Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਲੇਵੀਆਂ ਦੀ ਪੋਥੀ 11-12

ਮਾਸ ਖਾਣ ਬਾਰੇ ਨੇਮ

11 ਯਹੋਵਾਹ ਨੇ ਮੂਸਾ ਤੇ ਹਾਰੂਨ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖੋ; ਇਹ ਉਹ ਜਾਨਵਰ ਹਨ ਜਿਨ੍ਹਾਂ ਨੂੰ ਤੁਸੀਂ ਖਾ ਸੱਕਦੇ ਹੋ; ਜੇ ਕਿਸੇ ਜਾਨਵਰ ਦੇ ਖੁਰ ਦੋ ਹਿਸਿਆਂ ਵਿੱਚ ਪਾਟੇ ਹੋਏ ਹਨ ਅਤੇ ਜੇ ਉਹ ਜਾਨਵਰ ਜੁਗਾਲੀ ਵੀ ਕਰਦਾ ਹੈ ਤਾਂ ਤੁਸੀਂ ਉਸ ਜਾਨਵਰ ਦਾ ਮਾਸ ਖਾ ਸੱਕਦੇ ਹੋ।

4-6 “ਕੁਝ ਜਾਨਵਰ ਜੁਗਾਲੀ ਕਰਦੇ ਹਨ, ਪਰ ਉਨ੍ਹਾਂ ਦੇ ਖੁਰ ਪਾਟੇ ਹੋਏ ਨਹੀਂ ਹੁੰਦੇ। ਉਨ੍ਹਾਂ ਨੂੰ ਨਾ ਖਾਉ। ਊਠ, ਪਹਾੜੀ ਬਿੱਜੂ ਅਤੇ ਖਰਗੋਸ਼ ਇਸੇ ਤਰ੍ਹਾਂ ਦੇ ਹਨ, ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ। ਸੂਰਾਂ ਦੇ ਖੁਰ ਤਾਂ ਹੁੰਦੇ ਹਨ ਜੋ ਦੋ ਹਿਸਿਆਂ ਵਿੱਚ ਵੰਡੇ ਹੋਏ ਹੁੰਦੇ ਹਨ, ਪਰ ਉਹ ਜੁਗਾਲੀ ਨਹੀਂ ਕਰਦੇ ਇਸ ਲਈ ਉਹ ਤੁਹਾਡੇ ਲਈ ਨਾਪਾਕ ਹਨ। ਉਨ੍ਹਾਂ ਜਾਨਵਰਾਂ ਦਾ ਮਾਸ ਨਾ ਖਾਉ। ਉਨ੍ਹਾਂ ਦੇ ਮੁਰਦਾ ਸਰੀਰਾਂ ਨੂੰ ਛੂਹੋ ਵੀ ਨਾ। ਉਹ ਤੁਹਾਡੇ ਲਈ ਨਾਪਾਕ ਹਨ।

ਸਮੁੰਦਰੀ ਭੋਜਨ ਬਾਰੇ ਬਿਧੀਆਂ

“ਜੇ ਕੋਈ ਜਾਨਵਰ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ ਅਤੇ ਜੇ ਉਹ ਜਾਨਵਰ ਦੇ ਖੰਭ ਅਤੇ ਛਿਲਕੇ ਹੋਣ, ਤਾਂ ਤੁਸੀਂ ਉਸ ਜਾਨਵਰ ਨੂੰ ਖਾ ਸੱਕਦੇ ਹੋ। 10-11 ਪਰ ਜੇ ਕੋਈ ਵੀ ਜਾਨਵਰ ਜਾਂ ਕੋਈ ਹੋਰ ਜਿਉਂਦਾ ਪ੍ਰਾਣੀ ਜੋ ਸਮੁੰਦਰ ਵਿੱਚ ਜਾਂ ਨਦੀ ਵਿੱਚ ਰਹਿੰਦਾ ਹੈ [a] ਜਿਨ੍ਹਾਂ ਦੇ ਖੰਭ ਅਤੇ ਚਾਨੇ ਨਾ ਹੋਣ, ਤੁਹਾਨੂੰ ਉਨ੍ਹਾਂ ਜਾਨਵਰਾਂ ਨੂੰ ਨਹੀਂ ਖਾਣਾ ਚਾਹੀਦਾ। ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਵੀ ਨਾ ਛੂਹੋ। ਤੁਹਾਨੂੰ ਉਨ੍ਹਾਂ ਚੀਜ਼ਾਂ ਨੂੰ ਨਫ਼ਰਤ ਕਰਨੀ ਚਾਹੀਦੀ ਹੈ। 12 ਤੁਹਾਨੂੰ ਚਾਹੀਦਾ ਹੈ ਕਿ ਪਾਣੀ ਦੇ ਕਿਸੇ ਵੀ ਉਸ ਜਾਨਵਰ ਨੂੰ ਜਿਸਦੇ ਖੰਭ ਤੇ ਛਿਲਕੇ ਨਾ ਹੋਣ, ਅਜਿਹਾ ਜਾਨਵਰ ਸਮਝੋਂ ਜਿਨ੍ਹਾਂ ਨੂੰ ਖਾਣਾ, ਪਰਮੇਸ਼ੁਰ ਬੁਰਾ ਆਖਦਾ ਹੈ।

