Old/New Testament
ਝੂਠੇ ਨਬੀ
13 “ਹੋ ਸੱਕਦਾ ਹੈ ਕਿ ਕੋਈ ਅਜਿਹਾ ਨਬੀ ਜਾਂ ਬੰਦਾ ਤੁਹਾਡੇ ਕੋਲ ਆਵੇ ਜਿਹੜਾ ਤੁਹਾਡੇ ਸੁਪਨਿਆਂ ਦੀ ਵਿਆਖਿਆ ਕਰੇ। ਹੋ ਸੱਕਦਾ ਹੈ ਕਿ ਉਹ ਤੁਹਾਨੂੰ ਇਹ ਆਖੇ ਕਿ ਉਹ ਤੁਹਾਨੂੰ ਕੋਈ ਸੰਕੇਤ ਜਾਂ ਚਮਤਕਾਰ ਦਿਖਾਵੇਗਾ। 2 ਅਤੇ ਉਹ ਸੰਕੇਤ ਜਾਂ ਚਮਤਕਾਰ, ਜਿਸ ਬਾਰੇ ਉਸ ਨੇ ਤੁਹਾਨੂੰ ਦੱਸਿਆ, ਉਹ ਸਹੀ ਵੀ ਨਿਕਲ ਸੱਕਦਾ ਹੈ। ਫ਼ੇਰ ਉਹ ਤੁਹਾਨੂੰ ਹੋਰਨਾਂ ਦੇਵਤਿਆਂ ਦੇ ਪਿੱਛੇ ਲੱਗਣ ਲਈ ਵੀ ਆਖ ਸੱਕਦਾ ਹੈ (ਉਹ ਦੇਵਤੇ ਜਿਨ੍ਹਾਂ ਨੂੰ ਤੁਸੀਂ ਨਹੀਂ ਜਾਣਦੇ) ਉਹ ਤੁਹਾਨੂੰ ਇਹ ਆਖ ਸੱਕਦਾ ਹੈ, ‘ਆਓ ਇਨ੍ਹਾਂ ਦੇਵਤਿਆਂ ਦੀ ਸੇਵਾ ਕਰੀਏ!’ 3 ਉਸ ਬੰਦੇ ਦੀ ਗੱਲ ਨਹੀਂ ਸੁਨਣੀ। ਕਿਉਂਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡਾ ਇਮਤਿਹਾਨ ਲੈ ਰਿਹਾ ਹੈ। ਯਹੋਵਾਹ ਇਹ ਜਾਨਣਾ ਚਾਹੁੰਦਾ ਹੈ ਕਿ ਕੀ ਤੁਸੀਂ ਉਸ ਨੂੰ ਤਨੋ-ਮਨੋ ਪਿਆਰ ਕਰਦੇ ਹੋ ਜਾਂ ਨਹੀਂ। 4 ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਪਿੱਛੇ ਲੱਗੋ ਅਤੇ ਉਸਦੀ ਇੱਜ਼ਤ ਕਰੋ। ਯਹੋਵਾਹ ਦੇ ਹੁਕਮਾਂ ਨੂੰ ਮੰਨੋ, ਅਤੇ ਉਹ ਸਭ ਕਰੋ ਜੋ ਉਹ ਤੁਹਾਨੂੰ ਕਰਨ ਲਈ ਕਹਿੰਦਾ ਹੈ। ਯਹੋਵਾਹ ਦੀ ਸੇਵਾ ਕਰੋ, ਅਤੇ ਉਸ ਨਾਲ ਜੁੜੇ ਰਹੋ! 5 ਇਹ ਵੀ ਕਿ, ਤੁਹਾਨੂੰ ਉਸ ਨਬੀ ਜਾਂ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ ਜਿਹੜਾ ਸੁਪਨਿਆਂ ਦੀ ਵਿਆਖਿਆ ਕਰਦਾ ਹੈ। ਕਿਉਂਕਿ ਉਸ ਨੇ ਤੁਹਾਨੂੰ ਯਹੋਵਾਹ, ਤੁਹਾਡੇ ਪਰਮੇਸ਼ੁਰ, ਤੋਂ ਬੇਮੁਖ ਹੋਣ ਲਈ ਆਖਿਆ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਵਿੱਚੋਂ ਬਾਹਰ ਲੈ ਕੇ ਆਇਆ ਸੀ, ਜਿੱਥੇ ਤੁਸੀਂ ਗੁਲਾਮ ਸੀ। ਉਸ ਬੰਦੇ ਨੇ ਤੁਹਾਨੂੰ ਉਸ ਤਰ੍ਹਾਂ ਦੀ ਜ਼ਿੰਦਗੀ ਨਾਲੋਂ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਸਦਾ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ। ਇਸ ਲਈ ਤੁਹਾਨੂੰ ਉਸ ਬੰਦੇ ਨੂੰ ਮਾਰਕੇ ਆਪਣੇ ਲੋਕਾਂ ਵਿੱਚੋਂ ਉਸ ਬਦੀ ਨੂੰ ਖਤਮ ਕਰ ਦੇਣਾ ਚਾਹੀਦਾ ਹੈ।
6 “ਤੁਹਾਡਾ ਕੋਈ ਨਜ਼ਦੀਕੀ ਤੁਹਾਨੂੰ ਖੁਫ਼ੀਆਂ ਤੌਰ ਤੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਨ ਲਈ ਆਖ ਸੱਕਦਾ ਹੈ। ਇਹ ਤੁਹਾਡਾ ਆਪਣਾ ਪੁੱਤਰ, ਭਰਾ, ਧੀ, ਪਤਨੀ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ, ਜਾਂ ਤੁਹਾਡਾ ਕੋਈ ਚੰਗਾ ਦੋਸਤ ਵੀ ਹੋ ਸੱਕਦਾ ਹੈ। ਉਹ ਬੰਦਾ ਆਖ ਸੱਕਦਾ ਹੈ, ‘ਆ, ਆਪਾਂ ਹੋਰਨਾਂ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹੀ ਹਨ, ਜਿਨ੍ਹਾਂ ਬਾਰੇ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਵੀ ਨਹੀਂ ਪਤਾ ਸੀ।) 7 ਇਹ ਉਨ੍ਹਾਂ ਲੋਕਾਂ ਦੇ ਦੇਵਤੇ ਨੇ ਜਿਹੜੇ ਤੁਹਾਡੇ ਆਲੇ-ਦੁਆਲੇ ਦੀਆਂ ਹੋਰਨਾਂ ਧਰਤੀਆਂ ਵਿੱਚ ਰਹਿੰਦੇ ਹਨ, ਕੁਝ ਨੇੜੇ, ਕੁਝ ਦੂਰ।) 8 ਤੁਹਾਨੂੰ ਉਸ ਵਿਅਕਤੀ ਨਾਲ ਕਦੇ ਵੀ ਸਹਿਮਤ ਨਹੀਂ ਹੋਣਾ ਚਾਹੀਦਾ। ਉਸਦੀ ਗੱਲ ਨਾ ਸੁਣੋ। ਉਸ ਲਈ ਅਫ਼ਸੋਸ ਨਾ ਕਰੋ। ਉਸ ਨੂੰ ਆਜ਼ਾਦ ਨਾ ਛੱਡੋ। ਅਤੇ ਉਸਦੀ ਰੱਖਿਆ ਨਾ ਕਰੋ। 