Old/New Testament
ਸੁਰੱਖਿਆ ਦੇ ਸ਼ਹਿਰ
19 “ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਹ ਧਰਤੀ ਦੇ ਰਿਹਾ ਹੈ ਜਿਹੜੀ ਹੋਰਨਾ ਕੌਮਾਂ ਦੀ ਹੈ। ਯਹੋਵਾਹ ਉਨ੍ਹਾਂ ਕੌਮਾਂ ਨੂੰ ਤਬਾਹ ਕਰ ਦੇਵੇਗਾ। ਤੁਸੀਂ ਉਸ ਥਾਂ ਰਹੋਂਗੇ ਜਿੱਥੇ ਉਹ ਲੋਕ ਰਹਿੰਦੇ ਸਨ। ਤੁਸੀਂ ਉਨ੍ਹਾਂ ਦੇ ਸ਼ਹਿਰਾਂ ਅਤੇ ਮਕਾਨਾ ਉੱਤੇ ਕਬਜ਼ਾ ਕਰ ਲਵੋਂਗੇ। ਜਦੋਂ ਅਜਿਹਾ ਵਾਪਰੇ, 2-3 ਤੁਹਾਨੂੰ ਉਸ ਧਰਤੀ ਨੂੰ ਤਿੰਨ ਹਿਸਿਆਂ ਵਿੱਚ ਵੰਡ ਲੈਣਾ ਚਾਹੀਦਾ ਹੈ। ਫ਼ੇਰ ਤੁਹਾਨੂੰ ਹਰ ਹਿੱਸੇ ਵਿੱਚ ਇੱਕ ਅਜਿਹਾ ਸ਼ਹਿਰ ਚੁਣ ਲੈਣਾ ਚਾਹੀਦਾ ਹੈ ਜਿਹੜਾ ਉਸ ਇਲਾਕੇ ਵਿੱਚ ਹਰ ਕਿਸੇ ਦੇ ਨੇੜੇ ਹੋਵੇ। ਅਤੇ ਤੁਹਾਨੂੰ ਉਨ੍ਹਾਂ ਸ਼ਹਿਰਾਂ ਲਈ ਸੜਕਾਂ ਤਿਆਰ ਕਰਨੀਆਂ ਚਾਹੀਦੀਆਂ ਹਨ। ਤਾਂ ਜੋ ਕੋਈ ਵੀ ਬੰਦਾ ਜਿਹੜਾ ਕਿਸੇ ਦਾ ਕਤਲ ਕਰ ਦਿੰਦਾ ਹੈ ਉਸ ਸ਼ਹਿਰ ਵੱਲ ਸੁਰੱਖਿਆ ਲਈ ਭੱਜ ਜਾਵੇ।
4 “ਉਸ ਬੰਦੇ ਲਈ, ਜਿਹੜਾ ਕਿਸੇ ਨੂੰ ਮਾਰ ਦਿੰਦਾ ਹੈ ਅਤੇ ਸੁਰੱਖਿਆ ਲਈ ਉਨ੍ਹਾਂ ਤਿੰਨ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜਕੇ ਚੱਲਾ ਜਾਂਦਾ ਹੈ, ਇੱਕ ਅਸੂਲ ਹੈ: ਇਹ ਜ਼ਰੂਰੀ ਹੈ ਕਿ ਉਹ ਅਜਿਹਾ ਬੰਦਾ ਹੋਣਾ ਚਾਹੀਦਾ ਹੈ ਜਿਸਨੇ ਦੁਰਘਟਨਾ ਕਾਰਣ ਕਿਸੇ ਦੂਸਰੇ ਬੰਦੇ ਨੂੰ ਮਾਰਿਆ ਹੋਵੇ। ਇਹ ਜ਼ਰੂਰੀ ਹੈ ਕਿ ਜਿਸ ਬੰਦੇ ਨੂੰ ਉਸ ਨੇ ਮਾਰਿਆ ਉਹ ਉਸ ਨੂੰ ਨਫ਼ਰਤ ਨਾ ਕਰਦਾ ਹੋਵੇ। 5 ਇੱਕ ਮਿਸਾਲ ਹੈ: ਕੋਈ ਬੰਦਾ ਜੰਗਲ ਵਿੱਚ ਲੱਕੜਾਂ ਨੂੰ ਕੱਟਣ ਲਈ ਕਿਸੇ ਹੋਰ ਬੰਦੇ ਨਾਲ ਜਾਂਦਾ ਹੈ, ਉਹ ਬੰਦਾ ਰੁੱਖ ਨੂੰ ਕੱਟਣ ਲਈ ਕੁਹਾੜੀ ਦਾ ਵਾਰ ਕਰਦਾ ਹੈ, ਪਰ ਕੁਹਾੜੀ ਦਾ ਫ਼ਲ੍ਹ ਹੱਥੇ ਨਾਲੋਂ ਵੱਖ ਹੋ ਜਾਂਦਾ ਹੈ। ਕੁਹਾੜੀ ਦਾ ਫ਼ਲ੍ਹ ਦੂਸਰੇ ਬੰਦੇ ਨੂੰ ਵੱਜ ਜਾਂਦਾ ਹੈ ਅਤੇ ਉਸ ਨੂੰ ਮਾਰ ਦਿੰਦਾ ਹੈ। ਉਹ ਬੰਦਾ ਜਿਸਨੇ ਕੁਹਾੜੀ ਉਗਰਾਹੀ ਸੀ ਸੁਰੱਖਿਆ ਲਈ ਉਨ੍ਹਾਂ ਤਿੰਨਾਂ ਸ਼ਹਿਰਾਂ ਵਿੱਚੋਂ ਕਿਸੇ ਵਿੱਚ ਭੱਜਕੇ ਜਾ ਸੱਕਦਾ ਹੈ। 6 ਪਰ ਜੇ ਸ਼ਹਿਰ ਬਹੁਤ ਦੂਰ ਹੋਵੇਗਾ ਤਾਂ ਉਹ ਉੱਥੇ ਤੇਜ਼ੀ ਨਾਲ ਭੱਜਕੇ ਨਹੀ ਜਾ ਸੱਕੇਗਾ। ਹੋ ਸੱਕਦਾ ਹੈ ਕਿ ਉਸ ਕੋਲੋਂ ਮਾਰੇ ਗਏ ਬੰਦੇ ਦਾ ਕੋਈ ਨਜ਼ਦੀਕੀ ਰਿਸ਼ਤੇਦਾਰ ਉਸ ਦੇ ਪਿੱਛੇ ਭੱਜਕੇ ਉਸ ਨੂੰ ਸ਼ਹਿਰ ਪਹੁੰਚਣ ਤੋਂ ਪਹਿਲਾਂ ਹੀ ਫ਼ੜ ਲਵੇ। ਸ਼ਾਇਦ ਉਹ ਨਜ਼ਦੀਕੀ ਰਿਸ਼ਤੇਦਾਰ ਬਹੁਤ ਗੁੱਸੇ ਵਿੱਚ ਹੋਵੇ ਤੇ ਉਸ ਬੰਦੇ ਨੂੰ ਮਾਰ ਦੇਵੇ। ਪਰ ਉਹ ਬੰਦਾ ਮੌਤ ਦਾ ਅਧਿਕਾਰੀ ਨਹੀਂ ਸੀ। ਉਸ ਕੋਲੋਂ ਜਿਹੜਾ ਬੰਦਾ ਮਰਿਆ ਸੀ ਉਹ ਉਸ ਨੂੰ ਨਫ਼ਰਤ ਨਹੀਂ ਕਰਦਾ ਸੀ। 7 ਇਸ ਲਈ, ਮੈਂ ਤੁਹਾਨੂੰ ਤਿੰਨ ਖਾਸ ਸ਼ਹਿਰਾਂ ਦੀ ਚੋਣ ਕਰਨ ਲਈ ਆਖ ਰਿਹਾ ਹਾਂ।
