Old/New Testament
ਦਾਊਦ ਦਾ ਇੱਕ ਗੀਤ।
35 ਹੇ ਯਹੋਵਾਹ, ਮੇਰੇ ਵਿਰੋਧੀਆਂ ਦੇ ਖਿਲਾਫ਼ ਲੜੋ।
ਮੇਰੇ ਯੁੱਧ ਲੜੋ।
2 ਹੇ ਯਹੋਵਾਹ, ਆਪਣੀ ਢਾਲ ਅਤੇ ਫ਼ਰੀ ਚੁੱਕ ਲਵੋ।
ਉੱਠੋ ਅਤੇ ਮੇਰੀ ਮਦਦ ਕਰੋ।
3 ਆਪਣਾ ਨੇਜਾ ਅਤੇ ਬਰਛਾ ਚੁੱਕ
ਅਤੇ ਉਨ੍ਹਾਂ ਲੋਕਾਂ ਦੇ ਖਿਲਾਫ਼ ਲੜੋ ਜੋ ਮੇਰਾ ਪਿੱਛਾ ਕਰ ਰਹੇ ਹਨ।
ਯਹੋਵਾਹ, ਮੇਰੀ ਰੂਹ ਨੂੰ ਆਖੋ, “ਮੈਂ ਤੈਨੂੰ ਬਚਵਾਂਗਾ।”
4 ਉਹ ਜੋ ਮੈਨੂੰ ਮਾਰਨ ਦੀ ਕੋਸ਼ਿਸ਼ ਕਰਦੇ ਹਨ
ਨਿਰਾਸ਼ ਅਤੇ ਸ਼ਰਮਸਾਰ ਹੋਣ।
ਉਹ ਜਿਹੜੇ ਮੈਨੂੰ ਸੱਟ ਮਾਰਨ ਦੀ ਸਾਜਿਸ਼ ਕਰਦੇ ਹਨ,
ਹਾਰ ਜਾਣ ਅਤੇ ਸ਼ਰਮਸਾਰ ਹੋਣ।
5 ਉਨ੍ਹਾਂ ਨੂੰ ਉਸ ਤੂੜੀ ਵਾਂਗ ਬਣਾ ਦਿਉ।
ਜਿਹੜੀ ਹਵਾ ਦੁਆਰਾ ਉੱਡ ਜਾਂਦੀ ਹੈ।
ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
6 ਯਹੋਵਾਹ, ਉਨ੍ਹਾਂ ਦੇ ਰਾਹਾਂ ਨੂੰ ਹਨੇਰਮਈ ਅਤੇ ਤਿਲਕਣਾ ਬਣਾ ਦਿਉ।
ਯਹੋਵਾਹ ਦੇ ਦੂਤ ਨੂੰ ਉਨ੍ਹਾਂ ਦਾ ਪਿੱਛਾ ਕਰਨ ਦਿਉ।
7 ਮੈਂ ਕੋਈ ਗਲਤ ਕੰਮ ਨਹੀਂ ਕੀਤਾ।
ਪਰ ਉਨ੍ਹਾਂ ਲੋਕਾਂ ਨੇ ਮੈਨੂੰ ਫ਼ੜਨ ਦੀ ਕੋਸ਼ਿਸ਼ ਕੀਤੀ।
ਉਨ੍ਹਾਂ ਨੇ ਮੈਨੂੰ ਅਕਾਰਣ ਹੀ ਫ਼ਸਾਉਣ ਦੀ ਕੋਸ਼ਿਸ਼ ਕੀਤੀ।
8 ਇਸ ਲਈ ਯਹੋਵਾਹ, ਉਨ੍ਹਾਂ ਨੂੰ ਆਪਣੀਆਂ ਚਾਲਾਂ ਵਿੱਚ ਫ਼ਸਣ ਦਿਉ,
ਉਨ੍ਹਾਂ ਨੂੰ ਆਪਣੇ ਹੀ ਜਾਲਾਂ ਵਿੱਚ ਡਿੱਗਣ ਦਿਉ।
ਕੋਈ ਅਣਪਛਾਣਿਆ ਖਤਰਾ ਉਨ੍ਹਾਂ ਨੂੰ ਫ਼ੜ ਲਵੇ।
9 ਫ਼ੇਰ ਮੈਂ ਯਹੋਵਾਹ ਵਿੱਚ ਆਨੰਦ ਮਾਣਾਂਗਾ।
ਮੈਂ ਖੁਸ਼ ਹੋਵਾਂਗਾ ਜਦੋਂ ਉਸ ਨੇ ਮੈਨੂੰ ਬਚਾਉਂਦਾ ਹੈ।
10 ਫ਼ੇਰ ਮੇਰੀ ਪੂਰੀ ਹਸਤੀ ਆਖੇਗੀ;
“ਯਹੋਵਾਹ, ਤੁਹਾਡੇ ਜਿਹਾ ਕੋਈ ਨਹੀਂ।
ਤੁਸੀਂ ਗਰੀਬ ਲੋਕਾਂ ਨੂੰ ਉਨ੍ਹਾਂ ਤੋਂ ਬਚਾਉਂਦੇ ਹੋ ਜੋ ਡਾਢੇ ਹਨ।
