M’Cheyne Bible Reading Plan
ਡੇਰੇ ਦੀ ਬਿਵਸਥਾ
2 ਯਹੋਵਾਹ ਨੇ ਮੂਸਾ ਅਤੇ ਹਾਰੂਨ ਨੂੰ ਆਖਿਆ: 2 “ਇਸਰਾਏਲ ਦੇ ਲੋਕਾਂ ਨੂੰ ਆਪਣੇ ਡੇਰੇ, ਮੰਡਲੀ ਵਾਲੇ ਤੰਬੂ ਦੇ ਆਲੇ-ਦੁਆਲੇ ਲਾਉਣੇ ਚਾਹੀਦੇ ਹਨ। ਹਰ ਸਮੂਹ ਦਾ ਖਾਸ ਝੰਡਾ ਹੋਵੇਗਾ, ਅਤੇ ਹਰੇਕ ਬੰਦਾ ਆਪਣੇ ਸਮੂਹ ਦੇ ਝੰਡੇ ਨੇੜੇ ਡੇਰਾ ਲਾਵੇਗਾ।
3 “ਯਹੂਦਾਹ ਦੇ ਡੇਰੇ ਦਾ ਝੰਡਾ ਪੂਰਬ ਵਾਲੇ ਪਾਸੇ ਹੋਵੇਗਾ ਜਿਧਰੋ ਸੂਰਜ ਚੜ੍ਹਦਾ ਹੈ। ਯਹੂਦਾਹ ਦੇ ਲੋਕ ਆਪਣੇ ਝੰਡੇ ਦੇ ਨੇੜੇ ਡੇਰਾ ਲਾਉਣਗੇ। ਯਹੂਦਾਹ ਦੇ ਲੋਕਾਂ ਦਾ ਆਗੂ ਅੰਮੀਨਾਦਾਬ ਦਾ ਪੁੱਤਰ ਨਹਸ਼ੋਨ ਹੈ। 4 ਉਸ ਦੇ ਸਮੂਹ ਵਿੱਚ 74,600 ਆਦਮੀ ਹਨ।
5 “ਯਿੱਸਾਕਾਰ ਦਾ ਪਰਿਵਾਰ-ਸਮੂਹ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਅਗੇਰੇ ਡੇਰਾ ਲਾਵੇਗਾ। ਯਿੱਸਾਕਾਰ ਦੇ ਲੋਕਾਂ ਦਾ ਆਗੂ ਸੁਆਰ ਦਾ ਪੁੱਤਰ ਨਥਨਿਏਲ ਹੈ। 6 ਉਸ ਦੇ ਸਮੂਹ ਵਿੱਚ 54,400 ਆਦਮੀ ਹਨ।
7 “ਜ਼ਬੂਲੁਨ ਦਾ ਪਰਿਵਾਰ-ਸਮੂਹ ਦੀ ਯਹੂਦਾਹ ਦੇ ਪਰਿਵਾਰ-ਸਮੂਹ ਦੇ ਨੇੜੇ ਡੇਰਾ ਲਾਵੇਗਾ। ਜ਼ਬੂਲੁਨ ਦੇ ਲੋਕਾਂ ਦਾ ਆਗੂ ਹੇਲੋਨ ਦਾ ਪੁੱਤਰ ਅਲੀਆਬ ਹੈ। 8 ਉਸ ਦੇ ਸਮੂਹ ਵਿੱਚ 57,400 ਆਦਮੀ ਹਨ।
9 “ਯਹੂਦਾਹ ਦੇ ਡੇਰੇ ਅੰਦਰ ਲੋਕਾਂ ਦੀ ਕੁੱਲ ਗਿਣਤੀ 1,86,400 ਹੈ। ਇਹ ਸਾਰੇ ਆਦਮੀ ਆਪਣੇ ਭਿੰਨ-ਭਿੰਨ ਪਰਿਵਾਰ-ਸਮੂਹਾ ਵਿੱਚ ਵੰਡੇ ਹੋਏ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਸਰੀ ਥਾਂ ਤੇ ਜਾਣਗੇ ਤਾਂ ਯਹੂਦਾਹ ਦਾ ਪਰਿਵਾਰ ਜਾਣ ਦੀ ਪਹਿਲ ਕਰੇਗਾ।
10 “ਰਊਬੇਨ ਦੇ ਡੇਰੇ ਦਾ ਝੰਡਾ ਪਵਿੱਤਰ ਤੰਬੂ ਦੇ ਦੱਖਣ ਵੱਲ ਹੋਵੇਗਾ। ਹਰ ਪਰਿਵਾਰ-ਸਮੂਹ ਆਪਣੇ ਝੰਡੇ ਦੇ ਨੇੜੇ ਡੇਰਾ ਲਾਵੇਗਾ। ਰਊਬੇਨ ਦੇ ਲੋਕਾਂ ਦਾ ਆਗੂ ਸ਼ਦੇਊਰ ਦਾ ਪੁੱਤਰ ਅਲੀਸੂਰ ਹੈ। 11 ਉਸ ਦੇ ਪਰਿਵਾਰ-ਸਮੂਹ ਵਿੱਚ 46,500 ਆਦਮੀ ਹਨ।
12 “ਰਊਬੇਨ ਦੇ ਪਰਿਵਾਰ-ਸਮੂਹ ਤੋਂ ਅੱਗੇ ਸ਼ਿਮਓਨ ਦਾ ਪਰਿਵਾਰ-ਸਮੂਹ ਡੇਰਾ ਲਾਵੇਗਾ। ਸ਼ਿਮਓਨ ਦਾ ਲੋਕਾਂ ਦਾ ਆਗੂ ਸੂਰੀਸ਼ੁਦਾਈ ਦਾ ਪੁੱਤਰ ਸ਼ਲੁਮੀਏਲ ਹੈ। 13 ਉਸ ਦੇ ਟੋਲੇ ਵਿੱਚ 59,300 ਆਦਮੀ ਸਨ।
