Old/New Testament
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਲੋਕਾਂ ਦੀ ਸਹਾਇਤਾ ਕਰਨ ਲਈ ਯਾਦ ਰੱਖੋ।
70 ਹੇ ਪਰਮੇਸ਼ੁਰ, ਮੈਨੂੰ ਬਚਾਉ!
ਪਰਮੇਸ਼ੁਰ ਛੇਤੀ ਕਰੋ ਅਤੇ ਮੇਰੀ ਸਹਾਇਤਾ ਕਰੋ!
2 ਲੋਕ ਮੈਨੂੰ ਮਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ।
ਉਨ੍ਹਾਂ ਨੂੰ ਨਿਰਾਸ਼ ਕਰ ਦਿਉ!
ਉਨ੍ਹਾਂ ਨੂੰ ਨਿਵਾਉ! ਲੋਕੀਂ
ਮੇਰਾ ਬੁਰਾ ਕਰਨਾ ਚਾਹੁੰਦੇ ਹਨ।
ਮੈਨੂੰ ਆਸ ਹੈ ਕਿ ਉਹ ਡਿੱਗਣਗੇ ਅਤੇ ਸ਼ਰਮਸਾਰ ਹੋਣਗੇ।
3 ਲੋਕਾਂ ਨੇ ਮੇਰਾ ਮਜ਼ਾਕ ਉਡਾਇਆ।
ਮੈਨੂੰ ਆਸ ਹੈ ਉਹ ਉਹੀ ਪਾਉਣਗੇ ਜਿਸਦੇ ਉਹ ਅਧਿਕਾਰੀ ਹਨ ਅਤੇ ਉਹ ਸ਼ਰਮਸਾਰ ਹੋਣਗੇ।
4 ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਉਪਾਸਨਾ ਕਰਦੇ ਹਨ ਬਹੁਤ ਖੁਸ਼ ਹੋਣਗੇ, ਬਹੁਤ ਖੁਸ਼।
ਮੈਨੂੰ ਆਸ ਹੈ ਕਿ ਜਿਹੜੇ ਲੋਕ ਤੁਹਾਡੀ ਸਹਾਇਤਾ ਚਾਹੁੰਦੇ ਹਨ, “ਸਦਾ ਪਰਮੇਸ਼ੁਰ ਉਸਤਤਿ ਕਰਨ” ਦੇ ਯੋਗ ਹੋਣਗੇ।
5 ਮੈਂ ਗਰੀਬ ਅਤੇ ਬੇਸਹਾਰਾ ਅਦਮੀ ਹਾਂ।
ਪਰਮੇਸ਼ੁਰ, ਛੇਤੀ ਕਰੋ। ਆਉ ਤੇ ਮੈਨੂੰ ਬਚਾਉ।
ਹੇ ਪਰਮੇਸ਼ੁਰ, ਸਿਰਫ਼ ਤੁਸੀਂ ਹੀ ਮੈਨੂੰ ਬਚਾ ਸੱਕਦੇ ਹੋਂ।
ਬਹੁਤੀ ਦੇਰ ਨਾ ਕਰੋ।
71 ਯਹੋਵਾਹ, ਮੈਂ ਤੁਹਾਡੇ ਵਿੱਚ ਸ਼ਰਨ ਲਈ ਹੈ।
ਇਸ ਲਈ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
2 ਆਪਣੀ ਚੰਗਿਆਈ ਕਾਰਣ, ਤੁਸੀਂ ਮੈਨੂੰ ਬਚਾਵੋਂਗੇ।
ਤੁਸੀਂ ਮੈਨੂੰ ਮੁਸ਼ਕਿਲ ਵਿੱਚੋਂ ਕੱਢੋਂਗੇ, ਮੇਰੀ ਗੱਲ ਸੁਣੋ ਮੈਨੂੰ ਬਚਾਉ।
3 ਮੇਰਾ ਕਿਲ੍ਹਾ ਬਣਾਉ, ਅਤੇ ਉਹ ਘਰ ਜਿਸ ਵਿੱਚ ਮੈਂ ਸੁਰੱਖਿਆ ਲਈ ਨੱਸ ਕੇ ਆ ਵੜਾਂ।
