Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 105-106

105 ਯਹੋਵਾਹ ਦਾ ਧੰਨਵਾਦ ਕਰੋ। ਉਸ ਦੇ ਨਾਮ ਦੀ ਉਪਾਸਨਾ ਕਰੋ।
    ਕੌਮਾਂ ਨੂੰ ਉਸ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਲਈ ਗੀਤ ਗਾਵੋ।
    ਉਸਦੀ ਉਸਤਤਿ ਗਾਵੋ ਉਸ ਦੇ ਚਮਤਕਾਰਾਂ ਬਾਰੇ ਦੱਸੋ।
ਯਹੋਵਾਹ ਦੇ ਪਵਿੱਤਰ ਨਾਮ ਉੱਤੇ ਮਾਣ ਕਰੋ।
    ਤੁਸੀਂ ਜਿਹੜੇ ਯਹੋਵਾਹ ਦੀ ਤਲਾਸ਼ ਵਿੱਚ ਆਏ ਸੀ ਖੁਸ਼ ਹੋ ਜਾਵੋ।
ਯਹੋਵਾਹ ਪਾਸੋਂ ਸ਼ਕਤੀ ਮੰਗੋ,
    ਹਮੇਸ਼ਾ ਸਹਾਇਤਾ ਲਈ ਉਸ ਵੱਲ ਤੱਕੋ।
ਉਸ ਦੇ ਕਰਿਸ਼ਮਿਆਂ ਅਤੇ ਸਿਆਣੇ ਨਿਆਂਇਆਂ ਨੂੰ ਚੇਤੇ ਰੱਖੋ।
ਤੁਸੀਂ ਉਸ ਦੇ ਨੌਕਰ ਅਬਰਾਹਾਮ ਦੀ ਔਲਾਦ ਹੋ।
    ਤੁਸੀਂ ਯਾਕੂਬ ਦੀ ਔਲਾਦ ਹੋ, ਜਿਸ ਬੰਦੇ ਨੂੰ ਪਰਮੇਸ਼ੁਰ ਨੇ ਚੁਣਿਆ ਸੀ।
ਯਹੋਵਾਹ ਹੀ ਸਾਡਾ ਪਰਮੇਸ਼ੁਰ ਹੈ।
    ਯਹੋਵਾਹ ਸਾਰੀ ਦੁਨੀਆਂ ਉੱਤੇ ਰਾਜ ਕਰਦਾ ਹੈ।
ਪਰਮੇਸ਼ੁਰ ਦੇ ਕਰਾਰ ਨੂੰ ਹਮੇਸ਼ਾ ਚੇਤੇ ਰੱਖੋ।
    ਉਸ ਦੇ ਹੁਕਮਾਂ ਨੂੰ ਆਉਣ ਵਾਲੀਆਂ ਹਜ਼ਾਰਾਂ ਪੀੜੀਆਂ ਤੱਕ ਯਾਦ ਕਰਦੇ ਰਹੋ।
ਪਰਮੇਸ਼ੁਰ ਨੇ ਅਬਰਾਹਾਮ ਨਾਲ ਇਕਰਾਰ ਕੀਤਾ ਸੀ।
    ਪਰਮੇਸ਼ੁਰ ਨੇ ਇਸਹਾਕ ਨੂੰ ਵਾਅਦਾ ਦਿੱਤਾ ਸੀ।
10 ਫ਼ੇਰ ਉਸ ਨੇ ਇਸ ਨੂੰ ਯਾਕੂਬ ਲਈ ਨੇਮ ਬਣਾ ਦਿੱਤਾ ਸੀ।
    ਪਰਮੇਸ਼ੁਰ ਨੇ ਜੋ ਕਰਾਰ ਇਸਰਾਏਲ ਨਾਲ ਕੀਤਾ ਸੀ ਸਦਾ ਲਈ ਜਾਰੀ ਰਹੇਗਾ।
11 ਪਰਮੇਸ਼ੁਰ ਨੇ ਆਖਿਆ ਸੀ, “ਮੈਂ ਤੁਹਾਨੂੰ ਕਨਾਨ ਦੀ ਧਰਤੀ ਦੇਵਾਂਗਾ।
    ਉਹ ਧਰਤੀ ਤੁਹਾਡੀ ਮਲਕੀਅਤ ਹੋਵੇਗੀ।”
12 ਪਰਮੇਸ਼ੁਰ ਨੇ ਉਹ ਵਾਅਦਾ ਉਦੋਂ ਦਿੱਤਾ ਸੀ ਜਦੋਂ ਅਬਰਾਹਾਮ ਦਾ ਪਰਿਵਾਰ ਛੋਟਾ ਸੀ।
    ਉਹ ਅਜੇ ਮੁਸਾਫ਼ਰ ਸਨ ਅਤੇ ਉੱਥੇ ਵਕਤ ਕੱਟ ਰਹੇ ਸਨ।
13 ਉਨ੍ਹਾਂ ਨੇ ਕੌਮਾਂ ਤੋਂ ਕੌਮਾਂ,
    ਅਤੇ ਇੱਕ ਰਾਜ ਤੋਂ ਦੂਜੇ ਰਾਜ ਦਾ ਸਫ਼ਰ ਕੀਤਾ।
14 ਪਰ ਪਰਮੇਸ਼ੁਰ ਨੇ ਲੋਕਾਂ ਨੂੰ ਉਨ੍ਹਾਂ ਨਾਲ ਬਦਸਲੂਕੀ ਨਹੀਂ ਕਰਨ ਦਿੱਤੀ।
    ਪਰਮੇਸ਼ੁਰ ਨੇ ਰਾਜਿਆਂ ਨੂੰ ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਚਿਤਾਵਨੀ ਦਿੱਤੀ।
15 ਪਰਮੇਸ਼ੁਰ ਨੇ ਆਖਿਆ ਸੀ, “ਮੇਰੇ ਚੁਣੇ ਹੋਏ ਲੋਕਾਂ ਨੂੰ ਦੁੱਖ ਨਾ ਦਿਉ।
    ਮੇਰੇ ਨਬੀਆਂ ਦਾ ਕੁਝ ਵੀ ਬੁਰਾ ਨਾ ਕਰੋ।”
16 ਪਰਮੇਸ਼ੁਰ ਨੇ ਉਸ ਦੇਸ਼ ਵਿੱਚ ਅਕਾਲ ਭੇਜਿਆ।
    ਲੋਕਾਂ ਕੋਲ ਖਾਣ ਲਈ ਕਾਫ਼ੀ ਭੋਜਨ ਨਹੀਂ ਸੀ।
17 ਪਰ ਪਰਮੇਸ਼ੁਰ, ਨੇ ਯੂਸੁਫ਼ ਨਾਮ ਦੇ ਬੰਦੇ ਨੂੰ ਉਨ੍ਹਾਂ ਦੇ ਅੱਗੇ ਜਾਣ ਲਈ ਭੇਜਿਆ।
    ਯੂਸੁਫ਼ ਨੂੰ ਇੱਕ ਗੁਲਾਮ ਵਾਂਗ ਵੇਚਿਆ ਗਿਆ ਸੀ।
18 ਉਨ੍ਹਾਂ ਨੇ ਯੂਸੁਫ਼ ਦੇ ਪੈਰਾਂ ਦੁਆਲੇ ਇੱਕ ਰੱਸਾ ਬੰਨ੍ਹ ਦਿੱਤਾ ਸੀ।
    ਉਨ੍ਹਾਂ ਨੇ ਉਸ ਦੇ ਗਲ ਵਿੱਚ ਇੱਕ ਬੇੜੀ ਪਾ ਦਿੱਤੀ ਸੀ।
19 ਯੂਸੁਫ਼ ਉਦੋਂ ਤੱਕ ਗੁਲਾਮ ਰੱਖਿਆ ਗਿਆ ਸੀ ਜਦੋਂ ਤੱਕ ਉਸ ਦੀਆਂ ਆਖੀਆਂ ਗੱਲਾਂ ਪੂਰੀਆਂ ਨਹੀਂ ਹੋਈਆਂ ਸਨ।
    ਸੱਚਮੁੱਚ ਯਹੋਵਾਹ ਦੇ ਸੰਦੇਸ਼ ਨੇ ਸਿੱਧ ਕਰ ਦਿੱਤਾ ਕਿ ਯੂਸੁਫ਼ ਸਹੀ ਸੀ।
20 ਇਸ ਲਈ ਮਿਸਰ ਦੇ ਰਾਜੇ ਨੇ ਉਸ ਨੂੰ ਮੁਕਤ ਕਰ ਦਿੱਤਾ ਸੀ।
    ਉਸ ਕੌਮ ਦਾ ਆਗੂ ਉਸ ਨੂੰ ਕੈਦ ਵਿੱਚੋਂ ਬਾਹਰ ਲੈ ਗਿਆ।
21 ਉਸ ਨੇ ਯੂਸੁਫ਼ ਨੂੰ ਆਪਣੇ ਘਰਾਂ ਦਾ ਮੋਹਰੀ ਬਣਾ ਦਿੱਤਾ ਸੀ।
    ਯੂਸੁਫ਼ ਨੇ ਉਸ ਨਾਲ ਸੰਬੰਧਿਤ ਸ਼ੈਅ ਦੀ ਦੇਖ-ਭਾਲ ਕੀਤੀ
22 ਯੂਸੁਫ਼ ਨੇ ਹੋਰ ਆਗੂਆਂ ਨੂੰ ਨਿਰਦੇਸ਼ ਦਿੱਤੇ
