Old/New Testament
ਯਹੋਯਾਦਾ ਜਾਜਕ ਅਤੇ ਯੋਆਸ਼ ਪਾਤਸ਼ਾਹ
23 ਸੱਤਵੇਂ ਸਾਲ ਵਿੱਚ, ਯਹੋਯਾਦਾ ਨੇ ਆਪਣੀ ਤਾਕਤ ਵਿਖਾਈ। ਉਸ ਨੇ ਕਪਤਾਨਾਂ ਨਾਲ ਇੱਕ ਇਕਰਾਰਨਾਮਾ ਕੀਤਾ। ਉਹ ਕਪਤਾਨ ਸਨ! ਯਹੋਰਾਮ ਦਾ ਪੁੱਤਰ ਅਜ਼ਰਯਾਹ, ਯਹੋਹਾਨਾਨ ਦਾ ਪੁੱਤਰ ਇਸ਼ਮਾਏਲ, ਓਬੇਦ ਦਾ ਪੁੱਤਰ ਅਜ਼ਰਯਾਹ ਤੇ ਅਦਾਯਾਹ ਦਾ ਪੁੱਤਰ ਮਅਸੇਯਾਹ ਅਤੇ ਜ਼ਿਕਰੀ ਦਾ ਪੁੱਤਰ ਅਲੀਸ਼ਾਫ਼ਾਟ। 2 ਉਹ ਸਾਰੇ ਯਹੂਦਾਹ ਸ਼ਹਿਰ ਵਿੱਚ ਫ਼ਿਰੇ ਅਤੇ ਉਸ ਦੇ ਸਾਰੇ ਸ਼ਹਿਰਾਂ ਵਿੱਚੋਂ ਲੇਵੀਆਂ ਨੂੰ ਤੇ ਇਸਰਾਏਲ ਦੇ ਘਰਾਣਿਆਂ ਦੇ ਮੁਖੀਆਂ ਨੂੰ ਇੱਕਤਰ ਕੀਤਾ। ਤਦ ਉਹ ਸਾਰੇ ਯਰੂਸ਼ਲਮ ਵਿੱਚ ਆਏ। 3 ਸਾਰੇ ਇੱਕਤਰ ਹੋਏ ਲੋਕਾਂ ਨੇ ਯਹੋਵਾਹ ਦੇ ਮੰਦਰ ਵਿੱਚ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ।
ਤਦ ਯਹੋਯਾਦਾ ਨੇ ਉਨ੍ਹਾਂ ਨੂੰ ਆਖਿਆ, “ਪਾਤਸ਼ਾਹ ਦਾ ਪੁੱਤਰ ਰਾਜ ਕਰੇਗਾ ਕਿਉਂ ਕਿ ਯਹੋਵਾਹ ਨੇ ਦਾਊਦ ਦੇ ਉੱਤਰਾਧਿਕਾਰੀਆਂ ਨਾਲ ਇਹੀ ਇਕਰਾਰਨਾਮਾ ਕੀਤਾ ਸੀ ਕਿ ਉਸ ਦੇ ਵੰਸ਼ਜ ਰਾਜ ਕਰਨਗੇ। 4 ਹੁਣ ਤੁਸੀਂ ਇੱਕ ਕੰਮ ਜ਼ਰੂਰ ਕਰਨਾ ਹੈ: ਜਾਜਕਾਂ ਅਤੇ ਲੇਵੀਆਂ ਵਿੱਚੋਂ ਇੱਕ ਤਿਹਾਈ ਸਬਤ ਨੂੰ ਆ ਕੇ ਫ਼ਾਟਕਾਂ ਦੇ ਦਰਬਾਨ ਬਣ ਜਾਣ। 5 ਅਤੇ ਇੱਕ ਤਿਹਾਈ ਸ਼ਾਹੀ ਮਹਿਲ ਉੱਪਰ ਹੋਣ ਅਤੇ ਇੱਕ ਤਿਹਾਈ ਨੀਂਹ ਵਾਲੇ ਫ਼ਾਟਕ ਉੱਪਰ ਜਿਹੜਾ ਬੁਨਿਆਦ ਹੈ। ਪਰ ਬਾਕੀ ਦੇ ਸਾਰੇ ਲੋਕ ਯਹੋਵਾਹ ਦੇ ਮੰਦਰ ਦੇ ਵਿਹੜਿਆਂ ਵਿੱਚ ਖੜ੍ਹੇ ਰਹਿਣ। 6 ਕਿਸੇ ਮਨੁੱਖ ਨੂੰ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਨਾ ਕਰਨ ਦੇਣਾ। ਸਿਰਫ਼ ਜਾਜਕ ਅਤੇ ਲੇਵੀ ਜਿਹੜੇ ਸੇਵਾ ਕਰਦੇ ਹਨ ਉਹੀ ਯਹੋਵਾਹ ਦੇ ਮੰਦਰ ਵਿੱਚ ਪ੍ਰਵੇਸ਼ ਕਰ ਸੱਕਦੇ ਹਨ ਕਿਉਂ ਕਿ ਉਹ ਪਵਿੱਤਰ ਹਨ ਤੇ ਬਾਕੀ ਦੇ ਸਾਰੇ ਮਨੁੱਖ ਉਹੀ ਕੰਮ ਕਰਨ ਜਿਹੜੇ ਯਹੋਵਾਹ ਨੇ ਉਨ੍ਹਾਂ ਨੂੰ ਸੌਂਪੇ ਹਨ। 7 ਲੇਵੀ ਪਾਤਸ਼ਾਹ ਕੋਲ ਜ਼ਰੂਰ ਖੜ੍ਹੇ ਰਹਿਣ ਅਤੇ ਹਰ ਮਨੁੱਖ ਕੋਲ ਆਪਣੀ ਤਲਵਾਰ ਜ਼ਰੂਰ ਹੋਵੇ। ਜੇਕਰ ਕੋਈ ਮਨੁੱਖ ਮੰਦਰ ਅੰਦਰ ਵੜਨ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਵੱਢ ਦਿੱਤਾ ਜਾਵੇ। ਜਿੱਥੇ ਵੀ ਪਾਤਸ਼ਾਹ ਜਾਵੇ ਤੁਸੀਂ ਉਸ ਦੇ ਮਗਰ ਜ਼ਰੂਰ ਹੋਵੋ।”
8 ਸਾਰੇ ਲੇਵੀਆਂ ਅਤੇ ਯਹੂਦੀਆਂ ਨੇ ਯਹੋਯਾਦਾ ਜਾਜਕ ਦੇ ਹੁਕਮ ਨੂੰ ਮੰਨਿਆ। ਸੋ ਉਨ੍ਹਾਂ ਨੇ ਆਪੋ-ਆਪਣੇ ਆਦਮੀਆਂ ਨੂੰ ਜਿਹੜੇ ਸਬਤ ਨੂੰ ਅੰਦਰ ਆਉਣ ਵਾਲੇ ਸਨ, ਉਨ੍ਹਾਂ ਦੇ ਨਾਲ ਜਿਹੜੇ ਸਬਤ ਨੂੰ ਬਾਹਰ ਜਾਣ ਵਾਲੇ ਸਨ ਲਿਆ ਕਿਉਂ ਕਿ ਯਹੋਯਾਦਾ ਜਾਜਕ ਨੇ ਜਿਨ੍ਹਾਂ ਦੀ ਰੱਖਵਾਲੀ ਲਈ ਵਾਰੀ ਸੀ ਉਨ੍ਹਾਂ ਨੂੰ ਜਾਣ ਨਹੀਂ ਸੀ ਦਿੱਤਾ। 