Old/New Testament
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ। ਇਹ ਗੀਤ ਦਾਊਦ ਨੇ ਉਸ ਵੇਲੇ ਲਿਖਿਆ, ਜਦੋਂ ਯਹੋਵਾਹ ਨੇ ਸ਼ਾਊਲ ਅਤੇ ਉਸ ਦੇ ਹੋਰ ਦੁਸ਼ਮਣਾਂ ਤੋਂ ਉਸਦੀ ਰੱਖਿਆ ਕੀਤੀ।
18 ਉਸ ਨੇ ਆਖਿਆ, “ਹੇ ਯਹੋਵਾਹ, ਮੇਰੀ ਤਾਕਤ,
ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
2 ਯਹੋਵਾਹ ਮੇਰੀ ਚੱਟਾਨ, ਮੇਰਾ ਗੜ੍ਹ, ਅਤੇ ਮੇਰਾ ਸੁਰੱਖਿਅਤ ਸਥਾਨ ਹੈ।
ਮੇਰਾ ਪਰਮੇਸ਼ੁਰ ਮੇਰੀ ਚੱਟਾਨ ਹੈ।
ਮੈਂ ਸੁਰੱਖਿਆ ਲਈ ਉਸ ਵੱਲ ਨੱਸਦਾ ਹਾਂ।
ਪਰਮੇਸ਼ੁਰ ਹੀ ਮੇਰੀ ਢਾਲ ਹੈ, ਉਸਦੀ ਸ਼ਕਤੀ ਮੈਨੂੰ ਬਚਾਉਂਦੀ ਹੈ।
ਉੱਚੇ ਪਰਬਤਾਂ ਵਿੱਚ ਯਹੋਵਾਹ ਮੇਰੀ ਛੁਪਨਗਾਹ ਹੈ।
3 ਉਨ੍ਹਾਂ ਨੇ ਮੇਰਾ ਮਜ਼ਾਕ ਉਡਾਇਆ।
ਪਰ ਮੈਂ ਸਹਾਇਤਾ ਲਈ ਯਹੋਵਾਹ ਨੂੰ ਅਵਾਜ਼ ਦਿੱਤੀ
ਅਤੇ ਉਸ ਨੇ ਮੈਨੂੰ ਮੇਰੇ ਦੁਸ਼ਮਣਾਂ ਪਾਸੋਂ ਬਚਾ ਲਿਆ।
4 ਮੇਰੇ ਦੁਸ਼ਮਣ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਹੇ ਸਨ।
ਮੇਰੇ ਆਲੇ-ਦੁਆਲੇ ਮੌਤ ਦੇ ਸ਼ਿਕੰਜੇ ਸਨ।
ਮੈਂ ਉਸ ਹੜ੍ਹ ਅੰਦਰ ਰੁੜ੍ਹ ਚੱਲਿਆ ਸਾਂ ਜਿਹੜਾ ਮੈਨੂੰ ਮ੍ਰਿਤੂ ਲੋਕ ਵੱਲ ਲਿਜਾ ਰਿਹਾ ਸੀ।
5 ਕਬਰ ਦੇ ਰੱਸੇ ਮੈਨੂੰ ਘੇਰੀ ਹੋਏ ਸਨ,
ਮੌਤ ਦੇ ਜਾਲ ਮੇਰੇ ਅੱਗੇ ਵਿਛੇ ਹੋਏ ਸਨ।
6 ਇੱਥੋਂ ਤੀਕ ਕਿ ਮੈਂ ਘੇਰਿਆ ਗਿਆ ਸਾਂ, ਫ਼ੇਰ ਮੈਂ ਪਰਮੇਸ਼ੁਰ ਨੂੰ ਪ੍ਰਾਰਥਨਾ ਕੀਤੀ।
ਹਾਂ, ਹਾਂ ਮੈਂ ਆਪਣੇ ਪਰਮੇਸ਼ੁਰ ਨੂੰ ਚੀਕਿਆ
ਪਰਮੇਸ਼ੁਰ ਆਪਣੇ ਮੰਦਰ ਅੰਦਰ ਸੀ। ਉਸ ਨੇ ਮੇਰੀ ਚੀਕ ਸੁਣੀ।
ਉਸ ਨੇ ਮਦਦ ਲਈ ਮੇਰੀ ਅਵਾਜ਼ ਨੂੰ ਸੁਣਿਆ।
7 ਧਰਤੀ ਹਿਲੀ ਅਤੇ ਕੰਬੀ;
ਸਵਰਗ ਦੇ ਥਮਲੇ ਵੀ ਹਿੱਲ ਗਏ।
ਕਿਉਂਕਿ ਯਹੋਵਾਹ ਗੁੱਸੇ ਸੀ।
8 ਪਰਮੇਸ਼ੁਰ ਦੇ ਨੱਕ ਵਿੱਚੋਂ ਧੂਆਂ ਨਿਕਲਿਆ।
ਪਰਮੇਸ਼ੁਰ ਦੇ ਮੁੱਖ ਵਿੱਚੋਂ ਬਲਦੀਆਂ ਲਾਟਾਂ ਨਿਕਲੀਆਂ,
ਉਸ ਪਾਸੋਂ ਬਲਦੇ ਹੋਏ ਚੰਗਿਆੜੇ ਉੱਡੇ।
9 ਯਹੋਵਾਹ ਨੇ ਆਕਾਸ਼ ਨੂੰ ਪਾੜ ਸੁੱਟਿਆ ਅਤੇ ਉਹ ਹੇਠਾ ਆਇਆ।
ਉਹ ਗਹਿਰੇ ਕਾਲੇ ਬੱਦਲ ਉੱਤੇ ਖਲੋਤਾ ਸੀ।
10 ਯਹੋਵਾਹ ਆਕਾਸ਼ ਵਿੱਚ ਉੱਡ ਰਿਹਾ ਸੀ।
ਉਹ ਤੇਜ਼ ਦੇ ਕਰੂਬੀਆਂ ਤੇ ਸਵਾਰ ਉੱਡ ਰਿਹਾ ਸੀ।
ਉਹ ਉੱਚੀਆਂ ਹਵਾਵਾਂ ਉੱਤੋਂ ਦੀ ਉੱਡ ਰਿਹਾ ਸੀ।
