Read the New Testament in 24 Weeks
ਯਿਸੂ ਮੂਸਾ ਨਾਲੋਂ ਵਡੇਰਾ ਹੈ
3 ਇਸ ਲਈ ਤੁਹਾਨੂੰ ਸਾਰਿਆਂ ਨੂੰ ਯਿਸੂ ਬਾਰੇ ਸੋਚਣਾ ਚਾਹੀਦਾ ਹੈ। ਪਰਮੇਸ਼ੁਰ ਨੇ ਯਿਸੂ ਨੂੰ ਬਿਲਕੁਲ ਸਾਡੇ ਵੱਲ ਘੱਲਿਆ, ਅਤੇ ਉਹ ਸਾਡੇ ਵਿਸ਼ਵਾਸ ਦਾ ਸਰਦਾਰ ਜਾਜਕ ਹੈ। ਮੇਰੇ ਪਵਿੱਤਰ ਭਰਾਵੋ ਅਤੇ ਭੈਣੋ ਮੈਂ ਤੁਹਾਨੂੰ ਇਹ ਦੱਸਦਾ ਹਾਂ, ਤੁਹਾਨੂੰ ਸਾਰਿਆਂ ਨੂੰ ਪਰਮੇਸ਼ੁਰ ਨੇ ਬੁਲਾਇਆ ਹੈ। 2 ਪਰਮੇਸ਼ੁਰ ਨੇ ਯਿਸੂ ਨੂੰ ਸਾਡੇ ਵੱਲ ਘੱਲਿਆ ਅਤੇ ਉਸ ਨੂੰ ਸਾਡਾ ਸਰਦਾਰ ਜਾਜਕ ਬਣਾਇਆ। ਅਤੇ ਯਿਸੂ ਬਿਲਕੁਲ ਮੂਸਾ ਦੀ ਤਰ੍ਹਾਂ ਹੀ ਪਰਮੇਸ਼ੁਰ ਨੂੰ ਵਫ਼ਾਦਾਰ ਸੀ। ਉਸ ਨੇ ਉਹੀ ਸਭ ਕੁਝ ਕੀਤਾ ਜਿਵੇਂ ਪਰਮੇਸ਼ੁਰ ਚਾਹੁੰਦਾ ਸੀ ਕਿ ਉਸ ਨੇ ਪਰਮੇਸ਼ੁਰ ਦੇ ਪੂਰੇ ਘਰ ਵਿੱਚ ਕਰਨਾ ਹੈ। 3 ਜਦੋਂ ਕੋਈ ਵਿਅਕਤੀ ਘਰ ਨਿਰਮਾਣ ਕਰਦਾ ਹੈ ਤਾਂ ਲੋਕ ਉਸ ਵਿਅਕਤੀ ਦੀ ਘਰ ਨਾਲੋਂ ਵੱਧ ਇੱਜ਼ਤ ਕਰਦੇ ਹਨ। ਯਿਸੂ ਬਾਰੇ ਵੀ ਇਵੇਂ ਹੀ ਹੈ। ਯਿਸੂ ਦੀ ਇੱਜ਼ਤ ਮੂਸਾ ਨਾਲੋਂ ਵੱਧੇਰੇ ਹੋਣੀ ਚਾਹੀਦੀ ਹੈ। 4 ਹਰ ਘਰ ਕਿਸੇ ਦੁਆਰਾ ਬਣਾਇਆ ਗਿਆ ਹੈ ਪਰ ਪਰਮੇਸ਼ੁਰ ਹੀ ਹੈ ਜਿਸਨੇ ਸਭ ਕੁਝ ਬਣਾਇਆ। 5 ਮੂਸਾ ਪਰਮੇਸ਼ੁਰ ਦੇ ਸਮੂਹ ਘਰ ਵਿੱਚ ਸੇਵਕ ਵਰਗਾ ਵਫ਼ਾਦਾਰ ਸੀ। ਉਸ ਨੇ ਲੋਕਾਂ ਨੂੰ ਉਨ੍ਹਾਂ ਲੋਕਾਂ ਬਾਰੇ ਕਿਹਾ ਜਿਹੜੀਆਂ ਪਰਮੇਸ਼ੁਰ ਉਨ੍ਹਾਂ ਨੂੰ ਭਵਿੱਖ ਵਿੱਚ ਆਖ ਸੱਕਦਾ ਸੀ। 6 ਪਰ ਯਿਸੂ ਵਫ਼ਾਦਾਰੀ ਨਾਲ ਪਰਮੇਸ਼ੁਰ ਦੇ ਘਰ ਉੱਤੇ ਸ਼ਾਸਨ ਕਰ ਰਹੇ ਪੁੱਤਰ ਵਰਗਾ ਹੈ। ਅਸੀਂ ਨਿਹਚਾਵਾਨ ਪਰਮੇਸ਼ੁਰ ਦਾ ਘਰ ਹਾਂ। ਜੇ ਅਸੀਂ ਦ੍ਰਿੜ ਹਾਂ ਅਤੇ ਆਪਣੀ ਆਸ ਵਿੱਚ ਬਣੇ ਰਹੀਏ ਜੋ ਇੰਨੀ ਮਹਾਨ ਹੈ, ਫ਼ੇਰ ਅਸੀਂ ਪਰਮੇਸ਼ੁਰ ਦਾ ਘਰ ਹਾਂ।
