Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਉਤਪਤ 44

ਯੂਸੁਫ਼ ਇੱਕ ਜਾਲ ਸੁੱਟਦਾ ਹੈ

44 ਫ਼ੇਰ ਯੂਸੁਫ਼ ਨੇ ਆਪਣੇ ਨੌਕਰ ਨੂੰ ਇੱਕ ਆਦੇਸ਼ ਦਿੱਤਾ। ਯੂਸੁਫ਼ ਨੇ ਆਖਿਆ, “ਆਦਮੀਆਂ ਦੇ ਬੋਰੇ ਓਨੇ ਅਨਾਜ ਨਾਲ ਭਰ ਦਿਉ ਜਿੰਨਾ ਇਹ ਚੁੱਕ ਸੱਕਣ। ਅਤੇ ਹਰੇਕ ਆਦਮੀ ਦੇ ਪੈਸੇ ਅਨਾਜ ਦੇ ਨਾਲ ਹੀ ਉਸ ਦੇ ਬੋਰੇ ਵਿੱਚ ਰੱਖ ਦਿਉ। ਸਭ ਤੋਂ ਛੋਟੇ ਭਰਾ ਦੇ ਪੈਸੇ ਵੀ ਉਸ ਦੇ ਬੋਰੇ ਵਿੱਚ ਰੱਖ ਦਿਉ। ਪਰ ਉਸ ਦੇ ਬੋਰੇ ਵਿੱਚ ਮੇਰਾ ਖਾਸ ਚਾਂਦੀ ਦਾ ਪਿਆਲਾ ਵੀ ਰੱਖ ਦਿਉ।” ਇਸ ਲਈ ਨੌਕਰ ਨੇ ਯੂਸੁਫ਼ ਦਾ ਹੁਕਮ ਮੰਨਿਆ।

ਅਗਲੀ ਸਵੇਰ ਸੁਵਖਤੇ ਹੀ, ਭਰਾਵਾਂ ਨੂੰ ਅਤੇ ਉਨ੍ਹਾਂ ਦੇ ਖੋਤਿਆਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਘੱਲ ਦਿੱਤਾ ਗਿਆ। ਉਨ੍ਹਾਂ ਦੇ ਦੂਰ ਜਾਣ ਤੋਂ ਪਹਿਲਾਂ, ਯੂਸੁਫ਼ ਨੇ ਆਪਣੇ ਨੌਕਰ ਨੂੰ ਆਖਿਆ, “ਜਾ ਅਤੇ ਉਨ੍ਹਾਂ ਦਾ ਪਿੱਛਾ ਕਰ। ਉਨ੍ਹਾਂ ਨੂੰ ਰੋਕ ਅਤੇ ਆਖ, ‘ਅਸੀਂ ਤੁਹਾਡਾ ਭਲਾ ਕੀਤਾ! ਪਰ ਤੁਸੀਂ ਸਾਡਾ ਬੁਰਾ ਕਿਉਂ ਕੀਤਾ ਹੈ? ਤੁਸੀਂ ਮੇਰੇ ਸੁਆਮੀ ਦਾ ਚਾਂਦੀ ਦਾ ਪਿਆਲਾ ਕਿਉਂ ਚੋਰੀ ਕੀਤਾ ਹੈ? ਮੇਰਾ ਸੁਆਮੀ ਉਸ ਪਿਆਲੇ ਵਿੱਚ ਮੈਅ ਪੀਂਦਾ ਹੈ ਅਤੇ ਇਸਦੀ ਵਰਤੋਂ ਗੁਪਤ ਗੱਲਾਂ ਜਾਨਣ ਲਈ ਕਰਦਾ ਹੈ। ਜੋ ਕੁਝ ਤੁਸੀਂ ਕੀਤਾ ਹੈ ਉਹ ਗਲਤ ਹੈ।’”

ਇਸ ਲਈ ਨੌਕਰ ਨੇ ਹੁਕਮ ਮੰਨਿਆ ਉਹ ਜਾਕੇ ਉਨ੍ਹਾਂ ਦੇ ਨਾਲ ਰਲ ਗਿਆ ਅਤੇ ਉਨ੍ਹਾਂ ਨੂੰ ਉਹ ਸਭ ਕੁਝ ਕਿਹਾ ਜੋ ਕੁਝ ਯੂਸੁਫ਼ ਨੇ ਉਸ ਨੂੰ ਆਖਣ ਲਈ ਕਿਹਾ ਸੀ।

ਪਰ ਭਰਾਵਾਂ ਨੇ ਨੌਕਰ ਨੂੰ ਆਖਿਆ, “ਰਾਜਪਾਲ ਇਹ ਗੱਲਾਂ ਕਿਉਂ ਆਖਦਾ ਹੈ? ਅਸੀਂ ਅਜਿਹੀ ਕੋਈ ਗੱਲ ਨਹੀਂ ਕੀਤੀ! ਅਸੀਂ ਉਹ ਪੈਸੇ ਵਾਪਸ ਲੈ ਕੇ ਆਏ ਸੀ ਜਿਹੜੇ ਸਾਨੂੰ ਪਹਿਲਾਂ ਆਪਣੇ ਬੋਰਿਆਂ ਵਿੱਚੋਂ ਮਿਲੇ ਸਨ। ਇਸ ਲਈ ਅਸੀਂ ਅਵੱਸ਼ ਹੀ ਤੁਹਾਡੇ ਸੁਆਮੀ ਦੇ ਘਰ ਤੋਂ ਚਾਂਦੀ ਜਾਂ ਸੋਨਾ ਚੋਰੀ ਨਹੀਂ ਕੀਤਾ। ਜੇ ਤੁਹਾਨੂੰ ਸਾਡੇ ਕਿਸੇ ਵੀ ਬੋਰੇ ਵਿੱਚੋਂ ਉਹ ਚਾਂਦੀ ਦਾ ਪਿਆਲਾ ਮਿਲ ਜਾਵੇ ਤਾਂ ਉਹ ਬੰਦਾ ਮਾਰ ਦਿੱਤਾ ਜਾਵੇ। ਤੁਸੀਂ ਉਸ ਨੂੰ ਮਾਰ ਸੱਕਦੇ ਹੋਂ, ਅਤੇ ਅਸੀਂ ਤੁਹਾਡੇ ਗੁਲਾਮ ਬਣ ਜਾਵਾਂਗੇ।”

10 ਨੌਕਰ ਨੇ ਆਖਿਆ, “ਅਸੀਂ ਉਵੇਂ ਹੀ ਕਰਾਂਗੇ ਜਿਵੇਂ ਤੁਸੀਂ ਆਖਦੇ ਹੋ। ਪਰ ਮੈਂ ਉਸ ਬੰਦੇ ਨੂੰ ਮਾਰਾਂਗਾ ਨਹੀਂ। ਜੇ ਮੈਨੂੰ ਚਾਂਦੀ ਦਾ ਪਿਆਲਾ ਮਿਲ ਗਿਆ ਤਾਂ ਉਹ ਆਦਮੀ ਮੇਰਾ ਗੁਲਾਮ ਹੋਵੇਗਾ। ਦੂਸਰੇ ਆਜ਼ਾਦ ਹੋਣਗੇ।”

ਜਾਲ ਸੁੱਟਿਆ ਜਾਂਦਾ ਹੈ; ਬਿਨਯਾਮੀਨ ਫ਼ੜਿਆ ਜਾਂਦਾ ਹੈ

11 ਫ਼ੇਰ ਹਰੇਕ ਭਰਾ ਨੇ ਛੇਤੀ ਨਾਲ ਆਪਣੀ ਬੋਰੀ ਧਰਤੀ ਉੱਤੇ ਢੇਰੀ ਕਰ ਦਿੱਤੀ। 12 ਨੌਕਰ ਨੇ ਬੋਰੀਆਂ ਦੇਖਣੀਆਂ ਸ਼ੁਰੂ ਕਰ ਦਿੱਤੀਆਂ ਉਸ ਨੇ ਸਭ ਤੋਂ ਵੱਡੇ ਭਰਾ ਤੋਂ ਤਲਾਸ਼ੀ ਸ਼ੁਰੂ ਕੀਤੀ ਅਤੇ ਸਭ ਤੋਂ ਛੋਟੇ ਅਤੇ ਖਤਮ ਕੀਤੀ। ਉਸ ਨੇ ਬਿਨਯਾਮੀਨ ਦੀ ਬੋਰੀ ਵਿੱਚ ਪਿਆਲਾ ਲੱਭ ਲਿਆ। 13 ਭਰਾ ਬਹੁਤ ਉਦਾਸ ਹੋ ਗਏ। ਉਨ੍ਹਾਂ ਨੇ ਦੁੱਖ ਨਾਲ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਉਨ੍ਹਾਂ ਨੇ ਬੋਰੀਆਂ ਵਾਪਸ ਖੋਤਿਆਂ ਉੱਤੇ ਲੱਦ ਲਈਆਂ ਅਤੇ ਸ਼ਹਿਰ ਵਾਪਸ ਚੱਲੇ ਗਏ।

14 ਯਹੂਦਾਹ ਅਤੇ ਉਸ ਦੇ ਭਰਾ ਯੂਸੁਫ਼ ਦੇ ਘਰ ਵੱਲ ਵਾਪਸ ਚੱਲੇ ਗਏ। ਯੂਸੁਫ਼ ਹਾਲੇ ਵੀ ਉੱਥੇ ਹੀ ਸੀ। ਭਰਾ ਉਸ ਦੇ ਸਾਹਮਣੇ ਧਰਤੀ ਉੱਤੇ ਡਿੱਗ ਪਏ। 15 ਯੂਸੁਫ਼ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਇਹ ਗੱਲ ਕਿਉਂ ਕੀਤੀ? ਕੀ ਤੁਹਾਨੂੰ ਇਸ ਗੱਲ ਦਾ ਪਤਾ ਨਹੀਂ ਕਿ ਮੇਰੇ ਕੋਲ ਗੁਪਤ ਗੱਲਾਂ ਜਾਨਣ ਦਾ ਖਾਸ ਤਰੀਕਾ ਹੈ। ਕੋਈ ਵੀ ਬੰਦਾ ਇਹ ਗੱਲ ਮੇਰੇ ਨਾਲੋਂ ਬਿਹਤਰ ਨਹੀਂ ਕਰ ਸੱਕਦਾ।”

16 ਯਹੂਦਾਹ ਨੇ ਆਖਿਆ, “ਜਨਾਬ, ਸਾਡੇ ਕਹਿਣ ਲਈ ਕੁਝ ਨਹੀਂ ਬੱਚਿਆਂ! ਇਸ ਨੂੰ ਸਮਝਾਉਣ ਦਾ ਕੋਈ ਰਸਤਾ ਨਹੀਂ। ਅਜਿਹਾ ਕੋਈ ਤਰੀਕਾ ਨਹੀਂ ਜਿਸ ਨਾਲ ਅਸੀਂ ਇਹ ਸਾਬਤ ਕਰ ਸੱਕੀਏ ਕਿ ਅਸੀਂ ਦੋਸ਼ੀ ਨਹੀਂ ਹਾਂ। ਪਰਮੇਸ਼ੁਰ ਨੇ ਸਾਡੀ ਕਿਸੇ ਹੋਰ ਕਰਨੀ ਲਈ ਸਾਡਾ ਨਿਆਂ ਕੀਤਾ ਹੈ। ਇਸ ਲਈ ਅਸੀਂ ਉਸ ਦੇ ਸਮੇਤ, ਤੁਹਾਡੇ ਗੁਲਾਮ ਹੋਵਾਂਗੇ ਜਿਸਦੇ ਬੋਰੇ ਵਿੱਚ ਤੁਹਾਡਾ ਪਿਆਲਾ ਮਿਲਿਆ ਸੀ।”

17 ਪਰ ਯੂਸੁਫ਼ ਨੇ ਆਖਿਆ, “ਮੈਂ ਤੁਹਾਨੂੰ ਬਾਕੀ ਸਾਰਿਆਂ ਨੂੰ ਗੁਲਾਮ ਨਹੀਂ ਬਣਾਵਾਂਗਾ! ਸਿਰਫ਼ ਉਹੀ ਬੰਦਾ ਜਿਸਨੇ ਮੇਰਾ ਪਿਆਲਾ ਚੁਰਾਇਆ ਸੀ, ਮੇਰਾ ਗੁਲਾਮ ਹੋਵੇਗਾ। ਤੁਸੀਂ ਬਾਕੀ ਸਾਰੇ ਜਣੇ ਸ਼ਾਂਤੀ ਨਾਲ ਆਪਣੇ ਪਿਤਾ ਕੋਲ ਜਾ ਸੱਕਦੇ ਹੋ।”