8 “ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਪੁਰਖਿਆਂ ਨੂੰ ਇਹ ਇਕਰਾਰ ਦਿੱਤਾ ਸੀ ਕਿ ਉਹ ਤੁਹਾਡੀ ਧਰਤੀ ਨੂੰ ਵੱਡੇਰਾ ਕਰੇਗਾ। ਉਹ ਤੁਹਾਨੂੰ ਉਹ ਸਾਰੀ ਧਰਤੀ ਦੇਵੇਗਾ ਜਿਸਦਾ ਉਸ ਨੇ ਤੁਹਾਡੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ। 9 ਉਹ ਅਜਿਹਾ ਹੀ ਕਰੇਗਾ ਜੇ ਤੁਸੀਂ ਪੂਰੀ ਤਰ੍ਹਾਂ ਉਨ੍ਹਾਂ ਆਦੇਸ਼ਾਂ ਦੀ ਪਾਲਣਾ ਕਰੋਂਗੇ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ-ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰੋਂਗੇ ਅਤੇ ਹਮੇਸ਼ਾ ਉਸੇ ਤਰ੍ਹਾਂ ਜੀਵੋਂਗੇ ਜਿਸ ਤਰ੍ਹਾਂ ਉਹ ਚਾਹੁੰਦਾ ਹੈ। ਫ਼ੇਰ, ਜਦੋਂ ਯਹੋਵਾਹ ਤੁਹਾਡੀ ਧਰਤੀ ਨੂੰ ਵੱਡੇਰਾ ਕਰੇਗਾ, ਤਾ ਤੁਹਾਨੂੰ ਤਿੰਨ ਹੋਰ ਸੁਰੱਖਿਆ ਸ਼ਹਿਰਾਂ ਦੀ ਚੋਣ ਕਰਨੀ ਚਾਹੀਦੀ ਹੈ। ਉਨ੍ਹਾਂ ਨੂੰ ਪਹਿਲੇ ਤਿੰਨਾ ਸ਼ਹਿਰਾਂ ਵਿੱਚ ਸ਼ਾਮਿਲ ਕਰ ਦੇਣਾ ਚਾਹੀਦਾ ਹੈ। 10 ਤਾਂ ਫ਼ੇਰ ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਬੇਗੁਨਾਹ ਲੋਕਾਂ ਦਾ ਕਤਲ ਨਹੀਂ ਹੋਵੇਗਾ। ਅਤੇ ਤੁਸੀਂ ਇਨ੍ਹਾਂ ਮੌਤਾਂ ਦੇ ਦੋਸ਼ੀ ਨਹੀਂ ਹੋਵੋਂਗੇ।
11 “ਪਰ ਹੋ ਸੱਕਦਾ ਹੈ ਕਿ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਨਫ਼ਰਤ ਕਰਦਾ ਹੋਵੇ। ਸ਼ਾਇਦ ਉਹ ਬੰਦਾ ਉਸ ਬੰਦੇ ਨੂੰ ਮਾਰਨ ਲਈ ਛੁਪਕੇ ਉਡੀਕ ਕਰ ਰਿਹਾ ਹੋਵੇ, ਜਿਸ ਨੂੰ ਉਹ ਨਫ਼ਰਤ ਕਰਦਾ ਹੈ। ਸ਼ਾਇਦ ਉਹ ਉਸ ਬੰਦੇ ਨੂੰ ਮਾਰ ਦੇਵੇ ਅਤੇ ਫ਼ੇਰ ਉਨ੍ਹਾਂ ਸੁਰੱਖਿਆ ਦੇ ਸ਼ਹਿਰਾਂ ਵਿੱਚੋਂ ਕਿਸੇ ਇੱਕ ਵਿੱਚ ਭੱਜਕੇ ਵੜ ਜਾਵੇ। 12 ਜੇ ਅਜਿਹੀ ਗੱਲ ਵਾਪਰੇ, ਤਾਂ ਉਸ ਬੰਦੇ ਦੇ ਜੱਦੀ ਕਸਬੇ ਦੇ ਬਜ਼ੁਰਗਾਂ ਨੂੰ ਕੋਈ ਬੰਦਾ ਭੇਜਕੇ ਉਸ ਨੂੰ ਸੁਰੱਖਿਆ ਦੇ ਸ਼ਹਿਰ ਵਿੱਚੋਂ ਵਾਪਸ ਲਿਆਉਣਾ ਚਾਹੀਦਾ ਹੈ। ਉਨ੍ਹਾਂ ਆਗੂਆਂ ਨੂੰ ਉਹ ਬੰਦਾ ਕਿਸੇ ਨਜ਼ਦੀਕੀ ਰਿਸ਼ਤੇਦਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਕਾਤਲ ਨੂੰ ਅਵੱਸ਼ ਮਰਨਾ ਚਾਹੀਦਾ ਹੈ। 13 ਤੁਹਾਨੂੰ ਉਸ ਲਈ ਅਫ਼ਸੋਸ ਨਹੀਂ ਕਰਨਾ ਚਾਹੀਦਾ ਹੈ। ਉਹ ਕਿਸੇ ਬੇਗੁਨਾਹ ਦੇ ਕਤਲ ਦਾ ਦੋਸ਼ੀ ਸੀ। ਤੁਹਾਨੂੰ ਚਾਹੀਦਾ ਹੈ ਕਿ ਇਸ ਦੋਸ਼ ਨੂੰ ਇਸਰਾਏਲ ਤੋਂ ਦੂਰ ਕਰ ਦਿਉ। ਫ਼ੇਰ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ।
ਮਾਲਕੀ ਦੀਆਂ ਹੱਦ ਬੰਦੀਆਂ
14 “ਤੁਹਾਨੂੰ ਆਪਣੇ ਗੁਆਂਢੀ ਦੇ ਵਲਗਣ ਦੇ ਪੱਥਰਾਂ ਨੂੰ ਨਹੀਂ ਹਟਾਉਣਾ ਚਾਹੀਦਾ। ਅਤੀਤ ਵਿੱਚ, ਲੋਕਾਂ ਨੇ ਆਪਣੀ ਜ਼ਮੀਨ ਦੀਆਂ ਸੀਮਾਵਾਂ ਉੱਤੇ ਨਿਸ਼ਾਨ ਲਾਉਣ ਲਈ ਇਹ ਪੱਥਰ ਪਾਏ ਸਨ। ਇਹ ਪੱਥਰ ਉਸ ਧਰਤੀ ਦੀ ਨਿਸ਼ਾਨਦੇਹੀ ਕਰਦੇ ਹਨ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਸੀ।
ਗਵਾਹ
15 “ਜੇਕਰ ਕੋਈ ਆਦਮੀ ਕਿਸੇ ਗਲਤੀ ਜਾਂ ਪਾਪ ਦਾ ਦੋਸ਼ੀ ਹੋਵੇ, ਜੋ ਉਸ ਨੇ ਕੀਤਾ ਹੋਵੇ, ਤਾਂ ਇੱਕ ਗਵਾਹ ਕਾਫ਼ੀ ਨਹੀਂ ਹੋਵੇਗਾ ਇਹ ਸਾਬਤ ਕਰਨ ਲਈ ਦੋ ਜਾਂ ਤਿੰਨ ਗਵਾਹ ਹੋਣੇ ਚਾਹੀਦੇ ਹਨ।
