Old/New Testament
7 ਅਗਲੀ ਸਵੇਰ ਸੁਵਖਤੇ, ਯਰੁੱਬਆਲ ਅਤੇ ਉਸ ਦੇ ਸਾਰੇ ਸਾਥੀਆਂ ਨੇ ਹਰੋਦ ਦੇ ਝਰਨੇ ਲਾਗੇ ਡੇਰਾ ਲਾ ਲਿਆ। ਮਿਦਯਾਨੀਆਂ ਨੇ ਹੇਠਾਂ ਵਾਲੀ ਵਾਦੀ ਵਿੱਚ ਮੋਰੀਹ ਨਾਮ ਦੀ ਪਹਾੜੀ ਕੋਲ ਗਿਦਾਊਨ ਅਤੇ ਉਸ ਦੇ ਡੇਰੇ ਦੇ ਉੱਤਰ ਵੱਲ ਡੇਰਾ ਲਾਇਆ ਹੋਇਆ ਸੀ।
2 ਤਾਂ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਮਿਦਯਾਨ ਲੋਕਾਂ ਨੂੰ ਹਰਾਉਣ ਵਿੱਚ ਤੁਹਾਡੇ ਆਦਮੀਆਂ ਦੀ ਮਦਦ ਕਰਨ ਜਾ ਰਿਹਾ ਹਾਂ। ਪਰ ਇਸ ਕੰਮ ਲਈ ਤੁਹਾਡੇ ਕੋਲ ਬਹੁਤ ਜ਼ਿਆਦਾ ਆਦਮੀ ਹਨ। ਮੈਂ ਨਹੀਂ ਚਾਹੁੰਦਾ ਕਿ ਇਸਰਾਏਲ ਦੇ ਲੋਕ ਮੈਨੂੰ ਭੁੱਲ ਜਾਣ ਅਤੇ ਇਸ ਗੱਲ ਦੀ ਫ਼ੜ੍ਹ ਮਾਰਨ ਕਿ ਉਨ੍ਹਾਂ ਨੇ ਆਪਣੇ-ਆਪ ਨੂੰ ਖੁਦ ਬਚਾਇਆ ਹੈ। 3 ਇਸ ਲਈ ਹੁਣ, ਆਪਣੇ ਬੰਦਿਆਂ ਸਾਹਮਣੇ ਇੱਕ ਐਲਾਨ ਕਰ। ਉਨ੍ਹਾਂ ਨੂੰ ਆਖ, ‘ਜਿਹੜਾ ਵੀ ਭੈਭੀਤ ਹੈ ਉਹ ਗਿਲਆਦ ਪਰਬਤ ਨੂੰ ਛੱਡ ਕੇ ਜਾ ਸੱਕਦਾ ਹੈ। ਉਹ ਬੇਸ਼ਕ ਘਰ ਚੱਲਾ ਜਾਵੇ।’”
ਉਸੇ ਸਮੇਂ 22,000 ਬੰਦੇ ਗਿਦਾਊਨ ਨੂੰ ਛੱਡ ਗਏ ਅਤੇ ਘਰਾਂ ਨੂੰ ਚੱਲੇ ਗਏ। ਪਰ 10,000 ਹਾਲੇ ਵੀ ਉੱਥੇ ਰੁਕੇ ਰਹੇ।
4 ਫ਼ੇਰ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਹਾਲੇ ਵੀ ਬਹੁਤ ਜ਼ਿਆਦਾ ਆਦਮੀ ਹਨ। ਬੰਦਿਆਂ ਨੂੰ ਪਾਣੀ ਕੋਲ ਲੈ ਜਾ, ਅਤੇ ਮੈਂ ਉੱਥੇ ਇਨ੍ਹਾਂ ਦੀ ਤੇਰੇ ਲਈ ਪਰੱਖ ਕਰਾਂਗਾ। ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਜਾਵੇਗਾ’, ਉਹ ਜਾਵੇਗਾ। ਪਰ ਜੇ ਮੈਂ ਆਖਾਂ, ‘ਇਹ ਬੰਦਾ ਤੇਰੇ ਨਾਲ ਨਹੀਂ ਜਾਵੇਗਾ’, ਤਾਂ ਉਹ ਨਹੀਂ ਜਾਵੇਗਾ।”
5 ਇਸ ਲਈ ਗਿਦਾਊਨ ਆਪਣੇ ਸਾਰੇ ਆਦਮੀਆਂ ਨੂੰ ਪਾਣੀ ਵੱਲ ਲੈ ਗਿਆ। ਪਾਣੀ ਕੋਲ ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਜਿਹੜੇ ਬੰਦੇ ਕੁੱਤੇ ਵਾਂਗ ਆਪਣੀ ਜੀਭ ਦੀ ਵਰਤੋਂ ਕਰਕੇ ਪਾਣੀ ਪੀਣ ਉਨ੍ਹਾਂ ਨੂੰ ਇੱਕ ਟੋਲੇ ਵਿੱਚ ਪਾਵੀਂ। ਜਿਹੜੇ ਬੰਦੇ ਗੋਡਿਆਂ ਭਾਰ ਝੁਕ ਕੇ ਪਾਣੀ ਪੀਣ ਉਨ੍ਹਾਂ ਨੂੰ ਦੂਸਰੇ ਟੋਲੇ ਵਿੱਚ ਪਾ ਦੇਵੀਂ।”
6 ਉੱਥੇ 300 ਬੰਦੇ ਅਜਿਹੇ ਸਨ ਜਿਨ੍ਹਾਂ ਨੇ ਹੱਥਾਂ ਵਿੱਚ ਪਾਣੀ ਭਰ ਕੇ ਜੀਭ ਨਾਲ ਪੀਤਾ। ਅਤੇ ਬਾਕੀਆਂ ਨੇ ਗੋਡਿਆਂ ਭਾਰ ਝੁਕ ਕੇ ਪਾਣੀ ਪੀਤਾ। 7 ਯਹੋਵਾਹ ਨੇ ਗਿਦਾਊਨ ਨੂੰ ਆਖਿਆ, “ਮੈਂ ਉਨ੍ਹਾਂ 300 ਬੰਦਿਆਂ ਦੀ ਵਰਤੋਂ ਕਰਾਂਗਾ ਜਿਨ੍ਹਾਂ ਨੇ ਕੁੱਤੇ ਵਾਂਗ ਜੀਭ ਨਾਲ ਪਾਣੀ ਪੀਤਾ। ਮੈਂ ਉਨ੍ਹਾਂ ਬੰਦਿਆਂ ਦੀ ਵਰਤੋਂ ਤੁਹਾਨੂੰ ਬਚਾਉਣ ਲਈ ਕਰਾਂਗਾ, ਅਤੇ ਮੈਂ ਤੁਹਾਨੂੰ ਇਜਾਜ਼ਤ ਦਿਆਂਗਾ ਕਿ ਤੁਸੀਂ ਮਿਦਯਾਨ ਦੇ ਲੋਕਾਂ ਨੂੰ ਹਰਾ ਸੱਕੋ। ਬਾਕੀ ਬੰਦਿਆਂ ਨੂੰ ਘਰੋ ਘਰੀ ਜਾਣ ਦਿਉ।”
8 ਇਸ ਲਈ ਗਿਦਾਊਨ ਨੇ ਇਸਰਾਏਲ ਦੇ ਬਾਕੀ ਲੋਕਾਂ ਨੂੰ ਭੇਜ ਦਿੱਤਾ। ਗਿਦਾਊਨ ਨੇ ਆਪਣੇ ਨਾਲ 300 ਬੰਦਿਆਂ ਨੂੰ ਰੱਖਿਆ। ਇਨ੍ਹਾਂ ਬੰਦਿਆਂ ਨੇ ਘਰ ਚੱਲੇ ਜਾਣ ਵਾਲੇ ਬੰਦਿਆਂ ਦਾ ਰਾਸ਼ਨ ਅਤੇ ਉਨ੍ਹਾਂ ਦੀਆਂ ਤੁਰ੍ਹੀਆਂ ਰੱਖ ਲਈਆਂ।