ਉਹ ਪੰਛੀ ਜਿਨ੍ਹਾਂ ਨੂੰ ਨਹੀਂ ਖਾਣਾ ਚਾਹੀਦਾ

13 “ਤੁਹਾਨੂੰ ਚਾਹੀਦਾ ਹੈ ਕਿ ਇਨ੍ਹਾਂ ਪੰਛੀਆਂ ਨੂੰ ਪਰਮੇਸ਼ੁਰ ਦੇ ਆਖੇ ਅਨੁਸਾਰ ਖਾਣ ਲਈ ਬੁਰਾ ਜਾਨਵਰ ਸਮਝੋ। ਇਨ੍ਹਾਂ ਵਿੱਚੋਂ ਕਿਸੇ ਵੀ ਪੰਛੀ ਨੂੰ ਨਾ ਖਾਉ। ਉਕਾਬ, ਗਿਰਝਾਂ, ਮੱਛੀਮਾਰ, 14 ਇੱਲਾਂ ਅਤੇ ਹਰ ਕਿਸਮ ਦੇ ਬਾਜ, 15 ਹਰ ਤਰ੍ਹਾਂ ਦੇ ਕਾਂ, 16 ਸ਼ਤਰ ਮੁਰਗ, ਕਲਪੇਚਕ, ਜਲਕਾਉਂ ਅਤੇ ਹਰ ਤਰ੍ਹਾਂ ਦੇ ਸ਼ਿਕਰੇ, 17 ਉੱਲੂ, ਚੁਗਲ, ਬੋਜਾ, 18 ਰਾਜ ਹੰਸ, ਹਵਾਸਿਲ, ਆਰਗਲ, 19 ਲਮ ਢੀਂਗ ਅਤੇ ਹਰ ਤਰ੍ਹਾਂ ਦੇ ਬਗਲੇ, ਟਟੀਹਰੀ ਅਤੇ ਚਾਮਚੜ੍ਹਿੱਕ।

ਕੀੜਿਆਂ ਨੂੰ ਖਾਣ ਬਾਰੇ ਬਿਧੀਆਂ

20 “ਤੁਹਾਨੂੰ ਕਿਸੇ ਵੀ ਉਸ ਮਕੌੜੇ ਨੂੰ ਨਫ਼ਰਤ ਕਰਨੀ ਚਾਹੀਦੀ ਹੈ ਜੋ ਉੱਡਦਾ ਜਾਂ ਲੱਤਾਂ ਉੱਤੇ ਰੀਂਗਦਾ ਹੈ। 21 ਪਰ ਤੁਸੀਂ ਉਨ੍ਹਾਂ ਜਾਨਵਰਾਂ ਨੂੰ ਖਾ ਸੱਕਦੇ ਹੋ ਜੇ ਉਨ੍ਹਾਂ ਦੇ ਪੈਰਾਂ ਦੇ ਉੱਪਰ ਵੱਲ ਜੋੜਾਂ ਵਾਲੀਆਂ ਲੱਤਾਂ ਹਨ ਤਾਂ ਜੋ ਉਹ ਉੱਛਲ ਸੱਕਦੇ ਹਨ। 22 ਤੁਸੀਂ ਹਰ ਤਰ੍ਹਾਂ ਦੀਆਂ ਟਿੱਡੀਆਂ, ਪਰਾਂ ਵਾਲੀਆਂ ਟਿੱਡੀਆਂ, ਝੀਂਗਰ ਅਤੇ ਟਿੱਡੇ ਖਾ ਸੱਕਦੇ ਹੋ।