ਯਹੂਦਾਹ ਬਿਨਯਾਮੀਨ ਦੀ ਵਕਾਲਤ ਕਰਦਾ ਹੈ

18 ਫ਼ੇਰ ਯਹੂਦਾਹ ਯੂਸੁਫ਼ ਕੋਲ ਗਿਆ ਅਤੇ ਆਖਿਆ, “ਸ਼੍ਰੀਮਾਨ ਜੀ, ਕਿਰਪਾ ਕਰਕੇ ਮੈਨੂੰ ਆਪਣੇ ਨਾਲ ਸਾਫ਼-ਸਾਫ਼ ਗੱਲ ਕਰਨ ਦਿਉ। ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਂ ਜਾਣਦਾ ਹਾਂ ਕਿ ਤੁਸੀਂ ਖੁਦ ਫ਼ਿਰਊਨ ਵਾਂਗ ਹੋ। 19 ਜਦੋਂ ਅਸੀਂ ਇੱਥੇ ਤੁਹਾਡੇ ਸਾਹਮਣੇ ਸੀ, ਤੁਸੀਂ ਸਾਨੂੰ ਪੁੱਛਿਆ ਸੀ, ‘ਕਿ ਤੁਹਾਡਾ ਪਿਤਾ ਜਾਂ ਭਰਾ ਹੈ?’ 20 ਅਤੇ ਅਸੀਂ ਤੁਹਾਨੂੰ ਜਵਾਬ ਦਿੱਤਾ ਸੀ, ‘ਸਾਡਾ ਪਿਤਾ ਹੈ-ਉਹ ਬਜ਼ੁਰਗ ਹੈ। ਅਤੇ ਸਾਡਾ ਇੱਕ ਛੋਟਾ ਭਰਾ ਵੀ ਹੈ। ਸਾਡਾ ਪਿਤਾ ਉਸ ਪੁੱਤਰ ਨੂੰ ਪਿਆਰ ਕਰਦਾ ਹੈ ਕਿਉਂਕਿ ਉਹ ਉਦੋਂ ਪੈਦਾ ਹੋਇਆ ਸੀ ਜਦੋਂ ਸਾਡਾ ਪਿਤਾ ਬੁੱਢਾ ਹੋ ਚੁੱਕਾ ਸੀ। ਅਤੇ ਉਸ ਛੋਟੇ ਪੁੱਤਰ ਦਾ ਭਰਾ ਮਰ ਚੁੱਕਿਆ ਹੈ। ਇਸ ਲਈ ਇਹ ਉਸ ਮਾਂ ਤੋਂ ਜੰਮਿਆ ਇੱਕੋ-ਇੱਕ ਪੁੱਤਰ ਹੈ ਜਿਹੜਾ ਬੱਚਿਆਂ ਹੈ। ਸਾਡਾ ਪਿਤਾ ਇਸ ਨੂੰ ਬਹੁਤ ਪਿਆਰ ਕਰਦਾ ਹੈ।’ 21 ਫ਼ੇਰ ਤੁਸੀਂ ਸਾਨੂੰ ਆਖਿਆ, ‘ਉਸ ਭਰਾ ਨੂੰ ਮੇਰੇ ਕੋਲ ਲਿਆਉ। ਮੈਂ ਉਸ ਨੂੰ ਦੇਖਣਾ ਚਾਹੁੰਦਾ ਹਾਂ।’ 22 ਅਤੇ ਅਸੀਂ ਤੁਹਾਨੂੰ ਆਖਿਆ ਸੀ, ‘ਉਹ ਛੋਟਾ ਮੁੰਡਾ ਨਹੀਂ ਆ ਸੱਕਦਾ। ਉਹ ਆਪਣੇ ਪਿਤਾ ਕੋਲੋਂ ਵੱਖ ਨਹੀਂ ਹੋ ਸੱਕਦਾ। ਜੇ ਉਸ ਦੇ ਪਿਤਾ ਨੇ ਉਸ ਨੂੰ ਗਵਾ ਲਿਆ, ਤਾਂ ਉਸਦਾ ਪਿਤਾ ਇੰਨਾ ਉਦਾਸ ਹੋ ਜਾਵੇਗਾ ਕਿ ਉਹ ਮਰ ਜਾਵੇਗਾ।’ 23 ਪਰ ਤੁਸੀਂ ਸਾਨੂੰ ਆਖਿਆ ਸੀ, ‘ਤੁਹਾਨੂੰ ਆਪਣੇ ਸਭ ਤੋਂ ਛੋਟੇ ਭਰਾ ਨੂੰ ਲਿਆਉਣਾ ਪਵੇਗਾ ਨਹੀਂ ਤਾਂ ਮੈਂ ਤੁਹਾਨੂੰ ਦੋਬਾਰਾ ਨਹੀਂ ਮਿਲਾਂਗਾ।’ 24 ਇਸ ਲਈ ਅਸੀਂ ਵਾਪਸ ਆਪਣੇ ਪਿਤਾ ਕੋਲ ਗਏ ਅਤੇ ਜੋ ਕੁਝ ਤੁਸੀਂ ਆਖਿਆ ਸੀ ਉਸ ਨੂੰ ਦੱਸਿਆ।

25 “ਬਾਦ ਵਿੱਚ ਸਾਡੇ ਪਿਤਾ ਨੇ ਆਖਿਆ, ‘ਵਾਪਸ ਜਾਓ ਅਤੇ ਸਾਡੇ ਲਈ ਹੋਰ ਅਨਾਜ ਖਰੀਦ ਕੇ ਲਿਆਉ।’ 26 ਅਸੀਂ ਆਪਣੇ ਪਿਤਾ ਨੂੰ ਆਖਿਆ, ‘ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਨਹੀਂ ਜਾ ਸੱਕਦੇ। ਰਾਜਪਾਲ ਨੇ ਆਖਿਆ ਸੀ ਕਿ ਉਹ ਸਾਨੂੰ ਓਨਾ ਚਿਰ ਨਹੀਂ ਮਿਲੇਗਾ ਜਦੋਂ ਤੱਕ ਉਹ ਸਾਡੇ ਸਭ ਤੋਂ ਛੋਟੇ ਭਰਾ ਨੂੰ ਦੇਖ ਨਹੀਂ ਲੈਂਦਾ।’ 27 ਫ਼ੇਰ ਮੇਰੇ ਪਿਤਾ ਨੇ ਮੈਨੂੰ ਆਖਿਆ, ‘ਤੂੰ ਜਾਣਦਾ ਹੈਂ ਕਿ ਮੇਰੀ ਪਤਨੀ ਰਾਖੇਲ ਤੋਂ ਮੇਰੇ ਦੋ ਪੁੱਤਰ ਸਨ। 28 ਮੈਂ ਇੱਕ ਪੁੱਤਰ ਨੂੰ ਜਾਣ ਦਿੱਤਾ ਅਤੇ ਉਹ ਕਿਸੇ ਜੰਗਲੀ ਜਾਨਵਰ ਹੱਥੋਂ ਮਾਰਿਆ ਗਿਆ। ਅਤੇ ਮੈਂ ਉਸ ਨੂੰ ਉਸਤੋਂ ਮਗਰੋਂ ਨਹੀਂ ਦੇਖਿਆ। 29 ਜੇ ਤੁਸੀਂ ਮੇਰੇ ਦੂਸਰੇ ਪੁੱਤਰ ਨੂੰ ਵੀ ਮੇਰੇ ਕੋਲੋਂ ਲੈ ਜਾਵੋਂਗੇ, ਅਤੇ ਜੇ ਉਸ ਨੂੰ ਕੁਝ ਹੋ ਗਿਆ ਤਾਂ ਮੈਂ ਬੁੱਢਾ ਅਤੇ ਉਦਾਸ ਹੀ ਮਰ ਜਾਵਾਂਗਾ।’ 30 ਹੁਣ, ਜ਼ਰਾ ਸੋਚੋ ਕਿ ਜੇ ਅਸੀਂ ਆਪਣੇ ਸਭ ਤੋਂ ਛੋਟੇ ਭਰਾ ਤੋਂ ਬਗੈਰ ਘਰ ਜਾਂਦੇ ਹਾਂ ਤਾਂ ਕੀ ਹੋਵੇਗਾ ਇਹ ਮੁੰਡਾ ਸਾਡੇ ਪਿਤਾ ਦੀ ਜ਼ਿੰਦਗੀ ਲਈ ਸਭ ਤੋਂ ਮਹੱਤਵਪੂਰਣ ਹੈ। 31 ਸਾਡਾ ਪਿਤਾ ਇਸ ਮੁੰਡੇ ਨੂੰ ਸਾਡੇ ਨਾਲ ਨਾ ਦੇਖਕੇ ਮਰ ਜਾਵੇਗਾ, ਅਤੇ ਇਹ ਦੋਸ਼ ਸਾਡਾ ਹੋਵੇਗਾ। ਅਸੀਂ ਆਪਣੇ ਪਿਤਾ ਨੂੰ ਬਹੁਤ ਸੋਗੀ ਮਨੁੱਖ ਵਾਂਗ ਕਬਰ ਵਿੱਚ ਪਹੁੰਚਾ ਦਿਆਂਗੇ।

32 “ਮੈਂ ਇਸ ਮੁੰਡੇ ਦੀ ਜੁੰਮੇਵਾਰੀ ਚੁੱਕੀ ਸੀ। ਮੈਂ ਆਪਣੇ ਪਿਤਾ ਨੂੰ ਆਖਿਆ ਸੀ, ‘ਜੇ ਮੈਂ ਇਸ ਨੂੰ ਤੁਹਾਡੇ ਕੋਲ ਵਾਪਸ ਨਾ ਲੈ ਕੇ ਆਇਆ ਤਾਂ ਤੁਸੀਂ ਮੈਨੂੰ ਉਮਰ ਭਰ ਲਈ ਦੋਸ਼ੀ ਠਹਿਰਾ ਸੱਕਦੇ ਹੋ।’ 33 ਇਸ ਲਈ ਹੁਣ ਮੈਂ ਤੁਹਾਨੂੰ ਬੇਨਤੀ ਕਰਦਾ ਹਾਂ, ਕਿਰਪਾ ਕਰਕੇ ਇਸ ਮੁੰਡੇ ਨੂੰ ਆਪਣੇ ਭਰਾਵਾਂ ਨਾਲ ਵਾਪਸ ਜਾਣ ਦਿਉ। ਅਤੇ ਮੈਂ ਇੱਥੇ ਠਹਿਰਾਂਗਾ ਅਤੇ ਤੁਹਾਡਾ ਗੁਲਾਮ ਬਣਾਂਗਾ। 34 ਜੇ ਇਹ ਮੁੰਡਾ ਮੇਰੇ ਨਾਲ ਨਹੀਂ ਹੋਵੇਗਾ ਤਾਂ ਮੈਂ ਆਪਣੇ ਪਿਤਾ ਦਾ ਸਾਹਮਣਾ ਨਹੀਂ ਕਰ ਸੱਕਦਾ। ਮੈਂ ਇਸ ਗੱਲੋਂ ਬਹੁਤ ਭੈਭੀਤ ਹਾਂ ਕਿ ਮੇਰੇ ਪਿਤਾ ਦਾ ਕੀ ਹੋਵੇਗਾ।”

ਮਰਕੁਸ 14

ਯਹੂਦੀ ਆਗੂਆਂ ਦੀ ਯਿਸੂ ਨੂੰ ਮਾਰਨ ਦੀ ਵਿਉਂਤ(A)

14 ਦੋ ਦਿਨਾਂ ਪਿੱਛੋਂ ਪਸਾਹ ਅਤੇ ਪਤੀਰੀ ਰੋਟੀ ਦਾ ਤਿਉਹਾਰ ਆਉਣ ਵਾਲਾ ਸੀ। ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਹੋਏ ਸਨ ਕਿ ਉਸ ਨੂੰ ਕਿਵੇ ਛੱਲ ਨਾਲ ਫ਼ੜ ਸੱਕਣ ਤੇ ਜਾਨੋਂ ਮਾਰ ਸੁੱਟਣ? ਉਨ੍ਹਾਂ ਆਖਿਆ, “ਪਰ ਅਸੀਂ ਤਿਉਹਾਰ ਦੇ ਸਮੇਂ ਉਸ ਨੂੰ ਨਹੀਂ ਮਾਰ ਸੱਕਦੇ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਲੋਕ ਕ੍ਰੋਧ ਵਿੱਚ ਆਕੇ ਕੋਈ ਹੰਗਾਮਾ ਕਰਨ।”