16 “ਇੱਕ ਗਵਾਹ ਦੂਸਰੇ ਵਿਅਕਤੀ ਨੂੰ ਝੂਠ ਬੋਲਕੇ ਅਤੇ ਇਹ ਆਖਕੇ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਸੱਕਦਾ ਹੈ ਕਿ ਇਸ ਵਿਅਕਤੀ ਨੇ ਗਲਤੀ ਕੀਤੀ ਹੈ। 17 ਜੇ ਅਜਿਹਾ ਵਾਪਰੇ, ਇਨ੍ਹਾਂ ਲੋਕਾਂ ਨੂੰ ਯਹੋਵਾਹ ਦੇ ਅੱਗੇ ਖੜ੍ਹੇ ਹੋਕੇ ਉੱਥੇ ਡਿਉਟੀ ਕਰ ਰਹੇ ਨਿਆਂਕਾਰਾਂ ਅਤੇ ਜਾਜਕਾਂ ਤੋਂ ਨਿਆਂ ਪ੍ਰਾਪਤ ਕਰਨਾ ਚਾਹੀਦਾ ਹੈ। 18 ਨਿਆਂਕਾਰਾਂ ਨੂੰ ਧਿਆਨ ਨਾਲ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਜੇਕਰ ਗਵਾਹ ਨੇ ਝੂਠ ਬੋਲਿਆ ਹੋਵੇ, 19 ਤਾਂ ਤੁਹਾਨੂੰ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਸ ਬੰਦੇ ਨਾਲ ਉਹੀ ਸਲੂਕ ਕਰਨਾ ਚਾਹੀਦਾ ਹੈ ਜਿਹੋ ਜਿਹਾ ਉਹ ਕਿਸੇ ਹੋਰ ਦੇ ਖਿਲਾਫ਼ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਸਮੂਹ ਵਿੱਚੋਂ ਬਦੀ ਨੂੰ ਖਤਮ ਕਰ ਦਿਉਂਗੇ। 20 ਹੋਰ ਲੋਕੀ ਇਸ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਅਤੇ ਉਹ ਲੋਕ ਇਹੋ ਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।
21 “ਸਜ਼ਾ ਜ਼ੁਰਮ ਜਿੰਨੀ ਹੀ ਸਖ਼ਤ ਹੋਣੀ ਚਾਹੀਦੀ ਹੈ। ਉਸ ਵਿਅਕਤੀ ਨੂੰ ਸਜ਼ਾ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ ਜਿਸਨੇ ਜ਼ੁਰਮ ਕੀਤਾ ਹੋਵੇ। ਜੇ ਕੋਈ ਬੰਦਾ ਜਾਨ ਲੈਂਦਾ, ਉਸ ਨੂੰ ਇਸਦੇ ਬਦਲੇ ਆਪਣੀ ਜਾਨ ਦੇਣੀ ਚਾਹੀਦੀ ਹੈ। ਅਸੂਲ ਇਹ ਹੈ: ਅੱਖ ਬਦਲੇ ਅੱਖ, ਦੰਦ ਬਦਲੇ ਦੰਦ, ਹੱਥ ਬਦਲੇ ਹੱਥ ਅਤੇ ਪੈਰ ਬਦਲੇ ਪੈਰ।
ਜੰਗ ਅਤੇ ਅਸੂਲ
20 “ਜਦੋਂ ਤੁਸੀਂ ਆਪਣੇ ਦੁਸ਼ਮਣ ਦੇ ਵਿਰੁੱਧ ਲੜਾਈ ਕਰਨ ਲਈ ਜਾਵੋ, ਅਤੇ ਤੁਸੀਂ ਆਪਣੇ ਨਾਲੋਂ ਵੱਧੇਰੇ ਆਦਮੀਆਂ, ਘੋੜਿਆਂ ਅਤੇ ਰੱਥਾਂ ਨੂੰ ਵੇਖੋ, ਤੁਹਾਨੂੰ ਉਨ੍ਹਾਂ ਕੋਲੋਂ ਡਰਨਾ ਨਹੀਂ ਚਾਹੀਦਾ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ-ਜੋ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ, ਤੁਹਾਡੇ ਨਾਲ ਹੈ।
2 “ਜੰਗ ਵਿੱਚ ਜਾਣ ਤੋਂ ਪਹਿਲਾਂ, ਜਾਜਕ ਨੂੰ ਸਿਪਾਹੀਆਂ ਕੋਲ ਜਾਕੇ ਉਨ੍ਹਾਂ ਨਾਲ ਗੱਲ ਕਰਨੀ ਚਾਹੀਦੀ ਹੈ। 3 ਜਾਜਕ ਆਖੇਗਾ, ‘ਇਸਰਾਏਲ ਦੇ ਲੋਕੋ, ਮੇਰੀ ਗੱਲ ਸੁਣੋ! ਅੱਜ ਤੁਸੀਂ ਆਪਣੇ ਦੁਸ਼ਮਣ ਨਾਲ ਲੜਨ ਲਈ ਜਾ ਰਹੇ ਹੋ। ਆਪਣਾ ਹੌਂਸਲਾ ਨਹੀਂ ਹਾਰਨਾ। ਆਤੰਕਿਤ ਨਹੀਂ ਹੋਣਾ! ਆਪਣੇ ਦੁਸ਼ਮਣ ਤੋਂ ਡਰਨਾ ਨਹੀਂ! 4 ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ-ਸੰਗ ਹੈ। ਉਹ ਤੁਹਾਡੀ ਦੁਸ਼ਮਣਾ ਨਾਲ ਲੜਾਈ ਵਿੱਚ ਸਹਾਇਤਾ ਕਰੇਗਾ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਜਿੱਤਣ ਵਿੱਚ ਸਹਾਇਤਾ ਕਰੇਗਾ।’
