Old/New Testament
ਮੰਦੇ ਲੋਕਾਂ ਨੂੰ ਆਪਣੇ ਜੀਵਨ ਬਦਲਣੇ ਚਾਹੀਦੇ ਹਨ
59 ਦੇਖੋ, ਯਹੋਵਾਹ ਵਿੱਚ ਤੁਹਾਨੂੰ ਬਚਾਉਣ ਲਈ ਕਾਫ਼ੀ ਤਾਕਤ ਹੈ। ਜਦੋਂ ਤੁਸੀਂ ਉਸਤੋਂ ਸਹਾਇਤਾ ਮੰਗਦੇ ਹੋ ਉਹ ਤੁਹਾਡੀ ਗੱਲ ਸੁਣ ਸੱਕਦਾ ਹੈ। 2 ਪਰ ਤੁਹਾਡੇ ਪਾਪ ਤੁਹਾਨੂੰ ਤੁਹਾਡੇ ਪਰਮੇਸ਼ੁਰ ਕੋਲੋਂ ਦੂਰ ਰੱਖਦੇ ਹਨ। ਯਹੋਵਾਹ ਤੁਹਾਡੇ ਪਾਪ ਨੂੰ ਦੇਖਦਾ ਹੈ, ਅਤੇ ਉਹ ਤੁਹਾਡੇ ਕੋਲੋਂ ਮੂੰਹ ਮੋੜ ਲੈਂਦਾ ਹੈ। 3 ਤੁਹਾਡੇ ਹੱਥ ਨਾਪਾਕ ਹਨ: ਉਹ ਖੂਨ ਨਾਲ ਰਂਗੇ ਹੋਏ ਹਨ। ਤੁਹਾਡੀਆਂ ਉਂਗਲਾਂ ਪਾਪ ਨਾਲ ਲਿਬੜੀਆਂ ਹੋਈਆਂ ਹਨ। ਤੁਸੀਂ ਆਪਣੇ ਮੂੰਹ ਨਾਲ ਝੂਠ ਬੋਲਦੇ ਹੋ। ਤੁਹਾਡੀ ਜ਼ਬਾਨ ਮੰਦਾ ਬੋਲਦੀ ਹੈ। 4 ਕੋਈ ਵੀ ਬੰਦਾ ਹੋਰਾਂ ਲੋਕਾਂ ਬਾਰੇ ਸੱਚ ਨਹੀਂ ਬੋਲਦਾ। ਲੋਕ ਅਜਿਹੇ ਲੋਕਾਂ ਉੱਪਰ ਕਚਿਹਰੀ ਵਿੱਚ ਮੁਕੱਦਮਾ ਕਰਦੇ ਹਨ, ਅਤੇ ਉਹ ਆਪਣਾ ਮੁਕੱਦਮਾ ਜਿੱਤਣ ਲਈ ਝੂਠੀਆਂ ਦਲੀਲਾਂ ਦਾ ਸਹਾਰਾ ਲੈਂਦੇ ਹਨ। ਉਹ ਇੱਕ ਦੂਜੇ ਬਾਰੇ ਝੂਠ ਬੋਲਦੇ ਹਨ। ਉਹ ਮੁਸੀਬਤ ਨਾਲ ਭਰੇ ਹੋਏ ਹਨ ਅਤੇ ਬਦੀ ਨੂੰ ਜਨਮ ਦਿੰਦੇ ਹਨ। 5 ਉਹ (ਬਦੀ ਵਾਂਗ) ਜ਼ਹਿਰੀਲੇ ਸੱਪਾਂ ਦੇ ਅੰਡਿਆਂ ਨੂੰ ਸੇਕਦੇ ਹਨ। ਜੇ ਕਿਧਰੇ ਤੁਸੀਂ ਅਜਿਹਾ ਇੱਕ ਵੀ ਅੰਡਾ ਖਾ ਲਵੋ ਤਾਂ ਮਰ ਜਾਓਗੇ। ਅਤੇ ਜੇ ਕਿਤੇ ਤੁਸੀਂ ਉਨ੍ਹਾਂ ਵਿੱਚੋਂ ਕਿਸੇ ਇੱਕ ਅੰਡੇ ਨੂੰ ਤੋਂੜੋਗੇ ਤਾਂ ਉਸ ਵਿੱਚੋਂ ਜ਼ਹਿਰੀਲਾ ਸੱਪ ਬਾਹਰ ਨਿਕਲ ਆਵੇਗਾ।
ਉਹ ਝੂਠ, ਜਿਹੜੇ ਝੂਠ ਲੋਕ ਬੋਲਦੇ ਹਨ, ਮਕੱੜੀ ਦੇ ਜਾਲਿਆਂ ਵਰਗੇ ਹਨ। 6 ਇਨ੍ਹਾਂ ਮਕੱੜੀ ਜਾਲਾਂ ਦੇ ਕੱਪੜੇ ਨਹੀਂ ਬਣਾਏ ਜਾ ਸੱਕਦੇ। ਤੁਸੀਂ ਇਨ੍ਹਾਂ ਜਾਲਾਂ ਨਾਲ ਆਪਣੇ ਆਪ ਨੂੰ ਕੱਜ ਨਹੀਂ ਸੱਕਦੇ।
ਕੁਝ ਲੋਕ ਮੰਦੇ ਕੰਮ ਕਰਦੇ ਹਨ ਅਤੇ ਆਪਣੇ ਹੱਥਾਂ ਦਾ ਇਸਤੇਮਾਲ ਦੂਜਿਆਂ ਨੂੰ ਦੁੱਖ ਦੇਣ ਲਈ ਕਰਦੇ ਹਨ। 7 ਉਹ ਲੋਕ ਆਪਣੇ ਪੈਰਾਂ ਦਾ ਇਸਤੇਮਾਲ ਬਦੀ ਵੱਲ ਭੱਜਣ ਲਈ ਕਰਦੇ ਹਨ। ਉਹ ਉਨ੍ਹਾਂ ਲੋਕਾਂ ਨੂੰ ਮਾਰਨ ਲਈ ਦੌੜਦੇ ਹਨ ਜਿਨ੍ਹਾਂ ਨੇ ਕੁਝ ਵੀ ਗ਼ਲਤ ਨਹੀਂ ਕੀਤਾ ਹੁੰਦਾ। ਉਹ ਮੰਦੀਆਂ ਸੋਚਾਂ ਸੋਚਦੇ ਹਨ। ਦਂਗਾ ਅਤੇ ਚੋਰੀ ਉਨ੍ਹਾਂ ਦਾ ਜੀਵਨ-ਢੰਗ ਹੁੰਦਾ ਹੈ। 8 ਉਹ ਲੋਕ ਅਮਨ ਦਾ ਰਸਤਾ ਨਹੀਂ ਜਾਣਦੇ। ਉਹ ਲੋਕ ਨਿਰਪੱਖ ਨਹੀਂ ਹੁੰਦੇ। ਉਹ ਬਹੁਤ ਛਲ ਕਪਟ ਵਾਲੀ ਜ਼ਿੰਦਗੀ ਜਿਉਂਦੇ ਹਨ। ਅਤੇ ਉਹ ਲੋਕ ਜਿਹੜੇ ਉਨ੍ਹਾਂ ਦੀ ਤਰ੍ਹਾਂ ਜਿਉਂਦੇ ਹਨ ਉਨ੍ਹਾਂ ਨੂੰ ਕਦੇ ਵੀ ਆਪਣੀ ਜ਼ਿੰਦਗੀ ਵਿੱਚ ਸ਼ਾਂਤੀ ਨਹੀਂ ਮਿਲਦੀ।
ਇਸਰਾਏਲ ਦਾ ਪਾਪ ਮੁਸੀਬਤ ਲਿਆਉਂਦਾ ਹੈ
