Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
1 ਸਮੂਏਲ 27-29

ਦਾਊਦ ਦਾ ਫ਼ਲਿਸਤੀਆਂ ਨਾਲ ਰਹਿਣਾ

27 ਪਰ ਦਾਊਦ ਨੇ ਆਪਣੇ ਮਨ ਵਿੱਚ ਸੋਚਿਆ, “ਸ਼ਾਊਲ ਮੈਨੂੰ ਕਿਸੇ ਦਿਨ ਫ਼ੜੇਗਾ ਜ਼ਰੂਰ। ਸਭ ਤੋਂ ਚੰਗਾ ਤਾਂ ਇਹੀ ਹੋਵੇਗਾ ਜੇ ਮੈਂ ਫ਼ਲਿਸਤੀ ਦੀ ਧਰਤੀ ਉੱਤੇ ਹੀ ਬਚਕੇ ਨਿਕਲ ਜਾਵਾਂ। ਤਦ ਸ਼ਾਊਲ ਇਸਰਾਏਲ ਵਿੱਚ ਮੇਰੀ ਭਾਲ ਛੱਡ ਦੇਵੇਗਾ। ਇਉਂ ਮੈਂ ਸ਼ਾਊਲ ਦੇ ਹੱਥੋਂ ਬੱਚ ਜਾਵਾਂਗਾ।”

ਇਉਂ ਦਾਊਦ ਅਤੇ ਉਸ ਦੇ 600 ਸਾਥੀ ਇਸਰਾਏਲ ਛੱਡ ਗਏ। ਉਹ ਗਥ ਦੇ ਰਾਜਾ ਮਾਓਕ ਦੇ ਪੁੱਤਰ ਆਕੀਸ਼ ਵੱਲ ਚੱਲਾ ਗਿਆ। ਦਾਊਦ, ਉਸ ਦੇ ਸਾਥੀ, ਅਤੇ ਉਨ੍ਹਾਂ ਦੇ ਟੱਬਰ ਗਥ ਵਿੱਚ ਆਕੀਸ਼ ਨਾਲ ਰਹੇ। ਦਾਊਦ ਦੇ ਨਾਲ ਉਸ ਦੀਆਂ ਦੋ ਬੀਵੀਆਂ ਅਹੀਨੋਅਮ ਜੋ ਯਿਜ਼ਰਾਏਲ ਤੋਂ ਸੀ ਅਤੇ ਜੋ ਕਰਮਲ ਦੇ ਨਾਬਾਲ ਦੀ ਪਤਨੀ ਸੀ ਅਬੀਗੈਲ, ਦੋਨੋਂ ਉੱਥੇ ਹੀ ਆਕੀਸ਼ ਵੱਲ ਰਹੀਆਂ। ਲੋਕਾਂ ਨੇ ਸ਼ਾਊਲ ਨੂੰ ਦੱਸਿਆ ਕਿ ਦਾਊਦ ਗਥ ਵਿੱਚ ਭੱਜ ਗਿਆ ਹੈ, ਤਾਂ ਸ਼ਾਊਲ ਨੇ ਉਸ ਨੂੰ ਲੱਭਣਾ ਬੰਦ ਕਰ ਦਿੱਤਾ।

ਦਾਊਦ ਨੇ ਆਕੀਸ਼ ਨੂੰ ਕਿਹਾ, “ਜੇਕਰ ਤੇਰੀ ਨਿਗਾਹ ਵਿੱਚ ਮੈਂ ਦਯਾਯੋਗ ਹਾਂ ਤਾਂ ਮੈਨੂੰ ਦੇਸ਼ ਦੇ ਕਿਸੇ ਸ਼ਹਿਰ ਵਿੱਚ ਵਸਣ ਲਈ ਥੋੜਾ ਥਾਂ ਦੇ। ਮੈਂ ਸਿਰਫ਼ ਤੇਰਾ ਸੇਵਕ ਹਾਂ। ਮੈਨੂੰ ਉੱਥੇ ਰਹਿਣਾ ਚਾਹੀਦਾ ਹੈ ਨਾ ਕਿ ਇਸ ਵੱਡੀ ਰਾਜਧਾਨੀ ਵਿੱਚ।”

ਉਸ ਦਿਨ ਆਕੀਸ਼ ਨੇ ਦਾਊਦ ਨੂੰ ਸਿਕਲਗ ਸ਼ਹਿਰ ਦੇ ਦਿੱਤਾ। ਅੱਜ ਤੀਕ ਸਿਕਲਗ ਯਹੂਦਾਹ ਦੇ ਪਾਤਸ਼ਾਹਾਂ ਦਾ ਹੈ। ਦਾਊਦ ਫ਼ਲਿਸਤੀਆਂ ਨਾਲ ਉੱਥੇ ਇੱਕ ਸਾਲ ਅਤੇ ਚਾਰ ਮਹੀਨੇ ਰਿਹਾ।

ਦਾਊਦ ਦਾ ਆਕੀਸ਼ ਪਾਤਸ਼ਾਹ ਨੂੰ ਮੂਰਖ ਬਨਾਉਣਾ

ਦਾਊਦ ਅਤੇ ਉਸ ਦੇ ਸਾਥੀਆਂ ਨੇ ਗਸ਼ੂਰੀਆਂ ਅਤੇ ਗਜ਼ਰੀਆਂ ਅਤੇ ਅਮਾਲੇਕੀਆਂ ਦੇ ਉੱਤੇ ਹਮਲਾ ਕੀਤਾ ਅਤੇ ਉਹ ਸੂਰ ਦੇ ਰਸਤੇ ਤੋਂ ਲੈ ਕੇ ਮਿਸਰ ਦੇ ਕੰਢੇ ਤੀਕ ਉਸ ਦੇਸ਼ ਵਿੱਚ ਪਹਿਲੇ ਤੋਂ ਵੱਸਦੇ ਸਨ, ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ। ਦਾਊਦ ਨੇ ਉਸ ਦੇਸ਼ ਨੂੰ ਜਿੱਤ ਲਿਆ ਅਤੇ ਕਿਸੇ ਆਦਮੀ ਜਾਂ ਔਰਤ ਨੂੰ ਉੱਥੇ ਜਿਉਂਦਾ ਨਾ ਛੱਡਿਆ ਅਤੇ ਉਨ੍ਹਾਂ ਦੇ ਇੱਜੜ, ਵੱਗ, ਖੋਤੇ, ਊਠ ਅਤੇ ਕੱਪੜੇ ਆਦਿ ਸਭ ਲੁੱਟ ਲਈ।

