Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 81-83

ਨਿਰਦੇਸ਼ਕ ਲਈ: “ਕਰਾਰ ਦੀ ਕੁਮਦਿਨੀ” ਦੀ ਧੁਨੀ ਲਈ ਆਸਾਫ਼ ਦਾ ਇੱਕ ਉਸਤਤਿ ਗੀਤ।

81 ਖੁਸ਼ ਹੋਵੋ ਅਤੇ ਪਰਮੇਸ਼ੁਰ ਨੂੰ ਗੀਤ ਗਾਵੋ ਜਿਹੜਾ ਸਾਡੀ ਤਾਕਤ ਹੈ।
    ਇਸਰਾਏਲ ਦੇ ਪਰਮੇਸ਼ੁਰ ਨੂੰ ਖੁਸ਼ੀ ਦੇ ਜੈਕਾਰੇ ਗਜਾਉ।
ਸੰਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ।
    ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।
ਮਸਿਆ ਅਤੇ ਪੁੰਨਿਆ ਦੇ ਤਿਉਹਾਰਾਂ ਵੇਲੇ ਤੁਰ੍ਹੀਆਂ ਵਜਾਉ
    ਜਦੋਂ ਸਾਡੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ।
ਇਸਰਾਏਲ ਦੇ ਲੋਕਾਂ ਲਈ ਇਹੀ ਬਿਧੀ ਹੈ।
    ਪਰਮੇਸ਼ੁਰ ਨੇ ਇਹੀ ਆਦੇਸ਼ ਯਾਕੂਬ ਨੂੰ ਦਿੱਤਾ ਸੀ।
ਪਰਮੇਸ਼ੁਰ ਨੇ ਇਹ ਇਕਰਾਰ ਯੂਸੁਫ਼ ਨਾਲ ਕੀਤਾ,
    ਜਦੋਂ ਪਰਮੇਸ਼ੁਰ ਉਸ ਨੂੰ ਮਿਸਰ ਤੋਂ ਬਾਹਰ ਲੈ ਗਿਆ ਸੀ।
ਮਿਸਰ ਵਿੱਚ ਅਸੀਂ ਉਹ ਭਾਸ਼ਾ ਸੁਣੀ, ਜਿਹੜੀ ਅਸੀਂ ਸਮਝਦੇ ਨਹੀਂ ਸਾਂ।
ਪਰਮੇਸ਼ੁਰ ਆਖਦਾ ਹੈ, “ਮੈਂ ਤੁਹਾਡੇ ਮੋਢਿਆਂ ਉਤਲਾ ਭਾਰ ਲਾਹ ਲਿਆ ਹੈ।
    ਮੈਂ ਤੁਹਾਡੀ ਮਜ਼ਦੂਰੀ ਦੀ ਟੋਕਰੀ ਲੁਹਾ ਦਿੱਤੀ।
ਤੁਸੀਂ ਲੋਕ ਮੁਸੀਬਤਾਂ ਵਿੱਚ ਸੀ। ਤੁਸੀਂ ਮੇਰੀ ਸਹਾਇਤਾ ਲਈ ਚੀਕੇ, ਅਤੇ ਮੈਂ ਤੁਹਾਨੂੰ ਮੁਕਤ ਕੀਤਾ।
    ਮੈਂ ਆਪਣੇ-ਆਪ ਨੂੰ ਤੂਫ਼ਾਨੀ ਬੱਦਲਾਂ ਵਿੱਚ ਛੁਪਾ ਰਿਹਾ ਸੀ ਅਤੇ ਤੁਹਾਨੂੰ ਜਵਾਬ ਦਿੱਤਾ।
    ਮੈਂ ਤੁਹਾਨੂੰ ਮਰੀਬਾਹ [a] ਦੇ ਪਾਣੀ ਦੁਆਰਾ ਪਰੱਖਿਆ।”