ਮਿਦਯਾਨ ਲੋਕ ਗਿਦਾਊਨ ਦੇ ਡੇਰੇ ਦੇ ਹੇਠਾਂ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। 9 ਰਾਤ ਵੇਲੇ ਯਹੋਵਾਹ ਨੇ ਗਿਦਾਊਨ ਨਾਲ ਗੱਲ ਕੀਤੀ। ਯਹੋਵਾਹ ਨੇ ਉਸ ਨੂੰ ਆਖਿਆ, “ਉੱਠ ਖਲੋ! ਮੈਂ ਤੈਨੂੰ ਮਿਦਯਾਨ ਦੀ ਫ਼ੌਜ ਨੂੰ ਹਰਾਉਣ ਦਿਆਂਗਾ। ਉਨ੍ਹਾਂ ਦੇ ਡੇਰੇ ਵਿੱਚ ਚੱਲਾ ਜਾ। 10 ਜੇ ਤੂੰ ਇੱਕਲਿਆਂ ਜਾਣ ਤੋਂ ਡਰਦਾ ਹੈ ਤਾਂ ਆਪਣੇ ਸੇਵਕ ਫ਼ੂਰਾਹ ਨੂੰ ਲੈ ਜਾ। 11 ਮਿਦਯਾਨ ਲੋਕਾਂ ਦੇ ਡੇਰੇ ਵਿੱਚ ਜਾ। ਉਹ ਗੱਲਾਂ ਸੁਣ ਜਿਹੜੀਆਂ ਉਹ ਕਰ ਰਹੇ ਹਨ। ਉਸਤੋਂ ਮਗਰੋਂ, ਤੂੰ ਉਨ੍ਹਾਂ ਉੱਤੇ ਹਮਲਾ ਕਰਨ ਤੋਂ ਨਹੀਂ ਡਰੇਗਾ।”
ਇਸ ਲਈ ਗਿਦਾਊਨ ਅਤੇ ਉਸਦਾ ਸੇਵਕ ਫ਼ੂਰਾਹ ਹੇਠਾਂ ਦੁਸ਼ਮਣ ਦੇ ਡੇਰੇ ਦੇ ਕਿਨਾਰੇ ਤੱਕ ਚੱਲੇ ਗਏ। 12 ਮਿਦਯਾਨ ਲੋਕ, ਅਮਾਲੇਕ ਲੋਕ ਅਤੇ ਪੂਰਬ ਦੇ ਹੋਰ ਸਾਰੇ ਲੋਕ ਉਸ ਵਾਦੀ ਵਿੱਚ ਡੇਰਾ ਲਾਈ ਬੈਠੇ ਸਨ। ਉੱਥੇ ਇੰਨੇ ਜ਼ਿਆਦਾ ਬੰਦੇ ਸਨ ਕਿ ਉਹ ਟਿੱਡੀਆਂ ਦੇ ਦਲ ਵਾਂਗ ਜਾਪਦੇ ਸਨ। ਇਉਂ ਲੱਗਦਾ ਸੀ ਜਿਵੇਂ ਉਨ੍ਹਾਂ ਬੰਦਿਆਂ ਕੋਲ ਇੰਨੇ ਊਠ ਹਨ ਜਿੰਨੇ ਸਮੁੰਦਰ ਕੰਢੇ ਰੇਤ ਦੇ ਕਣ ਹੁੰਦੇ ਹਨ।
13 ਗਿਦਾਊਨ ਦੁਸ਼ਮਣ ਦੇ ਡੇਰੇ ਕੋਲ ਆਇਆ, ਅਤੇ ਉਸ ਨੇ ਇੱਕ ਬੰਦੇ ਨੂੰ ਗੱਲ ਕਰਦਿਆਂ ਸੁਣਿਆ। ਉਹ ਬੰਦਾ ਆਪਣੇ ਦੋਸਤ ਨੂੰ ਆਪਣੇ ਕਿਸੇ ਸੁਪਨੇ ਬਾਰੇ ਦੱਸ ਰਿਹਾ ਸੀ। ਉਹ ਬੰਦਾ ਆਖ ਰਿਹਾ ਸੀ, “ਮੈਨੂੰ ਸੁਪਨਾ ਆਇਆ ਕਿ ਗੋਲ ਰੋਟੀ ਦਾ ਇੱਕ ਟੁਕੜਾ ਮਿਦਯਾਨ ਦੇ ਡੇਰੇ ਵੱਲ ਰੁੜ੍ਹਦਾ ਹੋਇਆ ਆਇਆ। ਉਹ ਰੋਟੀ ਦਾ ਟੁਕੜਾ ਤੰਬੂ ਨਾਲ ਇੰਨੀ ਜ਼ੋਰ ਦੀ ਵੱਜਿਆ ਕਿ ਤੰਬੂ ਟੇਢਾ ਹੋ ਗਿਆ ਅਤੇ ਚੌਫ਼ਾਲ ਢਹਿ ਪਿਆ।”
14 ਉਸ ਬੰਦੇ ਦਾ ਦੋਸਤ ਸੁਪਨੇ ਦਾ ਅਰਥ ਜਾਣਦਾ ਸੀ। ਉਸ ਨੇ ਆਖਿਆ, “ਤੇਰੇ ਸੁਪਨੇ ਦਾ ਸਿਰਫ਼ ਇੱਕੋ ਹੀ ਅਰਥ ਹੋ ਸੱਕਦਾ ਹੈ। ਤੇਰਾ ਸੁਪਨਾ ਇਸਰਾਏਲ ਦੇ ਉਸ ਬੰਦੇ ਬਾਰੇ ਹੈ। ਇਹ ਯੋਆਸ਼ ਦੇ ਪੁੱਤਰ ਗਿਦਾਊਨ ਬਾਰੇ ਹੈ। ਇਸਦਾ ਅਰਥ ਇਹ ਹੈ ਪਰਮੇਸ਼ੁਰ ਗਿਦਾਊਨ ਕੋਲੋਂ ਮਿਦਯਾਨ ਦੀ ਸਾਰੀ ਫ਼ੌਜ ਹਰਾਵੇਗਾ।”
15 ਜਦੋਂ ਉਸ ਨੇ ਲੋਕਾਂ ਨੂੰ ਸੁਪਨੇ ਬਾਰੇ ਅਤੇ ਉਸ ਦੇ ਅਰਥ ਬਾਰੇ ਗੱਲਾਂ ਕਰਦਿਆਂ ਸੁਣਿਆ, ਗਿਦਾਊਨ ਨੇ ਪਰਮੇਸ਼ੁਰ ਅੱਗੇ ਝੁਕ ਕੇ ਸਿਜਦਾ ਕੀਤਾ। ਫ਼ੇਰ ਗਿਦਾਊਨ ਇਸਰਾਏਲ ਦੇ ਲੋਕਾਂ ਦੇ ਡੇਰੇ ਵਾਪਸ ਚੱਲਾ ਗਿਆ। ਗਿਦਾਊਨ ਨੇ ਲੋਕਾਂ ਨੂੰ ਆਵਾਜ਼ ਦਿੱਤੀ, “ਉੱਠੋ, ਯਹੋਵਾਹ ਮਿਦਯਾਨ ਦੇ ਲੋਕਾਂ ਨੂੰ ਹਰਾਉਣ ਵਿੱਚ ਸਾਡੀ ਮਦਦ ਕਰੇਗਾ।” 16 ਫ਼ੇਰ ਗਿਦਾਊਨ ਨੇ 300 ਬੰਦਿਆਂ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ। ਗਿਦਾਊਨ ਨੇ ਹਰੇਕ ਆਦਮੀ ਨੂੰ ਇੱਕ ਤੁਰ੍ਹੀ ਅਤੇ ਇੱਕ ਖਾਲੀ ਜੱਗ ਦਿੱਤਾ। ਹਰੇਕ ਜੱਗ ਵਿੱਚ ਇੱਕ ਜਗਦੀ ਹੋਈ ਮਸ਼ਾਲ ਸੀ। 17 ਫ਼ੇਰ ਗਿਦਾਊਨ ਨੇ ਆਪਣੇ ਬੰਦਿਆਂ ਨੂੰ ਆਖਿਆ, “ਮੇਰੇ ਵੱਲ ਵੇਖਣਾ ਅਤੇ ਉਹੀ ਕਰਨਾ ਜੋ ਮੈਂ ਕਰਾਂ। ਮੇਰੇ ਪਿੱਛੇ-ਪਿੱਛੇ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੱਕ ਆ ਜਾਓ। ਜਦੋਂ ਮੈਂ ਛਾਉਣੀ ਦੇ ਕੰਢੇ ਪਹੁੰਚ ਜਾਵਾਂ ਤਾਂ ਠੀਕ ਉਹੀ ਕਰਨਾ ਜੋ ਮੈਂ ਕਰਾਂ। 18 ਤੁਸੀਂ ਆਦਮੀ ਦੁਸ਼ਮਣ ਦੀ ਛਾਉਣੀ ਨੂੰ ਘੇਰਾ ਪਾ ਲਵੋ। ਮੈਂ ਅਤੇ ਮੇਰੇ ਨਾਲ ਦੇ ਸਾਰੇ ਆਦਮੀ ਤੁਰ੍ਹੀਆਂ ਵਜਾਵਾਂਗੇ। ਜਦੋਂ ਅਸੀਂ ਆਪਣੀਆਂ ਤੁਰ੍ਹੀਆਂ ਵਜਾਈਏ ਤੁਸੀਂ ਵੀ ਆਪਣੀਆਂ ਤੁਰ੍ਹੀਆਂ ਵਜਾਉਣੀਆਂ। ਫ਼ੇਰ ਇਨ੍ਹਾਂ ਸ਼ਬਦਾਂ ਦਾ ਨਾਅਰਾ ਲਾਉਣਾ: ‘ਯਹੋਵਾਹ ਲਈ ਅਤੇ ਗਿਦਾਊਨ ਲਈ!’”