9 ਯਹੋਯਾਦਾ ਜਾਜਕ ਨੇ ਉਹ ਬਰਛੀਆਂ, ਫ਼ਰੀਆਂ ਅਤੇ ਢਾਲਾਂ ਜੋ ਦਾਊਦ ਪਾਤਸ਼ਾਹ ਦੀਆਂ ਸਨ ਉਨ੍ਹਾਂ ਸਰਦਾਰਾਂ ਨੂੰ ਦਿੱਤੀਆਂ। ਇਹ ਸਾਰੇ ਹਥਿਆਰ ਯਹੋਵਾਹ ਦੇ ਮੰਦਰ ਵਿੱਚ ਪਏ ਹੋਏ ਸਨ। 10 ਫ਼ਿਰ ਉਸ ਨੇ ਉਨ੍ਹਾਂ ਨੂੰ ਕਿੱਥੇ-ਕਿੱਥੇ ਖੜ੍ਹੇ ਹੋਣਾ ਹੈ, ਦੱਸਿਆ। ਹਰ ਮਨੁੱਖ ਦੇ ਹੱਥ ਵਿੱਚ ਉਸਦਾ ਸ਼ਸਤਰ ਵਿਰਾਜਮਾਨ ਸੀ। ਸਾਰੇ ਮਨੁੱਖ ਮੰਦਰ ਦੇ ਸੱਜੇ ਖੂੰਜੇ ਤੋਂ ਲੈ ਕੇ ਖੱਬੇ ਖੂੰਜੇ ਤੀਕ ਜਗਵੇਦੀ ਤੇ ਮੰਦਰ ਦੇ ਆਸੇ-ਪਾਸੇ ਪਾਤਸ਼ਾਹ ਦੇ ਇਰਦ ਗਿਰਦ ਖੜ੍ਹਾ ਕਰ ਦਿੱਤਾ। 11 ਤਦ ਉਨ੍ਹਾਂ ਨੇ ਪਾਤਸ਼ਾਹ ਦੇ ਪੁੱਤਰ ਨੂੰ ਬਾਹਰ ਲਿਆ ਕੇ ਉਸ ਦੇ ਸਿਰ ਤੇ ਤਾਜ ਰੱਖਿਆ ਅਤੇ ਉਸ ਨੂੰ ਇਕਰਾਰਨਾਮੇ ਦੀ ਇੱਕ ਨਕਲ ਦਿੱਤੀ। ਇਉਂ ਉਨ੍ਹਾਂ ਨੇ ਯੋਆਸ਼ ਨੂੰ ਪਾਤਸ਼ਾਹ ਠਹਿਰਾਇਆ ਅਤੇ ਯਹੋਯਾਦਾ ਤੇ ਉਸ ਦੇ ਪੁੱਤਰਾਂ ਨੇ ਉਸ ਨੂੰ ਮਸਹ ਕੀਤਾ ਅਤੇ ਆਖਿਆ, “ਪਾਤਸ਼ਾਹ ਸਲਾਮਤ ਰਹੇ।”
12 ਜਦੋਂ ਅਥਲਯਾਹ ਨੇ ਲੋਕਾਂ ਦਾ ਸ਼ੋਰ ਸੁਣਿਆ ਜੋ ਦੌੜ-ਦੌੜ ਕੇ ਪਾਤਸ਼ਾਹ ਦੀ ਉਸਤਤ ਕਰ ਰਹੇ ਸਨ ਤਾਂ ਉਹ ਯਹੋਵਾਹ ਦੇ ਮੰਦਰ ਵਿੱਚੋਂ ਲੋਕਾਂ ਕੋਲ ਆਈ। 13 ਉਸ ਨੇ ਪਾਤਸ਼ਾਹ ਵੱਲ ਵੇਖਿਆ। ਪਾਤਸ਼ਾਹ ਆਪਣੇ ਥੰਮ ਦੇ ਫ਼ਾਟਕ ਕੋਲ ਖੜ੍ਹਾ ਸੀ। ਅਤੇ ਜੋ ਤੁਰ੍ਹੀਆਂ ਵਜਾ ਰਹੇ ਸਨ ਅਤੇ ਸਰਦਾਰ ਸਨ ਉਹ ਪਾਤਸ਼ਾਹ ਦੇ ਕੋਲ ਖੜ੍ਹੇ ਸਨ। ਅਤੇ ਦੇਸ ਦੇ ਸਾਰੇ ਲੋਕ ਖੁਸ਼ੀਆਂ ਮਨਾਉਂਦੇ ਅਤੇ ਤੁਰ੍ਹੀਆਂ ਵਜਾਉਂਦੇ ਸਨ। ਗਾਉਣ ਵਾਲੇ ਵਾਜਿਆਂ ਨਾਲ ਉਸਤਤ ਕਰਨ ਵਿੱਚ ਅਗਵਾਈ ਕਰ ਰਹੇ ਸਨ। ਤਦ ਅਥਲਯਾਹ ਨੇ ਆਪਣੇ ਕੱਪੜੇ ਫ਼ਾੜੇ ਅਤੇ ਉੱਚੀ ਆਵਾਜ਼ ਵਿੱਚ ਬੋਲੀ “ਗਦਰ ਗਦਰ।”
14 ਤਦ ਯਹੋਯਾਦਾ ਜਾਜਕ ਨੇ ਸੌ-ਸੌ ਦੇ ਸਰਦਾਰਾਂ ਨੂੰ ਜੋ ਫ਼ੌਜ ਦੇ ਹਾਕਮ ਸਨ ਆਗਿਆ ਦਿੱਤੀ ਕਿ ਉਸ ਨੂੰ (ਪਾਤਸ਼ਾਹ) ਕਤਾਰਾਂ ਦੇ ਵਿੱਚੋਂ ਲੈ ਜਾਵੋ। ਜੇਕਰ ਕੋਈ ਉਸ ਦੇ ਪਿੱਛੇ ਆਵੇ ਤਾਂ ਉਸ ਨੂੰ ਤਲਵਾਰ ਨਾਲ ਵੱਢ ਦਿੱਤਾ ਜਾਵੇ। ਤਦ ਜਾਜਕ ਨੇ ਸਿਪਾਹੀਆਂ ਨੂੰ ਚੇਤਾਵਨੀ ਦਿੱਤੀ, “ਅਥਲਯਾਹ ਨੂੰ ਯਹੋਵਾਹ ਦੇ ਮੰਦਰ ਵਿੱਚ ਨਾ ਵੱਢਿਆ ਜਾਵੇ।” 15 ਤਦ ਉਨ੍ਹਾਂ ਆਦਮੀਆਂ ਨੇ ਅਥਲਯਾਹ ਨੂੰ ਜਦੋਂ ਉਹ ਪਾਤਸ਼ਾਹ ਦੇ ਮਹਿਲ ਕੋਲ ਘੋੜਿਆਂ ਵਾਲੇ ਫ਼ਾਟਕ ਕੋਲ ਪਹੁੰਚੀ ਤਾਂ ਘੇਰ ਕੇ ਪਕੜ ਲਿਆ ਅਤੇ ਉਸ ਨੂੰ ਉਸੇ ਥਾਂ ਤੇ ਮਾਰ ਸੁੱਟਿਆ।
16 ਤਦ ਯਹੋਯਾਦਾ ਨੇ ਸਾਰੇ ਲੋਕਾਂ ਨਾਲ ਅਤੇ ਪਾਤਸ਼ਾਹ ਨਾਲ ਇਕਰਾਰਨਾਮਾ ਕੀਤਾ ਤੇ ਉਨ੍ਹਾਂ ਸਾਰਿਆਂ ਨੇ ਸੌਂਹ ਖਾਧੀ ਕਿ ਉਹ ਯਹੋਵਾਹ ਦੇ ਲੋਕ ਹੋਣਗੇ। 17 ਫ਼ਿਰ ਸਾਰੇ ਲੋਕੀਂ ਬਆਲ ਦੇ ਮੰਦਰ ਵਿੱਚ ਗਏ ਅਤੇ ਉਨ੍ਹਾਂ ਉਸ ਬੁੱਤ ਨੂੰ ਢਾਹ ਦਿੱਤਾ ਅਤੇ ਉਸ ਦੇ ਬੁੱਤਾਂ ਅਤੇ ਜਗਵੇਦੀਆਂ ਨੂੰ ਟੁਕੜੇ-ਟੁਕੜੇ ਕਰ ਦਿੱਤਾ। ਅਤੇ ਬਆਲ ਦੇ ਜਾਜਕ ਮੱਤਾਨ ਨੂੰ ਉਨ੍ਹਾਂ ਨੇ ਜਗਵੇਦੀਆਂ ਦੇ ਅੱਗੇ ਮਾਰ ਛੱਡਿਆ।