“ਮੇਰੇ ਲੋਕੋ, ਮੈਨੂੰ ਸੁਣੋ ਅਤੇ ਮੈਂ ਤੁਹਾਨੂੰ ਆਪਣਾ ਕਰਾਰ ਦੇਵਾਂਗਾ।
    ਇਸ ਲਈ, ਕਿਰਪਾ ਕਰਕੇ ਮੇਰੀ ਗੱਲ ਸੁਣ।
ਉਨ੍ਹਾਂ ਝੂਠੇ ਦੇਵਤਿਆਂ ਦੀ ਪੂਜਾ ਨਾ ਕਰੋ
    ਜਿਨ੍ਹਾਂ ਦੀ ਉਪਾਸਨਾ ਵਿਦੇਸ਼ੀ ਲੋਕ ਕਰਦੇ ਹਨ।
10 ਮੈਂ ਪਰਮੇਸ਼ੁਰ, ਤੁਹਾਡਾ ਯਹੋਵਾਹ ਹਾਂ।
    ਮੈਂ ਤੁਹਾਨੂੰ ਮਿਸਰ ਤੋਂ ਬਾਹਰ ਲਿਆਇਆ।
ਇਸਰਾਏਲ, ਆਪਣਾ ਮੂੰਹ ਖੋਲ੍ਹ
    ਅਤੇ ਮੈਂ ਤੈਨੂੰ ਭੋਜਨ ਕਰਾਵਾਂਗਾ।

11 “ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ,
    ਇਸਰਾਏਲ ਨੇ ਮੇਰਾ ਹੁਕਮ ਨਹੀਂ ਮੰਨਿਆ।
12 ਇਸ ਲਈ ਮੈਂ ਉਨ੍ਹਾਂ ਨੂੰ ਮਨਮਾਨੀਆਂ ਕਰਨ ਦਿੱਤੀਆਂ,
    ਇਸਰਾਏਲ ਨੇ ਉਹੀ ਕੀਤਾ ਜੋ ਉਨ੍ਹਾਂ ਨੇ ਚਾਹਿਆ।
13 ਜੇ ਮੇਰੇ ਲੋਕ ਮੇਰੀ ਗੱਲ ਸੁਣਦੇ ਅਤੇ ਉਸ ਢੰਗ ਨਾਲ ਰਹਿੰਦੇ ਜਿਵੇਂ ਮੈਂ ਚਾਹੁੰਦਾ ਸੀ ਕਿ ਉਹ ਜਿਉਣ।
14     ਫ਼ੇਰ ਮੈਂ ਉਨ੍ਹਾਂ ਦੇ ਵੈਰੀਆਂ ਨੂੰ ਹਰਾ ਦਿੰਦਾ
    ਮੈਂ ਉਨ੍ਹਾਂ ਲੋਕਾਂ ਨੂੰ ਦੰਡ ਦਿੰਦਾ ਜਿਹੜੇ ਇਸਰਾਏਲ ਲਈ ਮੂਸੀਬਤਾਂ ਲਿਆਉਂਦੇ।
15 ਪਰਮੇਸ਼ੁਰ ਦੇ ਵੈਰੀ ਡਰ ਨਾਲ ਕੰਬਣਗੇ।
    ਉਹ ਸਦਾ ਲਈ ਦੰਡੇ ਜਾਣਗੇ।
16 ਪਰਮੇਸ਼ੁਰ ਸਭ ਤੋਂ ਉੱਤਮ ਕਣਕ ਆਪਣੇ ਲੋਕਾਂ ਨੂੰ ਦੇਵੇਗਾ।
    ਚੱਟਾਨ ਉਸ ਦੇ ਲੋਕਾਂ ਨੂੰ ਉਦੋਂ ਤੱਕ ਸ਼ਹਿਰ ਦੇਵੇ ਜਦੋਂ ਤੱਕ ਉਹ ਤ੍ਰਿਪਤ ਨਾ ਹੋ ਜਾਣ।”

ਆਸਾਫ਼ ਦਾ ਇੱਕ ਉਸਤਤਿ ਗੀਤ।

82 ਪਰਮੇਸ਼ੁਰ ਦੇਵਤਿਆਂ ਦੀ ਸਭਾ ਵਿੱਚ ਖਲੋਂਦਾ।
    ਉਹ ਉਨ੍ਹਾਂ ਦੀ ਸਭਾ ਵਿੱਚ ਨਿਆਂ ਕਰਦਾ ਹੈ।
ਪਰਮੇਸ਼ੁਰ ਆਖਦਾ ਹੈ, “ਕਿੰਨਾ ਚਿਰ ਤੁਸੀਂ ਲੋਕਾਂ ਦੇ ਨਿਆਂ ਪੱਖਪਾਤ ਨਾਲ ਕਰਦੇ ਰਹੋਂਗੇ।
    ਕਿੰਨਾ ਚਿਰ ਤੁਸੀਂ ਮੰਦੇ ਲੋਕਾਂ ਨੂੰ ਸਜ਼ਾ ਦੇਣ ਤੋਂ ਬਿਨਾਂ ਜਾਣ ਦਿਉਂਗੇ।”

