M’Cheyne Bible Reading Plan
ਸੁਪਨੇਬਾਜ਼ ਯੂਸੁਫ਼
37 ਯਾਕੂਬ ਕਨਾਨ ਦੀ ਧਰਤੀ ਵਿੱਚ ਠਹਿਰ ਗਿਆ ਅਤੇ ਰਹਿਣ ਲੱਗਾ। ਇਹ ਓਹੀ ਧਰਤੀ ਹੈ ਜਿੱਥੇ ਉਸਦਾ ਪਿਤਾ ਰਹਿੰਦਾ ਸੀ। 2 ਯਾਕੂਬ ਦੇ ਪਰਿਵਾਰ ਦੀ ਕਹਾਣੀ ਇਸ ਪ੍ਰਕਾਰ ਹੈ।
ਯੂਸੁਫ਼ 17 ਵਰ੍ਹਿਆਂ ਦਾ ਨੌਜਵਾਨ ਸੀ। ਉਸਦਾ ਕਿੱਤਾ ਭੇਡਾਂ ਅਤੇ ਬੱਕਰੀਆਂ ਚਾਰਨਾ ਸੀ। ਯੂਸੁਫ਼ ਨੇ ਇਹ ਕੰਮ ਆਪਣੇ ਭਰਾਵਾਂ ਨਾਲ ਮਿਲਕੇ ਕੀਤਾ; ਜਿਹੜੇ ਬਿਲਹਾਹ ਅਤੇ ਜ਼ਿਲਪਾਹ ਦੇ ਪੁੱਤਰ ਸਨ। (ਬਿਲਹਾਹ ਅਤੇ ਜ਼ਿਲਪਾਹ ਉਸ ਦੇ ਪਿਤਾ ਦੀਆਂ ਪਤਨੀਆਂ ਸਨ।) ਯੂਸੁਫ਼ ਨੇ ਆਪਣੇ ਪਿਤਾ ਨੂੰ ਆਪਣੇ ਭਰਾਵਾਂ ਬਾਰੇ ਮਾੜੀਆਂ ਗੱਲਾਂ ਕਹੀਆਂ। 3 ਯੂਸੁਫ਼ ਉਸ ਵੇਲੇ ਜੰਮਿਆ ਸੀ ਜਦੋਂ ਉਸਦਾ ਪਿਤਾ ਯਾਕੂਬ ਬਹੁਤ ਬਿਰਧ ਹੋ ਚੁੱਕਾ ਸੀ। ਇਸ ਲਈ ਯਾਕੂਬ ਯੂਸੁਫ਼ ਨੂੰ ਆਪਣੇ ਹੋਰਨਾਂ ਪੁੱਤਰਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ। ਯਾਕੂਬ ਨੇ ਆਪਣੇ ਪੁੱਤਰ ਨੂੰ ਇੱਕ ਖਾਸ ਕੋਟ ਦਿੱਤਾ। ਇਹ ਕੋਟ ਲੰਮਾ ਸੀ ਅਤੇ ਬਹੁਤ ਖੂਬਸੂਰਤ ਸੀ। 4 ਯੂਸੁਫ਼ ਦੇ ਭਰਾਵਾਂ ਨੇ ਦੇਖਿਆ ਕਿ ਉਨ੍ਹਾਂ ਦਾ ਪਿਤਾ ਯੂਸੁਫ਼ ਨੂੰ ਉਨ੍ਹਾਂ ਨਾਲੋਂ ਵੱਧੇਰੇ ਪਿਆਰ ਕਰਦਾ ਸੀ, ਉਹ ਆਪਣੇ ਭਰਾ ਨਾਲ ਇੰਨੀ ਨਫ਼ਰਤ ਕਰਦੇ ਸਨ ਉਹ ਉਸ ਨੂੰ ਨਮਸੱਕਾਰ ਵੀ ਨਹੀਂ ਬੁਲਾਉਂਦੇ ਸਨ।
5 ਇੱਕ ਸਮੇਂ ਯੂਸੁਫ਼ ਨੂੰ ਇੱਕ ਖਾਸ ਸੁਪਨਾ ਆਇਆ। ਬਾਦ ਵਿੱਚ ਯੂਸੁਫ਼ ਨੇ ਆਪਣੇ ਭਰਾਵਾਂ ਨੂੰ ਇਸ ਸੁਪਨੇ ਬਾਰੇ ਦੱਸਿਆ। ਇਸਤੋਂ ਮਗਰੋਂ ਉਸ ਦੇ ਭਰਾ ਉਸ ਨੂੰ ਹੋਰ ਵੀ ਵੱਧੇਰੇ ਨਫ਼ਰਤ ਕਰਨ ਲੱਗੇ।
6 ਯੂਸੁਫ਼ ਨੇ ਆਖਿਆ, “ਉਸ ਸੁਪਨੇ ਨੂੰ ਸੁਣੋ ਜੋ ਮੈਨੂੰ ਆਇਆ। 7 ਅਸੀਂ ਸਾਰੇ ਖੇਤਾਂ ਵਿੱਚ ਕੰਮ ਕਰ ਰਹੇ ਸੀ। ਅਸੀਂ ਕਣਕ ਦੀਆਂ ਭਰੀਆਂ ਬੰਨ੍ਹ ਰਹੇ ਸੀ। ਫ਼ੇਰ ਮੇਰੀ ਭਰੀ ਉੱਠ ਖਲੋਤੀ। ਇਹ ਖਲੋਤੀ ਸੀ ਜਦੋਂ ਕਿ ਹੋਰ ਸਾਰੀਆਂ ਮੇਰੇ ਵਾਲੀ ਦੇ ਆਲੇ-ਦੁਆਲੇ ਚੱਕਰ ਲਾ ਰਹੀਆਂ ਸਨ। ਫ਼ੇਰ ਤੁਹਾਡੀਆਂ ਸਾਰੀਆਂ ਕਣਕ ਦੀਆਂ ਭਰੀਆਂ ਨੇ ਮੇਰੀ ਭਰੀ ਵੱਲ ਸਿਰ ਝੁਕਾਇਆ।”
8 ਉਸ ਦੇ ਭਰਾਵਾਂ ਨੇ ਆਖਿਆ, “ਕੀ ਤੂੰ ਸੋਚਦਾ ਹੈਂ ਕਿ ਇਸ ਦਾ ਅਰਥ ਇਹ ਹੈ ਕਿ ਤੂੰ ਰਾਜਾ ਬਣੇਂਗਾ ਅਤੇ ਸਾਡੇ ਉੱਤੇ ਰਾਜ ਕਰੇਂਗਾ?” ਉਸ ਦੇ ਭਰਾ ਯੂਸੁਫ਼ ਨੂੰ ਹੁਣ ਹੋਰ ਵੀ ਨਫ਼ਰਤ ਕਰਦੇ ਸਨ ਕਿਉਂਕਿ ਉਹ ਉਨ੍ਹਾਂ ਬਾਰੇ ਇਹੋ ਜਿਹੇ ਸੁਪਨੇ ਲੈਂਦਾ ਸੀ।
9 ਫ਼ੇਰ ਯੂਸੁਫ਼ ਨੂੰ ਇੱਕ ਹੋਰ ਸੁਪਨਾ ਆਇਆ। ਯੂਸੁਫ਼ ਨੇ ਇਸ ਸੁਪਨੇ ਬਾਰੇ ਆਪਣੇ ਭਰਾਵਾ ਨੂੰ ਦੱਸਿਆ। ਯੂਸੁਫ਼ ਨੇ ਆਖਿਆ, “ਮੈਨੂੰ ਇੱਕ ਹੋਰ ਸੁਪਨਾ ਆਇਆ ਹੈ। ਮੈਂ ਸੂਰਜ, ਚੰਨ ਅਤੇ 11 ਤਾਰਿਆਂ ਨੂੰ ਮੇਰੇ ਅੱਗੇ ਝੁਕਦਿਆਂ ਵੇਖਿਆ।”
10 ਜਦੋਂ ਯੂਸੁਫ਼ ਨੇ ਇਹ ਸੁਪਨਾ ਆਪਣੇ ਪਿਤਾ ਅਤੇ ਆਪਣੇ ਭਰਾਵਾਂ ਨੂੰ ਸੁਣਾਇਆ, ਉਸ ਦੇ ਪਿਤਾ ਨੇ ਉਸ ਨੂੰ ਝਿੜਕਿਆ, “ਇਹ ਕਿਹੋ ਜਿਹਾ ਸੁਪਨਾ ਹੈ? ਕੀ ਤੇਰੀ ਮਾਂ, ਤੇਰੇ ਭਰਾ ਅਤੇ ਮੈਂ ਤੇਰੇ ਅੱਗੇ ਧਰਤੀ ਉੱਤੇ ਝੁਕਾਂਗੇ?” 11 ਯੂਸੁਫ਼ ਦੇ ਭਰਾ ਉਸ ਨਾਲ ਈਰਖਾ ਕਰਦੇ ਰਹੇ। ਪਰ ਯੂਸੁਫ਼ ਦੇ ਪਿਤਾ ਨੇ ਇਨ੍ਹਾਂ ਗੱਲਾਂ ਬਾਰੇ ਬਹੁਤ ਸੋਚ ਵਿੱਚਾਰ ਕੀਤੀ ਅਤੇ ਇਹ ਸੋਚਕੇ ਹੈਰਾਨ ਹੋਣ ਲੱਗਾ ਕਿ ਇਸਦਾ ਕੀ ਅਰਥ ਹੋ ਸੱਕਦਾ।
12 ਇੱਕ ਦਿਨ ਯੂਸੁਫ਼ ਦੇ ਭਰਾ ਆਪਣੇ ਪਿਤਾ ਦੀਆਂ ਭੇਡਾਂ ਚਾਰਨ ਸ਼ਕਮ ਵੱਲ ਚੱਲੇ ਗਏ। 13 ਇਸਰਾਏਲ ਨੇ ਯੂਸੁਫ਼ ਨੂੰ ਆਖਿਆ, “ਸ਼ਕਮ ਨੂੰ ਚੱਲਾ ਜਾਹ। ਉੱਥੇ ਤੇਰੇ ਭਰਾ ਮੇਰੀਆਂ ਭੇਡਾਂ ਸਾਂਭ ਰਹੇ ਹਨ।”
ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਚੱਲਾ ਜਾਵਾਂਗਾ।”
14 ਯੂਸੁਫ਼ ਦੇ ਪਿਤਾ ਨੇ ਆਖਿਆ, “ਜਾਹ ਜਾਕੇ ਦੇਖ ਤੇਰੇ ਭਰਾ ਸੁਰੱਖਿਅਤ ਤਾਂ ਹਨ। ਆਕੇ ਮੈਨੂੰ ਇਹ ਦੱਸੀਂ ਕਿ ਮੇਰੀਆਂ ਭੇਡਾਂ ਠੀਕ-ਠਾਕ ਹਨ ਜਾਂ ਨਹੀਂ।” ਇਸ ਲਈ ਯੂਸੁਫ਼ ਦੇ ਪਿਤਾ ਨੇ ਉਸ ਨੂੰ ਹਬਰੋਨ ਦੀ ਵਾਦੀ ਤੋਂ ਸ਼ਕਮ ਭੇਜ ਦਿੱਤਾ।
15 ਸ਼ਕਮ ਜਾਕੇ ਯੂਸੁਫ਼ ਰਾਹ ਭੁੱਲ ਗਿਆ। ਇੱਕ ਆਦਮੀ ਨੇ ਉਸ ਨੂੰ ਖੇਤਾਂ ਵਿੱਚ ਭਟਕਦਿਆਂ ਹੋਇਆ ਦੇਖਿਆ। ਉਸ ਆਦਮੀ ਨੇ ਆਖਿਆ, “ਤੂੰ ਕੀ ਭਾਲ ਰਿਹਾ ਹੈਂ?”
