Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਜ਼ਬੂਰ 74-76

ਆਸਾਫ਼ ਦਾ ਇੱਕ ਭੱਗਤੀ ਗੀਤ।

74 ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ?
    ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
ਉਨ੍ਹਾਂ ਲੋਕਾਂ ਨੂੰ ਯਾਦ ਕਰੋ ਜਿਨ੍ਹਾਂ ਨੂੰ ਬਹੁਤ ਸਮਾਂ ਪਹਿਲਾਂ ਤੁਸੀਂ ਖਰੀਦ ਲਿਆ ਸੀ।
    ਤੁਸੀਂ ਸਾਨੂੰ ਬਚਾਇਆ।
    ਅਸੀਂ ਤੇਰੇ ਨਾਲ ਸੰਬੰਧਿਤ ਹਾਂ।
ਸੀਯੋਨ ਪਰਬਤ ਨੂੰ ਯਾਦ ਕਰੋ, ਜਿੱਥੇ ਤੁਸੀਂ ਰਹਿੰਦੇ ਸੀ।
ਹੇ ਪਰਮੇਸ਼ੁਰ, ਆਪ ਇਨ੍ਹਾਂ ਕਦੀਮੀ ਖੰਡ੍ਹਰਾਂ ਵਿੱਚੋਂ ਵੀ ਗੁਜਰੋ।
    ਉਸ ਪਵਿੱਤਰ ਥਾਂ ਉੱਤੇ ਆ ਜਾਉ ਜਿਸ ਨੂੰ ਵੈਰੀਆਂ ਨੇ ਤਬਾਹ ਕੀਤਾ ਸੀ।

