Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
2 ਇਤਹਾਸ 15-16

ਆਸਾ ਦੇ ਬਦਲਾਵ

15 ਪਰਮੇਸ਼ੁਰ ਦਾ ਆਤਮਾ ਉਦੇਦ ਦੇ ਪੁੱਤਰ ਅਜ਼ਰਯਾਹ ਉੱਪਰ ਆਇਆ। ਅਜ਼ਰਯਾਹ ਆਸਾ ਨੂੰ ਮਿਲਣ ਆਇਆ ਅਤੇ ਕਹਿਣ ਲੱਗਾ, “ਹੇ ਆਸਾ! ਅਤੇ ਸਾਰੇ ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ ਮੇਰੀ ਸੁਣੋ! ਜਦ ਤੀਕ ਤੁਸੀਂ ਯਹੋਵਾਹ ਦੇ ਨਾਲ ਹੋ ਉਹ ਤੁਹਾਡੇ ਨਾਲ ਹੈ। ਜੇਕਰ ਤੁਸੀਂ ਉਸ ਦੇ ਚਾਹਵਾਨ ਹੋ ਤਾਂ ਉਹ ਤੁਹਾਨੂੰ ਜ਼ਰੂਰ ਮਿਲੇਗਾ ਪਰ ਜੇਕਰ ਤੁਸੀਂ ਉਸ ਨੂੰ ਛੱਡ ਜਾਵੋਂਗੇ ਤਾਂ ਉਹ ਤੁਹਾਨੂੰ ਛੱਡ ਦੇਵੇਗਾ। ਬਹੁਤ ਸਮੇਂ ਤੀਕ ਇਸਰਾਏਲੀ ਬਿਨਾਂ ਸੱਚੇ ਪਰਮੇਸ਼ੁਰ ਅਤੇ ਬਿਨਾਂ ਜਾਜਕਾਂ ਅਤੇ ਉਸਦੀ ਬਿਵਸਥਾ ਤੋਂ ਬਿਨਾ ਜੀਵੇ ਹਨ। ਪਰ ਜਦੋਂ ਉਹ ਆਪਣੇ ਦੁੱਖ ਦੀ ਘੜੀ ਵਿੱਚ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਵੱਲ ਮੁੜੇ ਤੇ ਉਸ ਦੇ ਚਾਹਵਾਨ ਹੋਏ ਉਨ੍ਹਾਂ ਨੇ ਉਸ ਨੂੰ ਪਾ ਲਿਆ। ਅਤੇ ਉਨ੍ਹਾਂ ਵੇਲਿਆਂ ਵਿੱਚ ਉਸ ਔਖੀ ਘੜੀ ਵਿੱਚ ਕੋਈ ਵੀ ਸੁਰੱਖਿਆ ਪੂਰਵਕ ਸਫ਼ਰ ਨਹੀਂ ਸੀ ਕਰ ਸੱਕਦਾ। ਸਾਰੇ ਹੀ ਰਾਜਾਂ ਵਿੱਚ ਬੜੀ ਮੁਸੀਬਤ ਪਈ ਹੋਈ ਸੀ। ਹਰ ਕੌਮ ਦੂਸਰੀ ਕੌਮ ਦੇ ਖਿਲਾਫ ਸੀ, ਅਤੇ ਹਰ ਨਗਰ ਦੂਸਰੇ ਨਗਰਾਂ ਦੇ ਖਿਲਾਫ ਯੁੱਧ ਕਰ ਰਿਹਾ ਸੀ। ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਹਰ ਤਰ੍ਹਾਂ ਦੇ ਕਸ਼ਟ ਦੇ ਰਿਹਾ ਸੀ। ਪਰ ਹੇ ਆਸਾ, ਯਹੂਦਾਹ ਅਤੇ ਬਿਨਯਾਮੀਨ ਦੇ ਲੋਕੋ! ਤੁਸੀਂ ਤਕੜੇ ਹੋਵੋ। ਹਿੰਮਤ ਨਾ ਹਾਰੋ, ਕਮਜ਼ੋਰ ਨਾ ਪਵੋ ਕਿਉਂ ਕਿ ਤੁਹਾਨੂੰ ਤੁਹਾਡੀ ਨੇਕੀ ਦਾ ਫ਼ਲ ਜ਼ਰੂਰ ਮਿਲੇਗਾ।”

ਜਦੋਂ ਆਸਾ ਨੇ ਇਨ੍ਹਾਂ ਗੱਲਾਂ ਬਾਰੇ ਅਤੇ ਉਦੇਦ ਨਬੀ ਦੇ ਬਚਨਾਂ ਬਾਰੇ ਸੁਣਿਆ, ਉਸ ਨੂੰ ਉਤਸਾਹ ਮਿਲਿਆ, ਉਸ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਇਲਾਕਿਆ ਵਿੱਚੋਂ ਅਤੇ ਉਨ੍ਹਾਂ ਸਾਰੇ ਨਗਰਾਂ ਵਿੱਚੋਂ ਜਿਨ੍ਹਾਂ ਉੱਤੇ ਉਸ ਨੇ ਅਫ਼ਰਾਈਮ ਦੇ ਪਹਾੜੀ ਇਲਾਕਿਆ ਵਿੱਚੋਂ ਕਬਜਾ ਕੀਤਾ ਸੀ, ਸਾਰੇ ਘਿਰਣਾ ਯੋਗ ਬੁੱਤਾਂ ਨੂੰ ਹਟਾਇਆ ਉਸ ਨੇ ਯਹੋਵਾਹ ਦੀ ਜਗਵੇਦੀ ਦੀ ਫ਼ੇਰ ਤੋਂ ਮੁਰੰਮਤ ਕੀਤੀ, ਜੋ ਯਹੋਵਾਹ ਦੇ ਵਰਾਂਡੇ ਦੇ ਸਾਹਮਣੇ ਸੀ।