14 “ਗਾਦ ਦੇ ਪਰਿਵਾਰ ਦਾ ਡੇਰਾ ਵੀ ਰਊਬੇਨ ਲੋਕਾਂ ਤੋਂ ਅੱਗੇ ਹੋਵੇਗਾ। ਗਾਦ ਦੇ ਪਰਿਵਾਰ ਦਾ ਆਗੂ ਰਊਏਲ (ਦਊਏਲ) ਦਾ ਪੁੱਤਰ ਅਲਯਾਸਾਫ਼ ਹੈ। 15 ਉਸ ਦੇ ਸਮੂਹ ਵਿੱਚ 45,650 ਆਦਮੀ ਹਨ।
16 “ਰਊਬੇਨ ਦੇ ਡੇਰੇ ਦੇ ਸਾਰੇ ਸਮੂਹਾ ਅੰਦਰ 1,51,450 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਰਊਬੇਨ ਦਾ ਸਮੂਹ ਦੂਜੇ ਨੰਬਰ ਉੱਤੇ ਚੱਲੇਗਾ।
17 “ਜਦੋਂ ਲੋਕ ਸਫ਼ਰ ਕਰਨਗੇ, ਲੇਵੀ ਦਾ ਸਮੂਹ ਜਾਣ ਲਈ ਅੱਗੇ ਹੋਵੇਗਾ। ਮੰਡਲੀ ਦਾ ਤੰਬੂ ਸਾਰੇ ਡੇਰਿਆ ਦੇ ਵਿੱਚਕਾਰ ਉਨ੍ਹਾਂ ਦੇ ਨਾਲ ਹੋਵੇਗਾ। ਲੋਕ ਉਸੇ ਤਰਤੀਬ ਵਿੱਚ ਡੇਰੇ ਲਾਉਣਗੇ ਜਿਵੇਂ ਉਹ ਜਾਣਗੇ ਅਤੇ ਹਰੇਕ ਵਿਅਕਤੀ ਆਪਣੇ ਪਰਿਵਾਰਿਕ ਝੰਡੇ ਦੇ ਨਾਲ ਹੋਵੇਗਾ।
18 “ਅਫ਼ਰਾਈਮ ਦੇ ਡੇਰੇ ਦਾ ਝੰਡਾ ਪੱਛਮ ਵਾਲੇ ਪਾਸੇ ਹੋਵੇਗਾ। ਅਫ਼ਰਾਈਮ ਦੇ ਪਰਿਵਾਰ-ਸਮੂਹ ਉੱਥੇ ਡੇਰੇ ਲਾਉਣਗੇ। ਅਫ਼ਰਾਈਮ ਦੇ ਲੋਕਾਂ ਦਾ ਆਗੂ ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਹੈ। 19 ਉਸ ਦੇ ਪਰਿਵਾਰ-ਸਮੂਹ ਵਿੱਚ 40,500 ਆਦਮੀ ਹਨ।
20 “ਮਨੱਸ਼ਹ ਦਾ ਪਰਿਵਾਰ-ਸਮੂਹ, ਅਫ਼ਰਾਈਮ ਦੇ ਪਰਿਵਾਰ ਦੇ ਨੇੜੇ ਡੇਰਾ ਲਾਵੇਗਾ। ਮਨੱਸ਼ਹ ਦੇ ਲੋਕਾਂ ਦਾ ਆਗੂ ਪਦਾਹਸੂਰ ਦਾ ਪੁੱਤਰ ਗਮਲੀਏਲ ਹੈ। 21 ਉਸ ਦੇ ਸਮੂਹ ਵਿੱਚ 32,200 ਆਦਮੀ ਹਨ।
22 “ਬਿਨਯਾਮੀਨ ਦਾ ਪਰਿਵਾਰ-ਸਮੂਹ ਵੀ ਅਫ਼ਰਾਈਮ ਦੇ ਪਰਿਵਾਰ ਤੋਂ ਅੱਗੇ ਡੇਰਾ ਲਾਵੇਗਾ। ਬਿਨਯਾਮੀਨ ਦੇ ਲੋਕਾਂ ਦਾ ਆਗੂ ਗਿਦਓਨੀ ਦਾ ਪੁੱਤਰ ਅਬੀਦਾਨ ਹੈ। 23 ਉਸ ਦੇ ਸਮੂਹ ਵਿੱਚ 35,400 ਆਦਮੀ ਹਨ।
24 “ਅਫ਼ਰਾਈਮ ਦੇ ਡੇਰੇ ਅੰਦਰ 1,08,100 ਆਦਮੀ ਹਨ। ਜਦੋਂ ਇਹ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦੇ ਪਰਿਵਾਰ ਦਾ ਤੀਜਾ ਨੰਬਰ ਹੋਵੇਗਾ।
25 “ਦਾਨ ਦੇ ਡੇਰੇ ਦਾ ਝੰਡਾ ਉੱਤਰ ਵਾਲੇ ਪਾਸੇ ਹੋਵੇਗਾ। ਦਾਨ ਦੇ ਪਰਿਵਾਰ-ਸਮੂਹ ਉੱਥੇ ਡੇਰਾ ਲਾਉਣਗੇ। ਦਾਨ ਦੇ ਲੋਕਾਂ ਦਾ ਆਗੂ ਅੰਮੀਸ਼ੱਦਾਈ ਦਾ ਪੁੱਤਰ ਅਹੀਅਜ਼ਰ ਹੈ। 26 ਉਸ ਦੇ ਪਰਿਵਾਰ-ਸਮੂਹ ਵਿੱਚ 62,700 ਆਦਮੀ ਹਨ।
