M’Cheyne Bible Reading Plan
ਯਹੂਦਾਹ ਦਾ ਪਾਤਸ਼ਾਹ ਯਹੋਆਹਾਜ਼
36 ਯਹੂਦਾਹ ਦੇ ਲੋਕਾਂ ਨੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਯਹੋਆਹਾਜ਼ ਨੂੰ ਚੁਣਿਆ। ਯਹੋਆਹਾਜ਼ ਯੋਸੀਯਾਹ ਦਾ ਪੁੱਤਰ ਸੀ। 2 ਯਹੋਆਹਾਜ਼ ਜਦੋਂ ਯਹੂਦਾਹ ਦਾ ਪਾਤਸ਼ਾਹ ਬਣਿਆ ਉਸ ਵਕਤ ਉਹ 23ਵਰ੍ਹਿਆਂ ਦਾ ਸੀ। ਉਹ ਯਰੂਸ਼ਲਮ ਦੇ ਰਾਜ ਤੇ 3 ਮਹੀਨੇ ਰਿਹਾ। 3 ਤਦ ਮਿਸਰ ਦੇ ਪਾਤਸ਼ਾਹ, ਨਕੋ ਨੇ ਯਹੋਆਹਾਜ਼ ਨੂੰ ਬੰਦੀ ਬਣਾ ਲਿਆ। ਉਸ ਨੇ ਯਹੂਦਾਹ ਦੇ ਲੋਕਾਂ ਉੱਤੇ 3,400 ਕਿਲੋ ਚਾਂਦੀ ਅਤੇ 34 ਕਿੱਲੋ ਸੋਨਾ ਦੰਡ ਲਾਇਆ। 4 ਨਕੋ ਨੇ ਯਹੋਆਹਾਜ਼ ਦੇ ਭਰਾ ਅਲਯਾਕੀਮ ਨੂੰ ਯਹੂਦਾਹ ਅਤੇ ਯਰੂਸ਼ਲਮ ਦਾ ਨਵਾਂ ਪਾਤਸ਼ਾਹ ਚੁਣਿਆ ਅਤੇ ਫ਼ਿਰ ਉਸ ਨੇ ਅਲਯਾਕੀਮ ਨੂੰ ਨਵਾਂ ਨਾਂ ਦਿੱਤਾ ਅਤੇ ਉਸ ਨੂੰ ਨਵੇਂ ਨਾਂ ਹੇਠ ਯਹੋਯਾਕੀਮ ਕਹਿ ਕੇ ਬੁਲਾਇਆ ਗਿਆ। ਪਰ ਨਕੋ ਯਹੋਆਹਾਜ਼ ਨੂੰ ਮਿਸਰ ਵਿੱਚ ਲੈ ਗਿਆ।
ਯਹੂਦਾਹ ਦਾ ਪਾਤਸ਼ਾਹ ਯਹੋਯਾਕੀਮ
5 ਯਹੋਯਾਕੀਮ 25ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। ਯਹੋਯਾਕੀਮ ਨੇ ਯਹੋਵਾਹ ਉਸ ਦੇ ਪਰਮੇਸ਼ੁਰ ਦੀ ਨਿਗਾਹ ਵਿੱਚ ਜੋ ਬੁਰਾਈ ਸੀ, ਉਹੀ ਕੰਮ ਕੀਤੇ।
6 ਤਦ ਬਾਬਲ ਦੇ ਪਾਤਸ਼ਾਹ ਨਬੂਕਦਨੱਸਰ ਨੇ ਯਹੂਦਾਹ ਉੱਪਰ ਹਮਲਾ ਕੀਤਾ। ਉਸ ਨੇ ਯਹੋਯਾਕੀਮ ਨੂੰ ਬੰਦੀ ਬਣਾ ਲਿਆ ਅਤੇ ਉਸ ਨੂੰ ਪਿੱਤਲ ਦੀਆਂ ਬੇੜੀਆਂ ਨਾਲ ਬੰਨ੍ਹ ਬਾਬਲ ਲੈ ਗਿਆ। 7 ਨਬੂਕਦਨੱਸਰ ਯਹੋਵਾਹ ਦੇ ਮੰਦਰ ਵਿੱਚੋਂ ਵੀ ਕੁਝ ਚੀਜ਼ਾਂ ਚੁੱਕ ਕੇ ਲੈ ਗਿਆ ਅਤੇ ਉਹ ਉਨ੍ਹਾਂ ਵਸਤਾਂ ਨੂੰ ਉੱਥੋਂ ਚੁਕਾਅ ਕੇ ਬਾਬਲ ਨੂੰ ਲੈ ਗਿਆ। 8 ਹੁਣ ਯਹੋਯਾਕੀਮ ਦੇ ਸ਼ਾਸ਼ਨਕਾਲ ਦੀਆਂ ਬਾਕੀ ਦੀਆਂ ਘਟਨਾਵਾਂ ਜੋ ਬਦਕਰਨੀਆਂ ਉਸ ਨੇ ਕੀਤੀਆਂ, ਅਤੇ ਉਹ ਸਭ ਕੁਝ ਜਿਨ੍ਹਾਂ ਨੂੰ ਕਰਨ ਦਾ ਉਹ ਦੋਸ਼ੀ ਸੀ, ਯਹੂਦਾਹ ਅਤੇ ਇਸਰਾਏਲ ਦੇ ਪਾਤਸ਼ਾਹ ਦੀ ਪੋਥੀ ਵਿੱਚ ਦਰਜ ਹਨ।
ਯਹੂਦਾਹ ਦਾ ਪਾਤਸ਼ਾਹ ਯਹੋਯਾਕੀਨ
9 ਯਹੋਯਾਕੀਨ 18ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਨਵਾਂ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਤੇ ਤਿੰਨ ਮਹੀਨੇ ਅਤੇ ਦਸ ਦਿਨ ਰਾਜ ਕੀਤਾ। ਉਸ ਨੇ ਯਹੋਵਾਹ ਦੀ ਮਰਜ਼ੀ ਮੁਤਾਬਕ ਕੰਮ ਨਾ ਕੀਤੇ ਸਗੋਂ ਯਹੋਵਾਹ ਦੀ ਨਿਗਾਹ ਵਿੱਚ ਪਾਪ ਕੀਤੇ। 10 ਬਹਾਰ ਦੇ ਮੌਸਮ ਵਿੱਚ ਨਬੂਕਦਨੱਸਰ ਪਾਤਸ਼ਾਹ ਯਹੋਯਾਕੀਨ ਨੂੰ ਫ਼ੜਨ ਲਈ ਕੁਝ ਸੇਵਕਾਂ ਨੂੰ ਭੇਜਿਆ ਤਾਂ ਉਹ ਯਹੋਯਾਕੀਨ ਅਤੇ ਯੋਹਵਾਹ ਦੇ ਮੰਦਰ ਵਿੱਚੋਂ ਕੁਝ ਕੀਮਤੀ ਚੀਜ਼ਾਂ ਚੁੱਕ ਕੇ ਬਾਬਲ ਲੈ ਆਏ। ਫ਼ਿਰ ਨਬੂਕਦਨੱਸਰ ਨੇ ਯਹੋਯਾਕੀਨ ਦੇ ਸੰਬੰਧੀ ਨੂੰ ਉਸਦੀ ਥਾਵੇਂ ਯਹੂਦਾਹ ਅਤੇ ਯਰੂਸ਼ਲਮ ਦਾ ਪਾਤਸ਼ਾਹ ਚੁਣਿਆ, ਜਿਸ ਦਾ ਨਾਂ ਸੀ ਸਿਦਕੀਯਾਹ।
