Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਅੱਯੂਬ 11-13

ਸੋਫਰ ਅੱਯੂਬ ਨਾਲ ਗੱਲ ਕਰਦਾ ਹੈ

11 ਫੇਰ ਨਅਮਾਬੀ ਸੋਫਰ ਨੇ ਅੱਯੂਬ ਨੂੰ ਜਵਾਬ ਦਿੱਤਾ ਤੇ ਆਖਿਆ,

“ਕੀ ਕਿਸੇ ਨੂੰ ਸ਼ਬਦਾਂ ਦੀ ਇਸ ਹਨੇ੍ਹਰੀ ਦਾ ਜਵਾਬ ਨਹੀਂ ਦੇਣਾ ਚਾਹੀਦਾ!
    ਕੀ ਇਹ ਸਾਰੀਆਂ ਗੱਲਾਂ ਕਰਨੀਆਂ ਅੱਯੂਬ ਨੂੰ ਠੀਕ ਸਿੱਧ ਕਰਦੀਆਂ ਨੇ? ਨਹੀਂ!
ਅੱਯੂਬ ਤੇਰਾ ਕੀ ਖਿਆਲ ਹੈ
    ਕਿ ਸਾਡੇ ਕੋਲ ਤੈਨੂੰ ਦੇਣ ਲਈ ਕੋਈ ਜਵਾਬ ਨਹੀਂ?
ਤੇਰਾ ਕੀ ਖਿਆਲ ਹੈ ਕਿ ਕੋਈ ਵੀ ਤੈਨੂੰ ਝਿੜਕੇਗਾ ਨਹੀਂ
    ਜਦੋਂ ਤੂੰ ਪਰਮੇਸ਼ੁਰ ਦਾ ਮਜ਼ਾਕ ਉਡਾਉਂਦਾ ਹੈਂ?
ਅੱਯੂਬ ਤੂੰ ਪਰਮੇਸ਼ੁਰ ਨੂੰ ਆਖਦਾ ਹੈ
    ਮੇਰੀਆਂ ਦਲੀਲਾਂ ਠੀਕ ਨੇ
    ਤੇ ਤੁਸੀਂ ਦੇਖ ਸੱਕਦੇ ਹੋ ਕਿ ਮੈਂ ਸ਼ੁੱਧ ਹਾਂ।
ਅੱਯੂਬ, ਮੇਰੀ ਇੱਛਾ ਕਿ ਪਰਮੇਸ਼ੁਰ ਤੈਨੂੰ ਜਵਾਬ ਦੇ
    ਦਿੰਦਾ ਤੇ ਦੱਸ ਦਿੰਦਾ ਕਿ ਤੂੰ ਗਲਤ ਹੈਂ।
ਪਰਮੇਸ਼ੁਰ ਤੈਨੂੰ ਸਿਆਣਪ ਦਾ ਰਹੱਸ ਦੱਸ ਸੱਕਦਾ।
    ਉਹ ਤੈਨੂੰ ਦੱਸ ਸੱਕਦਾ ਕਿ ਹਰ ਕਹਾਣੀ ਦੇ ਦੋ ਪਾਸੇ ਹੁੰਦੇ ਨੇ।
ਅੱਯੂਬ ਸੁਣ ਮੇਰੀ ਗੱਲ,
    ਪਰਮੇਸ਼ੁਰ ਤੈਨੂੰ ਓਨੀ ਸਜ਼ਾ ਨਹੀਂ ਦੇ ਰਿਹਾ ਜਿੰਨੀ ਉਸ ਨੂੰ ਤੈਨੂੰ ਦੇਣੀ ਚਾਹੀਦੀ ਹੈ।”

“ਅੱਯੂਬ ਕੀ ਤੂੰ ਸੋਚਦਾ ਹੈ ਕਿ ਸੱਚਮੁੱਚ ਪਰਮੇਸ਼ੁਰ ਨੂੰ ਸਮਝਦਾ ਹੈਂ?
    ਤੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਨੂੰ ਸਮਝ ਨਹੀਂ ਸੱਕਦਾ?
ਤੂੰ ਉਸ ਬਾਰੇ ਕੁਝ ਵੀ ਨਹੀਂ ਕਰ ਸੱਕਦਾ ਜੋ ਉੱਪਰ ਸਵਰਗ ਵਿੱਚ ਹੈ!
    ਤੂੰ ਮੌਤ ਦੇ ਸਥਾਨ ਬਾਰੇ ਕੁਝ ਵੀ ਨਹੀਂ ਜਾਣਦਾ।
ਪਰਮੇਸ਼ੁਰ ਧਰਤੀ ਨਾਲੋਂ ਵੱਡੇਰਾ ਹੈ
    ਤੇ ਸਮੁੰਦਰਾਂ ਨਾਲੋਂ ਵੱਡੇਰਾ ਹੈ।