ਵੈਰੀਆਂ ਨੇ ਮੰਦਰ ਵਿੱਚ ਜੰਗਜੂ ਨਾਹਰੇ ਲਾਏ ਸਨ।
    ਉਨ੍ਹਾਂ ਨੇ ਇਹ ਦਰਸਾਉਣ ਲਈ ਮੰਦਰ ਉੱਤੇ ਝੰਡੇ ਗਡ ਦਿੱਤੇ ਸੀ ਕਿ ਉਨ੍ਹਾਂ ਨੇ ਜੰਗ ਜਿੱਤ ਲਈ ਸੀ।
ਵੈਰੀਆਂ ਦੇ ਸਿਪਾਹੀ ਉਨ੍ਹਾਂ ਬੰਦਿਆਂ ਵਰਗੇ ਸਨ
    ਜਿਹੜੇ ਦਾਤਰੀ ਨਾਲ ਘਾਹ-ਫ਼ੂਸ ਵੱਢਦੇ ਹਨ।
ਹੇ ਪਰਮੇਸ਼ੁਰ, ਉਨ੍ਹਾਂ ਨੇ ਤੇਰੇ ਮੰਦਰ ਦੇ ਸੱਜਿਤ ਦਰਾਂ ਨੂੰ ਬਰਬਾਦ ਕਰਨ ਲਈ
    ਕੁਲਹਾੜੀਆਂ ਅਤੇ ਕਹੀਆਂ ਦਾ ਇਸਤੇਮਾਲ ਕੀਤਾ।
ਉਨ੍ਹਾਂ ਦੇ ਸਿਪਾਹੀਆਂ ਨੇ ਤੁਹਾਡਾ ਪਵਿੱਤਰ ਸਥਾਨ ਸਾੜ ਸੁੱਟਿਆ।
    ਉਹ ਮੰਦਰ ਤੁਹਾਡੇ ਨਾਮ ਨੂੰ ਆਦਰ ਦੇਣ ਲਈ ਬਣਾਇਆ ਗਿਆ ਸੀ।
    ਪਰ ਉਨ੍ਹਾਂ ਨੇ ਇਸ ਨੂੰ ਢਹਿ-ਢੇਰੀ ਕਰ ਦਿੱਤਾ।
ਵੈਰੀਆਂ ਨੇ ਸਾਨੂੰ ਪੂਰੀ ਤਰ੍ਹਾਂ ਕੁਚਲਣ ਦਾ ਫ਼ੈਸਲਾ ਕੀਤਾ ਸੀ।
    ਉਨ੍ਹਾਂ ਨੇ ਦੇਸ਼ ਦਾ ਹਰ ਪਵਿੱਤਰ ਸਥਾਨ ਸਾੜ ਦਿੱਤਾ।
ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ।
    ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ।
    ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
10 ਹੇ ਪਰਮੇਸ਼ੁਰ, ਕਿੰਨਾ ਕੁ ਚਿਰ ਵੈਰੀ ਸਾਡਾ ਹੋਰ ਮਜ਼ਾਕ ਉਡਾਉਣਗੇ?
    ਕੀ ਤੁਸਾਂ ਸਦਾ ਹੀ ਉਨ੍ਹਾਂ ਕੋਲੋਂ ਆਪਣਾ ਨਾਮ ਬੇਇੱਜ਼ਤ ਕਰ ਦੇਵੋਂਗੇ?
11 ਹੇ ਪਰਮੇਸ਼ੁਰ, ਤੁਸਾਂ ਸਾਨੂੰ ਇੰਨਾ ਸਖਤ ਦੰਡ ਕਿਉਂ ਦਿੱਤਾ?
    ਤੁਸੀਂ ਆਪਣੀ ਮਹਾਂ ਸ਼ਕਤੀ ਦਾ ਇਸਤੇਮਾਲ ਕੀਤਾ ਅਤੇ ਸਾਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।
12 ਹੇ ਪਰਮੇਸ਼ੁਰ, ਲੰਬੇ ਸਮੇਂ ਤੋਂ ਤੁਸੀਂ ਸਾਡੇ ਪਾਤਸ਼ਾਹ ਰਹੇ ਹੋ।
    ਇਸ ਦੇਸ਼ ਅੰਦਰ ਤੁਸੀਂ ਸਾਡੀਆਂ ਬਹੁਤ ਲੜਾਈਆਂ ਜਿੱਤਣ ਵਿੱਚ ਸਹਾਈ ਹੋਏ ਹੋਂ।
13 ਹੇ ਪਰਮੇਸ਼ੁਰ ਤੁਸਾਂ ਲਾਲ ਸਾਗਰ ਨੂੰ ਪਾੜਨ ਲਈ
    ਆਪਣੀ ਮਹਾਨ ਸ਼ਕਤੀ ਦਾ ਇਸਤੇਮਾਲ ਕੀਤਾ।
14 ਤੁਸੀਂ ਵੱਡੇ ਸਮੁੰਦਰੀ ਦੈਤਾਂ ਉੱਤੇ ਫ਼ਤੇਹ ਹਾਸਲ ਕੀਤੀ।
ਤੁਸਾਂ ਲੇਵੀਥਾਨ ਦੇ ਸਿਰ ਭੰਨ ਸੁੱਟੇ
    ਅਤੇ ਉਸਦੀ ਲਾਸ਼ ਜਾਨਵਰਾਂ ਦੇ ਖਾਣ ਲਈ ਛੱਡ ਦਿੱਤੀ।
15 ਤੁਸੀਂ ਨਦੀ ਅਤੇ ਚਸ਼ਮਿਆਂ ਨੂੰ ਰਵਾਨੀ ਦਿੰਦੇ ਹੋ।
    ਅਤੇ ਤੁਸੀਂ ਨਦੀਆਂ ਨੂੰ ਸੁਕਾ ਦਿੰਦੇ ਹੋ।
16 ਹੇ ਪਰਮੇਸ਼ੁਰ, ਤੁਸੀਂ ਹਰ ਦਿਨ ਉੱਤੇ ਕਾਬੂ ਰੱਖਦੇ ਹੋਂ
    ਅਤੇ ਹਰ ਰਾਤ ਉੱਤੇ ਵੀ ਕਾਬੂ ਰੱਖਦੇ ਹੋਂ। ਤੁਸਾਂ ਸੂਰਜ ਅਤੇ ਚੰਨ ਨੂੰ ਸਾਜਿਆ।
17 ਤੁਸਾਂ ਧਰਤੀ ਉੱਤੇ ਹਰ ਸ਼ੈਅ ਦੀ ਸੀਮਾ ਰੱਖ ਦਿੱਤੀ।
    ਅਤੇ ਤੁਸੀਂ ਗਰਮੀ ਤੇ ਸਰਦੀ ਨੂੰ ਸਾਜਿਆ।
18 ਹੇ ਪਰਮੇਸ਼ੁਰ, ਇਨ੍ਹਾਂ ਗੱਲਾਂ ਨੂੰ ਯਾਦ ਕਰੋ।
ਯਾਦ ਕਰੋ ਕਿ ਵੈਰੀਆਂ ਨੇ ਤੁਹਾਡੇ ਉੱਤੇ ਬੇਪਰਤੀਤੀ ਕੀਤੀ ਸੀ।
    ਉਹ ਮੂਰਖ ਲੋਕ ਤੁਹਾਡੇ ਨਾਮ ਨੂੰ ਨਫ਼ਰਤ ਕਰਦੇ ਹਨ।
19 ਉਨ੍ਹਾਂ ਜੰਗਲੀ ਜਾਨਵਰਾਂ ਨੂੰ ਆਪਣੀ ਘੁੱਗੀ ਨਾ ਫ਼ੜਨ ਦਿਉ।
    ਆਪਣੇ ਗਰੀਬ ਲੋਕਾਂ ਨੂੰ ਸਦਾ ਲਈ ਨਾ ਭੁੱਲੋ।
20 ਸਾਡੇ ਕਰਾਰ ਨੂੰ ਯਾਦ ਰੱਖ!
    ਇਸ ਧਰਤੀ ਦੀ ਹਰ ਹਨੇਰੀ ਥਾਂ ਉੱਤੇ ਹਿੰਸਾ ਹੈ।
21 ਹੇ ਪਰਮੇਸ਼ੁਰ, ਤੁਹਾਡੇ ਲੋਕਾਂ ਨਾਲ ਬਦਸਲੂਕੀ ਕੀਤੀ ਗਈ ਸੀ।
    ਉਨ੍ਹਾਂ ਨੂੰ ਹੋਰ ਵੱਧੇਰੇ ਸੱਟ ਨਾ ਖਾਣ ਦਿਉ।
    ਤੁਹਾਡੇ ਗਰੀਬ ਬੇਸਹਾਰੇ ਲੋਕ ਤੁਹਾਡੀ ਉਸਤਤਿ ਕਰਦੇ ਹਨ।
22 ਹੇ ਪਰਮੇਸ਼ੁਰ ਉੱਠੋ ਅਤੇ ਜੰਗ ਕਰੋ।
    ਯਾਦ ਕਰੋ ਉਨ੍ਹਾਂ ਮੂਰੱਖਾਂ ਨੇ ਤੁਹਾਨੂੰ ਵੰਗਾਰਿਆ ਸੀ।
23 ਆਪਣੇ ਵੈਰੀਆਂ ਦੇ ਨਾਰਿਆਂ ਨੂੰ ਨਾ ਭੁੱਲੋ।
    ਉਹ ਬਾਰ-ਬਾਰ ਤੁਹਾਡੀ ਬੇਇੱਜ਼ਤੀ ਕਰਦੇ ਹਨ।

