਬਾਂ ਨੂੰ ਫ਼ੜੀ ਰੱਖਣਗੇ ਜਿਨ੍ਹਾਂ ਨੂੰ ਮੇਜ ਚੁੱਕਣ ਲਈ ਵਰਤਿਆ ਜਾਵੇਗਾ। 28 ਚੋਬਾਂ ਬਨਾਉਣ ਲਈ ਸ਼ਿੱਟੀਮ ਦੀ ਲੱਕੜ ਵਰਤੋਂ ਅਤੇ ਉਨ੍ਹਾਂ ਉੱਪਰ ਸੋਨਾ ਮੜੋ। ਇਹ ਚੋਬਾਂ ਮੇਜ ਨੂੰ ਚੁੱਕਣ ਲਈ ਹਨ। 29 ਸ਼ੁੱਧ ਸੋਨੇ ਦੀਆਂ ਪਲੇਟਾਂ, ਚਮਚੇ, ਘੜੇ ਅਤੇ ਪਿਆਲੇ ਬਣਾਉ। ਘੜੇ ਅਤੇ ਪਿਆਲੇ ਪੀਣ ਦੀਆਂ ਭੇਟਾਂ ਨੂੰ ਛਿੜਕਣ ਲਈ ਹੋਣਗੇ। 30 ਖਾਸ ਰੋਟੀ ਨੂੰ ਮੇਰੇ ਸਾਹਮਣੇ ਮੇਜ ਉੱਪਰ ਰੱਖੋ। ਇਹ ਹਮੇਸ਼ਾ ਮੇਰੇ ਸਾਹਮਣੇ ਹੋਣੀ ਚਾਹੀਦੀ ਹੈ।
ਸ਼ਮਾਦਾਨ
31 “ਫ਼ੇਰ ਤੁਹਾਨੂੰ ਇੱਕ ਸ਼ਮਾਦਾਨ ਬਨਾਉਣਾ ਚਾਹੀਦਾ ਹੈ। ਸ਼ੁੱਧ ਸੋਨੇ ਦੀ ਵਰਤੋਂ ਕਰੋ ਅਤੇ ਇਸਦੀ ਪੱਤਰੀ ਬਣਾਕੇ ਸਟੈਂਡ ਦੇ ਬੇਸ ਅਤੇ ਡੰਡੇ ਉੱਪਰ ਲਗਾਉ। ਸ਼ੁੱਧ ਸੋਨੇ ਦੇ ਫ਼ੁੱਲ ਪੱਤੀਆਂ ਅਤੇ ਕਲੀਆਂ ਬਣਾਉ। ਇਨ੍ਹਾਂ ਨੂੰ ਇਕੱਠਿਆਂ ਕਰਕੇ ਜੋੜ ਦਿਉ।
32 “ਸ਼ਮਾਦਾਨ ਦੀਆਂ ਛੇ ਟਹਿਣੀਆਂ ਹੋਣੀਆਂ ਚਾਹੀਦੀਆਂ ਹਨ-ਤਿੰਨ ਟਹਿਣੀਆਂ ਇੱਕ ਪਾਸੇ ਅਤੇ ਤਿੰਨ ਦੂਜੇ ਪਾਸੇ। 33 ਹਰ ਟਹਿਣੀ ਉੱਪਰ ਤਿੰਨ ਫੁੱਟ ਹੋਣੇ ਚਾਹੀਦੇ ਹਨ। ਇਨ੍ਹਾਂ ਨੂੰ ਬਦਾਮ ਦੇ ਫ਼ੁੱਲਾਂ ਵਰਗੇ ਕਲੀਆਂ ਅਤੇ ਪੱਤੀਆਂ ਵਾਲੇ ਬਣਾਉ। 34 ਸ਼ਮਾਦਾਨ ਲਈ ਚਾਰ ਹੋਰ ਫ਼ੁੱਲ ਬਣਾਉ। ਇਹ ਫ਼ੁੱਲ ਕਲੀਆਂ ਤੇ ਪੱਤੀਆਂ ਵਾਲੇ ਬਦਾਮ ਦੇ ਫ਼ੁੱਲਾਂ ਵਰਗੇ ਬਣਾਏ ਜਾਣ। 35 ਸ਼ਮਾਦਾਨ ਉੱਪਰ ਛੇ ਟਹਿਣੀਆਂ ਹੋਣਗੀਆਂ-ਤਿੰਨ ਟਹਿਣੀਆਂ ਡੰਡੀ ਦੇ ਹਰੇਕ ਪਾਸਿਓਂ ਨਿਕਲਦੀਆਂ ਹੋਈਆਂ। ਉਨ੍ਹਾਂ ਤਿੰਨ ਥਾਵਾਂ ਦੇ ਹੇਠਾਂ, ਜਿੱਥੇ ਟਹਿਣੀਆਂ ਡੰਡੀ ਨਾਲ ਮਿਲਦੀਆਂ ਹਨ, ਕਲੀਆਂ ਅਤੇ ਪੱਤੀਆਂ ਨਾਲ ਫ਼ੁੱਲ ਬਣਾਉ। 