5 “ਉਹ ਅਧਿਕਾਰੀ ਸਿਪਾਹੀਆਂ ਨੂੰ ਆਖਣਗੇ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਨਵਾਂ ਘਰ ਬਣਾਇਆ ਹੋਵੇ ਪਰ ਇਸ ਨੂੰ ਹਾਲੇ ਤੱਕ ਸਮਰਪਿਤ ਨਾ ਕੀਤਾ ਹੋਵੇ? ਉਸ ਬੰਦੇ ਨੂੰ ਘਰ ਵਾਪਸ ਚੱਲੇ ਜਾਣਾ ਚਾਹੀਦਾ। ਜੇਕਰ ਉਹ ਜੰਗ ਵਿੱਚ ਮਾਰਿਆ ਗਿਆ ਫ਼ੇਰ ਹੋ ਸੱਕਦਾ ਕਿ ਕੋਈ ਹੋਰ ਬੰਦਾ ਉਸ ਬੰਦੇ ਦੇ ਘਰ ਨੂੰ ਸਮਰਪਿਤ ਕਰੇਗਾ। 6 ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਅੰਗੂਰਾਂ ਦਾ ਬਾਗ ਲਾਇਆ ਹੋਵੇ ਪਰ ਹਾਲੇ ਤੀਕ ਅੰਗੂਰਾਂ ਦੀ ਫ਼ਸਲ ਨਾ ਲਾਈ ਹੋਵੇ? ਉਸ ਬੰਦੇ ਨੂੰ ਘਰ ਚੱਲੇ ਜਾਣਾ ਚਾਹੀਦਾ ਹੈ। ਜੇ ਉਹ ਬੰਦਾ ਜੰਗ ਵਿੱਚ ਮਾਰਿਆ ਜਾਂਦਾ ਹੈ ਤਾਂ ਕੋਈ ਹੋਰ ਬੰਦਾ ਉਸ ਦੇ ਖੇਤ ਦੇ ਫ਼ਲਾਂ ਦਾ ਆਨੰਦ ਮਾਣੇਗਾ। 7 ਕੀ ਕੋਈ ਅਜਿਹਾ ਬੰਦਾ ਵੀ ਹੈ ਜਿਸਦੀ ਮੰਗਣੀ ਹੋਈ ਹੈ ਪਰ ਵਿਆਹ ਨਹੀਂ। ਜੇ ਉਹ ਬੰਦਾ ਜੰਗ ਵਿੱਚ ਮਾਰਿਆ ਗਿਆ ਤਾਂ ਕੋਈ ਹੋਰ ਬੰਦਾ ਉਸਦੀ ਮੰਗ ਨੂੰ ਵਿਆਹ ਲਵੇਗਾ।’
8 “ਉਨ੍ਹਾਂ ਅਧਿਕਾਰੀਆਂ ਨੂੰ ਲੋਕਾਂ ਨੂੰ ਇਹ ਵੀ ਆਖਣਾ ਚਾਹੀਦਾ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਦਾ ਹੌਂਸਲਾ ਟੁੱਟ ਗਿਆ ਹੋਵੇ ਅਤੇ ਡਰ ਗਿਆ ਹੈ? ਉਸ ਨੂੰ ਘਰ ਵਾਪਸ ਚੱਲਿਆ ਜਾਣਾ ਚਾਹੀਦਾ। ਫ਼ੇਰ ਉਹ ਹੋਰਨਾ ਸਿਪਾਹੀਆਂ ਨੂੰ ਡਰਾਉਣ ਦਾ ਕਾਰਣ ਨਹੀਂ ਬਣੇਗਾ।’ 9 ਫ਼ੇਰ, ਜਦੋਂ ਅਧਿਕਾਰੀ ਫ਼ੌਜ ਨਾਲ ਗੱਲ ਕਰ ਹਟਣ ਤਾਂ ਉਨ੍ਹਾਂ ਨੂੰ ਸਿਪਾਹੀਆਂ ਦੀ ਅਗਵਾਈ ਲਈ ਕਪਤਾਨ ਚੁਨਣੇ ਚਾਹੀਦੇ ਹਨ।
10 “ਜਦੋਂ ਤੁਸੀਂ ਕਿਸੇ ਸ਼ਹਿਰ ਉੱਤੇ ਹਮਲਾ ਕਰਨ ਜਾਂਦੇ ਹੋ, ਤਾਂ ਤੁਹਾਨੂੰ ਸਭ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਨੂੰ ਅਮਨ ਦੀ ਪੇਸ਼ਕਸ਼ ਕਰਨੀ ਚਾਹੀਦੀ ਹੈ। 11 ਜੇ ਉਹ ਤੁਹਾਡੀ ਪੇਸ਼ਕਸ਼ ਨੂੰ ਪ੍ਰਵਾਨ ਕਰ ਲੈਣ ਅਤੇ ਆਪਣੇ ਦਰਵਾਜ਼ੇ ਖੋਲ੍ਹ ਦੇਣ ਤਾਂ ਉਸ ਸ਼ਹਿਰ ਦੇ ਸਾਰੇ ਲੋਕ ਤੁਹਾਡੇ ਗੁਲਾਮ ਬਣ ਜਾਣਗੇ ਅਤੇ ਤੁਹਾਡੇ ਲਈ ਕੰਮ ਕਰਨ ਲਈ ਮਜ਼ਬੂਰ ਹੋਣਗੇ। 12 ਪਰ ਜੇ ਉਹ ਸ਼ਹਿਰ ਤੁਹਾਡੇ ਨਾਲ ਸ਼ਾਤੀ ਕਰਨ ਤੋਂ ਇਨਕਾਰ ਕਰਦਾ ਹੈ ਅਤੇ ਤੁਹਾਡੇ ਖਿਲਾਫ਼ ਲੜਾਈ ਕਰਦਾ ਹੈ ਤਾਂ ਤੁਹਾਨੂੰ ਉਸ ਸ਼ਹਿਰ ਨੂੰ ਘੇਰਾ ਪਾ ਲੈਣਾ ਚਾਹੀਦਾ ਹੈ। 13 ਅਤੇ ਜਦੋਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਸ਼ਹਿਰ ਉੱਤੇ ਕਬਜ਼ਾ ਕਰ ਲੈਣ ਦੇਵੇ ਤਾਂ ਤੁਹਾਨੂੰ ਉਸ ਸ਼ਹਿਰ ਦੇ ਸਾਰੇ ਆਦਮੀ ਮਾਰ ਦੇਣੇ ਚਾਹੀਦੇ ਹਨ। 14 ਪਰ ਤੁਸੀਂ ਔਰਤਾਂ, ਬੱਚਿਆਂ, ਗਾਵਾਂ ਅਤੇ ਸ਼ਹਿਰ ਦੀ ਹੋਰ ਹਰ ਸ਼ੈਅ ਨੂੰ ਆਪਣੇ ਕਬਜ਼ੇ ਵਿੱਚ ਲੈ ਸੱਕਦੇ ਹੋ। ਤੁਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਵਰਤੋਂ ਕਰ ਸੱਕਦੇ ਹੋ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇਹ ਚੀਜ਼ਾਂ ਦਿੱਤੀਆਂ ਹਨ। 15 ਇਹੀ ਗੱਲ ਹੈ ਜਿਹੜੀ ਤੁਹਾਨੂੰ ਉਨ੍ਹਾਂ ਸਾਰੇ ਸ਼ਹਿਰਾਂ ਨਾਲ ਕਰਨੀ ਚਾਹੀਦੀ ਹੈ ਜਿਹੜੇ ਤੁਹਾਡੇ ਕੋਲੋਂ ਬਹੁਤ ਦੂਰ ਹਨ-ਉਹ ਸ਼ਹਿਰ ਜਿਹੜੇ ਉਸ ਧਰਤੀ ਉੱਤੇ ਨਹੀਂ ਹਨ ਜਿੱਥੇ ਤੁਸੀਂ ਰਹੋਗੇ।
