Old/New Testament
ਯਰਦਨ ਨਦੀ ਦੇ ਪੂਰਬ ਦੇ ਪਰਿਵਾਰ-ਸਮੂਹ
32 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਕੋਲ ਬਹੁਤ ਸਾਰੀਆਂ ਗਾਵਾਂ ਸਨ। ਉਨ੍ਹਾਂ ਲੋਕਾਂ ਨੇ ਯਾਜ਼ੇਰ ਅਤੇ ਗਿਲਆਦ ਦੇ ਨੇੜੇ ਦੀ ਜ਼ਮੀਨ ਵੱਲ ਦੇਖਿਆ। ਉਨ੍ਹਾਂ ਨੇ ਦੇਖਿਆ ਕਿ ਇਹ ਧਰਤੀ ਉਨ੍ਹਾਂ ਦੀਆਂ ਗਾਵਾਂ ਲਈ ਚੰਗੀ ਸੀ। 2 ਇਸ ਲਈ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਦੇ ਲੋਕ ਮੂਸਾ ਕੋਲ ਆਏ। ਉਨ੍ਹਾਂ ਨੇ ਮੂਸਾ, ਜਾਜਕ ਅਲਆਜ਼ਾਰ ਅਤੇ ਲੋਕਾਂ ਦੇ ਆਗੂਆਂ ਨਾਲ ਗੱਲ ਕੀਤੀ, 3-4 ਉਨ੍ਹਾਂ ਨੇ ਆਖਿਆ, “ਸਾਡੇ, ਤੁਹਾਡੇ ਸੇਵਕਾਂ ਕੋਲ, ਬਹੁਤ ਸਾਰੀਆਂ ਗਊਆਂ ਹਨ। ਅਤੇ ਉਹ ਜ਼ਮੀਨ ਜਿਸ ਲਈ ਅਸੀਂ ਲੜਾਈ ਕੀਤੀ ਉਹ ਸਾਡੇ ਲਈ ਚੰਗੀ ਹੈ। ਇਸ ਜ਼ਮੀਨ ਵਿੱਚ ਅਟਾਰੋਥ, ਦੀਬੋਨ, ਯਾਜ਼ੇਰ, ਨਿਮਰਾਹ, ਹਸ਼ਬੋਨ, ਅਲਾਲੇਹ, ਸਬਾਮ, ਨਬੋ ਅਤੇ ਬਓਨ ਦਾ ਇਲਾਕਾ ਸ਼ਾਮਿਲ ਹੈ। 5 ਜੇ ਇਸ ਵਿੱਚ ਤੁਹਾਡੀ ਖੁਸ਼ੀ ਹੋਵੇ ਤਾਂ ਅਸੀਂ ਚਾਹੁੰਦੇ ਹਾਂ ਕਿ ਇਹ ਜ਼ਮੀਨ ਸਾਨੂੰ ਦਿੱਤੀ ਜਾਵੇ। ਸਾਨੂੰ ਯਰਦਨ ਨਦੀ ਦੇ ਪਰਲੇ ਪਾਸੇ ਨਾ ਲਿਜਾਉ।”
6 ਮੂਸਾ ਨੇ ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਦੇ ਲੋਕਾਂ ਨੂੰ ਆਖਿਆ, “ਕੀ ਤੁਸੀਂ ਆਪਣੇ ਭਰਾਵਾਂ ਨੂੰ ਜਾਕੇ ਲੜਨ ਦੇਵੋਂਗੇ ਜਦੋਂ ਕਿ ਤੁਸੀਂ ਇੱਥੇ ਟਿਕੇ ਰਹੋ? 7 ਤੁਸੀਂ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਢਾਹੁਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? ਤੁਸੀਂ ਉਨ੍ਹਾਂ ਦੀ ਨਦੀ ਪਾਰ ਕਰਨ ਦੀ ਇੱਛਾ ਵਿੱਚ ਰੋਕ ਪਾ ਦਿਉਂਗੇ ਅਤੇ ਉਸ ਜ਼ਮੀਨ ਨੂੰ ਹਾਸਿਲ ਕਰਨ ਵਿੱਚ ਰੁਕਾਵਟ ਬਣੋਂਗੇ ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਹੈ। 8 ਤੁਹਾਡੇ ਪੁਰਖਿਆਂ ਨੇ ਮੇਰੇ ਨਾਲ ਵੀ ਅਜਿਹਾ ਹੀ ਕੀਤਾ ਸੀ। ਕਾਦੇਸ਼ ਬਰਨੇਆ ਵਿੱਚ ਮੈਂ ਧਰਤੀ ਦੇਖਣ ਲਈ ਜਾਸੂਸ ਭੇਜੇ। 9 ਉਹ ਲੋਕ ਅਸ਼ਕੋਲ ਵਾਦੀ ਤੀਕ ਗਏ। ਉਨ੍ਹਾਂ ਨੇ ਜ਼ਮੀਨ ਦੇਖੀ ਅਤੇ ਇਸਰਾਏਲ ਦੇ ਲੋਕਾਂ ਦਾ ਹੌਂਸਲਾ ਤੋੜ ਦਿੱਤਾ। ਉਨ੍ਹਾਂ ਨੇ ਉਸ ਧਰਤੀ ਉਤੇ ਜਾਣ ਦੀ ਉਨ੍ਹਾਂ ਦੀ ਇੱਛਾ ਵਿੱਚ ਰੁਕਾਵਟ ਪਾ ਦਿੱਤੀ, ਜਿਹੜੀ ਯਹੋਵਾਹ ਨੇ ਉਨ੍ਹਾਂ ਨੂੰ ਦਿੱਤੀ ਸੀ। 10 ਯਹੋਵਾਹ ਉਨ੍ਹਾਂ ਲੋਕਾਂ ਨਾਲ ਬਹੁਤ ਨਾਰਾਜ਼ ਹੋ ਗਿਆ ਯਹੋਵਾਹ ਨੇ ਇਹ ਇਕਰਾਰ ਕੀਤੇ: 11 ‘ਲੋਕਾਂ ਦਰਮਿਆਨ ਆਦਮੀਆਂ ਵਿੱਚੋਂ, ਕਿਸੇ ਨੂੰ ਵੀ, ਜੋ 20 ਸਾਲ ਜਾਂ ਇਸ ਨਾਲੋਂ ਵਡੇਰੇ ਹਨ ਇਸ ਧਰਤੀ ਨੂੰ ਦੇਖਣ ਦੀ ਆਗਿਆ ਨਹੀਂ ਮਿਲੇਗੀ। ਮੈਂ ਅਬਰਾਹਾਮ, ਇਸਹਾਕ ਅਤੇ ਯਾਕੂਬ ਨਾਲ ਇਕਰਾਰ ਕੀਤਾ ਸੀ ਕਿ ਮੈਂ ਇਹ ਜ਼ਮੀਨ ਇਨ੍ਹਾਂ ਲੋਕਾਂ ਨੂੰ ਦੇਵਾਂਗਾ ਪਰ ਉਹ ਮੇਰੇ ਸੱਚੇ ਅਨੁਯਾਈ ਨਹੀਂ ਬਣੇ। 12 ਸਿਰਫ਼ ਕਨਿਜ਼ੀਆ ਦੇ ਯਫ਼ੁੰਨਹ ਦਾ ਪੁੱਤਰ ਕਾਲੇਬ, ਅਤੇ ਨੂਨ ਦਾ ਪੁੱਤਰ ਯਹੋਸ਼ੁਆ ਹੀ ਯਹੋਵਾਹ ਦੇ ਸੱਚੇ ਅਨੁਯਾਈ ਬਣੇ।’
