Old/New Testament
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
20 ਯਹੋਵਾਹ ਤੁਹਾਡੀ ਬੇਨਤੀ ਸੁਣੇ ਅਤੇ ਜਵਾਬ ਦੇਵੇ, ਜਦੋਂ ਵੀ ਤੁਸੀਂ ਗੰਭੀਰ ਮੁਸੀਬਤਾਂ ਪਾਰ ਕਰਦੇ ਹੋਏ ਉਸਦੀ ਮਦਦ ਲਈ ਪੁਕਾਰ ਕਰੋ।
ਯਾਕੂਬ ਦਾ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ।
2 ਕਾਸ਼ ਪਰਮੇਸ਼ੁਰ ਤੁਹਾਨੂੰ ਆਪਣੇ ਪਵਿੱਤਰ ਸਥਾਨ ਵਿੱਚੋਂ ਮਦਦ ਭੇਜੇ।
ਉਹ ਸੀਯੋਨ ਤੋਂ ਤੁਹਾਡੀ ਸਹਾਇਤਾ ਕਰੇ।
3 ਯਹੋਵਾਹ ਉਨ੍ਹਾਂ ਸਾਰੀਆਂ ਸੁਗਾਤਾਂ ਨੂੰ ਚੇਤੇ ਰੱਖੇ ਜਿਹੜੀਆਂ ਤੁਸੀਂ ਭੇਟ ਕਰਦੇ ਹੋ
ਅਤੇ ਤੁਹਾਡੀਆਂ ਸਾਰੀਆਂ ਬਲੀਆਂ ਪ੍ਰਵਾਨ ਕਰੇ।
4 ਪਰਮੇਸ਼ੁਰ ਤੁਹਾਨੂੰ ਉਹ ਸਭ ਕੁਝ ਦੇਵੇ ਜਿਸਦੀ ਸੱਚਮੁੱਚ ਤੁਸੀਂ ਇੱਛਾ ਕਰਦੇ ਹੋ।
ਉਹ ਤੁਹਾਡੀਆਂ ਸਾਰੀਆਂ ਯੋਜਨਾਵਾਂ ਸਫ਼ਲ ਬਣਾਵੇ।
5 ਸਾਨੂੰ ਖੁਸ਼ੀ ਹੋਵੇਗੀ ਜਦੋਂ ਪਰਮੇਸ਼ੁਰ ਤੁਹਾਡਾ ਸਹਾਈ ਹੋਵੇਗਾ।
ਆਉ ਪਰਮੇਸ਼ੁਰ ਦੇ ਨਾਮ ਦੀ ਉਸਤਤਿ ਕਰੀਏ।
ਜੋ ਕੁਝ ਵੀ ਤੁਸੀਂ ਉਸਤੋਂ ਮੰਗੋ ਪਰਮੇਸ਼ੁਰ ਤੁਹਾਨੂੰ ਦੇਵੇ।
6 ਹੁਣ ਮੈਂ ਜਾਣਦਾ ਹਾਂ ਕਿ ਯਹੋਵਾਹ ਆਪਣੇ ਚੁਣੇ ਹੋਏ ਰਾਜੇ ਦੀ ਮਦਦ ਕਰਦਾ ਹੈ।
ਪਰਮੇਸ਼ੁਰ ਆਪਣੇ ਪਵਿੱਤਰ ਸਵਰਗ ਵਿੱਚ ਸੀ, ਅਤੇ ਉਸ ਨੇ ਆਪਣੇ ਚੁਣੇ ਹੋਏ ਰਾਜੇ ਦੀ ਪੁਕਾਰ ਸੁਣੀ।
ਪਰਮੇਸ਼ੁਰ ਨੇ ਰਾਜੇ ਨੂੰ ਬਚਾਉਣ ਲਈ ਆਪਣੀ ਮਹਾਂ ਸ਼ਕਤੀ ਵਰਤੀ।
7 ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ।
ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ।
ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
8 ਉਹ ਦੂਸਰੇ ਲੋਕ ਹਾਰ ਗਏ ਸਨ – ਉਹ ਯੁੱਧ ਅੰਦਰ ਮਰ ਗਏ।
ਪਰ ਅਸੀਂ ਜਿੱਤ ਪ੍ਰਾਪਤ ਕੀਤੀ ਸੀ। ਅਸੀਂ ਜੇਤੂ ਹਾਂ।
9 ਯਹੋਵਾਹ ਨੇ ਆਪਣੇ ਚੁਣੇ ਰਾਜੇ ਨੂੰ ਬਚਾਇਆ।
