Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 103-104

ਦਾਊਦ ਦਾ ਇੱਕ ਗੀਤ।

103 ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
    ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
    ਅਤੇ ਇਹ ਵੀ ਨਾ ਭੁੱਲੀ ਕਿ ਉਹ ਸੱਚਮੁੱਚ ਮਿਹਰਬਾਨ ਹੈ।
ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
    ਉਸੇ ਤਰ੍ਹਾਂ ਦਯਾਵਾਨ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਵਾਨ ਹੁੰਦਾ ਹੈ।
ਪਰਮੇਸ਼ੁਰ ਸਾਡੀ ਜਿੰਦ ਨੂੰ ਕਬਰ ਪਾਸੋਂ ਬਚਾਉਂਦਾ ਹੈ।
    ਅਤੇ ਉਹ ਸਾਨੂੰ ਆਪਣਾ ਪਿਆਰ ਅਤੇ ਹਮਦਰਦੀ ਦਿੰਦਾ ਹੈ।
ਪਰਮੇਸ਼ੁਰ ਬਹੁਤ ਸਾਰੀਆਂ ਸ਼ੁਭ ਚੀਜ਼ਾਂ ਦਿੰਦਾ ਹੈ।
    ਉਹ ਸਾਨੂੰ ਇੱਕ ਵਾਰੇ ਫ਼ੇਰ ਬਾਜ ਵਾਂਗ ਜਵਾਨ ਬਣਾ ਦਿੰਦਾ ਹੈ।
ਯਹੋਵਾਹ ਬੇਲਾਗ ਹੈ।
    ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਨਿਆਂ ਦਿੰਦਾ ਹੈ ਜਿਨ੍ਹਾਂ ਨੂੰ ਹੋਰ ਲੋਕਾਂ ਨੇ ਦੁੱਖ ਦਿੱਤੇ ਹਨ।
ਪਰਮੇਸ਼ੁਰ ਨੇ ਮੂਸਾ ਨੂੰ ਆਪਣੇ ਨੇਮ ਸਿੱਖਾਏ।
    ਪਰਮੇਸ਼ੁਰ ਨੇ ਇਸਰਾਏਲ ਨੂੰ ਦਿਖਾ ਦਿੱਤਾ ਕਿ ਉਹ ਕਿੰਨੀਆਂ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ।
ਯਹੋਵਾਹ ਦਯਾਵਾਨ ਅਤੇ ਰਹਿਮ ਕਰਨ ਵਾਲਾ ਹੈ।
    ਉਹ ਧੀਰਜ ਅਤੇ ਪਿਆਰ ਨਾਲ ਭਰਪੂਰ ਹੈ।
ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
10 ਅਸੀਂ ਪਰਮੇਸ਼ੁਰ ਦੇ ਵਿਰੁੱਧ ਗੁਨਾਹ ਕੀਤੇ
    ਪਰ ਉਸ ਨੇ ਸਾਨੂੰ ਦੰਡ ਨਹੀਂ ਦਿੱਤਾ ਜਿਸਦੇ ਅਸੀਂ ਅਧਿਕਾਰੀ ਸਾਂ।
11 ਪਰਮੇਸ਼ੁਰ ਦਾ ਆਪਣੇ ਚੇਲਿਆਂ ਲਈ ਪਿਆਰ ਸਾਡੇ ਨਾਲੋਂ ਇੰਨਾ ਉੱਚਾ ਹੈ
    ਜਿੰਨਾ ਧਰਤੀ ਕੋਲੋਂ ਅਕਾਸ਼ ਉੱਚਾ ਹੈ।
12 ਅਤੇ ਪਰਮੇਸ਼ੁਰ ਨੇ ਸਾਡੇ ਗੁਨਾਹ ਇੰਨੇ ਦੂਰ ਸੁੱਟ ਦਿੱਤੇ ਹਨ
    ਜਿੰਨਾ ਪੱਛਮ ਪੂਰਬ ਤੋਂ ਦੂਰ ਹੈ।
13 ਯਹੋਵਾਹ ਉਨ੍ਹਾਂ ਉੱਤੇ ਜਿਹੜੇ ਉਸਦੀ ਉਪਾਸਨਾ ਕਰਦੇ ਹਨ
    ਉਸੇ ਤਰ੍ਹਾਂ ਦਿਆਲੂ ਹੈ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਉੱਤੇ ਦਯਾਲੂ ਹੁੰਦਾ ਹੈ।
14 ਪਰਮੇਸ਼ੁਰ ਸਾਡੇ ਬਾਰੇ ਸਭ ਕੁਝ ਜਾਣਦਾ ਹੈ।
    ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਖਾਕ ਤੋਂ ਸਾਜੇ ਗਏ ਸਾਂ।
15 ਪਰਮੇਸ਼ੁਰ ਜਾਣਦਾ ਹੈ ਕਿ ਸਾਡੀਆਂ ਜ਼ਿੰਦਗੀਆਂ ਛੋਟੀਆਂ ਹਨ।
    ਉਹ ਜਾਣਦਾ ਹੈ ਕਿ ਸਾਡੀਆਂ ਉਮਰਾਂ ਘਾਹ ਵਰਗੀਆਂ ਹਨ।
16 ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੱਕ ਨਿੱਕੇ ਜੰਗਲੀ ਫ਼ੁੱਲ ਵਰਗੇ ਹਾਂ, ਉਹ ਫ਼ੁੱਲ ਬਹੁਤ ਛੇਤੀ ਉੱਗਦਾ ਹੈ।
    ਫ਼ੇਰ ਗਰਮ ਹਵਾ ਵੱਗਦੀ ਹੈ ਅਤੇ ਉਹ ਫ਼ੁੱਲ ਮਰ ਜਾਂਦਾ ਹੈ।
    ਛੇਤੀ ਹੀ, ਤੁਸੀਂ ਇਹ ਵੀ ਨਹੀਂ ਦੱਸ ਸੱਕੋਂਗੇ ਕਿ ਫ਼ੁੱਲ ਕਿੱਥੇ ਉੱਗਿਆ ਸੀ।
17 ਪਰ ਯਹੋਵਾਹ ਨੇ ਸਦਾ ਆਪਣੇ ਅਨੁਯਾਈਆਂ ਨੂੰ ਪਿਆਰ ਕੀਤਾ ਹੈ।
    ਅਤੇ ਉਹ ਸਦਾ-ਸਦਾ ਲਈ ਆਪਣੇ ਅਨੁਯਾਈਆਂ ਨੂੰ ਪਿਆਰ ਕਰਦਾ ਰਹੇਗਾ।
ਪਰਮੇਸ਼ੁਰ ਉਨ੍ਹਾਂ ਦੇ ਬੱਚਿਆਂ ਦਾ ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਦਾ ਭਲਾ ਕਰੇਗਾ।
18     ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਕਰਾਰ ਉੱਤੇ ਚੱਲਦੇ ਹਨ।
    ਪਰਮੇਸ਼ੁਰ ਉਨ੍ਹਾਂ ਲੋਕਾਂ ਦਾ ਭਲਾ ਕਰਦਾ ਹੈ ਜਿਹੜੇ ਉਸ ਦੇ ਹੁਕਮ ਮੰਨਦੇ ਹਨ।
19 ਪਰਮੇਸ਼ੁਰ ਦਾ ਤਖਤ ਸਵਰਗਾਂ ਵਿੱਚ ਹੈ।
    ਅਤੇ ਉਹ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
20 ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ,
    ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ।
    ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
21 ਯਹੋਵਾਹ ਦੀਉ ਸਮੂਹ ਸੈਨਾਉ ਉਸਦੀ ਉਸਤਤਿ ਕਰੋ।
    ਤੁਸੀਂ ਉਸ ਦੇ ਸੇਵਕ ਹੋ, ਤੁਸੀਂ ਉਹੀ ਕਰਦੇ ਹੋ
    ਜੋ ਪਰਮੇਸ਼ੁਰ ਚਾਹੁੰਦਾ ਹੈ।
22 ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ।
    ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ।
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।