10 ਦਾਊਦ ਨੇ ਇਵੇਂ ਕਈ ਵਾਰ ਕੀਤਾ। ਅਤੇ ਆਕੀਸ਼ ਕੋਲ ਪਰਤ ਗਿਆ। ਆਕੀਸ਼ ਨੇ ਪੁੱਛਿਆ, “ਅੱਜ ਤੂੰ ਛਾਪਾ ਮਾਰਦਿਆਂ ਹੋਇਆ ਕਿੱਥੇ ਗਿਆ ਸੀ?” ਦਾਊਦ ਨੇ ਆਖਿਆ, “ਯਹੂਦਾਹ ਦੇ ਦੱਖਣ ਵੱਲ, ਯਰਾਹ ਮਿਏਲੀਆਂ ਅਤੇ ਕੇਨੀਆਂ ਦੇ ਖਿਲਾਫ਼।” 11 ਦਾਊਦ ਇੱਕ ਵੀ ਜਿਉਂਦੇ ਆਦਮੀ ਜਾਂ ਔਰਤ ਨੂੰ ਗਥ ਵਿੱਚ ਨਾ ਲਿਆਇਆ। ਦਾਊਦ ਨੇ ਸੋਚਿਆ, “ਜੇਕਰ ਅਸੀਂ ਇੱਕ ਵੀ ਜਿਉਂਦਾ ਜੀਅ ਗਥ ਵਿੱਚ ਲੈ ਆਏ ਤਾਂ ਹੋ ਸੱਕਦਾ ਹੈ ਉਹ ਆਕੀਸ਼ ਨੂੰ ਸਾਡੀ ਅਸਲੀਅਤ ਦੱਸ ਦੇਵੇ।”

ਦਾਊਦ ਜਿੰਨੀ ਦੇਰ ਫ਼ਲਿਸਤੀ ਦੀ ਧਰਤੀ ਉੱਤੇ ਰਿਹਾ ਇਵੇਂ ਹੀ ਕਰਦਾ ਰਿਹਾ। 12 ਆਕੀਸ਼ ਨੂੰ ਦਾਊਦ ਉੱਤੇ ਇਤਬਾਰ ਹੋ ਗਿਆ। ਆਕੀਸ਼ ਨੇ ਮਨ ਵਿੱਚ ਸੋਚਿਆ, “ਹੁਣ ਦਾਊਦ ਦੇ ਆਪਣੇ ਲੋਕ ਉਸ ਨੂੰ ਨਫ਼ਰਤ ਕਰਦੇ ਹਨ ਅਤੇ ਇਸਰਾਏਲੀ ਸਾਰੇ ਹੀ ਦਾਊਦ ਨੂੰ ਬੜੀ ਘਿਰਣਾ ਕਰਦੇ ਹਨ ਤਾਂ ਹੁਣ ਤਾਂ ਇਹ ਉਮਰ ਭਰ ਮੇਰੀ ਹੀ ਟਹਿਲ ਸੇਵਾ ਕਰੇਗਾ।”

ਫ਼ਲਿਸਤੀਆਂ ਦੀ ਜੰਗ ਲਈ ਤਿਆਰੀ

28 ਬਾਦ ਵਿੱਚ ਫ਼ਲਿਸਤੀਆਂ ਨੇ ਇਸਰਾਏਲ ਦੇ ਵਿਰੁੱਧ ਲੜਾਈ ਕਰਨ ਲਈ ਆਪਣੀਆਂ ਫ਼ੌਜਾਂ ਇਕੱਠੀਆਂ ਕੀਤੀਆਂ। ਤਦ ਆਕੀਸ਼ ਨੇ ਦਾਊਦ ਨੂੰ ਕਿਹਾ, “ਕੀ ਤੂੰ ਇਸ ਗੱਲ ਨੂੰ ਸਮਝ ਰਿਹਾ ਹੈਂ ਕਿ ਤੈਨੂੰ ਅਤੇ ਤੇਰੇ ਸਾਥੀਆਂ ਨੂੰ ਮੇਰੇ ਨਾਲ ਇਸਰਾਏਲ ਦੇ ਖਿਲਾਫ਼ ਲੜਾਈ ਕਰਨ ਲਈ ਜਾਣਾ ਹੋਵੇਗਾ।”

ਦਾਊਦ ਨੇ ਜਵਾਬ ਦਿੱਤਾ, “ਹਾਂ, ਬਿਲਕੁਲ! ਤਦ ਤੂੰ ਆਪੇ ਹੀ ਵੇਖ ਲਵੇਂਗਾ ਕਿ ਮੈਂ ਕੀ ਕਰਾਂਗਾ।”

ਆਕੀਸ਼ ਨੇ ਕਿਹਾ, “ਠੀਕ ਹੈ! ਮੈਂ ਤੈਨੂੰ ਆਪਣਾ ਰਾਖਾ ਬਣਾਵਾਂਗਾ ਅਤੇ ਤੂੰ ਹਮੇਸ਼ਾ ਮੈਨੂੰ ਬਚਾਵੇਂਗਾ।”

ਸ਼ਾਊਲ ਅਤੇ ਏਨਦੋਰ ਦੀ ਇੱਕ ਔਰਤ

ਸਮੂਏਲ ਮਰ ਗਿਆ ਅਤੇ ਸਭ ਇਸਰਾਏਲੀਆਂ ਨੇ ਉਸਦੀ ਮੌਤ ਉੱਤੇ ਬੜਾ ਦੁੱਖ ਪ੍ਰਗਟ ਕੀਤਾ। ਉਨ੍ਹਾਂ ਨੇ ਸਮੂਏਲ ਨੂੰ ਉਸ ਦੇ ਘਰ ਰਾਮਾਹ ਨਗਰ ਵਿੱਚ ਦਫ਼ਨਾਇਆ।

ਪਹਿਲਾਂ ਸ਼ਾਊਲ ਨੇ ਭੂਤ ਮ੍ਰਿਤਾਂ ਅਤੇ ਭਵਿੱਖ ਦੱਸਣ ਵਾਲਿਆਂ ਨੂੰ ਇਸਰਾਏਲ ਵਿੱਚੋਂ ਕੱਢਿਆ ਸੀ।

ਸੋ ਫ਼ਲਿਸਤੀ ਇਕੱਠੇ ਹੋਕੇ ਆਏ ਅਤੇ ਸ਼ੂਨੇਮ ਵਿੱਚ ਆਕੇ ਉਨ੍ਹਾਂ ਡੇਰੇ ਲਾਏ ਅਤੇ ਸ਼ਾਊਲ ਨੇ ਵੀ ਸਾਰੇ ਇਸਰਾਏਲੀਆਂ ਨੂੰ ਇਕੱਠਿਆਂ ਕੀਤਾ ਅਤੇ ਗਿਲਬੋਆ ਵਿੱਚ ਡੇਰੇ ਲਾ ਲਏ। ਸ਼ਾਊਲ ਨੇ ਜਦੋਂ ਫ਼ਲਿਸਤੀਆਂ ਦੀ ਫ਼ੌਜ ਵੇਖੀ ਤਾਂ ਉਹ ਡਰ ਨਾਲ ਕੰਬਣ ਲੱਗਾ। ਸ਼ਾਊਲ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ, ਪਰ ਯਹੋਵਾਹ ਨੇ ਉਸ ਨੂੰ ਕੋਈ ਜਵਾਬ ਨਾ ਦਿੱਤਾ। ਪਰਮੇਸ਼ੁਰ ਨੇ ਸ਼ਾਊਲ ਨਾਲ ਸੁਪਨੇ ਵਿੱਚ ਗੱਲ ਨਾ ਕੀਤੀ ਅਤੇ ਨਾ ਉਸ ਨੇ ਹੀ ਊਰੀਮ ਜਾਂ ਨਬੀਆਂ ਨੂੰ ਉਸ ਨਾਲ ਗੱਲ ਕਰਨ ਲਈ ਵਰਤਿਆ। ਅਖੀਰ ਵਿੱਚ, ਸ਼ਾਊਲ ਨੇ ਆਪਣੇ ਅਫ਼ਸਰਾਂ ਨੂੰ ਕਿਹਾ, “ਇੱਕ ਔਰਤ ਲੱਭੋ ਜੋ ਭੂਤ ਮ੍ਰਿਤ ਹੋਵੇ ਤਦ ਮੈਂ ਉਸ ਕੋਲੋਂ ਪੁੱਛਾਂਗਾ ਕਿ ਇਸ ਜੰਗ ਵਿੱਚ ਕੀ ਹੋਵੇਗਾ?”

