Old/New Testament
91 ਤੁਸੀਂ ਸਰਬ ਉੱਚ ਪਰਮੇਸ਼ੁਰ ਕੋਲ ਲੁਕਣ ਲਈ ਜਾ ਸੱਕਦੇ ਹੋ।
ਤੁਸੀਂ ਸੁਰੱਖਿਆ ਲਈ ਸਰਬ ਸ਼ਕਤੀਮਾਨ ਪਰਮੇਸ਼ੁਰ ਕੋਲ ਜਾ ਸੱਕਦੇ ਹੋ।
2 ਮੈਂ ਆਪਣੇ ਪਰਮੇਸ਼ੁਰ ਨੂੰ ਦੱਸਦਾ ਹਾਂ, “ਤੁਸੀਂ ਮੇਰੀ ਸੁਰੱਖਿਆ ਦਾ ਸਥਾਨ, ਮੇਰਾ ਕਿਲ੍ਹਾ ਹੋ।
ਮੇਰੇ ਪਰਮੇਸ਼ੁਰ, ਮੈਂ ਤੁਹਾਡੇ ਵਿੱਚ ਯਕੀਨ ਰੱਖਦਾ ਹਾਂ।”
3 ਪਰਮੇਸ਼ੁਰ ਤੁਹਾਨੂੰ ਛੁੱਪੇ ਖਤਰਿਆਂ ਕੋਲੋਂ
ਅਤੇ ਖਤਰਨਾਕ ਬਿਮਾਰੀਆਂ ਕੋਲੋਂ ਬਚਾਵੇਗਾ।
4 ਸੁਰੱਖਿਆ ਲਈ ਤੁਸੀਂ ਪਰਮੇਸ਼ੁਰ ਵੱਲ ਜਾ ਸੱਕਦੇ ਹੋ।
ਉਹ ਤੁਹਾਡੀ ਰੱਖਿਆ ਕਰੇਗਾ, ਜਿਵੇਂ ਇੱਕ ਪੰਛੀ ਆਪਣੇ ਬੱਚਿਆਂ ਉੱਤੇ ਖੰਭ ਖਿਲਾਰ ਲੈਂਦਾ ਹੈ।
ਪਰਮੇਸ਼ੁਰ ਇੱਕ ਢਾਲ ਹੋਵੇਗਾ ਅਤੇ ਤੁਹਾਡੀ ਰੱਖਿਆ ਲਈ ਇੱਕ ਕੰਧ।
5 ਤੁਹਾਨੂੰ ਰਾਤ ਵੇਲੇ ਕੋਈ ਡਰ ਨਹੀਂ ਹੋਵੇਗਾ।
ਅਤੇ ਦਿਨ ਵੇਲੇ ਵੀ ਤੁਹਾਨੂੰ ਆਪਣੇ ਵੈਰੀ ਦੇ ਤੀਰਾਂ ਤੋਂ ਕੋਈ ਡਰ ਨਹੀਂ ਹੋਵੇਗਾ।
6 ਤੁਹਾਨੂੰ ਉਨ੍ਹਾਂ ਬਿਮਾਰੀਆਂ ਦਾ ਡਰ ਨਹੀਂ ਹੋਵੇਗਾ ਜਿਹੜੀਆਂ ਹਨੇਰੇ ਵਿੱਚ ਆਉਂਦੀਆਂ ਹਨ
ਜਾਂ ਉਨ੍ਹਾਂ ਭਿਆਨਕ ਬਿਮਾਰੀਆਂ ਦਾ, ਜਿਹੜੀਆਂ ਦੁਪਿਹਰ ਵੇਲੇ ਹਮਲਾ ਕਰਦੀਆਂ ਹਨ।
7 ਤੁਸੀਂ ਹਜ਼ਾਰਾਂ ਦੁਸ਼ਮਣਾਂ ਨੂੰ ਹਰਾ ਦਿਉਂਗੇ।
ਤੁਹਾਡਾ ਆਪਣਾ ਸੱਜਾ ਹੱਥ ਦੁਸ਼ਮਣ ਦੇ 10,000 ਸੈਨਕਾਂ ਨੂੰ ਹਰਾਵੇਗਾ।