    ਅਤੇ ਯੂਸੁਫ਼ ਨੇ ਬਜ਼ੁਰਗਾਂ ਨੂੰ ਸਿੱਖਿਆ ਦਿੱਤੀ।
23 ਫ਼ੇਰ ਇਸਰਾਏਲ ਮਿਸਰ ਵਿੱਚ ਆਇਆ,
    ਯਾਕੂਬ ਹੈਮ ਦੇ ਦੇਸ਼ ਵਿੱਚ ਰਹਿੰਦਾ ਸੀ।
24 ਯਾਕੂਬ ਦਾ ਪਰਿਵਾਰ ਬਹੁਤ ਵੱਡਾ ਹੋ ਗਿਆ।
    ਉਹ ਆਪਣੇ ਦੁਸ਼ਮਣਾਂ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਹੋ ਗਏ।
25 ਇਸ ਲਈ ਮਿਸਰਿਆਂ ਨੇ ਯਾਕੂਬ ਦੇ ਪਰਿਵਾਰ ਨੂੰ ਨਫ਼ਰਤ ਕਰਨੀ ਸ਼ੁਰੂ ਕਰ ਦਿੱਤੀ।
    ਉਨ੍ਹਾਂ ਨੇ ਉਨ੍ਹਾਂ ਦੇ ਗੁਲਾਮਾਂ ਦੇ ਖਿਲਾਫ਼ ਵਿਉਂਤਾ ਬਣਾਈਆਂ।
26 ਇਸ ਲਈ ਪਰਮੇਸ਼ੁਰ ਨੇ ਆਪਣੇ ਸੇਵਕ ਮੂਸਾ ਨੂੰ
    ਅਤੇ ਪਰਮੇਸ਼ੁਰ ਦੇ ਚੁਣੇ ਜਾਜਕ ਹਾਰੂਨ ਨੂੰ ਭੇਜਿਆ।
27 ਪਰਮੇਸ਼ੁਰ ਨੇ ਹਾਮ ਦੇ ਦੇਸ਼ ਅੰਦਰ ਮੂਸਾ
    ਅਤੇ ਹਾਰੂਨ ਕੋਲੋਂ ਬਹੁਤ ਸਾਰੇ ਕਰਿਸ਼ਮੇ ਕਰਵਾਏ।
28 ਪਰਮੇਸ਼ੁਰ ਨੇ ਮਹਾ ਅੰਧਕਾਰ ਭੇਜਿਆ
    ਪਰ ਮਿਸਰੀਆਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ।
29 ਇਸ ਲਈ ਪਰਮੇਸ਼ੁਰ ਨੇ ਪਾਣੀ ਨੂੰ ਲਹੂ ਵਿੱਚ ਬਦਲ ਦਿੱਤਾ,
    ਅਤੇ ਉਨ੍ਹਾਂ ਦੀਆਂ ਸਾਰੀਆਂ ਮੱਛੀਆਂ ਮਰ ਗਈਆਂ।
30 ਉਨ੍ਹਾਂ ਦਾ ਦੇਸ਼ ਡੱਡੂਆਂ ਨਾਲ ਭਰ ਗਿਆ।
    ਰਾਜੇ ਦੇ ਸੌਣ ਦੇ ਕਮਰੇ ਵਿੱਚ ਡੱਡੂ ਹੀ ਡੱਡੂ ਸਨ।
31 ਪਰਮੇਸ਼ੁਰ ਨੇ ਆਦੇਸ਼ ਕੀਤਾ,
    ਅਤੇ ਉੱਥੇ ਮੱਖੀਆਂ ਅਤੇ ਪਿਸੂ ਆ ਗਏ।
    ਉਹ ਹਰ ਥਾਂ ਫ਼ੈਲ ਗਏ।
32 ਪਰਮੇਸ਼ੁਰ ਨੇ ਗੜ੍ਹਿਆਂ ਦੀ ਵਰੱਖਾ ਕਰ ਦਿੱਤੀ
    ਉਨ੍ਹਾਂ ਦੇ ਦੇਸ਼ ਵਿੱਚ ਹਰ ਥਾਂ ਬਿਜਲੀ ਡਿੱਗੀ।
33 ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦੀਆਂ ਵੇਲਾਂ ਦੇ ਅੰਜੀਰ ਨਸ਼ਟ ਕਰ ਦਿੱਤੇ।
    ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਰੁੱਖ ਨਸ਼ਟ ਕਰ ਦਿੱਤਾ।
34 ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਟਿੱਡੀ ਦਲ ਅਤੇ ਘਾਹ ਦੇ ਟਿੱਡੇ ਆ ਪਏ ਉਹ ਬੇਸ਼ੁਮਾਰ ਸਨ।
35 ਟਿਡੀ ਦਲ ਨੇ ਅਤੇ ਘਾਹ ਦੇ ਟਿਡਿਆਂ ਨੇ ਦੇਸ਼ ਦੇ ਸਾਰੇ ਪੌਦੇ ਖਾ ਲਏ।
    ਉਨ੍ਹਾਂ ਨੇ ਖੇਤਾਂ ਦੀਆਂ ਸਾਰੀਆਂ ਫ਼ਸਲਾਂ ਖਾ ਲਈਆਂ।
36 ਅਤੇ ਫ਼ੇਰ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ਼ ਦਾ ਹਰ ਪਹਿਲੋਠਾ ਬੱਚਾ ਮਾਰ ਦਿੱਤਾ।
    ਪਰਮੇਸ਼ੁਰ ਨੇ ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ ਮਾਰ ਦਿੱਤੇ।
37 ਫ਼ਿਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਲਿਆ।
    ਉਹ ਆਪਣੇ ਨਾਲ ਸੋਨਾ ਚਾਂਦੀ ਲੈ ਗਏ।
    ਉਹ ਸਾਰੇ ਹੀ ਤਕੜੇ ਆਦਮੀ ਸਨ।
38 ਮਿਸਰ ਪਰਮੇਸ਼ੁਰ ਦੇ ਬੰਦਿਆਂ ਨੂੰ ਜਾਂਦਿਆਂ ਤੱਕ ਕੇ ਖੁਸ਼ ਸੀ,
    ਕਿਉਂ ਕਿ ਉਹ ਪਰਮੇਸ਼ੁਰ ਦੇ ਬੰਦਿਆਂ ਤੋਂ ਡਰਦੇ ਸਨ।
39 ਪਰਮੇਸ਼ੁਰ ਨੇ ਆਪਣਾ ਕੰਬਲ ਬੱਦਲ ਵਾਂਗ ਵਿਛਾ ਦਿੱਤਾ।
    ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਰਾਤ ਵੇਲੇ ਰੌਸ਼ਨੀ ਦੇਣ ਲਈ ਆਪਣੀ ਅਗਨੀ ਦੀ ਵਰਤੋਂ ਕੀਤੀ।
40 ਲੋਕਾਂ ਨੇ ਭੋਜਨ ਮੰਗਿਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਲਈ ਬਟੇਰੇ ਲਿਆਂਦੇ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਸਵਰਗ ਵਿੱਚੋਂ ਬਹੁਤ ਸਾਰੀ ਰੋਟੀ ਦਿੱਤੀ।
41 ਪਰਮੇਸ਼ੁਰ ਨੇ ਚੱਟਾਨ ਨੂੰ ਚੀਰ ਦਿੱਤਾ, ਅਤੇ ਬੁਲਬੁਲੇ ਛੱਡਦਾ ਪਾਣੀ ਬਾਹਰ ਆਇਆ।
    ਮਾਰੂਥਲ ਵਿੱਚ ਇੱਕ ਨਦੀ ਵਗਣ ਲੱਗੀ।