9-10 ਨਹੀਂ! ਤੁਹਾਨੂੰ ਉਸ ਵਿਅਕਤੀ ਨੂੰ ਅਵੱਸ਼ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਨੂੰ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਪੱਥਰ ਚੁੱਕ ਕੇ ਉਸ ਨੂੰ ਮਾਰਨ ਵਿੱਚ ਪਹਿਲ ਕਰਨੀ ਚਾਹੀਦੀ ਹੈ। ਫ਼ੇਰ ਹੋਰ ਸਾਰੇ ਬੰਦਿਆਂ ਨੂੰ ਵੀ ਉਸ ਨੂੰ ਮਾਰਨ ਲਈ ਪੱਥਰ ਸੁੱਟਣੇ ਚਾਹੀਦੇ ਹਨ। ਕਿਉਂਕਿ ਉਸ ਬੰਦੇ ਨੇ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਤੋਂ ਬੇਮੁਖ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਤੇ ਇਹ ਯਹੋਵਾਹ ਹੀ ਸੀ ਜਿਹੜਾ ਤੁਹਾਨੂੰ ਮਿਸਰ ਦੀ ਧਰਤੀ ਤੋਂ ਬਾਹਰ ਲੈ ਕੇ ਆਇਆ ਸੀ ਜਿੱਥੇ ਤੁਸੀਂ ਗੁਲਾਮ ਸੀ। 11 ਫ਼ੇਰ ਇਸਰਾਏਲ ਦੇ ਸਮੂਹ ਲੋਕ ਸੁਨਣਗੇ ਅਤੇ ਭੈਭੀਤ ਹੋ ਜਾਣਗੇ। ਅਤੇ ਫ਼ੇਰ ਉਹ ਅਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।
12 “ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਰਹਿਣ ਲਈ ਸ਼ਹਿਰ ਦਿੱਤੇ ਹਨ। ਹੋ ਸੱਕਦਾ ਹੈ ਕਿ ਕਦੇ ਤੁਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਕਿਸੇ ਬਾਰੇ ਕੋਈ ਮਾੜੀ ਖਬਰ ਸੁਣੋ। 13 ਹੋ ਸੱਕਦਾ ਹੈ ਤੁਸੀਂ ਇਹ ਸੁਣੋ ਕਿ, ਤੁਹਾਡੀ ਆਪਣੀ ਕੌਮ ਦੇ ਕੁਝ ਮੰਦੇ ਲੋਕ ਆਪਣੇ ਸ਼ਹਿਰ ਦੇ ਲੋਕਾਂ ਨੂੰ ਮੰਦੀਆਂ ਗੱਲਾਂ ਲਈ ਉਕਸਾ ਰਹੇ ਹੋਣ। ਹੋ ਸੱਕਦਾ ਹੈ ਕਿ ਉਹ ਆਪਣੇ ਸ਼ਹਿਰ ਦੇ ਲੋਕਾਂ ਨੂੰ ਇਹ ਆਖਣ, ‘ਆਉ ਜਾਕੇ ਹੋਰਨਾ ਦੇਵਤਿਆਂ ਦੀ ਸੇਵਾ ਕਰੀਏ।’ (ਇਹ ਦੇਵਤੇ ਉਹ ਦੇਵਤੇ ਹੋਣਗੇ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਕਦੇ ਨਹੀਂ ਸੁਣਿਆ ਹੋਵੇਗਾ।) 14 ਜੇ ਤੁਸੀਂ ਇਹੋ ਜਿਹੀ ਖਬਰ ਸੁਣੋ, ਤਾਂ ਤੁਹਾਨੂੰ ਇਹ ਜਾਨਣ ਦੀ ਹਰ ਸੰਭਵ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਕੀ ਇਹ ਸੱਚ ਹੈ। ਜੇ ਤੁਹਾਨੂੰ ਪਤਾ ਲੱਗ ਜਾਵੇ ਕਿ ਇਹ ਸੱਚ ਹੈ-ਜੇ ਤੁਸੀਂ ਸਾਬਤ ਕਰ ਸੱਕੋ ਕਿ ਇਹੋ ਜਿਹੀ ਭਿਆਨਕ ਗੱਲ ਸੱਚਮੁੱਚ ਵਾਪਰੀ ਹੈ। 15 ਤਾਂ ਤੁਹਾਨੂੰ ਉਸ ਸ਼ਹਿਰ ਦੇ ਲੋਕਾਂ ਨੂੰ ਜ਼ਰੂਰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਨ੍ਹਾਂ ਸਾਰਿਆਂ ਨੂੰ ਮਾਰ ਦੇਣਾ ਚਾਹੀਦਾ ਹੈ। ਅਤੇ ਉਨ੍ਹਾਂ ਦੇ ਸਾਰੇ ਜਾਨਵਰਾਂ ਨੂੰ ਵੀ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਉਸ ਸ਼ਹਿਰ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਣਾ ਚਾਹੀਦਾ ਹੈ। 16 ਫ਼ੇਰ ਤੁਹਾਨੂੰ ਸਾਰੀਆਂ ਕੀਮਤੀ ਚੀਜ਼ਾਂ ਇਕੱਠੀਆਂ ਕਰਨੀਆਂ ਚਾਹੀਦੀਆਂ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੇ ਕੇਂਦਰ ਵਿੱਚ ਲੈ ਜਾਣਾ ਚਾਹੀਦਾ ਹੈ ਅਤੇ ਸ਼ਹਿਰ ਨੂੰ ਇਸਦੀ ਹਰ ਚੀਜ਼ ਸਮੇਤ ਸਾੜ ਦੇਣਾ ਚਾਹੀਦਾ ਹੈ। ਇਹ ਯਹੋਵਾਹ, ਤੁਹਾਡੇ ਪਰਮੇਸ਼ੁਰ, ਲਈ ਹੋਮ ਦੀ ਭੇਟ ਹੋਵੇਗਾ। ਇਹ ਸ਼ਹਿਰ ਹਮੇਸ਼ਾ ਲਈ ਖੰਡਰ ਬਣ ਜਾਣਾ ਚਾਹੀਦਾ ਹੈ। ਉਸ ਸ਼ਹਿਰ ਦੀ ਫ਼ੇਰ ਕਦੇ ਵੀ ਉਸਾਰੀ ਨਹੀਂ ਕਰਨੀ ਚਾਹੀਦੀ। 