36 ਸਾਰਾ ਸ਼ਮਾਦਾਨ, ਕਲਈਆਂ ਅਤੇ ਪਤਿਆਂ ਸਮੇਤ, ਕੁੱਟੇ ਹੋਏ ਸ਼ੁੱਧ ਸੋਨੇ ਤੋਂ ਇੱਕ ਪੀਸ ਦਾ ਬਣਿਆ ਹੋਣਾ ਚਾਹੀਦਾ ਹੈ। 37 ਫ਼ੇਰ ਸ਼ਮਾਦਾਨ ਕੋਲ ਰੱਖਣ ਲਈ ਸੱਤ ਦੀਵੇ ਬਣਾਉ। ਇਹ ਦੀਵੇ ਸ਼ਮਾਦਾਨ ਦੇ ਅਗਲੇ ਹਿੱਸੇ ਨੂੰ ਰੌਸ਼ਨ ਕਰਨਗੇ। 38 ਬੱਤੀਆਂ ਬੁਝਾਉਣ ਵਾਲੇ ਟ੍ਰਿਮਰ ਅਤੇ ਟ੍ਰੇਆਂ ਲਈ ਸ਼ੁੱਧ ਸੋਨਾ ਵਰਤੋਂ। 39 ਸ਼ਮਾਦਾਨ ਅਤੇ ਉਸ ਦੇ ਨਾਲ ਵਰਤੀਆਂ ਜਾਣ ਵਾਲੀਆਂ ਚੀਜ਼ਾਂ ਲਈ 75 ਪੌਂਡ ਸ਼ੁੱਧ ਸੋਨਾ ਵਰਤੋਂ। 40 ਹਰ ਚੀਜ਼ ਨੂੰ ਉਵੇਂ ਬਨਾਉਣ ਲਈ ਬਹੁਤ ਸਾਵੱਧਾਨੀ ਵਰਤੋਂ ਜਿਵੇਂ ਮੈਂ ਤੁਹਾਨੂੰ ਪਰਬਤ ਉੱਪਰ ਦਰਸਾਇਆ ਹੈ।”
ਪਵਿੱਤਰ ਤੰਬੂ
26 “ਪਵਿੱਤਰ ਤੰਬੂ ਦਸ ਪਰਦਿਆਂ ਤੋਂ ਬਣਿਆ ਹੋਣਾ ਚਾਹੀਦਾ ਹੈ। ਇਹ ਪਰਦੇ ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗਿਆਂ ਤੋਂ ਬਣੇ ਹੋਣੇ ਚਾਹੀਦੇ ਹਨ ਅਤੇ ਕਿਸੇ ਮਾਹਰ ਕਾਰੀਗਰ ਦੁਆਰਾ ਇਨ੍ਹਾਂ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 2 ਹਰੇਕ ਪਰਦੇ ਨੂੰ ਇੱਕੋ ਨਾਪ ਦੇ ਬਣਾਉ। ਹਰੇਕ ਪਰਦਾ 28 ਹੱਥ ਲੰਬਾ ਅਤੇ ਚਾਰ ਹੱਥ ਚੌੜਾ ਹੋਣਾ ਚਾਹੀਦਾ ਹੈ। 3 ਪਰਦਿਆਂ ਨੂੰ ਦੋ ਸਮੂਹਾਂ ਵਿੱਚ ਜੋੜੋ। ਪੰਜ ਪਰਦੇ ਜੋੜਕੇ ਇੱਕ ਸਮੂਹ ਬਣਾਉ ਅਤੇ ਪੰਜ ਪਰਦੇ ਜੋੜਕੇ ਦੂਸਰਾ ਸਮੂਹ ਬਣਾਉ। 4 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ ਨੀਲੇ ਕੱਪੜੇ ਦੀ ਝਾਲਰ ਬਣਾਉ। ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਵੇਂ ਹੀ ਕਰੋ। 5 ਪਹਿਲੇ ਸਮੂਹ ਦੇ ਆਖਰੀ ਪਰਦੇ ਉੱਤੇ 50 ਬੀੜੇ ਹੋਣੇ ਚਾਹੀਦੇ ਹਨ। ਅਤੇ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ 50 ਬੀੜੇ ਹੋਣੇ ਚਾਹੀਦੇ ਹਨ। 6 ਫ਼ੇਰ ਦੋਹਾਂ ਪਰਦਿਆਂ ਨੂੰ ਜੋੜਨ ਲਈ ਸੋਨੇ ਦੀਆਂ 50 ਕੁੰਡੀਆਂ ਬਣਾਉ। ਇਹ ਪਵਿੱਤਰ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ।
7 “ਬੱਕਰੀ ਦੇ ਵਾਲਾਂ ਤੋਂ ਪਵਿੱਤਰ ਤੰਬੂ ਵਾਸਤੇ ਇੱਕ ਕੱਜਣ ਬਨਾਉਣ ਲਈ, ਪਰਦਿਆਂ ਦੀ ਇੱਕ ਹੋਰ ਜੋੜੀ ਬਣਾਉ। 8 ਇਹ ਸਾਰੇ ਪਰਦੇ ਇੱਕੋ ਨਾਪ ਦੇ ਹੋਣੇ ਚਾਹੀਦੇ ਹਨ। ਇਹ 30 ਹੱਥ ਲੰਬੇ ਅਤੇ 4 ਹੱਥ ਚੌੜੇ ਹੋਣੇ ਚਾਹੀਦੇ ਹਨ। 9 ਪੰਜ ਪਰਦਿਆਂ ਨੂੰ ਜੋੜਕੇ ਇੱਕ ਸਮੂਹ ਬਣਾਉ। ਛੇਵੇਂ ਪਰਦੇ ਨੂੰ ਤੰਬੂ ਦੇ ਸਾਹਮਣੇ ਵਾਲੇ ਪਾਸੇ ਅੱਧਾ ਮੋੜ ਦਿਉ। 10 ਇੱਕ ਸਮੂਹ ਦੇ ਆਖਰੀ ਪਰਦੇ ਦੇ ਕਿਨਾਰੇ ਉੱਤੇ 50 ਬੀੜੇ ਬਣਾਉ ਦੂਸਰੇ ਸਮੂਹ ਦੇ ਆਖਰੀ ਪਰਦੇ ਉੱਤੇ ਵੀ ਇਸੇ ਤਰ੍ਹਾਂ ਕਰੋ। 11 ਫ਼ੇਰ ਪਰਦਿਆਂ ਨੂੰ ਜੋੜਨ ਲਈ ਪਿੱਤਲ ਦੀਆਂ 50 ਕੁੰਡੀਆਂ ਬਣਾਉ। ਇਹ ਤੰਬੂ ਨੂੰ ਜੋੜਕੇ ਇੱਕ ਕਰ ਦੇਣਗੀਆਂ। 12 ਇਸ ਤੰਬੂ ਦੇ ਆਖਰੀ ਪਰਦੇ ਦਾ ਅੱਧਾ ਹਿੱਸਾ ਪਵਿੱਤਰ ਤੰਬੂ ਦੇ ਪਿੱਛਲੇ ਕਿਨਾਰੇ ਦੇ ਹੇਠਾਂ ਕਰਕੇ ਲਟਕੇਗਾ। 13 ਦੋਹਾਂ ਪਾਸਿਆਂ ਦੇ ਇਸ ਤੰਬੂ ਦੇ ਪਰਦੇ ਪਵਿੱਤਰ ਤੰਬੂ ਦੇ ਹੇਠਲੇ ਕਿਨਾਰਿਆਂ ਉੱਤੇ ਇੱਕ ਹੱਥ ਹੇਠਾਂ ਲਟਕਣਗੇ। ਇਸ ਤਰ੍ਹਾਂ ਇਹ ਤੰਬੂ ਪਵਿੱਤਰ ਤੰਬੂ ਨੂੰ ਪੂਰੀ ਤਰ੍ਹਾਂ ਕੱਜ ਲਵੇਗਾ। 