ਪਰਮੇਸ਼ੁਰ ਦੇ ਚੁਣੇ ਰਾਜੇ ਨੇ ਸਹਾਇਤਾ ਲਈ ਪੁਕਾਰਿਆ ਸੀ, ਅਤੇ ਪਰਮੇਸ਼ੁਰ ਨੇ ਪੁਕਾਰ ਸੁਣੀ ਸੀ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
21 ਹੇ ਯਹੋਵਾਹ, ਤੇਰੀ ਸ਼ਕਤੀ ਰਾਜੇ ਨੂੰ ਪ੍ਰਸੰਨ ਕਰਦੀ ਹੈ।
ਜਦੋਂ ਤੂੰ ਉਸ ਨੂੰ ਬਚਾਉਂਦਾ ਉਹ ਇੰਨਾ ਖੁਸ਼ ਹੈ।
2 ਤੁਸੀਂ ਰਾਜੇ ਨੂੰ ਮਨ ਇੱਛਿਤ ਵਸਤਾਂ ਦਿੱਤੀਆਂ,
ਅਤੇ ਜੋ ਵੀ ਉਸ ਨੇ ਮੰਗਿਆਂ ਤੁਸੀਂ ਉਸ ਨੂੰ ਦਿੱਤਾ।
3 ਯਹੋਵਾਹ ਸੱਚਮੁੱਚ ਤੁਸਾਂ ਰਾਜੇ ਨੂੰ ਅਸੀਸ ਦਿੱਤੀ।
ਤੁਸੀਂ ਉਸ ਦੇ ਸੀਸ ਉੱਤੇ ਸੁਨਿਹਰੀ ਤਾਜ ਰੱਖਿਆ।
4 ਹੇ ਪਰਮੇਸ਼ੁਰ, ਰਾਜੇ ਨੇ ਤੁਸਾਂ ਤੋਂ ਜੀਵਨ ਮੰਗਿਆ ਸੀ, ਅਤੇ ਤੁਸੀਂ ਇਹ ਉਸ ਨੂੰ ਪ੍ਰਦਾਨ ਕੀਤਾ।
ਤੁਸੀਂ ਉਸ ਨੂੰ ਲੰਮਾ ਜੀਵਨ ਦਿੱਤਾ ਜਿਹੜਾ ਸਦਾ-ਸਦਾ ਲਈ ਕਾਇਮ ਰਹਿੰਦਾ ਹੈ।
5 ਤੁਸਾਂ ਰਾਜੇ ਨੂੰ ਜਿੱਤ ਪ੍ਰਦਾਨ ਕੀਤੀ ਅਤੇ ਉਸ ਨੂੰ ਵੱਡੀ ਮਹਿਮਾ ਦਿੱਤੀ।
ਤੁਸਾਂ ਉਸ ਨੂੰ ਇੱਜ਼ਤ ਅਤੇ ਉਸਤਤਿ ਦਿੱਤੀ।
6 ਹੇ ਪਰਮੇਸ਼ੁਰ, ਸੱਚਮੁੱਚ ਤੁਸਾਂ ਰਾਜੇ ਨੂੰ ਸਦੀਵੀ ਅਸੀਸ ਦਿੱਤੀ।
ਜਦ ਵੀ ਰਾਜਾ ਤੁਹਾਡਾ ਮੁੱਖ ਤੱਕਦਾ ਹੈ, ਉਸ ਨੂੰ ਇਸਤੋਂ ਅਪਾਰ ਖੁਸ਼ੀ ਹੁੰਦੀ ਹੈ।
7 ਰਾਜਾ ਯਹੋਵਾਹ ਉੱਤੇ ਭਰੋਸਾ ਰੱਖਦਾ ਹੈ।
ਸੱਭ ਤੋਂ ਉੱਚਾ ਰਾਜਾ ਉਸ ਨੂੰ ਨਿਰਾਸ਼ ਨਹੀਂ ਕਰੇਗਾ।
8 ਹੇ ਪਰਮੇਸ਼ੁਰ, ਤੁਸੀਂ ਆਪਣੇ ਸਾਰੇ ਦੁਸ਼ਮਣਾਂ ਨੂੰ ਵਿਖਾ ਦਿਉਂਗੇ ਕਿ ਤੁਸੀਂ ਸ਼ਕਤੀਮਾਨ ਹੋ।
ਤੁਹਾਡੀ ਸ਼ਕਤੀ ਉਨ੍ਹਾਂ ਨੂੰ ਹਰਾਏਗੀ ਜਿਹੜੇ ਤੁਹਾਨੂੰ ਨਫ਼ਰਤ ਕਰਦੇ ਹਨ।
9 ਹੇ ਪਰਮੇਸ਼ੁਰ, ਜਦੋਂ ਤੂੰ ਰਾਜੇ ਦੇ ਨਾਲ ਹੈਂ ਉਹ ਬਲਦੇ ਗਰਮ ਤੰਦੂਰ ਵਰਗਾ ਹੈ,
ਜਿਹੜਾ ਉਸ ਸਾਰੀ ਸਮਗਰੀ ਨੂੰ ਸਾੜ ਦਿੰਦਾ ਹੈ, ਜਿਹੜੀ ਉਸ ਦੇ ਅੰਦਰ ਹੁੰਦੀ ਹੈ।
ਉਸਦਾ ਗੁੱਸਾ ਮੱਚਦੀ ਅੱਗ ਵਰਗਾ ਹੈ
ਜਿਹੜਾ ਮੁਕੰਮਲ ਤੌਰ ਤੇ ਉਸ ਦੇ ਵੈਰੀਆਂ ਦੀ ਤਬਾਹੀ ਦਾ ਕਾਰਣ ਬਣਦਾ ਹੈ।
10 ਉਸ ਦੇ ਦੁਸ਼ਮਣਾਂ ਦੇ ਪਰਿਵਾਰ ਵੀ ਤਬਾਹ ਹੋ ਜਾਣਗੇ,
