Old/New Testament
Warnings Against Idol Worship
14 ਇਸਰਾਏਲ ਦੇ ਕੁਝ ਆਗੂ ਮੇਰੇ ਕੋਲ ਆਏ ਉਹ ਮੇਰੇ ਨਾਲ ਗੱਲ ਬਾਤ ਕਰਨ ਲਈ ਬੈਠ ਗਏ। 2 ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ। ਉਸ ਨੇ ਆਖਿਆ, 3 “ਆਦਮੀ ਦੇ ਪੁੱਤਰ, ਇਹ ਲੋਕ ਤੇਰੇ ਨਾਲ ਗੱਲ ਕਰਨ ਲਈ ਆਏ ਹਨ। ਉਹ ਤੈਥੋਂ ਮੇਰੀ ਸਲਾਹ ਲੈਣੀ ਚਾਹੁੰਦੇ ਹਨ। ਪਰ ਇਨ੍ਹਾਂ ਲੋਕਾਂ ਦੇ ਪਾਸ ਹਾਲੇ ਤੀਕ ਗੰਦੇ ਬੁੱਤ ਹਨ। ਉਨ੍ਹਾਂ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹਨ ਜਿਨ੍ਹਾਂ ਨੇ ਇਨ੍ਹਾਂ ਤੋਂ ਪਾਪ ਕਰਵਾਏ। ਉਹ ਹਾਲੇ ਤੀਕ ਉਨ੍ਹਾਂ ਬੁੱਤਾਂ ਦੀ ਉਪਾਸਨਾ ਕਰਦੇ ਹਨ। ਇਸ ਲਈ ਉਹ ਮੇਰੇ ਕੋਲ ਸਲਾਹ ਲਈ ਕਿਉਂ ਆਉਂਦੇ ਹਨ? ਕੀ ਮੈਨੂੰ ਇਨ੍ਹਾਂ ਦੇ ਸਵਾਲਾਂ ਦਾ ਜਵਾਬ ਦੇਣਾ ਚਾਹੀਦਾ ਹੈ? ਨਹੀਂ! 4 ਪਰ ਮੈਂ ਇਨ੍ਹਾਂ ਨੂੰ ਜਵਾਬ ਦਿਆਂਗਾ। ਮੈਂ ਇਨ੍ਹਾਂ ਨੂੰ ਸਜ਼ਾ ਦਿਆਂਗਾ! ਤੈਨੂੰ ਚਾਹੀਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਇਹ ਗੱਲਾਂ ਜ਼ਰੂਰ ਦੱਸੇਁ। ‘ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਜੇ ਕੋਈ ਇਸਰਾਏਲੀ ਕਿਸੇ ਨਬੀ ਪਾਸ ਆਉਂਦਾ ਹੈ ਅਤੇ ਮੇਰੀ ਸਲਾਹ ਮਂਗਦਾ ਹੈ, ਤਾਂ ਨਬੀ ਉਸ ਬੰਦੇ ਨੂੰ ਜਵਾਬ ਨਹੀਂ ਦੇਵੇਗਾ ਮੈਂ ਖੁਦ ਉਸ ਬੰਦੇ ਦੇ ਸਵਾਲ ਦਾ ਜਵਾਬ ਦੇਵਾਂਗਾ। ਮੈਂ ਉਸ ਨੂੰ ਜਵਾਬ ਦੇਵਾਂਗਾ ਭਾਵੇਂ ਉਸ ਦੇ ਕੋਲ ਹਾਲੇ ਵੀ ਬੁੱਤ ਹੋਣ, ਭਾਵੇਂ ਉਸ ਨੇ ਉਹ ਚੀਜ਼ਾਂ ਰੱਖੀਆਂ ਹੋਈਆਂ ਹੋਣ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਏ, ਅਤੇ ਭਾਵੇਂ ਉਹ ਹਾਲੇ ਵੀ ਉਨ੍ਹਾਂ ਮੂਰਤੀਆਂ ਦੀ ਉਪਸਨਾ ਕਰਦਾ ਹੋਵੇ। ਮੈਂ ਉਸ ਨਾਲ ਉਸ ਦੇ ਇਨ੍ਹਾਂ ਸਾਰੇ ਬੁੱਤਾਂ ਦੇ ਬਾਵਜੂਦ ਗੱਲ ਕਰਾਂਗਾ। 5 ਕਿਉਂ ਕਿ ਮੈਂ ਉਨ੍ਹਾਂ ਦੇ ਦਿਲਾਂ ਨੂੰ ਛੁਹਣਾ ਚਾਹੁੰਦਾ ਹਾਂ। ਮੈਂ ਉਨ੍ਹਾਂ ਨੂੰ ਇਹ ਦਰਸਾਉਣਾ ਚਾਹੁੰਦਾ ਹਾਂ ਕਿ ਮੈਂ ਉਨ੍ਹਾਂ ਨੂੰ ਪਿਆਰ ਕਰਦਾ ਹਾਂ, ਭਾਵੇਂ ਉਨ੍ਹਾਂ ਨੇ ਮੈਨੂੰ ਬੁੱਤਾਂ ਕਾਰਣ ਛੱਡ ਦਿੱਤਾ ਹੈ।’