ਇੱਕ ਔਰਤ ਵੱਲੋਂ ਵਿਸ਼ੇਸ਼ ਕਾਰਜ(B)

ਜਦੋਂ ਯਿਸੂ ਬੈਤਅਨੀਆ ਵਿੱਚ ਸੀ ਤਾਂ ਉਹ ਸ਼ਮਊਨ ਕੋੜ੍ਹੀ ਦੇ ਘਰ ਰੋਟੀ ਖਾਣ ਬੈਠਾ ਸੀ ਤਾਂ ਇੱਕ ਔਰਤ ਉਸ ਕੋਲ ਆਈ। ਉਹ ਇੱਕ ਸੰਗਮਰਮਰ ਦੀ ਸ਼ੀਸ਼ੀ ਵਿੱਚ ਕੀਮਤੀ ਅਤਰ ਭਰਕੇ ਲਿਆਈ। ਇਹ ਅਤਰ ਨਾਰਡ [a] ਪੌਦੇ ਤੋਂ ਬਣਿਆ ਹੋਇਆ ਸੀ। ਉਸ ਔਰਤ ਨੇ ਸ਼ੀਸ਼ੀ ਖੋਲ੍ਹੀ ਅਤੇ ਯਿਸੂ ਦੇ ਸਿਰ ਉੱਤੇ ਡੋਲ੍ਹ ਦਿੱਤੀ।

ਉੱਥੇ ਬੈਠੇ ਕੁਝ ਲੋਕਾਂ ਨੇ ਇਹ ਵੇਖਿਆ ਅਤੇ ਗੁੱਸੇ ਹੋ ਗਏ ਅਤੇ ਇਸ ਬਾਰੇ ਇੱਕ ਦੂਜੇ ਨਾਲ ਗੱਲਾਂ ਕਰਨ ਲੱਗੇ। ਉਨ੍ਹਾਂ ਆਖਿਆ, “ਉਸਨੇ ਇਸ ਅਤਰ ਨੂੰ ਫ਼ਿਜ਼ੂਲ ਕਿਉਂ ਗੁਆਇਆ। ਕਿਉਂਕਿ ਉਹ ਅਤਰ ਇੱਕ ਸਾਲ ਦੀ ਮਿਹਨਤ ਜਿੰਨਾ ਸੀ ਅਤੇ ਇਹੀ ਅਤਰ ਵੇਚਕੇ ਇਸਦਾ ਪੈਸਾ ਗਰੀਬ ਲੋਕਾਂ ਵਿੱਚ ਵੰਡਿਆ ਜਾਂਦਾ ਤਾਂ ਕਿੰਨਾ ਚੰਗਾ ਹੁੰਦਾ।” ਇਉਂ ਉਹ ਉਸ ਔਰਤ ਦੀ ਅਲੋਚਨਾ ਕਰਨ ਲੱਗੇ।

ਯਿਸੂ ਨੇ ਆਖਿਆ, “ਤੁਸੀਂ ਉਸ ਨੂੰ ਇੱਕਲਾ ਛੱਡ ਦਿਉ। ਤੁਸੀਂ ਉਸ ਨੂੰ ਪਰੇਸ਼ਾਨ ਨਾ ਕਰੋ? ਉਸ ਨੇ ਮੇਰੇ ਲਈ ਬਹੁਤ ਚੰਗਾ ਕੰਮ ਕੀਤਾ ਹੈ। ਕਿਉਂਕਿ ਗਰੀਬ ਲੋਕ ਤਾਂ ਹਮੇਸ਼ਾ ਤੁਹਾਡੇ ਨਾਲ ਹੀ ਰਹਿਣੇ ਹਨ ਅਤੇ ਤੁਸੀਂ ਜਦੋਂ ਚਾਹੋਂ ਉਨ੍ਹਾਂ ਦੀ ਮਦਦ ਕਰ ਸੱਕਦੇ ਹੋ। ਪਰ ਮੈਂ ਹਮੇਸ਼ਾ ਤੁਹਾਡੇ ਕੋਲ ਨਹੀਂ ਰਹਿਣਾ। ਉਸ ਨੇ ਉਹੀ ਕੀਤਾ ਜੋ ਉਹ ਕਰ ਸੱਕਦੀ ਸੀ। ਉਸ ਨੇ ਮੇਰੇ ਸਰੀਰ ਤੇ ਅਤਰ ਡੋਲ੍ਹਿਆ। ਉਸ ਨੇ ਇਹ ਮਿਥੇ ਸਮੇਂ ਤੋਂ ਪਹਿਲਾਂ ਮੇਰੇ ਸਰੀਰ ਨੂੰ ਦਫ਼ਨਾਉਣ ਲਈ ਤਿਆਰ ਕੀਤਾ ਹੈ। ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਸਾਰੀ ਦੁਨੀਆਂ ਵਿੱਚ ਜਿੱਥੇ ਕਿਤੇ ਖੁਸ਼ਖਬਰੀ ਦਾ ਪ੍ਰਚਾਰ ਹੋਵੇਗਾ, ਉੱਥੇ ਜੋ ਇਸਨੇ ਕੀਤਾ ਹੈ, ਉਹ ਵੀ ਕਿਹਾ ਜਾਵੇਗ਼ਾ। ਅਤੇ ਲੋਕ ਇਸ ਨੂੰ ਯਾਦ ਰੱਖਣਗੇ।”

ਯਹੂਦਾ ਦਾ ਯਿਸੂ ਦੇ ਦੁਸ਼ਮਨਾਂ ਦੀ ਮਦਦ ਲਈ ਰਾਜ਼ੀ ਹੋਣਾ(C)

10 ਤਦ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਪ੍ਰਧਾਨ ਜਾਜਕ ਕੋਲ ਗਿਆ। ਉਸਦਾ ਨਾਂ ਸੀ ਯਹੂਦਾ ਇਸੱਕਰਿਯੋਤੀ ਅਤੇ ਇਹ ਯਿਸੂ ਨੂੰ ਉਸ ਦੇ ਵੈਰੀਆਂ ਦੇ ਹਵਾਲੇ ਕਰਨਾ ਚਾਹੁੰਦਾ ਸੀ। 11 ਪ੍ਰਧਾਨ ਜਾਜਕ ਇਹ ਸੁਣਕੇ ਬੜੇ ਖੁਸ਼ ਹੋਏ ਅਤੇ ਇਸ ਬਦਲੇ ਉਸ ਨੂੰ ਰੁਪਏ ਦੇਣ ਦਾ ਵਾਅਦਾ ਕੀਤਾ। ਇਸ ਲਈ ਉਹ ਉਸ ਨੂੰ ਫ਼ੜਵਾਉਣ ਦਾ ਮੌਕਾ ਵੇਖ ਰਿਹਾ ਸੀ।

ਪਸਾਹ ਦਾ ਭੋਜਨ(D)

12 ਇਹ ਯਹੂਦੀਆਂ ਦੇ ਪਤੀਰੀ ਰੋਟੀ ਦੇ ਤਿਉਹਾਰ ਦਾ ਪਹਿਲਾ ਦਿਨ ਸੀ। ਇਹ ਉਹ ਸਮਾਂ ਸੀ ਜਦੋਂ ਉਹ ਪਸਾਹ ਦੇ ਲੇਲੇ ਦਾ ਬਲਿਦਾਨ ਕਰਦੇ ਸਨ। ਤਾਂ ਯਿਸੂ ਦੇ ਚੇਲਿਆਂ ਨੇ ਉਸ ਨੂੰ ਕਿਹਾ, “ਤੂੰ ਸਾਥੋਂ ਆਪਣੇ ਵਾਸਤੇ ਪਸਾਹ ਦਾ ਭੋਜਨ ਕਿੱਥੇ ਤਿਆਰ ਕਰਾਉਣਾ ਚਾਹੁੰਨਾ ਹੈਂ?”

13 ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਸ਼ਹਿਰ ਵਿੱਚ ਭੇਜਿਆ। ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਸ਼ਹਿਰ ਵੱਲ ਜਾਵੋ ਅਤੇ ਉੱਥੇ ਤੁਹਾਨੂੰ ਇੱਕ ਆਦਮੀ ਪਾਣੀ ਦਾ ਘੜਾ ਚੁੱਕੀ ਆਉਂਦਾ ਮਿਲੇਗਾ। ਉਹ ਤੁਹਾਡੇ ਵੱਲ ਆਵੇਗਾ ਤਾਂ ਤੁਸੀਂ ਉਸ ਦੇ ਪਿੱਛੇ ਹੋ ਤੁਰਨਾ। 14 ਉਹ ਆਦਮੀ ਇੱਕ ਘਰ ਵੱਲ ਜਾਵੇਗਾ ਤਾਂ ਤੁਸੀਂ ਵੀ ਉਸ ਘਰ ਵਿੱਚ ਜਾਕੇ ਉਸ ਦੇ ਮਾਲਕ ਨੂੰ ਆਖਣਾ, ‘ਗੁਰੂ ਪੁੱਛਦਾ ਹੈ ਕਿ ਸਾਨੂੰ ਉਹ ਕਮਰਾ ਵਿਖਾ ਜਿੱਥੇ ਉਹ ਅਤੇ ਉਸ ਦੇ ਚੇਲੇ ਪਸਾਹ ਦਾ ਭੋਜਨ ਖਾ ਸੱਕਣ।’ 15 ਮਾਲਕ ਤੁਹਾਨੂੰ ਘਰ ਦੇ ਉੱਪਰ ਇੱਕ ਵੱਡਾ ਚੁਬਾਰਾ ਵਿਖਾਏਗਾ। ਅਤੇ ਉਹ ਕਮਰਾ ਜੋ ਸਾਡੇ ਲਈ ਤਿਆਰ ਹੈ, ਉੱਥੇ ਜਾਕੇ ਸਾਡੇ ਲਈ ਭੋਜਨ ਦੀ ਤਿਆਰੀ ਕਰੋ।”

16 ਇਉਂ ਉਹ ਚੇਲੇ ਸ਼ਹਿਰ ਵੱਲ ਨੂੰ ਚੱਲੇ ਗਏ। ਸਭ ਕੁਝ ਉਵੇਂ ਹੀ ਵਾਪਰਿਆ ਜਿਵੇਂ ਯਿਸੂ ਨੇ ਆਖਿਆ ਸੀ, ਅਤੇ ਉੱਥੇ ਹੀ ਚੇਲਿਆਂ ਨੇ ਪਸਾਹ ਦੇ ਭੋਜਨ ਦੀ ਤਿਆਰੀ ਕੀਤੀ।

17 ਸ਼ਾਮ ਦੇ ਵੇਲੇ, ਯਿਸੂ ਬਾਰ੍ਹਾਂ ਰਸੂਲਾਂ ਨਾਲ ਆਇਆ। 18 ਜਦੋਂ ਉਹ ਸਾਰੇ ਖਾ ਰਹੇ ਸਨ ਤਾਂ ਉਸ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਤੁਹਾਡੇ ਵਿੱਚੋਂ ਜੋ ਇੱਕ ਮੇਰੇ ਨਾਲ ਖਾ ਰਿਹਾ ਹੈ ਮੈਨੂੰ ਫ਼ੜਵਾਏਗਾ।”

19 ਚੇਲੇ ਇਹ ਸੁਣਕੇ ਬੜੇ ਉਦਾਸ ਹੋਏ ਅਤੇ ਹਰ ਇੱਕ ਨੇ ਉਸ ਨੂੰ ਕਿਹਾ, “ਯਕੀਨਨ, ਮੈਂ ਉਹ ਨਹੀਂ ਹਾਂ! ਕੀ ਇਹ ਸੱਚ ਨਹੀਂ ਹੈ?”