ਨਿਰਦੇਸ਼ਕ ਲਈ: “ਤਬਾਹ ਨਾ ਕਰੋ” ਦੀ ਧੁਨੀ ਨੂੰ। ਆਸਾਫ਼ ਦਾ ਇੱਕ ਉਸਤਤਿ ਗੀਤ।

75 ਅਸੀਂ ਤੇਰੀ ਉਸਤਤਿ ਕਰਦੇ ਹਾਂ, ਪਰਮੇਸ਼ੁਰ।
    ਅਸੀਂ ਤੇਰੀ ਉਸਤਤਿ ਕਰਦੇ ਹਾਂ।
    ਤੁਸੀਂ ਨੇੜੇ ਹੋ ਅਤੇ ਉਨ੍ਹਾਂ ਅਦਭੁਤ ਗੱਲਾਂ ਬਾਰੇ ਦਸਦੇ ਹੋ ਜੋ ਤੁਸੀਂ ਕਰਦੇ ਹੋਂ।

ਪਰਮੇਸ਼ੁਰ ਆਖਦਾ ਹੈ, “ਮੈਂ ਨਿਆਂ ਦਾ ਸਮਾਂ ਚੁਣ ਲਿਆ ਹੈ।
    ਮੈਂ ਬੇਲਾਗ ਨਿਆਂ ਕਰਾਂਗਾ।
ਧਰਤੀ ਤੇ ਇਸ ਉਤਲਾ ਸਭ ਕੁਝ ਕੰਬ ਰਿਹਾ ਹੋਵੇ
    ਅਤੇ ਡਿੱਗਣ ਹੀ ਵਾਲਾ ਹੋਵੇ, ਪਰ ਮੈਂ ਇਸ ਨੂੰ ਸਥਿਰ ਕਰਦਾ ਹਾਂ।

