Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਇਤਹਾਸ 21-22

21 ਤਦ ਯਹੋਸ਼ਾਫ਼ਾਟ ਦੀ ਮੌਤ ਹੋ ਗਈ ਅਤੇ ਉਹ ਆਪਣੇ ਪੁਰਖਿਆਂ ਦੇ ਕੋਲ ਹੀ ਦਫ਼ਨਾਇਆ ਗਿਆ। ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ ਗਿਆ ਤੇ ਉਸਦੀ ਥਾਵੇਂ ਉਸਦਾ ਪੁੱਤਰ ਯਹੋਰਾਮ ਰਾਜ ਕਰਨ ਲੱਗਾ। ਯਹੋਸ਼ਾਫ਼ਾਟ ਦੇ ਪੁੱਤਰ ਅਜ਼ਰਯਾਹ, ਯਹੀਏਲ, ਜ਼ਕਰਯਾਹ, ਅਜ਼ਰਯਾਹ, ਮੀਕਾਏਲ ਅਤੇ ਸਫ਼ਟਯਾਹ ਸਨ। ਇਹ ਸਾਰੇ ਇਸਰਾਏਲ ਦੇ ਪਾਤਸ਼ਾਹ ਯਹੋਸ਼ਾਫ਼ਾਟ ਦੇ ਪੁੱਤਰ ਅਤੇ ਯਹੋਰਾਮ ਦੇ ਭਰਾ ਸਨ। ਯਹੋਸ਼ਾਫ਼ਾਟ ਨੇ ਆਪਣੇ ਪੁੱਤਰਾਂ ਨੂੰ ਸੋਨਾ-ਚਾਂਦੀ, ਬਹੁ-ਮੁੱਲੀਆਂ ਵਸਤਾਂ ਦੇ ਵੱਡੇ ਇਨਾਮ ਅਤੇ ਯਹੂਦਾਹ ਦੇ ਗੜ੍ਹ ਵਾਲੇ ਸ਼ਹਿਰ ਦਿੱਤੇ ਪਰ ਰਾਜ ਯਹੋਰਾਮ ਨੂੰ ਦਿੱਤਾ। ਕਿਉਂ ਕਿ ਯਹੋਰਾਮ ਉਸਦਾ ਸਭ ਤੋਂ ਵੱਡਾ ਪੁੱਤਰ ਸੀ।

ਯਹੂਦਾਹ ਦਾ ਪਾਤਸ਼ਾਹ ਯਹੋਰਾਮ

ਯਹੋਰਾਮ ਨੇ ਆਪਣੇ ਪਿਤਾ ਦਾ ਰਾਜ ਸੰਭਾਲ ਕੇ ਆਪਣੇ-ਆਪ ਨੂੰ ਮਜ਼ਬੂਤ ਕੀਤਾ। ਫ਼ਿਰ ਉਸ ਨੇ ਆਪਣੇ ਸਾਰੇ ਭਰਾਵਾਂ ਨੂੰ ਤਲਵਾਰ ਨਾਲ ਵੱਢ ਸੁੱਟਿਆ। ਇਹੀ ਨਹੀਂ ਉਸ ਨੇ ਇਸਰਾਏਲ ਦੇ ਕਈ ਆਗੂਆਂ ਨੂੰ ਵੀ ਵੱਢ ਸੁੱਟਿਆ। ਜਦੋਂ ਯਹੋਰਾਮ ਰਾਜ ਕਰਨ ਲੱਗਾ ਉਹ 32 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਅੱਠ ਸਾਲ ਰਾਜ ਕੀਤਾ। ਯਹੋਰਾਮ ਅਹਾਬ ਦੇ ਘਰਾਣੇ ਵਾਂਗ ਇਸਰਾਏਲ ਦੇ ਪਾਤਸ਼ਾਹ ਦੇ ਰਾਹਾਂ ਉੱਪਰ ਹੀ ਤੁਰਿਆ ਕਿਉਂ ਕਿ ਉਹ ਅਹਾਬ ਦੀ ਧੀ ਨਾਲ ਵਿਆਹਿਆ ਸੀ ਅਤੇ ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਬਦ ਸੀ। ਪਰ ਯਹੋਵਾਹ ਦਾਊਦ ਦੇ ਘਰਾਣੇ ਨੂੰ ਨਸ਼ਟ ਨਹੀਂ ਕਰੇਗਾ। ਕਿਉਂ ਕਿ ਉਸ ਨੇ ਦਾਊਦ ਨਾਲ ਇਕਰਾਰਨਾਮਾ ਕੀਤਾ ਸੀ ਕਿ ਹਮੇਸ਼ਾ ਉਸ ਦੇ ਪਰਿਵਾਰ ਵਿੱਚੋਂ ਇੱਕ ਆਦਮੀ ਪਾਤਸ਼ਾਹ ਬਣੇਗਾ।