ਤੁਸੀਂ ਡਾਢਿਆਂ ਕੋਲੋਂ ਚੀਜ਼ਾਂ ਖੋਹ ਕੇ ਉਹ ਚੀਜ਼ਾਂ ਤੁਸੀਂ ਗਰੀਬ ਅਤੇ ਲਾਚਾਰਾਂ ਨੂੰ ਦਿੰਦੇ ਹੋ।”
11 ਗਵਾਹਾਂ ਦੀ ਇੱਕ ਟੋਲੀ ਮੈਨੂੰ ਨੁਕਸਾਨ ਪਹੁੰਚਾਣ ਲਈ ਵਿਉਂਤਾਂ ਘੜ ਰਹੀ ਹੈ,
ਉਹ ਲੋਕ ਮੇਰੇ ਪਾਸੋਂ ਐਸੇ ਸਵਾਲ ਪੁੱਛਣਗੇ ਜਿਨ੍ਹਾਂ ਦਾ ਮੈਂ ਕੋਈ ਜਵਾਬ ਨਹੀਂ ਜਾਣਦਾ।
12 ਮੈਂ ਤਾਂ ਸਿਰਫ਼ ਚੰਗੇ ਕੰਮ ਕੀਤੇ ਹਨ।
ਪਰ ਉਹ ਲੋਕ ਮੇਰੇ ਨਾਲ ਮੰਦੇ ਕੰਮ ਕਰਨਗੇ।
ਯਹੋਵਾਹ, ਮੈਨੂੰ ਸ਼ੁਭ ਚੀਜ਼ਾਂ ਦਿਉ ਜਿਨ੍ਹਾਂ ਦਾ ਮੈਂ ਹੱਕਦਾਰ ਹਾਂ।
13 ਜਦੋਂ ਉਹ ਲੋਕ ਬਿਮਾਰ ਸਨ, ਮੈਂ ਉਨ੍ਹਾਂ ਲਈ ਦੁੱਖੀ ਸੀ।
ਮੈਂ ਭੋਜਨ ਛੱਡ ਕੇ ਉਨ੍ਹਾਂ ਨੂੰ ਆਪਣਾ ਪਿਆਰ ਦਰਸਾਇਆ।
ਕੀ ਮੈਨੂੰ ਉਨ੍ਹਾਂ ਦੀ ਪ੍ਰਾਰਥਨਾ ਕਰਕੇ ਇਹੀ ਸਿਲਾ ਮਿਲਿਆ?
14 ਮੈਂ ਉਨ੍ਹਾਂ ਲੋਕਾਂ ਲਈ ਗਮੀ ਦੇ ਬਸਤਰ ਪਹਿਨੇ।
ਮੈਂ ਉਨ੍ਹਾਂ ਨਾਲ ਮਿੱਤਰਾਂ ਜਾਂ ਮੇਰੇ ਭਰਾਵਾਂ ਵਰਗਾ ਵਿਹਾਰ ਕੀਤਾ।
ਮੈਂ ਉਦਾਸ ਸਾਂ ਜਿਵੇਂ ਇੱਕ ਵਿਅਕਤੀ ਚੀਕਦਾ ਜਿਸਦੀ ਮਾਂ ਮਰ ਗਈ ਹੋਵੇ।
ਮੈਂ ਉਨ੍ਹਾਂ ਲੋਕਾਂ ਨੂੰ ਆਪਣੀ ਉਦਾਸੀ ਦਰਸਾਉਣ ਲਈ ਕਾਲੇ ਵਸਤਰ ਪਹਿਨੇ।
ਮੈਂ ਗਮ ਨਾਲ ਨੀਵੀਂ ਪਾਕੇ ਤੁਰਦਾ।
15 ਪਰ ਜਦੋਂ ਮੈਂ ਕੋਈ ਗਲਤੀ ਕੀਤੀ, ਉਹ ਲੋਕ ਮੇਰੇ ਉੱਤੇ ਹੱਸੇ।
ਉਹ ਲੋਕ ਸੱਚਮੁੱਚ ਦੋਸਤ ਨਹੀਂ ਸਨ,
ਮੈਂ ਤਾਂ ਉਨ੍ਹਾਂ ਨੂੰ ਜਾਣਦਾ ਵੀ ਨਹੀਂ ਹਾਂ।
ਪਰ ਉਨ੍ਹਾਂ ਨੇ ਮੈਨੂੰ ਘੇਰ ਲਿਆ ਅਤੇ ਮੇਰੇ ਉੱਤੇ ਹਮਲਾ ਕੀਤਾ।
16 ਉਨ੍ਹਾਂ ਨੇ ਮੰਦੀ ਭਾਸ਼ਾ ਇਸਤੇਮਾਲ ਕੀਤੀ ਅਤੇ ਮੇਰਾ ਮਜ਼ਾਕ ਉਡਾਇਆ।
ਉਨ੍ਹਾਂ ਲੋਕਾਂ ਨੇ ਦੰਦ ਕਰੀਚਦਿਆਂ ਦਰਸਾਇਆ ਕਿ ਉਹ ਕ੍ਰੋਧਵਾਨ ਸਨ।
17 ਮੇਰੇ ਮਾਲਕ ਤੁਸੀਂ ਕਿੰਨਾ ਕੁ ਚਿਰ ਇਨ੍ਹਾਂ ਮੰਦੀਆਂ ਗੱਲਾਂ ਦੇ ਵਾਪਰਨ ਨੂੰ ਦੇਖਦੇ ਰਹੋਂਗੇ?