13 “ਯਹੋਵਾਹ ਇਸਰਾਏਲ ਦੇ ਲੋਕਾਂ ਨਾਲ ਬਹੁਤ ਨਾਰਾਜ਼ ਸੀ। ਇਸ ਲਈ ਯਹੋਵਾਹ ਨੇ ਲੋਕਾਂ ਨੂੰ 40 ਵਰ੍ਹੇ ਤੀਕ ਮਾਰੂਥਲ ਵਿੱਚ ਰਹਿਣ ਲਈ ਮਜ਼ਬੂਰ ਕੀਤਾ, ਜਦੋਂ ਤੱਕ ਕਿ ਉਹ ਸਾਰੇ ਲੋਕ ਮਰ ਨਹੀਂ ਗਏ ਜਿਨ੍ਹਾਂ ਨੇ ਯਹੋਵਾਹ ਦੇ ਖਿਲਾਫ਼ ਪਾਪ ਕੀਤਾ ਸੀ। 14 ਹੁਣ ਤੁਸੀਂ ਵੀ ਉਹੀ ਕੁਝ ਕਰ ਰਹੇ ਹੋ ਜੋ ਤੁਹਾਡੇ ਪੁਰਖਿਆਂ ਨੇ ਕੀਤਾ ਸੀ। ਤੁਸੀਂ ਪਾਪੀ ਲੋਕ, ਇਸਰਾਏਲ ਦੇ ਖਿਲਾਫ਼ ਯਹੋਵਾਹ ਦੇ ਗੁੱਸੇ ਨੂੰ ਭੜਕਾ ਰਹੇ ਹੋ। 15 ਜੇ ਤੁਸੀਂ ਯਹੋਵਾਹ ਦੇ ਅਨੁਯਾਈ ਬਨਣਾ ਛੱਡ ਦਿਉਂਗੇ, ਤਾਂ ਯਹੋਵਾਹ ਇਸਰਾਏਲ ਨੂੰ ਹੋਰ ਵੀ ਵੱਧੇਰੇ ਸਮਾਂ ਮਾਰੂਥਲ ਵਿੱਚ ਰੱਖੇਗਾ। ਫ਼ੇਰ ਤੁਸੀਂ ਇਨ੍ਹਾਂ ਲੋਕਾਂ ਨੂੰ ਤਬਾਹ ਕਰ ਦਿਉਂਗੇ।”
16 ਪਰ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਦੇ ਲੋਕ, ਮੂਸਾ ਕੋਲ ਗਏ। ਉਨ੍ਹਾਂ ਨੇ ਆਖਿਆ, “ਅਸੀਂ ਆਪਣੇ ਬੱਚਿਆਂ ਲਈ ਇੱਥੇ ਸ਼ਹਿਰ ਉਸਾਰਾਂਗੇ ਅਤੇ ਆਪਣੇ ਪਸ਼ੂਆਂ ਲਈ ਵਾੜੇ। 17 ਤਾਂ ਸਾਡੇ ਬੱਚੇ ਉਨ੍ਹਾਂ ਲੋਕਾਂ ਤੋਂ ਸੁਰੱਖਿਅਤ ਹੋ ਜਾਣਗੇ ਜਿਹੜੇ ਇਸ ਧਰਤੀ ਉੱਤੇ ਰਹਿੰਦੇ ਹਨ। ਪਰ ਅਸੀਂ ਖੁਸ਼ੀ ਨਾਲ ਇਸਰਾਏਲ ਦੇ ਹੋਰਨਾਂ ਲੋਕਾਂ ਦੀ ਆਕੇ ਸਹਾਇਤਾ ਕਰਾਂਗੇ। ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਧਰਤੀ ਉੱਤੇ ਲੈ ਜਾਵਾਂਗੇ। 18 ਅਸੀਂ ਉਦੋਂ ਤੀਕ ਘਰ ਵਾਪਸ ਨਹੀਂ ਆਵਾਂਗੇ ਜਦੋਂ ਤੀਕ ਕਿ ਇਸਰਾਏਲ ਦੇ ਹਰ ਬੰਦੇ ਨੂੰ ਉਸਦੀ ਜ਼ਮੀਨ ਨਹੀਂ ਮਿਲ ਜਾਂਦੀ। 19 ਅਸੀਂ ਯਰਦਨ ਨਦੀ ਪੱਛਮ ਵੱਲ ਕੋਈ ਜ਼ਮੀਨ ਨਹੀਂ ਲਵਾਂਗੇ। ਨਹੀਂ! ਸਾਡੇ ਹਿੱਸੇ ਦੀ ਜ਼ਮੀਨ ਯਰਦਨ ਨਦੀ ਦੇ ਪੂਰਬ ਵਾਲੇ ਪਾਸੇ ਹੀ ਹੈ।”
20 ਇਸ ਲਈ ਮੂਸਾ ਨੇ ਉਨ੍ਹਾਂ ਨੂੰ ਆਖਿਆ, “ਜੇ ਤੁਸੀਂ ਇਹ ਸਾਰੀਆਂ ਗੱਲਾਂ ਕਰੋਂਗੇ, ਤਾਂ ਇਹ ਜ਼ਮੀਨ ਤੁਹਾਡੀ ਹੋਵੇਗੀ। ਪਰ ਤੁਹਾਡੇ ਸਿਪਾਹਿਆਂ ਨੂੰ ਯਹੋਵਾਹ ਦੇ ਸਾਹਮਣੇ ਜੰਗ ਵਿੱਚ ਜ਼ਰੂਰ ਜਾਣਾ ਚਾਹੀਦਾ ਹੈ। 21 ਤੁਹਾਡੇ ਸਿਪਾਹੀਆਂ ਨੂੰ ਯਹੋਵਾਹ ਦੇ ਸਾਹਮਣੇ ਯਰਦਨ ਨਦੀ ਪਾਰ ਕਰਨੀ ਚਾਹੀਦੀ ਹੈ ਅਤੇ ਦੁਸ਼ਮਣ ਨੂੰ ਇਸ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ ਹੈ। 22 ਜਦੋਂ ਯਹੋਵਾਹ ਸਾਡੀ ਸਾਰਿਆਂ ਦੀ ਸਹਾਇਤਾ ਜ਼ਮੀਨ ਹਾਸਿਲ ਕਰਨ ਵਿੱਚ ਕਰ ਦੇਵੇ ਤਾਂ ਤੁਸੀਂ ਘਰ ਵਾਪਸ ਜਾ ਸੱਕੋਂਗੇ। ਤਾਂ ਯਹੋਵਾਹ ਅਤੇ ਇਸਰਾਏਲ ਇਹ ਨਹੀਂ ਸੋਚਣਗੇ ਕਿ ਤੁਸੀਂ ਦੋਸ਼ੀ ਹੋ। ਫ਼ੇਰ ਯਹੋਵਾਹ ਤੁਹਾਨੂੰ ਇਹ ਜ਼ਮੀਨ ਲੈਣ ਦੇਵੇਗਾ। 23 ਪਰ ਜੇ ਤੁਸੀਂ ਇਹ ਗੱਲਾਂ ਨਹੀਂ ਕਰੋਂਗੇ, ਤਾਂ ਤੁਸੀਂ ਯਹੋਵਾਹ ਦੇ ਖਿਲਾਫ਼ ਪਾਪ ਕਰ ਰਹੇ ਹੋਵੋਂਗੇ। ਅਤੇ ਇਹ ਗੱਲ ਪੱਕੀ ਤਰ੍ਹਾਂ ਜਾਣ ਲਵੋ ਕਿ ਤੁਹਾਨੂੰ ਤੁਹਾਡੇ ਪਾਪ ਦੀ ਸਜ਼ਾ ਮਿਲੇਗੀ। 24 ਆਪਣੇ ਬੱਚਿਆਂ ਲਈ ਸ਼ਹਿਰ ਅਤੇ ਪਸ਼ੁਆਂ ਲਈ ਵਾੜੇ ਉਸਾਰ ਲਵੋ। ਪਰ ਫ਼ੇਰ ਤੁਹਾਨੂੰ ਉਹੀ ਕਰਨਾ ਚਾਹੀਦਾ ਹੈ ਜਿਸਦਾ ਤੁਸੀਂ ਇਕਰਾਰ ਕੀਤਾ ਹੈ।”
25 ਫ਼ੇਰ ਗਾਦ ਅਤੇ ਰਊਬੇਨ ਦੇ ਪਰਿਵਾਰ-ਸਮੂਹਾਂ ਦੇ ਲੋਕਾਂ ਨੇ ਮੂਸਾ ਨੂੰ ਆਖਿਆ, “ਅਸੀਂ ਤੁਹਾਡੇ ਸੇਵਾਦਾਰ ਹਾਂ। ਤੁਸੀਂ ਸਾਡੇ ਮਾਲਕ ਹੋ। ਇਸ ਲਈ ਅਸੀਂ ਉਹੀ ਕਰਾਂਗੇ ਜੋ ਤੁਸੀਂ ਆਖਦੇ ਹੋਂ। 26 ਸਾਡੀਆਂ ਪਤਨੀਆਂ, ਬੱਚੇ ਅਤੇ ਸਾਡੇ ਪਸ਼ੂ ਗਿਲਆਦ ਦੇ ਸ਼ਹਿਰਾਂ ਵਿੱਚ ਰਹਿਣਗੇ। 27 ਪਰ ਅਸੀਂ, ਤੁਹਾਡੇ ਸੇਵਕ, ਯਰਦਨ ਨਦੀ ਨੂੰ ਪਾਰ ਕਰਾਂਗੇ। ਅਸੀਂ ਯਹੋਵਾਹ ਦੇ ਸਾਹਮਣੇ ਜੰਗ ਵਿੱਚ ਜਾਵਾਂਗੇ ਜਿਵੇਂ ਸਾਡਾ ਸੁਆਮੀ ਸਾਨੂੰ ਆਖਦਾ ਹੈ।”