17 ਉਸ ਸ਼ਹਿਰ ਦੀ ਹਰ ਚੀਜ਼ ਤਬਾਹ ਕੀਤੀ ਜਾਣ ਲਈ ਪਰਮੇਸ਼ੁਰ ਦੇ ਅਰਪਨ ਕਰ ਦੇਣੀ ਚਾਹੀਦੀ ਹੈ। ਤੁਹਾਨੂੰ ਕੋਈ ਵੀ ਚੀਜ਼ ਆਪਣੇ ਲਈ ਨਹੀਂ ਰੱਖਣੀ ਚਾਹੀਦੀ। ਜੇ ਤੁਸੀਂ ਇਸ ਆਦੇਸ਼ ਦੀ ਪਾਲਣਾ ਕਰੋਂਗੇ, ਤਾਂ ਯਹੋਵਾਹ ਤੁਹਾਡੇ ਉੱਤੇ ਕਰੋਧਵਾਨ ਹੋਣ ਤੋਂ ਹਟ ਜਾਵੇਗਾ। ਯਹੋਵਾਹ ਤੁਹਾਡੇ ਉੱਤੇ ਮਿਹਰਬਾਨ ਹੋਵੇਗਾ। ਉਹ ਤੁਹਾਡੇ ਲਈ ਅਫ਼ਸੋਸ ਕਰੇਗਾ। ਉਹ ਤੁਹਾਡੀ ਕੌਮ ਨੂੰ ਵੱਧਣ ਫ਼ੁਲਣ ਦੇਵੇਗਾ, ਜਿਵੇਂ ਕਿ ਉਸ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 18 ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਗੱਲ ਸੁਣੋਗੇ ਤਾਂ ਅਜਿਹਾ ਹੀ ਵਾਪਰੇਗਾ-ਜੇ ਤੁਸੀਂ ਉਸ ਦੇ ਸਾਰੇ ਆਦੇਸ਼ਾ ਨੂੰ ਮੰਨੋਗੇ ਜਿਹੜੇ ਮੈਂ ਤੁਹਾਨੂੰ ਅੱਜ ਦਿੰਦਾ ਹਾਂ। ਤੁਹਾਨੂੰ ਉਹੀ ਕੰਮ ਕਰਨੇ ਚਾਹੀਦੇ ਹਨ ਜਿਨ੍ਹਾਂ ਨੂੰ ਯਹੋਵਾਹ, ਤੁਹਾਡਾ ਪਰਮੇਸ਼ੁਰ ਸਹੀ ਆਖਦਾ ਹੈ।
ਇਸਰਾਏਲ, ਪਰਮੇਸ਼ੁਰ ਦੇ ਖਾਸ ਲੋਕ
14 “ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੇ ਬੱਚੇ ਹੋ। ਜੇਕਰ ਕੋਈ ਮਰ ਜਾਵੇ, ਤੁਹਾਨੂੰ ਆਪਣੇ-ਆਪ ਨੂੰ ਸੱਟ ਮਾਰਕੇ ਜਾਂ ਆਪਣੇ ਸਿਰ ਮੁਨਾਕੇ ਅਫ਼ਸੋਸ ਨਹੀਂ ਕਰਨਾ ਚਾਹੀਦਾ। 2 ਕਿਉਂਕਿ ਤੁਸੀਂ ਹੋਰਨਾ ਲੋਕਾਂ ਨਾਲੋਂ ਵੱਖਰੇ ਹੋ। ਤੁਸੀਂ ਯਹੋਵਾਹ ਦੇ ਖਾਸ ਬੰਦੇ ਹੋ। ਦੁਨੀਆਂ ਦੇ ਸਾਰਿਆਂ ਲੋਕਾਂ ਵਿੱਚੋਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਪਣੇ ਖਾਸ ਬੰਦੇ ਬਨਾਉਣ ਲਈ ਚੁਣਿਆ ਸੀ।
ਜਿਹੜੇ ਭੋਜਨ ਦੀ ਇਸਰਾਏਲੀਆਂ ਨੂੰ ਖਾਣ ਦੀ ਇਜਾਜ਼ਤ ਹੈ
3 “ਕੋਈ ਵੀ ਅਜਿਹੀ ਚੀਜ਼ ਨਾ ਖਾਉ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। 4 ਤੁਸੀਂ ਇਹ ਜਾਨਵਰ ਖਾ ਸੱਕਦੇ ਹੋ: ਗਾਵਾਂ, ਭੇਡਾਂ, ਬੱਕਰੀਆਂ, 5 ਹਿਰਨ, ਗਜ਼ੇਲ, ਬਾਰ੍ਹਾਂ ਸਿੰਗੇ, ਜੰਗਲੀ ਭੇਡਾਂ, ਜੰਗਲੀ ਬੱਕਰੀਆਂ, ਐਂਟੀਲੋਪ ਅਤੇ ਪਹਾੜੀ ਭੇਡਾਂ। 6 ਤੁਸੀਂ ਕੋਈ ਵੀ ਅਜਿਹਾ ਜਾਨਵਰ ਖਾ ਸੱਕਦੇ ਹੋ ਜਿਸਦੇ ਪੈਰ ਦੋ ਹਿਸਿਆਂ ਵਿੱਚ ਪਾਟੇ ਹੋਣ ਅਤੇ ਜੋ ਜੁਗਾਲੀ ਕਰਦਾ ਹੈ। 7 ਪਰ ਊਠਾਂ, ਖਰਗੋਸ਼ਾਂ ਜਾਂ ਪਹਾੜੀ ਬਿਜੂਆਂ ਨੂੰ ਨਾ ਖਾਣਾ। ਇਹ ਜਾਨਵਰ ਜੁਗਾਲੀ ਕਰਦੇ ਹਨ, ਪਰ ਇਨ੍ਹਾਂ ਦੇ ਪੈਰ ਨਹੀਂ ਪਾਟੇ ਹੁੰਦੇ। ਇਸ ਲਈ ਇਹ ਜਾਨਵਰ ਤੁਹਾਡੇ ਲਈ ਨਾਪਾਕ ਹਨ। 8 ਤੁਹਾਨੂੰ ਸੂਰ ਬਿਲਕੁਲ ਨਹੀਂ ਖਾਣੇ ਚਾਹੀਦੇ। ਉਨ੍ਹਾਂ ਦੇ ਪੈਰ ਤਾਂ ਪਾਟੇ ਹੁੰਦੇ ਹਨ ਪਰ ਉਹ ਜੁਗਾਲੀ ਨਹੀਂ ਕਰਦੇ। ਇਸ ਲਈ ਸੂਰ ਤੁਹਾਡੇ ਵਾਸਤੇ ਨਾਪਾਕ ਹਨ। ਇਸ ਲਈ ਕਿਸੇ ਵੀ ਸੂਰ ਦਾ ਮਾਸ ਨਾ ਖਾਉ ਅਤੇ ਸੂਰ ਦੀ ਲਾਸ਼ ਨੂੰ ਵੀ ਨਾ ਛੂਹੋ।
9 “ਪਾਣੀ ਵਿੱਚ ਰਹਿਣ ਵਾਲੇ ਸਾਰੇ ਪ੍ਰਾਣੀਆਂ ਵਿੱਚੋਂ, ਤੁਸੀਂ ਕਿਸੇ ਵੀ ਪਰਾਂਤੇ ਚਾਨਿਆਂ ਵਾਲੇ ਪ੍ਰਾਣੀਆਂ ਨੂੰ ਖਾ ਸੱਕਦੇ ਹੋ। 10 ਪਰ ਤੁਹਾਨੂੰ ਪਰਾਂ ਅਤੇ ਚਾਨੇ ਨਾ ਹੋਣ ਵਾਲੇ ਪ੍ਰਾਣੀਆਂ ਨੂੰ ਨਹੀਂ ਖਾਣਾ ਚਾਹੀਦਾ। ਉਹ ਤੁਹਾਡੇ ਲਈ ਨਾਪਾਕ ਹਨ।