23 “ਪਰ ਹੋਰ ਸਾਰੇ ਮਕੌੜੇ ਜੋ ਉਡਦੇ ਹਨ ਜਾਂ ਚਾਰ ਲੱਤਾਂ ਵਾਲੇ ਹਨ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। 24 ਉਹ ਮਕੌੜੇ ਤੁਹਾਨੂੰ ਨਾਪਾਕ ਬਣਾ ਦੇਣਗੇ। ਜਿਹੜਾ ਵੀ ਬੰਦਾ ਇਨ੍ਹਾਂ ਮਕੌੜਿਆਂ ਦੇ ਮੁਰਦਾ ਸਰੀਰਾਂ ਨੂੰ ਹੱਥ ਲਾਉਂਦਾ ਹੈ ਉਹ ਸ਼ਾਮ ਤੱਕ ਨਾਪਾਕ ਰਹੇਗਾ। 25 ਜੇ ਕੋਈ ਬੰਦਾ ਇਨ੍ਹਾਂ ਮਰੇ ਹੋਏ ਮਕੌੜਿਆਂ ਵਿੱਚੋਂ ਕਿਸੇ ਨੂੰ ਚੁੱਕਦਾ ਹੈ, ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ ਅਤੇ ਉਹ ਸ਼ਾਮ ਤੱਕ ਨਾਪਾਕ ਰਹੇਗਾ।

ਜਾਨਵਰਾਂ ਬਾਰੇ ਹੋਰ ਬਿਧੀਆਂ

26 “ਕੁਝ ਜਾਨਵਰਾਂ ਦੇ ਖੁਰ ਤਾਂ ਪਾਟੇ ਹੁੰਦੇ ਹਨ ਪਰ ਪੂਰੀ ਤਰ੍ਹਾਂ ਦੋ ਹਿਸਿਆਂ ਵਿੱਚ ਨਹੀਂ ਪਾਟੇ ਹੁੰਦੇ। ਕੁਝ ਜਾਨਵਰ ਜੁਗਾਲੀ ਨਹੀਂ ਕਰਦੇ। 27 ਕੋਈ ਵੀ ਚੌਹਾਂ ਲੱਤਾਂ ਵਾਲਾ ਜਾਨਵਰ ਜੋ ਆਪਣੇ ਪੰਜਿਆਂ ਉੱਤੇ ਚੱਲਦਾ ਹੈ ਤੁਹਾਡੇ ਲਈ ਨਾਪਾਕ ਹੋਣਾ ਚਾਹੀਦਾ ਹੈ। ਕੋਈ ਵੀ ਬੰਦਾ ਜਿਹੜਾ ਇਨ੍ਹਾਂ ਜਾਨਵਰਾਂ ਦੇ ਮੁਰਦਾ ਸਰੀਰਾਂ ਨੂੰ ਛੂਹੇਗਾ ਨਾਪਾਕ ਹੋ ਜਾਵੇਗਾ। ਉਹ ਬੰਦਾ ਸ਼ਾਮ ਤੀਕ ਨਾਪਾਕ ਰਹੇਗਾ। 28 ਜੇ ਕੋਈ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਚੁੱਕਦਾ ਹੈ, ਤਾਂ ਉਸ ਬੰਦੇ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਬੰਦਾ ਸ਼ਾਮ ਤੱਕ ਨਾਪਾਕ ਰਹੇਗਾ। ਉਹ ਜਾਨਵਰ ਤੁਹਾਡੇ ਲਈ ਨਾਪਾਕ ਹਨ।

ਘਿਸਰਨ ਵਾਲੇ ਜਾਨਵਰਾਂ ਬਾਰੇ ਬਿਧੀਆਂ

29 “ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ; ਚਕੂੰਦਰ, ਚੂਹੇ ਅਤੇ ਹਰ ਤਰ੍ਹਾਂ ਦੀਆਂ ਕਿਰਲੀਆਂ, 30 ਵਰਲ, ਮਗਰਮੱਛ, ਕੋਹੜਕਿਰਲੇ ਅਤੇ ਰੇਤੇ ਦੇ ਸੱਪ ਅਤੇ ਗਿਰਗਿਟ। 31 ਇਹ ਘਿਸਰਨ ਵਾਲੇ ਜਾਨਵਰ ਤੁਹਾਡੇ ਲਈ ਨਾਪਾਕ ਹਨ। ਜਿਹੜਾ ਵੀ ਬੰਦਾ ਇਨ੍ਹਾਂ ਦੀਆਂ ਲਾਸ਼ਾਂ ਨੂੰ ਛੂਹ ਲਵੇਗਾ ਉਹ ਸ਼ਾਮ ਤੱਕ ਨਾਪਾਕ ਰਹੇਗਾ।