6 “ਇਸ ਲਈ ਇਸਰਾਏਲ ਦੇ ਪਰਿਵਾਰ ਨੂੰ ਇਹ ਗੱਲਾਂ ਦੱਸ। ਉਨ੍ਹਾਂ ਨੂੰ ਦੱਸ, ‘ਯਹੋਵਾਹ ਮੇਰਾ ਪ੍ਰਭੂ ਆਖਦਾ ਹੈ: ਵਾਪਸ ਆ ਜਾਓ ਮੇਰੇ ਵੱਲ ਅਤੇ ਆਪਣੇ ਬੁੱਤਾਂ ਨੂੰ ਛੱਡ ਦਿਓ। ਉਨ੍ਹਾਂ ਭਿਆਨਕ ਝੂਠੇ ਦੇਵਤਿਆਂ ਤੋਂ ਮੂੰਹ ਮੋੜ ਲਵੋ। 7 ਜੇ ਕੋਈ ਵੀ ਇਸਰਾਏਲੀ ਜਾਂ ਇਸਰਾਏਲ ਵਿੱਚ ਰਹਿਣ ਵਾਲਾ ਵਿਦੇਸ਼ੀ ਮੇਰੇ ਕੋਲ ਸਲਾਹ ਲੈਣ ਆਵੇਗਾ ਤਾਂ ਮੈਂ ਉਸ ਨੂੰ ਜਵਾਬ ਦਿਆਂਗਾ। ਮੈਂ ਉਸ ਨੂੰ ਜਵਾਬ ਦਿਆਂਗਾ ਭਾਵੇਂ ਉਸ ਦੇ ਪਾਸ ਹਾਲੇ ਵੀ ਬੁੱਤ ਹੋਣ ਅਤੇ ਭਾਵੇਂ ਉਸ ਨੇ ਉਨ੍ਹਾਂ ਚੀਜ਼ਾਂ ਨੂੰ ਰੱਖਿਆ ਹੋਇਆ ਹੋਵੇ ਜਿਨ੍ਹਾਂ ਨੇ ਉਸ ਕੋਲੋਂ ਪਾਪ ਕਰਵਾਇਆ ਅਤੇ ਭਾਵੇਂ ਉਹ ਉਨ੍ਹਾਂ ਮੂਰਤੀਆਂ ਦੀ ਉਪਾਸਨਾ ਕਰਦਾ ਹੋਵੇ। ਅਤੇ ਇਹ ਜਵਾਬ ਹੈ ਜੋ ਮੈਂ ਉਨ੍ਹਾਂ ਨੂੰ ਦਿਆਂਗਾ: 8 ਮੈਂ ਉਸ ਬੰਦੇ ਦੇ ਖਿਲਾਫ਼ ਹੋ ਜਾਵਾਂਗਾ। ਮੈਂ ਉਸ ਨੂੰ ਬਰਬਾਦ ਕਰ ਦਿਆਂਗਾ। ਉਹ ਹੋਰਨਾਂ ਲੋਕਾਂ ਲਈ ਇੱਕ ਮਿਸਾਲ ਹੋਵੇਗਾ। ਲੋਕ ਉਸ ਉੱਤੇ ਹੱਸਣਗੇ। ਮੈਂ ਉਸ ਨੂੰ ਆਪਣੇ ਲੋਕਾਂ ਵਿੱਚੋਂ ਕੱਢ ਦਿਆਂਗਾ। ਫ਼ੇਰ ਤੁਹਾਨੂੰ ਪਤਾ ਲੱਗੇਗਾ ਕਿ ਮੈਂ ਯਹੋਵਾਹ ਹਾਂ! 9 ਅਤੇ ਜੇ ਕੋਈ ਨਬੀ ਗੁਮਰਾਹ ਹੋਇਆ ਹੈ ਤਾਂ ਕਿ ਆਪਣਾ ਖੁਦ ਦਾ ਜਵਾਬ ਦੇ ਦੇਵੇ, ਤਾਂ ਮੈਂ ਉਸ ਨਬੀ ਨੂੰ ਗੁਮਰਾਹ ਕਰਾਂਗਾ। ਮੈਂ ਉਸ ਦੇ ਵਿਰੁੱਧ ਆਪਣੀ ਸ਼ਕਤੀ ਵਰਤਾਂਗਾ। ਮੈਂ ਉਸ ਨੂੰ ਮੇਰੇ ਲੋਕਾਂ, ਇਸਰਾਏਲ ਤਬਾਹ ਕਰ ਦਿਆਂਗਾ। 10 ਇਸ ਲਈ ਦੋਵੇਂ ਜਣੇ, ਜਿਹੜਾ ਬੰਦਾ ਸਲਾਹ ਮੰਗਣ ਆਇਆ ਅਤੇ ਉਹ ਨਬੀ ਜਿਸਨੇ ਜਵਾਬ ਦਿੱਤਾ, ਇੱਕੋ ਜਿਹੀ ਸਜ਼ਾ ਪਾਉਣਗੇ। 11 ਕਿਉਂ ਕਿ ਉਹ ਨਬੀ ਲੋਕਾਂ ਨੂੰ ਮੇਰੇ ਕੋਲੋਂ ਦੂਰ ਕਰਨ ਤੋਂ ਹਟ ਜਾਣ। ਅਤੇ ਇਸ ਲਈ ਕਿ ਮੇਰੇ ਬੰਦੇ ਆਪਣੇ ਪਾਪਾਂ ਨਾਲ ਨਾਪਾਕ ਹੋਣ ਤੋਂ ਹਟ ਜਾਣ। ਫ਼ੇਰ ਉਹ ਮੇਰੇ ਖਾਸ ਬੰਦੇ ਬਣ ਜਾਣਗੇ। ਅਤੇ ਮੈਂ ਉਨ੍ਹਾਂ ਦਾ ਪਰਮੇਸ਼ੁਰ ਹੋਵਾਂਗਾ।’” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
Jerusalem Will Be Punished
