M’Cheyne Bible Reading Plan
ਕਨਾਨ ਦੀਆਂ ਸਰਹੱਦਾਂ
34 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਇਹ ਆਦੇਸ਼ ਦੇ: ਤੁਸੀਂ ਕਨਾਨ ਦੀ ਧਰਤੀ ਉੱਤੇ ਆ ਰਹੇ ਹੋ। ਤੁਸੀਂ ਇਸ ਦੇਸ਼ ਨੂੰ ਹਰਾ ਦੇਵੋਂਗੇ। ਤੁਸੀਂ ਸਾਰੇ ਕਨਾਨ ਦੇਸ਼ ਉੱਤੇ ਕਬਜ਼ਾ ਕਰ ਲਵੋਂਗੇ। 3 ਦੱਖਣ ਵੱਲ, ਤੁਹਾਨੂੰ ਅਦੋਮ ਨੇੜੇ ਸੀਨਈ ਮਾਰੂਥਲ ਦਾ ਇੱਕ ਹਿੱਸਾ ਮਿਲੇਗਾ। ਤੁਹਾਡੀ ਦੱਖਣੀ ਸਰਹੱਦ ਸਲੂਣੇ ਸਮੁੰਦਰ ਦੇ ਦੱਖਣੀ ਸਿਰੇ ਤੋਂ ਸ਼ੁਰੂ ਹੋਵੇਗੀ। 4 ਇਹ ਬਿੱਛੂ ਦਰ੍ਰੇ ਦੱਖਣ ਵੱਲ ਪਾਰ ਜਾਵੇਗੀ। ਇਹ ਸੀਨਈ ਮਾਰੂਥਲ ਹੁੰਦੀ ਹੋਈ ਕਾਦੇਸ਼ ਬਰਨੇਆ ਜਾਵੇਗੀ ਅਤੇ ਫ਼ੇਰ ਹਸਰ-ਅਦਾਰ ਨੂੰ ਅਤੇ ਫ਼ੇਰ ਅਸਮੋਨ ਨੂੰ ਪਾਰ ਕਰੇਗੀ। 5 ਅਸਮੋਨ ਤੋਂ, ਸਰਹੱਦ ਮਿਸਰ ਦੀ ਨਦੀ ਤੱਕ ਜਾਵੇਗੀ ਅਤੇ ਇਹ ਮਹਾ ਸਮੁੰਦਰ ਉੱਤੇ ਜਾਕੇ ਮੁੱਕੇਗੀ। 6 ਤੁਹਾਡੀ ਪੱਛਮੀ ਸਰਹੱਦ ਮਹਾ ਸਮੁੰਦਰ ਹੋਵੇਗੀ। 7 ਤੁਹਾਡੀ ਧੁਰ ਉੱਤਰੀ ਸਰਹੱਦ ਮਹਾ ਸਮੁੰਦਰ ਤੋਂ ਸ਼ੁਰੂ ਹੋਵੇਗੀ ਅਤੇ ਲਿਬਨਾਨ ਵਿੱਚ ਹੋਰ ਪਰਬਤ ਤੱਕ ਜਾਵੇਗੀ। 8 ਹੋਰ ਪਰਬਤ ਤੋਂ ਇਹ ਹਮਾਥ ਨੂੰ ਜਾਵੇਗੀ ਅਤੇ ਫ਼ੇਰ ਜ਼ੇਦਾਦ ਨੂੰ। 9 ਫ਼ੇਰ ਸਰਹੱਦ ਜ਼ਿਫ਼ਰੋਨ ਨੂੰ ਜਾਵੇਗੀ ਅਤੇ ਇਹ ਹਸਰ ਏਨਾਨ ਉੱਤੇ ਜਾ ਮੁੱਕੇਗੀ। ਇਸ ਤਰ੍ਹਾਂ ਇਹ ਤੁਹਾਡੀ ਉੱਤਰੀ ਸਰਹੱਦ ਹੋਵੇਗੀ। 10 ਤੁਹਾਡੀ ਪੂਰਬੀ ਸਰਹੱਦ ਏਨਾਨ ਤੋਂ ਸ਼ੁਰੂ ਹੋਵੇਗੀ ਅਤੇ ਇਹ ਸ਼ਫ਼ਾਮ ਤੱਕ ਜਾਵੇਗੀ। 11 ਸ਼ਫ਼ਾਮ ਤੋਂ, ਸਰਹੱਦ ਆਯਿਨ ਰਿਬਲਾਹ ਦੇ ਪੂਰਬ ਵੱਲ ਜਾਵੇਗੀ। ਸਰਹੱਦ ਕਿਨਰਥ ਝੀਲ ਦੇ ਨੇੜੇ ਪਹਾੜੀਆਂ ਦੇ ਨਾਲ-ਨਾਲ ਜਾਵੇਗੀ। 12 ਫ਼ੇਰ ਸਰਹੱਦ ਯਰਦਨ ਨਦੀ ਦੇ ਨਾਲ-ਨਾਲ ਚੱਲੇਗੀ ਅਤੇ ਇਸਦਾ ਅੰਤ ਸਲੂਣੇ ਸਮੁੰਦਰ ਵਿਖੇ ਹੋਵੇਗਾ। ਇਹ ਤੁਹਾਡੇ ਦੇਸ਼ ਦੀਆਂ ਸਰਹੱਦਾਂ ਹਨ।”
13 ਇਸ ਲਈ ਮੂਸਾ ਨੇ ਇਹ ਹੁਕਮ ਇਸਰਾਏਲ ਦੇ ਲੋਕਾਂ ਨੂੰ ਦਿੱਤਾ, “ਇਹੀ ਉਹ ਜ਼ਮੀਨ ਹੈ ਜਿਹੜੀ ਤੁਹਾਨੂੰ ਮਿਲੇਗੀ। ਤੁਸੀਂ ਜ਼ਮੀਨ ਨੂੰ 9 ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਵਿੱਚਕਾਰ ਵੰਡਣ ਲਈ ਪਰਚੀਆਂ ਪਾਵੋਂਗੇ। 14 ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹਾਂ ਅਤੇ ਮਨੱਸ਼ਹ ਦਾ ਅੱਧਾ ਪਰਿਵਾਰ-ਸਮੂਹ ਪਹਿਲਾਂ ਹੀ ਆਪਣੀ ਜ਼ਮੀਨ ਲੈ ਚੁੱਕੇ ਹਨ। 15 ਇਨ੍ਹਾਂ ਢਾਈ ਪਰਿਵਾਰ-ਸਮੂਹਾਂ ਨੇ, ਯਰੀਹੋ ਤੋਂ ਪਾਰ ਯਰਦਨ ਨਦੀ ਦੇ ਪੂਰਬ ਤੀਕ ਜ਼ਮੀਨ ਲੈ ਲਈ।”
16 ਫ਼ੇਰ ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਉਸ ਨੇ ਆਖਿਆ, 17 “ਇਹ ਉਨ੍ਹਾਂ ਆਦਮੀਆਂ ਦੇ ਨਾਮ ਹਨ ਜਿਹੜੇ ਜ਼ਮੀਨ ਵੰਡਣ ਵਿੱਚ ਤੇਰੀ ਸਹਾਇਤਾ ਕਰਨਗੇ: ਜਾਜਕ ਅਲਆਜ਼ਾਰ, ਨੂਨ ਦਾ ਪੁੱਤਰ ਯਹੋਸ਼ੁਆ, 18 ਅਤੇ ਸਮੂਹ ਪਰਿਵਾਰ-ਸਮੂਹਾਂ ਦੇ ਆਗੂ। ਹਰੇਕ ਪਰਿਵਾਰ-ਸਮੂਹ ਵਿੱਚੋਂ ਇੱਕ-ਇੱਕ ਆਗੂ ਹੋਵੇਗਾ। ਉਹ ਆਦਮੀ ਜ਼ਮੀਨ ਦੀ ਵੰਡ ਕਰਨਗੇ। 19 ਆਗੂਆਂ ਨੇ ਨਾਮ ਇਹ ਹਨ:
ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ-ਯਫ਼ੁੰਨਹ ਦ ਪੁੱਤਰ ਕਾਲੇਬ:
20 ਸ਼ਿਮਓਨੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਅੰਮੀਹੂਦ ਦਾ ਪੁੱਤਰ ਸ਼ਮੂਏਲ;
21 ਬਿਨਯਾਮੀਨ ਦੇ ਪਰਿਵਾਰ-ਸਮੂਹ ਵਿੱਚੋਂ-ਕਿਸਲੋਨ ਦਾ ਪੁੱਤਰ ਅਲੀਦਾਦ;
22 ਦਾਨ ਦੇ ਪਰਿਵਾਰ-ਸਮੂਹ ਵਿੱਚੋਂ-ਯਾਗਲੀ ਦਾ ਪੁੱਤਰ ਬੁੱਕੀ;
23 ਯੂਸੁਫ਼ ਦੇ ਉੱਤਰਾਧਿਕਾਰੀਆਂ ਲਈ: ਮਨੱਸ਼ਹ ਦੇ ਪਰਿਵਾਰ-ਸਮੂਹ ਵਿੱਚੋਂ-ਹੰਨੀਏਲ ਦਾ ਪੁੱਤਰ ਏਫ਼ੋਦ;
24 ਅਤੇ ਅਫ਼ਰਈਮ ਦੇ ਪਰਿਵਾਰ-ਸਮੂਹ ਵਿੱਚੋਂ-ਸ਼ਿਫ਼ਟਾਨ ਦਾ ਪੁੱਤਰ ਕਮੂਏਲ;
25 ਜ਼ਬੂਲੁਨੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਪਰਨਾਕ ਦਾ ਪੁੱਤਰ ਅਲੀਸਾਫ਼ਾਨ;
26 ਯਿੱਸਾਕਾਰੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਅੱਜ਼ਾਨ ਦਾ ਪੁੱਤਰ ਪਲਟੀਏਲ;
27 ਆਸ਼ੇਰੀਆਂ ਦੇ ਪਰਿਵਾਰ-ਸਮੂਹ ਵਿੱਚੋਂ-ਸ਼ਲੋਮੀ ਦਾ ਪੁੱਤਰ ਅਹੀਹੂਦ;
28 ਨਫ਼ਤਾਲੀ ਦੇ ਪਰਿਵਾਰ-ਸਮੂਹ ਵਿੱਚੋਂ-ਅੰਮੀਹੂਦ ਦਾ ਪੁੱਤਰ ਪਦਹੇਲ।”
29 ਯਹੋਵਾਹ ਨੇ ਇਸਰਾਏਲੀਆਂ ਦੇ ਦਰਮਿਆਨ ਕਨਾਨ ਦੀ ਧਰਤੀ ਵੰਡਣ ਲਈ ਇਨ੍ਹਾਂ ਆਦਮੀਆਂ ਦੀ ਚੋਣ ਕੀਤੀ।
38 ਪਰ ਪਰਮੇਸ਼ੁਰ ਦਯਾਵਾਨ ਸੀ। ਉਸ ਨੇ ਉਨ੍ਹਾਂ ਦੇ ਪਾਪ ਬਖਸ਼ ਦਿੱਤੇ।
ਅਤੇ ਉਸ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ।
ਪਰਮੇਸ਼ੁਰ ਨੇ ਆਪਣੇ ਗੁੱਸੇ ਨੂੰ ਬਹੁਤ ਵਾਰ ਰੋਕਿਆ।
ਉਸ ਨੇ ਆਪਣੇ-ਆਪ ਨੂੰ ਬਹੁਤ ਗੁੱਸੇ ਨਾ ਹੋਣ ਦਿੱਤਾ।
39 ਪਰਮੇਸ਼ੁਰ ਨੇ ਯਾਦ ਕੀਤਾ ਕਿ ਉਹ ਸਿਰਫ਼ ਇਨਸਾਨ ਸਨ।
ਲੋਕ ਹਵਾ ਵਰਗੇ ਹਨ ਜਿਹੜੀ ਵਗਦੀ ਹੈ ਅਤੇ ਚਲੀ ਜਾਂਦੀ ਹੈ।
40 ਉਨ੍ਹਾਂ ਲੋਕਾਂ ਨੇ ਮਾਰੂਥਲ ਵਿੱਚ ਪਰਮੇਸ਼ੁਰ ਦੇ ਖਿਲਾਫ਼ ਕਿੰਨੇ ਵਾਰੀ ਵਿਦ੍ਰੋਹ ਕੀਤਾ।
ਉਨ੍ਹਾਂ ਨੇ ਉਸ ਨੂੰ ਇੰਨਾ ਉਦਾਸ ਕਰ ਦਿੱਤਾ।
41 ਉਨ੍ਹਾਂ ਲੋਕਾਂ ਨੇ ਪਰਮੇਸ਼ੁਰ ਦੇ ਸਬਰ ਨੂੰ ਬਾਰ-ਬਾਰ ਪਰੱਖਿਆ।
ਸੱਚਮੁੱਚ ਉਹ ਇਸਰਾਏਲ ਦੀ ਪਵਿੱਤਰ ਹਸਤੀ ਲਈ ਦੁੱਖ ਦਾ ਕਾਰਣ ਬਣੇ।
42 ਉਹ ਲੋਕ ਪਰਮੇਸ਼ੁਰ ਦੀ ਸ਼ਕਤੀ ਨੂੰ ਭੁੱਲ ਗਏ।
ਉਹ ਭੁੱਲ ਗਏ ਕਿ ਪਰਮੇਸ਼ੁਰ ਨੇ ਉਨ੍ਹਾਂ ਨੂੰ ਬਹੁਤ ਵਾਰੀ ਵੈਰੀਆਂ ਕੋਲੋਂ ਬਚਾਇਆ ਸੀ।
43 ਉਹ ਮਿਸਰ ਦੇ ਕਰਿਸ਼ਮਿਆਂ ਨੂੰ ਭੁੱਲ ਗਏ
ਜਿਹੜੇ ਕਰਿਸ਼ਮੇ ਸੋਅਨ ਦੇ ਖੇਤਾਂ ਵਿੱਚ ਕੀਤੇ ਗਏ ਸਨ।
44 ਪਰਮੇਸ਼ੁਰ ਨੇ ਦਰਿਆਵਾਂ ਨੂੰ ਲਹੂ ਵਿੱਚ ਬਦਲ ਦਿੱਤਾ।
ਮਿਸਰ ਦੇ ਲੋਕ ਪਾਣੀ ਨਹੀਂ ਪੀ ਸੱਕਦੇ ਸਨ।
45 ਪਰਮੇਸ਼ੁਰ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜਿਨ੍ਹਾਂ ਨੇ ਮਿਸਰ ਦੇ ਲੋਕਾਂ ਨੂੰ ਡੰਗ ਮਾਰੇ।
ਪਰਮੇਸ਼ੁਰ ਨੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਮਿਸਰੀਆਂ ਦੀ ਜ਼ਿੰਦਗੀ ਬਰਬਾਦ ਕਰ ਦਿੱਤੀ।
46 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਫ਼ਸਲਾਂ ਉੱਤੇ ਟਿੱਡੀ ਦਲ ਛੱਡ ਦਿੱਤੇ