19 ਇਸ ਤਰ੍ਹਾਂ ਗਿਦਾਊਨ ਅਤੇ ਉਸ ਦੇ ਨਾਲ ਦੇ 100 ਆਦਮੀ ਦੁਸ਼ਮਣ ਦੀ ਛਾਉਣੀ ਦੇ ਕੰਢੇ ਤੀਕ ਗਏ। ਉਹ ਉੱਥੇ ਉਦੋਂ ਆਏ ਜਦੋਂ ਦੁਸ਼ਮਣ ਨੇ ਹਾਲੇ ਪਹਿਰਾ ਬਦਲਿਆ ਹੀ ਸੀ। ਇਹ ਅੱਧੀ ਰਾਤ ਦਾ ਪਹਿਰ ਸੀ। ਗਿਦਾਊਨ ਅਤੇ ਉਸ ਦੇ ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ ਅਤੇ ਆਪਣੇ ਜੱਗ ਭੰਨ ਦਿੱਤੇ। 20 ਫ਼ੇਰ ਗਿਦਾਊਨ ਦੇ ਬੰਦਿਆਂ ਦੇ ਤਿੰਨਾਂ ਹੀ ਸਮੂਹਾਂ ਨੇ ਆਪਣੀਆਂ ਮਸ਼ਾਲਾਂ ਆਪਣੇ ਖੱਬੇ ਹੱਥ ਵਿੱਚ ਫ਼ੜੀਆਂ ਸਨ ਅਤੇ ਬਿਗਲ ਆਪਣੇ ਸੱਜੇ ਹੱਥਾਂ ਵਿੱਚ। ਜਿਵੇਂ ਹੀ ਉਨ੍ਹਾਂ ਆਦਮੀਆਂ ਨੇ ਤੁਰ੍ਹੀਆਂ ਵਜਾਈਆਂ ਉਨ੍ਹਾਂ ਨੇ ਨਾਅਰਾ ਲਾਇਆ, “ਯਹੋਵਾਹ ਲਈ ਇੱਕ ਤਲਵਾਰ ਅਤੇ ਗਿਦਾਊਨ ਲਈ ਇੱਕ ਤਲਵਾਰ!”
21 ਗਿਦਾਊਨ ਦੇ ਬੰਦੇ ਉੱਥੇ ਹੀ ਠਹਿਰ ਗਏ ਜਿੱਥੇ ਉਹ ਸਨ। ਪਰ ਡੇਰੇ ਦੇ ਅੰਦਰ, ਮਿਦਯਾਨੀ ਸ਼ੋਰ ਮਚਾਉਣ ਅਤੇ ਅਤੇ ਭੱਜਣ ਲੱਗੇ। 22 ਜਦੋਂ ਗਿਦਾਊਨ ਅਤੇ ਉਸ ਦੇ 300 ਬੰਦਿਆਂ ਨੇ ਆਪਣੀਆਂ ਤੁਰ੍ਹੀਆਂ ਵਜਾਈਆਂ, ਤਾਂ ਯਹੋਵਾਹ ਨੇ ਮਿਦਯਾਨੀਆਂ ਨੂੰ ਇੱਕ ਦੂਸਰੇ ਨੂੰ ਆਪਣੀਆਂ ਹੀ ਤਲਵਾਰਾਂ ਨਾਲ ਮਾਰਨ ਦਿੱਤਾ। ਦੁਸ਼ਮਣ ਫ਼ੌਜ ਬੈਤ ਸ਼ਿੱਟਾਹ ਵੱਲ ਭੱਜ ਗਈ ਜਿਹੜਾ ਸ਼ਰੇਰਹ ਵੱਲ ਸੀ। ਉਹ ਅਬੇਲ ਮਹੋਲਾਹ ਸ਼ਹਿਰ ਦੀ ਸਰਹੱਦ, ਟੱਬਾਥ ਸ਼ਹਿਰ ਦੇ ਨਜ਼ਦੀਕ ਤੱਕ ਭੱਜਦੇ ਗਏ।
23 ਫ਼ੇਰ ਸਾਰੇ ਨਫ਼ਤਾਲੀ, ਆਸੇਰ ਤੋਂ ਇਸਰਾਏਲ ਦੇ ਆਦਮੀ ਅਤੇ ਮਨੱਸ਼ਹ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਮਿਦਯਾਨੀਆਂ ਦਾ ਪਿੱਛਾ ਕਰਨ ਲਈ ਸੱਦਿਆ ਗਿਆ। 24 ਗਿਦਾਊਨ ਨੇ ਇਫ਼ਰਾਈਮ ਦੇ ਸਮੁੱਚੇ ਪਹਾੜੀ ਪ੍ਰਦੇਸ਼ ਵਿੱਚ ਇਹ ਕਹਿੰਦਿਆਂ ਹੋਇਆਂ ਸੰਦੇਸ਼ਵਾਹਕ ਭੇਜ ਦਿੱਤੇ। “ਹੇਠਾਂ ਆਕੇ ਮਿਦਯਾਨੀਆਂ ਉੱਤੇ ਹਮਲਾ ਕਰ ਦਿਉ। ਬੈਤ ਬਾਰਾਹ ਦਰਿਆ ਤੋਂ ਯਰਦਨ ਦਰਿਆ ਤੱਕ ਪਾਣੀ ਦੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਵੋ। ਮਿਦਯਾਨੀਆਂ ਦੇ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਅਜਿਹਾ ਕਰ ਲਵੋ।”
ਇਸ ਲਈ ਉਨ੍ਹਾਂ ਨੇ ਇਫ਼ਰਾਈਮ ਪਰਿਵਾਰ-ਸਮੂਹ ਦੇ ਸਾਰੇ ਆਦਮੀਆਂ ਨੂੰ ਬੁਲਾਇਆ। ਅਤੇ ਯਰਦਨ ਦਰਿਆ ਅਤੇ ਬੈਤ ਬਾਰਾਹ ਦਰਿਆ ਤੀਕ ਪਾਣੀ ਦੇ ਸਾਰੇ ਸਤ੍ਰੋਤਾਂ ਉੱਤੇ ਕਬਜ਼ਾ ਕਰ ਲਿਆ। 25 ਇਫ਼ਰਾਈਮ ਦੇ ਲੋਕਾਂ ਨੇ ਓਰੇਬ ਅਤੇ ਜ਼ਏਬ ਨਾਮੀ ਦੋ ਮਿਦਯਾਨੀ ਆਗੂਆਂ ਨੂੰ ਫ਼ੜ ਲਿਆ। ਇਫ਼ਰਾਈਮ ਦੇ ਲੋਕਾਂ ਨੇ ਓਰੇਬ ਨੂੰ ਓਰੇਬ ਚੱਟਾਨ ਨਾਮੀ ਥਾਂ ਉੱਤੇ ਅਤੇ ਜ਼ਏਬ ਨੂੰ ਮੈਅ ਦੀ ਕੋਲਹੋ ਕਹਿਲਾਉਂਦੇ ਥਾਂ ਉੱਤੇ ਮਾਰ ਦਿੱਤਾ। ਇਫ਼ਰਾਈਮ ਦੇ ਲੋਕ ਮਿਦਯਾਨੀਆਂ ਦਾ ਪਿੱਛਾ ਕਰਦੇ ਰਹੇ। ਅਤੇ ਉਹ ਓਰੇਬ ਅਤੇ ਜ਼ਏਬ ਦੇ ਸਿਰ ਕੱਟਕੇ ਇਨ੍ਹਾਂ ਨੂੰ ਗਿਦਾਊਨ ਦੇ ਕੋਲ ਲੈ ਆਏ, ਜੋ ਕਿ ਯਰਦਨ ਦਰਿਆ ਦੇ ਦੂਸਰੇ ਪਾਰ ਸੀ।
8 ਇਫ਼ਰਾਈਮ ਦੇ ਲੋਕ ਗਿਦਾਊਨ ਨਾਲ ਗੁੱਸੇ ਸਨ। ਜਦੋਂ ਉਹ ਗਿਦਾਊਨ ਨੂੰ ਮਿਲੇ, ਉਨ੍ਹਾਂ ਨੇ ਉਸ ਨਾਲ ਗੁੱਸੇ ਵਿੱਚ ਬਹਿਸ ਕੀਤੀ, ਅਤੇ ਆਖਿਆ, “ਤੂੰ ਸਾਡੇ ਨਾਲ ਇਹ ਸਲੂਕ ਕਿਉਂ ਕੀਤਾ? ਤੂੰ ਸਾਨੂੰ ਉਦੋਂ ਕਿਉਂ ਨਹੀਂ ਸੱਦਿਆ ਜਦੋਂ ਤੂੰ ਮਿਦਯਾਨੀਆਂ ਦੇ ਵਿਰੁੱਧ ਲੜਨ ਲਈ ਗਿਆ ਸੀ?”