ਸਾਨੂੰ ਪਰਮੇਸ਼ੁਰ ਦੇ ਅਨੁਯਾਈ ਬਣੇ ਰਹਿਣਾ ਜਾਰੀ ਰੱਖਣਾ ਚਾਹੀਦਾ
7 ਇਹ ਪਵਿੱਤਰ ਆਤਮਾ ਦੇ ਕਥਨ ਵਾਂਗ ਹੈ:
“ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ,
8 ਤਾਂ ਬੀਤੇ ਸਮੇਂ ਦੀ ਤਰ੍ਹਾਂ ਜ਼ਿੱਦੀ ਨਾ ਬਣੋ, ਜਦੋਂ ਕਿ ਤੁਸੀਂ ਪਰਮੇਸ਼ੁਰ ਦੇ ਵਿਰੁੱਧ ਸੀ।
ਉਹੀ ਸਮਾਂ ਸੀ ਜਦੋਂ ਤੁਸੀਂ ਪਰਮੇਸ਼ੁਰ ਨੂੰ ਉਜਾੜ ਵਿੱਚ ਪਰੱਖਿਆ।
9 ਚਾਲੀ ਸਾਲਾਂ ਤੱਕ ਮਾਰੂਥਲ ਵਿੱਚ ਤੁਹਾਡੇ ਲੋਕਾਂ ਨੇ ਉਹ ਗੱਲਾਂ ਦੇਖੀਆਂ ਜੋ ਮੈਂ ਕੀਤੀਆਂ ਸਨ।
ਪਰ ਉਨ੍ਹਾਂ ਨੇ ਮੇਰੀ ਪਰੀਖਿਆ ਲਈ ਅਤੇ ਮੇਰੇ ਸਬਰ ਦਾ ਇਮਤਿਹਾਨ ਲਿਆ।
10 ਇਸ ਲਈ ਮੈਂ ਉਨ੍ਹਾਂ ਲੋਕਾਂ ਨਾਲ ਗੁੱਸੇ ਸਾਂ।
ਮੈਂ ਆਖਿਆ, ‘ਉਨ੍ਹਾਂ ਦੀਆਂ ਸੋਚਾਂ ਹਮੇਸ਼ਾਂ ਗਲਤ ਹਨ।
ਉਨ੍ਹਾਂ ਲੋਕਾਂ ਨੇ ਕਦੇ ਵੀ ਮੇਰੇ ਰਾਹਾਂ ਨੂੰ ਨਹੀਂ ਸਮਝਿਆ।’
11 ਇਸ ਲਈ ਮੈਂ ਗੁੱਸੇ ਸਾਂ ਤੇ ਸੌਂਹ ਖਾਕੇ ਇਕਰਾਰ ਕੀਤਾ:
‘ਉਹ ਲੋਕ ਕਦੇ ਵੀ ਮੇਰੀ ਆਰਾਮਗਾਹ ਵਿੱਚ ਦਾਖਲ ਨਹੀਂ ਹੋਣਗੇ।’” (A)
12 ਭਰਾਵੋ ਅਤੇ ਭੈਣੋ, ਸੁਚੇਤ ਰਹੋ ਕਿ ਤੁਹਾਡੇ ਦਰਮਿਆਨ, ਕਿਸੇ ਕੋਲ ਵੀ ਦੁਸ਼ਟ ਦਿਲ ਨਹੀਂ ਹੋਣਾ ਚਾਹੀਦਾ, ਜਿਹੜਾ ਵਿਸ਼ਵਾਸ ਨਹੀਂ ਕਰਦਾ ਅਤੇ ਤੁਹਾਨੂੰ ਜਿਉਂਦੇ ਪਰਮੇਸ਼ੁਰ ਦੇ ਅਨੁਸਰਣ ਕਰਨ ਵਿੱਚ ਵਿਘਨ ਪਾਉਂਦਾ ਹੋਵੇ। 13 ਪਰ ਹਰ ਰੋਜ਼ ਇੱਕ ਦੂਸਰੇ ਨੂੰ ਉਤਸਾਹਿਤ ਕਰੋ। ਇਸ ਨੂੰ ਉਦੋਂ ਕਰੋ ਜਦੋਂ ਕਿ “ਅੱਜ ਦਿਨ” ਹਾਲੇ ਇੱਥੇ ਹੀ ਹੈ। ਇੱਕ ਦੂਸਰੇ ਦੀ ਸਹਾਇਤਾ ਕਰੋ ਤਾਂ ਜੋ ਕੋਈ ਵੀ ਪੱਥਰ ਦਿਲ ਨਹੀਂ ਬਣੇਗਾ ਅਤੇ ਨਾ ਪਾਪ ਦੁਆਰਾ ਮੂਰਖ ਬਣਾਇਆ ਜਾਵੇਗਾ। 14 ਅਸੀਂ ਸਾਰੇ ਮਸੀਹ ਦੇ ਹਿੱਸੇਦਾਰ ਹਾਂ। ਇਹ ਸੱਚ ਹੈ ਕਿ ਜੇ ਅਸੀਂ ਉਸੇ ਨਿਹਚਾ ਤੇ ਅੰਤ ਤੀਕ ਚੱਲੀਏ ਜਿਹੜੀ ਸ਼ੁਰੂ ਤੋਂ ਸਾਡੇ ਕੋਲ ਹੈ। 15 ਇਹੀ ਹੈ ਜੋ ਪੋਥੀਆਂ ਵਿੱਚ ਲਿਖਿਆ ਗਿਆ ਹੈ:
“ਜੇ ਤੁਸੀਂ ਅੱਜ ਪਰਮੇਸ਼ੁਰ ਦੀ ਅਵਾਜ਼ ਸੁਣਦੇ ਹੋ,
ਤਾਂ ਉਸ ਅਤੀਤ ਦੀ ਤਰ੍ਹਾਂ ਜ਼ਿਦੀ ਨਾ ਬਣੋ ਜਦੋਂ ਤੁਸੀਂ ਪਰਮੇਸ਼ੁਰ ਦੇ ਖਿਲਾਫ਼ ਸੀ।” (B)
16 ਉਹ ਲੋਕ ਕੌਣ ਸਨ ਜਿਨ੍ਹਾਂ ਨੇ ਪਰਮੇਸ਼ੁਰ ਦੀ ਅਵਾਜ਼ ਸੁਣੀ ਅਤੇ ਉਸ ਦੇ ਖਿਲਾਫ਼ ਸਨ? ਇਹ ਉਹ ਸਮੂਹ ਲੋਕ ਸਨ ਜਿਹੜੇ ਮੂਸਾ ਰਾਹੀਂ ਮਿਸਰ ਤੋਂ ਬਾਹਰ ਲਿਆਏ ਗਏ ਸੀ। 17 ਅਤੇ ਪਰਮੇਸ਼ੁਰ ਚਾਲੀ ਸਾਲ੍ਹਾਂ ਤੱਕ ਕਿਸ ਨਾਲ ਨਰਾਜ਼ ਸੀ? ਪਰਮੇਸ਼ੁਰ ਉਨ੍ਹਾਂ ਲੋਕਾਂ ਨਾਲ ਨਰਾਜ਼ ਸੀ ਜਿਨ੍ਹਾਂ ਨੇ ਪਾਪ ਕੀਤਾ। ਉਹ ਲੋਕ ਮਾਰੂਥਲ ਵਿੱਚ ਮਾਰੇ ਗਏ। 18 ਅਤੇ ਜਿਨ੍ਹਾਂ ਨਾਲ ਪਰਮੇਸ਼ੁਰ ਨੇ ਕੌਲ ਕੀਤਾ ਸੀ ਕਿ ਉਹ ਕਦੀ ਵੀ ਉਸ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਣਗੇ। ਪਰਮੇਸ਼ੁਰ ਉਨ੍ਹਾਂ ਲੋਕਾਂ ਬਾਰੇ ਗੱਲ ਕਰ ਰਿਹਾ ਸੀ ਜਿਨ੍ਹਾਂ ਨੇ ਉਸਦਾ ਹੁਕਮ ਨਹੀਂ ਮੰਨਿਆ। 19 ਇਸ ਲਈ ਅਸੀਂ ਦੇਖਦੇ ਹਾਂ ਕਿ ਉਨ੍ਹਾਂ ਲੋਕਾਂ ਨੂੰ ਪ੍ਰਵੇਸ਼ ਕਰਨ ਅਤੇ ਪਰਮੇਸ਼ੁਰ ਦਾ ਵਿਸ਼ਵਾਸ ਕਰਨ ਦੀ ਇਜਾਜ਼ਤ ਨਹੀਂ ਸੀ। ਕਿਉਂ? ਕਿਉਂਕਿ ਉਨ੍ਹਾਂ ਨੇ ਨਿਹਚਾ ਨਹੀਂ ਕੀਤੀ।
4 ਸਾਡੇ ਕੋਲ ਹਾਲੇ ਵੀ ਉਹ ਵਾਅਦਾ ਹੈ ਜਿਹੜਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨਾਲ ਕੀਤਾ ਸੀ ਉਹ ਵਾਅਦਾ ਕੀਤਾ ਸੀ ਕਿ ਅਸੀਂ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰ ਸੱਕੀਏ। ਇਸ ਲਈ ਸਾਨੂੰ ਬਹੁਤ ਸੁਚੇਤ ਰਹਿਣਾ ਚਾਹੀਦਾ ਹੈ, ਤਾਂ ਜੋ ਤੁਹਾਡੇ ਵਿੱਚੋਂ ਕੋਈ ਵੀ ਉਸ ਵਾਅਦੇ ਤੋਂ ਵਾਂਝਾ ਨਾ ਰਹੇ। 