Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 54-56

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਦਾਊਦ ਦਾ ਮਸੱਕੀਲ, ਉਦੋਂ ਦੀ ਲਿਖੀ ਹੋਈ, ਜਦੋਂ ਜ਼ਿਫ਼ੀਆਂ ਸ਼ਾਊਲ ਕੋਲ ਆਇਆ ਅਤੇ ਆਖਿਆ, “ਸਾਡਾ ਖਿਆਲ ਹੈ ਕਿ ਦਾਊਦ ਆਪਣੇ-ਆਪ ਨੂੰ ਸਾਡੇ ਲੋਕਾਂ ਦਰਮਿਆਨ ਲੁਕੋ ਰਿਹਾ ਹੈ।”

54 ਹੇ ਪਰਮੇਸ਼ੁਰ, ਆਪਣੀ ਤਾਕਤ ਵਰਤੋਂ ਅਤੇ ਮੈਨੂੰ ਬਚਾਵੋ।
    ਆਪਣੀ ਅਸੀਸ ਦੀ ਸ਼ਕਤੀ ਦੀ ਵਰਤੋਂ ਕਰਕੇ ਮੈਨੂੰ ਮੁਕਤ ਕਰੋ।
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣੋ,
    ਉਹ ਗੱਲਾਂ ਸੁਣੋ ਜੋ ਮੈਂ ਆਖਦਾ ਹਾਂ।
ਉਹ ਅਜਨਬੀ ਜਿਹੜੇ ਪਰਮੇਸ਼ੁਰ ਦੀ ਉਪਾਸਨਾ ਵੀ ਨਹੀਂ ਕਰਦੇ ਮੇਰੇ ਖਿਲਾਫ਼ ਹੋ ਗਏ ਹਨ।
    ਉਹ ਤਕੜੇ ਆਦਮੀ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਹਨ।

ਦੇਖੋ, ਮੇਰਾ ਪਰਮੇਸ਼ੁਰ ਮੇਰੀ ਸਹਾਇਤਾ ਕਰੇਗਾ।
    ਮੇਰਾ ਮਾਲਕ ਮੈਨੂੰ ਸਹਾਰਾ ਦੇਣ ਵਾਲਿਆਂ ਵਿੱਚੋਂ ਇੱਕ ਹੈ।
ਮੇਰਾ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਵੇਗਾ ਜਿਹੜੇ ਮੇਰੇ ਖਿਲਾਫ਼ ਹੋ ਗਏ ਹਨ।
    ਪਰਮੇਸ਼ੁਰ ਮੇਰੇ ਨਾਲ ਵਫ਼ਾ ਕਰੇਗਾ, ਅਤੇ ਉਹ ਉਨ੍ਹਾਂ ਲੋਕਾਂ ਨੂੰ ਬਰਬਾਦ ਕਰ ਦੇਵੇਗਾ।

ਹੇ ਪਰਮੇਸ਼ੁਰ, ਮੈਂ ਤੁਹਾਨੂੰ ਆਪਣੀ ਮਰਜ਼ੀ ਨਾਲ ਸੁਗਾਤਾਂ ਭੇਟ ਕਰਾਂਗਾ।
    ਹੇ ਯਹੋਵਾਹ, ਮੈਂ ਤੇਰੇ ਚੰਗੇ ਨਾਮ ਦੀ ਉਸਤਤਿ ਕਰਾਂਗਾ।
ਕਿਉਂਕਿ ਤੁਸੀਂ ਹੀ ਮੈਨੂੰ ਮੇਰੀਆਂ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
    ਮੈਂ ਆਪਣਿਆ ਵੈਰੀਆਂ ਨੂੰ ਹਾਰਦਿਆਂ ਦੇਖਿਆ।

ਨਿਰਦੇਸ਼ਕ ਲਈ: ਸਾਜਾਂ ਨਾਲ ਦਾਊਦ ਦਾ ਇੱਕ ਭੱਗਤੀ ਗੀਤ।

55 ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਸੁਣ।
    ਕਿਰਪਾ ਕਰਕੇ ਦਯਾ ਲਈ ਮੇਰੀ ਪ੍ਰਾਰਥਨਾ ਨੂੰ ਅਣਡਿਠ ਨਾ ਕਰੋ।
ਹੇ ਪਰਮੇਸ਼ੁਰ, ਕਿਰਪਾ ਕਰਕੇ ਮੇਰੀ ਪ੍ਰਾਰਥਨਾ ਨੂੰ ਸੁਣੋ ਅਤੇ ਜਵਾਬ ਦਿਉ।
    ਮੈਨੂੰ ਤੁਹਾਡੇ ਨਾਲ ਗੱਲ ਕਰਨ ਦਿਉ ਅਤੇ ਤੁਹਾਨੂੰ ਆਪਣੀਆਂ ਸ਼ਿਕਾਇਤਾਂ ਦੱਸਣ ਦਿਉ।
ਮੇਰੇ ਵੈਰੀਆਂ ਨੇ ਮੈਨੂੰ ਮੰਦਾ ਆਖਿਆ।
    ਉਹ ਬਦਚਲਣ ਬੰਦਾ ਮੇਰੇ ਉੱਤੇ ਚੀਕਿਆ।
ਮੇਰੇ ਵੈਰੀ ਕ੍ਰੋਧ ਵਿੱਚ ਸਨ ਅਤੇ ਉਨ੍ਹਾਂ ਨੇ ਮੇਰੇ ਉੱਤੇ ਹਮਲਾ ਕੀਤਾ।
    ਉਨ੍ਹਾਂ ਨੇ ਮੇਰੇ ਉੱਤੇ ਮੁਸੀਬਤਾਂ ਦੇ ਪਹਾੜ ਲਿਆਂਦੇ।
ਮੇਰਾ ਦਿਲ ਮੇਰੇ ਅੰਦਰ ਬੁਰੀ ਤਰ੍ਹਾਂ ਧੜਕ ਰਿਹਾ ਹੈ।
    ਮੈਂ ਮੌਤ ਕੋਲੋਂ ਸਹਿਮ ਗਿਆ ਹਾਂ।
ਮੈਂ ਸਹਿਮਿਆ ਹਾਂ ਅਤੇ ਕੰਬ ਰਿਹਾ ਹਾਂ।
    ਮੈਂ ਭੈਭੀਤ ਹਾਂ।
ਹਾਏ, ਜੇ ਕਿਧਰੇ ਮੇਰੇ ਕਬੂਤਰੀ ਵਾਂਗ ਖੰਭ ਹੁੰਦੇ।
    ਮੈਂ ਦੂਰ ਉੱਡ ਜਾਂਦਾ ਅਤੇ ਸੱਕੂਨ ਲਈ ਥਾਂ ਲੱਭ ਲੈਂਦਾ।
    ਮੈਂ ਦੂਰ ਬਹੁਤ ਦੂਰ ਮਾਰੂਥਲ ਅੰਦਰ ਚੱਲਿਆ ਜਾਂਦਾ।

ਮੈਂ ਦੌੜ ਜਾਂਦਾ ਮੈਂ ਬਚ ਨਿਕਲਦਾ
    ਮੈਂ ਮੁਸੀਬਤਾਂ ਦੇ ਇਸ ਤੂਫ਼ਾਨ ਤੋਂ ਦੂਰ ਨੱਸ ਜਾਂਦਾ।
ਮੇਰੇ ਮਾਲਕ ਇਨ੍ਹਾਂ ਦੇ ਝੂਠ ਨੂੰ ਰੋਕੋ।
    ਮੈਂ ਇਸ ਸ਼ਹਿਰ ਅੰਦਰ ਹਿੰਸਾ ਅਤੇ ਲੜਾਈ ਦੇਖਦਾ ਹਾਂ।
10 ਰਾਤ ਦਿਨ ਹਰ ਇਲਾਵੇ ਵਿੱਚ ਸ਼ਹਿਰ,
    ਜ਼ੁਰਮ ਅਤੇ ਬਦਨਾਮੀ ਨਾਲ ਭਰਿਆ ਪਿਆ ਹੈ।
11 ਮੁਹੱਲਿਆਂ ਵਿੱਚ ਬਹੁਤ ਹੀ ਜੁਰਮ ਹੁੰਦਾ ਹੈ।
    ਲੋਕ ਹਰ ਥਾਂ ਝੂਠ ਬੋਲਦੇ ਹਨ ਅਤੇ ਧੋਖਾ ਦਿੰਦੇ ਹਨ।

12 ਜੇ ਕੋਈ ਵੈਰੀ ਮੇਰੀ ਬੇਇੱਜ਼ਤੀ ਕਰਨ ਵਾਲਾ ਹੁੰਦਾ,
    ਮੈਂ ਬਰਦਾਸ਼ਤ ਕਰ ਸੱਕਦਾ ਹਾਂ।
ਜੇ ਵੈਰੀ ਮੇਰੇ ਉੱਪਰ ਹਮਲਾਵਰ ਹੁੰਦੇ
    ਮੈਂ ਛੁਪ ਸੱਕਦਾ ਸਾਂ।
13 ਪਰ ਇਹ ਤਾਂ ਤੁਸੀਂ ਹੋ, ਮੇਰੇ ਸਾਥੀ ਮੇਰੇ ਸਹਿਯੋਗੀ ਮੇਰੇ ਮਿੱਤਰ,
    ਤੁਸੀਂ ਹੀ ਮੈਨੂੰ ਤਕਲੀਫ਼ਾਂ ਦੇ ਰਹੇ ਹੋ।
14 ਅਸੀਂ ਇੱਕ ਦੂਸਰੇ ਨਾਲ ਭੇਤ ਸਾਂਝੇ ਕਰਦੇ ਹੁੰਦੇ ਸਾਂ,
    ਜਦੋਂ ਅਸੀਂ ਭੀੜਾਂ ਵਿੱਚ ਤੁਰਕੇ ਇਕੱਠੇ ਪਰਮੇਸ਼ੁਰ ਦੇ ਮੰਦਰ ਵੱਲ ਜਾਂਦੇ ਸਾਂ।

15 ਮੈਂ ਚਾਹੁੰਦਾ ਹਾਂ ਕਿ ਮੌਤ ਮੇਰੇ ਵੈਰੀਆਂ ਨੂੰ ਹੈਰਾਨ ਕਰ ਦੇਵੇ।
    ਮੈਂ ਚਾਹੁੰਦਾ ਹਾਂ ਕਿ ਧਰਤੀ ਦਾ ਮੂੰਹ ਖੁਲ੍ਹ ਜਾਵੇ ਅਤੇ ਉਹ ਉਨ੍ਹਾਂ ਨੂੰ ਜਿਉਂਦਿਆਂ ਨਿਗਲ ਲਵੇ।
    ਕਿਉਂਕਿ ਉਹ ਇਕੱਠੇ ਅਜਿਹੀਆਂ ਭਿਆਨਕ ਗੱਲਾਂ ਦੀਆਂ ਵਿਉਂਤਾਂ ਬਣਾਉਂਦੇ ਹਨ,

16 ਮੈਂ ਪਰਮੇਸ਼ੁਰ ਨੂੰ ਸਹਾਇਤਾ ਲਈ ਬੁਲਾਵਾਂਗਾ,
    ਯਹੋਵਾਹ ਮੈਨੂੰ ਉੱਤਰ ਦੇਵੇਗਾ।
17 ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ।
    ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
18 ਮੈਂ ਬਹੁਤ ਲੜਾਈਆਂ ਵਿੱਚ ਲੜਿਆ ਹਾਂ।
    ਪਰ ਪਰਮੇਸ਼ੁਰ ਨੇ ਸਦਾ ਮੈਨੂੰ ਬਚਾਇਆ ਹੈ ਅਤੇ ਸੁਰੱਖਿਅਤ ਵਾਪਸ ਲਿਆਂਦਾ ਹੈ।
19 ਪਰਮੇਸ਼ੁਰ ਮੇਰੀ ਗੱਲ ਸੁਣਦਾ ਹੈ।
    ਸਦੀਵੀ ਰਾਜਾ ਮੇਰੀ ਸਹਾਇਤਾ ਕਰੇਗਾ।

ਮੇਰੇ ਵੈਰੀ ਆਪਣਾ ਜੀਵਨ ਢੰਗ ਨਹੀਂ ਬਦਲਣਗੇ,
    ਉਹ ਪਰਮੇਸ਼ੁਰ ਕੋਲੋਂ ਨਹੀਂ ਡਰਨਗੇ ਅਤੇ ਨਾ ਆਦਰ ਕਰਨਗੇ।
20 ਮੇਰੇ ਵੈਰੀਆਂ ਨੇ ਆਪਣੇ ਹੀ ਦੋਸਤਾਂ ਉੱਪਰ ਹਮਲਾ ਕੀਤਾ।
    ਉਹ ਉਹੋਂ ਗੱਲਾਂ ਨਹੀਂ ਕਰਦੇ ਜਿਨ੍ਹਾਂ ਬਾਰੇ ਉਹ ਸਹਿਮਤ ਹੁੰਦੇ ਹਨ।
21 ਮੇਰੇ ਵੈਰੀ ਅਸਲ ਵਿੱਚ ਬਹੁਤ ਖੁਸ਼ਾਮਦੀ ਗਾਲੜੀ ਹਨ, ਉਹ ਸ਼ਾਂਤੀ ਬਾਰੇ ਗੱਲਾਂ ਕਰਦੇ ਹਨ,
    ਪਰ ਅਸਲੀਅਤ ਵਿੱਚ ਉਹ ਯੁੱਧ ਲਈ ਵਿਉਂਤਾਂ ਘੜਦੇ ਹਨ।
ਉਨ੍ਹਾਂ ਦੇ ਸ਼ਬਦ ਤੇਲ ਵਰਗੇ ਹਨ ਚਿਕਨੇ ਹਨ
    ਪਰ ਉਹ ਸ਼ਬਦ ਚਾਕੂ ਵਾਂਗ ਹਮਲਾ ਕਰਦੇ ਹਨ।

22 ਆਪਣੇ ਫ਼ਿਕਰ ਯਹੋਵਾਹ ਨੂੰ ਸੌਂਪ ਦਿਉ
    ਅਤੇ ਉਹ ਤੁਹਾਡਾ ਧਿਆਨ ਰੱਖੇਗਾ।
    ਯਹੋਵਾਹ ਕਦੀ ਵੀ ਚੰਗੇ ਲੋਕਾਂ ਨੂੰ ਹਾਰਨ ਨਹੀਂ ਦੇਵੇਗਾ।

23 ਹੇ ਪਰਮੇਸ਼ੁਰ, ਆਪਣੇ ਕਰਾਰ ਦੇ ਮੁਤਾਬਕ,
    ਤੂੰ ਉਨ੍ਹਾਂ ਝੂਠਿਆਂ ਅਤੇ ਕਾਤਲਾਂ ਨੂੰ ਉਨ੍ਹਾਂ ਦੀ ਅੱਧੀ ਜ਼ਿੰਦਗੀ ਮੁੱਕਣ ਤੋਂ ਵੀ ਪਹਿਲਾਂ ਹੀ ਕਬਰਾਂ ਵਿੱਚ ਭੇਜ।
ਜਿੱਥੇ ਤੱਕ ਮੇਰਾ ਸਵਾਲ ਹੈ ਮੈਨੂੰ ਤੇਰੇ ਉੱਤੇ ਭਰੋਸਾ ਹੈ ਕਿ ਤੂੰ ਮੈਨੂੰ ਬਚਾਵੇਗਾ।

ਨਿਰਦੇਸ਼ਕ ਲਈ: ਧੁਨੀ ਨੂੰ “ਉੱਕ ਦੇ ਰੁੱਖ ਉੱਤੇ ਬੈਠੀ ਘੁੱਗੀ।” ਦਾਊਦ ਦਾ ਉਸ ਵੇਲੇ ਦਾ ਇੱਕ ਭੱਗਤੀ ਗੀਤ, ਜਦੋਂ ਫ਼ਲਿਸਤਿਆਂ ਨੇ ਉਸ ਨੂੰ ਗਥ ਵਿੱਚ ਫ਼ੜ ਲਿਆ ਸੀ।

56 ਹੇ ਪਰਮੇਸ਼ੁਰ ਲੋਕਾਂ ਨੇ ਮੇਰੇ ਉੱਤੇ ਹਮਲਾ ਕੀਤਾ ਹੈ, ਇਸ ਲਈ ਮੇਰੇ ਉੱਪਰ ਮਿਹਰ ਕਰੋ।
    ਉਹ ਲਗਾਤਾਰ ਮੇਰਾ ਪਿੱਛਾ ਕਰਦੇ ਰਹੇ ਹਨ ਅਤੇ ਮੇਰੇ ਉੱਤੇ ਹਮਲਾ ਕਰਦੇ ਰਹੇ ਹਨ।
ਮੇਰੇ ਵੈਰੀ ਬਾਰ-ਬਾਰ ਹਮਲਾ ਕਰਦੇ ਹਨ।
    ਉਹ ਜਿਹੜੇ ਮੇਰੇ ਵਿਰੋਧੀ ਹਨ ਉੱਪਰੋਂ ਮੇਰੇ ਉੱਤੇ ਹਮਲਾ ਕਰਦੇ ਹਨ।
    ਉਹ ਬਹੁਤ ਸਾਰੇ ਹਨ।
ਜਦੋਂ ਮੈਂ ਭੈਭੀਤ ਹੁੰਦਾ ਹਾਂ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।
ਹੇ ਪਰਮੇਸ਼ੁਰ, ਮੈਂ ਤੁਹਾਡੇ ਉੱਤੇ ਵਿਸ਼ਵਾਸ ਕਰਦਾ ਹਾਂ ਇਸ ਲਈ ਮੈਂ ਉਨ੍ਹਾਂ ਗੱਲਾਂ ਤੋਂ ਨਿਰਭੈ ਹਾਂ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ।
    ਮੈਂ ਪਰਮੇਸ਼ੁਰ ਦੀ ਮੇਰੇ ਨਾਲ ਕੀਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
ਮੇਰੇ ਵੈਰੀ ਸਦਾ ਮੇਰੇ ਸ਼ਬਦਾਂ ਨੂੰ ਤੋਂੜਦੇ ਮਰੋੜਦੇ ਰਹਿੰਦੇ ਹਨ।
    ਉਹ ਸਦਾ ਮੇਰੇ ਵਿਰੁੱਧ ਵਿਉਂਤਾ ਬਣਾਉਂਦੇ ਰਹਿੰਦੇ ਹਨ।
ਉਹ ਇਕੱਠੇ ਛੁਪ ਜਾਂਦੇ ਹਨ ਅਤੇ ਮੇਰੀ ਹਰ ਹਰਕਤ ਦੀ ਨਿਗਰਾਨੀ ਕਰਦੇ ਹਨ,
    ਇਹ ਉਮੀਦ ਕਰਦੇ ਹਨ ਕਿ ਕਿਸੇ ਤਰ੍ਹਾਂ ਮੈਨੂੰ ਮਾਰ ਸੱਕਣ।
ਹੇ ਪਰਮੇਸ਼ੁਰ, ਉਨ੍ਹਾਂ ਨੂੰ ਉਨ੍ਹਾਂ ਦੇ ਮੰਦਿਆਂ ਕਾਰਿਆਂ ਕਾਰਣ ਦੂਰ ਭਜਾ ਦਿਉ
    ਉਨ੍ਹਾਂ ਨੂੰ ਵਿਦੇਸ਼ੀ ਕੌਮਾਂ ਦਾ ਗੁੱਸਾ ਝੱਲਣ ਲਈ ਦੂਰ ਭੇਜ ਦਿਉ।
ਤੁਸੀਂ ਮੇਰੀ ਪੀੜਾ ਵੇਖੀ ਹੈ। ਤੁਸੀਂ ਜਾਣਦੇ ਹੋ,
    ਮੈਂ ਕਿੰਨਾ ਰੋਇਆ ਹਾਂ।
ਤੁਸੀਂ ਮੇਰੇ ਹੰਝੂਆਂ ਦਾ ਹਿਸਾਬ ਰੱਖਿਆ ਹੋਵੇਗਾ।

ਇਸੇ ਲਈ ਮੇਰੇ ਵੈਰੀਆਂ ਨੂੰ ਹਰਾ ਦਿਉ ਜਦੋਂ ਮੈਂ ਸਹਾਇਤਾ ਲਈ ਤੁਹਾਨੂੰ ਆਵਾਜ਼ ਦਿਆਂ।
ਮੈਂ ਜਾਣਦਾ ਹਾਂ ਕਿ ਤੁਸੀਂ ਇਵੇਂ ਕਰ ਸੱਕਦੇ ਹੋਂ। ਤੁਸੀਂ ਪਰਮੇਸ਼ੁਰ ਹੋਂ।

10 ਮੈਂ ਪਰਮੇਸ਼ੁਰ ਦੀ ਉਸ ਦੇ ਵਾਅਦੇ ਲਈ ਉਸਤਤਿ ਕਰਾਂਗਾ,
    ਮੈਂ ਯਹੋਵਾਹ ਦੀ ਉਸ ਵੱਲੋਂ ਦਿੱਤੇ ਵਾਅਦੇ ਲਈ ਉਸਤਤਿ ਕਰਦਾ ਹਾਂ।
11 ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ,
    ਇਸੇ ਲਈ, ਮੈਂ ਉਨ੍ਹਾਂ ਗੱਲਾਂ ਤੋਂ ਨਹੀਂ ਡਰਦਾ ਜੋ ਲੋਕੀ ਮੇਰੇ ਨਾਲ ਕਰ ਸੱਕਦੇ ਹਨ।

12 ਹੇ ਪਰਮੇਸ਼ੁਰ, ਮੈਂ ਤੁਹਾਨੂੰ ਖਾਸ ਵਾਅਦੇ ਦਿੱਤੇ।
    ਅਤੇ ਮੈਂ ਉਹੀ ਕਰਾਂਗਾ ਜਿਸਦਾ ਮੈਂ ਵਾਅਦਾ ਕੀਤਾ।
13 ਕਿਉਂ ਕਿ ਤੁਸੀਂ ਮੈਨੂੰ ਮੌਤ ਕੋਲੋਂ ਬਚਾਇਆ।
    ਤੁਸੀਂ ਮੈਨੂੰ ਹਾਰਨ ਤੋਂ ਬਚਾਈ ਰੱਖਿਆ।
ਤਾਂ ਜੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਵਿੱਚ
    ਤੁਹਾਡੀ ਸੇਵਾ ਕਰ ਸੱਕਾਂ।

ਰੋਮੀਆਂ ਨੂੰ 3

ਇਸ ਲਈ ਕੀ ਯਹੂਦੀਆਂ ਕੋਲ ਹੋਰਾਂ ਲੋਕਾਂ ਨਾਲੋਂ ਕੁਝ ਵੱਧੇਰੇ ਹੈ! ਕੀ ਸੁੰਨਤ ਦਾ ਕੋਈ ਮਹੱਤਵ ਹੈ? ਹਾਂ। ਯਹੂਦੀਆਂ ਕੋਲ ਹਰ ਤਰ੍ਹਾਂ ਦੀਆਂ ਬਹੁਤ ਖਾਸ ਗੱਲਾਂ ਹਨ। ਸਭ ਤੋਂ ਪਹਿਲਾਂ; ਪਰਮੇਸ਼ੁਰ ਦੇ ਉਪਦੇਸ਼ ਯਹੂਦੀਆਂ ਨੂੰ ਸੌਂਪੇ ਗਏ ਸਨ। ਇਹ ਸੱਚ ਹੈ ਕਿ ਕੁਝ ਯਹੂਦੀ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹਨ। ਪਰ ਕੀ ਉਨ੍ਹਾਂ ਦੀ ਬੇਵਫਾਈ ਪਰਮੇਸ਼ੁਰ ਤੋਂ ਉਸਦਾ ਵਚਨ ਤੁੜਵਾ ਸੱਕਦੀ ਹੈ? ਨਹੀਂ। ਪਰਮੇਸ਼ੁਰ ਹਮੇਸ਼ਾ ਸੱਚਾ ਰਹੇਗਾ ਭਾਵੇਂ ਸਾਰੇ ਝੂਠੇ ਹਨ। ਜਿਵੇਂ ਕਿ ਪੋਥੀਆਂ ਵਿੱਚ ਕਿਹਾ ਗਿਆ ਹੈ:

“ਤੁਸੀਂ ਆਪਣੇ ਬੋਲਾਂ ਵਿੱਚ ਧਰਮੀ ਸਾਬਿਤ ਕੀਤੇ ਜਾਵੋਂਗੇ
    ਅਤੇ ਆਪਣੇ ਨਿਆਂ ਦੇ ਸਮੇਂ ਜਿੱਤੋਂਗੇ।” (A)

ਪਰ ਜੇਕਰ ਸਾਡੀ ਦੁਸ਼ਟਤਾ ਪਰਮੇਸ਼ੁਰ ਦੀ ਚੰਗਿਆਈ ਨੂੰ ਵੱਧੇਰੇ ਸੱਪਸ਼ਟ ਤੌਰ ਤੇ ਵਿਖਾਉਂਦੀ ਹੈ, ਤਾਂ ਸਾਨੂੰ ਕੀ ਆਖਣਾ ਚਾਹੀਦਾ ਹੈ? ਤਾਂ ਕੀ ਅਸੀਂ ਆਖ ਸੱਕਦੇ ਹਾਂ ਕਿ ਜਦੋਂ ਪਰਮੇਸ਼ੁਰ ਸਾਨੂੰ ਸਜ਼ਾ ਦਿੰਦਾ ਹੈ ਤਾਂ ਉਹ ਨਿਆਂਹੀਣ ਹੈ? (ਲੋਕ ਇੰਝ ਆਖ ਸੱਕਦੇ ਹਨ।) ਨਹੀਂ। ਜੇਕਰ ਉਹ ਸਾਨੂੰ ਦੰਡ ਨਹੀਂ ਦੇਵੇਗਾ ਤਾਂ ਉਹ ਦੁਨੀਆਂ ਦਾ ਨਿਆਂ ਕਿਵੇਂ ਕਰੇਗਾ?

ਕੋਈ ਮਨੁੱਖ ਆਖ ਸੱਕਦਾ ਹੈ, “ਜਦੋਂ ਮੈਂ ਝੂਠ ਬੋਲਦਾ ਹਾਂ, ਪਰਮੇਸ਼ੁਰ ਨੂੰ ਮਹਿਮਾ ਮਿਲਦੀ ਹੈ, ਕਿਉਂਕਿ ਮੇਰਾ ਝੂਠ ਉਸ ਦੇ ਸੱਚ ਨੂੰ ਚਾਨਣੇ ਵਿੱਚ ਲਿਆਉਂਦਾ ਹੈ। ਤਾਂ ਫ਼ਿਰ ਮੈਂ ਪਾਪੀ ਕਿਉਂ ਕਹਾਉਂਦਾ ਹਾਂ?” ਇਹ ਅਜਿਹਾ ਆਖਣਾ ਹੋਵੇਗਾ, “ਅਸੀਂ ਦੁਸ਼ਟਤਾ ਕਰੀਏ, ਤਾਂ ਜੋ ਚੰਗਿਆਈ ਆਵੇ।” ਕੁਝ ਲੋਕ ਸਾਨੂੰ ਇਹ ਆਖਕੇ ਨਿੰਦਦੇ ਹਨ ਕਿ ਅਸੀਂ ਅਜਿਹੇ ਉਪਦੇਸ਼ ਦਿੰਦੇ ਹਾਂ। ਜੋ ਉਹ ਸਾਡੇ ਬਾਰੇ ਆਖ ਰਹੇ ਹਨ ਝੂਠ ਹੈ, ਅਤੇ ਉਹ ਪਰੇਮਸ਼ੁਰ ਦੀ ਸਜ਼ਾ ਦੇ ਅਧਿਕਾਰੀ ਹੁੰਦੇ ਹਨ।

ਹਰ ਕੋਈ ਮੁਜਰਿਮ ਹੈ

ਤਾਂ ਫ਼ੇਰ ਕੀ? ਕੀ ਅਸੀਂ ਯਹੂਦੀ ਦੂਜਿਆਂ ਲੋਕਾਂ ਨਾਲੋਂ ਚੰਗੇ ਹਾਂ? ਨਹੀਂ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਯਹੂਦੀ ਅਤੇ ਗੈਰ-ਯਹੂਦੀ ਇੱਕੋ ਹੀ ਹਨ। ਸਾਰੇ ਹੀ ਪਾਪ ਦੇ ਅਧੀਨ ਹਨ। 10 ਜਿਵੇਂ ਕਿ ਪੋਥੀਆਂ ਕਹਿੰਦੀਆਂ ਹਨ:

“ਕੋਈ ਵੀ ਮਨੁੱਖ ਪਾਪ ਤੋਂ ਬਿਨਾ ਨਹੀਂ ਹੈ। ਇੱਕ ਵੀ ਨਹੀਂ।
11     ਇੱਥੇ ਕੋਈ ਨਹੀਂ ਜੋ ਸਮਝਦਾ ਹੈ।
ਕੋਈ ਵੀ ਨਹੀਂ ਜੋ ਪਰਮੇਸ਼ੁਰ ਨੂੰ ਖੋਜਦਾ ਹੈ।
12 ਸਭ ਲੋਕ ਭਟਕ ਗਏ ਹਨ,
    ਸਾਰੇ ਦੇ ਸਾਰੇ ਨਿਕੰਮੇ ਹੋ ਗਏ ਹਨ।
ਕੋਈ ਵੀ ਨੇਕ ਨਹੀਂ, ਇੱਕ ਵੀ ਨਹੀਂ।” (B)

13 “ਲੋਕਾਂ ਦੇ ਮੂੰਹ ਖੁੱਲੀ ਹੋਈ ਕਬਰ ਵਾਂਗ ਹਨ।
    ਉਹ ਆਪਣੀਆਂ ਜੀਭਾਂ ਨਾਲ ਝੂਠ ਬੋਲਦੇ ਹਨ।” (C)

“ਉਨ੍ਹਾਂ ਦੇ ਬੋਲ ਸਪਾਂ ਦੇ ਜ਼ਹਿਰ ਵਰਗੇ ਹਨ” (D)

14 “ਉਨ੍ਹਾਂ ਦੇ ਮੂੰਹ ਫ਼ਿਟਕਾਰ ਅਤੇ ਕੁੜੱਤਣ ਨਾਲ ਭਰੇ ਹਨ।” (E)

15 “ਉਹ ਹਮੇਸ਼ਾ ਮਾਰਨ ਲਈ ਤਿਆਰ ਹਨ;
16     ਜਿੱਥੇ ਵੀ ਉਹ ਜਾਂਦੇ ਹਨ ਤਬਾਹੀ ਤੇ ਉਦਾਸੀ ਵਰਤਾਉਂਦੇ ਹਨ।
17 ਲੋਕ ਸ਼ਾਂਤੀ ਦਾ ਮਾਰਗ ਨਹੀਂ ਜਾਣਦੇ।” (F)

18 “ਉਨ੍ਹਾਂ ਦੀਆਂ ਅੱਖਾਂ ਵਿੱਚ ਪਰਮੇਸ਼ੁਰ ਦਾ ਡਰ ਭੈ ਨਹੀਂ।” (G)

19 ਹੁਣ ਅਸੀਂ ਜਾਣਦੇ ਹਾਂ ਕਿ ਇਹ ਗੱਲਾਂ ਜੋ ਸ਼ਰ੍ਹਾ ਆਖਦੀ ਹੈ ਉਨ੍ਹਾਂ ਲਈ ਹਨ ਜੋ ਸ਼ਰ੍ਹਾ ਦੇ ਅਧੀਨ ਹਨ। ਅਤੇ ਇਹ, ਉਹ ਗੱਲਾਂ ਇਸ ਲਈ ਆਖਦੀ ਹੈ ਤਾਂ ਜੋ ਹਰ ਇੱਕ ਦਾ ਮੂੰਹ ਬੰਦ ਹੋ ਸੱਕੇ ਅਤੇ ਸੰਸਾਰ ਪਰਮੇਸ਼ੁਰ ਦੇ ਨਿਆਂ ਹੇਠ ਆ ਜਾਵੇ। 20 ਸ਼ਰ੍ਹਾ ਦੀ ਲੋੜ ਅਨੁਸਾਰ ਕੋਈ ਵੀ ਪਰਮੇਸ਼ੁਰ ਅੱਗੇ ਧਰਮੀ ਨਹੀਂ ਬਣਾਇਆ ਜਾ ਸੱਕਦਾ। ਸ਼ਰ੍ਹਾ ਸਿਰਫ਼ ਸਾਡੇ ਪਾਪਾਂ ਨੂੰ ਦਰਸ਼ਾ ਸੱਕਦੀ ਹੈ।

ਪਰਮੇਸ਼ੁਰ ਲੋਕਾਂ ਨੂੰ ਧਰਮੀ ਕਿਵੇਂ ਬਣਾਉਂਦਾ ਹੈ

21 ਪਰ ਪਰਮੇਸ਼ੁਰ ਕੋਲ ਬਿਨਾ ਸ਼ਰ੍ਹਾ ਦੇ ਵੀ ਲੋਕਾਂ ਨੂੰ ਧਰਮੀ ਬਨਾਉਣ ਦਾ ਢੰਗ ਹੈ। ਅਤੇ ਹੁਣ ਪਰਮੇਸ਼ੁਰ ਨੇ ਉਹ ਨਵਾਂ ਮਾਰਗ ਸਾਨੂੰ ਵਿਖਾਇਆ ਹੈ। ਸ਼ਰ੍ਹਾ ਅਤੇ ਨਬੀਆਂ ਨੇ ਸਾਨੂੰ ਇਸ ਨਵੇਂ ਰਾਹ ਬਾਰੇ ਕਿਹਾ ਵੀ ਹੈ। 22 ਪਰਮੇਸ਼ੁਰ ਲੋਕਾਂ ਨੂੰ ਯਿਸੂ ਮਸੀਹ ਵਿੱਚ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਪਰਮੇਸ਼ੁਰ ਨੇ ਇਹ ਉਨ੍ਹਾਂ ਸਭ ਲੋਕਾਂ ਲਈ ਕੀਤਾ ਹੈ ਜੋ ਯਿਸੂ ਮਸੀਹ ਵਿੱਚ ਨਿਹਚਾ ਰੱਖਦੇ ਹਨ। ਸਭ ਲੋਕ ਬਰਾਬਰ ਹਨ। 23 ਕਿਉਂਕਿ ਹਰੇਕ ਨੇ ਪਾਪ ਕੀਤਾ ਹੈ ਅਤੇ ਸਭ ਪਰਮੇਸ਼ੁਰ ਦੀ ਮਹਿਮਾ ਲਈ ਕਾਫ਼ੀ ਚੰਗੇ ਨਹੀਂ ਹਨ। 24 ਸੋ ਪਰਮੇਸ਼ੁਰ ਦੀ ਕਿਰਪਾ ਨਾਲ ਉਸ ਨਿਸਤਾਰੇ ਕਾਰਣ ਜੋ ਮਸੀਹ ਯਿਸੂ ਤੋਂ ਹੈ ਲੋਕ ਮੁਫ਼ਤ ਧਰਮੀ ਬਣਾਏ ਗਏ ਹਨ। 25 ਪਰਮੇਸ਼ੁਰ ਨੇ ਯਿਸੂ ਨੂੰ ਸੇਵਾ ਮਾਰਗ ਦੀ ਤਰ੍ਹਾ ਆਪਣੇ ਲਹੂ ਰਾਹੀਂ ਵਿਸ਼ਵਾਸ ਦੁਆਰਾ ਲੋਕਾਂ ਦੇ ਪਾਪ ਨੂੰ ਮੁਆਫ਼ੀ ਦਿੱਤੀ। ਉਸ ਨੇ ਅਜਿਹਾ ਇਹ ਵਿਖਾਉਣ ਲਈ ਕੀਤਾ ਕਿ ਉਹ ਹਮੇਸ਼ਾ ਉਹੀ ਕਾਰਜ ਕਰਦਾ ਹੈ ਜੋ ਨਿਆਂਈ ਹੈ। ਅਤੀਤ ਵਿੱਚ ਪਰਮੇਸ਼ੁਰ ਨਿਆਂਈ ਸੀ। ਉਦੋਂ ਉਹ ਦਿਯਾਲੂ ਸੀ, ਅਤੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਲਈ ਸਜ਼ਾ ਨਹੀਂ ਦਿੱਤੀ ਗਈ। 26 ਪਰਮੇਸ਼ੁਰ ਨੇ ਯਿਸੂ ਨੂੰ ਵਰਤਮਾਨ ਕਾਲ ਵਿੱਚ ਇਹ ਵਿਖਾਉਣ ਲਈ ਭੇਂਟ ਕੀਤਾ, ਕਿ ਉਹ ਧਰਮੀ ਹੈ। ਪਰਮੇਸ਼ੁਰ ਆਪਣੇ ਆਪ ਨੂੰ ਧਰਮੀ ਮੁਨਸਫ਼ ਵਾਂਗ ਦਰਸ਼ਾਉਂਦਾ ਹੈ ਅਤੇ ਉਸ ਵਾਂਗ ਵੀ ਜੋ ਯਿਸੂ ਵਿੱਚ ਨਿਹਚਾ ਰੱਖਣ ਵਾਲੇ ਕਿਸੇ ਨੂੰ ਵੀ, ਧਰਮੀ ਬਣਾਉਂਦਾ ਹੈ।

27 ਤਾਂ ਕੀ ਸਾਡੇ ਕੋਲ ਆਪਣੇ-ਆਪ ਬਾਰੇ ਸ਼ੇਖੀ ਮਾਰਨ ਦੀ ਕੋਈ ਵਜਹ ਹੈ? ਨਹੀਂ। ਇਹ ਕੀ ਹੈ ਜੋ ਸ੍ਵੈ-ਪ੍ਰਸੰਸਾ ਨੂੰ ਰੋਕਦਾ ਹੈ? ਇਹ ਵਿਸ਼ਵਾਸ ਦਾ ਰਸਤਾ ਹੈ ਜੋ ਰੋਕਦਾ ਹੈ ਨਾ ਕਿ ਸ਼ਰ੍ਹਾ ਦਾ ਪਿੱਛਾ ਕਰਨ ਦਾ ਰਸਤਾ? 28 ਕਿਉਂਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਵਿਅਕਤੀ ਨਿਹਚਾ ਰਾਹੀਂ ਧਰਮੀ ਬਣਾਇਆ ਜਾਂਦਾ ਹੈ, ਨਾ ਕਿ ਸ਼ਰ੍ਹਾ ਨੂੰ ਮੰਨਣ ਨਾਲ ਜੋ ਗੱਲਾਂ ਉਹ ਕਰਦਾ ਹੈ। 29 ਪਰਮੇਸ਼ੁਰ ਕੇਵਲ ਯਹੂਦੀਆਂ ਦਾ ਹੀ ਪਰਮੇਸ਼ੁਰ ਨਹੀਂ, ਉਹ ਗੈਰ-ਯਹੂਦੀਆਂ ਦਾ ਵੀ ਪਰਮੇਸ਼ੁਰ ਹੈ। ਪਰਮੇਸ਼ੁਰ ਇੱਕ ਹੈ। 30 ਉਹ ਯਹੂਦੀਆਂ ਨੂੰ ਉਨ੍ਹਾਂ ਦੇ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। ਉਹ ਗੈਰ-ਯਹੂਦੀਆਂ ਨੂੰ ਵੀ ਉਨ੍ਹਾਂ ਦੀ ਵਿਸ਼ਵਾਸ ਰਾਹੀਂ ਧਰਮੀ ਬਣਾਵੇਗਾ। 31 ਕੀ ਅਸੀਂ ਨਿਹਚਾ ਦੇ ਮਾਰਗ ਨੂੰ ਮੰਨ ਕੇ ਸ਼ਰ੍ਹਾ ਨੂੰ ਨਸ਼ਟ ਕਰਦੇ ਹਾਂ? ਨਹੀਂ। ਵਿਸ਼ਵਾਸ ਸਾਨੂੰ ਉਵੇਂ ਹੀ ਬਣਾਉਂਦੀ ਹੈ। ਜਿਸ ਢੰਗ ਨਾਲ ਸ਼ਰ੍ਹਾ ਚਾਹੁੰਦੀ ਹੈ ਕਿ ਅਸੀਂ ਹੋਈਏ।

Punjabi Bible: Easy-to-Read Version (ERV-PA)

2010 by World Bible Translation Center