ਉਹ ਧਰਤੀ ਉੱਤੋਂ ਮਿਟ ਜਾਣਗੇ।
11 ਕਿਉਂ? ਕਿਉਂਕਿ ਯਹੋਵਾਹ, ਉਨ੍ਹਾਂ ਲੋਕਾਂ ਨੇ ਤੁਹਾਡੇ ਖਿਲਾਫ਼ ਦੁਸ਼ਟ ਗੱਲਾਂ ਵਿਉਂਤੀਆਂ ਹਨ।
ਉਨ੍ਹਾਂ ਨੇ ਦੁਸ਼ਟ ਗੱਲਾਂ ਕਰਨ ਦੀਆਂ ਵਿਉਂਤਾਂ ਬਣਾਈਆਂ ਪਰ ਉਹ ਸਫ਼ਲਤਾ ਪ੍ਰਾਪਤ ਨਾ ਕਰ ਸੱਕੇ।
12 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਗੁਲਾਮ ਬਣਾਇਆ।
ਤੁਸਾਂ ਉਨ੍ਹਾਂ ਨੂੰ ਇੱਕ ਜੁੱਟ ਰੱਸੇ ਵਿੱਚ ਬੰਨ੍ਹ ਦਿੱਤਾ
ਤੁਸਾਂ ਉਨ੍ਹਾਂ ਦੇ ਗਲਾਂ ਵਿੱਚ ਰੱਸੇ ਪਾਏ।
ਤੁਸੀਂ ਗੁਲਾਮਾਂ ਵਾਂਗ ਉਨ੍ਹਾਂ ਦਾ ਸਿਰ ਝੁਕਾਇਆ।
13 ਯਹੋਵਾਹ, ਤੁਹਾਡੀ ਸ਼ਕਤੀ ਦੇ ਗੀਤਾਂ ਨੂੰ ਤੁਹਾਡੀ ਉਸਤਤਿ ਕਰਨ ਦਿਉ।
ਅਸੀਂ ਤੁਹਾਡੀ ਮਹਾਨਤਾ ਦੇ ਗੀਤ ਗਾਵਾਂਗੇ।
ਨਿਰਦੇਸ਼ਕ ਲਈ: “ਸਵੇਰ ਦਾ ਹਿਰਨ” ਦੀ ਧੁਨੀ। ਦਾਊਦ ਦਾ ਇੱਕ ਗੀਤ।
22 ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ। ਤੁਸਾਂ ਮੈਨੂੰ ਕਿਉਂ ਛੱਡ ਦਿੱਤਾ?
ਤੁਸੀਂ ਮੈਨੂੰ ਬਚਾਉਣ ਤੋਂ ਬਹੁਤ ਦੂਰ ਹੋਂ।
ਤੁਸੀਂ ਮਦਦ ਲਈ ਮੇਰੀ ਪੁਕਾਰ ਸੁਣਨ ਲਈ ਬਹੁਤ ਦੂਰ ਹੋਂ।
2 ਮੇਰੇ ਪਰਮੇਸ਼ੁਰ, ਮੈਂ ਦਿਨ ਵੇਲੇ ਤੁਹਾਨੂੰ ਅਵਾਜ਼ ਦਿੱਤੀ।
ਪਰ ਤੁਸੀਂ ਹੁਗਾਰਾ ਨਹੀਂ ਭਰਿਆ।
ਅਤੇ ਮੈਂ ਤੁਹਾਨੂੰ ਰਾਤ ਵੇਲੇ ਵੀ ਪੁਕਾਰਦਾ ਰਿਹਾ।
3 ਹੇ ਪਰਮੇਸ਼ੁਰ ਤੁਸੀਂ ਹੀ ਪਵਿੱਤਰ ਹੋ ਅਤੇ ਤੁਸੀਂ ਰਾਜੇ ਵਾਂਗ ਬਿਰਾਜਮਾਨ ਹੋ।
ਇਸਰਾਏਲ ਦੀਆਂ ਉਸਤਤਾਂ ਤੁਹਾਡਾ ਤਖਤ ਹਨ।
4 ਸਾਡੇ ਪੂਰਵਜਾਂ ਨੇ ਤੇਰੇ ਤੇ ਯਕੀਨ ਰੱਖਿਆ।
ਹਾਂ ਉਨ੍ਹਾਂ ਨੇ ਤੁਸਾਂ ਉੱਤੇ ਭਰੋਸਾ ਰੱਖਿਆ, ਪਰਮੇਸ਼ੁਰ, ਅਤੇ ਤੁਸਾਂ ਉਨ੍ਹਾਂ ਨੂੰ ਬਚਾਇਆ।
5 ਹੇ ਪਰਮੇਸ਼ੁਰ, ਸਾਡੇ ਪੂਰਵਜਾਂ ਨੇ ਤੁਹਾਨੂੰ ਪੁਕਾਰ ਕੀਤੀ ਅਤੇ ਉਹ ਆਪਣਿਆਂ ਦੁਸ਼ਮਣਾਂ ਤੋਂ ਬਚ ਗਏ ਸਨ।
ਉਨ੍ਹਾਂ ਨੇ ਤੇਰੇ ਉੱਤੇ ਯਕੀਨ ਕੀਤਾ, ਅਤੇ ਉਹ ਨਿਰਾਸ਼ ਨਹੀਂ ਸਨ।
6 ਇਸ ਲਈ, ਕੀ ਮੈਂ ਨਿਰਾ ਕੀੜਾ ਹੀ ਹਾਂ ਅਤੇ ਇੱਕ ਬੰਦਾ ਨਹੀਂ?
