Old/New Testament
ਯਹੂਦਾਹ ਦਾ ਪਾਤਸ਼ਾਹ ਯੋਸੀਯਾਹ
34 ਯੋਸੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਕੁੱਲ ਅੱਠ ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ 31ਵਰ੍ਹੇ ਰਾਜ ਕੀਤਾ। 2 ਯੋਸੀਯਾਹ ਨੇ ਉਹੀ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਦਾ ਵਿਹਾਰ ਉਸ ਦੇ ਪੁਰਖੇ ਦਾਊਦ ਵਰਗਾ ਹੀ ਸੀ, ਅਤੇ ਉਸ ਨੇ ਚੰਗੇ ਕੰਮਾਂ ਕਰਨ ਤੋਂ ਮੂੰਹ ਨਾ ਮੋੜਿਆ। 3 ਜਦੋਂ ਯੋਸੀਯਾਹ ਆਪਣੀ ਪਾਤਸ਼ਾਹੀ ਦੇ ਅੱਠਵੇਂ ਵਰ੍ਹੇ ’ਚ ਸੀ ਤਾਂ ਉਸ ਨੇ ਪਰਮੇਸ਼ੁਰ ਨੂੰ ਮੰਨਣਾ ਸ਼ੁਰੂ ਕਰ ਦਿੱਤਾ। ਉਸ ਪਰਮੇਸ਼ੁਰ ਨੂੰ ਉਸ ਨੇ ਮੰਨਿਆ ਜਿਸ ਨੂੰ ਉਸ ਦੇ ਪੁਰਖਿਆਂ ਚੋ ਦਾਊਦ ਨੇ ਮੰਨਿਆ ਸੀ। ਅਤੇ ਆਪਣੇ ਰਾਜ ਦੇ 12ਵਰ੍ਹੇ ਵਿੱਚ ਯਹੂਦਾਹ ਅਤੇ ਯਰੂਸ਼ਲਮ ਨੂੰ ਜਿੱਥੇ ਉਚਿਆਂ ਥਾਵਾਂ ਅਤੇ ਟੁੰਡੇ ਦੇਵਤਿਆਂ ਨੂੰ ਘੜਿਆ ਗਿਆ ਸੀ ਅਤੇ ਢਾਲੇ ਹੋਏ ਬੁੱਤਾਂ ਨੂੰ ਸਾਜਿਆ ਗਿਆ ਸੀ, ਇਨ੍ਹਾਂ ਸਭਨਾਂ ਦਾ ਉਸ ਨੇ ਸਫ਼ਾਇਆ ਕਰ ਦਿੱਤਾ। 4 ਲੋਕਾਂ ਨੇ ਉੱਥੋਂ ਬਆਲਾਂ ਦੀਆਂ ਜਗਵੇਦੀਆਂ ਨੂੰ ਢਾਹ ਦਿੱਤਾ। ਇਹ ਢਾਹ-ਢੁਹਾਈ ਉਨ੍ਹਾਂ ਯੋਸੀਯਾਹ ਦੇ ਸਾਹਮਣੇ ਕੀਤੀ। ਫ਼ੇਰ ਉਸ ਨੇ ਧੂਪ ਦੀਆਂ ਉਹ ਜਗਵੇਦੀਆਂ ਢਾਹ ਦਿੱਤੀਆਂ, ਜੋ ਲੋਕਾਂ ਦੇ ਉੱਪਰ ਉੱਚੀਆਂ ਖਲੋਤੀਆਂ ਸਨ। ਉਸ ਨੇ ਘੜੇ ਹੋਏ ਬੁੱਤਾਂ ਅਤੇ ਢਾਲੇ ਹੋਏ ਬੁੱਤਾਂ ਨੂੰ ਢਾਹ ਦਿੱਤਾ। ਉਸ ਨੇ ਉਨ੍ਹਾਂ ਬੁੱਤਾਂ ਦਾ ਚੂਰਾ ਬਣਾ ਦਿੱਤਾ। ਫ਼ੇਰ ਯੋਸੀਯਾਹ ਨੇ ਉਸ ਚੂਰੇ ਨੂੰ ਉਨ੍ਹਾਂ ਲੋਕਾਂ ਦੀਆਂ ਕਬਰਾਂ ਤੇ ਛਿੜਕ ਦਿੱਤਾ ਜਿਨ੍ਹਾਂ ਨੇ ਬਆਲ ਦੇਵਤਿਆਂ ਨੂੰ ਬਲੀਆਂ ਚੜ੍ਹਾਈਆਂ ਸਨ। 5 ਯੋਸੀਯਾਹ ਨੇ ਉਨ੍ਹਾਂ ਜਾਜਕਾਂ ਦੀਆਂ ਹੱਡੀਆਂ ਨੂੰ ਵੀ ਸਾੜ ਦਿੱਤਾ ਜਿਨ੍ਹਾਂ ਨੇ ਆਪਣੀ ਜਗਵੇਦੀ ਉੱਪਰ ਬਆਲ ਦੇਵਤਿਆਂ ਦੀ ਸੇਵਾ ਕੀਤੀ। ਇਉਂ ਯੋਸੀਯਾਹ ਨੇ ਯਹੂਦਾਹ ਅਤੇ ਯਰੂਸਲਮ ਵਿੱਚੋਂ ਮੂਰਤੀ ਉਪਾਸਨਾ ਦਾ ਖਾਤਮਾ ਕੀਤਾ। 6 ਯੋਸੀਯਾਹ ਨੇ ਮਨੱਸ਼ਹ, ਅਫ਼ਰਾਈਮ ਅਤੇ ਸ਼ਿਮਓਨ ਦੇ ਸ਼ਹਿਰਾਂ ਵਿੱਚ ਅਤੇ ਨਫ਼ਤਾਲੀ ਅਤੇ ਉਨ੍ਹਾਂ ਦੇ ਦੁਆਲੇ ਦਿਆਂ ਉਜਾੜਾਂ ਵਿੱਚ ਵੀ ਅਜਿਹਾ ਹੀ ਕੀਤਾ। 7 ਯੋਸੀਯਾਹ ਨੇ ਜਗਵੇਦੀਆਂ ਅਤੇ ਅਸੇਰਾਹ ਦੇ ਥੰਮਾਂ ਨੂੰ ਢਾਹ ਦਿੱਤਾ। ਉਸ ਨੇ ਬੁੱਤਾਂ ਦਾ ਚੂਰਾ ਕਰ ਦਿੱਤਾ। ਉਸ ਨੇ ਇਸਰਾਏਲ ਦੇ ਦੇਸ਼ ਵਿੱਚ ਬਆਲ ਦੀ ਉਪਾਸਨਾ ਕਰਨ ਲਈ ਵਰਤੀਆਂ ਜਾਣ ਵਾਲੀਆਂ ਸਾਰੀਆਂ ਧੂਪ ਦੀਆਂ ਜਗਵੇਦੀਆਂ ਢਾਹ ਦਿੱਤੀਆਂ। ਫ਼ੇਰ ਉਹ ਯਰੂਸ਼ਲਮ ਨੂੰ ਵਾਪਸ ਪਰਤਿਆ।
8 ਆਪਣੀ ਪਾਤਸ਼ਾਹੀ ਦੇ ਅੱਠਾਰ੍ਹਵੇਂ ਵਰ੍ਹੇ ਜਦੋਂ ਉਹ ਦੇਸ ਅਤੇ ਮੰਦਰ ਨੂੰ ਸਾਫ਼ ਕਰ ਚੁੱਕਿਆ ਤਾਂ ਉਸ ਨੇ ਅਸਲਯਾਹ ਦੇ ਪੁੱਤਰ ਸ਼ਾਫ਼ਾਨ ਨੂੰ ਸ਼ਹਿਰ ਦੇ ਸਰਦਾਰ ਮਅਸੇਯਾਹ ਅਤੇ ਯੋਆਹਾਜ਼ ਦੇ ਪੁੱਤਰ ਯੋਆਹ ਲਿਖਾਰੀ ਕੋਲ ਭੇਜਿਆ ਜੋ ਸਾਰੀਆਂ ਘਟਨਾਵਾਂ ਬਾਰੇ ਲਿਖਦਾ ਹੁੰਦਾ ਸੀ ਕਿ ਯਹੋਵਾਹ ਉਸ ਦੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਕਰਵਾਉਣ।
9 ਤਦ ਉਹ ਹਿਲਕੀਯਾਹ ਪ੍ਰਧਾਨ ਜਾਜਕ ਕੋਲ ਗਏ। ਉਨ੍ਹਾਂ ਨੇ ਉਸ ਨੂੰ ਉਹ ਦੌਲਤ ਦਿੱਤੀ ਜਿਹੜੀ ਲੋਕਾਂ ਨੇ ਯਹੋਵਾਹ ਦੇ ਮੰਦਰ ਲਈ ਦਿੱਤੀ ਸੀ। ਦਰਬਾਨ ਲੇਵੀਆਂ ਨੇ ਮਨੱਸ਼ਹ ਅਤੇ ਅਫ਼ਰਾਈਮ ਦੇ ਹੱਥੋਂ ਅਤੇ ਬਾਕੀ ਦੇ ਬਚੇ ਹੋਏ ਇਸਰਾਏਲੀਆਂ ਕੋਲੋਂ ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਅਤੇ ਯਰੂਸ਼ਲਮ ਦੇ ਵਾਸੀਆਂ ਕੋਲੋਂ ਇਕੱਠੀ ਕੀਤੀ ਸੀ, ਉਸ ਨੂੰ ਦੇ ਦਿੱਤੀ। 10 ਤਦ ਲੇਵੀਆਂ ਨੇ ਉਨ੍ਹਾਂ ਕਰਿੰਦਿਆਂ ਨੂੰ ਮਾਲ ਅਤੇ ਧੰਨ ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਦੇਖ-ਰੇਖ ਕਰ ਰਹੇ ਸਨ। ਅਤੇ ਦੇਖ-ਰੇਖ ਕਰਨ ਵਾਲਿਆਂ ਨੇ ਉਨ੍ਹਾਂ ਕਰੰਦਿਆਂ ਨੂੰ ਧਨ-ਰਾਸ਼ੀ ਦਿੱਤੀ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਕਰ ਰਹੇ ਸਨ। 