16 “ਪਰ ਜਦੋਂ ਤੁਸੀਂ ਉਸ ਧਰਤੀ ਦੇ ਸ਼ਹਿਰਾਂ ਉੱਪਰ ਕਬਜ਼ਾ ਕਰੋ ਜੋ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਦੇ ਰਿਹਾ ਹੈ, ਤੁਹਾਨੂੰ ਹਰੇਕ ਨੂੰ ਮਾਰ ਦੇਣਾ ਚਾਹੀਦਾ ਹੈ। 17 ਤੁਹਾਨੂੰ ਸਾਰੇ ਲੋਕਾਂ-ਹਿੱਤੀਆਂ, ਅਮੋਰੀਆਂ, ਕਨਾਨੀਆਂ, ਪਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ-ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਜਿਹਾ ਕਰਨ ਦਾ ਆਦੇਸ਼ ਦਿੱਤਾ ਹੈ। 18 ਕਿਉਂਕਿ ਫ਼ੇਰ ਉਹ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਦੇ ਖਿਲਾਫ਼ ਗੁਨਾਹ ਕਰਨ ਲਈ ਨਹੀਂ ਉਕਸਾ ਸੱਕਣਗੇ। ਉਹ ਤੁਹਾਨੂੰ ਉਹੋ ਜਿਹੀਆਂ ਭਿਆਨਕ ਗੱਲਾਂ ਦੀ ਸਿੱਖਿਆ ਨਹੀਂ ਦੇ ਸੱਕਣਗੇ ਜਿਹੜੀਆਂ ਉਹ ਆਪਣੇ ਦੇਵਤਿਆਂ ਦੀ ਉਪਾਸਨਾ ਕਰਨ ਵੇਲੇ ਕਰਦੇ ਹਨ।
19 “ਜਦੋਂ ਤੁਸੀਂ ਕਿਸੇ ਸ਼ਹਿਰ ਦੇ ਖਿਲਾਫ਼ ਜੰਗ ਕਰ ਰਹੇ ਹੋ, ਹੋ ਸੱਕਦਾ ਹੈ ਤੁਹਾਨੂੰ ਲੰਮੇ ਸਮੇਂ ਤੱਕ ਉਸ ਸ਼ਹਿਰ ਨੂੰ ਘੇਰਾ ਪਾਉਣਾ ਪਵੇ। ਤੁਹਾਨੂੰ ਸ਼ਹਿਰ ਦੇ ਆਲੇ-ਦੁਆਲੇ ਦੇ ਫ਼ਲਦਾਰ ਰੁੱਖਾਂ ਨੂੰ ਨਹੀਂ ਕੱਟਣਾ ਚਾਹੀਦਾ। ਤੁਸੀਂ ਇਨ੍ਹਾਂ ਰੁੱਖਾਂ ਦੇ ਫ਼ਲ ਖਾ ਸੱਕਦੇ ਹੋ ਪਰ ਤੁਹਾਨੂੰ ਇਨ੍ਹਾਂ ਨੂੰ ਕੱਟਣਾ ਨਹੀਂ ਚਾਹੀਦਾ। ਇਹ ਰੁੱਖ ਦੁਸ਼ਮਣ ਨਹੀਂ ਹਨ, ਇਸ ਲਈ ਇਨ੍ਹਾਂ ਦੇ ਖਿਲਾਫ਼ ਜੰਗ ਨਾ ਕਰੋ! 20 ਪਰ ਤੁਸੀਂ ਉਨ੍ਹਾਂ ਰੁੱਖਾਂ ਨੂੰ ਕੱਟ ਸੱਕਦੇ ਹੋ ਜਿਨ੍ਹਾਂ ਦਾ ਤੁਹਾਨੂੰ ਇਹ ਪਤਾ ਹੈ ਕਿ ਉਹ ਫ਼ਲਦਾਰ ਨਹੀਂ ਹਨ। ਤੁਸੀਂ ਇਨ੍ਹਾਂ ਰੁੱਖਾਂ ਦੀ ਵਰਤੋਂ, ਉਸ ਸ਼ਹਿਰ ਦੇ ਲੋਕਾਂ ਨਾਲ ਜੰਗ ਕਰਨ ਲਈ ਹਥਿਆਰ ਬਣਾਕੇ, ਕਰ ਸੱਕਦੇ ਹੋ, ਤੁਸੀਂ ਓਨਾ ਚਿਰ ਤੱਕ ਉਨ੍ਹਾਂ ਦੀ ਵਰਤੋਂ ਕਰ ਸੱਕਦੇ ਹੋ ਜਿੰਨਾ ਚਿਰ ਤੱਕ ਕਿ ਉਹ ਸ਼ਹਿਰ ਜਿੱਤਿਆ ਨਹੀਂ ਜਾਂਦਾ।
ਜੇ ਕੋਈ ਬੰਦਾ ਕਤਲ ਕੀਤਾ ਹੋਇਆ ਨਜ਼ਰ ਆਉਂਦਾ ਹੈ
21 “ਉਸ ਧਰਤੀ ਉੱਤੇ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਕੋਈ ਬੰਦਾ ਖੇਤਾਂ ਵਿੱਚ ਕਤਲ ਹੋਇਆ ਮਿਲ ਸੱਕਦਾ ਹੈ। ਪਰ ਕੋਈ ਨਹੀਂ ਜਾਣਦਾ ਕਿ ਉਸ ਨੂੰ ਕਿਸਨੇ ਕਤਲ ਕੀਤਾ ਹੈ। 2 ਤਦ ਤੁਹਾਡੇ ਆਗੂਆਂ ਅਤੇ ਨਿਆਂਕਾਰਾ ਨੂੰ ਬਾਹਰ ਆਕੇ ਲਾਸ਼ ਦੇ ਦੁਆਲੇ ਦੇ ਨਗਰਾਂ ਦੀ ਦੂਰੀ ਮਾਪਣੀ ਚਾਹੀਦੀ ਹੈ। 3 ਜਦੋਂ ਤੁਹਾਨੂੰ ਪਤਾ ਚੱਲ ਜਾਵੇ ਕਿ ਕਿਹੜਾ ਸ਼ਹਿਰ ਮੁਰਦਾ ਬੰਦੇ ਦੇ ਸਭ ਤੋਂ ਨੇੜੇ ਹੈ, ਤਾਂ ਉਸ ਸ਼ਹਿਰ ਦੇ ਆਗੂਆਂ ਨੂੰ ਆਪਣੇ ਵੱਗ ਵਿੱਚੋਂ ਕੋਈ ਗਾਂ ਲਿਆਉਣੀ ਚਾਹੀਦੀ ਹੈ। ਇਹ ਅਜਿਹੀ ਗਾਂ ਹੋਣੀ ਚਾਹੀਦੀ ਹੈ ਜਿਹੜੀ ਕਦੇ ਸੂਈ ਨਾ ਹੋਵੇ। ਅਤੇ ਇਸ ਗਾਂ ਨੂੰ ਕੰਮ ਲਈ ਵੀ ਕਦੇ ਵਰਤਿਆ ਨਾ ਗਿਆ ਹੋਵੇ। 4 ਉਸ ਨਗਰ ਦੇ ਆਗੂਆਂ ਨੂੰ ਉਹ ਗਾਂ ਵਗਦੇ ਪਾਣੀ ਦੀ ਵਾਦੀ ਵਿੱਚ ਲਿਆਉਣੀ ਚਾਹੀਦੀ ਹੈ। ਇਹ ਉਹ ਵਾਦੀ ਹੋਣੀ ਚਾਹੀਦੀ ਹੈ ਜਿਹੜੀ ਕਦੇ ਵਾਹੀ ਨਾ ਗਈ ਹੋਵੇ ਜਾਂ ਜਿਸ ਵਿੱਚ ਕੁਝ ਬੀਜਿਆ ਨਾ ਗਿਆ ਹੋਵੇ। ਫ਼ੇਰ ਆਗੂਆਂ ਨੂੰ ਉਸ ਜਗ਼੍ਹਾ ਅਤੇ ਗਾਂ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। 5 ਲੇਵੀਆਂ ਦੇ ਉੱਤਰਾਧਿਕਾਰੀਆਂ, ਜਾਜਕਾਂ ਨੂੰ ਵੀ ਉੱਥੇ ਜਾਣਾ ਚਾਹੀਦਾ ਹੈ। (ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਇਨ੍ਹਾਂ ਜਾਜਕਾਂ ਨੂੰ ਆਪਣੀ ਸੇਵਾ ਵਾਸਤੇ ਅਤੇ ਆਪਣੇ ਨਾਮ ਤੇ ਲੋਕਾਂ ਨੂੰ ਅਸੀਸ ਦੇਣ ਵਾਸਤੇ ਚੁਣਿਆ ਹੈ। ਇਹ ਜਾਜਕ ਇਸ ਗੱਲ ਦਾ ਨਿਆਂ ਕਰਨਗੇ ਕਿ, ਹਰ ਉਸ ਝਗੜ੍ਹੇ ਵਿੱਚ, ਜਿਸ ਵਿੱਚ ਕੋਈ ਜ਼ਖਮੀ ਹੋ ਜਾਵੇ, ਕਿਹੜਾ ਸਹੀ ਹੈ।) 