28 ਇਸ ਲਈ ਮੂਸਾ ਨੇ ਜਾਜਕ ਅਲਆਜ਼ਾਰ, ਨੂਨ ਦੇ ਪੁੱਤਰ ਯਹੋਸ਼ੁਆ ਅਤੇ ਇਸਰਾਏਲ ਦੇ ਸਾਰੇ ਪਰਿਵਾਰ-ਸਮੂਹਾਂ ਦੇ ਆਗੂਆਂ ਨੂੰ ਉਨ੍ਹਾਂ ਬਾਰੇ ਹੁਕਮ ਦਿੱਤੇ। 29 ਮੂਸਾ ਨੇ ਉਨ੍ਹਾਂ ਨੂੰ ਆਖਿਆ, “ਗਾਦ ਅਤੇ ਰਊਬੇਨ ਦੇ ਆਦਮੀ ਤੁਹਾਡੇ ਨਾਲ ਯਰਦਨ ਨਦੀ ਪਾਰ ਕਰਨਗੇ। ਉਹ ਯਹੋਵਾਹ ਦੇ ਸਾਹਮਣੇ ਲੜਾਈ ਲਈ ਜਾਣਗੇ ਅਤੇ ਜ਼ਮੀਨ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨਗੇ। ਫ਼ੇਰ ਤੁਸੀਂ ਉਨ੍ਹਾਂ ਨੂੰ ਗਿਲਆਦ ਦੀ ਜ਼ਮੀਨ ਉਨ੍ਹਾਂ ਦੇ ਹਿੱਸੇ ਵਜੋਂ ਦੇ ਦਿਉ। 30 ਉਹ ਕਨਾਨ ਦੀ ਧਰਤੀ ਹਾਸਿਲ ਕਰਨ ਵਿੱਚ ਤੁਹਾਡੀ ਸਹਾਇਤਾ ਕਰਨ ਲਈ ਇਕਰਾਰ ਕਰਦੇ ਹਨ।”
31 ਗਾਦ ਅਤੇ ਰਊਬੇਨ ਦੇ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਉਹੀ ਕੁਝ ਕਰਨ ਦਾ ਇਕਰਾਰ ਕਰਦੇ ਹਾਂ, ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਹੈ। 32 ਅਸੀਂ ਯਰਦਨ ਨਦੀ ਪਾਰ ਕਰਾਂਗੇ ਅਤੇ ਯਹੋਵਾਹ ਦੇ ਅੱਗੇ ਕਨਾਨ ਦੀ ਧਰਤੀ ਵੱਲ ਮਾਰਚ ਕਰਾਂਗੇ। ਅਤੇ ਸਾਡੇ ਹਿੱਸੇ ਦੀ ਧਰਤੀ ਯਰਦਨ ਨਦੀ ਦੇ ਪੂਰਬ ਵੱਲ ਦੀ ਹੈ।”
33 ਇਸ ਲਈ ਮੂਸਾ ਨੇ ਉਹ ਧਰਤੀ ਗਾਦ ਦੇ ਲੋਕਾਂ, ਰਊਬੇਨ ਦੇ ਪਰਿਵਾਰ ਨੂੰ ਅਤੇ ਮਨੱਸ਼ਹ ਪਰਿਵਾਰ ਦੇ ਅੱਧੇ ਲੋਕਾਂ ਨੂੰ ਦੇ ਦਿੱਤੀ। (ਮਨੱਸ਼ਹ ਯੂਸੁਫ਼ ਦਾ ਪੁੱਤਰ ਸੀ।) ਇਸ ਧਰਤੀ ਵਿੱਚ ਅਮੋਰੀ, ਸੀਹੋਨ ਦਾ ਰਾਜ ਅਤੇ ਬਾਸ਼ਾਨ ਦੇ ਰਾਜੇ ਓਗ ਦੇ ਰਾਜ ਸ਼ਾਮਿਲ ਹਨ। ਇਸ ਧਰਤੀ ਵਿੱਚ ਉਸ ਖੇਤਰ ਦੇ ਆਲੇ-ਦੁਆਲੇ ਦੇ ਸਾਰੇ ਨਗਰ ਵੀ ਸ਼ਾਮਿਲ ਹਨ।
34 ਗਾਦ ਦੇ ਲੋਕਾਂ ਨੇ ਦੀਬੋਨ, ਅਟਾਰੋਥ ਅਤੇ ਅਰੋਏਰ, 35 ਅਟਰੋਥ ਸੋਫ਼ਾਨ, ਯਾਜ਼ੇਰ, ਯਾਗਬਹਾਹ, 36 ਬੈਤ ਨਿਮਰਾਹ ਅਤੇ ਬੈਤ ਹਾਰਾਨ ਦੇ ਸ਼ਹਿਰ ਉਸਾਰੇ। ਉਨ੍ਹਾਂ ਨੇ ਮਜ਼ਬੂਤ ਕੰਧਾਂ ਵਾਲੇ ਸ਼ਹਿਰ ਉਸਾਰੇ ਅਤੇ ਆਪਣੇ ਪਸ਼ੂਆਂ ਲਈ ਉਨ੍ਹਾਂ ਨੇ ਵਾੜੇ ਉਸਾਰੇ।
37 ਰਊਬੇਨ ਦੇ ਲੋਕਾਂ ਨੇ ਹਸ਼ਬੋਨ, ਅਲਆਲੇ, ਕਿਰਯਾਥੈਮ, 38 ਨਬੋ, ਬਆਲ ਮਓਨ ਅਤੇ ਸਿਬਮਾਹ ਉਸਾਰੇ। ਉਨ੍ਹਾਂ ਨੇ ਉਨ੍ਹਾਂ ਹੀ ਸ਼ਹਿਰਾਂ ਦੇ ਨਾਮ ਰੱਖੇ ਜਿਨ੍ਹਾਂ ਨੂੰ ਮੁੜਕੇ ਉਸਾਰਿਆ ਗਿਆ ਸੀ। ਪਰ ਉਨ੍ਹਾਂ ਨੇ ਨਬੋ ਅਤੇ ਬਆਲ ਮਓਨ ਦੇ ਨਾਮ ਬਦਲ ਦਿੱਤੇ।
39 ਮਾਕੀਰ ਦੇ ਪਰਿਵਾਰ-ਸਮੂਹ ਦੇ ਲੋਕ ਗਿਲਆਦ ਚੱਲੇ ਗਏ। (ਮਾਕੀਰ ਮਨੱਸ਼ਹ ਦਾ ਪੁੱਤਰ ਸੀ।) ਉਨ੍ਹਾਂ ਨੇ ਸ਼ਹਿਰ ਨੂੰ ਹਰਾ ਦਿੱਤਾ ਉਨ੍ਹਾਂ ਨੇ ਓੱਥੇ ਰਹਿਣ ਵਾਲੇ ਅਮੋਰੀਆਂ ਨੂੰ ਹਰਾ ਦਿੱਤਾ। 40 ਇਸ ਲਈ ਮੂਸਾ ਨੇ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਮਾਕੀਰ ਨੂੰ ਗਿਲਆਦ ਦੇ ਦਿੱਤਾ। ਇਸ ਲਈ ਉਸਦਾ ਪਰਿਵਾਰ ਓੱਥੇ ਵਸ ਗਿਆ। 41 ਮਨੱਸ਼ਹ ਦੇ ਪਰਿਵਾਰ ਦੇ ਯਾਈਰ ਨੇ ਓਥੋਂ ਦੇ ਛੋਟੇ ਕਸਬਿਆਂ ਨੂੰ ਹਰਾ ਦਿੱਤਾ। ਤਾਂ ਉਸ ਨੇ ਉੱਥੋਂ ਦੇ ਛੋਟੇ ਕਸਬਿਆਂ ਨੂੰ ਯਾਈਰ ਦੇ ਕਸਬੇ ਆਖਿਆ। 42 ਨੋਬਹ ਨੇ ਕਨਾਥ ਨੂੰ ਹਰਾਇਆ ਅਤੇ ਉਸ ਦੇ ਨੇੜੇ ਦੇ ਛੋਟੇ ਕਸਬਿਆਂ ਨੂੰ ਵੀ। ਫ਼ੇਰ ਉਸ ਨੇ ਉਸ ਥਾਂ ਨੂੰ ਆਪਣਾ ਨਾਮ ਦਿੱਤਾ।
ਇਸਰਾਏਲ ਦਾ ਮਿਸਰ ਤੋਂ ਸਫ਼ਰ
33 ਮੂਸਾ ਅਤੇ ਹਾਰੂਨ ਨੇ ਇਸਰਾਏਲ ਦੇ ਲੋਕਾਂ ਨੂੰ ਮਿਸਰ ਤੋਂ ਬਾਹਰ ਟੋਲਿਆਂ ਵਿੱਚ ਲਿਆਂਦਾ। ਇਹ ਉਹ ਥਾਵਾਂ ਹਨ ਜਿੱਥੇ ਉਨ੍ਹਾਂ ਨੇ ਸਫ਼ਰ ਕੀਤਾ। 2 ਮੂਸਾ ਨੇ ਉਨ੍ਹਾਂ ਥਾਵਾਂ ਬਾਰੇ ਲਿਖਿਆ ਜਿਨ੍ਹਾਂ ਵਿੱਚੋਂ ਉਹ ਲੰਘੇ। ਮੂਸਾ ਨੇ ਉਹੀ ਗੱਲਾਂ ਲਿਖੀਆਂ ਜੋ ਯਹੋਵਾਹ ਚਾਹੁੰਦਾ ਸੀ। ਇਹ ਉਹ ਥਾਵਾਂ ਹਨ ਜਿੱਥੇ ਉਹ ਲੰਘੇ:
3 ਪਹਿਲੇ ਮਹੀਨੇ ਦੀ 15ਵੀਂ ਤਰੀਕ ਨੂੰ ਉਨ੍ਹਾਂ ਨੇ ਰਾਮਸੇਸ ਛੱਡਿਆ। ਪਸਾਹ ਦੀ ਅਗਲੀ ਸਵੇਰ, ਇਸਰਾਏਲ ਦੇ ਲੋਕ ਆਪਣੇ ਹਥਿਆਰ ਚੁੱਕੇ (ਜਿੱਤ ਵਿੱਚ) ਮਿਸਰ ਵਿੱਚੋਂ ਬਾਹਰ ਨਿਕਲੇ। ਮਿਸਰ ਦੇ ਸਮੂਹ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ। 4 ਮਿਸਰੀ ਆਪਣੇ ਸਾਰੇ ਪਹਿਲੋਠੇ ਪੁੱਤਰਾਂ ਨੂੰ ਦਫ਼ਨਾ ਰਹੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਮਾਰਿਆ ਸੀ। ਯਹੋਵਾਹ ਨੇ ਮਿਸਰੀ ਦੇਵਤਿਆਂ ਵਿਰੁੱਧ ਆਪਣਾ ਨਿਆਂ ਦੇ ਦਿੱਤਾ ਸੀ।
5 ਇਸਰਾਏਲ ਦੇ ਲੋਕਾਂ ਨੇ ਰਾਮਸੇਸ ਨੂੰ ਛੱਡ ਦਿੱਤਾ ਅਤੇ ਸੁੱਕੋਥ ਚੱਲੇ ਗਏ। 6 ਸੁੱਕੋਥ ਤੋਂ ਉਹ ਏਥਾਮ ਚੱਲੇ ਗਏ। ਲੋਕਾਂ ਨੇ ਉੱਥੇ ਮਾਰੂਥਲ ਦੇ ਕੰਢੇ ਡੇਰਾ ਲਾ ਲਿਆ। 7 ਉਹ ਏਥਾਮ ਛੱਡਦੇ ਹੋਏ ਪੀ ਹਹੀਰੋਥ ਚੱਲੇ ਗਏ। ਇਹ ਥਾਂ ਬਆਲਸਫ਼ੋਮ ਦੇ ਨੇੜੇ ਸੀ। ਲੋਕਾਂ ਨੇ ਮਿਗਦੋਲ ਨੇੜੇ ਡੇਰਾ ਲਾਇਆ।
8 ਲੋਕਾਂ ਨੇ ਪੀ-ਹਹੀਰੋਥ ਛੱਡ ਦਿੱਤਾ ਅਤੇ ਸਮੁੰਦਰ ਦੇ ਅੱਧ ਵਿੱਚਕਾਰੋਂ ਲੰਘੇ। ਉਨ੍ਹਾਂ ਨੇ ਤਿੰਨ ਦਿਨ ਏਥਾਮ ਦੇ ਮਾਰੂਥਲ ਵਿੱਚ ਸਫ਼ਰ ਕੀਤਾ। ਲੋਕਾਂ ਨੇ ਮਾਰਾਹ ਵਿਖੇ ਡੇਰਾ ਲਾਇਆ।
9 ਲੋਕ ਮਾਰਾਹ ਛੱਡ ਕੇ ਏਲੀਮ ਚੱਲੇ ਗਏ ਅਤੇ ਉੱਥੇ ਡੇਰਾ ਲਾਇਆ। ਉੱਥੇ ਪਾਣੀ ਦੇ ਬਾਰ੍ਹਾਂ ਚਸ਼ਮੇ ਸਨ ਅਤੇ 70 ਖਜ਼ੂਰ ਦੇ ਰੁੱਖ।
10 ਲੋਕਾਂ ਨੇ ਏਲੀਮ ਨੂੰ ਛੱਡ ਦਿੱਤਾ ਅਤੇ ਲਾਲ ਸਾਗਰ ਦੇ ਨੇੜੇ ਡੇਰਾ ਲਾਇਆ।
11 ਲੋਕਾਂ ਨੇ ਲਾਲ ਸਾਗਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾ ਲਿਆ।
12 ਲੋਕਾਂ ਨੇ ਸੀਨਈ ਮਾਰੂਥਲ ਛੱਡਿਆ ਅਤੇ ਦਾਫ਼ਕਾਹ ਵਿਖੇ ਡੇਰਾ ਲਾਇਆ।
13 ਲੋਕਾਂ ਦਾਫ਼ਕਾਹ ਛੱਡ ਦਿੱਤਾ ਅਤੇ ਆਲੂਸ਼ ਵਿਖੇ ਡੇਰਾ ਲਾਇਆ।
14 ਲੋਕਾਂ ਨੇ ਆਲੂਸ਼ ਛੱਡ ਦਿੱਤਾ ਅਤੇ ਰਫ਼ੀਦਿਮ ਡੇਰਾ ਲਾਇਆ। ਉਸ ਥਾਂ ਤੇ ਲੋਕਾਂ ਲਈ, ਪੀਣ ਵਾਸਤੇ ਪਾਣੀ ਨਹੀਂ ਸੀ।
15 ਲੋਕਾਂ ਨੇ ਰਫ਼ੀਦਿਮ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਡੇਰਾ ਲਾਇਆ।
16 ਲੋਕਾਂ ਨੇ ਸੀਨਈ ਮਾਰੂਥਲ ਛੱਡ ਦਿੱਤਾ ਅਤੇ ਕਿਬਰੋਥ ਹੱਤਅਵਾਹ ਵਿਖੇ ਡੇਰਾ ਲਾਇਆ।
17 ਲੋਕਾਂ ਨੇ ਕਿਬਰੋਥ ਹੱਤਅਵਾਹ ਛੱਡ ਦਿੱਤਾ ਅਤੇ ਹਸੇਰੋਥ ਡੇਰਾ ਲਾਇਆ।
18 ਲੋਕਾਂ ਨੇ ਹਸੇਰੋਥ ਛੱਡ ਦਿੱਤਾ ਅਤੇ ਰਿਥਮਾਹ ਡੇਰਾ ਲਾਇਆ।
19 ਲੋਕਾਂ ਨੇ ਰਿਥਮਾਹ ਛੱਡ ਦਿੱਤਾ ਅਤੇ ਰਿੰਮੋਨ ਪਾਰਸ ਡੇਰਾ ਲਾਇਆ।
20 ਲੋਕਾਂ ਨੇ ਰਿੰਮੋਨ ਪਾਰਸ ਛੱਡ ਦਿੱਤਾ ਅਤੇ ਲਿਬਨਾਹ ਡੇਰਾ ਲਾਇਆ।
21 ਲੋਕਾਂ ਨੇ ਲਿਬਨਾਹ ਛੱਡ ਦਿੱਤਾ ਅਤੇ ਰਿੱਸਾਹ ਡੇਰਾ ਲਾਇਆ।
22 ਲੋਕਾਂ ਨੇ ਰਿੱਸਾਹ ਛੱਡ ਦਿੱਤਾ ਅਤੇ ਕਹੇਲਾਥਾਹ ਡੇਰਾ ਲਾਇਆ।
23 ਲੋਕਾਂ ਨੇ ਕਹੇਲਾਥਾਹ ਛੱਡ ਦਿੱਤਾ ਅਤੇ ਸ਼ਾਫ਼ਰ ਪਰਬਤ ਉੱਤੇ ਡੇਰਾ ਲਾਇਆ।
24 ਲੋਕਾਂ ਨੇ ਸ਼ਫ਼ਰ ਪਰਬਤ ਛੱਡ ਦਿੱਤਾ ਅਤੇ ਹਰਾਦਾਹ ਡੇਰਾ ਲਾਇਆ।
25 ਲੋਕਾਂ ਹਰਾਦਾਹ ਛੱਡ ਦਿੱਤਾ ਅਤੇ ਮਕਹੇਲੋਥ ਡੇਰਾ ਲਾਇਆ।
26 ਲੋਕਾਂ ਨੇ ਮਕਹੇਲੋਥ ਛੱਡ ਦਿੱਤਾ ਅਤੇ ਤਾਹਥ ਡੇਰਾ ਲਾਇਆ।
27 ਲੋਕਾਂ ਨੇ ਤਾਹਥ ਛੱਡ ਦਿੱਤਾ ਅਤੇ ਥਾਰਹ ਡੇਰਾ ਲਾਇਆ
28 ਲੋਕਾਂ ਨੇ ਥਾਰਹ ਛੱਡ ਦਿੱਤਾ ਅਤੇ ਮਿਥਕਾਹ ਡੇਰਾ ਲਾਇਆ।
29 ਲੋਕਾਂ ਨੇ ਮਿਥਕਾਹ ਛੱਡ ਦਿੱਤਾ ਅਤੇ ਹਸ਼ਮੋਨਾਹ ਡੇਰਾ ਲਾਇਆ।
30 ਲੋਕਾਂ ਨੇ ਹਸ਼ਮੋਨਾਹ ਛੱਡ ਦਿੱਤਾ ਅਤੇ ਮੋਸੇਰੋਥ ਡੇਰਾ ਲਾਇਆ।
31 ਲੋਕਾਂ ਨੇ ਮੋਸੇਰੋਥ ਛੱਡ ਦਿੱਤਾ ਅਤੇ ਬਨੇ ਯਆਕਾਨ ਡੇਰਾ ਲਾਇਆ।
