M’Cheyne Bible Reading Plan
ਪਰਾਸਚਿਤ ਦਾ ਦਿਨ
16 ਹਾਰੂਨ ਦੇ ਦੋ ਪੁੱਤਰ ਉਦੋਂ ਮਾਰੇ ਗਏ ਜਦੋਂ ਉਹ ਯਹੋਵਾਹ ਦੇ ਨੇੜੇ ਆਏ। [a] ਉਸਤੋਂ ਬਾਦ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। 2 ਅਤੇ ਆਖਿਆ, “ਆਪਣੇ ਭਰਾ ਹਾਰੂਨ ਨੂੰ ਆਖ ਕਿ ਜਦੋਂ ਉਹ ਚਾਹੇ ਅੱਤ ਪਵਿੱਤਰ ਸਥਾਨ ਵਿੱਚ ਪਰਦੇ ਦੇ ਪਿੱਛੇ ਪਵਿੱਤਰ ਸੰਦੂਕ ਦੇ ਸਾਹਮਣੇ ਨਾ ਜਾਵੇ, ਨਹੀਂ ਤਾਂ ਉਹ ਮਾਰਿਆ ਜਾਵੇਗਾ। ਪਵਿੱਤਰ ਸੰਦੂਕ ਉਸ ਕਮਰੇ ਵਿੱਚ ਉਸ ਪਰਦੇ ਦੇ ਪਿੱਛੇ ਹੈ ਅਤੇ ਇਸ ਉੱਤੇ ਇੱਕ ਖਾਸ ਕੱਜਣ ਪਾਇਆ ਹੋਇਆ ਹੈ। ਜੇਕਰ ਹਾਰੂਨ ਉਸ ਕਮਰੇ ਅੰਦਰ ਜਾਵੇਗਾ, ਉਹ ਮਰ ਜਾਵੇਗਾ। ਕਿਉਂਕਿ ਮੈਂ ਉਸ ਖਾਸ ਕੱਜਣ ਉੱਤੇ ਇੱਕ ਬੱਦਲ ਵਿੱਚ ਪ੍ਰਗਟ ਹੁੰਦਾ ਹਾਂ।
3 “ਇਹ ਤਰੀਕਾ ਜਿਸ ਤਰ੍ਹਾਂ ਹਾਰੂਨ ਅੱਤ ਪਵਿੱਤਰ ਸਥਾਨ ਵਿੱਚ ਦਾਖਲ ਹੋ ਸੱਕਦਾ; ਉਸ ਨੂੰ ਇੱਕ ਬਲਦ ਪਾਪ ਦੀ ਭੇਟ ਵਜੋਂ ਅਤੇ ਇੱਕ ਭੇਡੂ ਹੋਮ ਦੀ ਭੇਟ ਵਜੋਂ ਚੜ੍ਹਾਉਣਾ ਚਾਹੀਦਾ ਹੈ। 4 ਹਾਰੂਨ ਨੂੰ ਆਪਣੇ-ਆਪ ਨੂੰ ਪਾਣੀ ਨਾਲ ਧੋਣਾ ਚਾਹੀਦਾ ਹੈ। ਫ਼ੇਰ ਉਸ ਨੂੰ ਇਹ ਕੱਪੜੇ ਪਹਿਨਣੇ ਚਾਹੀਦੇ ਹਨ; ਉਸ ਨੂੰ ਲਿਨਨ ਦੀ ਪਵਿੱਤਰ ਕਮੀਜ਼ ਪਹਿਨਣੀ ਚਾਹੀਦੀ ਹੈ। ਉਸ ਦੇ ਤਨ ਉੱਤੇ ਲਿਨਨ ਦੇ ਅੰਦਰਲੇ ਵਸਤਰ ਪਹਿਲਾਂ ਹੋਣਗੇ। ਉਸ ਨੂੰ ਆਪਣੇ ਲੱਕ ਦੁਆਲੇ ਲਿਨਨ ਦੀ ਪੇਟੀ ਬੰਨ੍ਹਣੀ ਚਾਹੀਦੀ ਹੈ ਅਤੇ ਲਿਨਨ ਦੀ ਪਗੜੀ ਬੰਨ੍ਹਣੀ ਚਾਹੀਦੀ ਹੈ। ਇਹ ਪਵਿੱਤਰ ਕੱਪੜੇ ਹਨ।
5 “ਹਾਰੂਨ ਨੂੰ ਇਸਰਾਏਲ ਦੇ ਲੋਕਾਂ ਕੋਲੋਂ ਦੋ ਬੱਕਰੇ ਪਾਪ ਦੀ ਭੇਟ ਲਈ ਅਤੇ ਇੱਕ ਭੇਡੂ ਹੋਮ ਦੀ ਭੇਟ ਲਈ ਲੈਣਾ ਚਾਹੀਦਾ ਹੈ। 6 ਹਾਰੂਨ ਨੂੰ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਚੜ੍ਹਾਉਣਾ ਚਾਹੀਦਾ ਹੈ। ਹਾਰੂਨ ਨੂੰ ਆਪਣੇ-ਆਪ ਲਈ ਅਤੇ ਆਪਣੇ ਪਰਿਵਾਰ ਖਾਤਰ ਪਰਾਸਚਿਤ ਕਰਨ ਲਈ ਅਜਿਹਾ ਕਰਨਾ ਚਾਹੀਦਾ ਹੈ।
7 “ਫ਼ੇਰ ਹਾਰੂਨ ਨੂੰ ਦੋ ਬੱਕਰੇ ਲੈਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਕੇ ਯਹੋਵਾਹ ਦੇ ਸਾਹਮਣੇ ਪੇਸ਼ ਕਰਨਾ ਚਾਹੀਦਾ ਹੈ। 8 ਹਾਰੂਨ ਦੋਹਾਂ ਬਕਰਿਆਂ ਲਈ ਪਰਚੀਆਂ ਪਾਵੇਗਾ। ਇੱਕ ਪਰਚੀ ਯਹੋਵਾਹ ਲਈ ਹੋਵੇਗੀ ਅਤੇ ਦੂਸਰੀ ਅਜ਼ਾਜ਼ੇਲ ਲਈ ਹੋਵੇਗੀ।
9 “ਫ਼ੇਰ ਹਾਰੂਨ ਯਹੋਵਾਹ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਭੇਟ ਕਰੇਗਾ। ਹਾਰੂਨ ਨੂੰ ਇਹ ਭੇਟ ਪਾਪ ਦੀ ਭੇਟ ਲਈ ਦੇਣੀ ਚਾਹੀਦੀ ਹੈ। 10 ਪਰ ਅਜ਼ਾਜ਼ੇਲ ਲਈ ਪਾਈ ਪਰਚੀ ਨਾਲ ਚੁਣੇ ਹੋਏ ਬੱਕਰੇ ਨੂੰ ਯਹੋਵਾਹ ਦੇ ਸਾਹਮਣੇ ਜਿਉਂਦਿਆਂ ਲਿਆਂਦਾ ਜਾਵੇ। ਫ਼ੇਰ ਇਹ ਬੱਕਰਾ ਅਜ਼ਾਜ਼ੇਲ ਲਈ ਮਾਰੂਥਲ ਵਿੱਚ ਭੇਜ ਦਿੱਤਾ ਜਾਵੇਗਾ। ਇਹਲੋਕਾਂ ਖਾਤਰ ਪਰਾਸਚਿਤ ਕਰਨ ਲਈ ਹੈ।
11 “ਫ਼ੇਰ ਹਾਰੂਨ ਆਪਣੇ ਲਈ ਪਾਪ ਦੀ ਭੇਟ ਵਜੋਂ ਇੱਕ ਬਲਦ ਭੇਟ ਕਰੇਗਾ। ਹਾਰੂਨ ਨੂੰ ਆਪਣੇ-ਆਪ ਨੂੰ ਅਤੇ ਆਪਣੇ ਪਰਿਵਾਰ ਨੂੰ ਸ਼ੁੱਧ ਬਨਾਉਣ ਲਈ ਅਜਿਹਾ ਕਰਨਾ ਚਾਹੀਦਾ। 12 ਫ਼ੇਰ ਉਸ ਨੂੰ ਯਹੋਵਾਹ ਦੇ ਸਾਹਮਣੇ ਜਗਵੇਦੀ ਤੋਂ ਅੱਗ ਦੇ ਕੋਲਿਆਂ ਦਾ ਇੱਕ ਕੜਛਾ ਲੈਣਾ ਚਾਹੀਦਾ ਹੈ। ਹਾਰੂਨ ਪੀਸੀ ਹੋਈ ਸੁਗੰਧਤ ਧੂਫ਼ ਦੀਆਂ ਦੋ ਮਠੀਆਂ ਲਵੇਗਾ। ਹਾਰੂਨ ਇਸ ਧੂਫ਼ ਨੂੰ ਕਮਰੇ ਵਿੱਚ ਪਰਦੇ ਦੇ ਪਿੱਛੇ ਲੈ ਕੇ ਆਵੇਗਾ। 13 ਹਾਰੂਨ ਧੂਫ਼ ਨੂੰ ਯਹੋਵਾਹ ਦੇ ਸਾਹਮਣੇ ਅੱਗ ਉੱਤੇ ਪਾਵੇਗਾ। ਫ਼ੇਰ ਧੂਫ਼ ਦਾ ਬੱਦਲ ਇਕਰਾਰਨਾਮੇ ਦੇ ਉੱਪਰ ਕੱਜਣ ਉਪਰ ਫ਼ੈਲ ਜਾਵੇਗਾ। ਇਸ ਤਰ੍ਹਾਂ ਹਾਰੂਨ ਮਰੇਗਾ ਨਹੀਂ। 14 ਹਾਰੂਨ ਬਲਦ ਦਾ ਕੁਝ ਖੂਨ ਲਵੇਗਾ ਅਤੇ ਇਸ ਨੂੰ ਖਾਸ ਕੱਜਣ ਦੇ ਪੂਰਬ ਵੱਲ ਛਿੜਕੇਗਾ। ਫ਼ੇਰ ਉਹ ਇਸ ਖੂਨ ਨੂੰ ਆਪਣੀ ਉਂਗਲੀ ਨਾਲ ਖਾਸ ਕੱਜਣ ਦੇ ਸਾਹਮਣੇ ਸੱਤ ਵਾਰੀ ਛਿੜਕੇਗਾ।
