Old/New Testament
ਨਿਰਦੇਸ਼ਕ ਲਈ: ਦਾਊਦ ਦਾ ਇੱਕ ਉਸਤਤਿ ਗੀਤ।
68 ਹੇ ਪਰਮੇਸ਼ੁਰ, ਜਾਗੋ ਅਤੇ ਆਪਣੇ ਵੈਰੀਆਂ ਨੂੰ ਖਿੰਡਾ ਦਿਉ,
ਉਸ ਦੇ ਸਾਰੇ ਵੈਰੀ ਉਸ ਕੋਲੋਂ ਫ਼ਰਾਰ ਹੋ ਜਾਣ।
2 ਆਪਣੇ ਵੈਰੀਆਂ ਨੂੰ ਇੰਝ ਖਿੰਡਿਆ ਦਿਉ,
ਜਿਵੇਂ ਧੂੰਆ ਹਵਾ ਦੁਆਰਾ ਉੱਡ ਜਾਂਦਾ ਹੈ।
ਤੇਰੇ ਵੈਰੀ ਅੱਗ ਉੱਤੇ ਪਿਘਲਦੀ
ਇੱਕ ਮੋਮ ਵਾਂਗ ਤਬਾਹ ਹੋ ਜਾਣ।
3 ਪਰ ਨੇਕ ਬੰਦੇ ਖੁਸ਼ ਹਨ, ਨੇਕ ਬੰਦੇ ਪਰਮੇਸ਼ੁਰ ਦੇ ਸੰਗ ਇਕੱਠੇ ਖੁਸ਼ੀ ਭਰੇ ਪਲ ਮਾਣਦੇ ਹਨ।
ਨੇਕ ਬੰਦੇ ਖੁਸ਼ੀਆਂ ਮਾਣਦੇ ਹਨ ਅਤੇ ਬਹੁਤ ਖੁਸ਼ ਹਨ।
4 ਪਰਮੇਸ਼ੁਰ ਲਈ ਗਾਵੋ, ਉਸ ਦੇ ਨਾਮ ਦੀ ਉਸਤਤਿ ਗਾਵੋ।
ਪਰਮੇਸ਼ੁਰ ਲਈ ਰਾਹ ਬਣਾਵੋ, ਉਹ ਮਾਰੂਥਲ ਵਿੱਚ ਆਪਣੇ ਰੱਥ ਉੱਤੇ ਸਵਾਰੀ ਕਰਦਾ ਹੈ।
ਉਸਦਾ ਨਾਮ ਯਾਹ [a] ਹੈ,
ਉਸ ਦੇ ਨਾਮ ਦੀ ਉਸਤਤਿ ਕਰੋ।
5 ਆਪਣੇ ਪਵਿੱਤਰ ਮੰਦਰ ਵਿੱਚ ਯਤੀਮਾਂ ਲਈ ਪਰਮੇਸ਼ੁਰ ਇੱਕ ਪਿਤਾ ਵਾਂਗ ਹੈ।
ਪਰਮੇਸ਼ੁਰ ਵਿਧਵਾਵਾਂ ਨੂੰ ਪਾਲਦਾ ਹੈ।
6 ਪਰਮੇਸ਼ੁਰ ਇੱਕਲੇ ਬੰਦਿਆਂ ਨੂੰ ਘਰ ਦਿੰਦਾ ਹੈ,
ਪਰਮੇਸ਼ੁਰ ਆਪਣੇ ਬੰਦਿਆਂ ਨੂੰ ਕੈਦ ਤੋਂ ਆਜ਼ਾਦ ਕਰਦਾ ਹੈ।
ਉਹ ਬਹੁਤ ਖੁਸ਼ ਹਨ।
ਪਰ ਉਹ ਲੋਕ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹੋ ਜਾਂਦੇ ਹਨ, ਗਰਮ ਜੇਲ੍ਹ ਵਿੱਚ ਡੱਕੇ ਰਹਿਣਗੇ।
7 ਹੇ ਪਰਮੇਸ਼ੁਰ, ਤੂੰ ਆਪਣੇ ਲੋਕਾਂ ਨੂੰ ਮਿਸਰ ਵਿੱਚੋਂ ਬਾਹਰ ਆਉਣ ਵਿੱਚ ਅਗਵਾਈ ਕੀਤੀ।
ਤੁਸੀਂ ਮਾਰੂਥਲ ਦੇ ਪਾਰ ਵੱਲ ਕੂਚ ਕੀਤਾ, ਅਤੇ ਧਰਤੀ ਕੰਬ ਉੱਠੀ।
8 ਪਰਮੇਸ਼ੁਰ, ਇਸਰਾਏਲ ਦਾ ਪਰਮੇਸ਼ੁਰ ਸੀਨਈ
ਪਰਬਤ ਉੱਤੇ ਆਇਆ ਅਤੇ ਅਕਾਸ਼ ਪਿਘਲ ਗਿਆ।
9 ਹੇ ਪਰਮੇਸ਼ੁਰ, ਤੁਸੀਂ ਬੁੱਢੀ ਥੱਕੀ ਧਰਤੀ ਨੂੰ ਫ਼ੇਰ ਮਜ਼ਬੂਤ ਬਨਾਉਣ ਲਈ ਵਰੱਖਾ ਘਲੀ।
10 ਤੁਹਾਡੇ ਜਾਨਵਰ ਫ਼ੇਰ ਉਸ ਧਰਤੀ ਉੱਤੇ ਆ ਗਏ।
ਹੇ ਪਰਮੇਸ਼ੁਰ, ਉੱਥੇ ਤੁਸੀਂ ਗਰੀਬ ਲੋਕਾਂ ਨੂੰ ਬਹੁਤ ਚੰਗੀਆਂ ਚੀਜ਼ਾਂ ਦਿੱਤੀਆਂ।
11 ਪਰਮੇਸ਼ੁਰ ਨੇ ਆਦੇਸ਼ ਕੀਤਾ
ਅਤੇ ਬਹੁਤ ਸਾਰੇ ਲੋਕ ਸ਼ੁਭ ਸਮਾਚਾਰ ਦੇਣ ਲਈ ਚੱਲੇ ਗਏ।
12 “ਤਾਕਤਵਰ ਰਾਜਿਆਂ ਦੀਆਂ ਫ਼ੌਜਾਂ ਨੱਸ ਗਈਆਂ,
ਘਰਾਂ ਵਿੱਚ ਔਰਤਾਂ ਉਹ ਚੀਜ਼ਾਂ ਵੰਡਣਗੀਆਂ ਜਿਹੜੀਆਂ ਸਿਪਾਹੀ ਜੰਗ ਵਿੱਚੋਂ ਲਿਆਉਣਗੇ।
ਜਿਹੜੇ ਲੋਕ ਘਰਾਂ ਵਿੱਚ ਰੁਕ ਗਏ ਸਨ ਲੁੱਟ ਦਾ ਬਟਵਾਰਾ ਕਰਨਗੇ।
13 ਉਨ੍ਹਾਂ ਨੂੰ ਚਾਂਦੀ ਨਾਲ ਢੱਕੇ ਘੁੱਗੀਆਂ ਦੇ ਖੰਬ (ਕੀਮਤੀ ਹੀਰੇ) ਮਿਲਣਗੇ।
ਉਹ ਸੋਨੇ ਨਾਲ ਚਮਕਦੇ ਖੰਭ ਹਾਸਲ ਕਰਨਗੇ।”
14 ਸਲਮੋਨ ਪਰਬਤ ਉੱਤੇ ਪਰਮੇਸ਼ੁਰ ਨੇ, ਵੈਰੀ ਰਾਜਿਆਂ ਨੂੰ ਖਿੰਡਾਂ ਦਿੱਤਾ।
ਉਹ ਡਿੱਗਦੀ ਹੋਈ ਬਰਫ਼ ਵਾਂਗ ਸਨ।
15 ਬਾਸ਼ਾਨ ਪਰਬਤ ਕਈ ਸ਼ਿਖਰਾਂ ਵਾਲਾ ਇੱਕ ਮਹਾਨ ਪਰਬਤ ਹੈ।
16 ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ?
ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ।
ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।
17 ਯਹੋਵਾਹ ਪਵਿੱਤਰ ਸੀਯੋਨ ਪਰਬਤ ਵੱਲ ਆਉਂਦਾ ਹੈ।
ਉਸ ਦੇ ਪਿੱਛੇ ਉਸ ਦੇ ਹਜ਼ਾਰਾਂ ਹੱਥ ਹਨ।
18 ਉਹ ਉੱਪਰ ਉੱਚੇ ਪਰਬਤ ਉੱਤੇ ਗਿਆ,
ਕੈਦੀਆਂ ਦੇ ਟੋਲੇ ਦੀ ਅਗਵਾਈ ਕਰਦੇ ਹੋਏ,
ਆਦਮੀਆਂ ਤੋਂ ਉਨ੍ਹਾਂ ਲੋਕਾਂ ਸਮੇਤ ਸੁਗਾਤਾਂ ਲੈਣ ਲਈ ਗਿਆ
ਜਿਹੜੇ ਉਸ ਦੇ ਖਿਲਾਫ਼ ਮੁੜ ਗਏ ਸਨ।
ਯਹੋਵਾਹ ਪਰਮੇਸ਼ੁਰ ਉੱਥੇ ਉੱਪਰ ਨਿਵਾਸ ਕਰਨ ਲਈ ਗਿਆ।
19 ਯਹੋਵਾਹ ਦੀ ਉਸਤਤਿ ਕਰੋ।
ਹਰ ਰੋਜ਼ ਉਹ ਉਨ੍ਹਾਂ ਭਾਰਾਂ ਨੂੰ ਚੁੱਕਣ ਵਿੱਚ ਸਾਡੀ ਸਹਾਇਤਾ ਕਰਦਾ ਹੈ,
ਜਿਹੜੇ ਸਾਨੂੰ ਚੁੱਕਣੇ ਪੈਂਦੇ ਹਨ। ਪਰਮੇਸ਼ੁਰ ਸਾਨੂੰ ਬਚਾਉਂਦਾ ਹੈ।
20 ਉਹ ਸਾਡਾ ਪਰਮੇਸ਼ੁਰ ਹੈ, ਉਹੀ ਪਰਮੇਸ਼ੁਰ ਹੈ ਜਿਹੜਾ ਸਾਨੂੰ ਬਚਾਉਂਦਾ ਹੈ।
ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਮੌਤ ਕੋਲੋਂ ਬਚਾਉਂਦਾ ਹੈ।
21 ਪਰਮੇਸ਼ੁਰ ਦਰਸ਼ਾਏਗਾ ਕਿ ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ।
ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਦੰਡ ਦੇਵੇਗਾ ਜਿਹੜੇ ਉਸ ਦੇ ਖਿਲਾਫ਼ ਲੜੇ ਸਨ।
22 ਮੇਰੇ ਪਰਮੇਸ਼ੁਰ ਨੇ ਆਖਿਆ, “ਮੈਂ ਬਾਸ਼ਾਨ ਤੋਂ ਵੈਰੀ ਨੂੰ ਵਾਪਸ ਲਿਆਵਾਂਗਾ,
ਮੈਂ ਵੈਰੀ ਨੂੰ ਪੱਛਮ ਵਿੱਚੋਂ ਵਾਪਸ ਲਿਆਵਾਂਗਾ।
23 ਇਸ ਲਈ ਕਿ ਤੁਸੀਂ ਉਨ੍ਹਾਂ ਦੇ ਲਹੂ ਵਿੱਚ ਤੁਰ ਸੱਕੋਂ,
ਅਤੇ ਤੁਹਾਡੇ ਕੁੱਤੇ ਉਨ੍ਹਾਂ ਦਾ ਲਹੂ ਚੱਟ ਸੱਕਣ।”
24 ਮੇਰੇ ਪਰਮੇਸ਼ੁਰ ਨੂੰ ਜਿੱਤ ਦੇ ਜਲੂਸ ਦੀ ਅਗਵਾਈ ਕਰਦਿਆਂ ਵੇਖੋ।
ਮੇਰੇ ਪਵਿੱਤਰ ਯਹੋਵਾਹ ਨੂੰ, ਮੇਰੇ ਰਾਜੇ ਨੂੰ, ਫ਼ਤਿਹ ਦੇ ਜਲੂਸ ਦੀ ਅਗਵਾਈ ਕਰਦਿਆਂ ਵੇਖੋ।
25 ਗਾਇੱਕ ਅੱਗੇ, ਉਨ੍ਹਾਂ ਦੇ ਪਿੱਛੇ ਸੰਗੀਤਕਾਰ,
ਤੰਬੂਰੇ ਵਜਾਉਂਦੀਆਂ ਮੁਟਿਆਰਾਂ ਨਾਲ ਘਿਰੇ ਚੱਲ ਰਹੇ ਹਨ।
26 ਸੰਗਤ ਵਿੱਚ ਪਰਮੇਸ਼ੁਰ ਦੀ ਉਸਤਤਿ ਕਰੋ।
ਇਸਰਾਏਲ ਦੇ ਲੋਕੋ ਯਹੋਵਾਹ ਦੀ ਉਸਤਤਿ ਕਰੋ।
27 ਉੱਥੇ ਬਿਨਯਾਮੀਨ ਦਾ ਛੋਟਾ ਵੰਸ਼ ਉਨ੍ਹਾਂ ਦੀ ਅਗਵਾਈ ਕਰ ਰਿਹਾ
ਉੱਥੇ ਯਹੂਦਾ ਦੇ ਪਰਿਵਾਰ ਦੇ ਮਹਾਨ ਆਗੂ ਹਨ।
ਅਤੇ ਉੱਥੇ ਜ਼ੈਬੂਲੁਨ ਅਤੇ ਨੇਫ਼ਤਾਲੀ ਦੇ ਆਗੂ ਹਨ।
28 ਹੇ ਪਰਮੇਸ਼ੁਰ, ਸਾਨੂੰ ਆਪਣੀ ਸ਼ਕਤੀ ਦਰਸ਼ਾਉ ਉਹ ਸ਼ਕਤੀ
ਜਿਹੜੀ ਤੁਸੀਂ ਅਤੀਤ ਵਿੱਚ ਸਾਡੇ ਲਈ ਵਰਤੀ ਸੀ।
29 ਰਾਜੇ ਯਰੂਸ਼ਲਮ ਵਿੱਚ ਤੁਹਾਡੇ ਮੰਦਰ ਵੱਲ,
ਤੁਹਾਡੇ ਕੋਲ ਆਪਣੀ ਦੌਲਤ ਲਿਆਉਣਗੇ।
30 “ਉਨ੍ਹਾਂ ਜਾਨਵਰਾਂ” ਪਾਸੋਂ ਉਹ ਕਰਾਉਣ ਲਈ
ਜੋ ਤੁਸੀਂ ਚਾਹੁੰਦੇ ਹੋ ਆਪਣੀ ਸੋਟੀ ਦੀ ਵਰਤੋਂ ਕਰੋ।
ਉਨ੍ਹਾਂ ਕੌਮਾਂ ਦੇ “ਬਲਦਾਂ” ਅਤੇ “ਗਾਵਾਂ” ਤੋਂ ਆਪਣਾ ਅਧਿਕਾਰ ਮਨਵਾਉ।
ਤੁਸਾਂ ਉਨ੍ਹਾਂ ਕੌਮਾਂ ਨੂੰ ਜੰਗ ਵਿੱਚ ਹਰਾ ਦਿੱਤਾ।
ਹੁਣ ਉਨ੍ਹਾਂ ਨੂੰ ਤੁਹਾਡੇ ਲਈ ਚਾਂਦੀ ਲਿਆਉਣ ਲਈ ਮਜਬੂਰ ਕਰੋ।
31 ਉਨ੍ਹਾਂ ਨੂੰ ਮਿਸਰ ਦੀਆਂ ਅਮੀਰੀਆਂ ਲਿਆਉਣ ਲਈ ਮਨਾਉ।
ਹੇ ਪਰਮੇਸ਼ੁਰ, ਈਥੋਪੀਆ ਨੂੰ ਉਨ੍ਹਾਂ ਦੀਆਂ ਅਮੀਰੀਆਂ ਤੁਹਾਡੇ ਕੋਲ ਲਿਆਉਣ ਲਈ ਮਨਾਉ।
32 ਧਰਤੀ ਦੇ ਰਾਜਿਉ, ਪਰਮੇਸ਼ੁਰ ਲਈ ਗੀਤ ਗਾਉ।
ਸਾਡੇ ਯਹੋਵਾਹ ਦੀਆਂ ਮਹਿਮਾ ਦੇ ਗੀਤ ਗਾਵੋ।
33 ਪਰਮੇਸ਼ੁਰ ਲਈ ਗੀਤ ਗਾਵੋ।
ਉਹ ਪ੍ਰਾਚੀਨ ਅਕਾਸ਼ਾਂ ਰਾਹੀਂ ਆਪਣਾ ਹੱਥ ਚਲਾਉਂਦਾ ਹੈ।
ਉਸਦੀ ਸ਼ਕਤੀਸ਼ਾਲੀ ਅਵਾਜ਼ ਨੂੰ ਸੁਣੋ।
34 ਤੁਹਾਡੇ ਕਿਸੇ ਵੀ ਦੇਵਤੇ ਦੇ ਮੁਕਾਬਲੇ ਪਰਮੇਸ਼ੁਰ ਵੱਧੇਰੇ ਸ਼ਕਤੀਸ਼ਾਲੀ ਹੈ।
ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।
35 ਪਰਮੇਸ਼ੁਰ ਆਪਣੇ ਮੰਦਰ ਵਿੱਚ ਅਦਭੁਤ ਲੱਗਦਾ ਹੈ।
ਇਸਰਾਏਲ ਦਾ ਪਰਮੇਸ਼ੁਰ ਆਪਣੇ ਲੋਕਾਂ ਨੂੰ ਮਜ਼ਬੂਤ ਅਤੇ ਸ਼ਕਤੀ ਦਿੰਦਾ ਹੈ,
ਪਰਮੇਸ਼ੁਰ ਦੀ ਉਸਤਤਿ ਕਰੋ।
ਨਿਰਦੇਸ਼ਕ ਲਈ: “ਚੰਵੇਲੀ ਦੇ ਫ਼ੁੱਲ” ਦਾਊਦ ਦਾ ਇੱਕ ਗੀਤ।
69 ਹੇ ਪਰਮੇਸ਼ੁਰ, ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਉ।
ਪਾਣੀ ਮੇਰੇ ਮੂੰਹ ਤੀਕਰ ਆ ਚੁੱਕਿਆ ਹੈ।
2 ਮੇਰੇ ਕੋਲ ਖੜ੍ਹੇ ਹੋਣ ਲਈ ਕੋਈ ਸਹਾਰਾ ਨਹੀਂ।
ਮੈਂ ਚਿੱਕੜ ਵਿੱਚ ਡੂੰਘਿਆਂ ਖੁੱਬ ਰਿਹਾ ਹਾਂ।
ਮੈਂ ਡੂੰਘਿਆਂ ਪਾਣੀਆਂ ਅੰਦਰ ਹਾਂ।
ਅਤੇ ਸਾਰੇ ਪਾਸਿਉਂ ਪਾਣੀ ਦੀਆਂ ਲਹਿਰਾਂ ਦੇ ਥਪੇੜੇ ਸਹਿ ਰਿਹਾ ਹਾਂ।
ਮੈਂ ਡੁੱਬਣ ਹੀ ਵਾਲਾ ਹਾਂ।
3 ਮੈਂ ਸਹਾਇਤਾ ਲਈ ਪੁਕਾਰਦਾ ਕਮਜ਼ੋਰ ਹੋ ਗਿਆ ਹਾਂ।
ਮੇਰਾ ਗਲਾ ਦੁੱਖ ਰਿਹਾ ਹੈ।
ਮੈਂ ਇੰਤਜ਼ਾਰ ਕੀਤਾ ਹੈ ਅਤੇ ਤੁਹਾਡੇ ਵੱਲੋਂ ਸਹਾਇਤਾ ਲਈ ਦੇਰ ਤੱਕ ਤੱਕਿਆ ਹੈ।
ਹੁਣ ਮੇਰੀਆਂ ਅੱਖਾਂ ਦਰਦ ਕਰ ਰਹੀਆਂ ਹਨ।
4 ਸਿਰ ਦੇ ਵਾਲਾਂ ਨਾਲੋਂ ਵੀ ਵੱਧੇਰੇ ਮੇਰੇ ਦੁਸ਼ਮਣ ਹਨ,
ਉਹ ਮੈਨੂੰ ਅਕਾਰਣ ਹੀ ਨਫ਼ਰਤ ਕਰਦੇ ਹਨ।
ਉਹ ਮੈਨੂੰ ਤਬਾਹ ਕਰਨ ਦੀ ਬਹੁਤ ਕੋਸ਼ਿਸ਼ ਕਰਦੇ ਹਨ।
ਮੇਰੇ ਦੁਸ਼ਮਣ ਮੇਰੇ ਬਾਰੇ ਝੂਠ ਬੋਲਦੇ ਹਨ,
ਉਨ੍ਹਾਂ ਨੇ ਝੂਠ ਆਖਿਆ ਕਿ ਮੈਂ ਚੀਜ਼ਾਂ ਚੁਰਾਈਆਂ ਹਨ।
ਅਤੇ ਉਨ੍ਹਾਂ ਨੇ ਮੈਨੂੰ ਉਨ੍ਹਾਂ ਚੀਜ਼ਾਂ ਦੇ ਪੈਸੇ ਦੇਣ ਲਈ ਮਜ਼ਬੂਰ ਕੀਤਾ ਜਿਹੜੀਆਂ ਮੈਂ ਨਹੀਂ ਚੁਰਾਈਆਂ ਸਨ।
5 ਹੇ ਪਰਮੇਸ਼ੁਰ, ਤੁਸੀਂ ਜਾਣਦੇ ਹੋ ਕਿ ਮੈਂ ਕੁਝ ਗਲਤ ਨਹੀਂ ਕੀਤਾ।
ਤੁਹਾਡੇ ਕੋਲੋਂ ਮੈਂ ਆਪਣੇ ਗੁਨਾਹਾਂ ਨੂੰ ਨਹੀਂ ਛੁਪਾ ਸੱਕਦਾ।
6 ਮੇਰੇ ਮਾਲਕ, ਸਰਬਸ਼ਕਤੀਮਾਨ ਯਹੋਵਾਹ, ਜਿਨ੍ਹਾਂ ਨੂੰ ਤੁਹਾਡੇ ਵਿੱਚ ਆਸ ਹੈ ਉਨ੍ਹਾਂ ਨੂੰ ਮੇਰੇ ਉੱਤੇ ਸ਼ਰਮਸਾਰ ਨਾ ਹੋਣ ਦਿਉ।
ਇਸਰਾਏਲ ਦੇ ਪਰਮੇਸ਼ੁਰ, ਆਪਣੇ ਉਪਾਸੱਕਾਂ ਨੂੰ ਮੇਰੇ ਕਾਰਣ ਸ਼ਰਮਿੰਦਾ ਨਾ ਹੋਣ ਦਿਉ।
7 ਮੈਂ ਸ਼ਰਮ ਵਿੱਚ ਡੁੱਬਿਆ ਹਾਂ।
ਮੈਂ ਤੁਹਾਡੇ ਲਈ ਸ਼ਰਮ ਨੂੰ ਝੱਲਦਾ ਹਾਂ।
8 ਮੇਰੇ ਭਰਾਵਾਂ ਨੇ ਮੇਰੇ ਨਾਲ ਅਜਨਬੀ ਵਰਗਾ ਸਲੂਕ ਕੀਤਾ,
ਮੇਰੀ ਮਾਂ ਦੇ ਪੁੱਤਰ ਮੇਰੇ ਨਾਲ ਵਿਦੇਸ਼ੀ ਵਰਗਾ ਵਿਹਾਰ ਕਰਦੇ ਹਨ।
9 ਮੇਰੀਆਂ ਜ਼ੋਰਦਾਰ ਭਾਵਨਾਵਾਂ ਤੁਹਾਡੇ ਮੰਦਰ ਲਈ ਮੈਨੂੰ ਬਰਬਾਦ ਕਰ ਰਹੀਆਂ ਹਨ।
ਮੈਂ ਉਨ੍ਹਾਂ ਲੋਕਾਂ ਪਾਸੋਂ ਬੇਇੱਜ਼ਤੀ ਝੱਲਦਾ ਹਾਂ ਜਿਹੜੇ ਤੁਹਾਡਾ ਮਜ਼ਾਕ ਉਡਾਉਂਦੇ ਹਨ।
10 ਮੈਂ ਰੋਂਦਾ ਹਾਂ ਅਤੇ ਵਰਤ ਰੱਖਦਾ ਹਾਂ,
ਅਤੇ ਇਸ ਲਈ ਉਹ ਮੇਰਾ ਮਜ਼ਾਕ ਉਡਾਉਂਦੇ ਹਨ।
11 ਜਦੋਂ ਮੈਂ ਆਪਣੀ ਉਦਾਸੀ ਵਿਖਾਉਣ ਲਈ ਤੱਪੜ ਦੇ ਕੱਪੜੇ ਪਹਿਨਦਾ ਹਾਂ,
ਉਸ ਵਾਸਤੇ ਲੋਕੀਂ ਮੇਰਾ ਮਜ਼ਾਕ ਉਡਾਉਂਦੇ ਹਨ।
12 ਉਹ ਮੇਰੇ ਬਾਰੇ ਖੁਲ੍ਹੇ ਆਮ ਗੱਲਾਂ ਕਰਦੇ ਹਨ,
ਅਤੇ ਸ਼ਰਾਬੀ ਮੇਰੇ ਨਾਲ ਗਾਣੇ ਜੋੜਦੇ ਹਨ।
13 ਜਿੱਥੇ ਤੱਕ ਮੇਰਾ ਸਵਾਲ ਹੈ, ਯਹੋਵਾਹ ਇਹ ਮੇਰੀ ਤੁਹਾਨੂੰ ਪ੍ਰਾਰਥਨਾ ਹੈ;
ਮੈਂ ਚਾਹੁੰਨਾ ਕਿ ਤੁਸੀਂ ਮੈਨੂੰ ਪਰਵਾਨ ਕਰ ਲਵੇਂ।
ਹੇ ਪਰਮੇਸ਼ੁਰ, ਮੈਂ ਚਾਹੁੰਦਾ ਕਿ ਤੁਸੀਂ ਮੈਨੂੰ ਪਿਆਰ ਨਾਲ ਜਵਾਬ ਦੇਵੋ।
ਮੈਂ ਜਾਣਦਾ ਹਾਂ ਕਿ ਮੈਂ ਤੁਹਾਡੇ ਉੱਤੇ ਮੈਨੂੰ ਬਚਾਉਣ ਦਾ ਭਰੋਸਾ ਕਰ ਸੱਕਦਾ ਹਾਂ।
14 ਮੈਨੂੰ ਦਲਦਲ ਵਿੱਚ ਖਿੱਚ ਲਵੋ,
ਮੈਨੂੰ ਚਿਕੜ ਅੰਦਰ ਡੂੰਘਿਆ ਨਾ ਖੁੱਬਣ ਦਿਉ।
ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੈਨੂੰ ਨਫ਼ਰਤ ਕਰਦੇ ਹਨ।
ਮੈਨੂੰ ਇਸ ਡੂੰਘੇ ਪਾਣੀ ਤੋਂ ਬਚਾਉ।
15 ਹੜ੍ਹ ਦੇ ਪਾਣੀ ਨੂੰ ਮੈਨੂੰ ਰੋੜ੍ਹਨ ਨਾ ਦਿਉ
ਜਾਂ ਡੂੰਘੇ ਪਾਣੀ ਨੂੰ ਮੈਨੂੰ ਨਿਗਲਣ ਨਾ ਦਿਉ
ਜਾਂ ਮੈਨੂੰ ਕਬਰ ਨੂੰ ਮੇਰੇ ਉੱਤੇ ਮੂੰਹ ਬੰਦ ਨਾ ਕਰਨ ਦਿਉ।
16 ਯਹੋਵਾਹ, ਤੁਹਾਡਾ ਪਿਆਰ ਸ਼ੁਭ ਹੈ।
ਆਪਣੇ ਪੂਰੇ ਪਿਆਰ ਨਾਲ ਮੈਨੂੰ ਜਵਾਬ ਦਿਉ,
ਆਪਣੀ ਪੂਰੀ ਮਿਹਰ ਨਾਲ ਮੇਰੇ ਵੱਲ ਆਉ ਅਤੇ ਮੇਰੀ ਸਹਾਇਤਾ ਕਰੋ।
17 ਆਪਣੇ ਸੇਵਕ ਨੂੰ ਛੱਡ ਕੇ ਨਾ ਜਾਉ।
ਮੈਂ ਮੂਸੀਬਤ ਵਿੱਚ ਹਾਂ ਛੇਤੀ ਕਰੋ ਮੇਰੀ ਸਹਾਇਤਾ ਕਰੋ।
18 ਆਉ ਮੇਰੀ ਰੂਹ ਨੂੰ ਬਚਾਉ,
ਮੈਨੂੰ ਮੇਰੇ ਵੈਰੀਆਂ ਤੋਂ ਛੁਡਾਉ।
19 ਤੁਸੀਂ ਮੇਰੀ ਸ਼ਰਮ ਨੂੰ ਜਾਣਦੋ ਹੋਂ।
ਤੁਸੀਂ ਜਾਣਦੇ ਹੋ ਮੇਰੇ ਵੈਰੀਆਂ ਨੇ ਮੈਨੂੰ ਬੇਇੱਜ਼ਤ ਕੀਤਾ।
ਤੁਸੀਂ ਉਨ੍ਹਾਂ ਨੂੰ ਮੇਰੇ ਨਾਲ ਇੰਝ ਵਿਹਾਰ ਕਰਦਿਆਂ ਵੇਖਿਆ ਹੈ।
20 ਸ਼ਰਮ ਨੇ ਮੈਨੂੰ ਮਾਰ ਸੁੱਟਿਆ ਹੈ।
ਮੈਂ ਸ਼ਰਮ ਨਾਲ ਮਰਨ ਹੀ ਵਾਲਾ ਹਾਂ।
ਮੈਂ ਹਮਦਰਦੀ ਲਈ ਇੰਤਜ਼ਾਰ ਕੀਤਾ ਪਰ ਕੋਈ ਵੀ ਨਹੀਂ ਬਹੁੜਿਆ।
ਮੈਂ ਇੰਤਜ਼ਾਰ ਕੀਤਾ ਕਿ ਕੋਈ ਆਏ ਅਤੇ ਮੈਨੂੰ ਸੱਕੂਨ ਪਹੁੰਚਾਏ ਪਰ ਕੋਈ ਵੀ ਬੰਦਾ ਨਹੀਂ ਆਇਆ।
21 ਉਨ੍ਹਾਂ ਨੇ ਮੈਨੂੰ ਭੋਜਨ ਬਦਲੇ ਜ਼ਹਿਰ ਦਿੱਤਾ।
ਉਨ੍ਹਾਂ ਮੈਨੂੰ ਦਾਖਰਸ ਦੇ ਬਦਲੇ ਸਿਰਕਾ ਦਿੱਤਾ।
22 ਉਨ੍ਹਾਂ ਦੇ ਮੇਜ਼ ਭੋਜਨ ਨਾਲ ਢੱਕੇ ਹੋਏ ਹਨ, ਉਹ ਬਹੁਤ ਸਾਰੀਆਂ ਵੱਡੀਆਂ ਸਭਾ ਦਾਅਵਤਾਂ ਕਰਦੇ ਹਨ।
ਉਹ ਭੋਜਨ ਉਨ੍ਹਾਂ ਦਾ ਵਿਨਾਸ਼ ਕਰ ਦੇਣਗੇ।
23 ਮੈਨੂੰ ਆਸ ਹੈ ਉਹ ਅੰਨ੍ਹੇ ਹੋਣਗੇ ਅਤੇ ਉਨ੍ਹਾਂ ਦੀਆਂ ਢੂਈਆਂ ਝੁਕ ਜਾਣਗੀਆਂ।
24 ਉਨ੍ਹਾਂ ਉੱਤੇ ਤੇਰਾ ਕਹਿਰ ਡੋਲ੍ਹ;
ਉਨ੍ਹਾਂ ਨੂੰ ਤੇਰਾ ਭੀਸ਼ਣ ਗੁੱਸਾ ਅਨੁਭਵ ਕਰਨ ਦੇ।
25 ਉਨ੍ਹਾਂ ਦੇ ਘਰ ਸੱਖਣੇ ਕਰ ਦਿਉ,
ਉੱਥੇ ਕੋਈ ਵੀ ਨਾ ਰਹੇ।
26 ਉਨ੍ਹਾਂ ਨੂੰ ਦੰਡ ਦਿਉ, ਅਤੇ ਉਹ ਭੱਜ ਜਾਣਗੇ।
ਫ਼ੇਰ ਸੱਚਮੁੱਚ ਉਨ੍ਹਾਂ ਨੂੰ ਕਸ਼ਟ ਹੋਵੇਗਾ ਅਤੇ ਬੋਲਣ ਲਈ ਜ਼ਖਮ ਹੋਣਗੇ।
27 ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਦੀ ਸਜ਼ਾ ਦਿਉ।
ਉਨ੍ਹਾਂ ਨੂੰ ਦਰਸਾਉ ਕਿ ਤੁਸੀਂ ਕਿੰਨੇ ਚੰਗੇ ਹੋ ਸੱਕਦੇ ਹੋ।
28 ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ ਵਿੱਚੋਂ ਮਿਟਾ ਦਿਉ,
ਉਸ ਪੁਸਤਕ ਵਿੱਚ ਉਨ੍ਹਾਂ ਦੇ ਨਾਮ ਨਾ ਲਿਖੋ, ਜਿੱਥੇ ਨੇਮ ਬੰਦਿਆਂ ਦੇ ਨਾਮ ਹਨ।
29 ਮੈਂ ਉਦਾਸ ਹਾਂ ਅਤੇ ਮੈਂ ਦਰਦ ਵਿੱਚ ਹਾਂ।
ਹੇ ਪਰਮੇਸ਼ੁਰ, ਮੈਨੂੰ ਉੱਪਰ ਉੱਠਾਉ। ਮੈਨੂੰ ਬਚਾਉ।
30 ਮੈਂ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਗੀਤ ਨਾਲ ਕਰਾਂਗਾ।
ਮੈਂ ਧੰਨਵਾਦ ਦੇ ਗੀਤ ਨਾਲ ਉਸਦੀ ਉਸਤਤਿ ਕਰਾਂਗਾ।
31 ਇਸ ਨਾਲ ਪਰਮੇਸ਼ੁਰ ਪ੍ਰਸੰਨ ਹੋਵੇਗਾ, ਇਹ ਇੱਕ ਬਲਦ ਨੂੰ ਮਾਰਨ ਨਾਲੋਂ
ਅਤੇ ਪੂਰੇ ਜਾਨਵਰ ਨੂੰ ਬਲੀ ਵਾਂਗ ਭੇਟ ਕਰਨ ਨਾਲੋਂ ਬਿਹਤਰ ਹੋਵੇਗਾ।
32 ਹੇ ਨਿਮ੍ਰ ਲੋਕੋ, ਤੁਸੀਂ ਪਰਮੇਸ਼ੁਰ ਦੀ ਉਪਾਸਨਾ ਕਰਨ ਆਏ ਹੋਂ।
ਤੁਸੀਂ ਇਹ ਗੱਲਾਂ ਜਾਣਕੇ ਖੁਸ਼ ਹੋਵੋਂਗੇ।
33 ਯਹੋਵਾਹ ਗਰੀਬਾਂ ਬੇਸਹਾਰਿਆਂ ਦੀ ਗੱਲ ਸੁਣਦਾ ਹੈ।
ਯਹੋਵਾਹ ਹਾਲੇ ਵੀ ਕੈਦ ਵਿੱਚ ਪਏ ਲੋਕਾਂ ਨੂੰ ਪਸੰਦ ਕਰਦਾ ਹੈ।
34 ਹੇ ਧਰਤੀ ਅਤੇ ਅਕਾਸ਼ ਪਰਮੇਸ਼ੁਰ ਦੀ ਉਸਤਤਿ ਕਰੋ।
ਹੇ ਸਮੁੰਦਰ ਅਤੇ ਉਸ ਵਿੱਚਲੇ ਸਭ ਕੁਝ, ਯਹੋਵਾਹ ਦੀ ਉਸਤਤਿ ਕਰੋ।
35 ਯਹੋਵਾਹ ਸੀਯੋਨ ਨੂੰ ਬਚਾਵੇਗਾ।
ਯਹੋਵਾਹ ਯਹੂਦਾਹ ਦੇ ਸ਼ਹਿਰਾਂ ਦੀ ਪੁਨਰ ਉਸਾਰੀ ਕਰੇਗਾ।
ਉਸ ਦੇ ਲੋਕ ਉੱਥੇ ਜੰਮ ਜਾਣਗੇ ਅਤੇ ਧਰਤੀ ਉੱਤੇ ਕਬਜ਼ਾ ਕਰ ਲੈਣਗੇ।
36 ਉਸ ਦੇ ਸੇਵਕਾਂ ਦੀ ਔਲਾਦ ਉਸ ਧਰਤੀ ਨੂੰ ਪ੍ਰਾਪਤ ਕਰਨਗੇ।
ਜਿਹੜੇ ਲੋਕ ਉਸ ਦੇ ਨਾਮ ਨੂੰ ਪਿਆਰ ਕਰਦੇ ਹਨ ਉਹੀ ਉੱਥੇ ਰਹਿਣਗੇ।
ਆਤਮਾ ਵਿੱਚ ਜੀਵਨ
8 ਤਾਂ ਹੁਣ, ਜਿਹੜੇ ਲੋਕ ਯਿਸੂ ਮਸੀਹ ਵਿੱਚ ਹਨ ਉਨ੍ਹਾਂ ਦਾ ਨਿਆਂ ਦੋਸ਼ੀਆਂ ਵਾਂਗ ਨਹੀਂ ਹੋਵੇਗਾ। 2 ਮੈਂ ਭਲਾ ਦੋਸ਼ੀ ਕਿਉਂ ਨਹੀਂ ਠਹਿਰਾਇਆ ਗਿਆ। ਕਿਉਂਕਿ ਮਸੀਹ ਯਿਸੂ ਵਿੱਚ, ਆਤਮਾ ਦਾ ਨੇਮ ਜੋ ਜੀਵਨ ਲਿਆਉਂਦਾ ਹੈ, ਉਸ ਨੇ ਮੈਨੂੰ ਉਸ ਸ਼ਰ੍ਹਾ ਤੋਂ ਮੁਕਤ ਕੀਤਾ ਹੈ, ਜੋ ਪਾਪ ਅਤੇ ਮੌਤ ਲਿਆਉਂਦੀ ਹੈ। 3 ਸ਼ਰ੍ਹਾ ਸ਼ਕਤੀਹੀਣ ਸੀ ਕਿਉਂਕਿ ਸਾਡੇ ਪਾਪੀ ਸੁਭਾਵਾਂ ਨੇ ਇਸ ਨੂੰ ਕਮਜ਼ੋਰ ਬਣਾ ਦਿੱਤਾ। ਪਰ ਪਰਮੇਸ਼ੁਰ ਨੇ ਉਹ ਕੁਝ ਕੀਤਾ ਜੋ ਸ਼ਰ੍ਹਾ ਨਾ ਕਰ ਸੱਕੀ। ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਉਸੇ ਮਨੁੱਖੀ ਸਰੀਰ ਵਿੱਚ ਧਰਤੀ ਉੱਤੇ ਭੇਜਿਆ ਜਿਸ ਨੂੰ ਅਸੀਂ ਪਾਪ ਕਰਨ ਲਈ ਇਸਤੇਮਾਲ ਕਰਦੇ ਹਾਂ। ਪਰਮੇਸ਼ੁਰ ਨੇ ਉਸੇ ਮਨੁੱਖੀ ਸਰੀਰ ਨੂੰ ਪਾਪ ਦਾ ਭੁਗਤਾਨ ਕਰਨ ਲਈ ਚਢ਼ਾਵੇ ਦੇ ਤੌਰ ਤੇ ਇਸਤੇਮਾਲ ਕੀਤਾ। ਇਸ ਲਈ ਪਰਮੇਸ਼ੁਰ ਨੇ ਪਾਪ ਨੂੰ ਨਿੰਦਣ ਲਈ ਇਨਸਾਨੀ ਜੀਵਨ ਇਸਤੇਮਾਲ ਕੀਤਾ। 4 ਪਰਮੇਸ਼ੁਰ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਅਸੀਂ ਸ਼ਰ੍ਹਾ ਦੀਆਂ ਜ਼ਰੂਰਤਾਂ ਨੂੰ ਆਪਣੇ ਵੱਲੋਂ ਪੂਰਨ ਕਰ ਸੱਕੀਏ ਕਿਉਂਕਿ ਅਸੀਂ ਆਤਮਾ ਅਨੁਸਾਰ ਜਿਉਂਦੇ ਹਾਂ ਨਾ ਕਿ ਆਪਣੇ ਪਾਪੀ ਸੁਭਾਅ ਦੇ ਅਨੁਸਾਰ।
5 ਜਿਹੜੇ ਲੋਕ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਸੋਚਦੇ ਹਨ ਜੋ ਉਨ੍ਹਾਂ ਦੇ ਪਾਪੀ ਸੁਭਾਅ ਚਾਹੁੰਦੇ ਹਨ। ਪਰ ਜਿਹੜੇ ਲੋਕ ਆਤਮਾ ਅਨੁਸਾਰ ਜਿਉਂਦੇ ਹਨ, ਉਹ ਸਿਰਫ਼ ਉਨ੍ਹਾਂ ਗੱਲਾਂ ਬਾਰੇ ਹੀ ਸੋਚਦੇ ਹਨ ਜੋ ਆਤਮਾ ਉਨ੍ਹਾਂ ਤੋਂ ਕਰਵਾਉਣੀਆਂ ਚਾਹੁੰਦਾ ਹੈ। 6 ਇਸ ਲਈ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਆਤਮਕ ਮੌਤ ਹੈ, ਪਰ ਜੇਕਰ ਕਿਸੇ ਮਨੁੱਖ ਦੀ ਸੋਚ ਆਤਮਾ ਦੇ ਕਾਬੂ ਵਿੱਚ ਹੈ, ਤਾਂ ਨਤੀਜਾ ਹੋਵੇਗਾ ਜੀਵਨ ਅਤੇ ਸ਼ਾਂਤੀ। 7 ਇਹ ਕਿਵੇਂ ਸੱਚ ਹੈ? ਕਿਉਂਕਿ ਜੇਕਰ ਇੱਕ ਮਨੁੱਖ ਦੀ ਸੋਚ ਪਾਪੀ ਸੁਭਾਅ ਦੇ ਵੱਸ ਹੈ, ਉਹ ਮਨੁੱਖ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਤੋਂ ਇਨਕਾਰ ਕਰਦਾ ਹੈ। ਸੱਚ ਮੁੱਚ ਉਹ ਵਿਅਕਤੀ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਕਰਨ ਦੇ ਲਾਇੱਕ ਨਹੀਂ। 8 ਉਹ ਮਨੁੱਖ ਜਿਹੜੇ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜਿਉਂਦੇ ਹਨ, ਪਰਮੇਸ਼ੁਰ ਨੂੰ ਪ੍ਰਸੰਨ ਨਹੀਂ ਕਰ ਸੱਕਦੇ।
9 ਪਰ ਤੁਹਾਡੇ ਉੱਪਰ ਪਾਪੀ ਸੁਭਾਅ ਦਾ ਰਾਜ ਨਹੀਂ ਹੈ। ਤੁਹਾਡੇ ਉੱਪਰ ਆਤਮਾ ਦਾ ਰਾਜ ਹੈ। ਪਰ ਜੇਕਰ ਸੱਚ ਮੁੱਚ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ ਤੇ। ਪਰ ਜੇਕਰ ਕਿਸੇ ਮਨੁੱਖ ਕੋਲ ਮਸੀਹ ਦਾ ਆਤਮਾ ਨਹੀਂ ਹੈ, ਤਾਂ ਫ਼ਿਰ ਉਹ ਵਿਅਕਤੀ ਮਸੀਹ ਨਾਲ ਸੰਬੰਧਿਤ ਨਹੀਂ ਹੈ। 10 ਤੁਹਾਡਾ ਸਰੀਰ ਪਾਪ ਕਾਰਣ ਹਮੇਸ਼ਾ ਮ੍ਰਿਤਕ ਹੋਵੇਗਾ। ਪਰ ਜੇ ਮਸੀਹ ਤੁਹਾਡੇ ਅੰਦਰ ਹੈ ਤਾਂ ਆਤਮਾ ਤੁਹਾਨੂੰ ਜੀਵਨ ਦਿੰਦਾ ਹੈ, ਕਿਉਂਕਿ ਮਸੀਹ ਨੇ ਤੁਹਾਨੂੰ ਧਰਮੀ ਬਣਾਇਆ ਹੈ। 11 ਪਰਮੇਸ਼ੁਰ ਨੇ ਯਿਸੂ ਨੂੰ ਮੁਰਦਿਆਂ ਤੋਂ ਉੱਠਾਇਆ। ਜੇਕਰ ਪਰਮੇਸ਼ੁਰ ਦਾ ਆਤਮਾ ਤੁਹਾਡੇ ਅੰਦਰ ਨਿਵਾਸ ਕਰਦਾ ਹੈ, ਤਾਂ ਉਹ ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਵੀ ਜੀਵਨ ਦੇਵੇਗਾ। ਪਰਮੇਸ਼ੁਰ ਇੱਕ ਹੈ ਜਿਸਨੇ ਮਸੀਹ ਨੂੰ ਮੁਰਦਿਆਂ ਚੋਂ ਉੱਠਾਇਆ ਅਤੇ ਉਹ ਤੁਹਾਡੇ ਸਰੀਰਾਂ ਨੂੰ ਆਪਣੇ ਉਸ ਆਤਮਾ ਰਾਹੀਂ, ਤੁਹਾਡੇ ਨਾਸ਼ਵਾਨ ਸਰੀਰਾਂ ਨੂੰ ਜੀਵਨ ਦੇਵੇਗਾ, ਜਿਹੜਾ ਤੁਹਾਡੇ ਅੰਦਰ ਜਿਉਂਦਾ ਹੈ।
12 ਇਸ ਲਈ, ਮੇਰੇ ਭਰਾਵੋ ਅਤੇ ਭੈਣੋ, ਸਾਨੂੰ ਆਪਣੇ ਪਾਪੀ ਸੁਭਾਅ ਦੇ ਵਸ ਨਹੀਂ ਹੋਣਾ ਚਾਹੀਦਾ। ਅਤੇ ਸਾਨੂੰ ਆਪਣੇ ਪਾਪੀ ਸੁਭਾਅ ਦੀਆਂ ਇੱਛਾਵਾਂ ਅਨੁਸਾਰ ਜਿਉਣਾ ਨਹੀਂ ਚਾਹੀਦਾ। 13 ਜੇਕਰ ਤੁਸੀਂ ਆਪਣੇ ਪਾਪੀ ਸੁਭਾਅ ਦੇ ਅਨੁਸਾਰ ਜੀਵੋਂਗੇ, ਤਾਂ ਤੁਸੀਂ ਆਤਮਕ ਤੌਰ ਤੇ ਮਰ ਜਾਵੋਂਗੇ ਪਰ ਜੇਕਰ ਤੁਸੀਂ ਆਪਣੇ ਸਰੀਰ ਨਾਲ ਗਲਤ ਕੰਮ ਕਰਨ ਨੂੰ ਰੋਕਣ ਲਈ ਆਤਮਾ ਦੀ ਮਦਦ ਲਵੋਂਗੇ, ਫ਼ੇਰ ਤੁਸੀਂ ਜੀਵਨ ਪ੍ਰਾਪਤ ਕਰੋਂਗੇ।
14 ਪਰਮੇਸ਼ੁਰ ਦੀ ਸੱਚੀ ਔਲਾਦ ਉਹੀ ਹਨ ਜੋ ਪਰਮੇਸ਼ੁਰ ਦੇ ਆਤਮਾ ਦੇ ਮਗਰ ਚੱਲਦੇ ਹਨ। 15 ਕਿਉਂਕਿ ਤੁਹਾਨੂੰ ਗੁਲਾਮੀ ਦਾ ਆਤਮਾ ਨਹੀਂ ਮਿਲਿਆ ਤਾਂ ਜੋ ਤੁਸੀਂ ਫ਼ਿਰ ਤੋਂ ਡਰੋ। ਜਿਹੜਾ ਆਤਮਾ ਤੁਹਾਡੇ ਕੋਲ ਹੈ ਉਹ ਤੁਹਾਨੂੰ ਪਰਮੇਸ਼ੁਰ ਦੇ ਚੁਣੇ ਹੋਏ ਬੰਦੇ ਬਣਾਉਂਦਾ ਹੈ। ਉਸ ਆਤਮਾ ਨਾਲ ਅਸੀਂ ਨਿਡਰਤਾ ਨਾਲ, ਆਖਦੇ ਹਾਂ, “ਅੱਬਾ, ਪਿਆਰੇ ਪਿਤਾ।” 16 ਅਤੇ ਉਹ ਆਤਮਾ ਆਪੇ ਹੀ ਸਾਡੇ ਆਤਮਾ ਨਾਲ ਜੁੜ ਜਾਂਦਾ ਹੈ ਅਤੇ ਤਸਦੀਕ ਕਰਦਾ ਹੈ ਕਿ ਅਸੀਂ ਪਰਮੇਸ਼ੁਰ ਦੇ ਬੱਚੇ ਹਾਂ। 17 ਜੇਕਰ ਅਸੀਂ ਪਰਮੇਸ਼ੁਰ ਦੀ ਔਲਾਦ ਹਾਂ ਤਾਂ ਅਸੀਂ ਉਹ ਬਖਸ਼ਿਸ਼ ਜ਼ਰੂਰ ਪਾਵਾਂਗੇ ਜੋ ਉਸ ਨੇ ਆਪਣੇ ਬੱਚਿਆਂ ਲਈ ਰੱਖੀ ਹੈ। ਅਸੀਂ ਉਹ ਅਸੀਸਾਂ ਪਰਮੇਸ਼ੁਰ ਤੋਂ ਮਸੀਹ ਦੇ ਸਮੇਤ ਪਾਵਾਂਗੇ। ਪਰ ਪਹਿਲਾਂ ਜਿਵੇਂ ਮਸੀਹ ਨੂੰ ਤਸੀਹੇ ਸਹਿਣੇ ਪਏ ਸਨ ਸਾਨੂੰ ਵੀ ਸਹਿਣੇ ਪੈਣਗੇ। ਤਾਂ ਫ਼ੇਰ ਸਾਨੂੰ ਵੀ ਮਸੀਹ ਦੀ ਮਹਿਮਾ ਦੀ ਤਰ੍ਹਾਂ ਮਹਿਮਾ ਪ੍ਰਾਪਤ ਹੋਵੇ।
ਸਾਨੂੰ ਭਵਿੱਖ ਵਿੱਚ ਮਹਿਮਾ ਮਿਲੇਗੀ
18 ਹੁਣ ਦਾ ਸਮਾਂ ਕਸ਼ਟਮਈ ਹੈ। ਪਰ ਇਹ ਕਸ਼ਟ ਆਉਣ ਵਾਲੇ ਸਮੇਂ ਵਿੱਚ ਜੋ ਮਹਿਮਾ ਸਾਨੂੰ ਮਿਲਣੀ ਹੈ ਉਸ ਸਾਹਮਣੇ ਕੁਝ ਵੀ ਨਹੀਂ ਹਨ। 19 ਪੂਰੀ ਸ੍ਰਿਸ਼ਟੀ ਉਤਸੁਕਤਾਪੂਰਵਕ ਅਤੇ ਪਰਮੇਸ਼ੁਰ ਦੇ ਬੱਚਿਆਂ ਦੇ ਪ੍ਰਗਟ ਹੋਣ ਦਾ ਇੰਤਜ਼ਾਰ ਕਰ ਰਹੀ ਹੈ। 20 ਸਾਰੀ ਸ੍ਰਿਸ਼ਟੀ ਨੂੰ ਇਸ ਤਰ੍ਹਾਂ ਬਦਲਿਆ ਗਿਆ ਜਿਵੇਂ ਇਹ ਪੂਰਨ ਵਿਅਰਥ ਸੀ। ਇਹ ਆਪਣੀ ਖੁਦ ਦੀ ਇੱਛਾ ਨਾਲ ਨਹੀਂ ਬਦਲੀ ਸਗੋਂ ਉਸਦੀ ਇੱਛਾ ਨਾਲ ਬਦਲੀ ਜਿਸਨੇ ਇਸਦਾ ਨਿਆਂ ਕੀਤਾ। 21 ਉੱਥੇ ਆਸ ਸੀ ਕਿ ਪੂਰੀ ਸ੍ਰਿਸ਼ਟੀ ਵਿਨਾਸ਼ ਤੋਂ ਆਜ਼ਾਦ ਕੀਤੀ ਜਾਵੇਗੀ ਅਤੇ ਅਜ਼ਾਦੀ ਅਤੇ ਮਹਿਮਾ ਪਵੇਗੀ ਜੋ ਪਰਮੇਸ਼ੁਰ ਦੇ ਬੱਚਿਆਂ ਨਾਲ ਸੰਬੰਧਿਤ ਹੈ।
2010 by World Bible Translation Center