18 ਯਹੋਯਾਦਾ ਨੇ ਮੰਦਰ ਦੀ ਦੇਖਭਾਲ ਦਾ ਕੰਮ ਜਾਜਕਾਂ ਨੂੰ ਸੌਂਪ ਦਿੱਤਾ, ਜੋ ਕਿ ਲੇਵੀ ਸਨ ਅਤੇ ਜੋ ਦਾਊਦ ਦੁਆਰਾ ਯਹੋਵਾਹ ਦੇ ਮੰਦਰ ਵਿੱਚ ਮੂਸਾ ਦੀ ਬਿਵਸਥਾ ਦੀ ਪੋਥੀ ਵਿੱਚ ਲਿਖੇ ਅਨੁਸਾਰ ਹੋਮ ਦੀਆਂ ਭੇਟਾਂ ਚੜ੍ਹਾਉਣ ਲਈ ਵਿਵਸਥਿਤ ਕੀਤੇ ਗਏ ਸਨ। ਉਹ ਦਾਊਦ ਦੁਆਰਾ ਵਿਵਸਥਿਤ ਕੀਤੇ ਅਨੁਸਾਰ ਯਹੋਵਾਹ ਲਈ ਬਹੁਤ ਆਨੰਦਿਤ ਸਨ ਅਤੇ ਗਾ ਰਹੇ ਸਨ। 19 ਯਹੋਯਾਦਾ ਨੇ ਯਹੋਵਾਹ ਦੇ ਫ਼ਾਟਕ ਉੱਤੇ ਦਰਬਾਨ ਰੱਖ ਦਿੱਤੇ ਤਾਂ ਕਿ ਕੋਈ ਵੀ ਮਨੁੱਖ ਜੋ ਅਪਵਿੱਤਰ ਹੋਵੇ ਅੰਦਰ ਪ੍ਰਵੇਸ਼ ਨਾ ਕਰ ਸੱਕੇ।
20 ਫ਼ਿਰ ਯਹੋਯਾਦਾ ਨੇ ਸੌ-ਸੌ ਦੇ ਸਰਦਾਰਾਂ, ਲੋਕਾਂ ਦੇ ਸ਼ਾਸਕਾਂ ਅਤੇ ਜ਼ਮੀਂਦਾਰਾਂ ਤੇ ਦੇਸ ਦੇ ਸਾਰੇ ਲੋਕਾਂ ਨੂੰ ਲਿਆ ਅਤੇ ਪਾਤਸ਼ਾਹ ਨੂੰ ਯਹੋਵਾਹ ਦੇ ਮੰਦਰ ਤੋਂ ਉਤਾਰ ਲਿਆਏ ਅਤੇ ਉੱਚੇ ਫ਼ਾਟਕ ਦੇ ਰਸਤੇ ਪਾਤਸ਼ਾਹ ਦੇ ਮਹਿਲ ਵਿੱਚ ਆਏ ਅਤੇ ਫ਼ਿਰ ਪਾਤਸ਼ਾਹ ਨੂੰ ਰਾਜ ਸਿੰਘਾਸਣ ਤੇ ਬਿਰਾਜਮਾਨ ਕੀਤਾ। 21 ਤਦ ਯਹੂਦਾਹ ਦੇ ਸਾਰੇ ਲੋਕ ਬੜੇ ਪ੍ਰਸੰਨ ਹੋਏ ਅਤੇ ਸਾਰੇ ਯਰੂਸ਼ਲਮ ਵਿੱਚ ਸ਼ਾਂਤੀ ਹੋ ਗਈ ਕਿਉਂ ਕਿ ਅਥਲਯਾਹ ਤਲਵਾਰ ਨਾਲ ਮਾਰੀ ਜਾ ਚੁੱਕੀ ਸੀ।
ਯੋਆਸ਼ ਦਾ ਮੁੜ ਮੰਦਰ ਉਸਾਰਨਾ
24 ਜਦੋਂ ਯੋਆਸ਼ ਪਾਤਸ਼ਾਹ ਬਣਿਆ ਉਹ ਸੱਤ ਵਰ੍ਹਿਆਂ ਦਾ ਸੀ ਅਤੇ ਉਸ ਨੇ 40 ਸਾਲ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਂ ਦਾ ਨਾਂ ਸੀਬਯਾਹ ਸੀ ਜੋ ਕਿ ਬਏਰਸ਼ਬਾ ਸ਼ਹਿਰ ਦੀ ਸੀ। 2 ਜਦ ਤੀਕ ਯਹੋਯਾਦਾ ਜਿਉਂਦਾ ਰਿਹਾ ਯੋਆਸ਼ ਯਹੋਵਾਹ ਅੱਗੇ ਸਹੀ ਜੀਵਨ ਜਿਉਂਦਾ ਰਿਹਾ। 3 ਯਹੋਯਾਦਾ ਨੇ ਉਸ ਨੂੰ ਦੋ ਔਰਤਾਂ ਨਾਲ ਵਿਆਹ ਦਿੱਤਾ। ਯੋਆਸ਼ ਦੇ ਘਰ ਪੁੱਤਰ ਅਤੇ ਧੀਆਂ ਹੋਏ।
4 ਫ਼ਿਰ ਬਾਅਦ ਵਿੱਚ, ਯੋਆਸ਼ ਨੇ ਯਹੋਵਾਹ ਦੇ ਮੰਦਰ ਦਾ ਮੁੜ ਤੋਂ ਨਿਰਮਾਣ ਕਰਨ ਦਾ ਨਿਸ਼ਚਾ ਕੀਤਾ। 5 ਯੋਆਸ਼ ਨੇ ਜਾਜਕਾਂ ਅਤੇ ਲੇਵੀਆਂ ਨੂੰ ਇਕੱਠਿਆਂ ਬੁਲਵਾਇਆ ਅਤੇ ਉਨ੍ਹਾਂ ਨੂੰ ਆਖਿਆ, “ਯਹੂਦਾਹ ਦੇ ਸ਼ਹਿਰਾਂ ਵਿੱਚ ਜਾ ਕੇ ਸਾਰੇ ਇਸਰਾਏਲ ਕੋਲੋਂ ਹਰ ਸਾਲ ਆਪਣੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਧਨ ਦੌਲਤ ਇਕੱਠੀ ਕਰਿਆ ਕਰੋ। ਜਾਓ ਤੇ ਜਲਦੀ ਹੀ ਇਉਂ ਕਰੋ।” ਪਰ ਲੇਵੀਆਂ ਨੇ ਕੋਈ ਜਲਦੀ ਨਾ ਕੀਤੀ।
6 ਤਦ ਯੋਆਸ਼ ਪਾਤਸ਼ਾਹ ਨੇ ਯਹੋਯਾਦਾ ਜਾਜਕ ਨੂੰ ਸੱਦਿਆ ਤੇ ਆਖਿਆ, “ਤੈਨੂੰ ਯਹੂਦਾਹ ਅਤੇ ਯਰੂਸ਼ਲਮ ਵਿੱਚੋਂ ਲੰਘ ਕੇ ਕਰ ਇਕੱਠਾ ਕਰਨ ਲਈ ਲੇਵੀਆਂ ਦੀ ਜ਼ਰੂਰਤ ਕਿਉਂ ਨਹੀਂ, ਜੋ ਕਿ ਮੂਸਾ, ਯਹੋਵਾਹ ਦੇ ਸੇਵਕ ਦੁਆਰਾ ਲਾਇਆ ਗਿਆ ਸੀ। ਮੂਸਾ ਅਤੇ ਇਸਰਾਏਲੀ ਕਰ ਦੇ ਉਸ ਧਨ ਨੂੰ ਪਵਿੱਤਰ ਤੰਬੂ ਲਈ ਵਰਤਦੇ ਸਨ।”