15 “ਫ਼ੇਰ ਹਾਰੂਨ ਨੂੰ ਲੋਕਾਂ ਲਈ ਪਾਪ ਚੜ੍ਹਾਵੇ ਵਜੋਂ ਇੱਕ ਬੱਕਰੇ ਨੂੰ ਮਾਰਨਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦਾ ਖੂਨ ਪਰਦੇ ਦੇ ਪਿੱਛਲੇ ਕਮਰੇ ਵਿੱਚ ਲਿਆਉਣਾ ਚਾਹੀਦਾ ਹੈ। ਉਸ ਨੂੰ ਇਸ ਬੱਕਰੇ ਦੇ ਖੂਨ ਨਾਲ ਵੀ ਉਸੇ ਤਰ੍ਹਾਂ ਕਰਨਾ ਚਾਹੀਦਾ ਹੈ ਜਿਵੇਂ ਉਸ ਨੇ ਬਲਦ ਦੇ ਖੂਨ ਨਾਲ ਕੀਤਾ ਸੀ। ਉਸ ਨੂੰ ਖੂਨ ਖਾਸ ਕੱਜਣ ਉੱਤੇ ਅਤੇ ਇਸਦੇ ਸਾਹਮਣੇ ਛਿੜਕਣਾ ਚਾਹੀਦਾ ਹੈ। 16 ਇਸ ਤਰ੍ਹਾਂ ਹਾਰੂਨ ਨਾਪਾਕਤਾ, ਜੁਰਮਾਂ ਅਤੇ ਇਸਰਾਏਲ ਦੇ ਲੋਕਾਂ ਦੇ ਪਾਪਾਂ ਦੇ ਕਾਰਣ ਅੱਤ ਪਵਿੱਤਰ ਸਥਾਨ ਖਾਤਰ ਪਰਾਸਚਿਤ ਕਰਨ ਲਈ ਇਹ ਗੱਲਾਂ ਕਰੇਗਾ। ਹਾਰੂਨ ਨੂੰ ਇਹ ਗੱਲਾਂ ਮੰਡਲੀ ਵਾਲੇ ਤੰਬੂ ਲਈ ਕਰਨੀਆਂ ਚਾਹੀਦੀਆਂ ਹਨ ਕਿਉਂਕਿ ਇਹ ਪਲੀਤ ਲੋਕਾਂ ਦੇ ਵਿੱਚਕਾਰ ਗਡਿਆ ਹੋਇਆ ਹੈ।
17 “ਉਸ ਸਮੇਂ ਜਦੋਂ ਹਾਰੂਨ ਪਰਾਸਚਿਤ ਕਰਨ ਲਈ ਅੱਤ ਪਵਿੱਤਰ ਸਥਾਨ ਅੰਦਰ ਦਾਖਲ ਹੋਵੇ ਤਾਂ ਮੰਡਲੀ ਦੇ ਤੰਬੂ ਵਿੱਚ ਕੋਈ ਨਾ ਹੋਵੇ, ਉਸ ਦੇ ਬਾਹਰ ਆਉਣ ਤੀਕ, ਕਿਸੇ ਨੂੰ ਅੰਦਰ ਨਹੀਂ ਜਾਣਾ ਚਾਹੀਦਾ। ਇਸ ਤਰ੍ਹਾਂ ਹਾਰੂਨ ਆਪਣੇ-ਆਪ ਆਪਣੇ ਪਰਿਵਾਰ ਅਤੇ ਇਸਰਾਏਲ ਦੇ ਸਾਰੇ ਲੋਕਾਂ ਲਈ ਪਰਾਸਚਿਤ ਕਰੇਗਾ। 18 ਫ਼ੇਰ ਹਾਰੂਨ ਯਹੋਵਾਹ ਦੇ ਸਾਹਮਣੇ ਜਗਵੇਦੀ ਕੋਲ ਜਾਵੇਗਾ। ਹਾਰੂਨ ਜਗਵੇਦੀ ਨੂੰ ਸ਼ੁੱਧ ਬਣਾਵੇਗਾ। ਹਾਰੂਨ ਬਲਦ ਦਾ ਕੁਝ ਖੂਨ ਅਤੇ ਬੱਕਰੇ ਦਾ ਕੁਝ ਖੂਨ ਲਵੇਗਾ ਅਤੇ ਇਸ ਨੂੰ ਜਗਵੇਦੀ ਦੇ ਕੋਨਿਆਂ ਉੱਤੇ ਸਾਰੇ ਪਾਸੇ ਲਾ ਦੇਵੇਗਾ। 19 ਫ਼ੇਰ ਹਾਰੂਨ ਆਪਣੀ ਉਂਗਲੀ ਨਾਲ ਖੂਨ ਨੂੰ ਜਗਵੇਦੀ ਜਗਵੇਦੀ ਉੱਤੇ ਸੱਤ ਵਾਰੀ ਛਿੜਕੇਗਾ। ਇਸ ਤਰ੍ਹਾਂ ਹਰੂਨ ਜਗਵੇਦੀ ਨੂੰ ਇਸਰਾਏਲ ਦੇ ਲੋਕਾਂ ਦੀ ਸਾਰੀ ਨਾਪਾਕਤਾ ਤੋਂ ਪਵਿੱਤਰ ਬਣਾ ਦੇਵੇਗਾ।
20 “ਜਦੋਂ ਉਸ ਨੇ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਲਈ ਪਰਾਸਚਿਤ ਕਰ ਲਿਆ ਹੋਵੇ, ਉਹ ਜਿਉਂਦੇ ਬੱਕਰੇ ਨੂੰ ਯਹੋਵਾਹ ਕੋਲ ਲੈ ਕੇ ਆਵੇਗਾ। 21 ਹਾਰੂਨ ਆਪਣੇ ਦੋਵੇਂ ਹੱਥ ਜਿਉਂਦੇ ਬੱਕਰੇ ਦੇ ਸਿਰ ਤੇ ਰੱਖੇਗਾ। ਫ਼ੇਰ ਉਹ ਬੱਕਰੇ ਉੱਪਰ ਇਸਰਾਏਲ ਦੇ ਲੋਕਾਂ ਦੇ ਪਾਪਾਂ ਅਤੇ ਜ਼ੁਰਮਾਂ ਨੂੰ ਕਬੂਲ ਕਰੇਗਾ। ਇਸ ਤਰ੍ਹਾਂ ਹਾਰੂਨ ਲੋਕਾਂ ਦੇ ਪਾਪ ਬੱਕਰੇ ਦੇ ਸਿਰ ਤੇ ਧਰ ਦੇਵੇਗਾ। ਫ਼ੇਰ ਉਹ ਬੱਕਰੇ ਨੂੰ ਮਾਰੂਥਲ ਵਿੱਚ ਭੇਜ ਦੇਵੇਗਾ। ਇੱਕ ਆਦਮੀ ਇਸ ਬੱਕਰੇ ਦੀ ਦੂਰ ਤੱਕ ਅਗਵਾਈ ਕਰਨ ਲਈ ਤਿਆਰ ਖੜ੍ਹਾ ਹੋਵੇਗਾ। 22 ਇਸ ਤਰ੍ਹਾਂ ਬੱਕਰਾ ਆਪਣੇ ਉੱਪਰ ਸਾਰੇ ਲੋਕਾਂ ਦੇ ਪਾਪ ਖਾਲੀ ਮਾਰੂਥਲ ਵੱਲ ਲੈ ਜਾਵੇਗਾ। ਜਿਹੜਾ ਬੰਦਾ ਬੱਕਰੇ ਨੂੰ ਲੈ ਕੇ ਜਾਵੇਗਾ ਉਹ ਇਸ ਨੂੰ ਮਾਰੂਥਲ ਵਿੱਚ ਖੁਲ੍ਹਾ ਛੱਡ ਆਵੇਗਾ।
23 “ਫ਼ੇਰ ਹਾਰੂਨ ਮੰਡਲੀ ਵਾਲੇ ਤੰਬੂ ਵਿੱਚ ਦਾਖਲ ਹੋਵੇਗਾ। ਉਹ ਲਿਨਨ ਦੇ ਉਨ੍ਹਾਂ ਵਸਤਰਾਂ ਨੂੰ ਉਤਾਰ ਦੇਵੇਗਾ ਜਿਹੜੇ ਉਸ ਨੇ ਉਦੋਂ ਪਹਿਨੇ ਸਨ ਜਦੋਂ ਉਹ ਪਵਿੱਤਰ ਸਥਾਨ ਵਿੱਚ ਦਾਖਲ ਹੋਇਆ ਸੀ। ਉਸ ਨੂੰ ਉਹ ਵਸਤਰ ਉੱਥੇ ਹੀ ਰੱਖ ਦੇਣੇ ਚਾਹੀਦੇ ਹਨ। 24 ਉਹ ਆਪਣੇ ਸ਼ਰੀਰ ਨੂੰ ਕਿਸੇ ਪਵਿੱਤਰ ਸਥਾਨ ਤੇ ਪਾਣੀ ਨਾਲ ਧੋਵੇਗਾ। ਫ਼ੇਰ ਉਹ ਆਪਣੇ ਦੂਸਰੇ ਖਾਸ ਵਸਤਰ ਪਹਿਨਕੇ ਬਾਹਰ ਆਵੇਗਾ ਅਤੇ ਆਪਣੀ ਹੋਮ ਦੀ ਭੇਟ ਅਤੇ ਲੋਕਾਂ ਦੀ ਹੋਮ ਦੀ ਭੇਟ ਚੜ੍ਹਾਵੇਗਾ ਅਤੇ ਆਪਣੇ-ਆਪ ਅਤੇ ਲੋਕਾਂ ਲਈ ਪਰਾਸਚਿਤ ਕਰੇਗਾ। 25 ਫ਼ੇਰ ਉਹ ਜਗਵੇਦੀ ਉੱਤੇ ਪਾਪ ਦੀ ਭੇਟ ਦੀ ਚਰਬੀ ਨੂੰ ਸਾੜੇਗਾ।