14 ਬਾਹਰਲੇ ਤੰਬੂ ਉੱਪਰ ਪਾਉਣ ਲਈ ਦੇ ਪਰਦੇ ਬਣਾਉ। ਇੱਕ ਪਰਦਾ ਲਾਲ ਰੰਗ ਦੇ ਭੇਡੂ ਦੇ ਚਮੜੇ ਦਾ ਬਣਿਆ ਹੋਣਾ ਚਾਹੀਦਾ ਹੈ। ਦੂਸਰਾ ਪਰਦਾ ਮਹੀਨ ਚਮੜੇ ਦਾ ਹੋਣਾ ਚਾਹੀਦਾ ਹੈ।
15 “ਪਵਿੱਤਰ ਤੰਬੂ ਨੂੰ ਆਸਰਾ ਦੇਣ ਲਈ ਸ਼ਿਟੀਮ ਦੀ ਲੱਕੜ ਦੀਆਂ ਤਖਤੀਆਂ ਬਣਾਉ। 16 ਇਹ ਤਖਤੀਆਂ 10 ਕਿਊਬਿਟ ਉੱਚੀਆਂ ਅਤੇ ਡੇਢ ਕਿਊਬਿਟ ਚੌੜੀਆਂ ਹੋਣੀਆਂ ਚਾਹੀਦੀਆਂ ਹਨ। 17 ਹਰੇਕ ਫ਼ੱਟੀ ਨੂੰ ਜੋੜਨ ਲਈ, ਹਰ ਫ਼ੱਟੀ ਤੇ ਦੋ ਚੀਥੀਆਂ ਹੋਣੀਆਂ ਚਾਹੀਦੀਆਂ ਜੋ ਹੇਠਾਂ ਚੂਲਾਂ ਵਿੱਚ ਫ਼ਿਟ ਬੈਠ ਜਾਣ। ਪਵਿੱਤਰ ਤੰਬੂ ਦੀਆਂ ਸਾਰੀਆਂ ਫ਼ੱਟੀਆਂ ਇਸੇ ਤਰ੍ਹਾਂ ਦੀਆਂ ਹੋਣੀਆਂ ਚਾਹੀਦੀਆਂ ਹਨ। 18 ਪਵਿੱਤਰ ਤੰਬੂ ਦੇ ਦੱਖਣੀ ਪਾਸੇ ਲਈ 20 ਤਖਤੀਆਂ ਬਣਾਉ। 19 ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ। ਹਰੇਕ ਫ਼ੱਟੀ ਦੇ ਹੇਠਾਂ ਰੱਖਣ ਲਈ ਦੋ ਚਾਂਦੀ ਦੀਆਂ ਚੀਥੀਆਂ ਹੋਣੀਆਂ ਚਹੀਦੀਆਂ ਹਨ-ਹਰੇਕ ਪਾਸੇ ਦੀ ਫ਼ੱਟੀ ਲਈ ਇੱਕ ਚੀਥੀ। 20 ਪਵਿੱਤਰ ਤੰਬੂ ਦੇ ਦੂਸਰੇ ਪਾਸੇ (ਉੱਤਰੀ ਪਾਸੇ) ਲਈ 20 ਫ਼ੱਟੀਆਂ ਬਣਾਉ। 21 ਅਤੇ ਇਨ੍ਹਾਂ ਫ਼ੱਟੀਆਂ ਲਈ ਚਾਂਦੀ ਦੀਆਂ 40 ਚੀਥੀਆਂ ਬਣਾਉ-ਹਰੇਕ ਫ਼ੱਟੀ ਹੇਠਾਂ ਦੋ ਚੀਥਿਆਂ। 22 ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਪੱਛਮੀ ਪਾਸੇ) ਲਈ ਛੇ ਹੋਰ ਫ਼ੱਟੀਆਂ ਬਣਾਉ। 23 ਪਵਿੱਤਰ ਤੰਬੂ ਦੇ ਪਿੱਛਲੇ ਪਾਸੇ ਦੋ ਕੋਨਿਆਂ ਲਈ ਦੋ ਫ਼ੱਟੀਆਂ ਬਣਾਉ। 24 ਫ਼ੱਟੀਆਂ ਦੇ ਕੋਨੇ ਹੇਠੋ ਇੱਕ ਦੂਜੇ ਨਾਲ ਜੁੜੇ ਹੋਣੇ ਚਾਹੀਦੇ ਹਨ। ਇੱਕ ਕੜਾ ਇਨ੍ਹਾਂ ਫ਼ੱਟੀਆਂ ਨੂੰ ਉੱਪਰੋਂ ਬੰਨ੍ਹੀ ਰੱਖੇਗਾ। ਦੋਹਾਂ ਕੋਨਿਆਂ ਲਈ ਇਸੇ ਤਰ੍ਹਾਂ ਕਰੋ। 25 ਤੰਬੂ ਦੇ ਪੱਛਮੀ ਸਿਰ ਲਈ ਕੁੱਲ ਅੱਠ ਫ਼ੱਟੀਆਂ ਹੋਣਗੀਆਂ ਅਤੇ ਚਾਂਦੀ ਦੀਆਂ 16 ਚੀਥੀਆਂ ਹੋਣਗੀਆਂ-ਹਰੇਕ ਫ਼ੱਟੀ ਹੇਠਾਂ ਦੋ ਚੀਥੀਆਂ।
26 “ਪਵਿੱਤਰ ਤੰਬੂ ਦੇ ਪਾਸਿਆਂ ਲਈ ਸ਼ਿਟੀਮ ਦੀ ਲੱਕੜੀ ਦੀਆਂ ਟੇਕਾਂ ਬਣਾਉ। ਪਵਿੱਤਰ ਤੰਬੂ ਦੇ ਪਹਿਲੇ ਪਾਸੇ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 27 ਪਵਿੱਤਰ ਤੰਬੂ ਦੇ ਦੂਸਰੇ ਪਾਸੇ ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। ਪਵਿੱਤਰ ਤੰਬੂ ਦੇ ਪਿੱਛਲੇ ਪਾਸੇ (ਪੱਛਮ ਵਾਲੇ ਪਾਸੇ) ਦੀਆਂ ਫ਼ੱਟੀਆਂ ਲਈ ਪੰਜ ਟੇਕਾਂ ਹੋਣੀਆਂ ਚਾਹੀਦੀਆਂ ਹਨ। 28 ਵਿੱਚਕਾਰਲੀ ਟੇਕ ਫ਼ੱਟੀਆਂ ਵਿੱਚੋਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਗੁਜਰਨੀ ਚਾਹੀਦੀ ਹੈ।
29 “ਤਖਤਿਆਂ ਉੱਪਰ ਸੋਨਾ ਮਢ਼ੋ ਅਤੇ ਛੜਾਂ ਨੂੰ ਫ਼ੜੀ ਰੱਖਣ ਲਈ ਫ਼ੱਟੀਆਂ ਵਾਸਤੇ ਸੋਨੇ ਦੇ ਕੜੇ ਬਣਾਉ। ਛੜਾਂ ਨੂੰ ਵੀ ਸੋਨੇ ਨਾਲ ਮਢ਼ੋ। 30 ਪਵਿੱਤਰ ਤੰਬੂ ਨੂੰ ਉਸੇ ਤਰ੍ਹਾਂ ਬਣਾਉ ਜਿਵੇਂ ਮੈਂ ਤੁਹਾਨੂੰ ਪਰਬਤ ਉੱਤੇ ਦਰਸ਼ਾਇਆ ਸੀ।
ਪਵਿੱਤਰ ਤੰਬੂ ਦੇ ਅੰਦਰ