11-12 ਇਸ ਤੋਂ ਇਲਾਵਾ, ਤਰਖਾਣਾਂ ਅਤੇ ਰਾਜਾਂ ਨੂੰ ਧੰਨ ਦਿੱਤਾ ਗਿਆ ਤਾਂ ਜੋ ਉਹ ਪੱਥਰ ਅਤੇ ਲੱਕੜ ਖਰੀਦ ਸੱਕਣ, ਜਿਹੜੀ ਕਿ ਇਮਾਰਤ ਨੂੰ ਫਿਰ ਤੋਂ ਬਨਾਉਣ ਲਈ ਲੋੜੀਂਦੀ ਸੀ। ਉਨ੍ਹਾਂ ਨੂੰ ਮੰਦਰ ਦੇ ਉਨ੍ਹਾਂ ਘਰਾਂ ਲਈ ਵੀ ਰਕਮ ਦਿੱਤੀ ਸੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹਾਂ ਨੇ ਉਨ੍ਹਾਂ ਦੀ ਅਣਗਿਹਲੀ ਕਾਰਣ ਢਹਿ ਲੈਣ ਦਿੱਤਾ ਸੀ। ਉਨ੍ਹਾਂ ਨੂੰ ਇਨ੍ਹਾਂ ਘਰਾਂ ਲਈ ਸ਼ਤੀਰਾਂ ਬਨਾਉਣ ਲਈ ਕਿਹਾ ਗਿਆ ਸੀ। ਮਰਾਰੀ ਦੇ ਘਰਾਣੇ ਵਿੱਚੋਂ ਯਹਤ ਅਤੇ ਓਬਦਯਾਹ ਨੇ ਅਤੇ ਕੋਹਾਥੀਆਂ ਦੇ ਘਰਾਣੇ ਵਿੱਚੋਂ ਜ਼ਕਰਯਾਹ ਅਤੇ ਮਸ਼ੁੱਲਮ ਨੇ ਲੇਵੀਆਂ ਅਤੇ ਉਨ੍ਹਾਂ ਸਾਰਿਆਂ ਦੀ ਨਿਗਰਾਨੀ ਕੀਤੀ ਜਿਹੜੇ ਸੰਗੀਤਕ ਸਾਜਾਂ ਦੇ ਮਾਹਰ ਸਨ। 13 ਲੇਵੀ ਮਜਦੂਰਾਂ ਦੇ ਇੰਚਾਰਜ ਸਨ ਅਤੇ ਸਾਰੇ ਕਾਮਿਆਂ ਦੀ ਉਨ੍ਹਾਂ ਦੇ ਵੱਖੋ-ਵੱਖ ਕੰਮਾਂ ਵਿੱਚ ਅਗਵਾਈ ਕੀਤੀ। ਕੁਝ ਲੇਵੀਆਂ ਨੇ ਮੁਨਸ਼ੀਆਂ, ਅਫ਼ਸਰਾਂ ਅਤੇ ਦਰਬਾਨਾਂ ਆਦਿ ਦਾ ਕਾਰਜ ਵੀ ਸੰਭਾਲਿਆ।
ਬਿਵਸਥਾ ਦੀ ਪੋਥੀ ਦਾ ਲੱਭਣਾ
14 ਜਦ ਉਹ ਦੌਲਤ ਜੋ, ਯਹੋਵਾਹ ਦੇ ਮੰਦਰ ਵਿੱਚ ਲਿਆਂਦੀ ਗਈ ਸੀ, ਬਾਹਰ ਕੱਢ ਰਹੇ ਸਨ ਤਦ ਹਿਲਕੀਯਾਹ ਜਾਜਕ ਨੂੰ ਯਹੋਵਾਹ ਦੀ ਬਿਵਸਥਾ ਦੀ ਪੋਥੀ ਜਿਹੜੀ ਕਿ ਮੂਸਾ ਦੇ ਰਾਹੀਂ ਦਿੱਤੀ ਗਈ ਸੀ, ਲੱਭੀ। 15 ਤਦ ਹਿਲਕੀਯਾਹ ਨੇ ਸ਼ਾਫ਼ਾਨ ਮੁਨਸ਼ੀ ਨੂੰ ਆਖਿਆ, “ਮੈਨੂੰ ਯਹੋਵਾਹ ਦੇ ਭਵਨ ਵਿੱਚੋਂ ਬਿਵਸਥਾ ਦੀ ਪੋਥੀ ਲੱਭੀ ਹੈ!” ਹਿਲਕੀਯਾਹ ਨੇ ਇਹ ਪੋਥੀ ਸ਼ਾਫ਼ਾਨ ਨੂੰ ਦੇ ਦਿੱਤੀ। 16 ਸ਼ਾਫ਼ਾਨ ਇਹ ਪੋਥੀ ਪਾਤਸ਼ਾਹ ਯੋਸੀਯਾਹ ਕੋਲ ਲੈ ਕੇ ਆਇਆ ਅਤੇ ਉਸ ਨੇ ਪਾਤਸ਼ਾਹ ਨੂੰ ਕਿਹਾ, “ਤੁਹਾਡੇ ਸੇਵਕ ਜਿਵੇਂ ਜੋ ਜੋ ਤੁਸੀਂ ਹੁਕਮ ਦਿੱਤਾ ਸੀ ਤਿਵੇਂ ਕਰ ਰਹੇ ਹਨ। 17 ਉਹ ਦੌਲਤ ਜਿਹੜੀ ਯਹੋਵਾਹ ਦੇ ਮੰਦਰ ਵਿੱਚੋਂ ਮਿਲੀ ਉਸ ਨੂੰ ਦੇਖ ਭਾਲ ਕਰਨ ਵਾਲਿਆਂ ਨੂੰ ਅਤੇ ਕਰਿੰਦਿਆਂ ਨੂੰ ਦੇ ਦਿੱਤੀ।” 18 ਤਦ ਸ਼ਾਫ਼ਾਨ ਨੇ ਪਾਤਸ਼ਾਹ ਨੂੰ ਕਿਹਾ, “ਹਿਲਕੀਯਾਹ ਜਾਜਕ ਨੇ ਮੈਨੂੰ ਪੋਥੀ ਸੌਂਪੀ ਹੈ।” ਤਦ ਸ਼ਾਫ਼ਾਨ ਨੇ ਉਹ ਪੋਥੀ ਯੋਸੀਯਾਹ ਪਾਤਸ਼ਾਹ ਦੇ ਸਾਹਮਣੇ ਖੜ੍ਹ ਕੇ ਪੜ੍ਹ ਕੇ ਸੁਣਾਈ। 19 ਜਦੋਂ ਯੋਸੀਯਾਹ ਪਾਤਸ਼ਾਹ ਨੇ ਬਿਵਸਥਾ ਦੇ ਵਾਕ ਸੁਣੇ ਤਾਂ ਉਸ ਨੇ ਆਪਣੇ ਵਸਤਰ ਫ਼ਾੜ ਲਏ। 20 ਤਾਂ ਪਾਤਸ਼ਾਹ ਨੇ ਹਿਲਕੀਯਾਹ ਨੂੰ, ਸ਼ਾਫ਼ਾਨ ਦੇ ਪੁੱਤਰ ਅਹੀਕਾਮ ਮੀਕਹ ਦੇ ਪੁੱਤਰ ਅਬਦੋਨ, ਸ਼ਾਫ਼ਾਨ ਮੁਨਸ਼ੀ ਨੂੰ ਅਤੇ ਅਸਾਯਾਹ ਸੇਵਕ ਨੂੰ ਹੁਕਮ ਦਿੱਤਾ। 21 ਪਾਤਸ਼ਾਹ ਨੇ ਆਖਿਆ, “ਜਾਓ ਅਤੇ ਮੇਰੇ ਵੱਲੋਂ ਅਤੇ ਉਨ੍ਹਾਂ ਲੋਕਾਂ ਵੱਲੋਂ ਜਿਹੜੇ ਇਸਰਾਏਲ ਅਤੇ ਯਹੂਦਾਹ ਵਿੱਚ ਬਾਕੀ ਹਨ, ਇਸ ਪੋਥੀ ਦੀਆਂ ਗੱਲਾਂ ਦੇ ਬਾਰੇ, ਜੋ ਲੱਭੀ ਹੈ, ਯਹੋਵਾਹ ਤੋਂ ਪੁੱਛ ਗਿੱਛ ਕਰੋ ਕਿਉਂ ਕਿ ਯਹੋਵਾਹ ਦੀ ਭਾਰੀ ਕਰੋਪੀ ਸਾਡੇ ਉੱਪਰ ਹੋਈ ਹੈ ਕਿਉਂ ਜੋ ਸਾਡੇ ਵੱਡੇਰਿਆਂ ਨੇ ਯਹੋਵਾਹ ਦੇ ਬਚਨਾਂ ਦਾ ਪਾਲਨ ਨਹੀਂ ਕੀਤਾ। ਸਾਡੇ ਪੁਰਖਿਆਂ ਨੇ, ਜਿਵੇਂ ਇਸ ਪੋਥੀ ਵਿੱਚ ਹੁਕਮ ਸੀ ਕਰਨ ਦਾ ਉਵੇਂ ਨਹੀਂ ਕੀਤਾ।”
22 ਤਾਂ ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਹੁਲਦਾਹ ਨਬੀਆਂ ਕੋਲ ਗਏ। ਹੁਲਦਾਹ ਸ਼ੱਲੁਮ ਦੀ ਪਤਨੀ ਸੀ ਜੋ ਕਿ ਤਾਕਹਥ ਦਾ ਪੁੱਤਰ ਸੀ। ਤਾਕਹਥ ਹਸਰਾਹ ਦਾ ਪੁੱਤਰ ਸੀ। ਹਸਰਾਹ ਪਾਤਸ਼ਾਹ ਦੇ ਤੋਸ਼ੇ ਖਾਨੇ ਦਾ ਰੱਖਵਾਲਾ ਸੀ। ਹੁਲਦਾਹ ਯਰੂਸ਼ਲਮ ਦੇ ਨਵੇਂ ਮੁਹੱਲੇ ਵਿੱਚ ਰਹਿੰਦੀ ਸੀ। ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕਾਂ ਨੇ ਇਹ ਸਾਰੀ ਗੱਲ ਹੁਲਦਾਹ ਨੂੰ ਜਾਕੇ ਸੁਣਾਈ। 23 ਹੁਲਦਾਹ ਨੇ ਉਨ੍ਹਾਂ ਨੂੰ ਕਿਹਾ, “ਯੋਸੀਯਾਹ ਪਾਤਸ਼ਾਹ ਨੂੰ ਜਾਕੇ ਕਹਿਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਹ ਆਖਦਾ ਹੈ: 24 ‘ਮੈਂ ਇਸ ਥਾਂ ਅਤੇ ਇੱਥੋਂ ਦੇ ਵਾਸੀਆਂ ਉੱਪਰ ਕਰੋਪੀ ਲਿਆਉਣ ਵਾਲਾ ਹਾਂ। ਜੋ ਕੁਝ ਵੀ ਪਾਤਸ਼ਾਹ ਦੇ ਸਾਹਮਣੇ ਗੱਲਾਂ ਪੜ੍ਹਕੇ ਸੁਣਾਈਆਂ ਗਈਆਂ ਹਨ, ਜੋ ਇਸ ਪੋਥੀ ਵਿੱਚ ਲਿਖੀਆਂ ਹਨ, ਇਹ ਸਭ ਕੁਝ ਇੱਥੇ ਵਾਪਰੇਗਾ। 25 ਅਜਿਹਾ ਇਸ ਲਈ ਹੋਵੇਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਕੇ ਝੂਠੇ ਦੇਵਤਿਆਂ ਅੱਗੇ ਧੂਪ ਧੁਖਾਉਣੀ ਸ਼ੁਰੂ ਕਰ ਦਿੱਤੀ। ਉਨ੍ਹਾਂ ਲੋਕਾਂ ਨੇ ਸਭ ਬੁਰਿਆਈਆਂ ਕਰਕੇ ਮੈਨੂੰ ਕਰੋਧ ਚੜ੍ਹਾਇਆ ਹੈ, ਇਸ ਲਈ ਇਸ ਥਾਵੇਂ ਮੈਂ ਆਪਣੀ ਕਰੋਪੀ ਵਰਸਾਵਾਂਗਾ ਜੋ ਕਿ ਬਲਦੀ ਅੱਗ ਵਾਂਗ ਹੁਣ ਬੁਝਣ ਵਾਲਾ ਨਹੀਂ।’