26 “ਫ਼ੇਰ ਉਸ ਬੰਦੇ ਨੂੰ ਜਿਹੜਾ ਬੱਕਰੇ ਨੂੰ ਅਜ਼ਾਜ਼ੇਲ ਵੱਲ ਲੈ ਕੇ ਗਿਆ ਸੀ, ਆਪਣੇ ਕੱਪੜੇ ਅਤੇ ਆਪਣਾ ਸ਼ਰੀਰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਇਸਤੋਂ ਬਾਦ, ਉਹ ਡੇਰੇ ਵਿੱਚ ਦਾਖਲ ਹੋ ਸੱਕਦਾ ਹੈ।
27 “ਪਾਪ ਦੀ ਭੇਟ ਦੇ ਬਲਦ ਅਤੇ ਬੱਕਰੇ ਨੂੰ ਡੇਰੇ ਤੋਂ ਬਾਹਰ ਲਿਆਂਦਾ ਜਾਵੇ। (ਇਨ੍ਹਾਂ ਜਾਨਵਰਾਂ ਦਾ ਖੂਨ ਪਵਿੱਤਰ ਸਥਾਨ ਵਿੱਚ ਪਵਿੱਤਰ ਚੀਜ਼ਾਂ ਖਾਤਰ ਪਰਾਸਚਿਤ ਕਰਨ ਲਈ ਲਿਆਂਦਾ ਗਿਆ ਸੀ।) ਉਨ੍ਹਾਂ ਨੂੰ ਉਨ੍ਹਾਂ ਜਾਨਵਰਾਂ ਦੀਆਂ ਖੱਲਾਂ, ਸਰੀਰਾਂ ਅਤੇ ਸਰੀਰਾਂ ਦੇ ਮਲ ਨੂੰ ਅੱਗ ਵਿੱਚ ਸਾੜ ਦੇਣਾ ਚਾਹੀਦਾ ਹੈ। 28 ਫ਼ੇਰ ਉਹ ਆਦਮੀ, ਜਿਹੜਾ ਉਨ੍ਹਾਂ ਨੂੰ ਸਾੜਦਾ ਹੈ, ਆਪਣੇ ਕੱਪੜੇ ਅਤੇ ਆਪਣੇ ਸ਼ਰੀਰ ਨੂੰ ਪਾਣੀ ਨਾਲ ਧੋ ਲਵੇ। ਇਸਤੋਂ ਮਗਰੋਂ, ਉਹ ਡੇਰੇ ਵਿੱਚ ਦਾਖਲ ਹੋ ਸੱਕਦਾ ਹੈ।
29 “ਇਹ ਨੇਮ ਤੁਹਾਡੇ ਲਈ ਹਮੇਸ਼ਾ ਜਾਰੀ ਰਹੇਗਾ; ਸੱਤਵੇਂ ਮਹੀਨੇ ਦੇ ਦਸਵੇਂ ਦਿਨ ਤੁਹਾਨੂੰ ਆਪਣੇ-ਆਪ ਨੂੰ ਨਿਮਾਣਾ ਬਣਾਕੇ ਵਰਤ ਰੱਖਣਾ ਚਾਹੀਦਾ। ਤੁਹਾਨੂੰ ਕੋਈ ਕੰਮ ਨਹੀਂ ਕਰਨਾ ਚਾਹੀਦਾ। ਇਹ ਨੇਮ ਤੁਹਾਡੇ ਸਾਰਿਆਂ ਅਤੇ ਤੁਹਾਡੇ ਦਰਮਿਆਨ ਰਹਿੰਦੇ ਵਿਦੇਸ਼ੀਆਂ ਉੱਤੇ ਵੀ ਲਾਗੂ ਹਨ। 30 ਕਿਉਂਕਿ ਇਸ ਦਿਨ, ਜਾਜਕ ਤੁਹਾਡੇ ਲਈ ਪਰਾਸਚਿਤ ਕਰੇਗਾ ਅਤੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਪਾਕ ਬਣਾਵੇਗਾ। ਫ਼ੇਰ ਤੁਸੀਂ ਯਹੋਵਾਹ ਅੱਗੇ ਪਾਕ ਹੋਵੋਂਗੇ। 31 ਤੁਹਾਡੇ ਲਈ ਇਹ ਦਿਨ ਅਰਾਮ ਕਰਨ ਦਾ ਬਹੁਤ ਮਹੱਤਵਪੂਰਣ ਦਿਨ ਹੈ। ਤੁਹਾਨੂੰ ਭੋਜਨ ਨਹੀਂ ਕਰਨਾ ਚਾਹੀਦਾ। ਇਹ ਨੇਮ ਹਮੇਸ਼ਾ ਲਈ ਜਾਰੀ ਰਹੇਗਾ।
32 “ਇਸ ਤਰ੍ਹਾਂ ਜਿਸ ਆਦਮੀ ਨੂੰ ਪਰਧਾਨ ਜਾਜਕ ਹੋਣ ਲਈ ਚੁਣਿਆ ਗਿਆ ਹੋਵੇਗਾ, ਪਰਾਸਚਿਤ ਕਰਨ ਦੀਆਂ ਰੀਤਾਂ ਕਰੇਗਾ। ਇਹੀ ਉਹ ਆਦਮੀ ਹੈ ਜਿਸ ਨੂੰ ਉਸ ਦੇ ਪਿਤਾ ਤੋਂ ਮਗਰੋਂ ਪਰਧਾਨ ਜਾਜਕ ਵਜੋਂ ਸੇਵਾ ਕਰਨ ਲਈ ਨਿਯੁਕਤ ਕੀਤਾ ਗਿਆ। ਉਸ ਨੂੰ ਲਿਨਨ ਦੇ ਖਾਸ ਵਸਤਰ ਪਹਿਨਣੇ ਚਾਹੀਦੇ ਹਨ। ਇਹ ਵਸਤਰ ਪਵਿੱਤਰ ਹਨ। 33 ਉਸ ਨੂੰ ਅੱਤ ਪਵਿੱਤਰ ਸਥਾਨ, ਮੰਡਲੀ ਵਾਲੇ ਤੰਬੂ ਅਤੇ ਜਗਵੇਦੀ ਨੂੰ ਸ਼ੁੱਧ ਬਨਾਉਣਾ ਚਾਹੀਦਾ ਹੈ। ਅਤੇ ਉਸ ਨੂੰ ਜਾਜਕਾਂ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਸ਼ੁੱਧ ਬਨਾਉਣਾ ਚਾਹੀਦਾ ਹੈ। 34 ਇਸਰਾਏਲ ਦੇ ਲੋਕਾਂ ਖਾਤਰ ਉਨ੍ਹਾਂ ਦੇ ਪਾਪਾਂ ਲਈ ਪਰਾਸਚਿਤ ਕਰਨ ਦਾ ਇਹ ਨੇਮ ਹਮੇਸ਼ਾ ਜਾਰੀ ਰਹੇਗਾ। ਤੁਸੀਂ ਇਹ ਗੱਲਾਂ ਸਾਲ ਵਿੱਚ ਇੱਕ ਵਾਰੀ ਇਸਰਾਏਲ ਦੇ ਲੋਕਾਂ ਦੇ ਪਾਪਾਂ ਕਾਰਣ ਕਰੋਂਗੇ।”
ਇਸ ਲਈ ਉਨ੍ਹਾਂ ਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।
19 ਸਵਰਗ ਪਰਮੇਸ਼ੁਰ ਦੀ ਮਹਿਮਾ ਬਾਰੇ ਗੱਲਾਂ ਕਰਦੇ ਹਨ।
ਅਕਾਸ਼ ਉਨ੍ਹਾਂ ਚੰਗਿਆਂ ਚੀਜ਼ਾਂ ਬਾਰੇ ਦੱਸਦੇ ਹਨ ਜਿਹੜੀਆਂ ਪਰਮੇਸ਼ੁਰ ਦੇ ਹੱਥੀਂ ਸਾਜੀਆਂ ਗਈਆਂ ਹਨ।
2 ਹਰ ਦਿਨ ਉਸ ਬਾਰੇ ਹੋਰ ਵੱਧੇਰੇ ਕਥਾ ਦੱਸਦਾ ਹੈ।
ਅਤੇ ਹਰ ਰਾਤ ਪਰਮੇਸ਼ੁਰ ਦੀ ਸ਼ਕਤੀ ਬਾਰੇ ਹੋਰ ਵੱਧੇਰੇ ਪ੍ਰਗਟ ਕਰਦੀ ਹੈ।
3 ਤੁਸੀਂ ਸੱਚਮੁੱਚ ਕੋਈ ਭਾਸ਼ਣ ਜਾਂ ਸ਼ਬਦ ਨਹੀਂ ਸੁਣ ਸੱਕਦੇ।
ਉਹ ਅਜਿਹੀ ਅਵਾਜ਼ ਨਹੀਂ ਕਰਦੇ ਜਿਸ ਨੂੰ ਅਸੀਂ ਸੁਣ ਸੱਕੀਏ।