ਲੋਕੀਂ ਮੇਰੇ ਉੱਤੇ ਸ਼ਰਮਸਾਰ ਹਨ।
ਲੋਕੀਂ ਮੈਨੂੰ ਨਫ਼ਰਤ ਕਰਦੇ ਹਨ।
7 ਹਰ ਕੋਈ, ਜੋ ਮੇਰੇ ਵੱਲ ਵੇਖਦਾ ਹੈ ਮੇਰਾ ਮਜ਼ਾਕ ਉਡਾਉਂਦਾ।
ਉਹ ਆਪਣੇ ਸਿਰ ਫ਼ੇਰਨ ਅਤੇ ਮੈਨੂੰ ਦੰਦੀਆਂ ਚਿੜ੍ਹਾਵਨ।
8 ਉਹ ਮੈਨੂੰ ਆਖਦੇ ਹਨ: “ਯਹੋਵਾਹ ਨੂੰ ਮਦਦ ਲਈ ਬੁਲਾ,
ਸ਼ਾਇਦ ਉਹ ਤੈਨੂੰ ਬਚਾ ਸੱਕੇ।
ਜੇ ਉਹ ਤੈਨੂੰ ਇੰਨਾ ਚਾਹੁੰਦਾ, ਤਾਂ ਅਵੱਸ਼ ਹੀ ਤੇਰਾ ਨਿਸਤਾਰਾ ਕਰੇਗਾ।”
9 ਹੇ ਪਰਮੇਸ਼ੁਰ, ਸੱਚ ਤਾਂ ਇਹ ਹੈ ਕਿ ਤੁਸੀਂ ਹੀ ਹੋ ਜਿਸ ਉੱਪਰ ਮੈਂ ਨਿਰਭਰ ਹਾਂ।
ਤੁਸੀਂ ਹੀ ਉਸ ਦਿਨ ਤੋਂ ਮੇਰਾ ਧਿਆਨ ਰੱਖਿਆ ਹੈ ਜਦੋਂ ਮੈਂ ਜਨਮਿਆ ਸਾਂ।
ਤੁਸੀਂ ਹੀ ਮੈਨੂੰ ਉਦੋਂ ਹੌਂਸਲਾ ਤੇ ਸੁਕੂਨ ਦਿੱਤਾ, ਜਦੋਂ ਮੈਂ ਹਾਲੇ ਦੁੱਧ ਚੁੰਘਦਾ ਬੱਚਾ ਸਾਂ।
10 ਤੁਸੀਂ ਹੀ ਉਸ ਦਿਨ ਤੋਂ ਮੇਰੇ ਪਰਮੇਸ਼ੁਰ ਰਹੇ ਹੋ ਜਿਸ ਦਿਨ ਤੋਂ ਮੈਂ ਜੰਮਿਆ ਹਾਂ।
ਮੈਨੂੰ ਤੁਹਾਡੀ ਨਿਗਰਾਨੀ ਵਿੱਚ ਸੌਂਪ ਦਿੱਤਾ ਗਿਆ ਸੀ ਜਦੋਂ ਮੈਂ ਮਾਤਾ ਦੇ ਗਰਭ ਵਿੱਚੋਂ ਬਾਹਰ ਆਇਆ ਸੀ।
11 ਇਸ ਲਈ ਹੇ ਪਰਮੇਸ਼ੁਰ, ਮੈਨੂੰ ਛੱਡ ਕੇ ਨਾ ਜਾਵੋ।
ਸੰਕਟ ਨੇੜੇ ਹੈ।
ਅਤੇ ਇੱਥੇ ਕੋਈ ਮੇਰੀ ਮਦਦ ਕਰਨ ਵਾਲਾ ਨਹੀਂ ਹੈ।
12 ਲੋਕੀਂ ਮੈਨੂੰ ਘੇਰਾ ਪਾ ਰਹੇ ਹਨ,
ਉਹ ਤਕੜੇ ਸਾਨਾਂ ਵਾਂਗ ਮੈਨੂੰ ਘੇਰੇ ਹੋਏ ਹਨ।
13 ਉਨ੍ਹਾਂ ਦੇ ਮੂੰਹ ਖੁਲ੍ਹੇ ਹੋਏ ਹਨ ਜਿਵੇਂ ਕੋਈ ਬੱਬਰ ਦਹਾੜੇ
ਅਤੇ ਕਿਸੇ ਜਾਨਵਰ ਤਾਈਂ ਪਾੜੇ।
14 ਮੇਰੀ ਤਾਕਤ ਮੁੱਕ ਗਈ ਹੈ,
ਜਿਵੇਂ ਧਰਤੀ ਤੇ ਪਾਣੀ ਡੁੱਲ੍ਹ ਜਾਂਦਾ ਹੈ।
ਮੇਰੀਆਂ ਸਾਰੀਆਂ ਹੱਡੀਆਂ ਅਲੱਗ-ਅਲੱਗ ਕਰ ਦਿੱਤੀਆਂ ਗਈਆਂ ਹਨ
ਅਤੇ ਮੇਰਾ ਹੌਂਸਲਾ ਚੱਲਿਆ ਗਿਆ ਹੈ। [a]
15 ਮੇਰਾ ਮੂੰਹ [b] ਵੀ ਟੁੱਟੇ ਹੋਏ ਗਮਲੇ ਦੇ ਟੋਟਿਆਂ ਵਾਂਗ ਸੁੱਕ ਗਿਆ ਹੈ।
ਮੇਰੀ ਜੀਭ ਤਾਲੂ ਨਾਲ ਲੱਗ ਗਈ ਹੈ।
ਤੂੰ ਮੈਨੂੰ “ਮੌਤ ਦੀ ਮਿੱਟੀ” ਵਿੱਚ ਰੱਖਿਆ ਹੈ।
16 ਦੁਸ਼ਟ ਲੋਕਾਂ ਦੇ ਸਮੂਹ ਨੇ,