42 ਪਰਮੇਸ਼ੁਰ ਨੂੰ ਆਪਣਾ ਪਵਿੱਤਰ ਵਾਅਦਾ ਯਾਦ ਸੀ।
    ਪਰਮੇਸ਼ੁਰ ਨੂੰ ਆਪਣਾ ਉਹ ਵਾਅਦਾ ਯਾਦ ਸੀ ਜੋ ਉਸ ਨੇ ਸੇਵਕ ਅਬਰਾਹਾਮ ਨਾਲ ਕੀਤਾ ਸੀ।
43 ਪਰਮੇਸ਼ੁਰ ਆਪਣੇ ਲੋਕਾਂ ਨੂੰ ਮਿਸਰ ਤੋਂ ਬਾਹਰ ਲੈ ਆਇਆ।
    ਲੋਕੀਂ ਖੁਸ਼ੀ ਮਨਾਉਂਦੇ ਅਤੇ ਆਨੰਦ ਦੇ ਗੀਤ ਗਾਉਂਦੇ ਆ ਗਏ।
44 ਫ਼ੇਰ ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਉਹ ਦੇਸ਼ ਦਿੱਤਾ ਜਿੱਥੇ ਹੋਰ ਲੋਕੀਂ ਰਹਿ ਰਹੇ ਸਨ।
    ਪਰਮੇਸ਼ੁਰ ਦੇ ਲੋਕਾਂ ਨੂੰ ਉਹ ਚੀਜ਼ਾਂ ਮਿਲੀਆਂ ਜਿਨ੍ਹਾਂ ਲਈ ਹੋਰਾਂ ਲੋਕਾਂ ਨੇ ਕੰਮ ਕੀਤਾ ਸੀ।
45 ਪਰਮੇਸ਼ੁਰ ਨੇ ਅਜਿਹਾ ਕਿਉਂ ਕੀਤਾ?
ਤਾਂ ਜੋ ਉਸ ਦੇ ਲੋਕ ਉਸ ਦੇ ਨੇਮਾਂ ਦੀ ਪਾਲਣਾ ਕਰ ਸੱਕਣ।
    ਤਾਂ ਜੋ ਉਹ ਧਿਆਨ ਨਾਲ ਉਸ ਦੇ ਉਪਦੇਸ਼ਾਂ ਨੂੰ ਮੰਨਣ।
ਯਹੋਵਾਹ ਦੀ ਉਸਤਿਤ ਕਰੋ!

106 ਯਹੋਵਾਹ ਦੀ ਉਸਤਤਿ ਕਰੋ
ਯਹੋਵਾਹ ਦਾ ਧੰਨਵਾਦ ਕਰੋ ਕਿਉਂਕਿ ਉਹ ਸ਼ੁਭ ਹੈ।
    ਪਰਮੇਸ਼ੁਰ ਦਾ ਪਿਆਰ ਸਦੀਵੀ ਹੈ।
ਅਸਲ ਵਿੱਚ ਕੋਈ ਵੀ ਬਿਆਨ ਨਹੀਂ ਕਰ ਸੱਕਦਾ
    ਕਿ ਯਹੋਵਾਹ ਕਿੰਨਾ ਵੱਡਾ ਹੈ।
ਜਿਹੜੇ ਲੋਕ ਪਰਮੇਸ਼ੁਰ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹਨ ਉਹ ਖੁਸ਼ ਹਨ।
    ਉਹ ਲੋਕ ਹਰ ਵੇਲੇ ਨੇਕੀ ਕਰਦੇ ਰਹਿੰਦੇ ਹਨ।

ਯਹੋਵਾਹ, ਜਦੋਂ ਤੁਸੀਂ ਆਪਣੇ ਬੰਦਿਆਂ ਉੱਤੇ ਮਿਹਰਬਾਨ ਹੋਵੋਂ ਮੈਨੂੰ ਵੀ ਚੇਤੇ ਰੱਖਣਾ।
    ਮੈਨੂੰ ਚੇਤੇ ਰੱਖਣਾ ਅਤੇ ਬਚਾਉਣਾ ਵੀ।
ਯਹੋਵਾਹ, ਮੈਨੂੰ ਉਹ ਚੰਗੀਆਂ ਚੀਜ਼ਾਂ ਸਾਂਝੀਆਂ ਕਰਨ ਦਿਉ
    ਜਿਹੜੀਆਂ ਤੁਸੀਂ ਆਪਣੇ ਚੋਣਵੇਂ ਲੋਕਾਂ ਨੂੰ ਦਿੰਦੇ ਹੋ।
ਮੈਨੂੰ ਵੀ ਤੁਹਾਡੀ ਕੌਮ ਨਾਲ ਖੁਸ਼ੀ ਮਨਾਉਣ ਦਿਉ।
    ਮੈਨੂੰ ਉਸਤਤਿ ਵਿੱਚ ਤੁਹਾਡੇ ਲੋਕਾਂ ਨਾਲ ਸ਼ਾਮਿਲ ਹੋਣ ਦਿਉ।