4 ਪਰ ਉਨ੍ਹਾਂ ਦੀ “ਅਵਾਜ਼” ਪੂਰੇ ਸੰਸਾਰ ਵਿੱਚ ਫ਼ੈਲਦੀ ਹੈ।
ਉਨ੍ਹਾਂ ਦੇ “ਸ਼ਬਦ” ਧਰਤੀ ਦੇ ਅੰਤ ਤੀਕਰ ਜਾਂਦੇ ਹਨ।
ਆਕਾਸ਼ ਸੂਰਜ ਲਈ ਇੱਕ ਘਰ ਵਾਂਗ ਹੈ।
5 ਸੂਰਜ ਇਉਂ ਬਾਹਰ ਨਿਕਲਦਾ ਹੈ ਜਿਵੇਂ ਲਾੜਾ ਆਪਣੇ ਸੌਣ ਦੇ ਕਮਰੇ ਵਿੱਚੋਂ ਬਾਹਰ ਆਉਂਦਾ ਹੈ।
ਸੂਰਜ ਅਕਾਸ਼ ਵਿੱਚ ਆਪਣਾ ਰਾਹ ਇੰਝ ਸ਼ੁਰੂ ਕਰਦਾ ਹੈ ਜਿਵੇਂ ਇੱਕ ਖਿਡਾਰੀ ਆਪਣੀ ਦੌੜ ਦੌੜਣ ਲਈ ਉਤਸੁਕ ਹੁੰਦਾ।
6 ਸੂਰਜ ਅਕਾਸ਼ ਦੇ ਇੱਕ ਸਿਰੇ ਤੋਂ ਸ਼ੁਰੂ ਕਰਦਾ ਹੈ,
ਅਤੇ ਇੱਕ ਸਾਰ ਦੂਸਰੇ ਸਿਰੇ ਤੀਕ ਦੌੜਦਾ ਹੈ।
ਕੋਈ ਵੀ ਇਸਦੀ ਤਪਸ਼ ਤੋਂ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ।
ਯਹੋਵਾਹ ਦੇ ਉਪਦੇਸ਼ ਇਸ ਤਰ੍ਹਾਂ ਦੇ ਹਨ।
ਇਹ ਲੋਕਾਂ ਨੂੰ ਸਿਆਣਾ ਬਣਾਉਂਦੇ ਹਨ ਜਿਹੜੇ ਮੂਰਖ ਹਨ।
7 ਯਹੋਵਾਹ ਦੇ ਉਪਦੇਸ਼ ਸੰਪੂਰਣਤਾ ਸ਼ੁੱਧ ਹਨ।
ਇਹ ਪਰਮੇਸ਼ੁਰ ਦੇ ਲੋਕਾਂ ਨੂੰ ਨਵੀਂ ਤਾਕਤ ਬਖਸ਼ਦੇ ਹਨ।
ਯਹੋਵਾਹ ਦਾ ਕਰਾਰ ਭਰੋਸੇਯੋਗ ਹੈ।
ਅਤੇ ਇਹ ਆਮ ਲੋਕਾਂ ਨੂੰ ਸਿਆਣੇ ਬਣਾਉਂਦਾ ਹੈ।
8 ਯਹੋਵਾਹ ਦੇ ਨੇਮ ਸਹੀ ਹਨ।
ਉਹ ਲੋਕਾਂ ਨੂੰ ਖੁਸ਼ੀ ਪ੍ਰਦਾਨ ਕਰਦੇ ਹਨ।
ਯਹੋਵਾਹ ਦੇ ਹੁਕਮ ਚੰਗੇ ਹਨ।
ਉਹ ਲੋਕਾਂ ਨੂੰ ਜਿਉਣ ਦਾ ਸਹੀ ਰਾਸਤਾ ਵਿਖਾਉਂਦੇ ਹਨ।
9 ਯਹੋਵਾਹ ਦੀ ਉਪਾਸਨਾ ਕਰਨੀ ਰੌਸ਼ਨੀ ਵਾਂਗ ਹੈ
ਜਿਹੜੀ ਸਦਾ ਲਈ ਲਿਸ਼ਕਦੀ ਹੈ।
ਯਹੋਵਾਹ ਦੇ ਨਿਆਂੇ ਚੰਗੇ ਤੇ ਨਿਰਪੱਖ ਹਨ।
ਉਹ ਸੰਪੂਰਣਤਾ ਸਹੀ ਹਨ।
10 ਯਹੋਵਾਹ ਦੇ ਉਪਦੇਸ਼ ਹਾਲੇ ਵੀ ਸਭ ਤੋਂ ਚੰਗੇ ਸੋਨੇ ਨਾਲੋਂ ਮਹਿੰਗੇ ਹਨ
ਅਤੇ ਉਹ ਸਭ ਨਾਲੋਂ ਵੱਧੀਆਂ ਸ਼ਹਿਦ ਤੋਂ ਵੀ ਮਿੱਠੇ ਹਨ ਜਿਹੜਾ ਸਿੱਧਾ ਸ਼ਹਿਦ ਦੀਆਂ ਮੱਖੀਆਂ ਦੇ ਛੱਤੇ ਵਿੱਚੋਂ ਪ੍ਰਾਪਤ ਕੀਤਾ ਗਿਆ ਹੈ।
11 ਯਹੋਵਾਹ ਦੇ ਉਪਦੇਸ਼ ਉਸ ਦੇ ਸੇਵਕ ਨੂੰ ਚਿਤਾਵਨੀ ਦਿੰਦੇ ਹਨ,
ਅਤੇ ਉਨ੍ਹਾਂ ਨੂੰ ਮੰਨਣ ਤੇ ਚੰਗ਼ਿਆਂ ਪ੍ਰਾਪਤੀਆਂ ਹੁੰਦੀਆਂ ਹਨ।
12 ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ।
ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।
13 ਮੇਰੇ ਪਾਸੋਂ ਉਹ ਪਾਪ ਨਾ ਕਰਾਉ ਜਿਨ੍ਹਾਂ ਨੂੰ ਮੇਰਾ ਮਨ ਕਰਨਾ ਲੋਚਦਾ।
ਉਨ੍ਹਾਂ ਪਾਪਾਂ ਨੂੰ ਮੇਰੇ ਉੱਤੇ ਹਾਵੀ ਨਾ ਹੋਣ ਦਿਉ।
ਜੇ ਤੁਸੀਂ ਮੇਰੇ ਸਹਾਈ ਹੋਵੋਂ ਫ਼ੇਰ ਮੈਂ ਪਵਿੱਤਰ ਅਤੇ ਆਪਣੇ ਪਾਪਾਂ ਤੋਂ ਮੁਕਤ ਹੋ ਸੱਕਦਾ ਹਾਂ।
14 ਮੇਰੇ ਸ਼ਬਦਾਂ ਤੇ ਸੋਚਾਂ ਨੂੰ ਤੁਹਾਨੂੰ ਪ੍ਰਸੰਨ ਕਰਨ ਦਿਉ।
ਯਹੋਵਾਹ, ਤੁਸੀਂ ਮੇਰੀ ਓਟ ਹੋ ਇਹ ਤੂੰ ਹੀ ਹੈ ਜਿਸਨੇ ਮੈਨੂੰ ਬਚਾਇਆ।
ਯਾਕਹ ਦੇ ਪੁੱਤਰ ਆਗੂਰ ਦੀਆਂ ਸਿਆਣਿਆਂ ਕਹਾਉਤਾਂ
30 ਇਹ ਸ਼ਬਦ ਅਗੂਰ ਯਾਕਹ ਦੇ ਪੁੱਤਰ ਦੇ ਹਨ, ਉਸ ਦਾ ਸੰਦੇਸ਼: ਮੈਂ ਪਰਮੇਸ਼ੁਰ ਨਹੀਂ ਹਾਂ। ਮੈਂ ਪਰਮੇਸ਼ੁਰ ਨਹੀਂ ਹਾਂ, ਕਿ ਮੈਂ ਇਸ ਨੂੰ ਸਮਝ ਸੱਕਣ ਦੇ ਸਮਰੱਥ ਹੋਵਾਂ।
2 ਮੈਂ ਆਦਮੀਆਂ ਵਿੱਚੋਂ ਸਭ ਤੋਂ ਬੇਵਕੂਫ਼ ਹਾਂ, ਅਤੇ ਮੈਨੂੰ ਕੋਈ ਮਨੁੱਖੀ ਗਿਆਨ ਵੀ ਨਹੀਂ ਹੈ। 3 ਮੈਂ ਸਿਆਣਪ ਨਹੀਂ ਸਿੱਖੀ ਤਾਂ ਮੈਂ ਧਾਰਮਿਕ ਗਿਆਨ ਕਿੰਝ ਹਾਸਿਲ ਕਰ ਸੱਕਦਾ ਹਾਂ। 4 ਕੌਣ ਅਕਾਸ਼ ਤਾਈਂ ਜਾਕੇ ਵਾਪਸ ਆਇਆ? ਕਿਸਨੇ ਹਵਾ ਨੂੰ ਆਪਣੇ ਹੱਥਾਂ ਵਿੱਚ ਇੱਕਤਰ ਕੀਤਾ? ਕਿਸ ਨੇ ਆਪਣੇ ਚੋਲੇ ਨਾਲ ਪਾਣੀ ਨੂੰ ਇੱਕਤਰ ਕੀਤਾ? ਕਿਸਨੇ ਧਰਤੀ ਦੀਆਂ ਸਾਰੀਆਂ ਹੱਦਾਂ ਨੂੰ ਸਥਾਪਿਤ ਕੀਤਾ? ਉਸ ਦਾ ਨਾਮ ਕੀ ਹੈ? ਉਸ ਦੇ ਪੁੱਤਰ ਦਾ ਨਾਮ ਕੀ ਹੈ? ਜੇਕਰ ਤੁਸੀਂ ਜਾਣਦੇ ਹੋ, ਮੈਨੂੰ ਦੱਸੋ!