26 “ਪਰ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ ਨੂੰ ਜਿਸਨੇ ਤੁਹਾਨੂੰ ਯਹੋਵਾਹ ਕੋਲੋਂ ਪੁੱਛ-ਗਿੱਛ ਕਰਨ ਲਈ ਭੇਜਿਆ ਹੈ ਜਾ ਕੇ ‘ਇਉਂ ਆਖਣਾ ਕਿ ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਇਵੇਂ ਫ਼ਰਮਾਉਂਦਾ ਹੈ ਕਿ ਉਨ੍ਹਾਂ ਗੱਲਾਂ ਦੇ ਬਾਰੇ ਜੋ ਤੂੰ ਸੁਣੀਆਂ ਹਨ: 27 ਯੋਸੀਯਾਹ ਤੂੰ ਪਰਾਸਚਿਤ ਕਰਕੇ ਆਪਣੇ-ਆਪ ਨੂੰ ਨਿਮ੍ਰ ਬਣਾਇਆ ਅਤੇ ਆਪਣੇ ਵਸਤਰ ਵੀ ਪਾੜ ਲਏ ਲਏ ਆਪਣੀ ਸ਼ਰਮਸਾਰੀ ਕਾਰਣ ਤੂੰ ਮੇਰੇ ਅੱਗੇ ਮਿੰਨਤ ਅਤੇ ਬੇਨਤੀ ਕੀਤੀ। ਤੂੰ ਮੇਰੇ ਅੱਗੇ ਰੋਇਆ ਅਤੇ ਮੈਂ ਤੇਰੇ ਸ਼ਬਦਾਂ ਨੂੰ ਵੀ ਸੁਣਿਆ ਹੈ, ਯਹੋਵਾਹ ਆਖਦਾ ਹੈ। 28 ਮੈਂ ਤੈਨੂੰ ਤੇਰੇ ਪੁਰਖਿਆਂ ਨਾਲ ਮਿਲਾਵਾਂਗਾ ਪਰ ਤੂੰ ਆਪਣੀ ਕਬਰ ਵਿੱਚ ਸ਼ਾਂਤੀ ਨਾਲ ਜਾਵੇਂਗਾ। ਜੋ ਵੀ ਕਰੋਪੀ ਮੈਂ ਇਸ ਥਾਂ ਤੇ ਅਤੇ ਇਨ੍ਹਾਂ ਲੋਕਾਂ ਉੱਪਰ ਲਿਆਵਾਂਗਾ, ਤੈਨੂੰ ਉਹ ਨਹੀਂ ਵੇਖਣੀ-ਭੋਗਣੀ ਪਵੇਗੀ, ਕਿਉਂ ਕਿ ਤੂੰ ਮੇਰੇ ਅਧੀਨ ਹੋਇਆ ਹੈਂ!’” ਹਿਲਕੀਯਾਹ ਅਤੇ ਪਾਤਸ਼ਾਹ ਦੇ ਸੇਵਕ ਇਹ ਸੁਨੇਹਾ ਲੈ ਕੇ ਪਾਤਸ਼ਾਹ ਯੋਸੀਯਾਹ ਕੋਲ ਵਾਪਸ ਆਏ।
29 ਤਦ ਪਾਤਸ਼ਾਹ ਨੇ ਯਹੂਦਾਹ ਅਤੇ ਯਰੂਸ਼ਲਮ ਦੇ ਬਜ਼ੁਰਗਾਂ ਦੀ ਇੱਕ ਸਭਾ ਆਪਣੇ ਕੋਲ ਬੁਲਾਈ। 30 ਪਾਤਸ਼ਾਹ ਯਹੋਵਾਹ ਦੇ ਮੰਦਰ ਗਿਆ। ਪਾਤਸ਼ਾਹ ਦੇ ਨਾਲ ਸਾਰੇ ਯਹੂਦਾਹ ਦੇ ਲੋਕ, ਯਰੂਸ਼ਲਮ ਵਿੱਚ ਰਹਿੰਦੇ ਲੋਕ, ਜਾਜਕ ਲੇਵੀ ਅਤੇ ਖਾਸ ਅਤੇ ਆਮ ਲੋਕ ਸਭ ਗਏ। ਯੋਸੀਯਾਹ ਨੇ ਬਿਵਸਥਾ ਦੀ ਪੋਥੀ ਦੇ ਬਚਨ ਉਨ੍ਹਾਂ ਅੱਗੇ ਪੜ੍ਹਕੇ ਸੁਣਾਏ, ਜਿਹੜੀ ਕਿ ਯਹੋਵਾਹ ਦੇ ਮੰਦਰ ਵਿੱਚੋਂ ਲੱਭੀ ਸੀ। 31 ਤਦ ਪਾਤਸ਼ਾਹ ਆਪਣੀ ਥਾਂ ਤੇ ਖੜ੍ਹਾ ਹੋਇਆ ਅਤੇ ਉਸ ਨੇ ਯਹੋਵਾਹ ਦੇ ਨਾਲ ਇੱਕ ਇਕਰਾਰਨਾਮਾ ਬੰਨ੍ਹਿਆ। ਉਸ ਨੇ ਇਹ ਨੇਮ ਕੀਤਾ ਕਿ ਅਸੀਂ ਯਹੋਵਾਹ ਦੇ ਕਹੇ ਅਨੁਸਾਰ ਤੁਰਾਂਗੇ ਅਤੇ ਉਸ ਦੇ ਹੁਕਮ ਉਸਦੀਆਂ ਸਿੱਖਿਆਵਾਂ ਅਤੇ ਉਸ ਦੀਆਂ ਬਿਧੀਆਂ ਦੀਆਂ ਆਪਣੇ ਤਨ-ਮਨ ਨਾਲ ਪਾਲਨਾ ਕਰਾਂਗੇ। ਉਸ ਬਿਵਸਥਾ ਦੀ ਪੋਥੀ ਦੀਆਂ ਗੱਲਾਂ ਨੂੰ ਤਹਿ ਦਿਲੋਂ ਮੰਨ ਕੇ ਉਸ ਉੱਪਰ ਪੂਰਨੇ ਪਾਵਾਂਗੇ। 32 ਤਦ ਪਾਤਸ਼ਾਹ ਨੇ ਉਨ੍ਹਾਂ ਸਾਰਿਆਂ ਕੋਲੋਂ ਜਿਹੜੇ ਯਰੂਸ਼ਲਮ ਅਤੇ ਬਿਨਯਾਮੀਨ ਵਿੱਚ ਸਨ ਉਨ੍ਹਾਂ ਨੂੰ ਇਸ ਨੇਮ ਨੂੰ ਮੰਨਣ ਦਾ ਬਚਨ ਲਿਆ। ਯਰੂਸ਼ਲਮ ਦੇ ਲੋਕਾਂ ਨੇ ਪਰਮੇਸ਼ੁਰ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਇਕਰਾਰਨਾਮੇ ਅਨੁਸਾਰ ਕੰਮ ਕੀਤਾ। 33 ਇਸਰਾਏਲ ਦੇ ਲੋਕਾਂ ਨੇ ਜੋ ਵੱਖ-ਵੱਖ ਧਰਤੀਆਂ ਦੇ ਦੇਵਤਿਆਂ ਦੀਆਂ ਮੂਰਤਾਂ ਇਕੱਠੀਆਂ ਕੀਤੀਆਂ ਹੋਈਆਂ ਸਨ, ਯੋਸੀਯਾਹ ਨੇ ਉਨ੍ਹਾਂ ਸਭਨਾਂ ਨੂੰ ਨਸ਼ਟ ਕਰ ਦਿੱਤਾ ਅਤੇ ਇਸਰਾਏਲੀਆਂ ਨੂੰ ਆਪਣੇ ਯਹੋਵਾਹ ਪਰਮੇਸ਼ੁਰ ਦੀ ਸੇਵਾ ਵਿੱਚ ਲਾ ਦਿੱਤਾ। ਫ਼ਿਰ ਜਦੋਂ ਤੀਕ ਯੋਸੀਯਾਹ ਜਿੰਦਾ ਰਿਹਾ, ਲੋਕ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੀ ਸੇਵਾ ਵਿੱਚ ਲੱਗੇ ਰਹੇ।
ਯੋਸੀਯਾਹ ਦਾ ਪਸਹ ਦਾ ਮਨਾਉਣਾ
35 ਯੋਸੀਯਾਹ ਨੇ ਯਰੂਸ਼ਲਮ ਵਿੱਚ ਯਹੋਵਾਹ ਲਈ ਪਸਹ ਕੀਤੀ। ਉਨ੍ਹਾਂ ਨੇ ਪਹਿਲੇ ਮਹੀਨੇ ਦੀ 14ਤਰੀਕ ਨੂੰ ਪਸਹ ਦਾ ਲੇਲਾ ਵੱਢਿਆ। 2 ਪਾਤਸ਼ਾਹ ਨੇ ਜਾਜਕਾਂ ਨੂੰ ਉਨ੍ਹਾਂ ਦੀ ਜੁੰਮੇਵਾਰੀ ਉੱਪਰ ਖੜ੍ਹਾ ਕੀਤਾ। ਉਸ ਨੇ ਜਾਜਕਾਂ ਨੂੰ ਜਦੋਂ ਉਹ ਯਹੋਵਾਹ ਦੇ ਮੰਦਰ ਵਿੱਚ ਸੇਵਾ ਕਰ ਰਹੇ ਸਨ, ਉਤਸਾਹਿਤ ਕੀਤਾ। 3 ਯੋਸੀਯਾਹ ਨੇ ਲੇਵੀਆਂ ਨੂੰ ਜਿਹੜੇ ਕਿ ਯਹੋਵਾਹ ਲਈ ਪਵਿੱਤਰ ਹੋ ਕੇ ਸਾਰੇ ਇਸਰਾਏਲ ਨੂੰ ਸਿੱਖਿਆ ਦਿੰਦੇ ਸਨ ਕਿਹਾ: “ਪਵਿੱਤਰ ਸੰਦੂਕ ਨੂੰ ਉਸ ਮੰਦਰ ਵਿੱਚ ਜਿਸ ਨੂੰ ਦਾਊਦ ਦੇ ਪੁੱਤਰ ਸੁਲੇਮਾਨ, ਇਸਰਾਏਲ ਦੇ ਪਾਤਸ਼ਾਹ ਨੇ ਬਣਾਇਆ ਹੈ ਰੱਖੋਂਗੇ ਤਾਂ ਅਗਾਂਹ ਨੂੰ ਤੁਹਾਡੇ ਮੋਢਿਆਂ ਉੱਪਰ ਕੋਈ ਭਾਰ ਨਹੀਂ ਹੋਵੇਗਾ। ਇਸ ਲਈ ਬਾਰ-ਬਾਰ ਥਾਂ ਪਰ ਥਾਂ ਆਪਣੇ ਮੋਢਿਆਂ ਤੇ ਚੁੱਕਣ ਦੀ ਬਜਾਇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਅਤੇ ਉਸਦੀ ਪਰਜਾ ਇਸਰਾਏਲ ਦੀ ਸੇਵਾ ਕਰੋ। 