ਯਹੋਰਾਮ ਦੇ ਸਮੇਂ ਅਦੋਮੀ ਯਹੂਦਾਹ ਦੇ ਰਾਜ ਤੋਂ ਆਕੀ ਹੋ ਗਏ ਅਤੇ ਉਨ੍ਹਾਂ ਆਪਣਾ ਇੱਕ ਹੋਰ ਪਾਤਸ਼ਾਹ ਆਪੇ ਠਹਿਰਾ ਲਿਆ। ਤਦ ਯਹੋਰਾਮ ਆਪਣੇ ਸਰਦਾਰਾਂ ਅਤੇ ਸਾਰੇ ਰਥਾਂ ਨੂੰ ਲੈ ਕੇ ਬਾਹਰ ਨਿਕਲਿਆ ਅਤੇ ਰਾਤ ਨੂੰ ਉੱਠ ਕੇ ਉਨ੍ਹਾਂ ਅਦੋਮੀਆਂ ਨੂੰ, ਜਿਨ੍ਹਾਂ ਨੇ ਉਸ ਨੂੰ ਉਸ ਦੇ ਰਥਾਂ ਨੂੰ ਅਤੇ ਸਰਦਾਰਾਂ ਨੂੰ ਘੇਰ ਲਿਆ ਸੀ, ਮਾਰ ਦਿੱਤਾ। 10 ਉਸ ਸਮੇਂ ਤੋਂ ਹੁਣ ਤੀਕ, ਅਦੋਮ ਯਹੂਦਾਹ ਦੇ ਵਿਰੁੱਧ, ਵਿਦ੍ਰੋਹੀ ਹੈ। ਲਿਬਨਾਹ ਨਗਰ ਦੇ ਲੋਕਾਂ ਨੇ ਵੀ ਯਹੋਰਾਮ ਦੇ ਵਿਰੁੱਧ ਬਗਾਵਤ ਕਰ ਦਿੱਤੀ। ਇਹ ਇਸ ਲਈ ਵਾਪਰਿਆ ਕਿਉਂ ਕਿ ਯਹੋਰਾਮ ਨੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਨੂੰ ਛੱਡ ਦਿੱਤਾ ਸੀ। 11 ਯਹੋਰਾਮ ਨੇ ਯਹੂਦਾਹ ਦੇ ਪਰਬਤਾਂ ਉੱਪਰ ਉੱਚੇ ਅਸਥਾਨ ਬਣਾਏ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਅਤੇ ਯਹੂਦਾਹ ਦੇ ਲੋਕਾਂ ਨੂੰ ਯਹੋਵਾਹ ਦੇ ਰਾਹ ਤੋਂ ਗੁਮਰਾਹ ਕੀਤਾ।

12 ਯਹੋਰਾਮ ਨੂੰ ਏਲੀਯਾਹ ਨਬੀ ਵੱਲੋਂ ਇੱਕ ਸੰਦੇਸ਼ ਆਇਆ ਕਿ,

“ਯਹੋਵਾਹ ਪਰਮੇਸ਼ੁਰ ਤੇਰੇ ਬਾਰੇ ਇਉਂ ਫ਼ਰਮਾਉਂਦਾ ਹੈ: ਉਹ ਯਹੋਵਾਹ ਜਿਸ ਨੂੰ ਤੇਰੇ ਪੁਰਖੇ ਦਾਊਦ ਨੇ ਮੰਨਿਆ, ਤਾਂ ਯਹੋਰਾਮ ਨਾ ਤਾਂ ਤੂੰ ਉਸ ਯਹੋਵਾਹ ਨੂੰ ਜਿਵੇਂ ਤੇਰੇ ਪਿਤਾ ਯਹੋਸ਼ਾਫ਼ਾਟ ਨੇ ਮੰਨਿਆ ਸੀ ਤੂੰ ਅਮਲ ਕੀਤਾ ਤੇ ਨਾ ਹੀ ਤੂੰ ਆਪਣੇ ਯਹੂਦਾਹ ਦੇ ਪਾਤਸ਼ਾਹ ਆਸਾ ਦੇ ਰਾਹ ਉੱਪਰ ਤੁਰਿਆ। 13 ਸਗੋਂ ਤੂੰ ਇਸਰਾਏਲ ਦੇ ਪਾਤਸ਼ਾਹਾਂ ਦੇ ਜੀਵਨ ਰਾਹ ਉੱਪਰ ਤੁਰਿਆ ਅਤੇ ਯਹੂਦਾਹ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਵਿਭਚਾਰੀ ਬਣਾਇਆ ਜਿਵੇਂ ਕਿ ਅਹਾਬ ਦੇ ਘਰਾਣੇ ਨੇ ਕੀਤਾ ਸੀ। ਤੇਰੇ ਭਰਾ ਤੇਰੇ ਕੋਲੋਂ ਚੰਗੇ ਸਨ ਤੇ ਤੂੰ ਉਨ੍ਹਾਂ ਨੂੰ ਵੀ ਵੱਢ ਸੁੱਟਿਆ। 14 ਇਸ ਲਈ ਹੁਣ ਇਸ ਤੋਂ ਵੱਡੀ ਸਜ਼ਾ ਯਹੋਵਾਹ ਤੇਰੇ ਲੋਕਾਂ ਨੂੰ ਦੇਵੇਗਾ। ਸੋ ਵੇਖ, ਯਹੋਵਾਹ ਤੇਰੇ ਲੋਕਾਂ ਨੂੰ, ਤੇਰੇ ਪੁੱਤਰਾਂ ਨੂੰ ਅਤੇ ਤੇਰੀਆਂ ਰਾਣੀਆਂ ਨੂੰ ਵੱਡੀ ਬਿਮਾਰੀ ਨਾਲ ਮਾਰੇਗਾ। ਅਤੇ ਸਾਰੀ ਸੰਪਤੀ ਦਾ ਨਾਸ ਕਰੇਗਾ। 15 ਤੂੰ ਆਂਤੜੀਆਂ ਦੇ ਰੋਗ ਨਾਲ ਸਖਤ ਬੀਮਾਰ ਹੋ ਜਾਵੇਂਗਾ, ਇੱਥੋਂ ਤੀਕ ਕਿ ਤੇਰੀਆਂ ਆਂਤੜੀਆਂ ਹਰ ਰੋਜ਼ ਬੀਮਾਰੀ ਕਾਰਣ ਤੇਰੇ ਸ਼ਰੀਰ ਚੋ ਬਾਹਰ ਨਿਕਲਦੀਆਂ ਜਾਣਗੀਆਂ।”

