Old/New Testament
ਮੂਸਾ ਇਸਰਾਏਲ ਦੇ ਲੋਕਾਂ ਨਾਲ ਗੱਲ ਕਰਦਾ ਹੈ
1 ਇਹ ਉਹ ਸੰਦੇਸ਼ ਹੈ ਜਿਹੜਾ ਮੂਸਾ ਨੇ ਇਸਰਾਏਲ ਦੇ ਲੋਕਾਂ ਨੂੰ ਦਿੱਤਾ। ਉਸ ਨੇ ਇਹ ਗੱਲਾਂ ਉਦੋਂ ਆਖੀਆਂ ਜਦੋਂ ਉਹ ਯਰਦਨ ਦੀ ਵਾਦੀ ਵਿੱਚ ਮਾਰੂਥਲ ਅੰਦਰ ਸਨ ਜੋ ਕਿ ਯਰਦਨ ਨਦੀ ਦੇ ਪੂਰਬ ਵੱਲ ਹੈ। ਇਹ ਜਗ਼੍ਹਾ ਸੂਫ਼ ਦੇ ਦੂਸਰੇ ਪਾਸੇ, ਪਾਰਾਨ ਪਰਬਤ, ਤੋਂਫ਼ਲ, ਲਾਬਾਨ ਹਸੇਰੋਥ ਅਤੇ ਦੀਜ਼ਾਹਾਬ ਦੇ ਵਿੱਚਕਾਰ ਸੀ।
2 ਹੋਰੇਬ ਪਰਬਤ ਤੋਂ ਸੇਈਰ ਪਰਬਤਾਂ ਰਾਹੀਂ ਕਾਦੇਸ਼ ਬਰਨੇਆ ਦਾ ਸਫ਼ਰ ਸਿਰਫ਼ 11 ਦਿਨਾਂ ਦਾ ਹੈ। 3 ਇੱਥੇ ਪਹੁੰਚਣ ਨੂੰ ਇਸਰਾਏਲ ਦੇ ਲੋਕਾਂ ਨੂੰ ਮਿਸਰ ਨੂੰ ਛੱਡਣ ਤੋਂ ਬਾਦ 40 ਸਾਲ ਲੱਗੇ। 40ਵੇਂ ਸਾਲ ਦੇ 11ਵੇਂ ਮਹੀਨੇ ਦੇ ਪਹਿਲੇ ਦਿਨ ਨੂੰ ਮੂਸਾ ਨੇ ਲੋਕਾਂ ਨਾਲ ਗੱਲ ਕੀਤੀ ਅਤੇ ਉਹ ਸਾਰੀਆਂ ਗੱਲਾਂ ਆਖੀਆਂ ਜਿਨ੍ਹਾਂ ਦਾ ਯਹੋਵਾਹ ਨੇ ਉਸ ਨੂੰ ਆਖਣ ਦਾ ਹੁਕਮ ਦਿੱਤਾ ਸੀ। 4 ਇਹ ਯਹੋਵਾਹ ਦੇ ਸੀਹੋਨ ਅਤੇ ਓਗ ਨੂੰ ਹਰਾਉਣ ਤੋਂ ਬਾਦ ਵਾਪਰਿਆ। (ਸੀਹੋਨ ਅਮੋਰੀਆਂ ਦਾ ਰਾਜਾ ਸੀ, ਜੋ ਕਿ ਹਸ਼ਬੋਨ ਵਿੱਚ ਹਕੂਮਤ ਕਰਦਾ ਸੀ। ਓਗ ਬਾਸ਼ਾਨ ਦਾ ਰਾਜਾ ਸੀ। ਜੋ ਕਿ ਅਸ਼ਤਾਰੋਥ ਅਤੇ ਅਦਰਈ ਵਿੱਚ ਹਕੂਮਤ ਕਰਦਾ ਸੀ।) 5 ਇਸਰਾਏਲ ਦੇ ਲੋਕ ਮੋਆਬ ਦੀ ਧਰਤੀ ਉੱਤੇ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਸਨ, ਅਤੇ ਮੂਸਾ ਨੇ ਉਹ ਗੱਲਾਂ ਸਮਝਾਉਣੀਆਂ ਸ਼ੁਰੂ ਕੀਤੀਆਂ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਦੇਸ਼ ਦਿੱਤਾ ਸੀ। ਮੂਸਾ ਨੇ ਆਖਿਆ:
6 “ਹੋਰੇਬ ਪਰਬਤ ਵਿਖੇ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਸਾਡੇ ਨਾਲ ਗੱਲ ਕੀਤੀ। ਉਸ ਨੇ ਆਖਿਆ, ‘ਤੁਸੀਂ ਕਾਫ਼ੀ ਲੰਮੇ ਸਮੇਂ ਤੀਕ ਇਸ ਪਰਬਤ ਉੱਤੇ ਰਹਿ ਚੁੱਕੇ ਹੋਂ। 7 ਉਸ ਪਹਾੜੀ ਪ੍ਰਦੇਸ਼ ਵਿੱਚ ਜਾਓ ਜਿੱਥੇ ਅਮੋਰੀ ਲੋਕ ਰਹਿੰਦੇ ਹਨ। ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ ਉੱਤੇ ਜਾਓ। ਯਰਦਨ ਵਾਦੀ, ਪਹਾੜੀ ਪ੍ਰਦੇਸ਼, ਪੱਛਮੀ ਢਲਾਵਾਂ, ਨਿਜੀਵ ਅਤੇ ਸਮੁੰਦਰੀ ਤੱਟ ਵੱਲ ਜਾਓ। ਕਨਾਨ ਅਤੇ ਲਬਾਨੋਨ ਦੀ ਧਰਤੀ ਤੋਂ ਹੁੰਦੇ ਹੋਏ ਮਹਾਂਨਦੀ ਫ਼ਰਾਤ ਤੀਕ ਜਾਓ। 8 ਦੇਖੋ, ਮੈਂ ਤੁਹਾਨੂੰ ਉਹ ਧਰਤੀ ਦੇ ਰਿਹਾ ਹਾਂ। ਜਾਓ ਅਤੇ ਇਸ ਨੂੰ ਹਾਸਿਲ ਕਰੋ। ਮੈਂ ਇਹ ਧਰਤੀ ਤੁਹਾਡੇ ਪੁਰਖਿਆਂ-ਅਬਰਾਹਾਮ, ਇਸਹਾਕ ਅਤੇ ਯਾਕੂਬ-ਨੂੰ ਦੇਣ ਦਾ ਇਕਰਾਰ ਕੀਤਾ ਸੀ। ਮੈਂ ਇਹ ਧਰਤੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ।’”
ਮੂਸਾ ਆਗੂਆਂ ਦੀ ਚੋਣ ਕਰਦਾ ਹੈ
9 “ਉਸ ਸਮੇਂ, ਮੈਂ ਤੁਹਾਨੂੰ ਆਖਿਆ ਸੀ ਕਿ ‘ਮੈਂ ਖੁਦ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ। 10 ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਲੋਕਾਂ ਨੂੰ ਬਹੁਤ ਵੱਧਾ ਦਿੱਤਾ ਹੈ, ਇਸ ਲਈ ਹੁਣ ਤੁਸੀਂ ਗਿਣਤੀ ਵਿੱਚ ਇੰਨੇ ਹੋ ਜਿੰਨੇ ਕਿ ਅਕਾਸ਼ ਵਿੱਚ ਤਾਰੇ ਹਨ। 11 ਯਹੋਵਾਹ, ਤੁਹਾਡੇ ਪੁਰਖਿਆਂ ਦਾ ਪਰਮੇਸ਼ੁਰ ਤੁਹਾਨੂੰ ਹੁਣ ਨਾਲੋਂ 1,000 ਗੁਣਾ ਹੋਰ ਵੱਧਾ ਦੇਵੇ ਅਤੇ ਉਹ ਤੁਹਾਨੂੰ ਆਪਣੇ ਇਕਰਾਰ ਅਨੁਸਾਰ ਅਸੀਸ ਦੇਵੇ! 12 ਪਰ ਮੈਂ ਇੱਕਲਿਆਂ ਤੁਹਾਡੀ ਦੇਖ-ਭਾਲ ਨਹੀਂ ਕਰ ਸੱਕਿਆ ਸਾਂ ਅਤੇ ਤੁਹਾਡੀਆਂ ਸਾਰੀਆਂ ਸਮੱਸਿਆਵਾਂ, ਕਸ਼ਟ ਅਤੇ ਦਲੀਲਾਂ ਨਹੀਂ ਸੁਲਝਾ ਸੱਕਦਾ ਸਾਂ। 13 ਇਸ ਲਈ ਮੈਂ ਤੁਹਾਨੂੰ ਆਖਿਆ ਸੀ: ਹਰੇਕ ਪਰਿਵਾਰ-ਸਮੂਹ ਵਿੱਚੋਂ ਕੁਝ ਬੰਦੇ ਚੁਣ ਲਵੋ, ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਬਣਾ ਦਿਆਂਗਾ। ਉਨ੍ਹਾਂ ਸਿਆਣੇ ਬੰਦਿਆਂ ਦੀ ਚੋਣ ਕਰੋ ਜਿਨ੍ਹਾਂ ਕੋਲ ਸਮਝ ਅਤੇ ਅਨੁਭਵ ਹੈ।’
14 “ਅਤੇ ਤੁਸੀਂ ਆਖਿਆ ਸੀ, ‘ਇਹ ਗੱਲ ਕਰਨੀ ਚੰਗੀ ਹੈ।’
15 “ਇਸ ਲਈ ਮੈਂ ਤੁਹਾਡੇ ਪਰਿਵਾਰ-ਸਮੂਹਾਂ ਵਿੱਚੋਂ ਚੁਣੇ ਹੋਏ ਸਿਆਣੇ ਅਤੇ ਅਨੁਭਵੀ ਲੋਕਾਂ ਨੂੰ ਲਿਆ ਅਤੇ ਮੈਂ ਉਨ੍ਹਾਂ ਨੂੰ ਤੁਹਾਡੇ ਆਗੂ ਥਾਪ ਦਿੱਤਾ। ਇਸ ਤਰ੍ਹਾਂ ਨਾਲ ਮੈਂ ਤੁਹਾਨੂੰ 1,000 ਲੋਕਾਂ ਦੇ ਆਗੂ, 100 ਲੋਕਾਂ ਦੇ ਆਗੂ, 50 ਲੋਕਾਂ ਦੇ ਆਗੂ ਅਤੇ 10 ਲੋਕਾਂ ਦੇ ਆਗੂ ਦਿੱਤੇ। ਮੈਂ ਤੁਹਾਨੂੰ ਤੁਹਾਡੇ ਹਰੇਕ ਪਰਿਵਾਰ-ਸਮੂਹ ਲਈ ਅਧਿਕਾਰੀ ਦਿੱਤੇ।