ਯਹੂਦਾਹ ਦਾ ਪਾਤਸ਼ਾਹ ਸਿਦਕੀਯਾਹ
11 ਸਿਦਕੀਯਾਹ 21ਵਰ੍ਹਿਆਂ ਦਾ ਸੀ ਜਦੋਂ ਉਹ ਯਹੂਦਾਹ ਦਾ ਪਾਤਸ਼ਾਹ ਬਣਿਆ ਅਤੇ ਉਸ ਨੇ ਯਰੂਸ਼ਲਮ ਵਿੱਚ 11ਵਰ੍ਹੇ ਰਾਜ ਕੀਤਾ। 12 ਉਸ ਨੇ ਯਹੋਵਾਹ ਦੀ ਨਿਗਾਹ ਵਿੱਚ ਬੁਰਿਆਈ ਕੀਤੀ। ਉਸ ਨੇ ਯਿਰਮਿਯਾਹ ਨਬੀ ਦੇ ਸਾਹਮਣੇ ਜਿਸਨੇ ਉਸ ਨੂੰ ਯਹੋਵਾਹ ਦੇ ਸੰਦੇਸ਼ ਸੁਣਾਏ ਪਰ ਤਦ ਵੀ ਸਿਦਕੀਯਾਹ ਨੇ ਆਪਣੇ-ਆਪ ਨੂੰ ਹਲੀਮੀ ਵਿੱਚ ਨਾ ਲਿਆਂਦਾ ਅਤੇ ਯਿਰਮਿਯਾਹ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ।
ਯਰੂਸ਼ਲਮ ਦਾ ਨਾਸ
13 ਸਿਦਕੀਯਾਹ ਨਬੂਕਦਨੱਸਰ ਪਾਤਸ਼ਾਹ ਦਾ ਵਿਰੋਧੀ ਹੋ ਗਿਆ ਜਦ ਕਿ ਪਹਿਲਾਂ ਨਬੂਕਦਨੱਸਰ ਨੇ ਸਿਦਕੀਯਾਹ ਕੋਲੋਂ ਉਸਦਾ ਵਫ਼ਾਦਾਰ ਰਹਿਣ ਦਾ ਵਚਨ ਦੇਣ ਲਈ ਉਸ ਨੂੰ ਮਜ਼ਬੂਰ ਕੀਤਾ ਸੀ ਅਤੇ ਸਿਦਕੀਯਾਹ ਨੇ ਪਰਮੇਸ਼ੁਰ ਦੀ ਸੌਂਹ ਖਾਕੇ ਨਬੂਕਦਨੱਸਰ ਨਾਲ ਵਫ਼ਾਦਾਰ ਰਹਿਣ ਦੀ ਸੌਂਹ ਖਾਧੀ ਸੀ। ਪਰ ਸਿਦਕੀਯਾਹ ਬੜਾ ਢੀਠ ਸੀ। ਸੋ ਉਸ ਨੇ ਆਕੜ ਕੇ ਆਪਣਾ ਰਾਹ ਨਾ ਮੋੜਿਆ ਅਤੇ ਨਾਹੀ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦਾ ਹੁਕਮ ਮੰਨਿਆ। 14 ਇਸ ਤੋਂ ਬਿਨਾਂ ਜਾਜਕਾਂ ਦੇ ਸਾਰੇ ਸਰਦਾਰਾਂ ਅਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਬੇਈਮਾਨੀਆਂ ਅਤੇ ਦੂਜੀਆਂ ਕੌਮਾਂ ਦੇ ਘਿਨਾਉਣੇ ਕੰਮਾਂ ਵਾਂਗ ਦੇ ਕੰਮ ਕੀਤੇ ਅਤੇ ਉਨ੍ਹਾਂ ਨੇ ਯਹੋਵਾਹ ਦੇ ਮੰਦਰ ਨੂੰ ਭਰਿਸ਼ਟ ਕੀਤਾ ਜਿਸ ਨੂੰ ਕਿ ਯਹੋਵਾਹ ਨੇ ਯਰੂਸ਼ਲਮ ਵਿੱਚ ਪਵਿੱਤਰ ਕੀਤਾ ਸੀ। 15 ਯਹੋਵਾਹ ਉਨ੍ਹਾਂ ਦੇ ਪੁਰਖਿਆਂ ਦੇ ਪਰਮੇਸ਼ੁਰ ਨੇ ਆਪਣੇ ਦੂਤਾਂ ਦੇ ਰਾਹੀਂ ਉਨ੍ਹਾਂ ਨੂੰ ਯਤਨ ਨਾਲ ਭੇਜ ਕੇ ਉਨ੍ਹਾਂ ਦੇ ਕੋਲ ਸੰਦੇਸ਼ ਭੇਜਿਆ ਕਿਉਂ ਕਿ ਉਸ ਨੂੰ ਲੋਕਾਂ ਅਤੇ ਆਪਣੇ ਮੰਦਰ ਤੇ ਤਰਸ ਆਉਂਦਾ ਸੀ ਅਤੇ ਉਹ ਲੋਕਾਂ ਨੂੰ ਅਤੇ ਮੰਦਰ ਨੂੰ ਨਸ਼ਟ ਨਹੀਂ ਸੀ ਕਰਨਾ ਚਾਹੁੰਦਾ। 16 ਪਰ ਪਰਮੇਸ਼ੁਰ ਦੇ ਲੋਕਾਂ ਨੇ ਪਰਮੇਸ਼ੁਰ ਦੇ ਨਬੀ ਦਾ ਮਖੌਲ ਉਡਾਇਆ ਅਤੇ ਉਸ ਨੂੰ ਸੁਣਨ ਜਾਂ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਪਰਮੇਸ਼ੁਰ ਦੇ ਸੰਦੇਸ਼ਾਂ ਨੂੰ ਤਦ ਤੀਕ ਨਫ਼ਰਤ ਕੀਤੀ ਜਦ ਤੀਕ ਕਿ ਯਹੋਵਾਹ ਦਾ ਆਪਣੇ ਲੋਕਾਂ ਖਿਲਾਫ ਗੁੱਸਾ ਇੰਨਾ ਨਾ ਵੱਧ ਗਿਆ ਕਿ ਇਸਦਾ ਕੋਈ ਉਪਾ ਨਾ ਹੋਵੇ। ਹੁਣ ਉਸ ਨੂੰ ਆਪਣੇ ਲੋਕਾਂ ਤੇ ਕਰੋਧ ਆ ਗਿਆ ਜਿਸ ਨੂੰ ਹੁਣ ਕੋਈ ਰੋਕ ਨਹੀਂ ਸੀ ਪਾ ਸੱਕਦਾ। 