ਤੁਹਾਡੇ ਦੁਸ਼ਮਣ ਤੁਹਾਨੂੰ ਹੱਥ ਵੀ ਨਹੀਂ ਲਗਾ ਸੱਕਦੇ।
8 ਤੁਸੀਂ ਦੇਖੋਂਗੇ ਕਿ ਉਨ੍ਹਾਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੱਤੀ ਜਾਂਦੀ ਹੈ।
9 ਕਿਉਂ? ਕਿਉਂਕਿ ਤੁਸੀਂ ਯਹੋਵਾਹ ਉੱਤੇ ਵਿਸ਼ਵਾਸ ਕਰਦੇ ਹੋ,
ਤੁਸੀਂ ਸਰਬ ਉੱਚ ਪਰਮੇਸ਼ੁਰ ਨੂੰ ਆਪਣਾ ਸੁਰੱਖਿਅਤ ਟਿਕਾਣਾ ਬਣਾਇਆ ਹੈ।
10 ਕੋਈ ਮੰਦੀ ਗੱਲ ਤੁਹਾਡੇ ਨਾਲ ਨਹੀਂ ਵਾਪਰੇਗੀ।
ਤੁਹਾਡੇ ਘਰ ਅੰਦਰ ਬਿਮਾਰੀਆਂ ਨਹੀਂ ਹੋਣਗੀਆਂ।
11 ਪਰਮੇਸ਼ੁਰ ਤੁਹਾਡੇ ਲਈ ਆਪਣੇ ਦੂਤਾਂ ਨੂੰ ਆਦੇਸ਼ ਕਰੇਗਾ ਅਤੇ ਤੁਸੀਂ ਜਿੱਥੇ ਵੀ ਜਾਵੋਂਗੇ ਉਹ ਤੁਹਾਡੀ ਹਰ ਥਾਂ ਰੱਖਿਆ ਕਰਨਗੇ।
12 ਉਨ੍ਹਾਂ ਦੇ ਹੱਥ ਤੁਹਾਨੂੰ ਫ਼ੜ ਲੈਣਗੇ,
ਤਾਂ ਜੋ ਤੁਹਾਡਾ ਪੈਰ ਪੱਥਰਾਂ ਉੱਤੇ ਨਾ ਵਜੇ।
13 ਤੁਹਾਡੇ ਕੋਲ ਸ਼ੇਰਾਂ ਅਤੇ ਜ਼ਹਿਰੀਲੇ ਸੱਪਾਂ ਉੱਪਰ
ਤੁਰਨ ਦੀ ਸ਼ਕਤੀ ਹੋਵੇਗੀ।
14 ਯਹੋਵਾਹ ਆਖਦੇ ਹਨ, “ਜੇ ਕੋਈ ਮੇਰੇ ਉੱਪਰ ਭਰੋਸਾ ਕਰਦਾ ਹੈ ਮੈਂ ਉਸ ਨੂੰ ਬਚਾ ਲਵਾਂਗਾ।
ਮੈਂ ਆਪਣੇ ਪੈਰੋਕਾਰਾਂ ਨੂੰ ਬਚਾਵਾਂਗਾ ਜਿਹੜੇ ਮੇਰੇ ਨਾਮ ਦੀ ਉਪਾਸਨਾ ਕਰਦੇ ਹਨ।
15 ਮੇਰੇ ਪੈਰੋਕਾਰ ਮੈਨੂੰ ਸਹਾਇਤਾ ਲਈ ਪੁਕਾਰਨਗੇ, ਅਤੇ ਮੈਂ ਉਨ੍ਹਾਂ ਦੀ ਪੁਕਾਰ ਸੁਣਾਂਗਾ।
ਜਦੋਂ ਵੀ ਉਨ੍ਹਾਂ ਉੱਤੇ ਮੁਸੀਬਤ ਆਵੇਗੀ ਮੈਂ ਉਨ੍ਹਾਂ ਦੇ ਅੰਗ-ਸੰਗ ਹੋਵਾਂਗਾ।
ਮੈਂ ਉਨ੍ਹਾਂ ਨੂੰ ਬਚਾ ਲਵਾਂਗਾ ਅਤੇ ਉਨ੍ਹਾਂ ਨੂੰ ਮਾਨ ਦੇਵਾਂਗਾ।