12 ਫਿਰ ਯਹੋਵਾਹ ਦਾ ਸ਼ਬਦ ਮੈਨੂੰ ਮਿਲਿਆ ਉਸ ਉੱਤੇ ਉਸ ਨੇ ਆਖਿਆ, 13 “ਆਦਮੀ ਦੇ ਪੁੱਤਰ, ਮੈਂ ਉਸ ਕਿਸੇ ਵੀ ਕੌਮ ਨੂੰ ਸਜ਼ਾ ਦਿਆਂਗਾ ਜਿਹੜੀ ਮੈਨੂੰ ਛੱਡ ਦੇਵੇਗੀ ਅਤੇ ਮੇਰੇ ਖਿਲਾਫ਼ ਪਾਪ ਕਰੇਗੀ ਮੈਂ ਉਨ੍ਹਾਂ ਦੇ ਭੋਜਨ ਦੀ ਪੂਰਤੀ ਰੋਕ ਦਿਆਂਗਾ। ਸ਼ਾਇਦ ਮੈਂ ਭੁੱਖਮਰੀ ਪੈਦਾ ਕਰ ਦਿਆਂ ਅਤੇ ਉਸ ਦੇਸ ਵਿੱਚੋਂ ਬੰਦਿਆਂ ਅਤੇ ਜਾਨਵਰਾਂ ਨੂੰ ਹਟਾ ਦਿਆਂ। 14 ਮੈਂ ਉਸ ਦੇਸ ਨੂੰ ਸਜ਼ਾ ਦਿਆਂਗਾ ਭਾਵੇਂ ਓੱਥੇ ਨੂਹ, ਦਾਨੀਏਲ ਅਤੇ ਅੱਯੂਬ ਰਹਿ ਰਹੇ ਹੁੰਦੇ। ਉਨ੍ਹਾਂ ਆਦਮੀਆਂ ਨੇ ਆਪਣੀ ਧਰਮੀਅਤਾ ਕਾਰਣ ਆਪਣੀਆਂ ਜਾਨਾਂ ਬਚਾ ਲਈਆਂ ਹੋਣੀਆਂ ਸਨ।” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
15 ਪਰਮੇਸ਼ੁਰ ਨੇ ਆਖਿਆ, “ਜਾਂ ਸ਼ਾਇਦ ਮੈਂ ਉਸ ਦੇਸ ਵਿੱਚ ਜੰਗਲੀ ਜਾਨਵਰਾਂ ਨੂੰ ਭੇਜ ਦਿਆਂ। ਅਤੇ ਹੋ ਸੱਕਦਾ ਹੈ ਕਿ ਉਹ ਜਾਨਵਰ ਸਭ ਲੋਕਾਂ ਨੂੰ ਮਾਰ ਦੇਣ। ਉਨ੍ਹਾਂ ਜੰਗਲੀ ਜਾਨਵਰਾਂ ਕਾਰਣ ਕੋਈ ਬੰਦਾ ਵੀ ਉਸ ਦੇਸ ਵਿੱਚੋਂ ਹੋਕੇ ਨਹੀਂ ਲੰਘੇਗਾ। 16 ਜੇ ਨੂਹ, ਦਾਨੀਏਲ ਅਤੇ ਅੱਯੂਬ ਉੱਥੇ ਰਹਿੰਦੇ ਹੁੰਦੇ, (ਤਾਂ ਮੈਂ ਉਨ੍ਹਾਂ ਤਿੰਨ ਨੇਕ ਬੰਦਿਆਂ ਨੂੰ ਬਚਾ ਲੈਣਾ ਸੀ।) ਉਹ ਤਿੰਨ ਬੰਦੇ ਆਪਣੀਆਂ ਜਾਨਾਂ ਬਚਾ ਸੱਕਦੇ ਸਨ। ਪਰ ਮੈਂ ਆਪਣੀ ਜ਼ਿੰਦਗੀ ਦੀ ਸੌਂਹ ਖਾਂਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਬਚਾ ਸੱਕਦੇ ਸਨ-ਆਪਣੇ ਧੀਆਂ ਪੁੱਤਰਾਂ ਦੀਆਂ ਵੀ ਨਹੀਂ! ਉਹ ਬਦੀ ਭਰਿਆ ਦੇਸ਼ ਤਬਾਹ ਹੋ ਜਾਵੇਗਾ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
17 ਪਰਮੇਸ਼ੁਰ ਨੇ ਆਖਿਆ, “ਜਾਂ ਸ਼ਾਇਦ ਮੈਂ ਉਸ ਦੇਸ ਨਾਲ ਲੜਨ ਲਈ ਕੋਈ ਦੁਸ਼ਮਣ ਫ਼ੌਜ ਭੇਜਾਂ। ਉਹ ਫ਼ੌਜੀ ਉਸ ਦੇਸ ਨੂੰ ਤਬਾਹ ਕਰ ਦੇਣਗੇ-ਮੈਂ ਉਸ ਦੇਸ ਵਿੱਚ ਸਾਰੇ ਬੰਦਿਆਂ ਅਤੇ ਜਾਨਵਰਾਂ ਨੂੰ ਦੂਰ ਕਰ ਦਿਆਂਗਾ। 18 ਜੇ ਨੂਹ, ਦਾਨੀਏਲ ਅਤੇ ਅੱਯੂਬ ਓੱਥੇ ਰਹਿੰਦੇ ਹੁੰਦੇ ਤਾਂ ਮੈਂ ਉਨ੍ਹਾਂ ਤਿੰਨ ਨੇਕ ਬੰਦਿਆਂ ਨੂੰ ਬਚਾ ਲੈਂਦਾ। ਉਹ ਤਿੰਨੇ ਬੰਦੇ ਆਪਣੀ ਜਾਨਾਂ ਬਚਾ ਸੱਕਦੇ ਸਨ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸਾਖੀ ਰੱਖਕੇ ਇਕਰਾਰ ਕਰਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜਾਨਾਂ ਨਾ ਬਚਾ ਸੱਕਦੇ-ਆਪਣੇ ਧੀਆਂ ਪੁੱਤਰਾਂ ਦੀਆਂ ਵੀ ਨਹੀਂ! ਉਹ ਮੰਦਾ ਦੇਸ ਤਬਾਹ ਹੋ ਜਾਵੇਗਾ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ।