104 ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
    ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ।
ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
    ਤੁਸੀਂ ਨੂਰ ਨੂੰ ਪਹਿਨਦੇ ਹੋ ਜਿਵੇਂ ਕੋਈ ਚੋਲਾ ਪਹਿਨਦਾ ਹੈ।
ਤੁਸੀਂ ਅਕਾਸ਼ਾਂ ਨੂੰ ਪਰਦੇ ਵਾਂਗ ਖਿਲਾਰ ਦਿੱਤਾ ਹੈ।
    ਹੇ ਪਰਮੇਸ਼ੁਰ ਤੁਸੀਂ ਆਪਣਾ ਘਰ ਉਨ੍ਹਾਂ ਤੋਂ ਉੱਪਰ ਬਣਾਇਆ।
ਤੁਸੀਂ ਮੋਟੇ ਬੱਦਲਾਂ ਦੀ ਰੱਥ ਵਾਂਗ ਵਰਤੋਂ ਕਰਦੇ ਹੋ
    ਅਤੇ ਅਕਾਸ਼ ਦੇ ਆਰ-ਪਾਰ ਹਵਾ ਦੇ ਖੰਬਾਂ ਉੱਤੇ ਸਵਾਰੀ ਕਰਦੇ ਹੋ।
ਹੇ ਪਰਮੇਸ਼ੁਰ, ਤੁਸੀਂ ਆਪਣੇ ਦੂਤਾਂ ਨੂੰ ਹਵਾ ਦੇ ਵਾਂਗ
    ਅਤੇ ਸੇਵਕਾਂ ਨੂੰ ਅੱਗ ਵਾਂਗ ਬਣਾਇਆ ਹੈ।
ਹੇ ਪਰਮੇਸ਼ੁਰ, ਤੁਸਾਂ ਧਰਤੀ ਨੂੰ ਇਸ ਦੀਆਂ ਬੁਨਿਆਦਾਂ ਉੱਤੇ ਉਸਾਰਿਆ।
    ਤਾਂ ਜੋ ਇਹ ਕਦੇ ਵੀ ਤਬਾਹ ਨਾ ਹੋਵੇ।
ਤੁਸੀਂ ਇਸ ਨੂੰ ਕੰਬਲ ਵਾਂਗ ਪਾਣੀ ਨਾਲ ਢੱਕ ਦਿੱਤਾ ਹੈ।
    ਪਾਣੀ ਨੇ ਪਰਬਤਾਂ ਨੂੰ ਢੱਕ ਲਿਆ ਸੀ।
ਪਰ ਤੁਸੀਂ ਹੁਕਮ ਦਿੱਤਾ ਅਤੇ ਪਾਣੀ ਦੂਰ-ਦੂਰ ਭੱਜਿਆ।
    ਹੇ ਪਰਮੇਸ਼ੁਰ, ਤੁਸੀਂ ਗੁੱਸੇ ਨਾਲ ਪਾਣੀ ਉੱਤੇ ਗਜੇ ਅਤੇ ਪਾਣੀ ਤੁਹਾਥੋਂ ਦੂਰ ਭੱਜ ਉੱਠਿਆ।
ਪਾਣੀ ਪਰਬਤਾਂ ਤੋਂ ਹੇਠਾਂ ਵਾਦੀਆਂ ਵੱਲ ਵਗਿਆ
    ਅਤੇ ਫ਼ੇਰ ਉਨ੍ਹਾਂ ਵੱਲ ਜਿਹੜੀਆਂ ਤੁਸੀਂ ਇਸ ਲਈ ਬਣਾਈਆਂ ਸਨ।
ਕਿਉਂਕਿ ਤੁਸੀਂ ਸਮੁੰਦਰਾਂ ਲਈ ਹਦ ਨਿਸ਼ਚਿਤ ਕਰ ਦਿੱਤੀ ਹੈ,
    ਪਾਣੀ ਧਰਤੀ ਨੂੰ ਕੱਜਣ ਲਈ ਫ਼ੇਰ ਕਦੇ ਵੀ ਨਹੀਂ ਚੜ੍ਹੇਗਾ।
10 ਹੇ ਪਰਮੇਸ਼ੁਰ, ਤੁਸੀਂ ਪਾਣੀ ਨੂੰ ਚਸ਼ਮਿਆਂ ਤੋਂ ਨਦੀਆਂ ਵੱਲ ਵਗਣ ਲਾ ਦਿੰਦੇ ਹੋ।
    ਇਹ ਪਾਣੀ ਨਦੀਆਂ ਵਿੱਚੋਂ ਵੱਗਦਾ ਹੈ।
11 ਨਦੀਆਂ ਸਮੂਹ ਜੰਗਲੀ ਜਾਨਵਰਾਂ ਨੂੰ ਪਾਣੀ ਦਿੰਦੀਆਂ ਹਨ।
    ਅਵਾਰਾ ਖੋਤੇ ਵੀ ਇੱਥੇ ਪਾਣੀ ਪੀਣ ਲਈ ਆਉਂਦੇ ਹਨ।
12 ਜੰਗਲੀ ਪੰਛੀ ਵੀ ਇੱਥੇ ਤਲਾਵਾਂ ਉੱਤੇ ਰਹਿਣ ਲਈ ਆਉਂਦੇ ਹਨ।
    ਉਹ ਨੇੜਲੇ ਰੁੱਖਾਂ ਦੀ ਟਹਿਣੀਆਂ ਵਿੱਚ ਗਾਉਂਦੇ ਹਨ।
13 ਪਰਮੇਸ਼ੁਰ ਹੇਠਾਂ ਪਹਾੜਾਂ ਉੱਪਰ ਵਰੱਖਾ ਭੇਜਦਾ ਹੈ।
    ਸਾਰੀਆਂ ਚੀਜ਼ਾਂ ਜੋ ਪਰਮੇਸ਼ੁਰ ਨੇ ਬਣਾਈਆਂ ਧਰਤੀ ਨੂੰ ਆਪਣੀ ਲੋੜੀਦੀ ਹਰ ਸ਼ੈਅ ਪ੍ਰਦਾਨ ਕਰਦੀਆਂ ਹਨ।
14 ਪਰਮੇਸ਼ੁਰ ਪਸ਼ੂਆਂ ਨੂੰ ਭੋਜਨ ਦੇਣ ਲਈ ਘਾਹ ਉਗਾਉਂਦਾ ਹੈ।
ਉਹ ਸਾਨੂੰ ਪੌਦੇ ਦਿੰਦਾ ਹੈ ਜਿਨ੍ਹਾਂ ਨੂੰ ਅਸੀਂ ਉਗਾਉਂਦੇ ਹਾਂ।
ਉਹ ਪੌਦੇ ਸਾਨੂੰ ਧਰਤੀ ਵਿੱਚੋਂ ਭੋਜਨ ਦਿੰਦੇ ਹਨ।
15 ਪਰਮੇਸ਼ੁਰ ਸਾਨੂੰ ਦਾਖਰਸ ਦਿੰਦਾ ਹੈ ਜਿਹੜੀ ਸਾਨੂੰ ਪ੍ਰਸੰਨ ਕਰਦੀ ਹੈ।
    ਤੇਲ ਜਿਹੜਾ ਸਾਡੀ ਚਮੜੀ ਨੂੰ ਨਰਮ ਬਣਾਉਂਦਾ
    ਅਤੇ ਉਹ ਭੋਜਨ ਜਿਹੜਾ ਸਾਨੂੰ ਮਜ਼ਬੂਤ ਬਣਾਉਂਦਾ ਹੈ।
16 ਲਬਾਨੋਨ ਦੇ ਦੇਵਦਾਰ ਦੇ ਰੁੱਖ ਪਰਮੇਸ਼ੁਰ ਦੀ ਜ਼ਇਦਾਦ ਹਨ।
    ਯਹੋਵਾਹ ਨੇ ਉਹ ਰੁੱਖ ਬੀਜੇ ਸਨ ਅਤੇ ਉਹ ਉਨ੍ਹਾਂ ਦੀ ਲੋੜ ਲਈ ਪਾਣੀ ਦਿੰਦਾ ਹੈ।
17 ਪੰਛੀ ਉਨ੍ਹਾਂ ਰੁੱਖਾਂ ਉੱਤੇ ਆਲ੍ਹਣੇ ਬਣਾਉਂਦੇ ਹਨ,
    ਉਨ੍ਹਾਂ ਰੁੱਖਾਂ ਉੱਤੇ ਵੱਡੇ ਬਗਲੇ ਰਹਿੰਦੇ ਹਨ।
18 ਉੱਚੇ ਪਰਬਤ ਜੰਗਲੀ ਬਕਰਿਆਂ ਦੇ ਘਰ ਹਨ।
    ਵੱਡੀਆਂ ਚੱਟਾਨਾਂ ਵਿੱਚ ਰਹਿਣ ਵਾਲੇ ਜੀਵਾਂ ਲਈ ਚੱਟਾਨਾਂ ਹੀ ਛੁਪਣਗਾਹਾਂ ਹਨ।