16 ਯਹੋਰਾਮ ਦੇ ਵਿਰੁੱਧ ਯਹੋਵਾਹ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਕੂਸ਼ੀਆਂ ਦੇ ਵੱਲ ਰਹਿੰਦੇ ਸਨ ਕ੍ਰੋਧਿਤ ਕੀਤਾ। 17 ਉਨ੍ਹਾਂ ਲੋਕਾਂ ਨੇ ਯਹੂਦਾਹ ਉੱਪਰ ਹਮਲਾ ਕੀਤਾ ਅਤੇ ਉਹ ਸਾਰਾ ਯਹੋਰਾਮ ਦਾ ਖਜ਼ਾਨਾ, ਧਨ ਦੌਲਤ ਲੁੱਟ ਕੇ ਲੈ ਗਏ। ਉਹ ਯਹੋਰਾਮ ਦੇ ਮਹਿਲ ਦਾ ਸਾਰਾ ਮਾਲ, ਪਤਨੀਆਂ ਅਤੇ ਬੱਚੇ ਸਭ ਲੁੱਟ ਕੇ ਲੈ ਗਏ। ਸਿਰਫ਼ ਯਹੋਰਾਮ ਦਾ ਸਭ ਤੋਂ ਛੋਟਾ ਲੜਕਾ ਬਚ ਗਿਆ। ਉਸ ਦੇ ਸਭ ਤੋਂ ਛੋਟੇ ਪੁੱਤਰ ਦਾ ਨਾਂ ਯਹੋਆਹਾਜ਼ ਸੀ।

18 ਇਸ ਉਪਰੰਤ ਯਹੋਵਾਹ ਨੇ ਯਹੋਰਾਮ ਨੂੰ ਆਂਤੜੀਆਂ ਦੇ ਰੋਗ ਨਾਲ ਅਜਿਹਾ ਪੀੜਿਤ ਕੀਤਾ ਕਿ ਉਹ ਮੁੜ ਕਦੇ ਵੀ ਰਾਜੀ ਨਾ ਹੋ ਸੱਕਿਆ। 19 ਇਉਂ 2 ਸਾਲਾਂ ਵਿੱਚ ਹੀ ਬਿਮਾਰੀ ਨਾਲ ਉਸ ਦੀਆਂ ਆਂਦਰਾਂ ਬਾਹਰ ਨਿਕਲ ਆਈਆਂ ਅਤੇ ਉਹ ਬੜਾ ਕਰਾਹ-ਕਰਾਹ ਕੇ ਮਰਿਆ ਅਤੇ ਲੋਕਾਂ ਨੇ ਉਸ ਦੇ ਮਰਨ ਤੇ ਅੱਗ ਨਾ ਬਾਲੀ ਜਿਵੇਂ ਕਿ ਉਹ ਉਸ ਦੇ ਵੱਡੇਰਿਆਂ ਦੇ ਮਰਨ ਤੇ ਬਾਲਦੇ ਸਨ। 20 ਯਹੋਰਾਮ ਜਦੋਂ ਸਿੰਘਾਸਣ ਤੇ ਬੈਠਾ ਤਾਂ ਉਹ 32 ਵਰ੍ਹਿਆਂ ਦਾ ਸੀ। ਉਸ ਨੇ 8 ਵਰ੍ਹੇ ਪਾਤਸ਼ਾਹੀ ਕੀਤੀ ਪਰ ਜਦੋਂ ਉਹ ਮਰਿਆ ਤਾਂ ਕੋਈ ਵੀ ਮਨੁੱਖ ਦੁੱਖੀ ਜਾਂ ਉਦਾਸ ਨਹੀਂ ਹੋਇਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ’ਚ ਦਫ਼ਨਾਇਆ ਪਰ ਉਨ੍ਹਾਂ ਨੇ ਉਸ ਨੂੰ ਵੈਸੀਆਂ ਕਬਰਾਂ ਵਿੱਚ ਨਾ ਦਫ਼ਨਾਇਆ ਜੈਸੀਆਂ ਪਾਤਸ਼ਾਹਾਂ ਦੀਆਂ ਹੁੰਦੀਆਂ ਹਨ।

ਯਹੂਦਾਹ ਦਾ ਪਾਤਸ਼ਾਹ ਅਹਜ਼ਯਾਹ

22 ਯਰੂਸ਼ਲਮ ਦੇ ਲੋਕਾਂ ਨੇ ਯਹੋਰਾਮ ਤੋਂ ਬਾਅਦ ਅਹਜ਼ਯਾਹ ਨੂੰ ਨਵਾਂ ਪਾਤਸ਼ਾਹ ਚੁਣਿਆ। ਉਹ ਯਹੋਰਾਮ ਦਾ ਸਭ ਤੋਂ ਛੋਟਾ ਪੁੱਤਰ ਸੀ। ਉਹ ਲੋਕ ਜੋ ਅਰਬੀ ਲੋਕਾਂ ਨਾਲ ਯਹੋਰਾਮ ਦੀ ਛਾਉਣੀ ਵਿੱਚ ਹਮਲਾ ਕਰਨ ਆਏ ਸਨ ਉਨ੍ਹਾਂ ਨੇ ਯਹੋਰਾਮ ਦੇ ਸਾਰੇ ਵੱਡੇ ਪੁੱਤਰਾਂ ਨੂੰ ਵੱਢ ਸੁੱਟਿਆ ਸੀ। ਸਿਰਫ਼ ਅਹਜ਼ਯਾਹ ਬੱਚਿਆਂ ਸੀ ਤਾਂ ਫ਼ਿਰ ਉਸ ਨੇ ਯਹੂਦਾਹ ਵਿੱਚ ਰਾਜ ਕਰਨਾ ਸ਼ੁਰੂ ਕਰ ਦਿੱਤਾ। ਅਹਜ਼ਯਾਹ ਨੇ ਜਦੋਂ ਰਾਜ ਕਰਨਾ ਸ਼ੁਰੂ ਕੀਤਾ ਉਹ 22 ਵਰ੍ਹਿਆਂ ਦਾ ਸੀ। ਉਸ ਨੇ ਯਰੂਸ਼ਲਮ ਵਿੱਚ ਇੱਕ ਵਰ੍ਹਾ ਰਾਜ ਕੀਤਾ। ਉਸਦੀ ਮਾਤਾ ਦਾ ਨਾਉਂ ਅਥਲਯਾਹ ਸੀ ਜੋ ਆਮਰੀ ਦੀ ਧੀ ਸੀ। ਅਹਜ਼ਆਹ ਵੀ ਅਹਾਬ ਦੇ ਘਰਾਣੇ ਦੇ ਰਾਹਾਂ ਤੇ ਹੀ ਤੁਰਿਆ। ਉਹ ਆਪਣੀ ਮਾਂ ਦੀ ਸ਼ੈਹ ਤੇ ਇਨ੍ਹਾਂ ਰਾਹਾਂ ਤੇ ਤੁਰਿਆ। ਅਹਜ਼ਆਹ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜੇ ਸਨ। ਜਿਵੇਂ ਅਹਾਬ ਦੇ ਘਰਾਣੇ ਨੇ ਮਾੜੇ ਕੰਮ ਕੀਤੇ ਉਵੇਂ ਹੀ ਉਸ ਨੇ ਵੀ ਕੀਤੇ ਕਿਉਂ ਕਿ ਅਹਜ਼ਯਾਹ ਦੇ ਪਿਤਾ ਦੇ ਮਰਨ ਉਪਰੰਤ ਅਹਾਬ ਦੇ ਘਰਾਣੇ ਨੇ ਹੀ ਉਨ੍ਹਾਂ ਨੂੰ ਸਲਾਹ ਮਸ਼ਵਰਾਂ ਦਿੱਤਾ। ਤਾਂ ਉਨ੍ਹਾਂ ਨੇ ਅਹਜਯਾਹ ਨੂੰ ਬੁਰੀ ਸਲਾਹ ਦਿੱਤੀ ਜਿਹੜੀ ਕਿ ਉਸਦੀ ਮੌਤ ਦਾ ਕਾਰਣ ਬਣੀ। ਅਹਜ਼ਆਹ ਅਹਾਬ ਦੇ ਪਰਿਵਾਰ ਦੀ ਸਲਾਹ ਉੱਪਰ ਚੱਲਿਆ। ਉਸ ਨੇ ਇਸਰਾਏਲ ਦੇ ਪਾਤਸ਼ਾਹ ਅਹਾਬ ਦੇ ਪੁੱਤਰ ਯਹੋਰਾਮ ਸਮੇਤ ਅਰਾਮ ਦੇ ਪਾਤਸ਼ਾਹ ਹਜ਼ਾਏਲ ਨਾਲ ਰਾਮੋਥ-ਗਿਲਆਦ ਵਿੱਚ ਲੜਨ ਲਈ ਗਿਆ ਅਤੇ ਅਰਾਮੀਆਂ ਨੇ ਯੋਰਾਮ ਨੂੰ ਲੜਾਈ ਵਿੱਚ ਜ਼ਖਮੀ ਕੀਤਾ। ਯੋਰਾਮ ਆਪਣੇ ਇਲਾਜ ਲਈ ਯਿਜ਼ਰਾਏਲ ਨੂੰ ਗਿਆ। ਕਿਉਂ ਕਿ ਉਹ ਰਾਮਾਹ ਵਿੱਚ ਅਰਾਮ ਦੇ ਪਾਤਸ਼ਾਹ ਹਜ਼ਾਏਲ ਦੇ ਵਿਰੁੱਧ ਲੜਦੇ ਸਮੇਂ ਜ਼ਖਮੀ ਹੋ ਗਿਆ ਸੀ। ਯਹੂਦਾਹ ਦਾ ਪਾਤਸ਼ਾਹ ਯਹੋਰਾਮ ਦਾ ਪੁੱਤਰ ਅਹਜ਼ਯਾਹ, ਅਹਾਬ ਦੇ ਪੁੱਤਰ ਯੋਰਾਮ ਨੂੰ ਯਿਜ਼ਰਏਲ ਵਿੱਚ ਵੇਖਣ ਲਈ ਗਿਆ ਕਿਉਂ ਕਿ ਉਹ ਜ਼ਖਮੀ ਸੀ।

ਪਰਮੇਸ਼ੁਰ ਨੇ ਅਹਜਯਾਹ ਨੂੰ ਮਾਰ ਦਿੱਤਾ ਜਦੋਂ ਉਹ ਯਹੋਰਾਮ ਨੂੰ ਉਸ ਦੇ ਘਰ ਮਿਲਣ ਲਈ ਗਿਆ। ਜਦੋਂ ਅਹਜਯਾਹ ਆਇਆ, ਉਹ ਯੋਰਾਮ ਨਾਲ ਨਿਮਸ਼ੀ ਦੇ ਪੁੱਤਰ ਯੇਹੂ ਕੋਲ ਗਿਆ, ਜਿਸ ਨੂੰ ਯਹੋਵਾਹ ਨੇ ਆਹਾਬ ਦੇ ਪਰਿਵਾਰ ਨੂੰ ਤਬਾਹ ਕਰਨ ਲਈ ਭੇਜਿਆ ਸੀ। ਜਦੋਂ ਯੇਹੂ ਅਹਾਬ ਦੇ ਘਰਾਣੇ ਨੂੰ ਦੰਡ ਦੇ ਰਿਹਾ ਸੀ ਤਾਂ ਯੇਹੂ ਨੇ ਯਹੂਦਾਹ ਦੇ ਸਰਦਾਰਾਂ ਅਤੇ ਅਹਜ਼ਯਾਹ ਦੇ ਭਰਾਵਾਂ ਦੇ ਪੁੱਤਰਾਂ ਨੂੰ ਅਹਜ਼ਯਾਹ ਦੀ ਸੇਵਾ ਕਰਦਿਆਂ ਵੇਖਿਆ ਤਾਂ ਯੇਹੂ ਨੇ ਉਨ੍ਹਾਂ ਨੂੰ ਕਤਲ ਕਰ ਸੁੱਟਿਆ। ਤਦ ਉਹ ਅਹਜ਼ਯਾਹ ਨੂੰ ਲੱਭਣ ਲੱਗਾ। ਉਸ ਦੇ ਆਦਮੀਆਂ ਨੇ ਉਸ ਨੂੰ ਸਾਮਰਿਯਾ ਸ਼ਹਿਰ ਵਿੱਚ ਲੁਕੇ ਹੋਏ ਨੂੰ ਲੱਭ ਲਿਆ। ਅਤੇ ਉਸ ਨੂੰ ਫ਼ੜ ਕੇ ਯੇਹੂ ਕੋਲ ਲੈ ਆਏ। ਉਨ੍ਹਾਂ ਨੇ ਅਹਜ਼ਯਾਹ ਨੂੰ ਵੱਢ ਕੇ ਤੇ ਦਫ਼ਨਾਅ ਦਿੱਤਾ। ਉਨ੍ਹਾਂ ਕਿਹਾ, “ਇਹ ਯਹੋਸ਼ਾਫ਼ਾਟ ਦਾ ਉੱਤਰਾਧਿਕਾਰੀ ਹੈ। ਯਹੋਸ਼ਫ਼ਾਟ ਪੂਰੇ ਦਿਲ ਨਾਲ ਯਹੋਵਾਹ ਦਾ ਚਾਹਵੰਦ ਰਿਹਾ ਹੈ।” ਅਹਜ਼ਯਾਹ ਦੇ ਪਰਿਵਾਰ ਕੋਲ ਯਹੂਦਾਹ ਦੇ ਰਾਜ ਨੂੰ ਮੁੜ ਸੰਭਾਲਣ ਦੀ ਸ਼ਕਤੀ ਨਾ ਰਹੀ।

ਅਥਲਯਾਹ ਰਾਣੀ

10 ਅਥਲਯਾਹ ਅਹਜ਼ਆਹ ਦੀ ਮਾਂ ਸੀ। ਜਦੋਂ ਉਸ ਨੇ ਆਪਣੇ ਪੁੱਤਰ ਨੂੰ ਮਰਿਆਂ ਵੇਖਿਆ ਤਾਂ ਉਸ ਨੇ ਯਹੂਦਾਹ ਘਰਾਣੇ ਦੇ ਸਾਰੇ ਵੰਸ਼ ਨੂੰ ਖਤਮ ਕਰ ਦਿੱਤਾ। 11 ਪਰ ਪਾਤਸ਼ਾਹ ਦੀ ਧੀ ਯਹੋਸ਼ਬਥ, ਅਹਜ਼ਯਾਹ ਦੇ ਪੁੱਤਰ ਯੋਆਸ਼ ਨੂੰ ਪਾਤਸ਼ਾਹ ਦੇ ਪੁੱਤਰਾਂ ਵਿੱਚੋਂ ਜੋ ਮਾਰੇ ਜਾ ਰਹੇ ਸਨ, ਚੋਰੀ ਲੈ ਗਈ ਅਤੇ ਉਸ ਨੇ ਯੋਆਸ਼ ਨੂੰ ਅਤੇ ਦਾਈ ਨੂੰ ਸੌਣ ਵਾਲੇ ਕਮਰੇ ਵਿੱਚ ਛੁਪਾ ਦਿੱਤਾ। ਸੋ ਯਹੋਰਾਮ ਪਾਤਸ਼ਾਹ ਦੀ ਧੀ ਯਹੋਯਾਦਾ ਜਾਜਕ ਦੀ ਔਰਤ ਯਹੋਸ਼ਬਥ ਨੇ ਜੋ ਅਹਜ਼ਯਾਹ ਦੀ ਭੈਣ ਸੀ ਉਸ ਨੂੰ ਅਥਲਯਾਹ ਤੋਂ ਅਜਿਹਾ ਲੁਕਾਇਆ ਕਿ ਉਹ ਉਸ ਨੂੰ ਕਤਲ ਨਾ ਕਰ ਸੱਕੀ। 12 ਯੋਆਸ਼ ਜਾਜਕਾਂ ਕੋਲ ਯਹੋਵਾਹ ਦੇ ਮੰਦਰ ਵਿੱਚ 6 ਸਾਲਾਂ ਸਮਾਂ ਤੀਕ ਲੁਕਿਆ ਰਿਹਾ ਕਿਉਂ ਕਿ ਉਸ ਵਕਤ ਤੀਕ ਉੱਥੇ ਅਥਲਯਾਹ ਦੇਸ ਉੱਪਰ ਰਾਜ ਕਰ ਰਹੀ ਸੀ।

ਯੂਹੰਨਾ 14

ਯਿਸੂ ਦਾ ਆਪਣੇ ਚੇਲਿਆਂ ਨੂੰ ਦਿਲਾਸਾ ਦੇਣਾ

14 ਯਿਸੂ ਨੇ ਆਖਿਆ, “ਤੁਹਾਡਾ ਦਿਲ ਨਾਂ ਘਬਰਾਏ, ਪਰਮੇਸ਼ੁਰ ਵਿੱਚ ਭਰੋਸਾ ਕਰੋ ਅਤੇ ਮੇਰੇ ਵਿੱਚ ਭਰੋਸਾ ਕਰੋ। ਮੇਰੇ ਪਿਤਾ ਦੇ ਘਰ ਵਿੱਚ ਬਹੁਤ ਕਮਰੇ ਹਨ। ਜੇਕਰ ਇਹ ਸੱਚ ਨਾ ਹੁੰਦਾ ਤਾਂ ਮੈਂ ਤੁਹਾਨੂੰ ਨਾ ਕਿਹਾ ਹੁੰਦਾ। ਮੈਂ ਉੱਥੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਲਈ ਜਾ ਰਿਹਾ ਹਾਂ। ਉੱਥੇ ਜਾਣ ਅਤੇ ਤੁਹਾਡੇ ਲਈ ਜਗ੍ਹਾ ਤਿਆਰ ਕਰਨ ਤੋਂ ਬਾਦ, ਮੈਂ ਵਾਪਿਸ ਆਵਾਂਗਾ ਅਤੇ ਤੁਹਾਨੂੰ ਆਪਣੇ ਨਾਲ ਰਹਿਣ ਲਈ ਲੈ ਜਾਵਾਂਗਾ। ਜਿੱਥੇ ਮੈਂ ਜਾ ਰਿਹਾ ਹਾਂ ਤੁਸੀਂ ਉੱਥੋਂ ਦਾ ਰਾਹ ਜਾਣਦੇ ਹੋ।”

ਥੋਮਾ ਨੇ ਉਸ ਨੂੰ ਕਿਹਾ, “ਪ੍ਰਭੂ ਜੀ ਜੇ ਸਾਨੂੰ ਇਹ ਪਤਾ ਨਹੀਂ ਕਿ ਤੂੰ ਕਿੱਥੇ ਜਾ ਰਿਹਾ ਹੈ, ਫਿਰ ਅਸੀਂ ਰਸਤਾ ਕਿੱਥੋਂ ਜਾਣ ਸੱਕਦੇ ਹਾਂ?”

ਯਿਸੂ ਨੇ ਆਖਿਆ, “ਮੈਂ ਹੀ ਰਸਤਾ, ਸੱਚ ਅਤੇ ਜੀਵਨ ਹਾਂ। ਮੇਰੇ ਰਾਹੀਂ ਆਉਣ ਤੋਂ ਬਿਨਾ ਕੋਈ ਪਿਤਾ ਕੋਲ ਨਹੀਂ ਆ ਸੱਕਦਾ। ਜੇਕਰ ਤੁਸੀਂ ਮੈਨੂੰ ਜਾਣਦੇ ਹੁੰਦੇ ਤਾਂ ਤੁਸੀਂ ਪਿਤਾ ਨੂੰ ਵੀ ਜਾਣਦੇ ਹੁੰਦੇ। ਪਰ ਹੁਣ ਤੋਂ ਤੁਸੀਂ ਪਿਤਾ ਨੂੰ ਜਾਣਦੇ ਹੋ, ਤੁਸੀਂ ਉਸ ਨੂੰ ਵੇਖਿਆ ਹੈ।”

ਫਿਲਿਪੁੱਸ ਨੇ ਯਿਸੂ ਨੂੰ ਆਖਿਆ, “ਹੇ ਪ੍ਰਭੂ! ਸਾਨੂੰ ਪਿਤਾ ਦੇ ਦਰਸ਼ਣ ਕਰਾ ਅਤੇ ਸਾਡੇ ਲਈ ਇਹੀ ਕਾਫ਼ੀ ਹੈ।”

ਯਿਸੂ ਨੇ ਆਖਿਆ, “ਫਿਲਿਪੁੱਸ ਮੈਂ ਲੰਬੇ ਸਮੇਂ ਲਈ ਤੇਰੇ ਨਾਲ ਸੀ। ਪਰ ਹਾਲੇ ਵੀ ਤੂੰ ਮੈਨੂੰ ਨਹੀਂ ਜਾਣਦਾ? ਜਿਸ ਮਨੁੱਖ ਨੇ ਮੈਨੂੰ ਵੇਖਿਆ ਹੈ ਪਿਤਾ ਨੂੰ ਵੀ ਵੇਖਿਆ ਹੈ। ਫਿਰ ਤੂੰ ਇਹ ਕਹਿੰਨਾ, ‘ਸਾਨੂੰ ਪਿਤਾ ਦੇ ਦਰਸ਼ਨ ਕਰਵਾ?’ 10 ਕੀ ਤੂੰ ਵਿਸ਼ਵਾਸ ਨਹੀਂ ਕਰਦਾ ਕਿ ਪਿਤਾ ਮੇਰੇ ਵਿੱਚ ਹੈ ਅਤੇ ਮੈਂ ਪਿਤਾ ਵਿੱਚ? ਜਿਹੜੀਆਂ ਗੱਲਾਂ ਮੈਂ ਤੈਨੂੰ ਦੱਸ ਰਿਹਾ ਹਾਂ ਮੇਰੇ ਵੱਲੋਂ ਨਹੀਂ ਆ ਰਹੀਆਂ। ਪਿਤਾ ਜੋ ਮੇਰੇ ਅੰਦਰ ਨਿਵਾਸ ਕਰਦਾ ਆਪਣੇ ਕੰਮ ਕਰ ਰਿਹਾ ਹੈ। 11 ਜਦੋਂ ਮੈਂ ਇਹ ਆਖਦਾ ਹਾਂ ਕਿ ਪਿਤਾ ਮੇਰੇ ਵਿੱਚ ਹੈ ਜਾਂ ਮੈਂ ਪਿਤਾ ਵਿੱਚ ਹਾਂ, ਨਹੀਂ ਤਾਂ ਮੇਰੀਆਂ ਕਰਾਮਾਤਾਂ ਕਾਰਣ ਮੇਰੇ ਵਿੱਚ ਵਿਸ਼ਵਾਸ ਕਰ।

12 “ਮੈਂ ਤੈਨੂੰ ਸੱਚ ਆਖਦਾ ਹਾਂ ਕਿ ਜਿਹੜਾ ਮੇਰੇ ਵਿੱਚ ਨਿਹਚਾ ਰੱਖੇਗਾ ਉਹ ਵੀ ਮੇਰੇ ਜਿਹੇ ਕੰਮ ਕਰੇਗਾ। ਸਿਰਫ ਇਹੀ ਨਹੀਂ, ਉਹ ਇਨ੍ਹਾਂ ਕੰਮਾਂ ਤੋਂ ਵੀ ਵੱਧ ਮਹਾਨ ਕੰਮ ਕਰੇਗਾ, ਕਿਉਂ ਕਿ ਮੈਂ ਵਾਪਸ ਪਿਤਾ ਕੋਲ ਜਾ ਰਿਹਾ ਹਾਂ। 13 ਜੇਕਰ ਤੁਸੀਂ ਮੇਰੇ ਨਾਂ ਤੇ ਕੁਝ ਮੰਗੋਗੇ, ਤਾਂ ਮੈਂ ਦੇਵਾਂਗਾ। ਫਿਰ ਪੁੱਤਰ ਰਾਹੀਂ ਪਿਤਾ ਦੀ ਮਹਿਮਾ ਹੋਵੇਗੀ। 14 ਜੇਕਰ ਤੁਸੀਂ ਮੇਰੇ ਨਾਂ ਉੱਤੇ ਕੁਝ ਮੰਗੋਗੇ ਮੈਂ ਉਹੀ ਦੇਵਾਂਗਾ।

ਪਵਿੱਤਰ ਆਤਮਾ ਦਾ ਵਚਨ

15 “ਜੇਕਰ ਤੁਸੀਂ ਮੈਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਮੇਰੇ ਹੁਕਮਾਂ ਦੀ ਪਾਲਨਾ ਕਰੋਗੇ। 16 ਅਤੇ ਮੈਂ ਪਿਤਾ ਕੋਲੋਂ ਮੰਗਾਂਗਾ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੋਣ ਵਾਸਤੇ ਦੂਸਰਾ ਸਹਾਇਕ ਦੇਵੇਗਾ। 17 ਸਹਾਇਕ ਸੱਚ ਦਾ ਆਤਮਾ ਹੈ। ਇਹ ਦੁਨੀਆਂ ਉਸ ਨੂੰ ਪ੍ਰਾਪਤ ਨਹੀਂ ਕਰ ਸੱਕਦੀ। ਕਿਉਂ ਕਿ ਜਗਤ ਨੇ ਨਾ ਉਸ ਨੂੰ ਵੇਖਿਆ ਹੈ ਤੇ ਨਾ ਹੀ ਉਸ ਨੂੰ ਜਾਣਦਾ ਹੈ। ਪਰ ਤੂੰ ਉਸ ਨੂੰ ਜਾਣਦਾ ਹੈ ਉਹ ਤੇਰੇ ਨਾਲ ਰਹਿੰਦਾ ਹੈ ਅਤੇ ਉਹ ਤੇਰੇ ਅੰਦਰ ਹੋਵੇਗਾ।

18 “ਮੈਂ ਤੂਹਾਨੂੰ ਅਨਾਥ ਬਾਲਕਾਂ ਵਾਂਗ ਇੱਕਲਾ ਛੱਡ ਕੇ ਨਹੀਂ ਜਾਵਾਂਗਾ। ਮੈਂ ਵਾਪਸ ਤੁਹਾਡੇ ਕੋਲ ਮੁੜਾਂਗਾ। 19 ਬਹੁਤ ਹੀ ਜਲਦੀ ਇਸ ਜਗਤ ਦੇ ਲੋਕ ਮੈਨੂੰ ਨਹੀਂ ਵੇਖਣਗੇ ਪਰ ਤੁਸੀਂ ਵੇਖੋਗੇ ਕਿਉਂ ਕਿ ਜੇ ਮੈਂ ਜਿਉਂਦਾ ਹਾਂ ਤੁਸੀਂ ਵੀ ਜਿਉਂਗੇ। 20 ਉਸ ਦਿਨ ਤੁਸੀਂ ਜਾਣੋਂਗੇ ਕਿ ਮੈਂ ਪਿਤਾ ਵਿੱਚ ਹਾਂ ਤੁਸੀਂ ਜਾਣ ਜਾਵੋਂਗੇ ਕਿ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ ਹਾਂ। 21 ਜੇਕਰ ਕੋਈ ਵੀ ਵਿਅਕਤੀ, ਮੇਰੇ ਹੁਕਮਾਂ ਨੂੰ ਜਾਣ ਕੇ ਉਨ੍ਹਾਂ ਦੀ ਪਾਲਨਾ ਕਰਦਾ ਹੈ, ਤਾਂ ਉਹ ਉਹੀ ਹੈ ਜੋ ਸੱਚੀਂ ਮੈਨੂੰ ਪਿਆਰ ਕਰਦਾ ਹੈ। ਮੇਰਾ ਪਿਤਾ ਵੀ ਉਸ ਵਿਅਕਤੀ ਨੂੰ ਪਿਆਰ ਕਰੇਗਾ। ਜਿਹੜਾ ਮਨੁੱਖ ਮੈਨੂੰ ਪਿਆਰ ਕਰਦਾ, ਮੈਂ ਵੀ ਉਸ ਮਨੁੱਖ ਨਾਲ ਪਿਆਰ ਕਰਦਾ ਹਾਂ ਅਤੇ ਆਪਣਾ-ਆਪ ਉਸ ਲਈ ਪ੍ਰਗਟ ਕਰਾਂਗਾ?”

22 ਤਦ ਯਹੂਦਾ (ਇਹ ਯਹੂਦਾ ਇਸੱਕਰਿਯੋਤੀ ਨਹੀਂ) ਨੇ ਆਖਿਆ, “ਪ੍ਰਭੂ ਤੂੰ ਆਪਣੇ-ਆਪ ਸਾਨੂੰ ਕਿਉਂ ਦਰਸ਼ਾਉਣ ਜਾ ਰਿਹਾ ਹੈਂ ਤੇ ਜਗਤ ਨੂੰ ਕਿਉਂ ਨਹੀਂ ਦਰਸ਼ਾਉਂਦਾ?”