ਤਦ ਆਸਾ ਨੇ ਯਹੂਦਾਹ ਅਤੇ ਬਿਨਯਾਮੀਨ ਦੇ ਸਾਰੇ ਲੋਕਾਂ ਨੂੰ ਇਕੱਠਿਆਂ ਕੀਤਾ ਇਸਦੇ ਇਲਾਵਾ ਉਸ ਨੇ ਅਫ਼ਰਾਈਮ ਅਤੇ ਮਨੱਸ਼ਹ ਅਤੇ ਸ਼ਿਮਓਨ ਦੇ ਲੋਕਾਂ ਨੂੰ ਵੀ ਇਕੱਠਿਆਂ ਕੀਤਾ ਕਿਉਂ ਕਿ ਜਦੋਂ ਉਨ੍ਹਾਂ ਨੇ ਵੇਖਿਆ ਕਿ ਯਹੋਵਾਹ ਉਸਦਾ ਪਰਮੇਸ਼ੁਰ ਉਸ ਦੇ ਨਾਲ ਹੈ ਤਾਂ ਉਹ ਇਸਰਾਏਲ ਵਿੱਚੋਂ ਬਹੁਤ ਗਿਣਤੀ ਵਿੱਚ ਉਸ ਦੇ ਨਾਲ ਆਏ।

10 ਆਸਾ ਅਤੇ ਉਹ ਲੋਕ ਯਰੂਸ਼ਲਮ ਵਿੱਚ ਆਸਾ ਦੇ ਰਾਜ ਦੇ 15ਵਰ੍ਹੇ ਦੇ ਤੀਜੇ ਮਹੀਨੇ ਵਿੱਚ ਇਕੱਠੇ ਹੋਏ। 11 ਉਸ ਵੇਲੇ ਉਨ੍ਹਾਂ ਨੇ 700 ਬਲਦ ਅਤੇ 7,000 ਭੇਡਾਂ-ਬੱਕਰੀਆਂ ਯਹੋਵਾਹ ਦੇ ਅੱਗੇ ਚੜ੍ਹਾਈਆਂ। ਆਸਾ ਅਤੇ ਉਸਦੀ ਸੈਨਾ ਨੇ ਉਹ ਸਾਰੀ ਚੜ੍ਹਤ ਤੇ ਹੋਰ ਕੀਮਤੀ ਸਾਮਾਨ ਆਪਣਾ ਦੁਸ਼ਮਣਾਂ ਤੋਂ ਲੈ ਲਈਆਂ। 12 ਤਦ ਉਨ੍ਹਾਂ ਨੇ ਯਹੋਵਾਹ ਪਰਮੇਸ਼ੁਰ ਦੀ ਦਿਲੋ-ਜਾਨ ਨਾਲ ਸੇਵਾ ਕਰਨ ਦੀ ਸੌਂਹ ਖਾਧੀ। ਉਸ ਪਰਮੇਸ਼ੁਰ ਦੀ, ਜਿਸ ਦੀ ਉਨ੍ਹਾਂ ਦੇ ਪੁਰਖਿਆਂ ਨੇ ਸੇਵਾ ਕੀਤੀ ਸੀ। 13 ਜਿਹੜਾ ਕੋਈ ਵੀ ਯਹੋਵਾਹ ਪਰਮੇਸ਼ੁਰ ਦੀ ਸੇਵਾ ਤੋਂ ਇਨਕਾਰੀ ਹੋਵੇ ਉਸ ਨੂੰ ਜਾਨੋਂ ਮਾਰ ਦਿੱਤਾ ਜਾਵੇ। ਭਾਵੇਂ ਉਹ ਖਾਸ ਆਦਮੀ ਹੋਵੇ ਭਾਵੇਂ ਆਮ, ਭਾਵੇਂ ਮਰਦ ਤੇ ਭਾਵੇਂ ਔਰਤ। 14 ਤਦ ਆਸਾ ਅਤੇ ਉਸ ਦੇ ਲੋਕਾਂ ਨੇ ਯਹੋਵਾਹ ਅੱਗੇ ਸੌਂਹ ਚੁੱਕੀ ਅਤੇ ਉਹ ਜ਼ੋਰ ਦੀ ਉੱਚੀ ਆਵਾਜ਼ ਵਿੱਚ ਨਰਸਿੰਗਿਆਂ ਅਤੇ ਤੁਰ੍ਹੀਆਂ ਨਾਲ ਲਲਕਾਰੇ। 15 ਸਾਰੇ ਯਹੂਦੀ ਇਸ ਸੌਂਹ ਚੁੱਕਣ ਤੇ ਖੁਸ਼ ਸਨ ਕਿਉਂ ਕਿ ਇਹ ਸੌਂਹ ਉਨ੍ਹਾਂ ਨੇ ਆਪਣੇ ਦਿਲੋਂ ਖਾਧੀ ਸੀ ਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਹੁਕਮ ਤਹਿ ਦਿਲੋਂ ਮੰਨਿਆ। ਉਨ੍ਹਾਂ ਨੇ ਪਰਮੇਸ਼ੁਰ ਨੂੰ ਵੇਖਣ ਦੀ ਰੀਝ ਕੀਤੀ ਤੇ ਉਨ੍ਹਾਂ ਪਾਇਆ ਤਾਂ ਇਉਂ ਪਰਮੇਸ਼ੁਰ ਨੇ ਉਨ੍ਹਾਂ ਦੇ ਦੇਸ ਵਿੱਚ ਸੁੱਖ-ਸ਼ਾਂਤੀ ਵਰਤਾਈ।

16 ਆਸਾ ਪਾਤਸ਼ਾਹ ਨੇ ਆਪਣੀ ਮਾਂ ਮਅਕਾਹ ਨੂੰ ਰਾਣੀ ਦੀ ਪਦਵੀ ਤੋਂ ਵੀ ਹਟਾਅ ਦਿੱਤਾ ਕਿਉਂ ਜੋ ਉਸ ਨੇ ਅਸ਼ੇਰਾਹ ਦੇਵੀ ਦੀ ਇੱਕ ਘਿਨਾਉਣੀ ਮੂਰਤ ਬਣਾਈ ਸੀ। ਆਸਾ ਨੇ ਉਸ ਘਿਨਾਉਣੀ ਮੂਰਤ ਦੇ ਟੁਕੜੇ-ਟੁਕੜੇ ਕਰਕੇ ਚਕਨਾਚੂਰ ਕਰ ਦਿੱਤਾ। ਅਤੇ ਉਨ੍ਹਾਂ ਟੋਟਿਆਂ ਨੂੰ ਕਿਦਰੋਨ ਦੀ ਵਾਦੀ ਵਿੱਚ ਸਾੜ ਦਿੱਤਾ। 17 ਯਹੂਦਾਹ ਵਿੱਚੋਂ ਉਚਿਆਂ ਥਾਵਾਂ ਨੂੰ ਤਾਂ, ਨਾ ਹਟਾਇਆ ਗਿਆ ਪਰ ਆਸਾ ਸਾਰੀ ਉਮਰ ਯਹੋਵਾਹ ਵੱਲ ਵਫ਼ਾਦਾਰ ਰਿਹਾ।

18 ਪਰਮੇਸ਼ੁਰ ਦੇ ਮੰਦਰ ਵਿੱਚ ਉਨ੍ਹਾਂ ਚੀਜ਼ਾਂ ਨੂੰ ਜੋ ਉਸ ਦੇ ਪਿਤਾ ਨੇ ਪਵਿੱਤਰ ਠਹਿਰਾਈਆਂ ਸਨ ਅਤੇ ਉਹ ਵਸਤਾਂ ਜੋ ਉਸ ਨੇ ਆਪ ਪਵਿੱਤਰ ਠਹਿਰਾਈਆਂ ਸੀ ਉਨ੍ਹਾਂ ਨੂੰ ਅੰਦਰ ਲਿਆਇਆ ਅਤੇ ਉਹ ਵਸਤਾਂ ਸੋਨੇ ਅਤੇ ਚਾਂਦੀ ਦੀਆਂ ਬਣੀਆਂ ਹੋਈਆਂ ਸਨ। 19 ਇਉਂ ਆਸਾ ਦੇ ਰਾਜ ਦੇ 35 ਸਾਲ ਤੀਕ ਕੋਈ ਲੜਾਈ ਨਾ ਹੋਈ।

ਆਸਾ ਦੇ ਅੰਤਿਮ ਵਰ੍ਹੇ

16 ਆਸਾ ਦੇ ਰਾਜ ਦੇ 36 ਵਰ੍ਹੇ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨੇ ਯਹੂਦਾਹ ਉੱਤੇ ਚੜ੍ਹਾਈ ਕੀਤੀ ਅਤੇ ਰਾਮਾਹ ਨੂੰ ਕਿਲਾ ਬਣਾਇਆ। ਬਆਸ਼ਾ ਨੇ ਰਾਮਾਹ ਸ਼ਹਿਰ ਨੂੰ ਕਿਲਾ ਇਸ ਲਈ ਬਣਾਇਆ ਤਾਂ ਜੋ ਲੋਕ ਯਹੂਦਾਹ ਪਾਤਸ਼ਾਹ ਜੋ ਯਹੂਦਾਹ ਦਾ ਸੀ ਕੋਲ ਨਾ ਆ ਜਾ ਸੱਕਣ। ਆਸਾ ਨੇ ਯਹੋਵਾਹ ਦੇ ਮੰਦਰ ਅਤੇ ਸ਼ਾਹੀ ਮਹਿਲ ਵਿੱਚੋਂ ਉਨ੍ਹਾਂ ਖਜ਼ਾਨਿਆਂ ਚੋ ਚਾਂਦੀ ਅਤੇ ਸੋਨਾ ਕੱਢ ਕੇ ਅਰਾਮ ਦੇ ਬਾਦਸ਼ਾਹ ਬਨ-ਹਦਦ ਕੋਲ ਜੋ ਕਿ ਦੰਮਿਸਕ ਵਿੱਚ ਸੀ ਇਹ ਆਖ ਕੇ ਭੇਜਿਆ: “ਉਹ ਨੇਮ ਜੋ ਤੇਰੇ ਤੇ ਮੇਰੇ ਦਰਮਿਆਨ ਹੈ ਅਤੇ ਮੇਰੇ ਅਤੇ ਤੇਰੇ ਪਿਤਾ ਦੇ ਦਰਮਿਆਨ ਸੀ, ਵੇਖ, ਉਸ ਅਨੁਸਾਰ ਮੈਂ ਤੇਰੇ ਕੋਲ ਚਾਂਦੀ ਅਤੇ ਸੋਨਾ ਭੇਜ ਰਿਹਾ ਹਾਂ। ਹੁਣ ਤੂੰ ਇਸਰਾਏਲ ਦੇ ਪਾਤਸ਼ਾਹ ਬਆਸ਼ਾ ਨਾਲ ਆਪਣਾ ਨੇਮ ਤੋੜ ਤਾਂ ਜੋ ਉਹ ਮੈਨੂੰ ਤੰਗ ਕਰਨਾ ਛੱਡੇ ਤੇ ਮੈਨੂੰ ਇੱਕਲਿਆਂ ਜਿਉੱਣ ਦੇਵੇ।”

ਬਨ-ਹਦਦ ਨੇ ਆਸਾ ਦੀ ਗੱਲ ਮੰਨ ਲਈ ਅਤੇ ਉਸ ਨੇ ਆਪਣੀਆਂ ਫ਼ੌਜਾਂ ਦੇ ਸਰਦਾਰਾਂ ਨੂੰ ਇਸਰਾਏਲ ਦੇ ਸ਼ਹਿਰਾਂ ਦੇ ਵਿਰੁੱਧ ਭੇਜਿਆ। ਉਨ੍ਹਾਂ ਨੇ ਈਯੋਨ, ਦਾਨ, ਅਬੇਲ-ਮਾਇਮ ਅਤੇ ਨਫ਼ਤਾਲੀ ਦੇ ਸ਼ਹਿਰਾਂ ਵਿੱਚ ਦੇ ਸਾਰੇ ਭੰਡਾਰਾਂ ਜਿੱਥੇ ਖਜ਼ਾਨੇ ਇੱਕਤਰ ਹੁੰਦੇ ਸਨ ਨੂੰ ਤਬਾਹ ਕਰ ਦਿੱਤਾ। ਜਦੋਂ ਬਆਸ਼ਾ ਨੂੰ ਇਸਰਾਏਲ ਦੇ ਸ਼ਹਿਰਾਂ ਉੱਪਰ ਹਮਲੇ ਦੀ ਖਬਰ ਮਿਲੀ ਤਾਂ ਉਸ ਨੇ ਰਾਮਾਹ ਵਿੱਚ ਕਿਲਾ ਬਨਾਉਣਾ ਛੱਡ ਕੇ ਆਪਣਾ ਕੰਮ ਉੱਥੇ ਹੀ ਬੰਦ ਕਰ ਦਿੱਤਾ। ਤਦ ਆਸਾ ਪਾਤਸ਼ਾਹ ਨੇ ਸਾਰੇ ਯਹੂਦੀਆਂ ਨੂੰ ਸੱਦਿਆ ਅਤੇ ਉਹ ਰਾਮਾਹ ਸ਼ਹਿਰ ਵਿੱਚ ਗਏ ਤੇ ਬਆਸ਼ਾ ਉੱਥੇ ਕਿਲਾ ਬਨਾਉਣ ਲਈ ਜੋ ਲੱਕੜ ਅਤੇ ਪੱਥਰ ਦੀ ਵਰਤੋਂ ਕਰ ਰਿਹਾ ਸੀ, ਉਹ ਸਭ ਚੁੱਕ ਲਿਆਏ। ਆਸਾ ਅਤੇ ਯਹੂਦਾਹ ਦੇ ਲੋਕਾਂ ਨੇ ਉਸ ਲੱਕੜ ਅਤੇ ਪੱਥਰ ਨਾਲ ਗ਼ਬਾ ਅਤੇ ਮਿਸਫ਼ਾਹ ਸ਼ਹਿਰ ਨੂੰ ਪੱਕਿਆ ਕੀਤਾ।

ਉਸ ਵਕਤ ਹਨਾਨੀ ਨਬੀ ਆਸਾ ਕੋਲ ਆਇਆ ਅਤੇ ਉਸ ਨੂੰ ਆਖਿਆ, “ਆਸਾ, ਤੂੰ ਅਰਾਮ ਦੇ ਪਾਤਸ਼ਾਹ ਉੱਪਰ ਨਿਰਭਰ ਹੋਇਆ ਤੇ ਤੂੰ ਯਹੋਵਾਹ ਆਪਣੇ ਪਰਮੇਸ਼ੁਰ ਤੇ ਨਿਰਭਰ ਨਹੀਂ ਹੋਇਆ, ਇਸੇ ਕਾਰਣ ਅਰਾਮ ਦੀ ਸੈਨਾ ਤੇਰੇ ਹੱਥੋਂ ਬਚ ਕੇ ਨਿਕਲ ਗਈ ਹੈ। ਕੂਸ਼ੀਆਂ ਅਤੇ ਲੂਬੀਆਂ ਦੀ ਵੀ ਬੜੀ ਤਕੜੀ ਫ਼ੌਜ ਸੀ। ਉਨ੍ਹਾਂ ਕੋਲ ਕਈ ਰੱਥ ਅਤੇ ਰਥਵਾਨ ਸਨ। ਪਰ ਆਸਾ, ਤੂੰ ਯਹੋਵਾਹ ਉੱਪਰ ਭਰੋਸਾ ਰੱਖਿਆ ਕਿ ਉਹ ਭਾਰੀ ਫ਼ੌਜ ਨੂੰ ਹਾਰ ਦੇਵੇ ਸੋ ਯਹੋਵਾਹ ਨੇ ਉਨ੍ਹਾਂ ਨੂੰ ਤੇਰੇ ਹੱਥ ਕਰ ਦਿੱਤਾ। ਯਹੋਵਾਹ ਦੀਆਂ ਅੱਖਾਂ ਤਾਂ ਸਾਰੀ ਧਰਤੀ ਉੱਤੇ ਵੇਖਦੀਆਂ ਹਨ ਤਾਂ ਕਿ ਉਹ ਉਨ੍ਹਾਂ ਦੀ ਮਦਦ ਕਰੇ ਜਿਨ੍ਹਾਂ ਦਾ ਦਿਲ ਉਸ ਉੱਪਰ ਪੂਰਾ ਨਿਹਚਾ ਰੱਖਦਾ ਹੈ। ਆਸਾ, ਤੂੰ ਮੂਰਖਤਾਈ ਕੀਤੀ ਇਸ ਲਈ ਹੁਣ ਤੇਰੇ ਅੱਗੇਰੇ ਜੀਵਨ ’ਚ ਲੜਾਈ ਹੀ ਲੜਾਈ ਹੈ।”

10 ਆਸਾ ਨੂੰ ਹਨਾਨੀ ਦੇ ਇਨ੍ਹਾਂ ਬਚਨਾ ਤੇ ਕਰੋਧ ਆਇਆ। ਉਹ ਇੰਨਾ ਕਰੋਧ ਵਿੱਚ ਆਇਆ ਕਿ ਉਸ ਨੇ ਹਨਾਨੀ ਨੂੰ ਕੈਦ ਕਰ ਦਿੱਤਾ ਇਉਂ ਆਸਾ ਨੇ ਕਈਆਂ ਲੋਕਾਂ ਨਾਲ ਵੇਲੇ ਬੜਾ ਰੁੱਖਾ ਵਿਵਹਾਰ ਵੀ ਕੀਤਾ।

11 ਆਸਾ ਦੇ ਸ਼ੁਰੂ ਤੋਂ ਲੈ ਕੇ ਅੰਤ ਤੀਕ ਦੇ ਕਾਰਨਾਮੇ ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੇ ਹੋਏ ਹਨ। 12 ਆਸਾ ਦੀ ਪਾਤਸ਼ਾਹੀ ਦੇ 39 ਵਰ੍ਹੇ ਵਿੱਚ ਉਸ ਨੂੰ ਉਸ ਦੇ ਪੈਰ ਤੇ ਇੱਕ ਬਿਮਾਰੀ ਲੱਗ ਗਈ ਜੋ ਕਿ ਬਹੁਤ ਭਿਆਨਕ ਸੀ। ਉਸ ਨੇ ਵੈਦਾਂ ਤੋਂ ਖੁਦ ਦਾ ਇਲਾਜ ਕਰਵਾਇਆ ਅਤੇ ਯਹੋਵਾਹ ਵੱਲ ਨਾ ਪਰਤਿਆ। 13 ਆਸਾ ਆਪਣੇ ਰਾਜ ਦੇ 41ਵਰ੍ਹੇ ਮਰ ਗਿਆ ਅਤੇ ਆਪਣੇ ਪੁਰਖਿਆਂ ਵਿੱਚ ਜਾ ਮਿਲਿਆ, 14 ਤੇ ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਆਸਾ ਦੇ ਆਪਣੇ ਬਣਾਏ ਮਕਬਰੇ ਵਿੱਚ ਉਸ ਨੂੰ ਦਫ਼ਨਾਅ ਦਿੱਤਾ। ਲੋਕਾਂ ਨੇ ਉਸ ਨੂੰ ਖੂਸ਼ਬੂਦਾਰ ਮਸਾਲਿਆਂ ਤੇ ਇਤਰ ਭਰੀ ਸੇਜਾਂ ਤੇ ਲਿਟਾਅ ਕੇ ਉਸ ਨੂੰ ਦਫ਼ਨਾਇਆ ਅਤੇ ਉਸ ਦੇ ਸੰਮਾਨ ਵਿੱਚ ਵੱਡੀ ਅੱਗ ਬਾਲੀ।

ਯੂਹੰਨਾ 12:27-50

ਯਿਸੂ ਦਾ ਆਪਣੀ ਮੌਤ ਬਾਰੇ ਜ਼ਾਹਰ ਕਰਨਾ

27 “ਹੁਣ ਮੇਰਾ ਦਿਲ ਬਿਪਤਾ ਮਈ ਹੈ। ਮੈਨੂੰ ਕੀ ਕਹਿਣਾ ਚਾਹੀਦਾ ਹੈ? ਕੀ ਮੈਂ ਇਹ ਕਹਾਂ, ‘ਹੇ ਪਿਤਾ, ਮੈਨੂੰ ਇਸ ਮੁਸੀਬਤ ਦੀ ਘੜੀ ਤੋਂ ਬਚਾ?’ ਨਹੀਂ! ਇਸ ਲਈ ਮੈਂ ਇਸ ਸਮੇਂ ਤੱਕ ਆਇਆ ਹਾਂ। 28 ਓ ਪਿਤਾ, ਆਪਣੇ ਨਾਮ ਨੂੰ ਮਹਿਮਾਮਈ ਬਣਾ!”