“ਗਰੀਬਾਂ ਅਤੇ ਯਤੀਮਾਂ ਦੀ ਰੱਖਿਆ ਕਰੋ,
    ਅਤੇ ਉਨ੍ਹਾਂ ਗਰੀਬ ਲੋਕਾਂ ਦੇ ਹਕਾਂ ਦੀ ਰੱਖਿਆ ਕਰੋ।
ਉਨ੍ਹਾਂ ਗਰੀਬ ਬੇਸਹਾਰਾਂ ਲੋਕਾਂ ਦੀ ਸਹਾਇਤਾ ਕਰੋ।
    ਉਨ੍ਹਾਂ ਨੂੰ ਮੰਦੇ ਲੋਕਾਂ ਪਾਸੋਂ ਬਚਾਉ।

“ਉਹ ਨਹੀਂ ਜਾਣਦੇ ਕਿ ਕੀ ਵਾਪਰ ਰਿਹਾ ਹੈ।
    ਉਹ ਨਹੀਂ ਸਮਝਦੇ ਕਿ ਉਹ ਕੀ ਕਰ ਰਹੇ ਹਨ,
ਉਨ੍ਹਾਂ ਦੀ ਦੁਨੀਆਂ ਉਨ੍ਹਾਂ ਦੇ ਆਲੇ-ਦੁਆਲੇ
    ਢਹਿ-ਢੇਰੀ ਹੋ ਰਹੀ ਹੈ।”
ਮੈਂ ਆਖਦਾ, “ਤੁਸੀਂ ਦੇਵਤੇ ਹੋਂ।
    ਤੁਸੀਂ ਸਰਬ ਉੱਚ ਪਰਮੇਸ਼ੁਰ ਦੇ ਪੁੱਤਰ ਹੋ।
ਪਰ ਤੁਸੀਂ ਵੀ ਮਰ ਜਾਵੋਂਗੇ ਜਿਵੇਂ ਸਾਰੇ ਲੋਕਾਂ ਨੂੰ ਮਰਨਾ ਪੈਂਦਾ ਹੈ।
    ਤੁਸੀਂ ਉਵੇਂ ਮਰ ਜਾਵੋਂਗੇ ਜਿਵੇਂ ਹੋਰ ਸਾਰੇ ਆਗੂ ਮਰਦੇ ਹਨ।”