10 “ਜੇ ਪਰਮੇਸ਼ੁਰ ਤੈਨੂੰ ਗਿਰਫ਼ਤਾਰ ਕਰ ਲਵੇ ਤੇ ਕਚਿਹਰੀ ਅੰਦਰ ਲੈ ਆਵੇ
    ਕੋਈ ਵੀ ਉਸ ਨੂੰ ਨਹੀਂ ਰੋਕ ਸੱਕਦਾ।
11 ਸੱਚਮੁੱਚ, ਪਰਮੇਸ਼ੁਰ ਜਾਣਦਾ, ਕਿ ਕੌਣ ਨਿਕਂਮਾ ਹੈ।
    ਜਦੋਂ ਪਰਮੇਸ਼ੁਰ ਬਦੀ ਨੂੰ ਦੇਖਦਾ ਹੈ ਉਹ ਉਸ ਨੂੰ ਯਾਦ ਰੱਖਦਾ ਹੈ।
12 ਇੱਕ ਜੰਗਲੀ ਗਧਾ ਇਨਸਾਨ ਨੂੰ ਜਨਮ ਨਹੀਂ ਦੇ ਸੱਕਦਾ।
    ਤੇ ਮੂਰਖ ਬੰਦਾ ਕਦੇ ਵੀ ਸਿਆਣਾ ਨਹੀਂ ਹੋਵੇਗਾ।
13 ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸੱਕਦਾ,
    ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸੱਕਦਾ ਹੋਣਾ ਸੀ।
14 ਤੈਨੂੰ ਉਸ ਪਾਪ ਨੂੰ ਦੂਰ ਕਰ ਦੇਣਾ ਚਾਹੀਦਾ ਜਿਹੜਾ ਤੇਰੇ ਘਰ ਅੰਦਰ ਹੈ।
    ਬਦੀ ਨੂੰ ਆਪਣੇ ਤੰਬੂ ਵਿੱਚ ਨਾ ਰਹਿਣ ਦੇਣਾ।
15 ਫ਼ੇਰ ਤੂੰ ਪਰਮੇਸ਼ੁਰ ਵੱਲ ਬਿਨਾ ਸ਼ਰਮ ਦੇ ਤੱਕ ਸੱਕਦਾ ਹੈਂ।
    ਤੂੰ ਬਿਨਾਂ ਡਰਿਆਂ ਦਿ੍ਰੜਤਾ ਨਾਲ ਖਲੋ ਸੱਕਦਾ ਹੈਂ।
16 ਫੇਰ ਤੂੰ ਆਪਣੀਆਂ ਮੁਸੀਬਤਾਂ ਨੂੰ ਭੁੱਲ ਸੱਕਦਾ ਤੇਰੀਆਂ ਮੁਸੀਬਤਾਂ ਉਸ
    ਪਾਣੀ ਵਰਗੀਆਂ ਹੁੰਦੀਆਂ ਜਿਹੜਾ ਵਹਿ ਚੁੱਕਿਆ ਹੈ।
17 ਫੇਰ ਤੇਰਾ ਜੀਵਨ ਦੁਪਹਿਰ ਦੀ ਧੁੱਪ ਨਾਲੋਂ ਵੀ ਵੱਧੇਰੇ ਚਮਕੀਲਾ ਹੁੰਦਾ।
    ਜੀਵਨ ਦੀਆਂ ਸਭ ਤੋਂ ਹਨੇਰੀਆਂ ਘੜੀਆਂ ਵੀ ਸਵੇਰ ਦੇ ਸੂਰਜ ਵਾਂਗ ਚਮਕਦੀਆਂ।
18 ਫੇਰ ਤੂੰ ਸੁਰੱਖਿਅਤ ਮਹਿਸੂਸ ਕਰਦਾ ਕਿਉਂ ਹੁੰਦੀ ਆਸ ਇੱਥੇ।
    ਪਰਮੇਸ਼ੁਰ ਤੇਰਾ ਖਿਆਲ ਰੱਖਦਾ ਤੇ ਤੈਨੂੰ ਆਰਾਮ ਦਿੰਦਾ।
19 ਤੂੰ ਆਰਾਮ ਕਰਨ ਲਈ ਪੈ ਗਿਆ ਹੋਵੇਂਗਾ ਅਤੇ ਕਿਸੇ ਨੇ ਤੇਰਾ ਫ਼ਿਕਰ ਨਹੀਂ ਕੀਤਾ ਹੋਣਾ,
    ਅਤੇ ਬਹੁਤ ਸਾਰੇ ਲੋਕਾਂ ਨੇ ਤੇਰੀ ਮਿਹਰ ਨੂੰ ਭਾਲਿਆ ਹੋਵੇਗਾ।
20 ਭਾਵੇਂ ਬੁਰੇ ਆਦਮੀ ਵੀ ਸਹਾਇਤਾ ਲਈ ਤੱਕਦੇ ਹੋਣ
    ਪਰ ਉਹ ਆਪਣੀਆਂ ਮੁਸੀਬਤਾਂ ਤੋਂ ਬਚ ਨਹੀਂ ਸੱਕਦੇ।
    ਉਨ੍ਹਾਂ ਦੀ ਉਮੀਦ ਸਿਰਫ਼ ਮੌਤ ਵੱਲ ਲੈ ਜਾਂਦੀ ਹੈ।”

ਅੱਯੂਬ ਦਾ ਸੋਫਰ ਨੂੰ ਜਵਾਬ ਦੇਣਾ

12 ਫੇਰ ਅੱਯੂਬ ਨੇ ਉਨ੍ਹਾਂ ਨੂੰ ਜਵਾਬ ਦਿੱਤਾ:

“ਮੈਨੂੰ ਯਕੀਨ ਹੈ ਕਿ ਤੁਸੀਂ ਸੋਚਦੇ ਹੋ
    ਕਿ ਸਿਰਫ ਤੁਸੀਂ ਹੀ ਸਿਆਣੇ ਆਦਮੀ ਹੋ।
ਤੁਸੀਂ ਸੋਚਦੇ ਹੋ ਕਿ ਜਦੋਂ ਤੁਸੀਂ ਮਰੋਗੇ ਸਿਆਣਪ
    ਵੀ ਤੁਹਾਡੇ ਨਾਲ ਹੀ ਚਲੀ ਜਾਵੇਗੀ।
ਪਰ ਮੇਰਾ ਦਿਮਾਗ ਵੀ ਤੇਰੇ ਜਿੰਨਾ ਹੀ ਚੰਗਾ ਹੈ।
    ਮੈਂ ਵੀ ਤੇਰੇ ਵਾਂਗ ਚਤੁਰ ਹਾਂ।
ਕੋਈ ਵੀ ਦੇਖ ਸੱਕਦਾ ਕਿ ਇਹ ਸੱਚ ਹੈ।

“ਹੁਣ ਮੇਰੇ ਦੋਸਤ ਮੇਰੇ ਉੱਤੇ ਹੱਸਦੇ ਨੇ।
    ਉਹ ਆਖਦੇ ਨੇ ਉਸ ਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ ਅਤੇ ਉਸ ਨੂੰ ਉਸ ਦਾ ਜਵਾਬ ਮਿਲਿਆ।
ਇਹੀ ਕਾਰਣ ਹੈ ਕਿ ਉਸ ਨਾਲ ਇਹ ਸਾਰੀਆਂ ਬੁਰੀਆਂ ਗੱਲਾਂ ਵਾਪਰੀਆਂ ਨੇ।
ਮੈਂ ਇੱਕ ਨੇਕ ਬੰਦਾ ਹਾਂ। ਮੈਂ ਬੇਗੁਨਾਹ ਹਾਂ।
    ਪਰ ਉਹ ਫ਼ੇਰ ਵੀ ਮੇਰੇ ਉੱਤੇ ਹੱਸਦੇ ਨੇ।
ਜਿਹੜੇ ਲੋਕ ਮੁਸੀਬਤਾਂ ਵਿੱਚ ਨਹੀਂ ਘਿਰੇ ਹੁੰਦੇ ਉਹ ਉਨ੍ਹਾਂ ਦਾ ਮਜ਼ਾਕ ਉਡਾਉਂਦੇ ਨੇ ਜਿਹੜੇ ਮੁਸੀਬਤਾਂ ਵਿੱਚ ਘਿਰੇ ਹੁੰਦੇ ਨੇ।
    ਉਹ ਲੋਕ ਇੱਕ ਡਿੱਗੇ ਹੋਏ ਬੰਦੇ ਉੱਤੇ ਵਾਰ ਕਰਦੇ ਨੇ।
ਪਰ ਡਾਕੂਆਂ ਦੇ ਤੰਬੂਆਂ ਨੂੰ ਗੋਲਿਆ ਜਾਂਦਾ।
    ਜਿਹੜੇ ਲੋਕ ਪਰਮੇਸ਼ੁਰ ਨੂੰ ਕ੍ਰੋਧਵਾਨ ਕਰਦੇ ਨੇ ਸ਼ਾਂਤੀ ਨਾਲ ਰਹਿੰਦੇ ਨੇ,
    ਤੇ ਉਨ੍ਹਾਂ ਦੀ ਆਪਣੀ ਹੀ ਸ਼ਕਤੀ ਉਨ੍ਹਾਂ ਦਾ ਇੱਕੋ-ਇੱਕ ਦੇਵਤਾ ਹੁੰਦੀ ਹੈ।