ਨਾਪਾਕ ਜਾਨਵਰਾਂ ਬਾਰੇ ਬਿਧੀਆਂ

32 “ਜੇ ਇਨ੍ਹਾਂ ਵਿੱਚੋਂ ਕੋਈ ਵੀ ਨਾਪਾਕ ਜਾਨਵਰ ਮਰਕੇ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਵੀ ਨਾਪਾਕ ਹੋ ਜਾਵੇਗੀ। ਇਹ ਕੋਈ ਲੱਕੜੀ, ਕੱਪੜਾ, ਚਮੜਾ, ਬੋਰੇ ਜਾਂ ਕੋਈ ਔਜ਼ਾਰ ਹੋ ਸੱਕਦਾ ਹੈ। ਭਾਵੇਂ ਇਹ ਜੋ ਵੀ ਹੈ, ਇਸ ਨੂੰ ਪਾਣੀ ਨਾਲ ਧੋਤਾ ਜਾਣਾ ਚਾਹੀਦਾ। ਇਹ ਸ਼ਾਮ ਤੱਕ ਨਾਪਾਕ ਬਣੀ ਰਹੇਗੀ ਅਤੇ ਮਗਰੋਂ ਇਹ ਫ਼ੇਰ ਤੋਂ ਪਾਕ ਹੋ ਜਾਵੇਗੀ। 33 ਜੇ ਇਨ੍ਹਾਂ ਜਾਨਵਰਾਂ ਵਿੱਚੋਂ ਕੋਈ ਵੀ ਮਰਕੇ ਕਿਸੇ ਮਿੱਟੀ ਦੇ ਘੜੇ ਵਿੱਚ ਡਿੱਗ ਪੈਂਦਾ ਹੈ ਤਾਂ ਉਸ ਘੜੇ ਵਿੱਚ ਦਾ ਸਭ ਕੁਝ ਨਾਪਾਕ ਹੋ ਜਾਵੇਗਾ। ਅਤੇ ਤੁਹਾਨੂੰ ਉਹ ਘੜਾ ਤੋੜ ਦੇਣਾ ਚਾਹੀਦਾ ਹੈ। 34 ਜੇ ਉਸ ਨਾਪਾਕ ਘੜੇ ਦਾ ਪਾਣੀ ਕਿਸੇ ਭੋਜਨ ਤੇ ਡਿੱਗਦਾ ਹੈ, ਉਹ ਭੋਜਨ ਨਾਪਾਕ ਹੋ ਜਾਵੇਗਾ ਅਤੇ ਕੋਈ ਵੀ ਪੇਯ ਜੇ ਅਜਿਹੇ ਬਰਤਨ ਵਿੱਚ ਸੀ, ਨਾਪਾਕ ਹੋ ਜਾਵੇਗਾ। 35 ਜੇ ਕਿਸੇ ਵੀ ਮਰੇ ਹੋਏ ਨਾਪਾਕ ਜਾਨਵਰ ਦਾ ਕੋਈ ਅੰਗ ਕਿਸੇ ਚੀਜ਼ ਉੱਤੇ ਡਿੱਗ ਪਵੇ, ਤਾਂ ਉਹ ਚੀਜ਼ ਨਾਪਾਕ ਹੈ। ਇਹ ਮਿੱਟੀ ਦਾ ਤੰਦੂਰ ਜਾਂ ਭੋਜਨ ਪਕਾਉਣ ਵਾਲੀ ਭਠੀ ਵੀ ਹੋ ਸੱਕਦੀ ਹੈ ਅਤੇ ਇਸ ਨੂੰ ਭੰਨ ਦੇਣਾ ਚਾਹੀਦਾ ਹੈ। ਇਹ ਚੀਜ਼ਾਂ ਫ਼ੇਰ ਕਦੇ ਵੀ ਪਾਕ ਨਹੀਂ ਹੋਣਗੀਆਂ। ਉਹ ਹਮੇਸ਼ਾ ਤੁਹਾਡੇ ਲਈ ਨਾਪਾਕ ਹੋਣਗੀਆਂ।