11 “ਤੁਸੀਂ ਕੋਈ ਵੀ ਪਾਕ ਪੰਛੀ ਖਾ ਸੱਕਦੇ ਹੋ। 12 ਪਰ ਇਨ੍ਹਾਂ ਵਿੱਚੋਂ ਕੋਈ ਵੀ ਪੰਛੀ ਨਹੀਂ ਖਾਣਾ: ਬਾਜ਼, ਗਿਰਝ, ਹੱਡ ਖੋਰ, 13 ਲਾਲ ਇੱਲ, ਸਮੁੰਦਰੀ ਬਾਜ਼, ਕਿਸੇ ਵੀ ਤਰ੍ਹਾਂ ਦੀ ਇੱਲ, 14 ਕਿਸੇ ਵੀ ਤਰ੍ਹਾਂ ਦਾ ਕਾਂ, 15 ਸਿਂਗਾ ਵਾਲੇ ਉੱਲੂ, ਮਾਹੀਗੀਰ, ਕਿਸੇ ਵੀ ਤਰ੍ਹਾਂ ਦਾ ਬਾਜ਼, 16 ਛੋਟਾ ਉੱਲੂ, ਵੱਡਾ ਉੱਲੂ, ਸਫ਼ੇਦ ਉੱਲੂ, 17 ਮਾਰੂਥਲ ਦੇ ਉੱਲੂ, ਓਸ ਪ੍ਰੇਰ, ਕੋਰਮੋਰੇਂਟ, 18 ਬਗਲੇ ਅਤੇ ਕਿਸੇ ਵੀ ਤਰ੍ਹਾਂ ਦੇ ਲੰਮ ਢੀਂਗ, ਹੂਪੋ ਜਾਂ ਚਮਗਿੱਦੜ,
19 “ਪਰਾਂ ਵਾਲੇ ਸਾਰੇ ਕੀੜੇ ਨਾਪਾਕ ਹਨ। ਇਸ ਲਈ ਉਹ ਨਹੀਂ ਖਾਣੇ। 20 ਪਰ ਤੁਸੀਂ ਕੋਈ ਵੀ ਪਾਕ ਪੰਛੀ ਖਾ ਸੱਕਦੇ ਹੋ।
21 “ਕਿਸੇ ਵੀ ਆਪੇ ਮਰੇ ਹੋਏ ਜਾਨਵਰ ਨੂੰ ਨਹੀਂ ਖਾਣਾ। ਤੁਸੀਂ ਇਸ ਮੁਰਦਾ ਜਾਨਵਰ ਨੂੰ ਆਪਣੇ ਸ਼ਹਿਰ ਦੇ ਕਿਸੇ ਵਿਦੇਸ਼ੀ ਨੂੰ ਦੇ ਸੱਕਦੇ ਹੋ, ਪਰ ਤੁਹਾਨੂੰ ਇਸ ਮੁਰਦਾ ਜਾਨਵਰ ਨੂੰ ਨਹੀਂ ਖਾਣਾ ਚਾਹੀਦਾ। ਕਿਉਂਕਿ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੇ ਲੋਕ ਹੋ। ਤੁਸੀਂ ਉਸ ਦੇ ਖਾਸ ਲੋਕ ਹੋ।
“ਕਿਸੇ ਵੀ ਛੋਟੀ ਬੱਕਰੀ ਨੂੰ ਇਸਦੀ ਮਾਂ ਦੇ ਦੁੱਧ ਵਿੱਚ ਨਾ ਉਬਾਲੋ।
ਦਸਵੰਧ ਦੇਣਾ
22 “ਹਰ ਸਾਲ ਤੁਹਾਨੂੰ ਆਪਣੇ ਖੇਤਾਂ ਵਿੱਚ ਉੱਗਣ ਵਾਲੀਆਂ ਸਾਰੀਆਂ ਫ਼ਸਲਾਂ ਦਾ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ। 23 ਫ਼ੇਰ ਤੁਹਾਨੂੰ ਉਸ ਜਗ਼੍ਹਾ ਉੱਤੇ, ਯਹੋਵਾਹ ਆਪਣੇ ਪਰਮੇਸ਼ੁਰ ਨਾਲ ਹੋਣ ਲਈ ਜਾਣਾ ਚਾਹੀਦਾ ਜਿਸ ਨੂੰ ਯਹੋਵਾਹ ਨੇ ਆਪਣੇ ਨਾਮ ਲਈ ਰਿਹਾਇਸ਼ ਦੀ ਜਗ਼੍ਹਾ ਵਜੋਂ ਚੁਣਿਆ ਹੈ। ਤੁਸੀਂ ਆਪਣੀ ਫ਼ਸਲ ਦਾ ਦਸਵੰਧ, ਨਵੀਂ ਮੈਅ, ਤੇਲ ਆਪਣੇ ਇੱਜੜ ਅਤੇ ਵੱਗਾਂ ਦੇ ਪਲੋਠਿਆਂ ਨੂੰ ਖਾ ਸੱਕਦੇ ਹੋ। ਇਸ ਤਰ੍ਹਾਂ, ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ ਦੀ ਇੱਜ਼ਤ ਕਰਨੀ ਸਿੱਖ ਜਾਵੋਂਗੇ। 24 ਪਰ ਹੋ ਸੱਕਦਾ ਹੈ ਕਿ ਉਹ ਸਥਾਨ ਤੁਹਾਡੇ ਲਈ ਲੰਮੀ ਮੁਸਾਫ਼ਰੀ ਵਾਲਾ ਹੋਵੇ। ਹੋ ਸੱਕਦਾ ਹੈ ਕਿ ਤੁਸੀਂ ਆਪਣੀਆਂ ਉਨ੍ਹਾਂ ਸਾਰੀਆਂ ਫ਼ਸਲਾਂ ਦਾ ਦਸਵੰਧ ਚੁੱਕ ਕੇ ਨਾ ਲੈ ਜਾ ਸੱਕੋ ਜਿਸਦੀ ਤੁਹਾਨੂੰ ਯਹੋਵਾਹ ਨੇ ਅਸੀਸ ਦਿੱਤੀ ਹੈ। ਜੇ ਅਜਿਹਾ ਵਾਪਰੇ, ਤਾਂ 25 ਆਪਣੀਆਂ ਫ਼ਸਲਾਂ ਦੇ ਉਸ ਹਿੱਸੇ ਨੂੰ ਵੇਚ ਦੇਵੋ। ਆਪਣੇ ਨਾਲ ਉਹ ਪੈਸਾ ਲੈ ਕੇ ਉਸ ਖਾਸ ਸਥਾਨ ਉੱਤੇ ਜਾਉ ਜਿਸਦੀ ਯਹੋਵਾਹ ਨੇ ਚੋਣ ਕੀਤੀ ਹੈ। 26 ਉਸ ਪੈਸੇ ਨਾਲ ਆਪਣੀ ਇੱਛਾ ਅਨੁਸਾਰ ਕੋਈ ਵੀ ਚੀਜ਼ ਖਰੀਦੋ-ਗਾਵਾਂ, ਭੇਡਾਂ, ਮੈਅ ਜਾਂ ਬੀਅਰ ਜਾਂ ਕੋਈ ਹੋਰ ਭੋਜਨ। ਫ਼ੇਰ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਉਸ ਸਥਾਨ ਉੱਤੇ ਯਹੋਵਾਹ, ਆਪਣੇ ਪਰਮੇਸ਼ੁਰ ਨਾਲ ਭੋਜਨ ਦਾ ਆਨੰਦ ਮਾਨਣਾ ਚਾਹੀਦਾ ਹੈ। 27 ਪਰ ਆਪਣੇ ਸ਼ਹਿਰ ਵਿੱਚ ਰਹਿਣ ਵਾਲੇ ਲੇਵੀਆਂ ਨੂੰ ਨਾ ਭੁੱਲਣਾ। ਆਪਣਾ ਭੋਜਨ ਉਨ੍ਹਾਂ ਨਾਲ ਸਾਂਝਾ ਕਰਨਾ। ਕਿਉਂਕਿ ਉਨ੍ਹਾਂ ਕੋਲ ਤੁਹਾਡੇ ਵਾਂਗ ਧਰਤੀ ਦਾ ਹਿੱਸਾ ਨਹੀਂ ਹੈ।