11 ਯਹੋਵਾਹ ਹਨੇਰੇ ਬੱਦਲਾਂ ਵਿੱਚ ਛੁਪਿਆ ਹੋਇਆ ਸੀ, ਜਿਹੜੇ ਉਸ ਨੂੰ ਤੰਬੂਆਂ ਵਾਂਗ ਘੇਰੇ ਹੋਏ ਸਨ।
ਉਹ ਆਪਣੇ-ਆਪ ਨੂੰ ਬੱਦਲਾਂ ਅੰਦਰ ਛੁਪਾ ਰਿਹਾ ਸੀ।
12 ਫ਼ੇਰ, ਯਹੋਵਾਹ ਦੀ ਚਮਕਦੀ ਰੌਸ਼ਨੀ ਬੱਦਲਾਂ ਨੂੰ ਪਾੜਦੀ ਹੋਈ ਬਾਹਰ ਨਿੱਕਲੀ।
ਇਸਨੇ ਗੜ੍ਹੇਮਾਰ ਕੀਤੀ ਅਤੇ ਬਿਜਲੀ ਲਸ਼ਕਾਈ।
13 ਯਹੋਵਾਹ ਆਕਾਸ਼ ਵਿੱਚੋਂ ਗਰਜਿਆ।
ਸਭ ਤੋਂ ਉੱਚੇ ਪਰਮੇਸ਼ੁਰ ਨੇ ਲੋਕਾਂ ਨੂੰ ਆਪਣੀ ਅਵਾਜ਼ ਸੁਣਾਈ।
ਇੱਥੋਂ ਤੱਕ ਕਿ ਗੜ੍ਹੇਮਾਰ ਹੋਈ ਅਤੇ ਬਿਜਲੀ ਲਿਸ਼ਕ ਉੱਠੀ।
14 ਯਹੋਵਾਹ ਨੇ ਆਪਣੇ ਤੀਰ ਛੱਡੇ ਅਤੇ ਦੁਸ਼ਮਣਾਂ ਨੂੰ ਭਜਾ ਦਿੱਤਾ।
ਯਹੋਵਾਹ ਨੇ ਬਿਜਲੀ ਦੀਆਂ ਅਨੇਕਾਂ ਕਿਰਣਾਂ ਫ਼ੈਲਾਈਆਂ ਅਤੇ ਲੋਕ ਘਬਰਾਹਟ ਵਿੱਚ ਭੱਜ ਗਏ।
15 ਯਹੋਵਾਹ, ਜਦੋਂ ਤੁਸੀਂ ਉੱਚੀ ਅਵਾਜ਼ ਨਾਲ ਹੁਕਮ ਦਿੱਤਾ,
ਪਾਣੀ ਪਿੱਛਾਹਾਂ ਧੱਕਿਆ ਗਿਆ ਸੀ।
ਅਸੀਂ ਸਮੁੰਦਰ ਦਾ ਤਲਾ ਵੇਖ ਸੱਕਦੇ ਸਾਂ।
ਅਸੀਂ ਧਰਤੀ ਦੀਆਂ ਬੁਨਿਆਦਾਂ ਵੀ ਦੇਖ ਸੱਕਦੇ ਸਾਂ।
16 ਯਹੋਵਾਹ, ਉਚਾਈ ’ਚੋਂ ਹੇਠਾ ਆਇਆ ਅਤੇ ਮੈਨੂੰ ਬਚਾ ਲਿਆ।
ਉਸ ਨੇ ਮੈਨੂੰ ਫ਼ੜ ਲਿਆ ਅਤੇ ਮੈਨੂੰ ਡੂੰਘੇ ਪਾਣੀ (ਮੁਸੀਬਤ) ਵਿੱਚੋਂ ਆਪਣੇ ਵੱਲ ਖਿੱਚਿਆ।
17 ਮੇਰੇ ਦੁਸ਼ਮਣ ਮੇਰੇ ਨਾਲੋਂ ਸ਼ਕਤੀਸ਼ਾਲੀ ਸਨ।
ਉਨ੍ਹਾਂ ਨੇ ਮੈਨੂੰ ਨਫ਼ਰਤ ਕੀਤੀ।
ਮੇਰੇ ਦੁਸ਼ਮਣ ਮੇਰੇ ਨਾਲੋਂ ਵੱਧੇਰੇ ਸ਼ਕਤੀਸ਼ਾਲੀ ਸਨ।
ਇਸੇ ਲਈ ਪਰਮੇਸ਼ੁਰ ਨੇ ਮੈਨੂੰ ਬਚਾ ਲਿਆ।
18 ਮੈਂ ਵੱਡੇ ਸੰਕਟ ਵਿੱਚ ਸਾਂ, ਤੇ ਮੇਰੇ ਉੱਤੇ ਮੇਰਿਆਂ ਦੁਸ਼ਮਣਾਂ ਦੁਆਰਾ ਹਮਲਾ ਕੀਤਾ ਹੋਇਆ ਸੀ।
ਪਰ ਯਹੋਵਾਹ ਮੇਰੀ ਮਦਦ ਲਈ ਆਇਆ।
19 ਯਹੋਵਾਹ ਮੈਨੂੰ ਪਿਆਰ ਕਰਦਾ ਹੈ।
ਇਸੇ ਲਈ ਉਸ ਨੇ ਮੈਨੂੰ ਬਚਾਇਆ।
ਉਹ ਮੈਨੂੰ ਇੱਕ ਸੁਰੱਖਿਅਤ ਸਥਾਨ ਉੱਤੇ ਲੈ ਗਿਆ।
20 ਮੈਂ ਬੇਗੁਨਾਹ ਹਾਂ, ਇਸੇ ਲਈ ਯਹੋਵਾਹ ਮੈਨੂੰ ਇਨਾਮ ਦੇਵੇਗਾ।
ਮੈਂ ਕੋਈ ਵੀ ਬਦੀ ਨਹੀਂ ਕੀਤੀ ਇਸੇ ਲਈ ਉਹ ਮੇਰਾ ਭਲਾ ਕਰੇਗਾ।
21 ਕਿਉਂ? ਕਿਉਂ ਕਿ ਮੈਂ ਉਸ ਦੇ ਆਦੇਸ਼ ਮੰਨੇ।
ਮੈਂ ਤੇਰੇ ਖਿਲਾਫ਼ ਕੋਈ ਵੀ ਅਪਰਾਧ ਨਹੀਂ ਕੀਤਾ ਪਰਮੇਸ਼ੁਰ।
22 ਮੈਂ ਸਦਾ ਯਹੋਵਾਹ ਦੇ ਫ਼ੈਸਲਿਆਂ ਨੂੰ ਚੇਤੇ ਰੱਖਦਾ ਹਾਂ।
ਮੈਂ ਉਸ ਦੇ ਅਸੂਲਾਂ ਨੂੰ ਮੰਨਦਾ ਹਾਂ ਅਤੇ ਉਸਦਾ ਆਚਰਣ ਕਰਦਾ ਹਾਂ।
23 ਮੈਂ ਉਸ ਦੇ ਨਮਿੱਤ ਸ਼ੁੱਧ ਤੇ ਇਮਾਨਦਾਰ ਸਾਂ,
ਮੈਂ ਆਪਣੇ-ਆਪ ਨੂੰ ਮੰਦੇ ਕਾਰਿਆਂ ਤੋਂ ਦੂਰ ਰੱਖਿਆ।