ਉਸ ਦੇ ਅਫ਼ਸਰਾਂ ਨੇ ਜਵਾਬ ਦਿੱਤਾ, “ਅਜਿਹੀ ਇੱਕ ਔਰਤ ਏਨਦੋਰ ਵਿੱਚ ਹੈ!”

ਸੋ ਸ਼ਾਊਲ ਨੇ ਆਪਣਾ ਭੇਸ ਵਟਾਕੇ ਹੋਰ ਕੱਪੜੇ ਪਾ ਲਏ ਅਤੇ ਉੱਥੇ ਗਿਆ। ਦੋ ਜਨੇ ਹੋਰ ਉਸ ਦੇ ਨਾਲ ਸਨ ਅਤੇ ਉਹ ਰਾਤ ਨੂੰ ਉਸ ਔਰਤ ਕੋਲ ਪਹੁੰਚਿਆ ਅਤੇ ਉਸ ਨੂੰ ਕਿਹਾ, “ਕਿਰਪਾ ਕਰਕੇ ਆਪਣੇ ਭੂਤ ਮ੍ਰਿਤ ਕੋਲੋਂ ਮੇਰੇ ਲਈ ਸਲਾਹ ਪੁੱਛ ਅਤੇ ਜਿਸਦਾ ਨਾਮ ਮੈਂ ਤੈਨੂੰ ਦੱਸਾਂ ਉਸ ਨੂੰ ਮੇਰੇ ਲਈ ਬੁਲਾ ਲਿਆਈਂ।”

ਪਰ ਉਸ ਔਰਤ ਨੇ ਸ਼ਾਊਲ ਨੂੰ ਕਿਹਾ, “ਤੈਨੂੰ ਪਤਾ ਹੈ ਕਿਸ ਸ਼ਾਊਲ ਨੇ ਕੀ ਕੀਤਾ! ਉਸ ਨੇ ਸਾਰੇ ਭੂਤ ਮ੍ਰਿਤਾਂ ਅਤੇ ਜੋਤਸ਼ੀਆਂ ਨੂੰ ਇਸਰਾਏਲ ਦੀ ਧਰਤੀ ਤੋਂ ਬਾਹਰ ਕੱਢ ਮਾਰਿਆ। ਫ਼ਿਰ ਤੂੰ ਮੇਰੀ ਜਾਨ ਕਿਸ ਲਈ ਫ਼ਸਾਉਂਦਾ ਹੈ? ਤੂੰ ਮੈਨੂੰ ਵੀ ਮਰਵਾਉਣਾ ਚਾਹੁੰਦਾ ਹੈ?”

10 ਤਦ ਸ਼ਾਊਲ ਨੇ ਯਹੋਵਾਹ ਦੀ ਸੌਂਹ ਚੁੱਕ ਕੇ ਆਖਿਆ, “ਮੈਨੂੰ ਜਿਉਂਦੇ ਯਹੋਵਾਹ ਦੀ ਸੌਂਹ ਕਿ ਇਸ ਗੱਲ ਦੀ ਤੈਨੂੰ ਕੋਈ ਸਜ਼ਾ ਨਾ ਮਿਲੇਗੀ।”

11 ਔਰਤ ਨੇ ਪੁੱਛਿਆ, “ਮੈਂ ਤੇਰੇ ਲਈ ਕਿਸਨੂੰ ਮੰਗਾਵਾਂ?”

ਸ਼ਾਊਲ ਨੇ ਕਿਹਾ, “ਸਮੂਏਲ ਨੂੰ ਬੁਲਾ।”

12 ਅਤੇ ਇੰਝ ਹੋਇਆ ਕਿ ਜਿਸ ਵੇਲੇ ਉਸ ਔਰਤ ਨੇ ਸਮੂਏਲ ਨੂੰ ਵੇਖਿਆ ਤਾਂ ਉਸ ਜ਼ੋਰ ਦੀ ਚੀਕ ਮਾਰੀ ਅਤੇ ਉਸ ਨੇ ਸ਼ਾਊਲ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕਿਉਂ ਕੀਤਾ ਕਿਉਂਕਿ ਸ਼ਾਊਲ ਤਾਂ ਤੂੰ ਹੀ ਹੈਂ।”

13 ਤਾਂ ਸ਼ਾਊਲ ਨੇ ਕਿਹਾ, “ਡਰ ਨਾ! ਤੂੰ ਦੱਸ ਕਿ ਤੂੰ ਵੇਖਿਆ?”

ਉਸ ਔਰਤ ਨੇ ਕਿਹਾ, “ਮੈਂ ਇੱਕ ਆਤਮਾ ਧਰਤੀ ਤੋਂ ਉੱਪਰ ਉੱਠਦਾ ਵੇਖਿਆ।”

14 ਸ਼ਾਊਲ ਨੇ ਪੁੱਛਿਆ, “ਉਹ ਕਿਵੇਂ ਦੀ ਲੱਗਦੀ ਸੀ?”

ਉਸ ਔਰਤ ਨੇ ਜਵਾਬ ’ਚ ਕਿਹਾ, “ਉਹ ਇੱਕ ਬੁੱਢਾ ਆਦਮੀ ਖਾਸ ਕਿਸਮ ਦਾ ਚੋਲਾ ਪਾਇਆ ਲੱਗਦਾ ਸੀ।”

ਤਦ ਸ਼ਾਊਲ ਜਾਣ ਗਿਆ ਕਿ ਇਹ ਸਮੂਏਲ ਹੀ ਸੀ। ਸ਼ਾਊਲ ਨੇ ਝੁਕ ਕੇ ਮੱਥਾ ਟੇਕਿਆ। 15 ਸਮੂਏਲ ਨੇ ਸ਼ਾਊਲ ਨੂੰ ਕਿਹਾ, “ਤੂੰ ਮੈਨੂੰ ਕਿਉਂ ਤੰਗ ਕਰਦਾ ਹੈ, ਕਿਉਂ ਤੂੰ ਮੈਨੂੰ ਧਰਤੀ ਉੱਪਰ ਸੱਦਿਆ ਹੈ?”

