Old/New Testament
ਇਸਰਾਏਲ ਨੂੰ ਪਰਮੇਸ਼ੁਰ ਉੱਤੇ ਭਰੋਸਾ ਹੋਣਾ ਚਾਹੀਦਾ ਹੈ ਮਿਸਰ ਉੱਤੇ ਨਹੀਂ
30 ਯਹੋਵਾਹ ਨੇ ਆਖਿਆ, “ਇਨ੍ਹਾਂ ਬੱਚਿਆਂ ਵੱਲ ਦੇਖੋ। ਇਹ ਮੇਰਾ ਹੁਕਮ ਨਹੀਂ ਮੰਨਦੇ। ਇਹ ਯੋਜਨਾਵਾਂ ਬਣਾਉਂਦੇ ਹਨ, ਪਰ ਮੇਰੇ ਪਾਸੋਂ ਸਹਾਇਤਾ ਦੀ ਮੰਗ ਨਹੀਂ ਕਰਦੇ। ਇਹ ਹੋਰਨਾਂ ਕੌਮਾਂ ਨਾਲ ਇਕਰਾਰਨਾਮਾ ਕਰਦੇ ਹਨ ਪਰ ਮੇਰੀ ਆਤਮਾ ਉਹ ਇਕਰਾਰਨਾਮਾ ਨਹੀਂ ਚਾਹੁੰਦੀ। ਇਹ ਲੋਕ ਆਪਣੇ ਗੁਨਾਹਾਂ ਵਿੱਚ ਹੋਰ-ਹੋਰ ਗੁਨਾਹ ਸ਼ਾਮਿਲ ਕਰ ਰਹੇ ਹਨ। 2 ਇਹ ਬੱਚੇ ਮਿਸਰ ਵੱਲ ਸਹਾਇਤਾ ਲਈ ਜਾ ਰਹੇ ਹਨ ਪਰ ਉਨ੍ਹਾਂ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਕੀ ਇਹ ਗੱਲ ਸਹੀ ਸੀ। ਉਹ ਉਮੀਦ ਕਰਦੇ ਹਨ ਕਿ ਫ਼ਿਰਊਨ ਉਨ੍ਹਾਂ ਦੀ ਸਹਾਇਤਾ ਕਰੇਗਾ। ਉਹ ਚਾਹੁੰਦੇ ਹਨ ਕਿ ਮਿਸਰ ਉਨ੍ਹਾਂ ਦੀ ਰਾਖੀ ਕਰੇਗਾ।
3 “ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਮਿਸਰ ਵਿੱਚ ਲੁਕੱਣ ਨਾਲ ਤੁਹਾਡੀ ਸਹਾਇਤਾ ਨਹੀਂ ਹੋਵੇਗੀ। ਮਿਸਰ ਤੁਹਾਡੀ ਰਾਖੀ ਨਹੀਂ ਕਰ ਸੱਕੇਗਾ। 4 ਤੁਹਾਡੇ ਆਗੂ ਸੋਆਨ ਨੂੰ ਚੱਲੇ ਗਏ ਹਨ ਅਤੇ ਤੁਹਾਡੇ ਦੂਤ ਹਾਨੇਸ ਨੂੰ ਚੱਲੇ ਗਏ ਹਨ। 5 ਪਰ ਉਹ ਨਾ ਉਮੀਦ ਹੋਣਗੇ। ਉਹ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਉਨ੍ਹਾਂ ਦੀ ਸਹਾਇਤਾ ਨਹੀਂ ਕਰ ਸੱਕਦੀ। ਮਿਸਰ ਬੇਕਾਰ ਹੈ-ਮਿਸਰ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਦੇਵੇਗਾ। ਮਿਸਰ ਉਨ੍ਹਾਂ ਨੂੰ ਸਿਰਫ਼ ਨਮੋੋਸ਼ੀ ਅਤੇ ਸ਼ਰਮਸਾਰੀ ਦੇਵੇਗਾ।”
ਪਰਮੇਸ਼ੁਰ ਦਾ ਯਹੂਦਾਹ ਨੂੰ ਸੰਦੇਸ਼
6 ਨਿਜੀਵ ਦੇ ਜਾਨਵਰਾਂ ਬਾਰੇ ਉਦਾਸ ਸੰਦੇਸ਼:
ਨਿਜੀਵ ਇੱਕ ਖਤਰਨਾਕ ਜਗ੍ਹਾ ਹੈ। ਇਹ ਸ਼ੇਰਾਂ, ਜ਼ਹਿਰੀਲੇ ਸੱਪਾਂ ਅਤੇ ਫ਼ਨੀਅਰ ਸੱਪਾਂ ਨਾਲ ਭਰੀ ਹੋਈ ਹੈ। ਪਰ ਕੁਝ ਲੋਕ ਨਿਜੀਵ ਵਿੱਚੋਂ ਹੋ ਕੇ ਯਾਤਰਾ ਕਰ ਰਹੇ ਹਨ ਉਹ ਇੱਕ ਅਜਿਹੀ ਕੌਮ ਵੱਲ ਜਾ ਰਹੇ ਹਨ ਜੋ ਉਨ੍ਹਾਂ ਦੀ ਮਦਦ ਨਹੀਂ ਕਰ ਸੱਕਦੀ। ਉਨ੍ਹਾਂ ਲੋਕਾਂ ਨੇ ਆਪਣਾ ਖਜ਼ਾਨਾ ਊਠਾਂ ਦੀਆਂ ਪਿੱਠਾ ਉੱਤੇ ਲਦਿਆ ਹੋਇਆ ਹੈ। ਇਸਦਾ ਅਰਬ ਇਹ ਹੈ ਕਿ ਲੋਕ ਉਸ ਕੌਮ ਉੱਤੇ ਨਿਰਭਰ ਕਰ ਰਹੇ ਹਨ ਜਿਹੜੀ ਸਹਾਇਤਾ ਨਹੀਂ ਕਰ ਸੱਕਦੀ। 7 ਇਹ ਬੇਕਾਰ ਕੌਮ ਮਿਸਰ ਹੈ। ਮਿਸਰ ਦੀ ਸਹਾਇਤਾ ਕਿਸੇ ਕੰਮ ਦੀ ਨਹੀਂ ਹੋਵੇਗੀ। ਇਸ ਲਈ ਮੈਂ ਮਿਸਰ ਨੂੰ “ਨਿਕਂਮਾ ਅਜਗਰ” ਆਖਦਾ ਹਾਂ।
8 ਹੁਣ ਇਸ ਗੱਲ ਨੂੰ ਕਿਸੇ ਸੰਕੇਤ ਉੱਤੇ ਲਿਖ ਲਵੋ ਤਾਂ ਜੋ ਸਾਰੇ ਲੋਕ ਇਸ ਨੂੰ ਦੇਖ ਸੱਕਣ। ਭਵਿੱਖ ਵਾਸਤੇ, ਇਸ ਨੂੰ ਇੱਕ ਕਿਤਾਬ ਵਿੱਚ ਲਿਖ ਲਵੋ ਆਖਰੀ ਦਿਨਾਂ ਵਾਸਤੇ ਇੱਕ ਯਾਦਗਾਰੀ ਵਜੋਂ ਕਿ ਮੈਂ ਇਨ੍ਹਾਂ ਘਟਨਾਵਾਂ ਬਾਰੇ ਭਵਿੱਖਬਾਣੀ ਕੀਤੀ ਸੀ।
9 ਇਹ ਲੋਕ ਉਨ੍ਹਾਂ ਬੱਚਿਆਂ ਵ੍ਵਰਗੇ ਹਨ ਜਿਹੜੇ ਆਪਣੇ ਮਾਪਿਆਂ ਦਾ ਆਖਾ ਨਹੀਂ ਮੰਨਦੇ। ਉਹ ਪਏ ਰਹਿੰਦੇ ਨੇ ਅਤੇ ਯਹੋਵਾਹ ਦੀਆਂ ਸਿੱਖਿਆਵਾਂ ਨੂੰ ਸੁਣਨ ਤੋਂ ਇਨਕਾਰ ਕਰਦੇ ਹਨ। 10 ਉਹ ਨਬੀਆਂ ਨੂੰ ਆਖਦੇ ਹਨ, “ਉਨ੍ਹਾਂ ਗੱਲਾਂ ਬਾਰੇ ਸੁਪਨੇ ਨਾ ਲਵੋ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ ਹਨ! ਸਾਨੂੰ ਸੱਚ ਨਾ ਦੱਸੋ! ਸਾਨੂੰ ਚੰਗੀਆਂ-ਚੰਗੀਆਂ ਗੱਲਾਂ ਸੁਣਾਓ ਅਤੇ ਸਾਨੂੰ ਚੰਗਾ ਮਹਿਸੂਸ ਕਰਨ ਦਿਓ! ਸਾਡੇ ਲਈ ਸਿਰਫ਼ ਚੰਗੀਆਂ ਗੱਲਾਂ ਹੀ ਦੇਖੋ! 11 ਉਨ੍ਹਾਂ ਚੀਜ਼ਾਂ ਨੂੰ ਦੇਖਣ ਤੋਂ ਹਟ੍ਟ ਜਾਵੋ ਜਿਹੜੀਆਂ ਸੱਚਮੁੱਚ ਵਾਪਰਨਗੀਆਂ! ਸਾਡੇ ਰਸਤੇ ਵਿੱਚੋਂ ਹਟ੍ਟ ਜਾਵੋ! ਸਾਨੂੰ ਇਸਰਾਏਲ ਦੇ ਪਵਿੱਤਰ ਪੁਰੱਖ ਬਾਰੇ ਦੱਸਣੋ ਹਟ ਜਾਵੋ।”
ਯਹੂਦਾਹ ਦੀ ਸਹਾਇਤਾ ਸਿਰਫ਼ ਪਰਮੇਸ਼ੁਰ ਵੱਲੋਂ ਆਉਂਦੀ ਹੈ
12 ਇਸਰਾਏਲ ਦਾ ਪਵਿੱਤਰ ਪੁਰੱਖ (ਪਰਮੇਸ਼ੁਰ) ਆਖਦੀ ਹੈ। “ਤੁਸਾਂ ਲੋਕਾਂ ਨੇ ਯਹੋਵਾਹ ਦੇ ਇਸ ਸੰਦੇਸ਼ ਨੂੰ ਪ੍ਰਵਾਨ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਤੁਸੀਂ ਲੋਕ ਸਹਾਇਤਾ ਲਈ ਸਿਰਫ਼ ਲੜਾਈ ਝਗੜ੍ਹੇ ਅਤੇ ਝੂਠ ਉੱਤੇ ਨਿਰਭਰ ਕਰਨਾ ਚਾਹੁੰਦੇ ਹੋ। 13 ਤੁਸੀਂ ਇਨ੍ਹਾਂ ਗੱਲਾਂ ਦੇ ਦੋਸ਼ੀ ਹੋ ਇਸ ਲਈ ਤੁਸੀਂ ਉਸ ਉੱਚੀ ਕੰਧ ਵਰਗੇ ਹੋ ਜਿਸ ਵਿੱਚ ਤ੍ਰੇੜਾਂ ਹਨ। ਉਹ ਕੰਧ ਅਚਾਨਕ ਢਹਿ ਜਾਵੇਗੀ ਅਤੇ ਟੁਕੜੇ-ਟੁਕੜੇ ਹੋ ਜਾਵੇਗੀ। 14 ਤੁਸੀਂ ਮਿੱਟੀ ਦੇ ਉਸ ਘੜੇ ਵਰਗੇ ਹੋਣਗੇ ਜਿਹੜਾ ਟੁੱਟ ਕੇ ਅਨੇਕਾਂ ਠੀਕਰੀਆਂ ਵਿੱਚ ਬਿਖਰ ਜਾਂਦਾ ਹੈ। ਇਹ ਠੀਕਰੀਆਂ ਬੇਕਾਰ ਹੁੰਦੀਆਂ ਹਨ। ਤੁਸੀਂ ਇਨ੍ਹਾਂ ਠੀਕਰੀਆਂ ਨਾਲ ਅੱਗ ਵਿੱਚੋਂ ਜਲਦੇ ਹੋਏ ਕੋਲੇ ਨਹੀਂ ਚੁੱਕ ਸੱਕਦੇ ਜਾਂ ਧਰਤੀ ਉਤ੍ਤਲੇ ਤਲਾਬ ਵਿੱਚੋਂ ਪਾਣੀ ਨਹੀਂ ਕੱਢ ਸੱਕਦੇ।”