17 ਇਸ ਲਈ ਪਰਮੇਸ਼ੁਰ ਨੇ ਬਾਬਲ ਦੇ ਪਾਤਸ਼ਾਹ ਕੋਲੋਂ ਯਹੂਦਾਹ ਅਤੇ ਯਰੂਸਲਮ ਦੇ ਲੋਕਾਂ ਉੱਪਰ ਹਮਲਾ ਕਰਵਾਇਆ। ਬਾਬਲ ਦੇ ਪਾਤਸ਼ਾਹ ਨੇ ਉਨ੍ਹਾਂ ਦੇ ਜੁਆਨਾਂ ਨੂੰ ਪਵਿੱਤਰ ਅਸਥਾਨ ਵਿੱਚ ਤਲਵਾਰ ਨਾਲ ਵੱਢ ਸੁੱਟਿਆ। ਉਸ ਨੇ ਨਾ ਜੁਆਨ ਨਾ ਕੁਆਰੀ, ਨਾ ਕਿਸੇ ਬੁੱਢੇ ਤੇ ਨਾ ਹੀ ਵੱਡੀ ਉਮਰ ਵਾਲੇ ਤੇ ਤਰਸ ਖਾਧਾ। ਯਹੋਵਾਹ ਨੇ ਸਾਰਿਆਂ ਨੂੰ ਨਬੂਕਦਨੱਸਰ ਦੇ ਹੱਥ ਦੇ ਦਿੱਤਾ। 18 ਪਾਤਸ਼ਾਹ ਪਰਮੇਸ਼ੁਰ ਦੇ ਮੰਦਰ ਦੇ ਸਾਰੇ ਵੱਡੇ-ਛੋਟੇ ਭਾਂਡੇ ਤੇ ਹੋਰ ਕੀਮਤੀ ਵਸਤਾਂ, ਯਹੋਵਾਹ ਦੇ ਮੰਦਰ ਦਾ ਖਜ਼ਾਨਾ, ਪਾਤਸ਼ਾਹ ਦੇ ਮਹਿਲ ਦਾ ਖਜ਼ਾਨਾ ਅਤੇ ਉਸ ਦੇ ਸਰਦਾਰਾਂ ਦਾ ਸਾਰਾ ਖਜ਼ਾਨਾ ਬਾਬਲ ਨੂੰ ਲੈ ਗਿਆ। 19 ਨਬੂਕਦਨੱਸਰ ਅਤੇ ਉਸਦੀ ਸੈਨਾ ਨੇ ਮੰਦਰ ਨੂੰ ਸਾੜ ਦਿੱਤਾ। ਉਨ੍ਹਾਂ ਨੇ ਯਰੂਸ਼ਲਮ ਦੀ ਦੀਵਾਰ ਤੋੜ ਦਿੱਤੀ ਅਤੇ ਪਾਤਸ਼ਾਹ ਅਤੇ ਉਸ ਦੇ ਸਰਦਾਰਾਂ ਦੇ ਘਰਾਂ ਨੂੰ ਢਹਿ-ਢੇਰੀ ਕਰ ਦਿੱਤਾ। ਉਨ੍ਹਾਂ ਯਰੂਸ਼ਲਮ ਦਾ ਕੁਝ ਸਾਮਾਨ ਨਸ਼ਟ ਕਰ ਦਿੱਤਾ। 20 ਨਬੂਕਦਨੱਸਰ ਨੇ ਬਾਕੀ ਜਿਉਂਦੇ ਲੋਕਾਂ ਨੂੰ ਬਾਬਲ ਵਿੱਚ ਲਿਆਕੇ ਆਪਣੇ ਗੁਲਾਮ ਬਣਾ ਲਿਆ। ਉਹ ਲੋਕ ਪਾਤਸ਼ਾਹ ਦੇ ਅਤੇ ਉਸ ਦੇ ਪੁੱਤਰਾਂ ਦੇ ਤਦ ਤੀਕ ਗੁਲਾਮ ਬਣਕੇ ਰਹੇ ਜਦ ਤੀਕ ਕਿ ਫ਼ਾਰਸ ਦੇ ਪਾਤਸ਼ਾਹ ਨੇ ਬਾਬਲ ਨੂੰ ਹਾਰ ਨਾ ਦੇ ਦਿੱਤੀ ਤੇ ਆਪਣਾ ਰਾਜ ਨਾ ਕਾਇਮ ਕੀਤਾ। 21 ਤਾਂ ਯਹੋਵਾਹ ਦਾ ਬਚਨ ਜਿਹੜਾ ਯਿਰਮਿਯਾਹ ਨਬੀ ਦੇ ਮੂੰਹੋਂ ਨਿਕਲਿਆ ਸੀ ਜੋ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਲਈ ਕੀਤਾ ਸੀ ਜਦ ਉਹ ਵਾਪਰਿਆ, ਕਿ ਯਹੋਵਾਹ ਯਿਰਮਿਯਾਹ ਨੂੰ ਅਖਿਆ ਸੀ ਕਿ: “ਇਹ ਥਾਂ 70 ਵਰ੍ਹੇ ਤੀਕ ਬੰਜਰ ਤੇ ਉਜਾੜ ਰਹੇਗਾ। ਇਹ ਕੰਮ ਸਬਤ ਦੇ ਆਰਾਮ ਭੋਗਣ ਵਾਸਤੇ ਹੋਵੇਗਾ। ਜਿੰਨਾ ਚਿਰ ਲੋਕ ਸਬਤਾਂ ਦਾ ਆਰਾਮ ਨਾ ਭੋਗਣ।”
22 ਫ਼ਾਰਸ ਦੇ ਪਾਤਸ਼ਾਹ ਕੋਰਸ ਦੇ ਪਹਿਲੇ ਸਾਲ ਯਹੋਵਾਹ ਦਾ ਬਚਨ ਜੋ ਯਿਰਮਿਯਾਹ ਦੇ ਮੂੰਹੋਂ ਨਿਕਲਿਆ ਸੀ ਪੂਰਾ ਹੋਵੇ, ਯਹੋਵਾਹ ਨੇ ਫਾਰਸ ਦੇ ਪਾਤਸ਼ਾਹ ਕੋਰਸ ਨੂੰ ਪਰੇਰਿਆ। ਤਾਂ ਉਸ ਨੇ ਆਪਣੇ ਸਾਰੇ ਰਾਜ ਵਿੱਚ ਇਹ ਖਬਰ ਕਰਵਾਈ ਅਤੇ ਇਸ ਵਿਸ਼ੇ ਦਾ ਹੁਕਮ ਵੀ ਲਿਖਿਆ। ਉਸ ਨੇ ਸਾਰੇ ਥਾਂ ਹਲਕਾਰੇ ਭੇਜੇ। ਉਨ੍ਹਾਂ ਇਹ ਸੰਦੇਸ਼ ਪਹੁੰਚਾਇਆ:
23 ਫ਼ਾਰਸ ਦਾ ਪਾਤਸ਼ਾਹ ਕੋਰਸ ਆਖਦਾ ਹੈ:
ਅਕਾਸ਼ ਦੇ ਯਹੋਵਾਹ ਪਰਮੇਸ਼ੁਰ ਨੇ ਮੈਨੂੰ ਧਰਤੀ ਦਾ ਪਾਤਸ਼ਾਹ ਥਾਪਿਆ ਹੈ। ਉਸ ਨੇ ਮੈਨੂੰ ਯਰੂਸ਼ਲਮ ਵਿੱਚ ਮੰਦਰ ਬਨਾਉਣ ਦੀ ਜੁੰਮੇਵਾਰੀ ਸੌਂਪੀ ਹੈ। ਸੋ ਹੁਣ ਤੁਸੀਂ ਸਾਰੇ ਜੋ ਪਰਮੇਸ਼ੁਰ ਦੇ ਲੋਕ ਹੋ, ਸਭ ਯਰੂਸ਼ਲਮ ਵਿੱਚ ਜਾਣ ਲਈ ਆਜ਼ਾਦ ਹੋ, ਅਤੇ ਯਹੋਵਾਹ ਉਸ ਦਾ ਪਰਮੇਸ਼ੁਰ ਤੁਹਾਡੇ ਨਾਲ ਹੋਵੇ।
22 ਫ਼ੇਰ ਮੈਨੂੰ ਦੂਤ ਨੇ ਜੀਵਨ ਦੇ ਜਲ ਦਾ ਦਰਿਆ ਵਿਖਾਇਆ। ਨਦੀ ਬਲੌਰ ਵਾਂਗ ਚਮਕ ਰਹੀ ਸੀ। ਇਹ ਨਦੀ ਪਰਮੇਸ਼ੁਰ ਦੇ ਅਤੇ ਲੇਲੇ ਦੇ ਤਖਤ ਤੋਂ ਵੱਗਦੀ ਸੀ। 2 ਇਹ ਸ਼ਹਿਰ ਦੀ ਗਲੀ ਦੇ ਵਿੱਚਕਾਰ ਵੱਗਦੀ ਹੈ। ਨਦੀ ਦੇ ਦੋਹਾਂ ਕੰਢਿਆਂ ਉੱਪਰ ਜੀਵਨ ਦਾ ਰੁੱਖ ਸੀ। ਜੀਵਨ ਦਾ ਰੁੱਖ ਸਾਲ ਵਿੱਚ ਬਾਰ੍ਹਾਂ ਵਾਰੀਂ ਫ਼ਲ ਦਿੰਦਾ ਹੈ। ਇਹ ਹਰ ਮਹੀਨੇ ਫ਼ਲ ਦਿੰਦਾ ਹੈ। ਰੁੱਖ ਦੇ ਪੱਤਿਆਂ ਦੀ ਵਰਤੋਂ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਚੰਗਾ ਕਰਨ ਲਈ ਕੀਤੀ ਜਾਂਦੀ ਹੈ।
3 ਪਰਮੇਸ਼ੁਰ ਲਈ ਇਸ ਸ਼ਹਿਰ ਦੇ ਲੋਕਾਂ ਨੂੰ ਕੋਸਣਾ ਹੋਰ ਵੱਧੇਰੇ ਜਰੂਰੀ ਨਹੀਂ ਹੋਵੇਗਾ। ਪਰਮੇਸ਼ੁਰ ਅਤੇ ਲੇਲੇ ਦਾ ਤਖਤ ਸ਼ਹਿਰ ਵਿੱਚ ਹੋਵੇਗਾ। ਪਰਮੇਸ਼ੁਰ ਦੇ ਸੇਵਕ ਉਸਦੀ ਉਪਾਸਨਾ ਕਰਨਗੇ। 4 ਉਹ ਉਸਦਾ ਦੀਦਾਰ ਕਰਨਗੇ। ਪਰਮੇਸ਼ੁਰ ਦਾ ਨਾਮ ਉਨ੍ਹਾਂ ਦੇ ਮੱਥਿਆਂ ਤੇ ਲਿਖਿਆ ਹੋਵੇਗਾ। 5 ਉੱਥੇ ਕਦੇ ਵੀ ਫ਼ੇਰ ਰਾਤ ਨਹੀਂ ਪਵੇਗੀ। ਲੋਕਾਂ ਨੂੰ ਕਿਸੇ ਦੀਵੇ ਦੀ ਰੌਸ਼ਨੀ ਜਾਂ ਸੂਰਜ ਦੀ ਰੌਸ਼ਨੀ ਦੀ ਲੋੜ ਨਹੀਂ ਪਵੇਗੀ। ਪ੍ਰਭੂ ਪਰਮੇਸ਼ੁਰ ਉਨ੍ਹਾਂ ਨੂੰ ਰੌਸ਼ਨੀ ਦੇਵੇਗਾ। ਅਤੇ ਉਹ ਰਾਜਿਆਂ ਵਾਂਗ ਸਦਾ ਰਾਜ ਕਰਨਗੇ।
6 ਦੂਤ ਨੇ ਮੈਨੂੰ ਆਖਿਆ, “ਇਹ ਸ਼ਬਦ ਸੱਚੇ ਹਨ ਅਤੇ ਵਿਸ਼ਵਾਸ ਕਰਨ ਯੋਗ ਹਨ। ਪ੍ਰਭੂ ਆਤਮਿਆਂ ਅਤੇ ਨਬੀਆਂ ਦਾ ਪਰਮੇਸ਼ੁਰ ਹੈ। ਪਰਮੇਸ਼ੁਰ ਨੇ ਆਪਣਾ ਦੂਤ ਆਪਣੇ ਲੋਕਾਂ ਨੂੰ ਉਹ ਘਟਨਾਵਾਂ ਦਰਸਾਉਣ ਲਈ ਭੇਜਿਆ ਹੈ ਜਿਹੜੀਆਂ ਛੇਤੀ ਹੀ ਵਾਪਰਨੀਆਂ ਚਾਹੀਦੀਆਂ ਹਨ। 7 ‘ਧਿਆਨ ਨਾਲ ਸੁਣੋ ਮੈਂ ਛੇਤੀ ਹੀ ਆ ਰਿਹਾ ਹਾਂ। ਜਿਹੜਾ ਵਿਅਕਤੀ ਇਸ ਪੁਸਤਕ ਦੇ ਸੰਦੇਸ਼ ਦੇ ਬਚਨਾਂ ਦੀ ਪਾਲਣਾ ਕਰਦਾ ਹੈ ਉਹ ਖੁਸ਼ ਹੋਵੇਗਾ।’”
8 ਮੈਂ ਯੂਹੰਨਾ ਹਾਂ। ਮੈਂ ਹੀ ਸੀ ਜਿਸਨੇ ਇਹ ਗੱਲਾਂ ਸੁਣੀਆਂ ਤੇ ਦੇਖੀਆਂ ਸਨ। ਇਹ ਗੱਲਾਂ ਸੁਨਣ ਅਤੇ ਦੇਖਣ ਤੋਂ ਬਾਅਦ, ਮੈਂ ਉਸ ਦੂਤ ਦੇ ਚਰਣਾਂ ਉੱਤੇ ਸ਼ੀਸ਼ ਨਿਵਾਇਆ ਜਿਸਨੇ ਉਸਦੀ ਉਪਾਸਨਾ ਕਰਾਉਣ ਲਈ ਮੈਨੂੰ ਇਹ ਸਭ ਗੱਲਾਂ ਦਰਸ਼ਾਈਆਂ। 9 ਪਰ ਦੂਤ ਨੇ ਮੈਨੂੰ ਆਖਿਆ, “ਮੇਰੀ ਉਪਾਸਨਾ ਨਾ ਕਰੋ। ਮੈਂ ਵੀ ਤੁਹਾਡੇ ਅਤੇ ਤੁਹਾਡੇ ਨਬੀਆਂ ਭਰਾਵਾਂ ਵਰਗਾ ਹੀ ਹਾਂ। ਮੈਂ ਵੀ ਹੋਰ ਸਾਰਿਆਂ, ਵਰਗਾ ਇੱਕ ਸੇਵਕ ਹਾਂ ਜਿਹੜੇ ਇਸ ਵਿੱਚ ਲਿਖੇ ਬਚਨਾਂ ਦਾ ਅਨੁਸਰਣ ਕਰਦੇ ਹਨ। ਤੁਹਾਨੂੰ ਪਰਮੇਸ਼ੁਰ ਦੀ ਉਪਾਸਨਾ ਕਰਨੀ ਚਾਹੀਦੀ ਹੈ।”