“ਪਰ ਜਾਨਵਰਾਂ ਨੂੰ ਪੁੱਛੋ ਉਨ੍ਹਾਂ ਤੁਹਾਨੂੰ ਸਿੱਖਿਆ ਦ੍ਦੇਣਗੇ।
    ਜਾਂ ਪੁੱਛੋ ਹਵਾ ਦੇ ਪੱਛੀਆਂ ਨੂੰ ਉਹ ਤੁਹਾਨੂੰ ਦੱਸਣਗੇ।
ਜਾਂ ਧਰਤੀ ਨਾਲ ਗੱਲ ਕਰੋ, ਇਹ ਤੁਹਾਨੂੰ ਸਿੱਖਾਵੇਗੀ।
    ਜਾਂ ਸਮੁੰਦਰ ਦੀਆਂ ਮੱਛੀਆਂ ਨੂੰ ਆਪਣੀ ਸਿਆਣਪ ਬਾਰੇ ਤੁਹਾਨੂੰ ਦੱਸਣ ਦਿਓ।
ਹਰ ਕੋਈ ਜਾਣਦਾ ਹੈ
    ਕਿ ਯਹੋਵਾਹ ਨੇ ਉਹ ਚੀਜ਼ਾਂ ਬਣਾਈਆਂ ਨੇ।
10 ਹਰ ਜਾਨਵਰ ਜਿਹੜਾ ਜਿਉਂਦਾ ਹੈ ਤੇ ਹਰ ਬੰਦਾ ਜਿਹੜਾ ਸਾਹ ਲੈਂਦਾ ਹੈ
    ਪਰਮੇਸ਼ੁਰ ਦੀ ਸ਼ਕਤੀ ਦੇ ਅਧੀਨ ਹੈ।
11 ਪਰ ਜਿਵੇਂ ਜੀਭ ਭੋਜਨ ਨੂੰ ਚਖਦੀ ਹੈ
    ਤੇ ਕੰਨ ਉਨ੍ਹਾਂ ਸ਼ਬਦਾਂ ਨੂੰ ਪਰੱਖਦੇ ਨੇ ਜਿਹੜੇ ਉਹ ਸੁਣਦੇ ਨੇ।
12 ਅਸੀਂ ਆਖਦੇ ਹਾਂ ‘ਸਿਆਣਪ ਬਜ਼ੁਰਗ ਲੋਕਾਂ ਅੰਦਰ ਜਾਂਦੀ ਹੈ।
    ਲੰਮਾ ਜੀਵਨ ਸਮਝ ਨੂੰ ਪੈਦਾ ਕਰਦਾ ਹੈ।’
13 ਪਰ ਸਿਆਣਪ ਅਤੇ ਸ਼ਕਤੀ ਪਰਮੇਸ਼ੁਰ ਦੀ ਹੈ।
    ਨੇਕ ਸਲਾਹ ਅਤ ਸਮਝਦਾਰੀ ਉਸੇ ਦੀ ਹੈ।
14 ਜੇ ਪਰਮੇਸ਼ੁਰ ਕਿਸੇ ਚੀਜ਼ ਨੂੰ ਚੀਰ ਦਿੰਦਾ ਹੈ, ਲੋਕ ਉਸ ਨੂੰ ਫਿਰ ਨਹੀਂ ਉਸਾਰ ਸੱਕਦੇ।
    ਜੇ ਪਰਮੇਸ਼ੁਰ ਕਿਸੇ ਬੰਦੇ ਨੂੰ ਕੈਦ ਅੰਦਰ ਸੁੱਟ ਦਿੰਦਾ ਹੈ, ਲੋਕ ਉਸ ਬੰਦੇ ਨੂੰ ਅਜ਼ਾਦ ਨਹੀਂ ਕਰ ਸੱਕਦੇ।
15 ਜੇ ਪਰਮੇਸ਼ੁਰ ਬਾਰਿਸ਼ ਨੂੰ ਰੋਕ ਲੈਂਦਾ ਹੈ ਧਰਤੀ ਸੁੱਕ ਜਾਵੇਗੀ।
    ਜੇਕਰ ਉਹ ਬਾਰਿਸ਼ ਨੂੰ ਢਿਲਿਆਂ ਛੱਡ ਦਿੰਦਾ ਹੈ ਇਹ ਧਰਤੀ ਨੂੰ ਭਰ ਦੇਵੇਗੀ।
16 ਪਰਮੇਸ਼ੁਰ ਤਾਕਤਵਰ ਹੈ ਤੇ ਸਦਾ ਜਿਤ੍ਤਦਾ ਹੈ
    ਜਿੱਤਣ ਵਾਲੇ ਅਤੇ ਹਾਰਨ ਵਾਲੇ ਸਾਰੇ ਹੀ ਪਰਮੇਸ਼ੁਰ ਦੇ ਹਨ।
17 ਪਰਮੇਸ਼ੁਰ ਸਮਝਦਾਰਾਂ ਤੋਂ ਉਨ੍ਹਾਂ ਦੀ ਸਿਆਣਪ ਖੋਹ ਲੈਂਦਾ ਹੈ
    ਅਤੇ ਆਗੂਆਂ ਨੂੰ ਮੂਰੱਖਾਂ ਵਾਂਗ ਵਿਹਾਰ ਕਰਨ ਲਾ ਦਿੰਦਾ ਹੈ।
18 ਭਾਵੇਂ ਰਾਜਾ ਲੋਕਾਂ ਨੂੰ ਕੈਦ ਅੰਦਰ ਸੁੱਟ ਦੇਵੇ
    ਪਰ ਪਰਮੇਸ਼ੁਰ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦਿੰਦਾ ਹੈ ਤੇ ਉਨ੍ਹਾਂ ਨੂੰ ਸ਼ਕਤੀਸ਼ਾਲੀ ਬਣਾਉਂਦਾ ਹੈ।
19 ਪਰਮੇਸ਼ੁਰ ਜਾਜਕਾਂ ਕੋਲੋਂ ਉਨ੍ਹਾਂ ਦੀ ਸ਼ਕਤੀ ਖੋਹ ਲੈਂਦਾ ਹੈ
    ਅਤੇ ਉਨ੍ਹਾਂ ਸਰਕਾਰੀ ਅਧਿਕਾਰੀਆਂ ਨੂੰ ਬਰੱਖਾਸਤ ਕਰ ਦਿੰਦਾ ਹੈ ਜਿਹੜੇ ਆਪਣੀਆਂ ਨੌਕਰੀਆਂ ਅੰਦਰ ਖੁਦ ਨੂੰ ਸੁਰੱਖਿਅਤ ਸਮਝਦੇ ਨੇ।
20 ਪਰਮੇਸ਼ੁਰ ਭਰੋਸੇ ਯੋਗ ਸਲਾਹਕਾਰਾਂ ਨੂੰ ਖਾਮੋਸ਼ ਕਰ ਦਿੰਦਾ ਹੈ,
    ਉਹ ਬਜ਼ੁਰਗ ਲੋਕਾਂ ਦੀ ਸਿਆਣਪ ਖੋਹ ਲੈਂਦਾ ਹੈ।
21 ਪਰਮੇਸ਼ੁਰ ਆਗੂਆਂ ਤੇ ਬਦਨਾਮੀ ਲਿਆਉਂਦਾ
    ਅਤੇ ਉਹ ਸ਼ਾਸਕਾਂ ਕੋਲੋ ਸ਼ਕਤੀ ਖੋਹ ਲੈਂਦਾ।
22 ਪਰਮੇਸ਼ੁਰ ਸਭ ਦੇ ਗੁਪਤ ਭੇਤਾਂ ਨੂੰ ਜਾਣਦਾ ਹੈ।
    ਉਹ ਉਨ੍ਹਾਂ ਥਾਵਾਂ ਤੇ ਰੋਸ਼ਨੀ ਭੇਜਦਾ ਹੈ ਜਿਹੜੀਆਂ ਮੌਤ ਵਾਂਗਰਾਂ ਹਨੇਰੀਆਂ ਨੇ।
23 ਪਰਮੇਸ਼ੁਰ ਕੌਮਾਂ ਨੂੰ ਮਹਾਨ ਅਤੇ ਸ਼ਕਤੀਸ਼ਾਲੀ ਬਣਾਉਂਦਾ
    ਅਤੇ ਫ਼ਿਰ ਉਨ੍ਹਾਂ ਨੂੰ ਤਬਾਹ ਕਰ ਦਿੰਦਾ ਹੈ।
ਉਹ ਕੌਮਾਂ ਦਾ ਵਿਸਤਾਰ ਕਰਦਾ ਹੈ
    ਤੇ ਫ਼ਿਰ ਉਨ੍ਹਾਂ ਦੇ ਲੋਕਾਂ ਨੂੰ ਖਿੰਡਾ ਦਿੰਦਾ ਹੈ।
24 ਪਰਮੇਸ਼ੁਰ ਆਗੂਆਂ ਨੂੰ ਮੂਰਖ ਬਣਾ ਦਿੰਦਾ ਹੈ
    ਉਹ ਉਨ੍ਹਾਂ ਨੂੰ ਮਾਰੂਬਲ ਅੰਦਰ ਭਟਕਣ ਲਾਉਂਦਾ ਹੈ।
25 ਉਹ ਆਗੂ ਉਸ ਬੰਦੇ ਵਰਗੇ ਹੁੰਦੇ ਨੇ ਜੋ ਹਨੇਰੇ ਵਿੱਚ ਆਪਣਾ ਰਾਹ ਟੋਁਹਦਾ ਹੈ
    ਉਹ ਉਸ ਸ਼ਰਾਬੀ ਬੰਦੇ ਵਰਗੇ ਹੁੰਦੇ ਨੇ ਜਿਹੜਾ ਇਹ ਵੀ ਨਹੀਂ ਜਾਣਦਾ ਕਿ ਉਹ ਕਿੱਥੋ ਜਾ ਰਿਹਾ ਹੈ।”