15 ਮੇਰਾ ਪ੍ਰਭੂ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਜੇ ਤੁਸੀਂ ਮੇਰੇ ਵੱਲ ਪਰਤ ਆਓਗੇ ਤਾਂ ਤੁਸੀਂ ਬਚ ਜਾਓਗੇ। ਤੁਹਾਨੂੰ ਤਾਕਤ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਤੁਹਾਨੂੰ ਮੇਰੇ ਵਿੱਚ ਭਰੋਸਾ ਹੋਵੇਗਾ ਅਤੇ ਸ਼ਾਤ ਹੋਵੋਂਗੇ।”
ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ! ਤੁਸੀਂ ਆਖਦੇ ਹੋ, “ਸਾਨੂੰ ਅਗਾਂਹ ਵੱਲ ਭੱਜ ਜਾਣ ਲਈ ਘੋੜੇ ਚਾਹੀਦੇ ਨੇ!” ਇਹ ਠੀਕ ਹੈ। 16 ਤੁਸੀਂ ਘੋੜਿਆਂ ਉੱਤੇ ਸਵਾਰ ਹੋ ਕੇ ਭੱਜ ਜਾਵੋਗੇ। ਪਰ ਦੁਸ਼ਮਣ ਤੁਹਾਡਾ ਪਿੱਛਾ ਕਰੇਗਾ। ਅਤੇ ਦੁਸ਼ਮਣ ਤੁਹਾਡੇ ਘੋੜਿਆਂ ਨਾਲੋਂ ਤੇਜ਼ ਹੋਵੇਗਾ। 17 ਇੱਕ ਦੁਸ਼ਮਣ ਧਮਕੀਆਂ ਦੇਵੇਗਾ ਅਤੇ ਤੁਹਾਡੇ ਹਜ਼ਾਰਾਂ ਬੰਦੇ ਭੱਜ ਜਾਣਗੇ। ਪੰਜ ਦੁਸ਼ਮਣ ਤੁਹਾਨੂੰ ਧਮਕੀਆਂ ਦੇਣਗੇ ਅਤੇ ਤੁਸੀਂ ਸਾਰੇ ਉਨ੍ਹਾਂ ਕੋਲੋਂ ਭੱਜ ਜਾਵੋਂਗੇ ਜਿੰਨਾਂ ਚਿਰ ਤੱਕ ਕਿ ਤੁਸੀਂ ਪਰਬਤ ਦੀ ਚੋਟੀ ਗੱਡੇ ਝੰਡੇ, ਪਹਾੜੀ ਉੱਤੇ ਇੱਕ ਬੈਨਰ ਵਾਂਗ ਇੱਕਲੇ ਰਹਿ ਜਾਵੋ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਹੌਸਲਾ ਦੇਵੇਗਾ
18 ਯਹੋਵਾਹ ਤੁਹਾਡੇ ਲਈ ਆਪਣੀ ਮਿਹਰ ਦਰਸਾਉਣੀ ਚਾਹੁੰਦਾ ਹੈ। ਯਹੋਵਾਹ ਇੰਤਜ਼ਾਰ ਕਰ ਰਿਹਾ ਹੈ। ਯਹੋਵਾਹ ਉੱਠਣਾ ਚਾਹੁੰਦਾ ਹੈ ਅਤੇ ਤੁਹਾਨੂੰ ਆਰਾਮ ਦੇਣਾ ਚਾਹੁੰਦਾ ਹੈ। ਯਹੋਵਾਹ ਪਰਮੇਸ਼ੁਰ ਬੇਲਾਗ ਹੈ ਅਤੇ ਹਰ ਉਹ ਬੰਦਾ ਜਿਹੜਾ ਯਹੋਵਾਹ ਦੀ ਸਹਾਇਤਾ ਦਾ ਇੰਤਜ਼ਾਰ ਕਰੇਗਾ ਉਸ ਨੂੰ ਅਸੀਸ ਮਿਲੇਗੀ।
19 ਯਹੋਵਾਹ ਦੇ ਲੋਕ ਸੀਯੋਨ ਪਰਬਤ ਉੱਤੇ ਯਰੂਸ਼ਲਮ ਵਿੱਚ ਰਹਿਣਗੇ। ਤੁਸੀਂ ਲੋਕ ਰੋਦੇ ਨਹੀਂ ਰਹੋਗੇ। ਯਹੋਵਾਹ ਤੁਹਾਡਾ ਵਿਰਲਾਪ ਸੁਣੇਗਾ ਅਤੇ ਤੁਹਾਨੂੰ ਹੌਸਲਾ ਦੇਵੇਗਾ। ਯਹੋਵਾਹ ਤੁਹਾਨੂੰ ਸੁਣੇਗਾ ਅਤੇ ਤੁਹਾਡੀ ਸਹਾਇਤਾ ਕਰੇਗਾ।
20 ਅਤੀਤ ਵਿੱਚ ਮੇਰੇ ਪ੍ਰਭੂ ਪਰਮੇਸ਼ੁਰ ਨੇ ਤੁਹਾਨੂੰ ਉਦਾਸੀ ਅਤੇ ਦੁੱਖ ਦਿੱਤਾ ਸੀ ਇਹ ਉਸ ਰੋਟੀ ਅਤੇ ਪਾਣੀ ਵਰਗਾ ਸੀ ਜਿਸ ਨੂੰ ਤੁਸੀਂ ਰੋਜ਼ ਖਾਧਾ ਸੀ। ਪਰ ਪਰਮੇਸ਼ੁਰ ਤੁਹਾਡਾ ਗੁਰੂ ਹੈ ਅਤੇ ਤੁਹਾਡੇ ਕੋਲੋਂ ਛੁਪਿਆ ਨਹੀਂ ਰਹੇਗਾ। ਤੁਸੀਂ ਆਪਣੇ ਗੁਰੂ ਨੂੰ ਆਪਣੀਆਂ ਅੱਖਾਂ ਨਾਲ ਦੇਖੋਗੇ। 21 ਫ਼ੇਰ, ਜੇ ਤੁਸੀਂ ਬੁਰਾ ਕਰੋਗੇ ਅਤੇ ਗ਼ਲਤ ਢੰਗ ਨਾਲ ਜੀਵੋਗੇ। (ਸੱਜੇ ਜਾਂ ਖੱਬੇ ਪਾਸੇ,) ਤਾਂ ਤੁਸੀਂ ਆਪਣੇ ਪਿੱਛੇ ਇਹ ਆਖਦੀ ਹੋਈ ਆਵਾਜ਼ ਸੁਣੋਗੇ, “ਇਹ ਰਸਤਾ ਠੀਕ ਹੈ। ਤੁਹਾਨੂੰ ਇਸੇ ਰਸਤੇ ਜਾਣਾ ਚਾਹੀਦਾ ਹੈ!”