ਅਸੀਂ ਉਵੇਂ ਹੀ ਪਾਪ ਕੀਤਾ ਜਿਵੇਂ ਸਾਡੇ ਪੁਰਖਿਆਂ ਨੇ ਪਾਪ ਕੀਤਾ ਸੀ।
    ਅਸੀਂ ਗਲਤ ਸਾਂ, ਅਸੀਂ ਮਿਸਰ ਵਿੱਚ ਮੰਦੀਆਂ ਗੱਲਾਂ ਕੀਤੀਆਂ।
ਯਹੋਵਾਹ, ਮਿਸਰ ਵਿੱਚ ਸਾਡੇ ਪੁਰਖਿਆਂ ਨੇ
    ਤੁਹਾਡੇ ਕਰਿਸ਼ਮਿਆਂ ਤੋਂ ਸਾਨੂੰ ਕੁਝ ਵੀ ਨਹੀਂ ਸਿੱਖਾਇਆ।
ਉੱਥੇ, ਲਾਲ ਸਾਗਰ ਕੰਢੇ ਸਾਡੇ ਪੁਰਖੇ
    ਤੁਹਾਡੇ ਖਿਲਾਫ਼ ਹੋ ਗਏ ਸਨ।

ਪਰ ਪਰਮੇਸ਼ੁਰ ਨੇ ਆਪਣੇ ਨਾਮ ਸਦਕਾ ਸਾਡੇ ਪੁਰਖਿਆਂ ਨੂੰ ਬਚਾ ਲਿਆ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੀ ਮਹਾਨ ਸ਼ਕਤੀ ਦਰਸਾਉਣ ਲਈ ਬਚਾ ਲਿਆ।
ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਲਾਲ ਸਾਗਰ ਖੁਸ਼ਕ ਹੋ ਗਿਆ।
    ਪਰਮੇਸ਼ੁਰ ਨੇ ਡੂੰਘੇ ਲਾਲ ਸਾਗਰ ਵਿੱਚੋਂ ਸਾਡੇ ਪੁਰਖਿਆਂ ਦੀ ਅਗਵਾਈ ਉਸ ਧਰਤੀ ਤੇ ਕੀਤੀ, ਜੋ ਮਾਰੂਥਲ ਵਾਂਗ ਖੁਸ਼ਕ ਸੀ।
10 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਬਚਾਇਆ।
    ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਸਾਰੇ ਵੈਰੀਆਂ ਤੋਂ ਬਚਾਇਆ।
11 ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਸਾਗਰ ਨਾਲ ਢੱਕ ਦਿੱਤਾ।
    ਉਨ੍ਹਾਂ ਦੇ ਦੁਸ਼ਮਣਾਂ ਵਿੱਚੋਂ ਕੋਈ ਵੀ ਨਾ ਬਚ ਸੱਕਿਆ।

12 ਫ਼ੇਰ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਉੱਤੇ ਵਿਸ਼ਵਾਸ ਕਿਤਾ।
    ਉਨ੍ਹਾਂ ਨੇ ਉਸਦੀ ਉਸਤਤਿ ਗਾਈ।
13 ਪਰ ਸਾਡੇ ਪੁਰਖਿਆਂ ਨੇ ਉਨ੍ਹਾਂ ਗੱਲਾਂ ਨੂੰ ਛੇਤੀ ਹੀ ਭੁਲਾ ਦਿੱਤਾ ਜੋ ਪਰਮੇਸ਼ੁਰ ਨੇ ਕੀਤੀਆਂ ਸਨ।
    ਉਨ੍ਹਾਂ ਨੇ ਪਰਮੇਸ਼ੁਰ ਦਾ ਮਸ਼ਵਰਾ ਨਹੀਂ ਸੁਣਿਆ।
14 ਮਾਰੂਥਲ ਵਿੱਚ ਸਾਡੇ ਪੁਰਖਿਆਂ ਨੂੰ ਬਹੁਤ ਭੁੱਖ ਲਗੀ
    ਅਤੇ ਉਨ੍ਹਾਂ ਨੇ ਬੀਆਬਾਨ ਵਿੱਚ ਪਰਮੇਸ਼ੁਰ ਦੀ ਪਰੱਖ ਕੀਤੀ।
15 ਪਰ ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਉਹ ਚੀਜ਼ਾਂ ਦਿੱਤੀਆਂ ਜੋ ਉਨ੍ਹਾਂ ਨੇ ਮੰਗੀਆਂ ਸਨ।
    ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਇੱਕ ਭਿਆਨਕ ਬਿਮਾਰੀ ਵੀ ਦਿੱਤੀ।
16 ਲੋਕ ਮੂਸਾ ਨਾਲ ਈਰਖਾ ਕਰਨ ਲੱਗੇ।
    ਉਹ ਯਹੋਵਾਹ ਦੇ ਪਵਿੱਤਰ ਜਾਜਕ ਹਾਰੂਨ ਨਾਲ ਈਰਖਾਲੂ ਹੋ ਗਏ।
17 ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਈਰਖਾਲੂ ਲੋਕਾਂ ਨੂੰ ਸਜ਼ਾ ਦਿੱਤੀ।
    ਧਰਤੀ ਤਿੜਕ ਗਈ ਅਤੇ ਉਸ ਨੇ ਦਾਥਾਨ ਨੂੰ ਨਿਗਲ ਲਿਆ।
    ਤਾਂ ਇੱਕ ਵਾਰੀ ਫ਼ੇਰ, ਧਰਤੀ ਖੁਲ੍ਹੀ ਅਤੇ ਅਬੀਰਾਮ ਦੇ ਸਮੂਹ ਨੂੰ ਨਿਗਲ ਲਿਆ।
18 ਫ਼ੇਰ ਅੱਗ ਨੇ ਲੋਕਾਂ ਦੀ ਉਸ ਭੀੜ ਨੂੰ ਸਾੜ ਸੁੱਟਿਆ।
    ਉਸ ਅੱਗ ਨੇ ਮੰਦੇ ਲੋਕਾਂ ਨੂੰ ਸਾੜ ਦਿੱਤਾ।
19 ਉਨ੍ਹਾਂ ਲੋਕਾਂ ਨੇ ਹੋਰੇਬ ਪਰਬਤ ਉੱਤੇ ਇੱਕ ਸੋਨੇ ਦਾ ਵੱਛਾ ਬਣਾਇਆ।
    ਉਨ੍ਹਾਂ ਨੇ ਇੱਕ ਬੁੱਤ ਦੀ ਉਪਾਸਨਾ ਕੀਤੀ।
20 ਉਨ੍ਹਾਂ ਲੋਕਾਂ ਨੇ ਆਪਣੇ ਮਹਿਮਾਮਈ ਪਰਮੇਸ਼ੁਰ ਨੂੰ
    ਘਾਹ ਖਾਣੇ ਬਲਦ ਦੀ ਮੂਰਤ ਬਦਲੇ ਵਟਾ ਦਿੱਤਾ।
21 ਪਰਮੇਸ਼ੁਰ ਨੇ ਸਾਡੇ ਪੁਰਖਿਆਂ ਨੂੰ ਬਚਾਇਆ।
ਪਰ ਉਹ ਪੂਰੀ ਤਰ੍ਹਾਂ ਉਸ ਬਾਰੇ ਭੁੱਲ ਗਏ।
    ਉਹ ਉਸ ਪਰਮੇਸ਼ੁਰ ਬਾਰੇ ਭੁੱਲ ਗਏ ਜਿਸਨੇ ਮਿਸਰ ਵਿੱਚ ਕਰਿਸ਼ਮੇ ਕੀਤੇ ਸਨ।
22 ਪਰਮੇਸ਼ੁਰ ਨੇ ਹੈਮ ਦੇ ਦੇਸ਼ ਵਿੱਚ ਕਰਿਸ਼ਮੇ ਕੀਤੇ ਸਨ,
    ਲਾਲ ਸਾਗਰ ਦੇ ਨੇੜੇ ਪਰਮੇਸ਼ੁਰ ਦੀਆਂ ਕਰਨੀਆਂ ਭਰਮ ਭਰੀਆਂ ਸਨ।