28 “ਹਰ ਤਿੰਨ ਸਾਲ ਬਾਦ, ਤੁਹਾਨੂੰ ਉਸ ਸਾਲ ਦੀ ਆਪਣੀ ਫ਼ਸਲ ਦਾ ਦਸਵੰਧ ਇੱਕਤਰ ਕਰਨਾ ਚਾਹੀਦਾ ਹੈ। ਇਸ ਭੋਜਨ ਨੂੰ ਆਪਣੇ ਕਸਬਿਆਂ ਵਿੱਚ ਜਮ੍ਹਾਂ ਕਰੋ ਜਿੱਥੇ ਹੋਰ ਲੋਕ ਇਸ ਨੂੰ ਵਰਤ ਸੱਕਦੇ ਹੋਣ। 29 ਇਹ ਭੋਜਨ ਲੇਵੀਆਂ ਲਈ ਹੈ, ਕਿਉਂਕਿ ਉਨ੍ਹਾਂ ਕੋਲ ਧਰਤੀ ਦਾ ਕੋਈ ਆਪਣਾ ਹਿੱਸਾ ਨਹੀਂ ਹੈ। ਇਹ ਭੋਜਨ ਤੁਹਾਡੇ ਕਸਬੇ ਦੇ ਹੋਰਨਾ ਲੋੜਵੰਦ ਲੋਕਾਂ ਲਈ ਹੈ। ਇਹ ਭੋਜਨ ਵਿਦੇਸ਼ੀਆਂ, ਵਿਧਵਾਵਾਂ ਅਤੇ ਯਤੀਮਾਂ ਲਈ ਹੈ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ ਤੁਹਾਨੂੰ ਹਰ ਤਰ੍ਹਾਂ ਦੀ ਅਸੀਸ ਦੇਵੇਗਾ।
ਕਰਜ਼ਾ ਮਾਫ਼ੀ ਦਾ ਖਾਸ ਵਰ੍ਹਾ
15 “ਹਰ ਸੱਤ ਸਾਲਾਂ ਬਾਦ, ਤੁਹਾਨੂੰ ਕਰਜ਼ੇ ਖਤਮ ਕਰ ਦੇਣੇ ਚਾਹੀਦੇ ਹਨ। 2 ਇਸਦਾ ਢੰਗ ਇਹ ਹੈ: ਹਰ ਇਸਰਾਏਲੀ ਜਿਸਨੇ ਕਿਸੇ ਦੂਸਰੇ ਇਸਰਾਏਲੀ ਨੂੰ ਕਰਜ਼ਾ ਦਿੱਤਾ ਹੈ ਉਸ ਨੂੰ ਉਹ ਕਰਜ਼ਾ ਮਾਫ਼ ਕਰ ਦੇਣਾ ਚਾਹੀਦਾ ਹੈ। ਉਸ ਨੂੰ ਆਪਣੇ ਭਰਾ (ਇਸਰਾਏਲੀ) ਨੂੰ ਕਰਜ਼ਾ ਵਾਪਸ ਕਰਨ ਲਈ ਨਹੀਂ ਆਖਣਾ ਚਾਹੀਦਾ। ਕਿਉਂਕਿ ਯਹੋਵਾਹ ਨੇ ਉਸ ਵਰ੍ਹੇ ਦੌਰਾਨ ਕਰਜ਼ੇ ਮਾਫ਼ ਕਰਨ ਲਈ ਆਖਿਆ ਸੀ। 3 ਤੁਹਾਨੂੰ ਕਰਜ਼ਾ ਵਾਪਸ ਲੈਣ ਲਈ ਕਿਸੇ ਵਿਦੇਸ਼ੀ ਦੀ ਲੋੜ ਪੈ ਸੱਕਦੀ ਹੈ। ਪਰ ਤੁਹਾਨੂੰ ਕਿਸੇ ਵੀ ਇਸਰਾਏਲੀ ਨੂੰ ਦਿੱਤੇ ਹੋਏ ਕਰਜ਼ੇ ਨੂੰ ਮਾਫ਼ ਕਰ ਦੇਣਾ ਚਾਹੀਦਾ ਹੈ। 4 ਤੁਹਾਨੂੰ ਆਪਣੇ ਦੇਸ਼ ਵਿੱਚ ਗਰੀਬ ਲੋਕ ਨਹੀਂ ਹੋਣ ਦੇਣੇ ਚਾਹੀਦੇ। ਕਿਉਂਕਿ ਯਹੋਵਾਹ ਤੁਹਾਨੂੰ ਇਹ ਦੇਸ਼ ਦੇ ਰਿਹਾ ਹੈ ਅਤੇ ਉਹ ਤੁਹਾਨੂੰ ਮਹਾਨ ਅਸੀਸਾਂ ਦੇਵੇਗਾ। 5 ਪਰ ਅਜਿਹਾ ਹੁਣ ਹੀ ਵਾਪਰੇਗਾ ਜੇ ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦਾ ਹੁਕਮ ਮੰਨੋਗੇ। ਤੁਹਾਨੂੰ ਹਰ ਉਸ ਹੁਕਮ ਦੀ ਪਾਲਣਾ ਕਰਨ ਦਾ ਧਿਆਨ ਰੱਖਣਾ ਚਾਹੀਦਾ ਹੈ ਜਿਹੜਾ ਮੈਂ ਤੁਹਾਨੂੰ ਅੱਜ ਦੱਸਿਆ ਹੈ। 6 ਫ਼ੇਰ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸੇ ਤਰ੍ਹਾਂ ਅਸੀਸ ਦੇਵੇਗਾ ਜਿਵੇਂ ਉਸ ਨੇ ਇਕਰਾਰ ਕੀਤਾ ਹੈ। ਅਤੇ ਤੁਹਾਡੇ ਕੋਲ ਬਹੁਤ ਸਾਰੀਆਂ ਕੌਮਾਂ ਨੂੰ ਕਰਜ਼ ਦੇਣ ਲਈ ਕਾਫ਼ੀ ਧੰਨ ਹੋਵੇਗਾ। ਪਰ ਤੁਹਾਨੂੰ ਕਿਸੇ ਕੋਲੋਂ ਕਰਜ਼ਾ ਲੈਣ ਦੀ ਲੋੜ ਨਹੀਂ ਪਵੇਗੀ। ਤੁਸੀਂ ਬਹੁਤ ਸਾਰੀਆਂ ਕੌਮਾਂ ਉੱਤੇ ਰਾਜ ਕਰੋਂਗੇ। ਪਰ ਉਨ੍ਹਾਂ ਵਿੱਚੋਂ ਕੋਈ ਵੀ ਕੌਮ ਤੁਹਾਡੇ ਉੱਪਰ ਰਾਜ ਨਹੀਂ ਕਰੇਗੀ।
7 “ਜਦੋਂ ਤੁਸੀਂ ਉਸ ਧਰਤੀ ਉੱਤੇ ਰਹਿ ਰਹੇ ਹੋਵੋਂਗੇ ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ, ਉੱਥੇ ਤੁਹਾਡੇ ਦਰਮਿਆਨ ਕੋਈ ਗਰੀਬ ਵਿਅਕਤੀ ਹੋ ਸੱਕਦਾ। ਤੁਹਾਨੂੰ ਖੁਦਗਰਜ਼ ਨਹੀਂ ਹੋਣਾ ਚਾਹੀਦਾ। ਤੁਹਾਨੂੰ ਉਸ ਗਰੀਬ ਵਿਅਕਤੀ ਨੂੰ ਸਹਾਇਤਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। 8 ਤੁਹਾਨੂੰ ਉਸ ਨਾਲ ਸਾਂਝ ਪਾਉਣ ਲਈ ਤਿਆਰ ਰਹਿਣਾ ਚਾਹੀਦਾ ਹੈ। ਤੁਹਾਨੂੰ ਉਸ ਬੰਦੇ ਨੂੰ ਉਸਦੀ ਲੋੜ ਪੂਰੀ ਕਰਨ ਲਈ ਕਰਜ਼ ਦੇਣਾ ਚਾਹੀਦਾ ਹੈ।
9 “ਕਿਸੇ ਵੀ ਬੰਦੇ ਨੂੰ ਸਿਰਫ਼ ਇਸ ਵਾਸਤੇ ਸਹਾਇਤਾ ਕਰਨ ਤੋਂ ਇਨਕਾਰ ਨਾ ਕਰੋ ਕਿ ਸੱਤਵਾਂ ਵਰ੍ਹਾ, ਕਰਜ਼ਿਆਂ ਦੀ ਮਾਫ਼ੀ ਦਾ ਵਰ੍ਹਾ, ਨੇੜੇ ਹੈ। ਆਪਣੇ ਮਨ ਵਿੱਚ ਅਜਿਹਾ ਮੰਦਾ ਵਿੱਚਾਰ ਨਾ ਆਉਣ ਦਿਉ। ਤੁਹਾਨੂੰ ਕਿਸੇ ਵੀ ਬੰਦੇ ਬਾਰੇ ਮੰਦਾ ਨਹੀਂ ਸੋਚਣਾ ਚਾਹੀਦਾ ਜਿਸ ਨੂੰ ਤੁਹਾਡੀ ਸਹਾਇਤਾ ਦੀ ਲੋੜ ਹੋਵੇ ਅਤੇ ਉਸਦੀ ਸਹਾਇਟਾ ਕਰਨ ਤੋਂ ਕਦੇ ਵੀ ਇਨਕਾਰ ਨਹੀਂ ਕਰਨਾ ਚਾਹੀਦਾ। ਜੇ ਤੁਸੀਂ ਉਸ ਗਰੀਬ ਵਿਅਕਤੀ ਦੀ ਸਹਾਇਤਾ ਨਹੀਂ ਕਰੋਂਗੇ, ਉਹ ਯਹੋਵਾਹ ਅੱਗੇ ਤੁਹਾਡੇ ਖਿਲਾਫ਼ ਸ਼ਿਕਾਇਤ ਕਰੇਗਾ ਅਤੇ ਯਹੋਵਾਹ ਤੁਹਾਨੂੰ ਪਾਪ ਦਾ ਦੋਸ਼ੀ ਪਾਵੇਗਾ।