22 ਤੁਹਾਡੇ ਕੋਲ ਸੋਨੇ ਅਤੇ ਚਾਂਦੀ ਨਾਲ ਮੜੀਆਂ ਹੋਈਆਂ ਮੂਰਤੀਆਂ ਹਨ। ਉਨ੍ਹਾਂ ਝੂਠੇ ਦੇਵਤਿਆਂ ਨੇ ਤੁਹਾਨੂੰ ਪਾਪੀ ਬਣਾ ਦਿੱਤਾ ਹੈ। ਪਰ ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਦੀ ਸੇਵਾ ਕਰਨੀ ਬੰਦ ਕਰ ਦਿਓਗੇ। ਤੁਸੀਂ ਉਨ੍ਹਾਂ ਝੂਠੇ ਦੇਵਤਿਆਂ ਨੂੰ ਰੱਦੀ ਕਪੜਿਆਂ ਵਾਂਗ ਪਰ੍ਹਾਂ ਸੁੱਟ ਦਿਓਗੇ।
23 ਉਸ ਸਮੇਂ, ਯਹੋਵਾਹ ਤੁਹਾਡੇ ਲਈ ਵਰੱਖਾ ਭੇਜੇਗਾ। ਤੁਸੀਂ ਧਰਤੀ ਵਿੱਚ ਬੀਜ ਬੀਜੋਗੇ ਅਤੇ ਧਰਤੀ ਤੁਹਾਡੇ ਲਈ ਅਨਾਜ ਉਗਾਵੇਗੀ। ਤੁਹਾਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਵੇਗੀ। ਤੁਹਾਡੇ ਪਾਸ ਖੇਤਾਂ ਅੰਦਰ ਤੁਹਾਡੇ ਪਸ਼ੂਆਂ ਵਾਸਤੇ ਕਾਫ਼ੀ ਚਾਰਾ ਹੋਵੇਗਾ। ਤੁਹਾਡੀਆਂ ਭੇਡਾਂ ਲਈ ਵੱਡੇ-ਵੱਡੇ ਮੈਦਾਨ ਹੋਣਗੇ। 24 ਤੁਹਾਡੇ ਪਸ਼ੂ ਅਤੇ ਗਧੇ ਆਪਣਾ ਪੂਰਾ ਭੋਜਨ ਪ੍ਰਾਪਤ ਕਰਨਗੇ। ਉਹ ਬਹੁਤ ਭੋਜਨ ਹੋਵੇਗਾ। ਤੁਹਾਨੂੰ ਆਪਣੇ ਪਸ਼ੂਆਂ ਦੇ ਖਾਣ ਵਾਲੇ ਭੋਜਨ ਨੂੰ ਖਿਲਾਰਨ ਲਈ ਕਹੀਆਂ ਅਤੇ ਸਲਂਗਾਂ ਦੀ ਲੋੜ ਪਵੇਗੀ। 25 ਹਰ ਪਰਬਤ ਅਤੇ ਪਹਾੜੀ ਉੱਤੇ ਪਾਣੀ ਨਾਲ ਭਰੇ ਹੋਏ ਝਰਨੇ ਹੋਣਗੇ। ਇਹ ਗੱਲਾਂ ਉਦੋਂ ਵਾਪਰਨਗੀਆਂ ਜਦੋਂ ਬਹੁਤ ਸਾਰੇ ਲੋਕ ਮਾਰੇ ਜਾਣਗੇ ਅਤੇ ਮੁਨਾਰੇ ਢਾਹ ਦਿੱਤੇ ਜਾਣਗੇ।
26 ਉਸ ਸਮੇਂ, ਚਂਦਰਮਾਂ ਦੀ ਰੌਸ਼ਨੀ ਸੂਰਜ ਵਰਗੀ ਚਮਕੀਲੀ ਹੋਵੇਗੀ। ਸੂਰਜ ਦੀ ਰੌਸ਼ਨੀ ਹੁਣ ਨਾਲੋਂ ਸੱਤ ਗੁਣਾ ਵੱਧ ਚਮਕਦਾਰ ਹੋਵੇਗੀ। ਸੂਰਜ ਦੀ ਇੱਕ ਦਿਨ ਦੀ ਰੌਸ਼ਨੀ ਸੱਤਾਂ ਦਿਨਾਂ ਦੇ ਬਰਾਬਰ ਹੋਵੇਗੀ। ਇਹ ਸਭ ਕੁਝ ਉਦੋਂ ਵਾਪਰੇਗਾ ਜਦੋਂ ਯਹੋਵਾਹ ਆਪਣੇ ਫ਼ੱਟੜ ਹੋਏ ਲੋਕਾਂ ਦੀਆਂ ਪਟ੍ਟੀਆਂ ਕਰੇਗਾ ਅਤੇ ਉਨ੍ਹਾਂ ਦੇ ਜ਼ਖਮਾਂ ਨੂੰ ਰਾਜ਼ੀ ਕਰੇਗਾ।
27 ਦੇਖੋ, ਯਹੋਵਾਹ ਦਾ ਨਾਮ ਦੂਰੋ ਆ ਰਿਹਾ ਹੈ। ਉਸਦਾ ਕਹਿਰ ਧੂਏਂ ਦੇ ਮੋਟੇ ਬੱਦਲਾਂ ਵਾਲੀ ਅੱਗ ਵਰਗਾ ਹੈ। ਯਹੋਵਾਹ ਦਾ ਮੁੱਖ ਕਰੋਧ ਨਾਲ ਭਰਿਆ ਹੋਇਆ ਹੈ ਅਤੇ ਉਸਦੀ ਜੀਭ ਬਲਦੀ ਅੱਗ ਵਰਗੀ ਹੈ। 28 ਯਹੋਵਾਹ ਦਾ ਆਤਮਾ ਇੱਕ ਮਹਾਂ ਨਦੀ ਵਰਗਾ ਹੈ। ਗਲ-ਗਲ ਤਾਂਈਁ ਚੜ੍ਹਦਾ ਹੋਇਆ। ਯਹੋਵਾਹ ਕੌਮਾਂ ਦਾ ਨਿਆਂ ਕਰੇਗਾ। ਇਹ ਉਨ੍ਹਾਂ ਨੂੰ ਇੱਕ ਬੇਕਾਰ ਝਾਨਣੀ ਰਾਹੀਂ ਜਾਂਚਣ ਵਾਂਗ ਹੋਵੇਗਾ। ਉਹ ਇੱਕ ਨੱਬ, ਕੌਮਾਂ ਦੇ ਜਬਾੜਿਆਂ ਵਿੱਚ ਪਾਵੇਗਾ, ਜੋ ਜਾਨਵਰਾਂ ਤੇ ਕਾਬੂ ਰੱਖਦੀ ਹੈ ਅਤੇ ਉਹ ਉਨ੍ਹਾਂ ਦੀ ਤਬਾਹੀ ਵੱਲ ਅਗਵਾਈ ਕਰੇਗਾ।
29 ਉਸ ਸਮੇਂ, ਤੁਸੀਂ ਖੁਸ਼ੀ ਦੇ ਗੀਤ ਗਾਓਗੇ। ਉਹ ਸਮਾਂ ਉਨ੍ਹਾਂ ਰਾਤਾਂ ਵਰਗਾ ਹੋਵੇਗਾ ਜਦੋਂ ਤੁਸੀਂ ਛੁੱਟੀ ਤੇ ਜਾਂਦੇ ਹੋ। ਯਹੋਵਾਹ ਦੇ ਪਰਬਤ ਵੱਲ ਤੁਰੇ ਜਾਂਦੇ ਤੁਸੀਂ ਬਹੁਤ ਪ੍ਰਸੰਨ ਹੋ। ਤੁਸੀਂ ਇਸਰਾਏਲ ਦੀ ਚੱਟਾਨ ਵੱਲ ਯਹੋਵਾਹ ਦੀ ਉਪਾਸਨਾ ਲਈ ਜਾਂਦੇ ਹੋਏ ਤੇ ਵੰਝਲੀ ਨੂੰ ਸੁਣਦੇ ਹੋਏ ਬਹੁਤ ਪ੍ਰਸੰਨ ਹੋ।
30 ਯਹੋਵਾਹ ਸਮੂਹ ਲੋਕਾਂ ਨੂੰ ਆਪਣੀ ਮਹਾਨ ਆਵਾਜ਼ ਸੁਣਾਵੇਗਾ। ਯਹੋਵਾਹ ਸਮੂਹ ਲੋਕਾਂ ਨੂੰ ਗੁੱਸੇ ਨਾਲ ਹੇਠਾਂ ਆਉਂਦਾ ਹੋਇਆ ਆਪਣਾ ਬਾਜ਼ੂ ਦਿਖਾਵੇਗਾ। ਉਹ ਬਾਜ਼ੂ ਉਸ ਮਹਾ ਅਗਨੀ ਵਰਗਾ ਹੋਵੇਗਾ ਜਿਹੜੀ ਸਭ ਕੁਝ ਸਾੜ ਦਿੰਦੀ ਹੈ। ਯਹੋਵਾਹ ਦੀ ਸ਼ਕਤੀ ਵਰੱਖਾ ਅਤੇ ਗੜਿਆਂ ਵਾਲੇ ਮਹਾ ਤੂਫ਼ਾਨ ਵਰਗੀ ਹੋਵੇਗੀ। 31 ਅੱਸ਼ੂਰ ਜਦੋਂ ਯਹੋਵਾਹ ਦੀ ਆਵਾਜ਼ ਸੁਣੇਗਾ ਤਾਂ ਭੈਭੀਤ ਹੋ ਜਾਵੇਗਾ। ਯਹੋਵਾਹ ਅੱਸ਼ੂਰ ਨੂੰ ਸੋਟੀ ਨਾਲ ਮਾਰੇਗਾ। 32 ਯਹੋਵਾਹ ਅੱਸ਼ੂਰ ਨੂੰ ਮਾਰੇਗਾ ਅਤੇ ਇਹ ਗੱਲ ਢੋਲ ਨਗਾਰਿਆਂ ਦੇ ਸੰਗੀਤ ਵਰਗੀ ਹੋਵੇਗੀ ਯਹੋਵਾਹ ਅੱਸ਼ੂਰ ਨੂੰ ਆਪਣੇ ਸ਼ਕਤੀਸ਼ਾਲੀ ਬਾਜ਼ੂ ਨਾਲ ਹਰਾ ਦੇਵੇਗਾ।
33 ਸਿਵਾ ਨੂੰ ਕਾਫ਼ੀ ਚਿਰ ਪਹਿਲਾਂ ਹੀ ਤਿਆਰ ਕਰ ਦਿੱਤਾ ਗਿਆ ਹੈ। ਇਹ ਰਾਜੇ ਲਈ ਤਿਆਰ ਹੈ। ਇਸ ਨੂੰ ਬਹੁਤ ਡੂੰਘਾ ਅਤੇ ਚੌੜਾ ਬਣਾਇਆ ਗਿਆ ਸੀ। ਓੱਥੇ ਲੱਕੜੀਆਂ ਅਤੇ ਅੱਗ ਦਾ ਵੱਡਾ ਢੇਰ ਹੈ। ਅਤੇ ਯਹੋਵਾਹ ਦਾ ਆਤਮਾ ਬਲਦੀ ਹੋਈ ਗੰਧਕ ਦੀ ਨਦੀ ਵਾਂਗ ਆਵੇਗਾ ਅਤੇ ਇਸ ਨੂੰ ਸਾੜ ਸੁੱਟੇਗਾ।
ਇਸਰਾਏਲ ਨੂੰ ਪਰਮੇਸ਼ੁਰ ਦੀ ਸ਼ਕਤੀ ਉੱਤੇ ਨਿਰਭਰ ਕਰਨਾ ਚਾਹੀਦਾ ਹੈ
31 ਸਹਾਇਤਾ ਲਈ ਮਿਸਰ ਵੱਲ ਜਾਂਦੇ ਲੋਕਾਂ ਨੂੰ ਦੇਖੋ। ਲੋਕ ਘੋੜੇ ਮੰਗਦੇ ਹਨ। ਉਹ ਸੋਚਦੇ ਨੇ ਕਿ ਘੋੜੇ ਉਨ੍ਹਾਂ ਨੂੰ ਬਚਾ ਲੈਣਗੇ। ਲੋਕਾਂ ਨੂੰ ਉਮੀਦ ਹੈ ਕਿ ਮਿਸਰ ਦੇ ਰੱਥ ਅਤੇ ਘੋੜਸਵਾਰ ਫ਼ੌਜੀ ਉਨ੍ਹਾਂ ਦੀ ਰਾਖੀ ਕਰਨਗੇ। ਲੋਕ ਸੋਚਦੇ ਹਨ ਕਿ ਉਹ ਸੁਰੱਖਿਅਤ ਹਨ ਕਿਉਂ ਕਿ ਉਹ ਫ਼ੌਜ ਬਹੁਤ ਵੱਡੀ ਹੈ। ਲੋਕ ਇਸਰਾਏਲ ਦੇ ਪਵਿੱਤਰ ਪੁਰੱਖ (ਪਰਮੇਸ਼ੁਰ) ਉੱਤੇ ਭਰੋਸਾ ਨਹੀਂ ਕਰਦੇ। ਲੋਕ ਯਹੋਵਾਹ ਪਾਸੋਂ ਸਹਾਇਤਾ ਨਹੀਂ ਮੰਗਦੇ। 2 ਪਰ, ਇਹ ਯਹੋਵਾਹ ਹੀ ਹੈ ਜੋ ਸਿਆਣਾ ਹੈ। ਅਤੇ ਇਹ ਯਹੋਵਾਹ ਹੀ ਹੈ ਜਿਹੜਾ ਉਨ੍ਹਾਂ ਦੇ ਵਿਰੁੱਧ ਮੁਸੀਬਤ ਲੈ ਕੇ ਆਵੇਗਾ। ਲੋਕ ਯਹੋਵਾਹ ਦੇ ਆਦੇਸ਼ ਨੂੰ ਬਦਲਣ ਦੇ ਕਾਬਲ ਨਹੀਂ ਹੋਣਗੇ। ਯਹੋਵਾਹ ਉੱਠ ਕੇ ਬਦ ਲੋਕਾਂ ਦੇ ਖਿਲਾਫ਼ ਅਤੇ ਉਨ੍ਹਾਂ ਦੁਸ਼ਟ ਲੋਕਾਂ ਦੇ ਖਿਲਾਫ਼ ਲੜੇਗਾ ਜੋ ਉਨ੍ਹਾਂ ਦੀ ਮਦਦ ਲਰਨ ਦੀ ਕੋਸ਼ਿਸ਼ ਕਰਦੇ ਹਨ।
3 ਮਿਸਰ ਦੇ ਲੋਕ ਤਾਂ ਸਿਰਫ਼ ਇਨਸਾਨ ਹਨ-ਪਰਮੇਸ਼ੁਰ ਨਹੀਂ। ਮਿਸਰ ਦੇ ਘੋੜੇ ਸਿਰਫ਼ ਜਾਨਵਰ ਹਨ-ਆਤਮਾ ਨਹੀਂ। ਯਹੋਵਾਹ ਆਪਣਾ ਬਾਜ਼ੂ ਫ਼ੈਲਾਵੇਗਾ ਅਤੇ ਸਹਾਇਕ (ਮਿਸਰ) ਹਰਾ ਦਿੱਤਾ ਜਾਵੇਗਾ। ਅਤੇ ਉਹ ਲੋਕ ਜਿਹੜੇ ਸਹਾਇਤਾ ਚਾਹੁੰਦੇ ਸਨ (ਯਹੂਦਾਹ) ਢਹਿ ਪੈਣਗੇ। ਉਹ ਸਾਰੇ ਲੋਕ ਇਕੱਠੇ ਹੀ ਤਬਾਹ ਹੋ ਜਾਣਗੇ।