ਉਹ ਲੋਕ ਮੈਨੂੰ ਤਬਾਹ ਕਰਨ ਦਾ ਜਤਨ ਕਰ ਰਹੇ ਹਨ।
ਹੇ ਪਰਮੇਸ਼ੁਰ ਮੇਰੀ ਜਿੰਦ ਦੀ ਰੱਖਿਆ ਕਰੋ।
ਮੇਰੀ ਅਨਮੋਲ ਜ਼ਿੰਦਗੀ ਨੂੰ ਉਨ੍ਹਾਂ ਬੁਰੇ ਲੋਕਾਂ ਦੇ ਹੱਥੋਂ ਬਚਾਉ।
ਉਹ ਸ਼ੇਰਾਂ ਵਰਗੇ ਹਨ।
18 ਯਹੋਵਾਹ, ਮੈਂ ਵੱਡੀ ਸਭਾ ਵਿੱਚ ਤੁਹਾਡੀ ਉਸਤਤਿ ਕਰਾਂਗਾ।
ਮੈਂ ਤੁਹਾਡੀ ਉਸਤਤਿ ਕਰਾਂਗਾ, ਜਦੋਂ ਮੈਂ ਸ਼ਕਤੀਸ਼ਾਲੀ ਲੋਕਾਂ ਦੇ ਸੰਗ ਹੋਵਾਂਗਾ।
19 ਮੇਰੇ ਝੂਠੇ ਦੁਸ਼ਮਣ ਹੱਸਦੇ ਨਹੀਂ ਰਹਿ ਸੱਕਣਗੇ।
ਅਵੱਸ਼ ਹੀ ਮੇਰੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ
ਗੁਪਤ ਵਿਉਂਤਾ ਦਾ ਦੰਡ ਮਿਲੇਗਾ।
20 ਅਸਲ ਵਿੱਚ ਮੇਰੇ ਦੁਸ਼ਮਣ ਅਮਨ ਦੀਆਂ ਵਿਉਂਤਾਂ ਨਹੀਂ ਬਣਾ ਰਹੇ।
ਉਹ ਖੁਫ਼ੀਆਂ ਤੌਰ ਤੇ ਇਸ ਦੇਸ਼ ਦੇ ਅਮਨ ਪਸੰਦ ਲੋਕਾਂ ਲਈ ਬਦੀ ਕਰਨ ਦੀਆਂ ਯੋਜਨਾਵਾਂ ਬਣਾ ਰਹੇ ਹਨ।
21 ਮੇਰੇ ਦੁਸ਼ਮਣ ਮੇਰੇ ਬਾਰੇ ਮੰਦੀਆਂ ਗੱਲਾਂ ਆਖ ਰਹੇ ਹਨ।
ਉਹ ਝੂਠ ਬੋਲਦੇ ਹਨ ਅਤੇ ਆਖਦੇ ਹਨ, “ਆਹਾ ਅਸੀਂ ਜਾਣਦੇ ਹਾਂ ਕਿ ਤੁਸੀਂ ਕੀ ਕਰ ਰਹੇ ਹੋ।”
22 ਯਹੋਵਾਹ, ਤੁਸੀਂ ਲਾਜਮੀ ਤੌਰ ਤੇ ਵੇਖ ਰਹੇ ਹੋ, ਕਿ ਕੀ ਹੋ ਰਿਹਾ।
ਇਸ ਲਈ ਚੁੱਪ ਨਾ ਰਹੋ।
ਮੈਨੂੰ ਛੱਡ ਕੇ ਨਾ ਜਾਉ।
23 ਯਹੋਵਾਹ, ਜਾਗੋ। ਉੱਠੋ।
ਮੇਰੇ ਪਰਮੇਸ਼ੁਰ ਅਤੇ ਮੇਰੇ ਯਹੋਵਾਹ, ਮੇਰੇ ਲਈ ਲੜੋ, ਅਤੇ ਮੇਰੇ ਨਾਲ ਇਨਸਾਫ਼ ਕਰੋ।
24 ਯਹੋਵਾਹ ਮੇਰੇ ਪਰਮੇਸ਼ੁਰ ਮੇਰੇ ਬਾਰੇ ਆਪਣੀ ਨਿਰਪੱਖਤਾ ਨਾਲ ਨਿਆਂ ਕਰੋ।
ਉਨ੍ਹਾਂ ਲੋਕਾਂ ਨੂੰ ਮੇਰੇ ਉੱਤੇ ਹੱਸਣ ਨਾ ਦਿਉ।
25 ਉਨ੍ਹਾਂ ਲੋਕਾਂ ਨੂੰ ਨਾ ਆਖਣ ਦਿਉ, “ਆਹਾ। ਅਸੀਂ ਜੋ ਚਾਹਿਆ ਸਾਨੂੰ ਮਿਲ ਗਿਆ।”
ਯਹੋਵਾਹ, ਉਨ੍ਹਾਂ ਨੂੰ ਨਾ ਆਖਣ ਦਿਉ, “ਅਸੀਂ ਉਸ ਨੂੰ ਤਬਾਹ ਕਰ ਦਿੱਤਾ।”
26 ਮੇਰੇ ਸਾਰੇ ਵੈਰੀ ਸ਼ਰਮਿੰਦਾ ਹੋਣ ਅਤੇ ਪਰੇਸ਼ਾਨੀ ਵਿੱਚ ਪੈਣ।
ਉਹ ਲੋਕੀਂ ਖੁਸ਼ ਸਨ ਜਦੋਂ ਮੇਰੇ ਨਾਲ ਮੰਦੀਆਂ ਗੱਲਾਂ ਵਾਪਰ ਰਹੀਆਂ ਸਨ।
