Old/New Testament
1 ਪਰਮੇਸ਼ੁਰ ਵੱਲੋਂ ਅਗੰਮ ਵਾਕ। ਇਹ ਵਾਕ ਯਹੋਵਾਹ ਵੱਲੋਂ ਇਸਰਾਏਲ ਨੂੰ ਹੈ, ਜਿਸ ਲਈ ਪਰਮੇਸ਼ੁਰ ਨੇ ਮਲਾਕੀ ਨੂੰ ਕਿਹਾ।
ਪਰਮੇਸ਼ੁਰ ਨੂੰ ਇਸਰਾਏਲ ਪਿਆਰਾ ਹੈ
2 ਯਹੋਵਾਹ ਨੇ ਆਖਿਆ, “ਮੈਂ ਤੁਹਾਨੂੰ ਪਿਆਰ ਕਰਦਾ ਹਾਂ।”
ਪਰ ਤੁਸੀਂ ਕਿਹਾ, “ਕੀ ਸਬੂਤ ਹੈ ਕਿ ਤੂੰ ਸਾਨੂੰ ਪਿਆਰ ਕਰਦਾ ਹੈਂ?”
ਯਹੋਵਾਹ ਨੇ ਆਖਿਆ, “ਕੀ ਇਹ ਠੀਕ ਹੈ ਕਿ ਏਸਾਓ ਯਾਕੂਬ ਦਾ ਭਰਾ ਸੀ? ਠੀਕ ਹੈ ਨਾ? ਪਰ ਮੈਂ ਯਾਕੂਬ ਨੂੰ ਚੁਣਿਆ। 3 ਅਤੇ ਮੈਂ ਏਸਾਓ ਨੂੰ ਸਵੀਕਾਰ ਨਾ ਕੀਤਾ, ਸਗੋਂ ਮੈਂ ਉਸ ਦੇ ਪਹਾੜੀ ਦੇਸ਼ਾਂ ਨੂੰ ਤਬਾਹ ਕਰ ਦਿੱਤਾ ਹੁਣ ਓੱਥੇ ਸਿਰਫ਼ ਜੰਗਲੀ ਗਿੱਦੜ ਹੀ ਵੱਸਦੇ ਹਨ।”
4 ਭਾਵੇਂ ਅਦੋਮੀ ਆਖਣਗੇ, “ਅਸੀਂ ਬਰਬਾਦ ਹੋ ਗਏ ਪਰ ਅਸੀਂ ਵਾਪਸ ਜਾਕੇ ਆਪਣੇ ਸ਼ਹਿਰ ਨੂੰ ਮੁੜ ਬਣਾਵਾਂਗੇ।”
ਪਰ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਜੇਕਰ ਉਨ੍ਹਾਂ ਨੇ ਉਨ੍ਹਾਂ ਸ਼ਹਿਰਾਂ ਨੂੰ ਮੁੜ ਉਸਾਰਿਆ ਤਾਂ ਮੈਂ ਉਨ੍ਹਾਂ ਨੂੰ ਮੁੜ ਨਸ਼ਟ ਕਰ ਦੇਵਾਂਗਾ।” ਇਸੇ ਕਾਰਣ ਲੋਕ ਅਦੋਮ ਨੂੰ ਦੁਸ਼ਟ ਦੇਸ ਮੰਨਦੇ ਹਨ ਜਿਸ ਨੂੰ ਯਹੋਵਾਹ ਹਮੇਸ਼ਾ ਨਫਰਤ ਕਰਦਾ ਰਿਹਾ ਹੈ।
5 ਤੁਹਾਡੇ ਲੋਕਾਂ ਨੇ ਇਹ ਸਭ ਵੇਖਿਆ ਤਾਂ ਤੁਸੀਂ ਕਿਹਾ, “ਯਹੋਵਾਹ ਮਹਾਨ ਹੈ, ਉਸਦੀ ਮਹਿਮਾ ਇਸਰਾਏਲ ਤੋਂ ਬਾਹਰ ਵੀ ਹੈ।”
ਲੋਕ ਪਰਮੇਸ਼ੁਰ ਦੀ ਇੱਜ਼ਤ ਨਹੀਂ ਕਰਦੇ
6 ਯਹੋਵਾਹ ਸਰਬ ਸ਼ਕਤੀਮਾਨ ਨੇ ਆਖਿਆ, “ਬੱਚੇ ਆਪਣੇ ਪਿਤਾ ਦਾ ਅਤੇ ਨੌਕਰ ਆਪਣੇ ਮਾਲਿਕ ਦਾ ਆਦਰ ਕਰਦੇ ਹਨ। ਮੈਂ ਵੀ ਤੁਹਾਡਾ ਸੁਆਮੀ ਹਾਂ, ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਮੈਂ ਤੁਹਾਡਾ ਪਿਤਾ ਹਾਂ, ਤਾਂ ਫ਼ਿਰ ਭਲਾ ਤੁਸੀਂ ਮੇਰਾ ਆਦਰ ਕਿਉਂ ਨਹੀਂ ਕਰਦੇ? ਤੁਸੀਂ ਜਾਜਕੋ ਮੇਰੇ ਨਾਂ ਦਾ ਨਿਰਾਦਰ ਕਰਦੇ ਹੋ।”
ਪਰ ਤੁਸੀਂ ਕਹਿੰਦੇ ਹੋ, “ਅਸੀਂ ਅਜਿਹਾ ਕੀ ਕੀਤਾ ਹੈ ਜੋ ਇਹ ਦਰਸਾਉਂਦਾ ਹੈ ਕਿ ਅਸੀਂ ਤੇਰੇ ਨਾਉਂ ਦੀ ਇੱਜ਼ਤ ਨਹੀਂ ਕਰਦੇ?”
7 ਯਹੋਵਾਹ ਨੇ ਕਿਹਾ, “ਤੁਸੀਂ ਮੇਰੀ ਜਗਵੇਦੀ ਤੇ ਅਪਵਿੱਤਰ ਰੋਟੀ ਲਿਆਉਂਦੇ ਹੋ। ਪਰ ਤੁਸੀਂ ਕਿਹਾ,
“ਕਿਹੜੀ ਚੀਜ਼ ਭਲਾ ਰੋਟੀ ਨੂੰ ਅਪਵਿੱਤਰ ਤੇ ਗੰਦੀ ਬਣਾਉਂਦੀ ਹੈ?”