16 ਮੈਂ ਆਪਣੇ ਪੈਰੋਕਾਰਾਂ ਨੂੰ ਲੰਮੀ ਜ਼ਿੰਦਗੀ ਦੇਵਾਂਗਾ।
ਅਤੇ ਮੈਂ ਉਨ੍ਹਾਂ ਨੂੰ ਬਚਾਵਾਂਗਾ।”
ਸਬਤ ਲਈ ਉਸਤਤਿ ਦਾ ਗੀਤ।
92 ਯਹੋਵਾਹ ਦੀ ਉਸਤਤਿ ਕਰਨੀ ਚੰਗੀ ਹੈ।
ਹੇ ਸਰਬ ਉੱਚ ਪਰਮੇਸ਼ੁਰ ਤੁਹਾਡੇ ਨਾਮ ਦੀ ਉਸਤਤਿ ਚੰਗੀ ਹੈ।
2 ਤੁਹਾਡੇ ਪਿਆਰ ਬਾਰੇ ਸਵੇਰ ਵੇਲੇ
ਅਤੇ ਤੁਹਾਡੀ ਵਫ਼ਾਦਾਰੀ ਬਾਰੇ ਰਾਤ ਨੂੰ ਗਾਉਣਾ ਚੰਗਾ ਹੈ।
3 ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ,
ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
4 ਯਹੋਵਾਹ, ਤੁਸਾਂ ਸੱਚਮੁੱਚ ਸਾਨੂੰ ਉਨ੍ਹਾਂ ਗੱਲਾਂ ਨਾਲ ਖੁਸ਼ ਕਰਦੇ ਹੋ ਜੋ ਤੁਸੀਂ ਕੀਤੀਆਂ ਸਨ।
ਅਸੀਂ ਖੁਸ਼ੀ ਨਾਲ ਉਨ੍ਹਾਂ ਗੱਲਾਂ ਬਾਰੇ ਗਾਉਂਦੇ ਹਾਂ।
5 ਯਹੋਵਾਹ, ਤੁਸੀਂ ਇੰਨੀਆਂ ਮਹਾਨ ਗੱਲਾਂ ਕੀਤੀਆਂ ਸਨ।
ਸਾਡੇ ਲਈ ਤੁਹਾਡੇ ਵਿੱਚਾਰ ਸਮਝਣੇ ਬਹੁਤ ਮੁਸ਼ਕਿਲ ਹਨ।
6 ਤੁਹਾਡੇ ਮੁਕਾਬਲੇ ਵਿੱਚ ਲੋਕ ਪਸ਼ੂਆਂ ਵਰਗੇ ਮੂਰਖ ਹਨ।
ਅਸੀਂ ਮੂਰੱਖਾਂ ਵਰਗੇ ਹਾਂ ਜੋ ਕੋਈ ਵੀ ਗੱਲ ਨਹੀਂ ਸਮਝ ਸੱਕਦੇ।
7 ਦੁਸ਼ਟ ਲੋਕ ਘਾਹ-ਫ਼ੂਸ ਦੀ ਤਰ੍ਹਾਂ ਜਿਉਂਦੇ ਅਤੇ ਮਰ ਜਾਂਦੇ ਹਨ।
ਅਤੇ ਜਿਹੜੀਆਂ ਨਿਰਾਰਥਕ ਗੱਲਾਂ ਉਹ ਕਰਦੇ ਹਨ
ਹਮੇਸ਼ਾ ਲਈ ਨਸ਼ਟ ਕਰ ਦਿੱਤੀਆਂ ਜਾਣਗੀਆਂ।
8 ਪਰ ਹੇ ਪਰਮੇਸ਼ੁਰ, ਤੁਸੀਂ ਹਮੇਸ਼ਾ ਲਈ ਸਤਿਕਾਰੇ ਜਾਵੋਂਗੇ।