ਹੇ ਪਰਮੇਸ਼ੁਰ, ਉੱਠੋ, ਅਤੇ ਦੁਨੀਆਂ ਦੀਆਂ
    ਸਾਰੀਆਂ ਕੌਮਾਂ ਦਾ ਨਿਆਂ ਕਰੋ।

ਆਸਾਫ਼ ਦਾ ਇੱਕ ਉਸਤਤਿ ਗੀਤ।

83 ਹੇ ਪਰਮੇਸ਼ੁਰ ਚੁੱਪ ਨਾ ਰਹੋ।
    ਆਪਣੇ ਕੰਨਾਂ ਨੂੰ ਬੰਦ ਨਾ ਕਰੋ।
    ਮਿਹਰ ਕਰਕੇ ਕੁਝ ਤਾਂ ਆਖੋ ਪਰਮੇਸ਼ੁਰ।
ਹੇ ਪਰਮੇਸ਼ੁਰ, ਤੁਹਾਡੇ ਵੈਰੀਆਂ ਨੇ ਤੁਹਾਡੇ ਖਿਲਾਫ਼ ਸਾਜਿਸ਼ਾਂ ਘੜੀਆਂ ਅਤੇ ਛੇਤੀ ਹੀ ਉਹ ਹਮਲਾ ਕਰਨਗੇ।
    ਉਹ ਤੁਹਾਡੇ ਲੋਕਾਂ ਦੇ ਵਿਰੁੱਧ ਖੁਫ਼ੀਆਂ ਯੋਜਨਾਵਾਂ ਬਣਾਉਂਦੇ ਹਨ।
ਤੁਹਾਡੇ ਵੈਰੀ ਉਨ੍ਹਾਂ ਯੋਜਨਾਵਾਂ ਬਾਰੇ ਬਹਿਸਾਂ ਕਰ ਰਹੇ ਹਨ
    ਜਿਹੜੀਆਂ ਉਨ੍ਹਾਂ ਲੋਕਾਂ ਦੇ ਵਿਰੁੱਧ ਹਨ ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੋਂ।
ਵੈਰੀ ਆਖ ਰਹੇ ਹਨ, “ਆਓ ਇਨ੍ਹਾਂ ਨੂੰ ਪੂਰੀ ਤਰ੍ਹਾਂ ਮਿਟਾ ਦੇਈਏ।
    ਕੋਈ ਵੀ ਬੰਦਾ ਫ਼ੇਰ ਇਸਰਾਏਲ ਦਾ ਨਾਮ ਚੇਤੇ ਨਹੀਂ ਕਰੇਗਾ।”
ਹੇ ਪਰਮੇਸ਼ੁਰ, ਉਹ ਸਾਰੇ ਲੋਕ ਤੁਹਾਡੇ ਨਾਲ ਅਤੇ ਉਸ ਕਰਾਰ ਦੇ ਖਿਲਾਫ਼
    ਜੋ ਤੁਸਾਂ ਸਾਡੇ ਨਾਲ ਕੀਤਾ ਸੀ ਲੜਨ ਲਈ ਇਕੱਠੇ ਹੋ ਗਏ ਹਨ।
6-7 ਉਹ ਵੈਰੀ ਸਾਡੇ ਨਾਲ ਲੜਨ ਲਈ ਇੱਕ ਮੁੱਠ ਹੋ ਗਏ: ਉਹ ਅਦੋਮ ਦੇ ਇਸ਼ਮਾਈਲੀ ਲੋਕ ਹਨ।
ਮੋਆਬ ਅਤੇ ਹਗਰੀ ਦੇ ਔਲਾਦ ਗਬਾਲ,
    ਅੰਮੋਨ ਅਤੇ ਅਮਾਲੇਕ, ਫ਼ਲਿਸਤ ਦੇ ਲੋਕ ਅਤੇ ਸੂਰ ਦੇ ਵਾਸੀਆਂ ਸਮੇਤ।
    ਉਹ ਸਾਰੇ ਲੋਕ ਸਾਡੇ ਖਿਲਾਫ਼ ਲੜਨ ਲਈ ਇੱਕ ਮੁੱਠ ਹੋ ਗਏ ਸਨ।
ਅਸ਼ੂਰ ਵੀ ਉਨ੍ਹਾਂ ਲੋਕਾਂ ਨਾਲ ਰਲ ਗਏ ਸਨ।
    ਉਨ੍ਹਾਂ ਨੇ ਲੂਤ ਦੀਆਂ ਔਲਾਦਾਂ ਨੂੰ ਬਹੁਤ ਸ਼ਕਤੀਸ਼ਾਲੀ ਬਣਾ ਦਿੱਤਾ ਸੀ।

ਹੇ ਪਰਮੇਸ਼ੁਰ, ਵੈਰੀ ਨੂੰ ਇਵੇਂ ਹਰਾ ਦਿਉ ਜਿਵੇਂ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
    ਜਿਵੇਂ ਤੁਸੀਂ ਸੀਸਰਾ ਅਤੇ ਕੋਸ਼ੋਨ ਨੂੰ ਨਦੀ ਕੰਢੇ ਹਰਾਇਆ ਸੀ।
10 ਤੁਸੀਂ ਉਨ੍ਹਾਂ ਨੂੰ ਏਨ-ਦੋਰ ਵਿਖੇ ਹਰਾਇਆ ਸੀ।
    ਅਤੇ ਉਨ੍ਹਾਂ ਦੀਆਂ ਲਾਸ਼ਾਂ ਧਰਤੀ ਉੱਤੇ ਸੜੀਆਂ।
11 ਹੇ ਪਰਮੇਸ਼ੁਰ, ਵੈਰੀ ਦੇ ਆਗੂਆਂ ਨੂੰ ਹਰਾ ਦਿਉ।
ਉਵੇਂ ਹੀ ਕਰੋ ਜਿਵੇਂ ਤੁਸੀਂ ਓਰੇਬ ਅਤੇ ਜ਼ਏਬ ਨਾਲ ਕੀਤਾ ਸੀ।
    ਉਹੀ ਕਰੋ ਜੋ ਤੁਸੀਂ ਜ਼ਬਹ ਅਤੇ ਸਲਮੁੰਨਾ ਨਾਲ ਕੀਤਾ ਸੀ।
12 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੇ ਤੁਹਾਡੀ ਜ਼ਮੀਨ ਛੱਡਣ ਲਈ
    ਸਾਨੂੰ ਮਜ਼ਬੂਰ ਕਰਨਾ ਚਾਹਿਆ।
13 ਉਨ੍ਹਾਂ ਲੋਕਾਂ ਨੂੰ ਅੱਕ ਦੀ ਫ਼ੰਬੀ ਵਾਂਗ ਬਣਾ ਦਿਉ।
    ਜੋ ਹਵਾ ਨਾਲ ਉੱਡ ਜਾਂਦੀ ਹੈ।
    ਉਨ੍ਹਾਂ ਲੋਕਾਂ ਨੂੰ ਇਵੇਂ ਖਿੰਡਾ ਦਿਉ ਜਿਵੇਂ ਹਵਾ ਤਿਨਕਿਆਂ ਨੂੰ ਖਿੰਡਾ ਦਿੰਦੀ ਹੈ।
14 ਵੈਰੀ ਨੂੰ ਤਬਾਹ ਕਰ ਦਿਉ ਜਿਵੇਂ ਅੱਗ ਜੰਗਲ ਨੂੰ ਤਬਾਹ ਕਰਦੀ ਹੈ।
    ਜਿਵੇਂ ਜੰਗਲੀ ਅੱਗ ਪਹਾੜੀਆਂ ਨੂੰ ਸਾੜ ਸੁੱਟਦੀ ਹੈ।
15 ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਤੂਫ਼ਾਨ ਦੁਆਰਾ ਉਡਾਈ ਜਾਣ ਵਾਲੀ ਧੂੜ ਵਾਂਗ ਦੂਰ ਕੱਢ ਦਿਉ,
    ਉਨ੍ਹਾਂ ਨੂੰ ਭੈਭੀਤ ਕਰ ਦਿਉ ਅਤੇ ਉਨ੍ਹਾਂ ਨੂੰ ਇੱਕ ਤੂਫ਼ਾਨ ਵਾਂਗ ਪਰ੍ਹਾਂ ਉਡਾ ਦਿਉ।
16 ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਸਬਕ ਸਿੱਖਾਉ ਤਾਂ ਜੋ ਉਹ ਜਾਣ ਲੈਣ ਕਿ ਅਸਲ ਵਿੱਚ ਉਹ ਕਿੰਨੇ ਕਮਜ਼ੋਰ ਹਨ।
    ਫ਼ੇਰ ਉਹ ਤੁਹਾਡੇ ਨਾਮ ਦੀ ਉਪਾਸਨਾ ਕਰਨੀ ਚਾਹੁੰਣਗੇ।
17 ਹੇ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਡਰਾਉ ਅਤੇ ਉਨ੍ਹਾਂ ਨੂੰ ਸਦਾ ਲਈ ਸ਼ਰਮਸਾਰ ਕਰ ਦਿਉ।
    ਉਨ੍ਹਾਂ ਨੂੰ ਬੇਇੱਜ਼ਤ ਕਰੋ ਅਤੇ ਉਨ੍ਹਾਂ ਨੂੰ ਤਬਾਹ ਕਰ ਦਿਉ।
18 ਫ਼ੇਰ ਉਹ ਜਾਨਣਗੇ ਕਿ ਤੁਸੀਂ ਹੀ ਪਰਮੇਸ਼ੁਰ ਹੋ।
    ਉਹ ਜਾਣ ਲੈਣਗੇ ਕਿ ਤੁਹਾਡਾ ਨਾਮ ਯਹੋਵਾਹ ਹੈ।
ਉਹ ਜਾਣ ਲੈਣਗੇ ਕਿ ਤੁਸੀਂ ਸਰਬ ਉੱਚ ਪਰਮੇਸ਼ੁਰ ਹੋ,
    ਸਾਰੇ ਜਗਤ ਦੇ ਪਰਮੇਸ਼ੁਰ।