ਯਹੋਵਾਹ ਨੇ ਆਖਿਆ, “ਤੁਸੀਂ ਮੇਰੀ ਮੇਜ਼ (ਜਗਵੇਦੀ) ਦਾ ਆਦਰ ਨਹੀਂ ਕਰਦੇ। 8 ਤੁਸੀਂ ਬਲੀ ਲਈ ਅੰਨ੍ਹੇ ਜਾਨਵਰ ਚੜ੍ਹਾਉਂਦੇ ਹੋ। ਅਤੇ ਇਹ ਬੜੀ ਗ਼ਲਤ ਗੱਲ ਹੈ। ਤੁਸੀਂ ਮੇਰੀ ਜਗਵੇਦੀ ਲਈ ਬੀਮਾਰ ਅਤੇ ਲੰਗੜ੍ਹੇ ਜਾਨਵਰਾਂ ਦੀ ਬਲੀ ਲਿਆਉਂਦੇ ਹੋ ਜੋ ਕਿ ਬੜੀ ਗ਼ਲਤ ਗੱਲ ਹੈ। ਕਦੇ ਅਜਿਹੇ ਬੀਮਾਰ ਜਾਨਵਰ ਆਪਣੇ ਹਾਕਮ ਨੂੰ ਦੇਕੇ ਵੇਖੋ, ਕੀ ਉਹ ਬੀਮਾਰ ਜਾਨਵਰਾਂ ਦਾ ਤੋਹਫਾ ਸਵੀਕਾਰ ਕਰ ਲਵੇਗਾ? ਨਹੀਂ! ਉਹ ਅਜਿਹੇ ਤੋਹਫ਼ੇ ਕਦੇ ਵੀ ਸਵੀਕਾਰ ਨਹੀਂ ਕਰੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਅਜਿਹੀਆਂ ਗੱਲਾਂ ਆਖੀਆਂ।
9 “ਜਾਜਕੋ, ਤੁਸੀਂ ਯਹੋਵਾਹ ਨੂੰ ਤੁਹਾਡੇ ਲਈ ਚੰਗਾ ਹੋਣ ਦੀ ਮੰਗ ਕਰਦੇ ਹੋ, ਪਰ ਉਹ ਤੁਹਾਡੀ ਨਹੀਂ ਸੁਣਦਾ ਅਤੇ ਇਹ ਸਭ ਤੁਹਾਡਾ ਹੀ ਕਸੂਰ ਹੈ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
10 “ਮੈਂ ਆਸ ਕਰਦਾਂ ਕਿ ਕਾਸ਼ ਤੁਹਾਡੇ ਵਿੱਚੋਂ ਕੋਈ ਜਾਜਕਾਂ ਨੂੰ ਤੁਹਾਡੀਆਂ ਬੇਕਾਰ ਦੀਆਂ ਅੱਗਾਂ ਮੇਰੀ ਜਗਵੇਦੀ ਤੇ ਬਾਲਣ ਤੋਂ ਰੋਕਣ ਲਈ ਦਰਵਾਜ਼ੇ ਬੰਦ ਕਰ ਦੇਵੇ। ਮੈਂ ਤੁਹਾਡੇ ਨਾਲ ਪ੍ਰਸੰਨ ਨਹੀਂ ਹਾਂ ਨਾ ਹੀ ਮੈਂ ਤੁਹਾਡੀਆਂ ਭੇਟਾਂ ਸਵੀਕਾਰ ਕਰਾਂਗਾ।” ਯਹੋਵਾਹ ਸਰਬ-ਸੱਕਤੀਮਾਨ ਨੇ ਇਉਂ ਆਖਿਆ।
11 “ਸਾਰੀ ਦੁਨੀਆਂ ਵਿੱਚ ਮੇਰੇ ਨਾਂ ਦਾ ਆਦਰ ਹੁੰਦਾ ਹੈ ਅਤੇ ਸਾਰੀ ਦੁਨੀਆਂ ਦੇ ਦੁਆਲਿਓ ਲੋਕ ਮੇਰੇ ਲਈ ਵੱਧੀਆ ਤੋਹਫ਼ੇ ਲਿਆਉਂਦੇ ਹਨ। ਉਹ ਮੇਰੇ ਨਾਂ ਤੇ ਤੋਹਫ਼ੇ ਵਜੋਂ ਸੁਗੰਧਤ ਧੂਪਾਂ ਧੁਖਾਉਂਦੇ ਹਨ, ਕਿਉਂ ਕਿ ਉਨ੍ਹਾਂ ਸਾਰੇ ਲੋਕਾਂ ਲਈ ਮੇਰੇ ਨਾਂ ਦੀ ਮਹੱਤਾ ਹੈ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਗੱਲਾਂ ਆਖੀਆਂ।
12 “ਪਰ ਤੁਸੀਂ ਦਰਸਾਉਂਦੇ ਹੋ ਕਿ ਤੁਸੀਂ ਬਿਲਕੁਲ ਮੇਰੇ ਨਾਂ ਦਾ ਆਦਰ ਨਹੀਂ ਕਰਦੇ। ਯਹੋਵਾਹ ਦੀ ਜਗਵੇਦੀ ਅਪਵਿੱਤਰ ਹੈ ਅਤੇ ਇਸਦੀਆਂ ਬਲੀਆਂ ਅਪਮਾਨਜਨਕ ਹਨ ਆਖਕੇ ਇਸਦੀ ਨਖੇਧੀ ਕਰਦੇ ਹੋ। 13 ਅਤੇ ਤੁਸੀਂ ਉਸ ਮੇਜ਼ (ਜਗਵੇਦੀ) ਤੋਂ ਖਾਣਾ ਪਸੰਦ ਨਹੀਂ ਕਰਦੇ। ਤੁਸੀਂ ਭੋਜਨ ਨੂੰ ਸੁੰਘ ਕੇ ਖਾਣ ਤੋਂ ਮੁਨਕਰ ਹੋ ਜਾਂਦੇ ਹੋ। ਅਤੇ ਆਖਦੇ ਹੋ ਕਿ ਇਹ ਮਾੜਾ ਹੈ ਪਰ ਇਹ ਗੱਲ ਝੂਠ ਹੈ। ਫ਼ਿਰ ਤੁਸੀਂ ਮੇਰੇ ਲਈ ਬੀਮਾਰ, ਲੰਗੜ੍ਹੇ ਅਤੇ ਦਾਗ਼ੀ ਜਾਨਵਰ, ਮੇਰੀ ਬਲੀ ਲਈ ਲੈ ਆਉਂਦੇ ਹੋ। ਤੁਸੀਂ ਬਲੀ ਲਈ ਮੇਰੇ ਕੋਲ ਬੀਮਾਰ ਜਾਨਵਰਾਂ ਦੀ ਚਢ਼ਤ ਲੈ ਆਉਂਦੇ ਹੋ। ਪਰ ਮੈਂ ਤੁਹਾਡੇ ਕੋਲੋਂ ਅਜਿਹੇ ਬੀਮਾਰ ਜਾਨਵਰ ਸਵੀਕਾਰ ਨਾ ਕਰਾਂਗਾ। 14 ਕੁਝ ਲੋਕਾਂ ਕੋਲ ਕੁਝ ਤਗੜ੍ਹੇ ਨਰ ਜਾਨਵਰ ਤਾਂ ਹਨ, ਜਿਨ੍ਹਾਂ ਦੀ ਚੜ੍ਹਾਵੇ ’ਚ ਉਹ ਬਲੀ ਦੇ ਸੱਕਦੇ ਹਨ ਪਰ ਉਹ ਵੱਧੀਆ ਜਾਨਵਰ ਮੇਰੇ ਚੜ੍ਹਾਵੇ ਲਈ ਨਹੀਂ ਲਿਆਉਂਦੇ। ਕੁਝ ਲੋਕ ਮੇਰੇ ਅੱਗੇ ਵੱਧੀਆ ਜਾਨਵਰਾਂ ਦੀ ਚੜਤ ਵੀ ਕਰਦੇ ਹਨ ਅਤੇ ਉਹ ਮੋਟੇ ਜਾਨਵਰ ਅਗਾਂਹ ਮੈਨੂੰ ਦੇਣ ਦਾ ਇਕਰਾਰ ਵੀ ਕਰਦੇ ਹਨ ਪਰ ਉਹ ਚਲਾਕੀ ਨਾਲ ਚੰਗੇ ਜਾਨਵਰ ਬਦਲ ਕੇ ਉਨ੍ਹਾਂ ਦੀ ਬਾਵੇਂ ਬੀਮਾਰ ਜਾਨਵਰ ਮੈਨੂੰ ਮੜ੍ਹ ਦਿੰਦੇ ਹਨ। ਉਨ੍ਹਾਂ ਲੋਕਾਂ ਉੱਪਰ ਬਦੀ ਵਾਪਰੇਗੀ। ਮੈਂ ਮਹਾਨ ਪਾਤਸ਼ਾਹ ਹਾਂ। ਤੁਹਾਨੂੰ ਮੇਰੀ ਇੱਜ਼ਤ ਕਰਨੀ ਚਾਹੀਦੀ ਹੈ। ਸਾਰੀ ਦੁਨੀਆਂ ਦੇ ਲੋਕ ਮੇਰਾ ਆਦਰ ਕਰਦੇ ਹਨ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ।
