Old/New Testament
ਸ਼ਾਊਲ ਦੇ ਪਰਿਵਾਰ ਉੱਪਰ ਦਾਊਦ ਦੀ ਦਯਾ
9 ਫ਼ਿਰ ਦਾਊਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਕੋਈ ਬੱਚਿਆਂ ਹੈ? ਜੇ ਕੋਈ ਬੱਚਿਆਂ ਰਹਿ ਗਿਆ ਹੈ ਤਾਂ ਮੈਂ ਯੋਨਾਥਾਨ ਦੇ ਕਾਰਣ ਉਸ ਉੱਪਰ ਆਪਣੀ ਦਯਾ ਦਰਸ਼ਾਵਾਂਗਾ।”
2 ਸ਼ਾਊਲ ਦੇ ਪਰਿਵਾਰ ਵਿੱਚ ਇੱਕ ਸੀਬਾ ਨਾਉਂ ਦਾ ਸੇਵਕ ਸੀ ਤਾਂ ਦਾਊਦ ਦੇ ਸੇਵਕਾਂ ਨੇ ਸੀਬਾ ਨੂੰ ਦਾਊਦ ਕੋਲ ਸੱਦਿਆ ਤਾਂ ਦਾਊਦ ਪਾਤਸ਼ਾਹ ਨੇ ਸੀਬਾ ਨੂੰ ਪੁੱਛਿਆ, “ਕੀ ਤੂੰ ਸੀਬਾ ਹੈਂ?”
ਸੀਬਾ ਨੇ ਕਿਹਾ, “ਹਾਂ ਜੀ, ਮੈਂ ਤੁਹਾਡਾ ਸੇਵਕ ਸੀਬਾ ਹਾਂ।” 3 ਪਾਤਸ਼ਾਹ ਨੇ ਕਿਹਾ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਕੋਈ ਜੀਅ ਅਜੇ ਬੱਚਿਆਂ ਰਹਿ ਗਿਆ ਹੈ? ਮੈਂ ਉਸ ਮਨੁੱਖ ਉੱਪਰ ਪਰਮੇਸ਼ੁਰ ਦੀ ਦਿਯਾਲਤਾ ਦਰਸਾਉਣਾ ਚਾਹੁੰਦਾ ਹਾਂ।”
ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਯੋਨਾਥਾਨ ਦਾ ਇੱਕ ਪੁੱਤਰ ਅਜੇ ਜਿਉਂਦਾ ਹੈ ਜੋ ਦੋਨੋ ਪੈਰੋ ਲੰਗੜਾ ਹੈ।”
4 ਪਾਤਸ਼ਾਹ ਨੇ ਸੀਬਾ ਨੂੰ ਆਖਿਆ, “ਇਹ ਪੁੱਤਰ ਕਿੱਥੇ ਹੈ?”
ਸੀਬਾ ਨੇ ਆਖਿਆ, “ਉਹ ਇਸ ਵਕਤ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰ ਲੋਦਬਾਰ ਵਿੱਚ ਹੈ।”
5 ਤਾਂ ਦਾਊਦ ਪਾਤਸ਼ਾਹ ਨੇ ਕੁਝ ਆਦਮੀ ਲੋਦਬਾਰ ਭੇਜਕੇ ਅੰਮੀਏਲ ਦੇ ਪੁੱਤਰ ਮਾਕੀਰ ਦੇ ਘਰੋ ਯੋਨਾਥਾਨ ਦੇ ਲੰਗੜੇ ਪੁੱਤਰ ਨੂੰ ਮੰਗਵਾ ਲਿਆ। 6 ਤਦ ਯੋਨਾਥਾਨ ਦਾ ਪੁੱਤਰ ਮਫ਼ੀਬੋਸ਼ਥ ਦਾਊਦ ਕੋਲ ਆਇਆ ਅਤੇ ਮੂੰਹ ਪਰਨੇ ਡਿੱਗ ਕੇ ਉਸ ਨੇ ਦਾਊਦ ਨੂੰ ਮੱਥਾ ਟੇਕਿਆ।
ਤਦ ਦਾਊਦ ਨੇ ਕਿਹਾ, “ਮਫ਼ੀਬੋਸ਼ਥ!”
ਮਫ਼ੀਬੋਸ਼ਥ ਨੇ ਆਖਿਆ, “ਹਾਂ ਮਾਲਿਕ! ਮੈਂ ਹੀ, ਮਫ਼ੀਬੋਸ਼ਥ, ਤੁਹਾਡਾ ਦਾਸ ਹਾਂ।”
7 ਦਾਊਦ ਨੇ ਉਸ ਨੂੰ ਆਖਿਆ, “ਮੇਰੇ ਤੋਂ ਨਾ ਡਰ। ਮੈਂ ਤੇਰੇ ਤੇ ਕਿਰਪਾ ਕਰਾਂਗਾ। ਇਹ ਭਲਿਆਈ ਮੈਂ ਤੇਰੇ ਉੱਪਰ ਤੇਰੇ ਪਿਤਾ ਯੋਨਾਥਾਨ ਦੇ ਕਾਰਣ ਕਰਾਂਗਾ। ਮੈਂ ਤੇਰੇ ਦਾਦੇ ਸ਼ਾਊਲ ਦੀ ਸਾਰੀ ਜ਼ਮੀਨ ਤੈਨੂੰ ਵਾਪਸ ਕਰ ਦੇਵਾਂਗਾ ਅਤੇ ਤੂੰ ਸਦਾ ਮੇਰੇ ਮੇਜ਼ ਉੱਪਰ ਦੇ ਭੋਜਨ ਵਿੱਚੋਂ ਖਾ ਸੱਕਦਾ ਹੈਂ।”
8 ਮਫ਼ੀਬੋਸ਼ਥ ਨੇ ਫ਼ੇਰ ਦਾਊਦ ਨੂੰ ਮੱਥਾ ਟੇਕਿਆ ਅਤੇ ਆਖਿਆ, “ਮੈਂ ਤਾਂ ਮੋਏ ਹੋਏ ਕੁੱਤੇ ਤੋਂ ਵੱਧ ਕੁਝ ਨਹੀਂ ਹਾਂ ਪਰ ਇਹ ਤੁਸੀਂ ਹੋ ਜਿਨ੍ਹਾਂ ਨੇ ਆਪਣੇ ਸੇਵਕ ਨੂੰ ਆਪਣੀ ਮਿਹਰ, ਕਿਰਪਾ ਨਾਲ ਨਿਵਾਜਿਆ ਹੈ।”