16 ਯੂਸੁਫ਼ ਨੇ ਜਵਾਬ ਦਿੱਤਾ, “ਮੈਂ ਆਪਣੇ ਭਰਾਵਾਂ ਨੂੰ ਲੱਭ ਰਿਹਾ ਹਾਂ। ਕੀ ਤੂੰ ਮੈਨੂੰ ਦੱਸ ਸੱਕਦਾ ਹੈਂ ਕਿ ਉਹ ਆਪਣੀਆਂ ਭੇਡਾਂ ਨਾਲ ਕਿੱਥੇ ਹਨ?”
17 ਉਸ ਆਦਮੀ ਨੇ ਆਖਿਆ, “ਉਹ ਤਾਂ ਪਹਿਲਾਂ ਹੀ ਦੂਰ ਜਾ ਚੁੱਕੇ ਹਨ। ਮੈਂ ਉਨ੍ਹਾਂ ਨੂੰ ਆਖਦਿਆਂ ਸੁਣਿਆ ਸੀ ਕਿ ਉਹ ਦੋਥਾਨ ਜਾ ਰਹੇ ਹਨ।” ਇਸ ਲਈ ਯੂਸੁਫ਼ ਨੇ ਆਪਣੇ ਭਰਾਵਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਦੋਥਾਨ ਵਿੱਚ ਜਾ ਮਿਲਿਆ।
ਯੂਸੁਫ਼ ਦਾ ਗੁਲਾਮੀ ਲਈ ਵੇਚਿਆ ਜਾਣਾ
18 ਯੂਸੁਫ਼ ਦੇ ਭਰਾਵਾਂ ਨੇ ਉਸ ਨੂੰ ਦੂਰੋਂ ਆਉਂਦਿਆਂ ਦੇਖਿਆ। ਉਨ੍ਹਾਂ ਨੇ ਉਸ ਨੂੰ ਮਾਰ ਦੇਣ ਦੀ ਵਿਉਂਤ ਘੜੀ। 19 ਭਰਾਵਾਂ ਨੇ ਇੱਕ ਦੂਸਰੇ ਨੂੰ ਆਖਿਆ, “ਉਹ ਆਉਂਦਾ ਹੈ ਯੂਸੁਫ਼, ਸੁਪਨੇ ਲੈਣ ਵਾਲਾ। 20 ਸਾਨੂੰ ਜੇ ਹੋ ਸੱਕੇ ਤਾਂ ਹੁਣੇ ਹੀ ਮਾਰ ਦੇਣਾ ਚਾਹੀਦਾ ਹੈ। ਅਸੀਂ ਉਸਦੀ ਲਾਸ਼ ਕਿਸੇ ਸਖਣੇ ਖੂਹ ਵਿੱਚ ਸੁੱਟ ਦਿਆਂਗੇ। ਅਸੀਂ ਆਪਣੇ ਪਿਤਾ ਨੂੰ ਜਾਕੇ ਆਖ ਸੱਕਦੇ ਹਾਂ ਕਿ ਉਸ ਨੂੰ ਕਿਸੇ ਜੰਗਲੀ ਜਾਨਵਰ ਨੇ ਮਾਰ ਦਿੱਤਾ। ਫ਼ੇਰ ਅਸੀਂ ਸਿਧ ਕਰ ਦਿਆਂਗੇ ਕਿ ਉਸ ਦੇ ਸੁਪਨੇ ਝੂਠੇ ਹਨ।”
21 ਪਰ ਰਊਬੇਨ ਯੂਸੁਫ਼ ਨੂੰ ਬਚਾਉਣ ਚਾਹੁੰਦਾ ਸੀ। ਰਊਬੇਨ ਨੇ ਆਖਿਆ, “ਅਸੀਂ ਉਸ ਨੂੰ ਮਾਰੀਏ ਨਾ।” ਰਊਬੇਨ ਨੇ ਯੂਸੁਫ਼ ਨੂੰ ਬਚਾਉਣ ਅਤੇ ਉਸ ਨੂੰ ਆਪਣੇ ਪਿਤਾ ਕੋਲ ਭੇਜਣ ਦੀ ਵਿਉਂਤ ਬਣਾਈ ਸੀ। 22-23 ਯੂਸੁਫ਼ ਆਪਣੇ ਭਰਾਵਾਂ ਕੋਲ ਗਿਆ। ਉਨ੍ਹਾਂ ਨੇ ਉਸ ਉੱਤੇ ਹਮਲਾ ਕਰ ਦਿੱਤਾ ਅਤੇ ਉਸਦਾ ਲੰਮਾ ਖੂਬਸੂਰਤ ਕੋਟ ਪਾੜ ਦਿੱਤਾ। 24 ਫ਼ੇਰ ਉਨ੍ਹਾਂ ਨੇ ਉਸ ਨੂੰ ਫ਼ੜਕੇ ਇੱਕ ਸੁੱਕੇ ਖੂਹ ਵਿੱਚ ਸੁੱਟ ਦਿੱਤਾ।
25 ਜਦੋਂ ਯੂਸੁਫ਼ ਖੂਹ ਵਿੱਚ ਸੀ ਤਾਂ ਭਰਾ ਰੋਟੀ ਖਾਣ ਬੈਠ ਗਏ। ਫ਼ੇਰ ਉਨ੍ਹਾਂ ਨੇ ਦੇਖਿਆ ਕਿ ਵਪਾਰੀਆਂ ਦਾ ਇੱਕ ਟੋਲਾ ਗਿਲਆਦ ਤੋਂ ਮਿਸਰ ਵੱਲ ਜਾ ਰਿਹਾ ਸੀ। ਉਨ੍ਹਾਂ ਦੇ ਊਠਾਂ ਉੱਤੇ ਬਹੁਤ ਤਰ੍ਹਾਂ ਦੇ ਮਸਾਲੇ ਅਤੇ ਦੌਲਤਾਂ ਲੱਦੀਆਂ ਹੋਈਆਂ ਸਨ। 26 ਇਸ ਲਈ ਯਹੂਦਾਹ ਨੇ ਆਪਣੇ ਭਰਾਵਾਂ ਨੂੰ ਆਖਿਆ, “ਜੇ ਅਸੀਂ ਆਪਣੇ ਭਰਾ ਨੂੰ ਮਾਰ ਦਿਆਂਗੇ ਅਤੇ ਉਸਦੀ ਮੌਤ ਉੱਤੇ ਪਰਦਾ ਪਾ ਦਿਆਂਗੇ ਤਾਂ ਸਾਨੂੰ ਕੀ ਲਾਭ ਮਿਲੇਗਾ? 27 ਜੇ ਅਸੀਂ ਉਸ ਨੂੰ ਇਨ੍ਹਾਂ ਵਪਾਰੀਆਂ ਹੱਥ ਵੇਚ ਦੇਈਏ ਤਾਂ ਸਾਨੂੰ ਵੱਧੇਰੇ ਲਾਭ ਹੋਵੇਗਾ। ਫ਼ੇਰ ਸਾਨੂੰ ਆਪਣੇ ਭਰਾ ਨੂੰ ਮਾਰਨ ਦਾ ਪਾਪ ਵੀ ਨਹੀਂ ਲੱਗੇਗਾ।” ਦੂਸਰੇ ਭਰਾ ਮੰਨ ਗਏ। 28 ਜਦੋਂ ਮਿਦਿਯਾਨੀ ਵਪਾਰੀ ਨੇੜੇ ਆਏ, ਭਰਾਵਾਂ ਨੇ ਯੂਸੁਫ਼ ਨੂੰ ਖੂਹ ਵਿੱਚੋਂ ਕੱਢ ਲਿਆਂਦਾ। ਉਨ੍ਹਾਂ ਨੇ ਉਸ ਨੂੰ ਚਾਂਦੀ ਦੇ 20 ਸਿੱਕਿਆਂ ਬਦਲੇ ਵਪਾਰੀਆਂ ਦੇ ਹੱਥ ਵੇਚ ਦਿੱਤਾ। ਵਪਾਰੀ ਉਸ ਨੂੰ ਮਿਸਰ ਲੈ ਗਏ।
29 ਇਸ ਸਾਰੇ ਸਮੇਂ ਦੌਰਾਨ ਰਊਬੇਨ ਆਪਣੇ ਭਰਾਵਾਂ ਦੇ ਨਾਲ ਨਹੀਂ ਸੀ। ਉਸ ਨੂੰ ਇਸ ਗੱਲ ਦਾ ਪਤਾ ਨਹੀਂ ਸੀ ਕਿ ਉਨ੍ਹਾਂ ਨੇ ਯੂਸੁਫ਼ ਨੂੰ ਵੇਚ ਦਿੱਤਾ ਹੈ। ਜਦੋਂ ਰਊਬੇਨ ਖੂਹ ਉੱਤੇ ਵਾਪਸ ਆਇਆ, ਉਸ ਨੇ ਦੇਖਿਆ ਕਿ ਯੂਸੁਫ਼ ਉੱਥੇ ਨਹੀਂ ਸੀ। ਰਊਬੇਨ ਨੇ ਗਮ ਦਾ ਪ੍ਰਗਟਾਵਾ ਕਰਨ ਲਈ ਆਪਣੇ ਕੱਪੜੇ ਪਾੜ ਦਿੱਤੇ। 30 ਰਊਬੇਨ ਭਰਾਵਾਂ ਕੋਲ ਗਿਆ ਅਤੇ ਆਖਿਆ, “ਮੁੰਡਾ ਤਾਂ ਖੂਹ ਵਿੱਚ ਨਹੀਂ ਹੈ! ਹੁਣ ਮੈਂ ਕੀ ਕਰਾਂ?” 31 ਭਰਾਵਾਂ ਨੇ ਇੱਕ ਬੱਕਰੇ ਨੂੰ ਮਾਰਿਆ ਅਤੇ ਯੂਸੁਫ਼ ਦੇ ਖੂਬਸੂਰਤ ਕੋਟ ਉੱਤੇ ਬੱਕਰੇ ਦਾ ਖੂਨ ਮਲ ਦਿੱਤਾ। 32 ਫ਼ੇਰ ਉਨ੍ਹਾਂ ਭਰਾਵਾਂ ਨੇ ਉਸ ਕੋਟ ਨੂੰ ਸੰਦੇਸ਼ ਦੇ ਨਾਲ ਆਪਣੇ ਪਿਤਾ ਕੋਲ ਵਾਪਸ ਭੇਜ ਦਿੱਤਾ, “ਸਾਨੂੰ ਇੱਕ ਕੋਟ ਲੱਭਿਆ ਹੈ। ਕੀ ਇਹ ਯੂਸੁਫ਼ ਦਾ ਕੋਟ ਹੈ?”
33 ਪਿਤਾ ਨੇ ਕੋਟ ਵੇਖਿਆ ਅਤੇ ਉਸ ਨੂੰ ਪਤਾ ਲੱਗ ਗਿਆ ਕਿ ਇਹ ਯੂਸੁਫ਼ ਦਾ ਹੀ ਸੀ। ਪਿਤਾ ਨੇ ਆਖਿਆ, “ਹਾਂ, ਇਹ ਉਸੇ ਦਾ ਹੀ ਹੈ! ਸ਼ਾਇਦ ਕਿਸੇ ਜੰਗਲੀ ਜਾਨਵਰ ਨੇ ਉਸ ਨੂੰ ਮਾਰ ਦਿੱਤਾ ਹੈ। ਮੇਰੇ ਪੁੱਤਰ ਨੂੰ ਕੋਈ ਜੰਗਲੀ ਜਾਨਵਰ ਖਾ ਗਿਆ!” 34 ਯਾਕੂਬ ਨੂੰ ਆਪਣੇ ਪੁੱਤਰ ਦਾ ਇੰਨਾ ਅਫ਼ਸੋਸ ਹੋਇਆ ਕਿ ਉਸ ਨੇ ਆਪਣੇ ਕੱਪੜੇ ਲੀਰੋ-ਲੀਰ ਕਰ ਦਿੱਤੇ। ਫ਼ੇਰ ਯਾਕੂਬ ਨੇ ਸੋਗ ਦੇ ਖਾਸ ਬਸਤਰ ਪਹਿਨ ਲਏ। ਯਾਕੂਬ ਆਪਣੇ ਪੁੱਤਰ ਦਾ ਕਾਫ਼ੀ ਲੰਮਾ ਸਮਾਂ ਸੋਗ ਮਨਾਉਂਦਾ ਰਿਹਾ। 35 ਯਾਕੂਬ ਦੇ ਸਾਰੇ ਪੁੱਤਰਾਂ, ਧੀਆਂ ਨੇ ਉਸ ਨੂੰ ਹੌਂਸਲਾ ਦੇਣ ਦੀ ਕੋਸ਼ਿਸ਼ ਕੀਤੀ। ਪਰ ਯਾਕੂਬ ਨੇ ਦਿਲ ਨਾ ਧਰਿਆ। ਯਾਕੂਬ ਨੇ ਆਖਿਆ, “ਮੈਂ ਆਪਣੇ ਪੁੱਤਰ ਦਾ ਉਸ ਦਿਨ ਤੱਕ ਸੋਗ ਮਨਾਉਂਦਾ ਰਹਾਂਗਾ ਜਦੋਂ ਤੱਕ ਕਿ ਮੈਂ ਮਰ ਨਹੀਂ ਜਾਂਦਾ।” [a] ਇਸ ਲਈ ਯਾਕੂਬ ਆਪਣੇ ਪੁੱਤਰ ਯੂਸੁਫ਼ ਦਾ ਸੋਗ ਮਨਾਉਂਦਾ ਰਿਹਾ।
36 ਮਿਦਿਯਾਨੀ ਵਪਾਰੀਆਂ ਨੇ ਬਾਦ ਵਿੱਚ ਯੂਸੁਫ਼ ਨੂੰ ਮਿਸਰ ਵਿੱਚ ਵੇਚ ਦਿੱਤਾ। ਉਨ੍ਹਾਂ ਨੇ ਉਸ ਨੂੰ ਫ਼ਿਰਊਨ ਦੇ ਸੁਰੱਖਿਆ ਗਾਰਦਾਂ ਦੇ ਕਪਤਾਨ ਪੋਟੀਫ਼ਰ ਨੂੰ ਵੇਚ ਦਿੱਤਾ।
ਪਰਮੇਸ਼ੁਰ ਦੇ ਨੇਮ ਅਤੇ ਮਨੁੱਖਾਂ ਦੀਆਂ ਬਣਾਈਆਂ ਰੀਤਾਂ(A)
7 ਕੁਝ ਫ਼ਰੀਸੀ ਅਤੇ ਕਈ ਨੇਮ ਦੇ ਉਪਦੇਸ਼ਕ ਯਰੂਸ਼ਲਮ ਤੋਂ ਆਏ ਅਤੇ ਯਿਸੂ ਦੇ ਗਿਰਦ ਇਕੱਠੇ ਹੋ ਗਏ। 2 ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਵੇਖਿਆ ਕਿ ਯਿਸੂ ਦੇ ਕੁਝ ਚੇਲੇ ਅਣ-ਧੋਤੇ ਹੱਥਾਂ ਨਾਲ ਹੀ ਰੋਟੀ ਖਾਂਦੇ ਸਨ। 3 ਫ਼ਰੀਸੀ ਅਤੇ ਯਹੂਦੀ ਆਪਣੇ ਵਡੇਰਿਆਂ ਦੀ ਰੀਤ ਦੇ ਅਨੁਸਾਰ ਜਦੋਂ ਤੱਕ ਹੱਥਾਂ ਨੂੰ ਖਾਸ ਤਰ੍ਹਾਂ ਨਾ ਧੋ ਲੈਣ ਉਹ ਰੋਟੀ ਨਹੀਂ ਖਾਂਦੇ ਸਨ। 4 ਅਤੇ ਜੇਕਰ ਯਹੂਦੀ ਕੁਝ ਵੀ ਬਜਾਰੋਂ ਲਿਆਉਦੇ, ਉਹ ਉਦੋਂ ਤੱਕ ਨਹੀਂ ਖਾਂਦੇ ਸਨ ਜਦ ਤੱਕ ਉਹ ਉਨ੍ਹਾਂ ਨੂੰ ਰਸਮੀ ਤਰੀਕੇ ਨਾਲ ਨਾ ਧੋ ਲੈਣ। ਉਸੇ ਤਰ੍ਹਾਂ ਹੀ ਹੋਰ ਵੀ ਰੀਤਾਂ ਸਨ ਜੋ ਉਹ ਨਿਭਾਉਂਦੇ ਸਨ। ਉਦਾਹਰਣ ਲਈ, ਪਿਆਲੇ, ਘੜਿਆਂ ਅਤੇ ਹੋਰ ਬਰਤਨਾਂ ਨੂੰ ਧੋਣਾ।
5 ਤਦ ਫ਼ਰੀਸੀਆਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਸ ਨੂੰ ਪੁੱਛਿਆ, “ਜੋ ਰੀਤਾਂ ਸਾਡੇ ਵਡੇਰਿਆਂ ਨੇ ਸਾਨੂੰ ਦਿੱਤੀਆਂ ਹਨ ਤੇਰੇ ਚੇਲੇ ਉਨ੍ਹਾਂ ਦੀ ਪਾਲਣਾ ਕਿਉਂ ਨਹੀਂ ਕਰਦੇ? ਤੇਰੇ ਚੇਲੇ ਅਣ-ਧੋਤੇ ਹੱਥਾਂ ਨਾਲ ਰੋਟੀ ਕਿਉਂ ਖਾਂਦੇ ਹਨ?”