ਜਾਜਕਾਂ ਲਈ ਬਿਧੀਆਂ
2 “ਹੇ ਜਾਜਕੋ! ਮੇਰੀ ਗੱਲ ਸੁਣੋ! ਇਹ ਬਿਧੀ ਤੁਹਾਡੇ ਲਈ ਹੈ! ਜੋ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ ਅਤੇ ਮੇਰੇ ਨਾਓਂ ਦੀ ਉਸਤਤ ਕਰੋ! 2 ਜੇਕਰ ਤੁਸੀਂ ਮੇਰੇ ਨਾਉਂ ਦਾ ਆਦਰ ਨਹੀਂ ਕਰੋਂਗੇ ਤਾਂ ਮੈਂ ਤੁਹਾਨੂੰ ਅਤੇ ਤੁਹਾਡੀਆਂ ਬਰਕਤਾਂ ਨੂੰ ਸਰਾਪ ਦੇਵਾਂਗਾ। ਤੁਸੀਂ ਅਸੀਸ ਮੰਗੋਂਗੇ ਤੇ ਤੁਹਾਨੂੰ ਸਰਾਪ ਮਿਲੇਗਾ ਕਿਉਂ ਕਿ ਤੁਸੀਂ ਮੇਰੇ ਨਾਉਂ ਦੀ ਇੱਜ਼ਤ ਨਹੀਂ ਕੀਤੀ। ਜੇ ਤੁਸੀਂ ਪ੍ਰਸੰਸਾ ਨਾ ਕਰੋਂਗੇ ਤਾਂ ਮੈਂ ਤੁਹਾਡੇ ਤੇ ਕਰੋਪੀ ਲਿਆਵਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫੁਰਮਾਇਆ।
3 “ਵੇਖੋ, ਮੈਂ ਤੁਹਾਡੇ ਉਤਰਾਧਿਕਾਰੀਆਂ ਨੂੰ ਝਿੜਕਾਂਗਾ ਤੇ ਸਜ਼ਾ ਦੇਵਾਂਗਾ। ਛੁੱਟੀਆਂ ’ਚ ਤੁਹਾਡੇ ਜਾਜਕ ਮੈਨੂੰ ਬਲੀਆਂ ਚੜ੍ਹਾਉਂਦੇ ਹਨ। ਤੁਸੀਂ ਜਾਨਵਰਾਂ ਦੇ ਅੰਦਰਲੇ ਗੰਦਗੀ ਵਾਲੇ ਅੰਗਾਂ ਨੂੰ ਅਤੇ ਗੋਬਰ ਨੂੰ ਕੱਢ ਕੇ ਸੁੱਟ ਦਿੰਦੇ ਹੋ, ਪਰ ਮੈਂ ਉਹ ਗੋਬਰ ਤੁਹਾਡੇ ਚਿਹਰਿਆਂ ਤੇ ਲੇਪਾਂਗਾ ਅਤੇ ਇਸ ਗੰਦਗੀ ਸਮੇਤ ਤੁਸੀਂ ਵੀ ਸੁੱਟੇ ਜਾਵੋਂਗੇ। 4 ਤਦ ਤੁਸੀਂ ਜਾਣੋਂਗੇ ਕਿ ਮੈਂ ਇਹ ਹੁਕਮ ਤੁਹਾਨੂੰ ਕਿਉਂ ਦੇ ਰਿਹਾ ਹਾਂ। ਮੈਂ ਇਹ ਹੁਕਮ ਤੁਹਾਨੂੰ ਇਸ ਲਈ ਦਿੱਤਾ ਤਾਂ ਜੋ ਲੇਵੀ ਨਾਲ ਮੇਰਾ ਇਕਰਾਰਨਾਮਾ ਰਹੇ, ਇਸੇ ਲਈ ਮੈਂ ਤੁਹਾਨੂੰ ਇਹ ਗੱਲਾਂ ਆਖੀਆਂ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
5 ਯਹੋਵਾਹ ਨੇ ਆਖਿਆ, “ਮੈਂ ਲੇਵੀ ਨਾਲ ਇਹ ਇਕਰਾਰਨਾਮਾ ਕੀਤਾ। ਮੈਂ ਉਸ ਨੂੰ ਜੀਵਨ ਅਤੇ ਸ਼ਾਂਤੀ ਦੇਣ ਦਾ ਵਾਅਦਾ ਕੀਤਾ-ਅਤੇ ਮੈਂ ਉਸ ਨੂੰ ਇਹ ਦਿੱਤਾ। ਉਸ ਨੇ ਮੇਰਾ ਆਦਰ ਕੀਤਾ ਅਤੇ ਮੇਰਾ ਨਾਉਂ ਦਾ ਜੱਸ ਕੀਤਾ। 6 ਸਚਿਆਈ ਦੀ ਸਿੱਖਿਆ ਉਸ ਦੇ ਮੂੰਹ ਤੇ ਸੀ। ਲੇਵੀ ਨੇ ਝੂਠ ਨਾ ਪ੍ਰਚਾਰਿਆ। ਉਹ ਈਮਾਨਦਾਰ ਸੀ ਅਤੇ ਸ਼ਾਂਤੀ ਦਾ ਜਾਜਕ ਸੀ। ਲੇਵੀ ਨੇ ਮੇਰੀ ਸਿੱਖਿਆ ਦਾ ਅਨੁਸਰਣ ਕੀਤਾ, ਮੇਰੇ ਪਿੱਛੇ ਲੱਗਾ ਅਤੇ ਉਸ ਨੇ ਬੜੇ ਸਾਰੇ ਮਨੁੱਖਾਂ ਨੂੰ ਕੁਰਾਹੇ ਪੈਣ ਤੋਂ ਬਚਾਇਆ। 7 ਇੱਕ ਜਾਜਕ ਨੂੰ ਪਰਮੇਸ਼ੁਰ ਦੀ ਬਿਵਸਬਾ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਲੋਕ ਉਸ ਕੋਲ ਜਾਣ ਅਤੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਦਾ ਗਿਆਨ ਹਾਸਿਲ ਕਰਨ। ਇੱਕ ਜਾਜਕ ਲੋਕਾਂ ਲਈ ਯਹੋਵਾਹ ਦੀ ਬਿਵਸਬਾ ਦੀ ਸਿੱਖਿਆ ਦਾ ਦੂਤ ਹੋਣਾ ਚਾਹੀਦਾ ਹੈ ਜੋ ਉਸ ਗਿਆਨ ਨੂੰ ਮਨੁੱਖਤਾ ਵਿੱਚ ਵੰਡੇ।”