6 ਲਾਸ਼ ਦੇ ਨਜ਼ਦੀਕੀ ਨਗਰਾਂ ਦੇ ਸਾਰੇ ਆਗੂਆਂ ਨੂੰ ਉਸ ਗਾਂ ਉੱਤੇ ਆਪਣੇ ਹੱਥ ਧੋਣੇ ਚਾਹੀਦੇ ਹਨ, ਜਿਸਦੀ ਗਰਦਨ ਉਸ ਵਾਦੀ ਵਿੱਚ ਤੋੜੀ ਗਈ ਸੀ। 7 ਇਨ੍ਹਾਂ ਆਗੂਆਂ ਨੂੰ ਇਹ ਅਵੱਸ਼ ਆਖਣਾ ਚਾਹੀਦਾ ਹੈ, ‘ਅਸੀਂ ਇਸ ਆਦਮੀ ਨੂੰ ਨਹੀਂ ਮਾਰਿਆ। ਅਤੇ ਅਸੀਂ ਇਸ ਨੂੰ ਵਾਪਰਦਿਆਂ ਨਹੀਂ ਦੇਖਿਆ। 8 ਯਹੋਵਾਹ, ਆਪਣੇ ਇਸਰਾਏਲੀ ਲੋਕਾਂ ਲਈ ਪਰਾਸਚਿਤ ਕਰ। ਤੂੰ, ਯਹੋਵਾਹ ਨੇ ਸਾਨੂੰ ਬਚਾਇਆ ਸੀ। ਸਾਨੂੰ ਕਿਸੇ ਬੇਗੁਨਾਹ ਵਿਅਕਤੀ ਦੇ ਕਤਲ ਦਾ ਦੋਸ਼ੀ ਨਾ ਠਹਿਰਾ।’ ਇਉਂ ਉਹ ਲੋਕ ਬੇਗੁਨਾਹ ਵਿਅਕਤੀ ਦੇ ਕਤਲ ਲਈ ਮੁਆਫ਼ ਕਰ ਦਿੱਤੇ ਜਾਣਗੇ। 9 ਇਸ ਤਰ੍ਹਾਂ ਯਹੋਵਾਹ ਦੀ ਦ੍ਰਿਸ਼ਟੀ ਵਿੱਚ ਤੁਸੀਂ ਸਹੀ ਗੱਲ ਕਰ ਰਹੇ ਹੋਵੋਂਗੇ। ਅਤੇ ਤੁਸੀਂ ਆਪਣੇ ਟੋਲੇ ਤੋਂ ਉਹ ਦੋਸ਼ ਮਿਟਾ ਦਿਉਂਗੇ।
ਜੰਗ ਵਿੱਚ ਗਿਰਫ਼ਤਾਰ ਔਰਤਾਂ
10 “ਹੋ ਸੱਕਦਾ ਹੈ ਕਿ ਤੁਸੀਂ ਆਪਣੇ ਦੁਸ਼ਮਣਾ ਦੇ ਵਿਰੁੱਧ ਜੰਗ ਲੜੋ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹੱਥੋਂ ਉਨ੍ਹਾਂ ਨੂੰ ਹਰਾ ਦੇਵੇ। ਤੁਸੀਂ ਆਪਣੇ ਦੁਸ਼ਮਣਾ ਨੂੰ ਗਿਰਫ਼ਤਾਰ ਕਰਕੇ ਲੈ ਆਵੋ। 11 ਹੋ ਸੱਕਦਾ ਤੁਸੀਂ ਗਿਰਫ਼ਤਾਰ ਕੀਤੇ ਲੋਕਾਂ ਵਿੱਚ ਕੋਈ ਖੂਬਸੂਰਤ ਔਰਤ ਦੇਖੋ ਜਿਸ ਨੂੰ ਤੁਸੀਂ ਆਪਣੀ ਪਤਨੀ ਬਨਾਉਣਾ ਚਾਹੁੰਦੇ ਹੋਵੋ। 12 ਤਾਂ ਤੁਹਾਨੂੰ ਉਸ ਨੂੰ ਆਪਣੇ ਘਰ ਲੈ ਆਉਣਾ ਚਾਹੀਦਾ ਹੈ। ਤੁਹਾਨੂੰ ਚਾਹੀਦਾ ਹੈ ਕਿ ਉਸਦਾ ਸਿਰ ਮੁੰਨ ਦਿਉ ਅਤੇ ਉਸ ਦੇ ਨਹੁਂ ਕੱਟ ਦਿਉ। 13 ਉਸ ਨੂੰ ਉਹ ਕੱਪੜੇ ਉਤਾਰ ਦੇਣੇ ਚਾਹੀਦੇ ਹਨ ਜਿਹੜੇ ਉਸ ਨੇ ਪਹਿਨੇ ਹੋਏ ਸਨ ਅਤੇ ਇਹ ਦਰਸ਼ਾਉਂਦੇ ਸਨ ਕਿ ਉਸ ਨੂੰ ਜੰਗ ਵਿੱਚ ਫ਼ੜਿਆ ਗਿਆ ਸੀ। ਉਸ ਨੂੰ ਤੁਹਾਡੇ ਘਰ ਵਿੱਚ ਠਹਿਰਨਾ ਚਾਹੀਦਾ ਹੈ ਅਤੇ ਆਪਣੇ ਪਿਤਾ ਅਤੇ ਆਪਣੇ ਪਿਤਾ ਅਤੇ ਆਪਣੀ ਮਾਤਾ ਦੀ ਮੌਤ ਦਾ ਮਹੀਨੇ ਭਰ ਲਈ ਸੋਗ ਮਨਾਉਣਾ ਚਾਹੀਦਾ ਹੈ। ਇਸਤੋਂ ਮਗਰੋਂ ਤੁਸੀਂ ਉਸ ਕੋਲ ਜਾ ਸੱਕਦੇ ਹੋ ਅਤੇ ਉਸ ਦੇ ਪਤੀ ਬਣ ਸੱਕਦੇ ਹੋ। ਉਹ ਤੁਹਾਡੀ ਪਤਨੀ ਬਣ ਜਾਵੇਗੀ। 14 ਜੇ ਤੁਸੀਂ ਉਸ ਕੋਲੋਂ ਪ੍ਰਸੰਨ ਨਾ ਹੋਵੋ ਤੁਸੀਂ ਉਸ ਨੂੰ ਤਲਾਕ ਦੇ ਦਿਉ ਅਤੇ ਉਸ ਨੂੰ ਆਜ਼ਾਦ ਕਰ ਦਿਉਂਗੇ। ਤੁਹਾਨੂੰ ਉਸ ਨੂੰ ਵੇਚਣਾ ਨਹੀਂ ਚਾਹੀਦਾ ਅਤੇ ਉਸ ਨਾਲ ਇੱਕ ਗੁਲਾਮ ਵਰਗਾ ਸਲੂਕ ਨਹੀਂ ਕਰਨਾ ਚਾਹੀਦਾ। ਕਿਉਂ ਕਿ ਤੁਸੀਂ ਉਸਦਾ ਨਿਰਾਦਰ ਕੀਤਾ ਹੈ।
ਵੱਡਾ ਪੁੱਤਰ