31 “ਗੁੰਦੇ ਹੋਏ ਮਹੀਨ ਲਿਨਨ ਅਤੇ ਨੀਲੇ, ਜਾਮਨੀ ਅਤੇ ਲਾਲ ਧਾਗੇ ਨਾਲ ਇੱਕ ਪਰਦਾ ਬਣਾਉ। ਕਿਸੇ ਮਾਹਰ ਕਾਰੀਗਰ ਦੁਆਰਾ ਇਸ ਉੱਤੇ ਖੰਭਾਂ ਵਾਲੇ ਕਰੂਬੀ ਫ਼ਰਿਸ਼ਤਿਆਂ ਦੀਆਂ ਸ਼ਕਲਾਂ ਸਿਉਂਤੀਆਂ ਹੋਣੀਆਂ ਚਾਹੀਦੀਆਂ ਹਨ। 32 ਸ਼ਿਟੀਮ ਦੀ ਲੱਕੜ ਦੀਆਂ ਚਾਰ ਥੰਮੀਆਂ ਬਣਾਉ ਅਤੇ ਇਨ੍ਹਾਂ ਥੰਮੀਆਂ ਨੂੰ ਸੋਨੇ ਨਾਲ ਮੜ੍ਹੋ। ਚਾਰਾਂ ਥੰਮੀਆਂ ਉੱਤੇ ਸੋਨੇ ਦੀਆਂ ਹੁੱਕਾਂ ਲਗਾਉ। ਸੁਨਿਹਰੀ ਹੁੱਕਾਂ ਉੱਤੇ ਪਰਦੇ ਲਟਕਾਉ। 33 ਪਰਦੇ ਨੂੰ ਸੋਨੇ ਦੀਆਂ ਕੁੰਡੀਆਂ ਹੇਠਾਂ ਲਮਕਾਉ। ਫ਼ੇਰ ਇਕਰਾਰਨਾਮੇ ਵਾਲੇ ਸੰਦੂਕ ਨੂੰ ਪਰਦੇ ਦੇ ਪਿੱਛੇ ਰੱਖ ਦੇਣਾ। ਇਹ ਪਰਦਾ ਪਵਿੱਤਰ ਸਥਾਨ ਨੂੰ ਸਭ ਤੋਂ ਪਵਿੱਤਰ ਸਥਾਨ ਤੋਂ ਵੱਖ ਕਰੇਗਾ। 34 ਅੱਤ ਪਵਿੱਤਰ ਸਥਾਨ ਤੇ ਰੱਖੇ ਇਕਰਾਰਨਾਮੇ ਵਾਲੇ ਸੰਦੂਕ ਉੱਤੇ ਕੱਜਣ ਰੱਖ ਦਿਉ।
35 “ਪਵਿੱਤਰ ਸਥਾਨ ਉੱਤੇ ਪਰਦੇ ਦੇ ਦੂਸਰੇ ਪਾਸੇ ਉਹ ਖਾਸ ਮੇਜ ਰੱਖੋ ਜਿਹੜਾ ਤੁਸੀਂ ਬਣਾਇਆ ਸੀ। ਮੇਜ ਪਵਿੱਤਰ ਤੰਬੂ ਦੇ ਉੱਤਰ ਵਾਲੇ ਪਾਸੇ ਹੋਣਾ ਚਾਹੀਦਾ ਹੈ। ਫ਼ੇਰ ਦੱਖਣ ਵਾਲੇ ਪਾਸੇ ਸ਼ਮਾਦਾਨ ਰੱਖੋ। ਇਹ ਮੇਜ ਦੇ ਸਾਹਮਣੇ ਹੋਵੇਗਾ।
ਪਵਿੱਤਰ ਤੰਬੂ ਦਾ ਦਰਵਾਜ਼ਾ
36 “ਫ਼ੇਰ ਪਵਿੱਤਰ ਤੰਬੂ ਦੇ ਦਰਵਾਜ਼ੇ ਲਈ ਪਰਦਾ ਬਣਾਉ। ਇਸ ਪਰਦੇ ਨੂੰ ਬਨਾਉਣ ਲਈ ਨੀਲੇ, ਬੈਂਗਣੀ ਅਤੇ ਲਾਲ ਧਾਗੇ ਅਤੇ ਗੁੰਦੇ ਹੋਏ ਮਹੀਨ ਲਿਨਨ ਦੀ ਵਰਤੋਂ ਕਰੋ। 37 ਇਸ ਪਰਦੇ ਲਈ ਸੋਨੇ ਦੀਆਂ ਕੁੰਡੀਆਂ ਬਣਾਉ। ਅਤੇ ਸੋਨੇ ਨਾਲ ਮੜ੍ਹੀ ਹੋਈ ਸ਼ਿਟੀਮ ਦੀ ਲੱਕੜੀ ਦੀਆਂ ਪੰਜ ਬੱਲੀਆਂ ਬਣਾਉ। ਅਤੇ ਇਨ੍ਹਾਂ ਪੰਜ ਬੱਲੀਆਂ ਲਈ ਪਿੱਤਲ ਦੀਆਂ ਪੰਜ ਚੀਥੀਆਂ ਬਣਾਉ।
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ(A)