27 “ਆਸ਼ੇਰ ਦੇ ਪਰਿਵਾਰ-ਸਮੂਹ ਦੇ ਲੋਕ ਦਾਨ ਦੇ ਪਰਿਵਾਰ-ਸਮੂਹ ਅਗੇਰੇ ਡੇਰਾ ਲਾਉਣਗੇ। ਆਸ਼ੇਰ ਦੇ ਲੋਕਾਂ ਦਾ ਆਗੂ ਆਕਰਾਨ ਦਾ ਪੁੱਤਰ ਪਗੀਏਲ ਹੈ। 28 ਉਸ ਦੇ ਸਮੂਹ ਅੰਦਰ 41,500 ਆਦਮੀ ਹਨ।
29 “ਨਫ਼ਤਾਲੀ ਦਾ ਪਰਿਵਾਰ-ਸਮੂਹ ਵੀ ਦਾਨ ਦੇ ਪਰਿਵਾਰ-ਸਮੂਹ ਦੇ ਨਾਲ ਡੇਰਾ ਲਾਵੇਗਾ। ਨਫ਼ਤਾਲੀ ਦੇ ਲੋਕਾਂ ਦਾ ਆਗੂ ਏਨਾਨ ਦਾ ਪੁੱਤਰ ਅਹੀਰਾ ਹੈ। 30 ਇਸ ਸਮੂਹ ਵਿੱਚ 53,400 ਆਦਮੀ ਹਨ।
31 “ਦਾਨ ਦੇ ਡੇਰੇ ਅੰਦਰ 1,57,600 ਆਦਮੀ ਹਨ। ਜਦੋਂ ਲੋਕ ਇੱਕ ਥਾਂ ਤੋਂ ਦੂਜੀ ਥਾਂ ਜਾਣਗੇ ਤਾਂ ਉਨ੍ਹਾਂ ਦਾ ਪਰਿਵਾਰ ਸਭ ਤੋਂ ਅਖੀਰ ਉੱਤੇ ਤੁਰੇਗਾ। ਹਰੇਕ ਆਦਮੀ ਆਪਣੇ ਪਰਿਵਾਰ ਦੇ ਝੰਡੇ ਨਾਲ ਹੋਵੇਗਾ।”
32 ਇਸ ਤਰ੍ਹਾਂ ਉਹ ਇਸਰਾਏਲ ਦੇ ਲੋਕ ਸਨ। ਉਨ੍ਹਾਂ ਦੀ ਗਿਣਤੀ ਪਰਿਵਾਰਾਂ ਦੇ ਰੂਪ ਵਿੱਚ ਕੀਤੀ ਗਈ। ਸਮੂਹਾ ਦੇ ਤੌਰ ਤੇ ਗਿਣੇ ਗਏ ਇਸਰਾਏਲੀ ਲੋਕਾਂ ਦੀ ਕੁੱਲ ਗਿਣਤੀ 6,03,550 ਹੈ। 33 ਮੂਸਾ ਨੇ ਯਹੋਵਾਹ ਦਾ ਹੁਕਮ ਮੰਨਿਆ ਅਤੇ ਲੇਵੀ ਦੇ ਲੋਕਾਂ ਦੀ ਗਿਣਤੀ ਇਸਰਾਏਲ ਦੇ ਹੋਰਨਾ ਲੋਕਾਂ ਦੇ ਨਾਲ ਨਹੀਂ ਕੀਤੀ।
34 ਇਸ ਤਰ੍ਹਾਂ ਇਸਰਾਏਲ ਦੇ ਲੋਕਾਂ ਨੇ ਉਹ ਸਾਰਾ ਕੁਝ ਕੀਤਾ ਜੋ ਯਹੋਵਾਹ ਨੇ ਮੂਸਾ ਨੂੰ ਆਖਿਆ ਸੀ। ਹਰੇਕ ਸਮੂਹ ਨੇ ਆਪਣੇ ਝੰਡੇ ਹੇਠਾ ਡੇਰਾ ਲਾਇਆ। ਹਰੇਕ ਬੰਦਾ ਆਪਣੇ ਪਰਿਵਾਰ ਅਤੇ ਪਰਿਵਾਰ-ਸਮੂਹ ਦੇ ਨਾਲ ਰਿਹਾ।
ਨਿਰਦੇਸ਼ਕ ਲਈ: ਯਹੋਵਾਹ ਦੇ ਸੇਵਕ ਦਾਊਦ ਦਾ ਇੱਕ ਗੀਤ।
36 ਮੰਦਾ ਆਦਮੀ ਬਹੁਤ ਹੀ ਮੰਦਾ ਕਰਦਾ ਹੈ ਜਦੋਂ ਉਹ ਆਪਣੇ-ਆਪ ਨੂੰ ਆਖਦਾ,
ਮੈਂ ਨਹੀਂ ਡਰਾਂਗਾ ਅਤੇ ਪਰਮੇਸ਼ੁਰ ਦਾ ਆਦਰ ਨਹੀਂ ਕਰਾਂਗਾ।
2 ਉਹ ਆਦਮੀ ਆਪਣੇ-ਆਪ ਨੂੰ ਝੂਠ ਆਖਦਾ।
ਉਹ ਆਪਣੇ ਪਾਪਾਂ ਨੂੰ ਨਹੀਂ ਵੇਖਦਾ,
ਇਸੇ ਲਈ ਉਹ ਮੁਆਫ਼ੀ ਨਹੀਂ ਮੰਗਦਾ।
3 ਉਸ ਦੇ ਸ਼ਬਦ ਨਿਰਾਰਥਕ ਝੂਠ ਹਨ।
ਉਹ ਸਿਆਣਾ ਨਹੀਂ ਬਣਦਾ ਜਾਂ ਉਹ ਚੰਗਿਆਈ ਕਰਨਾ ਨਹੀਂ ਸਿੱਖਿਆ।
4 ਰਾਤ ਵੇਲੇ, ਉਹ ਫ਼ਜ਼ੂਲ ਦੀਆਂ ਵਿਉਂਤਾਂ ਬਣਾਉਂਦਾ ਹੈ।
ਉਹ ਜਾਗਦਾ ਅਤੇ ਕੁਝ ਵੀ ਚੰਗਾ ਨਹੀਂ ਕਰਦਾ।
ਪਰ ਉਹ ਬਦੀ ਕਰਨ ਤੋਂ ਇਨਕਾਰ ਨਹੀਂ ਕਰਦਾ।
5 ਯਹੋਵਾਹ, ਤੁਹਾਡਾ ਸੱਚਾ ਪਿਆਰ ਆਕਾਸ਼ ਨਾਲੋਂ ਉੱਚੇਰਾ ਹੈ।
