New Testament in a Year
22 ਤਦ ਲੋਕੀ ਪੌਲੁਸ ਅਤੇ ਸੀਲਾਸ ਦੇ ਖਿਲਾਫ਼ ਹੋ ਗਏ। ਤਦ ਆਗੂਆਂ ਨੇ ਪੌਲੁਸ ਅਤੇ ਸੀਲਾਸ ਦੇ ਕੱਪੜੇ ਪਾੜ ਸੁੱਟੇ ਅਤੇ ਕੁਝ ਆਦਮੀਆਂ ਨੂੰ ਹੁਕਮ ਦਿੱਤਾ ਕਿ ਉਨ੍ਹਾਂ ਨੂੰ ਕੋੜਿਆਂ ਨਾਲ ਮਾਰਨ। 23 ਆਦਮੀਆਂ ਨੇ ਉਨ੍ਹਾਂ ਨੂੰ ਬਹੁਤ ਵਾਰ ਮਾਰਿਆ ਤੇ ਫ਼ਿਰ ਉਨ੍ਹਾਂ ਨੂੰ ਕੈਦ ਵਿੱਚ ਸੁੱਟ ਦਿੱਤਾ। ਕੈਦਖਾਨੇ ਦੇ ਦਰੋਗਾ ਨੂੰ ਆਖਣ ਲੱਗੇ, “ਇਨ੍ਹਾਂ ਉੱਪਰ ਪੂਰੀ ਨਿਗਰਾਨੀ ਰੱਖਣਾ।” 24 ਉਸ ਨੇ ਅਜਿਹਾ ਹੁਕਮ ਪਾਕੇ ਉਨ੍ਹਾਂ ਨੂੰ ਅੰਦਰਲੇ ਕੈਦਖਾਨੇ ਵਿੱਚ ਰੱਖਿਆ ਅਤੇ ਉਨ੍ਹਾਂ ਦੇ ਪੈਰਾਂ ਵਿੱਚ ਕਾਫ਼ ਦੇ ਖਾਨੇ ਠੋਕ ਦਿੱਤੇ।
25 ਅੱਧੀ ਰਾਤ ਵੇਲੇ ਪੌਲੁਸ ਅਤੇ ਸੀਲਾਸ ਪ੍ਰਾਰਥਨਾ ਕਰਦੇ ਹੋਏ ਪਰਮੇਸ਼ੁਰ ਦੀ ਉਸਤਤਿ ਦੇ ਗੀਤ ਗਾ ਰਹੇ ਸਨ ਅਤੇ ਬਾਕੀ ਕੈਦੀ ਉਨ੍ਹਾਂ ਦੇ ਭਜਨ-ਗੀਤ ਸੁਣ ਰਹੇ ਸਨ। 26 ਅਚਾਨਕ ਭਿਆਨਕ ਭੁਚਾਲ ਆਇਆ। ਭੁਚਾਲ ਇੰਨਾ ਜਬਰਦਸਤ ਸੀ ਕਿ ਕੈਦਖਾਨੇ ਦੀਆਂ ਨੀਹਾਂ ਤੱਕ ਹਿੱਲ ਗਈਆਂ ਅਤੇ ਕੈਦਖਾਨੇ ਦੇ ਸਾਰੇ ਦਰਵਾਜ਼ੇ ਖੁੱਲ੍ਹ ਗਏ। ਅਤੇ ਸਾਰੇ ਕੈਦੀਆਂ ਦੀਆਂ ਜੰਜ਼ੀਰਾਂ ਖੁੱਲ੍ਹ ਗਈਆਂ। 27 ਜੇਲਰ ਜਾਗਿਆ ਅਤੇ ਕੈਦਖਾਨੇ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਵੇਖੇ। ਉਸ ਨੇ ਸੋਚਿਆ ਕਿ ਕੈਦੀ ਪਹਿਲਾਂ ਹੀ ਨਠ ਗਏ ਹਨ। ਇਸ ਲਈ ਉਸ ਨੇ ਆਪਣੀ ਤਲਵਾਰ ਕੱਢੀ ਅਤੇ ਆਪਣੇ-ਆਪ ਨੂੰ ਮਾਰਨ ਹੀ ਵਾਲਾ ਸੀ। 28 ਪਰ ਪੌਲੁਸ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, “ਆਪਣੇ-ਆਪ ਨੂੰ ਇਉਂ ਕਸ਼ਟ ਨਾ ਦੇ। ਅਸੀਂ ਸਭ ਇੱਥੇ ਹੀ ਹਾਂ।”
29 ਤਦ ਦੀਵਾ ਮੰਗਵਾ ਕੇ ਉਹ ਅੰਦਰ ਨੂੰ ਦੌੜਿਆ, ਉਹ ਕੰਬਦਾ ਹੋਇਆ ਪੌਲੁਸ ਅਤੇ ਸੀਲਾਸ ਦੇ ਅੱਗੇ ਢਹਿ ਪਿਆ। 30 ਤਦ ਉਸ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਅਤੇ ਕਿਹਾ, “ਹੇ ਮਹਾ ਪੁਰੱਖੋ, ਬਚਾਏ ਜਾਣ ਲਈ ਮੈਂ ਕੀ ਕਰਾਂ?”
31 ਉਨ੍ਹਾਂ ਉਸ ਨੂੰ ਕਿਹਾ, “ਪ੍ਰਭੂ ਯਿਸੂ ਉੱਤੇ ਵਿਸ਼ਵਾਸ ਕਰ, ਫ਼ੇਰ ਤੂੰ ਅਤੇ ਉਹ ਸਾਰੇ, ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ, ਬਚਾਏ ਜਾਣਗੇ।” 32 ਤਾਂ, ਪੌਲੁਸ ਅਤੇ ਸੀਲਾਸ ਨੇ ਜੇਲਰ ਅਤੇ ਉਨ੍ਹਾਂ ਸਭ ਨੂੰ, ਜੋ ਉਸ ਦੇ ਘਰ ਵਿੱਚ ਰਹਿੰਦੇ ਸਨ, ਪ੍ਰਭੂ ਦਾ ਸੰਦੇਸ਼ ਦਿੱਤਾ। 33 ਜਦ ਕਿ ਰਾਤ ਕਾਫ਼ੀ ਹੋ ਚੁੱਕੀ ਸੀ ਪਰ ਜੇਲਰ ਨੇ ਉਨ੍ਹਾਂ ਨੂੰ ਲਿਆ ਅਤੇ ਉਨ੍ਹਾਂ ਦੇ ਜ਼ਖਮ ਸਾਫ਼ ਕੀਤੇ। ਉਸਤੋਂ ਬਾਅਦ, ਜੇਲਰ ਅਤੇ ਉਸ ਦੇ ਸਾਰੇ ਲੋਕਾਂ ਨੂੰ ਬਪਤਿਸਮਾ ਦਿੱਤਾ ਗਿਆ। 34 ਉਸਤੋਂ ਬਾਅਦ, ਉਸ ਨੇ ਉਨ੍ਹਾਂ ਨੂੰ ਘਰ ਲੈਜਾ ਕੇ ਭੋਜਨ ਕਰਵਾਇਆ, ਹੁਣ ਸਾਰੇ ਲੋਕ ਮੁੜ ਤੋਂ ਬੜੇ ਖੁਸ਼ ਸਨ ਕਿਉਂਕਿ ਹੁਣ ਉਹ ਪਰਮੇਸ਼ੁਰ ਉੱਤੇ ਵਿਸ਼ਵਾਸ ਰੱਖਦੇ ਸਨ।
35 ਅਗਲੀ ਸਵੇਰ ਆਗੂਆਂ ਨੇ ਕੁਝ ਸਿਪਾਹੀਆਂ ਨੂੰ ਦਰੋਗਾ ਕੋਲ ਭੇਜਿਆ ਅਤੇ ਸੁਨੇਹਾ ਦਿੱਤਾ “ਇਨ੍ਹਾਂ ਆਦਮੀਆਂ ਨੂੰ ਰਿਹਾ ਕਰ ਦਿੱਤਾ ਜਾਵੇ।”
36 ਦਰੋਗਾ ਨੇ ਪੌਲੁਸ ਨੂੰ ਆਖਿਆ, “ਆਗੂਆਂ ਨੇ ਇਨ੍ਹਾਂ ਸਿਪਾਹੀਆਂ ਰਾਹੀਂ ਤੁਹਾਨੂੰ ਰਿਹਾ ਕਰਨ ਦਾ ਹੁਕਮ ਦੇਕੇ ਭੇਜਿਆ ਹੈ, ਸੋ ਤੁਸੀਂ ਹੁਣ ਸ਼ਾਂਤੀ ਨਾਲ ਇੱਥੋਂ ਜਾ ਸੱਕਦੇ ਹੋ।”
37 ਪਰ ਪੌਲੁਸ ਨੇ ਸਿਪਾਹੀਆਂ ਨੂੰ ਕਿਹਾ, “ਉਨ੍ਹਾਂ ਨੇ ਤਾਂ ਸਾਨੂੰ ਰੋਮੀ ਹੋਣ ਦਾ ਦੋਸ਼ ਸਾਬਤ ਕੀਤੇ ਬਿਨਾਂ ਹੀ ਸਭਨਾਂ ਦੇ ਸਾਹਮਣੇ ਕੋੜੇ ਮਾਰਕੇ ਕੈਦ ਕੀਤਾ ਸੀ। ਅਤੇ ਕੀ ਉਹ ਚਾਹੁੰਦੇ ਹਨ ਅਸੀਂ ਗੁਪਤ ਰੂਪ ਵਿੱਚ ਹੀ ਚੱਲੇ ਜਾਈਏ? ਨਹੀਂ ਇਹ ਇਵੇਂ ਨਹੀਂ ਹੋਣਾ, ਸਗੋਂ ਉਹ ਆਪ ਆਕੇ ਸਾਨੂੰ ਬਾਹਰ ਕੱਢ ਕੇ ਲੈ ਚੱਲਣ।”
38 ਸਿਪਾਹੀਆਂ ਨੇ ਇਹ ਹਾਲ ਸਾਰਾ ਆਗੂਆਂ ਨੂੰ ਜਾ ਸੁਣਾਇਆ। ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਹ ਰੋਮੀ ਨਾਗਰਿਕ ਹੀ ਸਨ ਤਾਂ ਉਹ ਘਬਰਾ ਗਏ। 39 ਤਾਂ ਉਹ ਆਪ ਪੌਲੁਸ ਅਤੇ ਸੀਲਾਸ ਕੋਲ ਆਏ ਤੇ ਆਕੇ ਖਿਮਾ ਮੰਗੀ। ਉਨ੍ਹਾਂ ਨੇ ਆਪ ਉਨ੍ਹਾਂ ਨੂੰ ਕੈਦ ਵਿੱਚੋਂ ਕੱਢਿਆ ਅਤੇ ਇਹ ਸ਼ਹਿਰ ਛੱਡ ਜਾਣ ਲਈ ਕਿਹਾ। 40 ਪਰ ਜਦੋਂ ਪੌਲੁਸ ਅਤੇ ਸੀਲਾਸ ਜੇਲ ਵਿੱਚੋਂ ਬਾਹਰ ਆਏ ਤਾਂ ਉਹ ਲੁਦਿਯਾ ਦੇ ਘਰ ਨੂੰ ਗਏ ਅਤੇ ਉੱਥੇ ਕੁਝ ਨਿਹਚਾਵਾਨਾਂ ਨੂੰ ਵੇਖਿਆ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਤਸਲੀ ਦਿੱਤੀ ਫ਼ੇਰ ਉਨ੍ਹਾਂ ਨੇ ਆਪਣੀ ਯਾਤਰਾ ਸ਼ੁਰੂ ਕਰ ਦਿੱਤੀ। ਉਹ ਸ਼ਹਿਰ ਛੱਡ ਕੇ ਅੱਗੇ ਨੂੰ ਵੱਧੇ।
2010 by World Bible Translation Center