ਤੁਸੀਂ ਮੇਰੀ ਓਟ ਹੋ ਮੇਰਾ ਸੁਰੱਖਿਅਤ ਟਿਕਾਣਾ।
ਇਸ ਲਈ ਮੇਰੀ ਸੁਰੱਖਿਆ ਦਾ ਨਿਰਦੇਸ਼ ਦੇ ਦੇਵੋ।
4 ਮੇਰੇ ਪਰਮੇਸ਼ੁਰ, ਮੈਨੂੰ ਬੁਰੇ ਬੰਦਿਆਂ ਤੋਂ ਬਚਾਉ।
ਮੈਨੂੰ ਜ਼ਾਲਮ ਬਦ ਲੋਕਾਂ ਤੋਂ ਬਚਾਉ।
5 ਮੇਰੇ ਮਾਲਕ, ਤੁਸੀਂ ਮੇਰੀ ਆਸ ਹੋਂ।
ਮੈਂ ਤੁਹਾਡੇ ਉੱਪਰ ਉਦੋਂ ਤੋਂ ਵਿਸ਼ਵਾਸ ਕੀਤਾ ਹੈ ਜਦੋਂ ਹਾਲੇ ਮੈਂ ਨੌਜਵਾਨ ਸਾਂ।
6 ਜਨਮ ਤੋਂ ਪਹਿਲਾਂ ਵੀ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ।
ਆਪਣੀ ਮਾਂ ਦੇ ਗਰਭ ਵਿੱਚ ਵੀ ਮੈਂ ਤੁਹਾਡੇ ਉੱਤੇ ਨਿਰਭਰ ਸਾਂ।
ਮੈਂ ਹਮੇਸ਼ਾ ਤੁਹਾਨੂੰ ਪ੍ਰਾਰਥਨਾ ਕੀਤੀ ਹੈ।
7 ਤੁਸੀਂ ਹੀ ਮੇਰੀ ਸ਼ਕਤੀ ਦੇ ਸਾਧਨ ਹੋਂ।
ਇਸੇ ਲਈ ਮੈਂ ਹੋਰਾਂ ਲਈ ਮਿਸਾਲ ਬਣਿਆ ਹਾਂ।
8 ਮੈਂ ਹਮੇਸ਼ਾ ਤੁਹਾਡੇ ਕੀਤੇ ਅਦਭੁਤ ਕਾਰਿਆਂ ਬਾਰੇ ਗਾਉਂਦਾ ਰਿਹਾ ਹਾਂ।
9 ਮੈਨੂੰ ਇਸ ਲਈ ਦੂਰ ਨਾ ਸੁੱਟੋ ਕਿ ਮੈਂ ਬੁੱਢਾ ਹਾਂ।
ਮੈਨੂੰ ਉਦੋਂ ਛੱਡ ਕੇ ਨਾ ਜਾਉ ਜਦੋਂ ਮੈਂ ਕਮਜ਼ੋਰ ਹੋ ਰਿਹਾ ਹਾਂ।
10 ਮੇਰੇ ਵੈਰੀਆਂ ਨੇ ਮੇਰੇ ਲਈ ਛੜਯਂਤਰ ਰਚੇ ਹਨ।
ਉਹ ਲੋਕ ਸੱਚਮੁੱਚ ਇਕੱਠੇ ਹੋਏ ਸਨ ਅਤੇ ਉਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ।
11 ਮੇਰੇ ਵੈਰੀਆਂ ਆਖਿਆ, “ਜਾਓ, ਉਸ ਨੂੰ ਫ਼ੜੋ ਪਰਮੇਸ਼ੁਰ ਨੇ ਉਸ ਨੂੰ ਛੱਡ ਦਿੱਤਾ ਹੈ।
ਤੇ ਕੋਈ ਵੀ ਬੰਦਾ ਉਸਦੀ ਸਹਾਇਤਾ ਨਹੀਂ ਕਰੇਗਾ।”
12 ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਉ।
ਹੇ ਪਰਮੇਸ਼ੁਰ, ਛੇਤੀ ਕਰੋ।
ਆਉ ਮੈਨੂੰ ਬਚਾਉ।
13 ਮੇਰੇ ਵੈਰੀਆਂ ਨੂੰ ਹਰਾ ਦਿਉ,
ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ।
ਉਹ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ।
ਮੈਨੂੰ ਆਸ ਹੈ ਉਹ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਕਰਨਗੇ।
14 ਫ਼ੇਰ, ਮੈਂ ਹੇਮਸ਼ਾ ਤੁਹਾਡੇ ਵਿੱਚ ਯਕੀਨ ਰੱਖਾਂਗਾ
ਅਤੇ ਵੱਧ ਤੋਂ ਵੱਧ ਤੇਰੀ ਉਸਤਤਿ ਕਰਾਂਗਾ।
15 ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਕਿੰਨੇ ਚੰਗੇ ਹੋ।
ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਮੈਨੂੰ ਕਿੰਨੀ ਵਾਰੀ ਬਚਾਇਆ।
ਇਹ ਅਣਗਿਣਤ ਵਾਰੀ ਵਾਪਰਿਆ।
16 ਮੈਂ ਤੁਹਾਡੀ ਮਹਾਨਤਾ ਬਾਰੇ ਦੱਸਾਂਗਾ, ਯਹੋਵਾਹ ਮੇਰੇ ਮਾਲਕ।
ਮੈਂ ਸਿਰਫ਼ ਤੇਰੀ ਅਤੇ ਤੇਰੀ ਚੰਗਿਆਈ ਬਾਰੇ ਗੱਲ ਕਰਾਂਗਾ।
17 ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿੱਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ।
ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ।
18 ਹੁਣ ਮੈਂ ਬੁੱਢਾ ਹਾਂ ਅਤੇ ਮੇਰੇ ਵਾਲ ਧੌਲੇ ਹਨ।
ਪਰ ਹੇ ਪਰਮੇਸ਼ੁਰ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਹੀਂ ਛੱਡੇਂਗਾ।
ਮੈਂ ਤੁਹਾਡੀ ਸ਼ਕਤੀ ਅਤੇ ਮਹਾਨਤਾ ਬਾਰੇ ਹਰ ਨਵੀਂ ਪੀੜੀ ਨੂੰ ਦੱਸਾਂਗਾ।
19 ਹੇ ਪਰਮੇਸ਼ੁਰ, ਤੁਹਾਡੀ ਮਹਾਨਤਾ ਅਕਾਸ਼ਾਂ ਤੱਕ ਪਹੁੰਚਦੀ ਹੈ।
ਹੇ ਪਰਮੇਸ਼ੁਰ ਕੋਈ ਵੀ ਦੇਵਤਾ ਤੇਰੇ ਵਰਗਾ ਨਹੀਂ ਹੈ।
ਤੁਸਾਂ ਮਹਾਨ ਅਤੇ ਅਦਭੁਤ ਗੱਲਾਂ ਕੀਤੀਆਂ ਹਨ।