4 ਆਪੋ-ਆਪਣੇ ਘਰਾਣਿਆਂ ਮੁਤਾਬਕ ਮੰਦਰ ਵਿੱਚ ਸੇਵਾ ਕਰਨ ਲਈ ਆਪਣੇ-ਆਪ ਨੂੰ ਤਿਆਰ ਰੱਖੋ। ਦਾਊਦ ਪਾਤਸ਼ਾਹ ਅਤੇ ਉਸ ਦੇ ਪੁੱਤਰ ਸੁਲੇਮਾਨ ਪਾਤਸ਼ਾਹ ਨੇ ਜਿਹੜੀਆਂ ਸੇਵਾਵਾਂ ਤੁਹਾਨੂੰ ਸੌਂਪੀਆਂ ਸਨ, ਉਹੀ ਕਰੋ। 5 ਲੇਵੀਆਂ ਦੇ ਘਰਾਣੇ ਨਾਲ ਪਵਿੱਤਰ ਅਸਥਾਨ ਉੱਪਰ ਖੜ੍ਹੇ ਹੋਵੋ ਤਾਂ ਜੋ ਤੁਸੀਂ ਪਵਿੱਤਰ ਅਸਥਾਨ ਵਿੱਚ ਪਿੱਤਰਾਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਆਪਣੇ ਭਰਾਵਾਂ ਅਤੇ ਆਮ ਲੋਕਾਂ ਦੇ ਮੁਤਾਬਕ ਖੜ੍ਹੇ ਹੋਵੋ। ਤਾਂ ਜੋ ਤੁਸੀਂ ਉਨ੍ਹਾਂ ਦੀ ਮਦਦ ਕਰ ਸੱਕੋ। 6 ਪਸਹ ਦੇ ਲੇਲੇ ਵੱਢੋ ਅਤੇ ਆਪਣੇ-ਆਪ ਨੂੰ ਯਹੋਵਾਹ ਦੇ ਸਾਹਮਣੇ ਪਵਿੱਤਰ ਕਰੋ ਅਤੇ ਇਸਰਾਏਲ ਦੇ ਲੋਕਾਂ ਅਤੇ ਆਪਣੇ ਭਰਾਵਾਂ ਲਈ ਵੀ ਲੇਲੇ ਤਿਆਰ ਰੱਖੋ। ਜੋ ਕੁਝ ਯਹੋਵਾਹ ਨੇ ਸਾਨੂੰ ਕਰਨ ਦਾ ਹੁਕਮ ਦਿੱਤਾ ਸੀ, ਉਹੀ ਕੁਝ ਕਰੋ। ਯਹੋਵਾਹ ਨੇ ਇਹ ਸਾਰੇ ਹੁਕਮ ਸਾਨੂੰ ਮੂਸਾ ਦੇ ਰਾਹੀਂ ਦਿੱਤੇ ਸਨ।”
7 ਯੋਸੀਯਾਹ ਨੇ ਇਸਰਾਏਲੀਆਂ ਨੂੰ ਪਸਹ ਲਈ 30,000 ਭੇਡਾਂ ਬੱਕਰੀਆਂ ਬਲੀ ਲਈ ਦਿੱਤੀਆਂ। ਉਸ ਨੇ ਲੋਕਾਂ ਨੂੰ 3,000 ਹੋਰ ਪਸ਼ੂ ਵੀ ਦਿੱਤੇ। ਇਹ ਸਾਰੇ ਜਾਨਵਰ ਯੋਸੀਯਾਹ ਪਾਤਸ਼ਾਹ ਦੇ ਆਪਣੇ ਸਨ ਜੋ ਉਸ ਨੇ ਲੋਕਾਂ ਨੂੰ ਦਿੱਤੇ। 8 ਪਾਤਸ਼ਾਹ ਦੇ ਅਫ਼ਸਰਾਂ ਨੇ ਵੀ ਲੋਕਾਂ ਨੂੰ, ਅਤੇ ਜਾਜਕਾਂ ਨੂੰ ਅਤੇ ਲੇਵੀਆਂ ਨੂੰ ਪਸਹ ਲਈ ਆਪਣੇ ਵੱਲੋਂ ਮੁਫ਼ਤ ’ਚ ਪਸ਼ੂ ਦਿੱਤੇ ਅਤੇ ਹੋਰ ਵਸਤਾਂ ਵੀ ਦਿੱਤੀਆਂ। ਹਿਲਕੀਯਾਹ, ਜ਼ਕਰਯਾਹ ਅਤੇ ਯਹੀਏਲ ਨੇ ਜਿਹੜੇ ਪਰਮੇਸ਼ੁਰ ਦੇ ਮੰਦਰ ਦੇ ਹਾਕਮ ਸਨ ਜਾਜਕਾਂ ਨੂੰ ਪਸਹ ਲਈ 2,600 ਭੇਡਾਂ, ਬੱਕਰੀਆਂ ਅਤੇ 300 ਬਲਦ ਦਿੱਤੇ। 9 ਕਾਨਨਯਾਹ, ਸ਼ਮਆਯਾਹ ਅਤੇ ਨਥਨਏਲ, ਉਸ ਦੇ ਭਰਾਵਾਂ, ਹਸ਼ਬਯਾਹ, ਯਈੇਏਲ ਅਤੇ ਯੋਜ਼ਾਬਾਦ ਲੇਵੀਆਂ ਦੇ ਆਗੂਆਂ ਨੇ, ਪਸਹ ਦੀਆਂ ਬਲੀਆਂ ਲਈ 5,000 ਭੇਡਾਂ ਅਤੇ ਬੱਕਰੀਆਂ ਅਤੇ 500 ਬਲਦ ਲੇਵੀਆਂ ਨੂੰ ਦਿੱਤੇ।
10 ਜਦੋਂ ਪਸਹ ਦੀ ਸੇਵਾ ਸ਼ੁਰੂ ਕਰਨ ਦਾ ਸਾਰਾ ਕਾਰਜ ਪੂਰਾ ਹੋ ਗਿਆ, ਤਾਂ ਜਾਜਕ ਅਤੇ ਲੇਵੀ ਆਪੋ-ਆਪਣੇ ਸਥਾਨਾਂ ਤੇ ਪਾਤਸ਼ਾਹ ਦੇ ਹੁਕਮ ਮੁਤਾਬਕ ਖਲੋ ਗਏ। 11 ਉਨ੍ਹਾਂ ਨੇ ਪਸਹ ਦੇ ਲੇਲਿਆਂ ਨੂੰ ਕੱਟਿਆ। ਫ਼ਿਰ ਲੇਵੀਆਂ ਨੇ ਖੱਲਾਂ ਲਾਹੀਆਂ ਅਤੇ ਉਨ੍ਹਾਂ ਦਾ ਖੂਨ ਜਾਜਕਾਂ ਨੂੰ ਦਿੱਤਾ। ਅਤੇ ਜਾਜਕਾਂ ਨੇ ਉਹ ਖੂਨ ਜਗਵੇਦੀ ਉੱਪਰ ਛਿੜਕਿਆ। 12 ਫ਼ਿਰ ਉਹ ਹੋਮ ਦੀਆਂ ਭੇਟਾਂ ਨੂੰ ਲੈ ਗਏ ਅਤੇ ਆਮ ਲੋਕਾਂ ਦੇ ਬਜ਼ੁਰਗਾਂ ਦੇ ਪੁਰਖਿਆਂ ਦੇ ਪਰਿਵਾਰ-ਸਮੂਹਾਂ ਦੀ ਵੰਡ ਮੁਤਾਬਕ ਯਹੋਵਾਹ ਦੇ ਸਾਹਮਣੇ ਭੇਟਾਂ ਚੜ੍ਹਾਉਣ ਲਈ ਉਨ੍ਹਾਂ ਨੂੰ ਦਿੱਤਾ ਜਿਵੇਂ ਮੂਸਾ ਦੀ ਬਿਵਸਥਾ ਵਿੱਚ ਲਿਖਿਆ ਹੋਇਆ ਹੈ ਅਤੇ ਇਵੇਂ ਹੀ ਉਨ੍ਹਾਂ ਨੇ ਬਲਦਾਂ ਨਾਲ ਕੀਤਾ। 13 ਲੇਵੀਆਂ ਨੇ ਪਸਹ ਦੀਆਂ ਬਲੀਆਂ ਨੂੰ ਹੁਕਮ ਮੁਤਾਬਕ ਅੱਗ ਉੱਪਰ ਭੁੰਨਿਆ ਅਤੇ ਪਵਿੱਤਰ ਭੇਟਾਂ ਨੂੰ ਦੇਗਾਂ, ਪਤੀਲਿਆਂ ਅਤੇ ਕੜਾਹਿਆਂ ਵਿੱਚ ਉਬਾਲਿਆ ਤੇ ਫ਼ਿਰ ਜਲਦੀ ਨਾਲ ਬਣਾਕੇ ਲੋਕਾਂ ਵਿੱਚ ਵੰਡ ਦਿੱਤਾ। 14 ਜਦੋਂ ਇਹ ਸਭ ਕੰਮ ਮੁਕਿਆ ਤਾਂ ਲੇਵੀਆਂ ਨੇ ਆਪਣੇ ਲਈ ਅਤੇ ਜਾਜਕਾਂ ਲਈ ਮਾਸ ਤਿਆਰ ਕੀਤਾ ਕਿਉਂ ਕਿ ਹਾਰੂਨ ਦੀ ਵੰਸ਼ ਦੇ ਜਾਜਕ ਹੋਮ ਦੀਆਂ ਭੇਟਾਂ ਅਤੇ ਚਰਬੀ ਚੜ੍ਹਾਉਣ ਲਈ ਰਾਤ ਤੀਕ ਲੱਗੇ ਰਹੇ। ਇਸ ਲਈ ਲੇਵੀਆਂ ਨੇ ਆਪਣੇ ਲਈ ਅਤੇ ਹਾਰੂਨ ਦੀ ਵੰਸ਼ ਦੇ ਜਾਜਕਾਂ ਲਈ ਤਿਆਰ ਕੀਤਾ। 15 ਫ਼ਿਰ ਆਸਾਫ਼ ਦੀ ਵੰਸ਼ ਦੇ ਗਵਈਏ ਦਾਊਦ ਅਤੇ ਆਸਾਫ਼, ਹੇਮਾਨ ਅਤੇ ਪਾਤਸ਼ਾਹ ਦੇ ਗ਼ੈਬਦਾਨ ਯਦੂਥੂਨ ਦੇ ਹੁਕਮ ਮੁਤਾਬਕ ਆਪੋ-ਆਪਣੀ ਜਗ੍ਹਾ ਉੱਤੇ ਖੜ੍ਹੇ ਹੋਏ ਸਨ। ਹਰ ਫ਼ਾਟਕ ਉੱਪਰ ਦਰਬਾਨ ਸਨ, ਜਿਨ੍ਹਾਂ ਨੂੰ ਆਪਣੀ ਥਾਂ ਤੋਂ ਹਟਣਾ ਨਾ ਪਿਆ ਕਿਉਂ ਕਿ ਉਨ੍ਹਾਂ ਦੇ ਲੇਵੀ ਭਰਾਵਾਂ ਨੇ ਉਨ੍ਹਾਂ ਲਈ ਪਸਹ ਵਾਸਤੇ ਸਭ ਕੁਝ ਤਿਆਰ ਕਰ ਦਿੱਤਾ ਸੀ।