15 “ਹੋ ਸੱਕਦਾ ਹੈ ਕਿਸੇ ਆਦਮੀ ਦੀਆਂ ਦੋ ਪਤਨੀਆਂ ਹੋਣ ਅਤੇ ਉਹ ਇੱਕ ਪਤਨੀ ਨੂੰ ਦੂਜੀ ਨਾਲੋਂ ਵੱਧੇਰੇ ਪਿਆਰ ਕਰਦਾ ਹੋਵੇ। ਦੋਹਾਂ ਪਤਨੀਆਂ ਦੇ ਉਸ ਤੋਂ ਬੱਚੇ ਵੀ ਹੋਣ। ਹੋ ਸੱਕਦਾ ਹੈ ਪਹਿਲਾਂ ਬੱਚਾ ਉਸ ਪਤਨੀ ਦਾ ਹੋਵੇ ਜਿਸ ਨੂੰ ਉਹ ਪਿਆਰ ਨਹੀਂ ਕਰਦਾ। 16 ਜਦੋਂ ਉਹ ਬੰਦਾ ਆਪਣੀ ਜ਼ਾਇਦਾਦ ਆਪਣੇ ਬੱਚਿਆਂ ਵਿੱਚ ਵੰਡੇਗਾ, ਉਹ ਆਪਣੀ ਪਤਨੀ ਦੇ ਪੁੱਤਰ ਜਿਸ ਨੂੰ ਉਹ ਪਿਆਰ ਕਰਦਾ, ਉਹ ਚੀਜ਼ਾਂ ਨਹੀਂ ਦੇ ਸੱਕਦਾ ਜਿਹੜੀਆਂ ਉਸਦੀ ਦੂਸਰੀ ਪਤਨੀ ਦੇ ਪਹਿਲੋਠੇ ਪੁੱਤਰ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਜਿਸ ਨੂੰ ਉਹ ਪਿਆਰ ਨਹੀਂ ਕਰਦਾ। 17 ਉਸ ਨੂੰ ਆਪਣੀ ਪਤਨੀ ਦੇ ਪਹਿਲੋਠੇ ਪੁੱਤਰ ਨੂੰ ਪਰਵਾਨ ਕਰ ਲੈਣਾ ਚਾਹੀਦਾ, ਜਿਸ ਨੂੰ ਉਹ ਪਿਆਰ ਨਹੀਂ ਕਰਦਾ ਅਤੇ ਉਸ ਨੂੰ ਆਪਣੀਆਂ ਸਾਰੀਆਂ ਚੀਜ਼ਾਂ ਦਾ ਦੂਹਰਾ ਹਿੱਸਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਉਸਦਾ ਪਹਿਲੋਠਾ ਹੈ ਅਤੇ ਪਹਿਲੋਠੇ ਦੇ ਹੱਕ ਸਿਰਫ਼ ਉਸ ਇੱਕਲੇ ਦੇ ਹਨ।
ਜਿਹੜੇ ਬੱਚੇ ਹੁਕਮ ਨਾ ਮੰਨਣ
18 “ਹੋ ਸੱਕਦਾ ਹੈ ਕਿਸੇ ਬੰਦੇ ਦਾ ਅਜਿਹਾ ਪੁੱਤਰ ਹੋਵੇ ਜਿਹੜਾ ਜ਼ਿੱਦੀ ਹੋਵੇ ਅਤੇ ਹੁਕਮ ਮੰਨਣ ਤੋਂ ਇਨਕਾਰ ਕਰੇ। ਇਹ ਪੁੱਤਰ ਆਪਣੇ ਮਾਤਾ-ਪਿਤਾ ਦੀ ਆਗਿਆ ਦਾ ਪਾਲਣ ਨਹੀਂ ਕਰਦਾ। ਉਹ ਆਪਣੇ ਪੁੱਤਰ ਨੂੰ ਸਜ਼ਾ ਦਿੰਦੇ ਹਨ ਪਰ ਉਹ ਫ਼ਿਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣਦਾ। 19 ਉਸ ਦੇ ਮਾਤਾ-ਪਿਤਾ ਨੂੰ ਚਾਹੀਦਾ ਹੈ ਕਿ ਉਸ ਨੂੰ ਕਸਬੇ ਦੇ ਆਗੂਆਂ ਸਾਹਮਣੇ ਕਸਬੇ ਦੀ ਸਭਾ ਵਾਲੀ ਥਾਂ ਉੱਤੇ ਲੈ ਜਾਣ। 20 ਉਨ੍ਹਾਂ ਨੂੰ ਕਸਬੇ ਦੇ ਆਗੂਆਂ ਨੂੰ ਇਹ ਆਖਣਾ ਚਾਹੀਦਾ: ‘ਸਾਡਾ ਇੱਕ ਪੁੱਤਰ ਜ਼ਿੱਦੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਅਸੀਂ ਉਸ ਨੂੰ ਜੋ ਵੀ ਕਰਨ ਨੂੰ ਆਖਦੇ ਹਾਂ ਉਹ ਨਹੀਂ ਕਰਦਾ। ਉਹ ਬਹੁਤ ਜ਼ਿਆਦਾ ਖਾਂਦਾ ਅਤੇ ਪੀਂਦਾ ਹੈ।’ 21 ਤਾਂ ਕਸਬੇ ਦੇ ਆਦਮੀਆਂ ਨੂੰ ਉਸ ਪੁੱਤਰ ਨੂੰ ਪੱਥਰ ਮਾਰ ਦੇਣਾ ਚਾਹੀਦਾ ਹੈ। ਅਜਿਹਾ ਕਰਕੇ ਤੁਸੀਂ ਆਪਣੇ ਵਿੱਚਕਾਰੋਂ ਬਦੀ ਨੂੰ ਦੂਰ ਕਰ ਦੇਵੋਂਗੇ। ਇਸਰਾਏਲ ਦੇ ਸਾਰੇ ਲੋਕ ਇਸ ਬਾਰੇ ਸੁਨਣਗੇ ਅਤੇ ਭੈਭੀਤ ਹੋ ਜਾਣਗੇ।
ਮਾਰੇ ਹੋਏ ਅਤੇ ਰੁੱਖ ਉੱਤੇ ਟੰਗੇ ਮੁਜ਼ਰਮ
22 “ਕੋਈ ਬੰਦਾ ਕਿਸੇ ਅਜਿਹੇ ਜ਼ੁਰਮ ਦਾ ਦੋਸ਼ੀ ਹੋ ਸੱਕਦਾ ਹੈ ਜਿਸਦੀ ਸਜ਼ਾ ਮੌਤ ਹੋਵੇ। ਜਦੋਂ ਉਸ ਨੂੰ ਮਾਰਿਆ ਜਾਵੇ ਤਾਂ ਲੋਕ ਉਸਦੀ ਲਾਸ਼ ਨੂੰ ਰੁੱਖ ਉੱਤੇ ਟੰਗ ਸੱਕਦੇ ਹਨ। 23 ਤੁਹਾਨੂੰ ਉਹ ਲਾਸ਼ ਸਾਰੀ ਰਾਤ ਰੁੱਖ ਉੱਤੇ ਟਂਗੀ ਨਹੀਂ ਰਹਿਣ ਦੇਣੀ ਚਾਹੀਦੀ। ਤੁਹਾਨੂੰ ਉਸ ਨੂੰ ਉਸੇ ਦਿਨ ਦਫ਼ਨਾ ਦੇਣਾ ਚਾਹੀਦਾ। ਕਿਉਂਕਿ ਜਿਹੜਾ ਆਦਮੀ ਰੁੱਖ ਉੱਤੇ ਲਟਕਾਇਆ ਗਿਆ ਪਰਮੇਸ਼ੁਰ ਦੁਆਰਾ ਸਰਾਪਿਆ ਗਿਆ ਹੋਇਆ ਅਤੇ ਤੁਹਾਨੂੰ ਉਸ ਧਰਤੀ ਨੂੰ ਪਲੀਤ ਨਹੀਂ ਕਰਨਾ ਚਾਹੀਦਾ ਜਿਹੜੀ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਦਿੱਤੀ ਹੈ।
21 “ਉਸ ਵਕਤ ਕੁਝ ਲੋਕ ਤੁਹਾਨੂੰ ਇਹ ਵੀ ਆਖਣਗੇ, ‘ਵੇਖੋ! ਮਸੀਹ ਇੱਥੇ ਹੈ’ ਕੁਝ ਹੋਰ ਲੋਕ ਸ਼ਾਇਦ ਇਹ ਵੀ ਆਖਣ, ‘ਉਹ ਉੱਥੇ ਹੈ!’ ਪਰ ਤੁਸੀਂ ਉਨ੍ਹਾਂ ਤੇ ਵਿਸ਼ਵਾਸ ਨਾ ਕਰਨਾ। 22 ਬਹੁਤ ਸਾਰੇ ਝੂਠੇ ਮਸੀਹ ਅਤੇ ਝੂਠੇ ਨਬੀ ਆਉਣਗੇ ਅਤੇ ਕਰਿਸ਼ਮੇ ਅਤੇ ਅਚੰਭੇ ਵਿਖਾਉਣਗੇ ਅਤੇ ਹਰ ਸੰਭਵ ਤਰ੍ਹਾਂ ਨਾਲ ਉਸ ਦੇ ਚੁਣੇ ਹੋਏ ਲੋਕਾਂ ਨੂੰ ਵੀ ਗੁਮਰਾਹ ਕਰਣਗੇ। 23 ਇਸ ਲਈ ਪੂਰੇ ਚੌਕਸ ਰਹਿਣਾ। ਇਸੇ ਲਈ ਸਭ ਕੁਝ ਵਾਪਰਨ ਤੋਂ ਪਹਿਲਾਂ ਹੀ ਮੈਂ ਤੁਹਾਨੂੰ ਚੌਕਸ ਕਰ ਦਿੱਤਾ ਹੈ।