20 ਤੁਸੀਂ ਮੈਨੂੰ ਮੂਸੀਬਤਾਂ ਅਤੇ ਬੁਰੇ ਵਕਤ ਵਿਖਾਏ,
ਪਰ ਤੂੰ ਮੇਰੀ ਉਨ੍ਹਾਂ ਸਭ ਤੋਂ ਰੱਖਿਆ ਕੀਤੀ, ਅਤੇ ਮੈਨੂੰ ਜਿਉਂਦਿਆਂ ਰੱਖਿਆ।
ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਡੂੰਘਾ ਡੁੱਬਿਆ, ਤੁਸੀਂ ਮੈਨੂੰ ਮੇਰੀਆਂ ਮੁਸੀਬਤਾਂ ਤੋਂ ਬਾਹਰ ਕੱਢ ਲਿਆ।
21 ਤੁਸੀਂ ਪਹਿਲਾਂ ਨਾਲੋਂ ਵੱਡੇਰੀਆਂ ਗੱਲਾਂ ਕਰਨ ਵਿੱਚ ਮੇਰੀ ਸਹਾਇਤਾ ਕਰੋ।
ਮੈਨੂੰ ਸੁਕੂਨ ਪਹੁੰਚਾਉਂਦੇ ਰਹੋ।
22 ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ,
ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸੱਕਦਾ ਹੈ।
ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
23 ਤੁਸੀਂ ਮੇਰੀ ਆਤਮਾ ਨੂੰ ਬਚਾਇਆ। ਮੇਰੀ ਆਤਮਾ ਖੁਸ਼ ਹੋਵੇਗੀ।
ਮੈਂ ਆਪਣੇ ਬੁਲ੍ਹਾਂ ਨਾਲ ਉਸਤਤਿ ਦੇ ਗੀਤ ਗਾਵਾਂਗਾ।
24 ਮੇਰੀ ਜ਼ੁਬਾਨ ਸਦਾ ਤੁਹਾਡੀ ਚੰਗਿਆਈ ਬਾਰੇ ਗਾਵੇਗੀ
ਅਤੇ ਉਹ ਲੋਕ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ ਹਾਰ ਜਾਣਗੇ ਅਤੇ ਬੇਇੱਜ਼ਤ ਹੋਣਗੇ।
22 ਅਸੀਂ ਜਾਣਦੇ ਹਾਂ ਕਿ ਸਾਰੀ ਸ੍ਰਿਸ਼ਟੀ, ਇਸ ਪਲ ਤੱਕ ਵੀ, ਇੱਕ ਔਰਤ ਦੀ ਗਰਭਾਵਸਥਾ ਦੇ ਸਮੇਂ ਦੇ ਦਰਦ ਵਾਂਗ ਹੌਂਕੇ ਭਰ ਰਹੀ ਹੈ। 23 ਸਿਰਫ਼ ਸ੍ਰਿਸ਼ਟੀ ਹੀ ਨਹੀਂ, ਸਗੋਂ ਅਸੀਂ ਵੀ ਅੰਦਰੋਂ ਹੌਂਕੇ ਭਰ ਰਹੇ ਹਾਂ। ਅਸੀਂ ਆਤਮਾ ਨੂੰ ਪਰਮੇਸ਼ੁਰ ਦੇ ਵਚਨ ਦੇ ਪਹਿਲੇ ਫ਼ਲ ਦੀ ਤਰ੍ਹਾਂ ਪ੍ਰਾਪਤ ਕੀਤਾ ਹੈ। ਇਸ ਲਈ ਅਸੀਂ ਖੁਦ ਆਪਣੇ ਅੰਦਰੋਂ ਹੌਂਕੇ ਭਰ ਰਹੇ ਹਾਂ ਅਤੇ ਪਰਮੇਸ਼ੁਰ ਦੇ ਆਪਣੇ ਪੁੱਤਰ ਬਣ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ। ਦੂਜੇ ਸ਼ਬਦਾਂ ਵਿੱਚ, ਅਸੀਂ ਆਪਣੇ ਸਰੀਰਾਂ ਦੇ ਛੁਟਕਾਰੇ ਦਾ ਇੰਤਜ਼ਾਰ ਕਰ ਰਹੇ ਹਾਂ। 