17 ਜਦੋਂ ਯਿਸੂ ਯਰੂਸਲਮ ਜਾ ਰਿਹਾ ਸੀ, ਉਸ ਦੇ ਬਾਰ੍ਹਾਂ ਚੇਲੇ ਵੀ ਉਸ ਦੇ ਨਾਲ ਸਨ। ਰਾਹ ਵਿੱਚ ਉਸ ਨੇ ਉਨ੍ਹਾਂ ਨੂੰ ਇੱਕ ਸਾਥ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਇੱਕਾਂਤ ਵਿੱਚ ਆਖਿਆ। 18 “ਵੇਖੋ, ਅਸੀਂ ਯਰੂਸ਼ਲਮ ਵੱਲ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਫ਼ੜਾ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੇ ਦੇਣਗੇ। 19 ਉਹ ਮਨੁੱਖ ਦੇ ਪੁੱਤਰ ਨੂੰ ਗੈਰ-ਯਹੂਦੀਆਂ ਨੂੰ ਦੇ ਦੇਣਗੇ। ਉਹ ਉਸ ਉੱਤੇ ਹੱਸਣਗੇ ਅਤੇ ਕੋੜਿਆਂ ਨਾਲ ਕੁੱਟਣਗੇ ਅਤੇ ਸਲੀਬ ਤੇ ਚੜ੍ਹਾ ਦੇਣਗੇ। ਅਤੇ ਮੌਤ ਤੋਂ ਤੀਜੇ ਦਿਨ ਬਾਦ, ਫਿਰ ਜੀ ਉੱਠੇਗਾ।”
ਇੱਕ ਮਾਤਾ ਵੱਲੋਂ ਵਿਸ਼ੇਸ਼ ਬੇਨਤੀ(B)
20 ਉਸ ਸਮੇਂ, ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਮੇਤ ਯਿਸੂ ਕੋਲ ਆਈ ਅਤੇ ਉਸ ਅੱਗੇ ਝੁਕੀ ਅਤੇ ਉਸ ਕੋਲੋਂ ਇੱਕ ਸਹਾਇਤਾ ਮੰਗੀ।
21 ਯਿਸੂ ਨੇ ਆਖਿਆ, “ਤੂੰ ਕੀ ਚਾਹੁੰਦੀ ਹੈ?”
ਉਸ ਨੇ ਯਿਸੂ ਨੂੰ ਕਿਹਾ, “ਵਾਅਦਾ ਕਰੋ ਕਿ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਤੇ ਇੱਕ ਤੁਹਾਡੇ ਖੱਬੇ ਪਾਸੇ ਬੈਠਣ।”
22 ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਤੁਸੀਂ ਕੀ ਮੰਗ ਰਹੇ ਹੋ?ਕੀ ਤੁਸੀਂ ਉਹ ਕਸ਼ਟ ਝੱਲ ਸੱਕਦੇ ਹੋਂ ਜਿਹੜੇ ਮੈਂ ਝੱਲਣੇ ਹਨ।”
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ ਅਸੀਂ ਝੱਲ ਸੱਕਦੇ ਹਾਂ!”