ਅਤੇ ਹੋਰ ਪੌਦਿਆਂ ਉੱਤੇ ਟਿੱਡੇ ਟਿੱਡੀਆਂ।
47 ਪਰਮੇਸ਼ੁਰ ਨੇ ਉਨ੍ਹਾਂ ਦੀਆਂ ਵੇਲਾਂ ਨੂੰ ਤਬਾਹ ਕਰਨ ਲਈ ਗੜ੍ਹਿਆਂ ਦੀ ਵਰਤੋਂ ਕੀਤੀ
ਅਤੇ ਉਨ੍ਹਾਂ ਦੇ ਰੁੱਖਾਂ ਨੂੰ ਤਬਾਹ ਕਰਨ ਲਈ ਕੋਰੇ ਦੀ ਵਰਤੋਂ ਕੀਤੀ।
48 ਪਰਮੇਸ਼ੁਰ ਨੇ ਉਨ੍ਹਾਂ ਦੇ ਜਾਨਵਰਾਂ ਨੂੰ ਰੋਗਾਂ ਨਾਲ
ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਮਹਾਂਮਾਰੀ ਨਾਲ ਮਾਰ ਦਿੱਤਾ।
49 ਪਰਮੇਸ਼ੁਰ ਨੇ ਮਿਸਰ ਦੇ ਲੋਕਾਂ ਨੂੰ ਆਪਣਾ ਕਹਿਰ ਦਰਸਾਇਆ।
ਉਸ ਨੇ ਉਨ੍ਹਾਂ ਵੱਲ ਆਪਣੇ ਮੌਤ ਦੇ ਫ਼ਰਿਸ਼ਤਿਆਂ ਨੂੰ ਭੇਜਿਆ।
50 ਪਰਮੇਸ਼ੁਰ ਨੇ ਨਿਸੰਕੋਚ ਆਪਣਾ ਗੁੱਸਾ ਦਰਸਾਇਆ।
ਉਸ ਨੇ ਉਨ੍ਹਾਂ ਲੋਕਾਂ ਵਿੱਚੋਂ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਿਆ।
ਉਸ ਨੇ ਉਨ੍ਹਾਂ ਨੂੰ ਖਤਰਨਾਕ ਬਿਮਾਰੀ ਨਾਲ ਮਰਨ ਦਿੱਤਾ।
51 ਪਰਮੇਸ਼ੁਰ ਨੇ ਮਿਸਰ ਦੇ ਪਹਿਲੋਠੇ ਜੰਮੇ ਪੁੱਤਰਾਂ ਨੂੰ ਮਾਰ ਦਿੱਤਾ।
ਉਸ ਨੇ ਹਾਮ ਦੇ ਪਰਿਵਾਰ ਵਿੱਚੋਂ ਹਰ ਪਹਿਲੋਠੇ ਪੁੱਤਰ ਨੂੰ ਮਾਰ ਦਿੱਤਾ।
52 ਫ਼ੇਰ ਪਰਮੇਸ਼ੁਰ ਨੇ ਇਸਰਾਏਲ ਨੂੰ ਆਜੜੀ ਵਾਂਗ ਹੱਕ ਲਿਆ,
ਉਹ ਆਪਣੇ ਲੋਕਾਂ ਨੂੰ ਭੇਡਾਂ ਵਾਂਗ ਮਾਰੂਥਲ ਅੰਦਰ ਲੈ ਤੁਰਿਆ।
53 ਉਸ ਨੇ ਸੁਰੱਖਿਅਤ ਢੰਗ ਨਾਲ ਆਪਣੇ ਲੋਕਾਂ ਦੀ ਰਾਹਨੁਮਾਈ ਕੀਤੀ।
ਉਸ ਦੇ ਲੋਕਾਂ ਨੂੰ ਕੋਈ ਡਰ ਨਹੀਂ ਸੀ।
ਉਸ ਨੇ ਉਨ੍ਹਾਂ ਦੇ ਦੁਸ਼ਮਣਾਂ ਨੂੰ ਲਾਲ ਸਾਗਰ ਵਿੱਚ ਡੁਬੋ ਦਿੱਤਾ।
54 ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਆਪਣੇ ਸੱਜੇ ਹੱਥ ਨਾਲ ਬਣਾਏ
ਆਪਣੇ ਪਵਿੱਤਰ ਪਰਬਤ ਦੇ ਸਿਰੇ ਤੱਕ ਕੀਤੀ।
55 ਪਰਮੇਸ਼ੁਰ ਨੇ ਹੋਰਾਂ ਕੌਮਾਂ ਨੂੰ ਉਹ ਧਰਤੀ ਛੱਡਣ ਲਈ ਮਜਬੂਰ ਕਰ ਦਿੱਤਾ।
ਪਰਮੇਸ਼ੁਰ ਨੇ ਹਰ ਪਰਿਵਾਰ ਨੂੰ ਉਸ ਧਰਤੀ ਵਿੱਚੋਂ ਹਿੱਸਾ ਦਿੱਤਾ।
ਪਰਮੇਸ਼ੁਰ ਨੇ ਇਸਰਾਏਲ ਦੇ ਹਰ ਪਾਰਵਾਰਿਕ ਸਮੂਹ ਨੂੰ ਰਹਿਣ ਲਈ ਘਰ ਦਿੱਤਾ।
56 ਪਰ ਉਨ੍ਹਾਂ ਨੇ ਸਰਬ ਉੱਚ ਪਰਮੇਸ਼ੁਰ ਨੂੰ ਪਰੱਖਿਆ ਅਤੇ ਉਸ ਦੇ ਖਿਲਾਫ਼ ਵਿਦ੍ਰੋਹ ਕੀਤਾ।
ਉਨ੍ਹਾਂ ਲੋਕਾਂ ਨੇ ਉਸ ਦੇ ਆਦੇਸ਼ਾਂ ਨੂੰ ਸਤਿਕਾਰ ਨਹੀਂ ਦਿੱਤਾ।
57 ਇਸਰਾਏਲ ਦੇ ਲੋਕ ਪਰਮੇਸ਼ੁਰ ਕੋਲੋਂ ਬੇਮੁੱਖ ਹੋ ਗਏ।
ਉਹ ਉਸ ਦੇ ਖਿਲਾਫ਼ ਹੋ ਗਏ ਜਿਵੇਂ ਉਨ੍ਹਾਂ ਦੇ ਪੁਰਖਿਆਂ ਨੇ ਕੀਤਾ ਸੀ।
ਉਨ੍ਹਾਂ ਬੈਮਰੂਗ ਵਾਂਗ ਦਿਸ਼ਾਵਾਂ ਬਦਲ ਲਈਆਂ।
58 ਇਸਰਾਏਲ ਦੇ ਲੋਕਾਂ ਨੇ ਉੱਚੀਆਂ ਥਾਵਾਂ ਉਸਾਰੀਆਂ ਅਤੇ ਪਰਮੇਸ਼ੁਰ ਨੂੰ ਗੁੱਸੇ ਕੀਤਾ।
ਉਨ੍ਹਾਂ ਨੇ ਝੂਠੇ ਦੇਵਤਿਆਂ ਦੇ ਬੁੱਤ ਬਣਾਏ ਅਤੇ ਪਰਮੇਸ਼ੁਰ ਨੂੰ ਬਹੁਤ ਈਰਖਾਲੂ ਕਰ ਦਿੱਤਾ।
59 ਪਰਮੇਸ਼ੁਰ ਨੇ ਇਸ ਨੂੰ ਸੁਣਿਆ ਅਤੇ ਉਹ ਬਹੁਤ ਕਹਿਰਵਾਨ ਹੋ ਗਿਆ।
ਅਤੇ ਉਸ ਨੇ ਪੂਰੀ ਤਰ੍ਹਾਂ ਇਸਰਾਏਲ ਨੂੰ ਤਿਆਗ ਦਿੱਤਾ।
60 ਪਰਮੇਸ਼ੁਰ ਨੇ ਸ਼ੀਲੋਹ ਦੇ ਪਵਿੱਤਰ ਤੰਬੂ ਨੂੰ ਛੱਡ ਦਿੱਤਾ।
ਪਰਮੇਸ਼ੁਰ ਉਸ ਤੰਬੂ ਵਿੱਚ ਲੋਕਾਂ ਸੰਗ ਨਿਵਾਸ ਕਰਦਾ ਸੀ।
61 ਆਪਣੇ ਲੋਕਾਂ ਨੂੰ ਹੋਰਾਂ ਕੌਮਾਂ ਦੁਆਰਾ ਕੈਦ ਕਰਨ ਦਿੱਤਾ।