24 ਅਸੀਂ ਬਚਾਏ ਗਏ ਅਤੇ ਇਸ ਲਈ ਸਾਨੂੰ ਇਹ ਆਸ ਹੈ। ਪਰ ਜਿਹੜੀ ਆਸ ਅਸੀਂ ਵੇਖੀ ਹੈ ਉਹ ਸੱਚ ਮੁੱਚ ਆਸ ਨਹੀਂ ਹੈ, ਕਿਉਂਕਿ ਕੋਈ ਉਸਦੀ ਆਸ ਕਿਉਂ ਕਰੇਗਾ ਜੋ ਪਹਿਲਾਂ ਹੀ ਉਸ ਨੇ ਵੇਖੀ ਹੋਈ ਹੈ। 25 ਪਰ ਅਸੀਂ ਉਹ ਆਸ ਕਰ ਰਹੇ ਹਾਂ ਜੋ ਹਾਲੇ ਸਾਡੇ ਕੋਲ ਨਹੀਂ ਹੈ ਅਤੇ ਅਸੀਂ ਇਸ ਵਾਸਤੇ ਸਹਿਜਤਾ ਨਾਲ ਇੰਤਜ਼ਾਰ ਕਰ ਰਹੇ ਹਾਂ।
26 ਇਸੇ ਢੰਗ ਨਾਲ ਹੀ, ਆਤਮਾ ਸਾਡੀਆਂ ਕਮਜ਼ੋਰੀਆਂ ਵਿੱਚ ਸਾਡੀ ਮਦਦ ਕਰਦਾ ਹੈ। ਅਸੀਂ ਨਹੀਂ ਜਾਣਦੇ ਕਿ ਸਾਨੂੰ ਕਿਸ ਵਾਸਤੇ ਪ੍ਰਾਰਥਨਾ ਕਰਨੀ ਚਾਹੀਦੀ ਹੈ ਜਾਂ ਸਾਨੂੰ ਕਿਵੇਂ ਪ੍ਰਾਰਥਨਾ ਕਰਨੀ ਚਾਹੀਦੀ ਹੈ, ਪਰ ਆਤਮਾ ਸਾਡੇ ਲਈ ਖੁਦ ਪਰਮੇਸ਼ੁਰ ਅੱਗੇ ਹੌਂਕਿਆਂ ਨਾਲ ਬੇਨਤੀ ਕਰਦਾ ਹੈ, ਜੋ ਸ਼ਬਦਾਂ ਨਾਲ ਬਿਆਨ ਨਹੀਂ ਕੀਤੀ ਜਾ ਸੱਕਦੀ।
27 ਪਰਮੇਸ਼ੁਰ ਵੇਖ ਸੱਕਦਾ ਹੈ ਕਿ ਲੋਕਾਂ ਦੇ ਦਿਲਾਂ ਵਿੱਚ ਕੀ ਹੈ। ਉਹ ਇਹ ਵੀ ਜਾਣਦਾ ਹੈ ਕਿ ਆਤਮਾ ਦੇ ਮਨ ਵਿੱਚ ਕੀ ਹੈ। ਕਿਉਂਕਿ ਆਤਮਾ ਪਰਮੇਸ਼ੁਰ ਅੱਗੇ ਉਸ ਦੇ ਲੋਕਾਂ ਵੱਲੋਂ ਉਸਦੀ ਰਜ਼ਾ ਅਨੁਸਾਰ ਬੋਲਦਾ ਹੈ।
28 ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਉਨ੍ਹਾਂ ਲੋਕਾਂ ਦੀ ਭਲਾਈ ਦੀਆਂ ਸਾਰੀਆਂ ਗੱਲਾਂ ਵਿੱਚ ਕੰਮ ਕਰਦਾ ਹੈ ਜੋ ਉਸ ਨੂੰ ਪਿਆਰ ਕਰਦੇ ਹਨ। ਇਹੀ ਉਹ ਲੋਕ ਹਨ ਜਿਹੜੇ ਪਰਮੇਸ਼ੁਰ ਡੀ ਯੋਜਨਾ ਮੁਤਾਬਕ ਸੱਦੇ ਗਏ ਹਨ। 