19 ਹੇ ਪਰਮੇਸ਼ੁਰ, ਤੁਸੀਂ ਸਾਨੂੰ ਇਹ ਸੂਚਿਤ ਕਰਨ ਲਈ ਚੰਨ ਦਿੱਤਾ ਹੈ ਕਿ ਤਿਉਹਾਰ ਕਦੋਂ ਸ਼ੁਰੂ ਹੋਵੇਗਾ।
    ਅਤੇ ਸੂਰਜ ਜਾਣੇਗਾ ਕਿ ਕਦੋਂ ਛੁਪਣਾ ਹੈ।
20 ਤੁਸੀਂ ਹਨੇਰੇ ਨੂੰ ਰਾਤ ਬਣਾਇਆ
    ਉਹ ਸਮਾਂ ਜਦੋਂ ਜੰਗਲੀ ਜਾਨਵਰ ਘੁੰਮਣ ਲਈ ਬਾਹਰ ਆਉਂਦੇ ਹਨ।
21 ਸ਼ੇਰ ਹਮਲਾ ਕਰਨ ਵੇਲੇ ਦਹਾੜਦੇ ਹਨ
    ਜਿਵੇਂ ਉਹ ਪਰਮੇਸ਼ੁਰ ਕੋਲੋਂ ਭੋਜਨ ਮੰਗ ਰਹੇ ਹੋਣ ਜਿਹੜਾ ਉਹ ਉਨ੍ਹਾਂ ਨੂੰ ਦਿੰਦਾ ਹੈ।
22 ਫ਼ੇਰ ਸੂਰਜ ਚੜ੍ਹਦਾ ਹੈ,
    ਅਤੇ ਜਾਨਵਰ ਅਰਾਮ ਕਰਨ ਲਈ ਵਾਪਸ ਆਪਣੇ ਘੋਰਨਿਆਂ ਵਿੱਚ ਜਾਂਦੇ ਹਨ।
23 ਫ਼ੇਰ ਲੋਕ ਕੰਮ ਕਰਨ ਲਈ ਬਾਹਰ ਜਾਂਦੇ ਹਨ
    ਅਤੇ ਉਹ ਸ਼ਾਮ ਤੱਕ ਕੰਮ ਕਰਦੇ ਹਨ।