23 ਯਿਸੂ ਨੇ ਆਖਿਆ, “ਜੇਕਰ ਕੋਈ ਵਿਅਕਤੀ ਮੈਨੂੰ ਪਿਆਰ ਕਰਦਾ ਹੈ ਤਾਂ ਉਹ ਮੇਰੇ ਉਪਦੇਸ਼ ਦਾ ਵੀ ਅਨੁਸਰਣ ਕਰੇਗਾ ਤੇ ਮੇਰਾ ਪਿਤਾ ਉਸ ਵਿਅਕਤੀ ਨੂੰ ਪਿਆਰ ਕਰੇਗਾ। ਮੈਂ ਅਤੇ ਮੇਰਾ ਪਿਤਾ ਉਸ ਕੋਲ ਆਵਾਂਗੇ ਅਤੇ ਉਸ ਦੇ ਨਾਲ ਰਹਾਂਗੇ। 24 ਪਰ ਜਿਹੜਾ ਵਿਅਕਤੀ ਮੈਨੂੰ ਪਿਆਰ ਨਹੀਂ ਕਰਦਾ ਉਹ ਮੇਰੇ ਉਪਦੇਸ਼ ਨੂੰ ਵੀ ਨਹੀਂ ਮੰਨਦਾ। ਜਿਹੜੇ ਉਪਦੇਸ਼ ਮੈਂ ਤੁਹਾਨੂੰ ਦਿੰਦਾ ਹਾਂ ਉਹ ਮੇਰੇ ਆਪਣੇ ਨਹੀਂ ਹਨ ਸਗੋਂ ਇਹ ਮੇਰੇ ਪਿਤਾ ਦੇ ਹਨ, ਜਿਸਨੇ ਮੈਨੂੰ ਭੇਜਿਆ ਹੈ।

25 “ਇਹ ਸੱਭ ਗੱਲਾਂ ਮੈਂ ਤੁਹਾਨੂੰ ਉਦੋਂ ਦੱਸ ਚੁੱਕਾਂ ਹਾਂ ਜਦੋਂ ਮੈਂ ਹਾਲੇ ਤੁਹਾਡੇ ਨਾਲ ਸੀ। 26 ਪਰ ਸਹਾਇਕ ਪਵਿੱਤਰ ਆਤਮਾ ਹੈ, ਜਿਸ ਨੂੰ ਪਿਤਾ, ਮੇਰੇ ਨਾਂ ਵਿੱਚ ਭੇਜੇਗਾ। ਉਹ ਤੁਹਾਨੂੰ ਸਭ ਕੁਝ ਸਿੱਖਾਵੇਗਾ ਅਤੇ ਉਹ ਤੁਹਾਨੂੰ ਉਹ ਸਭ ਚੇਤੇ ਕਰਾਵੇਗਾ, ਜੋ ਕੁਝ ਮੈਂ ਤੁਹਾਨੂੰ ਕਿਹਾ ਹੈ।

27 “ਮੈਂ ਤੂਹਾਨੂੰ ਸ਼ਾਂਤੀ ਦੇ ਜਾਂਦਾ ਹਾਂ। ਮੈਂ ਆਪਣੀ ਸ਼ਾਂਤੀ ਤੁਹਾਨੂੰ ਦਿੰਦਾ ਹਾਂ। ਮੈਂ ਤੁਹਾਨੂੰ ਸੰਸਾਰ ਤੋਂ ਵੱਖਰੀ ਕਿਸਮ ਦੀ ਸ਼ਾਂਤੀ ਦਿੰਦਾ ਹਾਂ, ਇਸ ਲਈ ਤੁਹਾਡੇ ਦਿਲ ਦੁੱਖੀ ਅਤੇ ਘਬਰਾਏ ਹੋਏ ਨਹੀਂ ਹੋਣੇ ਚਾਹੀਦੇ। 28 ਜੋ ਮੈਂ ਤੁਹਾਨੂੰ ਕਿਹਾ ਤੁਸੀਂ ਸੁਣਿਆ, ਮੈਂ ਤੁਹਾਨੂੰ ਕਿਹਾ, ‘ਮੈਂ ਜਾ ਰਿਹਾ ਹਾਂ, ਪਰ ਮੈਂ ਤੁਹਾਡੇ ਕੋਲ ਫਿਰ ਵਾਪਸ ਆਵਾਂਗਾ।’ ਜੇਕਰ ਤੁਸੀਂ ਮੇਰੇ ਨਾਲ ਪਿਆਰ ਕਰਦੇ ਤਾਂ ਫਿਰ ਤੁਹਾਨੂੰ ਅਨੰਦਿਤ ਹੋਣਾ ਚਾਹੀਦਾ ਸੀ ਕਿ ਮੈਂ ਪਿਤਾ ਕੋਲ ਜਾ ਰਿਹਾ ਹਾਂ ਕਿਉਂ ਕਿ ਮੇਰਾ ਪਿਤਾ ਮੇਰੇ ਤੋਂ ਮਹਾਨ ਹੈ। 29 ਇਹ ਵਾਪਰਨ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਿਆ ਹੈ, ਤਾਂ ਜੋ ਜਦੋਂ ਇਹ ਵਾਪਰੇ, ਤੁਸੀਂ ਵਿਸ਼ਵਾਸ ਕਰੋ।

30 “ਮੈਂ ਲੰਬੇ ਸਮੇਂ ਤੱਕ ਤੁਹਾਡੇ ਨਾਲ ਨਹੀਂ ਬੋਲਾਂਗਾ। ਇਸ ਦੁਨੀਆਂ ਦਾ ਹਾਕਮ ਆ ਰਿਹਾ ਹੈ। ਉਸਦਾ ਮੇਰੇ ਉੱਪਰ ਕੋਈ ਇਖਤਿਆਰ ਨਹੀਂ ਹੈ। 31 ਪਰ ਜਗਤ ਨੂੰ ਪਤਾ ਹੋਣਾ ਚਾਹੀਦਾ ਕਿ ਮੈਂ ਪਿਤਾ ਨੂੰ ਪਿਆਰ ਕਰਦਾ ਹਾਂ। ਇਸ ਲਈ ਮੈਂ ਉਵੇਂ ਹੀ ਕਰਾਂਗਾ ਜਿਵੇਂ ਪਿਤਾ ਨੇ ਮੈਨੂੰ ਹੁਕਮ ਦਿੱਤਾ ਹੈ।

“ਉੱਠੋ, ਅਸੀਂ ਹੁਣ ਇੱਥੋਂ ਚੱਲੀਏ।”

Punjabi Bible: Easy-to-Read Version (ERV-PA)

2010 by World Bible Translation Center