ਵੈਰੀਆਂ ਨੇ ਪਰਮੇਸ਼ੁਰ ਦਾ “ਸੁੰਦਰ ਹੀਰਾ” ਖੋਹ ਲਿਆ।
62 ਕਿਉਂਕਿ ਪਰਮੇਸ਼ੁਰ ਆਪਣੇ ਚੁਣੇ ਹੋਏ ਲੋਕਾਂ ਨਾਲ ਗੁੱਸੇ ਸੀ।
ਉਸ ਨੇ ਉਨ੍ਹਾਂ ਨੂੰ ਜੰਗ ਵਿੱਚ ਮਰ ਜਾਣ ਦਿੱਤਾ।
63 ਜਵਾਨ ਨੂੰ ਅੱਗ ਨਾਲ ਸਾੜਿਆ ਗਿਆ ਸੀ, ਅਤੇ ਉਨ੍ਹਾਂ ਮੁਟਿਆਰਾਂ ਨੇ,
ਜਿਹੜੀਆਂ ਉਨ੍ਹਾਂ ਨਾਲ ਵਿਆਹ ਕਰਨ ਵਾਲੀਆਂ ਸਨ, ਸੁਹਾਗ ਦੇ ਗੀਤ ਗਾਏ।
64 ਜਾਜਕ ਮਾਰੇ ਗਏ,
ਪਰ ਵਿਧਵਾਵਾਂ ਉਨ੍ਹਾਂ ਲਈ ਨਾ ਪਿਟ ਸੱਕੀਆਂ।
65 ਆਖਰਕਾਰ ਸਾਡਾ ਮਾਲਕ ਨੀਂਦ ਵਿੱਚੋਂ ਉੱਠਦਾ ਹੈ।
ਜਿਵੇਂ ਸਿਪਾਹੀ ਬਹੁਤ ਮੈਅ ਪੀਣ ਤੋਂ ਬਾਅਦ ਉੱਠਦਾ ਹੈ।
66 ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਪਿੱਛਾਂਹ ਧੱਕ ਦਿੱਤਾ ਅਤੇ ਉਨ੍ਹਾਂ ਨੂੰ ਹਰਾ ਦਿੱਤਾ।
ਪਰਮੇਸ਼ੁਰ ਨੇ ਆਪਣੇ ਵੈਰੀਆਂ ਨੂੰ ਹਰਾ ਦਿੱਤਾ ਅਤੇ ਸਦਾ ਲਈ ਬੇਇੱਜ਼ਤ ਕਰ ਦਿੱਤਾ।
67 ਪਰ ਪਰਮੇਸ਼ੁਰ ਨੇ ਯੂਸੁਫ਼ ਦੇ ਪਰਿਵਾਰ ਨੂੰ ਤਿਆਗ ਦਿੱਤਾ,
ਪਰਮੇਸ਼ੁਰ ਨੇ ਇਫ਼ਰਾਈਮ ਦੇ ਪਰਿਵਾਰ ਨੂੰ ਪ੍ਰਵਾਨ ਨਹੀਂ ਕੀਤਾ।
68 ਨਹੀਂ, ਪਰਮੇਸ਼ੁਰ ਨੇ ਯਹੂਦਾਹ ਦੇ ਪਰਿਵਾਰ ਨੂੰ ਚੁਣਿਆ।
ਪਰਮੇਸ਼ੁਰ ਨੇ ਸੀਯੋਨ ਪਰਬਤ ਨੂੰ ਚੁਣਿਆ ਜਿਸ ਨੂੰ ਉਹ ਪਿਆਰ ਕਰਦਾ ਹੈ।
69 ਪਰਮੇਸ਼ੁਰ ਨੇ ਉਸ ਪਰਬਤ ਦੀ ਚੋਟੀ ਉੱਤੇ ਆਪਣਾ ਪਵਿੱਤਰ ਮੰਦਰ ਉਸਾਰਿਆ।
ਪਰਮੇਸ਼ੁਰ ਨੇ ਆਪਣੇ ਪਵਿੱਤਰ ਮੰਦਰ ਨੂੰ ਧਰਤੀ ਵਾਂਗ ਹੀ ਸਦਾ ਲਈ ਰਹਿਣ ਲਈ ਉਸਾਰਿਆ।
70 ਪਰਮੇਸ਼ੁਰ ਨੇ ਦਾਊਦ ਨੂੰ ਆਪਣਾ ਖਾਸ ਸੇਵਕ ਹੋਣ ਲਈ ਚੁਣਿਆ।
ਦਾਊਦ ਭੇਡਾਂ ਦੇ ਵਾੜਿਆਂ ਦਾ ਰੱਖਵਾਲਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
71 ਦਾਊਦ ਭੇਡਾਂ ਦੀ ਦੇਖ-ਭਾਲ ਕਰਦਾ ਸੀ ਪਰ ਪਰਮੇਸ਼ੁਰ ਨੇ ਉਸਤੋਂ ਇਹ ਕੰਮ ਛੁਡਾ ਦਿੱਤਾ।
ਪਰਮੇਸ਼ੁਰ ਨੇ ਦਾਊਦ ਨੂੰ ਆਪਣੇ ਲੋਕਾਂ ਨੂੰ ਯਾਕੂਬ ਦੇ ਲੋਕਾਂ ਨੂੰ, ਇਸਰਾਏਲ ਦੇ ਲੋਕਾਂ ਨੂੰ ਅਤੇ ਪਰਮੇਸ਼ੁਰ ਦੀ ਮਲਕੀਅਤ ਨੂੰ ਪਾਲਣ ਦਾ ਕੰਮ ਦਿੱਤਾ।
72 ਅਤੇ ਦਾਊਦ ਨੇ ਸ਼ੁੱਧ ਹਿਰਦੇ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
ਉਸ ਨੇ ਬਹੁਤ ਸਿਆਣਪ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
ਪਰਮੇਸ਼ੁਰ ਦੀ ਉਸਤਤ ਦਾ ਗੀਤ
26 ਉਸ ਸਮੇਂ ਯਹੂਦਾਹ ਦੇ ਲੋਕ ਇਹ ਗੀਤ ਗਾਉਣਗੇ:
ਯਹੋਵਾਹ ਸਾਨੂੰ ਸਾਡੀ ਮੁਕਤੀ ਦਿੰਦਾ ਹੈ।
ਸਾਡਾ ਸ਼ਹਿਰ ਬਹੁਤ ਮਜ਼ਬੂਤ ਹੈ।
ਸਾਡੇ ਸ਼ਹਿਰ ਦੀਆਂ ਕੰਧਾਂ ਤੇ ਸੁਰੱਖਿਆਵਾਂ ਮਜ਼ਬੂਤ ਨੇ।
2 ਦਰਾਂ ਨੂੰ ਖੋਲ੍ਹ ਦਿਓ ਅਤੇ ਨੇਕ ਬੰਦੇ ਦਖਲ ਹੋਣਗੇ।
ਉਹ ਬੰਦੇ ਪਰਮੇਸ਼ੁਰ ਦੀਆਂ ਸ਼ੁਭ ਸਾਖੀਆਂ ਨੂੰ ਮੰਨਦੇ ਨੇ।
3 ਯਹੋਵਾਹ ਜੀ, ਤਸੀਁ ਉਨ੍ਹਾਂ ਲੋਕਾਂ ਨੂੰ,
ਜਿਹੜੇ ਤੁਹਾਡੇ ਉੱਤੇ ਨਿਰਭਰ ਕਰਦੇ ਨੇ
ਅਤੇ ਜਿਹੜੇ ਤੁਹਾਡੇ ਉੱਤੇ ਭਰੋਸਾ ਕਰਦੇ ਨੇ ਸੱਚਾ ਅਮਨ ਦਿੰਦੇ ਹੋ।
4 ਇਸ ਲਈ, ਯਹੋਵਾਹ ਉੱਤੇ ਸਦਾ ਹੀ ਭਰੋਸਾ ਰੱਖੋ।
ਕਿਉਂ ਕਿ ਤੁਹਾਡਾ ਸੁਰੱਖਿਅਤ ਟਿਕਾਣਾ ਸਦਾ ਲਈ ਯਹੋਵਾਹ ਯਾਹ ਅੰਦਰ ਹੈ!