2 ਪਰ ਗਿਦਾਊਨ ਨੇ ਇਫ਼ਰਾਈਮ ਦੇ ਲੋਕਾਂ ਨੂੰ ਜਵਾਬ ਦਿੱਤਾ, “ਮੇਰੇ ਪਰਿਵਾਰ ਨੇ ਤੁਹਾਡੇ ਪਰਿਵਾਰ ਦੇ ਮੁਕਾਬਲੇ ਬਹੁਤ ਹੀ ਥੋੜਾ ਕੁਝ ਕੀਤਾ ਹੈ। ਤੁਸੀਂ ਇਫ਼ਰਾਈਮ ਦੇ ਲੋਕਾਂ ਨੇ ਮੇਰੇ ਪਰਿਵਾਰ ਵਾਲਿਆਂ, ਅਬੀਅਜਰੀਆਂ ਨਾਲੋਂ ਬਿਹਤਰ ਫ਼ਸਲ ਪ੍ਰਾਪਤ ਕੀਤੀ ਸੀ। ਜਦੋਂ ਵਾਢੀ ਆਉਂਦੀ ਹੈ, ਤੁਸੀਂ ਵੇਲਾਂ ਉੱਤੇ ਵੱਧੇਰੇ ਅੰਗੂਰ ਛੱਡ ਦਿੰਦੇ ਹੋ ਜਿੰਨੇ ਕਿ ਸਾਰੀ ਵਾਢੀ ਦੌਰਾਨ ਮੇਰਾ ਪਰਿਵਾਰ ਇੱਕਤ੍ਰ ਕਰਦਾ ਹੈ। ਕੀ ਇਹ ਸੱਚ ਨਹੀਂ ਹੈ? 3 ਇਸੇ ਤਰ੍ਹਾਂ, ਤੁਹਾਡੀ ਫ਼ਸਲ ਹੁਣ ਬਿਹਤਰ ਹੈ। ਪਰਮੇਸ਼ੁਰ ਨੇ ਤੁਹਾਨੂੰ ਮਿਦਯਾਨ ਦੇ ਆਗੂਆਂ, ਓਰੇਬ ਅਤੇ ਜ਼ਏਬ ਨੂੰ ਫ਼ੜਨ ਦੀ ਇਜਾਜ਼ਤ ਦਿੱਤੀ। ਮੈਂ ਆਪਣੀ ਕਾਮਯਾਬੀ ਦੀ ਤੁਲਨਾ ਉਸ ਨਾਲ, ਜੋ ਕੁਝ ਤੁਸੀਂ ਕੀਤਾ ਹੈ, ਕਿਵੇਂ ਕਰ ਸੱਕਦਾ ਹਾਂ?” ਜਦੋਂ ਇਫ਼ਰਾਈਮ ਦੇ ਲੋਕਾਂ ਨੇ ਗਿਦਾਊਨ ਦਾ ਉੱਤਰ ਸੁਣਿਆ ਤਾਂ ਉਹ ਪਹਿਲਾਂ ਜਿੰਨੇ ਨਾਰਾਜ਼ ਨਹੀਂ ਰਹੇ।
ਗਿਦਾਊਨ ਦੋ ਮਿਦਯਾਨ ਰਾਜਿਆਂ ਨੂੰ ਫ਼ੜਦਾ ਹੈ
4 ਫ਼ੇਰ ਗਿਦਾਊਨ ਅਤੇ ਉਸ ਦੇ 300 ਆਦਮੀ ਯਰਦਨ ਦਰਿਆ ਕੰਢੇ ਆਏ ਅਤੇ ਦੂਸਰੇ ਪਾਸੇ ਚੱਲੇ ਗਏ। ਪਰ ਉਹ ਥੱਕੇ ਹੋਏ ਸਨ ਪਰ ਫ਼ੇਰ ਵੀ ਉਨ੍ਹਾਂ ਨੇ ਆਪਣੇ ਦੁਸ਼ਮਣਾਂ ਦਾ ਪਿੱਛਾ ਕਰਨਾ ਜਾਰੀ ਰੱਖਿਆ। 5 ਗਿਦਾਊਨ ਨੇ ਸੁੱਕੋਥ ਦੇ ਲੋਕਾਂ ਨੂੰ ਆਖਿਆ, “ਮੇਰੇ ਸਿਪਾਹੀਆਂ ਨੂੰ ਖਾਣ ਲਈ ਕੁਝ ਦਿਉ, ਉਹ ਬਹੁਤ ਥੱਕੇ ਹੋਏ ਹਨ। ਅਸੀਂ ਹਾਲੇ ਵੀ ਮਿਦਯਾਨ ਦੇ ਰਾਜਿਆਂ ਜ਼ਬਾਹ ਅਤੇ ਸਲਮੁੰਨਾ ਦਾ ਪਿੱਛਾ ਕਰ ਰਹੇ ਹਾਂ।”
6 ਪਰ ਸੁੱਕੋਥ ਸ਼ਹਿਰ ਦੇ ਆਗੂਆਂ ਨੇ ਗਿਦਾਊਨ ਨੂੰ ਆਖਿਆ, “ਅਸੀਂ ਤੁਹਾਡੇ ਸਿਪਾਹੀਆਂ ਨੂੰ ਖਾਣ ਲਈ ਕੁਝ ਕਿਉਂ ਦੇਈਏ? ਤੁਸੀਂ ਹਾਲੇ ਤੀਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ ਹੈ।”
7 ਤਾਂ ਗਿਦਾਊਨ ਨੇ ਆਖਿਆ, “ਤੁਸੀਂ ਸਾਨੂੰ ਭੋਜਨ ਨਹੀਂ ਦਿੰਦੇ। ਯਹੋਵਾਹ ਮੇਰੀ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਨ ਵਿੱਚ ਸਹਾਇਤਾ ਕਰੇਗਾ। ਉਸ ਤੋਂ ਮਗਰੋਂ, ਮੈਂ ਇੱਥੇ ਵਾਪਸ ਆਵਾਂਗਾ। ਅਤੇ ਮੈਂ ਤੁਹਾਡੀ ਚਮੜੀ ਮਾਰੂਥਲ ਦੀਆਂ ਕੰਢਿਆਲੀਆਂ ਝਾੜੀਆਂ ਨਾਲ ਉਧੇੜਾਂਗਾ।”
8 ਗਿਦਾਊਨ ਨੇ ਸੁੱਕੋਥ ਸ਼ਹਿਰ ਛੱਡ ਦਿੱਤਾ ਅਤੇ ਪਨੂਏਲ ਸ਼ਹਿਰ ਚੱਲਾ ਗਿਆ। ਗਿਦਾਊਨ ਨੇ ਪਨੂਏਲ ਦੇ ਲੋਕਾਂ ਕੋਲੋਂ ਭੋਜਨ ਮੰਗਿਆ, ਜਿਵੇਂ ਕਿ ਉਸ ਨੇ ਸੁੱਕੋਥ ਦੇ ਬੰਦਿਆਂ ਕੋਲੋਂ ਮੰਗਿਆ ਸੀ। ਪਰ ਪਨੂਏਲ ਦੇ ਲੋਕਾਂ ਨੇ ਵੀ ਗਿਦਾਊਨ ਨੂੰ ਉਹੀ ਜਵਾਬ ਦਿੱਤਾ ਜਿਹੜਾ ਸੁੱਕੋਥ ਦੇ ਲੋਕਾਂ ਨੇ ਦਿੱਤਾ ਸੀ। 9 ਇਸ ਲਈ ਗਿਦਾਊਨ ਨੇ ਪਨੂਏਲ ਦੇ ਲੋਕਾਂ ਨੂੰ ਆਖਿਆ, “ਮੇਰੇ ਜਿੱਤ ਹਾਸਿਲ ਕਰਨ ਤੋਂ ਬਾਦ, ਮੈਂ ਇੱਥੇ ਵਾਪਸ ਆਵਾਂਗਾ ਅਤੇ ਫ਼ੇਰ ਇਸ ਮੁਨਾਰੇ ਨੂੰ ਢਾਹ ਦਿਆਂਗਾ।”