10 “ਗਰੀਬ ਵਿਅਕਤੀ ਨੂੰ ਆਪਣੀ ਸਮਰਥਾ ਅਨੁਸਾਰ ਦਿਉ। ਉਸ ਨੂੰ ਦੇਣ ਲੱਗਿਆ ਬੁੱਰਾ ਮਹਿਸੂਸ ਨਾ ਕਰੋ। ਕਿਉਂਕਿ ਯਹੋਵਾਹ ਤੁਹਾਡਾ ਪਰਮੇਸ਼ੁਰ, ਤੁਹਾਨੂੰ ਇਸ ਨੇਕੀ ਬਦਲੇ ਅਸੀਸ ਦੇਵੇਗਾ। ਉਹ ਤੁਹਾਨੂੰ ਤੁਹਾਡੇ ਸਾਰੇ ਕੰਮਾਂ ਅਤੇ ਸਾਰੀਆਂ ਕਰਨੀਆਂ ਵਿੱਚ ਬਰਕਤ ਦੀ ਅਸੀਸ ਦੇਵੇਗਾ। 11 ਧਰਤੀ ਉੱਤੇ ਹਮੇਸ਼ਾ ਹੀ ਗਰੀਬ ਲੋਕ ਹੋਣਗੇ। ਇਹ ਇਸ ਕਿਉਂਕਿ ਮੈਂ ਤੁਹਾਨੂੰ ਆਪਣੇ ਸਂਗੀ ਇਸਰਾਏਲੀਆਂ ਦੀ ਸਹਾਇਤਾ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿੰਦਾ ਹਾਂ। ਆਪਣੀ ਧਰਤੀ ਉੱਤੇ ਲੋੜਵਂਦ ਅਤੇ ਗਰੀਬ ਲੋਕਾਂ ਨੂੰ ਦਯਾਲਤਾ ਨਾਲ ਦਿਉ।
ਗੁਲਾਮਾਂ ਨੂੰ ਆਜ਼ਾਦ ਕਰਨਾ
12 “ਤੁਸੀਂ ਚਾਹੋ ਤਾਂ ਕਿਸੇ ਇਬਰਾਨੀ ਆਦਮੀ ਜਾਂ ਔਰਤ ਨੂੰ ਗੁਲਾਮ ਦੇ ਤੌਰ ਤੇ ਸੇਵਾ ਕਰਨ ਲਈ ਰੱਖ ਸੱਕਦੇ ਹੋ। ਤੁਸੀਂ ਉਸ ਬੰਦੇ ਨੂੰ ਛੇ ਸਾਲ ਲਈ ਗੁਲਾਮ ਰੱਖ ਸੱਕਦੇ ਹੋ। ਪਰ ਸੱਤਵੇਂ ਵਰ੍ਹੇ ਵਿੱਚ ਤੁਹਾਨੂੰ ਉਸ ਬੰਦੇ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। 13 ਪਰ ਜਦੋਂ ਤੁਸੀਂ ਆਪਣੇ ਗੁਲਾਮ ਨੂੰ ਆਜ਼ਾਦ ਕਰੋ ਤਾਂ ਉਸ ਨੂੰ ਖਾਲੀ ਹੱਥ ਨਾ ਭੇਜੋ। 14 ਤੁਹਾਨੂੰ ਉਸ ਬੰਦੇ ਨੂੰ ਆਪਣੇ ਕੁਝ ਪਸ਼ੂ, ਅਨਾਜ ਅਤੇ ਮੈਅ ਦੇਣੀ ਚਾਹੀਦੀ ਹੈ। ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਅਸੀਸ ਦਿੱਤੀ ਸੀ ਅਤੇ ਤੁਹਾਨੂੰ ਚੋਖੀਆਂ ਚੀਜ਼ਾਂ ਦਿੱਤੀਆਂ ਸਨ। ਇਸੇ ਤਰ੍ਹਾਂ ਤੁਹਾਨੂੰ ਵੀ ਕਾਫ਼ੀ ਸਾਰੀਆਂ ਚੰਗੀਆਂ ਚੀਜ਼ਾਂ ਆਪਣੇ ਗੁਲਾਮ ਨੂੰ ਦੇਣੀਆਂ ਚਾਹੀਦੀਆਂ ਹਨ। 15 ਦਿਮਾਗ ਵਿੱਚ ਰੱਖੋ, ਕਿ ਤੁਸੀਂ ਵੀ ਮਿਸਰ ਵਿੱਚ ਗੁਲਾਮ ਸੀ ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਜ਼ਾਦ ਕੀਤਾ ਸੀ। ਇਸੇ ਲਈ ਮੈਂ ਅੱਜ ਤੁਹਾਨੂੰ ਇਹ ਹੁਕਮ ਦੇ ਰਿਹਾ ਹਾਂ।
16 “ਤੁਹਾਡੇ ਗੁਲਾਮਾਂ ਵਿੱਚੋਂ ਕੋਈ ਜਣਾ ਤੁਹਾਨੂੰ ਇਹ ਵੀ ਆਖ ਸੱਕਦਾ ਹੈ, ‘ਮੈਂ ਤੁਹਾਨੂੰ ਛੱਡ ਕੇ ਨਹੀਂ ਜਾਵਾਂਗਾ।’ ਹੋ ਸੱਕਦਾ ਹੈ ਕਿ ਉਹ ਇਹ ਗੱਲ ਇਸ ਵਾਸਤੇ ਆਖੇ ਕਿਉਂ ਕਿ ਉਹ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਪਿਆਰ ਕਰਦਾ ਅਤੇ ਕਿਉਂਕਿ ਉਸ ਨੇ ਤੁਹਾਡੇ ਨਾਲ ਚੰਗਾ ਜੀਵਨ ਬਿਤਾਇਆ ਹੈ। 17 ਉਸ ਨੌਕਰ ਨੂੰ ਆਖੋ ਕਿ ਉਹ ਤੁਹਾਡੇ ਦਰਵਾਜ਼ੇ ਨਾਲ ਆਪਣਾ ਕੰਨ ਲਾਵੇ, ਅਤੇ ਕੋਈ ਤਿਖਾ ਔਜ਼ਾਰ ਲੈ ਕੇ ਉਸਦਾ ਕੰਨ ਵਿੰਨ੍ਹ ਦਿਉ। ਇਸਤੋਂ ਹਮੇਸ਼ਾ ਇਸਦਾ ਪਤਾ ਲੱਗੇਗਾ ਕਿ ਉਹ ਤੁਹਾਡਾ ਗੁਲਾਮ ਹੈ। ਤੁਹਾਨੂੰ ਇਹ ਗੱਲ ਆਪਣੀਆਂ ਉਨ੍ਹਾਂ ਗੁਲਾਮ ਔਰਤਾਂ ਨਾਲ ਵੀ ਕਰਨੀ ਚਾਹੀਦੀ ਹੈ ਜਿਹੜੀਆਂ ਤੁਹਾਡੇ ਨਾਲ ਰਹਿਣਾ ਚਾਹੁੰਦੀਆਂ ਹੋਣ।
18 “ਆਪਣੇ ਗੁਲਾਮ ਨੂੰ ਆਜ਼ਾਦੀ ਦਿੰਦਿਆਂ ਬੁਰਾ ਮਹਿਸੂਸ ਨਾ ਕਰੋ। ਯਾਦ ਰੱਖੋ! ਉਸ ਨੇ ਛੇ ਸਾਲ ਤੱਕ ਤੁਹਾਡੀ ਭਾੜੇ ਦੇ ਮਜ਼ਦੂਰ ਨਾਲੋਂ ਅੱਧੇ ਪੈਸਿਆਂ ਵਿੱਚ ਸੇਵਾ ਕੀਤੀ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਹਰ ਕੰਮ ਵਿੱਚ ਬਰਕਤ ਦੇਵੇਗਾ।