9 ਫ਼ਿਰ ਦਾਊਦ ਪਾਤਸ਼ਾਹ ਨੇ ਸ਼ਾਊਲ ਦੇ ਸੇਵਕ ਸੀਬਾ ਨੂੰ ਸੱਦਿਆ ਅਤੇ ਉਸ ਨੂੰ ਕਿਹਾ, “ਮੈਂ ਸਭ ਕੁਝ, ਜੋ ਸ਼ਾਊਲ ਅਤੇ ਉਸ ਦੇ ਘਰਾਣੇ ਦਾ ਸੀ, ਸੋ ਤੇਰੇ ਮਾਲਕ ਦੇ ਪੋਤਰੇ (ਮਫ਼ੀਬੋਸ਼ਥ) ਨੂੰ ਸੌਂਪ ਦਿੱਤਾ ਹੈ। 10 ਸੋ ਤੂੰ ਆਪਣੇ ਪੁੱਤਰਾਂ ਅਤੇ ਸੇਵਕਾਂ ਸਮੇਤ ਉਸ ਦੇ ਲਈ ਜ਼ਮੀਨ ਵਾਹ ਅਤੇ ਉਸਦੀ ਪੈਦਾਵਾਰ ਲਿਆਇਆ ਕਰ ਫ਼ਿਰ ਤੇਰੇ ਮਾਲਕ ਦੇ ਪੋਤਰੇ ਮਫ਼ੀਬੋਸ਼ਥ ਦੇ ਖਾਣ ਲਈ ਢੇਰ ਸਾਰਾ ਅੰਨ ਹੋਵੇ ਪਰ ਮਫ਼ੀਬੋਸ਼ਥ ਸਦਾ ਮੇਰੀ ਮੇਜ਼ ਤੇ ਲੰਗਰ ਚੋ ਰੋਟੀ ਖਾਵੇਗਾ।”
ਸੀਬਾ ਕੋਲ 15 ਪੁਤਰ ਅਤੇ 20 ਸੇਵਕ ਸਨ। 11 ਸੀਬਾ ਨੇ ਦਾਊਦ ਪਾਤਸ਼ਾਹ ਨੂੰ ਕਿਹਾ, “ਮੈਂ ਤੁਹਾਡਾ ਦਾਸ ਹਾਂ ਅਤੇ ਮੈਂ ਉਹੀ ਕੁਝ ਕਰਾਂਗਾ ਜੋ ਮੇਰਾ ਮਹਾਰਾਜ ਪਾਤਸ਼ਾਹ ਮੈਨੂੰ ਹੁਕਮ ਕਰੇਗਾ। ਮੈਂ ਤਾਂ ਤੁਹਾਡੇ ਹੁਕਮ ਦਾ ਗੁਲਾਮ ਹਾਂ।”
ਇਉਂ ਮਫ਼ੀਬੋਸ਼ਥ ਪਾਤਸ਼ਾਹ ਦੇ ਪੁੱਤਰ ਵਾਂਗ ਹੀ ਮੇਜ਼ ਤੇ ਹੀ ਭੋਜਨ ਛਕਦਾ ਸੀ। 12 ਮਫ਼ੀਬੋਸ਼ਥ ਦਾ ਮੀਕਾ ਨਾਂ ਦਾ ਇੱਕ ਛੋਟਾ ਜਿਹਾ ਪੁੱਤਰ ਵੀ ਸੀ ਅਤੇ ਹੋਰ ਜਿੰਨੇ ਵੀ ਬੰਦੇ ਸੀਬਾ ਦੇ ਪਰਿਵਾਰ ਵਿੱਚ ਰਹਿੰਦੇ ਸਨ , ਉਹ ਸਭ ਮਫ਼ੀਬੋਸ਼ਥ ਦੇ ਸੇਵਕ ਸਨ। 13 ਮਫ਼ੀਬੋਸ਼ਥ ਦੋਨਾਂ ਪੈਰਾਂ ਤੋਂ ਲੰਗੜਾ ਸੀ ਅਤੇ ਉਹ ਯਰੂਸ਼ਲਮ ਵਿੱਚ ਰਹਿੰਦਾ ਅਤੇ ਹਰ ਰੋਜ਼ ਮਫ਼ੀਬੋਸ਼ਥ ਪਾਤਸ਼ਾਹ ਦੇ ਮੇਜ ਤੋਂ ਭੋਜਨ ਕਰਦਾ ਸੀ।
ਹਾਨੂਨ ਵੱਲੋਂ ਦਾਊਦ ਦੇ ਮਨੁੱਖਾਂ ਨੂੰ ਸ਼ਰਮਿੰਦਗੀ
10 ਉਪਰੰਤ ਅੰਮੋਨੀਆਂ ਦਾ ਰਾਜਾ ਨਾਹਾਸ਼ ਮਰ ਗਿਆ ਅਤੇ ਉਸ ਤੋਂ ਬਾਅਦ ਉਸ ਦਾ ਪੁੱਤਰ ਹਾਨੂਨ ਨਵਾਂ ਪਾਤਸ਼ਾਹ ਬਣਿਆ। 2 ਦਾਊਦ ਨੇ ਕਿਹਾ, “ਨਾਹਾਸ਼ ਨੇ ਮੇਰੇ ਨਾਲ ਭਲਾਈ ਕੀਤੀ ਸੀ ਸੋ ਮੈਂ ਉਸ ਦੇ ਪੁੱਤਰ ਹਾਨੂਨ ਦੇ ਨਾਲ ਭਲਾਈ ਕਰਾਂਗਾ।” ਇਸੇ ਲਈ ਦਾਊਦ ਨੇ ਆਪਣੇ ਆਦਮੀਆਂ ਨੂੰ ਹਾਨੂਨ ਨੂੰ ਉਸ ਦੇ ਪਿਤਾ ਦੀ ਮੌਤ ਤੇ ਦਿਲਾਸਾ ਦੇਣ ਲਈ ਭੇਜਿਆ।
ਇਉਂ ਦਾਊਦ ਦੇ ਆਦਮੀ ਅੰਮੋਨੀਆਂ ਦੀ ਧਰਤੀ ਤੇ ਗਏ। 3 ਪਰ ਅੰਮੋਨੀਆਂ ਦੇ ਆਗੂਆਂ ਨੇ ਹਾਨੂਨ ਨੂੰ ਆਪਣੇ ਮਾਲਕ ਨੂੰ ਆਖਿਆ, “ਤੁਸੀਂ ਕੀ ਸੋਚਦੇ ਹੋ ਭਲਾ ਦਾਊਦ ਨੇ ਤੁਹਾਡੇ ਪਿਤਾ ਦੀ ਮੌਤ ਦੇ ਸੋਗ ਵਜੋਂ ਮੁਕਾਣੇ ਵਿੱਚ ਆਪਣੇ ਸੇਵਕ ਭੇਜੇ ਹਨ? ਨਹੀਂ! ਸਗੋਂ ਦਾਊਦ ਨੇ ਆਪਣੇ ਨੁਮਾਇੰਦੇ ਇਸ ਦੇਸ਼ ਦਾ ਹਾਲ ਜਾਣ ਕੇ ਭੇਤ ਲੈਣ ਲਈ ਭੇਜੇ ਹਨ ਤਾਂ ਜੋ ਉਸ ਨੂੰ ਇਸ ਬਾਰੇ ਪੂਰਾ ਪਤਾ ਲੱਗ ਜਾਵੇ। ਉਹ ਤੇਰੇ ਵਿਰੁੱਧ ਲੜਾਈ ਕਰਨਾ ਚਾਹੁੰਦੇ ਹਨ।”
4 ਤਾਂ ਹਾਨੂਨ ਨੇ ਦਾਊਦ ਦੇ ਸੇਵਕਾਂ ਨੂੰ ਫ਼ੜ ਲਿਆ ਅਤੇ ਸਭਨਾਂ ਦੀ ਅੱਧੀ-ਅੱਧੀ ਦਾੜੀ ਮੁਨਵਾ ਸੁੱਟੀ ਅਤੇ ਉਨ੍ਹਾਂ ਦੇ ਕੱਪੜੇ ਅੱਧ ਵਿੱਚਕਾਰੋ ਲੈ ਕੇ ਲੱਕ ਤੀਕ ਕਤਰ ਸੁੱਟੇ ਅਤੇ ਫ਼ਿਰ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ।
5 ਜਦੋਂ ਲੋਕਾਂ ਨੇ ਦਾਊਦ ਨੂੰ ਇਸ ਬਾਰੇ ਦੱਸਿਆ ਤਾਂ ਉਸ ਨੇ ਆਪਣੇ ਸੇਵਕਾਂ ਨੂੰ ਮਿਲਣ ਲਈ ਸੰਦੇਸ਼ਵਾਹਕ ਭੇਜੇ ਕਿਉਂ ਕਿ ਉਹ ਮਨੁੱਖ ਇਸ ਸਭ ਤੋਂ ਬਹੁਤ ਸ਼ਰਮਿੰਦੇ ਸਨ ਸੋ ਪਾਤਸ਼ਾਹ ਨੇ ਆਖਿਆ, “ਜਦੋਂ ਤੱਕ ਤੁਹਾਡੀਆਂ ਦਾੜੀਆਂ ਨਾ ਵੱਧ ਜਾਣ ਤੁਸੀਂ ਯਰੀਹੋ ਵਿੱਚ ਰਹੋ। ਫ਼ਿਰ ਤੁਸੀਂ ਯਰੂਸ਼ਲਮ ਵਿੱਚ ਆ ਜਾਣਾ।”
ਅੰਮੋਨੀਆਂ ਦੇ ਖਿਲਾਫ਼ ਲੜਾਈ
6 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਦਾਊਦ ਹੁਣ ਸਾਨੂੰ ਆਪਣਾ ਵੈਰੀ ਸਮਝਦਾ ਹੈ ਤਾਂ ਅੰਮੋਨੀਆਂ ਦੇ ਲੋਕਾਂ ਨੇ ਬੈਤ-ਰਹੋਬ ਦੇ ਅਰਾਮੀਆਂ ਅਤੇ ਸੋਬਾ ਦੇ ਅਰਾਮੀਆਂ ਕੋਲੋਂ 20,000 ਮਨੁੱਖ ਅਤੇ ਅੰਮੋਨੀਆਂ ਨੇ ਮਆਕਾਹ ਦੇ ਰਾਜਾ ਤੋਂ 1,000 ਮਨੁੱਖ ਅਤੇ ਟੋਬ ਦੇ ਲੋਕਾਂ ਤੋਂ 12,000 ਆਦਮੀ ਖਰੀਦੇ।
7 ਜਦੋਂ ਦਾਊਦ ਨੇ ਇਹ ਖਬਰ ਸੁਣੀ ਤਾਂ ਉਸ ਨੇ ਯੋਆਬ ਦੇ ਸਾਰੇ ਸੂਰਮੇ ਉੱਥੇ ਭੇਜੇ। 8 ਤਾਂ ਅੰਮੋਨੀ ਬਾਹਰ ਨਿਕਲੇ ਅਤੇ ਲੜਾਈ ਲਈ ਤਿਆਰ ਹੋ ਗਏ। ਉਹ ਸ਼ਹਿਰ ਦੇ ਪ੍ਰਵੇਸ਼ ਦੁਆਰ ਅੱਗੇ ਖੜੋ ਗਏ। ਸੋਬਾ ਅਤੇ ਰਹੋਬ ਦੇ ਅਰਾਮੀ ਅਤੇ ਟੋਬ ਅਤੇ ਮਆਕਾਹ ਦੇ ਲੋਕ ਮੈਦਾਨ ਵਿੱਚ ਅੰਮੋਨੀਆਂ ਦੇ ਸੰਗ ਨਹੀਂ ਆਏ।
9 ਜਦੋਂ ਯੋਆਬ ਨੇ ਨਜ਼ਰ ਮਾਰੀ ਤਾਂ ਵੇਖਿਆ ਕਿ ਲੜਾਈ ’ਚ ਦੁਸ਼ਮਣ ਦਾ ਸਾਹਮਣਾ ਦੋਵੇਂ ਪਾਸੀਂ ਅੱਗੋਂ ਅਤੇ ਪਿੱਛੋਂ ਦੀ ਵੀ ਹੈ ਤਾਂ ਯੋਆਬ ਨੇ ਇਸਰਾਏਲ ਵਿੱਚੋਂ ਚੰਗੇ ਸੂਰਮੇ ਚੁਣ ਲੇ ਉਨ੍ਹਾਂ ਦੀ ਅਰਾਮੀਆਂ ਦੇ ਸਾਹਮਣੇ ਪਾਲ ਬੰਨ੍ਹੀ। 10 ਅਤੇ ਬਾਕੀ ਦੇ ਲੋਕਾਂ ਨੂੰ ਅੰਮੋਨੀਆਂ ਦੇ ਸਾਹਮਣੇ ਪਾਲ ਬੰਨ੍ਹਣ ਲਈ ਆਪਣੇ ਭਰਾ ਅਬੀਸ਼ਈ ਦੇ ਹਵਾਲੇ ਕਰ ਦਿੱਤਾ। 11 ਯੋਆਬ ਨੇ ਆਖਿਆ, “ਜੇਕਰ ਅਰਾਮੀ ਮੇਰੇ ਉੱਪਰ ਹਾਵੀ ਹੋ ਜਾਣ ਤਾਂ ਤੂੰ ਮੇਰੀ ਮਦਦ ਕਰੀਂ ਅਤੇ ਜੇਕਰ ਅੰਮੋਨੀ ਤੇਰੇ ਉੱਪਰ ਹਾਵੀ ਹੋ ਜਾਣ ਤਾਂ ਮੈਂ ਆਕੇ ਤੇਰੀ ਮਦਦ ਕਰਾਂਗਾ। 12 ਬਹਾਦੁਰ ਬਣੋ! ਹੁਣ ਸਾਨੂੰ ਆਪਣੇ ਲੋਕਾਂ ਲਈ, ਅਤੇ ਆਪਣੇ ਪਰਮੇਸ਼ੁਰ ਦੇ ਸ਼ਹਿਰਾਂ ਲਈ ਬਹਾਦੁਰੀ ਨਾਲ ਲੜਨਾ ਚਾਹੀਦਾ ਹੈ। ਯਹੋਵਾਹ ਜੋ ਠੀਕ ਸਮਝੇਗਾ ਉਹੀ ਕੁਝ ਕਰੇਗਾ।”
13 ਤਦ ਯੋਆਬ ਅਤੇ ਉਹ ਲੋਕ ਜੋ ਉਸ ਦੇ ਨਾਲ ਸਨ, ਅਰਾਮੀਆਂ ਦੇ ਉੱਪਰ ਹਮਲਾ ਕਰਨ ਅੱਗੇ ਵੱਧੇ ਤਾਂ ਅਰਾਮੀ ਯੋਆਬ ਅਤੇ ਉਸ ਦੇ ਆਦਮੀਆਂ ਦੇ ਅੱਗੋਂ ਦੀ ਨੱਸ ਗਏ। 14 ਜਦੋਂ ਅੰਮੋਨੀਆਂ ਨੇ ਵੇਖਿਆ ਕਿ ਅਰਾਮੀ ਭੱਜ ਰਹੇ ਹਨ ਤਾਂ ਉਹ ਵੀ ਅਬੀਸ਼ਈ ਦੇ ਅੱਗੋਂ ਨੱਸ ਗਏ ਅਤੇ ਆਪਣੇ ਸ਼ਹਿਰ ਵਾਪਸ ਮੁੜ ਗਏ।
ਤਦ ਯੋਆਬ ਅੰਮੋਨੀਆਂ ਨਾਲ ਲੜਨ ਤੋਂ ਬਾਅਦ ਮੁੜਕੇ ਯਰੂਸ਼ਲਮ ਵਿੱਚ ਆਇਆ।
ਅਰਾਮੀਆਂ ਨੇ ਮੁੜ ਲੜਨ ਦੀ ਵਿਉਂਤ ਬਣਾਈ