ਤੁਹਾਡੀ ਵਫ਼ਾਦਾਰੀ ਬੱਦਲਾਂ ਤੋਂ ਉਚੇਰੀ ਹੈ।
6 ਯਹੋਵਾਹ, ਤੁਹਾਡੀ ਨੇਕੀ ਸਭ ਤੋਂ ਉੱਚੇ ਪਰਬਤ ਨਾਲੋਂ ਉਚੇਰੀ ਹੈ।
ਤੁਹਾਡੀ ਨਿਰਪੱਖਤਾ ਸਾਗਰਾਂ ਤੋਂ ਡੂੰਘੀ ਹੈ।
ਯਹੋਵਾਹ, ਤੁਸੀਂ ਆਦਮੀ ਅਤੇ ਜਾਨਵਰ ਦੀ ਰੱਖਿਆ ਕਰਦੇ ਹੋ।
7 ਤੁਹਾਡੀ ਪਿਆਰ ਭਰੀ ਦਯਾ ਨਾਲੋਂ ਕੁਝ ਵੀ ਅਨਮੋਲ ਨਹੀਂ।
ਲੋਕ ਅਤੇ ਦੂਤ ਤੁਹਾਡੇ ਵੱਲ ਸੁਰੱਖਿਆ ਲਈ ਆਉਂਦੇ ਹਨ।
8 ਯਹੋਵਾਹ, ਉਹ ਤੁਹਾਡੇ ਘਰ ਵਿੱਚਲੀਆਂ ਸ਼ੁਭ ਚੀਜ਼ਾਂ ਪਾਸੋਂ ਨਵੀਂ ਸ਼ਕਤੀ ਹਾਸਲ ਕਰਦੇ ਹਨ।
ਤੁਸੀਂ ਉਨ੍ਹਾਂ ਨੂੰ ਆਪਣੀ ਅਦਭੁਤ ਨਦੀ ਦਾ ਨੀਰ ਪੀਣ ਦਿੰਦੇ ਹਨ।
9 ਯਹੋਵਾਹ, ਜੀਵਨ ਦਾ ਚਸ਼ਮਾ ਤੁਹਾਡੇ ਵੱਲੋਂ ਵੱਗਦਾ ਹੈ।
ਤੁਹਾਡੇ ਚਾਨਣ ਵਿੱਚ, ਅਸੀਂ ਚਾਨਣ ਦੇਖਦੇ ਹਾਂ।
10 ਯਹੋਵਾਹ, ਉਨ੍ਹਾਂ ਲੋਕਾਂ ਨੂੰ ਪਿਆਰ ਕਰੀ ਜਾਉ।
ਜਿਹੜੇ ਸੱਚਮੁੱਚ ਤੁਹਾਨੂੰ ਜਾਣਦੇ ਹਨ।
ਅਤੇ ਉਨ੍ਹਾਂ ਲੋਕਾਂ ਲਈ ਸ਼ੁਭ ਗੱਲਾਂ ਕਰੋ ਜਿਹੜੇ ਤੁਹਾਡੇ ਵੱਲ ਸੱਚੇ ਹਨ।
11 ਹੇ ਯਹੋਵਾਹ, ਮੈਨੂੰ ਗੁਮਾਨੀ ਲੋਕਾਂ ਦੇ ਜਾਲ ਵਿੱਚ ਨਾ ਫ਼ਸਣ ਦਿਉ।
ਮੈਂ ਦੁਸ਼ਟ ਲੋਕਾਂ ਦੁਆਰਾ ਨਾ ਫ਼ੜਿਆ ਜਾਵਾਂ।
12 ਉਨ੍ਹਾਂ ਦੀਆਂ ਕਬਰਾਂ ਉੱਤੇ ਇਹ ਲਿਖੋ:
“ਬਦਕਾਰ ਲੋਕ ਇੱਥੇ ਡਿੱਗੇ ਸਨ।
ਉਹ ਕੁਚਲੇ ਗਏ।
ਉਹ ਫ਼ੇਰ ਕਦੀ ਵੀ ਨਹੀਂ ਖਲੋ ਸੱਕਣਗੇ।”
ਬਿਰਧ ਉਮਰ ਦੀਆਂ ਸਮੱਸਿਆਵਾਂ
12 ਆਪਣੀ ਜਵਾਨੀ ਦੌਰਾਨ ਹੀ ਆਪਣੇ ਸਿਰਜਣਹਾਰੇ ਨੂੰ ਯਾਦ ਕਰੋ, ਬੁਰੇ ਦਿਨਾਂ ਦੇ ਆਉਣ ਤੋਂ ਪਹਿਲਾਂ, ਜਦੋਂ ਤੁਸੀਂ ਆਖੋਂਗੇ: “ਮੈਨੂੰ ਜ਼ਿੰਦਗੀ ਵਿੱਚ ਹੋਰ ਕੋਈ ਪ੍ਰਸੰਨਤਾ ਨਹੀਂ।”
2 ਇਸਤੋਂ ਪਹਿਲਾਂ ਕਿ ਸੂਰਜ, ਚੰਨ ਅਤੇ ਤਾਰੇ ਅੰਧਕਾਰ ਬਣ ਜਾਣ। ਅਤੇ ਬੱਦਲ ਇੱਕ ਤੂਫਾਨ ਤੋਂ ਬਾਦ ਦੂਸਰੇ ਤੂਫਾਨ ਵਾਂਗ ਆਉਣ।
3 ਜਦੋਂ ਤੁਹਾਡੀਆਂ ਬਾਹਾਂ ਦੀ ਤਾਕਤ ਖਤਮ ਹੋ ਜਾਵੇਗੀ, ਤੁਹਾਡੀਆਂ ਲੱਤਾਂ ਕਮਜ਼ੋਰ ਹੋ ਕੇ ਝੁਕ ਜਾਣਗੀਆਂ। ਤੁਹਾਡੇ ਦੰਦ ਡਿੱਗ ਜਾਣਗੇ ਤੁਹਾਡੀਆਂ ਅੱਖਾਂ ਮੱਧਮ ਹੋ ਜਾਣਗੀਆਂ। 4 ਤੁਹਾਡੀ ਸੁਣਨ ਦੀ ਸ਼ਕਤੀ ਕਮਜ਼ੋਰ ਹੋ ਜਾਵੇਗੀ। ਤੁਹਾਨੂੰ ਗਲੀਆਂ ਦਾ ਸ਼ੋਰ ਵੀ ਸੁਣਾਈ ਨਹੀਂ ਦੇਵੇਗਾ। ਤੁਹਾਡੇ ਲਈ ਆਟਾ ਪੀਹਣ ਵਾਲੀ ਚੱਕੀ ਦੀ ਆਵਾਜ਼ ਵੀ ਖਾਮੋਸ਼ੀ ਵਰਗੀ ਹੋਵੇਗੀ। ਤੁਸੀਂ ਗੀਤ ਗਾਉਂਦੀਆਂ ਔਰਤਾਂ ਨੂੰ ਵੀ ਨਹੀਂ ਸੁਣ ਸੱਕੇਂਗੇ। ਪਰ ਤੁਹਾਨੂੰ ਗਾਉਂਦੇ ਪੰਛੀ ਦੀ ਆਵਾਜ਼ ਵੀ ਬਹੁਤ ਸਵੇਰੇ ਜਗਾ ਦੇਵੇਗੀ ਕਿਉਂ ਕਿ ਤੁਸੀਂ ਸੌਂ ਹੀ ਨਹੀਂ ਸੱਕੋਗੇ।