24 ਯਹੋਵਾਹ, ਤੁਸੀਂ ਅਨੇਕਾਂ ਚਮਤਕਾਰ ਕੀਤੇ ਹਨ।
    ਧਰਤੀ ਉਨ੍ਹਾਂ ਚੀਜ਼ਾਂ ਨਾਲ ਭਰੀ ਪਈ ਹੈ ਜਿਹੜੀਆਂ ਤੁਸਾ ਸਾਜੀਆਂ ਸਨ।
    ਅਸੀਂ ਹਰ ਚੀਜ਼ ਵਿੱਚ ਜੋ ਵੀ ਤੁਸੀਂ ਕਰਦੇ ਹੋ ਤੁਹਾਡੀ ਸਿਆਣਪ ਵੇਖਦੇ ਹਾਂ।
25 ਸਮੁੰਦਰ ਵੱਲ ਵੇਖੋ।
ਇਹ ਕਿੰਨਾ ਵੱਡਾ ਹੈ।
    ਅਤੇ ਇਸ ਵਿੱਚ ਅਨੇਕਾਂ ਜੀਵ ਰਹਿੰਦੇ ਹਨ
    ਇੱਥੇ ਛੋਟੇ ਅਤੇ ਵੱਡੇ ਅਣਗਿਣਤ ਜੀਵ ਰਹਿੰਦੇ ਹਨ।
26 ਸਮੁੰਦਰ ਉੱਤੇ ਜਹਾਜ਼ ਸਫ਼ਰ ਕਰਦੇ ਹਨ।
    ਲਿਵਯਾਥਾਨ, ਸਮੁੰਦਰੀ ਜੀਵ ਜਿਹੜਾ ਤੁਸੀਂ ਸਾਜਿਆ,
    ਸਮੁੰਦਰ ਵਿੱਚ ਖੇਡਦਾ ਹੈ।