15 ਜਦੋਂ ਅਰਾਮੀਆਂ ਨੇ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਹਨ, ਤਾਂ ਉਨ੍ਹਾਂ ਨੇ ਆਪਣੇ-ਆਪ ਨੂੰ ਇਕੱਠਾ ਕੀਤਾ ਤੇ ਇੱਕ ਵੱਡੀ ਫ਼ੌਜ ਤਿਆਰ ਕੀਤੀ। 16 ਹਦਦਅਜ਼ਰ ਨੇ ਲੋਕ ਭੇਜੇ ਅਤੇ ਜੋ ਅਰਾਮੀ ਦਰਿਆਓ ਪਾਰ ਸਨ ਉਨ੍ਹਾਂ ਨੂੰ ਲੈ ਆਇਆ ਅਤੇ ਉਹ ਸਾਰੇ ਹੇਲਾਮ ਵਿੱਚ ਆਏ ਅਤੇ ਸੋਬਕ ਜੋ ਹਦਦਅਜ਼ਰ ਦੀ ਫ਼ੌਜ ਦਾ ਸਰਦਾਰ ਸੀ, ਉਨ੍ਹਾਂ ਦੇ ਅੱਗੇ-ਅੱਗੇ ਤੁਰਿਆ।
17 ਦਾਊਦ ਨੇ ਜਦੋਂ ਇਹ ਖਬਰ ਸੁਣੀ ਤਾਂ ਉਸ ਨੇ ਸਾਰੇ ਇਸਰਾਏਲੀਆਂ ਨੂੰ ਇਕੱਠਾ ਕੀਤਾ ਅਤੇ ਯਰਦਨ ਦਰਿਆ ਨੂੰ ਪਾਰ ਲੰਘ ਕੇ ਹੇਲਾਮ ਤੀਕ ਆਇਆ।
ਉੱਥੇ ਅਰਾਮੀਆਂ ਨੇ ਦਾਊਦ ਦੇ ਸਾਹਮਣੇ ਪਾਲ ਬੰਨ੍ਹੀ ਅਤੇ ਉਸ ਨਾਲ ਲੜੇ। 18 ਪਰ ਦਾਊਦ ਨੇ ਅਰਾਮੀਆਂ ਨੂੰ ਹਾਰ ਦਿੱਤੀ ਅਤੇ ਅਰਾਮੀ ਇਸਰਾਏਲ ਵਿੱਚੋਂ ਭੱਜ ਗਏ। ਦਾਊਦ ਨੇ 700 ਰੱਥ ਸਵਾਰ ਅਤੇ 40,000 ਘੁੜ ਸਵਾਰਾਂ ਨੂੰ ਵੱਢ ਸੁੱਟਿਆ। ਦਾਊਦ ਨੇ ਅਰਾਮੀ ਸੈਨਾ ਦੇ ਕਪਤਾਨ ਸੋਬਕ ਨੂੰ ਵੀ ਮਾਰ ਮੁਕਾਇਆ।
19 ਜਦੋਂ ਉਨ੍ਹਾਂ ਰਾਜਿਆਂ ਨੇ ਜੋ ਹਦਦਅਜਰ ਦੇ ਅਧੀਨ ਸਨ ਵੇਖਿਆ ਕਿ ਉਹ ਇਸਰਾਏਲ ਦੇ ਅੱਗੇ ਹਾਰ ਗਏ ਸਨ ਤਾਂ ਉਨ੍ਹਾਂ ਨੇ ਇਸਰਾਏਲੀਆਂ ਨਾਲ ਸ਼ਾਂਤੀ ਕਰ ਲਈ ਅਤੇ ਉਨ੍ਹਾਂ ਦੀ ਟਹਿਲ ਸੇਵਾ ਕੀਤੀ। ਹੁਣ ਅਰਾਮੀ ਅੰਮੋਨੀਆਂ ਦੀ ਮੁੜ ਮਦਦ ਕਰਨ ਤੋਂ ਡਰਦੇ ਸਨ।
ਦਾਊਦ ਦਾ ਬਥ-ਸ਼ਬਾ ਨੂੰ ਮਿਲਣਾ
11 ਬਸੰਤ ਦੀ ਰੁੱਤੇ ਜਦੋਂ ਰਾਜੇ ਲੋਕ ਲੜਾਈ ਨੂੰ ਚੜ੍ਹਦੇ ਹਨ, ਦਾਊਦ ਨੇ ਯੋਆਬ ਅਤੇ ਉਸ ਦੇ ਨਾਲ, ਅਫ਼ਸਰ ਅਤੇ ਸਾਰੇ ਇਸਰਾਏਲੀਆਂ ਨੂੰ ਭੇਜਿਆ ਅਤੇ ਉਨ੍ਹਾਂ ਨੇ ਅੰਮੋਨੀਆਂ ਨੂੰ ਨਸ਼ਟ ਕਰ ਸੁੱਟਿਆ ਅਤੇ ਰੱਬਾਹ ਨੂੰ ਘੇਰਾ ਪਾ ਲਿਆ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ।
2 ਸ਼ਾਮ ਨੂੰ ਦਾਊਦ ਆਪਣੇ ਬਿਸਤਰ ਤੋਂ ਉੱਠਿਆ ਅਤੇ ਸ਼ਾਹੀ ਮਹਿਲ ਦੀ ਛੱਤ ਉੱਪਰ ਫ਼ਿਰਨ ਲੱਗਾ ਅਤੇ ਉੱਥੋਂ ਉਸ ਨੇ ਇੱਕ ਔਰਤ ਨੂੰ ਇਸਨਾਨ ਕਰਦਿਆਂ ਵੇਖਿਆ। ਉਹ ਔਰਤ ਬਹੁਤ ਹੀ ਖੂਬਸੂਰਤ ਸੀ। 3 ਤਾਂ ਦਾਊਦ ਨੇ ਆਪਣੇ ਸੇਵਕਾਂ ਨੂੰ ਭੇਜਿਆ ਕਿ ਜਾਕੇ ਪਤਾ ਕਰੋ ਕਿ ਉਹ ਔਰਤ ਕੌਣ ਹੈ? ਇੱਕ ਅਫ਼ਸਰ ਨੇ ਜਵਾਬ ਦਿੱਤਾ, “ਉਸ ਔਰਤ ਦਾ ਨਾਉਂ ਬਥ-ਸ਼ਬਾ ਹੈ ਜੋ ਕਿ ਅਲੀਆਮ ਦੀ ਧੀ ਹੈ ਅਤੇ ਹਿੱਤੀ ਦੇ ਊਰਿੱਯਾਹ ਦੀ ਪਤਨੀ ਹੈ।”
4 ਦਾਊਦ ਨੇ ਆਪਣੇ ਮਨੁੱਖਾਂ ਨੂੰ ਉਸ ਔਰਤ ਨੂੰ ਲਿਆਉਣ ਲਈ ਭੇਜਿਆ। ਜਦੋਂ ਉਹ ਦਾਊਦ ਕੋਲ ਆਈ ਤਾਂ ਦਾਊਦ ਨੇ ਉਸ ਔਰਤ ਨਾਲ ਸੰਭੋਗ ਕੀਤਾ। ਫ਼ਿਰ ਉਸ ਨੇ ਆਪਣੀ ਅਸ਼ੁੱਧਤਾ ਨੂੰ ਧੋਤਾ ਅਤੇ ਆਪਣੇ ਘਰ ਵਾਪਸ ਚਲੀ ਗਈ। [a] 5 ਪਰ ਬਥ-ਸ਼ਬਾ ਨੂੰ ਦਾਊਦ ਤੋਂ ਬੱਚਾ ਠਹਿਰ ਗਿਆ ਤਾਂ ਉਸ ਨੇ ਦਾਊਦ ਨੂੰ ਇਹ ਖਬਰ ਭੇਜੀ ਕਿ ਉਹ ਗਰਭਵਤੀ ਹੋ ਗਈ ਹੈ।