16 ਇਉਂ ਪਾਤਸ਼ਾਹ ਯੋਸੀਯਾਹ ਦੇ ਹੁਕਮ ਨਾਲ ਉਸ ਦਿਨ ਯਹੋਵਾਹ ਦੀ ਉਪਾਸਨਾ ਲਈ ਸਭ ਕੁਝ ਤਿਆਰ ਹੋ ਗਿਆ। ਪਸਹ ਮਨਾਇਆ ਗਿਆ ਅਤੇ ਯਹੋਵਾਹ ਦੀ ਜਗਵੇਦੀ ਉੱਪਰ ਹੋਮ ਦੀਆਂ ਭੇਟਾਂ ਚੜ੍ਹਾਈਆਂ ਗਈਆਂ। 17 ਜਿਹੜੇ ਇਸਰਾਏਲੀ ਲੋਕ ਉੱਥੇ ਸਨ ਉਹ ਉਸ ਵੇਲੇ ਪਸਹ ਨੂੰ ਅਤੇ ਪਤੀਰੀ ਰੋਟੀ ਦੇ ਪਰਬ ਨੂੰ ਸੱਤ ਦਿਨ ਤੀਕ ਮਨਾਉਂਦੇ ਰਹੇ। 18 ਇਹੋ ਜਿਹੀ ਪਸਹ ਇਸਰਾਏਲ ਵਿੱਚ ਸਮੂਏਲ ਨਬੀ ਦੇ ਦਿਨਾਂ ਤੋਂ ਨਹੀਂ ਸੀ ਮਨਾਈ ਗਈ ਅਤੇ ਇਸਰਾਏਲ ਦੇ ਕਿਸੇ ਪਾਤਸ਼ਾਹ ਨੇ ਇਹੋ ਜਿਹੀ ਪਸਹ ਨਹੀਂ ਸੀ ਮਨਾਈ ਜਿਹੋ ਜਿਹੀ ਯੋਸੀਯਾਹ ਜਾਜਕਾਂ, ਲੇਵੀਆਂ ਅਤੇ ਸਾਰੇ ਯਹੂਦਾਹ ਅਤੇ ਇਸਰਾਏਲ ਦੇ ਜਿਹੜੇ ਹਾਜ਼ਰ ਸਨ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਰਲ ਕੇ ਮਨਾਈ। 19 ਇਹ ਪਸਹ ਯੋਸੀਯਾਹ ਦੇ ਰਾਜ ਦੇ 18ਵਰ੍ਹੇ ਮਨਾਈ ਗਈ।
ਯੋਸੀਯਾਹ ਦੀ ਮੌਤ
20 ਯੋਸੀਯਾਹ ਨੇ ਮੰਦਰ ਲਈ ਸਾਰੇ ਚੰਗੇ ਉਪਰਾਲੇ ਕੀਤੇ। ਬਾਅਦ ਵਿੱਚ ਮਿਸਰ ਦੇ ਰਾਜੇ ਨਕੋ ਨੇ ਕਰਕਮੀਸ਼ ਦੇ ਵਿਰੁੱਧ ਜੋ ਕਿ ਫ਼ਰਾਤ ਦਰਿਆ ਉੱਤੇ ਹੈ, ਲੜਨ ਲਈ ਚੜ੍ਹਾਈ ਕੀਤੀ ਤਾਂ ਯੋਸੀਯਾਹ ਉਸ ਦੇ ਮੁਕਾਬਲੇ ਲਈ ਬਾਹਰ ਨਿਕਲਿਆ। 21 ਪਰ ਨਕੋ ਨੇ ਯੋਸੀਯਾਹ ਕੋਲ ਹਲਕਾਰੇ ਭੇਜੇ।
ਉਨ੍ਹਾਂ ਕਿਹਾ, “ਹੇ ਯਹੂਦਾਹ ਦੇ ਪਾਤਸ਼ਾਹ ਯੋਸੀਯਾਹ! ਇਸ ਜੰਗ ਵਿੱਚ ਤੇਰਾ ਕੀ ਕੰਮ? ਮੈਂ ਤੇਰੇ ਵਿਰੁੱਧ ਲੜਨ ਨਹੀਂ ਆਇਆ, ਮੈਂ ਤਾਂ ਆਪਣੇ ਦੁਸ਼ਮਨ ਨਾਲ ਲੜਨ ਲਈ ਆਇਆ ਹਾਂ। ਅਤੇ ਪਰਮੇਸ਼ੁਰ ਨੇ ਮੈਨੂੰ ਛੇਤੀ ਕਰਨ ਦਾ ਹੁਕਮ ਦਿੱਤਾ ਹੈ ਸੋ ਤੂੰ ਪਰਮੇਸ਼ੁਰ ਦੇ ਵਿਰੁੱਧ, ਜਿਹੜਾ ਕਿ ਮੇਰੇ ਅੰਗ ਸੰਗ ਹੈ, ਟਾਕਰਾ ਨਾ ਕਰ ਕਿਤੇ ਅਜਿਹਾ ਨਾ ਹੋਵੇ ਕਿ ਉਹ ਤੈਨੂੰ ਮਾਰ ਸੁੱਟੇ।”
22 ਪਰ ਯੋਸੀਯਾਹ ਨਾ ਮੰਨਿਆ। ਉਸ ਨੇ ਨਕੋ ਨਾਲ ਭਿੜਨ ਦੀ ਠਾਨ ਲਈ ਇਸ ਲਈ ਉਹ ਆਪਣਾ ਭੇਸ ਬਦਲ ਕੇ ਲੜਾਈ ਦੇ ਮੈਦਾਨ ਵਿੱਚ ਉਤਰ ਗਿਆ। ਯੋਸੀਯਾਹ ਨੇ ਉਹ ਸਭ ਮੰਨਣ ਤੋਂ ਇਨਕਾਰ ਕੀਤਾ ਜੋ ਨਕੋ ਨੇ ਪਰਮੇਸ਼ੁਰ ਦੇ ਹੁਕਮ ਬਾਰੇ ਆਖਿਆ। ਇਉਂ ਯੋਸੀਯਾਹ ਲੜਾਈ ਲਈ ਮਗਿੱਦੋ ਦੀ ਵਾਦੀ ਵਿੱਚ ਗਿਆ। 23 ਜਦੋਂ ਯੋਸੀਯਾਹ ਲੜਾਈ ਦੇ ਮੈਦਾਨ ਵਿੱਚ ਸੀ ਤਾਂ ਉਹ ਤੀਰਾਂ ਨਾਲ ਮਾਰਿਆ ਗਿਆ। ਉਸ ਨੇ ਆਪਣੇ ਸੇਵਕਾਂ ਨੂੰ ਆਖਿਆ, “ਮੈਂ ਬੁਰੀ ਤਰ੍ਹਾਂ ਜ਼ਖਮੀ ਹੋਇਆ ਹਾਂ, ਮੈਨੂੰ ਇੱਥੋਂ ਲੈ ਚੱਲੋ।”
24 ਸੋ ਉਸ ਦੇ ਸੇਵਕਾਂ ਨੇ ਉਸ ਨੂੰ ਰਥ ਤੋਂ ਲਾਹ ਕੇ ਉਸ ਦੇ ਦੂਜੇ ਰੱਥ ਵਿੱਚ ਚੜ੍ਹਾਇਆ ਅਤੇ ਉਸ ਨੂੰ ਯਰੂਸ਼ਲਮ ਨੂੰ ਲੈ ਗਏ ਜਿੱਥੇ ਜਾ ਕੇ ਉਸਦੀ ਮੌਤ ਹੋ ਗਈ ਅਤੇ ਉਸ ਨੂੰ ਉਸ ਦੇ ਪੁਰਖਿਆਂ ਦੀ ਕਬਰ ’ਚ ਦਫ਼ਨਾਇਆ ਗਿਆ। ਤਦ ਸਾਰੇ ਯਹੂਦਾਹ ਅਤੇ ਯਰੂਸ਼ਲਮ ਨੇ ਯੋਸੀਯਾਹ ਲਈ ਸੋਗ ਕੀਤਾ। 25 ਯਿਰਮਿਯਾਹ ਨੇ ਯੋਸੀਯਾਹ ਉੱਪਰ ਸੋਗ ਗੀਤ ਲਿਖੇ ਅਤੇ ਗਾਏ। ਅੱਜ ਤੀਕ ਵੀ ਉਨ੍ਹਾਂ ਕੀਰਨਿਆਂ-ਵੈਣਾਂ ਨੂੰ ਮਰਦ-ਔਰਤਾਂ ਗਾਉਂਦੇ ਹਨ ਅਤੇ ਉਨ੍ਹਾਂ ਨੇ ਇਸਰਾਏਲ ਵਿੱਚ ਇਹ ਸੋਗ ਗੀਤ ਗਾਉਣ ਦੀ ਇੱਕ ਰੀਤ ਬਣਾ ਲਈ ਅਤੇ ਇਹ ਵੈਣ ਮਾਤਮੀ ਗੀਤਾਂ ਦੀ ਪੋਥੀ ਵਿੱਚ ਲਿਖੇ ਹੋਏ ਹਨ।
26-27 ਜਦੋਂ ਉਹ ਪਾਤਸ਼ਾਹ ਸੀ, ਪਾਤਸ਼ਾਹ ਯੋਸੀਯਾਹ ਦੇ ਰਾਜ ਦੇ ਕੰਮ ਸ਼ੁਰੂ ਤੋਂ ਲੈ ਕੇ ਅੰਤ ਤੀਕ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਇਹ ਪੋਥੀ ਸਾਨੂੰ, ਯਹੋਵਾਹ ਪ੍ਰਤੀ ਉਸਦੀ ਵਫ਼ਾਦਾਰੀ ਅਤੇ ਕਿਵੇਂ ਉਸ ਨੇ ਯਹੋਵਾਹ ਦੀ ਬਿਵਸਥਾ ਮੰਨੀ ਬਾਰੇ ਦੱਸਦੀ ਹੈ।
ਯਹੂਦਾਹ ਦਾ ਪਾਤਸ਼ਾਹ ਯਹੋਆਹਾਜ਼
36 ਯਹੂਦਾਹ ਦੇ ਲੋਕਾਂ ਨੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਯਹੋਆਹਾਜ਼ ਨੂੰ ਚੁਣਿਆ। ਯਹੋਆਹਾਜ਼ ਯੋਸੀਯਾਹ ਦਾ ਪੁੱਤਰ ਸੀ। 2 ਯਹੋਆਹਾਜ਼ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਉਸ ਵਕਤ ਉਹ 23ਵਰ੍ਹਿਆਂ ਦਾ ਸੀ। ਉਹ ਯਰੂਸ਼ਲਮ ਦੇ ਰਾਜ ਤੇ 3 ਮਹੀਨੇ ਰਿਹਾ। 3 ਤਦ ਮਿਸਰ ਦੇ ਪਾਤਸ਼ਾਹ, ਨਕੋ ਨੇ ਯਹੋਆਹਾਜ਼ ਨੂੰ ਬੰਦੀ ਬਣਾ ਲਿਆ। ਉਸ ਨੇ ਯਹੂਦਾਹ ਦੇ ਲੋਕਾਂ ਉੱਤੇ 3,400 ਕਿਲੋ ਚਾਂਦੀ ਅਤੇ 34 ਕਿੱਲੋ ਸੋਨਾ ਦੰਡ ਲਾਇਆ। 4 ਨਕੋ ਨੇ ਯਹੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਚੁਣਿਆ ਅਤੇ ਫ਼ਿਰ ਉਸ ਨੇ ਅਲਯਾਕੀਮ ਨੂੰ ਨਵਾਂ ਨਾਂ ਦਿੱਤਾ ਅਤੇ ਉਸ ਨੂੰ ਨਵੇਂ ਨਾਂ ਹੇਠ ਯਹੋਯਾਕੀਮ ਕਹਿ ਕੇ ਬੁਲਾਇਆ ਗਿਆ। ਪਰ ਨਕੋ ਯਹੋਆਹਾਜ਼ ਨੂੰ ਮਿਸਰ ਵਿੱਚ ਲੈ ਗਿਆ।
ਯਹੂਦਾਹ ਦਾ ਪਾਤਸ਼ਾਹ ਯਹੋਯਾਕੀਮ