ਉਨ੍ਹਾਂ ਨੇ ਸੋਚਿਆ ਸੀ ਕਿ ਉਹ ਮੇਰੇ ਨਾਲੋਂ ਬਿਹਤਰ ਹਨ।
ਇਸ ਲਈ ਉਨ੍ਹਾਂ ਲੋਕਾਂ ਨੂੰ ਸ਼ਰਮਿੰਦਗੀ ਅਤੇ ਅਪਮਾਨ ਨਾਲ ਢੱਕੋ।
27 ਕੁਝ ਲੋਕੀਂ ਚਾਹੁੰਦੇ ਹਨ ਕਿ ਮੇਰੇ ਨਾਲ ਚੰਗਿਆਂ ਗੱਲਾਂ ਵਾਪਰਨ।
ਮੈਂ ਆਸ ਕਰਦਾ ਹਾਂ ਕਿ ਉਹ ਲੋਕ ਬਹੁਤ ਖੁਸ਼ ਹੋਣਗੇ।
ਉਹ ਲੋਕ ਸਦਾ ਆਖਦੇ ਹਨ, “ਯਹੋਵਾਹ ਮਹਾਨ ਹੈ।
ਉਹ ਆਪਣੇ ਨੌਕਰਾਂ ਦੀ ਭਲਾਈ ਚਾਹੁੰਦਾ ਹੈ।”
28 ਇਸ ਲਈ ਯਹੋਵਾਹ, ਮੈਂ ਲੋਕਾਂ ਨੂੰ ਤੇਰੀ ਚੰਗਿਆਈ ਬਾਰੇ ਦੱਸਦਾ ਹਾਂ।
ਮੈਂ ਹਰ ਰੋਜ਼ ਉਸਤਤਿ ਕਰਦਾ ਹਾਂ।
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ।
36 ਮੰਦਾ ਆਦਮੀ ਬਹੁਤ ਹੀ ਮੰਦਾ ਕਰਦਾ ਹੈ ਜਦੋਂ ਉਹ ਆਪਣੇ-ਆਪ ਨੂੰ ਆਖਦਾ,
ਮੈਂ ਨਹੀਂ ਡਰਾਂਗਾ ਅਤੇ ਪਰਮੇਸ਼ੁਰ ਦਾ ਆਦਰ ਨਹੀਂ ਕਰਾਂਗਾ।
2 ਉਹ ਆਦਮੀ ਆਪਣੇ-ਆਪ ਨੂੰ ਝੂਠ ਆਖਦਾ।
ਉਹ ਆਪਣੇ ਪਾਪਾਂ ਨੂੰ ਨਹੀਂ ਵੇਖਦਾ,
ਇਸੇ ਲਈ ਉਹ ਮੁਆਫ਼ੀ ਨਹੀਂ ਮੰਗਦਾ।
3 ਉਸ ਦੇ ਸ਼ਬਦ ਨਿਰਾਰਥਕ ਝੂਠ ਹਨ।
ਉਹ ਸਿਆਣਾ ਨਹੀਂ ਬਣਦਾ ਜਾਂ ਉਹ ਚੰਗਿਆਈ ਕਰਨਾ ਨਹੀਂ ਸਿੱਖਿਆ।
4 ਰਾਤ ਵੇਲੇ, ਉਹ ਫ਼ਜ਼ੂਲ ਦੀਆਂ ਵਿਉਂਤਾਂ ਬਣਾਉਂਦਾ ਹੈ।
ਉਹ ਜਾਗਦਾ ਅਤੇ ਕੁਝ ਵੀ ਚੰਗਾ ਨਹੀਂ ਕਰਦਾ।
ਪਰ ਉਹ ਬਦੀ ਕਰਨ ਤੋਂ ਇਨਕਾਰ ਨਹੀਂ ਕਰਦਾ।
5 ਯਹੋਵਾਹ, ਤੁਹਾਡਾ ਸੱਚਾ ਪਿਆਰ ਆਕਾਸ਼ ਨਾਲੋਂ ਉੱਚੇਰਾ ਹੈ।
ਤੁਹਾਡੀ ਵਫ਼ਾਦਾਰੀ ਬੱਦਲਾਂ ਤੋਂ ਉਚੇਰੀ ਹੈ।
6 ਯਹੋਵਾਹ, ਤੁਹਾਡੀ ਨੇਕੀ ਸਭ ਤੋਂ ਉੱਚੇ ਪਰਬਤ ਨਾਲੋਂ ਉਚੇਰੀ ਹੈ।
ਤੁਹਾਡੀ ਨਿਰਪੱਖਤਾ ਸਾਗਰਾਂ ਤੋਂ ਡੂੰਘੀ ਹੈ।
ਯਹੋਵਾਹ, ਤੁਸੀਂ ਆਦਮੀ ਅਤੇ ਜਾਨਵਰ ਦੀ ਰੱਖਿਆ ਕਰਦੇ ਹੋ।
7 ਤੁਹਾਡੀ ਪਿਆਰ ਭਰੀ ਦਯਾ ਨਾਲੋਂ ਕੁਝ ਵੀ ਅਨਮੋਲ ਨਹੀਂ।
ਲੋਕ ਅਤੇ ਦੂਤ ਤੁਹਾਡੇ ਵੱਲ ਸੁਰੱਖਿਆ ਲਈ ਆਉਂਦੇ ਹਨ।