10 ਜਬਾਹ ਅਤੇ ਸਲਮੁੰਨਾ ਅਤੇ ਕਰੀਬਨ 15,000 ਆਦਮੀਆਂ ਦੀ ਉਨ੍ਹਾਂ ਦੀ ਫ਼ੌਜ ਕਰਕੋਰ ਸ਼ਹਿਰ ਵਿਖੇ ਸਨ। ਪੂਰਬੀ ਲੋਕਾਂ ਦੀ ਫ਼ੌਜ ਦੇ ਵੀ ਇੰਨੇ ਹੀ ਸਿਪਾਹੀ ਬਚੇ ਸਨ, ਕਿਉਂਕਿ ਉਨ੍ਹਾਂ ਦੀ ਫ਼ੌਜ ਦੇ 1,20,000 ਤਾਕਤਵਰ ਸਿਪਾਹੀ ਪਹਿਲਾਂ ਹੀ ਮਰ ਚੁੱਕੇ ਸਨ। 11 ਗਿਦਾਊਨ ਅਤੇ ਉਸਦੀ ਫ਼ੌਜ ਨੇ ਨਬੋਹ ਅਤੇ ਯਾਗਬਹਾਰ ਦੇ ਸ਼ਹਿਰਾਂ ਦੇ ਪੂਰਬ ਵੱਲ ਤੰਬੂਆਂ ਵਿੱਚ ਰਹਿਣ ਵਾਲਿਆਂ ਦੀ ਸੜਕ ਦੀ ਵਰਤੋਂ ਕੀਤੀ। ਗਿਦਾਊਨ ਕਰਕੋਰ ਸ਼ਹਿਰ ਵਿਖੇ ਆਕੇ ਦੁਸ਼ਮਣ ਉੱਤੇ ਹਮਲਾ ਕਰ ਦਿੱਤਾ ਜਦ ਕਿ ਉਹ ਹਮਲਾ ਹੋਣ ਦੀ ਤਾਕ ਵਿੱਚ ਹੀ ਨਹੀਂ ਸਨ। 12 ਮਿਦਯਾਨੀ ਰਾਜੇ, ਜ਼ਬਾਹ ਅਤੇ ਸਲਮੁੰਨਾ ਨੱਸ ਗਏ। ਪਰ ਗਿਦਾਊਨ ਨੇ ਉਨ੍ਹਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਫ਼ੜ ਲਿਆ। ਫ਼ਿਰ ਉਹ ਅਤੇ ਉਸ ਦੇ ਆਦਮੀਆਂ ਨੇ ਉਨ੍ਹਾਂ ਦੀ ਫ਼ੌਜ ਵਿੱਚ ਦਹਿਸ਼ਤ ਲਿਆਂਦੀ।
13 ਫ਼ੇਰ ਯੋਆਸ਼ ਦਾ ਪੁੱਤਰ ਗਿਦਾਊਨ ਜੰਗ ਤੋਂ ਵਾਪਸ ਆਇਆ। ਗਿਦਾਊਨ ਅਤੇ ਉਸ ਦੇ ਬੰਦੇ ਇੱਕ ਪਹਾੜੀ ਦੱਰ੍ਰੇ, ਜਿਸਦਾ ਨਾਮ ਹਰਸ਼ ਦਰ੍ਰਾ ਸੀ, ਰਾਹੀਂ ਵਾਪਸ ਮੁੜੇ। 14 ਗਿਦਾਊਨ ਨੇ ਸੁੱਕੋਥ ਸ਼ਹਿਰ ਦੇ ਇੱਕ ਨੌਜਵਾਨ ਆਦਮੀ ਨੂੰ ਫ਼ੜ ਲਿਆ। ਗਿਦਾਊਨ ਨੇ ਉਸ ਨੌਜਵਾਨ ਨੂੰ ਕੁਝ ਸਵਾਲ ਪੁੱਛੇ। ਨੌਜਵਾਨ ਨੇ ਗਿਦਾਊਨ ਲਈ ਕੁਝ ਨਾਮ ਲਿਖੇ। ਨੌਜਵਾਨ ਨੇ ਸੁੱਕੋਥ ਸ਼ਹਿਰ ਦੇ ਆਗੂਆਂ ਅਤੇ ਬਜ਼ੁਰਗਾਂ ਨੇ ਨਾਮ ਲਿਖੇ। ਉਸ ਨੇ 77 ਆਦਮੀਆਂ ਦੇ ਨਾਮ ਦੇ ਦਿੱਤੇ।
15 ਫ਼ੇਰ ਗਿਦਾਊਨ ਸੁੱਕੋਥ ਸ਼ਹਿਰ ਵਿਖੇ ਆ ਗਿਆ। ਉਸ ਨੇ ਉਸ ਸ਼ਹਿਰ ਦੇ ਬੰਦਿਆਂ ਨੂੰ ਆਖਿਆ, “ਇਹ ਹਨ ਜ਼ਬਾਹ ਅਤੇ ਸਲਮੁੰਨਾ। ਤੁਸੀਂ ਇਹ ਕਹਿ ਕੇ ਮੇਰਾ ਮਜ਼ਾਕ ਉਡਾਇਆ ਸੀ, ਅਸੀਂ ਤੈਨੂੰ, ‘ਤੇਰੇ ਥੱਕੇ ਹੋਏ ਸਿਪਾਹੀਆਂ ਲਈ ਭੋਜਨ ਕਿਉਂ ਦੇਈਏ? ਤੂੰ ਹਾਲੇ ਤੱਕ ਜ਼ਬਾਹ ਅਤੇ ਸਲਮੁੰਨਾ ਨੂੰ ਫ਼ੜਿਆ ਨਹੀਂ।’” 16 ਗਿਦਾਊਨ ਦੇ ਸ਼ਹਿਰ ਦੇ ਬਜ਼ੁਰਗਾਂ ਨੂੰ ਫ਼ੜ ਲਿਆ, ਅਤੇ ਉਨ੍ਹਾਂ ਨੂੰ ਸਜ਼ਾ ਦੇਣ ਲਈ ਮਾਰੂਥਲ ਦੀਆਂ ਕੰਡੇਦਾਰ ਝਾੜੀਆਂ ਨਾਲ ਕੁੱਟਿਆ। 17 ਗਿਦਾਊਨ ਨੇ ਪਨੂਏਲ ਸ਼ਹਿਰ ਦਾ ਮੁਨਾਰਾ ਵੀ ਢਾਹ ਦਿੱਤਾ। ਫ਼ੇਰ ਉਸ ਨੇ ਉੱਥੇ ਰਹਿਣ ਵਾਲੇ ਲੋਕਾਂ ਨੂੰ ਵੀ ਮਾਰ ਦਿੱਤਾ।
18 ਫ਼ੇਰ ਗਿਦਾਊਨ ਨੇ ਜ਼ਬਾਹ ਸਲਮੁੰਨਾ ਨੂੰ ਆਖਿਆ, “ਤੁਸੀਂ ਤਬੋਰ ਪਰਬਤ ਉੱਤੇ ਕੁਝ ਬੰਦਿਆਂ ਨੂੰ ਮਾਰ ਦਿੱਤਾ ਸੀ। ਉਹ ਬੰਦੇ ਕਿਹੋ ਜਿਹੇ ਸਨ?”