10 ਫ਼ਿਰ ਦੂਤ ਨੇ ਮੈਨੂੰ ਕਿਹਾ, “ਇਸ ਪੁਸਤਕ ਦੇ ਅਗੰਮ ਵਾਕ ਦੇ ਬਚਨਾਂ ਨੂੰ ਗੁਪਤ ਨਾ ਰੱਖ। ਇਨ੍ਹਾਂ ਗੱਲਾਂ ਦੇ ਵਾਪਰਨ ਦਾ ਸਮਾਂ ਬਹੁਤ ਨੇੜੇ ਹੈ। 11 ਜਿਹੜਾ ਵਿਅਕਤੀ ਬੁਰਾ ਕਰਦਾ ਹੈ, ਉਸ ਨੂੰ ਬੁਰਾ ਕਰੀ ਜਾਣ ਦਿਓ। ਜਿਹੜਾ ਵਿਅਕਤੀ ਗੰਦਾ ਹੈ, ਉਸ ਨੂੰ ਹੋਰ ਵੀ ਗੰਦਾ ਹੁੰਦਾ ਜਾਣ ਦਿਓ। ਜਿਹੜਾ ਵਿਅਕਤੀ ਓਹੀ ਕਰਦਾ ਹੈ ਜੋ ਧਰਮੀ ਹੈ, ਉਸ ਨੂੰ ਉਹੋ ਕਰੀ ਜਾਣ ਦਿਓ ਜੋ ਧਰਮੀ ਹੈ। ਜਿਹੜਾ ਪਵਿੱਤਰ ਹੈ ਉਸ ਨੂੰ ਪਵਿੱਤਰ ਬਣਿਆ ਰਹਿਣ ਦਿਓ।”
12 “ਸੁਣੋ। ਮੈਂ ਬਹੁਤ ਛੇਤੀ ਆ ਰਿਹਾ ਹਾਂ। ਮੈਂ ਆਪਣੇ ਨਾਲ ਇਨਾਮ ਲਿਆਵਾਂਗਾ। ਮੈਂ ਹਰੇਕ ਵਿਅਕਤੀ ਨੂੰ ਉਸ ਦੇ ਕੀਤੇ ਦਾ ਫ਼ਲ ਦੇਵਾਂਗਾ। 13 ਮੈਂ ਅਲਫ਼ਾ ਤੇ ਉਮੇਗਾ ਹਾਂ, ਪਹਿਲਾ ਤੇ ਆਖਰੀ, ਆਦਿ ਤੇ ਅੰਤ।
14 “ਉਹ ਲੋਕ ਜਿਨ੍ਹਾਂ ਨੇ ਆਪਣੇ ਚੋਲੇ ਧੋਤੇ ਹਨ, ਸੁਭਾਗੇ ਹੋਣਗੇ। ਉਨ੍ਹਾਂ ਨੂੰ ਜੀਵਨ ਦੇ ਰੁੱਖ ਦਾ ਫ਼ਲ ਖਾਣ ਦਾ ਇਖਤਿਆਰ ਹੋਵੇਗਾ। ਉਹ ਬੂਹਿਆਂ ਰਾਹੀਂ ਸ਼ਹਿਰ ਵਿੱਚ ਦਾਖਿਲ ਹੋਣਗੇ। 15 ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।
16 “ਮੈਂ, ਯਿਸੂ ਨੇ ਕਲੀਸਿਯਾ ਨੂੰ ਇਹ ਗੱਲਾਂ ਦੱਸਣ ਲਈ ਆਪਣੇ ਦੂਤ ਭੇਜਦਾ ਹਾਂ। ਮੈਂ ਦਾਊਦ ਦੇ ਪਰਿਵਾਰ ਦੀ ਔਲਾਦ ਹਾਂ। ਮੈਂ ਸਵੇਰ ਦਾ ਚਮਕਦਾ ਸਿਤਾਰਾ ਹਾਂ।”
17 ਆਤਮਾ ਅਤੇ ਲਾੜੀ ਆਖਦੇ ਹਨ, “ਆਓ।” ਅਤੇ ਸ੍ਰੋਤਿਆਂ ਨੂੰ ਆਖਣਾ ਚਾਹੀਦਾ, “ਆਓ।” ਜੇਕਰ ਕੋਈ ਪਿਆਸਾ ਹੈ, ਉਸ ਨੂੰ ਆਉਣ ਦਿਓ ਅਤੇ ਜੇਕਰ ਉਹ ਚਾਹੁੰਦਾ ਤਾਂ ਜੀਵਨ ਦਾ ਪਾਣੀ ਮੁਫ਼ਤ ਇੱਕ ਸੁਗਾਤ ਵਜੋਂ ਪੀਣ ਦਿਉ।
18 ਹੁਣ ਮੈਂ ਉਨ੍ਹਾਂ ਸਭ ਨੂੰ ਚਿਤਾਵਨੀ ਦਿੰਦਾ ਹਾਂ ਜਿਹੜੇ ਇਸ ਪੁਸਤਕ ਦੀ ਅਗੰਮ ਵਾਕ ਦੇ ਸ਼ਬਦਾਂ ਨੂੰ ਸੁਣਦੇ ਹਨ। ਜੇਕਰ ਕੋਈ ਇਨ੍ਹਾਂ ਸ਼ਬਦਾਂ ਵਿੱਚ ਕੁਝ ਜੋੜਦਾ ਹੈ, ਪਰਮੇਸ਼ੁਰ ਉਸ ਉੱਤੇ ਉਹ ਮੁਸੀਬਤਾਂ ਲਿਆਵੇਗਾ ਜਿਨ੍ਹਾਂ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੋਇਆ। 19 ਅਤੇ ਜੇਕਰ ਕੋਈ ਵੀ ਅਗੰਮ ਵਾਕ ਦੀ ਇਸ ਪੁਸਤਕ ਵਿੱਚੋਂ ਸ਼ਬਦਾਂ ਨੂੰ ਕੱਢਦਾ ਹੈ, ਪਰਮੇਸ਼ੁਰ ਜੀਵਨ ਦੇ ਰੁੱਖ ਵਿੱਚੋਂ ਉਸਦਾ ਹਿੱਸਾ ਅਤੇ ਪਵਿੱਤਰ ਸ਼ਹਿਰ ਵਿੱਚੋਂ ਉਸਦੀ ਥਾਂ ਲੈ ਲਵੇਗਾ। ਜਿਸ ਬਾਰੇ ਇਸ ਪੁਸਤਕ ਵਿੱਚ ਲਿਖਿਆ ਹੈ।
20 ਯਿਸੂ ਹੀ ਹੈ ਜਿਹੜਾ ਆਖਦਾ ਹੈ ਕਿ ਇਹ ਸਾਰੀਆਂ ਗੱਲਾਂ ਸੱਚ ਹਨ। ਹੁਣ ਉਹ ਆਖਦਾ ਹੈ, “ਹਾਂ, ਮੈਂ ਛੇਤੀ ਆ ਰਿਹਾ ਹਾਂ।”
ਆਮੀਨ! ਆਓ ਪ੍ਰਭੂ ਯਿਸੂ!