5 ਪਰ ਯਹੋਵਾਹ ਗੁਮਾਨੀ ਸ਼ਹਿਰ ਨੂੰ ਤਬਾਹ ਕਰ ਦੇਵੇਗਾ।
ਅਤੇ ਉਹ ਉੱਥੇ ਰਹਿੰਦੇ ਲੋਕਾਂ ਨੂੰ ਸਜ਼ਾ ਦੇਵੇਗਾ।
ਯਹੋਵਾਹ ਉਸ ਉੱਚੇ ਸ਼ਹਿਰ ਨੂੰ ਹੇਠਾਂ ਧਰਤੀ ਉੱਤੇ ਸੁੱਟ ਦੇਵੇਗਾ
ਇਹ ਧੂੜ ਅੰਦਰ ਮਿਲ ਜਾਵੇਗਾ।
6 ਫ਼ੇਰ ਗਰੀਬ ਅਤੇ ਨਿਮਾਣੇ ਲੋਕ ਉਨ੍ਹਾਂ ਖੰਡਰਾਂ ਉੱਤੇ ਤੁਰਨਗੇ।
7 ਨੇਕ ਲੋਕਾਂ ਲਈ ਇਮਾਨਦਾਰੀ ਹੀ ਜੀਵਨ ਢੰਗ ਹੈ।
ਨੇਕ ਬੰਦੇ ਉਸ ਰਾਹ ਉੱਤੇ ਤੁਰਦੇ ਨੇ ਜਿਹੜਾ ਸਿੱਧਾ ਤੇ ਸੱਚਾ ਹੈ
ਅਤੇ ਹੇ ਪਰਮੇਸ਼ੁਰ, ਤੁਸੀਂ ਉਸ ਰਾਹ ਨੂੰ ਤੁਰਨ ਲਈ ਪੱਧਰਾ
ਅਤੇ ਆਸਾਨ ਬਣਾ ਦਿੰਦੇ ਹੋ।
8 ਪਰ ਯਹੋਵਾਹ ਜੀ, ਅਸੀਂ ਤੁਹਾਡੇ ਇਨਸਾਫ਼ ਦੇ ਢੰਗ ਨੂੰ ਉਡੀਕ ਰਹੇ ਹਾਂ।
ਸਾਡੀਆਂ ਰੂਹਾਂ ਤੁਹਾਨੂੰ ਅਤੇ ਤੁਹਾਡੇ ਨਾਮ ਨੂੰ ਚੇਤੇ ਕਰਨਾ ਚਾਹੁੰਦੀਆਂ ਨੇ।
9 ਮੇਰੀ ਰੂਹ ਰਾਤ ਵੇਲੇ, ਤੁਹਾਡਾ ਸੰਗ ਚਾਹੁੰਦੀ ਹੈ।
ਅਤੇ ਮੇਰਾ ਆਤਮਾ ਹਰ ਨਵੇਂ ਦਿਨ ਦੀ ਸਵੇਰ ਨੂੰ ਤੁਹਾਡੇ ਨਾਲ ਹੋਣਾ ਚਾਹੁੰਦਾ ਹੈ।
ਜਦੋਂ ਤੁਹਾਡਾ ਇਨਸਾਫ਼ ਕਰਨ ਦਾ ਢੰਗ ਧਰਤੀ ਉੱਤੇ ਆਵੇਗਾ
ਲੋਕ ਜਿਉਣ ਦਾ ਸਹੀ ਢੰਗ ਸਿੱਖ ਜਾਣਗੇ।
10 ਬੁਰਾ ਬੰਦਾ ਨੇਕੀ ਕਰਨਾ ਨਹੀਂ ਸਿੱਖੇਗਾ।
ਜੇ ਤੁਸੀਂ ਓਸ ਲਈ ਸਿਰਫ਼ ਮਿਹਰਬਾਨੀ ਦਰਸਾਓਗੇ।
ਬੁਰਾ ਬੰਦਾ ਮੰਦੇ ਅਮਲ ਕਰੇਗਾ ਭਾਵੇਂ ਉਹ ਨੇਕੀ ਭਰੀ ਦੁਨੀਆਂ ਅੰਦਰ ਰਹਿੰਦਾ ਹੋਵੇ।
ਉਹ ਬੁਰਾ ਬੰਦਾ ਯਹੋਵਾਹ ਦੀ ਮਹਾਨਤਾ ਨੂੰ ਸ਼ਾਇਦ ਕਦੇ ਨਾ ਦੇਖ ਸੱਕੇ।
11 ਪਰ ਹੇ ਯਹੋਵਾਹ ਤੂੰ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈਂ,
ਪਰ ਉਹ ਇਹ ਨਹੀ ਵੇਖਦੇ।
ਹੇ ਯਹੋਵਾਹ, ਉਨ੍ਹਾਂ ਬਦ ਲੋਕਾਂ ਨੂੰ ਆਪਣਾ ਤਕੜਾ ਪਿਆਰ ਦਰਸਾ ਜਿਹੜਾ ਤੈਨੂੰ ਤੇਰੇ ਲੋਕਾਂ ਨਾਲ ਹੈ।
ਅਵੱਸ਼ ਹੀ ਮੰਦੇ ਲੋਕ ਸ਼ਰਮਿੰਦਾ ਹੋਣਗੇ।
ਅਵੱਸ਼ ਹੀ ਤੁਹਾਡੇ ਦੁਸ਼ਮਣ ਉਨ੍ਹਾਂ ਦੀ ਆਪਣੀ ਅੱਗ (ਬਦੀ) ਅੰਦਰ ਸਾੜੇ ਜਾਣਗੇ।
12 ਯਹੋਵਾਹ, ਤੂੰ ਉਹ ਸਭ ਕੁਝ ਕਰਨ ਵਿੱਚ ਸਫ਼ਲ ਹੋਇਆ ਹੈਂ ਜਿਨ੍ਹਾਂ ਨੂੰ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਸੀ।
ਇਸ ਲਈ ਸਾਨੂੰ ਸ਼ਾਂਤੀ ਦੇ।
ਪਰਮੇਸ਼ੁਰ ਆਪਣੇ ਲੋਕਾਂ ਨੂੰ ਨਵਾਂ ਜੀਵਨ ਦੇਵੇਗਾ
13 ਯਹੋਵਾਹ ਜੀ ਤੁਸੀਂ ਹੋ ਸਾਡੇ ਪਰਮੇਸ਼ੁਰ।
ਪਰ ਅਤੀਤ ਵਿੱਚ, ਅਸੀਂ ਪਿੱਛੇ ਲੱਗੇ ਸਾਂ ਹੋਰਨਾਂ ਪ੍ਰਭੂਆਂ ਦੇ।
ਅਸੀਂ ਸਾਂ ਦਾਸ ਹੋਰਨਾਂ ਮਾਲਕਾਂ ਦੇ।
ਪਰ ਹੁਣ ਅਸੀਂ ਚਾਹੁੰਦੇ ਹਾਂ ਕਿ ਚੇਤੇ ਰੱਖਣ ਲੋਕ ਇੱਕ ਹੀ ਨਾਮ, ਤੁਹਾਡਾ ਨਾਮ!
