Print Page Options
Previous Prev Day Next DayNext

Old/New Testament

Each day includes a passage from both the Old Testament and New Testament.
Duration: 365 days
Punjabi Bible: Easy-to-Read Version (ERV-PA)
Version
ਹਿਜ਼ਕੀਏਲ 35-36

ਅਦੋਮ ਦੇ ਵਿਰੁੱਧ ਸੰਦੇਸ਼

35 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, “ਆਦਮੀ ਦੇ ਪੁੱਤਰ, ਸ਼ਈਰ ਪਰਬਤ ਵੱਲ ਵੇਖ, ਅਤੇ ਮੇਰੇ ਲਈ ਇਸਦੇ ਵਿਰੁੱਧ ਬੋਲ। ਇਸ ਨੂੰ ਆਖ, ‘ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ:

“‘ਸ਼ਈਰ ਪਰਬਤ, ਮੈਂ ਹਾਂ ਤੇਰੇ ਵਿਰੁੱਧ!
    ਸਜ਼ਾ ਦੇਵਾਂਗਾ ਤੈਨੂੰ ਮੈਂ।
    ਬਣਾ ਦਿਆਂਗਾ ਮੈਂ ਤੈਨੂੰ ਵੀਰਾਨ ਬੰਜਰ ਧਰਤੀ।
ਤਬਾਹ ਕਰ ਦਿਆਂਗਾ ਮੈਂ ਤੇਰੇ ਸ਼ਹਿਰਾਂ ਨੂੰ।
    ਅਤੇ ਹੋ ਜਾਵੇਗਾ ਵੀਰਾਨ ਤੂੰ।
ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।

“‘ਕਿਉਂ ਕਿ ਤੂੰ ਹਮੇਸ਼ਾ ਰਿਹਾ ਹੈਂ ਖਿਲਾਫ਼ ਮੇਰੇ ਲੋਕਾਂ ਦੇ। ਇਸਤੇਮਾਲ ਕੀਤੀ ਤੂੰ ਆਪਣੀ ਤਲਵਾਰ ਇਸਰਾਏਲ ਦੇ ਵਿਰੁੱਧ ਉਨ੍ਹਾਂ ਦੇ ਮੁਸੀਬਤ ਵੇਲੇ। ਉਨ੍ਹਾਂ ਦੀ ਆਖਰੀ ਸਜ਼ਾ ਵੇਲੇ।’” ਇਸ ਲਈ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਆਪਣੇ ਜੀਵਨ ਨੂੰ ਸਾਖੀ ਰੱਖ ਕੇ ਮੈਂ ਇਕਰਾਰ ਕਰਦਾ ਹਾਂ ਕਿ ਮੈਂ ਤੈਨੂੰ ਮੌਤ ਦੇ ਹਵਾਲੇ ਕਰ ਦਿਆਂਗਾ। ਮੌਤ ਤੈਨੂੰ ਭਜਾਵੇਗੀ। ਤੂੰ ਲੋਕਾਂ ਨੂੰ ਮਾਰਨ ਤੋਂ ਨਫ਼ਰਤ ਨਹੀਂ ਕੀਤੀ। ਇਸ ਲਈ ਮੌਤ ਤੈਨੂੰ ਭਜਾਵੇਗੀ। ਅਤੇ ਮੈਂ ਸ਼ਈਰ ਪਰਬਤ ਨੂੰ ਇੱਕ ਵੀਰਾਨ ਖੰਡਰ ਬਣਾ ਦਿਆਂਗਾ। ਮੈਂ ਉਸ ਸ਼ਹਿਰ ਵਿੱਚੋਂ ਆਉਣ ਵਾਲੇ ਹਰ ਬੰਦੇ ਨੂੰ ਮਾਰ ਦਿਆਂਗਾ। ਅਤੇ ਮੈਂ ਹਰ ਓਸ ਬੰਦੇ ਨੂੰ ਮਾਰ ਦਿਆਂਗਾ ਜਿਹੜਾ ਉਸ ਸ਼ਹਿਰ ਵਿੱਚ ਜਾਣ ਦੀ ਕੋਸ਼ਿਸ਼ ਕਰੇਗਾ। ਮੈਂ ਇਸਦੇ ਪਰਬਤਾਂ ਨੂੰ ਲਾਸ਼ਾਂ ਨਾਲ ਢੱਕੱ ਦਿਆਂਗਾ। ਉਹ ਲਾਸ਼ਾਂ ਤੇਰੀਆਂ ਸਾਰੀਆਂ ਪਹਾੜੀਆਂ, ਵਾਦੀਆਂ ਤੇ ਤੇਰੀਆਂ ਸਾਰੀਆਂ ਘਾਟੀਆਂ ਵਿੱਚ ਹੋਣਗੀਆਂ। ਮੈਂ ਤੈਨੂੰ ਹਮੇਸ਼ਾ ਲਈ ਵੀਰਾਨ ਕਰ ਦਿਆਂਗਾ। ਕੋਈ ਵੀ ਤੇਰੇ ਸ਼ਹਿਰਾਂ ਵਿੱਚ ਨਹੀਂ ਰਹੇਗਾ। ਫ਼ੇਰ ਤੈਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”

10 ਤੂੰ ਆਖਿਆ ਸੀ, “ਇਹ ਦੋ ਕੌਮਾਂ ਅਤੇ ਦੇਸ਼ ਮੇਰੇ ਹੋਣਗੇ। ਅਸੀਂ ਉਨ੍ਹਾਂ ਨੂੰ ਆਪਣੀ ਖਾਤਰ ਲਵਾਂਗੇ।”

ਪਰ ਯਹੋਵਾਹ ਇੱਥੇ ਹੈ! 11 ਅਤੇ ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਤੁਸੀਂ ਮੇਰੇ ਲੋਕਾਂ ਨਾਲ ਈਰਖਾ ਕੀਤੀ। ਤੁਸੀਂ ਉਨ੍ਹਾਂ ਉੱਤੇ ਗੁੱਸਾ ਕੀਤਾ ਅਤੇ ਕਿਉਂ ਕਿ ਤੁਸੀਂ ਉਨ੍ਹਾਂ ਨਾਲ ਨਫ਼ਰਤ ਕੀਤੀ। ਇਸ ਲਈ ਮੈਂ ਆਪਣੇ ਜੀਵਨ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਮੈਂ ਤੁਹਾਨੂੰ ਓਸੇ ਤਰ੍ਹਾਂ ਸਜ਼ਾ ਦੇਵਾਂਗਾ ਜਿਵੇਂ ਤੁਸੀਂ ਉਨ੍ਹਾਂ ਨੂੰ ਨੁਕਸਾਨ ਪੁਚਾਇਆ ਸੀ! ਮੈਂ ਤੁਹਾਨੂੰ ਸਜ਼ਾ ਦੇਵਾਂਗਾ ਅਤੇ ਆਪਣੇ ਲੋਕਾਂ ਨੂੰ ਇਹ ਜਾਣ ਲੈਣ ਦਿਆਂਗਾ ਕਿ ਮੈਂ ਉਨ੍ਹਾਂ ਦੇ ਨਾਲ ਹਾਂ। 12 ਅਤੇ ਫ਼ੇਰ ਤੁਹਾਨੂੰ ਵੀ ਪਤਾ ਲੱਗ ਜਾਵੇਗਾ ਕਿ ਮੈਂ ਤੁਹਾਡੀਆਂ ਸਾਰੀਆਂ ਬੇਇੱਜ਼ਤੀਆਂ ਬਾਰੇ ਸੁਣ ਲਿਆ ਹੈ।