ਮੈਨੂੰ ਕੁੱਤਿਆਂ ਵਾਂਗ ਘੇਰ ਲਿਆ ਹੈ।
ਉਨ੍ਹਾਂ ਨੇ ਸ਼ੇਰਾਂ ਵਾਂਗ [c] ਮੇਰੇ ਹੱਥ ਅਤੇ ਪੈਰ ਵਿੰਨ੍ਹ ਦਿੱਤੇ ਹਨ।
17 ਮੈਂ ਆਪਣੀਆਂ ਹੱਡੀਆਂ ਨੂੰ ਵੇਖ ਸੱਕਦਾ ਹਾਂ।
ਤੇ ਲੋਕੀਂ ਮੈਨੂੰ ਬਿਟਰ-ਬਿਟਰ ਤਕਦੇ ਹਨ।
ਉਹ ਮੇਰੇ ਵੱਲ ਹੀ ਦੇਖੀ ਜਾਂਦੇ ਹਨ।
18 ਉਹ ਲੋਕ ਆਪਣੇ ਦਰਮਿਆਨ ਮੇਰੇ ਕੱਪੜੇ ਵੰਡ ਰਹੇ ਹਨ
ਅਤੇ ਉਹ ਮੇਰੇ ਚੋਲੇ ਲਈ ਗੁਣੇ [d] ਪਾ ਰਹੇ ਹਨ।
19 ਯਹੋਵਾਹ, ਮੈਨੂੰ ਛੱਡ ਕੇ ਨਾ ਜਾਵੋ।
ਤੁਸੀਂ ਮੇਰੀ ਸ਼ਕਤੀ ਹੋ।
ਛੇਤੀ ਬਹੁੜੋ ਮੇਰੀ ਮਦਦ ਕਰੋ।
20 ਯਹੋਵਾਹ, ਮੇਰੀ ਜਿੰਦ ਨੂੰ ਤਲਵਾਰ ਕੋਲੋਂ ਬਚਾ ਲਵੋ।
ਮੇਰੀ ਕੀਮਤੀ ਜਿੰਦ ਉਨ੍ਹਾਂ ਕੁਤਿਆਂ ਕੋਲੋਂ ਬਚਾ ਲਵੋ।
21 ਮੈਨੂੰ ਬੱਬਰ ਸ਼ੇਰਾਂ ਦੇ ਜਬਾੜਿਆਂ ਵਿੱਚੋਂ ਕੱਢ ਲਵੋ,
ਮੈਨੂੰ ਸਾਨ੍ਹ ਦੇ ਸਿੰਗਾ ਤੋਂ ਬਚਾਉ।
22 ਯਹੋਵਾਹ, ਮੈਂ ਆਪਣੇ ਭਰਾਵਾਂ ਨੂੰ ਤੁਹਾਡੇ ਬਾਰੇ ਦੱਸਾਂਗਾ।
ਮੈਂ ਵੱਡੀ ਸੰਗਤ ਵਿੱਚ ਤੁਹਾਡੀ ਉਸਤਤਿ ਕਰਾਂਗਾ।
23 ਯਹੋਵਾਹ, ਦੀ ਉਸਤਤਿ ਕਰੋ, ਸਮੂਹ ਲੋਕੋ ਤੁਸੀਂ ਜਿਹੜੇ ਉਸਦੀ ਉਪਾਸਨਾ ਕਰਦੇ ਹੋਂ।
ਤੁਸੀਂ ਇਸਰਾਏਲ ਦੀਉ ਔਲਾਦੋ, ਯਹੋਵਾਹ ਦੀ ਇੱਜ਼ਤ ਕਰੋ।
ਤੁਸੀਂ ਯਹੋਵਾਹ ਤੋਂ ਡਰੋ ਇਸਰਾਏਲ ਦੇ ਸਮੂਹ ਲੋਕੋ ਤੁਸੀਂ ਯਹੋਵਾਹ ਦੀ ਇੱਜ਼ਤ ਕਰੋ।
24 ਕਿਉਂ? ਕਿਉਂਕਿ ਯਹੋਵਾਹ ਉਨ੍ਹਾਂ ਗਰੀਬਾਂ ਦੀ ਮਦਦ ਕਰਦਾ ਹੈ ਜਿਹੜੇ ਸੰਕਟ ਵਿੱਚ ਹਨ।
ਯਹੋਵਾਹ ਉਨ੍ਹਾਂ ਤੋਂ ਸ਼ਰਮਸਾਰ ਨਹੀਂ ਹੈ, ਤੇ ਨਾ ਹੀ ਉਹ ਉਨ੍ਹਾਂ ਨੂੰ ਨਫ਼ਰਤ ਕਰਦਾ ਹੈ।
ਜੇ ਲੋਕੀ ਯਹੋਵਾਹ ਵਲੋ ਮਦਦ ਲਈ ਪੁਕਾਰ ਕਰਨਗੇ
ਉਹ ਆਪਣੇ-ਆਪ ਨੂੰ ਲੋਕਾਂ ਤੋਂ ਨਹੀਂ ਛੁੱਪੇਗਾ।
25 ਯਹੋਵਾਹ, ਵੱਡੀ ਸਭਾ ਵਿੱਚ ਮੇਰੀ ਉਸਤਤਿ ਤੁਹਾਡੇ ਵੱਲੋਂ ਆਉਂਦੀ ਹੈ।
ਪਰਮੇਸ਼ੁਰ ਦੇ ਇਨ੍ਹਾਂ ਸਭ ਉਪਾਸੱਕਾਂ ਦੇ ਸਾਹਮਣੇ, ਮੈਂ ਬਲੀਆਂ ਭੇਟ ਕਰਾਂਗਾ ਜਿਹੜੀਆਂ ਮੈਂ ਦੇਣ ਦਾ ਵਾਅਦਾ ਕੀਤਾ ਸੀ।