9 ਸਾਰੀ ਨੇਕੀ ਅਤੇ ਨਿਰਪੱਖਤਾ ਖਤਮ ਹੋ ਗਈ ਹੈ।
ਸਾਡੇ ਨਜ਼ਦੀਕ ਸਿਰਫ਼ ਹਨੇਰਾ ਹੈ,
ਇਸ ਲਈ ਸਾਨੂੰ ਰੌਸ਼ਨੀ ਦਾ ਇੰਤਜ਼ਾਰ ਕਰਨਾ ਪਵੇਗਾ।
ਅਸੀਂ ਤੇਜ਼ ਰੌਸ਼ਨੀ ਦੀ ਆਸ ਰੱਖਦੇ ਹਾਂ
ਪਰ ਸਾਨੂੰ ਸਿਰਫ਼ ਹਨੇਰਾ ਮਿਲਦਾ ਹੈ।
10 ਅਸੀਂ ਨੇਤਰਹੀਣ ਬੰਦਿਆਂ ਵਰਗੇ ਹਾਂ।
ਅਸੀਂ ਇਨ੍ਹਾਂ ਕੰਧਾਂ ਨਾਲ ਅੰਨ੍ਹਿਆਂ ਵਾਂਗ ਠੋਕਰਾਂ ਖਾਂਦੇ ਹਾਂ।
ਅਸੀਂ ਡਿੱਗਦੇ-ਢਹਿਂਦੇ ਫ਼ਿਰਦੇ ਹਾਂ ਜਿਵੇਂ ਰਾਤ ਹੋਵੇ।
ਦਿਨ ਦੇ ਚਾਨਣ ਵਿੱਚ ਵੀ ਅਸੀਂ ਨਹੀਂ ਦੇਖ ਸੱਕਦੇ।
ਦੁਪਿਹਰ ਵੇਲੇ ਵੀ ਅਸੀਂ ਮੁਰਦਿਆਂ ਵਾਂਗ ਡਿੱਗ ਪੈਂਦੇ ਹਾਂ।
11 ਅਸੀਂ ਸਾਰੇ ਬਹੁਤ ਉਦਾਸ ਹਾਂ,
ਅਸੀਂ ਘੁੱਗੀ ਅਤੇ ਰਿੱਛਾਂ ਵਾਂਗ ਉਦਾਸ ਅਵਾਜ਼ਾਂ ਕੱਢ ਰਹੇ ਹਾਂ।
ਅਸੀਂ ਉਸ ਸਮੇਂ ਦਾ ਇੰਤਜ਼ਾਰ ਕਰ ਰਹੇ ਹਾਂ ਜਦੋਂ ਸਾਰੇ ਲੋਕੀਂ ਨਿਰਪੱਖ ਹੋਣਗੇ।
ਪਰ ਇੱਥੇ ਹਾਲੇ ਨਿਰਪੱਖਤਾ ਨਹੀਂ।
ਅਸੀਂ ਬਚਾਏ ਜਾਣ ਦਾ ਇੰਤਜ਼ਾਰ ਕਰ ਰਹੇ ਹਾਂ
ਪਰ ਮੁਕਤੀ ਹਾਲੇ ਤੱਕ ਬਹੁਤ ਦੂਰ ਹੈ।
12 ਕਿਉਂ ਕਿ ਅਸੀਂ ਆਪਣੇ ਪਰਮੇਸ਼ੁਰ ਦੇ ਖਿਲਾਫ਼ ਕਈ ਮੰਦੀਆਂ ਗੱਲਾਂ ਕੀਤੀਆਂ ਹਨ।
ਸਾਡੇ ਪਾਪ ਦਰਸਾਉਂਦੇ ਨੇ ਕਿ ਅਸੀਂ ਗ਼ਲਤ ਹਾਂ।
ਅਸੀਂ ਜਾਣਦੇ ਹਾਂ ਕਿ
ਅਸੀਂ ਇਹ ਗੱਲਾਂ ਕਰਨ ਦੇ ਦੋਸ਼ੀ ਹਾਂ।
13 ਅਸੀਂ ਪਾਪ ਕੀਤੇ ਅਤੇ
ਯਹੋਵਾਹ ਦੇ ਖਿਲਾਫ਼ ਹੋ ਗਏ ਸਾਂ।
ਅਸੀਂ ਉਸ ਕੋਲੋਂ ਮੋੜ ਲਿਆ ਸੀ
ਅਤੇ ਉਸ ਨੂੰ ਛੱਡ ਦਿੱਤਾ ਸੀ।
ਅਸੀਂ ਬਦੀ ਦੀਆਂ ਯੋਜਨਾਵਾਂ ਬਣਾਈਆਂ।
ਅਸੀਂ ਉਨ੍ਹਾਂ ਗੱਲਾਂ ਦੀਆਂ ਯੋਜਨਾਵਾਂ ਬਣਾਈਆਂ ਜੋ ਪਰਮੇਸ਼ੁਰ ਦੇ ਵਿਰੁੱਧ ਨੇ।
ਅਸੀਂ ਇਨ੍ਹਾਂ ਗੱਲਾਂ ਬਾਰੇ ਸੋਚਿਆ
ਅਤੇ ਆਪਣੇ ਦਿਲਾਂ ਅੰਦਰ ਇਨ੍ਹਾਂ ਦੀਆਂ ਯੋਜਨਾਵਾਂ ਬਣਾਈਆਂ।
14 ਇਨਸਾਫ਼ ਸਾਡੇ ਕੋਲੋਂ ਦੂਰ ਹੋ ਗਿਆ ਹੈ।
ਨਿਰਪੱਖਤਾ ਬਹੁਤ ਦੂਰ ਖੜੀ ਹੈ।
ਸੱਚਾਈ ਗਲੀਆਂ ਅੰਦਰ ਡਿੱਗ ਪਈ ਹੈ।
ਨੇਕੀ ਨੂੰ ਸ਼ਹਿਰ ਵਿੱਚ ਵੜਨ ਦੀ ਇਜ਼ਾਜ਼ਤ ਨਹੀਂ।
15 ਸੱਚਾਈ ਚਲੀ ਗਈ ਹੈ।
ਅਤੇ ਉਹ ਲੋਕ ਜਿਹੜੇ ਨੇਕੀ ਕਰਨਾ ਚਾਹੁੰਦੇ ਨੇ, ਲੁੱਟੇ ਜਾਂਦੇ ਨੇ।
ਯਹੋਵਾਹ ਨੇ ਦੇਖਿਆ, ਤੇ ਉਸ ਨੂੰ ਕਿਤੇ ਵੀ ਨੇਕੀ ਨਹੀਂ ਮਿਲੀ।
ਯਹੋਵਾਹ ਨੂੰ ਇਹ ਚੰਗਾ ਨਹੀਂ ਲੱਗਿਆ।
16 ਯਹੋਵਾਹ ਨੇ ਦੇਖਿਆ ਤੇ ਉਹ ਹੈਰਾਨ ਹੋ ਗਿਆ ਕਿ
ਉਸ ਨੂੰ ਕੋਈ ਅਜਿਹਾ ਬੰਦਾ ਨਹੀਂ ਮਿਲ ਸੱਕਿਆ ਜਿਹੜਾ ਖਲੋ ਸੱਕੇ ਅਤੇ ਲੋਕਾਂ ਲਈ ਬੋਲ ਸੱਕੇ।
ਇਸ ਲਈ, ਯਹੋਵਾਹ ਨੇ ਆਪਣੀ ਤਾਕਤ ਤੇ ਆਪਣੀ ਨੇਕੀ ਵਰਤੀ
ਅਤੇ ਯਹੋਵਾਹ ਨੇ ਲੋਕਾਂ ਨੂੰ ਬਚਾ ਲਿਆ।
17 ਯਹੋਵਾਹ ਨੇ ਲੜਾਈ ਦੀ ਤਿਆਰੀ ਕੀਤੀ।
ਯਹੋਵਾਹ ਨੇ ਨੇਕੀ ਦਾ ਜ਼ਰਾਬਕਤ,