21 ਪ੍ਰਭੂ ਯਿਸੂ ਦੀ ਕ੍ਰਿਪਾ ਸਭਨਾਂ ਤੇ ਹੋਵੇ। ਆਮੀਨ।
4 “ਨਿਆਂ ਦਾ ਉਹ ਸਮਾਂ ਆ ਰਿਹਾ ਹੈ। ਇਹ ਭਖਦੀ ਭੱਠੀ ਵਾਂਗ ਹੋਵੇਗਾ ਜਿਸ ਵਿੱਚ ਸਾਰੇ ਹੰਕਾਰੀ ਮਨੁੱਖ ਝੋਖੇ ਜਾਣਗੇ ਇਹ ਬਦ ਲੋਕ ਕੱਖਾਂ ਵਾਂਗ ਸੜਨਗੇ। ਉਸ ਵਕਤ, ਉਹ ਅੱਗ ਵਿੱਚ ਬਲਦੀ ਝਾੜੀ ਵਾਂਗ ਹੋਣਗੇ ਜਿਸ ਵਿੱਚ ਕੋਈ ਵੀ ਤਣਾ ਜਾਂ ਜੜ ਨਾ ਬਚੇਗੀ।” ਯਹੋਵਾਹ ਸਰਬ ਸ਼ਕਤੀਮਾਨ ਨੇ ਅਜਿਹਾ ਆਖਿਆ।
2 “ਪਰ ਉਨ੍ਹਾਂ ਮਨੁੱਖਾਂ ਲਈ, ਜਿਹੜੇ ਮੇਰੇ ਨਾਂ ਦਾ ਭੈਅ ਮੰਨਦੇ ਹਨ, ਉਨ੍ਹਾਂ ਲਈ ਧਰਮ ਦਾ ਸੂਰਜ ਚਢ਼ੇਗਾ ਅਤੇ ਉਸ ਦੀਆਂ ਕਿਰਣਾਂ ਵਿੱਚ ਸ਼ਿਫ਼ਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗ ਬਾਹਰ ਨਿਕਲੋਂਗੇ ਅਤੇ ਕੁਦੋ-ਟਪੋਂਗੇ। 3 ਤੁਸੀਂ ਉਨ੍ਹਾਂ ਪਾਪੀਆਂ ਨੂੰ ਮਿਧੋਂਗੇ ਅਤੇ ਉਹ ਤੁਹਾਡੇ ਪੈਰਾਂ ਦੀਆਂ ਤਲੀਆਂ ਹੇਠਲੀ ਸੁਆਹ ਵਾਂਗ ਹੋਣਗੇ। ਇਹ ਸਭ ਮੈਂ ਨਿਆਂ ਦੇ ਸਮੇਂ ਕਰਾਂਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।
4 “ਮੂਸਾ ਦੀ ਬਿਵਸਬਾ ਨੂੰ ਯਾਦ ਰੱਖੋ, ਕਿਉਂ ਜੋ ਮੂਸਾ ਮੇਰਾ ਸੇਵਕ ਸੀ। ਉਸ ਨੂੰ ਇਹ ਬਿਵਸਬਾ ਅਤੇ ਨੇਮ ਅਤੇ ਨਿਆਂ ਹੋਰੇਬ (ਪਰਬਤ) ਤੇ ਦਿੱਤੇ ਸਨ। ਇਹ ਨਿਆਂ ਤੇ ਬਿਧੀ ਸਾਰੇ ਇਸਰਾਏਲੀਆਂ ਲਈ ਹੈ।”
5 ਯਹੋਵਾਹ ਨੇ ਆਖਿਆ, “ਵੇਖੋ! ਮੈਂ ਏਲੀਯਾਹ ਨਬੀ ਨੂੰ ਤੁਹਾਡੇ ਲਈ ਭੇਜਾਂਗਾ। ਉਹ ਯਹੋਵਾਹ ਦੇ ਮਹਾਨ ਅਤੇ ਭਿਆਨਕ ਖੌਫ਼ਨਾਕ ਨਿਆਂ ਦੇ ਸਮੇਂ ਤੋਂ ਪਹਿਲਾਂ ਤੁਹਾਡੇ ਕੋਲ ਆਵੇਗਾ। 6 ਲੀਯਾਹ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੇ ਕੋਲ ਲਿਆਉਣ ਵਿੱਚ ਮਦਦ ਕਰੇਗਾ ਅਤੇ ਬੱਚਿਆਂ ਨੂੰ ਮਾਪਿਆਂ ਦੇ ਨੇੜੇ ਲਿਆਉਣ ਵਿੱਚ। ਇਉਂ ਜ਼ਰੂਰ ਵਾਪਰੇਗਾ। ਜਾਂ ਮੈਂ (ਪਰਮੇਸ਼ੁਰ) ਧਰਤੀ ਤੇ ਉਤਰਾਂਗਾ ਅਤੇ ਤੁਹਾਡੇ ਦੇਸ ਦਾ ਸੱਤਿਆਨਾਸ ਕਰਾਂਗਾ।”
ਯਿਸੂ ਦਾ ਸੱਤ ਚੇਲਿਆਂ ਨੂੰ ਪ੍ਰਗਟ ਹੋਣਾ
21 ਬਾਅਦ ਵਿੱਚ ਯਿਸੂ ਨੇ ਆਪਣੇ-ਆਪ ਨੂੰ ਚੇਲਿਆਂ ਅੱਗੇ ਦਰਸ਼ਾਇਆ। ਇਹ ਤਿਬਿਰਿਯਾਸ ਦੀ ਝੀਲ ਤੇ ਵਾਪਰਿਆ। 2 ਕੁਝ ਚੇਲੇ ਉੱਥੇ ਇੱਕਤਰ ਹੋਏ ਸਨ। ਉਹ ਸ਼ਮਊਨ ਪਤਰਸ, ਥੋਮਾ, ਜਿਹੜਾ ਕਿ ਦਦਿਮੁਸ ਕਹਾਉਂਦਾ ਹੈ, ਨੱਥਾਨਿਏਲ ਜੋ ਗਲੀਲ ਦੇ ਕਾਨਾ ਤੋਂ ਸੀ, ਜ਼ਬਦੀ ਦੇ ਪੁੱਤਰ ਅਤੇ ਉਸ ਦੇ ਚੇਲਿਆਂ ਵਿੱਚੋਂ ਦੋ ਹੋਰ ਸਨ। 3 ਸ਼ਮਊਨ ਪਤਰਸ ਨੇ ਕਿਹਾ, “ਮੈਂ ਮੱਛੀਆਂ ਫ਼ੜਨ ਜਾਂਦਾ ਹਾਂ।”
ਦੂਜੇ ਬਾਕੀ ਚੇਲਿਆਂ ਨੇ ਕਿਹਾ, “ਅਸੀਂ ਵੀ ਤੇਰੇ ਨਾਲ ਚੱਲਦੇ ਹਾਂ।” ਤਾਂ ਸਾਰੇ ਚੇਲੇ ਗਏ ਅਤੇ ਬੇੜੀ ਵਿੱਚ ਚੜ੍ਹ੍ਹ ਗਏ। ਉਨ੍ਹਾਂ ਉਸ ਰਾਤ ਮੱਛੀਆਂ ਫ਼ੜਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਕੋਈ ਮੱਛੀ ਨਾ ਫ਼ੜ ਸੱਕੇ।
4 ਅਗਲੀ ਸਵੇਰ ਯਿਸੂ ਕਿਨਾਰੇ ਤੇ ਖਲੋਤਾ ਸੀ ਪਰ ਚੇਲਿਆਂ ਨੂੰ ਨਹੀਂ ਪਤਾ ਸੀ ਕਿ ਉਹ ਯਿਸੂ ਸੀ। 5 ਤਦ ਯਿਸੂ ਨੇ ਚੇਲਿਆਂ ਨੂੰ ਕਿਹਾ, “ਮਿੱਤਰੋ ਕੀ ਤੁਸੀਂ ਮੱਛੀਆਂ ਫ਼ੜੀਆਂ?”