19 ਪਰਮੇਸ਼ੁਰ ਨੇ ਆਖਿਆ, “ਹੋ ਸੱਕਦਾ ਮੈਂ ਉਸ ਦੇਸ ਦੇ ਵਿਰੁੱਧ ਕੋਈ ਬੀਮਾਰੀ ਭੇਜਾਂ। ਮੈਂ ਉਨ੍ਹਾਂ ਲੋਕਾਂ ਉੱਤੇ ਆਪਣਾ ਕਹਿਰ ਵਰਸਾਵਾਂਗਾ। ਮੈਂ ਉਸ ਦੇਸ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਤਬਾਹ ਕਰ ਦਿਆਂਗਾ। 20 ਜੇ ਨੂਹ, ਦਾਨੀਏਲ ਅਤੇ ਅੱਯੂਬ ਓੱਥੇ ਰਹਿੰਦੇ ਹੁੰਦੇ (ਤਾਂ ਮੈਂ ਉਨ੍ਹਾਂ ਤਿੰਨਾਂ ਬੰਦਿਆਂ ਨੂੰ ਬਚਾ ਲੈਂਦਾ।) ਕਿਉਂ ਕਿ ਉਹ ਨੇਕ ਬੰਦੇ ਹਨ। ਉਹ ਤਿੰਨੇ ਬੰਦੇ ਆਪਣੀਆਂ ਜਾਨਾਂ ਬਚਾ ਲੈਂਦੇ। ਪਰ ਮੈਂ ਆਪਣੀ ਜ਼ਿੰਦਗੀ ਨੂੰ ਸਾਖੀ ਰੱਖਦਾ ਹਾਂ ਕਿ ਉਹ ਹੋਰਨਾਂ ਲੋਕਾਂ ਦੀਆਂ ਜ਼ਿੰਦਗੀਆਂ ਨਹੀਂ ਬਚਾ ਸੱਕਦੇ-ਆਪਣੇ ਪੁੱਤਰਾਂ ਜਾਂ ਧੀਆਂ ਦੀਆਂ ਵੀ ਨਹੀਂ!” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
21 ਫ਼ੇਰ ਯਹੋਵਾਹ ਮੇਰੇ ਪ੍ਰਭੂ ਨੇ ਆਖਿਆ, “ਇਸ ਲਈ ਸੋਚ ਕਿ ਯਰੂਸ਼ਲਮ ਵਿੱਚ ਇਹ ਕਿੰਨੀ ਮਾੜੀ ਗੱਲ ਹੋਵੇਗੀ: ਮੈਂ ਉਸ ਸ਼ਹਿਰ ਦੇ ਖਿਲਾਫ਼ ਉਹ ਚਾਰੇ ਸਜ਼ਾਵਾਂ ਭੇਜਾਂਗਾ! ਮੈਂ ਦੁਸ਼ਮਣ ਫ਼ੌਜੀਆਂ, ਭੁੱਖਮਰੀ, ਬੀਮਾਰੀ ਅਤੇ ਜੰਗਲੀ ਜਾਨਵਰਾਂ ਨੂੰ ਉਸ ਸ਼ਹਿਰ ਦੇ ਖਿਲਾਫ਼ ਭੇਜਾਂਗਾ। ਮੈਂ ਉਸ ਸ਼ਹਿਰ ਵਿੱਚੋਂ ਸਾਰੇ ਲੋਕਾਂ ਅਤੇ ਜਾਨਵਰਾਂ ਨੂੰ ਹਟਾ ਦਿਆਂਗਾ! 22 ਕੁਝ ਲੋਕ ਉਸ ਸ਼ਹਿਰ ਵਿੱਚੋਂ ਬਚਕੇ ਨਿਕਲ ਜਾਣਗੇ! ਉਹ ਆਪਣੇ ਧੀਆਂ ਪੁੱਤਰਾਂ ਨੂੰ ਨਾਲ ਲਿਆਉਣਗੇ ਅਤੇ ਤੇਰੇ ਪਾਸ ਸਹਾਇਤਾ ਲਈ ਆਉਣਗੇ। ਫ਼ੇਰ ਤੂੰ ਦੇਖੇਂਗਾ ਕਿ ਉਹ ਸੱਚ ਮੁੱਚ ਕਿੰਨੇ ਬੁਰੇ ਹਨ। ਅਤੇ ਤੂੰ ਉਨ੍ਹਾਂ ਸਾਰੀਆਂ ਮੁਸੀਬਤਾਂ ਬਾਰੇ ਚੰਗਾ ਮਹਿਸੂਸ ਕਰੇਂਗਾ ਜਿਹੜੀਆਂ ਮੈਂ ਯਰੂਸ਼ਲਮ ਲਈ ਲਿਆਵਾਂਗਾ। 23 ਤੂੰ ਦੇਖੇਂਗਾ ਕਿ ਉਹ ਕਿਵੇਂ ਰਹਿੰਦੇ ਹਨ ਅਤੇ ਕਿਹੜੀਆਂ ਮੰਦੀਆਂ ਗੱਲਾਂ ਕਰਦੇ ਹਨ। ਅਤੇ ਫ਼ੇਰ ਤੂੰ ਜਾਣ ਜਾਵੇਂਗਾ ਕਿ ਮੇਰੇ ਕੋਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦਾ ਚੰਗਾ ਕਾਰਣ ਸੀ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
Jerusalem, the Vine, Will Be Burned