24 ਇਸੇ ਲਈ, ਯਹੋਵਾਹ ਮੈਨੂੰ ਇਨਾਮ ਦੇਵੇਗਾ।
ਕਿਉ? ਕਿਉਂਕਿ ਮੈਂ ਬੇਕਸੂਰ ਹਾਂ।
ਜਿਵੇਂ ਪਰਮੇਸ਼ੁਰ ਇਸ ਨੂੰ ਵੇਖਦਾ ਹੈ, ਮੈਂ ਕੋਈ ਗਲਤ ਕੰਮ ਨਹੀਂ ਕੀਤਾ,
ਇਸ ਲਈ ਉਹ ਮੇਰਾ ਭਲਾ ਕਰੇਗਾ।
25 ਯਹੋਵਾਹ, ਜੇ ਕੋਈ ਸੱਚਮੁੱਚ ਤੈਨੂੰ ਪਿਆਰ ਕਰਦਾ ਹੈ, ਤਾਂ ਤੂੰ ਵੀ ਉਸ ਉੱਪਰ ਆਪਣਾ ਸੱਚਾ ਪਿਆਰ ਛਿੜਕ।
ਜੇ ਕੋਈ ਤੇਰੇ ਪ੍ਰਤਿ ਸੱਚਾ ਹੈ ਤਾਂ ਤੂੰ ਵੀ ਉਸ ਦੇ ਪ੍ਰਤਿ ਸੱਚਾ ਹੋਵੇਂਗਾ।
26 ਯਹੋਵਾਹ, ਤੁਸੀਂ ਉਨ੍ਹਾਂ ਲੋਕਾਂ ਲਈ ਸ਼ੁਭ ਤੇ ਪਵਿੱਤਰ ਹੋ ਜਿਹੜੇ ਸ਼ੁਭ ਤੇ ਪਵਿੱਤਰ ਹਨ।
ਪਰ ਤੁਸੀਂ ਕਮੀਨੇ ਅਤੇ ਮੀਸਣੇ ਲੋਕਾਂ ਲਈ ਵੱਧੇਰੇ ਚਤੁਰ ਬਣ ਜਾਂਦੇ ਹੋਂ।
27 ਹੇ ਯਹੋਵਾਹ, ਤੂੰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਹੈਂ ਜਿਹੜੇ ਨਿਮ੍ਰ ਹਨ।
ਪਰ ਤੂੰ ਗੁਮਾਨੀ ਲੋਕਾਂ ਨੂੰ ਨਿਵਾਉਦਾ ਹੈਂ।
28 ਯਹੋਵਾਹ, ਤੁਸੀਂ ਮੇਰਾ ਦੀਵਾ ਰੌਸ਼ਨ ਕਰੋ।
ਮੇਰਾ ਪਰਮੇਸ਼ੁਰ, ਮੇਰੇ ਚਾਰ-ਚੁਫ਼ੇਰੇ ਫ਼ੈਲੇ ਅੰਧਕਾਰ ਨੂੰ ਰੌਸ਼ਨ ਕਰਦਾ ਹੈ।
29 ਹੇ ਯਹੋਵਾਹ, ਤੇਰੀ ਸਹਾਇਤਾ ਨਾਲ, ਮੈਂ ਫ਼ੌਜੀਆਂ ਸੰਗ ਭੱਜ ਸੱਕਦਾ ਹਾਂ।
ਪਰਮੇਸ਼ੁਰ ਦੀ ਸਹਾਇਤਾ ਨਾਲ ਮੈਂ ਦੁਸ਼ਮਣ ਦੀਆਂ ਕੰਧਾਂ ਉੱਤੇ ਚੜ੍ਹ ਸੱਕਦਾ ਹਾਂ।
30 ਪਰਮੇਸ਼ੁਰ ਦੀ ਸ਼ਕਤੀ ਪੂਰਨ ਹੈ,
ਯਹੋਵਾਹ ਦਾ ਸ਼ਬਦ ਪਰੱਖਿਆ ਗਿਆ ਹੈ।
ਉਹ ਉਨ੍ਹਾਂ ਲੋਕਾਂ ਦੀ ਰੱਖਿਆ ਕਰਦਾ ਹੈ ਜਿਹੜੇ ਉਸ ਵਿੱਚ ਆਸਥਾ ਰੱਖਦੇ ਹਨ।
31 ਪਰਮੇਸ਼ੁਰ ਤੋਂ ਬਿਨਾ ਕੋਈ ਯਹੋਵਾਹ ਨਹੀਂ ਹੈ।
ਸਾਡੇ ਪਰਮੇਸ਼ੁਰ ਤੋਂ ਬਿਨਾ ਕੋਈ ਚੱਟਾਨ ਨਹੀਂ।
32 ਪਰਮੇਸ਼ੁਰ ਮੈਨੂੰ ਤਾਕਤ ਬਖਸ਼ਦਾ ਹੈ।
ਉਹ ਮੈਨੂੰ ਸ਼ੁੱਧ ਜੀਵਨ ਜਿਉਣ ਵਿੱਚ ਸਹਾਰਾ ਦਿੰਦਾ ਹੈ।
33 ਪਰਮੇਸ਼ੁਰ ਹਿਰਨ ਵਾਂਗ ਤਿਖਾ ਦੌੜਨ ਵਿੱਚ ਮੇਰੀ ਮਦਦ ਕਰਦਾ ਹੈ।
ਉਹ ਮੈਨੂੰ ਉੱਚੀਆਂ ਥਾਵਾਂ ਤੇ ਸਥਿਰ ਰੱਖਦਾ ਹੈ।
34 ਪਰਮੇਸ਼ੁਰ ਮੈਨੂੰ ਜੰਗ ਦੀ ਸਿਖਲਾਈ ਦਿੰਦਾ ਹੈ
ਤਾਂ ਜੋ ਮੇਰੀਆਂ ਬਾਹਾਂ ਸ਼ਕਤੀਸ਼ਾਲੀ ਧਨੁਸ਼ ਨੂੰ ਝੁਕਾ ਸੱਕਣ।
35 ਹੇ ਪਰਮੇਸ਼ੁਰ, ਤੁਸਾਂ ਮੈਨੂੰ ਬਚਾਇਆ ਤੇ ਮੇਰੀ ਜਿੱਤਣ ਵਿੱਚ ਮਦਦ ਕੀਤੀ।
ਤੁਸਾਂ ਮੈਨੂੰ ਆਪਣੀ ਸੱਜੀ ਬਾਂਹ ਦਾ ਸਹਾਰਾ ਦਿੱਤਾ।
ਤੁਸਾਂ ਮੇਰੇ ਦੁਸ਼ਮਣ ਨੂੰ ਹਰਾਉਣ ਵਿੱਚ ਮਦਦ ਕੀਤੀ।
36 ਮੇਰੀਆਂ ਲੱਤਾਂ ਅਤੇ ਗਿੱਟਿਆਂ ਨੂੰ ਮਜ਼ਬੂਤ ਬਣਾ