ਰੋਮੀਆਂ ਨੂੰ 11:19-36

19 ਤੁਸੀਂ ਆਖੋਂਗੇ, “ਟਹਿਣੀਆਂ ਇਸ ਲਈ ਤੋੜੀਆਂ ਗਈਆਂ ਤਾਂ ਜੋ ਮੈਂ ਦਰੱਖਤ ਨਾਲ ਪਿਉਂਦ ਲਾਇਆ ਜਾ ਸੱਕਾਂ।” 20 ਇਹ ਸੱਚ ਹੈ ਕਿ ਉਹ ਉਨ੍ਹਾਂ ਦੀ ਬੇਪਰਤੀਤੀ ਕਾਰਣ ਤੋੜਿਆਂ ਗਈਆਂ ਸਨ। ਜਿਵੇਂ ਤੇਰੇ ਲਈ, ਤੂੰ ਉਸ ਰੁੱਖ ਤੇ ਅਪਣੀ ਵਿਸ਼ਵਾਸ ਕਾਰਣ ਠਹਿਰਿਆ ਹੈਂ। ਘਮੰਡ ਨਾ ਕਰ ਸਗੋਂ ਡਰ ਕੇ ਰਹਿ। 21 ਕਿਉਂਕਿ ਜੇਕਰ ਪਰੇਮਸ਼ੁਰ ਨੇ ਅਸਲੀ ਟਹਿਣੀਆਂ ਨੂੰ ਨਹੀਂ ਬਖਸ਼ਿਆ, ਤਾਂ ਜੇਕਰ ਤੂੰ ਵਿਸ਼ਵਾਸ ਵਿੱਚ ਸਥਿਰ ਨਹੀਂ ਰਹੇਂਗਾ। ਤਾਂ ਉਹ ਤੈਨੂੰ ਵੀ ਨਹੀਂ ਬਖਸ਼ੇਗਾ।

22 ਤਾਂ ਵੇਖ ਪਰਮੇਸ਼ੁਰ ਕਿੰਨਾ ਦਿਆਲੂ ਹੈ, ਅਤੇ ਉਹ ਕਿੰਨਾ ਸਖਤ ਵੀ ਹੈ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦਿੰਦਾ ਹੈ ਜੋ ਉਸ ਨੂੰ ਮੰਨਣੋ ਹਟ ਜਾਂਦੇ ਹਨ, ਪਰ ਪਰਮੇਸ਼ੁਰ ਤੇਰੇ ਲਈ ਦਿਆਲੂ ਹੋਵੇਗਾ ਜੇਕਰ ਤੂੰ ਉਸਦੀ ਮਿਹਰ ਵਿੱਚ ਸਥਿਰ ਰਹੇਂ। ਨਹੀਂ ਤਾਂ ਤੂੰ ਵੀ ਦਰੱਖਤ ਤੋਂ ਵੱਢ ਦਿੱਤਾ ਜਾਵੇਂਗਾ। 23 ਇਉਂ ਉਨ੍ਹਾਂ ਲਈ, ਜੇਕਰ ਉਹ ਮੁੜ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਨ ਲੱਗਣ, ਤਾਂ ਵਾਪਸ ਰੁੱਖ ਦੀ ਪਿਉਂਦ ਲਾਏ ਜਾਣਗੇ। ਹਾਂ ਪਰਮੇਸ਼ੁਰ ਉਨ੍ਹਾਂ ਨੂੰ ਫ਼ਿਰ ਤੋਂ ਦਰੱਖਤ ਦੀ ਪਿਉਂਦ ਲਾਉਣ ਯੋਗ ਹੈ। 24 ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰੱਖਤ ਦੀ ਟਹਿਣੀ ਨਾਲ ਪਿਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹੜੀਆਂ ਜੰਗਲੀ ਜੈਤੂਨ ਦੇ ਦਰੱਖਤ ਤੋਂ ਵੱਢੀਆਂ ਗਈਆਂ ਹਨ। ਅਤੇ ਇੱਕ ਵੱਧੀਆਂ ਜੈਤੂਨ ਦੇ ਦਰੱਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰੱਖਤ ਤੇ ਉੱਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰੱਖਤ ਦੀ ਪਿਉਂਦ ਦੁਬਾਰਾ ਲਾਈਆਂ ਜਾ ਸੱਕਦੀਆਂ ਹਨ।