15 ਫ਼ੇਰ ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ, 2 “ਆਦਮੀ ਦੇ ਪੁੱਤਰ, ਕੀ ਅੰਗੂਰ ਦੀਆਂ ਵੇਲਾਂ ਦੀ ਲੱਕੜੀ ਦੇ ਟੁਕੜੇ ਕਿਸੇ ਤਰ੍ਹਾਂ ਜੰਗਲ ਦੇ ਰੁੱਖਾਂ ਦੀਆਂ ਕੱਟੀਆਂ ਹੋਈਆਂ ਛੋਟੀਆਂ ਟਾਹਣੀਆਂ ਨਾਲੋਂ ਬਿਹਤਰ ਹੁੰਦੇ ਹਨ? ਨਹੀਂ! 3 ਕੀ ਤੂੰ ਉਸ ਅੰਗੂਰ ਦੀ ਵੇਲ ਦੀ ਲੱਕੜੀ ਨੂੰ ਕੋਈ ਚੀਜ਼ ਬਨਾਉਣ ਲਈ ਵਰਤ ਸੱਕਦਾ ਹੈਂ? ਨਹੀਂ! ਕੀ ਤੂੰ ਉਸ ਲੱਕੜੀ ਦੀਆਂ ਭਾਂਡੇ ਟੰਗਣ ਵਾਲੀਆਂ ਕੀਲੀਆਂ ਬਣਾ ਸੱਕਦਾ ਹੈਂ? ਨਹੀਂ! 4 ਲੋਕ ਸਿਰਫ਼ ਉਸ ਲੱਕੜੀ ਨੂੰ ਅੱਗ ਵਿੱਚ ਸੁੱਟਦੇ ਹਨ। ਕੁਝ ਸੋਟੀਆਂ ਸਿਰਿਆਂ ਤੋਂ ਬਲਣੀਆਂ ਸ਼ੁਰੂ ਹੋ ਜਾਂਦੀਆਂ ਹਨ, ਵਿੱਚਕਾਰਲੇ ਹਿੱਸੇ ਅੱਗ ਨਾਲ ਕਾਲੇ ਹੋ ਜਾਂਦੇ ਹਨ, ਪਰ ਸੋਟੀਆਂ ਪੂਰੀ ਤਰ੍ਹਾਂ ਸੜਦੀਆਂ ਨਹੀਂ ਕੀ ਤੂੰ ਉਸ ਸੜੀ ਹੋਈ ਸੋਟੀ ਤੋਂ ਕੋਈ ਚੀਜ਼ ਬਣਾ ਸੱਕਦਾ ਹੈਂ? 5 ਜੇ ਤੂੰ ਉਸ ਲੱਕੜੀ ਦੇ ਸੜਨ ਤੋਂ ਪਹਿਲਾਂ ਕੋਈ ਚੀਜ਼ ਨਹੀਂ ਬਣਾ ਸੱਕਦਾ ਤਾਂ ਅਵੱਸ਼ ਹੀ ਉਸ ਸੜੀ ਹੋਈ ਸੋਟੀ ਤੋਂ ਵੀ ਕੋਈ ਚੀਜ਼ ਨਹੀਂ ਬਣਾ ਸੱਕੇਂਗਾ! 6 ਇਸ ਲਈ ਅੰਗੂਰ ਦੀਆਂ ਵੇਲਾਂ ਦੇ ਲੱਕੜ ਦੇ ਟੋਟੇ ਜੰਗਲ ਦੇ ਰੁੱਖਾਂ ਦੇ ਹੋਰ ਟੁਕੜਿਆਂ ਵਰਗੇ ਹੀ ਹਨ। ਲੋਕੀ ਲੱਕੜੀ ਦੇ ਟੁਕੜਿਆਂ ਨੂੰ ਅੱਗ ਵਿੱਚ ਸੁੱਟਦੇ ਹਨ। ਅਤੇ ਅੱਗ ਉਨ੍ਹਾਂ ਨੂੰ ਪੂਰੀ ਤਰ੍ਹਾਂ ਸਾੜ ਦਿੰਦੀ ਹੈ। ਓਸੇ ਤਰ੍ਹਾਂ ਮੈਂ ਯਰੂਸ਼ਲਮ ਦੇ ਰਹਿਣ ਵਾਲੇ ਲੋਕਾਂ ਨੂੰ ਅੱਗ ਵਿੱਚ ਸੁੱਟ ਦਿਆਂਗਾ!” ਯਹੋਵਾਹ ਮੇਰਾ ਪ੍ਰਭੂ ਨੇ ਇਹ ਗੱਲਾਂ ਆਖੀਆਂ। 7 “ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ। ਹੋ ਸੱਕਦਾ ਕੁਝ ਅੱਗ ਤੋਂ ਬਚ ਨਿਕਲਣ, ਪਰ ਤਾਂ ਵੀ ਅੱਗ ਉਨ੍ਹਾਂ ਨੂੰ ਨਸ਼ਟ ਕਰ ਦੇਵੇਗੀ। ਤੂੰ ਜਾਣ ਲਵੇਂਗਾ ਕਿ ਮੈਂ ਯਹੋਵਾਹ ਹਾਂ ਜਦੋਂ ਤੂੰ ਵੇਖੇਂਗਾ ਕਿ ਮੈਂ ਉਨ੍ਹਾਂ ਨੂੰ ਕਿਵੇਂ ਸਜ਼ਾ ਦਿੱਤੀ ਹੈ। 8 ਮੈਂ ਉਸ ਦੇਸ ਨੂੰ ਤਬਾਹ ਕਰ ਦਿਆਂਗਾ ਕਿਉਂ ਕਿ ਲੋਕਾਂ ਨੇ ਮੈਨੂੰ ਛੱਡ ਦਿੱਤਾ ਹੈ ਝੂਠੇ ਦੇਵਤਿਆਂ ਦੀ ਉਪਾਸਨਾ ਕਰਨ ਲਈ।” ਯਹੋਵਾਹ ਮੇਰੇ ਪ੍ਰਭੂ ਨੇ ਇਹ ਗੱਲਾਂ ਆਖੀਆਂ।
ਸਮੂਹ ਲੋਕਾਂ ਨੂੰ ਪ੍ਰੇਮ ਕਰੋ