2 ਮੁਕਤੀ ਦਾ ਮਾਰਗ ਸਾਨੂੰ ਦੱਸਿਆ ਗਿਆ ਸੀ ਜਿਵੇਂ ਉਨ੍ਹਾਂ ਲੋਕਾਂ ਨੂੰ ਦੱਸਿਆ ਗਿਆ ਸੀ। ਪਰ ਜਿਹੜੇ ਉਪਦੇਸ਼ ਉਨ੍ਹਾਂ ਲੋਕਾਂ ਨੇ ਸੁਣੇ ਉਸਦੀ ਉਨ੍ਹਾਂ ਨੂੰ ਕੋਈ ਸਹਾਇਤਾ ਨਹੀਂ ਹੋਈ। ਲੋਕਾਂ ਨੇ ਉਹ ਉਪਦੇਸ਼ਾਂ ਨੂੰ ਸੁਣਿਆਂ ਪਰ ਉਸ ਨੂੰ ਵਿਸ਼ਵਾਸ ਨਾਲ ਪ੍ਰਾਪਤ ਨਹੀਂ ਕੀਤਾ। 3 ਅਸੀਂ ਲੋਕ, ਜਿਹੜੇ ਨਿਹਚਾ ਰੱਖਦੇ ਹਾਂ, ਪ੍ਰਵੇਸ਼ ਕਰਨ ਅਤੇ ਰੱਬੀ ਵਿਸ਼ਰਾਮ ਕਰਨ ਦੇ ਯੋਗ ਹਾਂ। ਉਵੇਂ ਹੀ ਜਿਵੇਂ ਪਰਮੇਸ਼ੁਰ ਨੇ ਆਖਿਆ,
“ਕ੍ਰੋਧ ਵਿੱਚ ਮੈਂ ਸੌਂਹ ਖਾਧੀ:
‘ਉਹ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਪ੍ਰਵੇਸ਼ ਨਹੀਂ ਕਰਨਗੇ।’” (C)
ਹਾਲਾਂ ਕਿ ਪਰਮੇਸ਼ੁਰ ਦਾ ਕਾਰਜ ਉਦੋਂ ਹੀ ਸੰਪੂਰਣ ਹੋ ਚੁੱਕਿਆ ਸੀ, ਜਿਸ ਸਮੇਂ ਤੋਂ ਉਸ ਨੇ ਇਹ ਦੁਨੀਆਂ ਸਾਜੀ ਸੀ, ਉਸ ਨੇ ਇੰਝ ਆਖਿਆ। 4 ਪੋਥੀਆਂ ਵਿੱਚ ਇੱਕ ਜਗ਼੍ਹਾ, ਪਰਮੇਸ਼ੁਰ ਨੇ ਹਫ਼ਤੇ ਦੇ ਸੱਤਵੇਂ ਦਿਨ ਬਾਰੇ ਇਹ ਬੋਲਿਆ ਸੀ; “ਪਰਮੇਸ਼ੁਰ ਨੇ ਆਪਣੇ ਸਾਰੇ ਕਾਰਜ ਪੂਰਨ ਕਰ ਦਿੱਤੇ ਅਤੇ ਸੱਤਵੇਂ ਦਿਨ ਉਸ ਨੇ ਅਰਾਮ ਕੀਤਾ।” [a] 5 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ, ਪਰਮੇਸ਼ੁਰ ਨੇ ਇਹ ਵੀ ਆਖਿਆ, “ਉਹ ਲੋਕ ਕਦੇ ਵੀ ਮੇਰੇ ਵਿਸ਼ਰਾਮ ਵਿੱਚ ਨਹੀਂ ਵੜਨਗੇ।”
6 ਇਹ ਸੱਚ ਹੈ ਕਿ ਕੁਝ ਲੋਕ ਪਰਮੇਸ਼ੁਰ ਦੇ ਵਿਸ਼ਰਾਮ ਵਿੱਚ ਪ੍ਰਵੇਸ਼ ਕਰਨਗੇ। ਪਰ ਉਹ ਲੋਕ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਮੁਕਤੀ ਦੇ ਮਾਰਗ ਬਾਰੇ ਸੁਣਿਆ ਪ੍ਰਵੇਸ਼ ਨਹੀਂ ਕੀਤਾ। ਉਨ੍ਹਾਂ ਨੇ ਇਸ ਲਈ ਪ੍ਰਵੇਸ਼ ਨਹੀਂ ਕੀਤਾ ਕਿਉਂ ਕਿ ਉਹ ਆਗਿਆਕਾਰੀ ਨਹੀਂ ਸਨ। 7 ਇਸ ਲਈ ਪਰਮੇਸ਼ੁਰ ਨੇ ਇੱਕ ਹੋਰ ਖਾਸ ਦਿਨ ਦੀ ਵਿਉਂਤ ਬਣਾਈ। ਇਸ ਨੂੰ “ਅੱਜ ਦਾ ਦਿਨ” ਆਖਿਆ ਜਾਂਦਾ ਹੈ। ਪਰਮੇਸ਼ੁਰ ਨੇ ਇਸ ਦਿਨ ਬਾਰੇ ਲੰਬੇ ਸਮੇਂ ਬਾਅਦ, ਦਾਊਦ ਰਾਹੀਂ ਗੱਲ ਕੀਤੀ। ਪੋਥੀ ਦੇ ਇਸੇ ਹਿੱਸੇ ਵਿੱਚ ਜਿਸ ਨੂੰ ਅਸੀਂ ਪਹਿਲਾਂ ਵੀ ਵਰਤਿਆ ਹੈ:
“ਅੱਜ ਜੇਕਰ ਤੁਸੀਂ ਪਰਮੇਸ਼ੁਰ ਦੀ ਅਵਾਜ਼ ਨੂੰ ਸੁਣੋ,
ਤਾਂ ਅਤੀਤ ਦੀ ਤਰ੍ਹਾਂ ਜ਼ਿੱਦੀ ਨਾ ਬਣੋ।” (D)
8 ਅਸੀਂ ਜਾਣਦੇ ਹਾਂ ਕੀ ਯਹੋਸ਼ੂਆ ਨੇ ਪਰਮੇਸ਼ੁਰ ਦੇ ਵਾਇਦੇ ਅਨੁਸਾਰ ਲੋਕਾਂ ਦੀ ਵਿਸ਼ਰਾਮ ਵਿੱਚ ਅਗਵਾਈ ਨਹੀਂ ਸੀ ਕੀਤੀ। ਅਸੀਂ ਇਸ ਬਾਰੇ ਜਾਣਦੇ ਹਾਂ ਕਿਉਂਕਿ ਬਾਦ ਵਿੱਚ ਪਰਮੇਸ਼ੁਰ ਨੇ ਵਿਸ਼ਰਾਮ ਦੇ ਇੱਕ ਹੋਰ ਦਿਨ “ਅੱਜ ਦੇ ਦਿਨ” ਬਾਰੇ ਗੱਲ ਕੀਤੀ ਹੈ। 9 ਇਸਤੋਂ ਪਤਾ ਚਲਦਾ ਕਿ ਪਰਮੇਸ਼ੁਰ ਦੇ ਲੋਕਾਂ ਲਈ ਵਿਸ਼ਰਾਮ ਦਾ ਸੱਤਵਾਂ ਦਿਨ ਹਾਲੇ ਵੀ ਆ ਰਿਹਾ ਹੈ। 10 ਪਰਮੇਸ਼ੁਰ ਨੇ ਆਪਣੇ ਕਾਰਜ ਮੁਕਾ ਲੈਣ ਤੋਂ ਬਾਦ ਵਿਸ਼ਰਾਮ ਕੀਤਾ। ਇਸ ਲਈ ਉਹ ਵਿਅਕਤੀ ਜਿਹੜਾ ਪ੍ਰਵੇਸ਼ ਕਰਦਾ ਅਤੇ ਰੱਬੀ ਵਿਸ਼ਰਾਮ ਪਾਉਂਦਾ ਹੈ, ਉਹ ਵਿਅਕਤੀ ਹੈ ਜਿਸਨੇ ਪਰਮੇਸ਼ੁਰ ਦੀ ਤਰ੍ਹਾਂ ਆਪਣਾ ਕਾਰਜ ਮੁਕਾ ਲਿਆ ਹੈ। 11 ਇਸ ਲਈ ਅਸੀਂ ਉਸ ਵਿਸ਼ਰਾਮ ਵਿੱਚ ਵੜਨ ਲਈ ਸਖਤ ਕੋਸ਼ਿਸ਼ ਕਰੀਏ। ਸਾਨੂੰ ਅਜਿਹੇ ਢੰਗ ਵਿੱਚ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਵਿੱਚੋਂ ਕੋਈ ਵੀ ਉਨ੍ਹਾਂ ਦੇ ਉਦਾਹਰਣ ਦਾ ਅਨੁਸਰਣ ਕਰਕੇ ਉਨ੍ਹਾਂ ਵਾਂਗ ਵਿਸ਼ਰਾਮ ਨਾ ਗੁਆ ਲਵੇ, ਜੋ ਆਗਿਆਕਾਰੀ ਨਹੀਂ ਸਨ।