ਸ਼ਾਊਲ ਨੇ ਕਿਹਾ, “ਮੈਂ ਮੁਸੀਬਤ ਵਿੱਚ ਹਾਂ। ਫ਼ਲਿਸਤੀ ਮੇਰੇ ਵਿਰੁੱਧ ਲੜਨ ਆਏ ਹਨ ਅਤੇ ਪਰਮੇਸ਼ੁਰ ਨੇ ਮੈਨੂੰ ਤਿਆਗ ਦਿੱਤਾ ਹੈ, ਉਹ ਹੁਣ ਮੇਰੀ ਕਿਸੇ ਗੱਲ ਦਾ ਉੱਤਰ ਨਹੀਂ ਦਿੰਦਾ। ਹੁਣ ਉਹ ਨਬੀ ਵੀ ਨਹੀਂ ਘੱਲਦਾ ਅਤੇ ਮੇਰੇ ਸੁਪਨਿਆਂ ’ਚ ਵੀ ਗੱਲ ਨਹੀਂ ਕਰਦਾ। ਇਸੇ ਲਈ ਮੈਂ ਤੈਨੂੰ ਬੁਲਾਇਆ ਹੈ ਕਿ ਦੱਸ ਹੁਣ ਮੈਂ ਕੀ ਕਰਾਂ?”

16 ਸਮੂਏਲ ਨੇ ਕਿਹਾ, “ਯਹੋਵਾਹ ਨੇ ਤੈਨੂੰ ਛੱਡ ਦਿੱਤਾ ਅਤੇ ਤੇਰਾ ਦੁਸ਼ਮਣ ਬਣ ਗਿਆ ਹੈ। ਸੋ ਫ਼ਿਰ ਤੂੰ ਮੈਨੂੰ ਕਿਉਂ ਤੰਗ ਕਰਦਾ ਹੈਂ? 17 ਯਹੋਵਾਹ ਨੇ ਤਾਂ ਆਪਣੇ ਵੱਲੋਂ ਉਹੀ ਕੀਤਾ ਜੋ ਉਸ ਨੇ ਮੇਰੇ ਰਾਹੀਂ ਆਖਿਆ ਸੀ ਕਿ ਯਹੋਵਾਹ ਨੇ ਤੇਰੇ ਹੱਥੋਂ ਰਾਜ ਖੋਹ ਲਿਆ ਅਤੇ ਤੇਰੇ ਪੜੋਸੀ ਦਾਊਦ ਨੂੰ ਦੇ ਦਿੱਤਾ। 18 ਉਹ ਇਸ ਲਈ ਕਿ ਤੂੰ ਯਹੋਵਾਹ ਦਾ ਬਚਨ ਨਾ ਮੰਨਿਆ ਅਤੇ ਤੂੰ ਅਮਾਲੇਕੀਆਂ ਦੇ ਨਾਲ ਉਸ ਦੇ ਕਰੋਧ ਦੀ ਅੱਗ ਮੁਤਾਬਕ ਬਦਲਾ ਨਾ ਲਿਆ, ਕੰਮ ਨਾ ਕੀਤਾ। ਇਸੇ ਕਰਕੇ ਅੱਜ ਯਹੋਵਾਹ ਨੇ ਤੇਰੇ ਨਾਲ ਅਜਿਹਾ ਕੀਤਾ। 19 ਯਹੋਵਾਹ ਤੇਰੇ ਸਮੇਤ ਸਾਰੇ ਇਸਰਾਏਲ ਨੂੰ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ ਅਤੇ ਕੱਲ ਤੂੰ ਤੇਰੇ ਪੁੱਤਰ ਮੇਰੇ ਕੋਲ ਹੋਣਗੇ ਅਤੇ ਇਸਰਾਏਲੀ ਦਲ ਨੂੰ ਵੀ ਯਹੋਵਾਹ ਫ਼ਲਿਸਤੀਆਂ ਦੇ ਹੱਥ ਵਿੱਚ ਕਰ ਦੇਵੇਗਾ।”

20 ਤਦ ਸ਼ਾਊਲ ਉਸੇ ਵੇਲੇ ਧਰਤੀ ਉੱਪਰ ਲੰਮਾ ਹੋਕੇ ਡਿੱਗ ਪਿਆ ਅਤੇ ਸਮੂਏਲ ਦੀਆਂ ਗੱਲਾਂ ਨਾਲ ਬੜਾ ਡਰ ਗਿਆ ਅਤੇ ਉਸ ਵਿੱਚ ਕੁਝ ਸਾਹ ਸੱਤ ਨਾ ਬੱਚਿਆਂ ਕਿਉਂਕਿ ਉਸ ਨੇ ਉਸ ਸਾਰਾ ਦਿਨ ਅਤੇ ਰਾਤ ਰੋਟੀ ਨਹੀਂ ਖਾਧੀ ਸੀ।

21 ਤਦ ਉਹ ਔਰਤ ਸ਼ਾਊਲ ਕੋਲ ਆਈ। ਉਸ ਵੇਖਿਆ ਕਿ ਸ਼ਾਊਲ ਤਾਂ ਸੱਚਮੁੱਚ ਬਹੁਤ ਡਰਿਆ ਹੋਇਆ ਹੈ ਤਾਂ ਉਸ ਨੇ ਕਿਹਾ, “ਵੇਖ! ਮੈਂ ਤੇਰੀ ਸੇਵਕ ਦਾਸੀ ਹਾਂ। ਮੈਂ ਤੇਰਾ ਹੁਕਮ ਮੰਨਿਆ। ਮੈਂ ਆਪਣੀ ਜਾਨ ਖਤਰੇ ਵਿੱਚ ਪਾਕੇ ਜੋ ਤੂੰ ਕਿਹਾ ਮੈਂ ਕੀਤਾ। 22 ਹੁਣ ਕਿਰਪਾ ਕਰਕੇ ਮੇਰੀ ਗੱਲ ਧਿਆਨ ਨਾਲ ਸੁਣ, ਹੁਣ ਮੈਂ ਤੈਨੂੰ ਕੁਝ ਰੋਟੀ ਦਿੰਦਾ ਹਾਂ ਤੂੰ ਖਾ ਲੈ, ਫ਼ਿਰ ਤੇਰੇ ਵਿੱਚ ਤਾਕਤ ਆ ਜਾਵੇਗੀ ਤਾਂ ਤੂੰ ਆਪਣੇ ਰਾਹ ਪੈ ਜਾਵੀਂ।”