23 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸੱਚ ਮੁੱਚ ਜੋ ਕਸ਼ਟ ਮੈਂ ਝੱਲਾਂਗਾ ਤੁਸੀਂ ਵੀ ਝੱਲੋਂਗੇ। ਪਰ ਮੈਂ ਉਹ ਨਹੀਂ ਹਾਂ ਜੋ ਇਸ ਗੱਲ ਦੀ ਚੋਣ ਕਰੇਗਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਉਹ ਜਗ੍ਹਾਵਾਂ ਕੌਣ ਪਾਵੇਗਾ ਮੇਰੇ ਪਿਤਾ ਨੇ ਫ਼ੈਸਲਾ ਕਰ ਲਿਆ ਹੈ। ਉਹ ਥਾਵਾਂ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।”
24 ਜਦੋਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਨ੍ਹਾਂ ਦੋਹਾਂ ਭਰਾਵਾਂ ਤੇ ਖਿਝ ਗਏ। 25 ਤਦ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕੋਲ ਸੱਦਕੇ ਆਖਿਆ, “ਤੁਸੀਂ ਜਾਣਦੇ ਹੋ ਕਿ ਗੈਰ-ਯਹੂਦੀਆਂ ਦੇ ਹਾਕਮ ਦੂਜਿਆਂ ਤੇ ਹੁਕਮ ਚਲਾਉਣਾ ਪਸੰਦ ਕਰਦੇ ਹਨ, ਅਤੇ ਉਨ੍ਹਾਂ ਦੇ ਮਹੱਤਵਪੂਰਣ ਆਗੂ ਲੋਕਾਂ ਤੇ ਆਪਣੀ ਸ਼ਕਤੀ ਇਸਤੇਮਲ ਕਰਨਾ ਪਸੰਦ ਕਰਦੇ ਹਨ। 26 ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਉਸ ਨੂੰ ਸੇਵਕ ਵਾਂਗ ਤੁਹਾਡੀ ਸੇਵਾ ਕਰਨੀ ਚਾਹੀਦੀ ਹੈ। 27 ਜੇਕਰ ਤੁਹਾਡੇ ਵਿੱਚੋਂ ਕੋਈ ਪਹਿਲਾ ਬਨਣਾ ਚਾਹੇ ਉਹ ਪਹਿਲਾਂ ਤੁਹਾਡਾ ਦਾਸ ਹੋਵੇ। 28 ਉਵੇਂ ਹੀ ਜਿਵੇਂ ਮਨੁੱਖ ਦਾ ਪੁੱਤਰ ਆਪਣੀ ਸੇਵਾ ਕਰਵਾਉਨ ਨਹੀਂ ਸਗੋਂ ਉਹ ਹੋਰਨਾਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”
ਯਿਸੂ ਦਾ ਦੋ ਅੰਨ੍ਹਿਆਂ ਨੂੰ ਰਾਜੀ ਕਰਨਾ(C)
29 ਜਦੋਂ ਉਹ ਅਤੇ ਉਸ ਦੇ ਚੇਲੇ ਯਰੀਹੋ ਤੋਂ ਵਿਦਾ ਹੋ ਰਹੇ ਸਨ, ਲੋਕਾਂ ਦੀ ਇੱਕ ਵੱਡੀ ਭੀੜ ਨੇ ਯਿਸੂ ਦਾ ਪਿੱਛਾ ਕੀਤਾ। 30 ਦੋ ਅੰਨ੍ਹੇ ਮਨੁੱਖ ਸੜਕ ਦੇ ਕੰਢੇ ਬੈਠੇ ਸਨ। ਜਦੋਂ ਉਨ੍ਹਾਂ ਸੁਣਿਆ ਕਿ ਯਿਸੂ ਲੰਘਿਆ ਜਾਂਦਾ ਹੈ ਤਾਂ ਉਹ ਉੱਚੀ ਆਵਾਜ਼ ਵਿੱਚ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ।”
31 ਉਨ੍ਹਾਂ ਨੇ ਅੰਨ੍ਹੇ ਆਦਮੀਆਂ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ ਕਿਰਪਾ ਕਰਕੇ ਸਾਡੀ ਸਹਾਇਤਾ ਕਰ।”
32 ਤਦ ਯਿਸੂ ਰੁਕਿਆ ਅਤੇ ਉਨ੍ਹਾਂ ਨੂੰ ਸੱਦਕੇ ਪੁੱਛਿਆ, “ਤੁਸੀਂ ਮੈਥੋਂ ਆਪਣੇ ਵਾਸਤੇ ਕੀ ਕਰਾਉਨਾ ਚਾਹੁੰਦੇ ਹੋ?”
33 ਤਦ ਉਨ੍ਹਾਂ ਦੋਹਾਂ ਨੇ ਕਿਹਾ, “ਪ੍ਰਭੂ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁਲ੍ਹ ਜਾਣ ਜੋ ਅਸੀਂ ਵੇਖ ਸੱਕੀਏ।”
34 ਯਿਸੂ ਨੇ ਉਨ੍ਹਾਂ ਅੰਨ੍ਹਿਆਂ ਆਦਮੀਆਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਉਹ ਝੱਟ ਸੁਜਾਖੇ ਹੋ ਗਏ ਅਤੇ ਯਿਸੂ ਦੇ ਮਗਰ ਹੋ ਤੁਰੇ।
2010 by World Bible Translation Center