14 ਉਹ ਮੁਰਦਾ (ਪ੍ਰਭੂ) ਕਦੇ ਜਿਉਂਦੇ ਨਹੀਂ ਹੋਣਗੇ।
ਉਹ ਭੂਤ ਕਦੇ ਮੌਤ ਤੋਂ ਨਹੀਂ ਉਭਰਨਗੇ,
ਤੁਸੀਂ ਨਿਆਂ ਕੀਤਾ ਸੀ ਉਨ੍ਹਾਂ ਨੂੰ ਤਬਾਹ ਕਰਨ ਦਾ।
ਅਤੇ ਤੁਸੀਂ ਤਬਾਹ ਕਰ ਦਿੱਤੀ ਹਰ ਉਹ ਚੀਜ਼ ਜਿਹੜੀ ਸਾਨੂੰ ਉਨ੍ਹਾਂ ਬਾਰੇ ਸੋਚਣ ਵੱਲ ਪ੍ਰੇਰਦੀ ਹੈ।
15 ਹੇ ਯਹੋਵਾਹ, ਤੂੰ ਉਸ ਕੌਮ ਦੀ ਸਹਾਇਤਾ ਕੀਤੀ ਹੈ,
ਤੂੰ ਉਸਦੀਆਂ ਸਰਹਦ੍ਦਾ ਵੱਧਾ ਦਿੱਤੀਆਂ
ਅਤੇ ਆਪਣੇ ਲਈ ਸਤਿਕਾਰ ਪ੍ਰਾਪਤ ਕੀਤਾ।
16 ਯਹੋਵਾਹ ਜੀ, ਲੋਕ ਤੁਹਾਨੂੰ ਚੇਤੇ ਕਰਦੇ ਹਨ
ਉਹ ਜਦੋਂ ਵੀ ਮੁਸੀਬਤ ਵਿੱਚ ਹੁੰਦੇ ਨੇ।
ਲੋਕ ਖਾਮੋਸ਼ੀ ਨਾਲ ਤੁਹਾਡੇ ਅੱਗੇ ਪ੍ਰਾਰਥਨਾ
ਕਰਦੇ ਨੇ ਜਦੋਂ ਤੁਸੀਂ ਉਨ੍ਹਾਂ ਨੂੰ ਸਜ਼ਾ ਦਿੰਦੇ ਹੋ।
17 ਯਹੋਵਾਹ ਜੀ, ਜਦੋਂ ਅਸੀਂ ਤੁਹਾਡੇ ਸੰਗ ਨਹੀਂ ਹੁੰਦੇ
ਅਸੀਂ ਉਸ ਔਰਤ ਵਰਗੇ ਹੁੰਦੇ ਹਾਂ ਜਿਹੜੀ ਬੱਚੇ ਨੂੰ ਜਨਮ ਦੇਣ ਵਾਲੀ ਹੁੰਦੀ ਹੈ।
ਉਹ ਜਨਮ ਪੀੜਾਂ ਨਾਲ ਚੀਖਦੀ ਹੈ।
18 ਸਾਨੂੰ ਉਸੇ ਤਰ੍ਹਾਂ, ਦਰਦ ਹੁੰਦਾ ਹੈ।
ਅਸੀਂ ਜਨਮ ਦਿੰਦੇ ਹਾਂ, ਪਰ ਸਿਰਫ਼ ਹਵਾ ਨੂੰ।
ਅਸੀਂ ਨਵੇਂ ਲੋਕ ਦੁਨੀਆਂ ਲਈ ਪੈਦਾ ਨਹੀਂ ਕਰਦੇ।
ਅਸੀਂ ਧਰਤੀ ਨੂੰ ਮੁਕਤੀ ਨਹੀਂ ਦਿੰਦੇ।
19 ਪਰ ਪਰਮੇਸ਼ੁਰ ਆਖਦਾ ਹੈ,
“ਤੁਸੀਂ ਲੋਕ ਮਰ ਚੁੱਕੇ ਹੋ,
ਪਰ ਉਹ ਦੋਬਾਰਾ ਜਿਉਣਗੇ।
ਮੇਰੇ ਲੋਕਾਂ ਦੇ ਜਿਸਮ ਮੌਤ ਤੋਂ ਉਭਰਨਗੇ।
ਧਰਤੀ ਵਿੱਚ ਮੁਰਦਾ ਪਏ ਲੋਕੋ, ਉੱਠੋ ਤੇ ਪ੍ਰਸੰਨ ਹੋ ਜਾਵੋ!
ਤੁਹਾਡੇ ਉੱਪਰ ਪਈ ਹੋਈ ਤ੍ਰੇਲ ਉਸ ਹਰ ਨਵੀਂ
ਸਵੇਰ ਦੀ ਲੋਅ ਵਿੱਚ ਚਮਕਦੀ ਹੋਈ ਤ੍ਰੇਲ ਵਰਗੀ ਹੈ।
ਇਹ ਦਰਸਾਉਂਦੀ ਹੈ ਕਿ ਅਜਿਹਾ ਨਵਾਂ ਸਮਾਂ ਆ ਰਿਹਾ ਹੈ
ਜਦੋਂ ਧਰਤੀ ਮੁਰਦਾ ਲੋਕਾਂ ਨੂੰ ਉਗਲ ਦੇਵੇਗੀ ਜਿਹੜੇ ਏਸ ਅੰਦਰ ਲੇਟੇ ਨੇ।”
ਨਿਆਂ: ਇਨਾਮ ਜਾਂ ਸਜ਼ਾ
20 ਮੇਰੇ ਲੋਕੋ, ਆਪਣੇ ਕਮਰਿਆਂ ਵਿੱਚ ਜਾਓ।
ਆਪਣੇ ਦਰਵਾਜ਼ੇ ਬੰਦ ਕਰ ਲਵੋ।
ਬੋੜੇ ਸਮੇਂ ਲਈ ਆਪਣੇ ਕਮਰਿਆਂ ਵਿੱਚ ਛੁਪ ਜਾਓ।
ਉਦੋਂ ਤੱਕ ਛੁੱਪੇ ਰਹੋ ਜਦੋਂ ਤੱਕ ਪਰਮੇਸ਼ੁਰ ਦਾ ਕਹਿਰ ਸ਼ਾਂਤ ਨਹੀਂ ਹੁੰਦਾ।
21 ਯਹੋਵਾਹ ਦੁਨੀਆਂ ਦੇ ਲੋਕਾਂ ਦਾ ਨਿਆਂ ਕਰਨ ਲਈ ਆਪਣਾ ਸਥਾਨ ਛੱਡ ਦੇਵੇਗਾ
ਜੋ ਵੀ ਮੰਦੇ ਕੰਮ ਉਨ੍ਹਾਂ ਨੇ ਕੀਤੇ ਹਨ।
ਧਰਤੀ ਉਨ੍ਹਾਂ ਲੋਕਾਂ ਦੇ ਖੂਨ ਨੂੰ ਜ਼ਾਹਰ ਕਰੇਗੀ ਜਿਹੜੇ ਮਾਰੇ ਗਏ ਹਨ।
ਧਰਤੀ ਮਰੇ ਹੋਏ ਲੋਕਾਂ ਨੂੰ ਹੋਰ ਨਹੀਂ ਕੱਜੇਗੀ।
ਝੂਠੇ ਪ੍ਰਚਾਰਕਾਂ ਤੋਂ ਸਾਵੱਧਾਨ ਰਹੋ