ਮੁਕਤ ਦਾ ਟੋਪ, ਸਜ਼ਾ ਦੇ ਕੱਪੜੇ
ਅਤੇ ਸ਼ਕਤੀਸ਼ਾਲੀ ਪਿਆਰ ਦਾ ਕੋਟ ਪਹਿਨ ਲਿਆ।
18 ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ।
ਇਸ ਲਈ ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਹਨ।
ਯਹੋਵਾਹ ਆਪਣੇ ਦੁਸ਼ਮਣਾਂ ਨਾਲ ਨਾਰਾਜ਼ ਹੈ।
ਇਸ ਲਈ ਯਹੋਵਾਹ ਦੂਰ-ਦੁਰਾਡੇ ਦੇ ਸਾਰੇ ਲੋਕਾਂ ਨੂੰ ਸਜ਼ਾ ਦੇਵੇਗਾ।
ਯਹੋਵਾਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ।
19 ਪੱਛਮ ਦੇ ਲੋਕ ਭੈਭੀਤ ਹੋਣਗੇ ਅਤੇ ਯਹੋਵਾਹ ਦੇ ਨਾਮ ਦਾ ਆਦਰ ਕਰਨਗੇ।
ਪੂਰਬ ਦੇ ਲੋਕ ਭੈਭੀਤ ਹੋਣਗੇ ਅਤੇ ਉਸ ਦੇ ਪਰਤਾਪ ਦਾ ਆਦਰ ਕਰਨਗੇ।
ਯਹੋਵਾਹ ਤੇਜ਼ੀ ਨਾਲ ਆਵੇਗਾ ਜਿਵੇਂ, ਯਹੋਵਾਹ ਵੱਲੋਂ ਆਉਂਦੇ ਤੇਜ਼ ਹਵਾ ਦਾ ਵਗਾਇਆ ਹੋਇਆ,
ਤੇਜ਼ ਵਗਦਾ ਦਰਿਆ ਹੁੰਦਾ ਹੈ।
20 ਮੁਕਤੀਦਾਤਾ ਇੱਕ ਵਾਰ ਫ਼ੇਰ ਸੀਯੋਨ ਵੱਲੋਂ ਆਵੇਗਾ।
ਉਹ ਯਾਕੂਬ ਦੇ ਲੋਕਾਂ ਕੋਲ ਆਵੇਗਾ ਜਿਨ੍ਹਾਂ ਨੇ ਪਾਪ ਕੀਤਾ ਸੀ ਪਰ ਉਹ ਪਰਮੇਸ਼ੁਰ ਕੋਲ ਆ ਗਏ ਸਨ।
21 ਯਹੋਵਾਹ ਆਖਦਾ ਹੈ, “ਮੈਂ ਉਨ੍ਹਾਂ ਲੋਕਾਂ ਨਾਲ ਇੱਕ ਇਕਰਾਰਨਾਮਾ ਕਰਾਂਗਾ। ਮੇਰਾ ਵਾਅਦਾ ਹੈ ਕਿ ਮੇਰੀ ਰੂਹ ਤੇ ਮੇਰੇ ਸ਼ਬਦ ਜਿਨ੍ਹਾਂ ਨੂੰ ਮੈਂ ਤੁਹਾਡੇ ਮੂੰਹ ਵਿੱਚ ਪਾਉਂਦਾ ਹਾਂ, ਤੁਹਾਨੂੰ ਕਦੇ ਨਹੀਂ ਛੱਡ ਕੇ ਜਾਣਗੇ। ਉਹ ਤੁਹਾਡੇ ਬੱਚਿਆਂ ਅਤੇ ਤੁਹਾਡੇ ਬੱਚਿਆਂ ਦੇ ਬੱਚਿਆਂ ਸਂਗ ਰਹਿਣਗੇ। ਉਹ ਤੁਹਾਡੇ ਨਾਲ ਹੁਣ ਅਤੇ ਸਦਾ ਲਈ ਰਹਿਣਗੇ।”
ਪਰਮੇਸ਼ੁਰ ਆ ਰਿਹਾ ਹੈ
60 “ਹੇ ਯਰੂਸ਼ਲਮ, ਮੇਰੇ ਨੂਰ, ਉੱਠ।
ਤੁਹਾਡਾ ਨੂਰ (ਯਹੋਵਾਹ) ਆ ਰਿਹਾ ਹੈ।
ਯਹੋਵਾਹ ਦਾ ਪਰਤਾਪ ਤੁਹਾਡੇ ਉੱਤੇ ਚਮਕੇਗਾ।
2 ਹੁਣ ਹਨੇਰੇ ਨੇ ਧਰਤੀ ਨੂੰ ਕਜਿਆ
ਅਤੇ ਲੋਕ ਅੰਧਕਾਰ ਅੰਦਰ ਨੇ।
ਪਰ ਯਹੋਵਾਹ ਤੁਹਾਡੇ ਉੱਤੇ ਚਮਕੇਗਾ,
ਅਤੇ ਉਸਦਾ ਪਰਤਾਪ ਤੁਹਾਡੇ ਉੱਤੇ ਦਿਖਾਈ ਦੇਵੇਗਾ।
3 ਕੌਮਾਂ ਤੁਹਾਡੇ ਨੂਰ ਵੱਲ ਆਉਣਗੀਆਂ।
ਰਾਜੇ ਤੁਹਾਡੇ ਤੇਜ਼ ਚਾਨਣ ਕੋਲ ਆਉਣਗੇ।
4 ਆਪਣੇ ਆਲੇ-ਦੁਆਲੇ ਦੇਖੋ।
ਦੇਖੋ ਚਾਰ-ਚੁਫ਼ੇਰੇ ਲੋਕ ਇਕੱਠੇ ਹੋ ਰਹੇ ਨੇ ਅਤੇ ਤੁਹਾਡੇ ਵੱਲ ਆ ਰਹੇ ਨੇ।
ਉਹ ਦੂਰ-ਦੁਰਾਡਿਓ ਆ ਰਹੇ ਹਨ ਤੁਹਾਡੇ ਪੁੱਤਰ ਨੇ।
ਅਤੇ ਉਨ੍ਹਾਂ ਦੇ ਨਾਲ ਤੁਹਾਡੀਆਂ ਧੀਆਂ ਆ ਰਹੀਆਂ ਨੇ।
5 “ਇਹ ਭਵਿੱਖ ਵਿੱਚ ਵਾਪਰੇਗਾ।
ਤੇ ਓਸ ਵੇਲੇ, ਤੁਸੀਂ ਆਪਣੇ ਲੋਕਾਂ ਨੂੰ ਅਤੇ ਆਪਣਿਆਂ ਚਿਹਰਿਆਂ ਨੂੰ ਖੁਸ਼ੀ ਨਾਲ ਚਮਕਦਿਆਂ ਦੇਖੋਂਗੇ।
ਤੁਸੀਂ ਪਹਿਲਾਂ ਭੈਭੀਤ ਹੋਵੋਂਗੇ ਪਰ ਫ਼ੇਰ ਤੁਸੀਂ ਉੱਤੇਜਿਤ ਹੋਵੋਂਗੇ!
ਸਮੁੰਦਰੋ ਪਾਰ ਦੀਆਂ ਸਮੂਹ ਦੌਲਤਾਂ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਜਾਣਗੀਆਂ।
ਕੌਮਾਂ ਦੀਆਂ ਦੌਲਤਾਂ ਤੁਹਾਡੇ ਕੋਲ ਆਉਣਗੀਆਂ।
6 ਮਿਦਯਾਨ ਅਤੇ ਏਫਾਹ ਤੋਂ ਊਠਾਂ ਦੇ ਝੁਂਡ ਤੁਹਾਡੇ ਦੇਸ ਵਿੱਚੋਂ ਲੰਘਣਗੇ।
ਸ਼ਬਾ ਤੋਂ ਊਠਾਂ ਦੀਆਂ ਲੰਮੀਆਂ ਕਤਾਰਾਂ ਆਉਣਗੀਆਂ।
ਉਹ ਸੋਨਾ ਅਤੇ ਸੁਗੰਧੀਆਂ ਲਿਆਉਣਗੇ।
ਲੋਕ, ਯਹੋਵਾਹ ਦੀ ਉਸਤਤ ਦੇ ਗੀਤ ਗਾਉਣਗੇ।
7 ਲੋਕ ਕੇਦਾਰ ਤੋਂ ਸਾਰੀਆਂ ਭੇਡਾਂ ਇਕੱਠੀਆਂ ਕਰਨਗੇ ਅਤੇ ਉਹ ਤੁਹਾਨੂੰ ਦੇ ਦੇਵਣਗੇ।
ਉਹ ਨਬਾਯੋਬ ਵਿੱਚੋਂ ਦੁਂਬੇ ਲੈ ਕੇ ਆਉਣਗੇ।
ਤੁਸੀਂ ਮੇਰੀ ਜਗਵੇਦੀ ਉੱਤੇ ਉਨ੍ਹਾਂ ਜਾਨਵਰਾਂ ਦੀ ਭੇਟ ਚੜ੍ਹਾਵੋਂਗੇ।
ਅਤੇ ਮੈਂ ਉਨ੍ਹਾਂ ਨੂੰ ਪ੍ਰਵਾਨ ਕਰਾਂਗਾ।
ਮੈਂ ਆਪਣੇ ਅਦਭੁਤ ਮੰਦਰ ਨੂੰ
ਰ ਵੀ ਖੂਬਸੂਰਤ ਬਣਾਵਾਂਗਾ।
8 ਲੋਕਾਂ ਵੱਲ ਦੇਖੋ!
ਉਹ ਕਾਹਲੀ-ਕਾਹਲੀ ਤੁਹਾਡੇ ਕੋਲ ਆ ਰਹੇ ਨੇ ਜਿਵੇਂ ਅਕਾਸ਼ ਵਿੱਚੋਂ ਬੱਦਲ ਲੰਘਦੇ ਨੇ।
ਉਹ ਅਲ੍ਹਣਿਆਂ ਵੱਲ ਪਰਤਦੀਆਂ ਘੁੱਗੀ ਵਾਂਗ ਹਨ।
9 ਦੂਰ-ਦੁਰਾਡੇ ਦੇ ਦੇਸ਼ ਮੇਰਾ ਇੰਤਜ਼ਾਰ ਕਰ ਰਹੇ ਨੇ।
ਵੱਡੇ ਮਾਲ ਵਾਹਕ ਜਹਾਜ਼ ਚੱਲਣ ਲਈ ਤਿਆਰ ਨੇ।
ਉਹ ਜਹਾਜ਼ ਤੁਹਾਡੇ ਬੱਚਿਆਂ ਨੂੰ ਦੂਰ-ਦੁਰਾਡੇ ਦੇਸ਼ਾਂ ਤੋਂ ਲਿਆਉਣ ਲਈ ਤਿਆਰ ਨੇ।
ਉਹ ਯਹੋਵਾਹ ਤੁਹਾਡੇ ਪਰਮੇਸ਼ੁਰ,
ਇਸਰਾਏਲ ਦੇ ਪਵਿੱਤਰ ਪੁਰੱਖ ਦਾ ਆਦਰ ਕਰਨ ਲਈ ਆਪਣੇ ਨਾਲ ਚਾਂਦੀ ਅਤੇ ਸੋਨਾ ਲਿਆਉਣਗੇ।
ਯਹੋਵਾਹ ਤੁਹਾਡੇ ਲਈ ਅਦਭੁਤ ਗੱਲਾਂ ਕਰਦਾ ਹੈ।
10 ਹੋਰਨਾਂ ਦੇਸ਼ਾਂ ਦੇ ਬੱਚੇ ਮੁੜਕੇ ਤੁਹਾਡੀਆਂ ਕੰਧਾਂ ਉਸਾਰਨਗੇ।
ਉਨ੍ਹਾਂ ਦੇ ਰਾਜੇ ਤੁਹਾਡੀ ਸੇਵਾ ਕਰਨਗੇ।
“ਜਦੋਂ ਮੈਂ ਭੁੱਖਾ ਸਾਂ, ਮੈਂ ਤੁਹਾਨੂੰ ਦੁੱਖ ਦਿੱਤਾ।
ਪਰ ਹੁਣ, ਮੈਂ ਤੁਹਾਡੇ ਉੱਤੇ ਮਿਹਰ ਕਰਨਾ ਚਾਹੁੰਦਾ ਹਾਂ
ਇਸ ਲਈ ਮੈਂ ਤੁਹਾਨੂੰ ਸੱਕੂਨ ਦੇਵਾਂਗਾ।
11 ਤੁਹਾਡੇ ਦਰ ਹਮੇਸ਼ਾ ਖੁਲ੍ਹੇ ਰਹਿਣਗੇ।
ਉਹ ਦਿਨ ਜਾਂ ਰਾਤ ਵੇਲੇ ਬੰਦ ਨਹੀਂ ਕੀਤੇ ਜਾਣਗੇ।
ਕੌਮਾਂ ਅਤੇ ਉਨ੍ਹਾਂ ਦੇ ਰਾਜੇ ਆਪਣੀ ਦੌਲਤ ਤੁਹਾਡੇ ਕੋਲ ਲੈ ਕੇ ਆਉਣਗੇ।
12 ਕੋਈ ਵੀ ਕੌਮ ਜਾਂ ਰਾਜਧਾਨੀ ਜਿਹੜੀ ਤੁਹਾਡੀ ਸੇਵਾ ਨਹੀਂ ਕਰਦੀ,
ਤਬਾਹ ਹੋ ਜਾਵੇਗੀ।
13 ਤੁਹਾਨੂੰ ਲਬਾਨੋਨ ਦੀਆਂ ਸਾਰੀਆਂ ਮਹਾਨ ਚੀਜ਼ਾਂ ਦਿੱਤੀਆਂ ਜਾਣਗੀਆਂ।
ਲੋਕ ਤੁਹਾਡੇ ਲਈ ਚੀਲ੍ਹ ਦੇ ਰੁੱਖ, ਚਨਾਰ ਦੇ ਰੁੱਖ ਅਤੇ ਸਰੂ ਦੇ ਰੁੱਖ ਲੈ ਕੇ ਆਉਣਗੇ।
ਇਹ ਰੁੱਖ, ਮੇਰੇ ਪਵਿੱਤਰ ਸਥਾਨ ਨੂੰ ਹੋਰ
ਸੁੰਦਰ ਬਨਾਉਣ ਲਈ ਲੱਕੜ ਦੇ ਕੰਮ ਲਈ ਵਰਤੇ ਜਾਣਗੇ।
ਇਹ ਸਥਾਨ ਮੇਰੇ ਸਿੰਘਾਸਣ ਦੇ ਸਾਹਮਣੇ ਇੱਕ ਮੇਜ਼ ਵਰਗਾ ਹੈ
ਅਤੇ ਮੈਂ ਇਸ ਨੂੰ ਬਹੁਤ ਮਾਣ ਦਿਆਂਗਾ।
14 ਅਤੀਤ ਵਿੱਚ, ਲੋਕਾਂ ਨੇ ਤੁਹਾਨੂੰ ਦੁੱਖ ਦਿੱਤਾ ਸੀ।
ਉਹ ਲੋਕ ਤੁਹਾਡੇ ਸਾਹਮਣੇ ਝੁਕਣਗੇ।
ਅਤੀਤ ਵਿੱਚ, ਲੋਕਾਂ ਨੇ ਤੁਹਾਡੇ ਨਾਲ ਨਫ਼ਰਤ ਕੀਤੀ,
ਉਹ ਲੋਕ ਤੁਹਾਡੇ ਪੈਰਾਂ ਉੱਤੇ ਝੁਕਣਗੇ।
ਉਹ ਲੋਕ ਤੁਹਾਨੂੰ ‘ਯਹੋਵਾਹ ਦਾ ਸ਼ਹਿਰ’
‘ਇਸਰਾਏਲ ਦੇ ਪਵਿੱਤਰ ਪੁਰੱਖ ਦਾ ਸੀਯੋਨ ਬੁਲਾਉਣਗੇ।’”
15 “ਤੁਸੀਂ ਫ਼ੇਰ ਕਦੇ ਵੀ ਇੱਕਲੇ ਨਹੀਂ ਛੱਡੇ ਜਾਵੋਂਗੇ।
ਫ਼ੇਰ ਕਦੇ ਵੀ ਤੁਹਾਡੇ ਨਾਲ ਨਫ਼ਰਤ ਨਹੀਂ ਕੀਤੀ ਜਾਵੇਗੀ।
ਤੁਸੀਂ ਫ਼ੇਰ ਕਦੇ ਵੀ ਸੱਖਣੇ ਨਹੀਂ ਹੋਵੋਂਗੇ।
ਮੈਂ ਸਦਾ ਲਈ ਤੁਹਾਨੂੰ ਮਹਾਨ ਬਣਾ ਦੇਵਾਂਗਾ।
ਤੁਸੀਂ ਸਦਾ-ਸਦਾ ਲਈ ਪ੍ਰਸੰਨ ਹੋਵੋ।
16 ਕੌਮਾਂ ਤੁਹਾਨੂੰ ਉਹ ਸਭ ਕੁਝ ਦੇਣਗੀਆਂ ਜਿਸਦੀ ਤੁਹਾਨੂੰ ਲੋੜ ਹੈ।
ਇਹ ਉਸ ਬੱਚੇ ਵਰਗਾ ਹੋਵੇਗਾ ਜਿਹੜਾ ਆਪਣੀ ਮਾਂ ਦੀ ਛਾਤੀ ਦਾ ਦੁੱਧ ਪੀਂਦਾ ਹੈ।
ਪਰ ਤੁਸੀਂ ਰਾਜਿਆਂ ਦੀਆਂ ਦੌਲਤਾਂ ਪੀਵੋਂਗੇ।
ਫ਼ੇਰ ਤੁਸੀਂ ਜਾਣ ਲਵੋਂਗੇ ਕਿ ਇਹ ਮੈਂ, ਯਹੋਵਾਹ ਹੀ ਹਾਂ, ਜਿਹੜਾ ਤੁਹਾਨੂੰ ਬਣਾਉਂਦਾ ਹਾਂ।
ਤੁਸੀਂ ਜਾਣ ਜਾਵੋਂਗੇ ਕਿ ਯਾਕੂਬ ਦਾ ਮਹਾਨ ਪਰਮੇਸ਼ੁਰ ਤੁਹਾਡੀ ਰਾਖੀ ਕਰਦਾ ਹੈ।
17 “ਹੁਣ ਤੁਹਾਡੇ ਕੋਲ ਪਿੱਤਲ ਹੈ,
ਮੈਂ ਤੁਹਾਡੇ ਲਈ ਸੋਨਾ ਲਿਆਵਾਂਗਾ।
ਹੁਣ ਤੁਹਾਡੇ ਕੋਲ ਲੋਹਾ ਹੈ,
ਮੈਂ ਤੁਹਾਡੇ ਲਈ ਚਾਂਦੀ ਲਿਆਵਾਂਗਾ।
ਮੈਂ ਤੁਹਾਡੀ ਲੱਕੜ ਨੂੰ ਪਿੱਤਲ ਵਿੱਚ ਬਦਲ ਦਿਆਂਗਾ।
ਮੈਂ ਤੁਹਾਡੀ ਸਜ਼ਾ ਨੂੰ ਅਮਨ ਵਿੱਚ ਬਦਲ ਦਿਆਂਗਾ।
ਹੁਣ ਤੁਹਾਨੂੰ ਲੋਕ ਦੁੱਖ ਦਿੰਦੇ ਹਨ
ਪਰ ਲੋਕ ਤੁਹਾਡੇ ਲਈ ਚੰਗੀਆਂ ਗੱਲਾਂ ਕਰਨਗੇ।
18 ਤੁਹਾਡੇ ਦੇਸ਼ ਅੰਦਰ ਫ਼ੇਰ ਕਦੇ ਹਿੰਸਾ ਦੀਆਂ ਖਬਰਾਂ ਨਹੀਂ ਹੋਣਗੀਆਂ।
ਲੋਕ ਕਦੇ ਵੀ ਤੁਹਾਡੇ ਦੇਸ਼ ਉੱਤੇ ਹਮਲਾ ਨਹੀਂ ਕਰਨਗੇ ਅਤੇ ਨਾ ਕਦੇ ਤੁਹਾਡੀ ਚੋਰੀ ਕਰਨਗੇ।
ਤੁਸੀਂ ਆਪਣੀਆਂ ਕੰਧਾਂ ਨੂੰ ‘ਮੁਕਤੀ’ ਦਾ ਨਾਮ ਦਿਓਗੇ।
ਤੁਸੀਂ ਆਪਣੇ ਦਰਾਂ ਦਾ ਨਾਮ ‘ਉਸਤਤ’ ਰੱਖੋਂਗੇ।
19 “ਦਿਨ ਵੇਲੇ ਫ਼ੇਰ ਸੂਰਜ ਤੁਹਾਡੀ ਰੋਸ਼ਨੀ ਨਹੀਂ ਹੋਵੇਗਾ।
ਫ਼ੇਰ ਚੰਨ ਦੀ ਰੋਸ਼ਨੀ ਤੁਹਾਡੀ ਰਾਤ ਦੀ ਰੋਸ਼ਨੀ ਨਹੀਂ ਹੋਵੇਗੀ।
ਕਿਉਂ ਕਿ ਯਹੋਵਾਹ ਸਦਾ ਲਈ ਤੁਹਾਡੀ ਰੋਸ਼ਨੀ ਹੋਵੇਗਾ।
ਤੁਹਾਡਾ ਪਰਮੇਸ਼ੁਰ ਤੁਹਾਡਾ ਪਰਤਾਪ ਹੋਵੇਗਾ।
20 ਤੁਹਾਡਾ ਸੂਰਜ ਫ਼ੇਰ ਕਦੇ ਵੀ ਨਹੀਂ ਛੁੱਪੇਗਾ।
ਤੁਹਾਡਾ ਚੰਨ ਫ਼ੇਰ ਕਦੇ ਹਨੇਰਾ ਨਹੀਂ ਹੋਵੇਗਾ।
ਕਿਉਂ ਕਿ ਯਹੋਵਾਹ ਸਦਾ ਲਈ ਤੁਹਾਡੀ ਰੋਸ਼ਨੀ ਹੋਵੇਗਾ।
ਅਤੇ ਤੁਹਾਡੀ ਉਦਾਸੀ ਦਾ ਸਮਾਂ ਖਤਮ ਹੋ ਜਾਵੇਗਾ।
21 “ਤੁਹਾਡੇ ਸਾਰੇ ਲੋਕ ਨੇਕ ਹੋਣਗੇ।
ਉਨ੍ਹਾਂ ਲੋਕਾਂ ਨੂੰ ਸਦਾ ਲਈ ਧਰਤੀ ਮਿਲੇਗੀ।
ਮੈਂ ਉਨ੍ਹਾਂ ਲੋਕਾਂ ਨੂੰ ਸਾਜਿਆ ਸੀ।
ਉਹ ਇੱਕ ਅਦਭੁਤ ਪੌਦਾ ਹਨ,
ਜਿਸ ਨੂੰ ਮੈਂ ਆਪਣੇ ਹੱਥੀਂ ਸਾਜਿਆ ਸੀ।
22 ਛੋਟੇ ਤੋਂ ਛੋਟਾ ਪਰਿਵਾਰ ਵੀ ਵੱਡਾ ਪਰਿਵਾਰ-ਸਮੂਹ ਬਣ ਜਾਵੇਗਾ।
ਛੋਟੇ ਤੋਂ ਛੋਟਾ ਪਰਿਵਾਰ ਵੀ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ।
ਜਦੋਂ ਢੁਕਵਾਂ ਸਮਾਂ ਹੋਵੇਗਾਂ,
ਮੈਂ, ਯਹੋਵਾਹ ਛੇਤੀ ਹੀ ਆਵਾਂਗਾ।
ਮੈਂ ਇਨ੍ਹਾਂ ਗੱਲਾਂ ਨੂੰ ਵਾਪਰਨ ਦੇਵਾਂਗਾ।”
ਯਹੋਵਾਹ ਦਾ ਆਜ਼ਾਦੀ ਦਾ ਸੰਦੇਸ਼