ਦਾਊਦ ਆਪਣੇ ਪਾਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ
6 ਦਾਊਦ ਨੇ ਯੋਆਬ ਨੂੰ ਸੁਨੇਹਾ ਭੇਜਿਆ, “ਹਿੱਤੀ ਊਰਿੱਯਾਹ ਨੂੰ ਮੇਰੇ ਕੋਲ ਭੇਜ।”
ਤਾਂ ਯੋਆਬ ਨੇ ਊਰਿੱਯਾਹ ਨੂੰ ਦਾਊਦ ਕੋਲ ਭੇਜਿਆ। 7 ਊਰਿੱਯਾਹ ਦਾਊਦ ਕੋਲ ਆਇਆ ਤਾਂ ਦਾਊਦ ਨੇ ਉਸ ਨਾਲ ਗੱਲ ਬਾਤ ਕੀਤੀ ਅਤੇ ਉਸ ਕੋਲੋਂ ਯੋਆਬ, ਸਿਪਾਹੀਆਂ ਬਾਰੇ ਅਤੇ ਲੜਾਈ ਬਾਰੇ ਪੁੱਛਿਆ। 8 ਫ਼ਿਰ ਦਾਊਦ ਨੇ ਊਰਿੱਯਾਹ ਨੂੰ ਘਰ ਵਾਪਸ ਜਾਕੇ ਆਰਾਮ ਕਰਨ ਲਈ ਕਿਹਾ।
ਊਰਿੱਯਾਹ ਨੇ, ਰਾਜੇ ਵੱਲੋਂ ਊਰਿੱਯਾਹ ਲਈ ਸੁਗਾਤ ਚੁੱਕੀ ਹੋਏ ਆਦਮੀਆਂ ਦੇ ਸਮੇਤ ਮਹਿਲ ਛੱਡ ਦਿੱਤਾ। 9 ਪਰ ਊਰਿੱਯਾਹ ਘਰ ਨਾ ਗਿਆ ਉਹ ਪਾਤਸ਼ਾਹ ਦੇ ਘਰ ਦੇ ਦਰਵਾਜ਼ੇ ਬਾਹਰ ਹੀ ਸੌਂ ਗਿਆ। ਉਹ ਪਾਤਸ਼ਾਹ ਦੇ ਬਾਕੀ ਸੇਵਕਾਂ ਵਾਂਗ ਹੀ ਉੱਥੇ ਸੌਂ ਗਿਆ। 10 ਸੇਵਕਾਂ ਨੇ ਦਾਊਦ ਨੂੰ ਦੱਸਿਆ ਕਿ, “ਊਰਿੱਯਾਹ ਰਾਤ ਘਰ ਨਹੀਂ ਗਿਆ।”
ਤਦ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਤੂੰ ਇੰਨੇ ਲੰਬੇ ਸਫ਼ਰ ਤੋਂ ਮੁੜਿਆ ਹੈਂ ਤਾਂ ਤੂੰ ਘਰ ਕਿਉਂ ਨਹੀਂ ਗਿਆ?”
11 ਊਰਿੱਯਾਹ ਨੇ ਦਾਊਦ ਨੂੰ ਕਿਹਾ, “ਪਵਿੱਤਰ ਸੰਦੂਕ ਅਤੇ ਇਸਰਾਏਲ ਅਤੇ ਯਹੂਦਾਹ ਦੇ ਸੈਨਿਕ ਤੰਬੂਆਂ ਵਿੱਚ ਰਹਿੰਦੇ ਹਨ ਅਤੇ ਮੇਰਾ ਮਹਾਰਾਜ ਯੋਆਬ ਅਤੇ ਮੇਰੇ ਮਹਾਰਾਜ (ਪਾਤਸ਼ਾਹ ਦਾਊਦ) ਦੇ ਸੇਵਕ ਖੁੱਲੇ ਮੈਦਾਨ ਵਿੱਚ ਪਏ ਹੋਏ ਹਨ ਤਾਂ ਫ਼ਿਰ ਮੈਂ ਆਪਣੇ ਘਰ ਜਾਕੇ ਕਿਵੇਂ ਖਾ ਪੀ ਸੱਕਦਾ ਹਾਂ ਅਤੇ ਆਪਣੀ ਬੀਵੀ ਨਾਲ ਕਿਵੇਂ ਸੌਂ ਸੱਕਦਾ ਹਾਂ?”
12 ਤਾਂ ਦਾਊਦ ਨੇ ਊਰਿੱਯਾਹ ਨੂੰ ਕਿਹਾ, “ਅੱਜ ਫ਼ਿਰ ਤੂੰ ਇੱਥੇ ਹੀ ਰਹਿ ਅਤੇ ਕੱਲ ਫ਼ਿਰ ਮੈਂ ਤੈਨੂੰ ਲੜਾਈ ਲਈ ਵਿਦਿਆ ਕਰਾਂਗਾ।”
ਊਰਿੱਯਾਹ ਉਸ ਦਿਨ ਯਰੂਸ਼ਲਮ ਵਿੱਚ ਹੀ ਰਿਹਾ। ਉਹ ਅਗਲੀ ਸਵੇਰ ਤੀਕ ਉੱਥੇ ਹੀ ਰਿਹਾ ਤਦ 13 ਦਾਊਦ ਨੇ ਉਸ ਨੂੰ ਆਕੇ ਮਿਲਣ ਲਈ ਆਖਿਆ। ਤਦ ਊਰਿੱਯਾਹ ਨੇ ਦਾਊਦ ਨਾਲ ਉਸ ਦਿਨ ਖਾਧਾ-ਪੀਤਾ। ਦਾਊਦ ਨੇ ਊਰਿੱਯਾਹ ਨੂੰ ਸ਼ਰਾਬ ਨਾਲ ਬੇਹੋਸ਼ ਕਰ ਦਿੱਤਾ ਪਰ ਉਹ ਤਦ ਵੀ ਘਰ ਨੂੰ ਨਾ ਗਿਆ ਉਸ ਰਾਤ ਵੀ ਊਰਿੱਯਾਹ ਪਾਤਸ਼ਾਹ ਦੇ ਸੇਵਕਾਂ ਨਾਲ ਹੀ ਸੁੱਤਾ ਪਾਤਸ਼ਾਹ ਦੇ ਦਰਵਾਜ਼ੇ ਦੇ ਬਾਹਰ।
ਦਾਊਦ ਦੀ ਊਰਿੱਯਾਹ ਨੂੰ ਮਾਰਨ ਦੀ ਵਿਉਂਤ
14 ਅਗਲੀ ਸਵੇਰ, ਦਾਊਦ ਨੇ ਯੋਆਬ ਨੂੰ ਇੱਕ ਖਤ ਲਿਖਿਆ। ਦਾਊਦ ਨੇ ਉਹ ਖਤ ਊਰਿੱਯਾਹ ਨੂੰ ਲੈਜਾਣ ਲਈ ਆਖਿਆ। 15 ਖਤ ਵਿੱਚ ਦਾਊਦ ਨੇ ਲਿਖਿਆ, “ਊਰਿੱਯਾਹ ਨੂੰ ਸਖਤ ਲੜਾਈ ਵੇਲੇ ਸਭ ਤੋਂ ਅੱਗੇ ਕਰਕੇ ਉਸ ਨੂੰ ਇੱਕਲਾ ਛੱਡ ਕੇ ਉਸ ਕੋਲੋਂ ਮੁੜ ਆਵੋ ਤਾਂ ਜੋ ਉਹ ਵੱਢਿਆ ਜਾਵੇ ਅਤੇ ਮਰ ਜਾਵੇ।”