“ਤੁਸੀਂ ਇਸਰਾਏਲ ਦੇ ਪਰਬਤ ਦੇ ਵਿਰੁੱਧ ਬਹੁਤ ਮੰਦਾ ਬੋਲਿਆ ਹੈ। ਤੁਸੀਂ ਆਖਿਆ ਸੀ, ‘ਇਸਰਾਏਲ ਤਬਾਹ ਹੋ ਗਿਆ ਹੈ! ਅਸੀਂ ਉਨ੍ਹਾਂ ਨੂੰ ਭੋਜਨ ਵਾਂਗ ਚਬਾ ਜਾਵਾਂਗੇ!’ 13 ਅਤੇ ਤੁਸੀਂ ਗੁਮਾਨੀ ਸੀ ਅਤੇ ਮੇਰੇ ਖਿਲਾਫ਼ ਗੱਲਾਂ ਕੀਤੀਆਂ ਸਨ। ਤੁਸੀਂ ਬਹੁਤ ਜ਼ਿਆਦਾ ਵਾਰੀ ਬੋਲੇ ਸੀ ਅਤੇ ਮੈਂ ਤੁਹਾਡਾ ਆਖਿਆ ਹਰ ਸ਼ਬਦ ਸੁਣ ਲਿਆ ਹੈ! ਹਾਂ, ਮੈਂ ਤੁਹਾਨੂੰ ਸੁਣ ਲਿਆ ਸੀ।”

14 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਸਾਰੀ ਧਰਤੀ ਉਦੋਂ ਪ੍ਰਸੰਨ ਹੋਵੇਗੀ ਜਦੋਂ ਮੈਂ ਤੁਹਾਨੂੰ ਤਬਾਹ ਕਰਾਂਗਾ। 15 ਤੁਸੀਂ ਖੁਸ਼ ਹੋਏ ਸੀ ਜਦੋਂ ਇਸਰਾਏਲ ਦਾ ਦੇਸ਼ ਤਬਾਹ ਹੋਇਆ ਸੀ। ਮੈਂ ਤੁਹਾਡੇ ਨਾਲ ਵੀ ਓਸੇ ਤਰ੍ਹਾਂ ਦਾ ਸਲੂਕ ਕਰਾਂਗਾ। ਸ਼ਈਰ ਪਰਬਤ ਅਤੇ ਅਦੋਮ ਦਾ ਪੂਰਾ ਦੇਸ ਤਬਾਹ ਹੋ ਜਾਵੇਗਾ। ਫ਼ੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।”

ਇਸਰਾਏਲ ਦੀ ਧਰਤੀ ਫ਼ੇਰ ਉਸਾਰੀ ਜਾਵੇਗੀ

36 “ਆਦਮੀ ਦੇ ਪੁੱਤਰ, ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਇਸਰਾਏਲ ਦੇ ਪਰਬਤਾਂ ਨੂੰ ਯਹੋਵਾਹ ਦਾ ਸ਼ਬਦ ਸੁਣਨ ਲਈ ਆਖ! ਉਨ੍ਹਾਂ ਨੂੰ ਦੱਸ ਕਿ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, ‘ਦੁਸ਼ਮਣ ਨੇ ਤੁਹਾਡੇ ਵਿਰੁੱਧ ਮੰਦੀਆਂ ਗੱਲਾਂ ਆਖੀਆਂ। ਉਨ੍ਹਾਂ ਨੇ ਆਖਿਆ! ਆਹਾ! ਹੁਣ ਪ੍ਰਾਚੀਨ ਪਰਬਤ ਸਾਡੇ ਹੋ ਜਾਣਗੇ।’

“ਇਸ ਲਈ ਇਸਰਾਏਲ ਦੇ ਪਰਬਤਾਂ ਨਾਲ ਮੇਰੇ ਲਈ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਪ੍ਰਭੂ ਅਤੇ ਯਹੋਵਾਹ ਇਹ ਗੱਲਾਂ ਆਖਦਾ ਹੈ। ‘ਦੁਸ਼ਮਣ ਨੇ ਤੁਹਾਡੇ ਸ਼ਹਿਰਾਂ ਨੂੰ ਤਬਾਹ ਕੀਤਾ ਅਤੇ ਤੁਹਾਡੇ ਉੱਤੇ ਹਰ ਪਾਸਿਓ ਹਮਲਾ ਕੀਤਾ। ਉਨ੍ਹਾਂ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਤੁਸੀਂ ਹੋਰਨਾਂ ਕੌਮਾਂ ਦੇ ਹੋ ਜਾਓ। ਫ਼ੇਰ ਲੋਕਾਂ ਨੇ ਕਾਨਾਫੂਸੀ ਕੀਤੀ ਅਤੇ ਤੁਹਾਡੇ ਬਾਰੇ ਮੰਦੀਆਂ ਗੱਲਾਂ ਆਖੀਆਂ।’”

ਇਸ ਲਈ, ਇਸਰਾਏਲ ਦੇ ਪਰਬਤੋਂ, ਮੇਰੇ ਪ੍ਰਭੂ ਯਹੋਵਾਹ ਦੇ ਸ਼ਬਦ ਨੂੰ ਸੁਣੋ! ਮੇਰਾ ਪ੍ਰਭੂ ਯਹੋਵਾਹ ਪਰਬਤਾਂ, ਪਹਾੜੀਆਂ,ਨਹਿਰਾਂ, ਵਾਦੀਆਂ, ਵੀਰਾਨ ਉਜਾੜਾਂ ਅਤੇ ਉਨ੍ਹਾਂ ਛੱਡੇ ਹੋਏ ਸ਼ਹਿਰਾਂ ਬਾਰੇ ਇਹ ਆਖਦਾ ਹੈ, ਜਿਨ੍ਹਾਂ ਨੂੰ ਆਲੇ-ਦੁਆਲੇ ਦੀਆਂ ਹੋਰਨਾਂ ਕੌਮਾਂ ਵੱਲੋਂ ਲੁੱਟਿਆ ਗਿਆ ਹੈ ਅਤੇ ਉਨ੍ਹਾਂ ਉੱਪਰ ਹੱਸਿਆ ਗਿਆ ਹੈ। ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ ਸੌਂਹ ਖਾਂਦਾ ਹਾਂ, ਮੈਂ ਆਪਣੀਆਂ ਬਲਵਾਨ ਭਾਵਨਾਵਾਂ ਨੂੰ ਪ੍ਰਗਟ ਹੋਣ ਦਿਆਂਗਾ! ਮੈਂ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣਾ ਕਹਿਰ ਮਹਿਸੂਸ ਕਰਾਵਾਂਗਾ। ਉਨ੍ਹਾਂ ਕੌਮਾਂ ਨੇ ਮੇਰੀ ਧਰਤੀ ਆਪਣੀ ਬਣਾ ਲਈ। ਉਨ੍ਹਾਂ ਕੋਲ ਉਦੋਂ ਸੱਚਮੁੱਚ ਚੰਗਾ ਸਮਾਂ ਸੀ ਜਦੋਂ ਉਨ੍ਹਾਂ ਨੇ ਇਹ ਦਰਸਾਇਆ ਸੀ ਕਿ ਉਹ ਇਸ ਧਰਤੀ ਨੂੰ ਕਿੰਨੀ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਧਰਤੀ ਆਪਣੀ ਖਾਤਰ ਲੈ ਲਈ ਤਾਂ ਜੋ ਇਸ ਨੂੰ ਤਬਾਹ ਕਰ ਸੱਕਣ!”