8 ਯਹੋਵਾਹ, ਉਹ ਤੁਹਾਡੇ ਘਰ ਵਿੱਚਲੀਆਂ ਸ਼ੁਭ ਚੀਜ਼ਾਂ ਪਾਸੋਂ ਨਵੀਂ ਸ਼ਕਤੀ ਹਾਸਲ ਕਰਦੇ ਹਨ।
ਤੁਸੀਂ ਉਨ੍ਹਾਂ ਨੂੰ ਆਪਣੀ ਅਦਭੁਤ ਨਦੀ ਦਾ ਨੀਰ ਪੀਣ ਦਿੰਦੇ ਹਨ।
9 ਯਹੋਵਾਹ, ਜੀਵਨ ਦਾ ਚਸ਼ਮਾ ਤੁਹਾਡੇ ਵੱਲੋਂ ਵੱਗਦਾ ਹੈ।
ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ।
10 ਯਹੋਵਾਹ, ਉਨ੍ਹਾਂ ਲੋਕਾਂ ਨੂੰ ਪਿਆਰ ਕਰੀ ਜਾਉ।
ਜਿਹੜੇ ਸੱਚਮੁੱਚ ਤੁਹਾਨੂੰ ਜਾਣਦੇ ਹਨ।
ਅਤੇ ਉਨ੍ਹਾਂ ਲੋਕਾਂ ਲਈ ਸ਼ੁਭ ਗੱਲਾਂ ਕਰੋ ਜਿਹੜੇ ਤੁਹਾਡੇ ਵੱਲ ਸੱਚੇ ਹਨ।
11 ਹੇ ਯਹੋਵਾਹ, ਮੈਨੂੰ ਗੁਮਾਨੀ ਲੋਕਾਂ ਦੇ ਜਾਲ ਵਿੱਚ ਨਾ ਫ਼ਸਣ ਦਿਉ।
ਮੈਂ ਦੁਸ਼ਟ ਲੋਕਾਂ ਦੁਆਰਾ ਨਾ ਫ਼ੜਿਆ ਜਾਵਾਂ।
12 ਉਨ੍ਹਾਂ ਦੀਆਂ ਕਬਰਾਂ ਉੱਤੇ ਇਹ ਲਿਖੋ:
“ਬਦਕਾਰ ਲੋਕ ਇੱਥੇ ਡਿੱਗੇ ਸਨ।
ਉਹ ਕੁਚਲੇ ਗਏ।
ਉਹ ਫ਼ੇਰ ਕਦੀ ਵੀ ਨਹੀਂ ਖਲੋ ਸੱਕਣਗੇ।”
ਪੌਲੁਸ ਕੈਸਰ ਦੀ ਦੁਹਾਈ ਦਿੰਦਾ ਹੈ
25 ਫ਼ੇਸਤੁਸ ਰਾਜਪਲ ਬਣ ਗਿਆ, ਤਿੰਨਾਂ ਦਿਨਾਂ ਬਾਅਦ ਉਹ ਕੈਸਰਿਯਾ ਤੋਂ ਯਰੂਸ਼ਲਮ ਨੂੰ ਗਿਆ। 2 ਪਰਧਾਨ ਜਾਜਕਾਂ ਅਤੇ ਖਾਸ ਯਹੂਦੀ ਆਗੂਆਂ ਨੇ ਫ਼ੇਸਤੁਸ ਦੇ ਅੱਗੇ ਪੌਲੁਸ ਦੇ ਖਿਲਾਫ਼ ਦੋਸ਼ ਲਗਾਏ। 3 ਉਨ੍ਹਾਂ ਨੇ ਫ਼ੇਸਤੁਸ ਨੂੰ ਆਖਿਆ ਕਿ ਉਨ੍ਹਾਂ ਲਈ ਪੌਲੁਸ ਨੂੰ ਮੁੜ ਯਰੂਸ਼ਲਮ ਵਿੱਚ ਭੇਜਣ ਦੀ ਮੇਹਰਬਾਨੀ ਕਰੇ ਕਿਉਂਕਿ ਉਨ੍ਹਾਂ ਨੇ ਪੌਲੁਸ ਨੂੰ ਰਾਹ ਵਿੱਚ ਕਤਲ ਕਰਨ ਦੀ ਸਾਜਿਸ਼ ਬਣਾਈ ਹੋਈ ਸੀ। 4 ਪਰ ਫ਼ੇਸਤੁਸ ਨੇ ਉੱਤਰ ਦਿੱਤਾ, “ਪੌਲੁਸ ਨੂੰ ਕੈਸਰਿਯਾ ਵਿੱਚ ਰੱਖਿਆ ਜਾਵੇਗਾ, ਮੈਂ ਖੁਦ ਹੀ ਜਲਦੀ ਕੈਸਰਿਯਾ ਨੂੰ ਵਾਪਸ ਜਾਵਾਗਾ। 5 ਤੁਹਾਡੇ ਕੁਝ ਆਗੂ ਮੇਰੇ ਨਾਲ ਚਲਣ ਉਹ ਉੱਥੇ ਪੌਲੁਸ ਨੂੰ ਦੋਸ਼ੀ ਸਾਬਤ ਕਰਨ ਜੇਕਰ ਉਸ ਨੇ ਸੱਚ ਮੁੱਚ ਕੋਈ ਗਲਤੀ ਕੀਤੀ ਹੈ ਤਾਂ ਉਹ ਉਸ ਤੇ ਕੈਸਰਿਯਾ ਵਿੱਚ ਇਲਜ਼ਾਮ ਲਾ ਸੱਕਦੇ ਹਨ।”