4 ਯਹੋਵਾਹ ਨੇ ਮੈਨੂੰ ਦੱਸਿਆ, “ਜਦੋਂ ਕੋਈ ਸ਼ੇਰ ਜਾਂ ਸ਼ੇਰ ਦਾ ਬੱਚਾ ਕਿਸੇ ਜਾਨਵਰ ਨੂੰ ਖਾਣ ਲਈ ਫੜਦਾ ਹੈ ਤਾਂ ਸ਼ੇਰ ਮਰੇ ਹੋਏ ਜਾਨਵਰ ਉੱਤੇ ਖੜ੍ਹਾ ਹੋ ਜਾਂਦਾ ਹੈ ਅਤੇ ਗਰਜਦਾ ਹੈ। ਉਸ ਸਮੇਂ ਕੋਈ ਵੀ ਚੀਜ਼ ਉਸ ਮਹਾਨ ਸ਼ੇਰ ਨੂੰ ਭੈਭੀਤ ਨਹੀਂ ਕਰ ਸੱਕਦੀ। ਜੇ ਬੰਦੇ ਆ ਕੇ ਸ਼ੇਰ ਉੱਤੇ ਚੀਖਦੇ ਹਨ ਤਾਂ ਵੀ ਸ਼ੇਰ ਨਹੀਂ ਡਰਦਾ। ਲੋਕ ਭਾਵੇਂ ਬਹੁਤ ਵੱਡਾ ਸ਼ੋਰ ਮਚਾਉਣ ਪਰ ਸ਼ੇਰ ਨਹੀਂ ਭੱਜੇਗਾ।”
ਓਸ ਤਰ੍ਹਾਂ, ਸਰਬ ਸ਼ਕਤੀਮਾਨ ਯਹੋਵਾਹ ਸੀਯੋਨ ਪਰਬਤ ਉੱਤੇ ਉਤਰੇਗਾ। ਯਹੋਵਾਹ ਉਸ ਪਹਾੜੀ ਉੱਤੇ ਲੜੇਗਾ। 5 ਸਰਬ ਸ਼ਕਤੀਮਾਨ ਯਹੋਵਾਹ ਯਰੂਸ਼ਲਮ ਦੀ ਰੱਖਿਆ ਕਰੇਗਾ ਜਿਵੇਂ ਪੰਛੀ ਆਪਣੇ ਆਲ੍ਹਣਿਆਂ ਉੱਤੇ ਉੱਡਦੇ ਹਨ। ਯਹੋਵਾਹ ਉਸ ਨੂੰ ਬਚਾ ਲਵੇਗਾ। ਯਹੋਵਾਹ ਉੱਥੋਂ ਗੁਜ਼ਰ ਜਾਵੇਗਾ ਅਤੇ ਯਰੂਸ਼ਲਮ ਨੂੰ ਬਚਾ ਲਵੇਗਾ।
6 ਇਸਰਾਏਲ ਦੇ ਬਚਿਓ, ਤੁਸੀਂ ਪਰਮੇਸ਼ੁਰ ਦੇ ਵਿਰੁੱਧ ਹੋ ਗਏ ਸੀ। ਤੁਹਾਨੂੰ ਪਰਮੇਸ਼ੁਰ ਵੱਲ ਵਾਪਸ ਪਰਤ ਆਉਣਾ ਚਾਹੀਦਾ ਹੈ। 7 ਫ਼ੇਰ ਲੋਕ ਉਨ੍ਹਾਂ ਸੋਨੇ ਚਾਂਦੀ ਦੀਆਂ ਮੂਰਤੀਆਂ ਦੀ ਉਪਾਸਨਾ ਕਰਨੀ ਛੱਡ ਦੇਣਗੇ ਜਿਹੜੀਆਂ ਤੁਸੀਂ ਬਣਾਈਆਂ ਸਨ। ਤੁਸੀਂ ਸੱਚਮੁੱਚ ਉਦੋਂ ਪਾਪ ਕੀਤਾ ਸੀ ਜਦੋਂ ਤੁਸੀਂ ਉਹ ਮੂਰਤੀਆਂ ਬਣਾਈਆਂ ਸਨ।
8 ਇਹ ਸੱਚ ਹੈ ਕਿ ਅੱਸ਼ੂਰ ਨੂੰ ਤਲਵਾਰ ਨਾਲ ਹਰਾ ਦਿੱਤਾ ਜਾਵੇਗਾ। ਪਰ ਉਹ ਤਲਵਾਰ ਕਿਸੇ ਇਨਸ਼ਾਨ ਦੀ ਤਲਵਾਰ ਨਹੀਂ ਹੋਵੇਗੀ। ਅੱਸ਼ੂਰ ਪਰਮੇਸ਼ੁਰ ਦੀ ਤਲਵਾਰ ਕੋਲੋਂ ਭੱਜੇਗਾ। ਪਰ ਨੌਜਵਾਨ ਬੰਦੇ ਫ਼ੜ ਲੇ ਜਾਣਗੇ ਅਤੇ ਗੁਲਾਮ ਬਣਾ ਲੇ ਜਾਣਗੇ। 9 ਉਨ੍ਹਾਂ ਦਾ ਸੁਰੱਖਿਅਤ ਟਿਕਾਣਾ ਤਬਾਹ ਕਰ ਦਿੱਤਾ ਜਾਵੇਗਾ। ਉਨ੍ਹਾਂ ਦੇ ਆਗੂ ਹਾਰ ਜਾਣਗੇ ਅਤੇ ਆਪਣੇ ਝੰਡੇ ਪਿੱਛੇ ਛੱਡ ਜਾਣਗੇ।
ਯਹੋਵਾਹ ਨੇ ਇਹ ਸਾਰੀਆਂ ਗੱਲਾਂ ਆਖੀਆਂ। ਯਹੋਵਾਹ ਦੀ ਅੱਗ ਸੀਯੋਨ ਵਿੱਚ ਹੈ ਅਤੇ ਉਸ ਦੀ ਭਠ੍ਠੀ ਯਰੂਸ਼ਲਮ ਵਿੱਚ ਹੈ।
ਕਰਨ ਲਈ ਕੁਝ ਗੱਲਾਂ
4 ਮੇਰੇ ਪਿਆਰੇ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ ਅਤੇ ਤੁਹਾਨੂੰ ਮਿਲਣਾ ਚਾਹੁੰਦਾ ਹਾਂ। ਤੁਸੀਂ ਮੈਨੂੰ ਖੁਸ਼ੀ ਦਿਉ ਅਤੇ ਮੈਨੂੰ ਤੁਹਾਡੇ ਉੱਤੇ ਮਾਣ ਹੈ। ਜਿਵੇਂ ਮੈਂ ਤੁਹਾਨੂੰ ਕਿਹਾ ਸੀ, ਵਫ਼ਾਦਾਰੀ ਨਾਲ ਪ੍ਰਭੂ ਦਾ ਅਨੁਸਰਣ ਕਰਨਾ ਜਾਰੀ ਰੱਖੋ।