6 ਯਿਸੂ ਨੇ ਆਖਿਆ, “ਤੁਸੀਂ ਸਭ ਕਪਟੀ ਹੋ। ਤੁਹਾਡੇ ਬਾਰੇ ਯਸਾਯਾਹ ਨੇ ਠੀਕ ਅਗੰਮ ਵਾਕ ਕੀਤਾ। ਜਿਵੇਂ ਕਿ ਲਿਖਿਆ ਹੈ,
‘ਇਹ ਲੋਕ ਆਪਣੇ ਬੁਲ੍ਹਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਨ੍ਹਾਂ ਦਾ ਦਿਲ ਮੇਰੇ ਤੋਂ ਦੂਰ ਹੈ।
7 ਉਨ੍ਹਾਂ ਦਾ ਮੱਥਾ ਟੇਕਣਾ ਮੇਰੇ ਕਿਸੇ ਕੰਮ ਦਾ ਨਹੀਂ।
ਉਹ ਸਿਰਫ਼ ਮਨੁੱਖਾਂ ਦੇ ਬਣਾਏ ਕਨੂੰਨਾਂ ਦੇ ਉਪਦੇਸ਼ ਕਿਉਂ ਦਿੰਦੇ ਹਨ।’ (B)
8 ਤੁਸੀਂ, ਲੋਕਾਂ ਦੇ ਉਪਦੇਸ਼ ਦਾ ਅਨੁਸਰਣ ਕਰਨ ਦੀ ਖਾਤਿਰ ਪਰਮੇਸ਼ੁਰ ਦੇ ਹੁਕਮਾਂ ਨੂੰ ਟਾਲ ਦਿੰਦੇ ਹੋ।”
9 ਫ਼ਿਰ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਆਪਣੇ-ਆਪ ਨੂੰ ਬੜਾ ਹੁਸ਼ਿਆਰ ਸਮਝਦੇ ਹੋ! ਤੁਸੀਂ ਪਰਮੇਸ਼ੁਰ ਦੇ ਹੁਕਮ ਨੂੰ ਟਾਲ ਦਿੰਦੇ ਹੋ ਅਤੇ ਆਪਣੇ ਹੀ ਉਪਦੇਸ਼ਾਂ ਨੂੰ ਮੰਨਦੇ ਹੋ! 10 ਮੂਸਾ ਨੇ ਆਖਿਆ, ‘ਤੈਨੂੰ ਆਪਣੇ ਮਾਤਾ-ਪਿਤਾ ਦਾ ਆਦਰ ਕਰਨਾ ਚਾਹੀਦਾ ਹੈ।’ [a] ਮੂਸਾ ਨੇ ਇਹ ਵੀ ਆਖਿਆ, ‘ਕੋਈ ਵੀ ਜੋ ਆਪਣੇ ਪਿਤਾ ਜਾਂ ਮਾਤਾ ਦੇ ਵਿਰੁੱਧ ਮੰਦਾ ਬੋਲਦਾ ਹੈ ਉਸ ਨੂੰ ਮਾਰਿਆ ਜਾਣਾ ਚਾਹੀਦਾ ਹੈ।’ [b] 11 ਪਰ ਤੁਸੀਂ ਦੱਸਦੇ ਹੋ ਕਿ ਇੱਕ ਆਦਮੀ ਆਪਣੇ ਮਾਤਾ-ਪਿਤਾ ਨੂੰ ਆਖਦਾ ਹੈ, ‘ਮੇਰੇ ਕੋਲ ਕੁਝ ਹੈ ਜੋ ਤੁਹਾਡੀ ਸਹਾਇਤਾ ਲਈ ਉਪਯੋਗੀ ਹੋ ਸੱਕਦਾ, ਪਰ ਮੈਂ ਇਸ ਨੂੰ ਪਰਮੇਸ਼ੁਰ ਦੀ ਭੇਂਟ ਲਈ ਇੱਕ ਪਾਸੇ ਸੰਭਾਲਿਆ ਹੋਇਆ ਹੈ।’ 12 ਤੁਸੀਂ ਉਸ ਮਨੁੱਖ ਨੂੰ ਆਪਣੇ ਮਾਤਾ-ਪਿਤਾ ਲਈ ਕੁਝ ਵੀ ਨਹੀਂ ਕਰਨ ਦਿੰਦੇ। 13 ਇਸ ਲਈ ਤੁਸੀਂ ਪਰਮੇਸ਼ੁਰ ਦੇ ਬਚਨਾਂ ਨੂੰ ਆਪਣੇ ਦੁਆਰਾ ਲੋਕਾਂ ਨੂੰ ਅਨੁਸਰਣ ਕਰਨ ਲਈ ਦਿੱਤੇ ਹੋਏ ਰਿਵਾਜ਼ਾਂ ਨਾਲ ਰੱਦ ਕਰ ਦਿੰਦੇ ਹੋ ਅਤੇ ਇਸੇ ਤਰ੍ਹਾਂ ਤੁਸੀਂ ਹੋਰ ਵੀ ਬਥੇਰੇ ਕਾਰਜ ਕਰਦੇ ਹੋ।”
14 ਯਿਸੂ ਨੇ ਲੋਕਾਂ ਨੂੰ ਫ਼ੇਰ ਆਪਣੇ ਕੋਲ ਬੁਲਾਕੇ ਆਖਿਆ, “ਤੁਹਾਡੇ ਵਿੱਚੋਂ ਹਰ ਕੋਈ ਮੈਨੂੰ ਧਿਆਨ ਨਾਲ ਸੁਣੇ ਅਤੇ ਸਮਝੇ। 15 ਅਜਿਹਾ ਕੁਝ ਵੀ ਨਹੀਂ ਜਿਹੜਾ ਮਨੁੱਖ ਵਿੱਚ ਬਾਹਰੋਂ ਪ੍ਰਵੇਸ਼ ਕਰਦਾ ਹੈ ਅਤੇ ਉਸ ਨੂੰ ਦੂਸ਼ਿਤ ਕਰਦਾ ਹੈ। ਪਰ ਜਿਹੜੀਆਂ ਗੱਲਾਂ ਉਸ ਵਿਅਕਤੀ ਦੇ ਅੰਦਰੋਂ ਨਿਕਲਦੀਆਂ ਹਨ, ਉਹੀ ਉਸ ਨੂੰ ਦੂਸ਼ਿਤ ਕਰਦੀਆਂ ਹਨ।” 16 [c]
17 ਜਦੋਂ ਯਿਸੂ ਲੋਕਾਂ ਨੂੰ ਛੱਡ ਕੇ ਘਰ ਵਿੱਚ ਵੜਿਆ, ਉਸ ਦੇ ਚੇਲਿਆਂ ਨੇ ਉਸ ਨੂੰ ਇਸ ਦ੍ਰਿਸ਼ਟਾਂਤ ਬਾਰੇ ਪੁੱਛਿਆ। 18 ਉਸ ਨੇ ਆਖਿਆ, “ਕੀ ਤੁਹਾਨੂੰ ਵੀ ਇਹ ਸਮਝਣ ਵਿੱਚ ਮੁਸ਼ਕਿਲ ਹੋ ਰਹੀ ਹੈ? ਕੀ ਤੁਸੀਂ ਨਹੀਂ ਸਮਝਦੇ ਕਿ ਜੋ ਕੁਝ ਵੀ ਬਾਹਰੋਂ ਵਿਅਕਤੀ ਦੇ ਅੰਦਰ ਜਾਂਦਾ ਹੈ ਉਹ ਉਸ ਨੂੰ ਦੂਸ਼ਿਤ ਨਹੀਂ ਕਰ ਸੱਕਦਾ। 19 ਕਿਉਂਕਿ ਇਹ ਚੀਜ਼ਾਂ ਢਿੱਡ ਵਿੱਚ ਜਾਂਦੀਆਂ ਹਨ ਨਾ ਕਿ ਦਿਲ ਵਿੱਚ। ਅਤੇ ਇਹ ਚੀਜ਼ਾਂ ਸਰੀਰ ਵਿੱਚੋਂ ਬਾਹਰ ਆ ਜਾਂਦੀਆਂ ਹਨ।” (ਜਦੋਂ ਯਿਸੂ ਨੇ ਇਹ ਆਖਿਆ, ਤਾਂ ਉਸਦਾ ਭਾਵ ਇਹ ਸੀ ਕਿ ਕੋਈ ਵੀ ਭੋਜਨ ਨਹੀਂ ਜਿਹੜਾ ਮਨੁੱਖ ਲਈ ਅਸ਼ੁੱਧ ਹੈ।)
20 ਅਤੇ ਯਿਸੂ ਨੇ ਆਖਿਆ, “ਉਹ ਜੋ ਕਿਸੇ ਵਿਅਕਤੀ ਵਿੱਚੋਂ ਬਾਹਰ ਆਉਂਦਾ ਹੈ ਉਹੀ ਹੈ ਜੋ ਉਸ ਨੂੰ ਅਸ਼ੁੱਧ ਬਨਾਉਂਦਾ ਹੈ। 21 ਕਿਉਂਕਿ ਇਹੋ ਜਿਹੀਆਂ ਮੰਦੀਆਂ ਗੱਲਾਂ ਮਨੁੱਖ ਦੇ ਦਿਲ ਵਿੱਚੋਂ ਆਉਂਦੀਆਂ ਹਨ ਬੁਰੇ ਵਿੱਚਾਰ, ਜਿਨਸੀ ਪਾਪ, ਚੋਰੀਆਂ, ਕਤਲ, 22 ਵਿਭਚਾਰ, ਸੁਆਰਥਪੁਣਾ, ਬੁਰਾ ਵਿਉਹਾਰ, ਪਾਪੀ ਗੱਲਾਂ, ਧੋਖਾ, ਈਰਖਾ, ਲੋਕਾਂ ਬਾਰੇ ਬੁਰਾ-ਭਲਾ ਕਹਿਣਾ, ਹੰਕਾਰੀ ਬੋਲ ਅਤੇ ਮੂਰੱਖਤਾਈ। 23 ਇਹ ਸਭ ਬੁਰੀਆਂ ਗੱਲਾਂ ਵਿਅਕਤੀ ਦੇ ਅੰਦਰੋਂ ਬਾਹਰ ਨਿਕਲਦੀਆਂ ਹਨ ਅਤੇ ਇਹ ਗੱਲਾਂ ਉਸ ਨੂੰ ਅਸ਼ੁੱਧ ਬਣਾਉਂਦੀਆਂ ਹਨ।”
ਯਿਸੂ ਦਾ ਗੈਰ-ਯਹੂਦੀ ਔਰਤ ਦੀ ਸਹਾਇਤਾ ਕਰਨਾ(C)
24 ਫ਼ੇਰ ਯਿਸੂ ਉੱਥੋਂ ਉੱਠ ਕੇ ਸੂਰ ਦੇ ਇਲਾਕੇ ਵਿੱਚ ਆਇਆ ਅਤੇ ਇੱਕ ਘਰ ਵਿੱਚ ਗਿਆ। ਅਤੇ ਉਹ ਚਾਹੁੰਦਾ ਸੀ ਕਿ ਕਿਸੇ ਨੂੰ ਉਸ ਦੇ ਆਉਣ ਦੀ ਖਬਰ ਨਾ ਹੋਵੇ, ਪਰ ਉਹ ਆਪਣੇ-ਆਪ ਨੂੰ ਲੁਕਿਆ ਨਾ ਰੱਖ ਸੱਕਿਆ। 25 ਇੱਕ ਔਰਤ ਨੇ ਯਿਸੂ ਬਾਰੇ ਸੁਣਿਆ ਅਤੇ ਆਪਣੀ ਛੋਟੀ ਜਿਹੀ ਕੁੜੀ ਨੂੰ ਲਿਆਈ ਜਿਸ ਅੰਦਰ ਇੱਕ ਭਰਿਸ਼ਟ ਆਤਮਾ ਸੀ। ਔਰਤ ਯਿਸੂ ਦੇ ਚਰਣਾਂ ਤੇ ਝੁਕੀ ਤੇ ਪ੍ਰਣਾਮ ਕੀਤਾ। 26 ਉਹ ਔਰਤ ਗੈਰ-ਯਹੂਦੀ ਯੂਨਾਨਣ ਸੀ ਅਤੇ ਉਸਦਾ ਜਨਮ ਸੂਰੁਫ਼ੈਨੀਕਣ ਦਾ ਸੀ ਜੋ ਕਿ ਸੀਰਿਆ ਦਾ ਇਲਾਕਾ ਹੈ। ਉਸ ਨੇ ਯਿਸੂ ਨੂੰ ਉਸਦੀ ਧੀ ਅੰਦਰੋਂ ਭੂਤ ਨੂੰ ਕੱਢਣ ਵਾਸਤੇ ਬੇਨਤੀ ਕੀਤੀ।
27 ਯਿਸੂ ਨੇ ਉਸ ਔਰਤ ਨੂੰ ਆਖਿਆ, “ਸਭ ਤੋਂ ਪਹਿਲਾਂ ਜਿੰਨੀ ਰੋਟੀ ਬੱਚੇ ਚਾਹੁੰਣ ਉਨ੍ਹਾਂ ਨੂੰ ਖਾਣ ਦਿਓ ਕਿਉਂਕਿ ਬੱਚਿਆਂ ਦੀ ਰੋਟੀ ਲੈ ਕੇ ਕਤੂਰਿਆਂ ਨੂੰ ਪਾਉਣੀ ਚੰਗੀ ਗੱਲ ਨਹੀਂ।”
28 ਔਰਤ ਨੇ ਜਵਾਬ ਦਿੱਤਾ, “ਪ੍ਰਭੂ ਜੀ, ਇਹ ਸੱਚ ਹੈ, ਪਰ ਮੇਜ਼ ਦੇ ਹੇਠਾਂ ਬੈਠੇ ਕੁੱਤੇ ਵੀ ਬੱਚਿਆਂ ਦੁਆਰਾ ਛੱਡੇ ਗਏ ਰੋਟੀ ਦੇ ਟੁਕੜੇ ਖਾਂਦੇ ਹਨ।”
29 ਤਾਂ ਯਿਸੂ ਨੇ ਉਸ ਔਰਤ ਨੂੰ ਆਖਿਆ, “ਇਹ ਇੱਕ ਚੰਗਾ ਜਵਾਬ ਹੈ। ਫ਼ਿਰ ਤੂੰ ਜਾ ਸੱਕਦੀ ਹੈਂ। ਭੂਤ ਨੇ ਤੇਰੀ ਧੀ ਨੂੰ ਛੱਡ ਦਿੱਤਾ ਹੈ।”
30 ਫ਼ਿਰ ਉਹ ਔਰਤ ਘਰ ਗਈ ਅਤੇ ਉਸਦੀ ਧੀ ਨੂੰ ਮੰਜੇ ਤੇ ਪਈ ਵੇਖਿਆ ਅਤੇ ਭੂਤ ਨੇ ਉਸ ਨੂੰ ਛੱਡ ਦਿੱਤਾ ਸੀ।
ਯਿਸੂ ਦਾ ਇੱਕ ਬੋਲੇ ਨੂੰ ਠੀਕ ਕਰਨਾ
31 ਉਸ ਨੇ ਸੂਰ ਦਾ ਉਹ ਖੇਤ੍ਰ ਛੱਡ ਦਿੱਤਾ ਅਤੇ ਸੈਦਾ ਰਾਹੀਂ ਦਿਕਾਪੁਲਿਸ ਦੇ ਖੇਤ੍ਰ ਵਿੱਚ ਦੀ ਲੰਘਦਾ ਹੋਇਆ ਗਲੀਲੀ ਝੀਲ ਨੂੰ ਗਿਆ। 32 ਜਦੋਂ ਉਹ ਉੱਥੇ ਸੀ, ਕੁਝ ਲੋਕ ਉਸ ਕੋਲ ਇੱਕ ਬੰਦੇ ਨੂੰ ਲਿਆਏ, ਉਹ ਮਨੁੱਖ ਗੂੰਗਾ ਅਤੇ ਬੋਲਾ ਸੀ। ਉਨ੍ਹਾਂ ਨੇ ਉਸ ਨੂੰ ਅਰਜੋਈ ਕੀਤੀ ਕਿ ਉਹ ਆਪਣੇ ਹੱਥ ਉਸ ਉੱਪਰ ਰੱਖਕੇ ਉਸ ਨੂੰ ਚੰਗਾ ਕਰ ਦੇਵੇ।
33 ਯਿਸੂ ਉਸ ਬੰਦੇ ਨੂੰ ਭੀੜ ਤੋਂ ਵੱਖਰਾ ਕਰਕੇ ਲੈ ਗਿਆ ਅਤੇ ਆਪਣੀਆਂ ਉਂਗਲਾਂ ਉਸ ਦੇ ਕੰਨ ਵਿੱਚ ਪਾਈਆਂ। ਫ਼ਿਰ ਯਿਸੂ ਨੇ ਥੁਕਿਆ ਅਤੇ ਉਸਦੀ ਜੀਭ ਨੂੰ ਛੋਇਆ। 34 ਯਿਸੂ ਨੇ ਅਕਾਸ਼ ਵੱਲ ਵੇਖਿਆ ਅਤੇ ਮੂੰਹ ਚ ਹਉਂਕਾ ਭਰਿਆ ਅਤੇ ਉਸ ਨੂੰ ਆਖਿਆ, “ਇੱਫ਼ਤਾ!” (ਇਸਦਾ ਅਰਥ “ਖੁੱਲ੍ਹ ਜਾ!”) 35 ਜਦੋਂ ਉਸ ਨੇ ਅਜਿਹਾ ਕੀਤਾ ਮਨੁੱਖ ਸੁਨਣ ਦੇ ਸਮਰਥ ਹੋ ਗਿਆ ਅਤੇ ਉਹ ਸਾਫ਼-ਸਾਫ਼ ਬੋਲਣ ਦੇ ਵੀ ਸਮਰੱਥ ਸੀ।
36 ਯਿਸੂ ਨੇ ਲੋਕਾਂ ਨੂੰ ਤਗੀਦ ਕੀਤੀ ਕਿ ਇਸ ਘਟਨਾ ਬਾਰੇ ਕਿਸੇ ਨੂੰ ਨਾ ਕਹਿਣਾ। ਯਿਸੂ ਨੇ ਹਮੇਸ਼ਾ ਲੋਕਾਂ ਨੂੰ ਇਸਦਾ ਹੁਕਮ ਦਿੱਤਾ। ਪਰ ਜਿੰਨਾ ਉਹ ਹੋਰਨਾਂ ਨੂੰ ਨਾ ਦੱਸਣ ਵਾਸਤੇ ਵੱਧ ਹੁਕਮ ਦਿੰਦਾ ਸੀ ਉਹ ਉਸ ਬਾਰੇ ਹੋਰ ਵੀ ਜ਼ਿਆਦਾ ਦੱਸਦੇ। 37 ਲੋਕ ਬੜੇ ਹੈਰਾਨ ਸਨ ਅਤੇ ਆਖਿਆ, “ਯਿਸੂ ਸਭ ਕੁਝ ਵੱਧੀਆ ਕਰਦਾ ਹੈ। ਉਹ ਬੋਲਿਆਂ ਨੂੰ ਸੁਨਣ ਅਤੇ ਗੂੰਗਿਆਂ ਨੂੰ ਬੋਲਣ ਦੇ ਕਾਬਿਲ ਵੀ ਬਨਾਉਂਦਾ ਹੈ।”
ਅੱਯੂਬ ਆਪਣੇ ਜਨਮ ਦਿਹਾੜੇ ਨੂੰ ਸਰਾਪਦਾ
3 ਫੇਰ ਅੱਯੂਬ ਨੇ ਆਪਣਾ ਮੂੰਹ ਖੋਲ੍ਹਿਆ ਤੇ ਉਸ ਦਿਨ ਨੂੰ ਸਰਾਪ ਦਿੱਤਾ ਜਿਸ ਦਿਨ ਉਹ ਜੰਮਿਆ ਸੀ। 2 ਉਸ ਨੇ ਆਖਿਆ:
3 “ਕਾਸ਼ ਕਿ ਉਹ ਦਿਨ, ਜਿਸ ਦਿਨ ਮੈਂ ਜੰਮਿਆ ਸਾਂ ਸਦਾ ਵਾਸਤੇ ਗੁੰਮ ਜਾਵੇ।
ਕਾਸ਼ ਕਿ ਉਹ ਰਾਤ ਜਦੋਂ ਉਨ੍ਹਾਂ ਆਖਿਆ ਮੁੰਡਾ ਹੋਇਆ ਹੈ, ਕਦੇ ਵੀ ਨਾ ਹੁੰਦੀ।
4 ਕਾਸ਼ ਕਿ ਇਹ ਹਨੇਰੇ ਵਿੱਚ ਲੁਕਿਆ ਰਹਿੰਦਾ।
ਕਾਸ਼ ਕਿ ਪਰਮੇਸ਼ੁਰ ਉਸ ਦਿਨ ਨੂੰ ਭੁਲਾ ਦੇਵੇ।
ਕਾਸ਼ ਕਿ ਉਸ ਦਿਨ ਤੇ ਰੋਸ਼ਨੀ ਨਾ ਹੋਈ ਹੁੰਦੀ।
5 ਕਾਸ਼ ਕਿ ਉਹ ਦਿਨ ਹਨੇਰਾ ਰਹਿੰਦਾ, ਮੌਤ ਵਰਗਾ ਹਨੇਰਾ।
ਕਾਸ਼ ਕਿ ਬੱਦਲ ਉਸ ਦਿਨ ਨੂੰ ਢੱਕ ਲੈਂਦੇ।
ਕਾਸ਼ ਕਿ ਕਾਲੇ ਬੱਦਲ ਰੋਸ਼ਨੀ ਨੂੰ ਉਸ ਦਿਨ ਕੋਲੋਂ ਭਜਾ ਦਿੰਦੇ, ਜਦੋਂ ਮੈਂ ਜੰਮਿਆ ਸਾਂ।
6 ਉਹ ਰਾਤ ਹਨੇਰੇ ਵਿੱਚ ਛੁਪੀ ਰਹੇ।
ਉਸ ਰਾਤ ਨੂੰ ਯਂਤਰੀ ਤੋਂ ਮਿਟਾ ਦੇਵੋ।
ਉਸ ਰਾਤ ਨੂੰ ਕਿਸੇ ਵੀ ਮਹੀਨੇ ਅੰਦਰ ਨਾ ਰੱਖੋ।
7 ਉਸ ਰਾਤ ਨੂੰ ਕੁਝ ਵੀ ਪੈਦਾ ਨਾ ਕਰਨ ਦਿਉ
ਉਸ ਰਾਤ ਨੂੰ ਕੋਈ ਵੀ ਖੁਸ਼ੀ ਦੀ ਕਿਲਕਾਰੀ ਨਾ ਸੁਣੇ।
8 ਕਈ ਜਾਦੂਗਰ ਹਮੇਸ਼ਾ ਲਿਵਯਾਬਾਨ ਨੂੰ ਜਾਗਉਣਾ ਲੋਚਦੇ ਨੇ।
ਇਸ ਲਈ ਉਨ੍ਹਾਂ ਨੂੰ ਆਪਣੇ ਸਰਾਪ ਦੇਣ ਦੇਵੋ ਅਤੇ ਉਸ ਦਿਨ ਨੂੰ ਸਰਾਪ ਦੇਣ ਦਿਉ ਜਦੋਂ ਮੈਂ ਜੰਮਿਆ ਸਾਂ।
9 ਉਸ ਦਿਨ ਦੇ ਪ੍ਰਭਾਤ ਦੇ ਤਾਰੇ ਨੂੰ ਹਨੇਰਾ ਹੋਣ ਦਿਉ,
ਉਸ ਰਾਤ ਨੂੰ ਸਵੇਰ ਦਾ ਇੰਤਜ਼ਾਰ ਕਰਨ ਦਿਉ, ਪਰ ਉਹ ਰੋਸ਼ਨੀ ਕਦੇ ਨਾ ਆਵੇ।
ਇਸ ਨੂੰ ਸੂਰਜ ਦੀਆਂ ਪਹਿਲੀਆਂ ਕਿਰਣਾਂ ਨਾ ਦੇਖਣ ਦੇਵੋ।
10 ਕਿਉਂਕਿ ਉਸ ਰਾਤ ਨੇ ਮੈਨੂੰ ਜਨਮ ਲੈਣ ਤੋਂ ਨਹੀਂ ਰੋਕਿਆ।
ਉਸ ਰਾਤ ਨੇ ਮੈਨੂੰ ਇਨ੍ਹਾਂ ਮੁਸੀਬਤਾਂ ਨੂੰ ਦੇਖਣ ਤੋਂ ਨਹੀਂ ਰੋਕਿਆ।
11 ਮੈਂ ਉਦੋਂ ਹੀ ਕਿਉਂ ਨਾ ਮਰ ਗਿਆ, ਜਦੋਂ ਮੈਂ ਜੰਮਿਆ ਸਾਂ?
ਮੈਂ ਜਨਮ ਸਮੇਂ ਹੀ ਕਿਉਂ ਨਾ ਮਰਿਆ?
12 ਮੈਨੂੰ ਮੇਰੀ ਮਾਂ ਨੇ ਆਪਣੀ ਗੋਦੀ ਵਿੱਚ ਕਿਉਂ ਚੁੱਕਿਆ?
ਮ੍ਮੈਨੂੰ ਮੇਰੀ ਮਾਂ ਦੀਆਂ ਦੁੱਧੀਆਂ ਨੇ ਦੁੱਧ ਕਿਉਂ ਚਂੁਘਾਇਆ?
13 ਜੇ ਮੈਂ ਮਰ ਗਿਆ ਹੁੰਦਾ,
ਜਦੋਂ ਮੈਂ ਜੰਮਿਆ ਸਾਂ,
ਮੈਂ ਹੁਣ ਸ਼ਾਂਤ ਹੁੰਦਾ।
ਕਾਸ਼ ਕਿ ਮੈਂ ਆਰਾਮ ਨਾਲ ਸੁੱਤਾ ਪਿਆ ਹੁੰਦਾ।
14 ਉਨ੍ਹਾਂ ਰਾਜਿਆਂ ਤੇ ਸਿਆਣੇ ਲੋਕਾਂ ਨਾਲ ਜਿਹੜੇ ਬੀਤੇ ਸਮੇਂ ਵਿੱਚ ਧਰਤੀ ਉੱਤੇ ਰਹਿੰਦੇ ਸਨ।
ਉਨ੍ਹਾਂ ਲੋਕਾਂ ਨੇ ਆਪਣੇ ਲਈ ਮਹਿਲ ਬਣਾਏ ਜੋ ਹੁਣ ਖੰਡਰ ਬਣ ਗਏ ਹਨ।
15 ਕਾਸ਼ ਕਿ ਮੈਂ ਉਨ੍ਹਾਂ ਨਾਲ ਦਫਨ ਹੁੰਦਾ ਜਿਨ੍ਹਾਂ ਹਾਕਮਾਂ ਨੇ
ਸੋਨੇ ਚਾਂਦੀ ਨਾਲ ਆਪਣੀਆਂ ਕਬਰਾਂ ਭਰੀਆਂ ਹੋਈਆਂ।
16 ਮੈਂ ਉਹ ਬੱਚਾ ਕਿਉਂ ਨਹੀਂ ਸਾਂ ਜਿਹੜਾ ਜਨਮ ਵੇਲੇ ਮਰ ਗਿਆ
ਤੇ ਜਿਸ ਨੂੰ ਧਰਤੀ ਅੰਦਰ ਦਫਨਾਇਆ ਗਿਆ ਸੀ?
ਕਾਸ਼ ਕਿ ਮੈਂ ਉਸ ਬੱਚੇ ਵਰਗਾ ਹੁੰਦਾ
ਜਿਸਨੇ ਕਦੇ ਵੀ ਦਿਨ ਦਾ ਚਾਨਣ ਨਹੀਂ ਦੇਖਿਆ।
17 ਬੁਰੇ ਆਦਮੀ ਮੁਸੀਬਤਾਂ ਖੜੀਆਂ ਕਰਨ ਤੋਂ ਹਟ ਜਾਂਦੇ ਨੇ ਜਦੋਂ ਉਹ ਕਬਰ ਵਿੱਚ ਹੁੰਦੇ ਨੇ।
ਤੇ ਉਨ੍ਹਾਂ ਲੋਕਾਂ ਨੂੰ, ਜਿਹੜੇ ਬਕੱ ਜਾਂਦੇ ਨੇ ਕਬਰ ਵਿੱਚ ਆਰਾਮ ਮਿਲਦਾ ਹੈ।
18 ਕੈਦੀਆਂ ਨੂੰ ਕਬਰ ਵਿੱਚ ਆਰਾਮ ਮਿਲ ਜਾਂਦਾ ਹੈ;
ਉਹ ਆਪਣੇ ਗਾਰਦਾਂ ਨੂੰ ਆਪਣੇ ਉੱਤੇ ਚੀਕਦਿਆਂ ਨਹੀਂ ਸੁਣਦੇ।
19 ਸਭ ਤਰ੍ਹਾਂ ਦੇ ਲੋਕ ਕਬਰ ਵਿੱਚ ਹਨ, ਮਹੱਤਵਪੂਰਣ ਲੋਕ ਵੀ
ਅਤੇ ਉਹ ਲੋਕ ਵੀ ਜਿਹੜੇ ਇੰਨੇ ਮਹੱਤਵਪੂਰਣ ਨਹੀਂ ਹੁੰਦੇ।
ਗੁਲਾਮ ਵੀ ਆਪਣੇ ਮਾਲਕ ਤੋਂ ਮੁਕਤ ਹੋ ਜਾਂਦਾ ਹੈ।
20 “ਕਿਉਂ ਜ਼ਰੂਰ ਹੀ ਇੱਕ ਦੁੱਖੀ ਬੰਦਾ ਜਿਉਂਦਾ ਜਾਵੇ?
ਉਸ ਬੰਦੇ ਨੂੰ ਜੀਵਨ ਕਿਉਂ ਦੇਵੋਁ ਜਿਸਦਾ ਆਤਮਾ ਦੁੱਖ੍ਖੀ ਹੈ?