7 ਇਸ ਤੋਂ ਪਹਿਲਾਂ ਅਥਲਯਾਹ ਦੇ ਪੁੱਤਰਾਂ ਨੇ ਯਹੋਵਾਹ ਦੇ ਮੰਦਰ ਨੂੰ ਤੋੜਿਆ ਸੀ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਦੀਆਂ ਵਸਤਾਂ ਬਆਲਾਂ ਲਈ ਵਰਤ ਲਈਆਂ ਸਨ। ਅਥਲਯਾਹ ਇੱਕ ਬੜੀ ਹੀ ਦੁਸ਼ਟ ਰਾਣੀ ਸੀ।
8 ਯੋਆਸ਼ ਪਾਤਸ਼ਾਹ ਨੇ ਹੁਕਮ ਦਿੱਤਾ ਤੇ ਉਨ੍ਹਾਂ ਨੇ ਇੱਕ ਸੰਦੂਕ ਬਣਾ ਕੇ ਉਸ ਨੂੰ ਯਹੋਵਾਹ ਦੇ ਮੰਦਰ ਦੇ ਦਰਵਾਜ਼ੇ ਬਾਹਰ ਰੱਖ ਦਿੱਤਾ। 9 ਤਦ ਲੇਵੀਆਂ ਨੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਇੱਕ ਘੋਸ਼ਣਾ ਕੀਤੀ ਤੇ ਲੋਕਾਂ ਨੂੰ ਕਿਹਾ ਕਿ ਯਹੋਵਾਹ ਲਈ ਉਹ ਕਰ ਲੈ ਕੇ ਆਉਣ ਜਿਹੜਾ ਪਰਮੇਸ਼ੁਰ ਦੇ ਸੇਵਕ ਮੂਸਾ ਨੇ ਉਜਾੜ ਵਿੱਚ ਇਸਰਾਏਲ ਉੱਤੇ ਲਗਾਇਆ ਸੀ। 10 ਸਾਰੇ ਆਗੂ ਅਤੇ ਲੋਕ ਖੁਸ਼ ਸਨ। ਉਹ ਸਾਰੇ ਖੁਸ਼ੀ-ਖੁਸ਼ੀ ਧਨ ਦੌਲਤ ਲਿਆਏ ਅਤੇ ਉਸ ਸੰਦੂਕ ਵਿੱਚ ਪਾਇਆ ਤੇ ਜਦ ਤੀਕ ਉਹ ਸੰਦੂਕ ਭਰ ਨਾ ਗਿਆ ਉਹ ਪੈਸੇ ਦਿੰਦੇ ਰਹੇ। 11 ਜਦ ਸੰਦੂਕ ਲੇਵੀਆਂ ਦੁਆਰਾ ਕਰਿੰਦਿਆਂ ਦੇ ਹੱਥ ਪੁਜਿਆ ਅਤੇ ਉਨ੍ਹਾਂ ਵੇਖਿਆ ਕਿ ਇਸ ਵਿੱਚ ਬਹੁਤ ਰਕਮ ਹੈ ਤਾਂ ਪਾਤਸ਼ਾਹ ਦੇ ਮੁਨਸ਼ੀ (ਲਿਖਾਰੀ) ਅਤੇ ਪਰਧਾਨ ਜਾਜਕ ਦੇ ਅਫ਼ਸਰ ਨੇ ਆ ਕੇ ਸੰਦੂਕ ਨੂੰ ਖਾਲੀ ਕੀਤਾ ਤੇ ਉਸ ਨੂੰ ਫ਼ਿਰ ਉਸੇ ਹੀ ਜਗ੍ਹਾ ਤੇ ਰੱਖਵਾ ਦਿੱਤਾ ਜਿੱਥੋਂ ਕਿ ਉਹ ਚੁੱਕਿਆ ਸੀ। ਇਉਂ ਹਰ ਰੋਜ਼ ਅਜਿਹਾ ਕਰਦਿਆਂ ਉਨ੍ਹਾਂ ਨੇ ਬਹੁਤ ਸਾਰਾ ਮਾਲ ਇਕੱਠਾ ਕਰ ਲਿਆ। 12 ਫ਼ੇਰ ਯੋਆਸ਼ ਪਾਤਸ਼ਾਹ ਅਤੇ ਯਹੋਯਾਦਾ ਨੇ ਉਹ ਧਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਿਹੜੇ ਯਹੋਵਾਹ ਦੇ ਮੰਦਰ ਦੀ ਮੁਰੰਮਤ ਲਈ ਕੰਮ ਕਰਦੇ ਸਨ। ਅਤੇ ਉਨ੍ਹਾਂ ਲੋਕਾਂ ਨੂੰ ਜਿਹੜੇ ਯਹੋਵਾਹ ਦੇ ਮੰਦਰ ਨੂੰ ਠੀਕ ਕਰਨ ਲਈ ਰਾਜਾਂ ਤੇ ਤਰਖਾਣਾਂ ਨੂੰ ਬੁਲਾਇਆ ਗਿਆ। ਅਤੇ ਪਰਮੇਸ਼ੁਰ ਦੇ ਮੰਦਰ ਦੀ ਮੁਰੰਮਤ ਲਈ ਲੋਹਾਰਾਂ ਅਤੇ ਠਠੇਰਿਆਂ ਨੂੰ ਮਜੂਰੀ ਉੱਤੇ ਰੱਖਿਆ ਗਿਆ।
13 ਉਹ ਲੋਕ ਜਿਹੜੇ ਕਾਮਿਆਂ ਵਜੋਂ ਨਿਯੁਕਤ ਕੀਤੇ ਗਏ ਸਨ, ਬੜੇ ਵਫਾਦਾਰ ਸਨ ਇਉਂ ਮੰਦਰ ਦੀ ਮੁਰੰਮਤ ਦਾ ਕਾਰਜ ਸਫ਼ਲਤਾ ਨਾਲ ਸਿਰੇ ਚੜ੍ਹਿਆ। ਯਹੋਵਾਹ ਦਾ ਮੰਦਰ ਬਿਲਕੁਲ ਉਵੇਂ ਹੀ ਬਣਾਇਆ ਗਿਆ ਜਿਵੇਂ ਕਿ ਇਹ ਪਹਿਲਾਂ ਸੀ ਅਤੇ ਉਨ੍ਹਾਂ ਨੇ ਇਸ ਨੂੰ ਮਜਬੂਤ ਬਣਾਇਆ। 14 ਜਦੋਂ ਕਾਰੀਗਰਾਂ ਨੇ ਕੰਮ ਪੂਰਾ ਕਰ ਲਿਆ ਤਾਂ ਜਿਹੜਾ ਧੰਨ ਬਚ ਗਿਆ ਉਹ ਪਾਤਸ਼ਾਹ ਅਤੇ ਯਹੋਯਾਦਾ ਕੋਲ ਵਾਪਸ ਲੈ ਕੇ ਆਏ। ਉਨ੍ਹਾਂ ਨੇ ਇਸ ਧੰਨ ਨੂੰ ਯਹੋਵਾਹ ਦੇ ਮੰਦਰ ਦੀ ਉਸਾਰੀ ਤੇ ਵਸਤਾਂ ਲਈ ਵਰਤਿਆ ਸੀ ਅਤੇ ਉਹ ਵਸਤਾਂ ਮੰਦਰ ਦੀ ਸੇਵਾ ਅਤੇ ਹੋਮ ਦੀਆਂ ਭੇਟਾਂ ਲਈ ਵਰਤਿਆਂ ਗਈਆਂ। ਉਨ੍ਹਾਂ ਨੇ ਇਸ ਧੰਨ ਨਾਲ ਸੋਨੇ ਅਤੇ ਚਾਂਦੀ ਦੇ ਕਟੋਰੇ ਅਤੇ ਹੋਰ ਬਰਤਨ ਵੀ ਬਣਾਏ। ਜਦੋਂ ਯਹੋਯਾਦਾ ਜਿਉਂਦਾ ਸੀ ਤਾਂ ਜਾਜਕ ਯਹੋਵਾਹ ਦੇ ਮੰਦਰ ਵਿੱਚ ਹੋਮ ਦੀਆਂ ਭੇਟਾਂ ਚੜ੍ਹਾਉਂਦੇ ਸਨ।