5 ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। ਯਹੋਯਾਕੀਮ ਨੇ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਜੋ ਬੁਰਾਈ ਸੀ, ਉਹੀ ਕੰਮ ਕੀਤੇ।
6 ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਪਰ ਹਮਲਾ ਕੀਤਾ। ਉਸ ਨੇ ਯਹੋਯਾਕੀਮ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਬਾਬਲ ਲੈ ਗਿਆ। 7 ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਵੀ ਕੁਝ ਚੀਜ਼ਾਂ ਚੁੱਕ ਕੇ ਲੈ ਗਿਆ ਅਤੇ ਉਹ ਉਨ੍ਹਾਂ ਵਸਤਾਂ ਨੂੰ ਉੱਥੋਂ ਚੁਕਾਅ ਕੇ ਬਾਬਲ ਨੂੰ ਲੈ ਗਿਆ। 8 ਹੁਣ ਯਹੋਯਾਕੀਮ ਦੇ ਸ਼ਾਸ਼ਨਕਾਲ ਦੀਆਂ ਬਾਕੀ ਦੀਆਂ ਘਟਨਾਵਾਂ ਜੋ ਬਦਕਰਨੀਆਂ ਉਸ ਨੇ ਕੀਤੀਆਂ, ਅਤੇ ਉਹ ਸਭ ਕੁਝ ਜਿਨ੍ਹਾਂ ਨੂੰ ਕਰਨ ਦਾ ਉਹ ਦੋਸ਼ੀ ਸੀ, ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹ ਦੀ ਪੋਥੀ ਵਿੱਚ ਦਰਜ ਹਨ।
ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ
9 ਯਹੋਯਾਕੀਨ 18ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਤੇ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ। ਉਸ ਨੇ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਨਾ ਕੀਤੇ ਸਗੋਂ ਯਹੋਵਾਹ ਦੀ ਨਿਗਾਹ ਵਿੱਚ ਪਾਪ ਕੀਤੇ। 10 ਬਹਾਰ ਦੇ ਮੌਸਮ ਵਿੱਚ ਨਬੂਕਦਨੱਸਰ ਪਾਤਸ਼ਾਹ ਯਹੋਯਾਕੀਨ ਨੂੰ ਫ਼ੜਨ ਲਈ ਕੁਝ ਸੇਵਕਾਂ ਨੂੰ ਭੇਜਿਆ ਤਾਂ ਉਹ ਯਹੋਯਾਕੀਨ ਅਤੇ ਯੋਹਵਾਹ ਦੇ ਮੰਦਰ ਵਿੱਚੋਂ ਕੁਝ ਕੀਮਤੀ ਚੀਜ਼ਾਂ ਚੁੱਕ ਕੇ ਬਾਬਲ ਲੈ ਆਏ। ਫ਼ਿਰ ਨਬੂਕਦਨੱਸਰ ਨੇ ਯਹੋਯਾਕੀਨ ਦੇ ਸੰਬੰਧੀ ਨੂੰ ਉਸਦੀ ਥਾਵੇਂ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਚੁਣਿਆ, ਜਿਸ ਦਾ ਨਾਂ ਸੀ ਸਿਦਕੀਯਾਹ।
ਯਹੂਦਾਹ ਦਾ ਪਾਤਸ਼ਾਹ ਸਿਦਕੀਯਾਹ
11 ਸਿਦਕੀਯਾਹ 21ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। 12 ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ। ਉਸ ਨੇ ਯਿਰਮਿਯਾਹ ਨਬੀ ਦੇ ਸਾਹਮਣੇ ਜਿਸਨੇ ਉਸ ਨੂੰ ਯਹੋਵਾਹ ਦੇ ਸੰਦੇਸ਼ ਸੁਣਾਏ ਪਰ ਤਦ ਵੀ ਸਿਦਕੀਯਾਹ ਨੇ ਆਪਣੇ-ਆਪ ਨੂੰ ਹਲੀਮੀ ਵਿੱਚ ਨਾ ਲਿਆਂਦਾ ਅਤੇ ਯਿਰਮਿਯਾਹ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ।
ਯਰੂਸ਼ਲਮ ਦਾ ਨਾਸ
13 ਸਿਦਕੀਯਾਹ ਨਬੂਕਦਨੱਸਰ ਪਾਤਸ਼ਾਹ ਦਾ ਵਿਰੋਧੀ ਹੋ ਗਿਆ ਜਦ ਕਿ ਪਹਿਲਾਂ ਨਬੂਕਦਨੱਸਰ ਨੇ ਸਿਦਕੀਯਾਹ ਕੋਲੋਂ ਉਸਦਾ ਵਫ਼ਾਦਾਰ ਰਹਿਣ ਦਾ ਵਚਨ ਦੇਣ ਲਈ ਉਸ ਨੂੰ ਮਜ਼ਬੂਰ ਕੀਤਾ ਸੀ ਅਤੇ ਸਿਦਕੀਯਾਹ ਨੇ ਪਰਮੇਸ਼ੁਰ ਦੀ ਸੌਂਹ ਖਾਕੇ ਨਬੂਕਦਨੱਸਰ ਨਾਲ ਵਫ਼ਾਦਾਰ ਰਹਿਣ ਦੀ ਸੌਂਹ ਖਾਧੀ ਸੀ। ਪਰ ਸਿਦਕੀਯਾਹ ਬੜਾ ਢੀਠ ਸੀ। ਸੋ ਉਸ ਨੇ ਆਕੜ ਕੇ ਆਪਣਾ ਰਾਹ ਨਾ ਮੋੜਿਆ ਅਤੇ ਨਾਹੀ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਿਆ। 14 ਇਸ ਤੋਂ ਬਿਨਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਦੇ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਨੂੰ ਭਰਿਸ਼ਟ ਕੀਤਾ ਜਿਸ ਨੂੰ ਕਿ ਯਹੋਵਾਹ ਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ। 15 ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਨ੍ਹਾਂ ਨੂੰ ਯਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੰਦੇਸ਼ ਭੇਜਿਆ ਕਿਉਂ ਕਿ ਉਸ ਨੂੰ ਲੋਕਾਂ ਅਤੇ ਆਪਣੇ ਮੰਦਰ ਤੇ ਤਰਸ ਆਉਂਦਾ ਸੀ ਅਤੇ ਉਹ ਲੋਕਾਂ ਨੂੰ ਅਤੇ ਮੰਦਰ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦਾ। 16 ਪਰ ਪਰਮੇਸ਼ੁਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਨਬੀ ਦਾ ਮਖੌਲ ਉਡਾਇਆ ਅਤੇ ਉਸ ਨੂੰ ਸੁਣਨ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ਾਂ ਨੂੰ ਤਦ ਤੀਕ ਨਫ਼ਰਤ ਕੀਤੀ ਜਦ ਤੀਕ ਕਿ ਯਹੋਵਾਹ ਦਾ ਆਪਣੇ ਲੋਕਾਂ ਖਿਲਾਫ ਗੁੱਸਾ ਇੰਨਾ ਨਾ ਵੱਧ ਗਿਆ ਕਿ ਇਸਦਾ ਕੋਈ ਉਪਾ ਨਾ ਹੋਵੇ। ਹੁਣ ਉਸ ਨੂੰ ਆਪਣੇ ਲੋਕਾਂ ਤੇ ਕਰੋਧ ਆ ਗਿਆ ਜਿਸ ਨੂੰ ਹੁਣ ਕੋਈ ਰੋਕ ਨਹੀਂ ਸੀ ਪਾ ਸੱਕਦਾ। 