36 “ਕੋਈ ਵੀ ਚਸ਼ਮਾ ਜਾਂ ਖੂਹ ਜਿਸ ਵਿੱਚ ਪਾਣੀ ਜਮ੍ਹਾਂ ਹੁੰਦਾ ਹੈ ਪਾਕ ਰਹੇਗਾ। ਪਰ ਜੇ ਕੋਈ ਬੰਦਾ ਕਿਸੇ ਨਾਪਾਕ ਜਾਨਵਰ ਦੀ ਲਾਸ਼ ਨੂੰ ਛੂਹ ਲੈਂਦਾ ਹੈ, ਉਹ ਵਿਅਕਤੀ ਨਾਪਾਕ ਹੋ ਜਾਂਦਾ। 37 ਜੇ ਉਨ੍ਹਾਂ ਮਰੇ ਹੋਏ ਨਾਪਾਕ ਜਾਨਵਰਾਂ ਦਾ ਕੋਈ ਅੰਗ ਕਿਸੇ ਬੀਜਣ ਵਾਲੇ ਬੀਜ ਉੱਤੇ ਡਿੱਗ ਪੈਂਦਾ ਹੈ ਤਾਂ ਉਹ ਬੀਜ ਹਾਲੇ ਵੀ ਪਾਕ ਹੈ। 38 ਪਰ ਜੇ ਤੁਸੀਂ ਬੀਜਾਂ ਉੱਤੇ ਪਾਣੀ ਪਾ ਦਿੰਦੇ ਹੋ ਅਤੇ ਜੇ ਉਨ੍ਹਾਂ ਮਰੇ ਹੋਏ ਜਾਨਵਰਾਂ ਦਾ ਕੋਈ ਅੰਗ ਇਨ੍ਹਾ ਬੀਜਾਂ ਉੱਤੇ ਡਿੱਗ ਪੈਂਦਾ ਹੈ, ਤਾਂ ਉਹ ਬੀਜ ਤੁਹਾਡੇ ਲਈ ਨਾਪਾਕ ਹਨ।

39 “ਇਸ ਤੋਂ ਇਲਾਵਾ, ਜੇ ਕੋਈ ਅਜਿਹਾ ਜਾਨਵਰ ਜਿਸ ਨੂੰ ਤੁਸੀਂ ਭੋਜਨ ਲਈ ਵਰਤਦੇ ਹੋ ਮਰ ਜਾਂਦਾ ਹੈ, ਤਾਂ ਜਿਹੜਾ ਬੰਦਾ ਉਸਦੀ ਲਾਸ਼ ਨੂੰ ਛੂਹੇਗਾ ਸ਼ਾਮ ਤੱਕ ਨਾਪਾਕ ਰਹੇਗਾ। 40 ਉਹ ਬੰਦਾ ਜਿਹੜਾ ਇਸ ਜਾਨਵਰ ਦਾ ਮਾਸ ਖਾਂਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੱਕ ਨਾਪਾਕ ਰਹੇਗਾ। ਜਿਹੜਾ ਬੰਦਾ ਜਾਨਵਰ ਦੇ ਮੁਰਦਾ ਸ਼ਰੀਰ ਨੂੰ ਚੁੱਕਦਾ ਹੈ ਉਸ ਨੂੰ ਆਪਣੇ ਕੱਪੜੇ ਧੋ ਲੈਣੇ ਚਾਹੀਦੇ ਹਨ। ਉਹ ਸ਼ਾਮ ਤੀਕ ਨਾਪਾਕ ਰਹੇਗਾ।

41 “ਹਰ ਉਹ ਜਾਨਵਰ ਜਿਹੜਾ ਧਰਤੀ ਉੱਤੇ ਘਿਸਰਦਾ ਹੈ ਉਨ੍ਹਾਂ ਜਾਨਵਰਾਂ ਵਿੱਚੋਂ ਹੈ ਜਿਨ੍ਹਾਂ ਨੂੰ ਖਾਣਾ ਯਹੋਵਾਹ ਨੇ ਮਨ੍ਹਾ ਕੀਤਾ ਹੈ। 42 ਤੁਹਾਨੂੰ ਉਹ ਜਾਨਵਰ ਨਹੀਂ ਖਾਣੇ ਚਾਹੀਦੇ ਜਿਹੜੇ ਧਰਤੀ ਤੇ ਰੀਂਗਦੇ ਹਨ; ਉਹ ਜਿਹੜੇ ਆਪਣੇ ਢਿੱਡ ਭਾਰ ਰੀਂਗਦੇ ਹਨ, ਉਹ ਜਿਨ੍ਹਾਂ ਦੀਆਂ ਚਾਰ ਲੱਤਾਂ ਹਨ ