Old/New Testament
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਇਹ ਗੀਤ ਉਸ ਸਮੇਂ ਬਾਰੇ ਹੈ ਜਦੋਂ ਨਾਥਾਨ ਨੱਬੀ ਦਾਊਦ ਦੇ ਬਥਸ਼ਬਾ ਨਾਲ ਗੁਨਾਹ ਤੋਂ ਬਾਅਦ ਦਾਊਦ ਕੋਲ ਜਾਂਦਾ ਹੈ।
51 ਹੇ ਪਰਮੇਸ਼ੁਰ, ਆਪਣੀ ਪਿਆਰ ਭਰੀ ਮਿਹਰ ਕਾਰਣ ਮੇਰੇ ਉੱਤੇ ਦਯਾ ਕਰ।
ਆਪਣੀ ਮਹਾਨ ਦਯਾ ਕਾਰਣ, ਮੇਰੇ ਸਾਰੇ ਪਾਪ ਮਿਟਾ ਦੇ।
2 ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ।
ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।
3 ਮੈਂ ਜਾਣਦਾ ਹਾਂ ਕਿ ਮੈਂ ਗੁਨਾਹ ਕੀਤਾ ਸੀ
ਮੈਂ ਹਮੇਸ਼ਾ ਉਨ੍ਹਾਂ ਗੁਨਾਹਾਂ ਨੂੰ ਦੇਖਦਾ ਹਾਂ।
4 ਮੈਂ ਉਹੀ ਗੱਲਾਂ ਕੀਤੀਆਂ ਜਿਨ੍ਹਾਂ ਨੂੰ ਤੁਸੀਂ ਗਲਤ ਆਖਦੇ ਹੋਂ।
ਹੇ ਪਰਮੇਸ਼ੁਰ ਤੁਸੀਂ ਹੀ ਹੋ ਜਿਸਦੇ ਖਿਲਾਫ਼ ਮੈਂ ਗੁਨਾਹ ਕੀਤੇ ਸਨ।
ਮੈਂ ਇਨ੍ਹਾਂ ਗੱਲਾਂ ਨੂੰ ਲੋਕਾਂ ਦੇ ਜਾਨਣ ਲਈ ਸਵੀਕਾਰਦਾ ਹਾਂ,
ਕਿ ਮੈਂ ਗਲਤ ਸਾਂ ਅਤੇ ਤੁਸੀਂ ਸਹੀ ਸੀ।
ਤੁਹਾਡੇ ਨਿਆਂ ਨਿਰਪੱਖ ਹਨ।
5 ਮੈਂ ਗੁਨਾਹਾਂ ਵਿੱਚ ਜੰਮਿਆ ਸਾਂ,
ਅਤੇ ਵਿੱਚ ਹੀ ਮੇਰੀ ਮਾਂ ਨੇ ਮੈਨੂੰ ਗਰਭ ਅੰਦਰ ਧਾਰਣ ਕੀਤਾ ਸੀ।
6 ਹੇ ਪਰਮੇਸ਼ੁਰ, ਤੁਸੀਂ ਚਾਹੁੰਦੇ ਹੋ ਕਿ ਮੈਂ ਸੱਚਮੁੱਚ ਤੁਹਾਡਾ ਵਫ਼ਾਦਾਰ ਹੋਵਾਂ
ਇਸ ਲਈ ਆਪਣੀ ਸੱਚੀ ਸੂਝ ਮੇਰੇ ਧੁਰ ਅੰਦਰ ਰੱਖੋ।
7 ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ।
ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।
8 ਮੈਨੂੰ ਖੁਸ਼ੀ ਪ੍ਰਦਾਨ ਕਰੋ।
ਮੈਨੂੰ ਫ਼ੇਰ ਤੋਂ ਖੁਸ਼ ਹੋਣ ਦੀ ਜਾਂਚ ਦੱਸੋਂ
ਉਨ੍ਹਾਂ ਹੱਡੀਆਂ ਨੂੰ ਖੁਸ਼ ਹੋਣ ਦਿਉ ਜਿਨ੍ਹਾਂ ਨੂੰ ਤੁਸਾਂ ਕੁਚੱਲਿਆ ਸੀ।
9 ਹੇ ਪਰਮੇਸ਼ੁਰ ਮੇਰੇ ਗੁਨਾਹਾਂ ਵੱਲ ਨਾ ਤੱਕੋ,
ਉਨ੍ਹਾਂ ਸਭ ਨੂੰ ਮਿਟਾ ਦਿਉ।
10 ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ।
ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
11 ਮੈਨੂੰ ਧੱਕ ਕੇ ਦੂਰ ਨਾ ਕਰੋ।
ਅਤੇ ਆਪਣਾ ਪਵਿੱਤਰ ਆਤਮਾ ਮੇਰੇ ਵਿੱਚੋਂ ਨਾ ਖਿੱਚੋ।
12 ਤੁਹਾਡੀ ਸਹਾਇਤਾ ਨੇ ਮੈਨੂੰ ਕਿੰਨੀ ਖੁਸ਼ੀ ਦਿੱਤੀ ਹੈ।
ਮੈਨੂੰ ਉਹ ਖੁਸ਼ੀ ਫ਼ੇਰ ਦਿਉ।
ਮੇਰੀ ਰੂਹ ਨੂੰ ਮਜ਼ਬੂਤ ਅਤੇ ਤੁਹਾਡਾ ਹੁਕਮ ਮੰਨਣ ਲਈ ਤੱਤਪਰ ਬਣਾਉ।
13 ਮੈਂ ਗੁਨਾਹਗਾਰਾਂ ਨੂੰ ਉਹੀ ਸਿੱਖਾਵਾਂਗਾ ਜਿਵੇਂ ਤੁਸੀਂ ਚਾਹੁੰਦੇ ਹੋ
ਕਿ ਉਹ ਜਿਉਣ ਅਤੇ ਉਹ ਵਾਪਸ ਤੁਹਾਡੇ ਵੱਲ ਪਰਤਨਗੇ।
14 ਹੇ ਪਰਮੇਸ਼ੁਰ, ਮੈਨੂੰ ਸਜਾਏ ਮੌਤ ਤੋਂ ਬਚਾਉ,
ਮੇਰੇ ਯਹੋਵਾਹ, ਇਹ ਤੁਸੀਂ ਹੀ ਹੋ ਜੋ ਮੇਰੀ ਰੱਖਿਆ ਕਰਦੇ ਹੋ।
ਮੈਨੂੰ ਤੁਹਾਡੀ ਵਫ਼ਾਦਾਰੀ ਬਾਰੇ ਗਾਉਣ ਦਿਉ।
15 ਮੇਰੇ ਮਾਲਕ, ਮੈਂ ਆਪਣਾ ਮੂੰਹ ਖੋਲ੍ਹਾਂਗਾ ਅਤੇ ਤੁਹਾਡੀਆਂ ਉਸਤਤਾਂ ਗਾਵਾਂਗਾ।
16 ਅਸਲ ਵਿੱਚ ਤੁਹਾਨੂੰ ਬਲੀਆਂ ਨਹੀਂ ਚਾਹੀਦੀਆਂ,
ਇਸ ਲਈ ਮੈਨੂੰ ਬਲੀਆਂ ਕਿਉਂ ਚੜ੍ਹਾਉਣੀਆਂ ਚਾਹੀਦੀਆਂ ਜਿਹੜੀਆਂ ਤੈਨੂੰ ਚਾਹੀਦੀਆਂ ਵੀ ਨਹੀਂ।
17 ਪਰਮੇਸ਼ੁਰ ਜਿਹੜੀ ਬਲੀ ਚਾਹੁੰਦਾ ਹੈ ਉਹ ਗੁਮਾਨ ਨਾਲ ਨਾ ਭਰੀ ਹੋਈ ਰੂਹ ਹੈ।
ਹੇ ਪਰਮੇਸ਼ੁਰ, ਤੁਸੀਂ ਉਸ ਬੰਦੇ ਨੂੰ ਵਾਪਸ ਨਹੀਂ ਮੋੜਦੇ ਜਿਹੜਾ ਲਾਚਾਰ ਅਤੇ ਨਿਮ੍ਰਤਾ ਨਾਲ ਤੁਹਾਡੇ ਕੋਲ ਆਉਂਦਾ ਹੈ।
18 ਹੇ ਪਰਮੇਸ਼ੁਰ, ਕਿਰਪਾ ਕਰਕੇ ਸੀਯੋਨ ਨਾਲ ਚੰਗਾ ਹੋ।
ਯਰੂਸ਼ਲਮ ਦੀਆਂ ਕੰਧਾਂ ਦੀ ਪੁਨਰ ਉਸਾਰੀ ਕਰੋ।
19 ਫ਼ੇਰ ਤੁਸੀਂ ਚੰਗੀਆਂ ਬਲੀਆਂ
ਅਤੇ ਅਗਨ ਭੇਟਾਂ ਕੀਤੇ ਚੜ੍ਹਾਵਿਆਂ ਨੂੰ ਮਾਣੋਂਗੇ
ਅਤੇ ਫ਼ੇਰ ਲੋਕ ਤੁਹਾਡੀ ਜਗਵੇਦੀ ਉੱਤੇ ਬਲਦ ਚੜ੍ਹਾਉਣਗੇ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ ਜਦੋਂ ਦੋਏਗ ਅਦੋਮੀ ਸ਼ਾਊਲ ਕੋਲ ਗਿਆ ਅਤੇ ਉਸ ਨੂੰ ਦੱਸਿਆ, “ਦਾਊਦ ਅਹੀਮਲਕ ਦੇ ਘਰ ਵਿੱਚ ਹੈ।”
52 ਹੇ ਵੱਡੇ ਆਦਮੀ, ਤੂੰ ਆਪਣੀਆਂ ਕੀਤੀਆਂ ਦੁਸ਼ਟ ਗੱਲਾਂ ਬਾਰੇ ਸ਼ੇਖੀ ਕਿਉਂ ਮਾਰਦਾ ਹੈਂ?
ਤੂੰ ਪਰਮੇਸ਼ੁਰ ਲਈ ਇੱਕ ਨਿਰਾਦਰ ਹੈਂ।
ਤੂੰ ਸਾਰਾ ਦਿਨ ਦੁਸ਼ਟ ਗੱਲਾਂ ਕਰਨ ਦੀ ਯੋਜਨਾ ਬਣਾਉਂਦਾ ਹੈਂ।
2 ਤਸੀਂ ਮੂਰੱਖਤਾ ਭਰੀਆਂ ਵਿਉਂਤਾ ਬਣਾਉਂਦੇ ਹੋ ਅਤੇ ਤੁਹਾਡੀ ਜ਼ੁਬਾਨ ਤੇਜ ਤਰਾਰ ਉਸਤਰੇ ਵਰਗੀ ਹੈ।
ਤੁਸੀਂ ਹਰ ਵੇਲੇ ਝੂਠ ਬੋਲਦੇ ਹੋਂ।
ਤੁਸੀਂ ਲੋਕਾਂ ਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰਦੇ ਹੋ।
3 ਤੁਸੀਂ ਨੇਕੀ ਨਾਲੋਂ ਬਦੀ ਨੂੰ ਵੱਧੇਰੇ ਪਿਆਰ ਕਰਦੇ ਹੋ।
ਤੁਸੀਂ ਝੂਠ ਨੂੰ ਸੱਚ ਬੋਲਣ ਨਾਲੋਂ ਵੱਧੇਰੇ ਪਿਆਰ ਕਰਦੇ ਹੋ।
4 ਤੁਸੀਂ ਅਤੇ ਤੁਹਾਡੀ ਝੂਠੀ ਜ਼ੁਬਾਨ ਲੋਕਾਂ ਨੂੰ ਦੁੱਖ ਦੇਣਾ ਪਸੰਦ ਕਰਦੀ ਹੈ।
5 ਇਸ ਲਈ ਪਰਮੇਸ਼ੁਰ ਤੁਹਾਨੂੰ ਸਦਾ ਲਈ ਬਰਬਾਦ ਕਰ ਦੇਵੇਗਾ।
ਉਹ ਤੁਹਾਨੂੰ ਫ਼ੜ ਲਵੇਗਾ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚੋਂ ਖਿੱਚ ਲਵੇਗਾ, ਜਿਵੇਂ ਕੋਈ ਬੰਦਾ ਪੌਦੇ ਨੂੰ ਜੜਾਂ ਸਮੇਤ ਜ਼ਮੀਨ ਵਿੱਚੋਂ ਪੁੱਟਦਾ ਹੈ।
6 ਨੇਕ ਲੋਕ ਇਸ ਨੂੰ ਦੇਖਣਗੇ ਅਤੇ ਪਰਮੇਸ਼ੁਰ ਤੋਂ ਡਰਨਾ
ਅਤੇ ਉਸਦਾ ਆਦਰ ਕਰਨਾ ਸਿੱਖਣਗੇ।
ਉਹ ਤੁਹਾਡੇ ਉੱਤੇ ਹੱਸਣਗੇ ਅਤੇ ਆਖਣਗੇ,
7 “ਦੇਖੋ ਉਸ ਬੰਦੇ ਨਾਲ ਕੀ ਵਾਪਰਿਆ ਹੈ, ਜੋ ਪਰਮੇਸ਼ੁਰ ਉੱਤੇ ਟੇਕ ਨਹੀਂ ਰੱਖਦਾ ਸੀ।
ਉਸ ਬੰਦੇ ਨੇ ਸੋਚਿਆ ਸੀ ਕਿ ਉਸਦੀ ਦੌਲਤ ਅਤੇ ਉਸ ਦੇ ਝੂਠ ਉਸਦੀ ਰੱਖਿਆ ਕਰਨਗੇ।”
8 ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
9 ਹੇ ਪਰਮੇਸ਼ੁਰ, ਮੈਂ ਉਨ੍ਹਾਂ ਗੱਲਾਂ ਲਈ ਤੁਹਾਡੀ ਉਸਤਤਿ ਕਰਦਾ ਹਾਂ ਜੋ ਤੁਸਾਂ ਹਮੇਸ਼ਾ ਕੀਤੀਆਂ ਹਨ।
ਮੈਂ ਤੁਹਾਡਾ ਨਾਮ ਤੁਹਾਡੇ ਪੈਰੋਕਾਰਾਂ ਸਾਹਮਣੇ ਉਚਾਰਾਂਗਾ ਕਿਉਂਕਿ ਇਹ ਇੰਨਾ ਚੰਗਾ ਹੈ।
ਨਿਰਦੇਸ਼ਕ ਲਈ: ਮਹਾਲਥ ਦੀ ਧੁਨੀ। ਦਾਊਦ ਦਾ ਇੱਕ ਭੱਗਤੀ ਗੀਤ।
53 ਇਹ ਸਿਰਫ਼ ਇੱਕ ਦੁਸ਼ਟ ਵਿਅਕਤੀ ਹੀ ਹੈ ਜਿਹੜਾ ਸੋਚਦਾ ਹੈ ਕਿ ਪਰਮੇਸ਼ੁਰ ਮੌਜੁਦ ਨਹੀਂ ਹੈ।
ਇਸ ਤਰ੍ਹਾਂ ਦੇ ਲੋਕੀਂ ਭ੍ਰਸ਼ਟ, ਦੁਸ਼ਟ ਅਤੇ ਦੋਖੀ ਹੁੰਦੇ ਹਨ
ਅਤੇ ਉਹ ਚੰਗੀਆਂ ਗੱਲਾਂ ਨਹੀਂ ਕਰਦੇ।
2 ਸੱਚਮੁੱਚ ਪਰਮੇਸ਼ੁਰ ਸਵਰਗ ਵਿੱਚੋਂ ਸਾਡੇ ਉੱਤੇ ਨਜ਼ਰ ਰੱਖ ਰਿਹਾ ਹੈ।
ਪਰਮੇਸ਼ੁਰ ਸਿਆਣੇ ਲੋਕਾਂ ਦੀ ਭਾਲ ਵਿੱਚ ਹੈ
ਜਿਹੜੇ ਪਰਮੇਸ਼ੁਰ ਨੂੰ ਭਾਲ ਰਹੇ ਹਨ।
3 ਪਰ ਹਰ ਕੋਈ ਪਰਮੇਸ਼ੁਰ ਤੋਂ ਦੂਰ ਹੋਇਆ ਹੈ।
ਹਰ ਬੰਦਾ ਬੁਰਾ ਹੈ ਕੋਈ ਵੀ ਬੰਦਾ ਨੇਕੀ ਨਹੀਂ ਕਰਦਾ।
ਕੋਈ ਨਹੀਂ, ਇੱਕ ਬੰਦਾ ਵੀ ਨਹੀਂ।
4 ਪਰਮੇਸ਼ੁਰ ਆਖਦਾ ਹੈ, “ਅਵੱਸ਼ ਹੀ ਉਹ ਮੰਦੇ ਲੋਕ ਸੱਚ ਜਾਣਦੇ ਹਨ।
ਪਰ ਉਹ ਮੇਰੇ ਅੱਗੇ ਪ੍ਰਾਰਥਨਾ ਨਹੀਂ ਕਰਦੇ।
ਮੰਦੇ ਲੋਕ ਮੇਰੇ ਲੋਕਾਂ ਨੂੰ ਬਰਬਾਦ ਕਰਨ ਲਈ ਇਸ ਤਰ੍ਹਾਂ ਤਿਆਰ ਹਨ ਜਿਵੇਂ ਉਹ ਭੋਜਨ ਕਰਨ ਲੱਗੇ ਹੋਣ।”
5 ਪਰ ਉਹ ਮੰਦੇ ਲੋਕੀਂ ਇੰਨੇ ਭੈਭੀਤ ਹੋਣਗੇ ਜਿੰਨਾ ਉਹ ਪਹਿਲਾਂ ਕਦੀ ਨਹੀਂ ਹੋਏ।
ਉਹ ਮੰਦੇ ਲੋਕ ਇਸਰਾਏਲ ਦੇ ਦੁਸ਼ਮਣ ਹਨ।
ਪਰਮੇਸ਼ੁਰ ਨੇ ਉਨ੍ਹਾਂ ਮੰਦੇ ਲੋਕਾਂ ਨੂੰ ਤਿਆਗ ਦਿੱਤਾ ਹੈ।
ਇਸ ਲਈ ਪਰਮੇਸ਼ੁਰ ਦੇ ਲੋਕ ਉਨ੍ਹਾਂ ਨੂੰ ਹਰਾ ਦੇਣਗੇ,
ਅਤੇ ਪਰਮੇਸ਼ੁਰ ਉਨ੍ਹਾਂ ਮੰਦੇ ਲੋਕਾਂ ਦੀਆਂ ਹੱਡੀਆਂ ਖਿਲਾਰ ਦੇਵੇਗਾ।
6 ਮੈਂ ਚਾਹੁੰਦਾ ਹਾਂ ਕਿ ਕੋਈ ਇਸਰਾਏਲ ਲਈ ਸੀਯੋਨ ਪਰਬਤ ਤੋਂ ਜਿੱਤ ਲੈ ਕੇ ਆਵੇ।
ਉਸ ਸਮੇਂ ਪਰਮੇਸ਼ੁਰ ਆਪਣੇ ਲੋਕਾਂ ਨੂੰ ਦੇਸ਼ ਨਿਕਾਲੇ ਤੋਂ ਵਾਪਸ ਲਿਆਵੇਗਾ।
ਯਾਕੂਬ ਖੁਸ਼ੀ ਮਨਾਵੇਗਾ।
ਇਸਰਾਏਲ ਬਹੁਤ ਆਨੰਦਿਤ ਹੋਵੇਗਾ।
ਤੁਸੀਂ ਯਹੂਦੀ ਵੀ ਪਾਪੀ ਹੋ
2 ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਦੁਨੀਆਂ ਦਾ ਨਿਆਂ ਕਰ ਸੱਕਦੇ ਹੋ, ਤੁਸੀਂ ਗਲਤ ਕਰ ਰਹੇ ਹੋ। ਤੁਸੀਂ ਖੁਦ ਵੀ ਪਾਪ ਕਰਨ ਦੇ ਕਸੂਰਵਾਰ ਹੋ ਅਰ ਤੁਸੀਂ ਉਨ੍ਹਾਂ ਲੋਕਾਂ ਨੂੰ ਕਸੂਰਵਾਰ ਠਹਿਰਾਉਂਦੇ ਹੋ, ਪਰ ਖੁਦ ਵੀ ਉਹੀ ਕਰਦੇ ਹੋ, ਜੋ ਉਹ ਕਰਦੇ ਹਨ। ਇਸ ਲਈ ਜਦੋਂ ਤੁਸੀਂ ਦੂਜਿਆਂ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ ਅਸਲ ਵਿੱਚ ਤੁਸੀਂ ਆਪਣੇ ਆਪ ਦਾ ਦੋਸ਼ੀ ਹੋਣ ਦਾ ਨਿਆਂ ਕਰਦੇ ਹੋ। 2 ਪਰਮੇਸ਼ੁਰ ਉਨ੍ਹਾਂ ਦਾ ਨਿਆਂ ਖੁਦ ਕਰਦਾ ਹੈ ਜਿਹੜੇ ਲੋਕ ਇਸ ਤਰ੍ਹਾਂ ਦੇ ਮੰਦੇ ਕੰਮ ਕਰਦੇ ਹਨ। ਅਸੀਂ ਜਾਣਦੇ ਹਾਂ ਕਿ ਪਰਮੇਸ਼ੁਰ ਦਾ ਨਿਆਂ ਹਮੇਸ਼ਾ ਸਹੀ ਹੁੰਦਾ ਹੈ। 3 ਤੁਸੀਂ ਉਨ੍ਹਾਂ ਲੋਕਾਂ ਦਾ ਨਿਆਂ ਕਰਦੇ ਹੋ ਜੋ ਅਜਿਹੇ ਮੰਦੇ ਕਰਦੇ ਹਨ, ਪਰ ਤੁਸੀਂ ਖੁਦ ਵੀ ਉਹੀ ਗੱਲਾਂ ਕਰ ਰਹੇ ਹੋ। ਸੋ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਨਿਸ਼ਚਿਤ ਹੀ ਪਰਮੇਸ਼ੁਰ ਤੁਹਾਡਾ ਵੀ ਨਿਆਂ ਕਰੇਗਾ। ਉਦੋਂ ਤੁਸੀਂ ਨਹੀਂ ਬਚ ਸੱਕੋਂਗੇ। 4 ਪਰਮੇਸ਼ੁਰ ਤੁਹਾਡੇ ਤੇ ਬਹੁਤ ਦਿਆਲੂ ਰਿਹਾ ਹੈ ਅਤੇ ਉਸ ਨੇ ਤੁਹਾਡੇ ਨਾਲ ਬੜੇ ਸਬਰ ਤੋਂ ਕੰਮ ਲਿਆ ਹੈ। ਉਹ ਤੁਹਾਡੇ ਬਦਲਣ ਦਾ ਇੰਤਜ਼ਾਰ ਕਰ ਰਿਹਾ ਹੈ, ਪਰ ਤੁਸੀਂ ਉਸਦੀ ਦਯਾ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਹੋ। ਤੁਸੀਂ ਇਹ ਮਹਿਸੂਸ ਨਹੀਂ ਕਰ ਰਹੇ ਕਿ ਪਰਮੇਸ਼ੁਰ ਦੀ ਦਯਾ, ਦਾ ਉਦੇਸ਼ ਤੁਹਾਡੇ ਦਿਲ ਅਤੇ ਜੀਵਨ ਨੂੰ ਬਦਲਣ ਵਿੱਚ ਤੁਹਾਡੀ ਮਦਦ ਕਰਨ ਦਾ ਹੈ।
5 ਪਰ ਤੁਸੀਂ ਬੜੇ ਕਠੋਰ ਅਤੇ ਸਖਤ ਦਿਲ ਹੋ। ਤੁਸੀਂ ਬਦਲਣ ਤੋਂ ਇਨਕਾਰੀ ਹੋ, ਇਸੇ ਲਈ ਤੁਸੀਂ ਖੁਦ ਹੀ ਆਪਣੇ ਦੰਡ ਨੂੰ ਜਮ੍ਹਾ ਕਰੀ ਜਾ ਰਹੇ ਹੋ। ਜਿਸ ਦਿਨ ਪਰਮੇਸ਼ੁਰ ਆਪਣਾ ਗੁੱਸਾ ਵਿਖਾਵੇਗਾ ਤੁਸੀਂ ਉਹ ਸਜ਼ਾ ਪ੍ਰਾਪਤ ਕਰੋਂਗੇ। ਉਸ ਦਿਨ ਲੋਕ ਪਰਮੇਸ਼ੁਰ ਦੇ ਸੱਚੇ ਨਿਆਂ ਨੂੰ ਵੇਖਣਗੇ। 6 ਉਸ ਦਿਨ ਪਰਮੇਸ਼ੁਰ ਹਰ ਇੱਕ ਨੂੰ ਉਸ ਦੇ ਕੀਤੇ ਅਨੁਸਾਰ ਸਜ਼ਾ ਜਾਂ ਫ਼ਲ ਦੇਵੇਗਾ। 7 ਜਿਹੜੇ ਮਨੁੱਖ ਪਰਮੇਸ਼ੁਰ ਦੀ ਮਹਿਮਾ, ਸਤਿਕਾਰ ਅਤੇ ਸਦੀਪਕ ਜੀਵਨ ਵਾਸਤੇ ਜਿਉਂਦੇ ਹਨ ਉਹ ਨਿਰੰਤਰ ਚੰਗੇ ਕੰਮ ਕਰਦੇ ਹਨ। ਉਹ ਪਰਮੇਸ਼ੁਰ ਤੋਂ ਸਦੀਪਕ ਜੀਵਨ ਪ੍ਰਾਪਤ ਕਰਨਗੇ। 8 ਪਰ ਕੁਝ ਲੋਕ ਸੁਆਰਥੀ ਹਨ ਅਤੇ ਉਹ ਸੱਚ ਨੂੰ ਮੰਨਣ ਤੋਂ ਇਨਕਾਰੀ ਹਨ। ਉਹ ਲੋਕ ਦੁਸ਼ਟਤਾ ਦੇ ਰਾਹ ਦਾ ਅਨੁਸਰਣ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਦੰਡ ਦੇਵੇਗਾ ਤੇ ਆਪਣਾ ਕਰੋਧ ਵਿਖਾਵੇਗਾ। 9 ਪਰਮੇਸ਼ੁਰ ਹਰੇਕ ਉਸ ਮਨੁੱਖ ਨੂੰ ਪਹਿਲਾਂ ਯਹੂਦੀ ਨੂੰ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਉਦਾਸੀ ਅਤੇ ਕਸ਼ਟ ਦੇਵੇਗਾ ਜਿਹੜਾ ਬੁਰਿਆਈ ਕਰਦਾ ਹੈ। 10 ਪਰਮੇਸ਼ੁਰ ਹਰੇਕ ਮਨੁੱਖ ਨੂੰ ਪਹਿਲਾਂ ਯਹੂਦੀ ਅਤੇ ਮਗਰੋਂ ਗੈਰ-ਯਹੂਦੀ ਨੂੰ ਵੀ ਮਹਿਮਾ, ਸਤਿਕਾਰ ਅਤੇ ਸ਼ਾਂਤੀ ਦੇਵੇਗਾ ਜਿਹੜੇ ਚੰਗੇ ਕੰਮ ਕਰਦਾ ਹੈ। 11 ਪਰਮੇਸ਼ੁਰ ਸਭ ਲੋਕਾਂ ਦਾ ਨਿਆਂ ਬਿਨਾ ਪੱਖਪਾਤ ਤੋਂ ਕਰਦਾ ਹੈ।
12 ਜਿਨ੍ਹਾਂ ਲੋਕਾਂ ਨੇ ਸ਼ਰ੍ਹਾ ਤੋਂ ਬਿਨਾ ਪਾਪ ਕੀਤੇ ਹਨ, ਉਨ੍ਹਾਂ ਦਾ ਨਿਆਂ ਸ਼ਰ੍ਹਾ ਤੋਂ ਬਿਨਾ ਕੀਤਾ ਜਾਵੇਗਾ, ਅਤੇ ਜਿਨ੍ਹਾਂ ਲੋਕਾਂ ਨੇ ਸ਼ਰ੍ਹਾ ਦੇ ਹੁੰਦਿਆਂ ਹੋਇਆ ਪਾਪ ਕੀਤੇ ਹਨ ਉਨ੍ਹਾਂ ਦਾ ਨਿਆਂ ਸ਼ਰ੍ਹਾ ਅਨੁਸਾਰ ਕੀਤਾ ਜਾਵੇਗਾ। 13 ਸ਼ਰ੍ਹਾ ਨੂੰ ਸੁਣਨ ਨਾਲ ਕੋਈ ਵੀ ਧਰਮੀ ਨਹੀਂ ਬਣ ਸੱਕਦਾ। ਸਿਰਫ਼ ਉਹੀ, ਜਿਹੜੇ ਉਹ ਕਰਦੇ ਹਨ ਜੋ ਸ਼ਰ੍ਹਾ ਆਖਦੀ ਹੈ ਧਰਮੀ ਠਹਿਰਾਏ ਜਾਣਗੇ।
14 ਗੈਰ-ਯਹੂਦੀਆਂ ਕੋਲ ਸ਼ਰ੍ਹਾ ਨਹੀਂ ਹੈ। ਪਰ ਜੇ ਉਹ ਜੋ ਸ਼ਰ੍ਹਾ ਦਾ ਹੁਕਮ ਹੈ ਆਪਣੇ ਆਪ ਕਰਦੇ ਹਨ, ਭਾਵੇਂ ਉਨ੍ਹਾਂ ਕੋਲ ਸ਼ਰ੍ਹਾ ਨਹੀਂ ਹੈ, ਉਹ ਖੁਦ ਵਾਸਤੇ ਹੀ ਸ਼ਰ੍ਹਾ ਹਨ। 15 ਉਹ ਦਰਸ਼ਾਉਂਦੇ ਹਨ ਕਿ ਸ਼ਰ੍ਹਾ ਉਨ੍ਹਾਂ ਦੇ ਦਿਲਾਂ ਵਿੱਚ ਲਿਖੀ ਹੋਈ ਹੈ। ਉਹ ਇਸ ਨੂੰ ਆਪਣੀ ਭਾਵਨਾ ਦੁਆਰਾ ਸਹੀ ਅਤੇ ਗਲਤ ਦਰਸ਼ਾਉਂਦੇ ਹਨ। ਕਈ ਵਾਰੀ ਉਨ੍ਹਾਂ ਦੀਆਂ ਸੋਚਾਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਗਲਤ ਕੀਤਾ, ਅਤੇ ਇਹ ਉਨ੍ਹਾਂ ਨੂੰ ਦੋਸ਼ੀ ਬਣਾਉਂਦਾ ਹੈ। ਕਈ ਵਾਰੀ ਉਨ੍ਹਾਂ ਦੀਆਂ ਸੋਚਾਂ ਉਨ੍ਹਾਂ ਨੂੰ ਦੱਸਦੀਆਂ ਹਨ ਕਿ ਉਨ੍ਹਾਂ ਨੇ ਸਹੀ ਕੀਤਾ, ਅਤੇ ਇਹ ਉਨ੍ਹਾਂ ਨੂੰ ਨਿਰਦੋਸ਼ ਬਣਾਉਂਦੀਆਂ ਹਨ।
16 ਇਹ ਸਭ ਉਦੋਂ ਵਾਪਰੇਗਾ ਜਦੋਂ ਪਰਮੇਸ਼ੁਰ ਮਨੁੱਖਾਂ ਦੀਆਂ ਗੁਪਤ ਗੱਲਾਂ ਦਾ ਨਿਆਂ ਕਰੇਗਾ। ਖੁਸ਼ਖਬਰੀ ਦੇ ਅਨੁਸਾਰ ਮੈਂ ਪ੍ਰਚਾਰ ਕਰਦਾ ਹਾਂ। ਪਰਮੇਸ਼ੁਰ ਲੋਕਾਂ ਦਾ ਨਿਆਂ ਮਸੀਹ ਯਿਸੂ ਰਾਹੀਂ ਕਰੇਗਾ।
ਯਹੂਦੀ ਅਤੇ ਸ਼ਰ੍ਹਾ
17 ਤੁਹਾਡਾ ਕੀ ਬਣੇਗਾ? ਤੁਸੀਂ ਆਖਦੇ ਹੋ ਕਿ ਤੁਸੀਂ ਯਹੂਦੀ ਹੋ। ਤੁਸੀਂ ਸ਼ਰ੍ਹਾ ਵਿੱਚ ਯਕੀਨ ਰੱਖਦੇ ਹੋ ਅਤੇ ਸ਼ੇਖੀ ਮਾਰਦੇ ਹੋ ਕਿ ਤੁਸੀਂ ਪਰਮੇਸ਼ੁਰ ਦੇ ਨਜ਼ਦੀਕ ਹੋ। 18 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਥੋਂ ਕੀ ਕਰਾਉਣਾ ਚਾਹੁੰਦਾ ਹੈ, ਅਤੇ ਤੁਸੀਂ ਜਾਣਦੇ ਹੋ ਕਿ ਕਿਹੜੀਆਂ ਗੱਲਾਂ ਮਹਤਵਪੂਰਣ ਹਨ ਕਿਉਂਕਿ ਤੁਹਾਡੇ ਕੋਲ ਸ਼ਰ੍ਹਾ ਦੀ ਅਗਵਾਈ ਹੈ। 19 ਤੁਸੀਂ ਸੋਚਦੇ ਹੋ ਕਿ ਤੁਸੀਂ ਉਨ੍ਹਾਂ ਲਈ ਮਾਰਗ ਦਰਸ਼ਕ ਹੋ, ਜਿਹੜੇ ਅੰਨ੍ਹੇ ਹਨ, ਅਤੇ ਉਨ੍ਹਾਂ ਲਈ ਰੌਸ਼ਨੀ ਹੋ, ਜਿਹੜੇ ਹਨੇਰੇ ਵਿੱਚ ਹਨ। 20 ਤੁਸੀਂ ਸੋਚਦੇ ਹੋ ਕਿ ਤੁਸੀਂ ਮੂਰੱਖਾਂ ਨੂੰ ਕੀ ਠੀਕ ਹੈ ਦੀ ਪਛਾਣ ਕਰਵਾ ਸੱਕਦੇ ਹੋ। ਅਤੇ ਇਹ ਵੀ ਸੋਚਦੇ ਹੋ ਤੁਸੀਂ ਨਵੇਂ ਵਿਦਿਆਰਥੀਆਂ ਲਈ ਅਧਿਆਪਕ ਹੋ। ਤੁਹਾਡੇ ਕੋਲ ਸ਼ਰ੍ਹਾ ਹੈ, ਇਸ ਲਈ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਸਭ ਕੁਝ ਜਾਣਦੇ ਹੋ ਅਤੇ ਤੁਹਾਡੇ ਕੋਲ ਸਾਰੇ ਸੱਚ ਹਨ। 21 ਤਾਂ ਤੁਸੀਂ ਜੋ ਦੂਜਿਆਂ ਨੂੰ ਉਪਦੇਸ਼ ਦਿੰਦੇ ਹੋ, ਤੁਸੀਂ ਆਪਣੇ-ਆਪ ਨੂੰ ਕਿਉਂ ਨਹੀਂ ਸਿੱਖਾਉਂਦੇ? ਤੁਸੀਂ ਜੋ ਦੂਜਿਆਂ ਨੂੰ ਚੋਰੀ ਨਾ ਕਰਨ ਵਾਸਤੇ ਆਖਦੇ ਹੋ ਕੀ ਤੁਸੀਂ ਚੋਰੀ ਨਹੀਂ ਕਰਦੇ ਹੋ? 22 ਤੁਸੀਂ ਜੋ ਦੂਜਿਆਂ ਨੂੰ ਆਖਦੇ ਹੋ ਬਦਕਾਰੀ ਦਾ ਪਾਪ ਨਾ ਕਰੋ, ਕੀ ਤੁਸੀਂ ਨਹੀਂ ਕਰਦੇ? ਤੁਸੀਂ ਮੂਰਤੀਆਂ, ਨੂੰ ਘਿਰਣਾ ਕਰਦੇ ਹੋ ਪਰ ਮੰਦਰਾਂ ਵਿੱਚੋਂ ਚੁਰਾਉਂਦੇ ਹੋ। 23 ਤੁਸੀਂ ਪਰਮੇਸ਼ੁਰ ਦੀ ਸ਼ਰ੍ਹਾ ਬਾਰੇ ਸ਼ੇਖੀ ਮਾਰਦੇ ਹੋ ਪਰ ਤੁਸੀਂ ਪਰਮੇਸ਼ੁਰ ਦਾ ਨੇਮ ਤੋੜਦੇ ਹੋ ਅਤੇ ਪਰਮੇਸ਼ੁਰ ਨੂੰ ਸ਼ਰਮਸਾਰੀ ਲਿਆਉਂਦੇ ਹੋ। 24 ਇਹ ਪੋਥੀਆਂ ਵਿੱਚ ਲਿਖਿਆ ਗਿਆ ਹੈ, “ਤੁਹਾਡੇ ਕਾਰਣ ਗੈਰ-ਯਹੂਦੀ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਦੇ ਹਨ।” [a]
25 ਜੇਕਰ ਤੁਸੀਂ ਸ਼ਰ੍ਹਾ ਦਾ ਅਨੁਸਰਣ ਕਰਦੇ ਹੋ ਤਾਂ ਤੁਹਾਡੀ ਸੁੰਨਤ ਦਾ ਅਰਥ ਹੈ। ਪਰ ਜੇਕਰ ਤੁਸੀਂ ਸ਼ਰ੍ਹਾ ਤੋੜਦੇ ਹੋ, ਤਾਂ ਤੁਸੀਂ ਅਸੁੰਨਤੀਆਂ ਵਾਂਗ ਸਮਝੇ ਜਾਵੋਂਗੇ। 26 ਭਾਵੇਂ ਗੈਰ-ਯਹੂਦੀਆਂ ਦੀ ਸੁੰਨਤ ਨਹੀਂ ਹੋਈ, ਪਰ ਜੇਕਰ ਉਹ ਸ਼ਰ੍ਹਾ ਮੁਤਾਬਕ ਜਿਉਣ, ਉਨ੍ਹਾਂ ਨੂੰ ਇਵੇਂ ਸਮਝਾਇਆ ਜਾਏਗਾ ਜਿਵੇਂ ਉਨ੍ਹਾਂ ਦੀ ਸੁੰਨਤ ਹੋਈ ਹੋਵੇ। 27 ਤੁਸਾਂ ਯਹੂਦੀਆਂ ਕੋਲ ਲਿਖੀ ਹੋਈ ਸ਼ਰ੍ਹਾ ਹੈ, ਅਤੇ ਤੁਹਾਡੀ ਸੁੰਨਤ ਹੋਈ ਵੀ ਹੈ, ਪਰ ਤੁਸੀਂ ਸ਼ਰ੍ਹਾ ਨੂੰ ਤੋੜਦੇ ਹੋ। ਸੋ ਜਿਹੜੇ ਲੋਕਾਂ ਦੀ ਸੁੰਨਤ ਉਨ੍ਹਾਂ ਦੇ ਸਰੀਰ ਵਿੱਚ ਨਹੀਂ ਹੋਈ ਪਰ ਹਾਲੇ ਵੀ ਸ਼ਰ੍ਹਾ ਨੂੰ ਮੰਨਦੇ ਹਨ, ਸਾਬਤ ਕਰੇਗਾ ਕਿ ਤੁਸੀਂ ਦੋਸ਼ੀ ਹੋ।
28 ਉਹ ਮਨੁੱਖ ਸੱਚਾ ਯਹੂਦੀ ਨਹੀਂ ਹੈ, ਜੇਕਰ ਉਹ ਸਿਰਫ਼ ਆਪਣੇ ਸਰੀਰ ਵਜੋਂ ਯਹੂਦੀ ਹੈ। ਸੱਚੀ ਸੁੰਨਤ ਸਰੀਰ ਤੇ ਨਿਸ਼ਾਨ ਹੋਣਾ ਨਹੀਂ ਹੈ। 29 ਪਰ ਸੱਚਾ ਯਹੂਦੀ ਉਹੀ ਹੈ ਜਿਸਦਾ ਦਿਲ ਪਰਮੇਸ਼ੁਰ ਦੀ ਦ੍ਰਿਸ਼ਟੀ ਵਿੱਚ ਧਰਮੀ ਹੈ। ਸੱਚੀ ਸੁੰਨਤ ਆਤਮਾ ਦੁਆਰਾ ਦਿਲ ਵਿੱਚ ਹੁੰਦੀ ਹੈ ਅਤੇ ਨਾ ਕਿ ਲਿਖੀ ਹੋਈ ਸ਼ਰ੍ਹਾ ਦੁਆਰਾ। ਉਹ ਵਿਅਕਤੀ ਜਿਸਦੀ ਸੁੰਨਤ ਆਤਮਾ ਦੁਆਰਾ ਉਸ ਦੇ ਦਿਲ ਵਿੱਚ ਹੋਈ ਹੈ ਪਰਮੇਸ਼ੁਰ ਵੱਲੋਂ ਉਸਤਤਿ ਪ੍ਰਾਪਤ ਕਰਦਾ ਹੈ ਅਤੇ ਨਾ ਕਿ ਲੋਕਾਂ ਵੱਲੋਂ।
2010 by World Bible Translation Center