5 ਹਰ ਸ਼ਬਦ ਜਿਹੜਾ ਪਰਮੇਸ਼ੁਰ ਉਚਾਰਦਾ ਹੈ ਦੋਸ਼ ਰਹਿਤ ਹੈ। ਪਰਮੇਸ਼ੁਰ ਉਨ੍ਹਾਂ ਲਈ ਸੁਰੱਖਿਅਤ ਟਿਕਾਣਾ ਹੈ ਜਿਹੜੇ ਉਸ ਕੋਲ ਜਾਂਦੇ ਹਨ। 6 ਉਸ ਦੇ ਬਚਨਾਂ ਵਿੱਚ ਜੋੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਪਰਮੇਸ਼ੁਰ ਤੁਹਾਨੂੰ ਸਜ਼ਾ ਦੇਵੇਗਾ ਅਤੇ ਤੁਸੀਂ ਝੂਠੇ ਹੋਣ ਵਜੋਂ ਦਰਸਾਏ ਜਾਵੋਂਗੇ।
7 ਯਹੋਵਾਹ, ਮੈਂ ਤੈਥੋਂ ਦੋ ਉਪਕਾਰਾਂ ਦੀ ਮੰਗ ਕਰਦਾ ਹਾਂ। ਕਿਰਪਾ ਕਰਕੇ ਮੇਰੇ ਮਰਨ ਤੋਂ ਪਹਿਲਾਂ, ਮੇਰੀ ਖਾਤਰ ਉਨ੍ਹਾਂ ਤੋਂ ਇਨਕਾਰ ਨਾ ਕਰੀਂ। 8 ਝੂਠ ਨਾ ਬੋਲਣ ਵਿੱਚ ਮੇਰੀ ਸਹਾਇਤਾ ਕਰ ਅਤੇ ਮੈਨੂੰ ਨਾ ਬਹੁਤਾ ਅਮੀਰ ਬਣਾ ਅਤੇ ਨਾ ਬਹੁਤਾ ਗਰੀਬ ਸਿਰਫ਼ ਮੈਨੂੰ ਉਹ ਚੀਜ਼ਾਂ ਦੇ ਜਿਨ੍ਹਾਂ ਦੀ ਮੈਨੂੰ ਰੋਜ਼ਾਨਾ ਲੋੜ ਹੈ। 9 ਮੈਂ ਬਹੁਤ ਜ਼ਿਆਦਾ ਅਮੀਰ ਹੋਕੇ ਤੈਨੂੰ ਭੁੱਲਣਾ ਨਹੀਂ ਚਾਹੁੰਦਾ ਅਤੇ ਇਹ ਪੁੱਛਣਾ ਨਹੀਂ ਚਾਹੁੰਦਾ, ਪਰਮੇਸ਼ੁਰ ਕੌਣ ਹੈ? ਨਾਹੀ ਇੰਨਾ ਗਰੀਬ ਹੋਣਾ ਚਾਹੁੰਦਾ ਕਿ ਮੈਨੂੰ ਚੋਰੀ ਕਰਨੀ ਪਵੇ ਅਤੇ ਮੇਰੇ ਪਰਮੇਸ਼ੁਰ ਦੇ ਨਾਮ ਲਈ ਸ਼ਰਮਸਾਰੀ ਲਿਆਵਾਂ।
10 ਇੱਕ ਨੌਕਰ ਦੀ ਉਸ ਦੇ ਸੁਆਮੀ ਕੋਲ ਅਲੋਚਨਾ ਨਾ ਕਰੋ ਨਹੀਂ ਤਾਂ ਸੁਆਮੀ ਤੁਹਾਨੂੰ ਸਰਾਪ ਦੇਵੇਗਾ ਅਤੇ ਤੁਹਾਨੂੰ ਇਸ ਦੀ ਅਦਾਇਗੀ ਕਰਨੀ ਪਵੇਗੀ।
11 ਅਜਿਹੇ ਲੋਕ ਹਨ ਜੋ ਆਪਣੇ ਪਿਉ ਨੂੰ ਗਾਲ੍ਹਾਂ ਕੱਢਦੇ ਹਨ ਅਤੇ ਆਪਣੀ ਮਾਤਾ ਨੂੰ ਧੰਨ ਨਹੀਂ ਆਖਦੇ।
12 ਕੁਝ ਲੋਕ ਅਜਿਹੇ ਹੁੰਦੇ ਹਨ ਜੋ ਆਪਣੇ ਆਪ ਨੂੰ ਪਵਿੱਤਰ ਸਮਝਦੇ ਹਨ ਪਰ ਜੋ ਆਪਣੀ ਹੀ ਗੰਦਗੀ ਤੋਂ ਸਾਫ਼ ਨਹੀਂ ਹੋਏ ਹੁੰਦੇ।
13 ਕੁਝ ਲੋਕ ਹੁੰਦੇ ਹਨ ਜਿਨ੍ਹਾਂ ਦੀਆਂ ਅੱਖਾਂ ਹਮੇਸ਼ਾ ਉੱਚੀਆਂ ਹੋਈਆਂ ਅਤੇ ਝਿੰਮਣੇ ਹੀ ਰਹਿੰਦੀਆਂ ਹਨ।
14 ਕਈਆਂ ਲੋਕਾਂ ਦੇ ਦੰਦ ਚਾਕੂ ਵਰਗੇ ਤਿੱਖੇ ਹੁੰਦੇ ਹਨ, ਕਈਆਂ ਦੇ ਬੁੱਟਾ ਵਿੱਚ ਤਲਵਾਰਾਂ ਜੜੀਆਂ ਹੁੰਦੀਆਂ ਹਨ, ਤਾਂ ਜੋ ਉਹ ਧਰਤੀ ਦੇ ਗਰੀਬਾਂ ਨੂੰ ਪਾੜ ਸੱਕਣ ਜਾਂ ਜ਼ਰੂਰਤਮੰਦਾਂ ਨੂੰ ਨਿਗਲ ਸੱਕਣ।
15 ਕੁਝ ਲੋਕ ਹਰ ਸੰਭਵ ਚੀਜ਼ ਲੈ ਲੈਣਾ ਚਾਹੁੰਦੇ ਹਨ। ਉਹ ਸਿਰਫ਼ ਇਹੀ ਆਖਦੇ ਹਨ, “ਮੈਨੂੰ ਦਿਓ, ਮੈਨੂੰ ਦਿਓ, ਮੈਨੂੰ ਦਿਓ।” ਤਿੰਨ ਚੀਜ਼ਾਂ ਹਨ ਜਿਹੜੀਆਂ ਕਦੇ ਵੀ ਸੰਤੁਸ਼ਟ ਨਹੀਂ ਹੁੰਦੀਆਂ — ਅਸਲ ਵਿੱਚ ਚਾਰ ਚੀਜ਼ਾਂ ਹਨ ਜਿਹੜੀਆਂ ਕਦੇ ਕਾਫ਼ੀ ਨਹੀਂ ਹੁੰਦੀਆਂ: 16 ਕਬਰ, ਬਾਂਝ ਕੁੱਖ, ਧਰਤੀ ਜਿਹੜੀ ਹਮੇਸ਼ਾ ਪਾਣੀ ਲਈ ਪਿਆਸੀ ਰਹਿੰਦੀ ਹੈ, ਅਤੇ ਗਰਮ ਅੱਗ ਜਿਹੜੀ ਕਦੇ ਨਹੀਂ ਆਖਦੀ “ਬਸ।”
17 ਕੋਈ ਬੰਦਾ ਜਿਹੜਾ ਆਪਣੇ ਪਿਤਾ ਦਾ ਮਜ਼ਾਕ ਉਡਾਉਂਦਾ ਹੈ ਜਾਂ ਆਪਣੀ ਮਾਤਾ ਦਾ ਕਹਿਣਾ ਮੰਨਣ ਤੋਂ ਇਨਕਾਰ ਕਰਦਾ ਹੈ ਉਸ ਨੂੰ ਸਜ਼ਾ ਮਿਲੇਗੀ। ਉਸ ਦੇ ਲਈ ਇਹ ਗੱਲ ਓਨੀ ਹੀ ਬੁਰੀ ਹੋਵੇਗੀ ਜਿੰਨੀ ਉਸ ਹਾਲਤ ਵਿੱਚ ਜਿਵੇਂ ਕਿ ਉਸ ਦੀਆਂ ਅੱਖਾਂ ਗਿਰਝਾਂ ਅਤੇ ਜੰਗਲੀ ਜਾਨਵਰਾਂ ਨੇ ਖਾ ਲਈਆਂ ਹੋਣ।
