New Testament in a Year
ਪੌਲੁਸ ਦਾ ਰੋਮ ਨੂੰ ਜਾਣਾ
27 ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ। 2 ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।
3 ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬੜਾ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਉੱਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। 4 ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤੱਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ। 5 ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇੜਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ। 6 ਉੱਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚੜ੍ਹਾ ਦਿੱਤਾ।
7 ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ। 8 ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।
9 ਪਰ ਅਸੀਂ ਬੜਾ ਸਮਾਂ ਗੁਆ ਚੁੱਕੇ ਸਾਂ, ਇਸ ਵਕਤ ਜਹਾਜ਼ ਦਾ ਸਫ਼ਰ ਬਹੁਤ ਖਤਰੇ ਵਾਲਾ ਸੀ ਕਿਉਂਕਿ ਯਹੂਦੀਆਂ ਦੇ ਵਰਤ ਦੇ ਦਿਨ ਪਹਿਲਾਂ ਹੀ ਲੰਘ ਚੁੱਕੇ ਸਨ। ਇਸ ਲਾਈ ਪੌਲੁਸ ਨੇ ਉਨ੍ਹਾਂ ਨੂੰ ਚੁਕੰਨਾ ਕੀਤਾ ਤੇ ਕਿਹਾ, 10 “ਹੇ ਮਨੁੱਖੋ। ਮੈਂ ਵੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਸੰਕਟ ਆਵੇਗਾ। ਸਾਡਾ ਜਹਾਜ਼ ਅਤੇ ਇਸ ਵਿੱਚਲਾ ਸਾਰਾ ਸਮਾਨ ਨਸ਼ਟ ਹੋ ਜਾਵੇਗਾ। ਹੋ ਸੱਕਦਾ ਹੈ ਕਿ ਸਾਡੀਆਂ ਜਾਨਾਂ ਵੀ ਚਲੀਆਂ ਜਾਣ।” 11 ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸ ਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ। 12 ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉੱਥੋਂ ਚੱਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉੱਥੇ ਖੜ੍ਹਾ ਕੀਤਾ ਜਾ ਸੱਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹੜਾ ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਪਾਸੇ ਵੱਲ ਹੈ।
ਤੂਫ਼ਾਨ
13 ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ। 14 ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬੜੀ ਤਕੜੀ ਹਨੇਰੀ ਟਾਪੂ ਤੇ ਆਈ। 15 ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰੱਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।
16 ਅਸੀਂ ਕਲੌਦਾ ਨਾਂ ਦੇ ਇੱਕ ਛੋਟੇ ਟਾਪੂ ਕੋਲ ਜਾ ਪੁੱਜੇ। ਫ਼ੇਰ ਬੜੀ ਮੁਸ਼ਕਿਲ ਨਾਲ ਅਸੀਂ ਜੀਵਨ ਬੇੜੀ ਜਹਾਜ਼ ਤੇ ਲਿਆ ਸੱਕੇ। 17 ਉਨ੍ਹਾਂ ਨੇ ਜੀਵਨ ਬੇੜੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥੱਲਿਉਂ ਜਹਾਜ਼ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋੜਨ ਦਿੱਤਾ।
18 ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਗ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ। 19 ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕੱਢ ਕੇ ਸੁੱਟ ਦਿੱਤਾ। 20 ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।
21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ। 22 ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰੱਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ। 23 ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ। 24 ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’ 25 ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ। 26 ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”
2010 by World Bible Translation Center