“ਕੁਝ ਲੋਕ ਬੜੇ ਗੁਮਾਨੀ ਹਨ।
    ਉਹ ਸੋਚਦੇ ਹਨ ਕਿ ਉਹ ਬਹੁਤ ਸ਼ਕਤੀਸ਼ਾਲੀ ਅਤੇ ਮਹੱਤਵਪੂਰਣ ਹਨ।
ਪਰ ਮੈਂ ਉਨ੍ਹਾਂ ਲੋਕਾਂ ਨੂੰ ਦੱਸਦਾ ਹਾਂ, ‘ਸ਼ੇਖੀ ਨਾ ਮਾਰੋ।’”

ਧਰਤੀ ਉੱਤੇ ਕੋਈ ਸ਼ਕਤੀ ਨਹੀਂ
    ਜਿਹੜੀ ਕਿਸੇ ਵਿਅਕਤੀ ਨੂੰ ਮਹੱਤਵਪੂਰਣ ਬਣਾ ਸੱਕੇ।
ਪਰਮੇਸ਼ੁਰ ਨਿਆਂਕਾਰ ਹੈ, ਅਤੇ ਉਹੀ ਹੈ ਜੋ ਫ਼ੈਸਲਾ ਕਰਦਾ ਕਿ ਉਹ ਕਿਸ ਨੂੰ ਨਿਵਾਉਂਦਾ ਅਤੇ ਕਿਸ ਨੂੰ ਮਹੱਤਵਪੂਰਣ ਬਣਾਉਂਦਾ ਹੈ।
    ਪਰਮੇਸ਼ੁਰ ਇੱਕ ਬੰਦੇ ਨੂੰ ਉੱਚਾ ਚੁੱਕਦਾ ਅਤੇ ਉਸ ਨੂੰ ਮਹੱਤਵਪੂਰਣ ਬਣਾ ਦਿੰਦਾ ਹੈ।
    ਪਰਮੇਸ਼ੁਰ ਦੂਸਰੇ ਨੂੰ ਹੇਠਾਂ ਸੁੱਟ ਦਿੰਦਾ ਹੈ ਅਤੇ ਮਹਤਵਹੀਣ ਬਣਾ ਦਿੰਦਾ ਹੈ।
ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ।
    ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ।
    ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ।
ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ
    ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
ਮੈਂ ਲੋਕਾਂ ਨੂੰ ਸਦਾ ਇਨ੍ਹਾਂ ਗੱਲਾਂ ਬਾਰੇ ਦੱਸਾਂਗਾ।
    ਮੈਂ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਗਾਵਾਂਗਾ।
10 ਪਰਮੇਸ਼ੁਰ ਆਖਦਾ ਹੈ, “ਮੈਂ ਮੰਦੇ ਲੋਕਾ ਪਾਸੋਂ ਸ਼ਕਤੀ ਖੋਹ ਲਵਾਂਗਾ,
    ਅਤੇ ਮੈਂ ਨੇਕ ਬੰਦਿਆਂ ਨੂੰ ਸ਼ਕਤੀ ਦੇ ਦੇਵਾਂਗਾ।”

ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ।

76 ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ।
    ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
ਪਰਮੇਸ਼ੁਰ ਦਾ ਮੰਦਰ ਸ਼ਾਲੇਮ ਵਿੱਚ ਹੈ।
    ਪਰਮੇਸ਼ੁਰ ਦਾ ਘਰ ਸੀਯੋਨ ਪਰਬਤ ਉੱਤੇ ਹੈ।
ਉਸ ਜਗ਼੍ਹਾ ਪਰਮੇਸ਼ੁਰ ਨੇ ਤੀਰ ਕਮਾਨ,
    ਢਾਲਾਂ, ਤਲਵਾਰਾਂ ਅਤੇ ਜੰਗ ਅਤੇ ਹੋਰ ਹਥਿਆਰ ਤੋੜੇ ਸਨ।

ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ
    ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
ਉਨ੍ਹਾਂ ਸਿਪਾਹੀਆਂ ਨੇ ਸੋਚਿਆ ਕਿ ਉਹ ਤਾਕਤਵਰ ਹਨ।
ਪਰ ਹੁਣ ਉਹ ਖੇਤਾਂ ਅੰਦਰ ਮੁਰਦਾ ਪਏ ਹਨ।
    ਉਨ੍ਹਾਂ ਨੇ ਸ਼ਰੀਰ ਉਸ ਸਭ ਕਾਸੇ ਤੋਂ ਸੱਖਣੇ ਪਏ ਹਨ ਉਹ ਜੋ ਸਭ ਕੁਝ ਉਨ੍ਹਾਂ ਦਾ ਸੀ।
    ਉਨ੍ਹਾਂ ਸਿਪਾਹੀਆਂ ਵਿੱਚੋਂ ਕੋਈ ਵੀ ਆਪਣੀ ਰੱਖਿਆ ਨਹੀਂ ਕਰ ਸੱਕਿਆ ਸੀ।
ਯਾਕੂਬ ਦਾ ਪਰਮੇਸ਼ੁਰ ਉਨ੍ਹਾਂ ਸਿਪਾਹੀਆਂ ਉੱਤੇ ਗੱਜਿਆ,
    ਅਤੇ ਉਹ ਸਾਰੀ ਫ਼ੌਜ ਆਪਣੇ ਰੱਥਾਂ ਅਤੇ ਘੋੜਿਆਂ ਨਾਲ ਮੁਰਦਾ ਹੋ ਡਿੱਗੀ।
ਹੇ ਪਰਮੇਸ਼ੁਰ, ਤੂੰ ਭਰਮ ਭਰਿਆ ਹੈਂ।
    ਤੇਰੇ ਖਿਲਾਫ਼ ਉਦੋਂ ਕੋਈ ਨਹੀਂ ਖਲੋ ਸੱਕਦਾ ਜਦੋਂ ਤੂੰ ਗੁੱਸੇ ਵਿੱਚ ਹੁੰਦਾ ਹੈਂ।
8-9 ਪਰਮੇਸ਼ੁਰ ਨਿਆਂਕਾਰ ਵਾਂਗ ਖਲੋਤਾ ਸੀ, ਅਤੇ ਉਸ ਨੇ ਆਪਣਾ ਨਿਆਂ ਦਿੱਤਾ।
    ਪਰਮੇਸ਼ੁਰ ਨੇ ਧਰਤੀ ਦੇ ਨਿਮਾਣੇ ਲੋਕਾਂ ਨੂੰ ਬਚਾ ਲਿਆ।
ਉਸ ਨੇ ਸਵਰਗ ਤੋਂ ਆਪਣਾ ਨਿਆਂ ਦਿੱਤਾ।
    ਸਾਰੀ ਧਰਤੀ ਖਾਮੋਸ਼ ਅਤੇ ਡਰੀ ਹੋਈ ਸੀ।
10 ਹੇ ਪਰਮੇਸ਼ੁਰ, ਲੋਕ ਤੁਹਾਡਾ ਆਦਰ ਕਰਦੇ ਹਨ ਜਦੋਂ ਤੁਸੀਂ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦੇ ਹੋ।
    ਆਦਮੀ ਦਾ ਗੁੱਸਾ ਵੀ ਤੇਰੀ ਉਸਤਤਿ ਕਰ ਸੱਕਦਾ ਹੈ। ਬਚੇ ਹੋਏ ਮਜ਼ਬੂਤ ਹੋ ਜਾਣਗੇ।

11 ਲੋਕੋ, ਤੁਸਾਂ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਾਅਦੇ ਕੀਤੇ ਸਨ।
    ਹੁਣ ਉਸ ਨੂੰ ਉਹ ਭੇਟ ਕਰੋ ਜਿਸਦਾ ਤੁਸੀਂ ਇਕਰਾਰ ਕੀਤਾ ਸੀ।
ਹਰ ਥਾਂ ਲੋਕ ਪਰਮੇਸ਼ੁਰ ਤੋਂ ਡਰਦੇ ਹਨ ਅਤੇ ਉਸਦਾ ਆਦਰ ਕਰਦੇ ਹਨ।
    ਅਤੇ ਉਹ ਉਸ ਕੋਲ ਸੁਗਾਤਾਂ ਨਾਲ ਆਉਣਗੇ।
12 ਪਰਮੇਸ਼ੁਰ ਵੱਡੇ ਆਗੂਆਂ ਨੂੰ ਹਰਾ ਦਿੰਦਾ ਹੈ;
    ਅਤੇ ਧਰਤੀ ਦੇ ਸਾਰੇ ਰਾਜੇ ਉਸਤੋਂ ਡਰਦੇ ਹਨ।

ਰੋਮੀਆਂ ਨੂੰ 9:16-33

16 ਇਸ ਲਈ ਪਰਮੇਸ਼ੁਰ ਦੀ ਚੋਣ ਉਸ ਤੇ ਨਿਰਭਰ ਨਹੀਂ ਕਰਦੀ, ਜੋ ਲੋਕਾਂ ਨੂੰ ਚਾਹੀਦਾ ਹੈ ਜਾਂ ਜੋ ਉਹ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਪਰਮੇਸ਼ੁਰ ਹੀ ਹੈ ਜੋ ਚੁਣਦਾ ਹੈ ਕਿ ਉਹ ਕਿਸ ਉੱਤੇ ਮਿਹਰ ਵਿਖਾਵੇਗਾ। 17 ਪੋਥੀਆਂ ਵਿੱਚ, ਪਰਮੇਸ਼ੁਰ ਫ਼ਿਰਊਨ ਨੂੰ ਆਖਦਾ ਹੈ, “ਮੈਂ ਤੈਨੂੰ ਬਾਦਸ਼ਾਹ ਬਣਾਇਆ ਤਾਂ ਜੋ ਤੇਰੇ ਰਾਹੀਂ ਮੈਂ ਆਪਣੀ ਸ਼ਕਤੀ ਦਰਸ਼ਾ ਸੱਕਾਂ ਅਤੇ ਸਾਰੀ ਦੁਨੀਆਂ ਵਿੱਚ ਮੇਰਾ ਨਾਂ ਉਜਾਗਰ ਹੋਵੇ।” [a] 18 ਇਸ ਲਈ ਪਰਮੇਸ਼ੁਰ ਉਸ ਮਨੁੱਖ ਤੇ ਮਿਹਰ ਵਿਖਾਉਂਦਾ ਹੈ ਜਿਸਤੇ ਉਹ ਮਿਹਰ ਵਿਖਾਉਣੀ ਚਾਹੁੰਦਾ ਹੈ। ਅਤੇ ਉਹ ਉਨ੍ਹਾਂ ਲੋਕਾਂ ਨੂੰ ਕਠੋਰ ਬਨਾਉਂਦਾ ਹੈ ਜਿਨ੍ਹਾਂ ਨੂੰ ਉਹ ਕਠੋਰ ਬਨਾਉਣਾ ਚਾਹੁੰਦਾ ਹੈ।

19 ਫ਼ਿਰ ਤੁਹਾਡੇ ਵਿੱਚੋਂ ਕੋਈ ਮੈਨੂੰ ਪੁੱਛੇਗਾ: “ਜੇਕਰ ਜੋ ਕੁਝ ਵੀ ਅਸੀਂ ਕਰਦੇ ਹਾਂ ਪਰਮੇਸ਼ੁਰ ਹੀ ਹੈ ਜੋ ਉਸ ਨੂੰ ਨਿਯੰਤ੍ਰਿਤ ਕਰਦਾ ਹੈ, ਤਾਂ ਪਰਮੇਸ਼ੁਰ ਸਾਨੂੰ ਸਾਡੇ ਪਾਪਾਂ ਲਈ ਕਸੂਰਵਾਰ ਕਿਉਂ ਠਹਿਰਾਉਂਦਾ ਹੈ?” 20 ਉਹ ਨਾ ਪੁੱਛੋ। ਕਿਉਂਕਿ ਤੁਸੀਂ ਕੇਵਲ ਇਨਸਾਨ ਹੋ। ਇਨਸਾਨਾਂ ਨੂੰ ਪਰਮੇਸ਼ੁਰ ਨਾਲ ਬਹਿਸ ਕਰਨ ਦਾ ਹੱਕ ਨਹੀਂ ਹੈ। ਇੱਕ ਪ੍ਰਾਣੀ ਆਪਣੇ ਸਿਰਜਣ੍ਹਾਰ ਨੂੰ ਨਹੀਂ ਪੁੱਛ ਸੱਕਦਾ, “ਤੂੰ ਮੈਨੂੰ ਇੰਝ ਕਿਉਂ ਬਣਾਇਆ?” 21 ਇੱਕ ਘੁਮਿਆਰ ਜਿਹੜਾ ਗਮਲੇ ਬਨਾਉਂਦਾ ਹੈ ਉਸੇ ਮਿੱਟੀ ਨਾਲ ਭਿੰਨ ਪ੍ਰਕਾਰ ਦੇ ਗਮਲੇ ਭਿੰਨ-ਭਿੰਨ ਉਦੇਸ਼ਾਂ ਲਈ ਆਪਣੀ ਇੱਛਾ ਅਨੁਸਾਰ ਬਣਾਉਂਦਾ ਹੈ। ਉਹ ਕੁਝ ਖਾਸ ਇਸਤੇਮਾਲ ਲਈ ਅਤੇ ਕੁਝ ਆਮ ਇਸਤੇਮਾਲ ਲਈ ਬਣਾ ਸੱਕਦਾ ਹੈ।