16 “ਉਸ ਸਮੇਂ, ਮੈਂ ਉਨ੍ਹਾਂ ਜੱਜਾਂ ਨੂੰ ਆਖਿਆ, ‘ਆਪਣੇ ਲੋਕਾਂ ਦੇ ਝਗੜਿਆਂ ਦੀ ਸੁਣਵਾਈ ਕਰੋ। ਹਰ ਮਾਮਲੇ ਦਾ ਨਿਆਂ ਕਰਨ ਵੇਲੇ ਨਿਰਪੱਖ ਹੋਵੋ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਝਗੜਾ ਦੋ ਇਸਰਾਏਲੀ ਬੰਦਿਆਂ ਵਿੱਚਕਾਰ ਹੈ ਜਾਂ ਕਿਸੇ ਇਸਰਾਏਲੀ ਅਤੇ ਵਿਦੇਸ਼ੀ ਵਿੱਚਕਾਰ ਹੈ। ਤੁਹਾਨੂੰ ਹਰੇਕ ਬਾਰੇ ਨਿਰਪੱਖਤਾ ਨਾਲ ਇਨਸਾਫ਼ ਕਰਨਾ ਚਾਹੀਦਾ ਹੈ। 17 ਜਦੋਂ ਤੁਸੀਂ ਇਨਸਾਫ਼ ਕਰੋ ਤਾਂ ਇਹ ਨਾ ਸੋਚੋ ਕਿ ਕੋਈ ਇੱਕ ਬੰਦਾ ਕਿਸੇ ਦੂਸਰੇ ਬੰਦੇ ਨਾਲੋਂ ਵੱਧੇਰੇ ਮਹੱਤਵਪੂਰਣ ਹੈ। ਤੁਹਾਨੂੰ ਹਰ ਬੰਦੇ ਨਾਲ ਇੱਕੋ ਜਿਹਾ ਇਨਸਾਫ਼ ਕਰਨਾ ਚਾਹੀਦਾ ਹੈ। ਕਿਸੇ ਕੋਲੋਂ ਵੀ ਨਾ ਡਰੋ, ਕਿਉਂਕਿ ਤੁਹਾਡਾ ਫ਼ੈਸਲਾ ਪਰਮੇਸ਼ੁਰ ਵੱਲੋਂ ਹੈ। ਪਰ ਜੇ ਕੋਈ ਮਾਮਲਾ ਤੁਹਾਡੇ ਲਈ ਇਨਸਾਫ਼ ਕਰਨ ਵਿੱਚ ਮੁਸ਼ਕਿਲ ਹੈ, ਤਾਂ ਉਸ ਨੂੰ ਮੇਰੇ ਕੋਲ ਲਿਆਵੋ ਅਤੇ ਮੈਂ ਇਸਦਾ ਇਨਸਾਫ਼ ਕਰਾਂਗਾ।’ 18 ਉਸੇ ਵੇਲੇ, ਮੈਂ ਤੁਹਾਨੂੰ ਉਹ ਸਭ ਕਾਸੇ ਦਾ ਹੁਕਮ ਦਿੱਤਾ ਸੀ ਜੋ ਤੁਹਾਨੂੰ ਕਰਨਾ ਚਾਹੀਦਾ।
ਜਾਸੂਸ ਕਨਾਨ ਵੱਲ ਜਾਂਦੇ ਹਨ
19 “ਫ਼ੇਰ ਅਸਾਂ ਆਪਣੇ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨੀ। ਅਸਾਂ ਹੇਰੋਬ ਪਰਬਤ ਨੂੰ ਛੱਡ ਦਿੱਤਾ ਅਤੇ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵੱਲ ਚੱਲੇ ਗਏ। ਅਸੀਂ ਉਸ ਵੱਡੇ ਅਤੇ ਭਿਆਨਕ ਮਾਰੂਥਲ ਵਿੱਚੋਂ ਲੰਘੇ ਜਿਸ ਨੂੰ ਤੁਸੀਂ ਦੇਖਿਆ। ਅਸੀਂ ਕਾਦੇਸ਼ ਬਰਨੇਆ ਆ ਗਏ। 20 ਫ਼ੇਰ ਮੈਂ ਤੁਹਾਨੂੰ ਆਖਿਆ, ‘ਤੁਸੀਂ ਹੁਣ ਅਮੋਰੀ ਲੋਕਾਂ ਦੇ ਪਹਾੜੀ ਪ੍ਰਦੇਸ਼ ਵਿੱਚ ਆ ਪਹੁੰਚੇ ਹੋ। ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਇਹ ਧਰਤੀ ਦੇ ਦੇਵੇਗਾ। 21 ਵੇਖੋ! ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਧਰਤੀ ਦੇ ਰਿਹਾ ਹੈ! ਜਾਓ ਅਤੇ ਇਸ ਧਰਤੀ ਨੂੰ ਆਪਣੇ ਲਈ ਹਾਸਿਲ ਕਰ ਲਵੋ! ਯਹੋਵਾਹ, ਤੁਹਾਡੇ ਪੁਰਖਿਆਂ ਦੇ ਪਰਮੇਸ਼ੁਰ ਨੇ ਤੁਹਾਨੂੰ ਇਹ ਕਰਨ ਲਈ ਆਖਿਆ ਹੈ। ਡਰੋ ਨਹੀਂ, ਅਤੇ ਕਿਸੇ ਗੱਲ ਦੀ ਚਿੰਤਾ ਨਾ ਕਰੋ।’
22 “ਪਰ ਤੁਸੀਂ ਸਾਰੇ ਮੇਰੇ ਕੋਲ ਆਏ ਅਤੇ ਆਖਿਆ, ‘ਆਓ, ਆਪਾਂ ਕੁਝ ਲੋਕਾਂ ਨੂੰ ਧਰਤੀ ਦੇਖਣ ਲਈ ਭੇਜੀਏ। ਤਾਂ ਉਹ ਵਾਪਸ ਆਕੇ ਸਾਨੂੰ ਦੱਸ ਸੱਕਣਗੇ, ਸਾਨੂੰ ਕਿਸ ਰਸਤੇ ਜਾਣਾ ਚਾਹੀਦਾ ਅਤੇ ਉਨ੍ਹਾਂ ਨਗਰਾਂ ਬਾਰੇ ਜਿੱਥੇ ਆਪਾਂ ਜਾਣਾ ਹੈ।’
23 “ਮੈਂ ਸੋਚਿਆ ਕਿ ਇਹ ਚੰਗਾ ਵਿੱਚਾਰ ਸੀ। ਇਸ ਲਈ ਮੈਂ ਤੁਹਾਡੇ ਵਿੱਚੋਂ ਬਾਰ੍ਹਾਂ ਬੰਦੇ ਚੁਣੇ, ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ ਬੰਦਾ। 24 ਫ਼ੇਰ ਉਹ ਬੰਦੇ ਚੱਲੇ ਗਏ ਅਤੇ ਪਹਾੜੀ ਦੇਸ਼ ਨੂੰ ਗਏ। ਉਹ ਅਸ਼ਕੋਲ ਦੀ ਵਾਦੀ ਨੂੰ ਆਏ ਅਤੇ ਇਸਦੀ ਛਾਣ-ਬੀਨ ਕੀਤੀ। 25 ਉਨ੍ਹਾਂ ਨੇ ਉਸ ਧਰਤੀ ਤੋਂ ਕੁਝ ਫ਼ਲ ਇਕੱਠੇ ਕੀਤੇ ਅਤੇ ਸਾਡੇ ਕੋਲ ਵਾਪਸ ਲੈ ਕੇ ਆ ਗਏ। ਉਨ੍ਹਾਂ ਨੇ ਸਾਨੂੰ ਉਸ ਧਰਤੀ ਬਾਰੇ ਦੱਸਿਆ। ਉੱਨ੍ਹਾਂ ਨੇ ਆਖਿਆ, ‘ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਚੰਗੀ ਧਰਤੀ ਦੇ ਰਿਹਾ ਹੈ।’
26 “ਪਰ ਤੁਸੀਂ ਉਸ ਧਰਤੀ ਵੱਲ ਜਾਣ ਤੋਂ ਇਨਕਾਰ ਕਰ ਦਿੱਤਾ। ਤੁਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਦੀ ਆਗਿਆ ਮੰਨਣ ਤੋਂ ਇਨਕਾਰ ਕਰ ਦਿੱਤਾ। 27 ਤੁਸੀਂ ਆਪਣੇ ਤੰਬੂਆਂ ਅੰਦਰ ਚੱਲੇ ਗਏ ਅਤੇ ਸ਼ਿਕਾਇਤਾਂ ਕਰਨ ਲੱਗ ਪਏ। ਤੁਸੀਂ ਆਖਿਆ, ‘ਯਹੋਵਾਹ ਸਾਨੂੰ ਨਫ਼ਰਤ ਕਰਦਾ ਹੈ। ਉਹ ਸਾਨੂੰ ਮਿਸਰ ਦੀ ਧਰਤੀ ਤੋਂ ਸਿਰਫ਼ ਇਸ ਲਈ ਬਾਹਰ ਲੈ ਕੇ ਆਇਆ ਕਿ ਅਮੋਰੀ ਲੋਕ ਸਾਨੂੰ ਤਬਾਹ ਕਰ ਸੱਕਣ! 28 ਹੁਣ ਅਸੀਂ ਕਿੱਥੇ ਜਾ ਸੱਕਦੇ ਹਾਂ? ਸਾਡੇ ਰਿਸ਼ਤੇਦਾਰਾਂ (ਜਾਸੂਸਾਂ) ਨੇ ਸਾਨੂੰ ਇਹ ਆਖਕੇ ਭੈਭੀਤ ਕਰ ਦਿੱਤਾ: “ਓਥੋਂ ਦੇ ਲੋਕ ਸਾਡੇ ਨਾਲੋਂ ਵੱਡੇਰੇ ਅਤੇ ਲੰਮੇਰੇ ਹਨ! ਸ਼ਹਿਰ ਵੱਡੇ ਹਨ ਅਤੇ ਉਨ੍ਹਾਂ ਦੀਆਂ ਕੰਧਾਂ ਅਕਾਸ਼ ਜਿੰਨੀਆਂ ਉੱਚੀਆਂ ਹਨ ਅਤੇ ਅਸੀਂ ਉੱਥੇ ਦੈਂਤ ਵੀ ਦੇਖੇ ਹਨ।”’
29 “ਇਸ ਲਈ ਮੈਂ ਤੁਹਾਨੂੰ ਆਖਿਆ ਸੀ, ‘ਘਬਰਾਉ ਨਾ! ਉਨ੍ਹਾਂ ਲੋਕਾਂ ਤੋਂ ਭੈਭੀਤ ਨਾ ਹੋਵੋ! 30 ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਉਨ੍ਹਾਂ ਨਾਲ ਤੁਹਾਡੇ ਲਈ ਲੜੇਗਾ। ਉਹ ਉਹੀ ਗੱਲਾਂ ਕਰੇਗਾ ਜਿਵੇਂ ਉਸ ਨੇ ਮਿਸਰ ਵਿੱਚ ਅਤੇ ਮਾਰੂਥਲ ਵਿੱਚ ਤੁਹਾਡੀਆਂ ਅੱਖਾਂ ਸਾਹਮਣੇ ਕੀਤੀਆਂ ਸਨ। 31 ਤੁਸੀਂ ਮਾਰੂਥਲ ਵਿੱਚ ਵੇਖਿਆ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਇੰਝ ਚੁੱਕਿਆ ਜਿਵੇਂ ਕੋਈ ਪਿਤਾ ਆਪਣੇ ਪੁੱਤਰ ਨੂੰ ਚੁੱਕਦਾ ਅਤੇ ਤੁਹਾਨੂੰ ਇੱਥੇ ਸੁਰੱਖਿਆ ਨਾਲ ਲਿਆਂਦਾ।’
32 “ਪਰ ਤੁਸੀਂ ਫ਼ੇਰ ਵੀ ਯਹੋਵਾਹ, ਆਪਣੇ ਪਰਮੇਸ਼ੁਰ, ਵਿੱਚ ਭਰੋਸਾ ਨਹੀਂ ਕੀਤਾ! 33 ਜਿੱਥੇ ਕਿਤੇ ਵੀ ਤੁਸੀਂ ਸਫ਼ਰ ਕੀਤਾ ਉਹ ਤੁਹਾਡੇ ਅੱਗੇ-ਅੱਗੇ ਗਿਆ ਅਤੇ ਤੁਹਾਡੇ ਡੇਰਾ ਲਾਉਣ ਦੀ ਜਗ਼੍ਹਾ ਲੱਭੀ ਤੁਹਾਨੂੰ ਰਸਤਾ ਵਿਖਾਉਣ ਲਈ ਕਿ ਤੁਸੀਂ ਕਿਸ ਰਾਹ ਜਾਣਾ ਸੀ ਉਹ ਰਾਤ ਵੇਲੇ ਅੱਗ ਵਿੱਚ ਅਤੇ ਦਿਨ ਵੇਲੇ ਬੱਦਲ ਵਿੱਚ ਗਿਆ।
ਲੋਕਾਂ ਨੂੰ ਕਨਾਨ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ
34 “ਜੋ ਤੁਸੀਂ ਆਖਿਆ, ਉਸ ਨੂੰ ਯਹੋਵਾਹ ਨੇ ਸੁਣਿਆ, ਅਤੇ ਉਹ ਬਹੁਤ ਕਰੋਧਵਾਨ ਹੋ ਗਿਆ। ਉਸ ਨੇ ਕਰੜੀ ਸੌਂਹ ਚੁੱਕੀ। ਉਸ ਨੇ ਆਖਿਆ, 35 ‘ਤੁਹਾਡੇ ਜਿਹੇ ਬੁਰੇ ਬੰਦਿਆਂ ਵਿੱਚੋਂ ਜਿਹੜੇ ਹੁਣ ਜੀਵਿਤ ਹੋ, ਕੋਈ ਵੀ ਉਸ ਚੰਗੀ ਧਰਤੀ ਵਿੱਚ ਨਹੀਂ ਜਾਵੇਗਾ ਜਿਸਦਾ ਮੈਂ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ। 36 ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਉਸ ਧਰਤੀ ਨੂੰ ਦੇਖੇਗਾ। ਮੈਂ ਕਾਲੇਬ ਨੂੰ ਅਤੇ ਉਸ ਦੇ ਉੱਤਰਾਧਿਕਾਰੀਆਂ ਨੂੰ ਉਹ ਧਰਤੀ ਦੇਵਾਂਗਾ ਜਿਸ ਵਿੱਚ ਉਹ ਚੱਲਿਆ ਸੀ। ਕਿਉਂਕਿ ਕਾਲੇਬ ਨੇ ਉਹ ਸਭ ਕੁਝ ਕੀਤਾ ਜੋ ਮੈਂ ਉਸ ਨੂੰ ਕਰਨ ਲਈ ਕਿਹਾ ਸੀ।’
37 “ਯਹੋਵਾਹ ਤੁਹਾਡੇ ਕਾਰਣ ਮੇਰੇ ਨਾਲ ਵੀ ਗੁੱਸੇ ਸੀ। ਉਸ ਨੇ ਮੈਨੂੰ ਆਖਿਆ, ‘ਮੂਸਾ, ਤੂੰ ਵੀ ਉਸ ਧਰਤੀ ਅੰਦਰ ਦਾਖਲ ਨਹੀਂ ਹੋ ਸੱਕਦਾ। 38 ਪਰ ਤੇਰਾ ਸਹਾਇਕ, ਨੂਨ ਦਾ ਪੁੱਤਰ ਯਹੋਸ਼ੁਆ, ਉਸ ਧਰਤੀ ਅੰਦਰ ਜਾਵੇਗਾ। ਯਹੋਸ਼ੁਆ ਨੂੰ ਹੌਂਸਲਾ ਦੇ, ਕਿਉਂਕਿ ਉਹ ਇਸਰਾਏਲ ਦੇ ਲੋਕਾਂ, ਦੀ ਉਸ ਧਰਤੀ ਨੂੰ ਆਪਣਾ ਬਨਾਉਣ ਵਿੱਚ ਅਗਵਾਈ ਕਰੇਗਾ। 39 ਤੁਸੀਂ ਆਖਿਆ ਸੀ ਕਿ ਤੁਹਾਡੇ ਨਿਆਣਿਆਂ ਨੂੰ ਦੁਸ਼ਮਣ ਲੈ ਜਾਣਗੇ ਪਰ ਉਹ ਬੱਚੇ ਉਸ ਧਰਤੀ ਵਿੱਚ ਦਾਖਲ ਹੋਣਗੇ। ਮੈਂ ਤੁਹਾਡੀਆਂ ਭੁੱਲਾਂ ਦਾ ਇਲਜ਼ਾਮ ਤੁਹਾਡੇ ਬੱਚਿਆਂ ਉੱਤੇ ਨਹੀਂ ਲਾਉਂਦਾ, ਕਿਉਂ ਜੋ ਉਹ ਹਾਲੇ ਕੀ ਸਹੀ ਹੈ ਅਤੇ ਕੀ ਗਲਤ ਹੈ ਤੋਂ ਅਨਜਾਣ ਹੈ। ਇਸ ਲਈ ਮੈਂ ਇਹ ਧਰਤੀ ਉਨ੍ਹਾਂ ਨੂੰ ਦੇਵਾਂਗਾ ਅਤੇ ਉਹ ਇਸ ਧਰਤੀ ਨੂੰ ਆਪਣੀ ਖੁਦ ਦੀ ਬਣਾ ਲੈਣਗੇ। 40 ਪਰ ਤੁਸੀਂ, ਤੁਹਾਨੂੰ ਵਾਪਸ ਪਰਤਨਾ ਪਵੇਗਾ ਅਤੇ ਉਸ ਮਾਰੂਥਲ ਵੱਲ ਜਾਣਾ ਪਵੇਗਾ ਜਿਹੜਾ ਲਾਲ ਸਾਗਰ ਵੱਲ ਜਾਂਦੇ ਰਸਤੇ ਉੱਤੇ ਹੈ।’
41 “ਫ਼ੇਰ ਤੁਸੀਂ ਆਖਿਆ, ‘ਮੂਸਾ, ਅਸੀਂ ਯਹੋਵਾਹ ਦੇ ਖਿਲਾਫ਼ ਗੁਨਾਹ ਕੀਤਾ ਹੈ। ਪਰ ਹੁਣ ਅਸੀਂ ਜਾਵਾਂਗੇ ਅਤੇ ਲੜਾਂਗੇ ਜਿਹਾ ਕਿ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਪਹਿਲਾਂ ਆਦੇਸ਼ ਦਿੱਤਾ ਹੈ।’
“ਫ਼ੇਰ ਤੁਹਾਡੇ ਵਿੱਚੋਂ ਹਰੇਕ ਨੇ ਹਥਿਆਰ ਪਹਿਨ ਲਈ। ਤੁਸੀਂ ਸੋਚਿਆ ਸੀ ਕਿ ਪਹਾੜੀ ਪ੍ਰਦੇਸ਼ ਵੱਲ ਜਾਣਾ ਅਤੇ ਉਸ ਨੂੰ ਹਾਸਿਲ ਕਰਨਾ ਸੌਖਾ ਹੋਵੇਗਾ। 42 ਪਰ ਯਹੋਵਾਹ ਨੇ ਮੈਨੂੰ ਆਖਿਆ, ‘ਲੋਕਾਂ ਨੂੰ ਆਖ ਕਿ ਉਹ ਉੱਪਰ ਵੱਲ ਨਾ ਜਾਣ ਅਤੇ ਲੜਾਈ ਨਾ ਕਰਨ। ਕਿਉਂ? ਕਿਉਂਕਿ ਮੈਂ ਉਨ੍ਹਾਂ ਦੇ ਅੰਗ-ਸੰਗ ਨਹੀਂ ਹੋਵਾਂਗਾ ਅਤੇ ਉਨ੍ਹਾਂ ਦੇ ਦੁਸ਼ਮਣ ਉਨ੍ਹਾਂ ਨੂੰ ਹਰਾ ਦੇਣਗੇ!’
43 “ਮੈਂ ਤੁਹਾਡੇ ਨਾਲ ਗੱਲ ਕੀਤੀ, ਪਰ ਤੁਸੀਂ ਨਹੀਂ ਸੁਣਿਆ। ਤੁਸੀਂ ਯਹੋਵਾਹ ਦੇ ਆਦੇਸ਼ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤੁਸੀਂ ਸੋਚਿਆ ਕਿ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰ ਸੱਕੋਂਗੇ। ਇਸ ਲਈ ਤੁਸੀਂ ਪਹਾੜੀ ਪ੍ਰਦੇਸ਼ ਵੱਲ ਉਤਾਂਹ ਨੂੰ ਚੱਲੇ ਗਏ। 44 ਪਰ ਉੱਥੇ ਰਹਿਣ ਵਾਲੇ ਅਮੋਰੀ ਮਖਿਆਲ ਵਾਂਗ ਤੁਹਾਡੇ ਖਿਲਾਫ਼ ਲੜਾਈ ਕਰਨ ਲਈ ਬਾਹਰ ਨਿਕਲ ਆਏ ਅਤੇ ਸੇਈਰ ਤੋਂ ਹਾਰਮਾਹ ਤੀਕ ਤੁਹਾਡਾ ਪਿੱਛਾ ਕੀਤਾ। 45 ਫ਼ੇਰ ਤੁਸੀਂ ਵਾਪਸ ਆ ਗਏ ਅਤੇ ਯਹੋਵਾਹ ਅੱਗੇ ਸਹਾਇਤਾ ਲਈ ਰੋਏ ਕੁਰਲਾਏ। ਪਰ ਯਹੋਵਾਹ ਨੇ ਤੁਹਾਡੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। 46 ਇਸ ਲਈ ਤੁਸੀਂ ਲੰਮਾ ਸਮਾਂ ਕਾਦੇਸ਼ ਵਿਖੇ ਟਿਕੇ ਰਹੇ।
ਇਸਰਾਏਲ ਮਾਰੂਥਲ ਵਿੱਚ ਭਟਕਦਾ ਹੈ
2 “ਫ਼ੇਰ, ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ, ਅਸੀਂ ਲਾਲ ਸਾਗਰ ਦੇ ਰਾਹ ਉੱਤੇ ਉਸ ਮਾਰੂਥਲ ਨੂੰ ਗਏ। ਅਸੀਂ ਸੇਈਰ ਪਰਬਤ ਘੁੰਮਣ ਲਈ ਕਈ ਦਿਨਾਂ ਤੱਕ ਸਫ਼ਰ ਕੀਤਾ। 2 ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, 3 ‘ਤੁਸੀਂ ਇਨ੍ਹਾਂ ਪਰਬਤਾਂ ਦੇ ਆਲੇ-ਦੁਆਲੇ ਕਾਫ਼ੀ ਚਿਰ ਸਫ਼ਰ ਕਰ ਚੁੱਕੇ ਹੋ। ਹੁਣ ਉੱਤਰ ਵੱਲ ਮੁੜੋ। 4 ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਆਖ: ਤੁਸੀਂ ਸੇਈਰ ਦੀ ਧਰਤੀ ਵਿੱਚੋਂ ਹੋਕੇ ਲੰਘੋਂਗੇ। ਇਹ ਧਰਤੀ ਤੁਹਾਡੇ ਰਿਸ਼ਤੇਦਾਰਾ ਦੀ ਹੈ, ਏਸਾਓ ਦੇ ਵਾਰਸਾਂ ਦੀ। ਉਹ ਤੁਹਾਡੇ ਕੋਲੋਂ ਭੈਭੀਤ ਹੋਣਗੇ। ਬਹੁਤ ਹੁਸ਼ਿਆਰ ਰਹਿਣਾ। 5 ਉਨ੍ਹਾਂ ਨਾਲ ਲੜਾਈ ਨਹੀਂ ਕਰਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਦਾ ਕੋਈ ਵੀ ਟੁਕੜਾ ਨਹੀਂ ਦੇਵਾਂਗਾ-ਇੱਕ ਫੁੱਟ ਵੀ ਨਹੀਂ। ਕਿਉਂਕਿ ਮੈਂ ਸੇਈਰ ਦਾ ਪਹਾੜੀ ਪ੍ਰਦੇਸ਼ ਏਸਾਓ ਨੂੰ ਉਸ ਦੇ ਵਾਸਤੇ ਦਿੱਤਾ ਸੀ। 6 ਤੁਹਾਨੂੰ ਏਸਾਓ ਦੇ ਉੱਤਰਾਧਿਕਾਰੀਆਂ ਨੂੰ ਆਪਣੇ ਭੋਜਨ ਅਤੇ ਪਾਣੀ ਲਈ, ਪੈਸੇ ਦੇਣੇ ਪੈਣਗੇ। 7 ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਹਰ ਕੰਮ ਵਿੱਚ ਤੁਹਾਨੂੰ ਅਸੀਸ ਦਿੱਤੀ ਹੈ। ਉਹ ਇਸ ਮਹਾਨ ਮਾਰੂਥਲ ਵਿੱਚ ਕੀਤੇ ਤੁਹਾਡੇ ਸਫ਼ਰ ਬਾਰੇ ਜਾਣਦਾ ਹੈ। ਯਹੋਵਾਹ, ਤੁਹਾਡਾ ਪਰਮੇਸ਼ੁਰ, ਇਨ੍ਹਾਂ 40 ਵਰ੍ਹਿਆਂ ਦੌਰਾਨ ਹਮੇਸ਼ਾ ਤੁਹਾਡੇ ਅੰਗ-ਸੰਗ ਰਿਹਾ ਹੈ। ਤੁਹਾਨੂੰ ਹਮੇਸ਼ਾ ਲੋੜੀਂਦੀ ਸ਼ੈਅ ਮਿਲਦੀ ਰਹੀ ਹੈ।’