“ਇਸ ਲਈ, ਇਸਰਾਏਲ ਦੀ ਧਰਤੀ ਬਾਰੇ ਇਹ ਗੱਲਾਂ ਆਖ। ਪਰਬਤਾਂ, ਪਹਾੜੀਆਂ, ਨਹਿਰਾਂ ਅਤੇ ਵਾਦੀਆਂ ਨਾਲ ਗੱਲ ਕਰ। ਉਨ੍ਹਾਂ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਮੈਂ ਆਪਣੀਆਂ ਬਲਵਾਨ ਭਾਵਨਾਵਾਂ ਅਤੇ ਕਹਿਰ ਨੂੰ ਜ਼ੁਬਾਨ ਦਿਆਂਗਾ। ਕਿਉਂ? ਕਿਉਂ ਕਿ ਤੁਹਾਨੂੰ ਹੋਰਨਾਂ ਕੌਮਾਂ ਵੱਲੋਂ ਬੇਇੱਜ਼ਤੀ ਝੱਲਣੀ ਪਈ।’”

ਇਸ ਲਈ ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਮੈਂ ਹੀ ਹਾਂ ਜਿਹੜਾ ਇਹ ਇਕਰਾਰ ਕਰ ਰਿਹਾ ਹੈ! ਮੈਂ ਸੌਂਹ ਖਾਂਦਾ ਹਾਂ ਕਿ ਤੇਰੇ ਆਲੇ-ਦੁਆਲੇ ਦੀਆਂ ਕੌਮਾਂ ਨੂੰ ਉਨ੍ਹਾਂ ਬੇਇੱਜ਼ਤੀਆਂ ਲਈ ਦੁੱਖ ਭੋਗਣਾ ਪਵੇਗਾ।

“ਪਰ ਇਸਰਾਏਲ ਦੇ ਪਰਬਤੋਂ, ਤੁਸੀਂ ਇਸਰਾਏਲ ਦੇ ਮੇਰੇ ਲੋਕਾਂ ਲਈ ਨਵੇਂ ਰੁੱਖ ਉਗਾਵੋਂਗੇ ਅਤੇ ਫ਼ਲ ਪੈਦਾ ਕਰੋਗੇ। ਮੇਰੇ ਲੋਕ ਛੇਤੀ ਹੀ ਵਾਪਸ ਆਉਣਗੇ। ਮੈਂ ਤੁਹਾਡੇ ਨਾਲ ਹਾਂ। ਮੈਂ ਤੁਹਾਡੀ ਸਹਾਇਤਾ ਕਰਾਂਗਾ ਲੋਕ ਤੇਰੀ ਜ਼ਮੀਨ ਵਾਹੁਣਗੇ। ਲੋਕ ਤੇਰੇ ਅੰਦਰ ਬੀਜ ਪਾਉਣਗੇ। 10 ਤੇਰੇ ਉੱਤੇ ਰਹਿਣ ਵਾਲੇ ਬਹੁਤ-ਬਹੁਤ ਸਾਰੇ ਲੋਕ ਹੋਣਗੇ। ਇਸਰਾਏਲ ਦਾ ਪੂਰਾ ਪਰਿਵਾਰ-ਉਹ ਸਾਰੇ ਦਾ ਸਾਰਾ ਇੱਥੇ ਰਹੇਗਾ। ਸ਼ਹਿਰਾਂ ਵਿੱਚ ਰਹਿਣ ਵਾਲੇ ਲੋਕ ਹੋਣਗੇ। ਬਰਬਾਦ ਹੋਈਆਂ ਥਾਵਾਂ ਨਵੀਆਂ ਵਾਂਗ ਫ਼ੇਰ ਉਸਾਰੀਆਂ ਜਾਣਗੀਆਂ। 11 ਮੈਂ ਤੈਨੂੰ ਬਹੁਤ ਸਾਰੇ ਬੰਦੇ ਅਤੇ ਜਾਨਵਰ ਦੇਵਾਂਗਾ। ਅਤੇ ਉਹ ਵੱਧਣ ਫੁੱਲਣਗੇ ਅਤੇ ਉਨ੍ਹਾਂ ਦੇ ਬਹੁਤ ਔਲਾਦ ਹੋਵੇਗੀ। ਮੈਂ ਅਤੀਤ ਵਾਂਗ ਤੇਰੇ ਉੱਤੇ ਰਹਿਣ ਲਈ ਲੋਕਾਂ ਨੂੰ ਲਿਆਵਾਂਗਾ। ਮੈਂ ਤੇਰੇ ਲਈ ਇਸ ਨੂੰ ਪਹਿਲਾਂ ਨਾਲੋਂ ਬਿਹਤਰ ਬਣਾ ਦਿਆਂਗਾ। ਫ਼ੇਰ ਤੈਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ। 12 ਹਾਂ, ਮੈਂ ਬਹੁਤ ਸਾਰੇ ਲੋਕਾਂ, ਇਸਰਾਏਲ ਦੇ ਲੋਕਾਂ ਦੀ ਅਗਵਾਈ ਤੇਰੀ ਧਰਤੀ ਵੱਲ ਕਰਾਂਗਾ। ਤੂੰ ਉਨ੍ਹਾਂ ਦੀ ਜਾਇਦਾਦ ਹੋਵੇਂਗਾ। ਅਤੇ ਤੂੰ ਫ਼ੇਰ ਕਦੇ ਵੀ ਉਨ੍ਹਾਂ ਕੋਲੋਂ ਬੱਚੇ ਨਹੀਂ ਖੋਹੇਁਗਾ।”

13 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਇਸਰਾਏਲ ਦੀ ਧਰਤੀ, ਲੋਕੀ ਤੈਨੂੰ ਮੰਦੀਆਂ ਗੱਲਾਂ ਆਖਦੇ ਹਨ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਨੂੰ ਤਬਾਹ ਕਰ ਦਿੱਤਾ। ਉਹ ਆਖਦੇ ਨੇ ਕਿ ਤੂੰ ਆਪਣੇ ਲੋਕਾਂ ਕੋਲੋਂ ਬੱਚੇ ਖੋਹ ਲੇ। 14 ਪਰ ਤੂੰ ਲੋਕਾਂ ਨੂੰ ਹੁਣ ਫ਼ੇਰ ਨਹੀਂ ਤਬਾਹ ਕਰੇਂਗਾ। ਤੂੰ ਉਨ੍ਹਾਂ ਦੇ ਬੱਚਿਆਂ ਨੂੰ ਫੇਰ ਨਹੀਂ ਖੋਹੇਁਗਾ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।

