Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 113-115

113 ਯਹੋਵਾਹ ਦੀ ਉਸਤਤਿ ਕਰੋ!
ਯਹੋਵਾਹ ਦੇ ਸੇਵਕੋ, ਉਸਦੀ ਉਸਤਤਿ ਕਰੋ!
    ਯਹੋਵਾਹ ਦੇ ਨਾਮ ਦੀ ਉਸਤਤਿ ਕਰੋ।
ਯਹੋਵਾਹ ਦਾ ਨਾਮ ਹੁਣ ਅਤੇ ਸਦਾ ਲਈ ਸੁਭਾਗਾ ਹੋਵੇਗਾ।
ਯਹੋਵਾਹ ਦੇ ਨਾਮ ਦੀ ਉਸਤਤਿ ਪੂਰਬ ਵਿੱਚ ਉੱਗਦੇ ਸੂਰਜ ਵੱਲੋਂ
    ਪਰਮੇਸ਼ੁਰ ਦੇ ਨਾਮ ਨੂੰ ਉਸ ਥਾਂ ਤੱਕ ਅਸੀਸ ਮਿਲੇ ਜਿੱਥੇ ਸੂਰਜ ਜਾ ਛਿਪਦਾ ਹੈ।
ਯਹੋਵਾਹ ਸਭ ਕੌਮਾਂ ਨਾਲੋਂ ਉਚੇਰਾ ਹੈ।
    ਉਸਦੀ ਮਹਿਮਾ ਅਕਾਸ਼ ਵੱਲ ਉੱਠਦੀ ਹੈ।
ਕੋਈ ਬੰਦਾ ਯਹੋਵਾਹ ਸਾਡੇ ਪਰਮੇਸ਼ੁਰ ਵਰਗਾ ਨਹੀਂ ਹੈ,
    ਪਰਮੇਸ਼ੁਰ ਉੱਚੇ ਸਵਰਗ ਵਿੱਚ ਬੈਠਾ ਹੈ।
ਪਰਮੇਸ਼ੁਰ ਸਾਡੇ ਕੋਲੋਂ ਇੰਨਾ ਉੱਚਾ ਹੈ ਕਿ ਉਸ ਨੂੰ ਧਰਤੀ
    ਅਤੇ ਅਕਾਸ਼ ਵੇਖਣ ਲਈ ਹੇਠਾਂ ਦੇਖਣਾ ਪੈਂਦਾ ਹੈ।
ਪਰਮੇਸ਼ੁਰ ਮਸੱਕੀਨ ਲੋਕਾਂ ਨੂੰ ਖਾਕ ਵਿੱਚੋਂ ਚੁੱਕਦਾ ਹੈ।
    ਪਰਮੇਸ਼ੁਰ ਮੰਗਤਿਆਂ ਨੂੰ ਕੂੜੇ ਦੇ ਢੇਰ ਵਿੱਚੋਂ ਚੁੱਕਦਾ ਹੈ।
ਅਤੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਉਨ੍ਹਾਂ ਨੂੰ ਮਹਤਵਪੂਰਣ ਆਗੂ ਬਣਾ ਦਿੰਦਾ ਹੈ।
ਭਾਵੇਂ ਕਿਸੇ ਔਰਤ ਦੇ ਔਲਾਦ ਨਾ ਹੋਵੇ।
ਪਰ ਪਰਮੇਸ਼ੁਰ ਉਸ ਨੂੰ ਬੱਚੇ ਦੇ ਦੇਵੇਗਾ।
    ਅਤੇ ਉਸ ਨੂੰ ਖੁਸ਼ੀ ਪ੍ਰਦਾਨ ਕਰੇਗਾ।

ਯਹੋਵਾਹ ਦੀ ਉਸਤਤਿ ਕਰੋ।

114 ਇਸਰਾਏਲ ਨੇ ਮਿਸਰ ਛੱਡ ਦਿੱਤਾ।
    ਯਾਕੂਬ ਨੇ ਉਸ ਪਰਦੇਸ ਨੂੰ ਛੱਡ ਦਿੱਤਾ।
ਯਹੂਦਾਹ ਪਰਮੇਸ਼ੁਰ ਦਾ ਖਾਸ ਬੰਦਾ ਬਣ ਗਿਆ।
    ਇਸਰਾਏਲ ਉਸ ਦੀ ਸਲਤਨਤ ਬਣ ਗਈ।
ਲਾਲ ਸਾਗਰ ਨੇ ਇਸ ਨੂੰ ਦੇਖਿਆ ਅਤੇ ਉਹ ਦੌੜ ਗਿਆ।
    ਯਰਦਨ ਨਦੀ ਮੁੜੀ ਅਤੇ ਨੱਸ ਪਈ।
ਪਰਬਤ ਭੇਡੂਆਂ ਵਾਂਗ ਨੱਚਣ ਲੱਗ ਪਏ,
    ਪਹਾੜੀਆਂ ਲੇਲਿਆਂ ਵਾਂਗ ਨੱਚਣ ਲੱਗੀਆਂ।

ਹੇ ਲਾਲ ਸਾਗਰ, ਤੂੰ ਕਿਉਂ ਨੱਸਿਆ ਸੀ?
    ਯਰਦਨ ਨਦੀਏ, ਤੂੰ ਕਿਉਂ ਮੁੜੀ ਅਤੇ ਕਿਉਂ ਨੱਸੀ ਸੀ?
ਪਹਾੜੋ, ਤੁਸੀਂ ਭੇਡੂਆਂ ਵਾਂਗ ਕਿਉਂ ਨੱਚੇ ਸੀ?
    ਅਤੇ ਪਹਾੜੀਓ, ਤੁਸੀਂ ਲੇਲਿਆਂ ਵਾਂਗ ਕਿਉਂ ਨੱਚੀਆਂ ਸੀ?

ਮਾਲਕ, ਯਾਕੂਬ ਦੇ ਯਹੋਵਾਹ ਪਰਮੇਸ਼ੁਰ ਸਾਹਮਣੇ ਧਰਤੀ ਹਿੱਲ ਗਈ ਸੀ।
ਪਰਮੇਸ਼ੁਰ ਹੀ ਹੈ ਜਿਹੜਾ ਪਾਣੀ ਨੂੰ ਚੱਟਾਨ ਵਿੱਚੋਂ ਵਗਾਉਂਦਾ ਹੈ।
    ਪਰਮੇਸ਼ੁਰ ਨੇ ਸਖਤ ਚੱਟਾਨ ਤੋਂ ਵਗਦੇ ਹੋਏ ਪਾਣੀ ਦਾ ਇੱਕ ਚਸ਼ਮਾ ਬਣਾਇਆ।

115 ਯਹੋਵਾਹ, ਸਾਨੂੰ ਕੋਈ ਇੱਜ਼ਤ ਨਹੀਂ ਮਿਲਣੀ ਚਾਹੀਦੀ।
    ਇੱਜ਼ਤ ਤਾਂ ਤੁਹਾਡੀ ਮਲਕੀਅਤ ਹੈ। ਤੁਹਾਡੀ ਇੱਜ਼ਤ ਤੁਹਾਡੇ ਪਿਆਰ ਕਾਰਣ
    ਅਤੇ ਇਸ ਕਾਰਣ ਹੈ ਕਿ ਅਸੀਂ ਤੁਹਾਡੇ ਉੱਤੇ ਵਿਸ਼ਵਾਸ ਕਰ ਸੱਕਦੇ ਸਾਂ।
ਕੌਮਾਂ ਹੈਰਾਨ ਕਿਉਂ ਹੋਣ ਕਿ ਸਾਡਾ ਪਰਮੇਸ਼ੁਰ ਕਿੱਥੇ ਹੈ।
ਪਰਮੇਸ਼ੁਰ ਸਵਰਗ ਵਿੱਚ ਹੈ, ਅਤੇ ਉਹ ਉਹੀ ਸਭ ਕੁਝ ਕਰਦਾ ਹੈ ਜੋ ਉਸ ਨੂੰ ਪਸੰਦ ਹੈ।
ਪਰਾਈਆਂ ਕੌਮਾਂ ਦੇ ਦੇਵਤੇ ਸੋਨੇ ਚਾਂਦੀ ਨਾਲ ਬਣੇ ਹੋਏ ਸਿਰਫ਼ ਬੁੱਤ ਹਨ।
    ਉਹ ਇਨਸਾਨੀ ਹੱਥਾਂ ਦੁਆਰਾ ਬਣਾਏ ਗਏ ਹਨ।
ਉਨ੍ਹਾਂ ਬੁੱਤਾਂ ਦੇ ਮੂੰਹ ਤਾਂ ਹਨ, ਪਰ ਬੋਲ ਨਹੀਂ ਸੱਕਦੇ।
    ਉਨ੍ਹਾਂ ਦੀਆਂ ਅੱਖਾਂ ਤਾਂ ਹਨ, ਪਰ ਦੇਖ ਨਹੀਂ ਸੱਕਦੀਆਂ।
ਉਨ੍ਹਾਂ ਦੇ ਕੰਨ ਤਾਂ ਹਨ, ਪਰ ਸੁਣ ਨਹੀਂ ਸੱਕਦੇ।
    ਉਨ੍ਹਾਂ ਦੇ ਨੱਕ ਤਾਂ ਹਨ, ਪਰ ਸੁੰਘ ਨਹੀਂ ਸੱਕਦੇ।
ਉਨ੍ਹਾਂ ਦੇ ਹੱਥ ਤਾਂ ਹਨ, ਪਰ ਮਹਿਸੂਸ ਨਹੀਂ ਕਰ ਸੱਕਦੇ।
    ਉਨ੍ਹਾਂ ਦੀਆਂ ਲੱਤਾਂ ਤਾਂ ਹਨ, ਪਰ ਚੱਲ ਨਹੀਂ ਸੱਕਦੀਆਂ ਅਤੇ ਉਨ੍ਹਾ ਦੇ ਗਲੇ ਵਿੱਚੋਂ ਕੋਈ ਆਵਾਜ਼ ਨਹੀਂ ਨਿਕਲ ਸੱਕਦੀ।
ਜਿਹੜੇ ਲੋਕ ਬਣਾਉਂਦੇ ਹਨ ਅਤੇ ਉਨ੍ਹਾਂ ਬੁੱਤਾਂ ਵਿੱਚ ਵਿਸ਼ਵਾਸ ਕਰਦੇ ਹਨ ਉਹ ਵੀ ਉਨ੍ਹਾਂ ਵਰਗੇ ਹੋ ਜਾਣਗੇ।

ਇਸਰਾਏਲ ਦੇ ਲੋਕੋ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
10 ਹਾਰੂਨ ਦੇ ਪਰਿਵਾਰ, ਯਹੋਵਾਹ ਉੱਤੇ ਵਿਸ਼ਵਾਸ ਕਰ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।
11 ਯਹੋਵਾਹ ਦੇ ਚੇਲਿਉ, ਯਹੋਵਾਹ ਉੱਤੇ ਵਿਸ਼ਵਾਸ ਕਰੋ।
    ਯਹੋਵਾਹ ਹੀ ਉਨ੍ਹਾਂ ਦੀ ਸ਼ਕਤੀ ਅਤੇ ਢਾਲ ਹੈ।

12 ਯਹੋਵਾਹ ਅਸਾਂ ਨੂੰ ਚੇਤੇ ਕਰਦਾ ਹੈ।
    ਯਹੋਵਾਹ ਅਸਾਂ ਨੂੰ ਅਸੀਸ ਦੇਵੇਗਾ।
    ਯਹੋਵਾਹ ਇਸਰਾਏਲ ਨੂੰ ਅਸੀਸ ਦੇਵੇਗਾ।
    ਯਹੋਵਾਹ ਹਾਰੂਨ ਦੇ ਪਰਿਵਾਰ ਨੂੰ ਅਸੀਸ ਦੇਵੇਗਾ।
13 ਯਹੋਵਾਹ ਆਪਣੇ ਚੇਲਿਆਂ ਨੂੰ ਛੋਟੇ ਅਤੇ ਵੱਡਿਆਂ ਨੂੰ ਅਸੀਸ ਦੇਵੇਗਾ।

14 ਮੈਨੂੰ ਆਸ ਹੈ ਕਿ ਯਹੋਵਾਹ ਤੁਹਾਨੂੰ ਅਤੇ ਤੁਹਾਡੇ ਬੱਚਿਆਂ ਨੂੰ ਹੋਰ ਵੱਧੇਰੇ ਦੇਵੇਗਾ।
15     ਯਹੋਵਾਹ ਨੇ ਸਵਰਗ ਅਤੇ ਧਰਤੀ ਨੂੰ ਬਣਾਇਆ
    ਅਤੇ ਯਹੋਵਾਹ ਤੁਹਾਨੂੰ ਜੀ ਆਇਆ ਆਖਦਾ ਹੈ।
16 ਸਵਰਗ ਯਹੋਵਾਹ ਦਾ ਹੈ।
    ਪਰ ਉਸ ਨੇ ਲੋਕਾਂ ਨੂੰ ਧਰਤੀ ਦਿੱਤੀ।
17 ਮੁਰਦਾ ਲੋਕ ਯਹੋਵਾਹ ਦੀ ਉਸਤਤਿ ਨਹੀਂ ਕਰਦੇ।
    ਕਬਰਾਂ ਵਿੱਚ ਦਫ਼ਨ ਹੋਏ ਲੋਕ, ਯਹੋਵਾਹ ਦੀ ਉਸਤਤਿ ਨਹੀਂ ਕਰਦੇ।
18 ਪਰ ਹੁਣ ਅਸੀਂ ਯਹੋਵਾਹ ਨੂੰ ਅਸੀਸ ਦਿੰਦੇ ਹਾਂ।
    ਅਤੇ ਅਸੀਂ ਉਸ ਨੂੰ ਸਦਾ ਹੋਰ ਵੱਧੇਰੇ ਅਸੀਸ ਦੇਵਾਂਗੇ।

ਯਹੋਵਾਹ ਦੀ ਉਸਤਤਿ ਕਰੋ!

1 ਕੁਰਿੰਥੀਆਂ ਨੂੰ 6

ਮਸੀਹੀਆਂ ਦੇ ਆਪਸੀ ਮਸਲਿਆਂ ਦੀ ਪਰੱਖ

ਜਦੋਂ ਤੁਹਾਡੇ ਵਿੱਚੋਂ ਕਿਸੇ ਨੂੰ ਇੱਕ ਦੂਜੇ ਦੇ ਖਿਲਾਫ਼ ਸ਼ਿਕਾਇਤ ਹੁੰਦੀ ਹੈ ਤਾਂ ਤੁਸੀਂ ਕਚਿਹਰੀ ਦੇ ਜੱਜਾਂ ਕੋਲ ਕਿਉਂ ਜਾਂਦੇ ਹੋ? ਉਹ ਲੋਕ ਧਰਮੀ ਨਹੀਂ ਹਨ। ਤਾਂ ਫ਼ਿਰ ਤੁਸੀਂ ਉਨ੍ਹਾਂ ਕੋਲ ਆਪਣੀਆਂ ਸ਼ਿਕਾਇਤਾਂ ਦੇ ਨਿਰਨੇ ਲਈ ਕਿਉਂ ਜਾਂਦੇ ਹੋ? ਤੁਹਾਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਇਸ ਦੀ ਜਗ਼੍ਹਾ ਤੁਸੀਂ ਆਪਣੇ ਵਿਵਾਦਾਂ ਦਾ ਨਿਰਨਾ ਕਰਨ ਦੀ ਆਗਿਆ ਪਰਮੇਸ਼ੁਰ ਦੇ ਬੰਦਿਆਂ ਨੂੰ ਕਿਉਂ ਨਹੀਂ ਦਿੰਦੇ। ਤੁਹਾਨੂੰ ਅਵੱਸ਼ ਪਤਾ ਹੈ ਕਿ ਪਰਮੇਸ਼ੁਰ ਦੇ ਬੰਦੇ ਦੁਨੀਆਂ ਦਾ ਨਿਆਂ ਕਰਨਗੇ। ਇਸ ਲਈ ਜੇ ਤੁਸੀਂ ਦੁਨੀਆਂ ਦਾ ਨਿਆਂ ਕਰੋਂਗੇ, ਤਾਂ ਤੁਸੀਂ ਇਹੋ ਜਿਹੀਆਂ ਨਿਗੂਣੀਆਂ ਗੱਲਾਂ ਦਾ ਨਿਆਂ ਕਰਨ ਯੋਗ ਹੋਵੋਂਗੇ। ਤੁਸੀਂ ਜਾਣਦੇ ਹੋ ਕਿ ਭਵਿੱਖ ਵਿੱਚ ਅਸੀਂ ਦੂਤਾਂ ਦਾ ਨਿਆਂ ਵੀ ਕਰਾਂਗੇ। ਇਸ ਲਈ ਅਸੀਂ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਘਟਨਾਵਾਂ ਦੀ ਪਰੱਖ ਵੀ ਕਰ ਸੱਕਦੇ ਹਾਂ। ਇਸ ਲਈ ਜੇ ਤੁਹਾਡੇ ਕੋਲ ਜ਼ਿੰਦਗੀ ਦੀਆਂ ਦਿਨ ਪ੍ਰਤੀ ਦਿਨ ਦੀਆਂ ਉਹ ਘਟਨਾਵਾਂ ਹਨ ਜਿਨ੍ਹਾਂ ਦਾ ਨਿਆਂ ਹੋਣਾ ਚਾਹੀਦਾ ਹੈ, ਤਾਂ ਤੁਸੀਂ ਇਨ੍ਹਾਂ ਮਸਲਿਆਂ ਨੂੰ ਉਨ੍ਹਾਂ ਉਨ੍ਹਾਂ ਲੋਕਾਂ ਸਾਹਮਣੇ ਕਿਉਂ ਲੈ ਕੇ ਜਾਂਦੇ ਹੋ, ਜਿਹੜੇ ਕਲੀਸਿਯਾ ਨਾਲ ਸੰਬੰਧਿਤ ਨਹੀਂ ਹਨ। ਉਨ੍ਹਾਂ ਬੰਦਿਆਂ ਦਾ ਕਲੀਸਿਯਾ ਲਈ ਕੋਈ ਅਰਥ ਨਹੀਂ। ਮੈਂ ਇਹ ਗੱਲਾਂ ਤੁਹਾਨੂੰ ਸ਼ਰਮਸਾਰ ਕਰਨ ਲਈ ਆਖ ਰਿਹਾ ਹਾਂ। ਅਵੱਸ਼ ਹੀ, ਤੁਹਾਡੀ ਕਲੀਸਿਯਾ ਵਿੱਚ ਕੋਈ ਅਜਿਹਾ ਸਿਆਣਾ ਵਿਅਕਤੀ ਹੋਣਾ ਚਾਹੀਦਾ ਹੈ ਜਿਹੜਾ ਦੋ ਭਰਾਵਾਂ ਦੇ ਮਸਲਿਆਂ ਨੂੰ ਪਰੱਖਣ ਯੋਗ ਹੋਵੇ। ਪਰ ਹੁਣ ਇੱਕ ਭਰਾ ਦੂਸਰੇ ਭਰਾ ਦੇ ਵਿਰੁੱਧ ਕਚਿਹਰੀ ਜਾ ਖੜ੍ਹਦਾ ਹੈ। ਅਤੇ ਤੁਸੀਂ ਉਨ੍ਹਾਂ ਬੰਦਿਆਂ ਨੂੰ ਆਪਣੇ ਮੁਕੱਦਮੇ ਦਾ ਨਿਰਨਾ ਕਰਨ ਦੀ ਆਗਿਆ ਦਿੱਤੀ ਹੈ ਜੋ ਨਿਹਚਾਵਾਨ ਨਹੀਂ ਹਨ।

ਇੱਕ ਦੂਜੇ ਦੇ ਖਿਲਾਫ਼ ਜਿਹੜੇ ਮੁਕੱਦਮੇ ਤੁਹਾਡੇ ਕੋਲ ਹਨ ਉਹ ਇਹੀ ਸਿੱਧ ਕਰਦੇ ਹਨ ਕਿ ਤੁਸੀਂ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹੋ। ਇਹ ਬੇਹਤਰ ਹੋਵੇਗਾ ਕਿ ਤੁਸੀਂ ਪਹਿਲਾਂ ਹੀ ਅਸਫ਼ਲ ਹੋ ਚੁੱਕੇ ਹੋ। ਇਹ ਬੇਹਤਰ ਹੋਵੇਗਾ ਕਿ ਤੁਸੀਂ ਕਿਸੇ ਨੂੰ ਆਪਣੇ ਨਾਲ ਬੇਇਨਸਾਫ਼ੀ ਕਰਨ ਦਿਉ। ਉਹ ਬਿਹਤਰ ਹੋਵੇਗਾ ਕਿ ਤੁਸੀਂ ਕਿਸੇ ਪਾਸੋਂ ਧੋਖਾ ਖਾ ਲਵੋ। ਪਰ ਤੁਸੀਂ ਤਾਂ ਖੁੱਦ ਬੇਇਨਸਾਫ਼ੀ ਉੱਤੇ ਧੋਖਾ ਕਰਦੇ ਹੋ। ਅਤੇ ਤੁਸੀਂ ਆਪਣੇ ਹੀ ਮਸੀਹ ਦੇ ਨਮਿਤ ਭਰਾਵਾਂ ਨਾਲ ਕਰਦੇ ਹੋ।

9-10 ਤੁਹਾਨੂੰ ਪਤਾ ਹੈ ਕਿ ਜੋ ਦੁਸ਼ਟ ਕਰਨੀਆਂ ਕਰਦੇ ਹਨ ਉਹ ਪਰਮੇਸ਼ੁਰ ਦੇ ਰਾਜ ਵਿੱਚ ਹਿੱਸਾ ਪ੍ਰਾਪਤ ਨਹੀਂ ਕਰਨਗੇ। ਮੂਰਖ ਨਾ ਬਣੋ। ਇਹੀ ਲੋਕ ਹਨ ਜਿਨ੍ਹਾਂ ਨੂੰ ਪਰਮੇਸ਼ੁਰ ਦੇ ਰਾਜ ਦਾ ਹਿੱਸਾ ਪ੍ਰਾਪਤ ਨਹੀਂ ਹੋਵੇਗਾ: ਉਹ, ਜੋ ਜਿਨਸੀ ਪਾਪ ਕਰਦੇ ਹਨ, ਉਹ, ਜੋ ਮੂਰਤੀਆਂ ਦੀ ਉਪਾਸਨਾ ਕਰਦੇ ਹਨ, ਉਹ ਲੋਕ, ਜਿਹੜੇ ਬਦਕਾਰੀ ਕਰਦੇ ਹਨ, ਉਹ ਆਦਮੀ ਜਿਹੜੇ ਆਪਣੇ ਸਰੀਰ ਹੋਰਨਾਂ ਆਦਮੀਆਂ ਨੂੰ ਜਿਨਸੀ ਵਰਤੋਂ ਕਰਨ ਲਈ ਭੇਟ ਕਰਦੇ ਹਨ ਜਾਂ ਉਹ ਜਿਹੜੇ ਹੋਰਨਾਂ ਆਦਮੀਆਂ ਨਾਲ ਜਿਨਸੀ ਪਾਪ ਕਰਦੇ ਹਨ, ਉਹ, ਜੋ ਚੋਰੀ ਕਰਦੇ ਹਨ, ਜੋ ਖੁਦਗਰਜ਼ ਹਨ, ਸ਼ਰਾਬੀ ਹਨ, ਉਹ, ਜੋ ਹੋਰਨਾਂ ਲੋਕਾਂ ਨੂੰ ਮੰਦਾ ਬੋਲਦੇ ਹਨ, ਅਤੇ ਉਹ ਲੋਕ, ਜਿਹੜੇ ਧੋਖਾ ਦਿੰਦੇ ਹਨ। 11 ਅਤੀਤ ਵਿੱਚ ਤੁਹਾਡੇ ਵਿੱਚੋਂ ਵੀ ਕਈ ਅਜਿਹੇ ਹੀ ਸਨ। ਪਰ ਤੁਹਾਨੂੰ ਧੋਕੇ ਸਾਫ਼ ਕਰ ਦਿੱਤਾ ਗਿਆ ਸੀ, ਤੁਹਾਨੂੰ ਪਵਿੱਤਰ ਬਣਾਇਆ ਗਿਆ ਹੈ ਅਤੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਦੁਆਰਾ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਹੈ।

ਆਪਣੇ ਸਰੀਰਾਂ ਦੀ ਵਰਤੋਂ ਪਰਮੇਸ਼ੁਰ ਦੀ ਮਹਿਮਾ ਲਈ ਕਰੋ

12 “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਸਾਰੀਆਂ ਗੱਲਾਂ ਸ਼ੁਭ ਨਹੀਂ ਹਨ। “ਮੈਨੂੰ ਸਾਰੀਆਂ ਗੱਲਾਂ ਦੀ ਖੁਲ੍ਹ ਹੈ।” ਪਰ ਮੈਂ ਕਿਸੇ ਨੂੰ ਵੀ ਆਪਣਾ ਹਾਕਮ ਬਣਨ ਦੀ ਇਜਾਜ਼ਤ ਨਹੀਂ ਦੇਵੇਂਗਾ। 13 “ਭੋਜਨ ਮਿਹਦੇ ਵਾਸਤੇ ਹੈ ਅਤੇ ਮਿਹਦਾ ਭੋਜਨ ਵਾਸਤੇ” ਠੀਕ ਹੈ। ਪਰ ਪਰਮੇਸ਼ੁਰ ਦੋਹਾਂ ਦਾ ਹੀ ਨਾਸ਼ ਕਰ ਦੇਵੇਗਾ। ਸਰੀਰ ਜਿਨਸੀ ਗੁਨਾਹ ਵਾਸਤੇ ਨਹੀਂ ਹੈ। ਸਰੀਰ ਪ੍ਰਭੂ ਵਾਸਤੇ ਹੈ ਅਤੇ ਪ੍ਰਭੂ ਸਰੀਰ ਵਾਸਤੇ ਹੈ। 14 ਪਰਮੇਸ਼ੁਰ ਨੇ ਆਪਣੀ ਸ਼ਕਤੀ ਨਾਲ ਪ੍ਰਭੂ ਯਿਸੂ ਨੂੰ ਮੁਰਦੇ ਤੋਂ ਵਾਪਸ ਲਿਆਂਦਾ। ਪਰਮੇਸ਼ੁਰ ਸਾਨੂੰ ਵੀ ਮੌਤ ਤੋਂ ਵਾਪਸ ਜਿਵਾਲੇਗਾ। 15 ਨਿਸ਼ਚਿਤ ਹੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਸਰੀਰ ਖੁਦ ਮਸੀਹ ਦੇ ਸਰੀਰ ਦਾ ਇੱਕ ਅੰਗ ਹਨ। ਇਸ ਲਈ ਸਾਨੂੰ ਕਦੇ ਵੀ ਮਸੀਹ ਦੇ ਅੰਗਾਂ ਨੂੰ ਕਿਸੇ ਵੇਸ਼ਵਾ ਦੇ ਅੰਗਾਂ ਨਾਲ ਨਹੀਂ ਜੋੜਨਾ ਚਾਹੀਦਾ। 16 ਪੋਥੀਆਂ ਵਿੱਚ ਲਿਖਿਆ ਹੋਇਆ ਹੈ “ਦੋ ਮਨੁੱਖ ਇੱਕ ਬਣ ਜਾਣਗੇ” [a] ਇਸ ਲਈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਿਹੜਾ ਵਿਅਕਤੀ ਕਿਸੇ ਵੇਸ਼ਵਾ ਦੇ ਨਾਲ ਮਿਲਦਾ ਹੈ ਉਹ ਸਰੀਰ ਪੱਖੋਂ ਉਸ ਨਾਲ ਇੱਕ-ਮਿੱਕ ਹੋ ਜਾਂਦਾ ਹੈ। 17 ਪਰ ਉਹ ਜਿਹੜਾ ਵਿਅਕਤੀ ਖੁਦ ਆਪਣੇ ਆਪ ਨੂੰ ਪ੍ਰਭੂ ਨਾਲ ਜੋੜ ਲੈਂਦਾ ਹੈ ਉਹ ਆਤਮਾ ਵਿੱਚ ਪ੍ਰਭੂ ਨਾਲ ਇੱਕ ਹੋ ਜਾਂਦਾ ਹੈ।