25 ਮੇਰੇ ਭਰਾਵੋ ਅਤੇ ਭੈਣੋ, ਮੈਂ ਚਾਹੁੰਦਾ ਹਾਂ ਕਿ ਤੁਸੀਂ ਇਸ ਗੁਪਤ ਸੱਚ ਨੂੰ ਸਮਝੋ। ਇਹ ਸੱਚ ਤੁਹਾਨੂੰ ਇਹ ਤੱਥ ਸਮਝਣ ਵਿੱਚ ਮਦਦ ਕਰੇਗਾ ਕਿ ਤੁਹਾਨੂੰ ਸਭ ਕੁਝ ਨਹੀਂ ਪਤਾ। ਸੱਚ ਇਹ ਹੈ; ਇਸਰਾਏਲੀਆਂ ਦਾ ਇੱਕ ਹਿੱਸਾ ਕਠੋਰ ਬਣਾ ਦਿੱਤਾ ਗਿਆ ਹੈ। ਪਰ ਉਹ ਉਦੋਂ ਬਦਲੇਗਾ ਜਦੋਂ ਕਾਫ਼ੀ ਸਾਰੇ ਗੈਰ ਯਹੂਦੀ ਪਰਮੇਸ਼ੁਰ ਕੋਲ ਆ ਜਾਣਗੇ। 26 ਇੰਝ ਹੀ ਸਾਰੇ ਇਸਰਾਏਲੀ ਬਚਾਏ ਜਾਣਗੇ, ਇਹ ਪੋਥੀਆਂ ਵਿੱਚ ਕਿਹਾ ਗਿਆ ਹੈ:

“ਮੁਕਤੀਦਾਤਾ ਸੀਯੋਨ ਤੋਂ ਆਵੇਗਾ।
    ਉਹ ਯਾਕੂਬ ਦੇ ਪਰਿਵਾਰ ਦੀਆਂ ਸਾਰੀਆਂ ਬੁਰਿਆਈਆਂ ਬਾਹਰ ਕੱਢ ਸੁੱਟੇਗਾ।
27 ਅਤੇ ਮੈਂ ਇਹ ਇਕਰਾਰਨਾਮਾ ਉਨ੍ਹਾਂ ਲੋਕਾਂ ਨਾਲ ਬਣਾਵਾਂਗਾ,
    ਜਦੋਂ ਮੈਂ ਉਨ੍ਹਾਂ ਦੇ ਪਾਪ ਕੱਢ ਦੇਵਾਂਗਾ।” (A)

28 ਯਹੂਦੀਆਂ ਨੇ ਖੁਸ਼ਖਬਰੀ ਨੂੰ ਮੰਨਣ ਤੋਂ ਇਨਕਾਰ ਕੀਤਾ ਇਸ ਲਈ ਉਹ ਪਰਮੇਸ਼ੁਰ ਦੇ ਵੈਰੀ ਹੋ ਗਏ। ਇਹ ਤੁਹਾਡੇ ਨਾਲ ਗੈਰ ਯਹੂਦੀਆਂ ਨੂੰ ਮਦਦ ਕਰਨ ਲਈ ਵਾਪਰਿਆ। ਪਰ ਯਹੂਦੀ ਪਰਮੇਸ਼ੁਰ ਦੁਆਰਾ ਚੁਣੇ ਹੋਏ ਲੋਕ ਹਨ। ਇਸ ਲਈ ਪਰਮੇਸ਼ੁਰ ਉਨ੍ਹਾਂ ਨੂੰ ਆਪਣੇ ਉਨ੍ਹਾਂ ਵਾਇਦਿਆ ਖਾਤਰ ਪ੍ਰੇਮ ਕਰਦਾ ਹੈ ਜੋ ਉਸ ਨੇ ਉਨ੍ਹਾਂ ਦੇ ਪਿਉ ਦਾਦਿਆਂ ਨਾਲ ਕੀਤੇ ਸਨ। 29 ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਆਪਣਾ ਮਨ ਕਦੀ ਨਹੀਂ ਬਦਲੇਗਾ ਜਿਨ੍ਹਾਂ ਨੂੰ ਉਹ ਸੱਦਦਾ ਹੈ ਤੇ ਜੋ ਦਾਤਾਂ ਉਹ ਉਨ੍ਹਾਂ ਨੂੰ ਦਿੰਦਾ ਹੈ। 30 ਇੱਕ ਸਮੇਂ ਤੁਸੀਂ ਪਰਮੇਸ਼ੁਰ ਨੂੰ ਮੰਨਣ ਤੋਂ ਇਨਕਾਰ ਕੀਤਾ, ਪਰ ਹੁਣ ਤੁਹਾਨੂੰ ਮਿਹਰ ਪ੍ਰਾਪਤ ਹੋਈ ਹੈ, ਕਿਉਂਕਿ ਉਨ੍ਹਾਂ ਲੋਕਾਂ ਨੇ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 31 ਅਤੇ ਹੁਣ, ਯਹੂਦੀ ਆਗਿਆ ਮੰਨਣ ਤੋਂ ਇਨਕਾਰ ਕਰਦੇ ਹਨ ਕਿਉਂਕਿ ਪਰਮੇਸ਼ੁਰ ਨੇ ਤੁਹਾਡੇ ਤੇ ਮਿਹਰ ਦਰਸਾਈ, ਪਰ ਇਹ ਇਸ ਲਈ ਵਾਪਰਿਆ ਤਾਂ ਕਿ ਉਹ ਵੀ ਪਰਮੇਸ਼ੁਰ ਪਾਸੋਂ ਮਿਹਰ ਪ੍ਰਾਪਤ ਕਰ ਸੱਕਣ। 32 ਪਰਮੇਸ਼ੁਰ ਨੇ ਉਨ੍ਹਾਂ ਸਭਨਾਂ ਲੋਕਾਂ ਨੂੰ ਇਕੱਠਿਆਂ ਕਰ ਲਿਆ ਹੈ, ਜਿਨ੍ਹਾਂ ਨੇ ਉਸਦੀ ਆਗਿਆ ਮੰਨਣ ਤੋਂ ਇਨਕਾਰ ਕੀਤਾ, ਤਾਂ ਕਿ ਪਰਮੇਸ਼ੁਰ ਉਨ੍ਹਾਂ ਸਭਨਾਂ ਲੋਕਾਂ ਉੱਤੇ ਆਪਣੀ ਮਿਹਰ ਦਰਸਾ ਸੱਕੇ।