6 ਫ਼ੇਸਤੁਸ ਅੱਠ-ਦਸ ਦਿਨ ਹੋਰ ਯਰੂਸ਼ਲਮ ਵਿੱਚ ਹੀ ਰੁਕਿਆ ਫ਼ਿਰ ਵਾਪਸ ਕੈਸਰਿਯਾ ਨੂੰ ਪਰਤਿਆ। ਅਗਲੇ ਦਿਨ ਫ਼ੇਸਤੁਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਪੌਲੁਸ ਨੂੰ ਉਸ ਦੇ ਸਾਹਮਣੇ ਹਾਜਰ ਕਰਨ। ਫ਼ੇਸਤੁਸ ਅਦਾਲਤ ਦੀ ਗੱਦੀ ਤੇ ਬੈਠਾ ਸੀ। 7 ਪੌਲੁਸ ਉਸ ਕਮਰੇ ਵਿੱਚ ਆਇਆ। ਜਿਹੜੇ ਯਹੂਦੀ ਯਰੂਸ਼ਲਮ ਤੋਂ ਆਏ ਸਨ ਉਸ ਦੇ ਆਸ-ਪਾਸ ਖੜ੍ਹੇ ਸਨ। ਉਨ੍ਹਾਂ ਨੇ ਪੌਲੁਸ ਦੇ ਖਿਲਾਫ਼ ਕਈ ਤਕੜੇ ਇਲਜ਼ਾਮ ਲਾਏ, ਪਰ ਉਨ੍ਹਾਂ ਵਿੱਚੋਂ ਇੱਕ ਵੀ ਇਲਜ਼ਾਮ ਨੂੰ ਸਾਬਿਤ ਨਾ ਕਰ ਸੱਕੇ। 8 ਪਰ ਪੌਲੁਸ ਨੇ ਆਪਣੀ ਸਫ਼ਾਈ ਵਿੱਚ ਇਹੀ ਕਿਹਾ, “ਮੈਂ ਯਹੂਦੀ ਸ਼ਰ੍ਹਾ, ਮੰਦਰ ਜਾਂ, ਕੈਸਰ ਦੇ ਵਿਰੋਧ ਕੋਈ ਵੀ ਗਲਤ ਕੰਮ ਨਹੀਂ ਕੀਤਾ।”
9 ਪਰ ਫ਼ੇਸਤੁਸ ਯਹੂਦੀਆਂ ਨੂੰ ਖੁਸ਼ ਕਰਨਾ ਚਾਹੁੰਦਾ ਸੀ ਤਾਂ ਉਸ ਨੇ ਪੌਲੁਸ ਨੂੰ ਕਿਹਾ, “ਕੀ ਤੂੰ ਯਰੂਸ਼ਲਮ ਵਿੱਚ ਜਾਣਾ ਚਾਹੁੰਦਾ ਹੈਂ? ਕੀ ਤੂੰ ਚਾਹੁੰਦਾ ਹੈ ਕਿ ਮੈਂ ਉੱਥੇ ਇਨ੍ਹਾਂ ਦੋਸ਼ਾਂ ਉੱਪਰ ਤੇਰਾ ਨਿਆਂ ਕਰਾਂ?”
10 ਪੌਲੁਸ ਨੇ ਕਿਹਾ, “ਇਸ ਵਕਤ ਮੈਂ ਕੈਸਰੀ ਅਦਾਲਤ ਦੀ ਗੱਦੀ ਅੱਗੇ ਖੜ੍ਹਾ ਹਾਂ। ਮੇਰਾ ਨਿਆਂ ਇੱਥੇ ਹੀ ਹੋਵੇ। ਮੈਂ ਯਹੂਦੀਆਂ ਦੇ ਵਿਰੁੱਧ ਕੁਝ ਵੀ ਗਲਤ ਨਹੀਂ ਕੀਤਾ ਅਤੇ ਤੁਸੀਂ ਇਸ ਨੂੰ ਚੰਗੀ ਤਰ੍ਹਾਂ ਜਾਣਦੇ ਹੋ। 11 ਜੇਕਰ ਮੈਂ ਗਲਤ ਕੰਮ ਕੀਤਾ ਹੈ, ਜੋ ਮੌਤ ਦੀ ਸਜ਼ਾ ਦੇ ਕਾਬਿਲ ਹੈ, ਤਾਂ ਮੈਂ ਮਰਨ ਤੋਂ ਇਨਕਾਰ ਨਹੀਂ ਕਰਾਂਗਾ। ਪਰ ਜੇਕਰ ਉਨ੍ਹਾਂ ਦੇ ਦੋਸ਼ ਗਲਤ ਹਨ, ਤਾਂ ਕਿਸੇ ਨੂੰ ਵੀ ਮੈਨੂੰ ਯਹੂਦੀਆਂ ਹੱਥੀਂ ਫ਼ੜਵਾਉਣ ਦਾ ਇਖਤਿਆਰ ਨਹੀਂ ਹੈ। ਮੈਂ ਕੈਸਰ ਨੂੰ ਇਹ ਬੇਨਤੀ ਕਰਦਾ ਹਾਂ।”
12 ਤਦ ਫ਼ੇਸਤੁਸ ਨੇ ਅਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ ਅਤੇ ਕਿਹਾ, “ਤੂੰ ਕੈਸਰ ਦੀ ਦੁਹਾਈ ਦਿੱਤੀ ਹੈ ਇਸ ਲਈ ਤੂੰ ਕੈਸਰ ਕੋਲ ਹੀ ਜਾਵੇਂਗਾ।”
ਪੌਲੁਸ ਅਗ੍ਰਿਪਾ ਦੇ ਸਾਹਮਣੇ
13 ਕੁਝ ਦਿਨਾਂ ਬਾਅਦ, ਰਾਜਾ ਅਗ੍ਰਿਪਾ ਅਤੇ ਬਰਨੀਕੇ ਕੈਸਰਿਯਾ ਵਿੱਚ ਫ਼ੇਸਤੁਸ ਨਾਲ ਭੇਂਟ ਕਰਨ ਲਈ ਆਏ। 14 ਉਹ ਉੱਥੇ ਕਾਫ਼ੀ ਦਿਨ ਰੁਕੇ। ਫ਼ੇਸਤੁਸ ਨੇ ਪੌਲੁਸ ਦੇ ਮਾਮਲੇ ਬਾਰੇ ਰਾਜੇ ਨਾਲ ਚਰਚਾ ਕੀਤੀ ਅਤੇ ਆਖਿਆ, “ਇਥੇ ਇੱਕ ਆਦਮੀ ਹੈ ਜਿਸ ਨੂੰ ਫ਼ੇਲਿਕੁਸ ਨੇ ਕੈਦ ਵਿੱਚ ਰੱਖ ਛੱਡਿਆ ਹੈ। 15 ਜਦੋਂ ਮੈਂ ਯਰੂਸ਼ਲਮ ਵਿੱਚ ਗਿਆ ਤਾਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਦੇ ਵਿਰੁੱਧ ਦੋਸ਼ ਲਗਾਏ। ਇਹ ਯਹੂਦੀ ਚਾਹੁੰਦੇ ਸਨ ਕਿ ਮੈਂ ਇਸ ਨੂੰ ਮਾਰ ਦੇਵਾਂ। 16 ਪਰ ਮੈਂ ਆਖਿਆ, ‘ਇਹ ਰੋਮੀਆਂ ਦਾ ਕਾਨੂੰਨ ਨਹੀਂ ਕਿ ਜਿੰਨਾ ਚਿਰ ਮਨੁੱਖ ਆਪਣੇ ਤੇ ਦੋਸ਼ ਲਾਉਣ ਵਾਲਿਆਂ ਦਾ ਸਾਹਮਣਾ ਨਹੀਂ ਕਰਦਾ ਅਤੇ ਉਸ ਨੂੰ ਉਸ ਦੇ ਖਿਲਾਫ਼ ਲਾਏ ਦੋਸ਼ਾਂ ਤੋਂ ਆਪਣੀ ਰੱਖਿਆ ਕਰਨ ਦਾ ਅਵਸਰ ਨਹੀਂ ਦਿੱਤਾ ਜਾਂਦਾ ਉਸ ਨੂੰ ਹਵਾਲੇ ਨਹੀਂ ਕੀਤਾ ਜਾਂਦਾ।’ 17 ਇਸ ਲਈ ਇਹ ਯਹੂਦੀ ਇੱਥੇ ਇਕੱਠੇ ਹੋਏ। ਮੈਂ ਮੁਨਸਫ਼ ਦੀ ਗੱਦੀ ਤੇ ਬੈਠਾ ਅਤੇ ਉਸ ਮਨੁੱਖ ਨੂੰ ਮੇਰੇ ਸਾਹਮਣੇ ਪੇਸ਼ ਕਰਨ ਦਾ ਆਦੇਸ਼ ਦਿੱਤਾ। 18 ਯਹੂਦੀ ਖੜ੍ਹੇ ਹੋਏ ਅਤੇ ਉਸਤੇ ਇਲਜ਼ਾਮ ਲਾਏ। ਪਰ ਉਨ੍ਹਾਂ ਨੇ ਉਸ ਉੱਤੇ ਅਜਿਹੇ ਕੋਈ ਦੋਸ਼ ਨਹੀਂ ਲਾਏ ਜੋ ਮੈਂ ਸੋਚੇ ਸਨ। 19 ਇਸਦੀ ਜਗ਼੍ਹਾ, ਇਹ ਸਭ ਉਨ੍ਹਾਂ ਦੇ ਧਰਮ ਦੇ ਮਾਮਲੇ ਅਤੇ ਯਿਸੂ ਨਾਂ ਦੇ ਆਦਮੀ ਬਾਰੇ ਸਨ। ਯਿਸੂ ਮਰ ਚੁੱਕਿਆ ਹੈ, ਪਰ ਪੌਲੁਸ ਨੇ ਆਖਿਆ ਕਿ ਉਹ ਹਾਲੇ ਵੀ ਜਿਉਂਦਾ ਹੈ। 20 ਮੈਨੂੰ ਇਨ੍ਹਾਂ ਗੱਲਾਂ ਬਾਰੇ ਬਹੁਤਾ ਪਤਾ ਨਹੀਂ ਸੀ ਇਸ ਲਈ ਮੈਂ ਜ਼ਿਆਦਾ ਸਵਾਲ ਨਾ ਕੀਤੇ ਪਰ ਮੈਂ ਪੌਲੁਸ ਨੂੰ ਪੁੱਛਿਆ, ‘ਕੀ ਤੂੰ ਯਰੂਸ਼ਲਮ ਜਾਕੇ ਉੱਥੇ ਨਿਆਂ ਪਾਉਣਾ ਚਾਹੁੰਦਾ ਹੈ?’ 21 ਪਰ ਪੌਲੁਸ ਨੇ ਚਾਹਿਆ ਕਿ ਉਸ ਨੂੰ ਕੈਸਰਿਯਾ ਵਿੱਚ ਹੀ ਰੱਖਿਆ ਜਾਵੇ। ਉਸ ਨੇ ਕੈਸਰ ਨੂੰ ਬੇਨਤੀ ਕੀਤੀ। ਸੋ ਮੈਂ ਹੁਕਮ ਦਿੱਤਾ ਕਿ ਪੌਲੁਸ ਨੂੰ ਉਦੋਂ ਤੱਕ ਨਜ਼ਰਬੰਦ ਰੱਖੋ ਜਦੋਂ ਤੱਕ ਮੈਂ ਉਸ ਨੂੰ ਰੋਮ ਵਿੱਚ ਕੈਸਰ ਕੋਲ ਨਾ ਭੇਜ ਦੇਵਾਂ।”