20 ਉਸ ਨੇ ਆਖਿਆ, “ਜੋ ਆਦਮੀ ਮੈਨੂੰ ਫ਼ੜਵਾਏਗਾ ਉਹ ਤੁਹਾਡੇ ਬਾਰ੍ਹਾਂ ਵਿੱਚੋਂ ਹੀ ਹੈ ਅਤੇ ਇਹ ਉਹ ਹੈ ਜੋ ਮੇਰੇ ਭੋਜਨ ਵਾਲੇ ਕਟੋਰੇ ਵਿੱਚ ਮੇਰੇ ਨਾਲ ਹੀ ਹੱਥ ਪਾਉਂਦਾ ਹੈ। 21 ਜਿਵੇਂ ਕਿ ਪੋਥੀਆਂ ਉਸ ਬਾਰੇ ਆਖਦੀਆਂ ਹਨ, ਮਨੁੱਖ ਦਾ ਪੁੱਤਰ ਮਰ ਜਾਵੇਗਾ। ਪਰ ਜੋ ਉਸ ਨੂੰ ਫ਼ੜਵਾਏਗਾ ਉਸ ਲਈ ਇਹ ਬਹੁਤ ਬੁਰਾ ਹੋਵੇਗਾ। ਇਸ ਨਾਲੋਂ ਤਾਂ ਚੰਗਾ ਸੀ ਕਿ ਉਹ ਆਦਮੀ ਪੈਦਾ ਹੀ ਨਾ ਹੁੰਦਾ।”

ਪ੍ਰਭੂ ਦਾ ਰਾਤ ਦਾ ਖਾਣਾ(E)

22 ਜਦੋਂ ਉਹ ਭੋਜਨ ਖਾ ਰਹੇ ਸਨ, ਯਿਸੂ ਨੇ ਰੋਟੀ ਲਈ ਤੇ ਪਰਮੇਸ਼ੁਰ ਦਾ ਧੰਨਵਾਦ ਕਰਕੇ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤੀ ਅਤੇ ਆਖਿਆ, “ਇਹ ਰੋਟੀ ਫ਼ੜੋ ਤੇ ਖਾ ਲਵੋ, ਇਹ ਮੇਰਾ ਸਰੀਰ ਹੈ।”

23 ਤਾਂ ਉਸ ਨੇ ਦਾਖ ਰਸ ਦਾ ਪਿਆਲਾ ਫ਼ੜਿਆ ਤੇ ਫ਼ਿਰ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਆਪਣੇ ਚੇਲਿਆਂ ਨੂੰ ਦੇ ਦਿੱਤਾ। ਸਭ ਨੇ ਉਸ ਪਿਆਲੇ ਵਿੱਚੋਂ ਉਹ ਦਾਖ ਰਸ ਪੀਤਾ। 24 ਤਾਂ ਫ਼ਿਰ ਯਿਸੂ ਨੇ ਆਖਿਆ, “ਇਹ ਮੇਰਾ ਲਹੂ ਹੈ, ਇਹ ਨਵੇਂ ਕਰਾਰ ਦਾ ਲਹੂ ਹੈ ਜਿਹੜਾ ਬਹੁਤਿਆਂ ਲਈ ਵਹਾਇਆ ਗਿਆ ਹੈ 25 ਮੈਂ ਤੁਹਾਨੂੰ ਸੱਚ ਆਖਦਾ ਹੈ। ਮੈਂ ਇਹ ਦਾਖ ਰਸ ਫ਼ੇਰ ਨਹੀਂ ਪੀਵਾਂਗਾ, ਜਦੋਂ ਮੈਂ ਇਹ ਪਰਮੇਸ਼ੁਰ ਦੇ ਰਾਜ ਵਿੱਚ ਪੀਵਾਂਗਾ ਇਹ ਨਵਾਂ ਹੋਵੇਗਾ।”

26 ਉਨ੍ਹਾਂ ਸਾਰਿਆਂ ਨੇ ਮਿਲਕੇ ਇੱਕ ਗੀਤ ਗਾਇਆ ਅਤੇ ਜੈਤੂਨ ਦੇ ਪਹਾੜ ਨੂੰ ਚੱਲੇ ਗਏ।

ਯਿਸੂ ਦੇ ਸਾਰੇ ਚੇਲੇ ਉਸ ਨੂੰ ਛੱਡ ਜਾਣਗੇ(F)

27 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਆਖਿਆ, “ਤੁਸੀਂ ਸਾਰੇ ਆਪਣਾ ਵਿਸ਼ਵਾਸ ਗੁਆ ਲਵੋਂਗੇ। ਇਉਂ ਪੋਥੀਆਂ ਵਿੱਚ ਲਿਖਿਆ ਹੋਇਆ ਹੈ:

‘ਮੈਂ ਆਜੜੀ ਨੂੰ ਮਾਰਾਂਗਾ
    ਅਤੇ ਭੇਡਾਂ ਖਿੱਲਰ ਜਾਣਗੀਆਂ।’ (G)

28 ਪਰ ਮੈਂ ਮਰਨ ਉਪਰੰਤ ਮੁੜ ਜਿਉਣ ਦੇ ਬਾਦ ਗਲੀਲ ਨੂੰ ਜਾਵਾਂਗਾ। ਤੁਹਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਮੈਂ ਉੱਥੇ ਹੋਵਾਂਗਾ।”

29 ਤਾਂ ਪਤਰਸ ਨੇ ਕਿਹਾ, “ਭਾਵੇ ਸਾਰੇ ਚੇਲੇ ਤੇਰੇ ਤੇ ਵਿਸ਼ਵਾਸ ਛੱਡ ਦੇਣ ਪਰ ਮੈਂ ਨਹੀਂ ਛੱਡਾਂਗਾ।”

30 ਯਿਸੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਦੱਸਦਾ ਹਾਂ। ਅੱਜ ਹੀ, ਰਾਤ ਕੁੱਕੜ ਦੇ ਦੋ ਵਾਰ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰ ਆਖੇਂਗਾ ਕਿ ਤੂੰ ਮੈਨੂੰ ਨਹੀਂ ਜਾਣਦਾ?”

31 ਪਰ ਪਤਰਸ ਨੇ ਬੜੀ ਦ੍ਰਿੜ੍ਹਤਾ ਨਾਲ ਕਿਹਾ, “ਮੈਂ ਇਹ ਕਦੇ ਵੀ ਨਹੀਂ ਕਹਾਂਗਾ।” ਬਾਕੀ ਸਾਰੇ ਚੇਲਿਆਂ ਨੇ ਵੀ ਉਸ ਨੂੰ ਇੰਝ ਹੀ ਆਖਿਆ।

ਯਿਸੂ ਦਾ ਇੱਕਲਿਆਂ ਪ੍ਰ੍ਰਾਰਥਨਾ ਕਰਨਾ(H)

32 ਫ਼ੇਰ ਯਿਸੂ ਆਤੇ ਉਸ ਦੇ ਚੇਲੇ ਗਥਸਮਨੀ ਨਾਂ ਦੀ ਇੱਕ ਜਗ੍ਹਾ ਤੇ ਗਏ ਅਤੇ ਉਸ ਨੇ ਜਾਕੇ ਆਪਣੇ ਚੇਲਿਆਂ ਨੂੰ ਕਿਹਾ, “ਜਦ ਤੱਕ ਮੈਂ ਪ੍ਰਾਰਥਨਾ ਕਰਦਾ ਹਾਂ ਤੁਸੀਂ ਇੱਥੇ ਬੈਠੋ।” 33 ਉਸ ਨੇ ਪਤਰਸ, ਯਾਕੂਬ ਅਤੇ ਯੂਹੰਨਾ ਨੂੰ ਆਪਣੇ ਨਾਲ ਆਉਣ ਨੂੰ ਕਿਹਾ। ਉਹ ਬੜਾ ਦੁੱਖੀ ਅਤੇ ਦਿਲਗੀਰ ਸੀ। 34 ਉਸ ਨੇ ਉਨ੍ਹਾਂ ਨੂੰ ਕਿਹਾ, “ਮੇਰਾ ਆਤਮਾ ਬੜਾ ਉਦਾਸ ਬਲਕਿ ਮਰਨ ਤੀਕਰ ਉਦਾਸ ਹੈ। ਇੱਥੇ ਠਹਿਰੋ ਅਤੇ ਜਾਗਦੇ ਰਹੋ।”

35 ਯਿਸੂ ਉਨ੍ਹਾਂ ਤੋਂ ਥੋੜੀ ਹੋਰ ਅੱਗੇ ਗਿਆ ਅਤੇ ਜ਼ਮੀਨ ਤੇ ਡਿੱਗਕੇ ਪ੍ਰਾਰਥਨਾ ਕੀਤੀ ਕਿ ਜੇ ਸੰਭਵ ਹੋਵੇ ਤਾਂ ਦੁੱਖਾਂ ਦਾ ਇਹ ਸਮਾਂ ਉਸ ਤੋਂ ਟਲ ਜਾਵੇ। 36 ਉਸ ਨੇ ਪ੍ਰਾਰਥਨਾ ਕੀਤੀ, “ਅੱਬਾ, ਹੇ ਪਿਤਾ, ਤੂੰ ਸਭ ਕੁਝ ਕਰ ਸੱਕਦਾ ਹੈਂ। ਇਹ ਦੁੱਖਾਂ ਦਾ ਪਿਆਲਾ ਮੈਥੋਂ ਲੈ ਲਵੋ, ਤਾਂ ਵੀ ਜੋ ਮੈਂ ਚਾਹੁੰਦਾ ਹਾਂ ਉਹ ਨਾ ਹੋਵੇ, ਉਹੀ ਹੋਵੇ ਜੋ ਤੈਨੂੰ ਭਾਵੇ।”

37 ਤਾਂ ਉਹ ਵਾਪਸ ਆਪਣੇ ਚੇਲਿਆਂ ਕੋਲ ਗਿਆ ਤਾਂ ਉਸ ਨੇ ਉਨ੍ਹਾਂ ਨੂੰ ਸੁੱਤਿਆਂ ਹੋਇਆਂ ਵੇਖਿਆ। ਉਸ ਨੇ ਪਤਰਸ ਨੂੰ ਕਿਹਾ, “ਹੇ ਸ਼ਮਊਨ! ਕੀ ਤੂੰ ਸੌਂ ਰਿਹਾ ਹੈ? ਕੀ ਤੂੰ ਇੱਕ ਘੜੀ ਵਾਸਤੇ ਨਹੀਂ ਜਾਗ ਸੱਕਦਾ? 38 ਜਾਗਦੇ ਰਹੋ ਅਤੇ ਪ੍ਰਾਰਥਨਾ ਕਰੋ ਕਿ ਤੁਸੀਂ ਪਰਤਾਵੇ ਵਿੱਚ ਨਾ ਪਵੋ। ਆਤਮਾ ਤਾਂ ਇਛੁਕ ਹੈ, ਪਰ ਤੁਹਾਡਾ ਸਰੀਰ ਕਮਜ਼ੋਰ ਹੈ”

39 ਯਿਸੂ ਫ਼ਿਰ ਉੱਥੇ ਗਿਆ ਅਤੇ ਉਹੋਂ ਗੱਲਾਂ ਆਖਕੇ ਪ੍ਰਾਰਥਨਾ ਕੀਤੀ। 40 ਫ਼ਿਰ ਉਹ ਚੇਲਿਆਂ ਕੋਲ ਵਾਪਸ ਆਇਆ ਅਤੇ ਉਸ ਨੇ ਫ਼ਿਰ ਉਨ੍ਹਾਂ ਨੂੰ ਸੁੱਤਿਆਂ ਪਾਇਆ। ਉਨ੍ਹਾਂ ਦੀਆਂ ਅੱਖਾਂ ਬੜੀਆਂ ਥੱਕੀਆਂ ਹੋਈਆਂ ਸਨ ਅਤੇ ਉਹ ਨਹੀਂ ਜਾਣਦੇ ਸਨ ਕਿ ਉਹ ਉਸ ਨੂੰ ਕੀ ਜਵਾਬ ਦੇਣ।

41 ਜਦੋਂ ਯਿਸੂ ਤੀਜੀ ਵਾਰ ਪ੍ਰਾਰਥਨਾ ਕਰਕੇ ਆਪਣੇ ਚੇਲਿਆਂ ਕੋਲ ਵਾਪਸ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, “ਤੁਸੀਂ ਅਜੇ ਵੀ ਸੌ ਰਹੇ ਤੇ ਅਰਾਮ ਕਰ ਰਹੇ ਹੋ? ਬਹੁਤ ਹੋ ਗਿਆ। ਮਨੁੱਖ ਦੇ ਪੁੱਤਰ ਦਾ ਪਾਪੀਆਂ ਹੱਥੀ ਫ਼ੜਵਾਏ ਜਾਣ ਦਾ ਵਕਤ ਆ ਗਿਆ ਹੈ। 42 ਉੱਠੋ, ਸਾਨੂੰ ਚੱਲਣਾ ਚਾਹੀਦਾ ਹੈ! ਵੇਖੋ! ਮੇਰਾ ਫ਼ੜਵਾਉਣ ਵਾਲਾ ਨੇੜੇ ਆ ਗਿਆ ਹੈ!”

ਯਿਸੂ ਦਾ ਗਿਰਫ਼ਤਾਰ ਹੋਣਾ(I)

43 ਜਦੋਂ ਉਹ ਅਜੇ ਬੋਲ ਹੀ ਰਿਹਾ ਸੀ ਕਿ ਯਹੂਦਾ ਉੱਥੇ ਪਹੁੰਚਿਆ, ਜਿਹੜਾ ਕਿ ਬਾਰ੍ਹਾਂ ਰਸੂਲਾਂ ਵਿੱਚੋਂ ਇੱਕ ਸੀ, ਅਤੇ ਉਸ ਨਾਲ ਹੋਰ ਵੀ ਬੜੇ ਲੋਕ ਸਨ ਜੋ ਕਿ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਵੱਲੋਂ ਭੇਜੇ ਗਏ ਸਨ, ਅਤੇ ਉਨ੍ਹਾਂ ਦੇ ਹੱਥਾਂ ਵਿੱਚ ਤਲਵਾਰਾਂ ਅਤੇ ਡਾਂਗਾਂ ਫ਼ੜੀਆਂ ਸਨ।

44 ਯਹੂਦਾ ਨੇ ਲੋਕਾਂ ਨੂੰ ਇਹ ਸੰਕੇਤ ਦੇਣ ਵਾਸਤੇ ਕਿ ਕੌਣ ਯਿਸੂ ਹੈ, ਵਿਉਂਤ ਬਣਾਈ। ਉਸ ਨੇ ਆਖਿਆ, “ਜਿਸ ਆਦਮੀ ਨੂੰ ਮੈਂ ਚੁੰਮਾਂ, ਉਹੀ ਯਿਸੂ ਹੈ। ਤੁਸੀਂ ਉਸ ਨੂੰ ਗਿਰਫ਼ਤਾਰ ਕਰ ਲੈਣਾ ਅਤੇ ਉਸ ਨੂੰ ਨਿਗਰਾਨੀ ਨਾਲ ਲੈ ਜਾਣਾ।” 45 ਤਾਂ ਯਹੂਦਾ ਸਿੱਧਾ ਉਸ ਕੋਲ ਆਇਆ ਅਤੇ ਆਖਿਆ, “ਗੁਰੂ!” ਅਤੇ ਫ਼ਿਰ ਉਸ ਨੇ ਯਿਸੂ ਨੂੰ ਚੁੰਮਿਆ। 46 ਤਦ ਲੋਕਾਂ ਨੇ ਉਸ ਨੂੰ ਬੰਨ੍ਹ ਦਿੱਤਾ ਅਤੇ ਗਿਰਫ਼ਤਾਰ ਕਰ ਲਿਆ। 47 ਯਿਸੂ ਦੇ ਚੇਲਿਆਂ ਵਿੱਚੋਂ ਕੋਲ ਖੜੋਤੇ ਇੱਕ ਚੇਲੇ ਨੇ ਆਪਣੀ ਤਲਵਾਰ ਕੱਢੀ ਅਤੇ ਤਲਵਾਰ ਸਰਦਾਰ ਜਾਜਕ ਦੇ ਇੱਕ ਨੋਕਰ ਦੇ ਕੰਨ ਤੇ ਚਲਾਈ ਅਤੇ ਆਪਣੀ ਤਲਵਾਰ ਨਾਲ ਉਸਦਾ ਕੰਨ ਵੱਢ ਦਿੱਤਾ।

48 ਤਦ ਯਿਸੂ ਨੇ ਕਿਹਾ, “ਕੀ ਤੁਸੀਂ ਮੈਨੂੰ ਮੁਜਰਮ ਕਰਾਰ ਦਿੰਦੇ ਹੋ ਅਤੇ ਮੈਨੂੰ ਤਲਵਾਰਾਂ ਅਤੇ ਡਾਂਗਾ ਨਾਲ ਗਿਰਫ਼ਤਾਰ ਕਰਨ ਆਏ ਹੋ? 49 ਪਰ ਰੋਜ਼ ਮੈਂ ਮੰਦਰ ਵਿੱਚ ਉਪਦੇਸ਼ ਦਿੰਦਾ, ਤੁਹਾਡੇ ਨਾਲ ਹੁੰਦਾ ਸੀ, ਪਰ ਤੁਸੀਂ ਮੈਨੂੰ ਗਿਰਫ਼ਤਾਰ ਨਹੀਂ ਕੀਤਾ? ਪਰ ਇਹ ਸਭ ਇਸ ਲਈ ਹੋਇਆ ਕਿ ਪੋਥੀਆਂ ਪੂਰੀਆਂ ਹੋਣ।” 50 ਫ਼ਿਰ ਉਸ ਦੇ ਸਾਰੇ ਚੇਲਿਆਂ ਨੇ ਉਸ ਨੂੰ ਛੱਡ ਦਿੱਤਾ ਅਤੇ ਨੱਸ ਗਏ।

51 ਇੱਕ ਜਵਾਨ ਆਦਮੀ ਯਿਸੂ ਦਾ ਪਿੱਛਾ ਕਰ ਰਿਹਾ ਸੀ ਉਸ ਨੇ ਸਿਰਫ਼ ਇੱਕ ਪਤਲਾ ਕੱਪੜਾ ਲਿਆ ਹੋਇਆ ਸੀ। ਲੋਕਾਂ ਨੇ ਉਸ ਨੂੰ ਵੀ ਫ਼ੜਨ ਦੀ ਕੋਸ਼ਿਸ਼ ਕੀਤੀ। 52 ਪਰ ਉਸ ਨੇ ਆਪਣਾ ਪਤਲਾ ਕੱਪੜਾ ਉਨ੍ਹਾਂ ਦੇ ਹੱਥਾਂ ਵਿੱਚ ਹੀ ਛੱਡ ਦਿੱਤਾ ਅਤੇ ਨੰਗਾ ਹੀ ਉੱਥੋਂ ਭੱਜ ਗਿਆ।

ਯਿਸੂ ਨੂੰ ਯਹੂਦੀ ਆਗੂਆਂ ਅੱਗੇ ਪੇਸ਼ ਕੀਤਾ ਗਿਆ(J)

53 ਜਿਨ੍ਹਾਂ ਲੋਕਾਂ ਨੇ ਉਸ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸ ਨੂੰ ਸਰਦਾਰ ਜਾਜਕ ਦੇ ਘਰ ਲੈ ਗਏ ਜਿੱਥੇ ਕਿ ਸਾਰੇ ਪ੍ਰਧਾਨ ਜਾਜਕ, ਬਜ਼ੁਰਗ ਯਹੂਦੀ ਆਗੂ ਅਤੇ ਨੇਮ ਦੇ ਉਪਦੇਸ਼ਕ ਇਕੱਠੇ ਹੋਏ ਸਨ। 54 ਪਤਰਸ ਕੁਝ ਵਿੱਥ ਤੇ ਉਸ ਦੇ ਪਿੱਛੇ-ਪਿੱਛੇ ਰਿਹਾ ਪਰ ਉਸ ਦੇ ਨੇੜੇ ਨਾ ਗਿਆ। ਉਹ ਸਰਦਾਰ ਜਾਜਕ ਦੇ ਘਰ ਦੇ ਵਿਹੜੇ ਅੰਦਰ ਚੱਲਿਆ ਗਿਆ। ਅਤੇ ਉਹ ਸਿਪਾਹੀਆਂ ਨਾਲ ਬੈਠਕੇ ਅੱਗ ਨਾਲ ਆਪਣੇ-ਆਪ ਨੂੰ ਸੇਕਣ ਲੱਗਾ।

55 ਪ੍ਰਧਾਨ ਜਾਜਕ ਅਤੇ ਸਾਰੀ ਯਹੂਦੀ ਸਭਾ ਨੇ ਯਿਸੂ ਦੇ ਵਿਰੁੱਧ ਕੋਈ ਪ੍ਰਮਾਣ ਲੱਭਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਹ ਉਸ ਨੂੰ ਮਾਰ ਸੱਕਣ, ਪਰ ਉਹ ਅਜਿਹਾ ਨਾ ਕਰ ਸੱਕੇ। 56 ਬੜੇ ਲੋਕ ਉਸ ਦੇ ਖਿਲਾਫ਼ ਝੂਠੀਆਂ ਗੱਲਾਂ ਆਖਣ ਲੱਗੇ ਪਰ ਕਿਸੇ ਦੀ ਗਵਾਹੀ ਦੂਜੇ ਨਾਲ ਨਹੀਂ ਸੀ ਮਿਲਦੀ।

57 ਫ਼ਿਰ ਕਈ ਲੋਕਾਂ ਨੇ ਉੱਠ ਕੇ ਉਸ ਦੇ ਵਿਰੁੱਧ ਇਹ ਕਹਿ ਕੇ ਝੂਠੀ ਗਵਾਹੀ ਦਿੱਤੀ ਕਿ, 58 “ਅਸੀਂ ਇਸ ਆਦਮੀ ਨੂੰ ਇਹ ਕਹਿੰਦਿਆਂ ਸੁਣਿਆ, ‘ਮੈਂ ਇਸ ਮੰਦਰ ਨੂੰ, ਜੋ ਹੱਥਾਂ ਨਾਲ ਬਣਾਇਆ ਗਿਆ ਹੈ, ਢਾਹ ਦੇਵਾਂਗਾ ਅਤੇ ਇਸਦੀ ਜਗ੍ਹਾ, ਦੂਜਾ ਤਿੰਨਾਂ ਦਿਨਾਂ ਵਿੱਚ ਨਵਾਂ ਖੜ੍ਹਾ ਕਰ ਦੇਵਾਂਗਾ ਜਿਹੜਾ ਕਿ ਹੱਥਾਂ ਨਾਲ ਨਹੀਂ ਬਣਾਇਆ ਹੋਵੇਗਾ।’” 59 ਹਾਲੇ ਵੀ ਇਨ੍ਹਾਂ ਲੋਕਾਂ ਦੀ ਗਵਾਹੀ ਇੱਕ ਦੂਜੇ ਨਾਲ ਨਹੀਂ ਮਿਲੀ।

60 ਸਰਦਾਰ ਜਾਜਕ ਲੋਕਾਂ ਦੇ ਸਾਹਮਣੇ ਖੜ੍ਹਾ ਹੋਇਆ ਅਤੇ ਯਿਸੂ ਨੂੰ ਪੁੱਛਿਆ, “ਇਹ ਲੋਕ ਤੇਰੇ ਵਿਰੁੱਧ ਗਵਾਹੀ ਦਿੰਦੇ ਹਨ। ਕੀ ਤੂੰ ਆਪਣੇ-ਆਪ ਨੂੰ ਬਚਾਉਣ ਲਈ ਕੋਈ ਸਫ਼ਾਈ ਦੇਣਾ ਚਾਹੁੰਦਾ ਹੈਂ? ਕੀ ਉਹ ਸੱਚ ਆਖ ਰਹੇ ਹਨ?” 61 ਪਰ ਯਿਸੂ ਨੇ ਕੋਈ ਜਵਾਬ ਨਾ ਦਿੱਤਾ ਅਤੇ ਚੁੱਪ ਰਿਹਾ।

ਫ਼ੇਰ ਸਰਦਾਰ ਜਾਜਕ ਨੇ ਉਸ ਨੂੰ ਇੱਕ ਹੋਰ ਪ੍ਰਸ਼ਨ ਪੁੱਛਿਆ, “ਕੀ ਤੂੰ ਮਸੀਹ ਹੈ, ਪਰਮ ਪ੍ਰਧਾਨ ਪਰਮੇਸ਼ੁਰ ਦਾ ਪੁੱਤਰ ਹੈਂ?”

62 ਯਿਸੂ ਨੇ ਆਖਿਆ, “ਹਾਂ, ਮੈਂ ਪਰਮੇਸ਼ੁਰ ਦਾ ਪੁੱਤਰ ਹਾਂ ਅਤੇ ਭਵਿੱਖ ਵਿੱਚ ਤੁਸੀਂ ਮਨੁੱਖ ਦੇ ਪੁੱਤਰ ਨੂੰ ਅੱਤ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਪਾਸੇ ਬਿਰਾਜਮਾਨ ਹੋਇਆ ਅਤੇ ਸੁਰਗ ਦੇ ਬੱਦਲਾਂ ਵਿੱਚ ਆਉਂਦਾ ਵੇਖੋਂਗੇ।”

63 ਜਦੋਂ ਸਰਦਾਰ ਜਾਜਕ ਨੇ ਇਹ ਸੁਣਿਆ, ਤਾਂ ਉਸ ਨੂੰ ਬੜਾ ਕਰੋਧ ਆਇਆ। ਗੁੱਸੇ ਨਾਲ ਉਸ ਨੇ ਆਪਣੇ ਕੱਪੜੇ ਪਾੜਕੇ ਆਖਿਆ, “ਹੁਣ ਸਾਨੂੰ ਕਿਸੇ ਹੋਰ ਗਵਾਹ ਦੀ ਲੋੜ ਨਹੀਂ। 64 ਜੋ ਸਾਰੀਆਂ ਗੱਲਾਂ ਉਸ ਨੇ ਪਰਮੇਸ਼ੁਰ ਦੇ ਖਿਲਾਫ਼ ਆਖੀਆਂ ਹਨ ਤੁਸੀਂ ਸਭ ਨੇ ਸੁਣੀਆਂ। ਤੁਸੀਂ ਕੀ ਸੋਚਦੇ ਹੋ?”

ਸਭ ਲੋਕਾਂ ਨੇ ਕਿਹਾ ਕਿ ਯਿਸੂ ਦੋਸ਼ੀ ਹੈ ਅਤੇ ਉਸ ਨੂੰ ਮੌਤ ਦਾ ਦੰਡ ਮਿਲਣਾ ਚਾਹਿਦਾ ਹੈ। 65 ਕੁਝ ਲੋਕਾਂ ਨੇ ਉਸ ਉੱਪਰ ਥੁਕਿਆ ਅਤੇ ਕੁਝ ਨੇ ਉਸ ਦੇ ਚਿਹਰੇ ਨੂੰ ਢੱਕ ਕੇ ਉਸ ਨੂੰ ਮੁੱਕੇ ਮਾਰੇ ਅਤੇ ਕਿਹਾ, “ਸਾਨੂੰ ਵਿਖਾ ਕਿ ਤੂੰ ਨਬੀ ਹੈ!” ਫ਼ਿਰ ਸਿਪਾਹੀ ਉਸ ਨੂੰ ਦੂਰ ਲੈ ਗਏ ਅਤੇ ਉਸ ਨੂੰ ਕੁੱਟਿਆ।

ਪਤਰਸ ਇਹ ਕਹਿੰਦਿਆਂ ਡਰਿਆ ਕਿ ਉਹ ਯਿਸੂ ਨੂੰ ਜਾਣਦਾ ਹੈ(K)

66 ਉਸ ਵਕਤ, ਪਤਰਸ ਥੱਲੇ ਵਿਹੜੇ ਵਿੱਚ ਸੀ। ਸਰਦਾਰ ਜਾਜਕ ਦੀ ਇੱਕ ਗੋਲੀ ਆਈ ਅਤੇ ਉਸ ਨੇ ਪਤਰਸ ਨੂੰ ਅੱਗ ਸੇਕਦਿਆਂ ਵੇਖਿਆ। 67 ਉਹ ਉਸ ਵੱਲ ਨਿਗਾਹ ਕਰਕੇ ਬੋਲੀ, “ਤੂੰ ਵੀ ਯਿਸੂ ਨਾਸਰੀ ਦੇ ਨਾਲ ਸੀ।”

68 ਪਰ ਪਤਰਸ ਨੇ ਕਿਹਾ ਮੈਂ ਉਸ ਦੇ ਨਾਲ ਨਹੀਂ ਸੀ ਅਤੇ ਆਖਣ ਲੱਗਾ, “ਮੈਨੂੰ ਨਹੀਂ ਪਤਾ ਅਤੇ ਨਾ ਹੀ ਮੈਨੂੰ ਸਮਝ ਆ ਰਹੀ ਹੈ ਕਿ ਤੂੰ ਕੀ ਕਹਿ ਰਹੀ ਹੈਂ।” ਫ਼ਿਰ ਪਤਰਸ ਉੱਥੋਂ ਉੱਠ ਕੇ ਡਿਓਢੀ ਵੱਲ ਨੂੰ ਚੱਲਾ ਗਿਆ। [b]

69 ਜਦੋਂ ਗੋਲੀ ਨੇ ਉਸ ਨੂੰ ਉੱਥੇ ਖੜ੍ਹਾ ਵੇਖਿਆ, ਉਸ ਨੇ ਉੱਥੇ ਖੜ੍ਹੇ ਲੋਕਾਂ ਨੂੰ ਫ਼ਿਰ ਆਖਿਆ, “ਇਹ ਆਦਮੀ ਉਨ੍ਹਾਂ ਵਿੱਚੋਂ ਇੱਕ ਹੈ।” 70 ਪਤਰਸ ਫ਼ਿਰ ਉਸ ਦੇ ਕਹਿਣੇ ਤੋਂ ਮੁੱਕਰ ਗਿਆ।

ਕੁਝ ਦੇਰ ਬਾਦ, ਕੁਝ ਲੋਕ ਪਤਰਸ ਦੇ ਕੋਲ ਖੜ੍ਹੇ ਸਨ ਅਤੇ ਉਹ ਕਹਿਣ ਲੱਗੇ, “ਅਸੀਂ ਜਾਣਦੇ ਹਾਂ ਕਿ ਤੂੰ ਉਨ੍ਹਾਂ ਵਿੱਚੋਂ ਇੱਕ ਹੈਂ। ਕਿਉਂਕਿ ਤੂੰ ਗਲੀਲ ਤੋਂ ਹੈਂ।”

71 ਪਰ ਪਤਰਸ ਆਪਣੇ-ਆਪ ਨੂੰ ਸਰਾਪਣ ਲੱਗਾ ਅਤੇ ਦ੍ਰਿੜਤਾ ਨਾਲ ਆਖਿਆ, “ਮੈਂ ਸੌਹ ਖਾਂਦਾ ਹਾਂ ਕਿ ਜਿਸ ਆਦਮੀ ਦੀ ਤੁਸੀਂ ਗੱਲ ਕਰਦੇ ਹੋ ਮੈਂ ਉਸ ਨੂੰ ਨਹੀਂ ਜਾਣਦਾ।”

72 ਜਦੋਂ ਪਤਰਸ ਨੇ ਇਹ ਕਿਹਾ, “ਕੁੱਕੜ ਨੇ ਦੂਜੀ ਬਾਂਗ ਦਿੱਤੀ। ਫ਼ਿਰ ਪਤਰਸ ਨੇ ਯਾਦ ਕੀਤਾ ਕਿ ਯਿਸੂ ਨੇ ਉਸ ਨੂੰ ਕੀ ਕਿਹਾ ਸੀ; ਕਿ ਕੁੱਕੜ ਦੇ ਦੂਜੀ ਬਾਂਗ ਦੇਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰੇਂਗਾ ਕਿ ਮੈਂ ਯਿਸੂ ਨੂੰ ਨਹੀਂ ਜਾਣਦਾ।” ਤਦ ਪਤਰਸ ਬੜਾ ਦੁੱਖੀ ਹੋਇਆ ਅਤੇ ਰੋਣ ਲੱਗ ਪਿਆ।

ਅੱਯੂਬ 10

10 “ਮੈਂ ਆਪਣੇ ਜੀਵਨ ਨੂੰ ਨਫਰਤ ਕਰਦਾ ਹਾਂ।
    ਇਸ ਲਈ ਮੈਂ ਖੁਲ੍ਹ ਕੇ ਸ਼ਿਕਾਇਤ ਕਰਾਗਾਂ।
    ਮੇਰੀ ਰੂਹ ਵਿੱਚ ਬਹੁਤ ਕੁੜਤ੍ਤਨ ਹੈ, ਇਸ ਲਈ ਮੈਂ ਹੁਣ ਬੋਲ਼ਾਂਗਾ।
ਮੈਂ ਪਰਮੇਸ਼ੁਰ ਨੂੰ ਆਖਾਂਗਾ, ‘ਮੇਰੀ ਨਿੰਦਿਆ ਨਾ ਕਰ!
    ਮੈਨੂੰ ਦੱਸ ਮੈਂ ਕੀ ਕਸੂਰ ਕੀਤਾ ਹੈ?
    ਮੇਰੇ ਖਿਲਾਫ ਤੈਨੂੰ ਕੀ ਸ਼ਿਕਾਇਤ ਹੈ?
ਹੇ ਪਰਮੇਸ਼ੁਰ ਕੀ ਮੈਨੂੰ ਦੁੱਖ ਦੇਣ ਨਾਲ ਤੈਨੂੰ ਸੁੱਖ ਮਿਲਦਾ ਹੈ?
    ਲੱਗਦਾ ਤੈਨੂੰ ਉਸ ਬਾਰੇ ਕੋਈ ਪ੍ਰਵਾਹ ਨਹੀਂ ਜਿਸ ਨੂੰ ਤੂੰ ਸਾਜਿਆ ਹੈ।
ਜਾਂ ਸ਼ਾਇਦ ਤੁਸੀਂ ਉਨ੍ਹਾਂ ਯੋਜਨਾਵਾਂ ਨਾਲ ਖੁਸ਼ ਹੋ ਜਿਨ੍ਹਾਂ ਨੂੰ ਬਦ ਲੋਕ ਬਣਾਂਦੇ ਨੇ।
ਹੇ ਪਰਮੇਸ਼ੁਰ ਕੀ ਤੁਹਾਡੇ ਕੋਲ ਮਨੁੱਖੀ ਅੱਖਾਂ ਹਨ?
    ਕੀ ਤੁਸੀਂ ਚੀਜ਼ਾਂ ਨੂੰ ਉਸੇ ਤਰ੍ਹਾਂ ਦੇਖਦੇ ਹੋ ਜਿਵੇਂ ਸਾਰੇ ਲੋਕ ਦੇਖਦੇ ਨੇ?
ਕੀ ਤੁਹਾਡਾ ਜੀਵਨ ਵੀ ਸਾਡੇ ਜੀਵਨ ਜਿੰਨਾ ਹੀ ਬੋਢ਼ਾ ਹੈ?
    ਕੀ ਤੁਹਾਡਾ ਜੀਵਨ ਵੀ ਇੱਕ ਬੰਦੇ ਦੇ ਜੀਵਨ ਜਿੰਨਾ ਹੀ ਥੋੜਾ ਹੈ?
ਨਹੀਂ! ਇਸ ਲਈ ਕਿਵੇਂ ਜਾਣਦੇ ਹੋ ਤੁਸੀਂ ਕਿ ਇਹ ਕਿਹੋ ਜਿਹਾ ਹੈ?
ਤੁਸੀਂ ਮੇਰਾ ਕਸੂਰ ਲੱਭਦੇ ਹੋ
    ਤੇ ਮੇਰਾ ਪਾਪ ਖੋਜਦੇ ਹੋ।
ਭਾਵੇਂ ਤੂੰ ਜਾਣਦੈਁ ਕਿ ਮੈਂ ਬੇਗੁਨਾਹ ਹਾਂ
    ਅਤੇ ਮੈਨੂੰ ਤੇਰੀ ਸ਼ਕਤੀ ਕੋਲੋਂ ਕੋਈ ਨਹੀਂ ਬਚਾ ਸੱਕਦਾ!
ਹੇ ਪਰਮੇਸ਼ੁਰ ਮੈਨੂੰ ਤੁਹਾਡੇ ਹੱਥਾਂ ਨੇ ਬਣਾਇਆ ਤੇ ਮੇਰੇ ਸ਼ਰੀਰ ਨੂੰ ਰੂਪ ਦਿੱਤਾ।
    ਪਰ ਹੁਣ ਇਹੀ ਮੈਨੂੰ ਵਲ ਰਹੇ ਨੇ ਤੇ ਮੈਨੂੰ ਤਬਾਹ ਕਰ ਰਹੇ ਨੇ!
ਹੇ ਪਰਮੇਸ਼ੁਰ! ਯਾਦ ਕਰ ਤੂੰ ਮੈਨੂੰ ਮਿੱਟੀ ਦੇ ਸਾਂਚੇ ਵਾਂਗ ਢਾਲਿਆ,
    ਕੀ ਤੂੰ ਮੈਨੂੰ ਫ਼ਿਰ ਤੋਂ ਧੂੜ ਬਣਾ ਦੇਵੇਂਗਾ।
10 ਤੂੰ ਮੈਨੂੰ ਦੁੱਧ ਵਾਂਗ ਬਾਹਰ ਡੋਲ੍ਹ ਦਿੱਤਾ।
    ਤੇ ਮੈਨੂੰ ਰਿੜਕਦੇ ਹੋ ਤੇ ਮੈਨੂੰ ਨਚੋੜਦੇ ਹੋ ਜਿਵੇਂ ਕੋਈ ਪਨੀਰ ਬਣਾਉਂਦਾ ਹੈ।
11 ਤੁਸੀਂ ਮੈਨੂੰ ਹੱਡੀਆਂ ਤੇ ਪਠਿਆਂ ਨਾਲ ਇਕੱਠਿਆਂ ਕੀਤਾ ਹੈ।
    ਤੇ ਫ਼ੇਰ ਤੁਸੀਂ ਮੇਨੂੰ ਚਮੜੀ ਤੇ ਮਾਸ ਨਾਲ ਢੱਕ ਦਿੱਤਾ।
12 ਤੁਸੀਂ ਮੈਨੂੰ ਜੀਵਨ ਦਿੱਤਾ ਤੇ ਮੇਰੇ ਉੱਤੇ ਮਿਹਰ ਕੀਤੀ।
    ਤੁਸੀਂ ਮੇਰਾ ਧਿਆਨ ਰੱਖਿਆ।
    ਤ੍ਤੇ ਮੇਰੇ ਆਤਮੇ ਉੱਤੇ ਪਹਿਰਾ ਦਿੱਤਾ।
13 ਪਰ ਇਹ ਗੱਲ ਸੀ ਜਿਸ ਨੂੰ ਤੁਸੀਂ ਆਪਣੇ ਦਿਲ ਅੰਦਰ ਛਪਾ ਲਿਆ
    ਮੈਂ ਜਾਣਦਾ ਹਾਂ ਇਹੀ ਹੈ ਜਿਸ ਨੂੰ ਤੁਸੀਂ ਭੇਤ ਭਰੇ ਢੰਗ ਨਾਲ ਆਪਣੇ ਦਿਲ ਅੰਦਰ ਵਿਉਂਤਿਆ ਹੈ।
    ਹਾਂ, ਮੈਂ ਜਾਣਦਾ ਹਾਂ ਇਹੀ ਤੁਹਾਡੇ ਮਨ ਵਿੱਚ ਸੀ।
14 ਜੇ ਮੈਂ ਪਾਪ ਕੀਤਾ ਹੁੰਦਾ ਤੁਸੀਂ ਮੈਨੂੰ ਦੇਖ ਰਹੇ ਹੁੰਦੇ ਇਸ ਲਈ
    ਤੁਸੀਂ ਮੈਨੂੰ ਮੇਰੀ ਗਲਤੀ ਲਈ ਦੰਡ ਦੇ ਸੱਕਦੇ ਸੀ।
15 ਜਦੋਂ ਮੈਂ ਪਾਪ ਕਰਦਾਂ,
    ਮੈਂ ਦੋਸ਼ੀ ਹੁੰਦਾ ਹਾਂ ਤੇ ਇਹ ਮੇਰੇ ਲਈ ਬਹੁਤ ਬੁਰਾ ਹੈ।
ਪਰ ਮੈਂ ਤਾਂ ਆਪਣਾ ਸਿਰ ਨਹੀਂ ਚੁੱਕ ਸੱਕਦਾ ਜਦ ਕਿ ਮੈਂ ਬੇਕਸੂਰ ਹਾਂ।
    ਮੈਂ ਇੰਨਾ ਸ਼ਰਮਸਾਰ ਅਤੇ ਉਦਾਸ ਹਾਂ।
16 ਜੇ ਮੈਨੂੰ ਕੋਈ ਸਫਲਤਾ ਮਿਲਦੀ ਹੈ ਤੇ ਮੈਂ ਮਾਣ ਮਹਿਸੂਸ ਸੱਕਦਾ ਹਾਂ
    ਤੁਸੀਂ ਮੇਰਾ ਪਿੱਛਾ ਕਰਦੇ ਹੋ ਜਿਵੇਂ ਕੋਈ ਸ਼ੇਰ ਦਾ ਸ਼ਿਕਾਰ ਕਰਦਾ ਹੈ।
    ਤੁਸੀਂ ਦੋਬਾਰਾ ਆਪਣੀ ਤਾਕਤ ਮੇਰੇ ਵਿਰੁੱਧ ਦਰਸਾਉਂਦੇ ਹੋ।
17 ਤੁਸੀਂ ਮੇਰੇ ਖਿਲਾਫ਼ ਨਵੇਂ ਗਵਾਹ ਲੱਭਦੇ ਰਹਿੰਦੇ ਹੋ।
    ਤੁਹਾਡੀ ਰਜ਼ਾ ਮੇਰੇ ਉੱਪਰ,
ਕਈ ਢਂਗਾਂ ਨਾਲ ਬਾਰ ਬਾਰ ਗੱਸਾ ਦਰਸ਼ਾਉਂਦੀ ਹੈ,
    ਜਿਵੇਂ ਤੁਸੀਂ ਇੱਕ ਫ਼ੌਜ ਤੋਂ ਬਾਦ ਦੂਸਰੀ ਫੌਜ ਮੇਰੇ ਵਿਰੁੱਧ ਭੇਜਦੇ ਹੋ।
18 ਇਸ ਲਈ ਹੇ ਪਰਮੇਸ਼ੁਰ ਤੁਸੀਂ ਮੈਨੂੰ ਜਨਮ ਕਿਉਂ ਲੈਣ ਦਿੱਤਾ?
    ਕਾਸ਼ ਕਿ ਮੈਂ ਕਿਸੇ ਦੀ ਨਜ਼ਰ ਪੈਣ ਤੋਂ ਪਹਿਲਾਂ ਮਰ ਗਿਆ ਹੁੰਦਾ।
19 ਕਾਸ਼ ਕਿ ਮੈਂ ਕਦੇ ਵੀ ਜਿਉਂਦਾ ਨਾ ਹੁੰਦਾ।
    ਕਾਸ਼ ਕਿ ਮੈਂ ਆਪਣੀ ਮਾਂ ਦੇ ਗਰਭ ਤੋਂ ਸਿੱਧਾ ਕਬਰ ਵੱਲ ਲਿਜਾਇਆ ਜਾਂਦਾ।
20 ਮੇਰਾ ਜੀਵਨ ਤਾਂ ਤਕਰੀਬਨ ਮੁੱਕ ਗਿਆ ਹੈ।
    ਇਸ ਲਈ ਮੈਨੂੰ ਇੱਕਲਿਆਂ ਛੱਡ ਦਿਉ।
    ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਉ ਜੋ ਕਿ ਮੇਰੇ ਲਈ ਬੱਚਿਆਂ ਹੈ।
21 ਇਸ ਤੋਂ ਪਹਿਲਾਂ ਕਿ ਮੈਂ ਉਸ ਬਾਵੇਂ ਚੱਲਿਆ ਜਾਵਾਂ ਜਿੱਥੇ ਕੋਈ ਵੀ ਬੰਦਾ ਮੌਤ
    ਅਤੇ ਹਨੇਰੇ ਦੀ ਥਾਂ ਉੱਤੋਂ ਵਾਪਸ ਨਹੀਂ ਪਰਤਦਾ।
22 ਮੈਨੂੰ ਉਹ ਥੋੜਾ ਜਿਹਾ ਸਮਾਂ ਮਾਨਣ ਦਿਓ ਜੋ ਮੇਰੇ ਕੋਲ ਬੱਚਿਆਂ ਹੈ ਇਸ ਤੋਂ ਪਹਿਲਾਂ ਕਿ ਮੈਂ ਚੱਲਾ ਜਾਵਾਂ।
    ਮੈਂ ਹਨੇਰੇ, ਪਰਛਾਵਿਆਂ ਅਤੇ ਉਲਝਨ ਦੀ ਧਰਤੀ ਤੇ ਚੱਲਿਆ ਜਾਵਾਂ।
    ਉੱਥੇ ਚਾਨਣ ਵੀ ਹਨੇਰਾ ਹੈ।’”

ਰੋਮੀਆਂ ਨੂੰ 14

ਦੂਜੇ ਲੋਕਾਂ ਦੀ ਨਿੰਦਿਆ ਨਾ ਕਰੋ

14 ਉਹ ਮਨੁੱਖ ਜਿਹੜਾ ਨਿਹਚਾ ਵਿੱਚ ਕਮਜ਼ੋਰ ਹੋਵੇ ਉਸ ਨੂੰ ਆਪਣੀ ਸੰਗਤ ਵਿੱਚ ਰਲਾਉਣ ਤੋਂ ਮਨਾ ਨਾ ਕਰੋ ਤੇ ਨਾ ਹੀ ਉਸ ਨਾਲ ਉਸ ਦੇ ਅਲੱਗ ਵਿੱਚਾਰਾਂ ਬਾਰੇ ਬਹਿਸ ਕਰੋ। ਕੋਈ ਇੱਕ ਮਨੁੱਖ ਸੋਚਦਾ ਹੈ ਕਿ ਉਹ ਜਿਹੋ ਜਿਹਾ ਚਾਹੇ ਭੋਜਨ ਖਾ ਸੱਕਦਾ ਹੈ। ਪਰ ਦੂਜਾ ਵਿਅਕਤੀ ਜੋ ਆਪਣੇ ਵਿਸ਼ਵਾਸ ਵਿੱਚ ਕਮਜ਼ੋਰ ਹੈ ਉਹ ਇਹ ਸੋਚਦਾ ਹੈ ਕਿ ਉਸ ਨੂੰ ਸਿਰਫ਼ ਸਬਜ਼ੀਆਂ ਹੀ ਖਾਣੀਆਂ ਚਾਹੀਦੀਆਂ ਹਨ। ਜਿਹੜਾ ਵਿਅਕਤੀ ਇਹ ਜਾਣਦਾ ਹੈ ਕਿ ਉਹ ਕਿਸੇ ਵੀ ਭਾਂਤ ਦਾ ਭੋਜਨ ਖਾ ਸੱਕਦਾ ਹੈ ਉਸ ਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਦੂਜੇ ਵਿਅਕਤੀ ਨਾਲੋਂ ਚੰਗਾ ਹੈ ਜੋ ਕੇਵਲ ਸਬਜ਼ੀਆਂ ਖਾਂਦਾ ਹੈ। ਅਤੇ ਜਿਹੜਾ ਵਿਅਕਤੀ ਕੇਵਲ ਸਬਜ਼ੀਆਂ ਖਾਂਦਾ ਹੈ ਉਸ ਨੂੰ ਇਹ ਨਹੀ ਸੋਚਣਾ ਚਾਹੀਦਾ ਕਿ ਉਹ ਵਿਅਕਤੀ, ਜੋ ਸਭ ਕੁਝ ਖਾਂਦਾ ਹੈ, ਗਲਤ ਹੈ। ਪਰਮੇਸ਼ੁਰ ਨੇ ਉਸ ਵਿਅਕਤੀ ਨੂੰ ਕਬੂਲ ਲਿਆ ਹੈ। ਦੂਜੇ ਵਿਅਕਤੀ ਦੇ ਨੌਕਰ ਦਾ ਨਿਆਂ ਕਰਨ ਵਾਲਾ ਤੂੰ ਕੌਣ ਹੈ? ਸਿਰਫ਼ ਉਸ ਦੇ ਮਾਲਕ ਨੂੰ ਇਹੀ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਉਹ ਗਲਤ ਹੈ ਜਾਂ ਸਹੀ। ਅਤੇ ਪ੍ਰਭੂ ਦਾ ਸੇਵਕ ਸਹੀ ਹੋਵੇਗਾ ਕਿਉਂਕਿ ਪ੍ਰਭੂ ਉਸ ਨੂੰ ਸਹੀ ਬਨਾਉਣ ਦੇ ਸਮਰੱਥ ਹੈ। ਇੱਕ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਸ਼ਾਇਦ ਇੱਕ ਦਿਨ ਦੂਜੇ ਦਿਨ ਨਾਲੋਂ ਚੰਗਾ ਹੈ। ਦੂਜਾ ਵਿਅਕਤੀ ਵਿਸ਼ਵਾਸ ਕਰ ਸੱਕਦਾ ਹੈ ਕਿ ਹਰ ਦਿਨ ਉਹੀ ਹੈ। ਹਰ ਇੱਕ ਨੂੰ ਆਪਣੇ ਨਿਹਚੇ ਬਾਰੇ ਆਪਣੇ ਖੁਦ ਦੇ ਮਨ ਵਿੱਚ ਮਜ਼ਬੂਤ ਹੋਣਾ ਚਾਹੀਦਾ ਹੈ। ਜਿਹੜਾ ਵਿਅਕਤੀ ਵਿਸ਼ਵਾਸ ਕਰਦਾ ਹੈ ਕਿ ਇੱਕ ਦਿਨ ਦੂਜੇ ਨਾਲੋਂ ਚੰਗਾ ਹੈ ਉਹ ਇਹ ਪ੍ਰਭੂ ਲਈ ਕਰ ਰਿਹਾ ਹੈ। ਅਤੇ ਜਿਹੜਾ ਮਨੁੱਖ ਹਰ ਭਾਂਤ ਦਾ ਭੋਜਨ ਖਾਂਦਾ ਹੈ ਉਹ ਪ੍ਰਭੂ ਦੇ ਲਈ ਖਾਂਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ। ਜਿਹੜਾ ਮਨੁੱਖ ਖਾਸ ਭੋਜਨ ਖਾਣ ਤੋਂ ਇਨਕਾਰ ਕਰਦਾ ਹੈ ਉਹ ਪ੍ਰਭੂ ਲਈ ਹੀ ਕਰਦਾ ਹੈ ਅਤੇ ਉਹ ਪਰਮੇਸ਼ੁਰ ਦਾ ਧੰਨਵਾਦ ਕਰਦਾ ਹੈ।