18 ਤਿੰਨ ਗੱਲਾਂ ਹਨ ਜਿਹੜੀਆਂ ਮੇਰੇ ਲਈ ਇੱਕ ਰਹੱਸ ਹਨ। ਅਤੇ ਚੌਥੀ ਗੱਲ ਜਿਹੜੀ ਮੈਂ ਕਦੇ ਵੀ ਨਹੀਂ ਸਮਝ ਸੱਕਿਆ। 19 ਇੱਕ ਬਾਜ਼ ਦੇ ਉੱਡਣ ਦਾ ਤਰੀਕਾ, ਇੱਕ ਚੱਟਾਨ ਉੱਤੇ ਸੱਪ ਦਾ ਘਿਸਰਨਾ, ਜਹਾਜ ਦਾ ਸਮੁੰਦਰ ਦੇ ਮੱਧ ਵਿੱਚ ਹੋਣਾ ਅਤੇ ਇੱਕ ਆਦਮੀ ਦਾ ਇੱਕ ਜਵਾਨ ਔਰਤ ਨਾਲ ਹੋਣਾ।
20 ਇੱਕ ਬਦਕਾਰ ਔਰਤ ਦਾ ਰਾਹ ਇਹ ਹੈ। ਉਹ ਖਾਂਦੀ ਹੈ ਅਤੇ ਮੂੰਹ ਪੂੰਝਕੇ ਆਖਦੀ ਹੈ: “ਮੈਂ ਕੁਝ ਵੀ ਗ਼ਲਤ ਨਹੀਂ ਕੀਤਾ!”
21 ਤਿੰਨ ਚੀਜ਼ਾਂ ਹਨ ਜਿਨ੍ਹਾਂ ਨਾਲ ਧਰਤੀ ਹਿੱਲ ਜਾਂਦੀ ਹੈ ਅਤੇ ਚੌਥੀ ਜਿਸ ਨੂੰ ਇਹ ਸਹਾਰ ਨਹੀਂ ਸੱਕਦੀ: 22 ਇੱਕ ਨੌਕਰ ਜੋ ਰਾਜਾ ਬਣੇ, ਅਤੇ ਇੱਕ ਮੂਰਖ ਜਿਸ ਕੋਲ ਖਾਣ ਲਈ ਕਾਫ਼ੀ ਹੋਵੇ, 23 ਇੱਕ ਵਿਆਹੀ ਹੋਈ ਔਰਤ ਜਿਸ ਨੂੰ ਉਸਦਾ ਪਤੀ ਪਿਆਰ ਨਹੀਂ ਕਰਦਾ ਅਤੇ ਇੱਕ ਨੋਕਰਾਣੀ ਜੋ ਆਪਣੀ ਮਾਲਕਣ ਦੀ ਜਗ੍ਹਾ ਲੈ ਲੈਂਦੀ ਹੈ।
24 ਧਰਤੀ ਉੱਤੇ ਇਹ ਚਾਰ ਚੀਜ਼ਾਂ ਸਭ ਤੋਂ ਛੋਟੀਆਂ ਹਨ, ਹਾਲੇ ਵੀ ਇਹ ਸਿਆਣਿਆਂ ਤੋਂ ਵੱਧ ਸਿਆਣੀਆਂ ਹਨ:
25 ਕੀੜੀਆਂ, ਜੋ ਕਿ ਤਕੜੀਆਂ ਨਹੀਂ ਹੁੰਦੀਆਂ, ਪਰ ਫਿਰ ਵੀ ਗਰਮੀਆਂ ਵਿੱਚ ਸਰਦੀਆਂ ਲਈ ਆਪਣਾ ਭੋਜਨ ਇੱਕਤਰ ਕਰਦੀਆਂ ਹਨ।
26 ਬਿੱਜੂ ਸ਼ਕਤੀਸ਼ਾਲੀ ਨਹੀਂ ਹੁੰਦੇ, ਪਰ ਉਹ ਆਪਣੇ ਘਰ ਚੱਟਾਨਾਂ ਵਿੱਚ ਬਣਾਉਂਦੇ ਹਨ।
27 ਟਿੱਡੀਆਂ ਦਾ ਕੋਈ ਰਾਜਾ ਨਹੀਂ ਹੁੰਦਾ ਪਰ ਫ਼ਿਰ ਵੀ ਉਹ ਸੰਗਠਨ ਵਿੱਚ ਉਡਦੀਆਂ ਹਨ।
28 ਕਿਰਲੀ ਜੋ ਕਿ ਇੱਕੋ ਹੱਥ ਨਾਲ ਫ਼ੜੀ ਜਾ ਸੱਕਦੀ ਹੈ, ਪਰ ਤਾਂ ਵੀ ਉਹ ਸ਼ਾਹੀ ਮਹਿਲਾਂ ਵਿੱਚ ਰਹਿੰਦੀਆਂ ਹਨ।
29 ਤਿੰਨ ਚੀਜ਼ਾਂ ਹਨ ਜਿਨਾਂ ਦੀ ਚਾਲ ਸੁੰਦਰ ਹੈ; ਅਸਲ ਵਿੱਚ ਚਾਰ ਜਿਹੜੀ ਸ਼ਾਹੀ ਚਾਲਾ ਚਲਦੀਆਂ ਹਨ।
30 ਇੱਕ ਸ਼ੇਰ ਜੋ ਕਿ ਸਭ ਤੋਂ ਤਾਕਤਵਰ ਜਾਨਵਰ ਹੁੰਦਾ ਹੈ ਅਤੇ ਕਿਸੇ ਤੋਂ ਵੀ ਨਹੀਂ ਡਰਦਾ।
31 ਹੰਕਾਰ ਨਾਲ ਤੁਰਦਾ ਕੁਕੜ,
ਇੱਕ ਬੱਕਰਾ,
ਅਤੇ ਆਪਣੇ ਲੋਕਾਂ ਦੀ ਅਗਵਾਈ ਕਰਦਾ ਹੋਇਆ ਰਾਜਾ।
32 ਜੇ ਤੁਸੀਂ ਮੂਰਖ ਹੁੰਦੇ ਅਤੇ ਆਪਣੇ-ਆਪ ਦੀ ਪ੍ਰਸੰਸਾ ਕਰਦੇ ਹੋ, ਜਾਂ ਕੋਈ ਮੰਦੀ ਯੋਜਨਾ ਬਣਾਉਂਦੇ ਹੋ ਤਾਂ ਆਪਣੇ ਹੀ ਮੂੰਹ ਤੇ ਚਪੇੜ ਮਾਰੋ।
33 ਰਿੜਕਿਆ ਹੋਇਆ ਦੁੱਧ ਮੱਖਣ ਦਿੰਦਾ, ਨੱਕ ਤੇ ਮੁੱਕੀ ਮਾਰਨ ਨਾਲ ਖੂਨ ਵਗਦਾ ਅਤੇ ਗੁੱਸੇ ਨੂੰ ਭੜਕਾਉਣ ਨਾਲ ਲੜਾਈ ਪੈਦਾ ਹੁੰਦੀ ਹੈ।
1 ਮਸੀਹ ਯਿਸੂ ਦੇ ਰਸੂਲ, ਪੌਲੁਸ ਵੱਲੋਂ ਸ਼ੁਭਕਾਮਨਾਵਾਂ। ਮੈਂ ਸਾਡੇ ਮੁਕਤੀਦਾਤਾ ਪਰਮੇਸ਼ੁਰ ਦੇ ਆਦੇਸ਼ ਅਤੇ ਸਾਡੀ ਆਸ ਮਸੀਹ ਯਿਸੂ ਵੱਲੋਂ ਰਸੂਲ ਹਾਂ।
2 ਤਿਮੋਥਿਉਸ ਨੂੰ। ਤੂੰ ਮੈਨੂੰ ਨਿਹਚਾ ਵਿੱਚ ਇੱਕ ਸੱਚੇ ਪੁੱਤਰ ਵਰਗਾ ਹੈ।
ਪਰਮੇਸ਼ੁਰ ਪਿਤਾ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਵੱਲੋਂ ਤੈਨੂੰ ਕਿਰਪਾ, ਮਿਹਰ ਤੇ ਸ਼ਾਂਤੀ ਮਿਲਦੀ ਰਹੇ।
ਝੂਠੇ ਉਪਦੇਸ਼ ਬਾਰੇ ਚੇਤਾਵਨੀ