9 ਯਹੋਵਾਹ, ਤੁਹਾਡੇ ਸਾਰੇ ਦੁਸ਼ਮਣ ਤਬਾਹ ਹੋ ਜਾਣਗੇ।
ਉਹ ਸਾਰੇ ਬੰਦੇ ਜਿਹੜੇ ਮੰਦੀਆਂ ਗੱਲਾਂ ਕਰਦੇ ਹਨ ਤਬਾਹ ਹੋ ਜਾਣਗੇ।
10 ਪਰ ਤੁਸੀਂ ਮੈਨੂੰ ਤਾਕਤਵਰ ਬਣਾ ਦਿਉਂਗੇ।
ਮੈਂ ਮਜ਼ਬੂਤ ਸਿੰਗਾਂ ਵਾਲੇ ਇੱਕ ਸਾਨ੍ਹ ਵਰਗਾ ਹੋਵਾਂਗਾ।
ਤੁਸੀਂ ਮੈਨੂੰ ਮੇਰੇ ਖਾਸ ਕਾਰਜ ਲਈ ਚੁਣਿਆ ਸੀ।
ਤੁਸੀਂ ਮੇਰੇ ਉੱਤੇ ਤਾਜ਼ਗੀ ਦੇਣ ਵਾਲਾ ਤੇਲ ਮਲਿਆ ਸੀ।
11 ਮੈਂ ਆਪਣੇ ਚਾਰ-ਚੁਫ਼ੇਰੇ ਦੁਸ਼ਮਣਾਂ ਨੂੰ ਦੇਖਦਾ ਹਾਂ।
ਉਹ ਮੋਟੇ ਝੋਟਿਆਂ ਵਰਗੇ ਮੇਰੇ ਉੱਤੇ ਹਮਲਾ ਕਰਨ ਲਈ ਤਿਆਰ ਹਨ।
ਮੈਂ ਉਹ ਸੁਣ ਰਿਹਾ ਹਾਂ ਜੋ ਉਹ ਮੇਰੇ ਬਾਰੇ ਆਖ ਰਹੇ ਹਨ।
12 ਚੰਗੇ ਬੰਦੇ ਯਹੋਵਾਹ ਦੇ ਮੰਦਰ ਵਿੱਚ ਉਗੇ ਹੋਏ ਲਬੋਨਾਨ ਦੇ ਸਰੂ ਦੇ ਰੁੱਖਾਂ ਵਰਗੇ ਹਨ।
13 ਚੰਗੇ ਬੰਦੇ ਯਹੋਵਾਹ ਦੇ ਮੰਦਰ ਦੇ ਵਿਹੜੇ ਵਿੱਚ ਫ਼ੁੱਲਾਂ ਨਾਲ ਭਰੇ ਹੋਏ ਖਜ਼ੂਰ ਦੇ ਰੁੱਖਾਂ ਵਰਗੇ ਹਨ।
14 ਜਦੋਂ ਉਹ ਪੁਰਾਣੇ ਵੀ ਹੋ ਜਾਂਦੇ ਹਨ,
ਉਹ ਜਵਾਨ ਅਤੇ ਸਿਹਤਮੰਦ ਰੁੱਖਾਂ ਦੀ ਤਰ੍ਹਾਂ, ਫ਼ਲ ਦਿੰਦੇ ਰਹਿੰਦੇ ਹਨ।
15 ਉਹ ਉੱਥੇ ਹਰ ਕਿਸੇ ਨੂੰ ਵਿਖਾਉਣ ਲਈ ਹਨ
ਕਿ ਯਹੋਵਾਹ ਚੰਗਾ ਹੈ।
ਉਹ ਮੇਰੀ ਚੱਟਾਨ ਹੈ
ਅਤੇ ਉਹ ਕੁਝ ਵੀ ਗਲਤ ਨਹੀਂ ਕਰਦਾ।
93 ਯਹੋਵਾਹ ਰਾਜਾ ਹੈ।
ਉਹ ਮਹਿਮਾ ਅਤੇ ਸ਼ਕਤੀ ਨੂੰ ਵਸਤਰਾਂ ਵਾਂਗ ਪਹਿਨਦਾ ਹੈ।
ਉਹ ਤਿਆਰ ਹੈ, ਇਸ ਲਈ ਸਾਰੀ ਦੁਨੀਆਂ ਸੁਰੱਖਿਅਤ ਹੈ।
ਇਹ ਨਹੀਂ ਹਿੱਲਣਗੇ ਅਤੇ ਇਹ ਬਰਬਾਦ ਨਹੀਂ ਹੋਵੇਗੀ।
2 ਹੇ ਪਰਮੇਸ਼ੁਰ ਤੁਹਾਡਾ ਰਾਜ ਸਦੀਵੀ ਰਿਹਾ ਹੈ।
ਹੇ ਪਰਮੇਸ਼ੁਰ, ਤੁਸੀਂ ਸਦੀਵੀ ਤੌਰ ਤੇ ਜੀਵਿਤ ਰਹੇ ਹੋ।
3 ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ।
ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
4 ਸਾਗਰ ਦੀਆਂ ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਪਰ ਉੱਚਾ ਯਹੋਵਾਹ ਹੋਰ ਵੀ ਵੱਧ ਸ਼ਕਤੀਸ਼ਾਲੀ ਹੈ।
5 ਯਹੋਵਾਹ, ਤੁਹਾਡੇ ਨੇਮ ਸਦਾ ਲਈ ਬਣੇ ਰਹਿਣਗੇ।
ਤੁਹਾਡਾ ਪਵਿੱਤਰ ਮੰਦਰ ਸਦਾ ਲਈ ਖਲੋਤਾ ਰਹੇਗਾ।
15 ਸਾਡੇ ਵਿੱਚੋਂ ਜੋ ਆਪਣੇ ਨਿਹਚਾ ਵਿੱਚ ਤਕੜੇ ਹਨ, ਕਮਜ਼ੋਰਾਂ ਦੀ ਮਦਦ ਕਰਨ। ਸਾਨੂੰ ਉਨ੍ਹਾਂ ਨੂੰ ਉਨ੍ਹਾਂ ਦੀਆਂ ਕਮਜ਼ੋਰੀਆਂ ਦੂਰ ਕਰਨ ਵਿੱਚ ਸਹਾਇਤਾ ਕਰਨੀ ਚਾਹੀਦੀ ਹੈ। ਸਾਨੂੰ ਆਪਣੇ ਆਪ ਨੂੰ ਪ੍ਰਸੰਨ ਨਹੀਂ ਕਰਨਾ ਚਾਹੀਦਾ। 2 ਸਾਡੇ ਵਿੱਚੋਂ ਹਰ ਇੱਕ ਨੂੰ ਦੂਜਿਆਂ ਲੋਕਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਹੈ। ਸਾਨੂੰ ਇਹ, ਉਨ੍ਹਾਂ ਦੀ ਨਿਹਚਾ ਮਜ਼ਬੂਤ ਕਰਨ ਵਿੱਚ ਸਹਾਇਤਾ ਕਰਨ ਲਈ ਕਰਨਾ ਚਾਹੀਦਾ ਹੈ। 3 ਇੱਥੋਂ ਤੱਕ ਕਿ ਮਸੀਹ ਨੇ ਕਦੇ ਵੀ ਆਪਣੇ ਆਪ ਨੂੰ ਪ੍ਰਸੰਨ ਕਰਨ ਲਈ ਨਹੀਂ ਜੀਵਿਆ। ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, “ਉਨ੍ਹਾਂ ਦੀ ਬੇਇੱਜ਼ਤੀ, ਜਿਨ੍ਹਾਂ ਨੇ ਤੁਹਾਨੂੰ ਬੇਇੱਜ਼ਤ ਕੀਤਾ ਸੀ ਮੇਰੇ ਤੇ ਡਿੱਗੀ ਹੈ।” [a]
4 ਸਭ ਕੁਝ ਜੋ ਅਤੀਤ ਵਿੱਚ ਲਿਖਿਆ ਗਿਆ ਸੀ ਸਾਨੂੰ ਸਿੱਖਾਉਣ ਖਾਤਰ ਲਿਖਿਆ ਸੀ। ਇਹ ਗੱਲਾਂ ਇਸ ਲਈ ਲਿਖੀਆਂ ਗਈਆਂ ਸਨ ਤਾਂ ਜੋ ਅਸੀਂ ਆਸ ਰੱਖ ਸੱਕੀਏ। ਅਤੇ ਉਹ ਆਸ ਧੀਰਜ ਤੋਂ ਆਉਂਦੀ ਹੈ ਅਤੇ ਉਹ ਤਾਕਤ ਜੋ ਪੋਥੀਆਂ ਸਾਨੂੰ ਦਿੰਦੀਆਂ ਹਨ। 5 ਧੀਰਜ ਅਤੇ ਤਾਕਤ ਪਰਮੇਸ਼ੁਰ ਤੋਂ ਆਉਂਦੀ ਹੈ ਤਾਂ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੁਹਾਨੂੰ ਉਸੇ ਢੰਗ ਨਾਲ ਇੱਕ ਹੋਣ ਵਿੱਚ ਸਹਾਇਤਾ ਕਰੇਗਾ ਜਿਵੇਂ ਮਸੀਹ ਯਿਸੂ ਚਾਹੁੰਦਾ ਹੈ। 6 ਫ਼ਿਰ ਤੁਸੀਂ ਸਭ ਇਕੱਠੇ ਹੋ ਜਾਵੋਂਗੇ ਅਤੇ ਤੁਸੀਂ ਇੱਕ ਮੂੰਹ ਨਾਲ ਸਾਡੇ ਪ੍ਰਭੂ ਯਿਸੂ ਮਸੀਹ ਦੇ ਪਰਮੇਸ਼ੁਰ ਪਿਤਾ ਦੀ ਉਸਤਤਿ ਕਰੋਂਗੇ। 7 ਮਸੀਹ ਨੇ ਤੁਹਾਨੂੰ ਸਵਿਕਾਰਿਆ, ਤਾਂ ਤੁਹਾਨੂੰ ਵੀ ਇੱਕ ਦੂਜੇ ਨੂੰ ਕਬੂਲਣਾ ਚਾਹੀਦਾ ਹੈ। ਇਸ ਨਾਲ ਪਰਮੇਸ਼ੁਰ ਦੀ ਮਹਿਮਾ ਹੋਵੇਗੀ। 8 ਮੈਂ ਤੁਹਾਨੂੰ ਦੱਸਦਾ ਹਾਂ ਕਿ ਯਿਸੂ ਇਹ ਵਿਖਾਉਣ ਲਈ ਯਹੂਦੀਆਂ ਦਾ ਸੇਵਕ ਬਣਿਆ, ਕਿ ਪਰਮੇਸ਼ੁਰ ਆਪਣੇ ਵਚਨ ਪੂਰੇ ਕਰਦਾ ਹੈ। ਮਸੀਹ ਨੇ ਅਜਿਹਾ ਇਹ ਸਾਬਿਤ ਕਰਨ ਲਈ ਕੀਤਾ ਕਿ ਜਿਹੜਾ ਵਚਨ ਪਰਮੇਸ਼ੁਰ ਨੇ ਯਹੂਦੀਆਂ ਦੇ ਪਿਉਵਾਂ ਨਾਲ ਕੀਤਾ ਸੀ ਉਹ ਪੂਰਾ ਕਰੇਗਾ। 