16 ਤਾਂ ਯੋਆਬ ਉਸ ਸ਼ਹਿਰ ਦਾ ਮੁਆਇਨਾ ਕਰਨ ਲਈ ਗਿਆ ਕਿ ਸਭ ਤੋਂ ਬਹਾਦੁਰ ਅੰਮੋਨੀ ਕਿੱਥੇ ਹਨ? ਉਸ ਨੇ ਊਰਿੱਯਾਹ ਲਈ ਉਹ ਥਾਂ ਚੁਣੀ। 17 ਤਾਂ ਉਸ ਸ਼ਹਿਰ ਦੇ ਲੋਕ ਨਿਕਲੇ ਅਤੇ ਯੋਆਬ ਦੇ ਨਾਲ ਲੜੇ ਅਤੇ ਉੱਥੇ ਦਾਊਦ ਦੇ ਸੇਵਕਾਂ ਵਿੱਚੋਂ ਕਈ ਡਿੱਗ ਪਏ ਅਤੇ ਹਿੱਤੀ ਊਰਿੱਯਾਹ ਵੀ ਉੱਥੇ ਮਾਰਿਆ ਗਿਆ।
18 ਤਦ ਯੋਆਬ ਨੇ ਇਹ ਸਾਰਾ ਹਾਲ ਲੜਾਈ ਵਿੱਚ ਕੀ-ਕੀ ਹੋਇਆ ਇੱਕ ਬੰਦੇ ਦੇ ਹੱਥ ਖਬਰ ਭੇਜੀ। 19 ਯੋਆਬ ਨੇ ਸੰਦੇਸ਼ਵਾਹਕ ਨੂੰ ਦੱਸਿਆ ਕਿ ਦਾਊਦ ਪਾਤਸ਼ਾਹ ਨੂੰ ਜਾਕੇ ਆਖੇ ਕਿ ਲੜਾਈ ਵਿੱਚ ਕੀ-ਕੀ ਵਾਪਰਿਆ। 20 “ਹੋ ਸੱਕਦਾ ਹੈ ਕਿ ਪਾਤਸ਼ਾਹ ਕਰੋਧ ਕਰੇ ਜਾਂ ਬੇਚੈਨ ਹੋਵੇ। ਹੋ ਸੱਕਦਾ ਪਾਤਸ਼ਾਹ ਇਹ ਆਖੇ, ‘ਯੋਆਬ ਦੀ ਸੈਨਾ ਸ਼ਹਿਰ ਦੇ ਇੰਨੀ ਨੇੜੇ ਲੜਨ ਲਈ ਕਿਉਂ ਗਈ? ਕੀ ਭਲਾ ਤੁਸੀਂ ਨਹੀਂ ਜਾਣਦੇ ਸੀ ਕਿ ਉਹ ਕੰਧ ਉੱਪਰ ਤੀਰ ਮਾਰਨਗੇ ਅਤੇ ਤੁਹਾਡੇ ਆਦਮੀਆਂ ਤੇ ਉੱਥੋਂ ਤੀਰ ਚਲਾਉਣਗੇ? 21 ਯਰੂਬਸ਼ਥ ਦੇ ਪੁੱਤਰ ਅਬੀਮਲਕ ਨੂੰ ਕਿਸਨੇ ਮਾਰਿਆ? ਕੀ ਭਲਾ ਇੱਕ ਔਰਤ ਨੇ ਉੱਪਰੋਂ ਚੱਕੀ ਦਾ ਪੁੜ ਉਸ ਉੱਪਰ ਨਹੀਂ ਸੀ ਕੱਢ ਮਾਰਿਆ, ਜਿਸ ਨਾਲ ਉਹ ਤੇਬੇਸ ਵਿੱਚ ਮਰ ਗਿਆ ਸੀ? ਸੋ ਤੁਸੀਂ ਸ਼ਹਿਰ ਦੀ ਕੰਧ ਹੇਠਾਂ ਕਿਸ ਲਈ ਗਏ?’ ਜੇਕਰ ਪਾਤਸ਼ਾਹ ਦਾਊਦ ਅਜਿਹੀਆਂ ਗੱਲਾਂ ਪੁੱਛੇ ਤਾਂ ਤੁਸੀਂ ਉਸ ਨੂੰ ਇਹ ਸੰਦੇਸ਼ ਜ਼ਰੂਰ ਦੇਣਾ ਕਿ ‘ਤੇਰਾ ਅਫ਼ਸਰ ਹਿੱਤੀ ਊਰਿੱਯਾਹ ਵੀ ਮਾਰਿਆ ਗਿਆ ਹੈ।’”
22 ਸੋ ਸੰਦੇਸ਼ਵਾਹਕ ਉੱਥੋਂ ਤੁਰ ਪਿਆ ਅਤੇ ਜੋ ਕੁਝ ਯੋਆਬ ਨੇ ਆਖਿਆ ਸੀ ਉਹ ਜਾਕੇ ਦਾਊਦ ਨੂੰ ਦੱਸਿਆ। 23 ਸੰਦੇਸ਼ਵਾਹਕ ਨੇ ਦਾਊਦ ਨੂੰ ਕਿਹਾ, “ਅੰਮੋਨ ਦੇ ਮਨੁੱਖਾਂ ਨੇ ਸਾਡੇ ਤੇ ਮੈਦਾਨ ਵਿੱਚ ਹੀ ਹਮਲਾ ਬੋਲ ਦਿੱਤਾ ਤੇ ਅਸੀਂ ਉਨ੍ਹਾਂ ਨਾਲ ਲੜੇ ਅਤੇ ਸ਼ਹਿਰ ਦੇ ਦਰਵਾਜ਼ੇ ਤੱਕ ਉਨ੍ਹਾਂ ਦਾ ਪਿੱਛਾ ਕਰਦੇ ਉਨ੍ਹਾਂ ਮਗਰ ਲੱਗੇ ਰਹੇ। 24 ਤਦ ਕੰਧ ਉੱਪਰ ਚੜ੍ਹੇ ਲੋਕਾਂ ਨੇ ਤੁਹਾਡੇ ਅਫ਼ਸਰਾਂ ਉੱਪਰ ਤੀਰ ਚਲਾਏ ਜਿਸ ਕਾਰਣ ਕੁਝ ਸੇਵਕ ਉਨ੍ਹਾਂ ਵਿੱਚੋਂ ਮਾਰੇ ਗਏ ਅਤੇ ਉਨ੍ਹਾਂ ਵਿੱਚ ਤੁਹਾਡਾ ਸੇਵਕ ਹਿੱਤੀ ਊਰਿੱਯਾਹ ਵੀ ਵੱਢਿਆ ਗਿਆ।”
25 ਦਾਊਦ ਨੇ ਸੰਦੇਸ਼ਵਾਹਕ ਨੂੰ ਕਿਹਾ, “ਇਹ ਗੱਲ ਯੋਆਬ ਨੂੰ ਜਾਕੇ ਆਖ, ਇਸ ਗੱਲ ਬਾਰੇ ਬਹੁਤਾ ਪਰੇਸ਼ਾਨ ਨਾ ਹੋ। ਕਿਉਂ ਕਿ ਤਲਵਾਰ ਜਿਹਾ ਇੱਕ ਨੂੰ ਵੱਢਦੀ ਹੈ ਤਿਵੇਂ ਦੂਜੇ ਨੂੰ ਵੱਢਦੀ ਹੈ। ਤੂੰ ਸ਼ਹਿਰ ਦੇ ਸਾਹਮਣੇ ਵੱਡੀ ਲੜਾਈ ਕਰ ਅਤੇ ਉਸ ਨੂੰ ਢਾਹ ਦੇ। ਸੋ ਤੂੰ ਇਨ੍ਹਾਂ ਸ਼ਬਦਾਂ ਨਾਲ ਜਾਕੇ ਯੋਆਬ ਨੂੰ ਧੀਰਜ ਦੇਵੀਂ।”