4 ਮੇਰੇ ਪਿਆਰੇ ਮਿੱਤਰੋ, ਇੱਥੇ ਦੁਨੀਆਂ ਵਿੱਚ ਬਹੁਤ ਸਾਰੇ ਝੂਠੇ ਨਬੀ ਹਨ। ਇਸ ਲਈ ਹਰੇਕ ਤੇ ਵਿਸ਼ਵਾਸ ਨਾ ਕਰੋ ਜਿਹੜਾ ਆਖਦਾ ਹੈ ਕਿ ਉਸ ਕੋਲ ਪਰਮੇਸ਼ੁਰ ਦਾ ਆਤਮਾ ਹੈ। ਇਸਦੀ ਜਗ਼੍ਹਾ, ਇਹ ਵੇਖਣ ਲਈ ਉਨ੍ਹਾਂ ਨੂੰ ਪਰਤਾਓ ਕਿ ਜਿਹੜਾ ਆਤਮਾ ਉਨ੍ਹਾਂ ਕੋਲ ਹੈ ਸੱਚਮੁੱਚ ਪਰਮੇਸ਼ੁਰ ਵੱਲੋਂ ਹੈ। 2 ਇਸ ਤਰੀਕੇ ਨਾਲ, ਤੁਸੀਂ ਪਰਮੇਸ਼ੁਰ ਦੇ ਆਤਮਾ ਨੂੰ ਪਛਾਣ ਸੱਕਦੇ ਹੋ। ਇੱਕ ਆਤਮਾ ਆਖਦਾ ਹੈ, “ਮੈਨੂੰ ਵਿਸ਼ਵਾਸ ਹੈ ਕਿ ਯਿਸੂ ਹੀ ਮਸੀਹ ਹੈ ਜਿਹੜਾ ਧਰਤੀ ਤੇ ਮਨੁੱਖੀ ਰੂਪ ਵਿੱਚ ਆਇਆ।” ਅਜਿਹਾ ਆਤਮਾ ਪਰਮੇਸ਼ੁਰ ਵੱਲੋਂ ਹੈ। 3 ਅਤੇ ਦੂਜਾ ਆਤਮਾ ਜਿਹੜਾ ਯਿਸੂ ਬਾਰੇ ਇਹ ਸੱਚ ਨਹੀਂ ਸਵਿਕਾਰਦਾ ਪਰਮੇਸ਼ੁਰ ਵੱਲੋਂ ਨਹੀਂ ਹੈ। ਇਹ ਆਤਮਾ ਮਸੀਹ ਦੇ ਦੁਸ਼ਮਣ ਦਾ ਹੈ। ਤੁਸੀਂ ਸੁਣਿਆ ਹੈ ਕਿ ਮਸੀਹ ਦਾ ਦੁਸ਼ਮਣ ਆ ਰਿਹਾ ਹੈ। ਅਸਲ ਵਿੱਚ ਉਹ ਪਹਿਲਾਂ ਹੀ ਦੁਨੀਆਂ ਵਿੱਚ ਆ ਚੁੱਕਿਆ ਹੈ।
4 ਮੇਰੇ ਪਿਆਰੇ ਬੱਚਿਓ, ਤੁਸੀਂ ਪਰਮੇਸ਼ੁਰ ਨਾਲ ਸੰਬੰਧਿਤ ਹੋ। ਇਸ ਲਈ ਤੁਸੀਂ ਇਨ੍ਹਾਂ ਝੂਠੇ ਉਪਦੇਸ਼ਕਾਂ ਨੂੰ ਹਰਾ ਦਿੱਤਾ ਹੈ। ਕਿਉਂਕਿ ਇੱਕ ਜਿਹੜਾ ਤੁਹਾਡੇ ਅੰਦਰ ਹੈ ਉਹ ਉਸ ਇੱਕ ਨਾਲੋਂ ਵਡੇਰਾ ਹੈ ਜੋ ਦੁਨੀਆਂ ਵਿੱਚ ਹੈ। 5 ਇਹ ਝੂਠੇ ਉਪਦੇਸ਼ਕ ਦੁਨੀਆਂ ਨਾਲ ਸੰਬੰਧਿਤ ਹਨ। ਇਸ ਲਈ ਜੋ ਉਹ ਆਖਦੇ ਹਨ ਦੁਨੀਆਂ ਵੱਲੋਂ ਹੈ, ਅਤੇ ਦੁਨੀਆਂ ਉਹ ਸੁਣਦੀ ਹੈ ਜੋ ਉਹ ਆਖਦੇ ਹਨ। 6 ਪਰ ਅਸੀਂ ਪਰਮੇਸ਼ੁਰ ਵੱਲੋਂ ਹਾਂ। ਇਸ ਲਈ ਜੋ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ ਉਹ ਸਾਨੂੰ ਸੁਣਦੇ ਹਨ, ਪਰ ਜਿਹੜੇ ਲੋਕ ਪਰਮੇਸ਼ੁਰ ਵੱਲੋਂ ਨਹੀਂ ਹਨ ਸਾਨੂੰ ਨਹੀਂ ਸੁਣਦੇ। ਇਵੇਂ ਹੀ ਅਸੀਂ ਸੱਚੇ ਆਤਮਾ ਅਤੇ ਫ਼ਰੇਬੀ ਆਤਮਾ ਨੂੰ ਜਾਣਦੇ ਹਾਂ।
ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ
7 ਪਿਆਰੇ ਮਿੱਤਰੋ, ਸਾਨੂੰ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। ਕਿਉਂਕਿ ਪਿਆਰ ਪਰਮੇਸ਼ੁਰ ਵੱਲੋਂ ਆਉਂਦਾ ਹੈ। ਜਿਹੜਾ ਵਿਅਕਤੀ ਪਿਆਰ ਕਰਦਾ ਹੈ ਉਹ ਪਰਮੇਸ਼ੁਰ ਦਾ ਬੱਚਾ ਹੈ ਅਤੇ ਉਹ ਪਰਮੇਸ਼ੁਰ ਨੂੰ ਜਾਣਦਾ ਹੈ। 8 ਜਿਹੜਾ ਵਿਅਕਤੀ ਪਿਆਰ ਨਹੀਂ ਕਰਦਾ ਉਹ ਪਰਮੇਸ਼ੁਰ ਨੂੰ ਨਹੀਂ ਜਾਣਦਾ ਕਿਉਂਕਿ ਪਰਮੇਸ਼ੁਰ ਪਿਆਰ ਹੈ। 9 ਇਹੀ ਉਹ ਤਰੀਕਾ ਹੈ ਜਿਸ ਨਾਲ ਪਰਮੇਸ਼ੁਰ ਨੇ ਸਾਨੂੰ ਆਪਣਾ ਪਿਆਰ ਦਰਸ਼ਾਇਆ; ਪਰਮੇਸ਼ੁਰ ਨੇ ਆਪਣੇ ਇੱਕਲੌਤੇ ਪੁੱਤਰ ਨੂੰ ਦੁਨੀਆਂ ਵਿੱਚ ਭੇਜਿਆ ਤਾਂ ਜੋ ਉਸ ਦੇ ਰਾਹੀਂ ਸਾਨੂੰ ਜੀਵਨ ਪ੍ਰਦਾਨ ਕਰ ਸੱਕੇ। 10 ਇਹ ਪਿਆਰ ਹੈ; ਇਹ ਨਹੀਂ ਕਿ ਪਹਿਲਾਂ ਅਸੀਂ ਪਰਮੇਸ਼ੁਰ ਨੂੰ ਪਿਆਰ ਕੀਤਾ; ਇਹ ਪਰਮੇਸ਼ੁਰ ਹੈ ਜਿਸਨੇ ਸਾਨੂੰ ਪਹਿਲਾਂ ਪਿਆਰ ਕੀਤਾ। ਅਤੇ ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਰਾਹ ਵਾਂਗ ਭੇਜਿਆ, ਜਿਸਦੇ ਦੁਆਰਾ ਪਰਮੇਸ਼ੁਰ ਸਾਡੇ ਪਾਪ ਦੂਰ ਕਰਦਾ ਹੈ।
11 ਪਿਆਰੇ ਮਿੱਤਰੋ, ਦੇਖੋ ਪਰਮੇਸ਼ੁਰ ਨੇ ਸਾਨੂੰ ਕਿੰਨਾ ਪਿਆਰ ਕੀਤਾ। ਇਸ ਲਈ ਸਾਨੂੰ ਵੀ ਇੱਕ ਦੂਸਰੇ ਨੂੰ ਪਿਆਰ ਕਰਨਾ ਚਾਹੀਦਾ ਹੈ। 12 ਕਿਸੇ ਨੇ ਕਦੇ ਵੀ ਪਰਮੇਸ਼ੁਰ ਨੂੰ ਨਹੀਂ ਦੇਖਿਆ। ਪਰ ਜੇ ਅਸੀਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਤਾਂ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਕਰਦਾ ਹੈ। ਅਤੇ ਇੰਝ ਇਹ ਪਿਆਰ ਸਾਡੇ ਅੰਦਰ ਸੰਪੂਰਣ ਹੋ ਗਿਆ ਹੈ।