17 ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ। ਉਸ ਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁੱਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ। 18 ਪਾਤਸ਼ਾਹ ਪਰਮੇਸ਼ੁਰ ਦੇ ਮੰਦਰ ਦੇ ਸਾਰੇ ਵੱਡੇ-ਛੋਟੇ ਭਾਂਡੇ ਤੇ ਹੋਰ ਕੀਮਤੀ ਵਸਤਾਂ, ਯਹੋਵਾਹ ਦੇ ਮੰਦਰ ਦਾ ਖਜ਼ਾਨਾ, ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਅਤੇ ਉਸ ਦੇ ਸਰਦਾਰਾਂ ਦਾ ਸਾਰਾ ਖਜ਼ਾਨਾ ਬਾਬਲ ਨੂੰ ਲੈ ਗਿਆ। 19 ਨਬੂਕਦਨੱਸਰ ਅਤੇ ਉਸਦੀ ਸੈਨਾ ਨੇ ਮੰਦਰ ਨੂੰ ਸਾੜ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਦੀ ਦੀਵਾਰ ਤੋੜ ਦਿੱਤੀ ਅਤੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ। ਉਨ੍ਹਾਂ ਯਰੂਸ਼ਲਮ ਦਾ ਕੁਝ ਸਾਮਾਨ ਨਸ਼ਟ ਕਰ ਦਿੱਤਾ। 20 ਨਬੂਕਦਨੱਸਰ ਨੇ ਬਾਕੀ ਜਿਉਂਦੇ ਲੋਕਾਂ ਨੂੰ ਬਾਬਲ ਵਿੱਚ ਲਿਆਕੇ ਆਪਣੇ ਗੁਲਾਮ ਬਣਾ ਲਿਆ। ਉਹ ਲੋਕ ਪਾਤਸ਼ਾਹ ਦੇ ਅਤੇ ਉਸ ਦੇ ਪੁੱਤਰਾਂ ਦੇ ਤਦ ਤੀਕ ਗੁਲਾਮ ਬਣਕੇ ਰਹੇ ਜਦ ਤੀਕ ਕਿ ਫ਼ਾਰਸ ਦੇ ਪਾਤਸ਼ਾਹ ਨੇ ਬਾਬਲ ਨੂੰ ਹਾਰ ਨਾ ਦੇ ਦਿੱਤੀ ਤੇ ਆਪਣਾ ਰਾਜ ਨਾ ਕਾਇਮ ਕੀਤਾ। 21 ਤਾਂ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਨਬੀ ਦੇ ਮੂੰਹੋਂ ਨਿਕਲਿਆ ਸੀ ਜੋ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਜਦ ਉਹ ਵਾਪਰਿਆ, ਕਿ ਯਹੋਵਾਹ ਯਿਰਮਿਯਾਹ ਨੂੰ ਅਖਿਆ ਸੀ ਕਿ: “ਇਹ ਥਾਂ 70 ਵਰ੍ਹੇ ਤੀਕ ਬੰਜਰ ਤੇ ਉਜਾੜ ਰਹੇਗਾ। ਇਹ ਕੰਮ ਸਬਤ ਦੇ ਆਰਾਮ ਭੋਗਣ ਵਾਸਤੇ ਹੋਵੇਗਾ। ਜਿੰਨਾ ਚਿਰ ਲੋਕ ਸਬਤਾਂ ਦਾ ਆਰਾਮ ਨਾ ਭੋਗਣ।”
22 ਫ਼ਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ, ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ। ਤਾਂ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਖਬਰ ਕਰਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ। ਉਸ ਨੇ ਸਾਰੇ ਥਾਂ ਹਲਕਾਰੇ ਭੇਜੇ। ਉਨ੍ਹਾਂ ਇਹ ਸੰਦੇਸ਼ ਪਹੁੰਚਾਇਆ:
23 ਫ਼ਾਰਸ ਦਾ ਪਾਤਸ਼ਾਹ ਕੋਰਸ ਆਖਦਾ ਹੈ:
ਅਕਾਸ਼ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਧਰਤੀ ਦਾ ਪਾਤਸ਼ਾਹ ਥਾਪਿਆ ਹੈ। ਉਸ ਨੇ ਮੈਨੂੰ ਯਰੂਸ਼ਲਮ ਵਿੱਚ ਮੰਦਰ ਬਨਾਉਣ ਦੀ ਜੁੰਮੇਵਾਰੀ ਸੌਂਪੀ ਹੈ। ਸੋ ਹੁਣ ਤੁਸੀਂ ਸਾਰੇ ਜੋ ਪਰਮੇਸ਼ੁਰ ਦੇ ਲੋਕ ਹੋ, ਸਭ ਯਰੂਸ਼ਲਮ ਵਿੱਚ ਜਾਣ ਲਈ ਆਜ਼ਾਦ ਹੋ, ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ।
19 ਤਦ ਫਿਰ ਪਿਲਾਤੁਸ ਨੇ ਯਿਸੂ ਨੂੰ ਫ਼ੜ ਕੇ ਕੋੜੇ ਮਾਰਨ ਦਾ ਹੁਕਮ ਦਿੱਤਾ। 2 ਸੈਨਕਾਂ ਨੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਤੇ ਪਾਇਆ ਅਤੇ ਉਸ ਨੂੰ ਬੈਂਗਨੀ ਚੋਲਾ ਪਹਿਨਾਇਆ। 3 ਬਾਰ-ਬਾਰ ਸੈਨਕ ਆਉਣ ਅਤੇ ਉਸ ਨੂੰ ਆਕੇ ਠੱਠਾ ਕਰਨ ਲੱਗੇ, “ਹੇ ਯਹੂਦੀਆਂ ਦੇ ਰਾਜਾ, ਨਮਸੱਕਾਰ।” ਇਸਦੇ ਨਾਲ ਹੀ ਉਸ ਦੇ ਮੂੰਹ ਤੇ ਚਪੇੜਾਂ ਵੀ ਮਾਰਦੇ ਰਹੇ।
4 ਪਿਲਾਤੁਸ ਨੇ ਫਿਰ ਬਾਹਰ ਆਕੇ ਯਹੂਦੀਆਂ ਨੂੰ ਆਖਿਆ, “ਵੇਖੋ, ਮੈਂ ਉਸ ਨੂੰ ਬਾਹਰ ਤੁਹਾਡੇ ਕੋਲ ਲਿਆ ਰਿਹਾ ਹਾਂ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਮੈਨੂੰ ਉਸ ਤੇ ਦੋਸ਼ ਲਾਉਣ ਵਾਸਤੇ ਕੁਝ ਵੀ ਨਹੀਂ ਲੱਭਿਆ।” 5 ਫਿਰ ਯਿਸੂ ਬਾਹਰ ਆਇਆ, ਉਸ ਦੇ ਸਿਰ ਤੇ ਕੰਡਿਆਂ ਦਾ ਤਾਜ ਅਤੇ ਸਰੀਰ ਦੁਆਲੇ ਬੈਂਗਨੀ ਚੋਗਾ ਪਾਇਆ ਹੋਇਆ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਵੇਖੋ, ਇਸ ਮਨੁੱਖ ਨੂੰ ਇਹ ਹੈ।”
6 ਜਦੋਂ ਪਰਧਾਨ ਜਾਜਕਾਂ ਅਤੇ ਯਹੂਦੀ ਪਹਿਰੇਦਾਰਾਂ ਨੇ ਇਸ ਨੂੰ ਵੇਖਿਆ ਤਾਂ ਉਨ੍ਹਾਂ ਰੌਲਾ ਪਾਇਆ, “ਇਸ ਨੂੰ ਸਲੀਬ ਦਿਓ! ਸਲੀਬ ਦਿਓ!”
ਪਰ ਪਿਲਾਤੁਸ ਨੇ ਕਿਹਾ, “ਤੁਸੀਂ ਆਪੇ ਇਸ ਨੂੰ ਲੈ ਜਾਵੋ ਅਤੇ ਸਲੀਬ ਦੇ ਦਿਓ, ਪਰ ਮੈਨੂੰ ਇਸਤੇ ਦੋਸ਼ ਲਾਉਣ ਲਈ ਕੁਝ ਵੀ ਨਹੀਂ ਲੱਭਿਆ।”
7 ਯਹੂਦੀਆਂ ਨੇ ਆਖਿਆ, “ਸਾਡੇ ਕੋਲ ਸ਼ਰ੍ਹਾ ਹੈ ਅਤੇ ਇਸਦੇ ਅਨੁਸਾਰ ਇਹ ਮਰਨ ਯੋਗ ਹੈ ਕਿਉਂਕਿ ਇਸਨੇ ਇਹ ਆਖਿਆ ਹੈ ਕਿ ਇਹ ਪਰਮੇਸ਼ੁਰ ਦਾ ਪੁੱਤਰ ਹੈ।”
8 ਜਦ ਪਿਲਾਤੁਸ ਨੇ ਇਹ ਗੱਲ ਸੁਣੀ ਤਦ ਉਹ ਹੋਰ ਵੀ ਡਰ ਗਿਆ। 9 ਉਹ ਮੁੜ ਮਹਿਲ ਨੂੰ ਗਿਆ ਅਤੇ ਯਿਸੂ ਨੂੰ ਆਖਿਆ, “ਤੂੰ ਕਿੱਥੋਂ ਆਇਆ ਹੈਂ?” ਪਰ ਯਿਸੂ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। 10 ਪਿਲਾਤੁਸ ਨੇ ਕਿਹਾ, “ਕੀ ਤੂੰ ਮੇਰੇ ਨਾਲ ਬੋਲਣ ਤੋਂ ਇਨਕਾਰੀ ਹੈਂ? ਕੀ ਤੂੰ ਨਹੀਂ ਜਾਣਦਾ ਕਿ ਮੇਰੇ ਕੋਲ ਅਧਿਕਾਰ ਹੈ ਕਿ ਮੈਂ ਭਾਵੇਂ ਤੈਨੂੰ ਛੱਡ ਦੇਵਾਂ ਤੇ ਭਾਵੇਂ ਸਲੀਬ ਤੇ ਮਾਰ ਦੇਵਾਂ?”
11 ਯਿਸੂ ਨੇ ਆਖਿਆ, “ਇਹ ਸ਼ਕਤੀ, ਜੋ ਮੇਰੇ ਉੱਪਰ ਤੇਰੇ ਕੋਲ ਹੈ ਪਰਮੇਸ਼ੁਰ ਦੁਆਰਾ ਦਿੱਤੀ ਹੋਈ ਹੈ। ਇਸ ਲਈ ਜਿਸ ਆਦਮੀ ਨੇ ਮੈਨੂੰ ਤੇਰੇ ਹੱਥੀ ਫ਼ੜਵਾਇਆ ਹੈ ਉਹ ਵੱਧ ਪਾਪ ਦਾ ਦੋਸ਼ੀ ਹੈ।”
12 ਇਸਤੋਂ ਬਾਦ ਪਿਲਾਤੁਸ ਨੇ ਯਿਸੂ ਨੂੰ ਆਜ਼ਾਦ ਕਰਨ ਦੀ ਬਹੁਤ ਕੋਸ਼ਿਸ਼ ਕੀਤੀ। ਪਰ ਯਹੂਦੀ ਰੌਲਾ ਪਾ ਰਹੇ ਸਨ, “ਜੋ ਕੋਈ ਵੀ ਇਸ ਨੂੰ ਬਾਦਸ਼ਾਹ ਠਹਿਰਾਵੇਗਾ ਉਹ ਕੈਸਰ ਦੇ ਖਿਲਾਫ਼ ਹੈ। ਇਸ ਲਈ ਜੇਕਰ ਤੂੰ ਇਸ ਆਦਮੀ ਨੂੰ ਛੱਡੇਂਗਾ ਤਾਂ ਇਸਦਾ ਮਤਲਬ ਤੂੰ ਕੈਸਰ ਦਾ ਮਿੱਤਰ ਨਹੀਂ ਹੈ।”
13 ਪਿਲਾਤੁਸ ਇਹ ਗੱਲਾਂ ਸੁਣਕੇ ਯਿਸੂ ਨੂੰ ਬਾਹਰ “ਪੱਥਰ ਦੇ ਚਬੂਤਰੇ” ਨਾਂ ਦੇ ਥਾਂ ਕੋਲ ਲਿਆਇਆ। (ਜਿਸ ਨੂੰ ਇਬਰਾਨੀ ਭਾਸ਼ਾ [a] ਗੱਬਥਾ ਆਖਿਆ ਜਾਂਦਾ ਹੈ) ਅਤੇ ਨਿਆਂਕਾਰ ਦੀ ਕੁਰਸੀ ਤੇ ਬੈਠ ਗਿਆ। 14 ਇਹ ਤਕਰੀਬਨ ਦੁਪਿਹਰ ਸੀ ਅਤੇ ਇਹ ਪਸਾਹ ਦੇ ਤਿਉਹਾਰ ਦੀ ਤਿਆਰੀ ਦਾ ਦਿਨ ਸੀ। ਪਿਲਾਤੁਸ ਨੇ ਯਹੂਦੀਆਂ ਨੂੰ ਕਿਹਾ, “ਇਹ ਵੇਖੋ, ਤੁਹਾਡਾ ਰਾਜਾ ਇੱਥੇ ਹੈ।”
15 ਯਹੂਦੀਆਂ ਨੇ ਡੰਡ ਪਾਈ, “ਇਸ ਨੂੰ ਦੂਰ ਲੈ ਜਾਓ, ਇਸ ਨੂੰ ਲੈ ਜਾਓ ਅਤੇ ਇਸ ਨੂੰ ਸਲੀਬ ਦਿਓ।”
ਪਿਲਾਤੁਸ ਨੇ ਉਨ੍ਹਾਂ ਨੂੰ ਪੁੱਛਿਆ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਰਾਜੇ ਨੂੰ ਸਲੀਬ ਦੇਵਾਂ?”
ਪ੍ਰਧਾਨ ਜਾਜਕ ਨੇ ਆਖਿਆ, “ਸਾਡਾ ਸਿਰਫ਼ ਇੱਕ ਹੀ ਰਾਜਾ ਹੈ, ਕੈਸਰ।”
16 ਤਾਂ ਪਿਲਾਤੁਸ ਨੇ ਯਿਸੂ ਨੂੰ ਸਲੀਬ ਦੇਣ ਲਈ ਯਹੂਦੀਆਂ ਦੇ ਹਵਾਲੇ ਕਰ ਦਿੱਤਾ।
ਯਿਸੂ ਨੂੰ ਸਲੀਬ ਤੇ ਚੜ੍ਹਾਇਆ ਗਿਆ(A)
ਸਿਪਾਹੀ ਯਿਸੂ ਨੂੰ ਲੈ ਗਏ। 17 ਉਸ ਨੇ ਆਪਣੀ ਸਲੀਬ ਆਪ ਚੁੱਕੀ ਅਤੇ “ਖੋਪਰੀ” ਨਾਮੇਂ ਥਾਂ ਤੇ ਗਿਆ। ਅਤੇ ਇਬਰਾਨੀ ਭਾਸ਼ਾ ਵਿੱਚ ਉਸ ਨੂੰ “ਗਲਗੱਥਾ” ਕਹਿੰਦੇ ਹਨ। 18 ਉੱਥੇ ਉਨ੍ਹਾਂ ਨੇ ਯਿਸੂ ਨੂੰ ਸਲੀਬ ਦਿੱਤੀ। ਉੱਥੇ ਦੋ ਮਨੁੱਖ ਹੋਰ ਸਨ ਜਿਨ੍ਹਾਂ ਨੂੰ ਯਿਸੂ ਨਾਲ ਸਲੀਬ ਦਿੱਤੀ ਗਈ ਸੀ। ਇੱਕ ਇੱਕ ਮਨੁੱਖ ਉਸ ਦੇ ਦੋਹੀਂ ਪਾਸੀ ਅਤੇ ਯਿਸੂ ਵਿੱਚਾਲੇ।
19 ਪਿਲਾਤੁਸ ਨੇ ਇੱਕ ਚਿੰਨ੍ਹ ਪੱਟੀ ਲਿਖਵਾ ਕੇ ਸਲੀਬ ਉੱਪਰ ਟੰਗਵਾਈ ਜਿਸਤੇ ਇਹ ਲਿਖਿਆ ਹੋਇਆ ਸੀ, “ ਯਿਸੂ ਨਾਸਰੀ ਯਹੂਦੀਆਂ ਦਾ ਰਾਜਾ।” 20 ਇਹ ਚਿੰਨ੍ਹ ਪੱਟੀ ਇਬਰਾਨੀ, ਲਾਤੀਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖੀ ਹੋਈ ਸੀ। ਬਹੁਤ ਸਾਰੇ ਯਹੂਦੀਆਂ ਨੇ ਇਹ ਸੰਕੇਤ ਪੜ੍ਹਿਆ, ਕਿਉਂ ਕਿ ਜਿਸ ਜਗ੍ਹਾ ਉਸ ਨੂੰ ਸਲੀਬ ਦਿੱਤੀ ਗਈ ਸੀ, ਸ਼ਹਿਰ ਦੇ ਨੇੜੇ ਹੀ ਸੀ।
21 ਪਰਧਾਨ ਯਹੂਦੀ ਜਾਜਕਾਂ ਨੇ ਪਿਲਾਤੁਸ ਨੂੰ ਕਿਹਾ ਕਿ, “ਇਹ ਨਾ ਲਿਖ, ‘ਉਹ ਯਹੂਦੀਆ ਦਾ ਰਾਜਾ ਹੈ।’ ਸਗੋਂ ਇਹ ਲਿਖ ਕਿ, ‘ਉਸ ਨੇ ਆਖਿਆ, ਕਿ ਮੈਂ ਯਹੂਦੀਆਂ ਦਾ ਰਾਜਾ ਹਾਂ।’”
22 ਪਿਲਾਤੁਸ ਨੇ ਆਖਿਆ, “ਜੋ ਮੈਂ ਲਿਖਿਆ ਹੈ, ਉਸ ਨੂੰ ਮੈਂ ਹੁਣ ਨਹੀਂ ਬਦਲ ਸੱਕਦਾ।”
2010 by World Bible Translation Center