ਦਾਊਦ ਦਾ ਬਥ-ਸ਼ਬਾ ਨਾਲ ਵਿਆਹ
26 ਜਦੋਂ ਬਥ-ਸ਼ਬਾ ਨੇ ਸੁਣਿਆ ਕਿ ਉਸਦਾ ਪਤੀ ਊਰਿੱਯਾਹ ਮਰ ਗਿਆ ਹੈ, ਤਾਂ ਉਹ ਉਸ ਲਈ ਸੋਗ ਵਿੱਚ ਰੋਣ ਲਗੀ। 27 ਜਦੋਂ ਸੋਗ ਦੇ ਦਿਨ ਲੰਘ ਗਏ, ਤਾਂ ਦਾਊਦ ਨੇ ਉਸ ਨੂੰ ਆਪਣੇ ਸੇਵਕਾਂ ਕੋਲੋਂ ਆਪਣੇ ਘਰ ਸੱਦ ਲਿਆਉਣ ਨੂੰ ਕਿਹਾ। ਤਦ ਉਹ ਦਾਊਦ ਦੀ ਪਤਨੀ ਬਣੀ ਅਤੇ ਉਸ ਨੇ ਦਾਊਦ ਲਈ ਪੁੱਤਰ ਨੂੰ ਜਨਮ ਦਿੱਤਾ। ਪਰ ਯਹੋਵਾਹ ਨੂੰ ਦਾਊਦ ਦਾ ਇਹ ਕੰਮ ਬੁਰਾ ਲੱਗਾ।
ਜਿਹੜਾ ਪੁੱਤਰ ਘਰ ਛੱਡ ਕੇ ਗਿਆ ਸੀ
11 ਤਾਂ ਯਿਸੂ ਨੇ ਕਿਹਾ, “ਇੱਕ ਮਨੁੱਖ ਦੇ ਦੋ ਪੁੱਤਰ ਸਨ। 12 ਛੋਟੇ ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਨੂੰ ਮੇਰੀ ਜਾਇਦਾਦ ਦਾ ਹਿੱਸਾ ਦੇ ਦੇਵੋ।’ ਤਾਂ ਪਿਤਾ ਨੇ ਜਾਇਦਾਦ ਨੂੰ ਆਪਣੇ ਦੋਹਾਂ ਪੁੱਤਰਾ ਵਿੱਚ ਵੰਡ ਦਿੱਤਾ।
13 “ਥੋੜੇ ਹੀ ਸਮੇਂ ਬਾਅਦ ਛੋਟੇ ਪੁੱਤਰ ਨੇ ਆਪਣੀ ਜਾਇਦਾਦ ਦਾ ਸਾਰਾ ਹਿੱਸਾ ਇਕੱਠਾ ਕੀਤਾ ਅਤੇ ਇੱਕ ਦੂਸਰੇ ਦੇਸ਼ ਦੀ ਯਾਤਰਾ ਨੂੰ ਚੱਲਿਆ ਗਿਆ। ਉਸ ਨੇ ਉੱਥੇ ਜਾਕੇ ਮੂਰੱਖਾਂ ਵਾਂਗ ਆਪਣਾ ਧਨ ਉਡਾ ਦਿੱਤਾ। 14 ਉਸ ਕੋਲ ਜਿੰਨੀ ਵੀ ਪੂੰਜੀ ਸੀ ਉਸ ਨੇ ਸਭ ਖਰਚ ਦਿੱਤੀ। ਉਸਤੋਂ ਬਾਅਦ, ਉਸ ਦੇਸ਼ ਵਿੱਚ ਭਾਰੀ ਕਾਲ ਪੈ ਗਿਆ। ਛੋਟਾ ਪੁੱਤਰ ਔਖੀ ਹਾਲਤ ਵਿੱਚ ਸੀ ਕਿਉਂਕਿ ਉਸ ਕੋਲ ਨਾ ਤਾਂ ਕੋਈ ਪੈਸਾ ਸੀ ਅਤੇ ਨਾ ਹੀ ਖਾਣ ਲਈ ਭੋਜਨ। 15 ਉਹ ਉਸ ਦੇਸ਼ ਦੇ ਕਿਸੇ ਨਿਵਾਸੀ ਕੋਲ ਗਿਆ ਤਾਂ ਉਸ ਆਦਮੀ ਨੇ ਉਸ ਨੂੰ ਆਪਣੇ ਖੇਤਾਂ ਵਿੱਚ ਸੂਰਾਂ ਨੂੰ ਚਾਰਨ ਲਈ ਭੇਜਿਆ। 16 ਮੁੰਡਾ ਇੰਨਾ ਭੁੱਖਾ ਸੀ ਕਿ ਜਿਹੜੀਆਂ ਛਿਲਕਾਂ ਸੂਰ ਖਾਂਦੇ ਸਨ ਉਹ ਖਾਣੀਆਂ ਚਾਹੁੰਦਾ ਸੀ। ਪਰ ਕਿਸੇ ਨੇ ਉਸ ਨੂੰ ਖਾਣ ਲਈ ਕੁਝ ਨਾ ਦਿੱਤਾ।
17 “ਤਾਂ ਉਸ ਲੜਕੇ ਨੂੰ ਮਹਿਸੂਸ ਹੋਇਆ ਕਿ ਉਹ ਕਿੰਨਾ ਮੂਰਖ ਸੀ। ਉਸ ਨੇ ਸੋਚਿਆ, ‘ਮੇਰੇ ਪਿਤਾ ਦੇ ਨੋਕਰਾਂ ਕੋਲ ਵੀ ਖਾਣ ਲਈ ਬਹੁਤ ਭੋਜਨ ਹੈ, ਪਰ ਮੈਂ ਇੱਥੇ ਭੁੱਖ ਨਾਲ ਮਰ ਰਿਹਾ ਹਾਂ। 18 ਮੈਂ ਇੱਥੋਂ ਉੱਠ ਕੇ ਆਪਣੇ ਪਿਤਾ ਕੋਲ ਜਾਵਾਂਗਾ ਤੇ ਜਾਕੇ ਉਸ ਨੂੰ ਆਖਾਂਗਾ, ਪਿਤਾ ਜੀ, ਮੈਂ ਪਰਮੇਸ਼ੁਰ ਅਤੇ ਤੁਹਾਡੇ ਵਿਰੁੱਧ ਅੱਗੇ ਪਾਪ ਕੀਤਾ ਹੈ। 19 ਮੈਂ ਤੁਹਾਡਾ ਪੁੱਤਰ ਕਹਾਉਣ ਦੇ ਕਾਬਿਲ ਨਹੀਂ ਹਾਂ ਇਸ ਲਈ ਤੁਸੀਂ ਮੈਨੂੰ ਆਪਣੇ ਇੱਕ ਨੋਕਰ ਦੀ ਤਰ੍ਹਾਂ ਹੀ ਰੱਖ ਲਵੋ।’ 20 ਸੋ ਪੁੱਤਰ ਉੱਠਿਆ ਅਤੇ ਆਪਣੇ ਪਿਤਾ ਕੋਲ ਗਿਆ।
ਪੁੱਤਰ ਦੀ ਵਾਪਸੀ