27 ਹੇ ਪਰਮੇਸ਼ੁਰ, ਇਹ ਸਾਰੀਆਂ ਚੀਜ਼ਾਂ ਤੁਹਾਡੇ ਉੱਤੇ ਨਿਰਭਰ ਕਰਦੀਆਂ ਹਨ।
    ਤੁਸੀਂ ਇਨ੍ਹਾਂ ਨੂੰ ਸਮੇਂ ਸਿਰ ਭੋਜਨ ਦਿੰਦੇ ਹੋ।
28 ਹੇ ਪਰਮੇਸ਼ੁਰ, ਤੁਸੀਂ ਸਮੂਹ ਜੀਵਾਂ ਨੂੰ ਉਨ੍ਹਾਂ ਦੇ ਖਾਣ ਯੋਗ ਭੋਜਨ ਦਿੰਦੇ ਹੋ।
    ਤੁਸੀਂ ਚੰਗੇ ਭੋਜਨਾਂ ਨਾਲ ਭਰੇ ਹੋਏ ਤੁਹਾਡੇ ਹੱਥ ਖੋਲ੍ਹ ਦਿੰਦੇ ਹੋ ਅਤੇ ਰੱਜ ਜਾਣ ਤੀਕ ਖਾਣ ਦਿੰਦੇ ਹੋ।
29 ਜਦੋਂ ਤੁਸੀਂ ਉਨ੍ਹਾਂ ਕੋਲੋਂ ਆਪਣਾ ਮੂੰਹ ਮੋੜ ਲੈਂਦੇ ਹੋ,
    ਉਹ ਭੈਭੀਤ ਹੋ ਜਾਂਦੇ ਹਨ।
    ਜਦੋਂ ਵੀ ਤੁਸੀਂ ਉਨ੍ਹਾਂ ਦੇ ਸਾਹ ਕੱਢ ਲੈਂਦੇ ਹੋ।
ਉਹ ਕਮਜ਼ੋਰ ਬਣ ਜਾਂਦੇ ਹਨ।
    ਅਤੇ ਉਨ੍ਹਾਂ ਦੇ ਸ਼ਰੀਰ ਫ਼ੇਰ ਤੋਂ ਖਾਕ ਹੋ ਜਾਂਦੇ ਹਨ।
30 ਪਰ, ਹੇ ਯਹੋਵਾਹ, ਜਦੋਂ ਤੁਸੀਂ ਆਪਣੀ ਆਤਮਾ ਉਨ੍ਹਾਂ ਵੱਲ ਭੇਜਦੇ ਹੋ।
    ਉਹ ਸਿਹਤਮੰਦ ਬਣ ਜਾਂਦੇ ਹਨ।
    ਅਤੇ ਤੁਸੀਂ ਇੱਕ ਵਾਰ ਫ਼ੇਰ ਧਰਤੀ ਨੂੰ ਨਵਾਂ ਨਕੋਰ ਬਣਾ ਦਿੰਦੇ ਹੋ।