61 “ਮੇਰੇ ਪ੍ਰਭੂ, ਯਹੋਵਾਹ ਨੇ ਆਪਣੀ ਰੂਹ ਮੇਰੇ ਅੰਦਰ ਰੱਖ ਦਿੱਤੀ ਸੀ। ਯਹੋਵਾਹ ਨੇ ਮੇਰੀ ਚੋਣ ਗਰੀਬ ਲੋਕਾਂ ਨੂੰ ਸ਼ੁਭ ਸਮਾਚਾਰ ਦੇਣ ਲਈ ਅਤੇ ਉਦਾਸ ਲੋਕਾਂ ਨੂੰ ਸੱਕੂਨ ਦੇਣ ਲਈ ਕੀਤੀ ਸੀ। ਯਹੋਵਾਹ ਨੇ ਮੈਨੂੰ ਬੰਦੀਵਾਨਾਂ ਨੂੰ ਇਹ ਆਖਣ ਲਈ ਕਿ ਉਹ ਆਜ਼ਾਦ ਹਨ ਅਤੇ ਗੁਲਾਮਾਂ ਨੂੰ ਇਹ ਕਿ ਉਨ੍ਹਾਂ ਨੂੰ ਅਜ਼ਾਦ ਕਰ ਦਿੱਤਾ ਜਾਵੇਗਾ, ਆਖਣ ਲਈ ਭੇਜਿਆ ਸੀ। 2 ਯਹੋਵਾਹ ਨੇ ਮੈਨੂੰ ਉਸ ਸਮੇਂ ਦਾ ਐਲਾਨ ਕਰਨ ਲਈ ਭੇਜਿਆ ਸੀ ਕਿ ਉਹ ਕਦੋਂ ਆਪਣੀ ਮਿਹਰ ਦਰਸਾਵੇਗਾ। ਯਹੋਵਾਹ ਨੇ ਮੈਨੂੰ ਇਹ ਐਲਾਨ ਕਰਨ ਲਈ ਭੇਜਿਆ ਸੀ ਕਿ ਕਦੋਂ ਸਾਡਾ ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਵੇਗਾ। ਯਹੋਵਾਹ ਨੇ ਮੈਨੂੰ ਉਦਾਸ ਲੋਕਾਂ ਨੂੰ ਸੱਕੂਨ ਦੇਣ ਲਈ ਭੇਜਿਆ ਸੀ। 3 ਯਹੋਵਾਹ ਨੇ ਮੈਨੂੰ ਸੀਯੋਨ ਦੇ ਉਦਾਸ ਲੋਕਾਂ ਵੱਲ ਭੇਜਿਆ ਸੀ। ਮੈਂ ਉਨ੍ਹਾਂ ਨੂੰ ਜਸ਼ਨ ਲਈ ਤਿਆਰ ਕਰਾਂਗਾ। ਮੈਂ ਉਨ੍ਹਾਂ ਦੇ ਮੱਬੇ ਉੱਤੋਂ ਰਾਖ ਨੂੰ ਪੂੰਝ ਦਿਆਂਗਾ ਅਤੇ ਉਨ੍ਹਾਂ ਨੂੰ ਇੱਕ ਤਾਜ ਦਿਆਂਗਾ। ਮੈਂ ਉਨ੍ਹਾਂ ਦੀ ਉਦਾਸੀ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਖੁਸ਼ੀ ਦਾ ਤੇਲ ਦੇ ਦਿਆਂਗਾ। ਮੈਂ ਉਨ੍ਹਾਂ ਦਾ ਗਮ ਲੈ ਲਵਾਂਗਾ ਅਤੇ ਉਨ੍ਹਾਂ ਨੂੰ ਜਸ਼ਨ ਦੀ ਪੋਸ਼ਾਕ ਦਿਆਂਗਾ। ਪਰਮੇਸ਼ੁਰ ਨੇ ਮੈਨੂੰ ਉਨ੍ਹਾਂ ਲੋਕਾਂ ਨੂੰ ਇੱਕ ਨਾਮ ਦੇਣ ਲਈ ਭੇਜਿਆ ਸੀ ‘ਚੰਗੇ ਰੁੱਖ’ ਅਤੇ ‘ਯਹੋਵਾਹ ਦਾ ਅਦਭੁਤ ਪੌਦਾ।’
4 “ਉਸ ਸਮੇਂ, ਉਹ ਪੁਰਾਣੇ ਸ਼ਹਿਰ ਜਿਹੜੇ ਤਬਾਹ ਹੋ ਗਏ ਸਨ, ਫ਼ੇਰ ਉਸਾਰੇ ਜਾਣਗੇ। ਉਨ੍ਹਾਂ ਸ਼ਹਿਰਾਂ ਨੂੰ ਇਸ ਤਰ੍ਹਾਂ ਨਵਾਂ ਬਣਾ ਦਿੱਤਾ ਜਾਵੇਗਾ ਜਿਵੇਂ ਉਹ ਆਦਿ ਵਿੱਚ ਸਨ। ਉਹ ਸ਼ਹਿਰ ਜਿਹੜੇ ਬਹੁਤ ਸਾਰੇ ਸਾਲਾਂ ਤੀਕ ਤਬਾਹ ਕੀਤੇ ਜਾਂਦੇ ਰਹੇ ਸੀ, ਨਵੇਂ ਬਣਾਏ ਜਾਣਗੇ।
5 “ਫ਼ੇਰ ਤੁਹਾਡੇ ਦੁਸਮਣ ਤੁਹਾਡੇ ਕੋਲ ਆਉਣਗੇ ਅਤੇ ਤੁਹਾਡੀਆਂ ਭੇਡਾਂ ਦੀ ਦੇਖਭਾਲ ਕਰਨਗੇ। ਤੁਹਾਡੇ ਦੁਸ਼ਮਣਾਂ ਦੇ ਬਚੇ ਤੁਹਾਡੇ ਖੇਤਾਂ ਅਤੇ ਤੁਹਾਡੇ ਬਾਗਾਂ ਵਿੱਚ ਕੰਮ ਕਰਨਗੇ। 6 ਤੁਹਾਨੂੰ ਬੁਲਾਇਆ ਜਾਵੇਗਾ, ‘ਯਹੋਵਾਹ ਦੇ ਜਾਜਕ!’ ‘ਸਾਡੇ ਪਰਮੇਸ਼ੁਰ ਦੇ ਸੇਵਕ।’ ਤੁਹਾਨੂੰ ਉਹ ਦੌਲਤਾਂ ਮਿਲਣਗੀਆਂ ਜਿਹੜੀਆਂ ਧਰਤੀ ਦੀਆਂ ਸਮੂਹ ਕੌਮਾਂ ਤੋਂ ਆਉਣਗੀਆਂ। ਅਤੇ ਫ਼ੇਰ ਤੁਸੀਂ ਇਨ੍ਹਾਂ ਨੂੰ ਹਾਸਿਲ ਕਰਕੇ ਮਾਣ ਕਰੋਗੇ।
7 “ਅਤੀਤ ਵਿੱਚ ਹੋਰਨਾਂ ਲੋਕਾਂ ਨੇ ਤੁਹਾਨੂੰ ਸ਼ਰਮਸਾਰ ਕੀਤਾ ਸੀ ਅਤੇ ਤੁਹਾਨੂੰ ਬੁਰਾ ਭਲਾ ਆਖਿਆ ਸੀ। ਤੁਹਾਨੂੰ ਹੋਰਨਾਂ ਸਾਰਿਆਂ ਨਾਲੋਂ ਵੱਧੇਰੇ ਸ਼ਰਮਿੰਦਾ ਕੀਤਾ ਗਿਆ ਸੀ। ਇਸ ਲਈ ਤੁਹਾਨੂੰ ਆਪਣੇ ਦੇਸ਼ ਵਿੱਚ ਹੋਰਨਾਂ ਲੋਕਾਂ ਨਾਲੋਂ ਦੋ ਗੁਣਾ ਵੱਧੇਰੇ ਪ੍ਰਾਪਤ ਹੋਵੇਗਾ। ਤੁਹਾਨੂੰ ਉਹ ਖੁਸ਼ੀ ਮਿਲੇਗੀ ਜਿਹੜੀ ਸਦਾ ਰਹੇਗੀ। 8 ਇਹ ਇਉਂ ਵਾਪਰੇਗਾ? ਕਿਉਂਕਿ ਮੈਂ ਯਹੋਵਾਹ ਹਾਂ ਅਤੇ ਮੈਂ ਨਿਰਪੱਖਤਾ ਨੂੰ ਪਸੰਦ ਕਰਦਾ ਹਾਂ। ਮੈਂ ਚੋਰੀ ਕਰਨ ਨੂੰ ਨਫ਼ਰਤ ਕਰਦਾ ਹਾਂ ਅਤੇ ਹਰ ਉਸ ਗੱਲ ਨੂੰ ਜਿਹੜੀ ਗ਼ਲਤ ਹੈ। ਇਸ ਲਈ ਮੈਂ ਲੋਕਾਂ ਨੂੰ ਉਹ ਧਨ ਦਿਆਂਗਾ ਜਿਹੜਾ ਉਨ੍ਹਾਂ ਨੂੰ ਮਿਲਣਾ ਚਾਹੀਦਾ ਹੈ। ਮੈਂ ਆਪਣੇ ਲੋਕਾਂ ਨਾਲ ਸਦਾ ਲਈ ਇੱਕ ਇਕਰਾਰਨਾਮਾ ਕਰਾਂਗਾ। 9 ਸਾਰੀਆਂ ਕੌਮਾਂ ਦਾ ਹਰ ਕੋਈ ਬੰਦਾ ਮੇਰੇ ਬੰਦਿਆਂ ਨੂੰ ਜਾਣੇਗਾ। ਹਰ ਕੋਈ ਮੇਰੀ ਕੌਮ ਦੇ ਬੱਚਿਆਂ ਨੂੰ ਜਾਣੇਗਾ। ਕੋਈ ਵੀ ਬੰਦਾ ਜਿਹੜਾ ਉਨ੍ਹਾਂ ਨੂੰ ਦੇਖੇਗਾ ਇਹ ਜਾਣ ਜਾਵੇਗਾ ਕਿ ਯਹੋਵਾਹ ਉਨ੍ਹਾਂ ਨੂੰ ਅਸੀਸ ਦਿੰਦਾ ਹੈ।”
ਪਰਮੇਸ਼ੁਰ ਦਾ ਸੇਵਕ ਮੁਕਤੀ ਲੈ ਕੇ ਆਉਂਦਾ ਹੈ
10 “ਯਹੋਵਾਹ ਮੈਨੂੰ ਬਹੁਤ-ਬਹੁਤ ਪ੍ਰਸੰਨ ਕਰਦਾ ਹੈ।
ਮੇਰਾ ਸਾਰਾ ਆਪਾ ਪਰਮੇਸ਼ੁਰ ਲਈ ਪ੍ਰਸੰਨ ਹੈ।
ਯਹੋਵਾਹ ਨੇ ਮੈਨੂੰ ਮੁਕਤੀ ਦੇ ਬਸਤਰ ਪੁਆਏ।
ਇਹ ਬਸਤਰ ਉਨ੍ਹਾਂ ਸੁੰਦਰ ਬਸਤਰਾਂ ਵਰਗੇ ਹਨ ਜਿਹੜੇ ਕੋਈ ਆਪਣੀ ਸ਼ਾਦੀ ਉੱਤੇ ਪਹਿਨਦਾ ਹੈ।
ਯਹੋਵਾਹ ਨੇ ਮੈਨੂੰ ਆਪਣੀ ਨੇਕੀ ਦਾ ਕੋਟ ਪਹਿਨਾਇਆ।
ਇਹ ਕੋਟ ਉਨ੍ਹਾਂ ਬਸਤਰਾਂ ਵਰਗਾ ਹੈ ਜਿਹੜੇ ਕੋਈ ਔਰਤ ਆਪਣੀ ਸ਼ਾਦੀ ਉੱਤੇ ਪਹਿਨਦੀ ਹੈ।
11 ਧਰਤੀ ਪੌਦਿਆਂ ਨੂੰ ਉਗਾਉਂਦੀ ਹੈ।
ਲੋਕੀ ਬਾਗ਼ ਅੰਦਰ ਬੀਜ ਬੀਜਦੇ ਨੇ, ਅਤੇ ਬਾਗ਼ ਉਨ੍ਹਾਂ ਨੂੰ ਉਗਾਉਂਦਾ ਹੈ।
ਇਸੇ ਤਰ੍ਹਾਂ, ਯਹੋਵਾਹ ਨੇਕੀ ਨੂੰ ਉਗਾਵੇਗਾ।
ਯਹੋਵਾਹ ਸਾਰੀਆਂ ਕੌਮਾਂ ਅੰਦਰ ਉਸਤਤ ਨੂੰ ਉਗਾਵੇਗਾ।”
ਸਾਡੇ ਲਈ ਪ੍ਰਾਰਥਨਾ ਕਰੋ
3 ਅੰਤਕਾਰ, ਭਰਾਵੋ ਅਤੇ ਭੈਣੋ, ਸਾਡੇ ਲਈ ਵੀ ਪ੍ਰਾਰਥਨਾ ਕਰੋ। ਪ੍ਰਾਰਥਨਾ ਕਰੋ ਕਿ ਪ੍ਰਭੂ ਦੇ ਉਪਦੇਸ਼ ਛੇਤੀ ਫ਼ੈਲਣੇ ਜਾਰੀ ਰਹਿਣ। ਪ੍ਰਾਰਥਨਾ ਕਰੋ ਕਿ ਲੋਕ ਉਨ੍ਹਾਂ ਉਪਦੇਸ਼ਾਂ ਨੂੰ ਉਸੇ ਤਰ੍ਹਾਂ ਮਾਣ ਦੇਣ ਜਿਵੇਂ ਕਿ ਇਹ ਤੁਹਾਡੇ ਨਾਲ ਵਾਪਰਿਆ। 2 ਅਤੇ ਪ੍ਰਾਰਥਨਾ ਕਰੋ ਕਿ ਅਸੀਂ ਬੁਰੇ ਅਤੇ ਬਦ ਵਾਲੇ ਲੋਕਾਂ ਤੋਂ ਸੁਰੱਖਿਅਤ ਰਹੀਏ। ਜਿਵੇਂ ਕਿ ਤੁਸੀਂ ਜਾਣਦੇ ਹੋ, ਸਾਰੇ ਲੋਕੀ ਪ੍ਰਭੂ ਵਿੱਚ ਵਿਸ਼ਵਾਸ ਨਹੀਂ ਰੱਖਦੇ।
3 ਪਰ ਪ੍ਰਭੂ ਵਫ਼ਾਦਾਰ ਹੈ। ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਦੁਸ਼ਟ (ਸ਼ੈਤਾਨ) ਤੋਂ ਬਚਾਵੇਗਾ। 4 ਪ੍ਰਭੂ ਸਾਨੂੰ ਵਿਸ਼ਵਾਸ ਦਿੰਦਾ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਜੋ ਅਸੀਂ ਤੁਹਾਨੂੰ ਕਹੀਆਂ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਨੂੰ ਲਗਾਤਾਰ ਕਰਦੇ ਰਹੋਂਗੇ। 5 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਤੁਹਾਡੇ ਹਿਰਦਿਆਂ ਨੂੰ ਪਰਮੇਸ਼ੁਰ ਦੇ ਪਿਆਰ ਅਤੇ ਮਸੀਹ ਦੇ ਸਬਰ ਵੱਲ ਜਾਣ ਲਈ ਅਗਵਾਈ ਕਰੇਗਾ।
ਕੰਮ ਦਾ ਫ਼ਰਜ਼