23 ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਤਬਾਹ ਕਰਨਾ ਚਾਹੁੰਦਾ ਸੀ।
    ਪਰ ਉਸ ਦੇ ਚੁਣੇ ਹੋਏ ਬੰਦੇ, ਮੂਸਾ ਨੇ ਉਸ ਨੂੰ ਰੋਕ ਦਿੱਤਾ।
ਪਰਮੇਸ਼ੁਰ ਬਹੁਤ ਕਹਿਰਵਾਨ ਸੀ, ਪਰ ਮੂਸਾ ਨੇ ਉਸਦਾ ਰਾਹ ਰੋਕ ਲਿਆ।
    ਇਸ ਲਈ ਪਰਮੇਸ਼ੁਰ ਨੇ ਲੋਕਾਂ ਨੂੰ ਤਬਾਹ ਨਹੀਂ ਕੀਤਾ।

24 ਪਰ, ਉਨ੍ਹਾਂ ਲੋਕਾਂ ਨੇ ਖੂਬਸੂਰਤ ਧਰਤੀ ਅੰਦਰ ਦਾਖਲ ਹੋਣ ਤੋਂ ਇਨਕਾਰ ਕਰ ਦਿੱਤਾ।
    ਉਨ੍ਹਾਂ ਨੂੰ ਵਿਸ਼ਵਾਸ ਨਹੀਂ ਸੀ, ਕਿ ਉਸ ਦੇਸ਼ ਵਿੱਚ ਰਹਿਣ ਵਾਲਿਆਂ ਨੂੰ ਹਰਾਉਣ ਵਿੱਚ ਪਰਮੇਸ਼ੁਰ ਉਨ੍ਹਾਂ ਦੀ ਸਹਾਇਤਾ ਕਰੇਗਾ।
25 ਸਾਡੇ ਪੁਰਖਿਆਂ ਨੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ।
26 ਇਸ ਲਈ ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਮਾਰੂਥਲ ਵਿੱਚ ਮਰਨਗੇ।
27 ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਹੋਰਾਂ ਲੋਕਾਂ ਨੂੰ ਉਨ੍ਹਾਂ ਦੀਆਂ ਔਲਾਦਾ ਨੂੰ ਹਰਾਉਣ ਦੇਵੇਗਾ।
    ਪਰਮੇਸ਼ੁਰ ਨੇ ਵਾਅਦਾ ਕੀਤਾ ਕਿ ਉਹ ਸਾਡੇ ਪੁਰਖਿਆਂ ਨੂੰ ਕੌਮਾਂ ਦਰਮਿਆਨ ਖਿੰਡਾ ਦੇਵੇਗਾ।

28 ਫ਼ੇਰ ਬਾਲ ਪਿਓਰ ਦੀ ਥਾਂ ਉੱਤੇ, ਪਰਮੇਸ਼ੁਰ ਦੇ ਲੋਕਾਂ ਨੇ ਇਕੱਠੇ ਬਾਲ ਦੀ ਪੂਜਾ ਕਰਨੀ ਸ਼ੁਰੂ ਕੀਤੀ।
    ਪਰਮੇਸ਼ੁਰ ਦੇ ਲੋਕਾਂ ਨੇ ਦਾਅਵਤਾਂ ਦਾ ਆਨੰਦ ਮਾਣਿਆ ਅਤੇ ਮੁਰਦਿਆਂ ਨੂੰ ਸਤਿਕਾਰਨ ਵਾਸਤੇ ਬਲੀਆਂ ਖਾਧੀਆਂ।
29 ਪਰਮੇਸ਼ੁਰ ਆਪਣੇ ਬੰਦਿਆਂ ਉੱਤੇ ਬਹੁਤ ਕਹਿਰਵਾਨ ਹੋਇਆ, ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਰੋਗੀ ਬਣਾ ਦਿੱਤਾ।
30 ਪਰ ਫ਼ੀਨਹਾਸ ਨੇ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ
    ਅਤੇ ਪਰਮੇਸ਼ੁਰ ਨੇ ਬਿਮਾਰੀ ਨੂੰ ਰੋਕ ਦਿੱਤਾ।
31 ਪਰਮੇਸ਼ੁਰ ਜਾਣਦਾ ਸੀ ਕਿ ਫ਼ੀਨਹਾਸ ਨੇ ਬਹੁਤ ਚੰਗੀ ਗੱਲ ਕੀਤੀ ਸੀ।
    ਪਰਮੇਸ਼ੁਰ ਇਸ ਨੂੰ ਸਦਾ-ਸਦਾ ਲਈ ਚੇਤੇ ਰੱਖੇਗਾ।

32 ਮਰੀਬਾਹ ਵਿੱਚ ਲੋਕ ਬਹੁਤ ਕ੍ਰੋਧਵਾਨ ਹੋ ਗਏ
    ਅਤੇ ਫ਼ੇਰ ਉਨ੍ਹਾਂ ਮੂਸਾ ਪਾਸੋਂ ਕੋਈ ਮਾੜਾ ਕੰਮ ਕਰਾਇਆ।
33 ਉਨ੍ਹਾਂ ਨੇ ਮੂਸਾ ਨੂੰ ਬਹੁਤ ਬੇਚੈਨ ਕਰ ਦਿੱਤਾ
    ਇਸ ਲਈ ਮੂਸਾ ਬਿਨ ਸੋਚੇ-ਸਮਝੇ ਬੋਲਿਆ।