21 ਉਹ ਆਦਮੀ ਮਰਨਾ ਚਾਹੁੰਦਾ ਹੈ ਪਰ ਮੌਤ ਨਹੀਂ ਆਉਂਦੀ।
ਉਹ ਉਦਾਸ ਬੰਦਾ ਮੌਤ ਦੀ ਤਲਾਸ਼ ਛੁੱਪੇ ਹੋਏ ਖਜ਼ਾਨੇ ਨਾਲੋਂ ਵੀ ਵੱਧੇਰੇ ਕਰਦਾ ਹੈ।
22 ਉਹ ਲੋਕ ਆਪਣੀ ਕਬਰ ਲੱਭ ਕੇ ਖੁਸ਼ ਹੋਵਣਗੇ।
ਉਹ ਆਪਣੇ ਮਕਬਰੇ ਨੂੰ ਲੱਭ ਕੇ ਖੁਸ਼ੀ ਮਨਾਉਣਗੇ।
23 ਪਰ ਪਰਮੇਸ਼ੁਰ ਉਨ੍ਹਾਂ ਦੇ ਭਵਿੱਖ ਨੂੰ ਗੁਪਤ ਰੱਖਦਾ ਹੈ
ਤੇ ਉਨ੍ਹਾਂ ਦੀ ਰਾਖੀ ਲਈ ਉਨ੍ਹਾਂ ਦੁਆਲੇ ਕੰਧ ਉਸਾਰ ਦਿੰਦਾ ਹੈ।
24 ਜਦੋਂ ਭੋਜਨ ਦਾ ਸਮਾਂ ਹੁੰਦਾ ਹੈ, ਮੈਂ ਸਿਰਫ ਗਮ ਦੇ ਹੌਁਕੇ ਭਰਦਾ ਹਾਂ, ਖੁਸ਼ੀ ਦੇ ਨਹੀਂ।
ਮੇਰੇ ਸ਼ਿਕਵੇ ਪਾਣੀ ਵਾਂਗਰਾਂ ਫੁੱਟ ਨਿਕਲਦੇ ਨੇ।
25 ਮੈਂ ਡਰਦਾ ਸਾਂ ਕਿ ਮੇਰੇ ਨਾਲ ਕੁਝ ਬਹੁਤ ਹੀ ਭਿਆਨਕ ਨਾ ਵਾਪਰ ਜਾਵੇ ਤੇ ਉਹ ਵਾਪਰ ਗਿਆ ਹੈ।
ਮੈਂ ਜਿਨ੍ਹਾਂ ਗੱਲਾਂ ਤੋਂ ਬਹੁਤ ਹੀ ਡਰਦਾ ਸਾਂ ਮੇਰੇ ਨਾਲ ਵਾਪਰ ਗਈਆਂ ਨੇ।
26 ਮੈਂ ਸ਼ਾਂਤ ਨਹੀਂ ਹੋ ਸੱਕਦਾ।
ਮੈਂ ਸਹਿਜ ਨਹੀਂ ਹੋ ਸੱਕਦਾ।
ਮੈਂ ਆਰਾਮ ਨਹੀਂ ਕਰ ਸੱਕਦਾ, ਮੈਂ ਬਹੁਤ ਹੀ ਉਪਰਾਮ ਹਾਂ।”
ਵਿਆਹ ਦੀ ਇੱਕ ਮਿਸਾਲ
7 ਹੇ ਭਰਾਵੋ ਅਤੇ ਭੈਣੋ ਤੁਸੀਂ ਸਾਰੇ ਮੂਸਾ ਦੀ ਸ਼ਰ੍ਹਾ ਬਾਰੇ ਜਾਣਦੇ ਹੋ। ਤੁਸੀਂ ਇਹ ਜਰੂਰ ਜਾਣਦੇ ਹੋਵੋਂਗੇ ਕਿ ਜਿੰਨੇ ਦਿਨ ਮਨੁੱਖ ਜਿਉਂਦਾ ਹੈ ਉਨੇ ਦਿਨ ਸ਼ਰ੍ਹਾ ਉਸ ਉੱਪਰ ਵੱਸ ਰੱਖਦੀ ਹੈ। 2 ਮੈਂ ਤੁਹਾਨੂੰ ਇੱਕ ਉਦਾਹਰਣ ਦਿੰਦਾ ਹਾਂ; ਇੱਕ ਵਿਆਹੀ ਔਰਤ ਆਪਣੇ ਪਤੀ ਨਾਲ, ਜਦ ਤੱਕ ਉਸਦਾ ਪਤੀ ਜਿਉਂਦਾ ਹੈ ਵਿਆਹ ਦੇ ਬੰਧਨ ਵਿੱਚ ਹੈ। ਜਦੋਂ ਉਸਦਾ ਪਤੀ ਮਰ ਜਾਂਦਾ ਹੈ, ਤਾਂ ਉਹ ਵਿਆਹ ਦੇ ਬੰਧਨ ਤੋਂ, ਆਜ਼ਾਦ ਕਰ ਦਿੱਤੀ ਜਾਂਦੀ ਹੈ। 3 ਪਰ ਜੇਕਰ ਉਹ ਦੂਜੇ ਵਿ ਅਕਤੀ ਨਾਲ ਉਦੋਂ ਵਿਆਹ ਕਰਵਾਉਂਦੀ ਹੈ, ਜਦੋਂ ਅਜੇ ਉਸਦਾ ਪਤੀ ਜਿਉਂਦਾ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਹੋਵੇਗੀ। ਪਰ ਜੇ ਉਸਦਾ ਪਤੀ ਮਰ ਜਾਂਦਾ ਹੈ, ਫ਼ੇਰ ਉਹ ਵਿਆਹ ਦੀ ਸ਼ਰ੍ਹਾ ਤੋਂ ਆਜ਼ਾਦ ਕਰ ਦਿੱਤੀ ਜਾਂਦੀ ਹੈ। ਤਾਂ ਜੇਕਰ ਉਹ ਆਪਣੇ ਪਤੀ ਦੀ ਮੌਤ ਤੋਂ ਬਾਅਦ ਦੂਜੇ ਆਦਮੀ ਨਾਲ ਵਿਆਹ ਕਰਾਉਂਦੀ ਹੈ, ਤਾਂ ਫ਼ੇਰ ਉਹ ਬਦਕਾਰੀ ਦੀ ਦੋਸ਼ਣ ਨਹੀਂ ਹੋਵੇਗੀ।
4 ਇਸੇ ਤਰ੍ਹਾਂ ਮੇਰੇ ਭਰਾਵੋ ਅਤੇ ਭੈਣੋ ਤੁਸੀਂ ਮਸੀਹ ਦੇ ਸਰੀਰ ਰਾਹੀਂ ਸ਼ਰ੍ਹਾ ਲਈ ਮਰ ਚੁੱਕੇ ਹੋ। ਤੁਸੀਂ ਦੂਜੇ ਦੇ ਹੋ ਗਏ ਭਾਵ ਉਸ ਦੇ ਹੋ ਗਏ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ। ਹੁਣ ਅਸੀਂ ਆਪਣੇ ਆਪ ਨੂੰ ਪਰਮੇਸ਼ੁਰ ਦੀ ਸੇਵਾ ਲਈ ਸਮਰਪਿਤ ਕਰ ਸੱਕਦੇ ਹਾਂ। 5 ਅਤੀਤ ਵਿੱਚ, ਸਾਡੇ ਪਾਪੀ ਸੁਭਾਅ ਨੇ ਸਾਡੇ ਤੇ ਸ਼ਾਸਨ ਕੀਤਾ। ਸ਼ਰ੍ਹਾ ਨੇ ਸਾਡੇ ਅੰਦਰ ਦੁਸ਼ਟਤਾ ਕਰਨ ਦੀ ਇੱਛਾ ਨੂੰ ਉੱਤੇਜਿਤ ਕੀਤਾ, ਅਤੇ ਉਨ੍ਹਾਂ ਬਦੀਆਂ ਨੇ ਸਾਡੇ ਸਰੀਰਾਂ ਨੂੰ ਕਾਬੂ ਕਰ ਲਿਆ। ਇਸ ਲਈ ਜੋ ਕੁਝ ਵੀ ਅਸੀਂ ਕੀਤਾ ਸਿਰਫ਼ ਸਾਨੂੰ ਆਪਣੀ ਆਤਮਕ ਮੌਤ ਵੱਲ ਲੈ ਗਿਆ। 6 ਪਹਿਲਾਂ ਸ਼ਰ੍ਹਾ ਨੇ ਸਾਨੂੰ ਕੈਦੀਆਂ ਵਾਂਗ ਰੱਖਿਆ ਪਰ ਜਦੋਂ ਸਾਡੇ ਪੁਰਾਣੇ ਸੁਭਾਅ ਮਰ ਗਏ ਤਾਂ ਅਸੀਂ ਸ਼ਰ੍ਹਾ ਤੋਂ ਆਜ਼ਾਦ ਕੀਤੇ ਗਏ ਸੀ। ਇਸ ਲਈ ਹੁਣ ਅਸੀਂ ਪਰਮੇਸ਼ੁਰ ਦੀ ਸੇਵਾ ਨਵੇਂ ਢੰਗ ਨਾਲ ਕਰ ਰਹੇ ਹਾਂ, ਨਾ ਕਿ ਲਿਖੇ ਨਿਯਮਾਂ ਦੇ ਪੁਰਾਣੇ ਢੰਗ ਨਾਲ। ਹੁਣ ਅਸੀਂ ਪਰਮੇਸ਼ੁਰ ਦੀ ਸੇਵਾ ਨਵੇਂ ਢੰਗ ਵਿੱਚ ਆਤਮਾ ਦੇ ਨਾਲ ਰਹਿੰਦਿਆਂ ਹੋਇਆਂ ਕਰ ਰਹੇ ਹਾਂ।
ਪਾਪ ਦੇ ਵਿਰੁੱਧ ਸਾਡੀ ਜੰਗ