13 ਅੱਯੂਬ ਨੇ ਆਖਿਆ,

“ਮੈਂ ਇਹ ਸਭ ਕੁਝ ਪਹਿਲਾਂ ਵੇਖਿਆ ਹੋਇਆ।
    ਮੈਂ ਪਹਿਲਾਂ ਵੀ ਰਹ ਗੱਲ ਸੁਣ ਚੁੱਕਿਆ ਹ੍ਹਾਂ ਜੋ ਤੁਸੀਂ ਆਖਦੇ ਹੋ।
    ਮੈਂ ਉਨ੍ਹਾਂ ਸਾਰੀਆਂ ਗੱਲਾਂ ਨੂੰ ਸਮਝਦਾ ਹਾਂ।
ਮੈਂ ਤੁਹਾਡੇ ਜਿੰਨਾ ਹੀ ਜਾਣਦਾ ਹਾਂ।
    ਮੈਂ ਤੁਹਾਡੇ ਜਿੰਨਾ ਹੀ ਚਤੁਰ ਹਾਂ।
ਪਰ ਮੈਂ ਤੁਹਾਡੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ।
    ਮੈਂ ਸਰਬ-ਸ਼ਕਤੀਮਾਨ ਪਰਮੇਸ਼ੁਰ ਨਾਲ ਗੱਲ ਕਰਨੀ ਚਾਹੁੰਦਾ ਹਾਂ।
    ਮੈਂ ਆਪਣੀਆਂ ਮੁਸੀਬਤਾਂ ਬਾਰੇ ਪਰਮੇਸ਼ੁਰ ਨਾਲ ਬਹਿਰ ਕਰਨੀ ਚਾਹੁੰਦਾ ਹਾਂ।
ਪਰ ਤੁਸੀਂ ਤਿੰਨੇ ਜਾਣੇ ਆਪਣੀ ਅਗਿਆਨਤਾ ਨੂੰ ਝੂਠ ਨਾਲ ਢੱਕਣਾ ਚਾਹੁੰਦੇ ਹੋ।
    ਤੁਸੀਂ ਉਨ੍ਹਾਂ ਨਿਕੰਮੇ ਹਕੀਮਾਂ ਵਰਗੇ ਹੋ ਜਿਹੜੇ ਕਿਸੇ ਦਾ ਵੀ ਇਲਾਜ ਨਹੀਂ ਕਰ ਸੱਕਦੇ।
ਕਾਸ਼ ਕਿ ਤੁਸੀਂ ਸਿਰਫ਼ ਖਾਮੋਸ਼ ਹੋ ਜਾਁਦੇ।
    ਇਹੀ ਸਭ ਤੋਂ ਸਿਆਣਪ ਭਰੀ ਗੱਲ ਹੁੰਦੀ ਜਿਹੜੀ ਤੁਸੀਂ ਕਰ ਸੱਕਦੇ ਸੀ।

“ਹੁਣ ਮੇਰੀ ਦਲੀਲ ਨੂੰ ਸੁਣੋ।
    ਜੋ ਵੀ ਮੈਂ ਤੁਹਾਨੂੰ ਆਖਦਾ ਹਾਂ ਸੁਣੋ।
ਕੀ ਤੁਸੀਂ ਪਰਮੇਸ਼ੁਰ ਲਈ ਝੂਠ ਬੋਲੋਁਗੇ?
    ਕੀ ਤੁਸੀਂ ਸੱਚਮੁੱਚ ਵਿਸ਼ਵਾਸ ਕਰਦੇ ਹੋ ਕਿ ਤੁਹਾਡਾ ਝੂਠ ਹੀ ਹੈ ਜੋ ਪਰਮੇਸ਼ੁਰ ਤੁਹਾਨੂੰ ਆਖਣਾ ਚਾਹੁੰਦਾ ਹੈ।
ਕੀ ਤੁਸੀਂ ਪਰਮੇਸ਼ੁਰ ਦਾ ਪੱਖ ਲੈ ਰਹੇ ਹੋ?
    ਕੀ ਤੁਸੀਂ ਉਸ ਖਾਤਰ ਉਸ ਦੇ ਮੁਕੱਦਮੇ ਲਈ ਦਲੀਲਬਾਜ਼ੀ ਕਰੋਂਗੇ।
ਜੇ ਪਰਮੇਸ਼ੁਰ ਨੇ ਬਹੁਤ ਬਾਰੀਕੀ ਨਾਲ
    ਤੁਹਾਡਾ ਨਿਰੀਖਣ ਕੀਤਾ ਕੀ ਉਹ ਤੁਹਾਨੂੰ ਦਰਸਾਵੇਗਾ ਕਿ ਤੁਸੀਂ ਠੀਕ ਹੋ?
ਕੀ ਤੁਸੀਂ ਸੱਚਮੁੱਚ ਸੋਚਦੇ ਹੋ ਕਿ ਤੁਸੀਂ ਪਰਮੇਸ਼ੁਰ ਨੂੰ ਮੂਰਖ ਬਣਾ ਸੱਕਦੇ ਹੋ।
    ਉਵੇਂ ਹੀ ਜਿਵੇਂ ਤੁਸੀਂ ਲੋਕਾਂ ਨੂੰ ਮੂਰਖ ਬਣਾਉਂਦੇ ਹਨ।
10 ਤੁਸੀਂ ਜਾਣਦੇ ਹੋ ਕਿ ਪਰਮੇਸ਼ੁਰ ਤੁਹਾਡੀ ਅਲੋਚਨਾ ਕਰੇਗਾ ਜੇ
    ਤੁਸੀਂ ਕਚਿਹਰੀ ਅੰਦਰ ਕਿਸੇ ਬੰਦੇ ਦੇ ਪੱਖ ਦੀ ਚੋਣ, ਇਸੇ ਲਈ ਕਰਦੇ ਹੋਂ ਕਿਉਂ ਕਿ ਉਹ ਮਹੱਤਵਪੂਰਣ ਹੈ।
11 ਪਰਮੇਸ਼ੁਰ ਦੀ ਮਹਾਨਤਾ ਤੁਹਾਨੂੰ ਭੈਭੀਤ ਕਰਦੀ ਹੈ,
    ਤੁਸੀਂ ਉਸ ਤੋਂ ਡਰਦੇ ਹੋ।
12 ਤੁਹਾਡੇ ਰਟੇ ਹੋਏ ਪਾਠ ਸਿਰਫ਼ ਅਰਬਹੀਣ ਕਹਾਉਤਾਂ ਹਨ।
    ਤੁਹਾਡੀਆਂ ਦਲੀਲਾਂ ਮਿੱਟੀ ਜਿੰਨੀਆਂ ਬੇਕਾਰ ਦਲੀਲਾਂ ਹੀ ਹਨ।

13 “ਖਾਮੋਸ਼ ਰਹੋ ਤੇ ਮੈਨੂੰ ਗੱਲ ਕਰਨ ਦਿਉ।
    ਮੈਂ ਉਸ ਨੂੰ ਪ੍ਰਵਾਨ ਕਰਦਾ ਹਾਂ ਜੋ ਵੀ ਮੇਰੇ ਨਾਲ ਵਾਪਰਦਾ ਹੈ।
14 ਮੈਂ ਆਪਣੇ-ਆਪ ਨੂੰ ਖਤਰੇ ਵਿੱਚ ਪਾਵਾਂਗਾ ਤੇ
    ਮੈਂ ਆਪਣੇ ਜੀਵਨ ਨੂੰ ਆਪਣੇ ਹੱਥਾਂ ਵਿੱਚ ਲੈ ਲਵਾਂਗਾ।
15 ਮੈਂ ਪਰਮੇਸ਼ੁਰ ਵਿੱਚ ਭਰੋਸਾ ਕਰਦਾ ਰਹਾਂਗਾ ਭਾਵੇਂ ਪਰਮੇਸ਼ੁਰ ਮੈਨੂੰ ਮਾਰ ਹੀ ਮੁਕਾਵੇ।
    ਪਰ ਮੈਂ ਉਸ ਦੇ ਮੁਖ ਲਈ ਆਪਣੇ-ਆਪ ਦਾ ਬਚਾਉ ਕਰਾਂਗਾ।
16 ਅਤੇ ਜੇ ਪਰਮੇਸ਼ੁਰ ਮੈਨੂੰ ਜਿਉਣ ਦਿੰਦਾ ਹੈ ਇਹ ਤਾਂ ਹੀ ਹੋਵੇਗਾ ਕਿਉਂਕਿ ਮੈਂ ਬੋਲਣ ਦੀ ਦਲੇਰੀ ਕੀਤੀ ਸੀ।
    ਕਈ ਵੀ ਬਦ ਆਦਮੀ ਕਦੇ ਪਰਮੇਸ਼ੁਰ ਨੂੰ ਆਮੋ੍ਹ ਸਾਹਮਣੇ ਮਿਲਣ ਦਾ ਹੌਸਲਾ ਨਹੀਂ ਕਰਦਾ।
17 ਧਿਆਨ ਨਾਲ ਸੁਣ ਜੋ ਵੀ ਮੈਂ ਆਖਦਾ ਹਾਂ।
    ਮੈਨੂੰ ਸਮਝਾਉਣ ਦੇ।
18 ਮੈਂ ਹੁਣ ਆਪਣਾ ਬਚਾਉ ਕਰਨ ਲਈ ਤਿਆਰ ਹਾਂ।
    ਮੈਂ ਆਪਣੀਆਂ ਦਲੀਲਾਂ ਹੋਸ਼ਿਆਰੀ ਨਾਲ ਪੇਸ਼ ਕਰਾਂਗਾ।
    ਮੈਂ ਜਾਣਦਾ ਹਾਂ ਕਿ ਮੈਂ ਧਰਮੀ ਸਾਬਿਤ ਕੀਤਾ ਜਾਵਾਂਗਾ।
19 ਜੇ ਕੋਈ ਵੀ ਬੰਦਾ ਸਾਬਤ ਕਰ ਸੱਕਦਾ ਹੈ ਕਿ
    ਮੈਂ ਗਲਤ ਹਾਂ ਤਾਂ ਮੈਂ ਫੌਰਨ ਚੁੱਪ ਹੋ ਜਾਵਾਂਗਾ।

20 “ਹੇ ਪਰਮੇਸ਼ੁਰ ਬਸ ਦੋ ਚੀਜ਼ਾਂ ਮੈਨੂੰ ਦੇ ਫੇਰ
    ਮੈਂ ਤੈਥੋਂ ਨਹੀਂ ਛੁਪਾਂਗਾ:
21 ਮੈਨੂੰ ਦੰਡ ਦੇਣਾ ਬੰਦ ਕਰ ਦੇ,
    ਤੇ ਮੈਨੂੰ ਤੇਰੇ ਖੌਫ਼ਾਂ ਰਾਹੀਂ ਭੈਭੀਤ ਕਰਨੋ ਰੁਕ ਜਾ।
22 ਫ਼ੇਰ ਮੈਨੂੰ ਬੁਲਾ ਤੇ ਮੈਂ ਤੈਨੂੰ ਜਵਾਬ ਦੇਵਾਂਗਾ ਜਾਂ
    ਮੈਨੂੰ ਬੋਲਣ ਦੇ ਤੇ ਤੂੰ ਮੈਨੂੰ ਜਵਾਬ ਦੇ।
23 ਮੈਂ ਕਿੰਨੇ ਕੁ ਪਾਪ ਕੀਤੇ ਨੇ,
    ਮੈਂ ਕੀ ਗ਼ਲਤ ਕੀਤਾ ਹੈ,
    ਮੈਨੂੰ ਮੇਰੇ ਪਾਪ ਤੇ ਮੇਰੀਆਂ ਗਲਤੀਆਂ ਦਿਖਾ।
24 ਹੇ ਪਰਮੇਸ਼ੁਰ ਤੂੰ ਮੇਰੇ ਕੋਲੋਂ ਕਿਉਂ ਲਕੋ ਰੱਖਦਾ ਹੈਂ
    ਤੇ ਮੇਰੇ ਨਾਲ ਦੁਸ਼ਮਣਾਂ ਵਰਗਾ ਵਿਹਾਰ ਕਰਦਾ ਹੈ?
25 ਕੀ ਤੂੰ ਮੈਨੂੰ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਹੈਂ?
    ਮੈਂ ਤਾਂ ਹਵਾ ਵਿੱਚ ਉਡਦਾ ਹੋਇਆ ਇੱਕ ਪੱਤਾ ਹਾਂ।
    ਤੂੰ ਇੱਕ ਨਿੱਕੇ ਤਿਨਕੇ ਉੱਤੇ ਹਮਲਾ ਕਰ ਰਿਹਾ ਹੈਂ।
26 ਹੇ ਪਰਮੇਸ਼ੁਰ ਤੂੰ ਮੇਰੇ ਖਿਲਾਫ਼ ਕੌੜੀਆਂ ਗੱਲਾਂ ਆਖਦਾ ਹੈਂ।
    ਕੀ ਤੂੰ ਮੈਨੂੰ ਉਨ੍ਹਾਂ ਪਾਪਾਂ ਲਈ ਦੁੱਖ ਦੇ ਰਿਹਾ ਹੈਂ ਜਿਹੜੇ ਮੈਂ ਜਵਾਨੀ ਵੇਲੇ ਕੀਤੇ ਸਨ।
27 ਤੂੰ ਮੇਰੇ ਪੈਰਾਂ ਵਿੱਚ ਸੰਗਲੀਆਂ ਪਾ ਦਿੱਤੀਆਂ ਨੇ,
    ਤੂੰ ਹਰ ਕਦਮ ਨੂੰ ਵੇਖਦਾ ਹੈਂ ਜੋ ਮੈਂ ਚੁੱਕਦਾ ਹਾਂ,
    ਤੂੰ ਮੇਰੇ ਵੱਧਾੇ ਹਰ ਕਦਮ ਨੂੰ ਵੇਖਦਾ ਹੈਂ।
28 ਇਸ ਲਈ ਮੈਂ ਲੱਕੜ ਦੇ ਉਸ ਟੁਕੜੇ ਵਾਂਗ ਕਮਜ਼ੋਰ
    ਤੋਂ ਕਮਜ਼ੋਰ ਹੋ ਰਿਹਾ ਹਾਂ ਜੋ ਕੱਪੜੇ ਦੇ ਉਸ ਟੁਕੜੇ ਵਾਂਗ ਗਲ ਰਿਹਾ ਹੈ ਜਿਸ ਨੂੰ ਕੀੜੇ ਖਾ ਰਹੇ ਹੋਣ।”

ਰਸੂਲਾਂ ਦੇ ਕਰਤੱਬ 9:1-21

ਸੌਲੁਸ ਨਿਹਚਾਵਾਨ ਬਣਿਆ

ਯਰੂਸ਼ਲਮ ਵਿੱਚ ਸੌਲੁਸ ਅਜੇ ਵੀ ਪ੍ਰਭੂ ਦੇ ਚੇਲਿਆਂ ਨੂੰ ਦਬਕਾਉਣ ਅਤੇ ਕਤਲ ਕਰਨ ਵਿੱਚ ਲੱਗਾ ਹੋਇਆ ਸੀ। ਇਸੇ ਲਈ ਉਹ ਸਰਦਾਰ ਜਾਜਕ ਕੋਲ ਗਿਆ। ਸੌਲੁਸ ਨੇ ਉਸ ਕੋਲੋਂ ਦੰਮਿਸ਼ਕ ਵਿੱਚ ਪ੍ਰਾਰਥਨਾ ਸਥਾਨਾਂ ਲਈ ਚਿੱਠੀਆਂ ਮੰਗੀਆਂ, ਜੋ ਉਸ ਨੂੰ ਉਨ੍ਹਾਂ ਸਾਰਿਆਂ ਨੂੰ ਲੱਭਣ ਅਤੇ ਉਨ੍ਹਾਂ ਨੂੰ ਕੈਦ ਕਰਨ, ਦਾ ਅਧਿਕਾਰ ਦੇਣ ਜੋ ਯਿਸੂ ਦੇ ਮਾਰਗ ਨੂੰ ਮੰਨਦੇ ਹਨ। ਉਹ ਭਾਵੇਂ ਔਰਤਾਂ ਹੋਣ ਅਤੇ ਭਾਵੇਂ ਮਰਦ, ਉਨ੍ਹਾਂ ਨੂੰ ਯਰੂਸ਼ਲਮ ਲਿਆਉਣ।

ਤਾਂ ਸੌਲੁਸ ਦੰਮਿਸ਼ਕ ਵਿੱਚ ਗਿਆ। ਜਦੋਂ ਉਹ ਸ਼ਹਿਰ ਕੋਲ ਪਹੁੰਚਿਆ ਤਾਂ ਅਕਾਸ਼ ਵੱਲੋਂ ਅਚਾਨਕ ਇੱਕ ਬੜੀ ਤੇਜ਼ ਬਿਜਲੀ ਉਸ ਦੇ ਇਰਦ-ਗਿਰਦ ਚਮਕੀ। ਉਹ ਜ਼ਮੀਨ ਤੇ ਡਿੱਗ ਪਿਆ ਅਤੇ ਉਸ ਨੂੰ ਇਹ ਪੁੱਛਦੀ ਹੋਈ ਇੱਕ ਆਵਾਜ਼ ਸੁਣਾਈ ਦਿੱਤੀ, “ਸੌਲੁਸ, ਸੌਲੁਸ! ਤੂੰ ਮੈਨੂੰ ਤਸੀਹੇ ਕਿਉਂ ਦੇ ਰਿਹਾ ਹੈਂ?”

ਸੌਲੁਸ ਨੇ ਕਿਹਾ, “ਪ੍ਰਭੂ, ਤੂੰ ਕੌਣ ਹੈਂ?”

ਉਸ ਨੇ ਜਵਾਬ ਦਿੱਤਾ, “ਮੈਂ ਯਿਸੂ ਹਾਂ। ਮੈਂ ਹੀ ਹਾਂ ਜਿਸ ਨੂੰ ਤੂੰ ਤਸੀਹੇ ਦੇ ਰਿਹਾ ਹੈ। ਉੱਠ ਅਤੇ ਉੱਠ ਕੇ ਹੁਣ ਸ਼ਹਿਰ ਨੂੰ ਜਾ ਉੱਥੇ ਤੈਨੂੰ ਇੱਕ ਮਨੁੱਖ ਦੱਸੇਗਾ ਕਿ ਹੁਣ ਤੂੰ ਕੀ ਕਰਨਾ ਹੈ।”

ਜਿਹੜੇ ਮਨੁੱਖ ਉਸ ਦੇ ਨਾਲ ਸਫ਼ਰ ਕਰ ਰਹੇ ਸਨ, ਉਹ ਚੁੱਪ-ਚਾਪ ਖੜ੍ਹੇ ਰਹੇ। ਉਨ੍ਹਾਂ ਨੇ ਆਵਾਜ਼ ਤਾਂ ਸੁਣੀ ਪਰ ਉਨ੍ਹਾਂ ਨੂੰ ਦਿਖਿਆ ਕੁਝ ਨਹੀਂ ਸੀ। ਸੌਲੁਸ ਜਦੋਂ ਜ਼ਮੀਨ ਤੋਂ ਉੱਠਿਆ ਤਾਂ ਉਸ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਪਰ ਉਹ ਕੁਝ ਵੇਖ ਨਾ ਸੱਕਿਆ। ਤਾਂ ਉਨ੍ਹਾਂ ਲੋਕਾਂ ਨੇ ਉਸਦਾ ਹੱਥ ਫ਼ੜਿਆ ਅਤੇ ਉਸ ਨੂੰ ਦੰਮਿਸਕ ਵਿੱਚ ਲੈ ਆਏ। ਤਿੰਨ ਦਿਨ ਤੱਕ ਉਹ ਨਾ ਵੇਖ ਸੱਕਿਆ ਅਤੇ ਨਾ ਹੀ ਉਸ ਨੇ ਕੁਝ ਖਾਧਾ ਪੀਤਾ।

10 ਦੰਮਿਸਕ ਵਿੱਚ ਯਿਸੂ ਦਾ ਇੱਕ ਚੇਲਾ ਸੀ, ਜਿਸ ਦਾ ਨਾਉਂ ਹਨਾਨਿਯਾਹ ਸੀ। ਪ੍ਰਭੂ ਨੇ ਹਨਾਨਿਯਾਹ ਨੂੰ ਦਰਸ਼ਨ ਦੇਕੇ ਕਿਹਾ, “ਹਨਾਨਿਯਾਹ!”

ਹਨਾਨਿਯਾਹ ਨੇ ਅੱਗੋਂ ਜਵਾਬ ਵਿੱਚ ਕਿਹਾ, “ਪ੍ਰਭੂ, ਮੈਂ ਇੱਥੇ ਹਾਂ।”

11 ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਉੱਠ ਖੜ੍ਹਾ ਹੋ ਅਤੇ ਉਸ ਗਲੀ ਨੂੰ ਜਾਹ ਜੋ ‘ਸਿੱਧੀ ਗਲੀ’ ਕਹਾਂਉਂਦੀ ਹੈ। ਉੱਥੇ, ਯਹੂਦਾ ਦੇ ਘਰ ਨੂੰ ਲੱਭ ਅਤੇ ਸੌਲੁਸ ਨਾਂ ਦੇ ਆਦਮੀ ਨੂੰ ਪੁੱਛ, ਜੋ ਕਿ ਤਰਸੁਸ ਤੋਂ ਹੈ। ਇਸ ਵਕਤ ਉਹ ਉੱਥੇ ਹੈ ਅਤੇ ਪ੍ਰਾਰਥਨਾ ਕਰ ਰਿਹਾ ਹੈ। 12 ਸੌਲੁਸ ਨੂੰ ਵੀ ਦਰਸ਼ਨ ਹੋਏ ਅਤੇ ਉਸ ਦਰਸ਼ਨ ਵਿੱਚ, ਉਸ ਨੇ ਹਨਾਨਿਯਾਹ ਨਾਂ ਦੇ ਇੱਕ ਆਦਮੀ ਨੂੰ ਉਸ ਕੋਲ ਆਉਂਦਿਆਂ ਅਤੇ ਆਪਣੇ ਹੱਥ ਉਸ ਉੱਪਰ ਰੱਖਦਿਆਂ ਵੇਖਿਆ। ਜਿਸ ਨਾਲ ਸੌਲੁਸ ਦੋਬਾਰਾ ਦੇਖਣ ਦੇ ਕਾਬਿਲ ਹੋ ਗਿਆ।”

13 ਪਰ ਹਨਾਨਿਯਾਹ ਨੇ ਜਵਾਬ ਦਿੱਤਾ, “ਹੇ ਪ੍ਰਭੂ, ਇਸ ਮਨੁੱਖ ਬਾਰੇ ਮੈਨੂੰ ਬਹੁਤ ਸਾਰੇ ਲੋਕਾਂ ਨੇ ਦੱਸਿਆ ਹੈ। ਉਨ੍ਹਾਂ ਨੇ ਮੈਨੂੰ ਦੱਸਿਆ ਹੈ ਕਿ ਇਸਨੇ ਯਰੂਸ਼ਲਮ ਵਿੱਚ ਤੇਰੇ ਪਵਿੱਤਰ ਲੋਕਾਂ ਨਾਲ ਬਹੁਤ ਸਾਰੀਆਂ ਬਦੀਆਂ ਕੀਤੀਆਂ ਹਨ। 14 ਹੁਣ ਉਹ ਇੱਥੇ ਆਇਆ ਹੈ ਅਤੇ ਪ੍ਰਧਾਨ ਜਾਜਕਾਂ ਨੇ ਇਸ ਨੂੰ ਤਮਾਮ ਉਨ੍ਹਾਂ ਲੋਕਾਂ ਨੂੰ ਫ਼ੜਣ ਦਾ ਇਖਤਿਆਰ ਦਿੱਤਾ ਹੋਇਆ ਹੈ ਜੇ ਤੇਰੇ ਵਿੱਚ ਨਿਹਚਾ ਰੱਖਦੇ ਹਨ।”

15 ਪਰ ਪ੍ਰਭੂ ਨੇ ਹਨਾਨਿਯਾਹ ਨੂੰ ਕਿਹਾ, “ਤੂੰ ਜਾ। ਕਿਉਂਕਿ ਮੈਂ ਸੌਲੁਸ ਨੂੰ ਇੱਕ ਬੜੇ ਜ਼ਰੂਰੀ ਕੰਮ ਵਾਸਤੇ ਚੁਣਿਆ ਹੈ। ਉਸ ਨੂੰ ਬਾਦਸ਼ਾਹਾਂ, ਯਹੂਦੀ ਲੋਕਾਂ ਅਤੇ ਪਰਾਈਆਂ ਕੌਮਾਂ ਨੂੰ ਮੇਰੇ ਬਾਰੇ ਜਾਕੇ ਦੱਸਣਾ ਚਾਹੀਦਾ ਹੈ। 16 ਮੈਂ ਉਸ ਨੂੰ ਉਹ ਸਭ ਵਿਖਾਵਾਂਗਾ ਜੋ ਮੇਰੇ ਨਾਉਂ ਦੇ ਬਦਲੇ, ਉਸ ਨੂੰ ਝੱਲਣਾ ਚਾਹੀਦਾ ਹੈ।”

17 ਇਸ ਲਈ ਹਨਾਨਿਯਾਹ ਤੁਰ ਪਿਆ, ਅਤੇ ਯਹੂਦਾ ਦੇ ਘਰ ਗਿਆ। ਉਸ ਨੇ ਆਪਣਾ ਹੱਥ ਸੌਲੁਸ ਦੇ ਸਿਰ ਤੇ ਰੱਖਿਆ ਅਤੇ ਆਖਿਆ, “ਸੌਲੁਸ, ਮੇਰੇ ਭਰਾ, ਪ੍ਰਭੂ ਯਿਸੂ ਨੇ ਮੈਨੂੰ ਤੇਰੇ ਕੋਲ ਭੇਜਿਆ ਹੈ। ਉਹ ਉਹੀ ਹੈ ਜਿਸ ਨੂੰ ਤੂੰ ਆਉਂਦਿਆਂ ਹੋਇਆਂ ਰਸਤੇ ਵਿੱਚ ਡਿੱਠਾ ਸੀ ਉਹ ਯਿਸੂ ਹੀ ਸੀ। ਯਿਸੂ ਨੇ ਮੈਨੂੰ ਤੇਰੇ ਕੋਲ ਇਸ ਲਈ ਭੇਜਿਆ ਹੈ ਕਿ ਤੂੰ ਦੁਬਾਰਾ ਵੇਖ ਸੱਕੇਂ ਅਤੇ ਪਵਿੱਤਰ ਆਤਮਾ ਨਾਲ ਭਰਪੂਰ ਹੋਵੇ।” 18 ਉਸੇ ਵੇਲੇ ਅਚਾਨਕ ਉਸ ਦੀਆਂ ਅੱਖਾਂ ਤੋਂ ਛਿਲਕੇ ਜਿਹਿਆ ਕੁਝ ਡਿੱਗਿਆ ਅਤੇ ਉਸ ਨੂੰ ਦੁਬਾਰਾ ਦਿਖਣ ਲੱਗ ਪਿਆ। ਸੌਲੁਸ ਉੱਠਿਆ ਅਤੇ ਉਸ ਨੂੰ ਬਪਤਿਸਮਾ ਦਿੱਤਾ ਗਿਆ। 19 ਫ਼ਿਰ ਉਸ ਨੇ ਕੁਝ ਖਾਧਾ ਅਤੇ ਮੁੜ ਤੋਂ ਆਪਣੇ ਆਪ ਵਿੱਚ ਤਕੜਾ ਮਹਿਸੂਸ ਕਰਨ ਲੱਗਾ।

ਸੌਲੁਸ ਦਾ ਦੰਮਿਸਕ ਵਿੱਚ ਉਪਦੇਸ਼ ਦੇਣਾ

ਫ਼ਿਰ ਉਹ ਕੁਝ ਦਿਨ ਦੰਮਿਸਕ ਵਿੱਚ ਯਿਸੂ ਦੇ ਚੇਲਿਆਂ ਦੇ ਨਾਲ ਰਿਹਾ। 20 ਜਲਦੀ ਹੀ ਉਸ ਨੇ ਪ੍ਰਾਰਥਨਾ ਸਥਾਨਾ ਉੱਪਰ ਯਿਸੂ ਬਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਲੋਕਾਂ ਵਿੱਚ ਪਰਚਾਰ ਕੀਤਾ ਕਿ, “ਯਿਸੂ ਹੀ ਪਰਮੇਸ਼ੁਰ ਦਾ ਪੁੱਤਰ ਹੈ।”

21 ਸਾਰੇ ਲੋਕ ਜਿਹੜੇ ਸੌਲੁਸ ਨੂੰ ਸੁਣਦੇ ਉਹ ਬੜੇ ਹੈਰਾਨ ਸਨ। ਉਨ੍ਹਾਂ ਕਿਹਾ, “ਕੀ ਇਹ ਉਹੀ ਵਿਅਕਤੀ ਨਹੀਂ ਜੋ ਯਰੂਸ਼ਲਮ ਵਿੱਚ ਸੀ ਅਤੇ ਜਿਸਨੇ ਉਨ੍ਹਾਂ ਸਾਰੇ ਲੋਕਾਂ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਨੂੰ ਯਿਸੂ ਵਿੱਚ ਨਿਹਚਾ ਸੀ। ਅਤੇ ਹੁਣ ਉਹੀ ਇੱਥੇ ਯਿਸੂ ਦੇ ਚੇਲਿਆਂ ਨੂੰ ਫ਼ੜਨ ਅਤੇ ਉਨ੍ਹਾਂ ਨੂੰ ਪ੍ਰਧਾਨ ਜਾਜਕਾਂ ਹੱਥੀਂ ਫ਼ੜਵਾਉਣ ਲਈ ਆਇਆ ਹੈ।”

Punjabi Bible: Easy-to-Read Version (ERV-PA)

2010 by World Bible Translation Center