ਫ਼ਿਰ ਸਵਰਗਾਂ ਤੋਂ ਇੱਕ ਆਵਾਜ਼ ਆਈ, “ਮੈਂ ਮੇਰੇ ਨਾਮ ਨੂੰ ਮਹਿਮਾਮਈ ਬਣਾਇਆ ਅਤੇ ਮੈਂ ਫ਼ਿਰ ਇਸ ਨੂੰ ਮਹਿਮਾਮਈ ਬਣਾਵਾਂਗਾ।”

29 ਜਿਹੜੇ ਲੋਕ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਅਵਾਜ਼ ਸੁਣੀ। ਉਨ੍ਹਾਂ ਨੇ ਆਖਿਆ, “ਜੋ ਬੱਦਲ ਗਜਿਆ ਹੈ।”

ਪਰ ਕੁਝ ਲੋਕਾਂ ਨੇ ਆਖਿਆ, “ਇੱਕ ਦੂਤ ਨੇ ਉਸ ਨਾਲ ਗੱਲ ਕੀਤੀ ਹੈ।”

30 ਯਿਸੂ ਨੇ ਲੋਕਾਂ ਨੂੰ ਕਿਹਾ, “ਇਹ ਅਵਾਜ਼ ਮੇਰੀ ਖਾਤਰ ਨਹੀਂ ਆਈ, ਸਗੋਂ ਤੁਹਾਡੀ ਖਾਤਰ ਆਈ ਹੈ। 31 ਹੁਣ ਦੁਨੀਆਂ ਦੇ ਨਿਆਂ ਦਾ ਸਮਾਂ ਆ ਗਿਆ ਹੈ। ਹੁਣ ਇਸ ਦੁਨੀਆਂ ਦਾ ਹਾਕਮ ਬਾਹਰ ਸੁੱਟਿਆ ਜਾਵੇਗਾ। 32 ਮੈਂ ਵੀ ਇਸ ਜਗਤ ਤੋਂ ਸਵਰਗ ਨੂੰ ਚੁੱਕਿਆ ਜਾਵਾਂਗਾ ਅਤੇ ਜਦੋਂ ਇਉਂ ਵਾਪਰੇਗਾ ਤਾਂ ਸਾਰੇ ਲੋਕਾਂ ਨੂੰ ਉੱਪਰ ਆਪਣੇ ਵੱਲ ਖਿੱਚਾਂਗਾ।” 33 ਇਹ ਆਖਕੇ, ਯਿਸੂ ਸੂਚਿਤ ਕਰ ਰਿਹਾ ਸੀ ਕਿ ਉਹ ਕਿਸ ਤਰ੍ਹਾਂ ਦੀ ਮੌਤ ਮਰੇਗਾ।

34 ਲੋਕਾਂ ਨੇ ਕਿਹਾ, “ਸਾਡੀ ਸ਼ਰ੍ਹਾ ਤਾਂ ਆਖਦੀ ਹੈ ਕਿ ਮਸੀਹ ਹਮੇਸ਼ਾ ਜੀਵੇਗਾ ਤਾਂ ਫ਼ਿਰ ਤੂੰ ਇਹ ਕਿਉਂ ਆਖਦਾ ਹੈ, ਕਿ ‘ਮਨੁੱਖ ਦਾ ਪੁੱਤਰ ਜ਼ਰੂਰ ਉੱਪਰ ਉੱਠਾਇਆ ਜਾਵੇਗਾ? ਇਹ ‘ਮਨੁੱਖ ਦਾ ਪੁੱਤਰ’ ਕੌਣ ਹੈ?”

35 ਤਦ ਯਿਸੂ ਨੇ ਕਿਹਾ, “ਚਾਨਣ ਸਿਰਫ਼ ਕੁਝ ਹੀ ਪਲਾ ਲਈ ਤੁਹਾਡੇ ਨਾਲ ਹੋਵੇਗਾ, ਇਸ ਲਈ ਰੌਸ਼ਨੀ ਵਿੱਚ ਤੁਰੋ, ਤਦ ਹੇਨਰਾ ਤੁਹਾਨੂੰ ਨਹੀਂ ਘੇਰੇਗਾ। ਜਿਹੜਾ ਮਨੁਖ ਹਨੇਰੇ ਵਿੱਚ ਚੱਲਦਾ ਉਸ ਨੂੰ ਨਹੀਂ ਪਤਾ ਹੁੰਦਾ ਕਿ ਉਹ ਕਿੱਥੇ ਚੱਲ ਰਿਹਾ ਹੈ। 36 ਇਸ ਲਈ ਜਦੋਂ ਚਾਨਣ ਤੁਹਾਡੇ ਕੋਲ ਹੈ ਚਾਨਣ ਵਿੱਚ ਵਿਸ਼ਵਾਸ ਕਰੋ। ਤਾਂ ਜੋ ਤੁਸੀਂ ਚਾਨਣ ਦੇ ਪੁੱਤਰ ਹੋਵੋਂ।” ਇਹ ਸਭ ਕਹਿਣ ਤੋਂ ਬਾਦ ਯਿਸੂ ਅਜਿਹੀ ਜਗ਼੍ਹਾ ਉੱਤੇ ਚੱਲਾ ਗਿਆ ਜਿੱਥੇ ਲੋਕ ਉਸ ਨੂੰ ਨਾ ਲੱਭ ਸੱਕਣ।

ਯਹੂਦੀਆਂ ਨੇ ਯਿਸੂ ਨੂੰ ਮੰਨਣ ਤੋਂ ਇਨਕਾਰ ਕੀਤਾ

37 ਯਿਸੂ ਨੇ ਲੋਕਾਂ ਸਾਹਮਣੇ ਬਹੁਤ ਸਾਰੇ ਕਰਿਸ਼ਮੇ ਕੀਤੇ। ਲੋਕਾਂ ਨੇ ਇਹ ਸਭ ਆਪਣੀ ਅੱਖੀਂ ਵੇਖਿਆ ਪਰ ਫ਼ਿਰ ਵੀ ਉਨ੍ਹਾਂ ਨੇ ਉਸ ਉੱਪਰ ਨਿਹਚਾ ਨਹੀਂ ਕੀਤੀ।

38 ਇਹ ਤਾਂ ਹੋਇਆ ਜੋ ਨਬੀ ਯਸਾਯਾਹ ਦੀ ਭਵਿੱਖਬਾਣੀ ਸੱਚੀ ਹੋ ਸੱਕੇ:

“ਹੇ ਪ੍ਰਭੂ ਸਾਡੇ ਸੰਦੇਸ਼ ਦਾ ਕਿਸਨੇ ਵਿਸ਼ਵਾਸ ਕੀਤਾ?
    ਪ੍ਰਭੂ ਦੀ ਸ਼ਕਤੀ ਕਿਸਨੇ ਵੇਖੀ?” (A)

39 ਕਿਸੇ ਕਾਰਣ ਲੋਕ ਵਿਸ਼ਵਾਸ ਨਾ ਕਰ ਸੱਕੇ। ਜਿਵੇਂ ਕਿ ਯਸਾਯਾਹ ਇੱਕ ਹੋਰ ਮਿਸਾਲ ਵਿੱਚ ਆਖਦਾ ਹੈ,

40 “ਪਰਮੇਸ਼ੁਰ ਨੇ ਉਨ੍ਹਾਂ ਦੀਆਂ ਅੱਖਾਂ ਅੰਨ੍ਹੀਆਂ
    ਕਰ ਦਿੱਤੀਆਂ ਅਤੇ ਉਨ੍ਹਾਂ ਦੇ ਦਿਲ ਕਠੋਰ ਕਰ ਦਿੱਤੇ।
ਤਾਂ ਜੋ ਨਾ ਉਹ ਆਪਣੀਆਂ ਅੱਖਾਂ ਨਾਲ ਵੇਖ ਸੱਕਣ,
ਨਾ ਦਿਮਾਗ ਨਾਲ ਸਮਝ ਸੱਕਣ
    ਅਤੇ ਮੇਰੇ ਕੋਲ ਫ਼ਿਰ ਆਉਣ ਤਾਂ ਜੋ ਮੈਂ ਉਨ੍ਹਾਂ ਨੂੰ ਠੀਕ ਕਰ ਸੱਕਾਂ।” (B)

41 ਯਸਾਯਾਹ ਨੇ ਇਹ ਇਸ ਲਈ ਆਖਿਆ ਕਿਉਂਕਿ ਉਸ ਨੇ ਉਸ ਦੀ ਮਹਿਮਾ ਵੇਖੀ ਸੀ। ਇਸ ਲਈ ਉਸ ਨੇ ਉਸ ਬਾਰੇ ਇਹ ਕਿਹਾ।

42 ਪਰ ਬਹੁਤ ਸਾਰੇ ਲੋਕਾਂ ਨੇ ਯਿਸੂ ਵਿੱਚ ਵਿਸ਼ਵਾਸ ਕੀਤਾ, ਅਤੇ ਉਨ੍ਹਾਂ ਵਿੱਚੋਂ ਕਈ ਆਗੂ ਸਨ। ਪਰ ਕਿਉਂ ਜੋ ਉਹ ਫ਼ਰੀਸੀਆਂ ਕੋਲੋਂ ਡਰਦੇ ਸਨ ਉਨ੍ਹਾਂ ਨੇ ਖੁਲ੍ਹ ਕੇ ਨਾ ਆਖਿਆ ਕਿ ਉਹ ਯਿਸੂ ਵਿੱਚ ਨਿਹਚਾ ਰੱਖਦੇ ਹਨ। ਉਨ੍ਹਾਂ ਨੂੰ ਇਹ ਡਰ ਸੀ ਕਿ ਉਹ ਪ੍ਰਾਰਥਨਾ ਸਥਾਨਾਂ ਤੋਂ ਕੱਢ ਦਿੱਤੇ ਜਾਣਗੇ। 43 ਇਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੀ ਉਸਤਤਿ ਨਾਲੋਂ ਵੱਧ ਲੋਕਾਂ ਦੀ ਉਸਤਤਿ ਨੂੰ ਪਿਆਰ ਕੀਤਾ।