2 ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਤੁਹਾਨੂੰ ਮਹਾਨ ਪ੍ਰਭੂ ਯਿਸੂ ਮਸੀਹ ਵਿੱਚ ਵਿਸ਼ਵਾਸ ਹੈ। ਇਸ ਲਈ ਇਹ ਨਾ ਸੋਚੋ ਕਿ ਕੁਝ ਲੋਕ ਦੂਸਰੇ ਲੋਕਾਂ ਨਾਲੋਂ ਜ਼ਿਆਦਾ ਮਹੱਤਵਪੂਰਣ ਹਨ। 2 ਫ਼ਰਜ਼ ਕਰੋ ਕਿ ਕੋਈ ਵਿਅਕਤੀ ਚੰਗੇ ਕੱਪੜੇ ਅਤੇ ਇੱਕ ਸੋਨੇ ਦੀ ਮੁੰਦਰੀ ਪਾਕੇ ਤੁਹਾਡੀ ਸੰਗਤ ਵਿੱਚ ਆਉਂਦਾ ਹੈ। ਉਸੇ ਸਮੇਂ ਹੀ, ਇੱਕ ਗਰੀਬ ਆਦਮੀ ਵੀ ਪੁਰਾਣੇ ਗੰਦੇ ਕੱਪੜੇ ਪਾਕੇ ਆਉਂਦਾ ਹੈ। 3 ਤੁਸੀਂ ਚੰਗੇ ਕੱਪੜਿਆਂ ਵਾਲੇ ਵਿਅਕਤੀ ਵੱਲ ਖਾਸ ਧਿਆਨ ਦਿੰਦੇ ਹੋ। ਤੁਸੀਂ ਆਖਦੇ ਹੋ, “ਆਓ ਇੱਥੇ ਇਸ ਚੰਗੀ ਥਾਂ ਤੇ ਬੈਠੋ?” ਪਰ ਤੁਸੀਂ ਗਰੀਬ ਵਿਅਕਤੀ ਨੂੰ ਕਹੋਂਗੇ, “ਜਾ ਉੱਥੇ ਖੜ੍ਹਾ ਹੋ ਜਾ।” ਜਾਂ “ਥੱਲੇ ਫ਼ਰਸ਼ ਤੇ ਮੇਰੇ ਪੈਰਾਂ ਕੋਲ ਬੈਠ ਜਾ।” 4 ਤੁਸੀਂ ਕੀ ਕਰ ਰਹੇ ਹੋ? ਤੁਸੀਂ ਕੁਝ ਲੋਕਾਂ ਨੂੰ ਹੋਰਨਾਂ ਨਾਲੋਂ ਵੱਧੇਰੇ ਮਹੱਤਵਪੂਰਣ ਬਣਾ ਰਹੇ ਹੋ। ਮੰਦੇ ਵਿੱਚਾਰਾਂ ਨਾਲ ਤੁਸੀਂ ਇਹ ਨਿਆਂ ਕਰ ਰਹੇ ਹੋ ਕਿ ਕਿਹੜਾ ਵਿਅਕਤੀ ਬਿਹਤਰ ਹੈ।
5 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ। 6 ਪਰ ਤੁਸੀਂ ਗਰੀਬ ਆਦਮੀ ਨੂੰ ਕੋਈ ਆਦਰ ਮਾਣ ਨਹੀਂ ਦਿੰਦੇ। ਅਤੇ ਤੁਸੀਂ ਜਾਣਦੇ ਹੋ ਕਿ ਅਮੀਰ ਆਦਮੀ ਹੀ ਹਨ ਜਿਹੜੇ ਤੁਹਾਡੀਆਂ ਜ਼ਿੰਦਗੀਆਂ ਉੱਤੇ ਨਿਯੰਤ੍ਰਣ ਕਰਦੇ ਹਨ। ਤੇ ਇਹ ਉਹੀ ਲੋਕ ਹਨ ਜਿਹੜੇ ਤੁਹਾਨੂੰ ਕਚਿਹਰੀਆਂ ਵਿੱਚ ਲੈ ਜਾਂਦੇ ਹਨ। 7 ਅਮੀਰ ਲੋਕ ਹੀ ਹਨ ਜਿਹੜੇ ਉਸ ਇੱਕ ਦੇ ਸ਼ੁਭ ਨਾਂ ਦੇ ਵਿਰੁੱਧ ਬੋਲਦੇ ਹਨ ਜਿਹੜਾ ਤੁਹਾਡਾ ਮਾਲਕ ਹੈ।
8 ਸਭ ਨੇਮਾਂ ਦੇ ਉੱਪਰ ਇੱਕੋ ਹੀ ਨੇਮ ਦੀ ਸਰਦਾਰੀ ਹੈ। ਇਹ ਸ਼ਾਹੀ ਨੇਮ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਹੋਰਨਾਂ ਲੋਕਾਂ ਨੂੰ ਵੀ ਉਵੇਂ ਪਿਆਰ ਕਰੋ ਜਿਵੇਂ ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋਂ।” [a] ਜੇ ਤੁਸੀਂ ਇਸ ਨੇਮ ਦਾ ਅਨੁਸਰਣ ਕਰੋਂਗੇ, ਤੁਸੀਂ ਸਹੀ ਗੱਲ ਕਰ ਰਹੇ ਹੋਂ। 9 ਪਰ ਜੇ ਤੁਸੀਂ ਇੱਕ ਵਿਅਕਤੀ ਨਾਲ ਇਸ ਤਰ੍ਹਾਂ ਦਾ ਵਰਤਾਉ ਕਰ ਰਹੇ ਹੋ ਜਿਵੇਂ ਉਹ ਦੂਸਰੇ ਵਿਅਕਤੀ ਨਾਲੋਂ ਵੱਧੇਰੇ ਮਹੱਤਵਪੂਰਣ ਹੈ ਤਾਂ ਤੁਸੀਂ ਪਾਪ ਕਰ ਰਹੇ ਹੋ। ਸ਼ਾਹੀ ਨੇਮ ਸਾਬਤ ਕਰਦਾ ਹੈ ਕਿ ਤੁਸੀਂ ਪਰਮੇਸ਼ੁਰ ਦੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।
10 ਹੋ ਸੱਕਦਾ ਹੈ ਭਾਵੇਂ ਕੋਈ ਵਿਅਕਤੀ ਪਰਮੇਸ਼ੁਰ ਦੇ ਸਾਰੇ ਨੇਮਾਂ ਦੇ ਹੁਕਮਾਂ ਦਾ ਅਨੁਸਰਣ ਕਰਦਾ ਹੋਵੇ। ਪਰ ਜੇ ਉਹ ਵਿਅਕਤੀ ਉਸ ਨੇਮ ਦੇ ਸਿਰਫ਼ ਇੱਕ ਆਦੇਸ਼ ਦਾ ਵੀ ਅਵੱਗਿਆਕਾਰੀ ਹੈ ਤਾਂ ਉਹ ਪੂਰੇ ਨੇਮ ਦੀ ਅਵੱਗਿਆ ਕਰਨ ਦਾ ਦੋਸ਼ੀ ਹੋਵੇਗਾ। 11 ਪਰਮੇਸ਼ੁਰ ਨੇ ਆਖਿਆ ਹੈ, “ਬਦਕਾਰੀ ਦਾ ਪਾਪ ਨਾ ਕਰੋ।” [b] ਉਸੇ ਪਰਮੇਸ਼ੁਰ ਨੇ ਇਹ ਵੀ ਆਖਿਆ, “ਕਿਸੇ ਨੂੰ ਨਾ ਮਾਰੋ।” [c] ਇਸੇ ਲਈ, ਜੇ ਤੁਸੀਂ ਵਿੱਭਚਾਰ ਦਾ ਗੁਨਾਹ ਨਾ ਕਰੋ, ਪਰ ਕਿਸੇ ਵਿਅਕਤੀ ਨੂੰ ਮਾਰ ਦਿਉਂ, ਫ਼ੇਰ ਤੁਸੀਂ ਪਰਮੇਸ਼ੁਰ ਦੇ ਪੂਰੇ ਨੇਮ ਦਾ ਉਲੰਘਣ ਕਰਨ ਦੇ ਦੋਸ਼ੀ ਹੋ।
12 ਤੁਹਾਡੀ ਪਰੱਖ ਉਸ ਨੇਮ ਦੇ ਆਧਾਰ ਤੇ ਹੋਵੇਗੀ ਜਿਹੜਾ ਲੋਕਾਂ ਨੂੰ ਮੁਕਤ ਕਰਦਾ ਹੈ। ਆਪਣੀ ਹਰ ਕਹਿਣੀ ਅਤੇ ਕਰਨੀ ਵਿੱਚ ਤੁਸੀਂ ਇਸ ਗੱਲ ਨੂੰ ਚੇਤੇ ਰੱਖੋ। 13 ਹਾਂ, ਤੁਹਾਨੂੰ ਦੂਸਰਿਆਂ ਤੇ ਦਯਾ ਦਰਸ਼ਾਉਣੀ ਚਾਹੀਦੀ ਹੈ। ਜੇ ਤੁਸੀਂ ਦੂਸਰਿਆਂ ਤੇ ਦਯਾ ਨਹੀਂ ਦਰਸ਼ਾਵੋਂਗੇ, ਤਾਂ ਪਰਮੇਸ਼ੁਰ ਵੀ ਤੁਹਾਡੇ ਤੇ ਦਯਾ ਨਹੀਂ ਦਰਸ਼ਾਵੇਗਾ ਜਦੋਂ ਉਹ ਤੁਹਾਡਾ ਨਿਆਂ ਕਰੇਗਾ। ਪਰ ਇੱਕ ਜਿਹੜਾ ਦਯਾ ਦਰਸ਼ਾਉਂਦਾ ਹੈ ਉਹ ਉਦੋਂ ਨਿਡਰ ਹੋਕੇ ਖਲੋ ਸੱਕਦਾ ਹੈ ਜਦੋਂ ਉਸਦਾ ਨਿਆਂ ਕੀਤਾ ਜਾ ਰਿਹਾ ਹੋਵੇਗਾ।
ਨਿਹਚਾ ਅਤੇ ਚੰਗਿਆਈਆਂ
14 ਮੇਰੇ ਭਰਾਵੋ ਅਤੇ ਭੈਣੋ ਜੇ ਕੋਈ ਵਿਅਕਤੀ ਇਹ ਆਖਦਾ ਹੈ ਕਿ ਉਸ ਦੇ ਕੋਲ ਨਿਹਚਾ ਹੈ ਪਰ ਅਮਲ ਨਹੀਂ ਕਰਦਾ ਤਾਂ ਉਸਦੀ ਨਿਹਚਾ ਨਿਕਾਰਥਕ ਹੈ। ਕੀ ਇਹੋ ਜਿਹੀ ਨਿਹਚਾ ਉਸ ਨੂੰ ਬਚਾ ਸੱਕਦੀ ਹੈ? ਨਹੀਂ। 15 ਮਸੀਹ ਵਿੱਚ ਕੁਝ ਭਰਾ ਜਾਂ ਭੈਣ ਸ਼ਾਇਦ ਉਸ ਦਿਨ ਲਈ ਕੱਪੜੇ ਅਤੇ ਰੋਟੀ ਦੇ ਲੋੜਵੰਦ ਹੋਣ। 16 ਪਰ ਤੁਸੀਂ ਉਸ ਵਿਅਕਤੀ ਨੂੰ ਆਖੋ, “ਪਰਮੇਸ਼ੁਰ ਤੁਹਾਡੇ ਅੰਗ ਸੰਗ ਹੋਵੇ। ਆਪਣੇ ਆਪ ਨੂੰ ਗਰਮਾਓ ਅਤੇ ਚੋਖਾ ਖਾਓ।” ਤੁਸੀਂ ਸਿਰਫ਼ ਇਹੀ ਗੱਲਾਂ ਆਖਦੇ ਹੋ ਪਰ ਤੁਸੀਂ ਉਸ ਵਿਅਕਤੀ ਨੂੰ ਉਹ ਚੀਜ਼ਾਂ ਨਹੀਂ ਦਿੰਦੇ ਜੋ ਉਸ ਨੂੰ ਲੋੜੀਂਦੀਆਂ ਹਨ। ਜੇ ਤੁਸੀਂ ਉਸ ਵਿਅਕਤੀ ਦੀ ਸਹਾਇਤਾ ਨਹੀਂ ਕਰਦੇ, ਤਾਂ ਇਸਦਾ ਕੀ ਫ਼ਾਇਦਾ ਹੈ। 17 ਨਿਹਚਾ ਦੇ ਨਾਲ ਵੀ ਇਹੀ ਹੈ। ਜੇ ਨਿਹਚਾ ਕੁਝ ਨਹੀਂ ਸੰਵਾਰਦੀ ਤਾਂ ਉਹ ਨਿਹਚਾ ਨਿਰਜੀਵ ਹੈ ਕਿਉਂਕਿ ਉਹ ਇੱਕਲੀ ਹੈ।