31 ਯਹੋਵਾਹ ਦੀ ਮਹਿਮਾ ਸਦਾ ਲਈ ਚਮਕੇ
    ਯਹੋਵਾਹ ਉਨ੍ਹਾਂ ਚੀਜ਼ਾਂ ਦਾ ਆਨੰਦ ਮਾਣੇ ਜੋ ਉਸ ਨੇ ਸਾਜੀਆਂ ਹਨ।
32 ਯਹੋਵਾਹ ਸਿਰਫ਼ ਧਰਤੀ ਵੱਲ ਵੇਖਦਾ ਹੈ
    ਅਤੇ ਇਹ ਕੰਬਣ ਲੱਗ ਜਾਂਦੀ ਹੈ।
ਉਹ ਪਹਾੜਾਂ ਨੂੰ ਛੂੰਹਦਾ ਹੈ
    ਅਤੇ ਉਨ੍ਹਾਂ ਤੋਂ ਧੂੰਆਂ ਉੱਠਣ ਲੱਗੇਗਾ।

33 ਮੈਂ ਉਮਰ ਭਰ ਯਹੋਵਾਹ ਦੇ ਗੀਤ ਗਾਵਾਂਗਾ।
    ਮੈਂ ਯਹੋਵਾਹ ਦੀ ਉਸਤਤਿ ਉਦੋਂ ਤੱਕ ਗਾਵਾਂਗਾ ਜਦੋਂ ਤੱਕ ਮੈਂ ਜਿਉਂਦਾ ਹਾਂ।
34 ਮੈਨੂੰ ਆਸ ਹੈ ਕਿ ਇਹ ਸ਼ਬਦ, ਜਿਹੜੇ ਮੈਂ ਆਖੇ ਹਨ ਉਸ ਨੂੰ ਪ੍ਰਸੰਨ ਕਰਨਗੇ।
    ਮੈਂ ਯਹੋਵਾਹ ਨਾਲ ਖੁਸ਼ ਹਾਂ।
35 ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ।
    ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ।

ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ।
    ਯਹੋਵਾਹ ਦੀ ਉਸਤਤਿ ਕਰ।

1 ਕੁਰਿੰਥੀਆਂ ਨੂੰ 2

ਸਲੀਬ ਉੱਤੇ ਮਸੀਹ ਬਾਰੇ ਸੰਦੇਸ਼

ਪਿਆਰੇ ਭਰਾਵੋ ਅਤੇ ਭੈਣੋ ਮੈਂ ਜਦੋਂ ਤੁਹਾਡੇ ਕੋਲ ਆਇਆ ਸੀ ਤਾਂ ਮੈਂ ਤੁਹਾਨੂੰ ਪਰਮੇਸ਼ੁਰ ਦੇ ਸੱਚ ਬਾਰੇ ਦੱਸਿਆ ਸੀ। ਪਰ ਉਸ ਲਈ ਮੈਂ ਨਾ ਤਾਂ ਚੰਗੇ ਵਕਤਾਂ ਵਾਲੇ ਸ਼ਬਦਾਂ ਦੀ ਵਰਤੋਂ ਕੀਤੀ ਅਤੇ ਨਾ ਹੀ ਮਹਾਨ ਸੂਝ ਦੀ ਵਰਤੋਂ ਕੀਤੀ ਹੈ। ਮੈਂ ਇਹ ਫ਼ੈਸਲਾ ਕਰ ਲਿਆ ਸੀ। ਕਿ ਜਦੋਂ ਤੱਕ ਮੈਂ ਤੁਹਾਡੇ ਨਾਲ ਹਾਂ ਤਾਂ ਮੈ ਯਿਸੂ ਮਸੀਹ ਅਤੇ ਉਸਦੀ ਸਲੀਬ ਉੱਤੇ ਮ੍ਰਿਤੂ ਤੋਂ ਅਲਾਵਾ ਹਰ ਗੱਲ ਭੁੱਲ ਜਾਵਾਂਗਾ। ਜਦੋਂ ਮੈਂ ਤੁਹਾਡੇ ਕੋਲ ਆਇਆ ਸਾਂ, ਮੈਂ ਨਿਰਬਲ ਸਾਂ ਅਤੇ ਡਰ ਨਾਲ ਕੰਬ ਰਿਹਾ ਸਾਂ। ਮੇਰੀਆਂ ਗੱਲਾਂ ਅਤੇ ਮੇਰਾ ਪ੍ਰਚਾਰ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਸੂਝ ਦੇ ਸ਼ਬਦ ਨਹੀਂ ਸਨ। ਪਰ ਮੇਰੀ ਸਿੱਖਿਆ ਦਾ ਪ੍ਰਮਾਣ ਉਹ ਸ਼ਕਤੀ ਹੈ ਜੋ ਪਵਿੱਤਰ ਆਤਮਾ ਤੋਂ ਪ੍ਰਾਪਤ ਕੀਤੀ ਗਈ ਹੈ। ਮੈਂ ਅਜਿਹਾ ਇਸ ਲਈ ਕੀਤਾ ਤਾਂ ਕਿ ਜੋ ਤੁਹਾਡਾ ਕਿਸੇ ਮਨੁੱਖ ਦੀ ਸੂਝ ਵਿੱਚ ਨਹੀਂ ਸਗੋਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਸ਼ਚਾ ਹੋਵੇ।