24 “ਪਰ ਉਨ੍ਹਾਂ ਦਿਨਾਂ ਦੇ ਕਸ਼ਟਾਂ ਤੋਂ ਬਾਦ,
‘ਸੂਰਜ ਹਨੇਰਾ ਹੋ ਜਾਵੇਗਾ
ਅਤੇ ਚੰਨ ਆਪਣੀ ਚਾਨਣੀ ਗੁਆ ਲਵੇਗਾ।
25 ਤਾਰੇ ਅਕਾਸ਼ ਤੋਂ ਡਿੱਗ ਪੈਣਗੇ
ਅਤੇ ਅਕਾਸ਼ ਵਿੱਚਲੀਆਂ ਸ਼ਕਤੀਆਂ ਹਿੱਲ ਜਾਣਗੀਆਂ।’ [a]
26 “ਤਦ ਲੋਕ ਮਨੁੱਖ ਦੇ ਪੁੱਤਰ ਨੂੰ ਬੱਦਲਾਂ ਵਿੱਚ ਮਹਾਨ ਸ਼ਕਤੀ ਅਤੇ ਮਹਿਮਾ ਨਾਲ ਆਉਂਦਾ ਵੇਖਣਗੇ। 27 ਮਨੁੱਖ ਦਾ ਪੁੱਤਰ ਆਪਣੇ ਦੂਤਾਂ ਨੂੰ ਧਰਤੀ ਦੇ ਚਾਰੀ ਪਾਸੀਂ ਭੇਜੇਗਾ। ਦੂਤ ਉਸ ਦੇ ਚੁਣੇ ਹੋਇਆਂ ਨੂੰ ਧਰਤੀ ਦੀ ਹਰ ਕੌਮ ਵਿੱਚੋਂ ਇਕੱਠਾ ਕਰਨਗੇ।
28 “ਅੰਜੀਰ ਦਾ ਰੁੱਖ ਸਾਨੂੰ ਇੱਕ ਸਬਕ ਸਿੱਖਾਉਂਦਾ ਹੈ। ਜਦੋਂ ਅੰਜੀਰ ਦੇ ਰੁੱਖ ਦੀਆਂ ਟਹਿਣੀਆਂ ਹਰੀਆਂ ਅਤੇ ਕੋਮਲ ਹੁੰਦੀਆਂ ਹਨ, ਅਤੇ ਨਵੇਂ ਪੱਤੇ ਉੱਗਣੇ ਸ਼ੁਰੂ ਹੁੰਦੇ ਹਨ, ਫ਼ਿਰ ਤੁਸੀਂ ਜਾਣ ਜਾਂਦੇ ਹੋ ਕਿ ਗਰਮੀ ਆਉਣ ਵਾਲੀ ਹੈ। 29 ਇਸੇ ਤਰ੍ਹਾਂ ਤੁਸੀਂ ਜਦੋਂ ਵੇਖੋਂ ਕਿ ਅਜਿਹੀਆਂ ਗੱਲਾਂ ਹੁੰਦੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਹਨ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸਮਾਂ ਨੇੜੇ ਹੀ ਨਹੀਂ ਸਗੋਂ ਬੂਹੇ ਉੱਤੇ ਹੈ। 30 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਕਿ ਇਹ ਸਭ ਗੱਲਾਂ ਇਸ ਪੀੜ੍ਹੀ ਦੇ ਜਿਉਂਦੇ ਜੀ ਵਾਪਰਨਗੀਆਂ। 31 ਸਾਰੀ ਦੁਨੀਆਂ, ਅਕਾਸ਼ ਅਤੇ ਧਰਤੀ ਸਭ ਨਸ਼ਟ ਕੀਤੇ ਜਾਣਗੇ। ਪਰ ਮੇਰੇ ਬਚਨ ਕਦੇ ਵੀ ਨਸ਼ਟ ਨਹੀਂ ਹੋਣਗੇ।
32 “ਕੋਈ ਨਹੀਂ, ਨਾ ਸਵਰਗ ਵਿੱਚ ਦੂਤ ਅਤੇ ਨਾ ਹੀ ਪੁੱਤਰ ਹੀ ਇਹ ਜਾਣਦਾ ਕਿ ਉਹ ਵਕਤ ਕਦੋਂ ਆਵੇਗਾ। ਪਰ ਸਿਰਫ਼ ਪਿਤਾ ਜਾਣਦਾ ਹੈ। 33 ਚੌਕਸ ਰਹੋ! ਅਤੇ ਹਰ ਸਮੇਂ ਤਿਆਰ ਰਹੋ! ਪਤਾ ਨਹੀਂ ਉਹ ਘੜੀ ਕਿਸ ਵੇਲੇ ਆ ਜਾਵੇ।
34 “ਇਹ ਜਮਾਂ ਮਨੁੱਖ ਦੀ ਯਾਤਰਾ ਵਾਂਗ ਹੈ। ਉਸ ਨੇ ਆਪਣਾ ਘਰ ਛੱਡਿਆ। ਉਹ ਆਪਣੇ ਘਰ ਦਾ ਧਿਆਨ ਰੱਖਣ ਲਈ ਆਪਣੇ ਨੋਕਰਾਂ ਨੂੰ ਨਿਯੁਕਤ ਕਰਦਾ ਹੈ। ਹਰ ਨੋਕਰ ਨੂੰ ਇੱਕ ਖਾਸ ਕੰਮ ਦਿੱਤਾ ਗਿਆ ਹੈ। ਉਹ ਇੱਕ ਦਰਬਾਨ ਨੂੰ ਦਰਵਾਜ਼ੇ ਤੇ ਨਿਯੁਕਤ ਕਰਦਾ ਹੈ ਅਤੇ ਹਮੇਸ਼ਾ ਪਹਿਰੇਦਾਰੀ ਕਰਦੇ ਰਹਿਣ ਲਈ ਆਖਦਾ ਹੈ। 35 ਇਸ ਲਈ ਤੁਸੀਂ ਹਮੇਸ਼ਾ ਤੱਤਪਰ ਰਹਿਣਾ। ਤੁਸੀਂ ਨਹੀਂ ਜਾਣਦੇ ਕਦੋਂ ਘਰ ਦਾ ਮਾਲਕ ਵਾਪਸ ਮੁੜ ਆਵੇ। ਕੋਈ ਨਹੀਂ ਜਾਣਦਾ ਕਿ ਕੀ ਉਹ ਆਥਣ ਵੇਲੇ ਜਾਂ ਅੱਧੀ ਰਾਤ ਵੇਲੇ ਜਾਂ ਬਹੁਤ ਹੀ ਤੜਕੇ ਜਾਂ ਸੂਰਜ ਚੜ੍ਹ੍ਹਨ ਤੋਂ ਬਾਦ ਆਵੇਗਾ। 36 ਉਹ ਝੱਟ ਹੀ ਵਾਪਸ ਆ ਸੱਕਦਾ ਹੈ। ਜੇਕਰ ਤੁਸੀਂ ਹਮੇਸ਼ਾ ਚੌਕਸ ਰਹੋ ਜਦੋਂ ਉਹ ਆਵੇ ਤਾਂ ਤੁਸੀਂ ਸੁੱਤੇ ਨਾ ਹੋਵੋ। 37 ਮੈਂ ਇਹ ਤੁਹਾਨੂੰ ਵੀ ਅਤੇ ਹਰ ਮਨੁੱਖ ਨੂੰ ਵੀ ਕਹਿੰਦਾ ਹਾਂ ਕਿ ‘ਜਾਗਦੇ ਰਹੋ।’”
2010 by World Bible Translation Center