18 ਕੋਈ ਵਿਅਕਤੀ ਸ਼ਾਇਦ ਇਹ ਆਖੇ, “ਤੂੰ ਨਿਹਚਾ ਰੱਖਦਾ ਹੈ, ਪਰ ਮੈਂ ਕੰਮ ਕਰਦਾ ਹਾਂ।” ਮੈਨੂੰ ਆਪਣੀ ਨਿਹਚਾ ਦਿਖਾ। ਤੇਰੀ ਨਿਹਚਾ ਕੁਝ ਵੀ ਨਹੀਂ ਕਰਦੀ। ਮੈਂ ਆਪਣੇ ਅਮਲਾਂ ਰਾਹੀਂ ਤੈਨੂੰ ਆਪਣੀ ਨਿਹਚਾ ਦਿਖਾਵਾਂਗਾ। 19 ਤੁਸੀਂ ਨਿਹਚਾ ਕਰਦੇ ਹੋ ਕਿ ਪਰਮੇਸ਼ੁਰ ਇੱਕ ਹੈ। ਠੀਕ ਹੈ। ਪਰ ਭੂਤਾਂ ਵੀ ਇਹ ਵਿਸ਼ਵਾਸ ਕਰਦੀਆਂ ਹਨ ਅਤੇ ਡਰ ਨਾਲ ਕੰਬਦੀਆਂ ਹਨ।
20 ਓ ਮੂਰਖ ਵਿਅਕਤੀ। ਕੀ ਤੈਨੂੰ ਇਹ ਅਵਸ਼ ਦਰਸ਼ਾਉਣਾ ਪਵੇਗਾ ਕਿ ਜਿਹੜੀ ਨਿਹਚਾ ਕੁਝ ਵੀ ਨਹੀਂ ਕਰਦੀ ਉਹ ਨਿਕੰਮੀ ਹੈ? 21 ਅਬਰਾਹਾਮ ਸਾਡਾ ਪਿਤਾ ਸੀ। ਅਬਰਾਹਾਮ ਨੂੰ ਧਰਮੀ ਉਸ ਦੇ ਅਮਲ ਰਾਹੀਂ ਬਣਾਇਆ ਗਿਆ ਸੀ। ਉਸ ਨੇ ਜਗਵੇਦੀ ਉੱਪਰ ਪਰਮੇਸ਼ੁਰ ਨੂੰ ਆਪਣਾ ਪੁੱਤਰ ਇਸਹਾਕ ਭੇਂਟ ਕੀਤਾ। 22 ਇਸ ਲਈ ਤੁਸੀਂ ਸਮਝ ਲਵੋ ਕਿ ਅਬਰਾਹਾਮ ਦੀ ਨਿਹਚਾ ਅਤੇ ਉਸ ਦੇ ਅਮਲਾਂ ਨੇ ਇੱਕ ਸਾਥ ਕਾਰਜ ਕੀਤਾ। ਉਸ ਦੀ ਨਿਹਚਾ ਨੂੰ ਉਸ ਦੇ ਅਮਲਾਂ ਰਾਹੀਂ ਸੰਪੂਰਣ ਬਣਾਇਆ ਗਿਆ। 23 ਹਰ ਗੱਲ ਤੋਂ ਪੋਥੀ ਦਾ ਪੂਰਾ ਅਰਥ ਸਪੱਸ਼ਟ ਹੁੰਦਾ ਹੈ ਜਿਹੜੀ ਆਖਦੀ ਹੈ, “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ। ਅਤੇ ਇਸ ਨਿਹਚਾ ਨੇ ਅਬਰਾਹਾਮ ਨੂੰ ਧਰਮੀ ਬਣਾਇਆ।” [d] ਅਬਰਾਹਾਮ ਨੂੰ “ਪਰਮੇਸ਼ੁਰ ਦਾ ਮਿੱਤਰ” [e] ਆਖਿਆ ਜਾਂਦਾ ਸੀ। 24 ਇਸ ਲਈ ਤੁਸੀਂ ਦੇਖਦੇ ਹੋ ਕਿ ਕਿਸੇ ਵਿਅਕਤੀ ਨੂੰ ਉਸ ਦੇ ਅਮਲਾਂ ਰਾਹੀਂ ਤਾਂ ਧਰਮੀ ਬਣਾਇਆ ਜਾ ਸੱਕਦਾ ਹੈ ਪਰ ਉਸ ਨੂੰ ਸਿਰਫ਼ ਨਿਹਚਾ ਰਾਹੀਂ ਧਰਮੀ ਨਹੀਂ ਬਣਾਇਆ ਜਾ ਸੱਕਦਾ।
25 ਦੂਸਰੀ ਮਿਸਾਲ ਰਹਾਬ ਦੀ ਹੈ। ਰਹਾਬ ਇੱਕ ਵੇਸ਼ਵਾ ਸੀ, ਪਰ ਉਸ ਨੂੰ ਉਸ ਦੇ ਅਮਲ ਰਾਹੀਂ ਧਰਮੀ ਬਣਾਇਆ ਗਿਆ। ਉਸ ਨੇ ਪਰਮੇਸ਼ੁਰ ਦੇ ਲੋਕਾਂ ਲਈ ਸੂਹੀਆਂ ਦੀ ਸਹਾਇਤਾ ਕੀਤੀ। ਉਸ ਨੇ ਉਨ੍ਹਾਂ ਦਾ ਸਵਾਗਤ ਆਪਣੇ ਮਹਿਮਾਨਾਂ ਵਾਂਗ ਕੀਤਾ ਅਤੇ ਇੱਕ ਵੱਖਰੇ ਰਸਤੇ ਦੁਆਰਾ ਉਨ੍ਹਾਂ ਦੀ ਬਚ ਨਿਕਲਣ ਵਿੱਚ ਸਹਾਇਤਾ ਕੀਤੀ। [f]
26 ਆਤਮਾ ਤੋਂ ਬਿਨਾ ਵਿਅਕਤੀ ਦਾ ਸਰੀਰ ਇੱਕ ਲੋਥ ਹੈ। ਨਿਹਚਾ ਬਾਰੇ ਵੀ ਇਵੇਂ ਹੀ ਹੈ ਜਿਹੜਾ ਨਿਹਚਾ ਨਹੀਂ ਕਰਦਾ ਉਹ ਮੁਰਦਾ ਹੈ।
2010 by World Bible Translation Center