ਪਰਮੇਸ਼ੁਰ ਦੀ ਸਿਆਣਪ

ਅਸੀਂ ਆਤਮਕ ਤੌਰ ਤੇ ਪ੍ਰੌਢ਼ ਲੋਕਾਂ ਨੂੰ ਸਿਆਣਪ ਵੀ ਸਿੱਖਾਉਂਦੇ ਹਾਂ, ਪਰ ਉਹ ਸਿਆਣਪ ਇਸ ਦੁਨੀਆਂ ਦੇ ਨਾਲ ਸੰਬੰਧਿਤ ਨਹੀਂ ਹੈ। ਇਹ ਇਸ ਦੁਨੀਆਂ ਦੇ ਹਾਕਮਾਂ ਦੀ ਸਿਆਣਪ ਨਹੀਂ ਹੈ। ਉਨ੍ਹਾਂ ਹਾਕਮਾਂ ਦੀ ਸਿਆਣਪ ਨਸ਼ਟ ਹੋ ਰਹੀ ਹੈ। ਪਰ ਅਸੀਂ ਪਰਮੇਸ਼ੁਰ ਦੀ ਗੁਪਤ ਸਿਆਣਪ ਬਾਰੇ ਗੱਲ ਕਰ ਰਹੇ ਹਾਂ। ਇਹ ਸਿਆਣਪ ਲੋਕਾਂ ਤੋਂ ਲਕੋਈ ਗਈ ਹੈ। ਪਰਮੇਸ਼ੁਰ ਨੇ ਇਹ ਸਿਆਣਪ ਸਾਡੀ ਮਹਿਮਾਂ ਲਈ ਵਿਉਂਤੀ ਹੈ। ਉਸ ਨੇ ਇਸਦੀ ਯੋਜਨਾ ਦੁਨੀਆਂ ਦੀ ਰਚਨਾ ਤੋਂ ਪਹਿਲਾਂ ਦੀ ਬਣਾ ਲਈ ਸੀ। ਇਸ ਦੁਨੀਆਂ ਦੇ ਹਾਕਮਾਂ ਵਿੱਚੋਂ ਕਿਸੇ ਨੇ ਵੀ ਇਸ ਸਿਆਣਪ ਨੂੰ ਨਹੀਂ ਸਮਝਿਆ। ਜੇ ਉਹ ਸਮਝ ਗਏ ਹੁੰਦੇ ਉਨ੍ਹਾਂ ਨੇ ਗੌਰਵਸ਼ਾਲੀ ਪ੍ਰਭੂ ਨੂੰ ਸਲੀਬ ਉੱਪਰ ਨਹੀਂ ਸੀ ਲਟਕਾਉਣਾ। ਪਰ ਜਿਵੇਂ ਕਿ ਇਹ ਪੋਥੀਆਂ ਵਿੱਚ ਲਿਖਿਆ ਹੈ;

“ਕਿਸੇ ਅੱਖ ਨੇ ਨਹੀਂ ਦੇਖਿਆ,
    ਕਿਸੇ ਕੰਨ ਨੇ ਨਹੀਂ ਸੁਣਿਆ,
ਕਿਸੇ ਵਿਅਕਤੀ ਨੇ ਕਲਪਨਾ ਨਹੀਂ ਕੀਤੀ ਕਿ
    ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਲਈ ਕੀ ਕੁਝ ਤਿਆਰ ਕੀਤਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ।” (A)