29 ਪਰਮੇਸ਼ੁਰ ਉਨ੍ਹਾਂ ਮਨੁੱਖਾਂ ਨੂੰ ਇਹ ਸੰਸਾਰ ਬਨਾਉਣ ਤੋਂ ਪਹਿਲਾਂ ਹੀ ਜਾਣਦਾ ਸੀ ਅਤੇ ਪਰਮੇਸ਼ੁਰ ਨੇ, ਨਿਹਚਾ ਕੀਤੀ ਕਿ ਉਹ ਲੋਕ ਉਸ ਦੇ ਪੁੱਤਰ ਮਸੀਹ ਵਾਂਗ ਹੋਣਗੇ। ਤਾਂ ਜੋ ਮਸੀਹ ਬਹੁਤੇ ਭੈਣਾਂ ਭਰਾਵਾਂ ਵਿੱਚੋਂ ਵੱਡਾ ਹੋਵੇ। 30 ਤਾਂ ਜਿਨ੍ਹਾਂ ਲੋਕਾਂ ਨੂੰ ਉਸ ਨੇ ਵਿਉਂਤਿਆ ਸੀ, ਉਨ੍ਹਾਂ ਨੂੰ ਅਤੇ ਜਿਨ੍ਹਾਂ ਨੂੰ ਉਸ ਨੇ ਸੱਦਿਆ ਸੀ ਉਨ੍ਹਾਂ ਨੂੰ ਵੀ ਧਰਮੀ ਬਣਾਇਆ, ਅਤੇ ਜਿਨ੍ਹਾਂ ਲੋਕਾਂ ਨੂੰ ਉਸ ਨੇ ਧਰਮੀ ਬਣਾਇਆ, ਉਸ ਨੇ ਉਨ੍ਹਾਂ ਨੂੰ ਮਹਿਮਾ ਵੀ ਦਿੱਤੀ।
ਮਸੀਹ ਯਿਸੂ ਵਿੱਚ ਪਰਮੇਸ਼ੁਰ ਦਾ ਪ੍ਰੇਮ
31 ਇਸ ਲਈ ਹੁਣ ਅਸੀਂ ਇਨ੍ਹਾਂ ਗੱਲਾਂ ਬਾਰੇ ਕੀ ਆਖੀਏ? ਜੇਕਰ ਪਰਮੇਸ਼ੁਰ ਸਾਡੇ ਨਾਲ ਹੈ, ਫ਼ਿਰ ਸਾਨੂੰ ਕੌਣ ਹਰਾ ਸੱਕਦਾ ਹੈ। 32 ਪਰਮੇਸ਼ੁਰ ਸਾਡੇ ਲਈ ਕੁਝ ਵੀ ਕਰੇਗਾ, ਉਸ ਨੇ ਆਪਣੇ ਪੁੱਤਰ ਨੂੰ ਸਾਡੇ ਵਾਸਤੇ ਮੌਤ ਝੱਲਣ ਲਈ ਦੇ ਦਿੱਤਾ। ਇਸ ਲਈ ਪਰਮੇਸ਼ੁਰ ਨਿਸ਼ਚਿਤ ਹੀ ਮਸੀਹ ਨਾਲ ਸਾਨੂੰ ਸਭ ਕੁਝ ਦੇਵੇਗਾ। 33 ਜਿਸ ਨੂੰ ਪਰਮੇਸ਼ੁਰ ਨੇ ਖੁਦ ਚੁਣਿਆ ਹੈ ਭਲਾ ਉਨ੍ਹਾਂ ਉੱਤੇ ਦੋਸ਼ ਕੌਣ ਲਾ ਸੱਕਦਾ ਹੈ? ਕੋਈ ਨਹੀਂ। ਸਿਰਫ਼ ਇੱਕ ਪਰਮੇਸ਼ੁਰ ਹੀ ਹੈ ਜੋ ਆਪਣੇ ਲੋਕਾਂ ਨੂੰ ਧਰਮੀ ਬਣਾਉਂਦਾ ਹੈ। 34 ਕੌਣ ਪਰਮੇਸ਼ੁਰ ਦੇ ਆਪਣੇ ਲੋਕਾਂ ਨੂੰ ਅਪਰਾਧੀ ਹੋਣ ਦਾ ਨਿਆਂ ਕਰ ਸੱਕਦਾ ਹੈ? ਹੋਰ ਕੋਈ ਨਹੀਂ ਮਸੀਹ ਯਿਸੂ ਸਾਡੇ ਲਈ ਮਰਿਆ। ਸਿਰਫ਼ ਇਹੀ ਨਹੀਂ ਉਹ ਮੁਰਦਿਆਂ ਵਿੱਚੋਂ ਵੀ ਜਿਵਾਲਿਆ ਗਿਆ ਸੀ। ਹੁਣ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੈ ਅਤੇ ਸਾਡੇ ਲਈ ਬੇਨਤੀ ਕਰ ਰਿਹਾ ਹੈ। 35 ਕੀ ਕੋਈ ਚੀਜ਼ ਸਾਨੂੰ ਮਸੀਹ ਦੇ ਪਿਆਰ ਤੋਂ ਜੁਦਾ ਕਰ ਸੱਕਦੀ ਹੈ? ਨਹੀਂ। ਕੀ ਕਸ਼ਟ ਸਾਨੂੰ ਉਸਤੋਂ ਅਲੱਗ ਕਰ ਸੱਕਦੇ ਹਨ? ਨਹੀਂ। ਕੀ ਮੁਸ਼ਕਿਲਾਂ ਜਾਂ ਦੰਡ ਸਾਨੂੰ ਮਸੀਹ ਦੇ ਪ੍ਰੇਮ ਤੋਂ ਵੱਖ ਕਰ ਸੱਕਦੇ ਹਨ? ਨਿਸ਼ਚਿਤ ਹੀ ਨਹੀਂ। ਜੇਕਰ ਸਾਡੇ ਕੋਲ ਅੰਨ ਖਾਣ ਨੂੰ ਤੇ ਪਾਉਣ ਨੂੰ ਕੱਪੜੇ ਨਾ ਰਹੇ ਤਾਂ ਕੀ ਅਜਿਹੀਆਂ ਤੰਗੀਆਂ ਸਾਨੂੰ ਮਸੀਹ ਤੋਂ ਦੂਰ ਕਰ ਸੱਕਦੀਆਂ ਹਨ? ਨਹੀਂ! ਕੀ ਖਤਰਾ ਅਤੇ ਮੌਤ ਸਾਨੂੰ ਮਸੀਹ ਦੇ ਪਿਆਰ ਤੋਂ ਅਲੱਗ ਕਰ ਸੱਕਦੇ ਹਨ? ਨਹੀਂ। 36 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਹੋਇਆ ਹੈ;
“ਤੇਰੇ ਵਾਸਤੇ ਅਸੀਂ ਹਮੇਸ਼ਾ ਮੌਤ ਦੇ ਖਤਰੇ ਥੱਲੇ ਹਾਂ।
ਲੋਕਾਂ ਨੇ ਸਾਨੂੰ ਮਾਰੇ ਜਾਣ ਲਈ ਇੱਕ ਭੇਡ ਨਾਲੋਂ ਵੱਧ ਨਹੀਂ ਸਮਝਿਆ।” (A)
37 ਪਰ ਇਨ੍ਹਾਂ ਸਾਰੀਆਂ ਗੱਲਾਂ ਵਿੱਚ ਪਰਮੇਸ਼ੁਰ ਰਾਹੀਂ ਸਾਡੀ ਇੱਕ ਮਹਾਨ ਜਿੱਤ ਹੈ, ਜਿਸਨੇ ਸਾਨੂੰ ਪਿਆਰ ਕੀਤਾ ਹੈ। 38-39 ਹਾਂ, ਮੈਨੂੰ ਯਕੀਨ ਹੈ ਕਿ ਕੁਝ ਵੀ ਸਾਨੂੰ ਪਰਮੇਸ਼ੁਰ ਦੇ ਪਿਆਰ ਤੋਂ ਅਲੱਗ ਨਹੀਂ ਕਰ ਸੱਕਦਾ। ਨਾ ਹੀ ਮੌਤ ਨਾ ਜੀਵਨ, ਨਾ ਹੀ ਦੁੱਖ ਅਤੇ ਰਾਜ ਕਰਨ ਵਾਲੇ ਆਤਮਾ, ਨਾ ਵਰਤਮਾਨ ਗੱਲਾਂ ਨਾ ਹੋਣ ਵਾਲੀਆਂ ਗੱਲਾਂ ਅਤੇ ਨਾ ਹੀ ਤਾਕਤਾਂ, ਕੋਈ ਵੀ ਸਾਨੂੰ ਉਸਤੋਂ ਜੁਦਾ ਨਹੀਂ ਕਰ ਸੱਕਦਾ। ਨਾ ਉਚਾਈਆਂ, ਜਾਂ ਡੂੰਘਾਈਆਂ ਤੇ ਨਾ ਹੀ ਸ੍ਰਿਸ਼ਟੀ ਦੀ ਕੋਈ ਹੋਰ ਚੀਜ਼ ਪਰਮੇਸ਼ੁਰ ਦੇ ਪ੍ਰੇਮ ਤੋਂ ਜਿਹੜਾ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਹੈ, ਸਾਨੂੰ ਅਲੱਗ ਕਰ ਸੱਕਦੀ ਹੈ।
2010 by World Bible Translation Center