32 ਲੋਕਾਂ ਨੇ ਬਨੇ ਯਆਕਾਨ ਛੱਡ ਦਿੱਤਾ ਅਤੇ ਹਗਿਦਗਾਦ ਡੇਰਾ ਲਾਇਆ।
33 ਲੋਕਾਂ ਨੇ ਹਾਗਿਦਗਾਦ ਛੱਡ ਦਿੱਤਾ ਅਤੇ ਯਾਟਬਾਥਾਹ ਡੇਰਾ ਲਾਇਆ।
34 ਲੋਕਾਂ ਨੇ ਯਾਟਬਾਥਾਹ ਛੱਡ ਦਿੱਤਾ ਅਤੇ ਅਬਰੋਨਾਹ ਡੇਰਾ ਲਾਇਆ।
35 ਲੋਕਾਂ ਨੇ ਅਬਰੋਨਾਹ ਛੱਡ ਦਿੱਤਾ ਅਤੇ ਅਸਯੋਨ-ਗਬਰ ਡੇਰਾ ਲਾਇਆ।
36 ਲੋਕਾਂ ਨੇ ਅਸਯੋਨ-ਗਬਰ ਛੱਡ ਦਿੱਤਾ ਅਤੇ ਸੀਨਈ ਮਾਰੂਥਲ ਵਿੱਚ ਕਾਦੇਸ਼ ਵਿਖੇ ਡੇਰਾ ਲਾਇਆ।
37 ਲੋਕਾਂ ਨੇ ਕਾਦੇਸ਼ ਛੱਡ ਦਿੱਤਾ ਅਤੇ ਹੋਰ ਵਿਖੇ ਡੇਰਾ ਲਾਇਆ। ਇਹ ਅਦੋਮ ਦੇਸ਼ ਦੀ ਸਰਹੱਦ ਉੱਤੇ ਪਰਬਤ ਸੀ। 38 ਜਾਜਕ ਹਾਰੂਨ ਨੇ ਯਹੋਵਾਹ ਦੀ ਆਗਿਆ ਮੰਨੀ ਅਤੇ ਹੋਰ ਪਰਬਤ ਦੇ ਉੱਤੇ ਚੱਲਾ ਗਿਆ। ਹਾਰੂਨ ਉਸ ਥਾਂ ਕਾਲਵੱਸ ਹੋਇਆ। ਹਾਰੂਨ ਪੰਜਵੇਂ ਮਹੀਨੇ ਦੀ ਪਹਿਲੀ ਤਰੀਕ ਨੂੰ ਕਾਲਵੱਸ ਹੋਇਆ। ਇਹ ਇਸਰਾਏਲ ਦੇ ਲੋਕਾਂ ਦੇ ਮਿਸਰ ਛੱਡਣ ਦਾ 40ਵਾਂ ਵਰ੍ਹਾਂ ਸੀ। 39 ਹਾਰੂਨ ਜਦੋਂ ਹੋਰ ਪਰਬਤ ਉੱਤੇ ਕਾਲਵੱਸ ਹੋਇਆ ਉਹ 123 ਵਰ੍ਹਿਆ ਦਾ ਸੀ।
40 ਆਰਾਦ ਦੇ ਕਨਾਨੀ ਰਾਜੇ ਨੇ, ਜੋ ਕਨਾਨ ਵਿੱਚ ਨੇਗੇਵ ਵਿੱਚ ਰਹਿੰਦਾ ਸੀ ਇਸਰਾਏਲੀਆਂ ਦੇ ਆਉਣ ਬਾਰੇ ਸੁਣਿਆ। 41 ਲੋਕਾਂ ਨੇ ਹੋਰ ਪਰਬਤ ਛੱਡ ਦਿੱਤਾ ਅਤੇ ਸਲਮੋਨਾਹ ਵਿਖੇ ਡੇਰਾ ਲਾਇਆ।
42 ਲੋਕਾਂ ਨੇ ਸਲਮੋਨਾਹ ਛੱਡ ਦਿੱਤਾ ਫ਼ੂਨੋਨ ਵਿਖੇ ਡੇਰਾ ਲਾਇਆ।
43 ਲੋਕਾਂ ਨੇ ਫ਼ੂਨੋਨ ਛੱਡ ਦਿੱਤਾ ਅਤੇ ਓਬੋਥ ਡੇਰਾ ਲਾਇਆ।
44 ਲੋਕਾਂ ਨੇ ਓਬੋਥ ਛੱਡ ਦਿੱਤਾ ਅਤੇ ਇਯੇਅਬਾਰੀਮ ਡੇਰਾ ਲਾਇਆ। ਇਹ ਮੋਆਬ ਦੇਸ਼ ਦੀ ਸਰਹੱਦ ਉੱਤੇ ਸੀ।
45 ਲੋਕਾਂ ਨੇ ਈਯੇ (ਇਯੇ ਆਬਰੀਮ) ਛੱਡ ਦਿੱਤਾ ਅਤੇ ਦੀਬੋਨ ਗਾਦ ਡੇਰਾ ਲਾਇਆ।
46 ਲੋਕਾਂ ਨੇ ਦੀਬੋਨ ਗਾਦ ਛੱਡ ਦਿੱਤਾ ਅਤੇ ਅਲਮੋਨ ਦਿਬਲਾਤੈਮਾਹ ਡੇਰਾ ਲਾਇਆ।
47 ਲੋਕਾਂ ਨੇ ਦਿਬਲਾਤੈਮਾਹ ਛੱਡ ਦਿੱਤਾ ਅਤੇ ਨਬੋ ਦੇ ਨੇੜੇ ਅਬਾਰੀਮ ਦੇ ਪਰਬਤਾਂ ਉੱਤੇ ਡੇਰਾ ਲਾਇਆ।
48 ਲੋਕਾਂ ਨੇ ਅਬਾਰੀਮ ਦੇ ਪਹਾਰਾਂ ਨੂੰ ਛੱਡ ਕੇ ਯਰਦਨ ਨਦੀ ਵਿਖੇ ਮੋਆਬ ਵਿੱਚ ਡੇਰਾ ਲਾਇਆ। ਇਹ ਯਰਦਨ ਨਦੀ ਦੇ ਪਾਰ ਯਰੀਹੋ ਦੇ ਸਾਹਮਣੇ ਸੀ। 49 ਉਨ੍ਹਾਂ ਨੇ ਮੋਆਬ ਵਿਖੇ ਯਰਦਨ ਵਾਦੀ ਵਿੱਚ ਯਰਦਨ ਨਦੀ ਕੰਢੇ ਡੇਰਾ ਲਾਇਆ। ਉਨ੍ਹਾਂ ਦਾ ਡੇਰਾ ਬੈਤ ਯਸ਼ਿਮੋਥ ਤੋਂ ਲੈ ਕੇ ਅਕਾਸੀਆ ਖੈਰ ਤੱਕ ਫ਼ੈਲਿਆ ਹੋਇਆ ਸੀ।
50 ਉਸ ਥਾਂ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 51 “ਇਸਰਾਏਲ ਦੇ ਲੋਕਾਂ ਨਾਲ ਗੱਲ ਕਰ। ਉਨ੍ਹਾਂ ਨੂੰ ਇਹ ਗੱਲਾਂ ਦੱਸ: ਤੁਸੀਂ ਯਰਦਨ ਨਦੀ ਪਾਰ ਕਰੋਂਗੇ। ਤੁਸੀਂ ਕਨਾਨ ਦੀ ਧਰਤੀ ਉੱਤੇ ਜਾਵੋਂਗੇ। 52 ਜਿਹੜੇ ਲੋਕ ਤੁਹਾਨੂੰ ਉੱਥੇ ਮਿਲਣ, ਤੁਸੀਂ ਉਨ੍ਹਾਂ ਦੀ ਜ਼ਮੀਨ ਖੋਹ ਲਵੋਗੇ। ਤੁਹਾਨੂੰ ਉਨ੍ਹਾਂ ਦੇ ਸਾਰੇ ਬੁੱਤ ਅਤੇ ਮੂਰਤੀਆਂ ਤਬਾਹ ਕਰ ਦੇਣੀਆਂ ਚਾਹੀਦੀਆਂ ਹਨ। ਤੁਹਾਨੂੰ ਉਨ੍ਹਾਂ ਦੇ ਸਾਰੇ ਉੱਚੇ ਸਥਾਨ ਤਬਾਹ ਕਰ ਦੇਣੇ ਚਾਹੀਦੇ ਹਨ। 53 ਤੁਸੀਂ ਜ਼ਮੀਨ ਖੋਹ ਲਵੋਂਗੇ ਅਤੇ ਉੱਥੇ ਵਸ ਜਾਵੋਂਗੇ। ਕਿਉਂਕਿ ਮੈਂ ਇਹ ਜ਼ਮੀਨ ਤੁਹਾਨੂੰ ਦੇ ਰਿਹਾ ਹਾਂ। ਇਹ ਤੁਹਾਡੇ ਪਰਿਵਾਰਾਂ ਦੀ ਹੋਵੇਗੀ। 54 ਤੁਹਾਡੇ ਹਰ ਪਰਿਵਾਰ ਨੂੰ ਜ਼ਮੀਨ ਵਿੱਚੋਂ ਹਿੱਸਾ ਮਿਲੇਗਾ। ਤੁਸੀਂ ਪਰਚੀਆਂ ਪਾਕੇ ਨਿਆਂ ਕਰੋਂਗੇ ਕਿ ਕਿਹੜੇ ਪਰਿਵਾਰ ਨੂੰ ਕਿਹੜੀ ਜ਼ਮੀਨ ਮਿਲੇ। ਵੱਡੇ ਪਰਿਵਾਰ ਨੂੰ ਜ਼ਮੀਨ ਦਾ ਵੱਡਾ ਹਿੱਸਾ ਮਿਲੇਗਾ। ਛੋਟੇ ਪਰਿਵਾਰ ਨੂੰ ਛੋਟਾ ਹਿੱਸਾ। ਗੁਣੇ ਪਾਕੇ ਨਿਆਂ ਹੋਵੇਗਾ ਕਿ ਕਿਹੜੇ ਪਰਿਵਾਰ ਨੂੰ ਕੀ ਮਿਲਦਾ ਹੈ। ਹਰ ਪਰਿਵਾਰ-ਸਮੂਹ ਨੂੰ ਜ਼ਮੀਨ ਦਾ ਆਪਣਾ ਹਿੱਸਾ ਮਿਲੇਗਾ।