5 ਤੁਹਾਨੂੰ ਉੱਚੀਆਂ ਥਾਵਾਂ ਤੋਂ ਡਰ ਲੱਗੇਗਾ। ਤੁਸੀਂ ਰਸਤੇ ਦੀ ਛੋਟੀ ਜਿਹੀ ਚੀਜ਼ ਤੋਂ ਵੀ ਠੇਡਾ ਖਾਕੇ ਡਿਗਣ ਤੋਂ ਵੀ ਡਰੋਗੇ। ਤੁਹਾਡੇ ਵਾਲ ਅਖਰੋਟ ਦੇ ਫੁੱਲਾਂ ਵਾਂਗ ਸਫੇਦ ਹੋ ਜਾਣਗੇ। ਚੱਲਣ ਵੇਲੇ ਘਾਹ ਦੇ ਟਿੱਡੇ ਵਾਂਗ ਆਪਣੇ-ਆਪ ਨੂੰ ਘਸੀਟੋਁਗੇ ਅਤੇ ਤੁਹਾਡੀਆਂ ਇੱਛਾਵਾਂ ਹੋਰ ਵੱਧੇਰੇ ਨਹੀਂ ਉਕਸਾਉਂਦੀਆਂ। ਤਾਂ ਆਦਮੀ ਆਪਣੇ ਸਦੀਵੀ ਘਰ ਵੱਲ ਜਾ ਰਿਹਾ। ਜਦੋਂ ਕਿ ਤੁਹਾਡੀ ਲਾਸ਼ ਨੂੰ ਚੁੱਕਣ ਵਾਲੇ ਲੋਕ ਗਲੀਆਂ ਵਿੱਚ ਇਕੱਠੇ ਹੋ ਜਾਣਗੇ ਜਦੋਂ ਉਹ ਤੁਹਾਡੀ ਲਾਸ਼ ਨੂੰ ਤੁਹਾਡੀ ਕਬਰ ਵੱਲ ਲੈ ਜਾਣਗੇ।
ਮੌਤ
6 ਜਦੋਂ ਅਜੇ ਤੁਸੀਂ ਜਵਾਨ ਹੋਂ ਆਪਣੇ ਸਿਰਜਣਹਾਰੇ ਨੂੰ ਚੇਤੇ ਕਰੋ,
ਇਸ ਤੋਂ ਪਹਿਲਾਂ ਕਿ ਚਾਂਦੀ ਦੀ ਜਂਜੀਰੀ ਪਾਟ ਜਾਵੇ
ਅਤੇ ਸੋਨੇ ਦਾ ਭਾਂਡਾ ਟੁੱਟ ਜਾਵੇ, ਝਰਨੇ ਤੇ ਘੜੇ ਵਾਂਗ,
ਅਤੇ ਪਹੀਆ ਦਾ, ਹੇਠਾਂ ਖੂਹ ਵੱਲ ਭੱਜਣ ਵਾਂਗ।
7 ਅਤੇ ਉਹ ਧਰਤੀ ਧੂੜ ਵਿੱਚ ਵਾਪਸ ਚੱਲਿਆ ਜਾਵੇ,
ਜਿਸ ਵਿੱਚੋਂ ਉਹ ਆਇਆ,
ਅਤੇ ਉਸ ਦੇ ਸਾਹ ਪਰਮੇਸ਼ੁਰ ਕੋਲ ਪਰਤ ਜਾਣ, ਜਿਸਨੇ ਇਸ ਨੂੰ ਦਿੱਤਾ।
8 ਪੂਰੀ ਤਰ੍ਹਾਂ ਅਰਬਹੀਣ, ਉਸਤਾਦ ਨੇ ਆਖਿਆ, “ਸਭ ਕੁਝ ਅਰਬਹੀਣ ਹੈ।”
ਸਿਟ੍ਟਾ
9 ਉਪਦੇਸ਼ਕ ਬਹੁਤ ਸਿਆਣਾ ਸੀ। ਉਸ ਨੇ ਲੋਕਾਂ ਨੂੰ ਗਿਆਨ, ਸਿੱਖਾਇਆ, ਅਤੇ ਧਿਆਨ ਨਾਲ ਨਿਰੱਖ ਕਰਨ ਤੋਂ ਬਾਅਦ ਬਹੁਤ ਸਾਰੀਆਂ ਕਹਾਉਤਾਂ ਇੱਕਤ੍ਰ ਕੀਤੀਆਂ। 10 ਉਸਤਾਦ ਨੇ ਸਹੀ ਸ਼ਬਦਾਂ ਦੀ ਚੋਣ ਕਰਨ ਲਈ ਸਖਤ ਮਿਹਨਤ ਕੀਤੀ। ਅਤੇ ਉਸ ਨੇ ਉਹ ਸਿੱਖਿਆਵਾਂ ਲਿਖੀਆਂ ਜਿਹੜੀਆਂ ਸੱਚੀਆਂ ਹਨ ਤੇ ਭਰੋਸੇ ਯੋਗ ਹਨ।
11 ਸਿਆਣੇ ਆਦਮੀਆਂ ਦੇ ਸ਼ਬਦ ਉਤਸਾਹ ਵਾਂਗ ਹੁੰਦੇ ਹਨ। ਉਨ੍ਹਾਂ ਦੀਆਂ ਸਿੱਖਿਆਵਾਂ ਮਜ਼ਬੂਤ ਮੇਖਾਂ ਵਾਂਗ ਹੁੰਦੀਆਂ ਹਨ ਜੋ ਕਦੇ ਨਹੀਂ ਟੁੱਟਦੀਆਂ ਅਤੇ ਆਜੜੀ ਦੁਆਰਾ ਇੱਕ ਜਗ੍ਹਾ ਤੇ ਪਾਈਆਂ ਜਾਂਦੀਆਂ ਹਨ। 12 ਇਸ ਲਈ ਮੇਰੇ ਪੁੱਤਰ, ਉਨ੍ਹਾਂ ਸਿੱਖਿਆਵਾਂ ਦਾ ਅਧਿਐਨ ਕਰੋ, ਪਰ ਹੋਰਨਾਂ ਕਿਤਾਬਾਂ ਤੋਂ ਸਾਵੱਧਾਨ ਰਹੋ। ਲੋਕ ਕਦੇ ਵੀ ਕਿਤਾਬਾਂ ਲਿਖਣੀਆਂ ਬੰਦ ਨਹੀਂ ਕਰਦੇ, ਅਤੇ ਬਹੁਤ ਜ਼ਿਆਦਾ ਪੜ੍ਹਾਈ ਤੁਹਾਨੂੰ ਬਕਾੱ ਦੇਵੇਗੀ।