6 ਭਰਾਵੋ ਅਤੇ ਭੈਣੋ ਅਸੀਂ ਆਪਣੇ ਪ੍ਰਭੂ ਯਿਸੂ ਮਸੀਹ ਦੇ ਅਧਿਕਾਰ ਰਾਹੀਂ ਤੁਹਾਨੂੰ ਇਹ ਆਦੇਸ਼ ਦਿੰਦੇ ਹਾਂ ਕਿ ਉਸ ਸ਼ਰਧਾਲੂ ਤੋਂ ਦੂਰ ਰਹੋ ਜਿਹੜਾ ਕੰਮ ਕਰਨ ਤੋਂ ਇਨਕਾਰ ਕਰਦਾ ਹੈ, ਉਹ ਲੋਕ ਜਿਹੜੇ ਕੰਮ ਕਰਨ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਉਪਦੇਸ਼ਾਂ ਤੇ ਅਮਲ ਨਹੀਂ ਕਰ ਰਹੇ, ਜਿਹੜੇ ਅਸੀਂ ਉਨ੍ਹਾਂ ਨੂੰ ਦਿੱਤੇ ਸਨ। 7 ਤੁਸੀਂ ਆਪ ਹੀ ਜਾਣਦੇ ਹੋ ਕਿ ਤੁਹਾਨੂੰ ਵੀ ਉਸੇ ਤਰ੍ਹਾਂ ਰਹਿਣਾ ਚਾਹੀਦਾ ਹੈ ਜਿਵੇਂ ਅਸੀਂ ਰਹਿੰਦੇ ਹਾਂ, ਜਦੋਂ ਅਸੀਂ ਤੁਹਾਡੇ ਨਾਲ ਸਾਂ, ਅਸੀਂ ਆਲਸੀ ਨਹੀਂ ਸਾਂ। 8 ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾ ਉਸਦੀ ਕੀਮਤ ਦਿੱਤੀ, ਅਸੀਂ ਸਖਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਣ ਨਾ ਬਣੀਏ। ਅਸੀਂ ਲਗਭਗ ਦਿਨ ਰਾਤ ਕੰਮ ਕਰਦੇ ਰਹੇ। 9 ਸਾਡੇ ਕੋਲ ਤੁਹਾਨੂੰ ਸਾਡੀ ਸਹਾਇਤਾ ਕਰਨ ਲਈ ਆਖਣ ਦਾ ਅਧਿਕਾਰ ਸੀ। ਪਰ ਅਸੀਂ ਆਪਣਾ ਧਿਆਨ ਰੱਖਣ ਲਈ ਕੰਮ ਕੀਤਾ ਤਾਂ ਕਿ ਅਸੀਂ ਤੁਹਾਡੇ ਲਈ ਅਨੁਸਰਣ ਕਰਨ ਦਾ ਇੱਕ ਉਦਾਹਰਣ ਬਣ ਸੱਕੀਏ। 10 ਜਦੋਂ ਅਸੀਂ ਤੁਹਾਡੇ ਕੋਲ ਸਾਂ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: “ਜਦੋਂ ਕੋਈ ਵਿਅਕਤੀ ਕੰਮ ਨਹੀਂ ਕਰਦਾ, ਤਾਂ ਉਹ ਭੋਜਨ ਵੀ ਨਹੀਂ ਕਰੇਗਾ।”
11 ਅਸੀਂ ਸੁਣਦੇ ਹਾਂ ਕਿ ਤੁਹਾਡੇ ਸਮੂਹ ਵਿੱਚੋਂ ਕੁਝ ਲੋਕ ਕੰਮ ਕਰਨ ਤੋਂ ਇਨਕਾਰ ਕਰਦੇ ਹਨ। ਉਹ ਕੁਝ ਨਹੀਂ ਕਰਦੇ ਅਤੇ ਉਹ ਲੋਕ ਆਪਣੇ ਆਪ ਨੂੰ ਹੋਰਨਾਂ ਲੋਕਾਂ ਦੇ ਜੀਵਨ ਵਿੱਚ ਰੁਝਾਈ ਰੱਖਦੇ ਹਨ। 12 ਅਸੀਂ ਉਨ੍ਹਾਂ ਲੋਕਾਂ ਨੂੰ ਹੁਕਮ ਦਿੰਦੇ ਹਾਂ ਕਿ ਉਹ ਹੋਰਨਾਂ ਨੂੰ ਕਸ਼ਟ ਦੇਣਾ ਬੰਦ ਕਰ ਦੇਣ ਅਤੇ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਂ ਵਿੱਚ ਉਨ੍ਹਾਂ ਨੂੰ ਕੰਮ ਕਰਕੇ ਆਪਣਾ ਭੋਜਨ ਕਮਾਉਣ ਦੀ ਬੇਨਤੀ ਕਰਦੇ ਹਾਂ। 13 ਭਰਾਵੋ ਅਤੇ ਭੈਣੋ, ਚੰਗਿਆਈ ਕਰਦਿਆਂ ਨਾ ਥੱਕੋ।
14 ਜੇਕਰ ਕੋਈ ਵਿਅਕਤੀ ਜਿਸ ਬਾਰੇ ਅਸੀਂ ਇਸ ਚਿੱਠੀ ਵਿੱਚ ਲਿਖਿਆ ਹੈ ਉਸ ਨੂੰ ਨਹੀਂ ਮੰਨਦਾ, ਤਾਂ ਉਸਦਾ ਧਿਆਨ ਰੱਖੋ। ਉਸ ਵਿਅਕਤੀ ਨਾਲ ਸੰਗਤ ਨਾ ਕਰੋ। ਤਾਂ ਜੋ ਉਹ ਸ਼ਰਮਿੰਦਾ ਹੋਵੇਗਾ। 15 ਪਰ ਉਸ ਨੂੰ ਇੰਝ ਕਰਾਰ ਨਾ ਦਿਉ ਜਿਵੇਂ ਕਿ ਉਹ ਤੁਹਾਡਾ ਦੁਸ਼ਮਣ ਹੋਵੇ। ਸਗੋਂ ਉਸ ਨੂੰ ਇੱਕ ਭਰਾ ਵਾਂਗ ਚਿਤਾਵਨੀ ਦਿਉ।
ਅੰਤਿਮ ਨਿਰਦੇਸ਼
16 ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸ਼ਾਂਤੀ ਦਾ ਪ੍ਰਭੂ ਤੁਹਾਨੂੰ ਹਮੇਸ਼ਾ ਸ਼ਾਂਤੀ ਦੇਵੇ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਉਹ ਤੁਹਾਨੂੰ ਹਰ ਸਮੇਂ ਅਤੇ ਹਰ ਤਰ੍ਹਾਂ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਅੰਗ ਸੰਗ ਰਹੇ।
17 ਮੈਂ ਪੌਲੁਸ ਹਾਂ, ਅਤੇ ਮੈਂ ਇਹ ਸ਼ੁਭਕਾਮਨਾਵਾਂ ਆਪਣੇ ਖੁਦ ਦੇ ਹੱਥੀ ਲਿਖ ਰਿਹਾ ਹਾਂ। ਮੇਰੇ ਸਾਰੇ ਪੱਤਰਾਂ ਉੱਤੇ ਇਹ ਖਾਸ ਨਿਸ਼ਾਨ ਹੈ ਅਤੇ ਇਹ ਦਰਸ਼ਾਉਂਦੇ ਹਨ ਕਿ ਉਹ ਮੇਰੇ ਵੱਲੋਂ ਹਨ। ਮੈਂ ਇਵੇਂ ਹੀ ਲਿਖਦਾ ਹਾਂ।
18 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।
2010 by World Bible Translation Center