7 ਤਾਂ ਫ਼ੇਰ ਸਿੱਟਾ ਕੀ ਹੈ? ਕੀ ਪਾਪ ਅਤੇ ਸ਼ਰ੍ਹਾ ਇੱਕੋ ਹਨ? ਨਿਰਸੰਦੇਹ ਨਹੀਂ। ਕਿਉਂਕਿ ਸ਼ਰ੍ਹਾ ਤੋਂ ਬਿਨਾ ਮੈਂ ਪਾਪ ਬਾਰੇ ਨਹੀਂ ਜਾਣ ਸੱਕਦਾ। ਜੇਕਰ ਸ਼ਰ੍ਹਾ ਨੇ ਮੈਨੂੰ ਇਹ ਨਾ ਕਿਹਾ ਹੁੰਦਾ “ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਨਾ ਕਰੋ,” [a] ਮੈਨੂੰ ਦੂਜਿਆਂ ਦੀਆਂ ਚੀਜ਼ਾਂ ਦੀ ਇੱਛਾ ਕਰਨ ਬਾਰੇ ਨਾ ਪਤਾ ਹੁੰਦਾ। 8 ਪਰ ਪਾਪ ਨੇ ਹੁਕਮ ਦੁਆਰਾ ਦਿੱਤੇ ਗਏ ਅਵਸਰ ਦਾ ਇਸਤੇਮਾਲ ਕੀਤਾ, ਮੇਰੇ ਅੰਦਰ ਹਰ ਤਰ੍ਹਾਂ ਦੀ ਗਲਤ ਇੱਛਾ ਪੈਦਾ ਕੀਤੀ। ਇਸ ਲਈ ਉਸ ਹੁਕਮ ਦੇ ਕਾਰਣ ਮੇਰੇ ਅੰਦਰ ਪਾਪ ਆਇਆ। ਸ਼ਰ੍ਹਾ ਤੋਂ ਬਿਨਾ ਪਾਪ ਮੁਰਦਾ ਹੈ। 9 ਸ਼ਰ੍ਹਾ ਨੂੰ ਜਾਨਣ ਤੋਂ ਪਹਿਲਾਂ ਮੈਂ ਸ਼ਰ੍ਹਾ ਤੋਂ ਬਿਨਾ ਜਿਉਂਦਾ ਸੀ, ਪਰ ਜਦੋਂ ਸ਼ਰ੍ਹਾ ਦਾ ਹੁਕਮ ਮੇਰੇ ਕੋਲ ਆਇਆ, ਤਾਂ ਪਾਪ ਨੇ ਜੀਵਨ ਪ੍ਰਾਪਤ ਕੀਤਾ। 10 ਅਤੇ ਮੈਂ ਉਸ ਪਾਪ ਕਾਰਣ ਆਤਮਕ ਤੌਰ ਤੇ ਖਤਮ ਹੋ ਗਿਆ। ਸ਼ਰ੍ਹਾ ਦੇ ਹੁਕਮ ਦਾ ਕੰਮ ਜੀਵਨ ਦੇਣਾ ਸੀ ਪਰ ਉਹ ਹੁਕਮ ਮੌਤ ਲਿਆਇਆ। 11 ਪਾਪ ਨੇ ਹੁਕਮ ਨੂੰ ਇਸਤੇਮਾਲ ਕਰਕੇ ਮੈਨੂੰ ਗੁਮਰਾਹ ਕਰਨ ਦਾ ਢੰਗ ਲੱਭ ਲਿਆ, ਅਤੇ ਹੁਕਮ ਦੇ ਰਾਹੀਂ ਇਹ ਮੇਰੇ ਲਈ ਆਤਮਕ ਮੌਤ ਲਿਆਇਆ।
12 ਇਸ ਲਈ ਸ਼ਰ੍ਹਾ ਪਵਿਤਰ ਹੈ ਅਤੇ ਹੁਕਮ ਪਵਿਤਰ, ਚੰਗਾ ਅਤੇ ਨਿਆਂਈ ਹੈ। 13 ਤਾਂ ਇਸਦਾ ਮਤਲਬ ਇਹ ਹੈ ਕਿ ਇੱਕ ਚੰਗੀ ਗਲ ਮੇਰੇ ਲਈ ਮੌਤ ਲਿਆਈ? ਨਿਰਸੰਦੇਹ ਨਹੀਂ। ਪਰ ਪਾਪ ਨੇ ਮੇਰੇ ਵਾਸਤੇ ਮੌਤ ਲਿਆਉਣ ਲਈ ਇੱਕ ਚੰਗੀ ਚੀਜ਼ ਇਸਤੇਮਾਲ ਕੀਤੀ ਤਾਂ ਜੋ ਮੈਂ ਪਾਪ ਨੂੰ ਪਾਪ ਵਜੋਂ ਪਛਾਣ ਸੱਕਾਂ। ਇਸ ਲਈ ਹੋਇਆ ਤਾਂ ਜੋ ਹੁਕਮ ਰਾਹੀਂ ਮੈਂ ਵੇਖ ਸੱਕਾਂ ਕਿ ਪਾਪ ਕਿੰਨਾ ਭਿਆਨਕ ਹੈ।
ਮਨੁੱਖ ਦਾ ਦਵੰਦ
14 ਅਸੀਂ ਜਾਣਦੇ ਹਾਂ ਕਿ ਸ਼ਰ੍ਹਾ ਆਤਮਕ ਹੈ। ਪਰ ਮੈਂ ਪਾਪਾਂ ਦਾ ਦਾਸ ਹੋਣ ਲਈ ਵਿਕਿਆ ਹੋਇਆ ਇੱਕ ਕਮਜ਼ੋਰ ਮਨੁੱਖ ਹਾਂ। 15 ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰ ਰਿਹਾ ਹਾਂ। ਮੈਂ ਨੇਕੀ ਕਰਨਾ ਚਾਹੁੰਦਾ ਹਾਂ, ਪਰ ਮੈਂ ਇਹ ਨਹੀਂ ਕਰਦਾ। ਇਸਦੀ ਜਗ਼੍ਹਾ, ਮੈਂ ਉਹ ਕਰਦਾ ਹਾਂ ਜਿਸ ਨੂੰ ਮੈਂ ਨਫ਼ਰਤ ਕਰਦਾ ਹਾਂ। 16 ਅਤੇ ਜੇਕਰ ਮੈਂ ਬੁਰੇ ਕੰਮ ਨਹੀਂ ਕਰਨਾ ਚਾਹੁੰਦਾ, ਜੋ ਮੈਂ ਕਰਦਾ ਹਾਂ, ਇਸਦਾ ਮਤਲਬ ਇਹ ਹੈ ਕਿ ਮੈਂ ਸਹਿਮਤ ਹਾਂ ਕਿ ਸ਼ਰ੍ਹਾ ਚੰਗੀ ਹੈ। 17 ਪਰ ਮੈਂ ਉਹ ਇੱਕ ਨਹੀਂ ਹਾਂ ਜੋ ਬੁਰੇ ਕੰਮ ਕਰਦਾ ਹਾਂ। ਇਹ ਮੇਰੇ ਅੰਦਰ ਰਹਿੰਦਾ ਪਾਪ ਹੈ ਜੋ ਉਨ੍ਹਾਂ ਨੂੰ ਕਰਦਾ ਹੈ। 18 ਹਾਂ, ਮੈਨੂੰ ਪਤਾ ਕਿ ਮੇਰੇ ਅੰਦਰ ਕੁਝ ਵੀ ਚੰਗਾ ਨਹੀਂ ਰਹਿੰਦਾ ਹੈ। ਮੇਰਾ ਮਤਲਬ ਹੈ ਕਿ ਮੇਰੇ ਪਾਪੀ ਸੁਭਾਅ ਵਿੱਚ ਕੁਝ ਵੀ ਚੰਗਾ ਨਹੀਂ ਰਹਿੰਦਾ। ਮੈਂ, ਜੋ ਚੰਗਾ ਹੈ, ਉਹ ਕਰਨਾ ਚਾਹੁੰਦਾ ਹਾਂ, ਪਰ ਮੇਰੇ ਕੋਲ ਇਹ ਕਰਨ ਦੀ ਸ਼ਕਤੀ ਨਹੀਂ ਹੈ। 19 ਮੈਂ ਚੰਗੇ ਕੰਮ ਨਹੀਂ ਕਰਦਾ, ਜੋ ਮੈਂ ਕਰਨਾ ਚਾਹੁੰਦਾ ਹਾਂ, ਪਰ ਮੈਂ ਭੈੜੇ ਕੰਮ ਕਰਦਾ ਹਾਂ, ਜੋ ਮੈਂ ਨਹੀਂ ਕਰਨੇ ਚਾਹੁੰਦਾ। 20 ਇਸ ਲਈ ਜੇਕਰ ਮੈਂ ਉਹ ਕਰ ਰਿਹਾ ਹਾਂ ਜੋ ਨਹੀਂ ਕਰਨਾ ਚਾਹੁੰਦਾ, ਤਾਂ ਉਹ ਮੈਂ ਨਹੀਂ ਹਾਂ ਜੋ ਇਹ ਕਰ ਰਿਹਾ ਹੈ। ਇਹ ਪਾਪ ਹੈ ਜੋ ਮੇਰੇ ਅੰਦਰ ਰਹਿੰਦਾ ਹੈ ਤੇ ਇਹ ਕਰਦਾ ਹੈ।
21 ਸੋ ਮੈਂ ਇਹ ਅਸੂਲ ਸਿੱਖਿਆ ਹੈ: ਜਦੋਂ ਮੈਂ ਕੁਝ ਚੰਗਾ ਕਰਨਾ ਚਾਹੁੰਦਾ ਹਾਂ, ਤਾਂ ਉੱਥੇ ਦੁਸ਼ਟਤਾ ਮੇਰੇ ਨਾਲ ਹੈ। ਅਤੇ ਇਹ ਬੁਰੀਆਂ ਗੱਲਾਂ ਕਰਦੀ ਹੈ। 22 ਮੈਂ ਪਰਮੇਸ਼ੁਰ ਦੇ ਨੇਮ ਨਾਲ ਆਪਣੇ ਦਿਲ ਵਿੱਚ ਖੁਸ਼ੀ ਮਹਿਸੂਸ ਕੱਰਦਾ ਹਾਂ। 23 ਪਰ ਮੈਂ ਆਪਣੇ ਸਰੀਰ ਦੇ ਅੰਗਾਂ ਵਿੱਚ ਇੱਕ ਹੋਰ ਨਿਯਮ ਵੇਖਦਾ ਹਾਂ ਜੋ ਉਸ ਨੇਮ ਦੇ ਖਿਲਾਫ਼ ਲੜਦਾ ਹੈ ਜੋ ਮੇਰਾ ਮਨ ਕਬੂਲਦਾ ਹੈ। ਮੇਰੇ ਅੰਦਰ ਕੰਮ ਕਰ ਰਿਹਾ ਉਹ ਦੂਜਾ ਨਿਯਮ ਪਾਪ ਦਾ ਨੇਮ ਹੈ, ਅਤੇ ਇਹ ਮੈਨੂੰ ਕੈਦੀ ਬਣਾਉਂਦਾ ਹੈ। 24 ਮੈਂ ਕਿੰਨਾ ਅਭਾਗਾ ਹਾਂ। ਮੈਨੂੰ ਇਸ ਸਰੀਰ ਤੋਂ ਕੌਣ ਬਚਾਵੇਗਾ ਜਿਹੜਾ ਮੇਰੇ ਲਈ ਮੌਤ ਲੈ ਕੇ ਆਉਦਾ ਹੈ। 25 ਪਰਮੇਸ਼ੁਰ ਮੈਨੂੰ ਬਚਾਵੇਗਾ। ਮੈਂ ਯਿਸੂ ਮਸੀਹ, ਸਾਡੇ ਪ੍ਰਭੂ ਰਾਹੀਂ ਬਚਾਉਣ ਲਈ ਉਸਦਾ ਧੰਨਵਾਦ ਕਰਦਾ ਹਾਂ।
ਇਸ ਲਈ ਮੈਂ ਆਪਣੇ ਮਨ ਵਿੱਚ ਪਰਮੇਸ਼ੁਰ ਦੇ ਨੇਮ ਦਾ ਦਾਸ ਹਾਂ। ਪਰ ਆਪਣੇ ਪਾਪੀ ਸੁਭਾਅ ਵਿੱਚ ਮੈਂ ਪਾਪ ਦੇ ਨੇਮ ਦਾ ਦਾਸ ਹਾਂ।
2010 by World Bible Translation Center