13-14 ਹੁਣ, ਸਾਨੂੰ ਉਨ੍ਹਾਂ ਸਾਰੀਆਂ ਗੱਲਾਂ ਤੋਂ ਕੀ ਸਿੱਖਣਾ ਚਾਹੀਦਾ ਹੈ ਜਿਹੜੀਆਂ ਇਸ ਕਿਤਾਬ ਵਿੱਚ ਲਿਖੀਆਂ ਹਨ? ਸਭ ਤੋਂ ਮਹੱਤਵਪੂਰਣ ਗੱਲ ਜਿਹੜੀ ਕੋਈ ਬੰਦਾ ਕਰ ਸੱਕਦਾ ਹੈ ਉਹ ਹੈ ਪਰਮੇਸ਼ੁਰ ਦਾ ਆਦਰ ਕਰਨਾ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਣਾ। ਕਿਉਂ? ਕਿਉਂ ਕਿ ਪਰਮੇਸ਼ੁਰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਜਾਣਦਾ ਹੈ ਜਿਹੜੀਆਂ ਲੋਕੀ ਕਰਦੇ ਹਨ। ਗੁਪਤ ਗੱਲਾਂ ਬਾਰੇ ਵੀ। ਉਹ ਸਾਰੀਆਂ ਨੇਕੀ ਵਾਲੀਆਂ ਗੱਲਾਂ ਬਾਰੇ ਅਤੇ ਸਾਰੀਆਂ ਬਦੀ ਵਾਲੀਆਂ ਗੱਲਾਂ ਨੂੰ ਜਾਣਦਾ ਹੈ ਉਹ ਲੋਕਾਂ ਦੇ ਹਰ ਅਮਲ ਦਾ ਨਿਆਂ ਕਰੇਗਾ।
1 ਯਿਸੂ ਮਸੀਹ ਦੇ ਕੈਦੀ ਪੌਲੁਸ ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ ਸ਼ੁਭਕਾਮਨਾਵਾਂ।
ਸਾਡੇ ਪਿਆਰੇ ਮਿੱਤਰ ਅਤੇ ਸਹਿਕਰਮੀ ਫ਼ਿਲੇਮੋਨ ਨੂੰ। 2 ਸਾਡੀ ਭੈਣ ਅੱਫ਼ਿਆ ਨੂੰ ਵੀ ਅਤੇ ਸਾਡੇ ਸਹਿਕਰਮੀ ਆਰੱਖਿਪੁੱਸ ਨੂੰ ਅਤੇ ਤੁਹਾਡੇ ਘਰ ਵਿੱਚ ਜੁੜਨ ਵਾਲੀ ਕਲੀਸਿਯਾ ਨੂੰ ਵੀ।
3 ਸਾਡੇ ਪਰਮੇਸ਼ੁਰ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੀ ਤੁਹਾਡੇ ਉੱਪਰ ਕਿਰਪਾ ਤੇ ਸ਼ਾਂਤੀ ਹੋਵੇ।
ਫ਼ਿਲੇਮੋਨ ਦਾ ਪ੍ਰੇਮ ਅਤੇ ਵਿਸ਼ਵਾਸ
4 ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾ ਸਮੇਂ ਚੇਤੇ ਕਰਦਾ ਹਾਂ। ਅਤੇ ਮੈਂ ਤੁਹਾਡੇ ਲਈ ਪਰਮੇਸ਼ੁਰ ਦਾ ਸਦਾ ਧੰਨਵਾਦ ਕਰਦਾ ਹਾਂ। 5 ਮੈਂ ਤੁਹਾਡੇ ਪਰਮੇਸ਼ੁਰ ਦੇ ਸਮੂਹ ਪਵਿੱਤਰ ਲੋਕਾਂ ਲਈ ਪ੍ਰੇਮ ਬਾਰੇ, ਅਤੇ ਤੁਹਾਡੀ ਪ੍ਰਭੂ ਯਿਸੂ ਵਿੱਚ ਨਿਹਚਾ ਬਾਰੇ ਸੁਣ ਰਿਹਾ ਹਾਂ, ਅਤੇ ਮੈਂ ਇਸ ਪ੍ਰੇਮ ਅਤੇ ਵਿਸ਼ਵਾਸ ਲਈ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ। 