ਯਿਸੂ ਦੇ ਉਪਦੇਸ਼ਾਂ ਦੇ ਆਧਾਰ ਤੇ ਨਿਆਂ

44 ਤਦ ਯਿਸੂ ਨੇ ਉੱਚੀ ਆਵਾਜ਼ ਵਿੱਚ ਕਿਹਾ, “ਜੋ ਵਿਅਕਤੀ ਮੇਰੇ ਵਿੱਚ ਨਿਹਚਾ ਰੱਖਦਾ ਹੈ ਅਸਲ ਵਿੱਚ ਉਹ ਮੇਰੇ ਵਿੱਚ ਨਹੀਂ ਸਗੋਂ ਉਸ ਇੱਕ ਵਿੱਚ ਨਿਹਚਾ ਰੱਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 45 ਜੋ ਵਿਅਕਤੀ ਮੈਨੂੰ ਵਾਸਤਵਿਕ ਤੌਰ ਤੇ ਵੇਖਦਾ ਉਹ ਉਸ ਨੂੰ ਵੇਖਦਾ ਹੈ ਜਿਸਨੇ ਮੈਨੂੰ ਭੇਜਿਆ ਹੈ। 46 ਮੈਂ ਚਾਨਣ ਹਾਂ ਅਤੇ ਮੈਂ ਇਸ ਦੁਨੀਆਂ ਉੱਤੇ ਆਇਆ ਤਾਂ ਜੋ ਉਹ ਵਿਅਕਤੀ ਜਿਹੜਾ ਮੇਰੇ ਵਿੱਚ ਨਿਹਚਾ ਰੱਖਦਾ, ਹਨੇਰੇ ਵਿੱਚ ਨਾ ਰਹੇ।

47 “ਮੈਂ ਇਸ ਦੁਨੀਆਂ ਵਿੱਚ ਲੋਕਾਂ ਦਾ ਨਿਆਂ ਕਰਨ ਨਹੀਂ ਆਇਆ, ਸਗੋਂ ਲੋਕਾਂ ਨੂੰ ਬਚਾਉਣ ਲਈ ਆਇਆ ਹਾਂ। ਇਸ ਲਈ ਮੈਂ ਉਹ ਨਹੀਂ ਹਾਂ ਜੋ ਲੋਕਾਂ ਦਾ ਨਿਆਂ ਕਰਦਾ ਹੈ ਜੋ ਮੇਰੀਆਂ ਸਿੱਖਿਆਵਾਂ ਸੁਣਦੇ ਹਨ ਅਤੇ ਇਸ ਨੂੰ ਨਹੀਂ ਮੰਨਦੇ। 48 ਉਸ ਵਾਸਤੇ ਵੀ ਇੱਕ ਮੁਨਸਫ਼ ਹੈ ਜੋ ਮੇਰੇ ਵਿੱਚ ਵਿਸ਼ਵਾਸ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਨਹੀਂ ਕਬੂਲਦਾ। ਜਿਹੜਾ ਸੰਦੇਸ਼ ਮੈਂ ਦਿੱਤਾ ਅੰਤਲੇ ਦਿਨ ਉੱਤੇ ਉਸਦਾ ਨਿਆਂ ਕਰੇਗਾ। 49 ਕਿਉਂ ਕਿ ਮੈਂ ਆਪਣੇ ਮਨੋਂ ਉਪਦੇਸ਼ ਨਹੀਂ ਦਿੱਤਾ ਸਗੋਂ ਜਿਸ ਪਿਤਾ ਨੇ ਮੈਨੂੰ ਭੇਜਿਆ, ਉਸ ਨੇ ਮੈਨੂੰ ਹੁਕਮ ਦਿੱਤਾ ਕਿ ਮੈਨੂੰ ਕੀ ਕਹਿਣਾ ਚਾਹੀਦਾ ਅਤੇ ਕੀ ਸਿੱਖਾਉਣਾ ਚਾਹੀਦਾ। 50 ਅਤੇ ਮੈਂ ਜਾਣਦਾ ਹਾਂ ਕਿ ਪਰਮੇਸ਼ੁਰ ਦਾ ਹੁਕਮ ਸਦੀਪਕ ਜੀਵਨ ਲਿਆਉਂਦਾ ਹੈ। ਇਸੇ ਲਈ ਜੋ ਸਬਦ ਮੈਂ ਬੋਲਦਾ ਹਾਂ ਅਤੇ ਉਪਦੇਸ਼ ਦਿੰਦਾ ਹਾਂ ਉਹ ਉਹੀ ਹਨ ਜੋ ਪਿਤਾ ਨੇ ਮੈਨੂੰ ਬੋਲਣ ਲਈ ਕਿਹਾ ਹੈ।”

Punjabi Bible: Easy-to-Read Version (ERV-PA)

2010 by World Bible Translation Center