12 ਪਰਮੇਸ਼ੁਰ ਦਾ ਵਚਨ ਸਜੀਵ ਹੈ ਅਤੇ ਕਾਰਜ ਕਰ ਰਿਹਾ ਹੈ। ਉਸ ਦਾ ਵਚਨ ਤੇਜ਼ ਤੋਂ ਤੇਜ਼ ਧਾਰ ਵਾਲੀ ਤਲਵਾਰ ਨਾਲੋਂ ਤਿੱਖਾ ਹੈ। ਪਰਮੇਸ਼ੁਰ ਦਾ ਵਚਨ ਸਾਡੇ ਅੰਦਰ ਡੂੰਘਿਆਂ ਕੱਟਦਾ ਹੈ, ਉਸ ਜਗ਼੍ਹਾ ਵੀ ਜਿੱਥੇ ਰੂਹ ਅਤੇ ਆਤਮਾ ਜੁੜਦੇ ਹਨ। ਪਰਮੇਸ਼ੁਰ ਦਾ ਵਚਨ ਸਾਡੇ ਜੋੜਾਂ ਅਤੇ ਹੱਡੀਆਂ ਅੰਦਰ ਵੀ ਮਾਰ ਕਰਦਾ ਹੈ। ਇਹ ਸਾਡੇ ਦਿਲ ਦੀਆਂ ਸੋਚਾਂ ਅਤੇ ਇਰਾਦਿਆਂ ਨੂੰ ਪਰੱਖਦਾ ਹੈ। 13 ਦੁਨੀਆਂ ਵਿੱਚ ਕੁਝ ਵੀ ਪਰਮੇਸ਼ੁਰ ਤੋਂ ਛੁਪਿਆ ਨਹੀਂ ਰਹਿ ਸੱਕਦਾ। ਉਹ ਸਭ ਚੀਜ਼ਾਂ ਨੂੰ ਸਾਫ਼ ਦੇਖ ਸੱਕਦਾ ਹੈ। ਹਰ ਚੀਜ਼ ਉਸ ਦੇ ਸਾਹਮਣੇ ਖੁੱਲ੍ਹੀ ਹੈ। ਅਤੇ ਉਸੇ ਨੂੰ ਸਾਨੂੰ ਆਪਣੇ ਜੀਵਨ ਢੰਗ ਦਾ ਲੇਖਾ ਦੇਣਾ ਪਵੇਗਾ।
ਯਿਸੂ ਸਾਡੀ ਪਰਮੇਸ਼ੁਰ ਦੇ ਸਨਮੁੱਖ ਆਉਣ ਵਿੱਚ ਸਹਾਇਤਾ ਕਰਦਾ ਹੈ
14 ਸਾਡੇ ਕੋਲ ਇੱਕ ਮਹਾਨ ਸਰਦਾਰ ਜਾਜਕ ਹੈ ਜਿਹੜਾ ਪਰਮੇਸ਼ੁਰ ਨਾਲ ਸਵਰਗ ਵਿੱਚ ਰਹਿਣ ਲਈ ਗਿਆ ਹੈ। ਉਹ ਪਰਮੇਸ਼ੁਰ ਦਾ ਪੁੱਤਰ ਯਿਸੂ ਹੈ। ਇਸ ਲਈ ਅਸੀਂ ਵਿਸ਼ਵਾਸ ਵਿੱਚ, ਜਿਹੜਾ ਸਾਡੇ ਕੋਲ ਹੈ, ਦ੍ਰਿੜ ਰਹਿਣਾ ਜਾਰੀ ਰੱਖੀਏ। 15 ਯਿਸੂ, ਜਿਹੜਾ ਸਰਦਾਰ ਜਾਜਕ ਸਾਡੇ ਕੋਲ ਹੈ, ਸਾਡੀਆਂ ਕਮਜ਼ੋਰੀਆਂ ਨੂੰ ਸਮਝਣ ਦੇ ਸਮਰੱਥ ਹੈ। ਜਦੋਂ ਯਿਸੂ ਧਰਤੀ ਤੇ ਜਿਉਂਇਆ ਉਹ ਸਾਡੀ ਤਰ੍ਹਾਂ ਹਰੇਕ ਢੰਗ ਨਾਲ ਪਰਤਾਇਆ ਗਿਆ ਸੀ। ਪਰ ਉਸ ਨੇ ਕਦੇ ਪਾਪ ਨਹੀਂ ਕੀਤਾ ਸੀ। 16 ਯਿਸੂ ਦੇ ਸਾਡੇ ਸਰਦਾਰ ਜਾਜਕ ਹੁੰਦਿਆਂ ਅਸੀਂ ਕਿਰਪਾ ਦੇ ਸਿੰਘਾਸਣ ਦੇ ਸਾਹਮਣੇ ਆਉਣ ਲਈ ਸੁਤੰਤਰ ਹਾਂ। ਉੱਥੇ ਸਾਡੇ ਕੋਲ ਜਦੋਂ ਵੀ ਸਾਨੂੰ ਲੋੜ ਹੋਵੇਗੀ ਮਦਦ ਕਰਨ ਲਈ ਮਿਹਰ ਅਤੇ ਦਯਾ ਹੋਵੇਗੀ।
5 ਹਰ ਯਹੂਦੀ ਸਰਦਾਰ ਜਾਜਕ ਲੋਕਾਂ ਵਿੱਚੋਂ ਚੁਣਿਆ ਜਾਂਦਾ ਹੈ। ਜਾਜਕ ਨੂੰ ਉਨ੍ਹਾਂ ਗੱਲਾਂ ਨਾਲ ਲੋਕਾਂ ਦੀ ਸਹਾਇਤਾ ਕਰਨ ਦਾ ਕੰਮ ਸੌਂਪਿਆ ਗਿਆ ਹੈ ਜਿਹੜੀਆਂ ਉਹ ਪਰਮੇਸ਼ੁਰ ਲਈ ਕਰਦਾ ਹੈ। ਉਸ ਜਾਜਕ ਨੂੰ ਪਾਪਾਂ ਲਈ ਪਰਮੇਸ਼ੁਰ ਨੂੰ ਤੋਹਫ਼ੇ ਅਤੇ ਕੁਰਬਾਨੀਆਂ ਅਰਪਨ ਕਰਨੀਆਂ ਚਾਹੀਦੀਆਂ ਹਨ। 