9 ਮਸੀਹ ਨੇ ਵੀ ਇਉਂ ਕੀਤਾ ਤਾਂ ਜੋ ਗੈਰ ਯਹੂਦੀ, ਪਰਮੇਸ਼ੁਰ ਨੂੰ ਉਸ ਮਿਹਰ ਲਈ ਮਹਿਮਾ ਦੇ ਸੱਕਣ ਜੋ ਉਹ ਉਨ੍ਹਾਂ ਨੂੰ ਦਿੰਦਾ ਹੈ। ਪੋਥੀਆਂ ਵਿੱਚ ਇਹ ਵੀ ਲਿਖਿਆ ਹੋਇਆ ਹੈ,
“ਇਸ ਕਾਰਣ ਮੈਂ ਗੈਰ ਯਹੂਦੀਆਂ ਵਿੱਚੋਂ ਤੇਰੀ ਉਸਤਤਿ ਕਰਾਂਗਾ
ਅਤੇ ਤੇਰੇ ਨਾਮ ਦਾ ਯਸ਼ ਗਾਵਾਂਗਾ।” (A)
10 ਪੋਥੀ ਇਹ ਵੀ ਆਖਦੀ ਹੈ,
“ਹੇ ਗੈਰ ਯਹੂਦੀਓ, ਤੁਹਾਨੂੰ ਪਰਮੇਸ਼ੁਰ ਦੇ ਲੋਕਾਂ ਨਾਲ ਮਿੱਲਕੇ ਖੁਸ਼ ਹੋਣਾ ਚਾਹੀਦਾ ਹੈ।” (B)
11 ਪੋਥੀ ਇਹ ਵੀ ਆਖਦੀ ਹੈ,
“ਤੁਸੀਂ ਸਾਰੇ ਗੈਰ-ਯਹੂਦੀਓ, ਪ੍ਰਭੂ ਦੀ ਉਸਤਤਿ ਕਰੋ;
ਅਤੇ ਸਭ ਕੌਮੋਂ, ਉਸਦੀ ਉਸਤਤਿ ਕਰੋ।” (C)
12 ਅਤੇ ਯਸਾਯਾਹ ਆਖਦਾ ਹੈ,
“ਕੋਈ ਯੱਸੀ ਦੇ ਪਰਿਵਾਰ ਵਿੱਚੋਂ ਉੱਠੇਗਾ
ਅਤੇ ਗੈਰ ਯਹੂਦੀਆਂ ਤੇ ਰਾਜ ਕਰਨ ਲਈ ਆਵੇਗਾ।
ਅਤੇ ਗੈਰ ਯਹੂਦੀ ਉਸ ਵਿੱਚ ਆਸ ਰੱਖਣਗੇ।” (D)
13 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ, ਜੋ ਕਿ ਆਸ ਦਾ ਸਰੋਤ ਹੈ। ਤੁਹਾਨੂੰ ਆਸ ਅਤੇ ਸ਼ਾਂਤੀ ਨਾਲ ਭਰਪੂਰ ਕਰੇ। ਤੁਸੀਂ ਉਸ ਵਿੱਚ ਯਕੀਨ ਰੱਖੋ। ਤਾਂ ਜੋ ਪਵਿੱਤਰ ਆਤਮਾ ਦੀ ਸ਼ਕਤੀ ਰਾਹੀਂ ਤੁਹਾਡੇ ਵਿੱਚ ਆਸ ਭਰਪੂਰ ਹੋਕੇ ਬਾਹਰ ਡੁੱਲ੍ਹੇ।
2010 by World Bible Translation Center