10 ਪਰੰਤੂ ਪਰਮੇਸ਼ੁਰ ਨੇ ਸਾਨੂੰ ਇਹ ਗੱਲਾਂ ਆਤਮਾ ਰਾਹੀਂ ਸਮਝਾਈਆਂ ਹਨ।

ਪਵਿੱਤਰ ਆਤਮਾ ਸਭ ਕੁਝ ਜਾਣਦਾ ਹੈ, ਪਰਮੇਸ਼ੁਰ ਦੇ ਗੁਪਤ ਭੇਤਾਂ ਨੂੰ ਵੀ। 11 ਇਹ ਇਸ ਤਰ੍ਹਾਂ ਹੈ। ਕੋਈ ਵਿਅਕਤੀ ਵੀ ਕਿਸੇ ਹੋਰ ਦੇ ਵਿੱਚਾਰਾਂ ਨੂੰ ਨਹੀਂ ਜਾਣਦਾ ਇੱਕ ਆਦਮੀ ਅੰਦਰ ਸਿਰਫ਼ ਆਤਮਾ ਹੀ ਉਸ ਦੀਆਂ ਸੋਚਾਂ ਬਾਰੇ ਜਾਣਦਾ ਹੈ। ਪਰਮੇਸ਼ੁਰ ਬਾਰੇ ਵੀ ਇਵੇਂ ਹੀ ਹੈ। ਕੋਈ ਵੀ ਪਰਮੇਸ਼ੁਰ ਦੇ ਵਿੱਚਾਰਾਂ ਦੀ ਜਾਣਕਾਰੀ ਨਹੀਂ ਰੱਖਦਾ। ਕੇਵਲ ਪਰਮੇਸ਼ੁਰ ਦੀ ਆਤਮਾ ਹੀ ਉਨ੍ਹਾਂ ਵਿੱਚਾਰਾਂ ਨੂੰ ਜਾਣਦਾ ਹੈ। 12 ਸਾਨੂੰ ਦੁਨੀਆਂ ਦਾ ਆਤਮਾ ਨਹੀਂ ਮਿਲਿਆ ਹੋਇਆ। ਪਰੰਤੂ ਸਾਨੂੰ ਉਹ ਆਤਮਾ ਮਿਲਿਆ ਹੈ ਜੋ ਪਰਮੇਸ਼ੁਰ ਵੱਲੋਂ ਹੈ। ਅਸੀਂ ਇਹ ਆਤਮਾ ਇਸ ਲਈ ਪ੍ਰਾਪਤ ਕੀਤਾ ਹੈ ਤਾਂ ਜੋ ਅਸੀਂ ਉਨ੍ਹਾਂ ਅਸੀਸਾਂ ਬਾਰੇ ਜਾਣ ਸੱਕੀਏ ਜੋ ਪਰਮੇਸ਼ੁਰ ਨੇ ਸਾਨੂੰ ਬਿਨ ਕੀਮਤ ਦਿੱਤੀਆਂ ਹਨ।

13 ਜਦੋਂ ਅਸੀਂ ਇਨ੍ਹਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਤਾਂ ਅਸੀਂ ਉਨ੍ਹਾਂ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ ਜੋ ਸਾਨੂੰ ਮਨੁੱਖਾਂ ਦੀ ਸਿਆਣਪ ਵੱਲੋਂ ਸਿੱਖਾਏ ਗਏ ਹਨ। ਆਤਮਕ ਚੀਜ਼ਾਂ ਦੀ ਵਿਆਖਿਆ ਲਈ ਆਤਮਕ ਸ਼ਬਦਾਂ ਦੀ ਵਰਤੋਂ ਕਰਦੇ ਹਾਂ। 14 ਉਹ ਵਿਅਕਤੀ ਜਿਹੜਾ ਆਤਮਕ ਨਹੀਂ ਹੈ, ਉਹ ਗੱਲਾਂ ਨਹੀਂ ਸਮਝ ਸੱਕਦਾ ਜਿਹੜੀਆਂ ਪਰਮੇਸ਼ੁਰ ਦੇ ਆਤਮਾ ਵੱਲੋਂ ਆਉਂਦੀਆਂ ਹਨ। ਉਹ ਸੋਚਦਾ ਹੈ ਕਿ ਉਹ ਗੱਲਾਂ ਮੂਰੱਖਮਈ ਹਨ। ਅਜਿਹਾ ਵਿਅਕਤੀ ਆਤਮਾ ਦੀਆਂ ਗੱਲਾਂ ਨਹੀਂ ਸਮਝ ਸੱਕਦਾ ਕਿਉਂਕਿ ਅਜਿਹੀਆਂ ਗੱਲਾਂ ਸਿਰਫ਼ ਆਤਮਕ ਤੌਰ ਤੇ ਹੀ ਸਮਝੀਆਂ ਜਾ ਸੱਕਦੀਆਂ ਹਨ। 15 ਪਰੰਤੂ ਆਤਮਕ ਵਿਅਕਤੀ ਹਰ ਤਰ੍ਹਾਂ ਦੀਆਂ ਗੱਲਾਂ ਬਾਰੇ ਨਿਆਂੇ ਕਰਨ ਦੇ ਸਮਰਥ ਹੁੰਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, ਦੂਸਰੇ ਵਿਅਕਤੀ ਅਜਿਹੇ ਵਿਅਕਤੀ ਨੂੰ ਨਹੀਂ ਪਰੱਖ ਸੱਕਦੇ।

16 “ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
    ਕੌਣ ਪ੍ਰਭੂ ਨੂੰ ਦੱਸ ਸੱਕਦਾ ਹੈ ਕਿ ਉਸ ਨੂੰ ਕੀ ਕਰਨਾ ਚਾਹੀਦਾ ਹੈ?” (B)

ਪਰ ਤੁਹਾਡੇ ਲਈ, ਤੁਹਾਡੇ ਕੋਲ ਮਸੀਹ ਦਾ ਮਨ ਹੈ।

Punjabi Bible: Easy-to-Read Version (ERV-PA)

2010 by World Bible Translation Center