2 ਸਰਦਾਰ ਜਾਜਕ ਸਮੂਹ ਲੋਕਾਂ ਵਾਂਗ ਖੁਦ ਕਮਜ਼ੋਰ ਹੈ। ਇਸ ਲਈ ਉਹ ਉਨ੍ਹਾਂ ਲੋਕਾਂ ਨਾਲ ਕੋਮਲ ਹੋ ਸੱਕਦਾ ਹੈ ਜੋ ਅਗਿਆਨੀ ਹਨ ਅਤੇ ਸਹੀ ਰਾਹ ਤੋਂ ਭਟਕਾਏ ਗਏ ਹਨ। 3 ਸਰਦਾਰ ਜਾਜਕ ਲੋਕਾਂ ਦੇ ਪਾਪ ਲਈ ਬਲੀ ਚੜ੍ਹਾਉਂਦਾ ਹੈ। ਪਰ ਸਰਦਾਰ ਜਾਜਕ ਖੁਦ ਕਮਜ਼ੋਰੀਆਂ ਰੱਖਦਾ ਹੈ। ਇਸ ਲਈ ਉਸ ਨੂੰ ਖੁਦ ਦੇ ਪਾਪਾਂ ਲਈ ਵੀ ਬਲੀਆਂ ਭੇਂਟ ਕਰਨੀਆਂ ਚਾਹੀਦੀਆਂ ਹਨ।
4 ਸਰਦਾਰ ਜਾਜਕ ਦੀ ਤਰ੍ਹਾਂ ਨਿਯੁਕਤ ਹੋਣਾ ਇੱਕ ਸਤਿਕਾਰ ਹੈ। ਪਰ ਕੋਈ ਵੀ ਵਿਅਕਤੀ ਇਸ ਕਾਰਜ ਲਈ ਖੁਦ ਆਪਣੇ ਆਪ ਦੀ ਚੋਣ ਨਹੀਂ ਕਰਦਾ। ਉਸ ਵਿਅਕਤੀ ਨੂੰ ਪਰਮੇਸ਼ੁਰ ਵੱਲੋਂ, ਹਾਰੂਨ ਵਾਂਗ, ਬੁਲਾਇਆ ਜਾਣਾ ਚਾਹੀਦਾ। 5 ਮਸੀਹ ਨਾਲ ਵੀ ਇਵੇਂ ਹੀ ਹੈ। ਉਸ ਨੇ ਸਰਦਾਰ ਜਾਜਕ ਬਣਨ ਦਾ ਗੌਰਵ ਹਾਸਿਲ ਕਰਨ ਦੀ ਚੋਣ ਖੁਦ ਨਹੀਂ ਕੀਤੀ। ਸਗੋਂ ਪਰਮੇਸ਼ੁਰ ਨੇ ਉਸ ਨੂੰ ਚੁਣਿਆ। ਪਰਮੇਸ਼ੁਰ ਨੇ ਮਸੀਹ ਨੂੰ ਆਖਿਆ,
“ਤੂੰ ਮੇਰਾ ਪੁੱਤਰ ਹੈਂ;
ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” (E)
6 ਅਤੇ ਪੋਥੀਆਂ ਵਿੱਚ ਇੱਕ ਹੋਰ ਜਗ਼੍ਹਾ ਤੇ ਪਰਮੇਸ਼ੁਰ ਆਖਦਾ ਹੈ,
7 ਜਦੋਂ ਮਸੀਹ ਧਰਤੀ ਉੱਤੇ ਰਹਿੰਦਾ ਸੀ ਉਸ ਨੇ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਅਤੇ ਸਹਾਇਤਾ ਦੀ ਮੰਗ ਕੀਤੀ। ਪਰਮੇਸ਼ੁਰ ਹੀ ਹੈ ਜਿਹੜਾ ਉਸ ਨੂੰ ਮੌਤ ਤੋਂ ਬਚਾ ਸੱਕਦਾ ਸੀ ਅਤੇ ਯਿਸੂ ਨੇ ਪਰਮੇਸ਼ੁਰ ਅੱਗੇ ਉੱਚੀਆਂ ਚੀਕਾਂ ਅਤੇ ਹੰਝੂਆਂ ਰਾਹੀਂ ਪ੍ਰਾਰਥਨਾ ਕੀਤੀ। ਅਤੇ ਪਰਮੇਸ਼ੁਰ ਨੇ ਯਿਸੂ ਦੀਆਂ ਪ੍ਰਾਰਥਨਾ ਦਾ ਉੱਤਰ ਦਿੱਤਾ ਕਿਉਂਕਿ ਯਿਸੂ ਨਿਮ੍ਰ ਸੀ ਅਤੇ ਉਸ ਨੇ ਹਰ ਉਹ ਗੱਲ ਕੀਤੀ ਜਿਸ ਵਿੱਚ ਪਰਮੇਸ਼ੁਰ ਦੀ ਰਜ਼ਾ ਸੀ। 