15 ਯਹੋਯਾਦਾ ਬੁੱਢਾ ਹੋ ਗਿਆ ਉਹ ਕਾਫ਼ੀ ਵੱਡੀ ਉਮਰ ਤੱਕ ਜੀਵਿਆ ਅਤੇ ਫ਼ੇਰ ਚਲਾਣਾ ਕਰ ਗਿਆ। ਜਦੋਂ ਉਹ ਮਰਿਆ ਉਹ 130 ਵਰ੍ਹਿਆਂ ਦਾ ਸੀ। 16 ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਜਿੱਥੇ ਪਾਤਸ਼ਾਹਾਂ ਨੂੰ ਦਫ਼ਨਾਇਆ ਜਾਂਦਾ ਸੀ, ਉੱਥੇ ਹੀ ਦਫ਼ਨਾਇਆ। ਲੋਕਾਂ ਨੇ ਉਸ ਨੂੰ ਉੱਥੇ ਇਸ ਲਈ ਦਫ਼ਨਾਇਆ ਕਿਉਂ ਕਿ ਉਸ ਨੇ ਆਪਣੇ ਜੀਵਨ ਕਾਲ ਵਿੱਚ ਯਹੋਵਾਹ ਅਤੇ ਉਸ ਦੇ ਮੰਦਰ ਅਤੇ ਇਸਰਾਏਲ ਦੇ ਲੋਕਾਂ ਲਈ ਬੜੇ ਚੰਗੇ ਭਲਾਈ ਦੇ ਕਾਰਜ ਕੀਤੇ।
17 ਯਹੋਯਾਦਾ ਦੇ ਮਰਨ ਉਪਰੰਤ ਯਹੂਦਾਹ ਦੇ ਆਗੂ ਆਏ ਅਤੇ ਉਨ੍ਹਾਂ ਨੇ ਯੋਆਸ਼ ਪਾਤਸ਼ਾਹ ਨੂੰ ਮੱਥਾ ਟੇਕਿਆ ਤਾਂ ਪਾਤਸ਼ਾਹ ਨੇ ਉਨ੍ਹਾਂ ਦੀ ਸੁਣੀ। 18 ਉਨ੍ਹਾਂ ਨੇ ਯਹੋਵਾਹ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਦੇ ਮੰਦਰ ਨੂੰ ਛੱਡ ਦਿੱਤਾ ਅਤੇ ਬੁੱਤਾਂ ਅਤੇ ਅਸ਼ੇਰਾਹ ਦੇ ਥੰਮਾਂ ਦੀ ਉਪਾਸਨਾ ਕਰਨ ਲੱਗ ਪਏ। ਉਨ੍ਹਾਂ ਦੇ ਦੋਸ਼ ਕਾਰਣ, ਪਰਮੇਸ਼ੁਰ ਬਹੁਤ ਗੁੱਸੇ ਸੀ ਅਤੇ ਯਹੂਦਾਹ ਅਤੇ ਯਰੂਸ਼ਲਮ ਉੱਪਰ ਕਸ਼ਟ ਆਣ ਪਏ। 19 ਤਦ ਵੀ ਯਹੋਵਾਹ ਨੇ ਉਨ੍ਹਾਂ ਕੋਲ ਨਬੀਆਂ ਨੂੰ ਭੇਜਿਆ ਤਾਂ ਜੋ ਉਹ ਉਨ੍ਹਾਂ ਨੂੰ ਯਹੋਵਾਹ ਵੱਲ ਮੋੜ ਲਿਆਉਣ। ਨਬੀ ਉਨ੍ਹਾਂ ਨੂੰ ਚਿਤਾਵਨੀ ਦਿੰਦੇ ਰਹੇ, ਪਰ ਉਨ੍ਹਾਂ ਨੇ ਉਸਤੇ ਕੋਈ ਕੰਨ ਨਾ ਧਰਿਆ।
20 ਤਦ ਪਰਮੇਸ਼ੁਰ ਦਾ ਆਤਮਾ ਜ਼ਕਰਯਾਹ, ਯਹੋਯਾਦਾ ਜਾਜਕ ਦੇ ਪੁੱਤਰ ਉੱਤੇ ਆਇਆ। ਉਹ ਉੱਚੇ ਥਾਂ ਤੇ ਖਲੋ ਗਿਆ ਅਤੇ ਲੋਕਾਂ ਨੂੰ ਆਖਣ ਲੱਗ ਪਿਆ ਕਿ, ਪਰਮਮੇਸ਼ੁਰ ਆਖਦਾ, ਤੁਸੀਂ ਯਹੋਵਾਹ ਦੇ ਹੁਕਮਨਾਮਿਆਂ ਨੂੰ ਕਿਉਂ ਤੋੜਦੇ ਹੋ? ਤੁਸੀਂ ਤਰਕੀ ਨਹੀਂ ਕਰ ਸੱਕਦੇ ਕਿਉਂ ਕਿ ਤੁਸੀਂ ਯਹੋਵਾਹ ਵੱਲ ਆਪਣੀਆਂ ਪਿੱਠਾ ਮੋੜ ਲਈਆਂ ਹਨ, ਇਸ ਲਈ ਯਹੋਵਾਹ ਵੀ ਤੁਹਾਡੇ ਵੱਲ ਆਪਣੀ ਪਿੱਠ ਮੋੜ ਲਵੇਗਾ।
21 ਪਰ ਲੋਕਾਂ ਨੇ ਜ਼ਕਰਯਾਹ ਦੇ ਵਿਰੁੱਧ ਵਿਉਂਤਾ ਘੜ ਲਈਆਂ ਅਤੇ ਆਪਣੀਆਂ ਸਾਜਿਸ਼ਾਂ ਨਾਲ ਪਾਤਸ਼ਾਹ ਦੇ ਹੁਕਮ ਨਾਲ ਉਸ ਨੂੰ ਯਹੋਵਾਹ ਦੇ ਮੰਦਰ ਵਿੱਚ ਪੱਥਰਾਂ ਨਾਲ ਮਾਰ ਸੁੱਟਿਆ। 22 ਯੋਆਸ਼ ਪਾਤਸ਼ਾਹ ਨੇ ਉਸ ਦੇ ਪਿਤਾ ਯਹੋਯਾਦਾ ਦੇ ਪਰਉਪਕਾਰ ਨੂੰ ਜੋ ਉਸ ਨੇ ਯੋਆਸ਼ ਉੱਪਰ ਕੀਤਾ ਸੀ, ਚੇਤੇ ਨਾ ਰੱਖਿਆ ਸਗੋਂ ਉਸ ਦੇ ਪੁੱਤਰ ਨੂੰ ਮਾਰ ਦਿੱਤਾ। ਜ਼ਕਰਯਾਹ ਨੇ ਮਰਨ ਤੋਂ ਪਹਿਲਾਂ ਆਖਿਆ, “ਯਹੋਵਾਹ ਤੇਰੀ ਕਰਨੀ ਵੇਖੇ ਤੇ ਤੈਨੂੰ ਤੇਰੇ ਕੀਤੇ ਦਾ ਦੰਡ ਦੇਵੇ।”
23 ਉਸ ਸਾਲ ਦੇ ਅਖੀਰ ਵਿੱਚ ਅਰਾਮੀਆਂ ਦੀ ਫ਼ੋਜ ਨੇ ਯੋਆਸ਼ ਉੱਪਰ ਚੜ੍ਹਾਈ ਕਰ ਦਿੱਤੀ ਅਤੇ ਯਹੂਦਾਹ ਅਤੇ ਯਰੂਸ਼ਲਮ ਵਿੱਚ ਆਕੇ ਉਮੱਤ ਦੇ ਸਾਰੇ ਸਰਦਾਰਾਂ ਨੂੰ ਲੋਕਾਂ ਵਿੱਚੋਂ ਮਾਰ ਦਿੱਤਾ ਅਤੇ ਉਨ੍ਹਾਂ ਦਾ ਸਾਰਾ ਮਾਲ ਲੁੱਟ ਕੇ ਦੰਮਿਸਕ ਦੇ ਪਾਤਸ਼ਾਹ ਕੋਲ ਭੇਜ ਦਿੱਤਾ। 24 ਅਰਾਮੀ ਫ਼ੌਜ ਦੀ ਅਜੇ ਇੱਕ ਛੋਟਾ ਜਿਹਾ ਦਲ ਹੀ ਆਇਆ ਸੀ, ਪਰ ਯਹੋਵਾਹ ਨੇ ਉਸ ਛੋਟੇ ਜਿਹੇ ਦਲ ਕੋਲੋਂ ਹੀ ਯਹੂਦਾਹ ਦੀ ਇੰਨੀ ਭਾਰੀ ਫ਼ੌਜ ਨੂੰ ਹਾਰ ਦਿੱਤੀ। ਯਹੋਵਾਹ ਨੇ ਇਉਂ ਇਸ ਲਈ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਮੰਨਣਾ ਛੱਡ ਦਿੱਤਾ ਸੀ, ਇਸ ਲਈ ਯੋਆਸ਼ ਨੂੰ ਇਹ ਦੰਡ ਮਿਲਿਆ। 25 ਜਦੋਂ ਅਰਾਮੀਆਂ ਨੇ ਯੋਆਸ਼ ਨੂੰ ਛੱਡਿਆ, ਉਹ ਬੁਰੀ ਤਰ੍ਹਾਂ ਜ਼ਖਮੀ ਸੀ। ਯੋਆਸ਼ ਦੇ ਆਪਣੇ ਦਾਸ ਉਸ ਦੇ ਵਿਰੋਧੀ ਹੋ ਗਏ। ਉਹ ਯੋਆਸ਼ ਦੇ ਵੈਰੀ ਇਸ ਲਈ ਹੋਏ ਕਿਉਂ ਕਿ ਉਸ ਨੇ ਯਹੋਯਾਦਾ ਜਾਜਕ ਦੇ ਪੁੱਤਰ ਜ਼ਕਰਯਾਹ ਨੂੰ ਮਾਰਿਆ ਸੀ। ਯੋਆਸ਼ ਦੇ ਸੇਵਕਾਂ ਨੇ ਉਸ ਨੂੰ ਉਸ ਦੇ ਬਿਸਤਰ ਤੇ ਹੀ ਵੱਢ ਸੁੱਟਿਆ। ਜਦੋਂ ਯੋਆਸ਼ ਮਰਿਆ ਤਾਂ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ, ਪਰ ਉਸ ਨੂੰ ਸ਼ਾਹੀ ਕਬਰਾਂ ਵਿੱਚ ਨਾ ਦਫ਼ਨਾਇਆ ਗਿਆ।
26 ਜਿਹੜੇ ਸੇਵਕਾਂ ਨੇ ਯੋਆਸ਼ ਦੇ ਵਿਰੁੱਧ ਮਤਾ ਘੜਿਆ ਉਹ ਸਨ: ਅੰਮੋਨਣ ਸ਼ਿਮਆਥ ਦਾ ਪੁੱਤਰ ਜ਼ਾਬਾਦ, ਮੋਆਬਣ ਸ਼ਿਮਰੀਥ ਦਾ ਪੁੱਤਰ ਯਹੋਜ਼ਾਬਾਦ। 27 ਯੋਆਸ਼ ਦੇ ਪੁੱਤਰਾਂ ਦੀ ਕਹਾਣੀ, ਉਸ ਦੇ ਵਿਰੁੱਧ ਮਹਾਨ ਅਗੰਮੀ ਵਾਚ ਅਤੇ ਉਸ ਨੇ ਯਹੋਵਾਹ ਦਾ ਮੰਦਰ ਕਿਵੇਂ ਮੁੜ ਉਸਾਰਿਆ, ਇਹ ਸਭ ਕਾਰਜ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹਨ। ਉਸ ਉਪਰੰਤ ਅਮਸਯਾਹ ਨਵਾਂ ਪਾਤਸ਼ਾਹ ਬਣਿਆ। ਅਮਸਯਾਹ ਯੋਆਸ਼ ਦਾ ਪੁੱਤਰ ਸੀ।
ਯਿਸੂ ਅੰਗੂਰਾਂ ਦੀ ਵੇਲ ਹੈ
15 ਯਿਸੂ ਨੇ ਆਖਿਆ, “ਮੈਂ ਅੰਗੂਰ ਦੀ ਸੱਚੀ ਵੇਲ ਹਾਂ, ਮੇਰਾ ਪਿਤਾ ਬਾਗਵਾਨ ਹੈ। 2 ਹਰ ਉਹ ਟਹਿਣੀ ਜਿਹੜੀ ਫਲ ਨਹੀਂ ਦਿੰਦੀ, ਉਹ ਕੱਟ ਸੁੱਟਦਾ ਹੈ। ਉਹ ਹਰ ਟਹਿਣੀ ਨੂੰ ਚੰਗੀ ਤਰ੍ਹਾਂ ਛਾਂਗਦਾ, ਜਿਹੜੀ ਫਲ ਦਿੰਦੀ ਹੈ ਅਤੇ ਉਸ ਨੂੰ ਸਾਫ਼ ਕਰਦਾ ਹੈ ਤਾਂ ਜੋ ਉਹ ਹੋਰ ਵੱਧੇਰੇ ਫਲ ਪੈਦਾ ਕਰੇ। 3 ਤੁਸੀਂ ਪਹਿਲਾਂ ਹੀ ਮੇਰੇ ਦਿੱਤੇ ਹੋਏ ਉਪਦੇਸ਼ ਦੁਆਰਾ ਸਾਫ਼ ਹੋਂ। 4 ਮੇਰੇ ਵਿੱਚ ਸਥਿਰ ਰਹੋ ਅਤੇ ਮੈਂ ਤੁਹਾਡੇ ਵਿੱਚ ਸਥਿਰ ਰਹਾਂਗਾ। ਕੋਈ ਵੀ ਟਹਿਣੀ ਆਪਣੇ-ਆਪ ਫ਼ਲ ਨਹੀਂ ਦੇ ਸੱਕਦੀ। ਇਸੇ ਤਰ੍ਹਾਂ, ਜੇਕਰ ਤੁਸੀਂ ਮੇਰੇ ਵਿੱਚ ਸਥਿਰ ਨਹੀਂ ਰਹੋਂਗੇ, ਤੁਸੀਂ ਫ਼ਲ ਪੈਦਾ ਕਰਨ ਦੇ ਯੋਗ ਨਹੀਂ ਹੋਵੋਂਗੇ।
5 “ਅੰਗੂਰਾਂ ਦੀ ਵੇਲ ਮੈਂ ਹਾਂ ਤੇ ਤੁਸੀਂ ਉਸ ਦੀਆਂ ਟਹਿਣੀਆਂ ਹੋ। ਜੇਕਰ ਕੋਈ ਮਨੁੱਖ ਮੇਰੇ ਵਿੱਚ ਰਹਿੰਦਾ ਹੈ, ਮੈਂ ਉਸ ਵਿੱਚ ਹੋਵਾਂਗਾ ਅਤੇ ਉਹ ਮਨੁੱਖ ਅਨੇਕਾਂ ਫ਼ਲ ਦੇਵੇਗਾ ਪਰ ਮੈਥੋਂ ਬਗੈਰ ਤੁਸੀਂ ਕੁਝ ਵੀ ਨਹੀਂ ਕਰ ਸੱਕਦੇ। 6 ਜੇਕਰ ਕੋਈ ਮੇਰੇ ਵਿੱਚ ਸਥਿਰ ਨਹੀਂ ਰਹਿੰਦਾ, ਉਹ ਇੱਕ ਟਹਿਣੀ ਦੀ ਤਰ੍ਹਾਂ ਹੈ ਜੋ ਕਿ ਬਾਹਰ ਸੁੱਟਿਆ ਗਿਆ ਹੈ। ਅਤੇ ਸੁੱਕ ਗਿਆ ਹੈ। ਅਜਿਹੀਆਂ ਟਹਿਣੀਆਂ ਨੂੰ ਲੋਕੀ ਅੱਗ ਵਿੱਚ ਸੁੱਟ ਦਿੰਦੇ ਹਨ। 7 ਜੇਕਰ ਤੁਸੀਂ ਮੇਰੇ ਵਿੱਚ ਰਹੋ ਅਤੇ ਮੇਰੀਆਂ ਸਿੱਖਿਆਵਾਂ ਤੁਹਾਡੇ ਵਿੱਚ ਰਹਿਣ ਤਾਂ ਜੋ ਤੁਸੀਂ ਚਾਹੋ ਸੋ ਮੰਗੋ ਅਤੇ ਉਹ ਦਿੱਤਾ ਜਾਵੇਗ਼ਾ। 8 ਤੁਹਾਨੂੰ ਵੱਧੇਰੇ ਫ਼ਲ ਪੈਦਾ ਕਰਨੇ ਚਾਹੀਦੇ ਹਨ ਅਤੇ ਸਾਬਿਤ ਕਰੋ ਕਿ ਤੁਸੀਂ ਮੇਰੇ ਚੇਲੇ ਹੋ। ਇਸ ਰਾਹੀਂ ਮੇਰੇ ਪਿਤਾ ਦੀ ਮਹਿਮਾ ਹੋਵੇਗੀ।
9 “ਜਿਵੇਂ ਕਿ ਮੇਰਾ ਪਿਤਾ ਮੈਨੂੰ ਪਿਆਰ ਕਰਦਾ ਮੈਂ ਤੁਹਾਨੂੰ ਪਿਆਰ ਕੀਤਾ। ਇਸ ਲਈ ਤੁਸੀਂ ਮੇਰੇ ਪਿਆਰ ਚ ਸਥਿਰ ਰਹੋ। 10 ਮੈਂ ਆਪਣੇ ਪਿਤਾ ਦੇ ਹੁਕਮਾਂ ਦਾ ਪਾਲਣ ਕੀਤਾ ਹੈ ਅਤੇ ਮੈਂ ਉਸ ਦੇ ਪਿਆਰ ਵਿੱਚ ਸਥਿਰ ਰਿਹਾ। ਇਸੇ ਤਰ੍ਹਾਂ ਜੇਕਰ ਤੁਸੀਂ ਵੀ ਮੇਰੇ ਹੁਕਮਾਂ ਦਾ ਪਾਲਣ ਕਰੋਂਗੇ ਤੁਸੀਂ ਮੇਰੇ ਪਿਆਰ ਵਿੱਚ ਸਥਿਰ ਰਹੋਂਗੇ। 11 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਕਹੀਆਂ ਹਨ ਤਾਂ ਜੋ ਮੇਰੀ ਖੁਸ਼ੀ ਤੁਹਾਡੇ ਵਿੱਚ ਸਥਿਰ ਰਹਿ ਸੱਕੇ ਅਤੇ ਤੁਹਾਡੀ ਪ੍ਰਸੰਨਤਾ ਸੰਪੂਰਣ ਪ੍ਰਸੰਨਤਾ ਹੋ ਸੱਕੇ। 12 ਤੁਹਾਡੇ ਲਈ ਮੇਰਾ ਇਹ ਹੁਕਮ ਹੈ ਜਿਵੇਂ ਮੈਂ ਤੁਹਾਨੂੰ ਪਿਆਰ ਕੀਤਾ ਹੈ ਤੁਸੀਂ ਵੀ ਇੱਕ ਦੂਜੇ ਨੂੰ ਪਿਆਰ ਕਰੋ। 13 ਦੋਸਤ ਲਈ ਮਰਨਾ ਮਹਾਨ ਪਿਆਰ ਹੈ, ਜੋ ਕੋਈ ਵਿਅਕਤੀ ਦਰਸ਼ਾ ਸੱਕਦਾ ਹੈ। 14 ਤੁਸੀਂ ਮੇਰੇ ਮਿੱਤਰ ਹੋ ਜੇਕਰ ਤੁਸੀਂ ਉਹ ਗੱਲਾਂ ਕਰੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ। 15 ਮੈਂ ਤੁਹਾਨੂੰ ਹੁਣ ਹੋਰ ਨੌਕਰ ਕਹਿ ਕੇ ਨਹੀਂ ਬੁਲਾਉਂਦਾ ਕਿਉਂਕਿ ਇੱਕ ਦਾਸ ਨਹੀਂ ਜਾਣਦਾ ਕਿ ਉਸਦਾ ਮਾਲਕ ਕੀ ਕਰ ਰਿਹਾ ਹੈ। ਪਰ ਹੁਣ ਮੈਂ ਤੁਹਾਨੂੰ ਆਪਣਾ ਮਿੱਤਰ ਬੁਲਾਵਾਂਗਾ। ਕਿਉਂਕਿ ਜੋ ਕੁਝ ਮੈਂ ਆਪਣੇ ਪਿਤਾ ਕੋਲੋਂ ਸੁਣਿਆ ਹੈ ਤੁਹਾਨੂੰ ਸਭ ਕੁਝ ਦੱਸ ਦਿੱਤਾ ਹੈ।
16 “ਤੁਸੀਂ ਮੈਨੂੰ ਨਹੀਂ ਚੁਣਿਆ, ਪਰ ਮੈਂ ਤੁਹਾਨੂੰ ਚੁਣਿਆ ਹੈ। ਮੈਂ ਤੁਹਾਨੂੰ ਭੇਜਿਆ ਤਾਂ ਕਿ ਤੁਸੀਂ ਜਾਵੋਂ ਅਤੇ ਫਲ ਪੈਦਾ ਕਰ ਸੱਕੋਂ। ਮੇਰੀ ਇੱਛਾ ਇਹ ਹੈ ਕਿ ਤੁਹਾਡਾ ਫ਼ਲ ਹਮੇਸ਼ਾ ਤੁਹਾਡੇ ਜੀਵਨ ਵਿੱਚ ਰਹੇ। ਤਾਂ ਜੋ ਕੁਝ ਵੀ ਤੁਸੀਂ ਮੇਰੇ ਨਾਮ ਵਿੱਚ ਮੰਗੋਂ ਪਿਤਾ ਤੁਹਾਨੂੰ ਦੇ ਸੱਕੇ। 17 ਇੱਕ ਦੂਜੇ ਨਾਲ ਪ੍ਰੇਮ ਕਰੋ, ਇਹੀ ਮੇਰਾ ਤੁਹਾਨੂੰ ਹੁਕਮ ਹੈ।