23 ਪਰ ਸ਼ਾਊਲ ਨੇ ਕੁਝ ਖਾਣ ਤੋਂ ਇਨਕਾਰ ਕਰ ਦਿੱਤਾ।

ਸ਼ਾਊਲ ਦੇ ਅਫ਼ਸਰਾਂ ਨੇ ਵੀ ਉਸ ਔਰਤ ਨਾਲ ਮਿਲਕੇ ਉਸ ਨੂੰ ਖਾਣ ਲਈ ਬੇਨਤੀ ਕੀਤੀ। ਅਖੀਰ ਸ਼ਾਊਲ ਨੇ ਉਨ੍ਹਾਂ ਦਾ ਕਿਹਾ ਮੰਨ ਲਿਆ। ਉਹ ਭੁੰਜਿਓਁ ਉੱਠ ਕੇ ਮੰਜੇ ਉੱਤੇ ਬੈਠ ਗਿਆ। 24 ਉਸ ਔਰਤ ਕੋਲ ਘਰ ਵਿੱਚ ਇੱਕ ਮੋਟਾ ਵੱਛਾ ਸੀ। ਉਸ ਨੇ ਫ਼ਟਾਫ਼ਟ ਉਸ ਨੂੰ ਵੱਢਿਆ। ਉਸ ਨੇ ਕੁਝ ਆਟਾ ਲੈ ਕੇ ਗੁੰਨ੍ਹਕੇ ਉਸ ਨੂੰ ਹੱਥਾਂ ਵਿੱਚ ਦਬਾਕੇ ਬਿਨਾ ਖਮੀਰ ਦੇ ਹੀ ਉਸ ਦੀਆਂ ਰੋਟੀਆਂ ਪਕਾਕੇ ਬਣਾਈਆਂ। 25 ਉਸ ਔਰਤ ਨੇ ਸ਼ਾਊਲ ਅਤੇ ਉਸ ਦੇ ਅਫ਼ਸਰਾਂ ਅੱਗੇ ਖਾਣਾ ਪਰੋਸਿਆ। ਉਨ੍ਹਾਂ ਸਭਨਾਂ ਨੇ ਭੋਜਨ ਕੀਤਾ ਅਤੇ ਅਗਲੀ ਸਵੇਰ ਉਹ ਉੱਠੇ ਅਤੇ ਉੱਥੋਂ ਚੱਲੇ ਗਏ।

“ਦਾਊਦ ਸਾਡੇ ਨਾਲ ਨਹੀਂ ਆ ਸੱਕਦਾ”

29 ਫ਼ਲਿਸਤੀਆਂ ਨੇ ਆਪਣੇ ਸਾਰੇ ਸਿਪਾਹੀ ਅਫ਼ੇਕ ਵਿੱਚ ਇਕੱਠੇ ਕੀਤੇ ਅਤੇ ਇਸਰਾਏਲੀਆਂ ਨੇ ਇੱਕ ਝਰਨੇ ਦੇ ਨੇੜੇ ਜੋ ਇਸਰਾਏਲ ਵਿੱਚ ਹੈ ਜਾ ਡੇਰੇ ਲਾਏ। ਫ਼ਲਿਸਤੀਆਂ ਦੇ ਸਰਦਾਰ 100 ਅਤੇ 1,000 ਦੇ ਨਾਲ ਅੱਗੇ-ਅੱਗੇ ਜਾਂਦੇ ਸਨ, ਪਰ ਦਾਊਦ ਆਪਣੇ ਸਾਥੀਆਂ ਦੇ ਨਾਲ ਪਿੱਛੇ-ਪਿੱਛੇ ਆਕੀਸ਼ ਦੇ ਨਾਲ ਆਉਂਦਾ ਸੀ।

ਫ਼ਲਿਸਤੀ ਕਪਤਾਨ ਨੇ ਕਿਹਾ, “ਇਨ੍ਹਾਂ ਇਬਰਾਨੀਆਂ ਦਾ ਇੱਥੇ ਕੀ ਕੰਮ?”

ਆਕੀਸ਼ ਨੇ ਫ਼ਲਿਸਤੀ ਕਪਤਾਨ ਨੂੰ ਕਿਹਾ, “ਇਹ ਦਾਊਦ ਹੈ। ਦਾਊਦ ਸ਼ਾਊਲ ਦੇ ਅਫ਼ਸਰਾਂ ਵਿੱਚੋਂ ਇੱਕ ਹੁੰਦਾ ਸੀ ਅਤੇ ਹੁਣ ਇਹ ਬਹੁਤ ਦੇਰ ਤੋਂ ਮੇਰੇ ਨਾਲ ਹੈ। ਜਦੋਂ ਦਾ ਇਹ ਸ਼ਾਊਲ ਨੂੰ ਛੱਡ ਕੇ ਮੇਰੇ ਕੋਲ ਆਇਆ ਹੈ, ਮੈਂ ਇਸ ਵਿੱਚ ਕੁਝ ਵੀ ਗਲਤ ਨਹੀਂ ਪਾਇਆ।”

ਪਰ ਫ਼ਲਿਸਤੀ ਕਪਤਾਨ ਆਕੀਸ਼ ਨਾਲ ਬੜੇ ਨਾਰਾਜ਼ ਹੋਏ ਅਤੇ ਉਨ੍ਹਾਂ ਕਿਹਾ, “ਦਾਊਦ ਨੂੰ ਵਾਪਸ ਭੇਜੋ। ਜਿਹੜਾ ਸ਼ਹਿਰ ਤੁਸੀਂ ਇਸ ਨੂੰ ਦਿੱਤਾ ਸੀ ਇਸ ਨੂੰ ਆਖੋ ਕਿ ਉੱਥੇ ਜਾਵੇ, ਜੰਗ ਵਿੱਚ ਇਸਦਾ ਕੋਈ ਕੰਮ ਨਹੀਂ। ਇਹ ਲੜਾਈ ਵਿੱਚ ਸਾਡੇ ਨਾਲ ਨਹੀਂ ਜਾ ਸੱਕਦਾ। ਜੇਕਰ ਇਹ ਇੱਥੇ ਹੈ ਤਾਂ ਇਸਦਾ ਮਤਲਬ ਅਸੀਂ ਖੁਦ ਹੀ ਆਪਣੇ ਡੇਰੇ ਵਿੱਚ ਇੱਕ ਦੁਸ਼ਮਣ ਨੂੰ ਪਨਾਹ ਦੇ ਰਹੇ ਹਾਂ। ਇਹ ਆਪਣੇ ਪਾਤਸ਼ਾਹ (ਸ਼ਾਊਲ) ਨੂੰ ਖੁਸ਼ ਕਰਨ ਲਈ ਸਾਡੇ ਹੀ ਬੰਦਿਆਂ ਨੂੰ ਮਾਰ ਸੁੱਟੇਗਾ। ਦਾਊਦ ਤਾਂ ਉਹੀ ਬੰਦਾ ਹੈ ਨਾ ਜਿਸਦੇ ਬਾਰੇ ਇਸਰਾਏਲੀ ਇਹ ਗੀਤ ਗਾਉਂਦੇ ਨੱਚਦੇ ਹਨ ਕਿ:

‘ਸ਼ਾਊਲ ਨੇ ਤਾਂ ਹਜ਼ਾਰਾਂ ਵੈਰੀ ਮਾਰੇ
    ਪਰ ਦਾਊਦ ਨੇ ਲਖਾਂ ਵੈਰੀ ਮਾਰ ਮੁਕਾਏ।’”