18 ਇਸ ਲਈ ਜਿਨਸੀ ਗੁਨਾਹ ਤੋਂ ਦੂਰ ਰਹੋ। ਹਰ ਗੁਨਾਹ ਜਿਹੜਾ ਕੋਈ ਵੀ ਵਿਅਕਤੀ ਕਰਦਾ ਹੈ ਉਸ ਦੇ ਸਰੀਰ ਤੋਂ ਬਾਹਰ ਹੁੰਦਾ ਹੈ। ਪਰ ਜਿਨਸੀ ਗੁਨਾਹ ਕਰਨ ਵਾਲਾ ਵਿਅਕਤੀ ਆਪਣੇ ਸਰੀਰ ਦੇ ਵਿਰੁੱਧ ਗੁਨਾਹ ਕਰਦਾ ਹੈ। 19 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡਾ ਸਰੀਰ ਇੱਕ ਮੰਦਰ ਹੈ ਜਿੱਥੇ ਪਵਿੱਤਰ ਆਤਮਾ ਦਾ ਨਿਵਾਸ ਹੈ ਪਵਿੱਤਰ ਆਤਮਾ ਤੁਹਾਡੇ ਅੰਦਰ ਹੈ। ਤੁਸੀਂ ਪਵਿੱਤਰ ਆਤਮਾ ਨੂੰ ਪਰਮੇਸ਼ੁਰ ਤੋਂ ਪ੍ਰਾਪਤ ਕੀਤਾ ਹੈ। ਤੁਸੀਂ ਆਪਣੇ ਖੁੱਦ ਦੇ ਨਹੀਂ ਹੋ। 20 ਤੁਹਾਨੂੰ ਪਰਮੇਸ਼ੁਰ ਦੁਆਰਾ ਮੁੱਲ ਤਾਰਕੇ ਖਰੀਦਿਆ ਗਿਆ ਹੈ। ਇਸ ਲਈ ਆਪਣੇ ਸਰੀਰਾਂ ਨਾਲ ਪਰਮੇਸ਼ੁਰ ਦਾ ਸਤਿਕਾਰ ਕਰੋ।

Punjabi Bible: Easy-to-Read Version (ERV-PA)

2010 by World Bible Translation Center