ਹਾਂ, ਅਸੀਂ ਸਾਰੇ ਪ੍ਰਭੂ ਕਾਰਣ ਉਸ ਲਈ ਹੀ ਜਿਉਂਦੇ ਹਾਂ। ਅਸੀਂ ਨਾ ਆਪਣੇ ਲਈ ਜਿਉਂਦੇ ਨਾ ਮਰਦੇ ਹਾਂ। ਜੇਕਰ ਅਸੀਂ ਜਿਉਂਦੇ ਹਾਂ ਤਾਂ ਅਸੀਂ ਪ੍ਰਭੂ ਲਈ ਜਿਉਂਦੇ ਹਾਂ। ਅਤੇ ਜੇਕਰ ਅਸੀਂ ਮਰੀਏ, ਅਸੀਂ ਪ੍ਰਭੂ ਲਈ ਮਰੀਏ। ਜੀਵਿਤ ਜਾਂ ਮੁਰਦਾ, ਅਸੀਂ ਪ੍ਰਭੂ ਨਾਲ ਸੰਬੰਧਿਤ ਹਾਂ। ਮਸੀਹ ਮਰਿਆ ਅਤੇ ਮੁਰਦੇ ਤੋਂ ਉੱਠਾਇਆ ਗਿਆ। ਤਾਂ ਜੋ ਸ਼ਾਇਦ ਉਹ ਮੁਰਦਿਆਂ ਅਤੇ ਜਿਉਂਦਿਆਂ ਦੋਹਾਂ ਦਾ ਪ੍ਰਭੂ ਹੋ ਸੱਕੇ।

10 ਤੂੰ ਆਪਣੇ ਭਰਾ ਬਾਰੇ ਕਿਉਂ ਨਿਆਂ ਕਰਦਾ ਹੈਂ? ਜਾਂ ਫ਼ਿਰ ਤੂੰ ਆਪਣੇ ਭਰਾ ਨੂੰ ਕਿਉਂ ਤੁੱਛ ਜਾਣਦਾ ਹੈਂ? ਅਸੀਂ ਸਾਰੇ ਪਰਮੇਸ਼ੁਰ ਦੇ ਨਿਆਂ ਦੇ ਅੱਗੇ ਖੜ੍ਹੇ ਹੋਵਾਂਗੇ ਤੇ ਹਾਜ਼ਰ ਹੋਣਾ ਪਵੇਗਾ ਫ਼ਿਰ ਸਾਡਾ ਨਿਆਂ ਹੋਵੇਗਾ। 11 ਪੋਥੀਆਂ ਵਿੱਚ ਵੀ ਇਹ ਆਖਿਆ ਗਿਆ ਹੈ:

“ਹਰ ਮਨੁੱਖ ਮੇਰੇ ਅੱਗੇ ਨਿਵੇਗਾ,
    ਹਰ ਮਨੁੱਖ ਇਹ ਆਖੇਗਾ;
ਕਿ ਮੈਂ ਪਰਮੇਸ਼ੁਰ ਹਾਂ,
    ਮੈਂ ਜਿਉਂਦਾ ਪ੍ਰਭੂ ਹਾਂ, ਅਤੇ ਮੈਂ ਆਖਦਾ ਹਾਂ ਕਿ ਇਹ ਇਵੇਂ ਹੀ ਵਾਪਰੇਗਾ।” (A)

12 ਇਸ ਕਰਕੇ ਸਾਡੇ ਵਿੱਚੋਂ ਹਰੇਕ ਨੇ ਪਰਮੇਸ਼ੁਰ ਨੂੰ ਆਪੋ ਆਪਣਾ ਲੇਖਾ ਦੇਣਾ ਹੈ।

ਦੂਜਿਆਂ ਨੂੰ ਪਾਪ ਨਾ ਕਰਨ ਦਿਉ

13 ਇਸ ਲਈ ਸਾਨੂੰ ਇੱਕ ਦੂਜੇ ਦਾ ਨਿਆਂ ਨਹੀਂ ਕਰਨਾ ਚਾਹੀਦਾ। ਪਰ ਸਾਨੂੰ ਫ਼ੈਸਲਾ ਕਰਨਾ ਚਾਹੀਦਾ ਹੈ ਕਿ ਸਾਨੂੰ ਕਦੇ ਵੀ ਅਜਿਹਾ ਨਹੀਂ ਕਰਨਾ ਚਾਹੀਦਾ ਜੋ ਸਾਡੇ ਭੈਣਾਂ ਭਰਾਵਾਂ ਤੋਂ ਪਾਪ ਕਰਾਉਣ ਜਾਂ ਉਨ੍ਹਾਂ ਨੂੰ ਆਤਮਕ ਤੌਰ ਤੇ ਵੱਧਣ ਤੋਂ ਰੋਕੇ। 14 ਮੈਂ ਪ੍ਰਭੂ ਯਿਸੂ ਵਿੱਚ ਹਾਂ। ਮੈਨੂੰ ਪਤਾ ਹੈ ਕਿ ਅਜਿਹਾ ਕੋਈ ਭੋਜਨ ਨਹੀਂ ਜੋ ਖਾਣ ਲਈ ਗਲਤ ਨਹੀਂ ਹੈ ਪਰ ਜੇਕਰ ਕੋਈ ਕਿਸੇ ਵਸਤ ਨੂੰ ਗਲਤ ਮੰਨਦਾ ਹੈ, ਉਹ ਉਸ ਲਈ ਗਲਤ ਹੈ।

15 ਜੇਕਰ ਤੇਰੇ ਭੋਜਨ ਕਾਰਣ ਤੇਰਾ ਭਰਾ ਨਾਰਾਜ਼ ਹੁੰਦਾ ਹੈ ਤਾਂ ਇਸਦਾ ਭਾਵ ਤੂੰ ਅਜੇ ਪ੍ਰੇਮ ਨਾਲ ਨਹੀਂ ਚਲਦਾ। ਆਪਣੇ ਭਰਾ ਦੀ ਵਿਸ਼ਵਾਸ ਉਹ ਭੋਜਨ ਖਾਕੇ ਨਸ਼ਟ ਨਾ ਕਰੋ ਜਿਹੜਾ ਉਹ ਖਾਣ ਲਈ ਗਲਤ ਸਮਝਦਾ ਹੈ। ਉਸਦੀ ਨਿਹਚਾ ਨੂੰ ਨਸ਼ਟ ਨਾ ਕਰੋ। ਮਸੀਹ ਨੇ ਉਸ ਲਈ ਆਪਣੀ ਜਾਨ ਦਿੱਤੀ। 16 ਜਿਸ ਚੀਜ਼ ਨੂੰ, ਤੁਸੀਂ ਚੰਗੀ ਸਮਝਦੇ ਹੋ ਦੂਸਰਿਆਂ ਨੂੰ ਗਲਤ ਆਖਣ ਦਾ ਅਵਸਰ ਨਾ ਦਿਉ। 17 ਪਰਮੇਸ਼ੁਰ ਦੇ ਰਾਜ ਵਿੱਚ ਖਾਣਾ-ਪੀਣਾ ਮਹੱਤਵਪੂਰਣ ਨਹੀਂ ਸਗੋਂ ਉੱਥੇ ਇਹ ਚੀਜ਼ਾਂ ਮਹੱਤਵ ਯੋਗ ਹਨ। ਧਰਮੀ ਜੀਵਨ, ਸ਼ਾਂਤੀ ਅਤੇ ਪਵਿੱਤਰ ਆਤਮਾ ਵਿੱਚ ਆਨੰਦ। 18 ਜਿਹੜਾ ਮਨੁੱਖ ਇਸ ਤਰੀਕੇ ਨਾਲ ਮਸੀਹ ਦੀ ਸੇਵਾ ਕਰਦਾ ਹੈ ਉਹ ਪਰਮੇਸ਼ੁਰ ਨੂੰ ਭਾਉਂਦਾ ਹੈ। ਉਹ ਵਿਅਕਤੀ ਦੂਜਿਆਂ ਲੋਕਾਂ ਦੁਆਰਾ ਵੀ ਕਬੂਲਿਆ ਜਾਵੇਗਾ।

19 ਇਸ ਲਈ ਸਾਨੂੰ ਉਨ੍ਹਾਂ ਗੱਲਾਂ ਨੂੰ ਕਰਨ ਲਈ ਸਖਤ ਕੋਸ਼ਿਸ਼ ਕਰਨੀ ਚਾਹੀਦੀ ਹੈ ਜਿਹੜੀਆਂ ਸ਼ਾਂਤੀ ਅਤੇ ਆਪਸੀ ਸਹਾਇਤਾ ਲਿਆਉਣ। 20 ਭੋਜਨ ਖਾਣ ਨੂੰ ਪਰਮੇਸ਼ੁਰ ਦਾ ਕੰਮ ਨਸ਼ਟ ਕਰਨ ਦੀ ਆਗਿਆ ਨਾ ਦਿਉ। ਸਭ ਭੋਜਨ ਖਾਣ ਲਈ ਚੰਗੇ ਹਨ। ਪਰ ਉਹ ਭੋਜਨ ਖਾਣ ਲਈ ਗਲਤ ਹੈ ਜਿਹੜਾ ਭੋਜਨ ਦੂਜੇ ਵਿਅਕਤੀ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ। 21 ਇਸਤੋਂ ਚੰਗਾ ਹੈ ਕਿ ਮਾਸ ਨਾ ਖਾਧਾ ਜਾਵੇ ਜਾਂ ਮੈਅ ਨਾ ਪੀਤੀ ਜਾਵੇ ਜਾਂ ਕੁਝ ਅਜਿਹਾ ਨਾ ਕੀਤਾ ਜਾਵੇ, ਜੋ ਤੁਹਾਡੇ ਭੈਣ ਜਾਂ ਭਰਾ ਨੂੰ ਪਾਪ ਵਿੱਚ ਡੇਗਣ ਦਾ ਕਾਰਣ ਬਣੇ।

22 ਇਨ੍ਹਾਂ ਗੱਲਾਂ ਬਾਰੇ ਤੁਹਾਡੀ ਦ੍ਰਿੜ੍ਹਤਾ ਤੁਹਾਡੇ ਅਤੇ ਪਰਮੇਸ਼ੁਰ ਵਿੱਚ ਗੁਪਤ ਰੱਖੀ ਹੋਣੀ ਚਾਹੀਦੀ ਹੈ। ਧੰਨ ਹੈ ਉਹ ਵਿਅਕਤੀ ਜੋ ਉਹੀ ਕਰਦਾ ਹੈ ਜੋ ਉਹ, ਦੋਸ਼ੀ ਮਹਿਸੂਸ ਕੀਤੇ ਬਿਨਾ, ਸਹੀ ਸੋਚਕੇ ਕਰਦਾ। 23 ਪਰ ਜੇਕਰ ਕੋਈ ਵਿਅਕਤੀ ਇਸ ਬਾਰੇ ਨਿਸ਼ਚਿਤ ਹੋਏ ਬਿਨਾ ਕੁਝ ਖਾਂਦਾ ਹੈ ਕਿ ਉਹ ਸਹੀ ਹੈ, ਫ਼ਿਰ ਉਹ ਵਿਅਕਤੀ ਆਪਣੇ ਆਪ ਨੂੰ ਦੋਸ਼ੀ ਨਿਆਂਿਤ ਕਰਦਾ ਹੈ। ਕਿਉਂ? ਕਿਉਂਕਿ ਉਸ ਮਨੁੱਖ ਨੇ ਵਿਸ਼ਵਾਸ ਨਹੀਂ ਕੀਤਾ ਕਿ ਇਹ ਸਹੀ ਸੀ। ਇਸ ਲਈ ਜੇਕਰ ਕੋਈ ਮਨੁੱਖ ਬਿਨਾ ਨਿਸ਼ਚੇ ਕੁਝ ਕਰਦਾ ਹੈ ਤਾਂ ਇਹ ਪਾਪ ਹੈ।

Punjabi Bible: Easy-to-Read Version (ERV-PA)

2010 by World Bible Translation Center