“ਜਦੋਂ ਪੁੱਤਰ ਹਾਲੇ ਦੂਰ ਹੀ ਸੀ, ਉਸ ਦੇ ਪਿਤਾ ਨੇ ਉਸ ਨੂੰ ਆਉਂਦਿਆਂ ਵੇਖਿਆ ਅਤੇ ਉਸ ਉਪਰ ਤਰਸ ਆਇਆ ਅਤੇ ਉਹ ਉਸ ਵੱਲ ਭੱਜਿਆ ਅਤੇ ਉਸ ਨੂੰ ਗਲ ਨਾਲ ਲਾਇਆ ਅਤੇ ਉਸ ਨੂੰ ਚੁੰਮਿਆ। 21 ਪੁੱਤਰ ਨੇ ਉਸ ਨੂੰ ਆਖਿਆ, ‘ਪਿਤਾ ਜੀ, ਮੈਂ ਪਰਮੇਸ਼ੁਰ ਦੇ ਵਿਰੁੱਧ ਅਤੇ ਤੁਹਾਡੇ ਅੱਗੇ ਪਾਪ ਕੀਤਾ ਹੈ, ਹੁਣ ਮੈਂ ਇਸ ਕਾਬਿਲ ਨਹੀਂ ਕਿ ਤੁਹਾਡਾ ਪੁੱਤਰ ਸਦਾਵਾਂ।’
22 “ਪਰ ਪਿਤਾ ਨੇ ਆਪਣੇ ਨੋਕਰਾਂ ਨੂੰ ਕਿਹਾ, ‘ਛੇਤੀ ਨਾਲ ਸਭ ਤੋਂ ਵੱਧੀਆ ਕੱਪੜੇ ਲਿਆਓ ਅਤੇ ਉਸ ਨੂੰ ਪੁਆਓ। ਉਸਦੀ ਉਂਗਲ ਚ ਛਾਪ ਪਾਓ ਅਤੇ ਉਸ ਦੇ ਪੈਰਾਂ ਵਿੱਚ ਜੁੱਤੀ ਪੁਆਵੋ। 23 ਇੱਕ ਮੋਟਾ ਵਛਾ ਲਿਆਓ ਅਤੇ ਉਸ ਨੂੰ ਕੱਟੋ। ਅਸੀਂ ਦਾਵਤ ਕਰੀਏ ਅਤੇ ਅਨੰਦ ਕਰੀਏ। 24 ਕਿਉਂਕਿ ਮੇਰਾ ਇਹ ਪੁੱਤਰ ਮਰ ਗਿਆ ਸੀ ਪਰ ਹੁਣ ਇਹ ਜਿਉਂਦਾ ਹੈ। ਉਹ ਗੁਆਚ ਗਿਆ ਸੀ ਅਤੇ ਹੁਣ ਲੱਭ ਗਿਆ ਹੈ।’ ਤਾਂ ਸਾਰੇ ਜਸ਼ਨ ਮਨਾਉਣ ਲੱਗੇ।
ਵੱਡੇ ਪੁੱਤਰ ਦਾ ਪਰਤਨਾ
25 “ਵੱਡਾ ਪੁੱਤਰ ਖੇਤ ਵਿੱਚ ਸੀ। ਜਦੋਂ ਉਹ ਵਾਪਸ ਮੁੜ ਰਿਹਾ ਸੀ, ਅਤੇ ਘਰ ਦੇ ਨਜ਼ਦੀਕ ਆਇਆ ਤਾਂ ਉਸ ਨੇ ਨੱਚਣ ਅਤੇ ਗਾਉਣ ਦੀਆਂ ਅਵਾਜ਼ਾਂ ਸੁਣੀਆਂ। 26 ਉਸ ਨੇ ਇੱਕ ਨੌਕਰ ਨੂੰ ਸੱਦਿਆ ਅਤੇ ਪੁੱਛਿਆ, ‘ਇਹ ਸਭ ਕੀ ਹੋ ਰਿਹਾ ਹੈ?’ 27 ਨੌਕਰ ਨੇ ਆਖਿਆ, ‘ਤੁਹਾਡਾ ਭਰਾ ਵਾਪਸ ਆ ਗਿਆ ਹੈ। ਤੁਹਾਡੇ ਪਿਤਾ ਜੀ ਬਹੁਤ ਖੁਸ਼ ਹਨ, ਕਿਉਂਕਿ ਉਹ ਠੀਕ-ਠਾਕ ਘਰ ਵਾਪਸ ਆ ਗਿਆ ਹੈ, ਇਸ ਲਈ ਉਸ ਨੇ ਦਾਅਵਤ ਲਈ ਸਭ ਤੋਂ ਮੋਟਾ ਵੱਛਾ ਵੱਢਿਆ ਹੈ।’
28 “ਵੱਡਾ ਪੁੱਤਰ ਇੰਨਾ ਗੁੱਸੇ ਵਿੱਚ ਸੀ ਕਿ ਉਹ ਖੁਸ਼ੀ ਵਿੱਚ ਸ਼ਰੀਕ ਨਹੀਂ ਹੋਣਾ ਚਾਹੁੰਦਾ ਸੀ। ਫ਼ੇਰ ਉਸਦਾ ਪਿਤਾ ਬਾਹਰ ਆਇਆ ਅਤੇ ਉਸ ਨੂੰ ਅੰਦਰ ਆਉਣ ਦੀ ਬੇਨਤੀ ਕੀਤੀ। 29 ਪੁੱਤਰ ਨੇ ਆਪਣੇ ਪਿਤਾ ਨੂੰ ਕਿਹਾ, ‘ਮੈਂ ਇੰਨੇ ਸਾਲਾਂ ਤੋਂ ਤੁਹਾਡੀ ਸੇਵਾ ਕਰ ਰਿਹਾ ਹਾਂ ਅਤੇ ਮੈਂ ਕਦੇ ਤੁਹਾਡਾ ਹੁਕਮ ਨਹੀਂ ਮੋੜਿਆ ਪਰ ਤੁਸੀਂ ਕਦੇ ਵੀ ਮੈਨੂੰ ਮੇਰੇ ਮਿੱਤਰਾਂ ਨਾਲ ਦਾਅਵਤ ਕਰਨ ਲਈ ਇੱਕ ਬੱਕਰੀ ਵੀ ਨਹੀਂ ਦਿੱਤੀ। 30 ਪਰ ਜਦੋਂ ਤੁਹਾਡਾ ਇਹ ਪੁੱਤਰ ਜਿਹੜਾ ਕੰਜਰੀਆਂ ਤੇ ਤੁਹਾਡਾ ਸਾਰਾ ਪੈਸਾ ਬਰਬਾਦ ਕਰਕੇ ਵਾਪਸ ਆਇਆ ਹੈ, ਉਸ ਲਈ ਤੁਸੀਂ ਮੋਟਾ ਵੱਛਾ ਵੱਢਿਆ ਹੈ।’
31 “ਪਰ ਪਿਤਾ ਨੇ ਵੱਡੇ ਪੁੱਤਰ ਨੂੰ ਕਿਹਾ, ‘ਪੁੱਤਰ ਤੂੰ ਹਮੇਸ਼ਾ ਮੇਰੇ ਕੋਲ ਹੈਂ, ਇਸ ਲਈ ਜੋ ਕੁਝ ਮੇਰਾ ਹੈ ਸੋ ਤੇਰਾ ਹੀ ਹੈ। 32 ਪਰ ਸਾਨੂੰ ਦਾਅਵਤ ਕਰਨੀ ਚਾਹੀਦੀ ਹੈ ਅਤੇ ਖੁਸ਼ ਹੋਣਾ ਚਾਹੀਦਾ ਹੈ ਕਿਉਂਕਿ ਇਹ ਤੇਰਾ ਭਰਾ, ਮਰ ਗਿਆ ਸੀ, ਪਰ ਉਹ ਫ਼ਿਰ ਜਿਉਂਦਾ ਹੋ ਗਿਆ ਹੈ। ਜਿਹੜਾ ਗੁਆਚਿਆ ਹੋਇਆ ਸੀ ਹੁਣ ਲੱਭ ਗਿਆ ਹੈ।’”
2010 by World Bible Translation Center