3 ਮੈਂ ਚਾਹੁੰਦਾ ਹਾਂ ਕਿ ਤੁਸੀਂ ਅਫ਼ਸੁਸ ਵਿੱਚ ਠਹਿਰੋ। ਜਦੋਂ ਮੈਂ ਮਕਦੂਨਿਯਾ ਵਿੱਚ ਗਿਆ ਸਾਂ ਤਾਂ ਮੈਂ ਤੁਹਾਨੂੰ ਅਜਿਹਾ ਕਰਨ ਲਈ ਆਖਿਆ ਹੈ। ਅਫ਼ਸੁਸ ਵਿੱਚ ਕੁਝ ਲੋਕ ਝੂਠੀਆਂ ਗੱਲਾਂ ਦਾ ਉਪਦੇਸ਼ ਦੇ ਰਹੇ ਹਨ। ਉੱਥੇ ਠਹਿਰੋ ਤਾਂ ਜੋ ਤੁਸੀਂ ਉਨ੍ਹਾਂ ਲੋਕਾਂ ਨੂੰ ਝੂਠੀਆਂ ਗੱਲਾਂ ਦੇ ਉਪਦੇਸ਼ ਦੇਣ ਤੋਂ ਰੁਕਣ ਦਾ ਆਦੇਸ਼ ਦੇ ਸੱਕੋਂ। 4 ਉਨ੍ਹਾਂ ਲੋਕਾਂ ਨੂੰ ਉਨ੍ਹਾਂ ਕਹਾਣੀਆਂ ਤੇ ਸਮਾਂ ਨਾ ਬਰਬਾਦ ਕਰਨ ਲਈ ਕਹੋ ਜਿਹੜੀਆਂ ਸੱਚੀਆਂ ਨਹੀਂ ਹਨ ਅਤੇ ਨਾਮਾਂ ਦੀਆਂ ਵੱਡੀਆਂ ਪੱਤ੍ਰੀਆਂ ਉੱਤੇ ਪਰਿਵਾਰਕ ਇਤਹਾਸ ਨਾਲ ਸੰਬੰਧਿਤ ਹਨ। ਉਹ ਚੀਜ਼ਾਂ ਕੇਵਲ ਵਾਦ ਵਿਵਾਦ ਖੜ੍ਹਾ ਕਰਦੀਆਂ ਹਨ। ਉਹ ਗੱਲਾਂ ਪਰਮੇਸ਼ੁਰ ਦੇ ਕਾਰਜ ਵਿੱਚ ਸਹਾਇਤਾ ਨਹੀਂ ਕਰਦੀਆਂ। ਪਰਮੇਸ਼ੁਰ ਦਾ ਕਾਰਜ ਤਾਂ ਵਿਸ਼ਵਾਸ ਰਾਹੀਂ ਹੁੰਦਾ ਹੈ। 5 ਇਸ ਆਦੇਸ਼ ਦਾ ਟੀਚਾ ਲੋਕਾਂ ਨੂੰ ਪਿਆਰ ਭਾਵਨਾ ਰੱਖਣ ਨਾਲ ਸੰਬੰਧ ਰੱਖਦਾ ਹੈ। ਇਸ ਪਿਆਰ ਨੂੰ ਹਾਸਿਲ ਕਰਨ ਲਈ ਲੋਕਾਂ ਨੂੰ ਆਪਣਾ ਦਿਲ ਸ਼ੁੱਧ ਰੱਖਣਾ ਪਵੇਗਾ ਉਨ੍ਹਾਂ ਨੂੰ ਉਹੋ ਕੁਝ ਕਰਨਾ ਚਾਹੀਦਾ ਹੈ ਜਿਹੜਾ ਉਨ੍ਹਾਂ ਦੀ ਸਮਝ ਅਨੁਸਾਰ ਸਹੀ ਹੈ, ਅਤੇ ਉਨ੍ਹਾਂ ਨੂੰ ਸੱਚਾ ਵਿਸ਼ਵਾਸ ਰੱਖਣਾ ਚਾਹੀਦਾ ਹੈ। 6 ਕੁਝ ਲੋਕਾਂ ਨੇ ਇਹ ਗੱਲਾਂ ਨਹੀਂ ਕੀਤੀਆਂ। ਉਹ ਦੂਰ ਚੱਲੇ ਗਏ ਸਨ ਅਤੇ ਹੁਣ ਉਹ ਉਨ੍ਹਾਂ ਚੀਜ਼ਾਂ ਬਾਰੇ ਗੱਲਾਂ ਕਰ ਰਹੇ ਹਨ ਜਿਹੜੀਆਂ ਨਿਕਾਰਥਕ ਹਨ। 7 ਉਹ ਲੋਕ ਨੇਮ ਦੇ ਉਪਦੇਸ਼ਕ ਬਣਨਾ ਚਾਹੁੰਦੇ ਹਨ। ਪਰ ਉਹ ਨਹੀਂ ਜਾਣਦੇ ਕਿ ਉਹ ਕਿਸ ਬਾਰੇ ਗੱਲਾਂ ਕਰ ਰਹੇ ਹਨ। ਉਹ ਤਾਂ ਉਨ੍ਹਾਂ ਗੱਲਾਂ ਨੂੰ ਸਮਝਦੇ ਵੀ ਨਹੀਂ ਜਿਨ੍ਹਾਂ ਬਾਰੇ ਉਹ ਪੱਕੇ ਭਰੋਸੇ ਨਾਲ ਗੱਲਾਂ ਕਰ ਰਹੇ ਹਨ।
8 ਅਸੀਂ ਜਾਣਦੇ ਹਾਂ ਕਿ ਜੇ ਕੋਈ ਵਿਅਕਤੀ ਸਹੀ ਢੰਗ ਨਾਲ ਸ਼ਰ੍ਹਾ ਦੀ ਵਰਤੋਂ ਕਰਦਾ ਹੈ ਤਾਂ ਸ਼ਰ੍ਹਾ ਚੰਗੀ ਹੈ। 9 ਅਸੀਂ ਇਹ ਵੀ ਜਾਣਦੇ ਹਾਂ ਕਿ ਸ਼ਰ੍ਹਾ ਚੰਗੇ ਲੋਕਾਂ ਲਈ ਨਹੀਂ ਬਣਾਈ ਗਈ। ਸਗੋਂ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਸ਼ਰ੍ਹਾ ਦੇ ਵਿਰੁੱਧ ਹਨ ਅਤੇ ਉਨ੍ਹਾਂ ਲੋਕਾਂ ਲਈ ਜਿਹੜੇ ਸ਼ਰ੍ਹਾ ਨੂੰ ਮੰਨਣ ਤੋਂ ਇਨਕਾਰੀ ਹਨ। ਸ਼ਰ੍ਹਾ ਉਨ੍ਹਾਂ ਲੋਕਾਂ ਲਈ ਬਣਾਈ ਗਈ ਹੈ ਜਿਹੜੇ ਪਰਮੇਸ਼ੁਰ ਦੇ ਖਿਲਾਫ਼ ਹਨ, ਉਨ੍ਹਾਂ ਲਈ ਜੋ ਪਾਪੀ ਹਨ, ਉਨ੍ਹਾਂ ਲਈ ਜਿਹੜੇ ਅਪਵਿੱਤਰ ਹਨ, ਉਨ੍ਹਾਂ ਲਈ ਜਿਹੜੇ ਮਜ਼ਹਬ ਦੇ ਖਿਲਾਫ਼ ਹਨ, ਉਨ੍ਹਾਂ ਲਈ ਜਿਹੜੇ ਆਪਣੇ ਮਾਤਾ ਪਿਤਾ ਨੂੰ ਮਾਰਦੇ ਹਨ, ਖੂਨੀਆਂ ਲਈ, 10 ਉਨ੍ਹਾਂ ਲਈ ਜਿਹੜੇ ਜਿਨਸੀ ਪਾਪ ਕਰਦੇ ਹਨ, ਸਮਲਿੰਗੀਆਂ ਲਈ, ਉਨ੍ਹਾਂ ਲਈ ਜਿਹੜੇ ਗੁਲਾਮਾਂ ਨੂੰ ਵੇਚਦੇ ਹਨ, ਝੂਠਿਆਂ ਲਈ, ਉਨ੍ਹਾਂ ਲਈ ਜਿਹੜੇ ਕਚਿਹਰੀ ਵਿੱਚ ਝੂਠ ਬੋਲਦੇ ਹਨ, ਅਤੇ ਉਨ੍ਹਾਂ ਲਈ ਜਿਹੜੇ ਪਰਮੇਸ਼ੁਰ ਦੇ ਉਪਦੇਸ਼ ਦੇ ਖਿਲਾਫ਼ ਗੱਲਾਂ ਕਰਦੇ ਹਨ। 11 ਇਹ ਉਪਦੇਸ਼ ਉਸ ਖੁਸ਼ਖਬਰੀ ਦਾ ਅੰਗ ਹੈ ਜਿਹੜੀ ਮੈਨੂੰ ਪਰਮੇਸ਼ੁਰ ਨੇ ਹੋਰਾਂ ਨੂੰ ਦੇਣ ਲਈ ਪ੍ਰਦਾਨ ਕੀਤੀ ਸੀ। ਮਹਿਮਾਮਈ ਖੁਸ਼ਖਬਰੀ ਭਾਗਸ਼ਾਲੀ ਪਰਮੇਸ਼ੁਰ ਵੱਲੋਂ ਹੈ।