ਤਦ ਆਕੀਸ਼ ਨੇ ਦਾਊਦ ਨੂੰ ਬੁਲਾਕੇ ਆਖਿਆ, “ਮੈਂ ਯਹੋਵਾਹ ਦੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ, ਕਿ ਤੂੰ ਮੇਰੇ ਨਾਲ ਵਫ਼ਾਦਾਰ ਹੈਂ। ਮੈਨੂੰ ਬਹੁਤ ਖੁਸ਼ੀ ਹੋਵੇਗੀ ਜੇਕਰ ਤੂੰ ਮੇਰੀ ਸੈਨਾ ਵਿੱਚ ਸੇਵਾ ਕਰੇਂਗਾ। ਮੈਂ ਤੇਰੇ ਵਿੱਚ ਕੋਈ ਭੈੜ ਨਹੀਂ ਵੇਖਿਆ ਜਦੋਂ ਤੋਂ ਤੂੰ ਮੇਰੇ ਕੋਲ ਆਇਆ ਹੈ। ਫ਼ਲਿਸਤੀ ਸ਼ਾਸਕ ਵੀ ਤੈਨੂੰ ਚੰਗਾ ਮਨੁੱਖ ਸਮਝਦੇ ਹਨ। [a] ਇਸ ਲਈ ਤੂੰ ਸੁੱਖ-ਸ਼ਾਂਤੀ ਨਾਲ ਵਾਪਸ ਮੁੜ ਜਾ ਅਤੇ ਫ਼ਲਿਸਤੀ ਸ਼ਾਸਕ ਦੇ ਵਿਰੁੱਧ ਕੁਝ ਨਾ ਕਰੀਂ।”

ਦਾਊਦ ਨੇ ਪੁੱਛਿਆ, “ਮੈਂ ਕੀ ਗਲਤੀ ਕੀਤੀ ਹੈ? ਕੀ ਜਦੋਂ ਦਾ ਮੈਂ ਤੇਰੇ ਕੋਲ ਆਇਆ ਹਾਂ, ਕੀ ਤੂੰ ਮੇਰੇ ਵਿੱਚ ਕੋਈ ਭੈੜ ਵੇਖਿਆ ਹੈ? ਨਹੀਂ ਨਾ, ਤਾਂ ਫ਼ਿਰ ਤੂੰ ਮੈਨੂੰ ਆਪਣੇ ਯਹੋਵਾਹ ਪਾਤਸ਼ਾਹ ਲਈ, ਉਸ ਦੇ ਦੁਸ਼ਮਣਾ ਦੇ ਖਿਲਾਫ਼ ਲੜਨ ਲਈ ਕਿਉਂ ਨਹੀਂ ਲੈ ਕੇ ਜਾਂਦਾ?”

ਆਕੀਸ਼ ਨੇ ਕਿਹਾ, “ਮੈਂ ਮੰਨਦਾ ਹਾਂ ਕਿ ਤੂੰ ਇੱਕ ਬਹੁਤ ਹੀ ਭਲਾ ਮਨੁੱਖ ਹੈਂ। ਤੂੰ ਤਾਂ ਪਰਮੇਸ਼ੁਰ ਵੱਲੋਂ ਭੇਜੇ ਇੱਕ ਦੂਤ ਵਰਗਾ ਹੈਂ ਪਰ ਫ਼ਲਿਸਤੀ ਕਪਤਾਨ ਅਜੇ ਵੀ ਆਖਦੇ ਹਨ ਕਿ, ‘ਦਾਊਦ ਸਾਡੇ ਨਾਲ ਜੰਗ ਵਿੱਚ ਨਹੀਂ ਜਾ ਸੱਕਦਾ।’ 10 ਅਗਲੀ ਸਵੇਰ ਹੀ ਤੂੰ ਅਤੇ ਤੇਰੇ ਸਾਥੀ ਉਸ ਸ਼ਹਿਰ ਵਿੱਚ ਚੱਲੇ ਜਾਣ ਜਿਹੜਾ ਮੈਂ ਤੈਨੂੰ ਦਿੱਤਾ ਸੀ। ਕਪਤਾਨਾਂ ਦੀਆਂ ਕਹੀਆਂ ਗੱਲਾਂ ਵੱਲ ਬਹੁਤਾ ਧਿਆਨ ਨਾ ਦਿੰਦਾ ਹੋਇਆ ਤੂੰ ਕਿਸੇ ਵੀ ਗੱਲ ਦਾ ਬੁਰਾ ਨਾ ਮਨਾਈ। ਤੂੰ ਇੱਕ ਭਲਾ ਮਨੁੱਖ ਹੈ ਜੋ ਸੂਰਜ ਚਢ਼ਦੇ ਹੀ ਤੂੰ ਇੱਥੋਂ ਚੱਲਾ ਜਾਵੀਂ।”

11 ਤਾਂ ਦਾਊਦ ਅਤੇ ਉਸ ਦੇ ਸਾਥੀ ਸਵੇਰੇ ਜਲਦੀ ਉੱਠੇ ਅਤੇ ਫ਼ਲਿਸਤੀ ਦੇ ਦੇਸ਼ ਵਾਪਸ ਮੁੜ ਗਏ ਅਤੇ ਫ਼ਲਿਸਤੀ ਯਿਜ਼ਰਾਏਲ ਵੱਲ ਚਢ਼ੇ।

ਲੂਕਾ 13:1-22

ਆਪਣੇ ਦਿਲ ਬਦਲੋ

13 ਉਸ ਵਕਤ ਯਿਸੂ ਦੇ ਨਾਲ ਕੁਝ ਲੋਕ ਸਨ। ਇਨ੍ਹਾਂ ਲੋਕਾਂ ਨੇ ਉਸ ਨੂੰ ਦੱਸਿਆ ਕਿ ਗਲੀਲ ਵਿੱਚ ਕੁਝ ਲੋਕਾਂ ਨਾਲ ਕਿਵੇਂ ਵਾਪਰੀ ਪਿਲਾਤੁਸ ਨੇ ਉਨ੍ਹਾਂ ਲੋਕਾਂ ਨੂੰ ਉਪਾਸਨਾ ਕਰਦੇ ਹੋਇਆਂ ਨੂੰ ਮਰਵਾਇਆ ਸੀ। ਪਿਲਾਤੁਸ ਨੇ ਜਾਨਵਰਾਂ ਦੇ ਬਲੀਦਾਨ ਦੇ ਲਹੂ ਨਾਲ ਉਨ੍ਹਾਂ ਦਾ ਲਹੂ ਮਿਲਾਇਆ ਸੀ, ਜਿਹੜੇ ਕਿ ਉਪਾਸਨਾ ਦੇ ਵਕਤ ਜਾਨਵਰਾਂ ਦੀ ਬਲੀ ਦੇ ਰਹੇ ਸਨ। ਯਿਸੂ ਨੇ ਜਵਾਬ ਦਿੱਤਾ, “ਤੁਸੀਂ ਕੀ ਸੋਚਦੇ ਹੋ ਕਿ ਉਨ੍ਹਾਂ ਨਾਲ ਅਜਿਹਾ ਇਸ ਲਈ ਵਾਪਰਿਆ ਕਿਉਂਕਿ ਉਨ੍ਹਾਂ ਨੇ ਗਲੀਲ ਦੇ ਹੋਰ ਲੋਕਾਂ ਨਾਲੋਂ ਵੱਧ ਪਾਪ ਕੀਤੇ? ਨਹੀਂ, ਉਨ੍ਹਾਂ ਨੇ ਨਹੀਂ ਕੀਤੇ, ਜੇਕਰ ਤੁਸੀਂ ਆਪਣਾ ਜੀਵਨ ਅਤੇ ਆਪਣੇ ਦਿਲ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਉਨ੍ਹਾਂ ਦੀ ਤਰ੍ਹਾਂ ਨਸ਼ਟ ਕਰ ਦਿੱਤੇ ਜਾਵੋਂਗੇ। ਤੁਸੀਂ ਉਨ੍ਹਾਂ ਅੱਠ੍ਹਾਰਾਂ ਲੋਕਾਂ ਬਾਰੇ ਕੀ ਸੋਚਦੇ ਹੋ ਜਿਹੜੇ ਜਦੋਂ ਸਿਲੋਆਮ ਦਾ ਬੁਰਜ ਉਨ੍ਹਾਂ ਉੱਤੇ ਢੱਠਾ ਤਾਂ ਮਾਰੇ ਗਏ ਸਨ। ਕੀ ਤੁਸੀਂ ਸੋਚਦੇ ਹੋ ਕਿ ਉਹ ਯਰੂਸ਼ਲਮ ਵਿੱਚ ਰਹਿਣ ਵਾਲੇ ਸਾਰੇ ਲੋਕਾਂ ਨਾਲੋਂ ਵੱਧ ਪਾਪੀ ਸਨ? ਮੈਂ ਤੁਹਾਨੂੰ ਆਖਦਾ ਹਾਂ ਕਿ ਇਉਂ ਨਹੀਂ ਸੀ, ਪਰ ਜੇਕਰ ਤੁਸੀਂ ਵੀ ਆਪਣੇ ਦਿਲ ਅਤੇ ਜੀਵਨ ਨਹੀਂ ਬਦਲੋਂਗੇ, ਤਾਂ ਤੁਸੀਂ ਵੀ ਸਾਰੇ ਨਸ਼ਟ ਹੋ ਜਾਵੋਂਗੇ।”

ਫ਼ਲਹੀਣ ਰੁੱਖ

ਯਿਸੂ ਨੇ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦਿੱਤਾ, “ਇੱਕ ਆਦਮੀ ਕੋਲ ਬਾਗ ਵਿੱਚ ਇੱਕ ਅੰਜੀਰ ਦਾ ਰੁੱਖ ਸੀ। ਉਸ ਨੇ ਰੁੱਖ ਦੇ ਹਰ ਪਾਸੇ ਵੇਖਿਆ ਕਿ ਕੋਈ ਫ਼ਲ ਦਿਸੇ, ਪਰ ਉਸ ਨੂੰ ਕੋਈ ਫ਼ਲ ਨਜ਼ਰ ਨਾ ਆਇਆ। ਉਸ ਆਦਮੀ ਕੋਲ ਇੱਕ ਨੌਕਰ ਸੀ ਜੋ ਉਸ ਬਾਗ ਦੀ ਰੱਖਵਾਲੀ ਕਰਦਾ ਹੁੰਦਾ ਸੀ। ਇਸ ਲਈ ਉਸ ਨੇ ਆਪਣੇ ਨੌਕਰ ਨੂੰ ਕਿਹਾ, ‘ਮੈਂ ਤਿੰਨ ਸਾਲ ਤੋਂ ਇਸ ਰੁੱਖ ਵੱਲ ਫ਼ਲ ਲਈ ਵੇਖ ਰਿਹਾ ਹਾਂ, ਪਰ ਮੈਨੂੰ ਇਸ ਉੱਪਰ ਕਦੇ ਕੋਈ ਫ਼ਲ ਲੱਗਾ ਨਹੀਂ ਦਿਸਿਆ। ਇਸ ਨੂੰ ਵੱਢ ਸੁੱਟ। ਇਵੇਂ ਜ਼ਮੀਨ ਨੂੰ ਜ਼ਾਇਆ ਕਿਉਂ ਕੀਤਾ ਜਾਵੇ?’ ਪਰ ਨੌਕਰ ਨੇ ਜਵਾਬ ਦਿੱਤਾ, ‘ਮਾਲਕ, ਇੱਕ ਸਾਲ ਹੋਰ ਇੰਤਜ਼ਾਰ ਕਰੋ ਤਾਂ ਜੋ ਇਹ ਰੁੱਖ ਫ਼ਲ ਦੇ ਸੱਕੇ। ਮੈਨੂੰ ਇਸਦੇ ਆਸੇ-ਪਾਸਿਓ ਖੋਦਣ ਦਿਉ ਅਤੇ ਕੁਝ ਖਾਦ ਪਾਉਣ ਦਿਉ। ਹੋ ਸੱਕਦਾ ਹੈ ਅਗਲੇ ਸਾਲ ਤੀਕ ਇਸ ਨੂੰ ਕੋਈ ਫ਼ਲ ਲੱਗ ਜਾਵੇ। ਜੇਕਰ ਤਦ ਵੀ ਕੋਈ ਵਲ ਨਾ ਲੱਗੇ ਤਾਂ ਤੁਸੀਂ ਚਾਹੇ ਇਸ ਨੂੰ ਕਟਵਾ ਸੁੱਟਣਾ।’”

ਯਿਸੂ ਦਾ ਸਬਤ ਦੇ ਦਿਨ ਇੱਕ ਬਿਮਾਰ ਔਰਤ ਨੂੰ ਠੀਕ ਕਰਨਾ

10 ਸਬਤ ਦੇ ਦਿਨ ਯਿਸੂ ਇੱਕ ਪ੍ਰਾਰਥਨਾ ਸਥਾਨ ਵਿੱਚ ਉਪਦੇਸ਼ ਦੇ ਰਿਹਾ ਸੀ। 11 ਉਸ ਪ੍ਰਾਰਥਨਾ ਸਥਾਨ ਤੇ ਇੱਕ ਔਰਤ ਦੇ ਅੰਦਰ ਇੱਕ ਪ੍ਰੇਤ ਆਤਮਾ ਪ੍ਰਵੇਸ਼ ਕਰ ਚੁੱਕਿਆ ਸੀ। ਇਸ ਭਰਿਸ਼ਟ ਆਤਮਾ ਨੇ ਉਸ ਨੂੰ ਅੱਠ੍ਹਾਰਾਂ ਸਾਲਾਂ ਤੋਂ ਰੋਗੀ ਬਣਾ ਛੱਡਿਆ ਸੀ। ਉਸਦੀ ਕਮਰ ਵਿੱਚ ਕੁੱਬ ਪੈ ਗਿਆ ਸੀ, ਅਤੇ ਉਹ ਸਿੱਧੀ ਖੜ੍ਹੀ ਨਹੀਂ ਹੋ ਸੱਕਦੀ ਸੀ। 12 ਜਦੋਂ ਯਿਸੂ ਨੇ ਉਸ ਔਰਤ ਨੂੰ ਵੇਖਿਆ ਤਾਂ ਉਸ ਨੂੰ ਬੁਲਾਇਆ ਅਤੇ ਕਿਹਾ, “ਹੇ ਔਰਤ! ਤੂੰ ਆਪਣੀ ਬਿਮਾਰੀ ਤੋਂ ਛੁਟਕਾਰਾ ਪਾ ਲਿਆ ਹੈ!” 13 ਯਿਸੂ ਨੇ ਆਪਣੇ ਹੱਥ ਉਸ ਉੱਤੇ ਰੱਖੇ ਤਾਂ ਉਹ ਸਿੱਧੀ ਖੜ੍ਹੀ ਹੋਣ ਵਿੱਚ ਸਫ਼ਲ ਹੋਈ ਅਤੇ ਪਰਮੇਸ਼ੁਰ ਦੀ ਉਸਤਤਿ ਕਰਨ ਲੱਗੀ।