8 “ਇਸੇ ਲਈ ਅਸੀਂ, ਸਾਡੇ ਰਿਸ਼ਤੇਦਾਰਾਂ, ਏਸਾਓ ਦੇ ਉੱਤਰਾਧਿਕਾਰੀਆਂ ਕੋਲੋਂ ਦੀ ਹੋਕੇ ਲੰਘੇ, ਜੋ ਕਿ ਸੇਈਰ ਵਿੱਚ ਰਹਿੰਦੇ ਹਨ। ਅਸੀਂ ਉਹ ਸੜਕ ਛੱਡ ਦਿੱਤੀ ਜਿਹੜੀ ਯਰਦਨ ਵਾਦੀ ਰਾਹੀਂ ਏਲਥ ਅਤੇ ਅਸਯੋਨ-ਗਬਰ ਦੇ ਸ਼ਹਿਰਾਂ ਨੂੰ ਜਾਂਦੀ ਹੈ ਅਤੇ ਉਸ ਸੜਕ ਵੱਲ ਮੁੜ ਪਏ ਜਿਹੜੀ ਮੋਆਬ ਦੇ ਮਾਰੂਥਲ ਵੱਲ ਜਾਂਦੀ ਹੈ।
ਆਰ ਵਿਖੇ ਇਸਰਾਏਲ
9 “ਯਹੋਵਾਹ ਨੇ ਮੈਨੂੰ ਆਖਿਆ, ‘ਮੋਆਬ ਦੇ ਲੋਕਾਂ ਨੂੰ ਪਰੇਸ਼ਾਨ ਨਾ ਕਰਨਾ। ਉਨ੍ਹਾਂ ਦੇ ਵਿਰੁੱਧ ਲੜਾਈ ਨਹੀਂ ਛੇੜਨੀ। ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਕੁਝ ਵੀ ਨਹੀਂ ਦਿਆਂਗਾ। ਉਹ ਲੂਤ ਦੇ ਉੱਤਰਾਧਿਕਾਰੀ ਹਨ ਅਤੇ ਮੈਂ ਉਨ੍ਹਾ ਨੂੰ ਆਰ ਦਾ ਸ਼ਹਿਰ ਦਿੱਤਾ ਸੀ।’”
10 (ਅਤੀਤ ਵਿੱਚ, ਏਮੀ ਲੋਕ ਆਰ ਵਿੱਚ ਰਹਿੰਦੇ ਸਨ। ਉਹ ਤਾਕਤਵਰ ਲੋਕ ਸਨ ਅਤੇ ਬਹੁਤ ਗਿਣਤੀ ਵਿੱਚ ਸਨ। ਉਹ ਅਨਾਕੀ ਲੋਕਾਂ ਵਾਂਗ ਕੱਦ ਵਾਲੇ ਸਨ। 11 ਅਨਾਕੀ ਲੋਕ ਰਫ਼ਾਈ ਲੋਕਾਂ ਦਾ ਅੰਗ ਸਨ। ਲੋਕਾਂ ਦਾ ਵਿੱਚਾਰ ਸੀ ਕਿ ਏਮੀ ਲੋਕ ਵੀ ਰਫ਼ਾਈ ਹੀ ਸਨ। ਪਰ ਮੋਆਬ ਦੇ ਲੋਕ ਉਨ੍ਹਾਂ ਨੂੰ ਏਮੀ ਬੁਲਾਂਉਂਦੇ ਸਨ। 12 ਹੋਰੀ ਲੋਕ ਵੀ ਪਹਿਲਾਂ ਸੇਈਰ ਵਿੱਚ ਰਹਿੰਦੇ ਸਨ ਪਰ ਏਸਾਓ ਦੇ ਲੋਕਾਂ ਨੇ ਉਨ੍ਹਾਂ ਦੀ ਧਰਤੀ ਖੋਹ ਲਈ। ਏਸਾਓ ਦੇ ਲੋਕਾਂ ਨੇ ਹੋਰੀ ਲੋਕਾਂ ਨੂੰ ਤਬਾਹ ਕਰ ਦਿੱਤਾ ਅਤੇ ਉਨ੍ਹਾਂ ਦੀ ਧਰਤੀ ਉੱਤੇ ਵੱਸ ਗਏ। ਇਹ ਉਹੋ ਜਿਹੀ ਗੱਲ ਹੈ ਜਿਹੋ ਜਿਹੀ ਇਸਰਾਏਲ ਦੇ ਲੋਕਾਂ ਨੇ ਉਸ ਧਰਤੀ ਵਿੱਚ ਰਹਿੰਦੇ ਲੋਕਾਂ ਨਾਲ ਕੀਤੀ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਆਪਣੀ ਬਨਾਉਣ ਲਈ ਦਿੱਤੀ ਸੀ।)
13 “‘ਹੁਣ, ਜ਼ਾਰਦ ਵਾਦੀ ਦੇ ਦੂਸਰੇ ਪਾਸੇ ਵੱਲ ਜਾਓ’ ਇਸ ਲਈ ਅਸੀਂ ਜ਼ਾਰਦ ਵਾਦੀ ਪਾਰ ਕਰ ਲਈ। 14 ਇਹ ਗੱਲ ਉਸ ਸਮੇਂ ਤੋਂ 38 ਵਰ੍ਹੇ ਮਗਰੋਂ ਦੀ ਹੈ ਜਦੋਂ ਅਸੀਂ ਕਾਦੇਸ਼ ਬਰਨੇਆ ਨੂੰ ਛੱਡ ਕੇ ਜ਼ਾਰਦ ਵਾਦੀ ਨੂੰ ਪਾਰ ਕੀਤਾ ਸੀ। ਸਾਡੇ ਡੇਰੇ ਦੇ ਉਸ ਪੀੜੀ ਦੇ ਸਾਰੇ ਹੀ ਲੜਨ ਵਾਲੇ ਬੰਦੇ ਮਰ ਚੁੱਕੇ ਸਨ। ਯਹੋਵਾਹ ਨੇ ਸੌਂਹ ਚੁੱਕੀ ਸੀ ਕਿ ਇਹ ਗੱਲ ਵਾਪਰੇਗੀ। 15 ਯਹੋਵਾਹ ਉਨ੍ਹਾਂ ਲੋਕਾਂ ਦੇ ਵਿਰੁੱਧ ਸੀ ਜਦੋਂ ਤੀਕ ਕਿ ਉਹ ਸਾਰੇ ਮਰ ਨਹੀਂ ਗਏ ਅਤੇ ਸਾਡੇ ਡੇਰੇ ਵਿੱਚੋਂ ਬਾਹਰ ਨਹੀਂ ਚੱਲੇ ਗਏ।
16 “ਜਦੋਂ ਲੜਨ ਵਾਲੇ ਸਾਰੇ ਬੰਦੇ ਮਰ-ਮੁੱਕ ਗਏ, 17 ਯਹੋਵਾਹ ਨੇ ਮੈਨੂੰ ਆਖਿਆ, 18 ‘ਅੱਜ ਤੈਨੂੰ ਆਰ ਛੱਡ ਕੇ ਸਰਹੱਦ ਪਾਰ ਕਰਕੇ ਮੋਆਬ ਨੂੰ ਜਾਣਾ ਚਾਹੀਦਾ ਹੈ। 19 ਤੁਸੀਂ ਅੰਮੋਨੀ ਲੋਕਾਂ ਦੇ ਨਜ਼ਦੀਕ ਜਾਉਂਗੇ। ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਨਾ। ਉਨ੍ਹਾਂ ਨਾਲ ਨਹੀਂ ਲੜਨਾ, ਕਿਉਂਕਿ ਮੈਂ ਉਨ੍ਹਾਂ ਦੀ ਧਰਤੀ ਤੁਹਾਨੂੰ ਨਹੀਂ ਦੇਵਾਂਗਾ। ਕਿਉਂਕਿ ਉਹ ਲੂਤ ਦੇ ਉੱਤਰਾਧਿਕਾਰੀ ਹਨ, ਅਤੇ ਮੈਂ ਉਹ ਧਰਤੀ ਉਨ੍ਹਾਂ ਨੂੰ ਦਿੱਤੀ ਹੋਈ ਹੈ।’”
20 (ਉਸ ਦੇਸ਼ ਦਾ ਨਾਮ ਰਫ਼ਾਈਮ ਦੀ ਧਰਤੀ ਵੀ ਹੈ। ਪਿੱਛਲੇ ਸਮੇਂ ਵਿੱਚ ਰਫ਼ਾਈ ਲੋਕ ਓੱਥੇ ਰਹਿੰਦੇ ਸਨ। ਅੰਮੋਨ ਦੇ ਲੋਕ ਉਨ੍ਹਾਂ ਨੂੰ ਜ਼ਮਜ਼ੁੰਮੀ ਆਖਦੇ ਸਨ। 21 ਓੱਥੇ ਬਹੁਤ ਸਾਰੇ ਜ਼ਮਜ਼ੁੰਮੀ ਸਨ ਅਤੇ ਉਹ ਬਹੁਤ ਤਾਕਤਵਰ ਸਨ। ਉਹ ਅਨਾਕੀ ਲੋਕਾਂ ਵਾਂਗ ਲੰਮੇ ਕੱਦ ਦੇ ਸਨ। ਪਰ ਯਹੋਵਾਹ ਨੇ ਅੰਮੋਨੀ ਲੋਕਾਂ ਦੀ ਜ਼ਮਜ਼ੁੰਮੀ ਲੋਕਾਂ ਨੂੰ ਤਬਾਹ ਕਰਨ ਵਿੱਚ ਸਹਾਇਤਾ ਕੀਤੀ। ਅੰਮੋਨੀ ਲੋਕਾਂ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਤੇ ਹੁਣ ਉੱਥੇ ਰਹਿੰਦੇ ਹਨ। 22 ਪਰਮੇਸ਼ੁਰ ਨੇ ਇਹੀ ਗੱਲ ਏਸਾਓ ਦੇ ਲੋਕਾਂ ਨਾਲ ਕੀਤੀ ਸੀ। ਪਹਿਲਾਂ ਸੇਈਰ ਵਿੱਚ ਹੋਰੀ ਲੋਕ ਰਹਿੰਦੇ ਸਨ, ਪਰ ਏਸਾਓ ਦੇ ਲੋਕਾਂ ਨੇ ਹੋਰੀਆਂ ਨੂੰ ਤਬਾਹ ਕਰ ਦਿੱਤਾ ਅਤੇ ਉਸ ਦੇ ਉੱਤਰਾਧਿਕਾਰੀ ਹਾਲੇ ਵੀ ਓੱਥੇ ਰਹਿੰਦੇ ਹਨ। 23 ਪਰਮੇਸ਼ੁਰ ਨੇ ਅਵਾਤੀਆਂ ਨਾਲ ਵੀ ਇੰਝ ਹੀ ਕੀਤਾ। ਉਹ ਅੱਜ਼ਾਹ ਦੇ ਨੇੜੇ ਦੇ ਸ਼ਹਿਰਾਂ ਵਿੱਚ ਰਹਿੰਦੇ ਸਨ, ਪਰ ਕੁਝ ਲੋਕ ਕਫ਼ਰੋਤ ਤੋਂ ਆਏ ਅਤੇ ਅੱਵੀਆਂ ਨੂੰ ਤਬਾਹ ਕਰ ਦਿੱਤਾ। ਕਫ਼ਰੋਤ ਦੇ ਉਨ੍ਹਾਂ ਲੋਕਾਂ ਨੇ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ ਅਤੇ ਅੱਜ ਦਿਨ ਤੀਕ ਉੱਥੇ ਰਹਿੰਦੇ ਹਨ।)
ਅਮੋਰੀ ਲੋਕਾਂ ਨਾਲ ਜੰਗ ਕਰਨੀ
24 “‘ਅਰਨੋਨ ਵਾਦੀ ਦੇ ਪਾਰ ਜਾਣ ਲਈ ਤਿਆਰ ਹੋ ਜਾਵੋ। ਵੇਖੋ, ਮੈਂ ਤੁਹਾਨੂੰ ਸੀਹੋਨ ਅਮੋਰੀ, ਹਸ਼ਬੋਨ ਦੇ ਰਾਜੇ ਉੱਪਰ ਜਿੱਤ ਦਿਵਾਉਣ ਅਤੇ ਤੁਹਾਨੂੰ ਉਸਦੀ ਧਰਤੀ ਦੇਣ ਦਾ ਫ਼ੈਸਲਾ ਕੀਤਾ ਹੈ। ਜਾਉ ਅਤੇ ਇਸ ਨੂੰ ਲੈ ਲਵੋ। ਉਸ ਨੂੰ ਜੰਗ ਵਿੱਚ ਰੁਝਾ ਦੇਵੋ। 25 ਅੱਜ ਮੈਂ ਸਭ ਲੋਕਾਂ ਨੂੰ ਹਰ ਥਾਈਂ ਤੁਹਾਡੇ ਕੋਲੋਂ ਭੈਭੀਤ ਕਰ ਦਿਆਂਗਾ। ਉਹ ਤੁਹਾਡੇ ਬਾਰੇ ਖਬਰਾਂ ਸੁਨਣਗੇ ਅਤੇ ਉਹ ਭੈਭੀਤ ਹੋ ਜਾਣਗੇ ਅਤੇ ਡਰ ਨਾਲ ਕੰਬਣ ਲੱਗ ਪੈਣਗੇ।’
26 “ਜਦੋਂ ਅਸੀਂ ਕਦੇਮੋਥ ਦੇ ਮਾਰੂਥਲ ਵਿੱਚ ਸਾਂ, ਮੈਂ (ਮੂਸਾ) ਨੇ ਹਸ਼ਬੋਨ ਦੇ ਰਾਜੇ ਸੀਹੋਨ ਵੱਲ ਸੰਦੇਸ਼ਵਾਹਕ ਭੇਜੇ ਸਨ ਇਨ੍ਹਾਂ ਸੰਦੇਸ਼ਵਾਹਕਾਂ ਨੇ ਸੀਹੋਨ ਨੂੰ ਅਮਨ ਦੀ ਪੇਸ਼ਕਸ਼ ਕੀਤੀ। ਉਨ੍ਹਾਂ ਆਖਿਆ, 27 ‘ਸਾਨੂੰ ਆਪਣੀ ਧਰਤੀ ਵਿੱਚੋਂ ਲੰਘ ਲੈਣ ਦਿਉ। ਅਸੀਂ ਸੜਕ ਉੱਤੇ ਹੀ ਰਹਾਂਗੇ। ਅਸੀਂ ਸੜਕ ਦੇ ਸੱਜੇ ਜਾਂ ਖੱਬੇ ਪਾਸੇ ਨਹੀਂ ਮੁੜਾਂਗੇ। 28 ਜੋ ਵੀ ਕੁਝ ਅਸੀਂ ਖਾਵਾਂਗੇ ਜਾਂ ਪੀਵਾਂਗੇ ਉਸਦੀ ਕੀਮਤ ਤੁਹਾਨੂੰ ਚਾਂਦੀ ਦੇ ਸਿੱਕਿਆਂ ਵਿੱਚ ਅਦਾ ਕਰਾਂਗੇ। ਅਸੀਂ ਸਿਰਫ਼ ਤੁਹਾਡੇ ਦੇਸ਼ ਵਿੱਚੋਂ ਲੰਘਣਾ ਚਾਹੁੰਦੇ ਹਾਂ। 29 ਜਦੋਂ ਤੀਕ ਅਸੀਂ ਯਰਦਨ ਨਦੀ ਦੇ ਪਾਰ ਉਸ ਧਰਤੀ ਉੱਤੇ ਨਹੀਂ ਚੱਲੇ ਜਾਂਦੇ, ਜਿਹੜੀ ਯਹੋਵਾਹ, ਸਾਡਾ ਪਰਮੇਸ਼ੁਰ, ਸਾਨੂੰ ਦੇ ਰਿਹਾ ਹੈ, ਸਾਨੂੰ ਆਪਣੀ ਧਰਤੀ ਤੋਂ ਲੰਘ ਲੈਣ ਦਿਉ। ਹੋਰਨਾਂ ਲੋਕਾਂ ਨੇ ਸਾਨੂੰ ਆਪਣੀ ਧਰਤੀ ਵਿੱਚੋਂ ਲੰਘਣ ਦਿੱਤਾ ਹੈ-ਏਸਾਓ ਦੇ ਲੋਕਾਂ ਨੇ ਜਿਹੜੇ ਸੇਈਰ ਵਿੱਚ ਰਹਿੰਦੇ ਹਨ ਅਤੇ ਆਰ ਵਿੱਚ ਰਹਿਣ ਵਾਲੇ ਮੋਆਬੀ ਲੋਕਾਂ ਨੇ।’
30 “ਪਰ ਸੀਹੋਨ, ਹਸ਼ਬੋਨ ਦਾ ਰਾਜਾ, ਸਾਨੂੰ ਆਪਣੀ ਧਰਤੀ ਰਾਹੀਂ ਨਹੀਂ ਲੰਘਣ ਦਿੰਦਾ ਸੀ। ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਉਸ ਨੂੰ ਬਹੁਤ ਜ਼ਿੱਦੀ ਬਣਾ ਦਿੱਤਾ ਸੀ। ਉਸ ਨੇ ਅਜਿਹਾ ਇਸ ਵਾਸਤੇ ਕੀਤਾ ਸੀ ਤਾਂ ਜੋ ਤੁਸੀਂ ਉਸ ਨੂੰ ਹਰਾ ਸੱਕੋ, ਜਿਵੇਂ ਕਿ ਤੁਸੀਂ ਹੁਣ ਕੀਤਾ ਹੈ।
31 “ਯਹੋਵਾਹ ਨੇ ਮੈਨੂੰ ਆਖਿਆ ਸੀ, ‘ਮੈਂ ਰਾਜੇ ਸੀਹੋਨ ਅਤੇ ਉਸ ਦੇ ਦੇਸ਼ ਨੂੰ ਤੁਹਾਡੇ ਹਵਾਲੇ ਕਰ ਰਿਹਾ ਹਾਂ। ਹੁਣ, ਜਾਉ ਅਤੇ ਉਸ ਦੇ ਦੇਸ਼ ਉੱਤੇ ਕਬਜ਼ਾ ਕਰ ਲਵੋ!’
32 “ਫ਼ੇਰ ਰਾਜਾ ਸੀਹੋਨ, ਅਤੇ ਉਸ ਦੇ ਸਾਰੇ ਬੰਦੇ ਯਾਹਸ ਵਿਖੇ ਸਾਡੇ ਨਾਲ ਲੜਾਈ ਕਰਨ ਲਈ ਆ ਗਏ। 33 ਪਰ ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਹਵਾਲੇ ਕਰ ਦਿੱਤਾ। ਅਸੀਂ ਰਾਜੇ ਸੀਹੋਨ, ਉਸ ਦੇ ਪੁੱਤਰਾਂ ਅਤੇ ਉਸ ਦੇ ਸਮੂਹ ਲੋਕਾਂ ਨੂੰ ਹਰਾ ਦਿੱਤਾ। 34 ਅਸੀਂ ਉਨ੍ਹਾਂ ਦੇ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਉਸ ਵੇਲੇ ਰਾਜੇ ਸੀਹੋਨ ਦੇ ਸਨ। ਅਸੀਂ ਉਨ੍ਹਾਂ ਨਗਰਾਂ ਵਿੱਚਲੇ-ਆਦਮੀਆਂ ਔਰਤਾਂ ਅਤੇ ਬੱਚਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ। ਅਸੀਂ ਕਿਸੇ ਨੂੰ ਵੀ ਜਿਉਂਦਿਆਂ ਨਹੀਂ ਛੱਡਿਆ! 35 ਅਸੀਂ ਉਨ੍ਹਾਂ ਸ਼ਹਿਰਾਂ ਵਿੱਚੋਂ ਸਿਰਫ਼ ਪਸ਼ੂਆਂ ਅਤੇ ਕੀਮਤੀ ਚੀਜ਼ਾਂ ਨੂੰ ਹੀ ਆਪਣੇ ਕਬਜ਼ੇ ਵਿੱਚ ਲਿਆ। 36 ਅਸੀਂ ਅਰਨੋਨ ਵਾਦੀ ਦੇ ਕੰਢੇ ਅਰੋਏਰ ਸ਼ਹਿਰ ਨੂੰ ਅਤੇ ਅਰਨੋਨ ਵਾਦੀ ਅਤੇ ਗਿਲਆਦ ਦੇ ਵਿੱਚਕਾਰਲੇ ਬਾਕੀ ਸ਼ਹਿਰਾਂ ਨੂੰ ਹਰਾਇਆ। ਕੋਈ ਅਜਿਹਾ ਸ਼ਹਿਰ ਨਹੀਂ ਸੀ ਜਿਸ ਉੱਤੇ ਅਸੀਂ ਕਬਜ਼ਾ ਨਾ ਕਰ ਸੱਕੇ ਹੋਈਏ। ਯਹੋਵਾਹ ਸਾਡੇ ਪਰਮੇਸ਼ੁਰ ਨੇ ਉਨ੍ਹਾਂ ਸਾਰਿਆਂ ਨੂੰ ਸਾਨੂੰ ਦੇ ਦਿੱਤਾ। 37 ਪਰ ਤੁਸੀਂ ਉਸ ਧਰਤੀ ਦੇ ਨੇੜੇ ਨਹੀਂ ਗਏ ਜਿਹੜੀ ਅੰਮੋਨ ਦੇ ਲੋਕਾਂ ਦੀ ਸੀ। ਤੁਸੀਂ ਯਾਬੋਕ ਨਦੀ ਦੇ ਕੰਢਿਆਂ ਜਾਂ ਪਹਾੜੀ ਪ੍ਰਦੇਸ਼ ਦੇ ਸ਼ਹਿਰਾਂ ਦੇ ਨੇੜੇ ਨਹੀਂ ਗਏ। ਤੁਸੀਂ ਕਿਸੇ ਵੀ ਅਜਿਹੀ ਥਾਂ ਦੇ ਨੇੜੇ ਨਹੀਂ ਗਏ ਜਿਹੜੀ ਯਹੋਵਾਹ, ਸਾਡਾ ਪਰਮੇਸ਼ੁਰ, ਸਾਡੇ ਕਬਜ਼ੇ ਵਿੱਚ ਨਹੀਂ ਲਿਆਉਣਾ ਚਾਹੁੰਦਾ ਸੀ।
ਬਾਸ਼ਾਨ ਦੇ ਲੋਕਾਂ ਨਾਲ ਲੜਦਿਆਂ
3 “ਅਸੀਂ ਵਾਪਸ ਮੁੜ ਪਏ ਅਤੇ ਬਾਸ਼ਾਨ ਦੇ ਰਸਤੇ ਉੱਤੇ ਪੈ ਗਏ। ਬਾਸ਼ਾਨ ਦਾ ਰਾਜਾ, ਓਗ ਅਤੇ ਉਸ ਦੇ ਸਾਰੇ ਬੰਦੇ ਅਦਰਈ ਵਿਖੇ ਸਾਡੇ ਨਾਲ ਲੜਾਈ ਕਰਨ ਲਈ ਬਾਹਰ ਆ ਗਏ। 2 ਯਹੋਵਾਹ ਨੇ ਮੈਨੂੰ ਆਖਿਆ, ‘ਓਗ ਤੋਂ ਭੈਭੀਤ ਨਾ ਹੋਵੋ। ਮੈਂ ਉਸ ਨੂੰ ਤੁਹਾਡੇ ਹਵਾਲੇ ਕਰਨ ਦਾ ਫ਼ੈਸਲਾ ਕਰ ਲਿਆ ਹੈ। ਮੈਂ ਉਸ ਦੇ ਸਮੂਹ ਲੋਕਾਂ ਅਤੇ ਉਸਦੀ ਸਾਰੀ ਧਰਤੀ ਤੁਹਾਨੂੰ ਦੇ ਦੇਵਾਂਗਾ। ਤੁਸੀਂ ਉਸ ਨੂੰ ਉਸੇ ਤਰ੍ਹਾਂ ਹਰਾ ਦੇਵੋਂਗੇ ਜਿਸ ਤਰ੍ਹਾਂ ਅਮੋਰੀ ਰਾਜੇ, ਸੀਹੋਨ ਨੂੰ ਹਰਾਇਆ ਸੀ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ।’
3 “ਇਸੇ ਲਈ ਯਹੋਵਾਹ, ਸਾਡੇ ਪਰਮੇਸ਼ੁਰ, ਨੇ ਬਾਸ਼ਾਨ ਦੇ ਰਾਜੇ ਓਗ ਨੂੰ ਸਾਨੂੰ ਸੌਂਪ ਦਿੱਤਾ। ਅਸੀਂ ਉਸ ਨੂੰ ਅਤੇ ਉਸ ਦੇ ਸਮੂਹ ਲੋਕਾਂ ਨੂੰ ਤਬਾਹ ਕਰ ਦਿੱਤਾ। ਉਨ੍ਹਾਂ ਵਿੱਚੋਂ ਕੋਈ ਵੀ ਨਹੀਂ ਬਚਿਆ। 4 ਫ਼ੇਰ ਅਸੀਂ ਉਨ੍ਹਾਂ ਸਾਰੇ ਸ਼ਹਿਰਾਂ ਉੱਤੇ ਕਬਜ਼ਾ ਕਰ ਲਿਆ ਜਿਹੜੇ ਉਸ ਵੇਲੇ ਓਗ ਦੇ ਸ਼ਾਸਨ ਹੇਠਾਂ ਸਨ। ਅਸੀਂ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਅਰਗੋਬ ਦੇ ਇਲਾਕੇ ਵਿੱਚ ਸਾਰੇ 60 ਸ਼ਹਿਰ ਲੈ ਲਈ। 5 ਇਹ ਸਾਰੇ ਸ਼ਹਿਰ ਬਹੁਤ ਮਜ਼ਬੂਤ ਸਨ। ਉਨ੍ਹਾਂ ਦੀਆਂ ਕੰਧਾਂ ਉੱਚੀਆਂ ਸਨ ਅਤੇ ਉਨ੍ਹਾਂ ਦੇ ਸ਼ਹਿਰ ਉੱਤੇ ਮਜ਼ਬੂਤ ਸਰੀਆਂ ਵਾਲੇ ਫ਼ਾਟਕ ਸਨ, ਓੱਥੇ ਬਹੁਤ ਸਾਰੇ ਸ਼ਹਿਰ ਅਜਿਹੇ ਵੀ ਸਨ ਜਿਨ੍ਹਾਂ ਦੇ ਦੁਆਲੇ ਕੰਧਾਂ ਨਹੀਂ ਸਨ। 6 ਅਸੀਂ ਉਨ੍ਹਾਂ ਨੂੰ ਉਸੇ ਤਰ੍ਹਾਂ ਤਬਾਹ ਕਰ ਦਿੱਤਾ ਜਿਵੇਂ ਹਸ਼ਬੋਨ ਦੇ ਰਾਜੇ ਸੀਹੋਨ ਦੇ ਸ਼ਹਿਰਾਂ ਨੂੰ ਕੀਤਾ ਸੀ। ਅਸੀਂ ਹਰ ਸ਼ਹਿਰ ਅਤੇ ਉਸ ਦੇ ਸਮੂਹ ਲੋਕਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ, ਔਰਤਾਂ ਅਤੇ ਬੱਚਿਆਂ ਨੂੰ ਵੀ। 7 ਪਰ ਅਸੀਂ ਉਨ੍ਹਾਂ ਸ਼ਹਿਰਾਂ ਦੀਆਂ ਗਾਵਾਂ ਅਤੇ ਕੀਮਤੀ ਚੀਜ਼ਾਂ ਨੂੰ ਆਪਣੇ ਲਈ ਰੱਖ ਲਿਆ।
8 “ਇਸ ਤਰ੍ਹਾਂ, ਅਸੀਂ ਦੋਹਾਂ ਅਮੋਰੀ ਰਾਜਿਆਂ ਦੀ ਧਰਤੀ ਖੋਹ ਲਈ। ਅਸੀਂ ਉਹ ਸਾਰੀ ਧਰਤੀ, ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਅਰਨੋਨ ਵਾਦੀ ਤੋਂ ਹਰਮੋਨ ਪਰਬਤ ਤੱਕ ਖੋਹ ਲਈ। 9 (ਸੀਦੋਨ ਦੇ ਲੋਕ ਹਰਮੋਨ ਪਰਬਤ ਨੂੰ ਸਿਰਯੋਨ ਆਖਦੇ ਹਨ। ਪਰ ਅਮੋਰੀ ਇਸ ਨੂੰ ਸਨੀਰ ਆਖਦੇ ਸਨ।) 10 ਅਸੀਂ ਉੱਚੇ ਮੈਦਾਨਾਂ ਵਾਲੇ ਸਾਰੇ ਸ਼ਹਿਰਾਂ, ਸਾਰੇ ਗਿਲਆਦ ਅਤੇ ਸਲਕਾਹ ਤੋਂ ਅਦਰਈ ਤੀਕ ਸਾਰੇ ਬਾਸ਼ਾਨ ਉੱਤੇ ਕਬਜ਼ਾ ਕਰ ਲਿਆ। ਸਲਕਾਹ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜ ਦੇ ਨਗਰ ਸਨ।”
11 (ਓਗ ਬਾਸ਼ਾਨ ਦਾ ਰਾਜਾ ਸੀ। ਓਗ ਹਾਲੇ ਤੀਕ ਬਚੇ ਹੋਏ ਥੋੜੇ ਜਿਹੇ ਰਫ਼ਾਈ ਲੋਕਾਂ ਵਿੱਚੋਂ ਇੱਕ ਸੀ। ਓਗ ਦਾ ਪਲੰਘ ਲੋਹੇ ਦਾ ਸੀ। ਇਹ 13 ਫੁੱਟ ਲੰਮਾ ਅਤੇ 6 ਫੁੱਟ ਚੌੜਾ ਸੀ। ਇਹ ਪਲੰਘ ਹਾਲੇ ਵੀ ਰੱਬਾਹ ਸ਼ਹਿਰ ਵਿੱਚ ਹੈ ਜਿੱਥੇ ਅੰਮੋਨੀ ਲੋਕ ਰਹਿੰਦੇ ਹਨ।)
ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ
12 “ਇਸ ਲਈ ਅਸੀਂ ਉਸ ਧਰਤੀ ਉੱਤੇ ਕਬਜ਼ਾ ਕਰ ਲਿਆ। ਮੈਂ ਇਸ ਧਰਤੀ ਵਿੱਚੋਂ ਇੱਕ ਹਿੱਸਾ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਨੂੰ ਦੇ ਦਿੱਤਾ। ਮੈਂ ਉਨ੍ਹਾਂ ਨੂੰ ਅਰਨੋਨ ਵਾਦੀ ਵਿੱਚਲੇ ਅਰੋਏਰ ਤੋਂ ਲੈ ਕੇ ਗਿਲਆਦ ਦੇ ਪਹਾੜੀ ਪ੍ਰਦੇਸ਼ ਤੱਕ ਦੀ ਧਰਤੀ, ਸ਼ਹਿਰਾਂ ਸਮੇਤ, ਦੇ ਦਿੱਤੀ। ਉਨ੍ਹਾਂ ਨੂੰ ਗਿਲਆਦ ਦੇ ਪਹਾੜੀ ਪ੍ਰਦੇਸ਼ ਦਾ ਅੱਧਾ ਹਿੱਸਾ ਮਿਲਿਆ। 13 ਮੈਂ ਗਿਲਆਦ ਦਾ ਬਾਕੀ ਅੱਧਾ ਹਿੱਸਾ ਅਤੇ ਬਾਸ਼ਾਨ ਦਾ ਸਾਰਾ ਇਲਾਕਾ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦੇ ਦਿੱਤਾ।”
(ਬਾਸ਼ਾਨ ਓਗ ਦਾ ਰਾਜ ਸੀ। ਬਾਸ਼ਾਨ ਦਾ ਇੱਕ ਹਿੱਸਾ ਅਰਗੋਬ ਅਖਵਾਉਂਦਾ ਸੀ। ਇਸ ਨੂੰ ਰਫ਼ਾਈਮ ਦੀ ਧਰਤੀ ਵੀ ਆਖਿਆ ਜਾਂਦਾ ਸੀ। 14 ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ, ਯਾਈਰ ਨੇ ਅਰਗੋਬ ਦੇ ਸਾਰੇ ਇਲਾਕੇ ਉੱਤੇ ਕਬਜ਼ਾ ਕਰ ਲਿਆ। ਉਹ ਇਲਾਕਾ ਗਸੂਰੀ ਲੋਕਾਂ ਅਤੇ ਮਆਕਾਤੀ ਲੋਕਾਂ ਦੀ ਸਰਹੱਦ ਤੱਕ ਫ਼ੈਲਿਆ ਹੋਇਆ ਸੀ ਇਹ ਜ਼ਮੀਨ ਯਾਈਰ ਦੀ ਸੀ ਅਤੇ ਇਸਦਾ ਨਾਮ ਉਸਤੋਂ ਬਾਦ ਧਰਿਆ ਗਿਆ ਸੀ ਅੱਜ ਵੀ ਬਾਸ਼ਾਨ, ਯਈਰ ਦਾ ਨਗਰ ਕਹਾਉਂਦਾ ਹੈ।)
15 “ਮੈਂ ਮਕੀਰ ਨੂੰ ਗਿਲਆਦ ਦੇ ਦਿੱਤਾ। 16 ਅਤੇ ਰਊਬੇਨ ਦੇ ਪਰਿਵਾਰ-ਸਮੂਹ ਅਤੇ ਗਾਦ ਦੇ ਪਰਿਵਾਰ-ਸਮੂਹ ਨੂੰ ਉਹ ਧਰਤੀ ਦੇ ਦਿੱਤੀ ਜਿਹੜੀ ਗਿਲਆਦ ਦੇ ਨਾਲ ਲੱਗਦੀ ਹੈ ਇਹ ਧਰਤੀ ਅਰਨੋਨ ਵਾਦੀ ਤੋਂ ਯਾਬੋਕ ਨਦੀ ਤੀਕ ਫ਼ੈਲੀ ਹੋਈ ਹੈ। ਵਾਦੀ ਦਾ ਵਿੱਚਲਾ ਹਿੱਸਾ ਇੱਕ ਸਰਹੱਦ ਹੈ। ਯਾਬੋਕ ਨਦੀ ਅੰਮੋਨੀ ਲੋਕਾਂ ਲਈ ਸਰਹੱਦ ਹੈ। 17 ਮਾਰੂਥਲ ਦੇ ਨੇੜੇ ਯਰਦਨ ਨਦੀ ਉਨ੍ਹਾਂ ਦੀ ਪੱਛਮੀ ਸਰਹੱਦ ਹੈ। ਗਲੀਲੀ ਦੀ ਝੀਲ ਇਸ ਇਲਾਕੇ ਦੇ ਉੱਤਰ ਵੱਲ ਹੈ ਅਤੇ ਡੈਡ ਸੀ (ਖਾਰਾ ਸਮੁੰਦਰ) ਦੱਖਣ ਵੱਲ ਹੈ। ਇਹ ਪਿਸਗਾਹ ਦੀਆਂ ਚੋਟੀਆਂ ਦੇ ਪੈਰਾਂ ਵਿੱਚ ਹੈ। ਇਹ ਪੂਰਬ ਵੱਲ ਹਨ।
18 “ਉਸ ਸਮੇਂ, ਮੈਂ ਉਨ੍ਹਾਂ ਪਰਿਵਾਰ-ਸਮੂਹਾਂ ਨੂੰ ਇਹ ਆਦੇਸ਼ ਦਿੱਤਾ ਸੀ: ‘ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਡੇ ਰਹਿਣ ਲਈ ਯਰਦਨ ਨਦੀ ਦੇ ਇਸ ਪਾਰ ਦੀ ਧਰਤੀ ਦਿੱਤੀ ਹੈ। ਪਰ ਹੁਣ ਤੁਹਾਡੇ ਸਿਪਾਹੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਹਥਿਆਰ ਲੈ ਕੇ ਇਸਰਾਏਲ ਦੇ ਬਾਕੀ ਪਰਿਵਾਰ-ਸਮੂਹਾਂ ਦੀ ਨਦੀਓ ਪਾਰ ਅਗਵਾਈ ਕਰਨ। 19 ਮੈਂ ਜਾਣਦਾ ਹਾਂ ਕਿ ਤੁਹਾਡੇ ਕੋਲ ਬਹੁਤ ਗਾਵਾਂ ਹਨ। ਤੁਹਾਡੀਆਂ ਪਤਨੀਆਂ, ਤੁਹਾਡੇ ਬੱਚੇ ਅਤੇ ਤੁਹਾਡੀਆਂ ਗਾਵਾਂ ਉੱਥੇ ਇਨ੍ਹਾਂ ਸ਼ਹਿਰਾਂ ਵਿੱਚ ਹੀ ਰਹਿਣਗੇ, ਜੋ ਮੈਂ ਤੁਹਾਨੂੰ ਦਿੱਤੇ ਹਨ। 20 ਪਰ ਤੁਹਾਨੂੰ ਆਪਣੇ ਇਸਰਾਏਲੀ ਰਿਸ਼ਤੇਦਾਰਾਂ ਦੀ ਉਦੋਂ ਤੱਕ ਸਹਾਇਤਾ ਕਰਨੀ ਚਾਹੀਦੀ ਹੈ ਜਦੋਂ ਤੱਕ ਕਿ ਉਹ ਯਰਦਨ ਨਦੀ ਦੇ ਪਰਲੇ ਪਾਸੇ ਵੱਲ ਦੀ ਉਸ ਧਰਤੀ ਉੱਤੇ ਕਬਜ਼ਾ ਨਹੀਂ ਕਰ ਲੈਂਦੇ ਜਿਹੜੀ ਯਹੋਵਾਹ ਉਨ੍ਹਾਂ ਨੂੰ ਦੇ ਰਿਹਾ ਹੈ। ਉਨ੍ਹਾਂ ਦੀ ਉਦੋਂ ਤੀਕ ਸਹਾਇਤਾ ਕਰੋ ਜਦੋਂ ਤੱਕ ਕਿ ਯਹੋਵਾਹ ਉਨ੍ਹਾਂ ਨੂੰ ਉੱਥੇ ਅਮਨ ਪ੍ਰਦਾਨ ਨਹੀਂ ਕਰ ਦਿੰਦਾ, ਜਿਹਾ ਕਿ ਉਸ ਨੇ ਇੱਥੇ ਤੁਹਾਡੇ ਲਈ ਕੀਤਾ ਸੀ। ਫ਼ੇਰ ਭਾਵੇਂ ਤੁਸੀਂ ਇਸ ਧਰਤੀ ਉੱਤੇ ਵਾਪਸ ਆ ਜਾਣਾ ਜਿਹੜੀ ਮੈਂ ਤੁਹਾਨੂੰ ਦਿੱਤੀ ਹੈ।’
21 “ਫ਼ੇਰ ਮੈਂ ਯਹੋਸ਼ੁਆ ਨੂੰ ਆਖਿਆ, ‘ਤੂੰ ਉਹ ਸਾਰੀਆਂ ਗੱਲਾਂ ਦੇਖੀਆਂ ਹਨ ਜਿਹੜੀਆਂ ਯਹੋਵਾਹ, ਤੇਰੇ ਪਰਮੇਸ਼ੁਰ ਨੇ ਇਨ੍ਹਾਂ ਦੋਹਾਂ ਰਾਜਿਆਂ ਨਾਲ ਕੀਤੀਆਂ ਹਨ। ਯਹੋਵਾਹ ਉਨ੍ਹਾਂ ਸਾਰੇ ਰਾਜਾ ਨਾਲ ਵੀ ਇਹੋ ਗੱਲ ਕਰੇਗਾ ਜਿਨ੍ਹਾਂ ਵਿੱਚ ਤੁਸੀਂ ਦਾਖਲ ਹੋਵੋਂਗੇ। 22 ਇਨ੍ਹਾਂ ਧਰਤੀਆਂ ਦੇ ਰਾਜਿਆਂ ਤੋਂ ਭੈਭੀਤ ਨਾ ਹੋਵੋ; ਕਿਉਂਕਿ ਯਹੋਵਹ, ਤੁਹਾਡਾ ਪਰਮੇਸ਼ੁਰ, ਤੁਹਾਡੇ ਲਈ ਲੜੇਗਾ।’
ਮੂਸਾ ਨੂੰ ਕਨਾਨ ਵਿੱਚ ਜਾਣ ਦੀ ਇਜਾਜ਼ਤ ਨਹੀਂ
23 “ਫ਼ੇਰ ਮੈਂ ਯਹੋਵਾਹ ਅੱਗੇ ਬੇਨਤੀ ਕੀਤੀ ਕਿ ਉਹ ਮੇਰੇ ਲਈ ਕੋਈ ਖਾਸ ਗੱਲ ਕਰੇ। ਮੈਂ ਆਖਿਆ, 24 ‘ਯਹੋਵਾਹ ਮੇਰੇ ਸੁਆਮੀ, ਮੈਂ ਤੁਹਾਡਾ ਸੇਵਕ ਹਾਂ। ਮੈਂ ਜਾਣਦਾ ਹਾਂ ਕਿ ਤੁਸੀਂ ਮੈਨੂੰ ਉਨ੍ਹਾਂ ਅਦਭੁਤ ਅਤੇ ਸ਼ਕਤੀਸ਼ਾਲੀ ਚੀਜ਼ਾਂ ਦਾ ਕੇਵਲ ਇੱਕ ਛੋਟਾ ਹਿੱਸਾ ਹੀ ਦਰਸਾਇਆ ਹੈ ਜੋ ਤੁਸੀਂ ਕਰੋਂਗੇ। ਅਕਾਸ਼ ਅਤੇ ਧਰਤੀ ਉੱਤੇ ਕੋਈ ਵੀ ਦੇਵਤਾ ਅਜਿਹਾ ਨਹੀਂ ਜਿਹੜਾ ਉਹੋ ਜਿਹੀਆਂ ਮਹਾਨ ਅਤੇ ਸ਼ਕਤੀਸ਼ਾਲੀ ਗੱਲਾਂ ਕਰ ਸੱਕਦਾ ਹੈ ਜੋ ਤੁਸੀਂ ਕੀਤੀਆਂ ਹਨ! 25 ਕਿਰਪਾ ਕਰਕੇ ਮੈਨੂੰ ਯਰਦਨ ਨਦੀ ਦੇ ਪਾਰ ਜਾਣ ਦੇਵੋ ਅਤੇ ਪਰਲੇ ਪਾਸੇ ਦੀ ਚੰਗੀ ਧਰਤੀ ਦੇਖਣ ਦੇਵੋ। ਮੈਨੂੰ ਲਬਾਨੋਨ ਦਾ ਖੂਬਸੂਰਤ ਪਹਾੜੀ ਪ੍ਰਦੇਸ਼ ਦੇਖਣ ਦਿਉ।’
26 “ਪਰ ਯਹੋਵਾਹ ਮੇਰੇ ਨਾਲ ਤੁਹਾਡੇ ਕਾਰਣ ਨਾਰਾਜ਼ ਸੀ ਅਤੇ ਮੇਰੀ ਗੱਲ ਸੁਨਣ ਤੋਂ ਇਨਕਾਰ ਕਰ ਦਿੱਤਾ। ਯਹੋਵਾਹ ਨੇ ਮੈਨੂੰ ਆਖਿਆ, ‘ਇਹ ਕਾਫ਼ੀ ਹੈ! ਇਸ ਬਾਰੇ ਇੱਕ ਵੀ ਸ਼ਬਦ ਹੋਰ ਨਾ ਆਖ। 27 ਪਿਸਗਾਹ ਦੀ ਪਹਾੜੀ ਦੀ ਚੋਟੀ ਉੱਤੇ ਜਾ। ਪੱਛਮ ਵੱਲ, ਉੱਤਰ ਵੱਲ, ਦੱਖਣ ਵੱਲ ਅਤੇ ਪੂਰਬ ਵੱਲ ਨਜ਼ਰ ਮਾਰ। ਤੂੰ ਉਨ੍ਹਾਂ ਚੀਜ਼ਾਂ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ, ਪਰ ਤੂੰ ਯਰਦਨ ਨਦੀ ਦੇ ਪਾਰ ਕਦੇ ਨਹੀਂ ਜਾ ਸੱਕੇਂਗਾ। 28 ਤੈਨੂੰ ਚਾਹੀਦਾ ਹੈ ਕਿ ਯਹੋਸ਼ੁਆ ਨੂੰ ਹਿਦਾਇਤਾਂ ਦੇਵੇ। ਉਸਦੀ ਹੌਂਸਲਾ ਅਫ਼ਜ਼ਾਈ ਕਰ। ਉਸ ਨੂੰ ਮਜ਼ਬੂਤ ਬਣਾ! ਕਿਉਂਕਿ ਯਹੋਸ਼ੂਆ ਨੂੰ ਅਵੱਸ਼ ਹੀ ਲੋਕਾਂ ਦੀ ਯਰਦਨ ਨਦੀ ਦੇ ਪਾਰ ਅਗਵਾਈ ਕਰਨੀ ਚਾਹੀਦੀ ਹੈ। ਤੂੰ ਧਰਤੀ ਨੂੰ ਦੇਖ ਸੱਕਦਾ ਹੈ, ਪਰ ਯਹੋਸ਼ੁਆ ਉਨ੍ਹਾਂ ਦੀ ਉਸ ਧਰਤੀ ਉੱਤੇ ਅਗਵਾਈ ਕਰੇਗਾ। ਉਹ ਉਨ੍ਹਾਂ ਦੀ ਉਸ ਧਰਤੀ ਉੱਤੇ ਕਬਜ਼ਾ ਕਰਨ ਵਿੱਚ ਅਤੇ ਉੱਥੇ ਰਹਿਣ ਵਿੱਚ ਸਹਾਇਤਾ ਕਰੇਗਾ।’
29 “ਇਸ ਲਈ ਅਸੀਂ ਬੈਤ-ਪਓਰ ਤੋਂ ਪਾਰ ਦੀ ਵਾਦੀ ਵਿੱਚ ਰੁਕੇ ਰਹੇ।”
ਯਿਸੂ ਦਾ ਆਪਣੀ ਮੌਤ ਬਾਰੇ ਫ਼ੇਰ ਗੱਲ ਕਰਨਾ(A)
32 ਯਿਸੂ ਦੇ ਨਾਲ ਲੋਕ ਵੀ ਯਰੂਸ਼ਲਮ ਵੱਲ ਨੂੰ ਜਾ ਰਹੇ ਸਨ। ਉਹ ਉਨ੍ਹਾਂ ਦੇ ਅੱਗੇ ਚੱਲ ਰਿਹਾ ਸੀ। ਉਸ ਦੇ ਚੇਲੇ ਹੈਰਾਨ ਸਨ, ਪਰ ਜਿਹੜੇ ਲੋਕ ਉਸ ਮਗਰ ਤੁਰ ਰਹੇ ਸਨ ਉਹ ਡਰੇ ਹੋਏ ਸਨ। ਉਸ ਨੇ ਫ਼ੇਰ ਬਾਰ੍ਹਾਂ ਰਸੂਲਾਂ ਨੂੰ ਇੱਕਲਿਆਂ ਬੁਲਾਕੇ ਉਨ੍ਹਾਂ ਨਾਲ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਨਾਲ ਕੀ ਵਾਪਰ ਸੱਕਦਾ ਹੈ। 33 ਉਸ ਨੇ ਕਿਹਾ, “ਅਸੀਂ ਯਰੂਸ਼ਲਮ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਦੇ ਦਿੱਤਾ ਜਾਵੇਗਾ ਉਹ ਉਸ ਨੂੰ ਮਾਰ ਦੇਣਗੇ ਅਤੇ ਗੈਰ-ਯਹੂਦੀਆਂ ਦੇ ਹਵਾਲੇ ਕਰ ਦੇਣਗੇ। 34 ਉਹ ਲੋਕ ਉਸਦਾ ਮਜ਼ਾਕ ਉਡਾਉਣਗੇ ਅਤੇ ਉਸ ਉੱਤੇ ਥੁਕਣਗੇ। ਉਹ ਉਸ ਨੂੰ ਕੋੜਿਆਂ ਨਾਲ ਮਾਰਨਗੇ ਅਤੇ ਜਾਨੋ ਮਾਰ ਸੁੱਟਣਗੇ, ਪਰ ਉਹ ਮੌਤ ਤੋਂ ਤੀਜੇ ਦਿਨ ਪਿੱਛੋਂ ਫਿਰ ਜੀਅ ਉੱਠੇਗਾ।”
ਯਾਕੂਬ ਅਤੇ ਯੂਹੰਨਾ ਦਾ ਉਸਤੋਂ ਮਦਦ ਮੰਗਣਾ(B)
35 ਤਦ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਉਸ ਦੇ ਕੋਲ ਆਣਕੇ ਉਸ ਨੂੰ ਕਹਿਣ ਲੱਗੇ, “ਗੁਰੂ ਜੀ! ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਡੇ ਲਈ ਇੱਕ ਮਿਹਰਬਾਨੀ ਕਰੋ।”
36 ਯਿਸੂ ਨੇ ਆਖਿਆ, “ਤੁਸੀਂ ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦੇ ਹੋ?”
37 ਉਨ੍ਹਾਂ ਨੇ ਜਵਾਬ ਦਿੱਤਾ, “ਸਾਨੂੰ ਦੋਹਾਂ ਨੂੰ ਵਚਨ ਦੇ ਕਿ ਤੇਰੀ ਮਹਿਮਾ ਵਿੱਚ, ਸਾਡੇ ਵਿੱਚੋਂ ਇੱਕ ਤੇਰੇ ਸੱਜੇ ਪਾਸੇ ਅਤੇ ਦੂਜਾ ਤੇਰੇ ਖੱਬੇ ਪਾਸੇ ਬੈਠੇ!”
38 ਉਸ ਨੇ ਕਿਹਾ, “ਤੁਹਾਨੂੰ ਨਹੀ ਪਤਾ ਕਿ ਤੁਸੀਂ ਕੀ ਮੰਗ ਰਹੇ ਹੋ। ਕੀ ਜਿਸ ਤਰ੍ਹਾਂ ਦੇ ਦੁੱਖ ਮੈਨੂੰ ਝੱਲਣੇ ਪੈ ਰਹੇ ਹਨ, ਓਹੋ ਜਿਹੇ ਤੁਸੀਂ ਸਹਾਰਣ ਨੂੰ ਤਿਆਰ ਹੋ? ਅਤੇ ਜਿਹੋ ਜਿਹਾ ਬਪਤਿਸਮਾ ਮੈਂ ਲੈਣਾ ਹੈ, ਕੀ ਤੁਸੀਂ ਉਹੋ ਜਿਹਾ ਬਪਤਿਸਮਾ ਲੈ ਸੱਕਦੇ ਹੋ?”
39 ਉਨ੍ਹਾਂ ਉਸ ਨੂੰ ਆਖਿਆ, “ਹਾਂ ਹੋ ਸੱਕਦਾ ਹੈ!”
ਯਿਸੂ ਨੇ ਉਨ੍ਹਾਂ ਨੂੰ ਆਖਿਆ, “ਜਿਨ੍ਹਾਂ ਤਕਲੀਫ਼ਾਂ ਰਾਹੀਂ ਮੈਂ ਗੁਜਰਾਂਗਾ, ਤੁਸੀਂ ਵੀ ਗੁਜਰੋਂਗੇ ਜਿਹੜਾ ਬਪਤਿਸਮਾ ਮੈਂ ਲਵਾਂਗਾ ਤੁਸੀਂ ਵੀ ਲਵੋਂਗੇ। 40 ਪਰ ਕੌਣ ਮੇਰੇ ਸੱਜੇ ਅਤੇ ਖੱਬੇ ਪਾਸੇ ਬੈਠੇਗਾ ਇਸਦਾ ਫ਼ੈਸਲਾ ਕਰਨ ਵਾਲਾ ਮੈਂ ਨਹੀਂ ਹਾਂ! ਇਹ ਜਗ੍ਹਾਵਾਂ ਉਨ੍ਹਾਂ ਲਈ ਰੱਖੀਆਂ ਗਈਆਂ ਹਨ ਜਿਨ੍ਹਾਂ ਲਈ ਇਹ ਤਿਆਰ ਕੀਤੀਆਂ ਗਈਆਂ ਹਨ।”
41 ਬਾਕੀ ਦਸ ਚੇਲਿਆਂ ਨੇ ਵੀ ਇਹ ਸੁਣਿਆ। ਉਨ੍ਹਾਂ ਨੂੰ ਯਾਕੂਬ ਅਤੇ ਯੂਹੰਨਾ ਤੇ ਕਰੋਧ ਆਇਆ ਤਾਂ 42 ਯਿਸੂ ਨੇ ਸਾਰੇ ਚੇਲਿਆਂ ਨੂੰ ਇਕੱਠਿਆਂ ਕੀਤਾ ਅਤੇ ਕਿਹਾ, “ਤੁਸੀਂ ਜਾਣਦੇ ਹੋ ਕਿ ਉਹ ਲੋਕ ਜਿਨ੍ਹਾਂ ਨੂੰ ਪਰਾਈਆਂ ਕੌਮਾਂ ਦੇ ਹਾਕਮ ਸਮਝਿਆ ਜਾਂਦਾ ਹੈ, ਉਹ ਉਨ੍ਹਾਂ ਤੇ ਦਬਦਬਾ ਰੱਖਣਾ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਆਗੂ ਉਨ੍ਹਾਂ ਉੱਤੇ ਅਧਿਕਾਰ ਇਸਤੇਮਾਲ ਕਰਨਾ ਪਸੰਦ ਕਰਦੇ ਹਨ। 43 ਪਰ ਤੁਹਾਡੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ। ਸਗੋਂ ਤੁਹਾਡੇ ਵਿੱਚੋਂ ਜੇਕਰ ਕੋਈ ਮਹਾਨ ਹੋਣਾ ਚਾਹੁੰਦਾ ਹੈ ਉਸ ਨੂੰ ਤੁਹਾਡਾ ਸੇਵਕ ਹੋਣਾ ਚਾਹੀਦਾ ਹੈ। 44 ਜੇਕਰ ਤੁਹਾਡੇ ਵਿੱਚੋਂ ਕੋਈ ਸਭ ਤੋਂ ਵੱਡਾ ਬਨਣਾ ਚਾਹੁੰਦਾ ਹੈ, ਤਾਂ ਉਸ ਨੂੰ ਨੋਕਰ ਵਾਂਗ ਸਭ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ। 45 ਕਿਉਂਕਿ ਮਨੁੱਖ ਦਾ ਪੁੱਤਰ ਦੂਜਿਆਂ ਤੋਂ ਆਪਣੀ ਸੇਵਾ ਨਹੀਂ ਕਰਾਉਣ ਆਇਆ ਪਰ ਲੋਕਾਂ ਦੀ ਸੇਵਾ ਕਰਨ ਅਤੇ ਬਹੁਤੇ ਲੋਕਾਂ ਨੂੰ ਬਚਾਉਣ ਦੀ ਖਾਤਰ ਆਪਣੀ ਜਾਨ ਦੇਣ ਲਈ ਆਇਆ ਹੈ।”
ਯਿਸੂ ਦਾ ਇੱਕ ਅੰਨ੍ਹੇ ਨੂੰ ਠੀਕ ਕਰਨਾ(C)
46 ਤਦ ਉਹ ਯਰੀਹੋ ਵਿੱਚ ਆਏ। ਜਦ ਉਹ, ਉਸ ਦੇ ਚੇਲੇ ਅਤੇ ਹੋਰ ਬਹੁਤ ਸਾਰੇ ਲੋਕ ਯਰੀਹੋ ਨੂੰ ਛੱਡ ਕੇ ਜਾ ਰਹੇ ਸਨ ਇੱਕ ਅੰਨ੍ਹਾ ਆਦਮੀ (ਤਮਈ ਦਾ ਪੁੱਤਰ) ਬਰਤਿਮਈ ਸੜਕ ਦੇ ਕਿਨਾਰੇ ਬੈਠਾ ਸੀ। ਇਹ ਆਦਮੀ ਸੜਕ ਕੰਢੇ ਬੈਠ ਭੀਖ ਮੰਗ ਰਿਹਾ ਸੀ। 47 ਉਸ ਨੇ ਸੁਣਿਆ ਕਿ ਯਿਸੂ ਨਾਸਰੀ ਇਧਰ ਦੀ ਲੰਘ ਰਿਹਾ ਸੀ। ਉਸ ਨੇ ਉੱਚੀ-ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, “ਯਿਸੂ, ਦਾਊਦ ਦੇ ਪੁੱਤਰ! ਮੇਰੇ ਤੇ ਮਿਹਰ ਕਰ।”
48 ਬਹੁਤ ਸਾਰੇ ਲੋਕਾਂ ਨੇ ਉਸ ਨੂੰ ਰੌਲਾ ਪਾਉਣ ਲਈ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਸ ਅੰਨ੍ਹੇ ਆਦਮੀ ਨੇ ਹੋਰ ਵੀ ਜ਼ੋਰ ਦੀ ਰੌਲਾ ਪਾਇਆ, “ਦਾਊਦ ਦੇ ਪੁੱਤਰ ਮੇਰੇ ਤੇ ਮਿਹਰ ਕਰ।”
49 ਯਿਸੂ ਉੱਥੇ ਰੁਕਿਆ ਅਤੇ ਆਖਿਆ, “ਉਸ ਆਦਮੀ ਨੂੰ ਕਹੋ, ਇਧਰ ਆਵੇ!”
ਤਾਂ ਉਨ੍ਹਾਂ ਨੇ ਉਸ ਅੰਨ੍ਹੇ ਆਦਮੀ ਨੂੰ ਬੁਲਾਇਆ ਅਤੇ ਕਿਹਾ, “ਖੁਸ਼ ਹੋ! ਅਤੇ ਖਲੋ ਜਾ, ਕਿਉਂਕਿ ਯਿਸੂ ਨੇ ਤੈਨੂੰ ਬੁਲਾਇਆ ਹੈ।” 50 ਅੰਨ੍ਹਾ ਆਦਮੀ ਫ਼ਟਾ-ਫ਼ਟ ਖੜ੍ਹਾ ਹੋਇਆ, ਉਸ ਨੇ ਆਪਣਾ ਕੱਪੜਾ ਉੱਥੇ ਹੀ ਛੱਡਿਆ ਤੇ ਉਸ ਕੋਲ ਆ ਗਿਆ।
51 ਯਿਸੂ ਨੇ ਉਸ ਆਦਮੀ ਨੂੰ ਕਿਹਾ, “ਮੈਥੋਂ ਆਪਣੇ ਲਈ ਕੀ ਕਰਾਉਣਾ ਚਾਹੁੰਦਾ ਹੈਂ?”
ਉਸ ਨੇ ਜਵਾਬ ਦਿੱਤਾ, “ਗੁਰੂ, ਮੈਂ ਮੁੜ ਤੋਂ ਵੇਖਣਾ ਚਾਹੁੰਦਾ ਹਾਂ।”
52 ਉਸ ਨੇ ਕਿਹਾ, “ਜਾ, ਤੇਰੀ ਵਿਸ਼ਵਾਸ ਨੇ ਤੈਨੂੰ ਬਚਾਇਆ ਹੈ।” ਤਦ ਉਹ ਆਦਮੀ ਦੋਬਾਰਾ ਵੇਖਣ ਦੇ ਸਮਰਥ ਹੋ ਗਿਆ ਅਤੇ ਉਸ ਰਸਤੇ ਉਹ ਯਿਸੂ ਦੇ ਮਗਰ ਤੁਰ ਪਿਆ।
2010 by World Bible Translation Center