26 ਗਰੀਬ ਲੋਕੋ, ਆਉ ਭੋਜਨ ਕਰੋ ਤੇ ਸੰਤੁਸ਼ਟ ਹੋ ਜਾਵੋ।
ਤੁਸੀਂ ਸਾਰੇ, ਜਿਹੜੇ ਯਹੋਵਾਹ ਨੂੰ ਲੱਭਦੇ ਆਏ ਹੋ ਉਸਦੀ ਉਸਤਤਿ ਕਰੋ।
ਤੁਹਾਡੇ ਦਿਲ ਸਦਾ ਲਈ ਪ੍ਰਸੰਨ ਰਹਿਣ।
27 ਦੂਰ ਦੁਰਾਡੇ ਦੇ ਸਭ ਦੇਸ਼ਾਂ ਦੇ ਲੋਕ, ਯਹੋਵਾਹ ਨੂੰ ਚੇਤੇ ਕਰਨ, ਤੇ ਵਾਪਸ ਉਸ ਕੋਲ ਆ ਜਾਣ।
ਅਤੇ ਵਿਦੇਸ਼ਾਂ ਦੇ ਸਾਰੇ ਪਰਿਵਾਰਿਕ ਸਮੂਹ ਉਸਦੀ ਉਪਾਸਨਾ ਕਰਨ।
28 ਕਿਉਂਕਿ ਯਹੋਵਾਹ ਹੀ ਰਾਜਾ ਹੈ।
ਉਹ ਸਮੂਹ ਕੌਮਾਂ ਉੱਤੇ ਰਾਜ ਕਰਦਾ ਹੈ।
29 ਤਕੜੇ, ਨਿਰੋਗ ਬੰਦਿਆਂ ਨੇ ਭੋਜਨ ਕੀਤਾ ਹੈ
ਅਤੇ ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਇਆ।
ਅਸਲ ਵਿੱਚ, ਸਮੂਹ ਲੋਕ, ਉਹ ਜਿਹੜੇ ਮਰ ਜਾਣਗੇ
ਅਤੇ ਉਹ ਜਿਹੜੇ ਪਹਿਲਾਂ ਹੀ ਮਰ ਚੁੱਕੇ ਹਨ, ਪਰਮੇਸ਼ੁਰ ਅੱਗੇ ਸ਼ੀਸ਼ ਨਿਵਾਉਣਗੇ।
30 ਅਤੇ ਭਵਿੱਖ ਵਿੱਚ, ਸਾਡੀ ਔਲਾਦ ਯਹੋਵਾਹ ਦੀ ਸਹਾਇਤਾ ਕਰੇਗੀ।
ਲੋਕੀ ਸਦਾ ਹੀ ਉਸ ਦੀਆਂ ਉਸਤਤਾਂ ਕਰਨਗੇ।
31 ਹਰੇਕ ਪੀੜੀ ਪਰਮੇਸ਼ੁਰ ਦੁਆਰਾ ਕੀਤੀਆਂ ਚੰਗੀਆਂ ਗੱਲਾਂ ਬਾਰੇ
ਆਪਣੇ ਬੱਚਿਆਂ ਨੂੰ ਦਸੇਗੀ।
ਪੌਲੁਸ ਦਾ ਯਰੂਸ਼ਲਮ ਨੂੰ ਜਾਣਾ
21 ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਅਲਵਿਦਾ ਆਖਕੇ ਜਹਾਜ਼ ਵਿੱਚ ਚੱਲੇ ਗਏ। ਅਸੀਂ ਸਿੱਧਾ ਕੋਸ ਟਾਪੂ ਵੱਲ ਆਏ। ਅਗਲੇ ਦਿਨ ਅਸੀਂ ਰੋਦੁਸ ਟਾਪੂ ਵੱਲ ਗਏ ਅਤੇ ਰੋਦੁਸ ਤੋਂ ਪਾਤਰਾ ਵੱਲ ਨੂੰ। 2 ਪਾਤ੍ਰਾ ਵਿੱਚ ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਵੱਲ ਦੇ ਇਲਾਕੇ ਨੂੰ ਜਾ ਰਿਹਾ ਸੀ, ਅਸੀਂ ਉਸ ਜਹਾਜ਼ ਤੇ ਸਵਾਰ ਹੋਏ ਅਤੇ ਸਫ਼ਰ ਲਈ ਤੁਰ ਪਏ।