34 ਪਰਮੇਸ਼ੁਰ ਨੇ ਲੋਕਾਂ ਨੂੰ ਕਨਾਨ ਵਿੱਚ ਰਹਿੰਦਿਆ ਪਰਾਈਆਂ ਕੌਮਾਂ ਨੂੰ ਤਬਾਹ ਕਰਨ ਲਈ ਕਿਹਾ।
    ਪਰ ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਦਾ ਆਦੇਸ਼ ਨਹੀਂ ਮੰਨਿਆ।
35 ਉਹ ਹੋਰਾਂ ਲੋਕਾਂ ਨਾਲ ਰਲ-ਮਿਲ ਗਏ।
    ਅਤੇ ਉਹੀ ਕੁਝ ਕਰਨ ਲੱਗੇ ਜੋ ਉਹ ਲੋਕ ਕਰਦੇ ਸਨ।
36 ਉਹ ਪਰਮੇਸ਼ੁਰ ਦੇ ਲੋਕਾਂ ਲਈ ਇੱਕ ਫ਼ੰਦਾ ਬਣ ਗਏ।
    ਪਰਮੇਸ਼ੁਰ ਦੇ ਲੋਕ ਉਨ੍ਹਾਂ ਦੇਵਤਿਆਂ ਦੀ ਪੂਜਾ ਕਰਨ ਲੱਗੇ ਜਿਨ੍ਹਾਂ ਦੀ ਉਪਾਸਨਾ ਉਹ ਹੋਰ ਲੋਕ ਕਰਦੇ ਸਨ।
37 ਪਰਮੇਸ਼ੁਰ ਦੇ ਲੋਕਾਂ ਨੇ ਆਪਣੇ ਬੱਚਿਆਂ ਨੂੰ ਮਾਰ ਦਿੱਤਾ
    ਅਤੇ ਉਨ੍ਹਾਂ ਨੂੰ ਸ਼ੈਤਾਨਾ ਨੂੰ ਭੇਟ ਕਰ ਦਿੱਤਾ।
38 ਪਰਮੇਸ਼ੁਰ ਦੇ ਲੋਕਾਂ ਨੇ ਮਾਸੂਮ ਲੋਕਾਂ ਨੂੰ ਮਾਰ ਦਿੱਤਾ।
    ਉਨ੍ਹਾਂ ਨੇ ਆਪਣੇ ਹੀ ਬੱਚਿਆਂ ਨੂੰ ਮਾਰ ਦਿੱਤਾ
    ਅਤੇ ਝੂਠੇ ਦੇਵਤਿਆਂ ਨੂੰ ਉਨ੍ਹਾਂ ਦੀ ਬਲੀ ਚੜ੍ਹਾ ਦਿੱਤੀ।
39 ਇਸ ਲਈ ਪਰਮੇਸ਼ੁਰ ਦੇ ਲੋਕ ਹੋਰਾਂ ਲੋਕਾਂ ਦੇ ਗੁਨਾਹਾ ਨਾਲ ਨਾਪਾਕ ਹੋ ਗਏ।
ਪਰਮੇਸ਼ੁਰ ਦੇ ਲੋਕ ਆਪਣੇ ਪਰਮੇਸ਼ੁਰ ਨਾਲ ਬੇਵਫ਼ਾ ਸਨ।
    ਅਤੇ ਉਨ੍ਹਾਂ ਨੇ ਉਹੀ ਗੱਲਾਂ ਕੀਤੀਆਂ ਜਿਹੜੀਆਂ ਹੋਰ ਲੋਕੀਂ ਕਰਦੇ ਸਨ।
40 ਪਰਮੇਸ਼ੁਰ ਆਪਣੇ ਲੋਕਾਂ ਉੱਤੇ ਕਹਿਰਵਾਨ ਹੋ ਗਿਆ,
    ਪਰਮੇਸ਼ੁਰ ਉਨ੍ਹਾਂ ਤੋਂ ਤੰਗ ਆ ਚੁੱਕਿਆ ਸੀ।
41 ਪਰਮੇਸ਼ੁਰ ਨੇ ਆਪਣੇ ਬੰਦਿਆਂ ਨੂੰ ਪਰਾਈਆਂ ਕੌਮਾਂ ਦੇ ਹਵਾਲੇ ਕਰ ਦਿੱਤਾ।
    ਪਰਮੇਸ਼ੁਰ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਉਨ੍ਹਾਂ ਉੱਤੇ ਰਾਜ ਕਰਨ ਦਿੱਤਾ।
42 ਪਰਮੇਸ਼ੁਰ ਦੇ ਲੋਕਾਂ ਦੇ ਦੁਸ਼ਮਣਾਂ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ
    ਅਤੇ ਉਨ੍ਹਾਂ ਦਾ ਜਿਉਣਾ ਬਹੁਤ ਮੁਸ਼ਕਿਲ ਕਰ ਦਿੱਤਾ।
43 ਪਰਮੇਸ਼ੁਰ ਨੇ ਆਪਣੇ ਲੋਕਾਂ ਨੂੰ ਅਨੇਕਾਂ ਵਾਰੀ ਬਚਾਇਆ।
    ਪਰ ਉਹ ਪਰਮੇਸ਼ੁਰ ਦੇ ਖਿਲਾਫ਼ ਹੋ ਗਏ, ਅਤੇ ਮਨ ਭਾਉਂਦੀਆਂ ਗੱਲਾਂ ਕਰਨ ਲੱਗੇ।
    ਪਰਮੇਸ਼ੁਰ ਦੇ ਲੋਕਾਂ ਨੇ ਬਹੁਤ-ਬਹੁਤ ਸਾਰੀਆਂ ਬਦੀਆਂ ਕੀਤੀਆਂ।
44 ਪਰ ਜਦੋਂ ਵੀ ਪਰਮੇਸ਼ੁਰ ਦੇ ਲੋਕ ਮੁਸੀਬਤ ਵਿੱਚ ਸਨ।
ਉਨ੍ਹਾਂ ਨੇ ਸਹਾਇਤਾ ਲਈ ਹਮੇਸ਼ਾ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ।
    ਅਤੇ ਪਰਮੇਸ਼ੁਰ ਨੇ ਹਰ ਵਾਰ ਉਨ੍ਹਾਂ ਦੀ ਪ੍ਰਾਰਥਨਾ ਸੁਣ ਲਈ।
45 ਪਰਮੇਸ਼ੁਰ ਨੇ ਆਪਣਾ ਕਰਾਰ ਹਮੇਸ਼ਾ ਚੇਤੇ ਰੱਖਿਆ।
    ਅਤੇ ਉਸ ਦੇ ਮਹਾਨ ਪਿਆਰ ਵਿੱਚੋਂ ਉਨ੍ਹਾਂ ਨੂੰ ਸਕੂਨ ਪਹੁੰਚਾਇਆ।
46 ਪਰਾਈਆਂ ਕੌਮਾਂ ਨੇ ਉਨ੍ਹਾਂ ਨੂੰ ਕੈਦੀ ਬਣਾ ਲਿਆ।
    ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਪਣੇ ਲੋਕਾਂ ਲਈ ਦਯਾਵਾਨ ਬਣਾ ਦਿੱਤਾ।
47 ਸਾਡੇ ਯਹੋਵਾਹ ਪਰਮੇਸ਼ੁਰ ਨੇ ਸਾਨੂੰ ਬਚਾ ਲਿਆ।
    ਪਰਮੇਸ਼ੁਰ ਨੇ ਸਾਨੂੰ ਉਨ੍ਹਾਂ ਪਰਾਈਆਂ ਕੌਮਾਂ ਤੋਂ ਵਾਪਸ ਲਿਆਂਦਾ
ਤਾਂ ਜੋ ਅਸੀਂ ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰ ਸੱਕੀਏ।
    ਤਾਂ ਜੋ ਅਸੀਂ ਉਸਦੀ ਉਸਤਤਿ ਗਾ ਸੱਕੀਏ।
48 ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਨੂੰ ਅਸੀਸ ਦੇਵੋ।
    ਪਰਮੇਸ਼ੁਰ ਸਦਾ ਰਿਹਾ ਅਤੇ ਸਦਾ ਹੀ ਉਹ ਰਹੇਗਾ।
ਅਤੇ ਸਮੂਹ ਲੋਕਾਂ ਨੇ ਆਖਿਆ, “ਆਮੀਨ!”