15 “ਮੈਂ ਉਨ੍ਹਾਂ ਹੋਰਨਾਂ ਕੌਮਾਂ ਨੂੰ ਹੋਰ ਵੱਧੇਰੇ ਤੈਨੂੰ ਬੇਇੱਜ਼ਤ ਨਹੀਂ ਕਰਨ ਦਿਆਂਗਾ। ਤੂੰ ਉਨ੍ਹਾਂ ਲੋਕਾਂ ਦੁਆਰਾ ਹੋਰ ਵੱਧੇਰੇ ਨਹੀਂ ਸਤਾਇਆ ਜਾਵੇਂਗਾ। ਤੁਸੀਂ ਫ਼ੇਰ ਤੋਂ ਆਪਣੇ ਲੋਕਾਂ ਪਾਸੋਂ ਬੱਚੇ ਨਹੀਂ ਲਵੋਂਗੇ।” ਯਹੋਵਾਹ ਮੇਰੇ ਪ੍ਰਭੂ ਨੇ ਉਹ ਗੱਲਾਂ ਆਖੀਆਂ।

ਯਹੋਵਾਹ ਆਪਣੀ ਨੇਕਨਾਮੀ ਦੀ ਰੱਖਿਆ ਕਰੇਗਾ

16 ਫ਼ੇਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 17 “ਆਦਮੀ ਦੇ ਪੁੱਤਰ ਇਸਰਾਏਲ ਦਾ ਪਰਿਵਾਰ ਆਪਣੇ ਦੇਸ਼ ਵਿੱਚ ਰਹਿੰਦਾ ਸੀ। ਪਰ ਉਨ੍ਹਾਂ ਨੇ ਆਪਣੇ ਮੰਦੇ ਅਮਲਾਂ ਨਾਲ ਉਸ ਧਰਤੀ ਨੂੰ ਨਾਪਾਕ ਕਰ ਦਿੱਤਾ। ਮੇਰੇ ਲਈ ਉਹ ਉਸ ਔਰਤ ਵਰਗੇ ਸਨ ਜਿਹੜੀ ਆਪਣੀ ਮਾਹਵਾਰੀ ਆਉਣ ਤੇ ਪਲੀਤ ਹੋ ਜਾਂਦੀ ਹੈ। 18 ਉਨ੍ਹਾਂ ਨੇ ਧਰਤੀ ਉੱਤੇ ਖੂਨ ਡੋਲ੍ਹਿਆ ਜਦੋਂ ਉਨ੍ਹਾਂ ਨੇ ਉਸ ਧਰਤੀ ਉੱਤੇ ਲੋਕਾਂ ਨੂੰ ਕਤਲ ਕੀਤਾ। ਉਨ੍ਹਾਂ ਨੇ ਆਪਣੇ ਬੁੱਤਾਂ ਰਾਹੀਂ ਧਰਤੀ ਨੂੰ ਨਾਪਾਕ ਕੀਤਾ। ਇਸ ਲਈ ਮੈਂ ਉਨ੍ਹਾਂ ਨੂੰ ਦਰਸਾਇਆ ਕਿ ਮੈਂ ਕਿੰਨਾ ਕਹਿਰਵਾਨ ਸਾਂ। 19 ਮੈਂ ਉਨ੍ਹਾਂ ਨੂੰ ਕੌਮਾਂ ਦਰਮਿਆਨ ਖਿੰਡਾ ਦਿੱਤਾ ਅਤੇ ਸਾਰੀਆਂ ਧਰਤੀਆਂ ਉੱਤੇ ਫ਼ੈਲਾ ਦਿੱਤਾ। ਮੈਂ ਉਨ੍ਹਾਂ ਨੂੰ ਉਹ ਸਜ਼ਾ ਦਿੱਤੀ ਜਿਹੜੀ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕੰਮਾਂ ਕਰਕੇ ਮਿਲਣੀ ਚਾਹੀਦੀ ਸੀ। 20 ਪਰ ਉਨ੍ਹਾਂ ਨੇ ਉਨ੍ਹਾਂ ਹੋਰਨਾਂ ਕੌਮਾਂ ਅੰਦਰ ਵੀ ਮੇਰੀ ਨੇਕਨਾਮੀ ਨੂੰ ਬਰਬਾਦ ਕਰ ਦਿੱਤਾ। ਕਿਵੇਂ? ਉਨ੍ਹਾਂ ਕੌਮਾਂ ਨੇ ਆਖਿਆ, ‘ਇਹ ਯਹੋਵਾਹ ਦੇ ਲੋਕ ਹਨ, ਪਰ ਇਨ੍ਹਾਂ ਨੇ ਉਸਦੀ ਧਰਤੀ ਛੱਡ ਦਿੱਤੀ। ਇਸ ਲਈ ਅਵੱਸ਼ ਹੀ ਯਹੋਵਾਹ ਵਿੱਚ ਕੁਝ ਦੋਸ਼ ਹੋਵੇਗਾ!’

21 “ਇਸਰਾਏਲ ਦੇ ਲੋਕਾਂ ਨੇ, ਜਿਹੜੀਆਂ ਥਾਵਾਂ ਉੱਤੇ ਵੀ ਉਹ ਗਏ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਅਤੇ ਮੈਨੂੰ ਆਪਣੇ ਨਾਮ ਉੱਤੇ ਅਫ਼ਸੋਸ ਹੋਇਆ। 22 ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਦੱਸ ਕਿ ਯਹੋਵਾਹ ਅਤੇ ਪ੍ਰਭੂ ਇਹ ਗੱਲਾਂ ਆਖਦਾ ਹੈ, ‘ਇਸਰਾਏਲ ਦੇ ਪਰਿਵਾਰ, ਤੂੰ ਜਿੱਥੇ ਵੀ ਗਿਆ, ਮੇਰਾ ਪਵਿੱਤਰ ਨਾਮ ਬਦਨਾਮ ਕਰ ਦਿੱਤਾ। ਮੈਂ ਇਸ ਨੂੰ ਰੋਕਣ ਲਈ ਕੁਝ ਕਰਨ ਜਾ ਰਿਹਾ ਹਾਂ। ਇਸਰਾਏਲ, ਮੈਂ ਤੇਰੀ ਖਾਤਰ ਅਜਿਹਾ ਨਹੀਂ ਕਰਾਂਗਾ! ਮੈਂ ਅਜਿਹਾ ਆਪਣੇ ਪਵਿੱਤਰ ਨਾਮ ਖਾਤਰ ਕਰਾਂਗਾ। 23 ਮੈਂ ਉਨ੍ਹਾਂ ਕੌਮਾਂ ਨੂੰ ਦਰਸਾ ਦਿਆਂਗਾ ਕਿ ਮੇਰਾ ਮਹਾਨ ਨਾਮ ਸੱਚਮੁੱਚ ਪਵਿੱਤਰ ਹੈ। ਤੂੰ ਉਨ੍ਹਾਂ ਕੌਮਾਂ ਵਿੱਚ ਮੇਰੀ ਨੇਕਨਾਮੀ ਬਰਬਾਦ ਕਰ ਦਿੱਤੀ! ਪਰ ਮੈਂ ਤੈਨੂੰ ਦਰਸਾ ਦਿਆਂਗਾ ਕਿ ਮੈਂ ਪਵਿੱਤਰ ਹਾਂ। ਮੈਂ ਤੈਨੂੰ ਮੇਰੇ ਨਾਮ ਦਾ ਆਦਰ ਕਰਨ ਲਈ ਮਜ਼ਬੂਰ ਕਰਾਂਗਾ। ਅਤੇ ਫ਼ੇਰ ਉਨ੍ਹਾਂ ਕੌਮਾਂ ਨੂੰ ਪਤਾ ਲੱਗ ਜਾਵੇਗਾ ਕਿ ਮੈਂ ਯਹੋਵਾਹ ਹਾਂ।’” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ।