55 “ਤੁਹਾਨੂੰ ਹੋਰਨਾਂ ਲੋਕਾਂ ਨੂੰ ਉਸ ਦੇਸ਼ ਵਿੱਚੋਂ ਬਾਹਰ ਕੱਢ ਦੇਣਾ ਚਾਹੀਦਾ। ਜੇ ਤੁਸੀਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਰਹਿਣ ਦਿਉਂਗੇ, ਉਹ ਤੁਹਾਡੇ ਲਈ ਬੜੀਆਂ ਮੁਸ਼ਕਿਲਾਂ ਖੜੀਆਂ ਕਰਨਗੇ। ਉਹ ਤੁਹਾਡੀ ਅੱਖ ਉਤਲੇ ਫ਼ੋੜੇ ਵਰਗੇ ਅਤੇ ਵਖੀ ਵਿੱਚ ਚੁਭੇ ਹੋਏ ਕੰਡੇ ਵਾਂਗ ਹੋਣਗੇ। ਉਹ ਉਸ ਧਰਤੀ ਵਿੱਚ, ਜਿਸ ਵਿੱਚ ਤੁਸੀਂ ਰਹੋਂਗੇ ਬੜੀਆਂ ਮੁਸ਼ਕਿਲਾ ਪੈਦਾ ਕਰਨਗੇ। 56 ਮੈਂ ਤੁਹਾਨੂੰ ਦਰਸਾ ਦਿੱਤਾ ਸੀ ਕਿ ਮੈਂ ਕੀ ਕਰਾਂਗਾ-ਅਤੇ ਮੈਂ ਤੁਹਾਡੇ ਨਾਲ ਉਹੋ ਜਿਹਾ ਹੀ ਕਰਾਂਗਾ ਜੇ ਤੁਸੀਂ ਉਨ੍ਹਾਂ ਲੋਕਾਂ ਨੂੰ ਆਪਣੇ ਦੇਸ਼ ਵਿੱਚ ਟਿਕਣ ਦਿਉਂਗੇ।”
ਕਨਾਨ ਦੀਆਂ ਸਰਹੱਦਾਂ
34 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ: ਤੁਸੀਂ ਕਨਾਨ ਦੀ ਧਰਤੀ ਉੱਤੇ ਆ ਰਹੇ ਹੋ। ਤੁਸੀਂ ਇਸ ਦੇਸ਼ ਨੂੰ ਹਰਾ ਦੇਵੋਂਗੇ। ਤੁਸੀਂ ਸਾਰੇ ਕਨਾਨ ਦੇਸ਼ ਉੱਤੇ ਕਬਜ਼ਾ ਕਰ ਲਵੋਂਗੇ। 3 ਦੱਖਣ ਵੱਲ, ਤੁਹਾਨੂੰ ਅਦੋਮ ਨੇੜੇ ਸੀਨਈ ਮਾਰੂਥਲ ਦਾ ਇੱਕ ਹਿੱਸਾ ਮਿਲੇਗਾ। ਤੁਹਾਡੀ ਦੱਖਣੀ ਸਰਹੱਦ ਸਲੂਣੇ ਸਮੁੰਦਰ ਦੇ ਦੱਖਣੀ ਸਿਰੇ ਤੋਂ ਸ਼ੁਰੂ ਹੋਵੇਗੀ। 4 ਇਹ ਬਿੱਛੂ ਦਰ੍ਰੇ ਦੱਖਣ ਵੱਲ ਪਾਰ ਜਾਵੇਗੀ। ਇਹ ਸੀਨਈ ਮਾਰੂਥਲ ਹੁੰਦੀ ਹੋਈ ਕਾਦੇਸ਼ ਬਰਨੇਆ ਜਾਵੇਗੀ ਅਤੇ ਫ਼ੇਰ ਹਸਰ-ਅਦਾਰ ਨੂੰ ਅਤੇ ਫ਼ੇਰ ਅਸਮੋਨ ਨੂੰ ਪਾਰ ਕਰੇਗੀ। 5 ਅਸਮੋਨ ਤੋਂ, ਸਰਹੱਦ ਮਿਸਰ ਦੀ ਨਦੀ ਤੱਕ ਜਾਵੇਗੀ ਅਤੇ ਇਹ ਮਹਾ ਸਮੁੰਦਰ ਉੱਤੇ ਜਾਕੇ ਮੁੱਕੇਗੀ। 6 ਤੁਹਾਡੀ ਪੱਛਮੀ ਸਰਹੱਦ ਮਹਾ ਸਮੁੰਦਰ ਹੋਵੇਗੀ। 7 ਤੁਹਾਡੀ ਧੁਰ ਉੱਤਰੀ ਸਰਹੱਦ ਮਹਾ ਸਮੁੰਦਰ ਤੋਂ ਸ਼ੁਰੂ ਹੋਵੇਗੀ ਅਤੇ ਲਿਬਨਾਨ ਵਿੱਚ ਹੋਰ ਪਰਬਤ ਤੱਕ ਜਾਵੇਗੀ। 8 ਹੋਰ ਪਰਬਤ ਤੋਂ ਇਹ ਹਮਾਥ ਨੂੰ ਜਾਵੇਗੀ ਅਤੇ ਫ਼ੇਰ ਜ਼ੇਦਾਦ ਨੂੰ। 9 ਫ਼ੇਰ ਸਰਹੱਦ ਜ਼ਿਫ਼ਰੋਨ ਨੂੰ ਜਾਵੇਗੀ ਅਤੇ ਇਹ ਹਸਰ ਏਨਾਨ ਉੱਤੇ ਜਾ ਮੁੱਕੇਗੀ। ਇਸ ਤਰ੍ਹਾਂ ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ। 10 ਤੁਹਾਡੀ ਪੂਰਬੀ ਸਰਹੱਦ ਏਨਾਨ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਫ਼ਾਮ ਤੱਕ ਜਾਵੇਗੀ। 11 ਸ਼ਫ਼ਾਮ ਤੋਂ, ਸਰਹੱਦ ਆਯਿਨ ਰਿਬਲਾਹ ਦੇ ਪੂਰਬ ਵੱਲ ਜਾਵੇਗੀ। ਸਰਹੱਦ ਕਿਨਰਥ ਝੀਲ ਦੇ ਨੇੜੇ ਪਹਾੜੀਆਂ ਦੇ ਨਾਲ-ਨਾਲ ਜਾਵੇਗੀ। 12 ਫ਼ੇਰ ਸਰਹੱਦ ਯਰਦਨ ਨਦੀ ਦੇ ਨਾਲ-ਨਾਲ ਚੱਲੇਗੀ ਅਤੇ ਇਸਦਾ ਅੰਤ ਸਲੂਣੇ ਸਮੁੰਦਰ ਵਿਖੇ ਹੋਵੇਗਾ। ਇਹ ਤੁਹਾਡੇ ਦੇਸ਼ ਦੀਆਂ ਸਰਹੱਦਾਂ ਹਨ।”
13 ਇਸ ਲਈ ਮੂਸਾ ਨੇ ਇਹ ਹੁਕਮ ਇਸਰਾਏਲ ਦੇ ਲੋਕਾਂ ਨੂੰ ਦਿੱਤਾ, “ਇਹੀ ਉਹ ਜ਼ਮੀਨ ਹੈ ਜਿਹੜੀ ਤੁਹਾਨੂੰ ਮਿਲੇਗੀ। ਤੁਸੀਂ ਜ਼ਮੀਨ ਨੂੰ 9 ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚਕਾਰ ਵੰਡਣ ਲਈ ਪਰਚੀਆਂ ਪਾਵੋਂਗੇ। 14 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦਾ ਅੱਧਾ ਪਰਿਵਾਰ-ਸਮੂਹ ਪਹਿਲਾਂ ਹੀ ਆਪਣੀ ਜ਼ਮੀਨ ਲੈ ਚੁੱਕੇ ਹਨ। 15 ਇਨ੍ਹਾਂ ਢਾਈ ਪਰਿਵਾਰ-ਸਮੂਹਾਂ ਨੇ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਪੂਰਬ ਤੀਕ ਜ਼ਮੀਨ ਲੈ ਲਈ।”