ਤਾਂ ਜੋ ਮੈਂ ਠੋਕਰਾਂ ਤੋਂ ਬਿਨਾ ਤੇਜ ਤੁਰ ਸੱਕਾਂ।
37 ਫ਼ੇਰ ਮੈਂ ਆਪਣੇ ਦੁਸ਼ਮਣਾਂ ਦਾ ਪਿੱਛਾ ਕਰ ਸੱਕਾਂਗਾ ਅਤੇ ਉਨ੍ਹਾਂ ਨੂੰ ਫ਼ੜ ਸੱਕਾਂਗਾ।
ਮੈਂ ਉਨ੍ਹਾਂ ਨੂੰ ਤਬਾਹ ਕੀਤੇ ਬਿਨਾ ਵਾਪਸ ਨਹੀਂ ਮੁੜਾਂਗਾ।
38 ਮੈਂ ਆਪਣੇ ਵੈਰੀਆਂ ਨੂੰ ਹਰਾ ਦਿਆਂਗਾ, ਤਾਂ ਜੋ ਉਹ ਦੁਬਾਰਾ ਨਹੀਂ ਉੱਠ ਸੱਕਣਗੇ।
ਮੇਰੇ ਸਾਰੇ ਦੁਸ਼ਮਣਾਂ ਨੂੰ ਪੈਰਾਂ ਹੇਠ ਹੋਣਾ ਚਾਹੀਦਾ ਹੈ।
39 ਹੇ ਪਰਮੇਸ਼ੁਰ, ਤੁਸੀਂ ਮੈਨੂੰ ਯੁੱਧ ਵਿੱਚ ਸ਼ਕਤੀਸ਼ਾਲੀ ਬਣਾਇਆ।
ਤੁਸੀਂ ਮੇਰੇ ਦੁਸ਼ਮਣਾਂ ਨੂੰ ਮੇਰੇ ਅੱਗੇ ਡੇਗਿਆ।
40 ਤੁਸੀਂ ਮੈਨੂੰ ਮੇਰੇ ਦੁਸ਼ਮਣ ਦੀ ਗਿੱਚੀ ਤੇ ਵਾਰ ਕਰਨ ਦਾ ਇੱਕ ਮੌਕਾ ਦਿੱਤਾ,
ਅਤੇ ਮੈਂ ਆਪਣੇ ਵੈਰੀਆਂ ਨੂੰ ਥੱਲੇ ਵੱਢ ਸੁੱਟਿਆ।
41 ਮੇਰੇ ਦੁਸ਼ਮਣਾਂ ਮਦਦ ਲਈ ਪੁਕਾਰਿਆ ਸੀ,
ਪਰ ਕੋਈ ਨਹੀਂ ਸੀ ਜਿਹੜਾ ਉਨ੍ਹਾਂ ਨੂੰ ਬਚਾ ਸੱਕੇ।
ਉਨ੍ਹਾਂ ਨੇ ਯਹੋਵਾਹ ਨੂੰ ਵੀ ਪੁਕਾਰਿਆ ਸੀ,
ਪਰ ਉਸ ਨੇ ਉਨ੍ਹਾਂ ਦੀ ਪੁਕਾਰ ਨਹੀਂ ਸੁਣੀ ਸੀ।
42 ਮੈਂ ਆਪਣੇ ਦੁਸ਼ਮਣਾਂ ਦੇ ਟੁਕੜੇ ਕੀਤੇ।
ਉਹ ਉਸ ਖਾਕ ਵਾਂਗ ਸਨ, ਜਿਹੜੀ ਹਵਾ ਵਿੱਚ ਉੱਡਦੀ ਹੈ।
ਮੈਂ ਉਨ੍ਹਾਂ ਨੂੰ ਟੋਟੇ-ਟੋਟੇ ਕੀਤਾ ਸੀ।
43 ਮੈਨੂੰ ਉਨ੍ਹਾਂ ਲੋਕਾਂ ਤੋਂ ਬਚਾਉ ਜਿਹੜੇ ਮੇਰੇ ਵਿਰੁੱਧ ਲੜਦੇ ਹਨ।
ਮੈਂ ਉਨ੍ਹਾਂ ਕੌਮਾਂ ਦਾ ਆਗੂ ਬਣਾ।
ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਜਾਣਦਾ ਵੀ ਨਹੀਂ ਮੇਰੀ ਸੇਵਾ ਕਰਨ ਦੇ।
44 ਉਹ ਲੋਕ ਮੇਰੇ ਬਾਰੇ ਸੁਣਨਗੇ ਅਤੇ ਫ਼ੌਰਨ ਮੇਰਾ ਹੁਕਮ ਮੰਨਣਗੇ।
ਉਹ ਵਿਦੇਸ਼ੀ ਮੇਰੇ ਪਾਸੋਂ ਡਰਨਗੇ।
45 ਉਹ ਵਿਦੇਸ਼ੀ ਡਰ ਨਾਲ ਕੰਬਣਗੇ।
ਉਹ ਡਰ ਨਾਲ ਕੰਬੰਦੇ ਹੋਏ ਆਪਣੀਆਂ ਛੁਪਣਗਾਹਾਂ ਵਿੱਚੋਂ ਨਿਕਲ ਆਉਣਗੇ।
46 ਯਹੋਵਾਹ ਜਿਉਂਦਾ ਜਾਗਦਾ ਹੈ।
ਮੈਂ ਆਪਣੀ ਓਟ ਦੀ ਉਸਤਤਿ ਕਰਦਾ ਹਾਂ।
ਪਰਮੇਸ਼ੁਰ ਮੈਨੂੰ ਬਚਾਉਂਦਾ ਹੈ, ਉਹ ਮਹਾਨ ਹੈ।
47 ਪਰਮੇਸ਼ੁਰ ਨੇ ਮੇਰੇ ਲਈ ਮੇਰੇ ਦੁਸ਼ਮਣਾਂ ਨੂੰ ਦੰਡ ਦਿੱਤਾ।
ਉਸ ਨੇ ਲੋਕਾਂ ਨੂੰ ਮੇਰੇ ਅਧੀਨ ਕਰ ਦਿੱਤਾ ਹੈ।
48 ਯਹੋਵਾਹ, ਤੁਸੀਂ ਮੇਰੇ ਦੁਸ਼ਮਣਾਂ ਤੋਂ ਮੇਰੀ ਰੱਖਿਆ ਕੀਤੀ,
ਤੁਸੀਂ ਉਨ੍ਹਾਂ ਨੂੰ ਹਰਾਉਣ ਵਿੱਚ ਮੇਰੀ ਮਦਦ ਕੀਤੀ ਜਿਹੜੇ ਮੇਰੇ ਖਿਲਾਫ਼ ਆ ਖਲੋਏ ਸਨ।
ਤੁਸੀਂ ਮੈਨੂੰ ਜ਼ਾਲਮ ਆਦਮੀਆਂ ਤੋਂ ਬਚਾਇਆ।
49 ਹੇ ਯਹੋਵਾਹ, ਇਸੇ ਲਈ ਮੈਂ ਕੌਮਾਂ ਦੇ ਦਰਮਿਆਨ ਤੁਹਾਡੀ ਉਸਤਤਿ ਕਰਦਾ ਹਾਂ।
ਯਹੋਵਾਹ, ਇਸੇ ਲਈ ਮੈਂ ਤੇਰੇ ਨਾਂ ਦੀ ਮਹਿਮਾ ਲਈ, ਗੀਤ ਗਾਉਂਦਾ ਹਾਂ।
50 ਯਹੋਵਾਹ ਕਈ ਯੁੱਧ ਜਿੱਤਣ ਵਿੱਚ ਆਪਣੇ ਰਾਜੇ ਦੀ ਮਦਦ ਕਰਦਾ ਹੈ।
ਉਹ ਉਸਦਾ ਸੱਚਾ ਪਿਆਰ ਆਪਣੇ ਚੁਣੇ ਹੋਏ ਰਾਜੇ ਲਈ ਦਰਸਾਉਂਦਾ ਹੈ।
ਉਹ ਦਾਊਦ ਲਈ ਅਤੇ ਉਸਦੀ ਅੰਸ਼ ਲਈ ਸਦਾ ਵਾਸਤੇ ਵਫ਼ਾਦਾਰ ਹੋਵੇਗਾ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
19 ਸਵਰਗ ਪਰਮੇਸ਼ੁਰ ਦੀ ਮਹਿਮਾ ਬਾਰੇ ਗੱਲਾਂ ਕਰਦੇ ਹਨ।
ਅਕਾਸ਼ ਉਨ੍ਹਾਂ ਚੰਗਿਆਂ ਚੀਜ਼ਾਂ ਬਾਰੇ ਦੱਸਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਸਾਜੀਆਂ ਗਈਆਂ ਹਨ।
2 ਹਰ ਦਿਨ ਉਸ ਬਾਰੇ ਹੋਰ ਵੱਧੇਰੇ ਕਥਾ ਦੱਸਦਾ ਹੈ।
ਅਤੇ ਹਰ ਰਾਤ ਪਰਮੇਸ਼ੁਰ ਦੀ ਸ਼ਕਤੀ ਬਾਰੇ ਹੋਰ ਵੱਧੇਰੇ ਪ੍ਰਗਟ ਕਰਦੀ ਹੈ।
3 ਤੁਸੀਂ ਸੱਚਮੁੱਚ ਕੋਈ ਭਾਸ਼ਣ ਜਾਂ ਸ਼ਬਦ ਨਹੀਂ ਸੁਣ ਸੱਕਦੇ।
ਉਹ ਅਜਿਹੀ ਅਵਾਜ਼ ਨਹੀਂ ਕਰਦੇ ਜਿਸ ਨੂੰ ਅਸੀਂ ਸੁਣ ਸੱਕੀਏ।
4 ਪਰ ਉਨ੍ਹਾਂ ਦੀ “ਅਵਾਜ਼” ਪੂਰੇ ਸੰਸਾਰ ਵਿੱਚ ਫ਼ੈਲਦੀ ਹੈ।
ਉਨ੍ਹਾਂ ਦੇ “ਸ਼ਬਦ” ਧਰਤੀ ਦੇ ਅੰਤ ਤੀਕਰ ਜਾਂਦੇ ਹਨ।
ਆਕਾਸ਼ ਸੂਰਜ ਲਈ ਇੱਕ ਘਰ ਵਾਂਗ ਹੈ।
5 ਸੂਰਜ ਇਉਂ ਬਾਹਰ ਨਿਕਲਦਾ ਹੈ ਜਿਵੇਂ ਲਾੜਾ ਆਪਣੇ ਸੌਣ ਦੇ ਕਮਰੇ ਵਿੱਚੋਂ ਬਾਹਰ ਆਉਂਦਾ ਹੈ।
ਸੂਰਜ ਅਕਾਸ਼ ਵਿੱਚ ਆਪਣਾ ਰਾਹ ਇੰਝ ਸ਼ੁਰੂ ਕਰਦਾ ਹੈ ਜਿਵੇਂ ਇੱਕ ਖਿਡਾਰੀ ਆਪਣੀ ਦੌੜ ਦੌੜਣ ਲਈ ਉਤਸੁਕ ਹੁੰਦਾ।
6 ਸੂਰਜ ਅਕਾਸ਼ ਦੇ ਇੱਕ ਸਿਰੇ ਤੋਂ ਸ਼ੁਰੂ ਕਰਦਾ ਹੈ,
ਅਤੇ ਇੱਕ ਸਾਰ ਦੂਸਰੇ ਸਿਰੇ ਤੀਕ ਦੌੜਦਾ ਹੈ।
ਕੋਈ ਵੀ ਇਸਦੀ ਤਪਸ਼ ਤੋਂ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ।
ਯਹੋਵਾਹ ਦੇ ਉਪਦੇਸ਼ ਇਸ ਤਰ੍ਹਾਂ ਦੇ ਹਨ।
ਇਹ ਲੋਕਾਂ ਨੂੰ ਸਿਆਣਾ ਬਣਾਉਂਦੇ ਹਨ ਜਿਹੜੇ ਮੂਰਖ ਹਨ।
7 ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ।
ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ।
ਯਹੋਵਾਹ ਦਾ ਕਰਾਰ ਭਰੋਸੇਯੋਗ ਹੈ।
ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
8 ਯਹੋਵਾਹ ਦੇ ਨੇਮ ਸਹੀ ਹਨ।
ਉਹ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ।
ਯਹੋਵਾਹ ਦੇ ਹੁਕਮ ਚੰਗੇ ਹਨ।
ਉਹ ਲੋਕਾਂ ਨੂੰ ਜਿਉਣ ਦਾ ਸਹੀ ਰਾਸਤਾ ਵਿਖਾਉਂਦੇ ਹਨ।
9 ਯਹੋਵਾਹ ਦੀ ਉਪਾਸਨਾ ਕਰਨੀ ਰੌਸ਼ਨੀ ਵਾਂਗ ਹੈ
ਜਿਹੜੀ ਸਦਾ ਲਈ ਲਿਸ਼ਕਦੀ ਹੈ।
ਯਹੋਵਾਹ ਦੇ ਨਿਆਂੇ ਚੰਗੇ ਤੇ ਨਿਰਪੱਖ ਹਨ।
ਉਹ ਸੰਪੂਰਣਤਾ ਸਹੀ ਹਨ।
10 ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ
ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
11 ਯਹੋਵਾਹ ਦੇ ਉਪਦੇਸ਼ ਉਸ ਦੇ ਸੇਵਕ ਨੂੰ ਚਿਤਾਵਨੀ ਦਿੰਦੇ ਹਨ,
ਅਤੇ ਉਨ੍ਹਾਂ ਨੂੰ ਮੰਨਣ ਤੇ ਚੰਗ਼ਿਆਂ ਪ੍ਰਾਪਤੀਆਂ ਹੁੰਦੀਆਂ ਹਨ।
12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ।
ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।
13 ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ।
ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ।
ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।
14 ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ।
ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
ਅਫ਼ਸੁਸ ਦੇ ਬਜ਼ੁਰਗਾਂ ਨਾਲ ਪੌਲੁਸ ਦੀ ਗੱਲ-ਬਾਤ
17 ਮਿਲੇਤੁਸ ਵਿੱਚ ਰਹਿ ਕਿ ਪੌਲੁਸ ਨੇ ਅਫ਼ਸੁਸ ਵਿੱਚ ਸੁਨੇਹਾ ਭੇਜਿਆ ਕਿ ਉੱਥੋਂ ਦੇ ਕਲੀਸਿਯਾ ਦੇ ਆਗੂ ਬਜ਼ੁਰਗ ਉਸ ਨੂੰ ਆਕੇ ਮਿਲਣ।
18 ਜਦੋਂ ਵਡੇਰੇ ਆਏ ਤਾਂ ਪੌਲੁਸ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਜਾਣਦੇ ਹੀ ਹੋ ਅਸਿਯਾ ਵਿੱਚ ਆਕੇ ਪਹਿਲੇ ਦਿਨ ਤੋਂ ਮੈਂ ਕਿਸ ਢੰਗ ਨਾਲ ਤੁਹਾਡੇ ਨਾਲ ਰਿਹਾ ਹਾਂ? 19 ਯਹੂਦੀ ਮੇਰੇ ਵਿਰੁੱਧ ਘਾੜਤਾਂ ਘੜਦੇ ਰਹੇ, ਇਸ ਗੱਲ ਨੇ ਮੈਨੂੰ ਇੰਨਾ ਦੁੱਖੀ ਕੀਤਾ ਕਿ ਮੈਂ ਅਕਸਰ ਕੁਰਲਾਉਂਦਾ ਰਿਹਾ। ਪਰ ਤੁਸੀਂ ਜਾਣਦੇ ਹੋ ਕਿ ਮੈਂ ਹਮੇਸ਼ਾ ਤੋਂ ਪ੍ਰਭੂ ਦਾ ਸੇਵਕ ਰਿਹਾ ਹਾਂ, ਮੈਂ ਕਦੇ ਵੀ ਪਹਿਲਾਂ ਆਪਣੇ ਬਾਰੇ ਨਹੀਂ ਸੋਚਿਆ। 20 ਮੈਂ ਹਮੇਸ਼ਾ ਤੁਹਾਡੇ ਵਾਸਤੇ, ਜੋ ਚੰਗਾ ਹੈ, ਉਸ ਬਾਰੇ ਸੋਚਿਆ। ਮੈਂ ਤੁਹਾਨੂੰ ਲੋਕਾਂ ਸਾਹਮਣੇ ਯਿਸੂ ਬਾਰੇ ਖੁਸ਼ਖਬਰੀ ਦਿੱਤੀ ਅਤੇ ਤੁਹਾਨੂੰ ਤੁਹਾਡੇ ਘਰਾਂ ਵਿੱਚ ਸਿੱਖਾਇਆ। 21 ਮੈਂ ਯਹੂਦੀਆਂ ਅਤੇ ਯੂਨਾਨੀਆਂ ਨੂੰ ਸ਼ਾਮਿਲ ਕਰਕੇ ਸਭ ਲੋਕਾਂ ਨੂੰ ਉਨ੍ਹਾਂ ਦੇ ਦਿਲ ਬਦਲਣ ਅਤੇ ਪਰਮੇਸ਼ੁਰ ਵੱਲ ਪਰਤਣ, ਅਤੇ ਸਾਡੇ ਪ੍ਰਭੂ ਯਿਸੂ ਵਿੱਚ ਵਿਸ਼ਵਾਸ ਕਰਨ ਲਈ ਕਿਹਾ।
22 “ਪਰ ਹੁਣ ਮੈਨੂੰ ਆਤਮਾ ਦੇ ਬੱਧੇ ਹੋਏ ਨੂੰ ਯਰੂਸ਼ਲਮ ਵਿੱਚ ਜਾਣਾ ਪਵੇਗਾ, ਅਤੇ ਮੈਂ ਨਹੀਂ ਜਾਣਦਾ ਕਿ ਉੱਥੋਂ ਮੇਰੇ ਨਾਲ ਕੀ ਭਾਣਾ ਵਰਤੇਗਾ। 23 ਮੈਂ ਇੰਨਾ ਹੀ ਜਾਣਦਾ ਹਾਂ ਕਿ ਹਮੇਸ਼ਾ ਪਵਿੱਤਰ ਆਤਮਾ ਮੈਨੂੰ ਹਰ ਸ਼ਹਿਰ ਵਿੱਚ ਦੱਸਦਾ ਹੈ ਕਿ ਤਕਲੀਫ਼ਾਂ ਅਤੇ ਕੈਦਾਂ ਮੇਰਾ ਇੰਤਹਾਰ ਕਰ ਰਹੇ ਹਨ। 24 ਪਰ ਮੈਂ ਆਪਣੀ ਜਾਨ ਦੀ ਬਿਲਕੁਲ ਪਰਵਾਹ ਨਹੀਂ ਕਰਦਾ। ਸਭ ਤੋਂ ਜ਼ਰੂਰੀ ਚੀਜ਼ ਇਹ ਹੈ ਕਿ ਮੈਂ ਆਪਣਾ ਕੰਮ ਕਰਾਂ। ਮੈਂ ਉਹ ਕੰਮ ਪੂਰਾ ਕਰਨਾ ਚਾਹੁੰਦਾ ਹਾਂ ਜੋ ਪ੍ਰਭੂ ਯਿਸੂ ਨੇ ਮੈਨੂੰ ਕਰਨ ਲਈ ਸੌਂਪਿਆ ਹੈ। ਉਹ ਚਾਹੁੰਦਾ ਹੈ ਕਿ ਮੈਂ ਪਰਮੇਸ਼ੁਰ ਦੀ ਕਿਰਪਾ ਬਾਰੇ ਖੁਸ਼ਖਬਰੀ ਦਾ ਪ੍ਰਚਾਰ ਕਰਾਂ।
25 “ਅਤੇ ਹੁਣ ਮੇਰੀ ਗੱਲ ਧਿਆਨ ਨਾਲ ਸੁਣੋ। ਤੁਹਾਡੇ ਵਿੱਚੋਂ ਕੋਈ ਵੀ ਹੁਣ ਮੈਨੂੰ ਦੋਬਾਰਾ ਵੇਖ ਨਹੀਂ ਸੱਕੇਗਾ। ਮੈਂ ਹਰ ਵਕਤ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਵੀ ਕਹੀ। 26 ਇਸ ਲਈ ਅੱਜ ਨਿਸ਼ਚਿੰਤ ਹੋਕੇ, ਮੈਂ ਤੁਹਾਨੂੰ ਆਖ ਸੱਕਦਾ ਹਾਂ ਕਿ ਜੇਕਰ ਤੁਹਾਡੇ ਵਿੱਚੋਂ ਕੁਝ ਨਹੀਂ ਬਚਾਏ ਜਾਂਦੇ ਤਾਂ ਮੈਂ ਜਿੰਮੇਦਾਰ ਨਹੀਂ ਠਹਿਰਾਇਆ ਜਾਵਾਂਗਾ। 27 ਮੈਂ ਇਹ ਗੱਲ ਇਸ ਲਈ ਆਖ ਰਿਹਾ ਹਾਂ ਕਿਉਂਕਿ ਜੋ ਕੁਝ ਪਰਮੇਸ਼ੁਰ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹ ਸਭ ਕੁਝ ਮੈਂ ਤੁਹਾਨੂੰ ਦੱਸ ਚੁੱਕਾ ਹਾਂ। 28 ਤੁਸੀਂ ਆਪਣੇ-ਆਪ ਲਈ ਸਾਵੱਧਾਨ ਰਹੋ ਅਤੇ ਆਪਣੇ ਲੋਕਾਂ ਲਈ ਵੀ, ਜਿਹੜੇ ਕਿ ਤੁਹਨੂੰ ਪਰਮੇਸ਼ੁਰ ਨੇ ਸੌਂਪੇ ਹਨ। ਤੁਹਾਨੂੰ ਉਸ ਪੂਰੇ ਇੱਜੜ ਦੀ ਨਿਗਰਾਨੀ ਕਰਨੀ ਚਾਹੀਦੀ ਹੈ ਜਿਸਦਾ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਬਣਾਇਆ ਹੈ। ਤੁਹਾਨੂੰ ਕਲੀਸਿਯਾਵਾਂ ਨੂੰ ਆਜੜੀ ਵਾਂਗ ਹੋਣਾ ਚਾਹੀਦਾ ਹੈ ਜਿਹੜੀਆਂ ਪਰਮੇਸ਼ੁਰ ਨੇ ਆਪਣੇ ਲਹੂ ਦੁਆਰਾ ਲਿਆਂਦੀਆਂ ਹਨ। 29 ਮੈਂ ਜਾਣਦਾ ਹਾਂ ਕਿ ਮੇਰੀ ਰਵਾਨਗੀ ਤੋਂ ਬਾਅਦ ਕੁਝ ਆਦਮੀ ਤੁਹਾਡੀ ਸੰਗਤ ਵਿੱਚ ਆਉਣਗੇ ਜੋ ਕਿ ਜੰਗਲੀ ਬਘਿਆੜਾਂ ਵਰਗੇ ਹੋਣਗੇ ਅਤੇ ਇੱਜੜ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਕਰਨਗੇ। 30 ਤੁਹਾਡੇ ਆਪਣੇ ਸਮੂਹ ਵਿੱਚੋਂ ਵੀ ਕੁਝ ਆਦਮੀ ਬੁਰੇ ਆਗੂ ਬਣ ਜਾਣਗੇ, ਅਤੇ ਗਲਤ ਗੱਲਾਂ ਦਾ ਉਪਦੇਸ਼ ਦੇਣਾ ਸ਼ੁਰੂ ਕਰ ਦੇਣਗੇ। ਉਹ ਯਿਸੂ ਦੇ ਕੁਝ ਚੇਲਿਆਂ ਨੂੰ ਸੱਚ ਦੇ ਮਾਰਗ ਤੋਂ ਕੁਰਾਹੇ ਪਾਉਣ ਦੀ ਕੋਸ਼ਿਸ਼ ਕਰਨਗੇ ਅਤੇ ਉਨ੍ਹਾਂ ਨੂੰ ਆਪਣੇ ਚੇਲੇ ਬਨਾਉਣਗੇ। 31 ਇਸ ਲਈ ਸਤਰਕ ਰਹਿਣਾ। ਹਮੇਸ਼ਾ ਯਾਦ ਰੱਖਣਾ ਕਿ ਤਿੰਨ ਸਾਲ ਤੱਕ ਮੈਂ ਤੁਹਾਡੇ ਨਾਲ ਸੀ ਅਤੇ ਮੈਂ ਤੁਹਾਨੂੰ ਚੇਤਾਵਨੀ ਦੇਣ ਤੋਂ ਨਾ ਰੁਕਿਆ, ਮੈਂ ਦਿਨ-ਰਾਤ ਤੁਹਾਨੂੰ ਸਿੱਖਾਉਂਦਾ ਰਿਹਾ ਅਤੇ ਤੁਹਾਡੇ ਲਈ ਅਕਸਰ ਕੁਰਲਾਉਂਦਾ ਰਿਹਾਂ।
32 “ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਸਦੀ ਕਿਰਪਾ ਦੇ ਸੰਦੇਸ਼ ਦੇ ਅਰਪਨ ਕਰਦਾ ਹਾਂ। ਇਹ ਜੋ ਤੁਹਾਨੂੰ ਤਾਕਤਵਰ ਬਨਾਵੇਗਾ। ਅਤੇ ਤੁਹਾਨੂੰ ਅਸੀਸਾਂ ਦੇਵੇਗਾ ਜੋ ਉਹ ਆਪਣੇ ਸਾਰੇ ਪਵਿੱਤਰ ਲੋਕਾਂ ਨੂੰ ਦਿੰਦਾ ਹੈ। 33 ਜਦੋਂ ਮੈਂ ਤੁਹਾਡੇ ਨਾਲ ਸਾਂ, ਤਾਂ ਮੈਂ ਕੋਈ ਸੋਨਾ, ਚਾਂਦੀ ਅਤੇ ਵਸਤਰ ਨਹੀਂ ਚਾਹੇ। 34 ਤੁਸੀਂ ਜਾਣਦੇ ਹੋ, ਕਿ ਮੈਂ ਆਪਣੀਆਂ ਜ਼ਰੂਰਤਾਂ ਦੇ ਨਾਲ-ਨਾਲ ਉਨ੍ਹਾਂ ਦੀਆਂ ਜ਼ਰੂਰਤਾਂ ਦਾ ਵੀ ਖਿਆਲ ਰੱਖਿਆ ਜੋ ਮੇਰੇ ਨਾਲ ਸਨ। 35 ਮੈਂ ਤੁਹਾਨੂੰ ਹਮੇਸ਼ਾ ਇਹੀ ਵਿਖਾਇਆ ਕਿ ਤੁਹਾਨੂੰ ਉਵੇਂ ਹੀ ਕੰਮ ਕਰਨਾ ਚਾਹੀਦਾ ਹੈ ਜਿਵੇਂ ਮੈਂ ਕੀਤਾ ਸੀ, ਉਨ੍ਹਾਂ ਦੀ ਮਦਦ ਕਰਨ ਲਈ, ਜਿਨ੍ਹਾਂ ਨੂੰ ਜ਼ਰੂਰਤ ਸੀ। ਮੈਂ ਤੁਹਾਨੂੰ ਸਿੱਖਾਇਆ ਕਿ ਪ੍ਰਭੂ ਯਿਸੂ ਦੇ ਬਚਨ ਯਾਦ ਰੱਖੋ ਜੋ ਉਸ ਨੇ ਆਪ ਫ਼ਰਮਾਇਆ ਸੀ, ‘ਲੈਣ ਨਾਲੋਂ ਦੇਣਾ ਹੀ ਵੱਧੇਰੇ ਮੁਬਾਰਕ ਹੈ।’”
36 ਜਦੋਂ ਪੌਲੁਸ ਇਹ ਸਭ ਕਹਿ ਹਟਿਆ ਤਾਂ ਉਸ ਨੇ ਗੋਡੇ ਟੇਕੇ ਅਤੇ ਸਭ ਨੇ ਮਿਲਕੇ ਪ੍ਰਾਰਥਨਾ ਕੀਤੀ। 37-38 ਉਹ ਸਭ ਬਹੁਤ ਰੋਏ। ਉਹ ਉਦਾਸ ਸਨ ਕਿਉਂਕਿ ਪੌਲੁਸ ਨੇ ਉਨ੍ਹਾਂ ਨੂੰ ਆਖਿਆ ਸੀ ਕਿ ਉਹ ਫ਼ੇਰ ਉਸ ਨੂੰ ਕਦੇ ਵੀ ਨਹੀਂ ਵੇਖਣਗੇ। ਉਨ੍ਹਾਂ ਸਭ ਨੇ ਪੌਲੁਸ ਨੂੰ ਘੁੱਟਕੇ ਜੱਫ਼ੀਆਂ ਪਾਈਆਂ ਅਤੇ ਚੁੰਮਿਆ। ਉਹ ਉਸ ਨੂੰ ਅਲਵਿਦਾ ਕਹਿਣ ਲਈ ਜਹਾਜ਼ ਤੀਕ ਗਏ।
2010 by World Bible Translation Center