14 ਪ੍ਰਾਰਥਨਾ ਸਥਾਨ ਦਾ ਸਰਦਾਰ ਕਰੋਧ ਵਿੱਚ ਆ ਗਿਆ ਕਿਉਂਕਿ ਯਿਸੂ ਨੇ ਉਸ ਨੂੰ ਸਬਤ ਦੇ ਦਿਨ ਨਿਰੋਗ ਕੀਤਾ ਸੀ। ਸਰਦਾਰ ਨੇ ਲੋਕਾਂ ਨੂੰ ਕਿਹਾ, “ਛੇ ਦਿਨ ਕੰਮ ਦੇ ਲਈ ਹੁੰਦੇ ਹਨ ਸੋ ਠੀਕ ਹੋਣ ਲਈ ਤੁਸੀਂ ਉਨ੍ਹਾਂ ਦਿਨਾਂ ਵਿੱਚ ਆਵੋ। ਸਬਤ ਦੇ ਦਿਨ ਕੋਈ ਠੀਕ ਹੋਣ ਲਈ ਇੱਥੇ ਨਾ ਆਵੇ।”

15 ਪ੍ਰਭੂ ਯਿਸੂ ਨੇ ਉੱਤਰ ਦਿੱਤਾ, “ਤੁਸੀਂ ਲੋਕ ਕਪਟੀ ਹੋ! ਕੀ ਤੁਸੀਂ ਹਰ-ਰੋਜ਼ ਅਤੇ ਸਬਤ ਦੇ ਦਿਨ ਵੀ ਆਪਣੇ ਬਲਦ ਜਾਂ ਗਧੇ ਨੂੰ ਖੁਰਲੀ ਤੋਂ ਖੋਲਕੇ ਪਾਣੀ ਪਿਲਾਉਣ ਨਹੀਂ ਲਿਜਾਂਦੇ? 16 ਇਹ ਔਰਤ ਜਿਸ ਨੂੰ ਮੈਂ ਠੀਕ ਕੀਤਾ ਹੈ, ਅਬਰਾਹਾਮ ਦੀ ਧੀ ਹੈ। ਅਤੇ ਇਹ ਅੱਠਾਰਾਂ ਸਾਲਾਂ ਤੋਂ ਸ਼ੈਤਾਨ ਦੀ ਗੁਲਾਮੀ ਵਿੱਚ ਸੀ। ਕੀ ਇਹ ਉਸ ਲਈ ਗਲਤ ਗੱਲ ਸੀ ਕਿ ਉਸ ਨੂੰ ਸਬਤ ਦੇ ਦਿਨ ਉਸ ਗੁਲਾਮੀ ਤੋਂ ਛੁਟਕਾਰਾ ਦਿੱਤਾ ਗਿਆ।” 17 ਜਦੋਂ ਯਿਸੂ ਨੇ ਇਹ ਕਿਹਾ ਤਾਂ ਜਿਹੜੇ ਲੋਕ ਉਸਦੀ ਨਿੰਦਾ ਕਰ ਰਹੇ ਸਨ ਆਪਣੇ-ਆਪ ਵਿੱਚ ਸ਼ਰਮ ਮਹਿਸੂਸ ਕਰਨ ਲੱਗੇ। ਭੀੜ ਦੇ ਸਾਰੇ ਲੋਕ ਯਿਸੂ ਦੀਆਂ ਚਮਤਕਾਰੀ ਗੱਲਾਂ ਤੋਂ, ਜੋ ਉਹ ਕਰ ਰਿਹਾ ਸੀ, ਬੜੇ ਖੁਸ਼ ਸਨ।

ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ?(A)

18 ਤਾਂ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਕਿਵੇਂ ਦਾ ਹੈ? ਮੈਂ ਇਸ ਦੀ ਤੁਲਨਾ ਕਿਸ ਨਾਲ ਕਰਾਂ? 19 ਪਰਮੇਸ਼ੁਰ ਦਾ ਰਾਜ ਸਰ੍ਹੋਂ ਦੇ ਉਸ ਬੀਜ ਵਰਗਾ ਹੈ ਜਿਸ ਨੂੰ ਕੋਈ ਮਨੁੱਖ ਆਪਣੇ ਬਾਗ ਵਿੱਚ ਬੀਜਦਾ ਅਤੇ ਜਦੋਂ ਉਹ ਬੀਜ ਫੁੱਟਦਾ ਹੈ ਤਾਂ ਰੁੱਖ ਬਣ ਜਾਂਦਾ ਹੈ ਅਤੇ ਉਸਦੀਆਂ ਟਾਹਣੀਆਂ ਤੇ ਪੰਛੀ ਆਪਣੇ ਆਲ੍ਹਣੇ ਬਣਾਉਂਦੇ ਹਨ।”

20 ਯਿਸੂ ਨੇ ਫ਼ਿਰ ਕਿਹਾ, “ਮੈਂ ਪਰਮੇਸ਼ੁਰ ਦੇ ਰਾਜ ਦੀ ਤੁਲਨਾ ਕਿਸ ਨਾਲ ਕਰਾਂ? 21 ਇਹ ਉਸ ਖਮੀਰ ਵਾਂਗ ਹੈ ਜਿਸ ਨੂੰ ਇੱਕ ਔਰਤ ਆਟੇ ਦੇ ਵੱਡੇ ਭਾਂਡੇ ਵਿੱਚ ਮਿਲਾਉਂਦੀ ਹੈ। ਤਾਂ ਉਹ ਖਮੀਰ ਸਾਰੇ ਆਟੇ ਨੂੰ ਰੋਟੀ ਵਾਸਤੇ ਮਾਫ਼ਕ ਕਰ ਦਿੰਦਾ ਹੈ। ਭਾਵ ਖਮੀਰਾ ਕਰ ਦਿੰਦਾ ਹੈ।”

ਤੰਗ ਦਰਵਾਜ਼ਾ(B)

22 ਯਿਸੂ ਹਰ ਪਿੰਡ ਨਗਰ ਵਿੱਚ ਉਪਦੇਸ਼ ਦੇ ਰਿਹਾ ਸੀ। ਉਹ ਉਪਦੇਸ਼ ਦਿੰਦਾ ਹੋਇਆ ਯਰੂਸ਼ਲਮ ਵੱਲ ਨੂੰ ਲਗਾਤਾਰ ਜਾ ਰਿਹਾ ਸੀ।

Punjabi Bible: Easy-to-Read Version (ERV-PA)

2010 by World Bible Translation Center