3 ਅਸੀਂ ਕੁਪਰੁਸ ਟਾਪੂ ਕੋਲ ਪਹੁੰਚੇ। ਇਹ ਸਾਨੂੰ ਉੱਤਰੀ ਦਿਸ਼ਾ ਵੱਲ ਵਿਖਾਈ ਦੇ ਰਿਹਾ ਸੀ, ਪਰ ਅਸੀਂ ਉੱਥੇ ਰੁਕੇ ਨਹੀਂ। ਅਸੀਂ ਉੱਥੋਂ ਸੁਰਿਯਾ ਵੱਲ ਨੂੰ ਚੱਲੇ ਗਏ। ਅਸੀਂ ਉੱਥੇ ਸੂਰ ਵਿੱਚ ਜਾ ਉੱਤਰੇ ਕਿਉਂਕਿ ਉੱਥੇ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। 4 ਉੱਥੇ ਅਸੀਂ ਕੁਝ ਯਿਸੂ ਦੇ ਚੇਲਿਆਂ ਨੂੰ ਲੱਭਿਆ ਅਤੇ ਉਨ੍ਹਾਂ ਕੋਲ ਅਸੀਂ ਸੱਤ ਦਿਨਾਂ ਲਈ ਠਹਿਰੇ। ਉਨ੍ਹਾਂ ਨੇ ਪਵਿੱਤਰ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ। 5 ਪਰ ਜਦੋਂ ਅਸੀਂ ਆਪਣੀ ਫ਼ੇਰੀ ਖਤਮ ਕੀਤੀ ਤਾਂ ਅਸੀਂ ਉੱਥੋਂ ਤੁਰ ਪਏ। ਅਸੀਂ ਆਪਣੀ ਯਾਤਰਾ ਜਾਰੀ ਰੱਖੀ। ਉੱਥੋਂ ਦੇ ਸਾਰੇ ਮਰਦ-ਔਰਤਾਂ ਅਤੇ ਬੱਚੇ ਸਾਨੂੰ ਸ਼ਹਿਰੋਂ ਬਾਹਰ ਤੱਕ ਅਲਵਿਦਾ ਆਖਣ ਸਾਡੇ ਨਾਲ ਆਏ। ਅਸੀਂ ਸਾਰਿਆਂ ਨੇ ਉੱਥੇ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। 6 ਫ਼ਿਰ ਅਸੀਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਜਹਾਜ਼ ਉੱਪਰ ਚੜ੍ਹ੍ਹ ਗਏ ਅਤੇ ਉਹ ਲੋਕ ਆਪਣੇ ਘਰਾਂ ਨੂੰ ਪਰਤ ਗਏ।
7 ਅਸੀਂ ਸੂਰ ਤੋਂ ਅੱਗੇ ਆਪਣੀ ਜਲ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਪਹੁੰਚੇ। ਅਸੀਂ ਉੱਥੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਇੱਕ ਦਿਨ ਠਹਿਰੇ। 8 ਅਗਲੇ ਦਿਨ ਤੁਸੀਂ ਤੁਲਮਾਇਸ ਤੋਂ ਕੈਸਰਿਯਾ ਵੱਲ ਆਏ। ਅਸੀਂ ਫ਼ਿਲਿਪੁੱਸ ਦੇ ਘਰ ਅੰਦਰ ਗਏ ਅਤੇ ਉਸ ਦੇ ਨਾਲ ਠਹਿਰੇ। ਫ਼ਿਲਿਪੁੱਸ ਖੁਸ਼ਖਬਰੀ ਦਾ ਪ੍ਰਚਾਰਕ ਸੀ ਅਤੇ ਉਨ੍ਹਾਂ ਸੱਤ ਮਦਦਗਾਰਾਂ ਵਿੱਚੋਂ ਇੱਕ ਸੀ। 9 ਉਸ ਦੀਆਂ ਚਾਰ ਕੁੜੀਆਂ ਸਨ ਇਨ੍ਹਾਂ ਦੇ ਹਾਲੇ ਵਿਆਹ ਨਹੀਂ ਹੋਏ ਸਨ। ਇਨ੍ਹਾਂ ਕੁੜੀਆਂ ਕੋਲ ਅਗੰਮ ਵਾਕ ਕਰਨ ਦੀ ਬਖਸ਼ਸ਼ ਸੀ।