24 ਪਰਮੇਸ਼ੁਰ ਨੇ ਆਖਿਆ, “ਮੈਂ ਤੈਨੂੰ ਉਨ੍ਹਾਂ ਕੌਮਾਂ ਤੋਂ ਬਾਹਰ ਕੱਢ ਲਵਾਂਗਾ, ਤੁਹਾਨੂੰ ਇਕੱਠਿਆਂ ਕਰਾਂਗਾ, ਅਤੇ ਤੁਹਾਨੂੰ ਤੁਹਾਡੀ ਆਪਣੀ ਧਰਤੀ ਉੱਤੇ ਵਾਪਸ ਲਿਆਵਾਂਗਾ। 25 ਫ਼ੇਰ ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁੱਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਨ੍ਹਾਂ ਘਿਰਣਿਤ ਬੁੱਤਾਂ ਦੀ ਸਾਰੀ ਮੈਲ ਧੋ ਦਿਆਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ।”

26 ਪਰਮੇਸ਼ੁਰ ਨੇ ਆਖਿਆ, “ਮੈਂ ਤੁਹਾਡੇ ਅੰਦਰ ਨਵਾਂ ਆਤਮਾ ਪਾਵਾਂਗਾ ਅਤੇ ਤੁਹਾਡੇ ਸੋਚਣ ਦੇ ਢੰਗ ਨੂੰ ਬਦਲ ਦਿਆਂਗਾ। ਮੈਂ ਤੁਹਾਡੇ ਸ਼ਰੀਰ ਵਿੱਚੋਂ ਪੱਥਰ ਦਾ ਦਿਲ ਕੱਢ ਲਵਾਂਗਾ ਅਤੇ ਤੁਹਾਨੂੰ ਇੱਕ ਕੋਮਲ ਮਨੁੱਖੀ ਦਿਲ ਦੇਵਾਂਗਾ। 27 ਅਤੇ ਮੈਂ ਆਪਣਾ ਆਤਮਾ ਤੁਹਾਡੇ ਅੰਦਰ ਰੱਖ ਦਿਆਂਗਾ। ਮੈਂ ਤੁਹਾਨੂੰ ਇਸ ਤਰ੍ਹਾਂ ਬਦਲ ਦਿਆਂਗਾ ਕਿ ਤੁਸੀਂ ਮੇਰੇ ਕਨੂੰਨਾ ਨੂੰ ਮੰਨੋਗੇ। ਤੁਸੀਂ ਮੇਰੇ ਆਦੇਸ਼ਾਂ ਨੂੰ ਧਿਆਨ ਨਾਲ ਪ੍ਰਵਾਨ ਕਰੋਂਗੇ। 28 ਫ਼ੇਰ ਤੁਸੀਂ ਉਸ ਧਰਤੀ ਉੱਤੇ ਰਹੋਁਗੇ ਜਿਹੜੀ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਤੁਸੀਂ ਮੇਰੇ ਬੰਦੇ ਹੋਵੋਂਗੇ ਅਤੇ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ।” 29 ਪਰਮੇਸ਼ੁਰ ਨੇ ਆਖਿਆ, “ਇਸਤੋਂ ਇਲਾਵਾ, ਮੈਂ ਤੁਹਾਨੂੰ ਬਚਾਵਾਂਗਾ ਵੀ ਅਤੇ ਨਾਪਾਕ ਹੋ ਜਾਣ ਤੋਂ ਦੂਰ ਰੱਖਾਂਗਾ। ਮੈਂ ਅਨਾਜ ਨੂੰ ਉੱਗਣ ਦਾ ਆਦੇਸ਼ ਦੇਵਾਂਗਾ ਮੈਂ ਤੁਹਾਡੇ ਵਿਰੁੱਧ ਭੁੱਖਮਾਰੀ ਦਾ ਸਮਾਂ ਨਹੀਂ ਲਿਆਵਾਂਗਾ। 30 ਮੈਂ ਤੁਹਾਨੂੰ ਤੁਹਾਡੇ ਰੁੱਖਾਂ ਤੇ ਫ਼ਲਾਂ ਦੀਆਂ ਵੱਡੀਆਂ ਫ਼ਸਲਾਂ ਅਤੇ ਤੁਹਾਡੇ ਖੇਤਾਂ ਵਿੱਚੋਂ ਵਾਢੀਆਂ ਦੇਵਾਂਗਾ ਤਾਂ ਜੋ ਫ਼ੇਰ ਕਦੇ ਵੀ ਤੁਸੀਂ ਬਿਗਾਨੇ ਦੇਸ ਵਿੱਚ ਭੁੱਖੇ ਹੋਣ ਦੀ ਸ਼ਰਮ ਮਹਿਸੂਸ ਨਾ ਕਰੋ। 31 ਤੁਸੀਂ ਆਪਣੇ ਮੰਦੇ ਕੰਮਾਂ ਨੂੰ ਯਾਦ ਕਰੋਂਗੇ। ਤੁਸੀਂ ਯਾਦ ਕਰੋਗੇ ਕਿ ਉਹ ਗੱਲਾਂ ਚੰਗੀਆਂ ਨਹੀਂ ਸਨ। ਫ਼ੇਰ ਤੁਸੀਂ ਆਪਣੇ ਪਾਪਾਂ ਅਤੇ ਆਪਣੇ ਭਿਆਨਕ ਕਾਰਿਆਂ ਕਾਰਣ ਆਪਣੇ ਆਪਨੂੰ ਨਫ਼ਰਤ ਕਰੋਂਗੇ।”

32 ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਗੱਲਾਂ ਚੇਤੇ ਰੱਖੋ: ਮੈਂ ਇਹ ਗੱਲਾਂ ਤੁਹਾਡੇ ਭਲੇ ਵਾਸਤੇ ਨਹੀਂ ਕਰ ਰਿਹਾ! ਮੈਂ ਇਹ ਆਪਣੀ ਨੇਕ ਨਾਮੀ ਲਈ ਕਰ ਰਿਹਾ ਹਾਂ! ਇਸਰਾਏਲ ਦੇ ਪਰਿਵਾਰ, ਤੈਨੂੰ ਆਪਣੇ ਜੀਵਨ ਢੰਗ ਬਾਰੇ ਸ਼ਰਮਸਾਰ ਅਤੇ ਨਮੋਸ਼ੀ ਭਰਿਆ ਹੋਣਾ ਚਾਹੀਦਾ ਹੈ!”