6 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਹੜਾ ਵਿਸ਼ਵਾਸ ਤੁਸੀਂ ਸਾਂਝਾ ਕਰ ਰਹੇ ਹੋ ਤੁਹਾਨੂੰ ਉਨ੍ਹਾਂ ਸਾਰੀਆਂ ਚੰਗੀਆਂ ਗੱਲਾਂ ਬਾਰੇ ਸਮਝਣ ਦੇ ਯੋਗ ਬਣਾਵੇ ਜੋ ਅਸੀਂ ਮਸੀਹ ਵਿੱਚ ਰੱਖਦੇ ਹਾਂ। 7 ਮੇਰੇ ਭਰਾ, ਤੂੰ ਆਪਣਾ ਪਿਆਰ ਦਰਸ਼ਾਕੇ ਪਰਮੇਸ਼ੁਰ ਦੇ ਲੋਕਾਂ ਦੇ ਦਿਲਾਂ ਨੂੰ ਆਨੰਦਿਤ ਕਰ ਦਿੱਤਾ ਹੈ। ਇਸਨੇ ਮੈਨੂੰ ਬੜਾ ਆਨੰਦ ਅਤੇ ਦਿਲਾਸਾ ਦਿੱਤਾ ਹੈ।
ਓਨਿਸਿਮੁਸ ਨੂੰ ਭਰਾ ਸਮਝੋ
8 ਇੱਕ ਗੱਲ ਅਜਿਹੀ ਹੈ ਜਿਹੜੀ ਤੁਹਾਨੂੰ ਕਰਨੀ ਚਾਹੀਦੀ ਹੈ, ਅਤੇ ਮਸੀਹ ਵਿੱਚ ਮੈਂ ਨਿਡਰ ਹੋ ਸੱਕਦਾ ਅਤੇ ਤੁਹਾਨੂੰ ਉਹ ਕਰਨ ਦਾ ਆਦੇਸ਼ ਦੇ ਸੱਕਦਾ ਹਾਂ। 9 ਪਰ ਮੈਂ ਤੁਹਾਨੂੰ ਆਦੇਸ਼ ਨਹੀਂ ਦੇ ਰਿਹਾ, ਮੈਂ ਤੁਹਾਨੂੰ ਇਹ ਕਰਨ ਦੀ ਬੇਨਤੀ ਪਿਆਰ ਦੇ ਕਾਰਣ ਕਰ ਰਿਹਾ ਹਾਂ। ਮੈਂ ਪੌਲੁਸ ਹਾਂ ਮੈਂ ਹੁਣ ਬੁੱਢਾ ਹੋ ਗਿਆ ਹਾਂ। ਅਤੇ ਮੈਂ ਮਸੀਹ ਯਿਸੂ ਦਾ ਕੈਦੀ ਹਾਂ। 10 ਮੈਂ ਤੁਹਾਨੂੰ ਇਹ ਆਪਣੇ ਪੁੱਤਰ ਓਨੇਸਿਮੁਸ ਲਈ ਪੁੱਛ ਰਿਹਾ ਹਾਂ। ਜਦੋਂ ਮੈਂ ਕੈਦ ਵਿੱਚ ਸਾਂ ਤਾਂ ਉਹ ਮੇਰਾ ਪੁੱਤਰ ਬਣ ਗਿਆ ਸੀ। 11 ਅਤੀਤ ਵਿੱਚ, ਉਹ ਤੁਹਾਡੇ ਲਈ ਬੇਕਾਰ ਸੀ। ਪਰ ਹੁਣ ਉਹ ਦੋਹਾਂ ਮੇਰੇ ਅਤੇ ਤੁਹਾਡੇ ਲਈ ਉਪਯੋਗੀ ਬਣ ਗਿਆ ਹੈ।
12 ਮੈਂ ਉਸ ਨੂੰ ਤੁਹਾਡੇ ਕੋਲ ਭੇਜ ਰਿਹਾ ਹਾਂ। ਉਸ ਦੇ ਨਾਲ ਮੈਂ ਅਪਣਾ ਦਿਲ ਭੇਜ ਰਿਹਾ ਹਾਂ। 13 ਮੈਂ ਉਸ ਨੂੰ ਓਨਾ ਚਿਰ ਸਹਾਇਤਾ ਲਈ ਆਪਣੇ ਨਾਲ ਰੱਖਣਾ ਚਾਹੁੰਦਾ ਜਿੰਨਾ ਚਿਰ ਤੱਕ ਮੈਂ ਖੁਸ਼ਖਬਰੀ ਲਈ ਕੈਦ ਵਿੱਚ ਹਾਂ। ਉਹ ਤੁਹਾਡੀ ਜਗ਼੍ਹਾ ਮੇਰੀ ਸੇਵਾ ਕਰ ਰਿਹਾ ਹੋਵੇਗਾ। 14 ਪਰ ਤੁਹਾਨੂੰ ਪਹਿਲਾਂ ਪੁੱਛੇ ਬਗੈਰ ਮੈਂ ਕੋਈ ਵੀ ਗੱਲ ਨਹੀਂ ਸੀ ਕਰਨਾ ਚਾਹੁੰਦਾ। ਤਾਂ ਫ਼ੇਰ ਜਿਹੜੀ ਵੀ ਭਲਾਈ ਤੁਸੀਂ ਮੇਰੇ ਲਈ ਕਰੋਂਗੇ ਉਹ ਇਸ ਲਈ ਹੋਵੇਗੀ ਕਿ ਤੁਸੀਂ ਅਜਿਹਾ ਚਾਹੁੰਦੇ ਸੀ ਨਾ ਕਿ ਇਸ ਲਈ ਕਿ ਮੈਂ ਤੁਹਾਨੂੰ ਕਰਨ ਲਈ ਮਜ਼ਬੂਰ ਕੀਤਾ।