ਜ਼ਬਾਹ ਅਤੇ ਸਲਮੁੰਨਾ ਨੇ ਜਵਾਬ ਦਿੱਤਾ, “ਉਹ ਤੁਹਾਡੇ ਵਰਗੇ ਹੀ ਸਨ। ਉਨ੍ਹਾਂ ਵਿੱਚੋਂ ਹਰ ਕੋਈ ਰਾਜਕੁਮਾਰ ਜਾਪਦਾ ਸੀ।”
19 ਗਿਦਾਉਨ ਨੇ ਆਖਿਆ, “ਉਹ ਬੰਦੇ ਮੇਰੇ ਭਰਾ ਸਨ! ਮੇਰੀ ਮਾਂ ਦੇ ਪੁੱਤਰ! ਯਹੋਵਾਹ ਸਾਖੀ ਹੈ, ਜੇ ਤੁਸੀਂ ਉਨ੍ਹਾਂ ਨੂੰ ਨਾ ਮਾਰਿਆ ਹੁੰਦਾ ਮੈਂ ਹੁਣ ਤੁਹਾਨੂੰ ਨਹੀਂ ਸੀ ਮਾਰਨਾ।”
20 ਫ਼ੇਰ ਗਿਦਾਊਨ ਯਥਰ ਵੱਲ ਮੁੜਿਆ। ਯਥਰ ਗਿਦਾਊਨ ਦਾ ਪਹਿਲੋਠਾ ਪੁੱਤਰ ਸੀ। ਗਿਦਾਊਨ ਨੇ ਉਸ ਨੂੰ ਆਖਿਆ, “ਇਨ੍ਹਾਂ ਰਾਜਿਆਂ ਨੂੰ ਕਤਲ ਕਰ ਦੇ।” ਪਰ ਯਥਰ ਹਾਲੇ ਬੱਚਾ ਹੀ ਸੀ ਅਤੇ ਡਰਦਾ ਸੀ। ਇਸ ਲਈ ਉਹ ਆਪਣੀ ਤਲਵਾਰ ਨਹੀਂ ਸੀ ਕੱਢਦਾ।
21 ਫ਼ੇਰ ਜ਼ਬਾਹ ਅਤੇ ਸਲਮੁੰਨਾ ਨੇ ਗਿਦਾਊਨ ਨੂੰ ਆਖਿਆ, “ਆ, ਸਾਨੂੰ ਖੁਦ ਮਾਰ ਦੇ। ਤੂੰ ਆਦਮੀ ਹੈ ਅਤੇ ਇਹ ਕੰਮ ਕਰਨ ਲਈ ਕਾਫ਼ੀ ਤਾਕਤ ਰੱਖਦਾ ਹੈ।” ਇਸ ਲਈ ਗਿਦਾਊਨ ਉੱਠਿਆ ਅਤੇ ਜ਼ਬਾਹ ਅਤੇ ਸਲਮੁੰਨਾ ਨੂੰ ਮਾਰ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਦੇ ਊਠਾਂ ਦੀਆਂ ਗਰਦਨਾਂ ਵਿੱਚੋਂ ਚੰਨ ਦੇ ਆਕਾਰ ਦੀਆਂ ਸਜਾਵਟਾਂ ਲਾਹ ਲਈਆਂ।
ਗਿਦਾਊਨ ਇੱਕ ਏਫ਼ੋਦ ਬਣਾਉਂਦਾ ਹੈ
22 ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਤੁਸੀਂ ਸਾਨੂੰ ਮਿਦਯਾਨ ਲੋਕਾਂ ਪਾਸੋਂ ਬਚਾਇਆ। ਇਸ ਲਈ ਹੁਣ ਸਾਡੇ ਉੱਪਰ ਹਕੂਮਤ ਕਰੋ। ਅਸੀਂ ਚਾਹੁੰਦੇ ਹਾਂ ਕਿ ਤੁਸੀਂ, ਤੁਹਾਡਾ ਪੁੱਤਰ ਅਤੇ ਤੁਹਾਡਾ ਪੋਤਰਾ ਸਾਡੇ ਉੱਪਰ ਰਾਜ ਕਰਨ।”
23 ਪਰ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਯਹੋਵਾਹ ਤੁਹਾਡਾ ਹਾਕਮ ਹੋਵੇਗਾ। ਮੈਂ ਤੁਹਾਡੇ ਉੱਪਰ ਹਕੂਮਤ ਨਹੀਂ ਕਰਾਂਗਾ। ਅਤੇ ਮੇਰਾ ਪੁੱਤਰ ਤੁਹਾਡੇ ਉੱਪਰ ਹਕੂਮਤ ਨਹੀਂ ਕਰੇਗਾ।”
24 ਕੁਝ ਉਹ ਲੋਕ ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ ਹਰਾਇਆ ਸੀ, ਇਸ਼ਮਾਏਲੀ ਸਨ। ਅਤੇ ਇਸ਼ਮਾਏਲੀ ਬੰਦੇ ਸੋਨੇ ਦੀ ਵਾਲੀ ਪਾਉਂਦੇ ਸਨ। ਇਸ ਲਈ ਗਿਦਾਊਨ ਨੇ ਇਸਰਾਏਲ ਦੇ ਲੋਕਾਂ ਨੂੰ ਆਖਿਆ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਲਈ ਬੱਸ ਇਹ ਇੱਕ ਗੱਲ ਕਰੋ। ਮੈਂ ਚਾਹੁੰਦਾ ਹਾਂ ਕਿ ਤੁਹਾਡੇ ਵਿੱਚੋਂ ਹਰੇਕ ਜਾਣਾ, ਆਪਣੀਆਂ ਜੰਗ ਵਿੱਚ ਹਾਸਿਲ ਕੀਤੀਆਂ ਹੋਈਆਂ ਚੀਜ਼ਾਂ ਵਿੱਚੋਂ ਇੱਕ-ਇੱਕ ਸੋਨੇ ਦੀ ਵਾਲੀ ਦੇਵੋ।”
25 ਇਸ ਲਈ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਆਖਿਆ, “ਜੋ ਵੀ ਤੂੰ ਚਾਹੁੰਦਾ ਹੈਂ ਅਸੀਂ ਖੁਸ਼ੀ ਨਾਲ ਦੇਵਾਂਗੇ।” ਇਸ ਲਈ ਉਨ੍ਹਾਂ ਨੇ ਜ਼ਮੀਨ ਉੱਤੇ ਇੱਕ ਕੋਟ ਵਿਛਾ ਦਿੱਤਾ। ਹਰੇਕ ਬੰਦੇ ਨੇ ਕੰਨ ਦੀ ਇੱਕ ਵਾਲੀ ਕੋਟ ਉੱਤੇ ਸੁੱਟ ਦਿੱਤੀ। 26 ਜਦੋਂ ਇਹ ਕੰਨਾਂ ਦੀਆਂ ਵਾਲੀਆਂ ਇਕੱਠੀਆਂ ਕੀਤੀਆਂ ਗਈਆਂ, ਇਨ੍ਹਾਂ ਦਾ ਵਜ਼ਨ 43 ਪੌਂਡ ਸੀ। ਇਨ੍ਹਾਂ ਵਿੱਚ ਉਹ ਹੋਰ ਸੁਗਾਤਾਂ ਸ਼ਾਮਿਲ ਨਹੀਂ ਸਨ ਜਿਹੜੀਆਂ ਇਸਰਾਏਲ ਦੇ ਲੋਕਾਂ ਨੇ ਗਿਦਾਊਨ ਨੂੰ ਦਿੱਤੀਆਂ। ਉਨ੍ਹਾਂ ਨੇ ਉਸ ਨੂੰ ਚੰਨ ਦੀ ਸ਼ਕਲ ਵਾਲੇ ਗਹਿਣੇ ਵੀ ਦਿੱਤੇ ਅਤੇ ਅੱਖ ਦੇ ਹੰਝੂਆਂ ਵਰਗੇ ਗਹਿਣੇ ਵੀ। ਅਤੇ ਉਨ੍ਹਾਂ ਨੇ ਉਸ ਨੂੰ ਬੈਂਗਣੀ ਚੋਗੇ ਵੀ ਦਿੱਤੇ। ਇਹ ਉਹ ਚੀਜ਼ਾਂ ਸਨ ਜਿਹੜੀਆਂ ਮਿਦਯਾਨ ਦੇ ਲੋਕਾਂ ਦੇ ਰਾਜਿਆਂ ਨੇ ਪਹਿਨੀਆਂ ਸਨ। ਉਨ੍ਹਾਂ ਨੇ ਉਸ ਨੂੰ ਮਿਦਯਾਨ ਰਾਜਿਆਂ ਦੇ ਊਠਾਂ ਦੀਆਂ ਜੰਜ਼ੀਰੀਆਂ ਵੀ ਦਿੱਤੀਆਂ।