33 ਮੇਰਾ ਪ੍ਰਭੂ ਯਹੋਵਾਹ ਇਹ ਗੱਲਾਂ ਆਖਦਾ ਹੈ, “ਉਸ ਦਿਨ, ਜਦੋਂ ਮੈਂ ਤੁਹਾਡੇ ਪਾਪ ਧੋਵਾਂਗਾ। ਮੈਂ ਲੋਕਾਂ ਨੂੰ ਤੁਹਾਡੇ ਸ਼ਹਿਰ ਵਿੱਚ ਵਾਪਸ ਲੈ ਆਵਾਂਗਾ। ਉਹ ਵੀਰਾਨ ਹੋਏ ਸ਼ਹਿਰ ਫ਼ੇਰ ਆਬਾਦ ਹੋ ਜਾਣਗੇ। 34 ਲੋਕ ਫ਼ੇਰ ਜ਼ਮੀਨ ਉੱਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ ਤਾਂ ਜੋ ਜਦੋਂ ਹੋਰ ਲੋਕ ਕੋਲੋਂ ਲੰਘਣ ਤਾਂ ਉਨ੍ਹਾਂ ਨੂੰ ਬਰਬਾਦੀ ਫ਼ੇਰ ਨਜ਼ਰ ਨਾ ਆਵੇ। 35 ਉਹ ਆਖਣਗੇ, ‘ਅਤੀਤ ਵਿੱਚ ਇਹ ਧਰਤੀ ਵੀਰਾਨ ਹੋ ਗਈ ਸੀ। ਪਰ ਹੁਣ ਇਹ ਬਾਗ਼ੇ ਅਦਨ ਵਾਂਗ ਹੈ। ਸ਼ਹਿਰ ਤਬਾਹ ਹੋ ਗਏ ਸਨ। ਉਹ ਵੀਰਾਨ ਅਤੇ ਉਜਾੜ ਹੋ ਗਏ ਸਨ। ਪਰ ਹੁਣ ਉਹ ਸੁਰੱਖਿਅਤ ਹਨ ਅਤੇ ਉਨ੍ਹਾਂ ਅੰਦਰ ਲੋਕ ਬਚਾਉ ਕਰਦੇ ਹਨ।’”

36 ਪਰਮੇਸ਼ੁਰ ਨੇ ਆਖਿਆ, “ਫ਼ੇਰ ਉਹ ਕੌਮਾਂ ਜਿਹੜੀਆਂ ਹਾਲੇ ਵੀ ਤੁਹਾਡੇ ਆਲੇ-ਦੁਆਲੇ ਹਨ, ਜਾਣ ਲੈਣਗੀਆਂ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਉਨ੍ਹਾਂ ਉਜੜੀਆਂ ਥਾਵਾਂ ਨੂੰ ਫ਼ੇਰ ਵਸਾ ਦਿੱਤਾ ਹੈ। ਮੈਂ ਇਸ ਉਜਾੜ ਜ਼ਮੀਨ ਵਿੱਚ ਚੀਜ਼ਾਂ ਬੀਜੀਆਂ। ਮੈਂ ਯਹੋਵਾਹ ਹਾਂ। ਮੈਂ ਇਹ ਗੱਲਾਂ ਆਖੀਆਂ ਅਤੇ ਮੈਂ ਇਨ੍ਹਾਂ ਨੂੰ ਵਾਪਰਨ ਦੇਵਾਂਗਾ!”

37 ਯਹੋਵਾਹ ਮੇਰਾ ਪ੍ਰਭੂ, ਇਹ ਗੱਲਾਂ ਆਖਦਾ ਹੈ, “ਮੈਂ ਇਸਰਾਏਲ ਦੇ ਪਰਿਵਾਰ ਨੂੰ ਵੀ ਆਪਣੇ ਕੋਲ ਆਉਣ ਦੇਵਾਂਗਾ ਅਤੇ ਉਨ੍ਹਾਂ ਖਾਤਰ ਇਹ ਗੱਲਾਂ ਕਰਨ ਲਈ ਮੈਥੋਂ ਮੰਗ ਕਰਨ ਦੇਵਾਂਗਾ। ਮੈਂ ਉਨ੍ਹਾਂ ਨੂੰ ਵੱਧਣ ਦੇਵਾਂਗਾ ਅਤੇ ਬਹੁਤ-ਬਹੁਤ ਸਾਰੇ ਲੋਕ ਬਨਣ ਦਿਆਂਗਾ। ਉਹ ਭੇਡਾਂ ਦੇ ਇੱਜੜ ਵਾਂਗ ਹੋਣਗੇ। 38 ਖਾਸ ਤਿਉਹਾਰਾਂ ਦੇ ਮੌਕੇ ਤੇ ਯਰੂਸ਼ਲਮ ਉਨ੍ਹਾਂ ਭੇਡਾਂ ਅਤੇ ਬੱਕਰੀਆਂ ਦੇ ਇੱਜੜ ਨਾਲ ਭਰਿਆ ਹੁੰਦਾ ਹੈ ਜਿਨ੍ਹਾਂ ਨੂੰ ਪਵਿੱਤਰ ਬਣਾਇਆ ਗਿਆ ਹੁੰਦਾ ਹੈ। ਇਸੇ ਤਰ੍ਹਾਂ ਹੀ, ਸ਼ਹਿਰ ਅਤੇ ਉਜਾੜ ਥਾਵਾਂ ਲੋਕਾਂ ਦੇ ਇੱਜੜਾਂ ਨਾਲ ਭਰ ਜਾਣਗੀਆਂ। ਫ਼ੇਰ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ।”

2 ਪਤਰਸ 1

ਸ਼ਮਊਨ ਪਤਰਸ, ਯਿਸੂ ਮਸੀਹ ਦੇ ਸੇਵਕ, ਅਤੇ ਇੱਕ ਰਸੂਲ ਵੱਲੋਂ ਸ਼ੁਭਕਾਮਨਾਵਾਂ, ਉਨ੍ਹਾਂ ਸਮੂਹ ਲੋਕਾਂ ਨੂੰ ਜਿਨ੍ਹਾਂ ਨੂੰ ਉਹੀ ਮੁੱਲਵਾਨ ਨਿਹਚਾ ਹੈ ਜਿਹੜੀ ਸਾਨੂੰ ਵੀ ਹੈ। ਤੁਸੀਂ ਇਹ ਵਿਸ਼ਵਾਸ ਇਸ ਲਈ ਪ੍ਰਾਪਤ ਕੀਤਾ ਹੈ ਕਿਉਂ ਕਿ ਸਾਡਾ ਪਰਮੇਸ਼ੁਰ ਅਤੇ ਮੁਕਤੀਦਾਤਾ, ਯਿਸੂ ਮਸੀਹ, ਨਿਰਪੱਖ ਹੈ।

ਕਾਸ਼ ਤੁਸੀਂ ਭਰਪੂਰ ਕਿਰਪਾ ਅਤੇ ਸ਼ਾਂਤੀ ਪ੍ਰਾਪਤ ਕਰੋ ਕਿਉਂਕਿ ਤੁਸੀਂ ਸੱਚ ਮੁੱਚ ਪਰਮੇਸ਼ੁਰ ਅਤੇ ਸਾਡੇ ਪ੍ਰਭੂ ਯਿਸੂ ਨੂੰ ਜਾਣਦੇ ਹੋ।

ਪਰਮੇਸ਼ੁਰ ਨੇ ਸਾਨੂੰ ਹਰ ਲੋੜੀਂਦੀ ਚੀਜ਼ ਦਿੱਤੀ ਹੈ

ਯਿਸੂ ਕੋਲ ਪਰਮੇਸ਼ੁਰ ਦੀ ਸ਼ਕਤੀ ਹੈ। ਉਸ ਸ਼ਕਤੀ ਨੇ ਸਾਨੂੰ ਉਹ ਸਭ ਕੁਝ ਦਿੱਤਾ ਹੈ ਜੋ ਸਾਨੂੰ ਜਿਉਣ ਲਈ ਅਤੇ ਪਰਮੇਸ਼ੁਰ ਦੀ ਸੇਵਾ ਕਰਨ ਲਈ ਲੋੜੀਂਦਾ ਹੈ। ਯਿਸੂ ਨੇ ਸਾਨੂੰ ਆਪਣੀ ਮਹਿਮਾ ਅਤੇ ਚੰਗਿਆਈ ਨਾਲ ਉਸ ਬਾਰੇ ਡੂੰਘੇ ਗਿਆਨ ਕਾਰਣ ਸੱਦਿਆ ਹੈ। ਉਸਦੀ ਮਹਿਮਾ ਅਤੇ ਚੰਗਿਆਈ ਕਾਰਣ, ਯਿਸੂ ਨੇ ਸਾਨੂੰ ਉਹ ਮਹਾਨ ਅਤੇ ਅਨਮੋਲ ਚੀਜ਼ਾਂ ਦਿੱਤੀਆਂ ਹਨ ਜਿਨ੍ਹਾਂ ਦਾ ਵਾਅਦਾ ਉਸ ਨੇ ਸਾਡੇ ਨਾਲ ਕੀਤਾ ਸੀ। ਇਨ੍ਹਾਂ ਚੀਜ਼ਾਂ ਨਾਲ, ਤੁਸੀਂ ਪਰਮੇਸ਼ੁਰ ਦੀ ਕੁਦਰਤ ਵਿੱਚ ਹਿੱਸਾ ਲੈ ਸੱਕਦੇ ਹੋ। ਇਉਂ, ਸਾਡਾ ਇਸ ਦੁਨੀਆਂ ਦੇ ਨਸ਼ਟ ਕਰਨ ਵਾਲੇ ਪ੍ਰਭਾਵਾਂ ਅਤੇ ਭ੍ਰਿਸ਼ਟ ਕਾਮਨਾਵਾਂ ਦੁਆਰਾ ਨੁਕਸਾਨ ਨਹੀਂ ਹੋਵੇਗਾ।

ਕਿਉਂਕਿ ਤੁਹਾਨੂੰ ਇਹ ਅਸੀਸਾਂ ਦਿੱਤੀਆਂ ਗਈਆਂ ਹਨ, ਤੁਹਾਨੂੰ ਇਨ੍ਹਾਂ ਗੱਲਾਂ ਨੂੰ ਆਪਣੀ ਜਿੰਦਗੀ ਵਿੱਚ ਜੋੜਨ ਦੀ ਪੂਰੀ ਵਾਹ ਲਾਉਣੀ ਚਾਹੀਦੀ ਹੈ; ਚੰਗਿਆਈ ਨੂੰ ਤੁਹਾਡੀ ਨਿਹਚਾ ਨਾਲ ਜੋੜੋ; ਅਤੇ ਗਿਆਨ ਨੂੰ ਚੰਗਿਆਈ ਨਾਲ ਜੋੜੋ; ਸਵੈਂ ਕਾਬੂ ਨੂੰ ਤੁਹਾਡੇ ਗਿਆਨ ਨਾਲ ਜੋੜੋ; ਤੁਹਾਡੇ ਸਬਰ ਨੂੰ ਸਵੈਂ ਕਾਬੂ ਨਾਲ ਜੋੜੋ ਅਤੇ ਪਰਮੇਸ਼ੁਰ ਲਈ ਸੇਵਾ ਨੂੰ ਤੁਹਾਡੇ ਸਬਰ ਨਾਲ ਜੋੜੋ; ਅਤੇ ਤੁਹਾਡੀ ਪਰਮੇਸ਼ੁਰ ਦੀ ਸੇਵਾ ਵਿੱਚ ਆਪਣੇ ਭਰਾਵਾਂ ਅਤੇ ਭੈਣਾਂ ਲਈ ਕਿਰਪਾ ਨੂੰ ਮਿਹਰਬਾਨੀ ਨਾਲ ਜੋੜੋ ਅਤੇ ਆਪਣੇ ਭਰਾਵਾਂ ਅਤੇ ਭੈਣਾਂ ਲਈ ਦਸ ਦਯਾ ਦੇ ਨਾਲ ਪਿਆਰ ਨੂੰ ਜੋੜ ਲਵੋ। ਜੇ ਇਹ ਸਾਰੀਆਂ ਗੱਲਾਂ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਵਿੱਚ ਵੱਧ ਰਹੀਆਂ ਹਨ, ਤਾਂ ਇਹ ਚੀਜ਼ਾਂ ਤੁਹਾਨੂੰ ਕਦੇ ਵੀ ਬੇਕਾਰ ਨਾ ਹੋਣ ਵਿੱਚ ਮਦਦ ਕਰਨਗੀਆਂ। ਇਹ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੇ ਗਿਆਨ ਵਿੱਚ ਫ਼ਲਦਾਇੱਕ ਬਨਾਉਣਗੀਆਂ। ਪਰ ਉਹ ਵਿਅਕਤੀ ਜਿਸ ਕੋਲ ਉੱਪਰਲੀਆਂ ਖੂਬੀਆਂ ਨਹੀਂ ਹਨ, ਸਪੱਸ਼ਟ ਵੇਖਣ ਦੇ ਕਾਬਿਲ ਨਹੀਂ ਹੈ। ਉਹ ਵਿਅਕਤੀ ਅੰਨ੍ਹਾ ਹੈ। ਉਹ ਭੁੱਲ ਚੁੱਕਿਆ ਹੈ, ਕਿ ਉਸ ਨੂੰ ਆਪਣੇ ਪਿੱਛਲੇ ਪਾਪਾਂ ਤੋਂ ਛੁਟਕਾਰਾ ਮਿਲ ਚੁੱਕਿਆ ਸੀ।

10 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਪਰਮੇਸ਼ੁਰ ਨੇ ਤੁਹਾਨੂੰ ਆਪਣੇ ਲੋਕ ਹੋਣ ਲਈ ਚੁਣਿਆ ਹੈ। ਇਸ ਲਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਤੁਸੀਂ ਕਦੇ ਵੀ ਠੋਕਰ ਨਹੀਂ ਖਾਵੋਂਗੇ ਤੇ ਨਾਂ ਹੀ ਕਦੇ ਡਿੱਗੋਂਗੇ। 11 ਅਤੇ ਤੁਸੀਂ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਜ ਅੰਦਰ ਨਿੱਘਾ ਸਵਾਗਤ ਪ੍ਰਾਪਤ ਕਰੋਂਗੇ ਜਿਹੜਾ ਰਾਜ ਸਦੀਵੀ ਜਾਰੀ ਰਹਿੰਦਾ ਹੈ।