8 ਯਹੋਵਾਹ ਨੇ ਆਖਿਆ, “ਪਰ ਤੁਸੀਂ ਜਾਜਕਾਂ ਨੇ ਮੇਰੀ ਬਿਵਸਬਾ ਨੂੰ ਨਹੀਂ ਮੰਨਿਆ ਸਗੋਂ ਤੁਸੀਂ ਬਿਵਸਬਾ ਨਾਲ ਲੋਕਾਂ ਨੂੰ ਗ਼ਲਤ ਸਮਝਾ ਕੇ ਉਨ੍ਹਾਂ ਨੂੰ ਕੁਰਾਹੇ ਪਾਇਆ। ਤੁਸੀਂ ਲੇਵੀ ਨਾਲ ਬਂਨੇ ਨੇਮ ਨੂੰ ਬਰਬਾਦ ਕਰਕੇ ਰੱਖ ਦਿੱਤਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਫਰਮਾਏ। 9 “ਤੁਸੀਂ ਮੇਰੇ ਪਾਏ ਰਾਹ ਤੇ ਨਾ ਤੁਰੇ। ਤੁਸੀਂ ਮੇਰੀ ਬਿਵਸਬਾ ਨੂੰ ਨਾ ਮੰਨਿਆ। ਇਸ ਲਈ ਮੈਂ ਤੁਹਾਨੂੰ ਨਖਿੱਧ ਕਰਾਰ ਦਿੰਦਾ ਹਾਂ-ਅਤੇ ਲੋਕ ਤੁਹਾਡਾ ਆਦਰ ਨਾ ਕਰਨਗੇ।”
ਯਹੂਦਾਹ ਪਰਮੇਸ਼ੁਰ ਨਾਲ ਸੱਚਾ ਨਹੀਂ ਸੀ
10 ਸਾਡਾ ਸਭ ਦਾ ਪਿਤਾ (ਪਰਮੇਸ਼ੁਰ) ਇੱਕ ਹੈ। ਉਸ ਨੇ ਹੀ ਸਾਨੂੰ ਸਾਰਿਆਂ ਨੂੰ ਸਾਜਿਆ ਹੈ। ਤਾਂ ਫ਼ਿਰ ਭਾਈ-ਭਾਈ ਨੂੰ ਕਿਉਂ ਧੋਖਾ ਦਿੰਦਾ ਹੈ? ਅਜਿਹੇ ਲੋਕ ਇਉਂ ਕਰਕੇ ਇਹ ਜਤਾਉਂਦੇ ਹਨ ਕਿ ਉਨ੍ਹਾਂ ਨੂੰ ਨੇਮ ਦਾ ਕੋਈ ਆਦਰ ਨਹੀਂ। ਉਨ੍ਹਾਂ ਨੂੰ ਉਸ ਬਿਵਸਬਾ ਦੀ ਕੋਈ ਇੱਜ਼ਤ ਨਹੀਂ ਜਿਹੜੀ ਸਾਡੇ ਪੁਰਖਿਆਂ ਨੇ ਪਰਮੇਸ਼ੁਰ ਨਾਲ ਬੰਨ੍ਹੀ ਸੀ। 11 ਯਹੂਦਾਹ ਦੇ ਲੋਕਾਂ ਨੇ ਦੂਜਿਆਂ ਲੋਕਾਂ ਨਾਲ ਧੋਖਾ ਕੀਤਾ। ਯਰੂਸ਼ਲਮ ਅਤੇ ਇਸਰਾਏਲ ਵਿੱਚ ਲੋਕਾਂ ਨੇ ਹਨੇਰ ਮਚਾਇਆ। ਪਰਮੇਸ਼ੁਰ ਉਸ ਮੰਦਰ ਨੂੰ ਪਿਆਰ ਕਰਦਾ ਹੈ ਪਰ ਯਹੂਦਾਹ ਦੇ ਮਨੁੱਖਾਂ ਨੇ ਯਹੋਵਾਹ ਦੇ ਪਵਿੱਤਰ ਮੰਦਰ ਵੱਲ ਕੋਈ ਆਦਰ ਨਾ ਪ੍ਰਗਟਾਇਆ ਸਗੋਂ ਯਹੂਦਾਹ ਦੇ ਲੋਕਾਂ ਨੇ ਵਿਦੇਸ਼ੀ ਦੇਵੀਆਂ ਦੀ ਉਪਾਸਨਾ ਸ਼ੁਰੂ ਕਰ ਦਿੱਤੀ। 12 ਯਹੋਵਾਹ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੇ ਘਰਾਣੇ ਵਿੱਚੋਂ ਹਟਾਅ ਦੇਵੇਗਾ। ਭਾਵੇਂ ਉਹ ਲੋਕ ਫ਼ਿਰ ਯਹੋਵਾਹ ਲਈ ਭੇਟਾਂ ਤੇ ਤੋਹਫ਼ੇ ਲੈ ਕੇ ਆਉਣ-ਪਰ ਇਸ ਨਾਲ ਕੋਈ ਲਾਭ ਨਾ ਹੋਵੇਗਾ। 13 ਤੁਸੀਂ ਰੋ-ਰੋ ਕੇ ਯਹੋਵਾਹ ਦੀ ਜਗਵੇਦੀ ਨੂੰ ਹੰਝੂਆਂ ਨਾਲ ਭਾਵੇਂ ਭਰ ਦੇਵੋਁ, ਪਰ ਉਹ ਤੁਹਾਡੀ ਭੇਟਾ ਸਵੀਕਾਰ ਨਾ ਕਰੇਗਾ। ਯਹੋਵਾਹ ਤੁਹਾਡੀਆਂ ਵਸਤਾਂ ਉੱਪਰ ਨਾ ਰੀਝੇਗਾ।
14 ਤੁਸੀਂ ਆਖਦੇ ਹੋ, “ਸਾਡੀਆਂ ਭੇਟਾ ਯਹੋਵਾਹ ਵੱਲੋਂ ਕਿਉਂ ਪ੍ਰਵਾਣ ਨਹੀਂ?” ਕਿਉਂ ਕਿ ਉਹ ਤੁਹਾਡੀਆਂ ਬਦੀਆਂ ਨੂੰ ਵੇਖਦਾ ਹੈ, ਅਤੇ ਉਹ ਤੁਹਾਡੀ ਬਦੀ ਦੇ ਖਿਲਾਫ਼ ਚਸ਼ਮਦੀਦ ਗਵਾਹ ਹੈ। ਉਸ ਨੇ ਤੈਨੂੰ ਤੇਰੀ ਪਤਨੀ ਨਾਲ ਬੇਵਫ਼ਾਈ ਕਰਦਿਆਂ ਵੇਖਿਆ। ਤੇਰੀ ਜਵਾਨੀ ਵਿੱਚ ਤੂੰ ਉਸ ਮੁਟਿਆਰ ਨਾਲ ਦੋਸਤੀ ਕੀਤੀ, ਆਪਣੀ ਸਾਬਣ-ਸਖੀ ਨੂੰ ਆਪਣੀ ਪਤਨੀ ਬਣਾਇਆ ਫ਼ਿਰ ਇੱਕ ਦੂਜੇ ਨਾਲ ਸੌਂਹਾਂ ਖਾਕੇ ਪਤੀ-ਪਤਨੀ ਬਣੇ ਪਰ ਫ਼ਿਰ ਤੂੰ ਉਸ ਨਾਲ ਧੋਖਾ ਕੀਤਾ। 15 ਪਰਮੇਸ਼ੁਰ ਪਤੀ-ਪਤਨੀ ਨੂੰ ਇੱਕ ਜਿਸਮ, ਇੱਕ ਰੂਹ ਵਜੋਂ ਵੇਖਣਾ ਚਾਹੁੰਦਾ ਹੈ ਤਾਂ ਜੋ ਉਨ੍ਹਾਂ ਨੂੰ ਪਵਿੱਤਰ ਬੱਚੇ ਪੈਦਾ ਹੋਣ। ਇਸ ਲਈ ਤੁਹਾਨੂੰ ਉਸ ਆਤਮਿਕ ਏਕਤਾ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਆਪਣੀ ਪਤਨੀ ਨਾਲ ਫ਼ਰੇਬ ਨਹੀਂ ਕਰਨਾ ਚਾਹੀਦਾ। ਉਹ ਜੁਆਨੀ ਤੋਂ ਤੇਰੇ ਅੰਗ-ਸੰਗ ਰਹੀ ਹੈ।
16 ਇਸਰਾਏਲ ਦਾ ਯਹੋਵਾਹ ਪਰਮੇਸ਼ੁਰ ਆਖਦਾ ਹੈ, “ਮੈਂ ਤਲਾਕ ਨੂੰ ਨਫ਼ਰਤ ਕਰਦਾ ਹਾਂ ਅਤੇ ਜਿਹੜੇ ਆਦਮੀ ਜ਼ਾਲਿਮਾਨਾ ਹਰਕਤਾਂ ਕਰਦੇ ਹਨ ਮੈਂ ਉਸ ਤੋਂ ਘਿਰਣਾ ਖਾਂਦਾ ਹਾਂ। ਤੁਸੀਂ ਆਪਣੇ ਅੰਦਰ ਅਧਿਆਤਮਕ ਸ਼ਕਤੀ ਕਾਇਮ ਕਰੋ ਅਤੇ ਆਪਣੀ ਪਤਨੀ ਨਾਲ ਬੇਪਰਤੀਤੀ ਨਾ ਕਰੋ।”