16 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 17 “ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜਿਹੜੇ ਜ਼ਮੀਨ ਵੰਡਣ ਵਿੱਚ ਤੇਰੀ ਸਹਾਇਤਾ ਕਰਨਗੇ: ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ, 18 ਅਤੇ ਸਮੂਹ ਪਰਿਵਾਰ-ਸਮੂਹਾਂ ਦੇ ਆਗੂ। ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਹੋਵੇਗਾ। ਉਹ ਆਦਮੀ ਜ਼ਮੀਨ ਦੀ ਵੰਡ ਕਰਨਗੇ। 19 ਆਗੂਆਂ ਨੇ ਨਾਮ ਇਹ ਹਨ:
ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ-ਯਫ਼ੁੰਨਹ ਦ ਪੁੱਤਰ ਕਾਲੇਬ:
20 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਅੰਮੀਹੂਦ ਦਾ ਪੁੱਤਰ ਸ਼ਮੂਏਲ;
21 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ-ਕਿਸਲੋਨ ਦਾ ਪੁੱਤਰ ਅਲੀਦਾਦ;
22 ਦਾਨ ਦੇ ਪਰਿਵਾਰ-ਸਮੂਹ ਵਿੱਚੋਂ-ਯਾਗਲੀ ਦਾ ਪੁੱਤਰ ਬੁੱਕੀ;
23 ਯੂਸੁਫ਼ ਦੇ ਉੱਤਰਾਧਿਕਾਰੀਆਂ ਲਈ: ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ-ਹੰਨੀਏਲ ਦਾ ਪੁੱਤਰ ਏਫ਼ੋਦ;
24 ਅਤੇ ਅਫ਼ਰਈਮ ਦੇ ਪਰਿਵਾਰ-ਸਮੂਹ ਵਿੱਚੋਂ-ਸ਼ਿਫ਼ਟਾਨ ਦਾ ਪੁੱਤਰ ਕਮੂਏਲ;
25 ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਪਰਨਾਕ ਦਾ ਪੁੱਤਰ ਅਲੀਸਾਫ਼ਾਨ;
26 ਯਿੱਸਾਕਾਰੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਅੱਜ਼ਾਨ ਦਾ ਪੁੱਤਰ ਪਲਟੀਏਲ;
27 ਆਸ਼ੇਰੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਸ਼ਲੋਮੀ ਦਾ ਪੁੱਤਰ ਅਹੀਹੂਦ;
28 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ-ਅੰਮੀਹੂਦ ਦਾ ਪੁੱਤਰ ਪਦਹੇਲ।”
29 ਯਹੋਵਾਹ ਨੇ ਇਸਰਾਏਲੀਆਂ ਦੇ ਦਰਮਿਆਨ ਕਨਾਨ ਦੀ ਧਰਤੀ ਵੰਡਣ ਲਈ ਇਨ੍ਹਾਂ ਆਦਮੀਆਂ ਦੀ ਚੋਣ ਕੀਤੀ।
ਯਿਸੂ ਦਾ ਆਪਣੀ ਮੌਤ ਬਾਰੇ ਗੱਲਾਂ ਕਰਨਾ(A)
30 ਤਦ ਯਿਸੂ ਤੇ ਉਸ ਦੇ ਚੇਲੇ ਉੱਥੋਂ ਤੁਰ ਪਏ ਅਤੇ ਗਲੀਲ ਵਿੱਚੋਂ ਦੀ ਲੰਘੇ ਪਰ ਉਹ ਨਹੀਂ ਚਾਹੁੰਦਾ ਸੀ ਕਿ ਲੋਕਾਂ ਨੂੰ ਖਬਰ ਹੋਵੇ ਕਿ ਉਹ ਕਿੱਥੇ ਹਨ। 31 ਉਹ ਆਪਣੇ ਚੇਲਿਆਂ ਨੂੰ ਇੱਕਲਿਆਂ ਉਪਦੇਸ਼ ਦੇਣਾ ਚਾਹੁੰਦਾ ਸੀ। ਉਸ ਨੇ ਉਨ੍ਹਾਂ ਨੂੰ ਆਖਿਆ, “ਮਨੁੱਖ ਦਾ ਪੁੱਤਰ ਆਦਮੀਆਂ ਨੂੰ ਫ਼ੜਾ ਦਿੱਤਾ ਜਾਵੇਗਾ, ਜੋ ਉਸ ਨੂੰ ਮਾਰ ਦੇਣਗੇ, ਅਤੇ ਮੌਤ ਤੋਂ ਤਿੰਨ ਦਿਨ ਬਾਅਦ ਉਹ ਫ਼ਿਰ ਜੀਅ ਉੱਠੇਗਾ।” 32 ਪਰ ਚੇਲੇ ਉਸਦੀ ਇਹ ਗੱਲ ਨਾ ਸਮਝ ਸੱਕੇ ਪਰ ਉਹ ਉਸਤੋਂ ਇਸਦਾ ਮਤਲਬ ਪੁੱਛਣ ਤੋਂ ਵੀ ਡਰਦੇ ਰਹੇ।
ਯਿਸੂ ਦੱਸਦਾ ਕਿ ਕੌਣ ਸਭ ਤੋਂ ਮਹਾਨ ਹੈ(B)
33 ਯਿਸੂ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਵਿੱਚ ਗਏ। ਉਹ ਇੱਕ ਘਰ ਵਿੱਚ ਗਏ ਤਾਂ ਉਸ ਨੇ ਆਪਣੇ ਚੇਲਿਆਂ ਨੂੰ ਕਿਹਾ, “ਮੈਂ ਤੁਹਾਨੂੰ ਰਾਹ ਵਿੱਚ ਵਾਦ-ਵਿਵਾਦ ਕਰਦੇ ਸੁਣਿਆ ਹੈ, ਤੁਸੀਂ ਕਿਸ ਬਾਰੇ ਬਹਿਸ ਕਰ ਰਹੇ ਸੀ?” 34 ਪਰ ਚੇਲਿਆਂ ਨੇ ਕੋਈ ਜਵਾਬ ਨਾ ਦਿੱਤਾ ਕਿਉਂਕਿ ਉਨ੍ਹਾਂ ਨੇ ਰਸਤੇ ਵਿੱਚ ਇਹ ਬਹਿਸ ਕੀਤੀ ਸੀ ਕਿ ਉਨ੍ਹਾਂ ਵਿੱਚੋਂ ਸਭ ਤੋਂ ਮਹਾਨ ਕੌਣ ਹੈ?