ਯਹੋਵਾਹ ਦੀ ਉਸਤਤਿ ਕਰੋ।

1 ਕੁਰਿੰਥੀਆਂ ਨੂੰ 3

ਮਨੁੱਖਾਂ ਦਾ ਅਨੁਸਰਣ ਕਰਨਾ ਗਲਤ ਹੈ

ਭਰਾਵੋ ਅਤੇ ਭੈਣੋ ਪਹਿਲਾਂ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਗੱਲਾਂ ਨਹੀਂ ਸੀ ਕਰ ਸੱਕਦਾ ਜਿਵੇਂ ਮੈਂ ਆਤਮਕ ਲੋਕਾਂ ਨਾਲ ਗੱਲਾਂ ਕਰਦਾ ਹਾਂ। ਮੈਨੂੰ ਤੁਹਾਡੇ ਨਾਲ ਇਵੇਂ ਗੱਲ ਕਰਨੀ ਪੈਂਦੀ ਸੀ ਜਿਵੇਂ ਮੈਂ ਦੁਨਿਆਵੀ ਲੋਕਾਂ ਨਾਲ ਗੱਲ ਕਰ ਰਿਹਾ ਹੋਵਾਂ – ਜਿਵੇਂ ਕਿ ਮਸੀਹ ਦੇ ਰਾਹ ਉੱਤੇ ਤੁਸੀਂ ਨਿਆਣੇ ਹੋਵੋ। ਜਿਹੜੀ ਸਿੱਖਿਆ ਮੈਂ ਤੁਹਾਨੂੰ ਦਿੱਤੀ ਉਹ ਦੁੱਧ ਵਰਗੀ ਸੀ, ਠੋਸ ਆਹਾਰ ਵਰਗੀ ਨਹੀਂ। ਮੈਂ ਇਉਂ ਉਸ ਲਈ ਕੀਤਾ ਕਿਉਂ ਜੋ ਹਾਲੇ ਤੁਸੀਂ ਠੋਸ ਭੋਜਨ ਖਾਣ ਲਈ ਤਿਆਰ ਨਹੀਂ ਸੀ ਅਤੇ ਅਜੇ ਵੀ ਤੁਸੀਂ ਤਿਆਰ ਨਹੀਂ ਹੋ। ਤੁਸੀਂ ਹਾਲੇ ਵੀ ਆਤਮਕ ਲੋਕ ਨਹੀਂ ਹੋ। ਤੁਹਾਡੇ ਅੰਦਰ ਈਰਖਾ ਅਤੇ ਝਗੜ੍ਹੇ ਹਨ। ਇਹ ਦਰਸ਼ਾਉਂਦਾ ਹੈ ਕਿ ਤੁਸੀਂ ਆਤਮਕ ਲੋਕ ਨਹੀਂ ਹੋ। ਤੁਸੀਂ ਦੁਨਿਆਵੀ ਲੋਕਾਂ ਵਰਗਾ ਹੀ ਵਿਹਾਰ ਕਰਦੇ ਹੋ। ਤੁਹਾਡੇ ਵਿੱਚੋਂ ਇੱਕ ਆਖਦਾ, “ਮੈਂ ਪੌਲੁਸ ਦਾ ਚੇਲਾ ਹਾਂ” ਦੂਜਾ ਆਖਦਾ, “ਮੈਂ ਅਪੁੱਲੋਸ ਦਾ ਚੇਲਾ ਹਾਂ” ਜਦੋਂ ਤੁਸੀਂ ਇਹੋ ਜਿਹੀਆਂ ਗੱਲਾਂ ਕਰਦੇ ਹੋ ਤਾਂ ਤੁਸੀਂ ਦੁਨਿਆਵੀ ਲੋਕਾਂ ਵਰਗਾ ਵਿਹਾਰ ਕਰਦੇ ਹੋ।

ਕੀ ਅਪੁੱਲੋਸ ਮਹੱਤਵਪੂਰਣ ਹੈ? ਨਹੀਂ। ਕੀ ਪੌਲੁਸ ਮਹੱਤਵਪੂਰਣ ਹੈ? ਨਹੀਂ। ਅਸੀਂ ਸਿਰਫ਼ ਪਰਮੇਸ਼ੁਰ ਦੇ ਸੇਵਕ ਹਾਂ ਜਿਨ੍ਹਾਂ ਨੇ ਵਿਸ਼ਵਾਸ ਕਰਨ ਵਿੱਚ ਤੁਹਾਡੀ ਸਹਾਇਤਾ ਕੀਤੀ ਹੈ। ਸਾਡੇ ਵਿੱਚੋਂ ਹਰੇਕ ਨੇ ਓਹੀ ਕਾਰਜ਼ ਕੀਤਾ ਹੈ ਜੋ ਵੀ ਕੋਈ ਕੰਮ ਪਰਮੇਸ਼ੁਰ ਨੇ ਸਾਨੂੰ ਸੌਂਪਿਆ ਸੀ। ਮੈਂ ਬੀਜ਼ ਬੀਜਿਆ ਸੀ ਅਤੇ ਅਪੁੱਲੋਸ ਨੇ ਇਸ ਨੂੰ ਪਾਣੀ ਨਾਲ ਸਿੰਜਿਆ। ਪਰ ਇਹ ਤਾਂ ਪਰਮੇਸ਼ੁਰ ਹੀ ਸੀ ਜਿਸਨੇ ਬੀਜ਼ ਨੂੰ ਉਗਾਇਆ। ਇਸ ਲਈ ਨਾ ਹੀ ਜਿਹੜਾ ਬੰਦਾ ਬੀਜਦਾ ਹੈ ਅਤੇ ਨਾ ਹੀ ਜਿਹੜਾ ਇਸ ਨੂੰ ਸਿੰਜਦਾ ਹੈ, ਮਹੱਤਵਪੂਰਣ ਹੈ। ਸਿਰਫ਼ ਪਰਮੇਸ਼ੁਰ ਹੀ ਮਹੱਤਵਪੂਰਣ ਹੈ ਕਿਉਂਕਿ ਉਹੀ ਬੀਜ ਨੂੰ ਉਗਾਉਂਦਾ ਹੈ। ਜਿਹੜਾ ਵਿਅਕਤੀ ਬੀਜ ਬੀਜਦਾ ਹੈ ਅਤੇ ਜਿਹੜਾ ਇਸ ਨੂੰ ਸਿੰਜਦਾ ਹੈ, ਦੋਹਾਂ ਦਾ ਇੱਕ ਮਕਸਦ ਹੈ। ਅਤੇ ਹਰੇਕ ਉਸ ਦੇ ਅਨੁਸਾਰ ਫ਼ਲ ਪ੍ਰਾਪਤ ਕਰੇਗਾ। ਅਸੀਂ ਰੱਬ ਦੇ ਸਾਂਝੇ ਕਾਮੇ ਹਾਂ। ਅਤੇ ਤੁਸੀਂ ਉਸ ਖੇਤ ਵਾਂਗ ਹੋ ਜਿਸਦਾ ਮਾਲਕ ਪਰਮੇਸ਼ੁਰ ਹੈ।