10 ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਸੀ ਤਾਂ ਉੱਥੇ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਤਰ ਆਇਆ। 11 ਉਹ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਕੋਲੋਂ ਪੌਲੁਸ ਦੀ ਕਮਰ ਪੇਟੀ ਲੈ ਲਈ। ਅਤੇ ਉਸ ਕਮਰਪਟੇ ਨਾਲ ਆਪਣੇ ਹੱਥ-ਪੈਰ ਬੰਨ੍ਹ ਕੇ ਆਖਣ ਲੱਗਾ, “ਪਵਿੱਤਰ ਆਤਮਾ ਮੈਨੂੰ ਦੱਸਦਾ ਹੈ, ਕਿ ‘ਯਰੂਸ਼ਲਮ ਵਿੱਚ ਯਹੂਦੀ ਉਸ ਮਨੁੱਖ ਨੂੰ ਇਸੇ ਤਰ੍ਹਾਂ ਬੰਨ੍ਹ ਦੇਣਗੇ ਜਿਸ ਦਾ ਇਹ ਕਮਰਪਟਾ ਹੈ, ਅਤੇ ਉਸਤੋਂ ਬਾਅਦ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”
12 ਜਦੋਂ ਅਸੀਂ ਇਹ ਬਚਨ ਸੁਣੇ, ਤਾਂ ਅਸੀਂ ਅਤੇ ਆਮ ਨਿਹਚਾਵਾਨਾਂ ਨੇ ਪੌਲੁਸ ਅੱਗੇ ਯਰੂਸ਼ਲਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 13 ਪਰ ਪੌਲੁਸ ਨੇ ਕਿਹਾ, “ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਮੇਰਾ ਦਿਲ ਕਿਉਂ ਤੋੜ ਰਹੇ ਹੋ। ਮੈਂ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਨੂੰ ਤਿਆਰ ਹਾਂ ਇਹੀ ਨਹੀਂ ਸਗੋਂ ਮੈਂ ਤਾਂ ਪ੍ਰਭੂ ਯਿਸੂ ਦੇ ਨਾਂ ਤੇ ਮਰ ਮਿਟਣ ਨੂੰ ਵੀ ਤਿਆਰ ਹਾਂ।”
14 ਅਸੀਂ ਉਸ ਨੂੰ ਯਰੂਸ਼ਲਮ ਨੂੰ ਨਾ ਜਾਣ ਲਈ ਨਾ ਮਨਵਾ ਸੱਕੇ। ਇਸ ਲਈ ਅਸੀਂ ਅਰਜੋਈ ਬੰਦ ਕਰਕੇ ਉਸ ਨੂੰ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”
15 ਇਸਤੋਂ ਬਾਅਦ ਅਸੀਂ ਯਰੂਸ਼ਲਮ ਲਈ ਤਿਆਰ ਹੋਕੇ ਚੱਲ ਪਏ। 16 ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁੜ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸ ਦੇ ਨਾਲ ਠਹਿਰ ਸੱਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ।
ਪੌਲੁਸ ਦਾ ਯਾਕੂਬ ਨੂੰ ਮਿਲਣਾ
17 ਯਰੂਸ਼ਲਮ ਵਿੱਚ ਨਿਹਚਾਵਾਨਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ।
2010 by World Bible Translation Center