ਚੇਲਿਆਂ ਨੇ ਆਖਿਆ, “ਨਹੀਂ।”
6 ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਆਪਣਾ ਜਾਲ ਬੇੜੀ ਦੇ ਸੱਜੇ ਪਾਸੇ ਪਾਣੀ ਵਿੱਚ ਸੁੱਟੋ ਉੱਥੇ ਤੁਹਾਨੂੰ ਕੁਝ ਮੱਛੀਆਂ ਮਿਲਣਗੀਆਂ ਤਾਂ ਚੇਲਿਆਂ ਨੇ ਇੰਝ ਹੀ ਕੀਤਾ। ਉਨ੍ਹਾਂ ਨੂੰ ਉੱਥੇ ਮੱਛੀਆਂ ਮਿਲੀਆਂ। ਜਿਵੇਂ ਕਿ ਜਾਲ ਬਹੁਤ ਭਾਰਾ ਹੋ ਗਿਆ ਹੋਵੇ ਤੇ ਉਹ ਇਸ ਨੂੰ ਬੇੜੀ ਵੱਲ ਖਿੱਚਣ ਦੇ ਅਯੋਗ ਸਨ।
7 ਉਹ ਚੇਲਾ ਜਿਸ ਨੂੰ ਯਿਸੂ ਨੇ ਪਿਆਰ ਕੀਤਾ ਉਸ ਨੇ ਪਤਰਸ ਨੂੰ ਕਿਹਾ, “ਉਹ ਪ੍ਰਭੂ ਹੈ।” ਜਦ ਪਤਰਸ ਨੇ ਉਸ ਨੂੰ ਇਹ ਕਹਿੰਦਿਆਂ ਸੁਣਿਆ, “ਉਹ ਪ੍ਰਭੂ ਹੈ।” ਉਸ ਨੇ ਆਪਣਾ ਕੱਪੜਾ ਆਪਣੇ ਆਲੇ-ਦੁਆਲੇ ਲਪੇਟ ਲਿਆ ਅਤੇ ਪਾਣੀ ਵਿੱਚ ਛਾਲ ਮਾਰ ਗਿਆ (ਇਸਤੋਂ ਪਹਿਲਾਂ ਮੱਛੀਆਂ ਫ਼ੜਦੇ ਹੋਏ ਉਸ ਨੇ ਆਪਣੇ ਕੱਪੜੇ ਲਾਹੇ ਹੋਏ ਸਨ।) 8 ਦੂਜੇ ਚੇਲੇ ਬੇੜੀ ਵਿੱਚ ਨਦੀ ਦੇ ਕੰਢੇ ਵੱਲ ਨੂੰ ਚੱਲੇ ਗਏ ਅਤੇ ਮੱਛੀਆਂ ਦਾ ਭਰਿਆ ਹੋਇਆ ਜਾਲ ਖਿੱਚਣ ਲੱਗੇ। ਉਹ ਕਿਨਾਰੇ ਤੋਂ ਕੋਈ ਸੌ ਕੁ ਗਜ ਦੀ ਦੂਰੀ ਤੇ ਹੀ ਸਨ। 9 ਜਦੋਂ ਚੇਲੇ ਪਾਣੀ ਵਿੱਚੋਂ ਬਾਹਰ ਆਏ ਅਤੇ ਜ਼ਮੀਨ ਤੇ ਪਹੁੰਚੇ, ਉੱਥੇ ਉਨ੍ਹਾਂ ਨੇ ਅੱਗ ਵੇਖੀ। ਇਸ ਉੱਤੇ ਇੱਕ ਮੱਛੀ ਅਤੇ ਰੋਟੀ ਪਈ ਸੀ। 10 ਯਿਸੂ ਨੇ ਆਖਿਆ ਉਹ “ਮੱਛੀ ਲਿਆਓ ਜਿਹੜੀ ਤੁਸੀਂ ਹੁਣੇ ਫ਼ੜੀ ਹੈ।”
11 ਸ਼ਮਊਨ ਪਤਰਸ ਬੇੜੀ ਵਿੱਚ ਗਿਆ ਅਤੇ ਜਾਲ ਨੂੰ ਕਿਨਾਰੇ ਤੇ ਖਿੱਚ ਲਿਆਇਆ। ਇਹ, ਇੱਕ ਸੌ ਤਰਵਿੰਜਾ ਵੱਡੀਆਂ ਮੱਛੀਆਂ ਨਾਲ ਭਰਿਆ ਹੋਇਆ ਸੀ ਭਾਵੇਂ ਮੱਛੀਆਂ ਬੜੀਆਂ ਭਾਰੀਆਂ ਸਨ ਪਰ ਜਾਲ ਤਾਂ ਵੀ ਨਾ ਟੁੱਟਿਆ। 12 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਆਓ ਤੇ ਆਕੇ ਖਾਵੋ।” ਕਿਸੇ ਚੇਲੇ ਵਿੱਚ ਉਸ ਨੂੰ ਇਹ ਪੁੱਛਣ ਦਾ ਹੌਂਸਲਾ ਨਹੀਂ ਸੀ, “ਤੂੰ ਕੌਣ ਹੈਂ?” ਉਹ ਜਾਣਦੇ ਸਨ ਕਿ ਇਹ ਪ੍ਰਭੂ ਹੀ ਸੀ। 13 ਯਿਸੂ ਆਇਆ, ਰੋਟੀ ਲਈ ਅਤੇ ਉਨ੍ਹਾਂ ਨੂੰ ਦੇ ਦਿੱਤੀ। ਇੰਝ ਹੀ ਮੱਛੀ ਵੀ ਲਈ ਅਤੇ ਉਨ੍ਹਾਂ ਨੂੰ ਦਿੱਤੀ।
14 ਮੁਰਦਿਆਂ ਵਿੱਚੋਂ ਜੀ ਉੱਠਣ ਤੋਂ ਬਾਅਦ ਇਹ ਤੀਜੀ ਵਾਰ ਸੀ ਕਿ ਯਿਸੂ ਚੇਲਿਆਂ ਨੂੰ ਪ੍ਰਗਟ ਹੋਇਆ ਸੀ।
ਯਿਸੂ ਦਾ ਪਤਰਸ ਨਾਲ ਗੱਲ ਕਰਨਾ
15 ਉਨ੍ਹਾਂ ਦੇ ਖਾ ਹਟਣ ਤੋਂ ਬਾਅਦ, ਯਿਸੂ ਨੇ ਸ਼ਮਊਨ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਜਿੰਨਾ ਪਿਆਰ ਇਹ ਲੋਕ ਮੈਨੂੰ ਕਰਦੇ ਹਨ ਤੂੰ ਮੈਨੂੰ ਇਨ੍ਹਾਂ ਲੋਕਾਂ ਨਾਲੋਂ ਵੱਧ ਪਿਆਰ ਕਰਦਾ ਹੈਂ?”
ਪਤਰਸ ਨੇ ਕਿਹਾ, “ਹਾਂ ਪ੍ਰਭੂ ਜੀ, ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”
ਤਦ ਯਿਸੂ ਨੇ ਪਤਰਸ ਨੂੰ ਕਿਹਾ, “ਮੇਰੇ ਲੇਲੇ [a] ਚਾਰ।”
16 ਯਿਸੂ ਨੇ ਫ਼ੇਰ ਪਤਰਸ ਨੂੰ ਆਖਿਆ, “ਹੇ ਸ਼ਮਊਨ ਯੂਹੰਨਾ ਦੇ ਪੁੱਤਰ ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”
ਪਤਰਸ ਨੇ ਕਿਹਾ, “ਹਾਂ ਪ੍ਰਭੂ ਤੂੰ ਜਾਣਦਾ ਹੈਂ ਕਿ ਮੈਂ ਤੈਨੂੰ ਪਿਆਰ ਕਰਦਾ ਹਾਂ।”
ਤਦ ਯਿਸੂ ਨੇ ਪਤਰਸ ਨੂੰ ਆਖਿਆ, “ਮੇਰਿਆਂ ਭੇਡਾਂ ਦੀ ਰੱਖਿਆ ਕਰ।”
17 ਤੀਜੀ ਵਾਰ ਯਿਸੂ ਨੇ ਫ਼ਿਰ ਪਤਰਸ ਨੂੰ ਆਖਿਆ, “ਸ਼ਮਊਨ, ਯੂਹੰਨਾ ਦੇ ਪੁੱਤਰ, ਕੀ ਤੂੰ ਮੈਨੂੰ ਪਿਆਰ ਕਰਦਾ ਹੈਂ?”