ਨਿਆਂ ਦਾ ਵਿਸ਼ੇਸ਼ ਸਮਾਂ
17 ਤੁਸੀਂ ਗ਼ਲਤ ਗੱਲਾਂ ਦਾ ਪ੍ਰਚਾਰ ਕੀਤਾ ਅਤੇ ਉਨ੍ਹਾਂ ਗ਼ਲਤ ਗੱਲਾਂ ਨੇ ਯਹੋਵਾਹ ਨੂੰ ਉਦਾਸ ਕੀਤਾ। ਤੁਸੀਂ ਲੋਕਾਂ ਵਿੱਚ ਗ਼ਲਤ ਪ੍ਰਚਾਰ ਕੀਤਾ ਕਿ ਬਦੀ ਕਰਨ ਵਾਲੇ ਲੋਕਾਂ ਨੂੰ ਪਰਮੇਸ਼ੁਰ ਪਸੰਦ ਕਰਦਾ ਹੈ ਤੁਸੀਂ ਪ੍ਰਚਾਰਿਆ ਕਿ ਅਜਿਹੇ ਮਨੁੱਖਾਂ ਨੂੰ ਪਰਮੇਸ਼ੁਰ ਭਲੇ ਸਮਝਦਾ ਹੈ। ਅਤੇ ਪਰਮੇਸ਼ੁਰ ਬਦੀ ਕਰਨ ਵਾਲਿਆਂ ਨੂੰ ਸਜ਼ਾ ਨਹੀਂ ਦਿੰਦਾ।
3 ਸਰਬ ਸ਼ਕਤੀਮਾਨ ਪ੍ਰਭੂ ਆਖਦਾ ਹੈ: “ਮੈਂ ਆਪਣਾ ਦੂਤ ਭੇਜ ਰਿਹਾ ਹਾਂ ਤਾਂ ਜੋ ਉਹ ਮੇਰੇ ਅੱਗੇ ਰਾਹ ਤਿਆਰ ਕਰੇ। ਤਾਂ ਫ਼ਿਰ ਅਚਾਨਕ ਜਿਸ ਯਹੋਵਾਹ ਨੂੰ ਤੁਸੀਂ ਭਾਲਦੇ ਹੋ, ਉਹ ਆਪਣੇ ਮੰਦਰ ਵਿੱਚ ਆ ਜਾਵੇਗਾ। ਹਾਂ, ਉਹ ਨਵੇਂ ਨੇਮ ਦਾ ਦੂਤ, ਜਿਸ ਨੂੰ ਤੁਸੀਂ ਚਾਹੁੰਦੇ ਹੋ, ਸੱਚਮੁੱਚ ਆ ਰਿਹਾ ਹੈ।
2 “ਉਸ ਵਕਤ ਲਈ ਕੋਈ ਤਿਆਰੀ ਨਹੀਂ ਕਰ ਸੱਕਦਾ। ਜਦੋਂ ਉਹ ਆਵੇਗਾ ਉਸ ਦੇ ਸਾਹਵੇਂ ਕੋਈ ਖੜੋ ਨਾ ਸੱਕੇਗਾ। ਉਹ ਬਲਦੀ ਮਸ਼ਾਲ ਵਾਂਗ ਹੋਵੇਗਾ। ਉਹ ਬੜੇ ਤੇਜ਼ ਸਾਬਨ ਵਰਗਾ ਹੋਵੇਗਾ ਜਿਸ ਨੂੰ ਮਨੁੱਖ ਮੈਲੇ ਤੋਂ ਮੈਲਾ ਵਸਤਰ ਧੋਣ ਲਈ ਵਰਤਦੇ ਹਨ। 3 ਉਹ ਲੇਵੀਆਂ ਨੂੰ ਸਾਫ਼ ਕਰੇਗਾ। ਉਹ ਉਨ੍ਹਾਂ ਨੂੰ ਪਵਿੱਤਰ ਬਣਾਵੇਗਾ ਜਿਵੇਂ ਚਾਂਦੀ ਨੂੰ ਅੱਗ ਵਿੱਚ ਪਾਕੇ ਪਵਿੱਤਰ ਤੇ ਸਾਫ਼ ਕੀਤਾ ਜਾਂਦਾ ਹੈ। ਫ਼ਿਰ ਉਹ ਯਹੋਵਾਹ ਦੇ ਅੱਗੇ ਭੇਟਾ ਲਿਆਉਣਗੇ-ਅਤੇ ਉਹ ਸਾਰੇ ਕੰਮ ਠੀਕ ਢੰਗ ਨਾਲ ਕਰਨਗੇ। 4 ਫ਼ਿਰ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੀਆਂ ਭੇਟਾ ਪ੍ਰਵਾਣ ਕਰ ਲਵੇਗਾ ਜਿਵੇਂ ਕਿ ਪਹਿਲਾਂ ਹੁੰਦਾ ਸੀ। ਜਿਵੇਂ ਕਿ ਅਤੀਤ ਵਿੱਚ ਬਹੁਤ ਸਮਾਂ ਪਹਿਲਾਂ ਉਹ ਭੇਟਾ ਪ੍ਰਵਾਣ ਕਰਦਾ ਸੀ। 5 ਫ਼ਿਰ ਮੈਂ ਆਵਾਂਗਾ ਅਤੇ ਤੁਹਾਡੇ ਕੋਲ ਰਵਾਂਗਾ ਅਤੇ ਨਿਆਉਂ ਕਰਾਂਗਾ। ਮੈਂ ਕਿਸੇ ਉਸ ਵਾਂਗ ਹੋਵਾਂਗਾ ਜੋ ਨਿਆਂਕਾਰਾਂ ਦੇ ਕੋਲ ਲੋਕਾਂ ਦੇ ਚਸ਼ਮਦੀਦ ਗਵਾਹ ਵਾਂਗ ਆਉਂਦਾ ਹੈ, ਜੋ ਉਨ੍ਹਾਂ ਦੀਆਂ ਕਰਨੀਆਂ ਦਾ ਹਿਸਾਬ ਦੱਸੇਗਾ। ਕੁਝ ਲੋਕ, ਮਜਦੂਰਾਂ ਨੂੰ ਮਜਦੂਰੀ ਨਾ ਦੇਕੇ ਧੋਖਾ ਦਿੰਦੇ ਹਨ, ਕੁਝ ਲੋਕ ਯਾਤੀਮਾਂ ਅਤੇ ਵਿਧਵਾਵਾਂ ਨੂੰ ਸਤਾਉਂਦੇ ਹਨ ਅਤੇ ਕੁਝ ਲੋਕ ਵਿਦੇਸ਼ੀਆਂ ਨੂੰ ਨਿਆਂ ਤੋਂ ਵਾਂਝਾ ਰੱਖਦੇ ਹਨ। ਲੋਕ ਭੈ ਨਹੀਂ ਖਾਂਦੇ ਅਤੇ ਮੇਰਾ ਆਦਰ ਨਹੀਂ ਕਰਦੇ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਕਹੇ।
ਪਰਮੇਸ਼ੁਰ ਕੋਲੋਂ ਚੋਰੀ
6 “ਮੈਂ ਯਹੋਵਾਹ ਹਾਂ, ਮੈਂ ਬਦਲਿਆ ਨਹੀਂ ਹਾਂ। ਤੁਸੀਂ ਯਾਕੂਬ ਦੀ ਔਲਾਦ ਹੋ, ਅਤੇ ਤੁਸੀਂ ਪੂਰੀ ਤਰ੍ਹਾਂ ਖਤਮ ਨਹੀਂ ਕੀਤੇ ਗਏ। 7 ਪਰ ਤੁਸੀਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਰਹੇ, ਇੱਥੋਂ ਤੀਕ ਕਿ ਤੁਹਾਡੇ ਪੁਰਖਿਆਂ ਨੇ ਵੀ ਮੇਰੀ ਬਿਵਸਬਾ ਦਾ ਪਾਲਣ ਕਰਨਾ ਛੱਡ ਦਿੱਤਾ। ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਮੁੜਾਂਗਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ,
“ਤੁਸੀਂ ਆਖਦੇ ਹੋ, ‘ਅਸੀਂ ਕਿਵੇਂ ਪਰਤ ਸੱਕਦੇ ਹਾਂ?’
8 “ਪਰਮੇਸ਼ੁਰ ਦੇ ਘਰ ਚੋ ਠੱਗਣਾ ਬੰਦ ਕਰ ਦੇਵੋ ਲੋਕਾਂ ਨੂੰ ਪਰਮੇਸ਼ੁਰ ਦੇ ਘਰ ਚੋ ਵਸਤਾਂ ਨਹੀਂ ਚੁਰਾਉਣੀਆਂ ਚਾਹੀਦੀਆਂ, ਪਰ ਤੁਸੀਂ ਮੇਰੇ ਨਾਲ ਹੀ ਠੱਗੀ ਕੀਤੀ।
“ਤੁਸੀਂ ਕਿਹਾ, ‘ਭਲਾ ਅਸੀਂ ਤੇਰਾ ਕੀ ਚੁਰਾਇਆ ਹੈ?’
“ਤੁਹਾਨੂੰ ਆਪਣੀਆਂ ਵਸਤਾਂ ਦਾ ਦਸਵੰਧ ਮੈਨੂੰ ਦੇਣਾ ਚਾਹੀਦਾ ਹੈ, ਤੁਹਾਨੂੰ ਮੇਰੇ ਲਈ ਖਾਸ ਤੋਹਫ਼ੇ ਭੇਟ ਕਰਨੇ ਚਾਹੀਦੇ ਹਨ, ਪਰ ਤੁਸੀਂ ਮੈਨੂੰ ਅਜਿਹਾ ਕੁਝ ਨਾ ਦਿੱਤਾ। 9 ਇਸ ਤਰ੍ਹਾਂ ਤੁਹਾਡੀ ਪੂਰੀ ਕੌਮ ਨੇ ਮੇਰੇ ਨਾਲ ਠੱਗੀ ਕੀਤੀ। ਇਸੇ ਲਈ ਤੁਹਾਡੇ ਤੇ ਸੰਕਟ ਹਾਵੀ ਹੋ ਰਿਹਾ ਹੈ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ। 11 ਮੈਂ ਕੀੜਿਆਂ ਨੂੰ ਤੁਹਾਡੀ ਫ਼ਸਲ ਨਸ਼ਟ ਨਹੀਂ ਕਰਨ ਦੇਵਾਂਗਾ। ਤੁਹਾਡੇ ਸਾਰੇ ਅੰਗੂਰੀ ਬਾਗ਼ਾਂ ਵਿੱਚ ਢੇਰਾਂ ਅੰਗੂਰ ਦੀ ਫ਼ਸਲ ਪੈਦਾ ਹੋਵੇਗੀ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
12 “ਦੂਜੀਆਂ ਕੌਮਾਂ ਦੇ ਮਨੁੱਖਾਂ ਦਾ ਵਤੀਰਾ ਵੀ ਤੁਹਾਡੇ ਨਾਲ ਚੰਗਾ ਹੋਵੇਗਾ। ਤੁਹਾਡਾ ਦੇਸ ਸੱਚਮੁੱਚ ਕਮਾਲ ਦਾ ਹੋ ਜਾਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।
ਨਿਆਂ ਦਾ ਖਾਸ ਸਮਾਂ
13 ਯਹੋਵਾਹ ਆਖਦਾ ਹੈ, “ਤੁਸੀਂ ਮੈਨੂੰ ਕਮੀਨੀਆਂ ਗੱਲਾਂ ਆਖੀਆਂ।”
ਪਰ ਤੁਸੀਂ ਪੁੱਛਿਆ, “ਅਸੀਂ ਭਲਾ ਤੈਨੂੰ ਕੀ ਕਮੀਨੀਆਂ ਗੱਲਾਂ ਆਖੀਆਂ?”
14 ਤੁਸੀਂ ਕਿਹਾ, “ਯਹੋਵਾਹ ਦੀ ਉਪਾਸਨਾ ਕਰਨਾ ਫ਼ਿਜ਼ੂਲ ਹੈ। ਸਾਨੂੰ ਜੋ ਕੁਝ ਯਹੋਵਾਹ ਨੇ ਕਿਹਾ, ਅਸੀਂ ਕੀਤਾ, ਪਰ ਸਾਨੂੰ ਕੋਈ ਫਾਇਦਾ ਨਾ ਹੋਇਆ। ਅਸੀਂ ਆਪਣੇ ਪਾਪਾਂ ਕਾਰਣ ਦੁੱਖੀ ਸੀ ਜਿਵੇਂ ਲੋਕ ਮੌਤ ਦੇ ਕੀਰਨੇ ਪਾਉਂਦੇ ਹਨ ਅਸੀਂ ਵੈਣ ਪਾਏ ਪਰ ਕੋਈ ਲਾਭ ਨਾ ਹੋਇਆ। 15 ਹੁਣ ਅਸੀਂ ਸੋਚਦੇ ਹਾਂ ਕਿ ਘਮਂਡੀ ਲੋਕ ਖੁਸ਼ ਹਨ ਅਤੇ ਬਦ ਲੋਕ ਕਾਮਯਾਬ ਹੁੰਦੇ ਹਨ। ਉਹ ਪਰਮੇਸ਼ੁਰ ਦੇ ਸਬਰ ਦਾ ਇਮਤਿਹਾਨ ਲੈਣ ਲਈ ਬਦੀ ਕਰਦੇ ਹਨ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦਿੰਦਾ।”
16 ਤਦ ਪਰਮੇਸ਼ੁਰ ਦੇ ਚੇਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇਕੇ ਸੁਣੀਆਂ। ਉਸ ਦੇ ਸਾਹਵੇਂ ਇੱਕ ਪੋਥੀ ਪਈ ਹੈ ਜਿਸ ਵਿੱਚ ਪਰਮੇਸ਼ੁਰ ਦੇ ਚੇਲਿਆਂ ਦੇ ਨਾਉਂ ਲਿਖੇ ਹੋਏ ਹਨ। ਇਹ ਉਹ ਮਨੁੱਖ ਹਨ ਜੋ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ।
17 ਯਹੋਵਾਹ ਨੇ ਆਖਿਆ, “ਉਹ ਮੇਰੇ ਮਨੁੱਖ ਹੋਣਗੇ ਅਤੇ ਮੈਂ ਉਨ੍ਹਾਂ ਤੇ ਮਿਹਰਬਾਨ ਹੋਵਾਂਗਾ। ਉਹ ਮਨੁੱਖ ਜਿਸਦੇ ਬੱਚੇ ਬੜੇ ਆਗਿਆਕਾਰੀ ਹੋਣ ਉਹ ਉਨ੍ਹਾਂ ਤੇ ਬੜਾ ਦਯਾਲੂ ਹੁੰਦਾ ਹੈ ਇਵੇਂ ਹੀ ਮੈਂ ਆਪਣੇ ਚੇਲਿਆਂ ਤੇ ਕਿਰਪਾਲੂ ਹੋਵਾਂਗਾ। 18 ਤੁਸੀਂ ਲੋਕ ਮੇਰੇ ਵੱਲ ਪਰਤੋਂਗੇ ਅਤੇ ਨੇਕੀ ਅਤੇ ਬਦੀ ਵਿੱਚਲਾ ਫ਼ਰਕ ਜਾਣ ਜਾਵੋਂਗੇ। ਫ਼ਿਰ ਤੁਸੀਂ ਉਸ ਵਿੱਚਲਾ ਫ਼ਰਕ ਸਮਝ ਜਾਵੋਂਗੇ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਅਤੇ ਜਿਹੜਾ ਪਰਮੇਸ਼ੁਰ ਨੂੰ ਨਹੀਂ ਮੰਨਦਾ ਹੈ। ਨਹੀਂ ਮੰਨਦਾ ਹੈ।
4 “ਨਿਆਂ ਦਾ ਉਹ ਸਮਾਂ ਆ ਰਿਹਾ ਹੈ। ਇਹ ਭਖਦੀ ਭੱਠੀ ਵਾਂਗ ਹੋਵੇਗਾ ਜਿਸ ਵਿੱਚ ਸਾਰੇ ਹੰਕਾਰੀ ਮਨੁੱਖ ਝੋਖੇ ਜਾਣਗੇ ਇਹ ਬਦ ਲੋਕ ਕੱਖਾਂ ਵਾਂਗ ਸੜਨਗੇ। ਉਸ ਵਕਤ, ਉਹ ਅੱਗ ਵਿੱਚ ਬਲਦੀ ਝਾੜੀ ਵਾਂਗ ਹੋਣਗੇ ਜਿਸ ਵਿੱਚ ਕੋਈ ਵੀ ਤਣਾ ਜਾਂ ਜੜ ਨਾ ਬਚੇਗੀ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
2 “ਪਰ ਉਨ੍ਹਾਂ ਮਨੁੱਖਾਂ ਲਈ, ਜਿਹੜੇ ਮੇਰੇ ਨਾਂ ਦਾ ਭੈਅ ਮੰਨਦੇ ਹਨ, ਉਨ੍ਹਾਂ ਲਈ ਧਰਮ ਦਾ ਸੂਰਜ ਚਢ਼ੇਗਾ ਅਤੇ ਉਸ ਦੀਆਂ ਕਿਰਣਾਂ ਵਿੱਚ ਸ਼ਿਫ਼ਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗ ਬਾਹਰ ਨਿਕਲੋਂਗੇ ਅਤੇ ਕੁਦੋ-ਟਪੋਂਗੇ। 3 ਤੁਸੀਂ ਉਨ੍ਹਾਂ ਪਾਪੀਆਂ ਨੂੰ ਮਿਧੋਂਗੇ ਅਤੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਹੇਠਲੀ ਸੁਆਹ ਵਾਂਗ ਹੋਣਗੇ। ਇਹ ਸਭ ਮੈਂ ਨਿਆਂ ਦੇ ਸਮੇਂ ਕਰਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
4 “ਮੂਸਾ ਦੀ ਬਿਵਸਬਾ ਨੂੰ ਯਾਦ ਰੱਖੋ, ਕਿਉਂ ਜੋ ਮੂਸਾ ਮੇਰਾ ਸੇਵਕ ਸੀ। ਉਸ ਨੂੰ ਇਹ ਬਿਵਸਬਾ ਅਤੇ ਨੇਮ ਅਤੇ ਨਿਆਂ ਹੋਰੇਬ (ਪਰਬਤ) ਤੇ ਦਿੱਤੇ ਸਨ। ਇਹ ਨਿਆਂ ਤੇ ਬਿਧੀ ਸਾਰੇ ਇਸਰਾਏਲੀਆਂ ਲਈ ਹੈ।”
5 ਯਹੋਵਾਹ ਨੇ ਆਖਿਆ, “ਵੇਖੋ! ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ। ਉਹ ਯਹੋਵਾਹ ਦੇ ਮਹਾਨ ਅਤੇ ਭਿਆਨਕ ਖੌਫ਼ਨਾਕ ਨਿਆਂ ਦੇ ਸਮੇਂ ਤੋਂ ਪਹਿਲਾਂ ਤੁਹਾਡੇ ਕੋਲ ਆਵੇਗਾ। 6 ਲੀਯਾਹ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਕੋਲ ਲਿਆਉਣ ਵਿੱਚ ਮਦਦ ਕਰੇਗਾ ਅਤੇ ਬੱਚਿਆਂ ਨੂੰ ਮਾਪਿਆਂ ਦੇ ਨੇੜੇ ਲਿਆਉਣ ਵਿੱਚ। ਇਉਂ ਜ਼ਰੂਰ ਵਾਪਰੇਗਾ। ਜਾਂ ਮੈਂ (ਪਰਮੇਸ਼ੁਰ) ਧਰਤੀ ਤੇ ਉਤਰਾਂਗਾ ਅਤੇ ਤੁਹਾਡੇ ਦੇਸ ਦਾ ਸੱਤਿਆਨਾਸ ਕਰਾਂਗਾ।”
22 ਫ਼ੇਰ ਮੈਨੂੰ ਦੂਤ ਨੇ ਜੀਵਨ ਦੇ ਜਲ ਦਾ ਦਰਿਆ ਵਿਖਾਇਆ। ਨਦੀ ਬਲੌਰ ਵਾਂਗ ਚਮਕ ਰਹੀ ਸੀ। ਇਹ ਨਦੀ ਪਰਮੇਸ਼ੁਰ ਦੇ ਅਤੇ ਲੇਲੇ ਦੇ ਤਖਤ ਤੋਂ ਵੱਗਦੀ ਸੀ। 2 ਇਹ ਸ਼ਹਿਰ ਦੀ ਗਲੀ ਦੇ ਵਿੱਚਕਾਰ ਵੱਗਦੀ ਹੈ। ਨਦੀ ਦੇ ਦੋਹਾਂ ਕੰਢਿਆਂ ਉੱਪਰ ਜੀਵਨ ਦਾ ਰੁੱਖ ਸੀ। ਜੀਵਨ ਦਾ ਰੁੱਖ ਸਾਲ ਵਿੱਚ ਬਾਰ੍ਹਾਂ ਵਾਰੀਂ ਫ਼ਲ ਦਿੰਦਾ ਹੈ। ਇਹ ਹਰ ਮਹੀਨੇ ਫ਼ਲ ਦਿੰਦਾ ਹੈ। ਰੁੱਖ ਦੇ ਪੱਤਿਆਂ ਦੀ ਵਰਤੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੰਗਾ ਕਰਨ ਲਈ ਕੀਤੀ ਜਾਂਦੀ ਹੈ।
3 ਪਰਮੇਸ਼ੁਰ ਲਈ ਇਸ ਸ਼ਹਿਰ ਦੇ ਲੋਕਾਂ ਨੂੰ ਕੋਸਣਾ ਹੋਰ ਵੱਧੇਰੇ ਜਰੂਰੀ ਨਹੀਂ ਹੋਵੇਗਾ। ਪਰਮੇਸ਼ੁਰ ਅਤੇ ਲੇਲੇ ਦਾ ਤਖਤ ਸ਼ਹਿਰ ਵਿੱਚ ਹੋਵੇਗਾ। ਪਰਮੇਸ਼ੁਰ ਦੇ ਸੇਵਕ ਉਸਦੀ ਉਪਾਸਨਾ ਕਰਨਗੇ। 4 ਉਹ ਉਸਦਾ ਦੀਦਾਰ ਕਰਨਗੇ। ਪਰਮੇਸ਼ੁਰ ਦਾ ਨਾਮ ਉਨ੍ਹਾਂ ਦੇ ਮੱਥਿਆਂ ਤੇ ਲਿਖਿਆ ਹੋਵੇਗਾ। 5 ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ।
6 ਦੂਤ ਨੇ ਮੈਨੂੰ ਆਖਿਆ, “ਇਹ ਸ਼ਬਦ ਸੱਚੇ ਹਨ ਅਤੇ ਵਿਸ਼ਵਾਸ ਕਰਨ ਯੋਗ ਹਨ। ਪ੍ਰਭੂ ਆਤਮਿਆਂ ਅਤੇ ਨਬੀਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਨੇ ਆਪਣਾ ਦੂਤ ਆਪਣੇ ਲੋਕਾਂ ਨੂੰ ਉਹ ਘਟਨਾਵਾਂ ਦਰਸਾਉਣ ਲਈ ਭੇਜਿਆ ਹੈ ਜਿਹੜੀਆਂ ਛੇਤੀ ਹੀ ਵਾਪਰਨੀਆਂ ਚਾਹੀਦੀਆਂ ਹਨ। 7 ‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’”
8 ਮੈਂ ਯੂਹੰਨਾ ਹਾਂ। ਮੈਂ ਹੀ ਸੀ ਜਿਸਨੇ ਇਹ ਗੱਲਾਂ ਸੁਣੀਆਂ ਤੇ ਦੇਖੀਆਂ ਸਨ। ਇਹ ਗੱਲਾਂ ਸੁਨਣ ਅਤੇ ਦੇਖਣ ਤੋਂ ਬਾਅਦ, ਮੈਂ ਉਸ ਦੂਤ ਦੇ ਚਰਣਾਂ ਉੱਤੇ ਸ਼ੀਸ਼ ਨਿਵਾਇਆ ਜਿਸਨੇ ਉਸਦੀ ਉਪਾਸਨਾ ਕਰਾਉਣ ਲਈ ਮੈਨੂੰ ਇਹ ਸਭ ਗੱਲਾਂ ਦਰਸ਼ਾਈਆਂ। 9 ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰੋ। ਮੈਂ ਵੀ ਤੁਹਾਡੇ ਅਤੇ ਤੁਹਾਡੇ ਨਬੀਆਂ ਭਰਾਵਾਂ ਵਰਗਾ ਹੀ ਹਾਂ। ਮੈਂ ਵੀ ਹੋਰ ਸਾਰਿਆਂ, ਵਰਗਾ ਇੱਕ ਸੇਵਕ ਹਾਂ ਜਿਹੜੇ ਇਸ ਵਿੱਚ ਲਿਖੇ ਬਚਨਾਂ ਦਾ ਅਨੁਸਰਣ ਕਰਦੇ ਹਨ। ਤੁਹਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।”
10 ਫ਼ਿਰ ਦੂਤ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਅਗੰਮ ਵਾਕ ਦੇ ਬਚਨਾਂ ਨੂੰ ਗੁਪਤ ਨਾ ਰੱਖ। ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਬਹੁਤ ਨੇੜੇ ਹੈ। 11 ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸ ਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸ ਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸ ਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸ ਨੂੰ ਪਵਿੱਤਰ ਬਣਿਆ ਰਹਿਣ ਦਿਓ।”
12 “ਸੁਣੋ। ਮੈਂ ਬਹੁਤ ਛੇਤੀ ਆ ਰਿਹਾ ਹਾਂ। ਮੈਂ ਆਪਣੇ ਨਾਲ ਇਨਾਮ ਲਿਆਵਾਂਗਾ। ਮੈਂ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਦੇਵਾਂਗਾ। 13 ਮੈਂ ਅਲਫ਼ਾ ਤੇ ਉਮੇਗਾ ਹਾਂ, ਪਹਿਲਾ ਤੇ ਆਖਰੀ, ਆਦਿ ਤੇ ਅੰਤ।
14 “ਉਹ ਲੋਕ ਜਿਨ੍ਹਾਂ ਨੇ ਆਪਣੇ ਚੋਲੇ ਧੋਤੇ ਹਨ, ਸੁਭਾਗੇ ਹੋਣਗੇ। ਉਨ੍ਹਾਂ ਨੂੰ ਜੀਵਨ ਦੇ ਰੁੱਖ ਦਾ ਫ਼ਲ ਖਾਣ ਦਾ ਇਖਤਿਆਰ ਹੋਵੇਗਾ। ਉਹ ਬੂਹਿਆਂ ਰਾਹੀਂ ਸ਼ਹਿਰ ਵਿੱਚ ਦਾਖਿਲ ਹੋਣਗੇ। 15 ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।
16 “ਮੈਂ, ਯਿਸੂ ਨੇ ਕਲੀਸਿਯਾ ਨੂੰ ਇਹ ਗੱਲਾਂ ਦੱਸਣ ਲਈ ਆਪਣੇ ਦੂਤ ਭੇਜਦਾ ਹਾਂ। ਮੈਂ ਦਾਊਦ ਦੇ ਪਰਿਵਾਰ ਦੀ ਔਲਾਦ ਹਾਂ। ਮੈਂ ਸਵੇਰ ਦਾ ਚਮਕਦਾ ਸਿਤਾਰਾ ਹਾਂ।”
17 ਆਤਮਾ ਅਤੇ ਲਾੜੀ ਆਖਦੇ ਹਨ, “ਆਓ।” ਅਤੇ ਸ੍ਰੋਤਿਆਂ ਨੂੰ ਆਖਣਾ ਚਾਹੀਦਾ, “ਆਓ।” ਜੇਕਰ ਕੋਈ ਪਿਆਸਾ ਹੈ, ਉਸ ਨੂੰ ਆਉਣ ਦਿਓ ਅਤੇ ਜੇਕਰ ਉਹ ਚਾਹੁੰਦਾ ਤਾਂ ਜੀਵਨ ਦਾ ਪਾਣੀ ਮੁਫ਼ਤ ਇੱਕ ਸੁਗਾਤ ਵਜੋਂ ਪੀਣ ਦਿਉ।
18 ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹੜੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋੜਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ। 19 ਅਤੇ ਜੇਕਰ ਕੋਈ ਵੀ ਅਗੰਮ ਵਾਕ ਦੀ ਇਸ ਪੁਸਤਕ ਵਿੱਚੋਂ ਸ਼ਬਦਾਂ ਨੂੰ ਕੱਢਦਾ ਹੈ, ਪਰਮੇਸ਼ੁਰ ਜੀਵਨ ਦੇ ਰੁੱਖ ਵਿੱਚੋਂ ਉਸਦਾ ਹਿੱਸਾ ਅਤੇ ਪਵਿੱਤਰ ਸ਼ਹਿਰ ਵਿੱਚੋਂ ਉਸਦੀ ਥਾਂ ਲੈ ਲਵੇਗਾ। ਜਿਸ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੈ।
20 ਯਿਸੂ ਹੀ ਹੈ ਜਿਹੜਾ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਹੁਣ ਉਹ ਆਖਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।”
ਆਮੀਨ! ਆਓ ਪ੍ਰਭੂ ਯਿਸੂ!
21 ਪ੍ਰਭੂ ਯਿਸੂ ਦੀ ਕ੍ਰਿਪਾ ਸਭਨਾਂ ਤੇ ਹੋਵੇ। ਆਮੀਨ।
2010 by World Bible Translation Center