27 ਗਿਦਾਊਨ ਨੇ ਸੋਨੇ ਦਾ ਇੱਕ ਏਫ਼ੋਦ ਬਣਾਇਆ ਅਤੇ ਇਸ ਨੂੰ ਆਪਣੇ ਜੱਦੀ ਨਗਰ, ਆਫ਼ਰਾਹ ਵਿੱਚ ਰੱਖ ਦਿੱਤਾ। ਇਸਰਾਏਲ ਦੇ ਸਾਰੇ ਲੋਕਾਂ ਨੂੰ ਇਸਦੀ ਉਪਾਸਨਾ ਕੀਤੀ। ਇਸ ਤਰ੍ਹਾਂ, ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਸਨ, ਉਨ੍ਹਾ ਨੇ ਏਫ਼ੋਦ ਦੀ ਉਪਾਸਨਾ ਕੀਤੀ। ਏਫ਼ੋਦ ਇੱਕ ਸ਼ਿਕੰਜਾ ਬਣ ਗਿਆ ਜਿਸਨੇ ਗਿਦਾਊਨ ਅਤੇ ਉਸ ਦੇ ਪਰਿਵਾਰ ਨੂੰ ਪਾਪ ਵਾਲੇ ਪਾਸੇ ਲਾ ਦਿੱਤਾ।
ਗਿਦਾਊਨ ਦੀ ਮੌਤ
28 ਮਿਦਯਾਨੀਆਂ ਨੂੰ ਇਸਰਾਏਲੀਆਂ ਦੀ ਹਕੂਮਤ ਹੇਠਾਂ ਰਹਿਣ ਲਈ ਮਜ਼ਬੂਰ ਕੀਤਾ ਗਿਆ। ਮਿਦਯਾਨੀਆਂ ਨੇ ਹੋਰ ਕੋਈ ਮੁਸ਼ਕਿਲ ਪੇਸ਼ ਨਹੀਂ ਕੀਤੀ। ਇਸ ਲਈ ਜਦੋਂ ਤੱਕ ਗਿਦਾਊਨ ਜਿਉਂਦਾ ਰਿਹਾ, ਉੱਥੇ ਉਸ ਧਰਤੀ ਉੱਤੇ 40 ਸਾਲਾਂ ਤੀਕ ਸ਼ਾਂਤੀ ਰਹੀ।
29 ਯੋਆਸ਼ ਦਾ ਪੁੱਤਰ ਯਰੁੱਬਆਲ (ਗਿਦਾਊਨ) ਘਰ ਚੱਲਾ ਗਿਆ। 30 ਗਿਦਾਊਨ ਦੇ ਆਪਣੇ 70 ਪੁੱਤਰ ਸਨ। ਉਸ ਦੇ ਇੰਨੇ ਜ਼ਿਆਦਾ ਪੁੱਤਰ ਇਸ ਲਈ ਸਨ ਕਿਉਂਕਿ ਉਸ ਦੀਆਂ ਬਹੁਤ ਸਾਰੀਆਂ ਪਤਨੀਆਂ ਸਨ। 31 ਗਿਦਾਊਨ ਦੀ ਇੱਕ ਘਰ ਵਾਲੀ ਸੀ ਜੋ ਕਿ ਸ਼ਕਮ ਸ਼ਹਿਰ ਵਿੱਚ ਰਹਿੰਦੀ ਸੀ। ਉਸ ਪਤਨੀ ਤੋਂ ਉਸਦਾ ਇੱਕ ਪੁੱਤਰ ਸੀ ਅਤੇ ਉਸਦਾ ਨਾਮ ਅਬੀਮਲਕ ਸੀ।
32 ਇਸ ਤਰ੍ਹਾਂ ਯੋਆਸ਼ ਦਾ ਪੁੱਤਰ ਗਿਦਾਊਨ ਬੁੱਢਾਪੇ ਦੀ ਚੰਗੀ ਪਕੇਰੀ ਉਮਰ ਵਿੱਚ ਮਰਿਆ। ਗਿਦਾਊਨ ਨੂੰ ਉਸ ਮਕਬਰੇ ਵਿੱਚ ਦਫ਼ਨਾਇਆ ਗਿਆ ਜਿਹੜਾ ਉਸ ਦੇ ਪਿਤਾ, ਯੋਆਸ਼ ਦਾ ਸੀ। ਉਹ ਮਕਬਰਾ ਆਫ਼ਰਾਹ ਸ਼ਹਿਰ ਵਿਖੇ ਹੈ ਜਿੱਥੇ ਅਬੀਅਜ਼ਰ ਪਰਿਵਾਰ ਰਹਿੰਦਾ ਹੈ। 33 ਜਿਵੇਂ ਹੀ ਗਿਦਾਊਨ ਮਰਿਆ, ਇਸਰਾਏਲ ਦੇ ਲੋਕ ਇੱਕ ਵਾਰੀ ਫ਼ੇਰ ਪਰਮੇਸ਼ੁਰ ਦੇ ਵਫ਼ਾਦਾਰ ਨਹੀਂ ਰਹੇ-ਉਹ ਬਆਲ ਦੇ ਪਿੱਛੇ ਲੱਗ ਪਏ। ਉਨ੍ਹਾਂ ਨੇ ਬਆਲ ਬਰੀਤ ਨੂੰ ਆਪਣਾ ਦੇਵਤਾ ਬਣਾ ਲਿਆ। 34 ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਉਨ੍ਹਾਂ ਦਾ ਪਰਮੇਸ਼ੁਰ ਚੇਤੇ ਨਹੀਂ ਰਿਹਾ, ਹਾਲਾਂ ਕਿ ਯਹੋਵਾਹ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਉਨ੍ਹਾਂ ਸਮੂਹ ਦੁਸ਼ਮਣਾ ਤੋਂ ਬਚਾਇਆ ਸੀ ਜਿਹੜੇ ਇਸਰਾਏਲ ਦੇ ਲੋਕਾਂ ਦੇ ਆਲੇ-ਦੁਆਲੇ ਰਹਿੰਦੇ ਸਨ। 35 ਇਸਰਾਏਲ ਦੇ ਲੋਕ ਯਰੁੱਬਆਲ (ਗਿਦਾਊਨ) ਦੇ ਪਰਿਵਾਰ ਦੇ ਵੀ ਵਫ਼ਾਦਾਰ ਨਹੀਂ ਰਹੇ, ਭਾਵੇਂ ਉਸ ਨੇ ਉਨ੍ਹਾਂ ਲਈ ਅਨੇਕਾਂ ਚੰਗੀਆਂ ਗੱਲਾਂ ਕੀਤੀਆਂ ਸਨ।
ਪਤਰਸ, ਯਾਕੂਬ ਅਤੇ ਯੂਹੰਨਾ ਯਿਸੂ ਦਾ ਅਨੁਸਰਣ ਕਰਦੇ ਹਨ(A)
5 ਯਿਸੂ ਗਨੇਸਰਤ ਦੀ ਝੀਲ ਕੰਢੇ ਖੜ੍ਹਾ ਸੀ ਅਤੇ ਭੀੜ ਪਰਮੇਸ਼ੁਰ ਦੇ ਉਪਦੇਸ਼ ਸੁਨਣ ਲਈ, ਉਸ ਦੇ ਆਸ-ਪਾਸ ਇਕੱਠੀ ਹੋ ਰਹੀ ਸੀ। 2 ਫ਼ਿਰ ਉਸ ਨੇ ਝੀਲ ਦੇ ਕੰਢੇ ਦੋ ਬੇੜੀਆਂ ਦੇਖੀਆਂ। ਬੇੜੀਆਂ ਵਿੱਚੋਂ ਮਾਛੀ ਬਾਹਰ ਆਕੇ ਆਪਣੇ ਜਾਲਾਂ ਨੂੰ ਧੋ ਰਹੇ ਸਨ। 3 ਯਿਸੂ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਸ਼ਮਊਨ ਦੀ ਸੀ ਅਤੇ ਉਸ ਨੇ ਬੇੜੀ ਨੂੰ ਕੰਢੇ ਤੋਂ ਥੋੜੀ ਦੂਰ ਲੈ ਜਾਣ ਲਈ ਆਖਿਆ, ਤਾਂ ਉਹ ਬੇੜੀ ਵਿੱਚ ਬੈਠਕੇ ਕੰਢੇ ਤੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।
4 ਜਦੋਂ ਉਹ ਬੋਲ ਕੇ ਹਟਿਆ, ਉਸ ਨੇ ਸ਼ਮਊਨ ਨੂੰ ਕਿਹਾ, “ਡੂੰਘੇ ਪਾਣੀਆਂ ਵਿੱਚ ਜਾਓ ਅਤੇ ਮੱਛੀਆਂ ਲਈ ਆਪਣੇ ਜਾਲ ਪਾਣੀ ਵਿੱਚ ਸੁੱਟੋ।”
5 ਸ਼ਮਊਨ ਨੇ ਜਵਾਬ ਦਿੱਤਾ, “ਮਾਲਕ! ਅਸੀਂ ਸਾਰੀ ਰਾਤ ਮੱਛੀਆਂ ਫ਼ੜਨ ਲਈ ਬਹੁਤ ਕੋਸ਼ਿਸ਼ ਕਰਦੇ ਰਹੇ, ਪਰ ਸਾਡੇ ਹੱਥ ਕੁਝ ਵੀ ਨਹੀਂ ਲੱਗਾ। ਪਰ ਤੁਸੀਂ ਆਖਦੇ ਹੋ ਕਿ ਮੈਂ ਜਾਲ ਪਾਣੀ ਵਿੱਚ ਪਾਵਾਂ। ਇਸ ਲਈ ਮੈਂ ਇੰਝ ਹੀ ਕਰਦਾ ਹਾਂ ਜਿਵੇਂ ਤੁਸੀਂ ਆਖਦੇ ਹੋ।” 6 ਸਭ ਮਾਛੀਆਂ ਨੇ ਆਪਣੇ ਜਾਲ ਪਾਣੀ ਵਿੱਚ ਪਾਏ ਤਾਂ ਉਨ੍ਹਾਂ ਦੇ ਜਾਲ ਮੱਛੀਆਂ ਨਾਲ ਇਸ ਕਦਰ ਭਾਰੇ ਹੋ ਗਏ ਹੋ ਕਿ ਉਹ ਭਾਰ ਨਾਲ ਟੁੱਟਣੇ ਸ਼ੁਰੂ ਹੋ ਗਏ। 7 ਉਨ੍ਹਾਂ ਨੇ ਦੂਜੀ ਬੇੜੀ ਵਿੱਚ ਬੈਠੇ ਆਪਣੇ ਹੋਰਨਾਂ ਸਾਥੀਆਂ ਨੂੰ ਆਪਣੀ ਮਦਦ ਲਈ ਬੁਲਾਇਆ। ਜਦੋਂ ਉਨ੍ਹਾਂ ਦੇ ਮਿੱਤਰ ਮਦਦ ਲਈ ਆਏ ਤਾਂ ਉਨ੍ਹਾਂ ਦੀਆਂ ਦੋਨੇ ਬੇੜੀਆਂ ਇਸ ਕਦਰ ਮੱਛੀਆਂ ਨਾਲ ਭਰ ਗਈਆਂ ਕਿ ਇੰਝ ਮਾਲੂਮ ਹੁੰਦਾ ਸੀ ਕਿ ਬੇੜੀਆਂ ਹੁਣੇ ਹੀ ਡੁੱਬ ਜਾਣਗੀਆਂ।
8-9 ਜਦੋਂ ਸ਼ਮਊਨ ਨੇ ਇਹ ਵੇਖਿਆ, ਤਾਂ ਉਸ ਨੇ ਯਿਸੂ ਅੱਗੇ ਸਿਰ ਝੁਕਾਇਆ ਅਤੇ ਆਖਿਆ, “ਪ੍ਰਭੂ ਮੈਂ ਇੱਕ ਪਾਪੀ ਬੰਦਾ ਹਾਂ, ਤੂੰ ਮੇਰੇ ਕੋਲੋਂ ਦੂਰ ਚੱਲਿਆ ਜਾ।” ਉਸ ਨੇ ਅਜਿਹਾ ਇਸ ਲਈ ਆਖਿਆ ਕਿਉਂਕਿ ਉਹ ਅਤੇ ਹੋਰ ਜੋ ਉਸ ਦੇ ਨਾਲ ਸਨ ਇੰਨੀਆਂ ਮੱਛੀਆਂ ਫ਼ੜੇ ਜਾਣ ਲਈ ਹੈਰਾਨ ਸਨ। 10 ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਬੜੇ ਹੈਰਾਨ ਹੋਏ। (ਯਾਕੂਬ ਅਤੇ ਯੂਹੰਨਾ ਸ਼ਮਊਨ ਨਾਲ ਸਾਂਝਾ ਕੰਮ ਕਰਦੇ ਸਨ।)
ਯਿਸੂ ਨੇ ਸ਼ਮਊਨ ਨੂੰ ਕਿਹਾ, “ਭੈਭੀਤ ਨਾ ਹੋ! ਹੁਣ ਤੋਂ ਤੂੰ ਲੋਕਾਂ ਨੂੰ ਇਕੱਠਾ ਕਰਨ ਦਾ ਕੰਮ ਕਰੇਂਗਾ।”
11 ਫ਼ੇਰ ਉਨ੍ਹਾਂ ਨੇ ਆਪਣੀਆਂ ਬੇੜੀਆਂ ਨੂੰ ਕੰਢੇ ਤੇ ਲਿਆਂਦਾ। ਅਤੇ ਉਨ੍ਹਾਂ ਨੇ ਸਭ ਕੁਝ ਪਿੱਛੇ ਛੱਡ ਦਿੱਤਾ ਅਤੇ ਯਿਸੂ ਦੇ ਮਗਰ ਹੋ ਤੁਰੇ।
ਯਿਸੂ ਦਾ ਇੱਕ ਕੋੜ੍ਹੀ ਨੂੰ ਰਾਜੀ ਕਰਨਾ(B)
12 ਇੱਕ ਵਾਰ ਯਿਸੂ ਇੱਕ ਨਗਰ ਵਿੱਚ ਸੀ। ਉੱਥੇ ਕੋੜ੍ਹ ਨਾਲ ਭਰਿਆ ਹੋਇਆ ਇੱਕ ਬੰਦਾ ਸੀ। ਜਦੋਂ ਉਸ ਨੇ ਯਿਸੂ ਨੂੰ ਵੇਖਿਆ ਉਹ ਯਿਸੂ ਦੇ ਪੈਰਾਂ ਤੇ ਝੁਕ ਗਿਆ ਅਤੇ ਉਸ ਨੂੰ ਬੇਨਤੀ ਕੀਤੀ, “ਪ੍ਰਭੂ, ਮੇਰੇ ਤੇ ਕਿਰਪਾ ਕਰੋ ਅਤੇ ਮੈਨੂੰ ਠੀਕ ਕਰ ਦਿਓ ਕਿਉਂਕਿ ਮੈਂ ਜਾਣਦਾ ਹਾਂ ਕਿ ਜੇ ਤੁਸੀਂ ਚਾਹੋ ਤਾਂ ਮੈਨੂੰ ਰਾਜੀ ਕਰ ਸੱਕਦੇ ਹੋਂ।”
13 ਯਿਸੂ ਨੇ ਆਪਣਾ ਹੱਥ ਬਾਹਰ ਫ਼ੈਲਾਕੇ ਉਸ ਨੂੰ ਛੋਹਿਆ ਅਤੇ ਉਸ ਨੂੰ ਆਖਿਆ, “ਮੈਂ ਤੈਨੂੰ ਰਾਜੀ ਕਰਨਾ ਚਾਹੁੰਦਾ ਹਾਂ, ਰਾਜੀ ਹੋ ਜਾ!” ਤੁਰੰਤ ਹੀ ਕੋੜ੍ਹ ਗਾਇਬ ਹੋ ਗਿਆ। 14 ਤਦ ਯਿਸੂ ਨੇ ਕਿਹਾ, “ਕਿਸੇ ਕੋਲ ਵੀ ਇਸ ਬਾਰੇ ਜ਼ਿਕਰ ਨਾ ਕਰੀਂ ਜਾਜਕ ਕੋਲ ਜਾਕੇ ਆਪਣੇ-ਆਪ ਨੂੰ ਵਿਖਾ ਅਤੇ ਜਿਵੇਂ ਮੂਸਾ ਨੇ ਹੁਕਮ ਦਿੱਤਾ ਜਾਕੇ ਭੇਂਟ ਚੜ੍ਹਾ। ਇੰਝ ਲੋਕਾਂ ਨੂੰ ਪਤਾ ਲੱਗ ਜਾਵੇਗਾ ਕਿ ਤੂੰ ਰਾਜੀ ਹੋ ਗਿਆ ਹੈ।”
15 ਪਰ ਯਿਸੂ ਦੀ ਚਰਚਾ ਵੱਧ ਤੋਂ ਵੱਧ ਫ਼ੈਲਦੀ ਗਈ। ਲੋਕਾਂ ਦੀ ਭੀੜ ਉਸ ਦੇ ਉਪਦੇਸ਼ ਸੁਨਣ ਅਤੇ ਆਪਣੇ ਰੋਗਾਂ ਤੋਂ ਰਾਜੀ ਹੋਣ ਲਈ ਉਸ ਕੋਲ ਆਈ। 16 ਪਰ ਅਕਸਰ ਯਿਸੂ ਇੱਕਾਂਤ ਵਾਲੀਆਂ ਥਾਵਾਂ ਤੇ ਪ੍ਰਾਰਥਨਾ ਕਰਨ ਲਈ ਚੱਲਿਆ ਜਾਂਦਾ ਸੀ।
2010 by World Bible Translation Center