8 ਯਿਸੂ ਪਰਮੇਸ਼ੁਰ ਦਾ ਪੁੱਤਰ ਸੀ। ਪਰ ਯਿਸੂ ਨੇ ਦੁੱਖ ਝੱਲੇ ਅਤੇ ਜਿਨ੍ਹਾਂ ਦੁੱਖਾਂ ਰਾਹੀਂ ਉਹ ਗੁਜ਼ਰਿਆ, ਉਸ ਨੇ ਤਾਬੇਦਾਰੀ ਸਿੱਖੀ। 9 ਫ਼ੇਰ ਯਿਸੂ ਸੰਪੰਨ ਸੀ। ਉਹ ਉਨ੍ਹਾਂ ਸਾਰੇ ਲੋਕਾਂ ਲਈ ਕਾਰਣ ਬਣਿਆ, ਜਿਹੜੇ ਸਦੀਵੀ ਮੁਕਤੀ ਪ੍ਰਾਪਤ ਕਰਨ ਲਈ ਉਸ ਨੂੰ ਮੰਨਦੇ ਹਨ। 10 ਅਤੇ ਪਰਮੇਸ਼ੁਰ ਨੇ ਯਿਸੂ ਨੂੰ ਉਵੇਂ ਹੀ ਸਰਦਾਰ ਜਾਜਕ ਬਣਾਇਆ ਜਿਵੇਂ ਕਿ ਮਲਕਿਸਿਦਕ ਸੀ।
ਗਿਰਾਵਟ ਦੇ ਖਿਲਾਫ਼ ਚਿਤਾਵਨੀ
11 ਅਸੀਂ ਤੁਹਾਨੂੰ ਇਸ ਬਾਰੇ ਬਹੁਤ ਸਾਰੀਆਂ ਗੱਲਾਂ ਦੱਸਣੀਆਂ ਚਾਹੁੰਦੇ ਹਾਂ। ਪਰ ਇਹ ਤੁਹਾਨੂੰ ਸਪੱਸ਼ਟ ਕਰਨਾ ਬਹੁਤ ਔਖਾ ਹੈ ਕਿਉਂਕਿ ਤੁਸੀਂ ਸਮਝਣ ਦੇ ਇਛੁੱਕ ਨਹੀਂ ਹੋ। 12 ਤੁਹਾਨੂੰ ਇੰਨਾ ਸਮਾਂ ਮਿਲ ਚੁੱਕਿਆ ਹੈ ਕਿ ਹੁਣ ਤੱਕ ਤਾਂ ਤੁਹਾਨੂੰ ਗੁਰੂ ਬਣ ਜਾਣਾ ਚਾਹੀਦਾ ਸੀ। ਪਰ ਤੁਹਾਨੂੰ, ਇੱਕ ਵਾਰੀ ਫ਼ੇਰ, ਪਰਮੇਸ਼ੁਰ ਦੇ ਉਪਦੇਸ਼ ਦੇ ਮੁੱਢਲੇ ਪਾਠ ਪੜ੍ਹਾਉਣ ਵਾਲੇ, ਕਿਸੇ ਵਿਅਕਤੀ ਦੀ ਲੋੜ ਹੈ। ਤੁਹਾਨੂੰ ਹਾਲੇ ਵੀ ਉਪਦੇਸ਼ ਦੀ ਦੁੱਧ ਵਾਂਗ ਲੋੜ ਹੈ। ਤੁਸੀਂ ਹਾਲੇ ਠੋਸ ਆਹਾਰ ਲਈ ਤਿਆਰ ਨਹੀਂ ਹੋ। 13 ਕੋਈ ਵੀ ਜਿਹੜਾ ਦੁੱਧ ਦੇ ਆਸਰੇ ਜਿਉਂਦਾ, ਇੱਕ ਸ਼ਿਸ਼ੂ ਹੈ। ਅਜਿਹਾ ਵਿਅਕਤੀ ਸਹੀ ਉਪਦੇਸ਼ ਬਾਰੇ ਕੁਝ ਨਹੀਂ ਜਾਣਦਾ। 14 ਪਰ ਠੋਸ ਆਹਾਰ ਉਨ੍ਹਾਂ ਲੋਕਾਂ ਲਈ ਨਹੀਂ ਹੈ ਜਿਹੜੇ ਸ਼ਿਸ਼ੂਆਂ ਵਰਗੇ ਹਨ। ਉਹ ਉਨ੍ਹਾਂ ਲਈ ਹੈ ਜਿਹੜੇ ਆਤਮਕ ਤੌਰ ਤੇ ਪ੍ਰੌਢ ਹਨ। ਉਨ੍ਹਾਂ ਦੇ ਰੋਜ਼ਾਨਾ ਅਭਿਆਸ ਦੁਆਰਾ, ਉਨ੍ਹਾਂ ਨੇ ਆਪਣੇ ਆਪ ਨੂੰ ਚੰਗੇ ਅਤੇ ਬੁਰੇ ਵਿੱਚ ਫ਼ਰਕ ਕਰਨ ਲਈ ਪੱਕਾ ਕਰ ਲਿਆ ਹੈ।
2010 by World Bible Translation Center