12 ਤੁਸੀਂ ਇਹ ਸਭ ਜਾਣਦੇ ਹੋ। ਉਸ ਸੱਚ ਵਿੱਚ ਦ੍ਰਿੜ ਰਹੋ ਜੋ ਹੁਣ ਤੁਹਾਡੇ ਵਿੱਚ ਹੈ। ਪਰ ਮੈਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਹਮੇਸ਼ਾ ਤੁਹਾਡੀ ਮਦਦ ਕਰਾਂਗਾ। 13 ਮੈਂ ਸੋਚਦਾ ਹਾਂ ਕਿ ਮੇਰੇ ਲਈ ਇਹ ਸਹੀ ਹੈ ਕਿ ਜਿੰਨਾ ਚਿਰ ਇਸ ਧਰਤੀ ਤੇ ਜਿਉਂਦਾ ਹਾਂ ਇਨ੍ਹਾਂ ਗੱਲਾਂ ਨੂੰ ਚੇਤੇ ਕਰਨ ਵਿੱਚ ਤੁਹਾਡੀ ਮਦਦ ਕਰਾਂ। 14 ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ। 15 ਮੈਂ ਹਰ ਸੰਭਵ ਕੋਸ਼ਿਸ਼ ਕਰਾਂਗਾ ਕਿ ਇਸ ਜੀਵਨ ਨੂੰ ਛੱਡਣ ਤੋਂ ਬਾਅਦ ਵੀ ਤੁਹਾਨੂੰ ਇਹ ਗੱਲਾਂ ਯਾਦ ਕਰਨ ਵਿੱਚ ਤੁਹਾਡੀ ਸਹਾਇਤਾ ਕਰਾਂ।

ਅਸੀਂ ਮਸੀਹ ਦੀ ਮਹਿਮਾ ਦੇਖੀ

16 ਜਦੋਂ ਅਸੀਂ ਤੁਹਾਨੂੰ ਸਾਡੇ ਪ੍ਰਭੂ ਯਿਸੂ ਮਸੀਹ ਦੀ ਸ਼ਕਤੀ ਅਤੇ ਉਸ ਦੇ ਆਉਣ ਬਾਰੇ ਦੱਸਿਆ, ਅਸੀਂ ਤੁਹਾਨੂੰ ਚਲਾਕੀ ਨਾਲ ਬਣਾਈਆਂ ਕਹਾਣੀਆਂ ਨਹੀਂ ਦੱਸੀਆਂ। ਕਿਉਂਕਿ ਅਸੀਂ ਅਸਲ ਵਿੱਚ ਉਸਦਾ ਤੇਜ ਆਪਣੀਆਂ ਖੁਦ ਦੀਆਂ ਅੱਖਾਂ ਨਾਲ ਵੇਖਿਆ ਸੀ। 17 ਜਦੋਂ ਯਿਸੂ ਨੇ ਪਰਮੇਸ਼ੁਰ ਪਿਤਾ ਵੱਲੋਂ ਮਹਿਮਾ ਅਤੇ ਸ਼ਕਤੀ ਪ੍ਰਾਪਤ ਕੀਤੀ, ਉਸ ਨੇ ਤੇਜਸਵੀ ਮਹਿਮਾ ਵੱਲੋਂ ਇੱਕ ਅਵਾਜ਼ ਸੁਣੀ। ਇਸ ਅਵਾਜ਼ ਨੇ ਆਖਿਆ, “ਇਹ ਮੇਰਾ ਪੁੱਤਰ ਹੈ, ਮੈਂ ਉਸ ਨੂੰ ਪਿਆਰ ਕਰਦਾ ਹਾਂ, ਅਤੇ ਮੈਂ ਇਸ ਨਾਲ ਬਹੁਤ ਪ੍ਰਸੰਨ ਹਾਂ।” 18 ਅਤੇ ਅਸੀਂ ਅਵਾਜ਼ ਸੁਣੀ, ਜਦੋਂ ਸਵਰਗ ਵਿੱਚੋਂ ਅਵਾਜ਼ ਆ ਰਹੀ ਸੀ ਅਸੀਂ ਯਿਸੂ ਨਾਲ ਪਵਿੱਤਰ ਪਰਬਤ ਉੱਪਰ ਖਲੋਤੇ ਸਾਂ।

19 ਇਹ ਗੱਲਾਂ ਸਾਨੂੰ ਹੋਰ ਵੱਧੇਰੇ ਪ੍ਰਪੱਕ ਕਰਦੀਆਂ ਹਨ ਕਿ ਜੋ ਗੱਲਾਂ ਨਬੀਆਂ ਨੇ ਆਖੀਆਂ ਉਹ ਸੱਚ ਹਨ। ਤੁਸੀਂ, ਜੋ ਨਬੀਆਂ ਨੇ ਆਖਿਆ ਉਸਦਾ ਸਖਤੀ ਨਾਲ ਅਨੁਸਰਣ ਕਰਨ ਕਾਰਣ, ਸਹੀ ਹੋਂ। ਉਨ੍ਹਾਂ ਦਾ ਸੰਦੇਸ਼ ਉਸ ਚਾਨਣ ਵਰਗਾ ਹੈ ਜੋ ਹਨੇਰੇ ਵਿੱਚ ਚਮਕਦਾ ਹੈ। ਇਹ ਚਾਨਣ ਸੂਰਜ ਚੜ੍ਹ੍ਹਨ ਤੱਕ ਅਤੇ ਸਵੇਰ ਦੇ ਤਾਰੇ ਦੇ ਤੁਹਾਡੇ ਦਿਲ ਵਿੱਚ ਚੜ੍ਹ੍ਹਨ ਤੱਕ ਰਹਿੰਦਾ ਹੈ। 20 ਉਹ ਸਭ ਤੋਂ ਮਹੱਤਵਪੂਰਣ ਗੱਲ ਜੋ ਤੁਹਾਨੂੰ ਜਾਣ ਲੈਣੀ ਚਾਹੀਦੀ ਹੈ ਕਿ; ਕਿਸੇ ਵੀ ਵਿਅਕਤੀ ਨੂੰ ਪੋਥੀਆਂ ਵਿੱਚਲੀ ਕਿਸੇ ਵੀ ਦੈਵੀ ਬਾਣੀ ਦੀ ਆਪਣੇ ਤੌਰ ਤੇ ਵਿਆਖਿਆ ਨਹੀਂ ਕਰਨੀ ਚਾਹੀਦੀ। 21 ਕੋਈ ਵੀ ਅਗੰਮ ਵਾਕ ਉਵੇਂ ਨਹੀਂ ਹੋਏ ਜਿਵੇਂ ਕੋਈ ਵਿਅਕਤੀ ਚਾਹੁੰਦਾ ਸੀ। ਕਿਉਂਕਿ ਅਗੰਮ ਵਾਕ ਮਨੁੱਖ ਦੀ ਇੱਛਿਆ ਤੋਂ ਕਦੇ ਨਹੀਂ ਆਇਆ ਸਗੋਂ ਮਨੁੱਖ ਪਵਿੱਤਰ ਆਤਮਾ ਦੇ ਉਕਸਾਉਣ ਨਾਲ ਪਰਮੇਸ਼ੁਰ ਵੱਲੋਂ ਬੋਲਦੇ ਹਨ।

Punjabi Bible: Easy-to-Read Version (ERV-PA)

2010 by World Bible Translation Center