2 ਮੈਂ ਯੂਓਦੀਆ ਅਤੇ ਸੁੰਤੁਖੇ ਨੂੰ ਇੱਕ ਦੂਸਰੇ ਨਾਲ ਸਹਿਮਤ ਹੋਣ ਲਈ ਬੇਨਤੀ ਕਰਦਾ ਹੈ ਕਿਉਂਕਿ ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। 3 ਮੇਰੇ ਮਿੱਤਰੋ, ਕਿਉਂਕਿ ਤੁਸੀਂ ਮੇਰੇ ਨਾਲ ਰਲਕੇ ਵਫ਼ਾਦਾਰੀ ਨਾਲ ਸੇਵਾ ਕੀਤੀ ਹੈ ਇਸ ਲਈ ਮੈਂ ਤੁਹਾਨੂੰ ਇਨ੍ਹਾਂ ਔਰਤਾਂ ਦੀ ਅਜਿਹਾ ਕਰਨ ਵਿੱਚ ਸਹਾਇਤਾ ਕਰਨ ਲਈ ਆਖਦਾ ਹਾਂ। ਇਨ੍ਹਾਂ ਨੇ ਕਲੇਮੰਸ ਨਾਲ ਮੇਰੇ ਪੱਖੋਂ ਅਤੇ ਮੇਰੇ ਹੋਰ ਸਾਥੀਆਂ ਨਾਲ ਮਿਲਕੇ ਖੁਸ਼ਖਬਰੀ ਫ਼ੈਲਾਉਣ ਵਿੱਚ ਸਖਤ ਮਿਹਨਤ ਕੀਤੀ ਹੈ। ਉਨ੍ਹਾਂ ਦੇ ਨਾਮ ਜੀਵਨ ਦੀ ਪੁਸਤਕ [a] ਵਿੱਚ ਲਿਖੇ ਗਏ ਹਨ।
4 ਹਮੇਸ਼ਾ ਪ੍ਰਭੂ ਵਿੱਚ ਅਨੰਦ ਮਾਣੋ। ਮੈਂ ਇਸ ਨੂੰ ਫ਼ਿਰ ਆਖਾਂਗਾ, ਅਨੰਦ ਮਾਣੋ।
5 ਹਰ ਕਿਸੇ ਨੂੰ ਤੁਹਾਡੇ ਨਿਮ੍ਰ ਸੁਭਾਅ ਬਾਰੇ ਜਾਨਣ ਦਿਉ। ਪ੍ਰਭੂ ਛੇਤੀ ਆ ਰਿਹਾ ਹੈ। 6 ਕਾਸੇ ਦੀ ਵੀ ਚਿੰਤਾ ਨਾ ਕਰੋ। ਪਰ ਹਰ ਹਾਲਤ ਵਿੱਚ, ਪਰਮੇਸ਼ੁਰ ਨੂੰ ਉਹ ਪੁੱਛਦਿਆਂ ਹੋਇਆਂ ਪ੍ਰਾਰਥਨਾ ਕਰੋ ਜੋ ਤੁਹਾਨੂੰ ਲੋੜੀਂਦਾ ਹੈ। ਅਤੇ ਜਦੋਂ ਵੀ ਤੁਸੀਂ ਪ੍ਰਾਰਥਨਾ ਕਰੋ, ਉਸਦਾ ਧੰਨਵਾਦ ਕਰੋ। 7 ਪਰਮੇਸ਼ੁਰ ਦੀ ਸ਼ਾਂਤੀ ਇੰਨੀ ਮਹਾਨ ਹੈ ਕਿ ਇਸ ਨੂੰ ਸਾਡੇ ਮਨ ਸਮਝਣ ਲਾਇੱਕ ਨਹੀਂ ਹਨ। ਪਰ ਉਹ ਸ਼ਾਂਤੀ ਮਸੀਹ ਯਿਸੂ ਵਿੱਚ ਸਾਡੇ ਦਿਲਾਂ ਅਤੇ ਮਨਾਂ ਦੀ ਰੱਖਵਾਲੀ ਕਰੇਗੀ।
8 ਭਰਾਵੋ ਅਤੇ ਭੈਣੋ, ਉਨ੍ਹਾਂ ਗੱਲਾਂ ਵੱਲ ਧਿਆਨ ਦਿਓ ਜੋ ਸੱਚੀਆਂ, ਸਤਿਕਾਰ ਯੋਗ, ਸਹੀ, ਸ਼ੁੱਧ, ਪਿਆਰ ਕਰਨ ਯੋਗ ਅਤੇ ਪ੍ਰਸੰਸਾ ਕਰਨ ਯੋਗ ਹਨ। ਹਮੇਸ਼ਾ ਉਨ੍ਹਾਂ ਗੱਲਾਂ ਬਾਰੇ ਸੋਚੋ ਜੋ ਉੱਤਮ ਅਤੇ ਪ੍ਰਸ਼ੰਸਾ ਯੋਗ ਹਨ। 9 ਉਹ ਗੱਲਾਂ ਕਰੋ ਜਿਹੜੀਆਂ ਤੁਸੀਂ ਮੈਥੋਂ ਸਿੱਖੀਆਂ ਅਤੇ ਪ੍ਰਾਪਤ ਕੀਤੀਆਂ ਹਨ। ਉਹ ਗੱਲਾਂ ਕਰੋ ਜੋ ਤੁਸੀਂ ਮੈਥੋਂ ਸੁਣੀਆਂ ਅਤੇ ਜੋ ਗੱਲਾਂ ਮੈਨੂੰ ਕਰਦਿਆਂ ਵੇਖਿਆ ਪਰਮੇਸ਼ੁਰ ਜਿਹੜਾ ਸ਼ਾਂਤੀ ਦਿੰਦਾ ਹੈ, ਤੁਹਾਡੇ ਨਾਲ ਹੋਵੇਗਾ।
ਪੌਲੁਸ ਫ਼ਿਲਿੱਪੀਆਂ ਦੇ ਮਸੀਹੀਆਂ ਦਾ ਧੰਨਵਾਦ ਕਰਦਾ
10 ਤੁਸੀਂ ਮੇਰੇ ਹਿੱਤ ਬਾਰੇ ਸੋਚਦੇ ਸੀ, ਪਰ ਤੁਹਾਡੇ ਕੋਲ ਇਹ ਵਿਖਾਉਣ ਦਾ ਮੌਕਾ ਨਹੀਂ ਸੀ। ਪਰ ਇੱਕ ਵਾਰ ਫ਼ੇਰ ਤੁਸੀਂ ਮੈਨੂੰ ਮਹੱਤਤਾ ਦੇਣੀ ਸ਼ੁਰੂ ਕਰ ਦਿੱਤੀ। ਇਸ ਲਈ ਮੈਂ ਬਹੁਤ ਪ੍ਰਸੰਨ ਹਾਂ। 11 ਮੈਂ ਇਹ ਗੱਲਾਂ ਤੁਹਾਨੂੰ ਦੱਸ ਰਿਹਾ ਹਾਂ ਪਰ ਇਹ ਇਸ ਲਈ ਨਹੀਂ ਕਿ ਮੈਨੂੰ ਕੋਈ ਚੀਜ਼ ਲੋੜੀਂਦੀ ਹੈ। ਮੈਂ ਕਿਸੇ ਵੀ ਤਰ੍ਹਾਂ ਦੀਆਂ ਹਲਾਤਾਂ ਵਿੱਚ, ਜਿਨ੍ਹਾਂ ਵਿੱਚ ਮੈਂ ਜਿਉਂਦਾ ਹਾਂ, ਸੰਤੁਸ਼ਟ ਹੋਣਾ ਸਿੱਖ ਲਿਆ ਹੈ। 