ਪਹਿਲੋਠੇ ਜਾਨਵਰਾਂ ਬਾਰੇ ਬਿਧੀਆਂ
19 “ਤੁਹਾਡੇ ਵੱਗ ਅਤੇ ਇੱਜੜ ਦੇ ਪਹਿਲੋਠੇ ਨਰ ਖਾਸ ਹਨ। ਤੁਹਾਨੂੰ ਇਹ ਜਾਨਵਰ ਯਹੋਵਾਹ ਆਪਣੇ ਪਰਮੇਸ਼ੁਰ ਲਈ ਅਲੱਗ ਕਰ ਲੈਣੇ ਚਾਹੀਦੇ ਹਨ। ਪਹਿਲੋਠੇ ਜਨਮੇ ਬਲਦ ਤੋਂ ਕੰਮ ਨਾ ਲਵੋ ਅਤੇ ਪਲੋਠੀ ਜਨਮੀ ਭੇਡ ਦੀ ਉੱਨ ਨਾ ਲਾਹੋ। 20 ਹਰ ਸਾਲ, ਤੁਹਾਨੂੰ ਇਨ੍ਹਾਂ ਜਾਨਵਰਾਂ ਨੂੰ ਉਸ ਥਾਂ ਉੱਤੇ ਲੈ ਕੇ ਜਾਣਾ ਚਾਹੀਦਾ, ਜਿਸਦੀ ਚੋਣ ਯਹੋਵਾਹ ਕਰੇਗਾ। ਓੱਥੇ, ਤੁਸੀਂ ਅਤੇ ਤੁਹਾਡਾ ਪਰਿਵਾਰ ਇਨ੍ਹਾਂ ਜਾਨਵਰਾਂ ਨੂੰ ਯਹੋਵਾਹ ਆਪਣੇ ਪਰਮੇਸ਼ੁਰ ਦੀ ਹਾਜ਼ਰੀ ਵਿੱਚ ਖਾਵੋਂਗੇ।
21 “ਪਰ ਜੇ ਇਨ੍ਹਾਂ ਵਿੱਚੋਂ ਕਿਸੇ ਜਾਨਵਰ ਵਿੱਚ ਕੋਈ ਨੁਕਸ ਹੈ-ਜੇ ਇਹ ਲੰਗੜਾ ਜਾਂ ਅੰਨ੍ਹਾ ਜਾਂ ਇਸ ਵਿੱਚ ਕੋਈ ਹੋਰ ਖਰਾਬੀ ਹੈ, ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਅੱਗੇ ਇਸ ਜਾਨਵਰ ਦੀ ਬਲੀ ਨਹੀਂ ਚੜ੍ਹਾਉਣੀ ਚਾਹੀਦੀ। 22 ਤੁਸੀਂ ਆਪਣੇ ਘਰ ਵਿੱਚ ਇਸ ਜਾਨਵਰ ਦਾ ਮਾਸ ਖਾ ਸੱਕਦੇ ਹੋ। ਕੋਈ ਵੀ ਇਸ ਨੂੰ ਖਾ ਸੱਕਦਾ, ਭਾਵੇਂ ਉਹ ਪਾਕ ਹੈ ਜਾਂ ਨਾਪਾਕ। ਇਸ ਮਾਸ ਨੂੰ ਖਾਣ ਦੀਆਂ ਬਿਧੀਆਂ ਵੀ ਉਹੀ ਹਨ ਜਿਹੜੀਆਂ ਹਿਰਨ ਦੇ ਮਾਸ ਅਤੇ ਗਜ਼ੇਲ ਦੇ ਮਾਸ ਲਈ ਹਨ। 23 ਪਰ ਤੁਹਾਨੂੰ ਕਿਸੇ ਜਾਨਵਰ ਦਾ ਖੂਨ ਨਹੀਂ ਖਾਣਾ ਚਾਹੀਦਾ। ਤੁਹਾਨੂੰ ਉਹ ਖੂਨ ਪਾਣੀ ਵਾਂਗ ਧਰਤੀ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ।
ਕਿਹੜਾ ਹੁਕਮ ਵੱਧ ਮਹੱਤਵਪੂਰਣ ਹੈ(A)
28 ਇੱਕ ਨੇਮ ਦਾ ਉਪਦੇਸ਼ਕ ਯਿਸੂ ਕੋਲ ਆਇਆ। ਉਸ ਨੇ ਯਿਸੂ ਨੂੰ ਸਦੂਕੀਆਂ ਅਤੇ ਫ਼ਰੀਸੀਆਂ ਨਾਲ ਬਹਿਸ ਕਰਦੇ ਸੁਣਿਆ। ਉਸ ਨੇ ਵੇਖਿਆ ਕਿ ਯਿਸੂ ਨੇ ਉਨ੍ਹਾਂ ਦੇ ਸਵਾਲਾਂ ਦੇ ਬੜੇ ਵੱਧੀਆ ਜਵਾਬ ਦਿੱਤੇ ਹਨ, ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਕਿਹੜਾ ਹੁਕਮ ਸਭ ਤੋਂ ਵੱਧ ਮਹੱਤਵਯੋਗ ਹੈ?”
29 ਯਿਸੂ ਨੇ ਆਖਿਆ, “ਸਭ ਤੋਂ ਮੁਖ ਇਹੀ ਹੈ ਕਿ: ‘ਹੇ ਇਸਰਾਏਲ ਦੇ ਲੋਕੋ, ਸੁਣੋ! ਸਾਡਾ ਪ੍ਰਭੂ ਪਰਮੇਸ਼ੁਰ ਹੀ ਇੱਕੋ ਪ੍ਰਭੂ ਹੈ। 30 ਤੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਦਿਲ ਜਾਨ ਨਾਲ ਪਿਆਰ ਕਰ। ਤੂੰ ਆਪਣੀ ਪੂਰੀ ਰੂਹ, ਪੂਰੇ ਦਿਮਾਗ ਪੂਰੀ ਤਾਕਤ ਨਾਲ ਉਸ ਨਾਲ ਪਿਆਰ ਕਰ।’ [a] 31 ਦੂਜਾ ਮਹੱਤਵਪੂਰਨ ਹੁਕਮ ਇਹ ਹੈ ਕਿ, ‘ਜਿਵੇਂ ਤੂੰ ਆਪਣੇ-ਆਪ ਨਾਲ ਪਿਆਰ ਕਰਦਾ ਹੈ ਇਵੇਂ ਹੀ ਦੂਜਿਆਂ ਨੂੰ ਵੀ ਪਿਆਰ ਕਰ।’ [b] ਇਹੀ ਹੁਕਮ ਸਭ ਤੋਂ ਵੱਧ ਮਹੱਤਵਪੂਰਣ ਹਨ।”
32 ਤਦ ਉਸ ਆਦਮੀ ਨੇ ਕਿਹਾ, “ਗੁਰੂ ਜੀ! ਤੁਸੀਂ ਬਿਲਕੁਲ ਠੀਕ ਆਖਿਆ ਹੈ ਕਿ ਪਰਮੇਸ਼ੁਰ ਸਿਰਫ਼ ਇੱਕ ਹੈ ਹੋਰ ਉਸਤੋਂ ਬਿਨਾ ਦੂਜਾ ਪਰਮੇਸ਼ੁਰ ਕੋਈ ਨਹੀਂ ਹੈ। 33 ਅਤੇ ਮਨੁੱਖ ਨੂੰ ਪਰਮੇਸ਼ੁਰ ਨੂੰ ਪੂਰੇ ਦਿਲ ਜਾਨ ਨਾਲ, ਪੂਰੀ ਰੂਹ, ਪੂਰੇ ਦਿਮਾਗ ਅਤੇ ਪੂਰੀ ਤਾਕਤ ਨਾਲ ਪਿਆਰ ਕਰਨਾ ਚਾਹੀਦਾ ਹੈ। ਅਤੇ ਮਨੁੱਖ ਨੂੰ ਆਪਣੇ ਵਾਂਗ ਹੀ ਦੂਜਿਆਂ ਨੂੰ ਜਾਨਣਾ ਤੇ ਪਿਆਰ ਕਰਨਾ ਚਾਹੀਦਾ ਹੈ। ਇਹ ਦੋ ਹੁਕਮ ਸਾਰੇ ਹੋਮਾਂ ਅਤੇ ਬਲੀਦਾਨਾਂ ਤੋਂ, ਜੋ ਅਸੀਂ ਪਰਮੇਸ਼ੁਰ ਨੂੰ ਭੇਂਟ ਕਰਦੇ ਹਾਂ, ਵੱਧ ਮਹੱਤਵਪੂਰਣ ਹਨ।”