13 ਅਸੀਂ ਜਾਣਦੇ ਹਾਂ ਕਿ ਅਸੀਂ ਪਰਮੇਸ਼ੁਰ ਵਿੱਚ ਨਿਵਾਸ ਕਰਦੇ ਹਾਂ ਅਤੇ ਪਰਮੇਸ਼ੁਰ ਸਾਡੇ ਅੰਦਰ ਵੱਸਦਾ ਹੈ। ਅਜਿਹਾ ਅਸੀਂ ਇਸ ਲਈ ਜਾਣਦੇ ਹਾਂ ਕਿਉਂਕਿ ਪਰਮੇਸ਼ੁਰ ਨੇ ਸਾਨੂੰ ਆਪਣਾ ਆਤਮਾ ਦਿੱਤਾ ਹੈ। 14 ਅਸੀਂ ਵੇਖਿਆ ਹੈ ਕਿ ਪਿਤਾ ਨੇ ਆਪਣੇ ਪੁੱਤਰ ਨੂੰ ਦੁਨੀਆਂ ਦਾ ਮੁਕਤੀ ਦਾਤਾ ਹੋਣ ਲਈ ਭੇਜਿਆ ਹੈ। ਅਤੇ ਅਸੀਂ ਲੋਕਾਂ ਨੂੰ ਇਹੀ ਗੱਲ ਦੱਸ ਰਹੇ ਹਾਂ। 15 ਜੇ ਕੋਈ ਵਿਅਕਤੀ ਇਹ ਆਖਦਾ ਹੈ, “ਮੇਰਾ ਵਿਸ਼ਵਾਸ ਹੈ ਕਿ ਯਿਸੂ ਪਰਮੇਸ਼ੁਰ ਦਾ ਪੁੱਤਰ ਹੈ,” ਤਾਂ ਪਰਮੇਸ਼ੁਰ ਉਸ ਵਿਅਕਤੀ ਅੰਦਰ ਵੱਸਦਾ ਹੈ। ਅਤੇ ਉਹ ਵਿਅਕਤੀ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। 16 ਅਤੇ ਇਸ ਤਰ੍ਹਾਂ ਅਸੀਂ ਉਸ ਪਿਆਰ ਬਾਰੇ ਜਾਣਦੇ ਹਾਂ ਜਿਹੜਾ ਪਰਮੇਸ਼ੁਰ ਦਾ ਸਾਡੇ ਲਈ ਹੈ। ਅਤੇ ਅਸੀਂ ਉਸ ਪਿਆਰ ਵਿੱਚ ਭਰੋਸਾ ਰੱਖਦੇ ਹਾਂ।
ਪਰਮੇਸ਼ੁਰ ਪਿਆਰ ਹੈ। ਉਹ ਵਿਅਕਤੀ ਜਿਹੜਾ ਪਿਆਰ ਵਿੱਚ ਜਿਉਂਦਾ ਹੈ ਪਰਮੇਸ਼ੁਰ ਵਿੱਚ ਨਿਵਾਸ ਕਰਦਾ ਹੈ। ਅਤੇ ਪਰਮੇਸ਼ੁਰ ਉਸ ਵਿਅਕਤੀ ਵਿੱਚ ਵੱਸਦਾ ਹੈ। 17 ਜੇ ਸਾਡੇ ਅੰਦਰ ਪਰਮੇਸ਼ੁਰ ਦਾ ਪਿਆਰ ਸੰਪੂਰਣ ਹੈ, ਤਾਂ ਅਸੀਂ ਨਿਆਂ ਦੇ ਦਿਨ ਬੇ-ਡਰ ਹੋਵਾਂਗੇ। ਅਸੀਂ ਬੇ-ਡਰ ਇਸ ਲਈ ਹੋਵਾਂਗੇ ਕਿਉਂਕਿ ਅਸੀਂ ਇਸ ਦੁਨੀਆਂ ਵਿੱਚ ਉਵੇਂ ਹੀ ਹਾਂ ਜਿਵੇਂ ਉਹ ਹੈ। 18 ਜਿੱਥੇ ਪਰਮੇਸ਼ੁਰ ਦਾ ਪਿਆਰ ਹੈ, ਉੱਥੇ ਕੋਈ ਭੈ ਨਹੀਂ। ਕਿਉਂਕਿ ਪਰਮੇਸ਼ੁਰ ਦਾ ਸੰਪੂਰਣ ਪਿਆਰ ਭੈ ਨੂੰ ਦੂਰ ਕਰਦਾ ਹੈ। ਇਹ ਤਾਂ ਪਰਮੇਸ਼ੁਰ ਦੀ ਸਜ਼ਾ ਹੈ ਜਿਹੜੀ ਵਿਅਕਤੀ ਅੰਦਰ ਡਰ ਪੈਦਾ ਕਰਦੀ ਹੈ। ਇਸ ਲਈ ਉਸ ਵਿਅਕਤੀ ਵਿੱਚ ਪਰਮੇਸ਼ੁਰ ਦਾ ਪਿਆਰ ਸੰਪੂਰਣ ਨਹੀਂ ਹੈ।
19 ਅਸੀਂ ਪਿਆਰ ਕਰਦੇ ਹਾਂ ਕਿਉਂਕਿ ਪਹਿਲਾਂ ਪਰਮੇਸ਼ੁਰ ਨੇ ਸਾਨੂੰ ਪਿਆਰ ਕੀਤਾ ਸੀ। 20 ਜੇ ਕੋਈ ਵਿਅਕਤੀ ਆਖਦਾ ਹੈ, “ਮੈਂ ਪਰਮੇਸ਼ੁਰ ਨੂੰ ਪਿਆਰ ਕਰਦਾ ਹਾਂ,” ਪਰ ਉਹ ਵਿਅਕਤੀ ਆਪਣੇ ਭਰਾ ਜਾਂ ਭੈਣ ਨੂੰ ਨਫ਼ਰਤ ਕਰਦਾ ਹੈ, ਤਾਂ ਉਹ ਵਿਅਕਤੀ ਝੂਠਾ ਹੈ। ਕਿਉਂਕਿ ਜੇਕਰ ਉਹ ਅਪਣੇ ਉਸ ਭਰਾ ਨੂੰ ਪਿਆਰ ਨਹੀਂ ਕਰਦਾ ਜਿਸ ਨੂੰ ਉਹ ਵੇਖ ਸੱਕਦਾ ਹੈ, ਤਾਂ ਫ਼ੇਰ ਉਸ ਲਈ ਪਰਮੇਸ਼ੁਰ ਨੂੰ ਪਿਆਰ ਕਰਨਾ ਵੀ ਸੰਭਵ ਨਹੀਂ ਜਿਸ ਨੂੰ ਉਹ ਨਹੀਂ ਵੇਖ ਸੱਕਦਾ। 21 ਪਰਮੇਸ਼ੁਰ ਨੇ ਸਾਨੂੰ ਇਹੀ ਹੁਕਮ ਦਿੱਤਾ ਹੈ; ਜਿਹੜਾ ਵਿਅਕਤੀ ਪਰਮੇਸ਼ੁਰ ਨੂੰ ਪਿਆਰ ਕਰਦਾ ਹੈ ਉਸ ਨੂੰ ਆਪਣੇ ਭਰਾਵਾਂ ਅਤੇ ਭੈਣਾਂ ਨੂੰ ਵੀ ਪਿਆਰ ਕਰਨਾ ਚਾਹੀਦਾ ਹੈ।
2010 by World Bible Translation Center