35 ਫ਼ਿਰ ਯਿਸੂ ਬੈਠ ਗਿਆ ਅਤੇ ਉਨ੍ਹਾਂ ਬਾਰ੍ਹਾਂ ਰਸੂਲਾਂ ਨੂੰ ਸੱਦਿਆ ਅਤੇ ਕਿਹਾ, “ਜੇਕਰ ਕੋਈ ਮਹਾਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਸਭ ਲੋਕਾਂ ਤੋਂ ਛੋਟਾ ਹੋਣਾ ਚਾਹੀਦਾ ਹੈ, ਅਤੇ ਉਸ ਨੂੰ ਉਨ੍ਹਾਂ ਦੀ ਸੇਵਾ ਕਰਨੀ ਚਾਹੀਦੀ ਹੈ।”
36 ਫ਼ਿਰ ਯਿਸੂ ਨੇ ਇੱਕ ਛੋਟੇ ਬਾਲਕ ਨੂੰ ਲੈ ਕੇ ਉਨ੍ਹਾਂ ਚੇਲਿਆਂ ਦੇ ਵਿੱਚਕਾਰ ਖੜ੍ਹਾ ਕੀਤਾ। ਫ਼ੇਰ ਉਸ ਨੂੰ ਕੁਛੜ ਚੁੱਕ ਕੇ ਉਨ੍ਹਾਂ ਨੂੰ ਕਿਹਾ, 37 “ਜੇਕਰ ਕੋਈ ਮੇਰੇ ਨਾਂ ਦੇ ਕਾਰਣ ਅਜਿਹੇ ਬਾਲਕ ਦਾ ਸਵਾਗਤ ਕਰਦਾ ਹੈ ਤਾਂ ਉਹ ਮੇਰਾ ਸਵਾਗਤ ਕਰਦਾ ਹੈ, ਅਤੇ ਉਹ ਜੋ ਮੇਰਾ ਸਵਾਗਤ ਕਰਦਾ ਹੈ, ਉਹ ਉਸ ਦਾ ਸਵਾਗਤ ਕਰਦਾ ਜਿਸ ਨੇ ਮੈਨੂੰ ਭੇਜਿਆ ਹੈ।”
ਜੋ ਸਾਡੇ ਵਿਰੁੱਧ ਨਹੀਂ ਉਹ ਸਾਡੇ ਨਾਲ ਹੈ(C)
38 ਫ਼ਿਰ ਯੂਹੰਨਾ ਨੇ ਆਖਿਆ, “ਗੁਰੂ! ਅਸੀਂ ਇੱਕ ਬੰਦੇ ਨੂੰ ਤੇਰੇ ਨਾਂ ਉੱਤੇ ਭੂਤ ਕੱਢਦਿਆਂ ਵੇਖਿਆ ਹੈ, ਪਰ ਉਸ ਨੂੰ ਅਸੀਂ ਇਹ ਸਭ ਕਰਨ ਤੋਂ ਰੋਕਿਆ, ਕਿਉਂਕਿ ਉਹ ਸਾਡੇ ਧੜੇ ਵਿੱਚੋਂ ਨਹੀਂ ਸੀ।”
39 ਯਿਸੂ ਨੇ ਆਖਿਆ, “ਉਸ ਨੂੰ ਰੋਕੋ ਨਾ। ਕਿਉਂਕਿ ਜੇਕਰ ਕੋਈ ਮੇਰੇ ਨਾਂ ਉੱਤੇ ਕਰਿਸ਼ਮੇ ਕਰਦਾ ਹੈ ਤਾਂ ਝੱਟ ਹੀ ਉਹ ਮੇਰੇ ਬਾਰੇ ਕੋਈ ਬੁਰੀਆਂ ਗੱਲਾਂ ਨਹੀਂ ਆਖੇਗਾ। 40 ਉਹ ਵਿਅਕਤੀ ਜੋ ਸਾਡੇ ਵਿਰੁੱਧ ਨਹੀਂ ਹੈ, ਉਹ ਸਾਡੇ ਲਈ ਹੈ। 41 ਮੈਂ ਤੁਹਾਨੂੰ ਸੱਚ ਦੱਸਦਾ ਹਾਂ ਜੇਕਰ ਕੋਈ ਤੁਹਾਨੂੰ ਪਾਣੀ ਦਾ ਪਿਆਲਾ ਪੀਣ ਨੂੰ ਦਿੰਦਾ ਹੈ, ਕਿਉਂਕਿ ਤੁਸੀਂ ਮਸੀਹ ਦੇ ਹੋ, ਤਾਂ ਉਹ ਜ਼ਰੂਰ ਆਪਣਾ ਫ਼ਲ ਪਾਵੇਗਾ।
ਯਿਸੂ ਪਾਪਾਂ ਦੇ ਕਾਰਣਾ ਬਾਰੇ ਚਿਤਾਵਨੀ ਦਿੰਦਾ ਹੈ(D)
42 “ਜੇਕਰ ਕੋਈ ਮਨੁੱਖ ਇਨ੍ਹਾਂ ਛੋਟਿਆਂ ਬੱਚਿਆਂ ਤੋਂ, ਜਿਹੜੇ ਕਿ ਮੇਰੇ ਤੇ ਨਿਹਚਾ ਰੱਖਦੇ ਹਨ, ਪਾਪ ਕਰਵਾਏ ਤਾਂ ਉਸ ਮਨੁੱਖ ਲਈ ਇਹ ਬਹੁਤ ਮਾੜਾ ਹੋਵੇਗਾ। ਉਸ ਮਨੁੱਖ ਲਈ ਚੰਗਾ ਹੋਵੇਗਾ ਕਿ ਉਹ ਆਪਣੇ ਗੱਲ ਵਿੱਚ ਚੱਕੀ ਦਾ ਪੁੜ ਬੰਨ੍ਹੇ ਅਤੇ ਸਮੁੰਦਰ ਵਿੱਚ ਕੁੱਦ ਜਾਵੇ। 43 ਜੇਕਰ ਤੁਹਾਡਾ ਇੱਕ ਹੱਥ ਤੁਹਾਥੋਂ ਪਾਪ ਕਰਵਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਤੁਹਾਡੇ ਲਈ ਟੁੰਡਾ ਹੁੰਦਿਆਂ ਹੋਇਆਂ ਜੀਵਨ ਵਿੱਚ ਵੜਨਾ ਚੰਗਾ ਹੈ ਨਾ ਕਿ ਦੋ ਹੱਥਾ ਨਾਲ, ਜਿਸ ਨਾਲ ਤੁਸੀਂ ਨਰਕ ਵਿੱਚ ਜਾਵੋਂਗੇ। ਜਿੱਥੇ ਅਜਿਹੀ ਅੱਗ ਹੋਵੇਗੀ ਜੋ ਬੁਝਾਈ ਨਹੀਂ ਜਾ ਸੱਕਦੀ। 44 [a] 45 ਜੇਕਰ ਤੁਹਾਡਾ ਇੱਕ ਪੈਰ ਤੁਹਾਥੋਂ ਪਾਪ ਕਰਾਉਂਦਾ ਹੈ, ਤਾਂ ਇਸ ਨੂੰ ਵੱਢ ਸੁੱਟੋ। ਲੰਗੜਾ ਹੋਕੇ ਜਿਉਣਾ ਤੁਹਾਡੇ ਲਈ ਉਸਤੋਂ ਭਲਾ ਹੈ ਜੋ ਦੋ ਪੈਰ ਹੁੰਦਿਆਂ ਵੀ ਤੁਹਾਨੂੰ ਨਰਕ ਦੀ ਉਸ ਅੱਗ ਵਿੱਚ, ਜਿਹੜੀ ਬੁਝਣ ਵਾਲੀ ਨਹੀਂ, ਸੁੱਟਿਆ ਜਾਵੇ। 46 [b] 47 ਜੇਕਰ ਤੁਹਾਡੀ ਅੱਖ ਤੁਹਾਥੋਂ ਕੋਈ ਪਾਪ ਕਰਵਾਏ, ਇਸ ਨੂੰ ਵੀ ਬਾਹਰ ਕੱਢ ਸੁੱਟੋ। ਇੱਕ ਅੱਖ ਨਾਲ ਜੀਵਨ ਵਿੱਚ ਵੜਨਾ ਚੰਗਾ ਹੋਵੇਗਾ, ਉਸ ਕੋਲੋ ਕਿ ਤੁਹਾਨੂੰ ਦੋ ਅੱਖਾਂ ਦੇ ਹੁੰਦਿਆਂ ਹੋਇਆਂ ਨਰਕ ਵਿੱਚ ਸੁੱਟਿਆ ਜਾਵੇ। 48 ਨਰਕ ਵਿੱਚ, ਉਹ ਕੀੜੇ ਜੋ ਲੋਕਾਂ ਨੂੰ ਖਾਂਦੇ ਹਨ, ਕਦੇ ਨਹੀਂ ਮਰਦੇ, ਤੇ ਉੱਥੋਂ ਦੀ ਅੱਗ ਕਦੇ ਨਹੀਂ ਬੁਝਾਈ ਜਾ ਸੱਕਦੀ।
49 “ਸਭ ਨੂੰ ਅੱਗ ਦੁਆਰਾ ਸਜ਼ਾ ਦਿੱਤੀ ਜਾਵੇਗੀ।
50 “ਲੂਣ ਚੰਗਾ ਹੈ। ਜੇਕਰ ਲੂਣ ਆਪਣਾ ਲੂਣਾਪਨ ਛੱਡ ਦੇਵੇ ਤਾਂ ਉਹ ਦੋਬਾਰਾ ਨਮਕੀਨ ਨਹੀਂ ਹੋ ਸੱਕਦਾ। ਇਸ ਲਈ ਹਮੇਸ਼ਾ ਚੰਗਿਆਈ ਨਾਲ ਭਰਪੂਰ ਰਹੋ ਅਤੇ ਇੱਕ-ਦੂਜੇ ਨਾਲ ਸ਼ਾਂਤੀ ਪੂਰਵਕ ਰਹੋ।”
2010 by World Bible Translation Center