ਪਤਰਸ ਉਦਾਸ ਹੋ ਗਿਆ ਇਸ ਲਈ ਕਿ ਯਿਸੂ ਨੇ ਤੀਜੀ ਵਾਰ ਉਸ ਨੂੰ ਪੁੱਛਿਆ ਕਿ, “ਕੀ ਤੂੰ ਮੇਰੇ ਨਾਲ ਪਿਆਰ ਕਰਦਾ ਹੈਂ।” ਪਤਰਸ ਨੇ ਕਿਹਾ, “ਪ੍ਰਭੂ ਤੂੰ ਸਭ ਕੁਝ ਜਾਣਦਾ ਹੈ ਕਿ ਮੈਂ ਤੇਰੇ ਨਾਲ ਪਿਆਰ ਕਰਦਾ ਹਾਂ।”
ਯਿਸੂ ਨੇ ਪਤਰਸ ਨੂੰ ਕਿਹਾ, “ਮੇਰੀਆਂ ਭੇਡਾਂ [b] ਚਾਰ। 18 ਮੈਂ ਤੈਨੂੰ ਸੱਚ ਆਖਦਾ ਜਦੋਂ ਤੂੰ ਜਵਾਨ ਸੀ ਤੂੰ ਲੱਕ ਦੁਆਲੇ ਪੇਟੀ ਬੰਨ੍ਹ ਕੇ ਜਿੱਥੇ ਤੇਰਾ ਜੀਅ ਕਰਦਾ ਤੂੰ ਤੁਰ ਜਾਂਦਾ ਸੀ, ਪਰ ਜਦ ਤੂੰ ਬੁੱਢਾ ਹੋਵੇਂਗਾ ਤੂੰ ਆਪਣੇ ਹੱਥ ਬਾਹਰ ਫ਼ੈਲਾਵੇਂਗਾ ਅਤੇ ਕੋਈ ਹੋਰ ਵਿਅਕਤੀ ਤੇਰੇ ਲੱਕ ਦੁਆਲੇ ਕਮਰਕਸ ਬੰਨ੍ਹੇਗਾ ਅਤੇ ਜਿੱਥੇ ਤੇਰਾ ਜੀਅ ਨਹੀਂ ਕਰੇਗਾ ਜਾਣ ਨੂੰ ਉਹ ਤੈਨੂੰ ਉੱਥੇ ਲੈ ਜਾਵੇਗਾ।” 19 (ਯਿਸੂ ਨੇ ਉਸ ਨੂੰ ਇਹ ਸੂਚਿਤ ਕਰਨ ਲਈ ਕਿਹਾ ਕਿ ਪਰਮੇਸ਼ੁਰ ਨੂੰ ਮਹਿਮਾਮਈ ਕਰਨ ਲਈ ਕਿਸ ਤਰ੍ਹਾਂ ਦੀ ਮੌਤ ਮਰੇਗਾ।) ਅਤੇ ਇਹ ਕਹਿ ਕੇ ਉਸ ਨੇ ਆਖਿਆ, “ਮੇਰਾ ਅਨੁਸਰਣ ਕਰ।”
20 ਪਤਰਸ ਆਸੇ-ਪਾਸੇ ਮੁੜਿਆ ਅਤੇ ਵੇਖਿਆ ਕਿ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ ਸੀ ਉਹ ਚੇਲਾ ਪਿੱਛੇ ਆ ਰਿਹਾ ਸੀ। (ਇਹ ਉਹ ਚੇਲਾ ਸੀ ਜਿਹੜਾ ਉਸ ਰਾਤ ਦੇ ਖਾਨੇ ਵੇਲੇ ਯਿਸੂ ਵੱਲ ਝੁਕਿਆ ਸੀ ਤੇ ਆਖਿਆ ਸੀ “ਪ੍ਰਭੂ, ਤੈਨੂੰ ਦੁਸ਼ਮਨਾਂ ਹੱਥੀਂ ਕੌਣ ਫ਼ੜਵਾਏਗਾ?”) 21 ਜਦੋਂ ਪਤਰਸ ਨੇ ਉਸ ਚੇਲੇ ਨੂੰ ਆਪਣੇ ਪਿੱਛੋਂ ਆਉਂਦਿਆਂ ਪਾਇਆ ਤਾਂ ਉਸ ਨੇ ਯਿਸੂ ਨੂੰ ਪੁੱਛਿਆ, “ਪ੍ਰਭੂ ਜੀ ਇਸਦੇ ਬਾਰੇ ਤੁਹਾਡਾ ਕੀ ਖਿਆਲ ਹੈ? ਇਸ ਨਾਲ ਕੀ ਬੀਤੇਗੀ?”
22 ਯਿਸੂ ਨੇ ਉੱਤਰ ਦਿੱਤਾ, “ਜੇ ਮੈਂ ਚਾਵ੍ਹਾਂ ਕਿ ਮੇਰੇ ਆਉਣ ਤੱਕ ਉਹ ਜੀਵੇ, ਤਾਂ ਤੈਨੂੰ ਕੀ? ਤੂੰ ਮੇਰੇ ਪਿੱਛੇ ਹੋ ਤੁਰ।”
23 ਤਾਂ ਇਹ ਕਹਾਣੀ ਚੇਲਿਆਂ ਵਿੱਚ ਫ਼ੈਲ ਗਈ। ਉਹ ਆਖ ਰਹੇ ਸਨ ਕਿ ਇਹ ਚੇਲਾ ਜਿਸ ਨੂੰ ਯਿਸੂ ਨੇ ਬਹੁਤ ਪਿਆਰ ਕੀਤਾ, ਨਹੀਂ ਮਰੇਗਾ। ਪਰ ਯਿਸੂ ਨੇ ਇਹ ਨਹੀਂ ਆਖਿਆ ਸੀ ਕਿ ਉਹ ਨਹੀਂ ਮਰੇਗਾ। ਸਗੋਂ ਅਸਲ ਵਿੱਚ ਆਖਿਆ ਸੀ, “ਜੇ ਮੈਂ ਚਾਵ੍ਹਾਂ ਮੇਰੇ ਆਉਣ ਤੱਕ ਜ਼ਰੂਰ ਜੀਵੇ ਤਾਂ ਤੁਹਾਨੂੰ ਕੀ?”
24 ਇਹ ਉਹ ਚੇਲਾ ਹੈ ਜਿਸਨੇ ਇਨ੍ਹਾਂ ਗੱਲਾਂ ਦੀ ਗਵਾਹੀ ਦਿੱਤੀ ਹੈ। ਅਤੇ ਜਿਸਨੇ ਇਹ ਗੱਲਾਂ ਲਿੱਖੀਆਂ ਅਤੇ ਅਸੀਂ ਜਾਣਦੇ ਹਾਂ ਕਿ ਉਸਦੀ ਪ੍ਰਮਾਣਕਤਾ ਸੱਚੀ ਹੈ।
25 ਯਿਸੂ ਨੇ ਹੋਰ ਵੀ ਬਹੁਤ ਗੱਲਾਂ ਕੀਤੀਆਂ। ਜੇ ਉਹ ਸਾਰੀਆਂ ਇੱਕ-ਇੱਕ ਕਰਕੇ ਲਿਖੀਆਂ ਜਾਂਦੀਆਂ ਤਾਂ ਮੈਂ ਸਮਝਦਾ ਹਾਂ ਕਿ ਸਾਰੀਆਂ ਪੁਸਤਕਾਂ ਲਿਖੇ ਜਾਣ ਲਈ ਸ਼ਾਇਦ ਸਾਰੀ ਦੁਨੀਆਂ ਵੀ ਕਾਫ਼ੀ ਨਾ ਹੁੰਦੀ।
2010 by World Bible Translation Center