ਅਤੇ ਤੁਸੀਂ ਉਸ ਘਰ ਵਰਗੇ ਹੋ ਜਿਸਦਾ ਮਾਲਿਕ ਪਰਮੇਸ਼ੁਰ ਹੈ। 10 ਮਾਹਰ ਨਿਰਮਾਤਾ ਵਾਂਗ ਮੈਂ ਉਸ ਘਰ ਦੀ ਬੁਨਿਆਦ ਰੱਖੀ ਹੈ। ਇਸ ਲਈ ਮੈਂ ਉਸ ਦਾਤ ਦੀ ਵਰਤੋਂ ਕੀਤੀ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਇਸ ਮੰਤਵ ਲਈ ਦਿੱਤੀ ਸੀ। ਹੋਰ ਲੋਕ ਇਸ ਬੁਨਿਆਦ ਉੱਤੇ ਉਸਾਰੀ ਕਰ ਰਹੇ ਹਨ। ਪਰ ਵਿਅਕਤੀ ਨੂੰ ਉਸਾਰੀ ਕਰਨ ਵਿੱਚ ਸਾਵੱਧਾਨੀ ਵਰਤਨੀ ਚਾਹੀਦੀ ਹੈ। 11 ਬੁਨਿਆਦ ਪਹਿਲਾਂ ਹੀ ਰੱਖੀ ਜਾ ਚੁੱਕੀ ਹੈ। ਕੋਈ ਵੀ ਵਿਅਕਤੀ ਹੋਰ ਬੁਨਿਆਦ ਨਹੀਂ ਰੱਖ ਸੱਕਦਾ। ਜਿਹੜੀ ਬੁਨਿਆਦ ਰੱਖੀ ਜਾ ਚੁੱਕੀ ਹੈ ਉਹ ਯਿਸੂ ਮਸੀਹ ਹੈ। 12 ਕੋਈ ਵੀ ਵਿਅਕਤੀ ਉਸ ਬੁਨਿਆਦ ਉੱਪਰ ਸੋਨੇ, ਚਾਂਦੀ, ਹੀਰੇ ਲੱਕੜੀ, ਘਾਹਫ਼ੂਸ ਜਾਂ ਤਿਨਕੇ ਲਾਕੇ ਉਸਾਰੀ ਕਰ ਸੱਕਦਾ ਹੈ। 13 ਪਰ ਹਰ ਇੱਕ ਵਿਅਕਤੀ ਦਾ ਕੰਮ ਸਪੱਸ਼ਟ ਵੇਖਿਆ ਜਾਵੇਗਾ। ਕਿਉਂਕਿ ਨਿਆਂ ਦਾ ਦਿਨ [a] ਇਸ ਨੂੰ ਬਹੁਤ ਸਪੱਸ਼ਟ ਕਰ ਦੇਵੇਗਾ। ਉਹ ਦਿਨ ਅਗਨੀ ਨਾਲ ਆਵੇਗਾ ਅਤੇ ਅਗਨੀ ਹਰ ਵਿਅਕਤੀ ਦੇ ਕੰਮ ਦੀ ਪਰੱਖ ਕਰੇਗੀ। 14 ਜੇ ਕਿਸੇ ਵਿਅਕਤੀ ਵੱਲੋਂ ਬੁਨਿਆਦ ਉੱਤੇ ਉਸਾਰੀ ਗਈ ਇਮਾਰਤ ਖਲੋਤੀ ਰਹਿੰਦੀ ਹੈ ਤਾਂ ਉਹ ਵਿਅਕਤੀ ਆਪਣਾ ਇਨਾਮ ਹਾਸਿਲ ਕਰੇਗਾ। 15 ਜੇ ਕਿਸੇ ਵਿਅਕਤੀ ਦੀ ਇਮਾਰਤ ਜਲਕੇ ਰਾਖ ਹੋ ਜਾਂਦੀ ਹੈ, ਤਾਂ ਉਸ ਨੂੰ ਨੁਕਸਾਨ ਭੁਗਤਨਾ ਪਵੇਗਾ। ਉਹ ਵਿਅਕਤੀ ਬਚਾਇਆ ਜਾਵੇਗਾ ਪਰ ਉਹ ਉਸ ਇੱਕ ਵਰਗਾ ਹੋਵੇਗਾ ਜੋ ਕਿ ਅੱਗ ਤੋਂ ਬਚਾਇਆ ਗਿਆ ਹੋਵੇ।

16 ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਖੁਦ ਪਰਮੇਸ਼ੁਰ ਦਾ ਮੰਦਰ ਹੋ। ਪਰਮੇਸ਼ੁਰ ਦਾ ਆਤਮਾ ਤੁਹਾਡੇ ਵਿੱਚ ਵਸਦਾ ਹੈ। 17 ਜੇ ਕੋਈ ਵਿਅਕਤੀ ਪਰਮੇਸ਼ੁਰ ਦੇ ਮੰਦਰ ਨੂੰ ਤਬਾਹ ਕਰਦਾ ਹੈ ਤਾਂ ਪਰਮੇਸ਼ੁਰ ਉਸ ਵਿਅਕਤੀ ਨੂੰ ਤਬਾਹ ਕਰ ਦੇਵੇਗਾ। ਕਿਉਂਕਿ ਪਰਮੇਸ਼ੁਰ ਦਾ ਮੰਦਰ ਪਵਿੱਤਰ ਹੈ। ਤੁਸੀਂ ਖੁਦ ਉਸ ਪਰਮੇਸ਼ੁਰ ਦਾ ਮੰਦਰ ਹੋ।

18 ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ। 19 ਕਿਉਂ? ਕਿਉਂਕਿ ਇਸ ਦੁਨੀਆਂ ਦੀ ਸਿਆਣਪ ਪਰਮੇਸ਼ੁਰ ਲਈ ਮੂਰੱਖਤਾ ਹੈ। ਪੋਥੀਆਂ ਵਿੱਚ ਇਹ ਲਿਖਿਆ ਹੋਇਆ ਹੈ, “ਉਹ ਸਿਆਣੇ ਲੋਕਾਂ ਨੂੰ ਉਨ੍ਹਾਂ ਦੇ ਚੁਸਤ ਚਲਾਕੀਆਂ ਵਾਲੇ ਅਮਲਾਂ ਤੋਂ ਫ਼ੜਦਾ ਹੈ।” [b] 20 ਪੋਥੀਆਂ ਵਿੱਚ, ਇਹ ਵੀ ਲਿਖਿਆ ਹੈ, “ਪਰਮੇਸ਼ੁਰ ਨੂੰ ਸਿਆਣੇ ਲੋਕਾਂ ਦੀਆਂ ਸੋਚਾਂ ਦਾ ਪਤਾ ਹੈ। ਉਹ ਜਾਣਦਾ ਹੈ ਕਿ ਉਨ੍ਹਾਂ ਦੇ ਵਿੱਚਾਰ ਨਿਕਾਰਥਕ ਹਨ।” [c] 21 ਇਸ ਲਈ ਤੁਹਾਨੂੰ ਮਨੁੱਖਾਂ ਬਾਰੇ ਘਮੰਡ ਨਹੀਂ ਕਰਨਾ ਚਾਹੀਦਾ। ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 22 ਪੌਲੁਸ, ਅਪੁੱਲੋਸ ਅਤੇ ਪਤਰਸ, ਦੁਨੀਆਂ, ਜੀਵਨ, ਮੌਤ, ਵਰਤਮਾਨ ਅਤੇ ਭਵਿੱਖ ਇਹ ਸਾਰੀਆਂ ਚੀਜ਼ਾਂ ਤੁਹਾਡੀਆਂ ਹਨ। 23 ਅਤੇ ਤੁਸੀਂ ਮਸੀਹ ਦੇ ਹੋ ਅਤੇ ਮਸੀਹ ਪਰਮੇਸ਼ੁਰ ਦਾ ਹੈ।

Punjabi Bible: Easy-to-Read Version (ERV-PA)

2010 by World Bible Translation Center