ਪਰਮੇਸ਼ੁਰ ਦੀ ਉਸਤਤਿ ਕਰੋ

33 ਹਾਂ, ਪਰਮੇਸ਼ੁਰ ਦੀਆਂ ਦਾਤਾਂ ਕਿੰਨੀਆਂ ਮਹਾਨ ਹਨ। ਉਸਦੀ ਬੁਧਤਾ ਅਤੇ ਗਿਆਨ ਦਾ ਕੋਈ ਅੰਤ ਨਹੀਂ। ਕੋਈ ਵੀ ਵਿਅਕਤੀ ਉਸ ਦੇ ਨਿਆਂ ਦੀ ਵਿਆਖਿਆ ਨਹੀਂ ਕਰ ਸੱਕਦਾ ਨਾ ਹੀ ਕੋਈ ਉਸ ਦਾ ਢੰਗ ਸਮਝ ਸੱਕਦਾ ਹੈ। 34 ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ,

“ਪ੍ਰਭੂ ਦੇ ਮਨ ਨੂੰ ਕੌਣ ਜਾਣਦਾ ਹੈ?
    ਕੌਣ ਹੈ ਜੋ ਉਸਦਾ ਸਲਾਹੀ ਬਣੇ?” (B)

35 “ਕਿਸਨੇ ਪਰਮੇਸ਼ੁਰ ਨੂੰ ਕੁਝ ਦਿੱਤਾ?
    ਜਿਹ ਦਾ ਉਸ ਨੂੰ ਮੁੜ ਵਾਪਸ ਦਿੱਤਾ ਜਾਵੇ।” (C)

36 ਹਾਂ, ਪਰਮੇਸ਼ੁਰ ਹੀ ਸਭ ਦਾ ਸਿਰਜਣਹਾਰਾ ਹੈ। ਉਸ ਦੇ ਰਾਹੀਂ ਸਭ ਕੁਝ ਥਾਂ ਟਿਕਾਣੇ ਤੇ ਹੈ ਅਤੇ ਉਸ ਵਾਸਤੇ ਸਭ ਕੁਝ ਹੈ। ਪਰਮੇਸ਼ੁਰ ਨੂੰ ਸਦਾ ਲਈ ਮਹਿਮਾ। ਆਮੀਨ।

Punjabi Bible: Easy-to-Read Version (ERV-PA)

2010 by World Bible Translation Center