22 ਇਸੇ ਤਰ੍ਹਾਂ, ਪਰਮੇਸ਼ੁਰ ਨੇ ਕੀਤਾ ਹੈ। ਪਰਮੇਸ਼ੁਰ ਆਪਣਾ ਗੁੱਸਾ ਵਿਖਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਉਸਦੀ ਸ਼ਕਤੀ ਵੇਖ ਸੱਕਣ। ਪਰੇਸ਼ੁਰ ਨੇ ਬਹੁਤ ਸਬਰ ਨਾਲ ਉਨ੍ਹਾਂ ਲੋਕਾਂ ਨੂੰ ਸਹਾਰਿਆ ਜਿਨ੍ਹਾਂ ਤੇ ਉਹ ਬਹੁਤ ਗੁੱਸੇ ਸੀ ਅਤੇ ਜੋ ਤਬਾਹੀ ਲਈ ਤਿਆਰ ਕੀਤੇ ਗਏ ਸਨ। 23 ਪਰਮੇਸ਼ੁਰ ਨੇ ਧੀਰਜ ਨਾਲ ਉਨ੍ਹਾਂ ਨੂੰ ਸਹਾਰਿਆ ਤਾਂ ਜੋ ਉਹ ਆਪਣੀ ਅਮੀਰ ਮਹਿਮਾ ਤੋਂ ਲੋਕਾਂ ਨੂੰ ਵਾਕਫ਼ ਕਰਾ ਸੱਕੇ। ਉਹ ਇਹ ਮਹਿਮਾ ਉਨ੍ਹਾਂ ਲੋਕਾਂ ਨੂੰ ਦੇਣਾ ਚਾਹੁੰਦਾ ਸੀ ਜਿਹੜੇ ਉਸਦੀ ਮਿਹਰ ਪ੍ਰਾਪਤ ਕਰਦੇ ਹਨ। ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਆਪਣੀ ਮਹਿਮਾ ਦੇਣ ਲਈ ਤਿਆਰ ਕੀਤਾ ਸੀ। 24 ਅਸੀਂ ਪਰਮੇਸ਼ੁਰ ਦੁਆਰਾ ਸੱਦੇ ਗਏ ਲੋਕ ਹਾਂ। ਪਰਮੇਸ਼ੁਰ ਨੇ ਸਾਨੂੰ ਯਹੂਦੀਆਂ ਅਤੇ ਹੋਰਾਂ ਕੌਮਾਂ ਵਿੱਚ ਬੁਲਾਇਆ। 25 ਜਿਵੇਂ ਕਿ ਹੋਸ਼ੇਆ ਦੀ ਪੋਥੀ ਵਿੱਚ ਲਿਖਿਆ ਹੈ:

“ਜਿਹੜੇ ਲੋਕ ਮੇਰੇ ਨਹੀਂ ਹਨ,
    ਮੈਂ ਆਖਾਂਗਾ ਉਹ ਮੇਰੇ ਲੋਕ ਹਨ।
ਅਤੇ ਜਿਨ੍ਹਾਂ ਲੋਕਾਂ ਨੂੰ ਮੈਂ ਪ੍ਰੇਮ ਨਹੀਂ ਕੀਤਾ
    ਮੈਂ ਆਖਾਂਗਾ ਕਿ ਉਹ ਉਹੀ ਲੋਕ ਹਨ ਜਿਨ੍ਹਾਂ ਨੂੰ ਮੈਂ ਪਿਆਰ ਕੀਤਾ ਹੈ।” (A)

26 “ਅਤੇ ਉਸੇ ਜਗ਼੍ਹਾ ਉਸ ਪਰਮੇਸ਼ੁਰ ਨੇ ਆਖਿਆ ਹੈ
    ‘ਤੁਸੀਂ ਮੇਰੇ ਲੋਕ ਨਹੀਂ ਹੋ’
    ਉਸੇ ਥਾਵੇਂ, ਉਹ ਜਿਉਂਦੇ ਪਰਮੇਸ਼ੁਰ ਦੇ ਪੁੱਤਰ ਅਖਵਾਉਣਗੇ।” (B)

27 ਅਤੇ ਯਸਾਯਾਹ ਇਸਰਾਏਲ ਵਿੱਖੇ ਪੁਕਾਰਦਾ ਹੈ:

“ਕਿ ਇਸਰਾਏਲ ਦੇ ਲੋਕ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਬਰਾਬਰ ਹੋਣ,
    ਪਰ ਉਸ ਦੇ ਕੁਝ ਲੋਕ ਹੀ ਬਚਾਏ ਜਾਣਗੇ।
28 ਹਾਂ, ਕਿਉਂਕਿ ਪ੍ਰਭੂ ਧਰਤੀ ਦੇ ਲੋਕਾਂ ਦਾ ਛੇਤੀ ਅਤੇ ਪੂਰੀ ਤਰ੍ਹਾਂ ਨਿਆਂ ਕਰੇਗਾ।” (C)

29 ਜਿਵੇਂ ਯਸਾਯਾਹ ਨੇ ਅੱਗੇ ਵੀ ਕਿਹਾ ਹੈ:

“ਸਭ ਤੋਂ ਸ਼ਕਤੀਸ਼ਾਲੀ ਪ੍ਰਭੂ ਨੇ ਆਪਣੇ ਕੁਝ ਲੋਕਾਂ ਨੂੰ ਸਾਡੇ ਲਈ ਬਚਾਇਆ।
ਜੇਕਰ ਉਸ ਨੇ ਅਜਿਹਾ ਨਾ ਕੀਤਾ ਹੁੰਦਾ,
    ਤਾਂ ਅਸੀਂ ਵੀ ਸਦੂਮ ਵਰਗੇ ਹੋ ਜਾਂਦੇ
    ਅਤੇ ਅਮੂਰਾਹ ਜਿਹੇ ਬਣ ਜਾਂਦੇ।” (D)

30 ਤਾਂ ਇਸ ਸਭ ਦਾ ਕੀ ਅਰਥ ਹੋਇਆ? ਇਸਦਾ ਮਤਲਬ ਇਹ ਹੈ ਕਿ; ਗੈਰ ਯਹੂਦੀ ਲੋਕ ਜਿਹੜੇ ਧਰਮੀ ਹੋਣ ਦੀ ਕੋਸ਼ਿਸ਼ ਨਹੀਂ ਕਰ ਰਹੇ ਸਨ, ਧਰਮੀ ਬਣਾਏ ਗਏ। ਉਹ ਆਪਣੇ ਵਿਸ਼ਵਾਸ ਕਾਰਣ ਹੀ ਧਰਮੀ ਬਣੇ। 31 ਅਤੇ ਇਸਰਾਏਲ ਦੇ ਲੋਕਾਂ ਨੇ ਆਪਣੇ ਆਪ ਨੂੰ ਧਰਮੀ ਬਨਾਉਣ ਲਈ ਸ਼ਰ੍ਹਾ ਨੂੰ ਕਬੂਲਿਆ, ਪਰ ਉਹ ਇਵੇਂ ਕਰਨ ਵਿੱਚ ਨਾਕਾਮਯਾਬ ਰਹੇ। 32 ਕਿਉਂ? ਕਿਉਂਕਿ ਉਹ ਆਪਣੇ ਕੰਮਾਂ ਰਾਹੀਂ ਧਰਮੀ ਬਣਨ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਨਾ ਕਿ ਨਿਹਚਾ ਰਾਹੀਂ। ਉਹ ਉਨ੍ਹਾਂ ਪੱਥਰਾਂ ਤੇ ਅੜਕੇ ਜਿਹੜੇ ਲੋਕਾਂ ਨੂੰ ਠੋਕਰ ਖੁਆਉਂਦੇ ਹਨ। 33 ਪੋਥੀਆਂ ਇਸ ਪੱਥਰ ਬਾਰੇ ਆਖਦੀਆਂ ਹਨ;

“ਵੇਖੋ, ਮੈਂ ਸੀਯੋਨ ਵਿੱਚ ਇੱਕ ਪੱਥਰ ਰੱਖਦਾ ਹਾਂ ਜਿਹੜਾ ਲੋਕਾਂ ਨੂੰ ਠੋਕਰ ਖੁਆਵੇਗਾ।
    ਅਤੇ ਇਹ ਇੱਕ ਚੱਟਾਨ ਹੈ ਜੋ ਲੋਕਾਂ ਤੋਂ ਪਾਪ ਕਰਵਾਉਂਦੀ ਹੈ
ਪਰ ਉਹ ਮਨੁੱਖ ਜਿਹੜਾ ਕਿ ਉਸ ਚੱਟਾਨ ਤੇ ਨਿਹਚਾ ਰੱਖਦਾ ਹੈ ਨਿਰਾਸ਼ ਨਹੀਂ ਕੀਤਾ ਜਾਵੇਗਾ।” (E)

Punjabi Bible: Easy-to-Read Version (ERV-PA)

2010 by World Bible Translation Center