ਯਿਸੂ ਦਾ ਆਪਣੇ ਚੇਲਿਆਂ ਨੂੰ ਹੁਸ਼ਿਆਰ ਕਰਨਾ
18 “ਜੇਕਰ ਦੁਨੀਆਂ ਤੁਹਾਨੂੰ ਨਫ਼ਰਤ ਕਰਦੀ ਹੈ ਤਾਂ ਤੁਹਾਨੂੰ ਯਾਦ ਰੱਖਣਾ ਚਾਹੀਦਾ ਕਿ ਪਹਿਲਾਂ ਦੁਨੀਆਂ ਨੇ ਮੈਨੂੰ ਵੀ ਨਫ਼ਰਤ ਕੀਤੀ ਸੀ। 19 ਜੇਕਰ ਤੁਸੀਂ ਦੁਨੀਆਂ ਦੇ ਹੁੰਦੇ ਤਾਂ ਦੁਨੀਆਂ ਤੁਹਾਨੂੰ ਆਪਣਿਆਂ ਵਾਂਗ ਪਿਆਰ ਕਰਦੀ। ਪਰ ਤੁਸੀਂ ਦੁਨੀਆਂ ਦੇ ਨਹੀਂ ਹੋ ਕਿਉਂ ਮੈਂ ਤੁਹਾਨੂੰ ਇਸ ਦੁਨੀਆਂ ਵਿੱਚੋਂ ਚੁਣਿਆ ਹੈ ਇਸੇ ਕਾਰਣ ਦੁਨੀਆਂ ਨੇ ਤੁਹਾਨੂੰ ਨਫ਼ਰਤ ਕੀਤੀ।
20 “ਯਾਦ ਕਰੋ ਮੈਂ ਤੁਹਾਨੂੰ ਕੀ ਕਿਹਾ ਸੀ: ਇੱਕ ਦਾਸ ਆਪਣੇ ਮਾਲਕ ਨਾਲੋਂ ਵੱਡਾ ਨਹੀਂ ਹੁੰਦਾ। ਜੇਕਰ ਲੋਕਾਂ ਨੇ ਮੈਨੂੰ ਕਸ਼ਟ ਦਿੱਤੇ ਹਨ, ਤਾਂ ਉਹ ਤੁਹਾਨੂੰ ਵੀ ਤਸੀਹੇ ਦੇਣਗੇ। ਜੇਕਰ ਉਨ੍ਹਾਂ ਨੇ ਮੇਰੇ ਉਪਦੇਸ਼ ਨੂੰ ਮੰਨਿਆ, ਉਹ ਤੁਹਾਡੇ ਉਪਦੇਸ਼ ਦੀ ਵੀ ਪਾਲਣਾ ਕਰਣਗੇ। 21 ਪਰ ਇਹ ਸਭ ਕੁਝ ਮੇਰੇ ਨਾਮ ਦੇ ਕਾਰਣ ਲੋਕ ਤੁਹਾਡੇ ਨਾਲ ਕਰਣਗੇ ਕਿਉਂ ਕਿ ਉਹ ਉਸ ਨੂੰ ਨਹੀਂ ਜਾਣਦੇ ਜਿਸਨੇ ਮੈਨੂੰ ਭੇਜਿਆ ਹੈ। 22 ਜੇਕਰ ਮੈਂ ਨਾ ਆਇਆ ਹੁੰਦਾ ਅਤੇ ਇਸ ਦੁਨੀਆਂ ਦੇ ਲੋਕਾਂ ਨਾਲ ਗੱਲ ਨਾ ਕੀਤੀ ਹੁੰਦੀ, ਤਾਂ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਹੁਣ ਮੈਂ ਉਨ੍ਹਾਂ ਨੂੰ ਕਿਹਾ ਹੈ, ਹੁਣ ਉਨ੍ਹਾਂ ਕੋਲ ਆਪਣੇ ਪਾਪਾਂ ਲਈ ਕੋਈ ਬਹਾਨਾ ਨਹੀ ਹੈ।
23 “ਉਹ ਵਿਅਕਤੀ ਜੋ ਮੈਨੂੰ ਨਫ਼ਰਤ ਕਰਦਾ ਮੇਰੇ ਪਿਤਾ ਨੂੰ ਵੀ ਨਫ਼ਰਤ ਕਰਦਾ ਹੈ। 24 ਉਨ੍ਹਾਂ ਵਿੱਚਕਾਰ, ਮੈਂ ਉਹ ਗੱਲਾਂ ਕੀਤੀਆਂ ਹਨ ਜੋ ਕਿਸੇ ਨੇ ਵੀ ਨਹੀਂ ਕੀਤੀਆਂ। ਜੇਕਰ ਮੈਂ ਉਹ ਗੱਲਾਂ ਨਾ ਕੀਤੀਆਂ ਹੁੰਦੀਆਂ, ਫ਼ੇਰ ਉਹ ਪਾਪਾਂ ਦੇ ਦੋਸ਼ੀ ਨਾ ਹੁੰਦੇ। ਪਰ ਹੁਣ ਉਨ੍ਹਾਂ ਨੇ ਇਹ ਗੱਲਾਂ ਵੇਖੀਆਂ ਹਨ, ਜੋ ਮੈਂ ਕੀਤੀਆਂ ਹਨ। ਪਰ ਹਾਲੇ ਵੀ ਉਹ ਮੈਨੂੰ, ਇੱਥੋਂ ਤੱਕ ਕਿ ਮੇਰੇ ਪਿਤਾ ਨੂੰ ਵੀ, ਨਫ਼ਰਤ ਕਰਦੇ ਹਨ। 25 ਪਰ ਇਹ ਇਸ ਲਈ ਹੋਇਆ ਹੈ ਕਿਉਂ ਕਿ ਜੋ ਭਵਿੱਖਬਾਣੀ ਉਨ੍ਹਾਂ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਸੀ ਪੂਰੀ ਹੋ ਜਾਵੇ। ‘ਉਨ੍ਹਾਂ ਨੇ ਬਿਨਾ ਕਾਰਣ ਮੈਨੂੰ ਨਫ਼ਰਤ ਕੀਤੀ।’ [a]
26 “ਮੈਂ ਤੁਹਾਨੂੰ ਪਿਤਾ ਵੱਲੋਂ ਸਹਾਇਕ ਭੇਜਾਂਗਾ। ਉਹ ਸਹਾਇਕ ਸੱਚ ਦਾ ਆਤਮਾ ਹੈ ਜੋ ਪਿਤਾ ਤੋਂ ਆਉਂਦਾ ਹੈ। ਜਦੋਂ ਉਹ ਆਵੇਗਾ ਤਾਂ ਉਹ ਮੇਰੇ ਪੱਖ ਵਿੱਚ ਗਵਾਹੀ ਦੇਵੇਗਾ। 27 ਅਤੇ ਤੁਸੀਂ ਵੀ ਲੋਕਾਂ ਨੂੰ ਮੇਰੇ ਬਾਰੇ ਗਵਾਹੀ ਦਿਉਂਗੇ ਕਿਉਂਕਿ ਤੁਸੀਂ ਮੁਢ ਤੋਂ ਮੇਰੇ ਨਾਲ ਸੀ।
2010 by World Bible Translation Center