34 ਜਦ ਯਿਸੂ ਨੇ ਵੇਖਿਆ ਕਿ ਉਸ ਆਦਮੀ ਨੇ ਸਿਆਣਪ ਨਾਲ ਉੱਤਰ ਦਿੱਤਾ ਤਾਂ ਯਿਸੂ ਨੇ ਉਸ ਆਦਮੀ ਨੂੰ ਕਿਹਾ, “ਤੂੰ ਪਰਮੇਸ਼ੁਰ ਦੇ ਰਾਜ ਦੇ ਨੇੜੇ ਹੈਂ।” ਅਤੇ ਇਸਤੋਂ ਬਾਦ ਕਿਸੇ ਦਾ ਹੌਂਸਲਾ ਨਾ ਪਿਆ ਜੋ ਉਸ ਕੋਲੋ ਕੁਝ ਹੋਰ ਸੁਆਲ ਕਰੇ।
ਮਸੀਹ ਕਿਸਦਾ ਪੁੱਤਰ ਹੈ(B)
35 ਜਦੋਂ ਯਿਸੂ ਮੰਦਰ ਵਿੱਚ ਉਪਦੇਸ਼ ਦੇ ਰਿਹਾ ਸੀ ਤਾਂ ਉਸ ਨੇ ਆਖਿਆ, “ਨੇਮ ਦੇ ਉਪਦੇਸ਼ਕ ਇਹ ਕਿਉਂ ਕਹਿੰਦੇ ਹਨ ਕਿ ਮਸੀਹ ਦਾਊਦ ਦਾ ਪੁੱਤਰ ਹੈ? 36 ਦਾਊਦ ਨੇ ਪਵਿੱਤਰ ਆਤਮਾ ਰਾਹੀਂ ਖੁਦ ਆਖਿਆ ਹੈ ਕਿ:
‘ਪ੍ਰਭੂ ਨੇ, ਮੇਰੇ ਪ੍ਰਭੂ ਨੂੰ, ਆਖਿਆ:
ਤੂੰ ਮੇਰੇ ਸੱਜੇ ਪਾਸੇ ਬੈਠ।
ਅਤੇ ਮੈਂ ਤੇਰੇ ਦੁਸ਼ਮਣਾ ਨੂੰ ਤੇਰੇ ਪੈਰਾਂ ਹੇਠ ਕਰ ਦਿਆਂਗਾ।’ (C)
37 ਦਾਊਦ ਤਾਂ ਆਪੇ ਹੀ ਮਸੀਹ ਨੂੰ ‘ਪ੍ਰਭੂ’ ਬੁਲਾਉਂਦਾ ਹੈ। ਜੇਕਰ ਅਜਿਹਾ ਹੈ, ਤਾਂ ਮਸੀਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?” ਅਤੇ ਵੱਡੀ ਭੀੜ ਖੁਸ਼ੀ ਨਾਲ ਉਸ ਦੇ ਉਪਦੇਸ਼ ਸੁਣ ਰਹੀ ਸੀ।
ਯਿਸੂ ਨੇਮ ਦੇ ਉਪਦੇਸ਼ਕਾਂ ਦੀ ਅਲੋਚਨਾ ਕਰਦਾ(D)
38 ਉਹ ਲਗਾਤਾਰ ਉਪਦੇਸ਼ ਦਿੰਦਾ ਰਿਹਾ ਅਤੇ ਆਖਿਆ, “ਨੇਮ ਦੇ ਉਪਦੇਸ਼ਕਾਂ ਤੋਂ ਸਾਵੱਧਾਨ ਰਹੋ। ਉਹ ਲੰਬੇ ਚੋਗੇ ਪਾਕੇ ਇਹ ਵਿਖਾਉਣ ਲਈ ਕਿ ਉਹ ਮਹੱਤਵਪੂਰਣ ਹਨ, ਇਧਰ-ਉਧਰ ਭਟਕਦੇ ਰਹਿੰਦੇ ਹਨ। ਅਤੇ ਬਜ਼ਾਰਾਂ ਵਿੱਚ ਲੋਕ ਉਨ੍ਹਾਂ ਨੂੰ ਇੱਜ਼ਤ ਦੇਣ ਦੇ ਇਛੁੱਕ ਹਨ। 39 ਅਤੇ ਉਹ ਪ੍ਰਾਰਥਨਾ ਸਥਾਨਾਂ ਵਿੱਚ ਅਤੇ ਦਾਵਤਾਂ ਵਿੱਚ ਵੱਡੇ ਅਹੁਦੇ ਦੀਆਂ ਕੁਰਸੀਆਂ ਤੇ ਬੈਠਣਾ ਚਾਹੁੰਦੇ ਹਨ। 40 ਉਹ ਵਿਧਵਾਵਾਂ ਦੇ ਘਰਾਂ ਨੂੰ ਵੀ ਲੁੱਟ ਲੈਂਦੇ ਹਨ, ਅਤੇ ਚੰਗੇ ਬਨਣ ਲਈ ਵਿਖਾਵੇ ਕਰਨ ਵਾਸਤੇ ਲੰਬੀਆਂ-ਲੰਬੀਆਂ ਪ੍ਰਾਰਥਨਾ ਕਰਦੇ ਹਨ। ਪਰਮੇਸ਼ੁਰ ਉਨ੍ਹਾਂ ਨੂੰ ਬਹੁਤ ਸਜ਼ਾ ਦੇਵੇਗਾ।”
ਇੱਕ ਵਿਧਵਾ ਦੇਣ ਦਾ ਮਤਲਬ ਦੱਸਦੀ ਹੈ(E)
41 ਯਿਸੂ ਮੰਦਰ ਦੇ ਖਜ਼ਾਨੇ ਦੇ ਸੰਦੂਕ ਕੋਲ ਬੈਠਾ ਇਹ ਵੇਖ ਰਿਹਾ ਸੀ ਕਿ ਲੋਕ ਆਂਦੇ-ਜਾਂਦੇ ਉਸ ਵਿੱਚ ਕੀ ਭੇਟਾ ਪਾਉਂਦੇ ਹਨ। ਬਹੁਤ ਸਾਰੇ ਅਮੀਰ ਲੋਕ ਇਸ ਵਿੱਚ ਬਹੁਤ ਸਾਰਾ ਧਨ ਪਾ ਰਹੇ ਸਨ। 42 ਫ਼ਿਰ ਇੱਕ ਗਰੀਬ ਵਿਧਵਾ ਆਈ ਅਤੇ ਉਸ ਨੇ ਦੋ ਛੋਟੇ-ਛੋਟੇ ਤਾਂਬੇ ਦੇ ਸਿੱਕੇ ਭੇਟਾ ਕੀਤੇ ਜੋ ਕਿ ਇੱਕ ਪੈਸੇ ਦੇ ਤੁੱਲ ਵੀ ਨਹੀਂ ਸਨ।
43 ਯਿਸੂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ, ਇਸ ਗਰੀਬ ਵਿਧਵਾ ਨੇ ਦੋ ਛੋਟੇ ਸਿੱਕੇ ਚਢ਼ਾਏ ਹਨ, ਅਸਲ ਵਿੱਚ ਜੋ ਕਿ ਸਾਰੇ ਧਨਵਾਨਾਂ ਦੀ ਚਢ਼ਾਈ ਢੇਰ ਸਾਰੀ ਭੇਟਾ ਨਾਲੋਂ ਕਿਤੇ ਵੱਧੇਰੇ ਹਨ। 44 ਉਨ੍ਹਾਂ ਅਮੀਰ ਲੋਕਾਂ ਕੋਲ ਅਥਾਹ ਧਨ ਹੈ ਅਤੇ ਉਸ ਸਭ ਕਾਸੇ ਵਿੱਚੋਂ, ਉਨ੍ਹਾਂ ਕੋਲ ਜੋ ਫ਼ਾਲਤੂ ਸੀ, ਸੋ ਉਨ੍ਹਾਂ ਨੇ ਭੇਟਾ ਕਰ ਦਿੱਤਾ। ਪਰ ਇਹ ਔਰਤ ਬਹੁਤ ਗਰੀਬ ਹੈ ਅਤੇ ਉਸ ਕੋਲ ਜੋ ਵੀ ਸੀ ਉਸ ਨੇ ਅਰਪਣ ਕਰ ਦਿੱਤਾ ਹੈ। ਜੋ ਕੁਝ ਉਸ ਨੇ ਅਰਪਣ ਕੀਤਾ ਹੈ ਉਹ ਉਸ ਦੇ ਆਪਣੇ ਜਿਉਣ ਵਾਸਤੇ ਸੀ।”
2010 by World Bible Translation Center