22 ਅਗ੍ਰਿਪਾ ਨੇ ਫ਼ੇਸਤੁਸ ਨੂੰ ਕਿਹਾ, “ਮੈਂ ਵੀ ਇਸ ਮਨੁੱਖ ਨੂੰ ਸੁਨਣਾ ਚਾਹੁੰਦਾ ਹਾਂ।” ਫ਼ੇਸਤੁਸ ਨੇ ਕਿਹਾ, “ਕੱਲ ਤੂੰ ਉਸ ਨੂੰ ਸੁਣ ਸੱਕਦਾ ਹੈਂ।”
23 ਅਗਲੇ ਦਿਨ ਅਗ੍ਰਿਪਾ ਅਤੇ ਬਰਨੀਕੇ ਵੱਡੀ ਧੂਮ-ਧਾਮ ਨਾਲ ਆਏ। ਉਹ ਦੋਨੋਂ ਅਤੇ ਸੈਨਾ ਦੇ ਮੁਖੀ ਅਤੇ ਖਾਸ-ਖਾਸ ਕੈਸਰਿਯਾ ਦੇ ਮਨੁੱਖ ਸਾਰੇ ਕਚਿਹਰੀ ਵਿੱਚ ਜਾ ਵੜੇ। ਫ਼ੇਸਤੁਸ ਨੇ ਪੌਲੁਸ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। 24 ਅਤੇ ਕਿਹਾ, “ਰਾਜਾ ਅਗ੍ਰਿਪਾ ਅਤੇ ਇੱਥੇ ਸਾਡੇ ਨਾਲ ਇਕੱਠੇ ਤੁਸੀਂ ਸਾਰੇ ਆਦਮੀਓ, ਇਸ ਮਨੁੱਖ ਵੱਲ ਵੇਖੋ। ਇੱਥੋਂ ਦੇ ਅਤੇ ਯਰੂਸ਼ਲਮ ਦੇ ਸਾਰੇ ਯਹੂਦੀਆਂ ਨੇ ਮੈਨੂੰ ਸ਼ਿਕਾਇਤ ਕੀਤੀ ਹੈ ਅਤੇ ਰੌਲਾ ਪਾਇਆ ਹੈ ਕਿ ਉਸ ਨੂੰ ਹੋਰ ਵੱਧੇਰੇ ਨਹੀਂ ਜਿਉਣਾ ਚਾਹੀਦਾ। 25 ਪਰ ਮੈਂ ਇਸਦੇ ਕਿਸੇ ਵੀ ਅਮਲ ਨੂੰ ਮੌਤ ਦੀ ਸਜ਼ਾ ਦਾ ਅਧਿਕਾਰੀ ਹੋਣ ਵਾਸਤੇ ਦੋਸ਼ੀ ਨਹੀਂ ਪਾਇਆ। ਪਰ ਉਸ ਨੇ ਖੁਦ ਕੈਸਰ ਨੂੰ ਬੇਨਤੀ ਕੀਤੀ, ਇਸ ਲਈ ਮੈਂ ਉਸ ਨੂੰ ਰੋਮ ਨੂੰ ਭੇਜਣ ਦਾ ਫ਼ੈਸਲਾ ਕੀਤਾ ਹੈ। 26 ਪਰ ਮੇਰੇ ਕੋਲ ਕੈਸਰ ਨੂੰ ਇਸ ਆਦਮੀ ਬਾਰੇ ਲਿਖਣ ਲਈ ਕੋਈ ਵਿਸ਼ੇਸ਼ ਗੱਲ ਨਹੀਂ ਹੈ। ਇਸੇ ਕਾਰਣ ਮੈਂ ਇਸ ਨੂੰ ਤੁਹਾਡੇ ਸਭ ਦੇ ਸਾਹਮਣੇ ਲਿਆਇਆ ਹਾਂ, ਖਾਸ ਕਰ, ਰਾਜਾ ਅਗ੍ਰਿਪਾ ਤੇਰੇ ਸਾਹਮਣੇ। ਤੇ ਮੈਂ ਉਮੀਦ ਕਰਦਾ ਹਾਂ ਕਿ ਤੂੰ ਉਸ ਨਾਲ ਸਵਾਲ ਜਵਾਬ ਕਰਕੇ ਮੈਨੂੰ ਦੱਸੇਗਾ ਤਾਂ ਜੋ ਮੈਂ ਕੈਸਰ ਨੂੰ ਕੁਝ ਲਿਖ ਸੱਕਾਂ। 27 ਮੈਂ ਸੋਚਦਾ ਹਾਂ ਕਿ ਇੱਕ ਕੈਦੀ ਤੇ ਦੋਸ਼ ਲਾਏ ਬਿਨਾ ਉਸ ਨੂੰ ਰੋਮ ਭੇਜਣਾ ਮੂਰੱਖਤਾ ਹੋਵੇਗੀ।”
2010 by World Bible Translation Center