ਪਰਮੇਸ਼ੁਰ ਦੀ ਦਯਾ ਲਈ ਧੰਨਵਾਦ
12 ਮੈਂ ਮਸੀਹ ਯਿਸੂ, ਸਾਡੇ ਪ੍ਰਭੂ, ਦਾ ਧੰਨਵਾਦ ਕਰਦਾ ਹਾਂ ਕਿਉਂ ਕਿ ਉਸ ਨੇ ਮੇਰੇ ਉੱਪਰ ਭਰੋਸਾ ਕੀਤਾ ਅਤੇ ਮੈਨੂੰ ਉਸਦੀ ਸੇਵਾ ਕਰਨ ਲਈ ਇਹ ਕਾਰਜ ਦਿੱਤਾ। ਉਹੀ ਮੈਨੂੰ ਸ਼ਕਤੀ ਪ੍ਰਦਾਨ ਕਰਦਾ ਹੈ। 13 ਅਤੀਤ ਵਿੱਚ, ਮੈਂ ਮਸੀਹ ਦੇ ਵਿਰੁੱਧ ਬੋਲਦਾ ਸਾਂ ਤੇ ਉਸ ਨੂੰ ਸਤਾਇਆ ਅਤੇ ਮੈਂ ਉਸ ਨੂੰ ਦੁੱਖ ਪਹੁੰਚਾਇਆ। ਪਰ ਪਰਮੇਸ਼ੁਰ ਨੇ ਮੈਨੂੰ ਆਪਣੀ ਕਿਰਪਾ ਦਿਤੀ ਕਿਉਂਕਿ ਮੈਂ ਨਹੀਂ ਜਾਣਦਾ ਸੀ ਕਿ ਮੈਂ ਕੀ ਕਰ ਰਿਹਾ ਸਾਂ। ਇਹ ਗੱਲਾਂ ਮੈਂ ਉਦੋਂ ਕੀਤੀਆਂ ਸਨ ਜਦੋਂ ਮੇਰੇ ਅੰਦਰ ਵਿਸ਼ਵਾਸ ਨਹੀਂ ਸੀ। 14 ਪਰ ਸਾਡੇ ਪ੍ਰਭੂ ਦੀ ਕਿਰਪਾ ਮੈਨੂੰ ਪੂਰੀ ਤਰ੍ਹਾਂ ਦਿੱਤੀ ਹੋਈ ਸੀ, ਅਤੇ ਕਿਰਪਾ ਦੇ ਨਾਲ ਵਿਸ਼ਵਾਸ ਅਤੇ ਉਹ ਪਿਆਰ ਆਇਆ ਜੋ ਮਸੀਹ ਯਿਸੂ ਵਿੱਚ ਹੈ।
15 ਜੋ ਕੁਝ ਮੈਂ ਆਖ ਰਿਹਾ ਹਾਂ ਸੱਚ ਹੈ ਅਤੇ ਇਹ ਪੂਰੀ ਤਰ੍ਹਾਂ ਕਬੂਲ ਕਰ ਲੈਣ ਦਾ ਅਧਿਕਾਰੀ ਹੈ। ਮਸੀਹ ਯਿਸੂ ਇਸ ਦੁਨੀਆਂ ਵਿੱਚ ਪਾਪੀਆਂ ਨੂੰ ਬਚਾਉਣ ਲਈ ਆਇਆ। ਅਤੇ ਮੈਂ ਉਨ੍ਹਾਂ ਪਾਪੀਆਂ ਵਿੱਚੋਂ ਸਭ ਤੋਂ ਬੁਰਾ ਸਾਂ। 16 ਪਰ ਮੈਨੂੰ ਕਿਰਪਾ ਦਿਤੀ ਗਈ। ਤਾਂ ਜੋ ਮਸੀਹ ਯਿਸੂ ਮੇਰੇ ਵਿੱਚ ਵਿਖਾ ਸੱਕੇ ਕਿ ਉਸਦਾ ਸਬਰ ਅਸੀਮ ਹੈ। ਮਸੀਹ ਨੇ ਆਪਣਾ ਸਬਰ ਮੇਰੇ, ਸਭ ਪਾਪੀਆਂ ਤੋਂ ਗਏ ਗੁਜਰੇ, ਤੇ ਵਿਖਾਇਆ। ਯਿਸੂ ਚਾਹੁੰਦਾ ਸੀ ਕਿ ਮੈਂ ਉਨ੍ਹਾਂ ਲੋਕਾਂ ਲਈ ਇੱਕ ਮਿਸਾਲ ਬਣਾ ਜਿਹੜੇ ਉਸ ਵਿੱਚ ਵਿਸ਼ਵਾਸ ਕਰਦੇ ਹਨ ਅਤੇ ਸਦੀਪਕ ਜੀਵਨ ਪ੍ਰਾਪਤ ਕਰਦੇ ਹਨ। 17 ਉਸ ਬਾਦਸ਼ਾਹ ਨੂੰ ਮਹਿਮਾ ਤੇ ਸਨਮਾਨ ਜਿਹੜਾ ਸਦੀਵੀ ਤੌਰ ਤੇ ਰਾਜ ਕਰਦਾ ਹੈ। ਉਸ ਨੂੰ ਤਬਾਹ ਨਹੀਂ ਕੀਤਾ ਜਾ ਸੱਕਦਾ ਅਤੇ ਨਾ ਹੀ ਦੇਖਿਆ ਜਾ ਸੱਕਦਾ ਹੈ। ਸਿਰਫ਼ ਪਰਮੇਸ਼ੁਰ ਨੂੰ ਹੀ ਸਦਾ ਅਤੇ ਸਦਾ ਲਈ ਸਤਿਕਾਰ ਅਤੇ ਮਹਿਮਾ। ਆਮੀਨ!
18 ਤਿਮੋਥਿਉਸ, ਤੁਸੀਂ ਮੇਰੇ ਲਈ ਇੱਕ ਪੁੱਤਰ ਵਾਂਗ ਹੋ। ਮੈਂ ਤੁਹਾਨੂੰ ਆਦੇਸ਼ ਦੇ ਰਿਹਾ ਹਾਂ। ਇਹ ਆਦੇਸ਼ ਉਨ੍ਹਾਂ ਅਗੰਮੀ ਵਾਕਾਂ ਦੇ ਅਨੁਸਾਰ ਹੈ ਜਿਹੜੇ ਅਤੀਤ ਵਿੱਚ ਤੁਹਾਡੇ ਸੰਬੰਧ ਵਿੱਚ ਦੱਸੇ ਗਏ ਸਨ। ਮੈਂ ਇਹ ਗੱਲਾਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਤੁਸੀਂ ਉਨ੍ਹਾਂ ਅਗੰਮ ਵਾਕਾਂ ਅਨੁਸਾਰ ਚੱਲੋ ਅਤੇ ਵਿਸ਼ਵਾਸ ਲਈ ਸਫ਼ਲ ਯੁੱਧ ਲੜੋ। 19 ਵਿਸ਼ਵਾਸ ਵਿੱਚ ਸਥਿਰ ਰਹੋ, ਅਤੇ ਉਸ ਦੇ ਆਧਾਰ ਤੇ ਜੀਣ ਜਿਸ ਨੂੰ ਤੁਸੀਂ ਮੰਨੋ ਕਿ ਸਹੀ ਹੈ। ਕੁਝ ਲੋਕਾਂ ਨੇ ਅਜਿਹਾ ਨਹੀਂ ਕੀਤਾ, ਇਸ ਲਈ ਉਹ ਵਿਸ਼ਵਾਸ ਤੋਂ ਡਿੱਗ ਗਏ। 20 ਹੁਮਿਨਾਯੁਸ ਅਤੇ ਸਿਕੰਦਰ ਉਨ੍ਹਾਂ ਲੋਕਾਂ ਵਿੱਚੋਂ ਹਨ ਜਿਨ੍ਹਾਂ ਨੇ ਇਹ ਕੀਤਾ ਹੈ। ਮੈਂ ਉਨ੍ਹਾਂ ਨੂੰ ਸ਼ੈਤਾਨ ਦੇ ਹਵਾਲੇ ਕਰ ਦਿੱਤਾ ਹੈ ਤਾਂ ਜੋ ਉਹ ਪਰਮੇਸ਼ੁਰ ਦੇ ਖਿਲਾਫ਼ ਬੋਲਣਾ ਨਾ ਸਿੱਖਣਗੇ।
2010 by World Bible Translation Center