12 ਮੈਨੂੰ ਪਤਾ ਹੈ ਕਿ ਗਰੀਬੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ ਅਤੇ ਅਮੀਰੀ ਵਿੱਚ ਕਿਵੇਂ ਰਹਿਣਾ ਚਾਹੀਦਾ ਹੈ। ਮੈਂ ਹਰ ਸਮੇਂ ਅਤੇ ਹਰ ਹਾਲ ਵਿੱਚ ਭਾਵੇਂ ਰਜੇਵੇਂ ਵਿੱਚ ਰਹਿਣਾ ਪਵੇ ਅਤੇ ਭਾਵੇਂ ਭੁੱਖਮਰੀ ਵਿੱਚ, ਭਾਵੇਂ ਅਮੀਰੀ ਵਿੱਚ ਰਹਿਣਾ ਪਵੇ ਅਤੇ ਭਾਵੇਂ ਗਰੀਬੀ ਵਿੱਚ। ਖੁਸ਼ ਰਹਿਣ ਦਾ ਗੁਪਤ ਰਾਜ ਜਾਣ ਲਿਆ ਹੈ। 13 ਮੈਂ ਮਸੀਹ ਰਾਹੀਂ ਸਾਰੀਆਂ ਗਲਾਂ ਕਰ ਸੱਕਦਾ ਹਾਂ, ਜੋ ਮੈਨੂੰ ਬਲ ਬਖਸ਼ਦਾ ਹੈ।
14 ਪਰ ਇਹ ਚੰਗਾ ਸੀ ਕਿ ਮੁਸੀਬਤਾਂ ਵਿੱਚ ਤੁਸੀਂ ਮੇਰੀ ਮਦਦ ਕੀਤੀ। 15 ਫ਼ਿਲਿੱਪੈ ਵਿੱਚ ਤੁਸੀਂ ਲੋਕੋ, ਯਾਦ ਕਰੋ, ਜਦੋਂ ਮੈਂ ਉੱਥੇ ਪਹਿਲੀ ਵਾਰੀ ਖੁਸ਼ਖਬਰੀ ਦਾ ਪ੍ਰਚਾਰ ਕੀਤਾ ਸੀ। ਜਦੋਂ ਮੈਂ ਮਕਦੂਨਿਯਾ ਛੱਡਿਆ, ਤੁਹਾਡੀ ਹੀ ਇੱਕਲੀ ਕਲੀਸਿਯਾ ਸੀ ਜਿਸਨੇ ਮੇਰੀ ਸਹਾਇਤਾ ਕੀਤੀ ਸੀ। 16 ਜਦੋਂ ਮੈਂ ਥੱਸਲੁਨੀਕੇ ਵਿੱਚ ਸਾਂ ਤਾਂ ਬਹੁਤ ਵਾਰੀ ਤੁਸੀਂ ਮੇਰੇ ਲਈ ਲੋੜੀਦੀਆਂ ਚੀਜ਼ਾਂ ਭੇਜੀਆਂ ਸਨ। 17 ਸੱਚਮੁੱਚ, ਇਹ ਨਹੀਂ ਕਿ ਮੈਂ ਤੁਹਾਥੋਂ ਸੁਗਾਤਾਂ ਪ੍ਰਾਪਤ ਕਰਨੀਆਂ ਚਾਹੁੰਦਾ ਹਾਂ, ਪਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਉਹ ਲਾਭ ਪ੍ਰਾਪਤ ਕਰੋਂ ਜਿਹੜਾ ਦੇਣ ਤੋਂ ਆਉਂਦਾ ਹੈ। 18 ਮੇਰੇ ਕੋਲ ਸਭ ਕੁਝ ਜ਼ਰੂਰਤ ਤੋਂ ਵੱਧ ਹੈ। ਜਿਹੜੇ ਦਾਨ ਤੁਸੀਂ ਇਪਾਫ਼ਰੋਦੀਤੁਸ ਰਾਹੀਂ ਭੇਜੇ ਉਨ੍ਹਾਂ ਮੇਰੀਆਂ ਸਾਰੀਆਂ ਲੋੜਾਂ ਦਾ ਪੂਰੀ ਤਰ੍ਹਾਂ ਖਿਆਲ ਰੱਖਿਆ। ਤੁਹਾਡੀ ਦਾਤ ਪਰਮੇਸ਼ੁਰ ਨੂੰ ਚੜ੍ਹਾਈ ਸੁਗੰਧਿਤ ਬਲੀ ਵਰਗੀ ਹੈ। ਪਰਮੇਸ਼ੁਰ ਨੇ ਇਸ ਨੂੰ ਪ੍ਰਵਾਨ ਕੀਤਾ ਅਤੇ ਉਹ ਇਸ ਨਾਲ ਪ੍ਰਸੰਨ ਹੈ। 19 ਮੇਰਾ ਪਰਮੇਸ਼ੁਰ ਮਸੀਹ ਯਿਸੂ ਦੀ ਮਹਿਮਾ ਨਾਲ ਬਹੁਤ ਅਮੀਰ ਹੈ। ਉਹ ਤੁਹਾਡੀਆਂ ਸਾਰੀਆਂ ਲੋੜਾਂ ਨੂੰ ਆਪਣੀ ਅਮੀਰੀ ਰਾਹੀਂ ਪੂਰਨ ਕਰੇਗਾ ਜੋ ਮਸੀਹ ਯਿਸੂ ਵਿੱਚ ਉਪਲਬਧ ਹਨ। 20 ਸਾਡੇ ਪਰਮੇਸ਼ੁਰ ਅਤੇ ਸਾਡੇ ਪਿਤਾ ਦੀ ਹਮੇਸ਼ਾ-ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ।
21 ਮਸੀਹ ਯਿਸੂ ਵਿੱਚ ਪਰਮੇਸ਼ੁਰ ਦੇ ਸਮੂਹ ਲੋਕਾਂ ਨੂੰ ਸ਼ੁਭਕਾਮਨਾਵਾਂ। ਉਹ ਸਾਰੇ ਭਰਾ ਵੀ ਜੋ ਮੇਰੇ ਨਾਲ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ। 22 ਪਰਮੇਸ਼ੁਰ ਦੇ ਸਾਰੇ ਲੋਕ, ਖਾਸੱਕਰ ਉਹ ਜਿਹੜੇ ਕੈਸਰ ਦੇ ਮਹਿਲ ਵਿੱਚ ਹਨ, ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।
23 ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਸਾਰਿਆਂ ਉੱਪਰ ਕਿਰਪਾ ਹੋਵੇ।
2010 by World Bible Translation Center