15 ਥੋੜੇ ਪਲਾਂ ਲਈ ਓਨੇਸਿਮੁਸ ਤੁਹਾਡੇ ਕੋਲੋਂ ਵੱਖ ਹੋ ਗਿਆ ਸੀ। ਹੋ ਸੱਕਦਾ ਹੈ ਕਿ ਅਜਿਹਾ ਇਸ ਲਈ ਵਾਪਰਿਆ ਤਾਂ ਜੋ ਉਹ ਚੰਗੇ ਲਈ ਤੁਹਾਡੇ ਕੋਲ ਵਾਪਸ ਆ ਸੱਕੇ, 16 ਅੱਗੇ ਤੋਂ ਇੱਕ ਦਾਸ ਹੋਕੇ ਨਹੀਂ, ਪਰ ਇੱਕ ਪਿਆਰੇ ਭਰਾ ਵਾਂਗ ਜੋ ਕਿ ਇੱਕ ਦਾਸ ਨਾਲੋਂ ਕਿਧਰੇ ਵੱਧ ਹੈ। ਮੈਂ ਉਸ ਨੂੰ ਬਹੁਤ ਪਿਆਰ ਕਰਦਾ ਹਾਂ ਪਰ ਤੁਸੀਂ ਉਸ ਨੂੰ ਉਸਤੋਂ ਵੀ ਵੱਧੇਰੇ ਪਿਆਰ ਕਰੋਂਗੇ। ਤੁਸੀਂ ਉਸ ਨੂੰ ਦੋਨੇਂ ਤਰ੍ਹਾਂ ਇੱਕ ਵਿਅਕਤੀ ਵਾਂਗ ਅਤੇ ਪ੍ਰਭੂ ਵਿੱਚ ਭਰਾ ਹੋਣ ਕਰਕੇ ਪਿਆਰ ਕਰੋਂਗੇ।
17 ਜੇ ਤੁਸੀਂ ਮੈਨੂੰ ਆਪਣਾ ਮਿੱਤਰ ਸਮਝਦੇ ਹੋ ਤਾਂ ਓਨੇਸਿਮੁਸ ਨੂੰ ਦੁਬਾਰਾ ਅਪਨਾ ਲਵੋ। ਉਸਦਾ ਸਵਾਗਤ ਓਸੇ ਤਰ੍ਹਾਂ ਕਰੋ ਜਿਸ ਤਰ੍ਹਾਂ ਤੁਸਾਂ ਮੇਰਾ ਸਵਾਗਤ ਕਰਨਾ ਸੀ। 18 ਜੋ ਓਨੇਸਿਮੁਸ ਨੇ ਤੁਹਾਡੇ ਨਾਲ ਬੁਰਾ ਕੀਤਾ ਹੈ ਜਾਂ ਉਸ ਨੇ ਤੁਹਾਡਾ ਕੁਝ ਦੇਣਾ ਹੈ। ਤਾਂ ਇਸ ਬਾਰੇ ਮੈਨੂੰ ਜਿੰਮੇਵਾਰ ਸਮਝੋ। 19 ਮੈਂ ਪੌਲੁਸ ਹਾਂ, ਅਤੇ ਮੈਂ ਇਹ ਆਪਣੇ ਹੱਥੀ ਲਿਖ ਰਿਹਾ ਹਾਂ। ਜੇ ਓਨੇਸਿਮੁਸ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਮੈਂ, ਅਦਾ ਕਰਾਂਗਾ ਅਤੇ ਮਾਂ ਉਸ ਬਾਰੇ ਕੁਝ ਨਹੀਂ ਆਖਾਂਗਾ ਜੋ ਕੁਝ ਤੁਸੀਂ ਆਪਣੀ ਜ਼ਿੰਦਗੀ ਲਈ ਮੇਰੇ ਦੇਣਦਾਰ ਹੋ। 20 ਇਸ ਲਈ, ਮੇਰੇ ਭਰਾਵੋ, ਮੈਂ ਤੁਹਾਨੂੰ ਪ੍ਰਭੂ ਵਿੱਚ ਆਪਣੇ ਲਈ ਕੁਝ ਕਰਨ ਲਈ ਕਹਿੰਦਾ ਹਾਂ। 21 ਇਹ ਚਿਠੀ ਮੈਂ ਇਹ ਜਾਣਦਾ ਹੋਇਆ ਲਿਖ ਰਿਹਾ ਹਾਂ ਕਿ ਤੁਸੀਂ ਉਹ ਕਰੋਂਗੇ ਜੋ ਮੈਂ ਮੰਗਾਂਗਾ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੀ ਮੰਗ ਨਾਲੋਂ ਵੀ ਵੱਧ ਕਰੋਂਗੇ।
22 ਇਸ ਤੋਂ ਇਲਾਵਾ ਮੇਰੇ ਠਹਿਰਨ ਲਈ ਇੱਕ ਕਮਰਾ ਵੀ ਤਿਆਰ ਰੱਖਣਾ। ਮੈਨੂੰ ਉਮੀਦ ਹੈ ਕਿ ਪਰਮੇਸ਼ੁਰ ਤੁਹਾਡੀਆਂ ਪ੍ਰਾਰਥਨਾ ਮੰਨ ਲਵੇਗਾ ਅਤੇ ਮੈਂ ਤੁਹਾਡੇ ਕੋਲ ਆ ਸੱਕਾਂਗਾ।
ਆਖਰੀ ਸ਼ੁਭਕਾਮਨਾਵਾਂ
23 ਇਪਫ਼ਰਾਸ ਵੀ ਮੇਰੇ ਨਾਲ ਮਸੀਹ ਯਿਸੂ ਵਿੱਚ ਕੈਦੀ ਹੈ। ਉਹ ਤੁਹਾਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹੈ। 24 ਮਰਕੁਸ, ਅਰਿਸਤਰੱਖੁਸ, ਦੇਮਾਸ ਅਤੇ ਲੂਕਾ ਵੀ ਤੁਹਾਨੂੰ ਸ਼ੁਭਕਾਮਨਾਵਾਂ ਭੇਜਦੇ ਹਨ। ਉਹ ਮੇਰੇ ਨਾਲ ਕੰਮ ਕਰਦੇ ਹਨ।
25 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਆਤਮਾ ਦੇ ਅੰਗ ਸੰਗ ਹੋਵੇ।
2010 by World Bible Translation Center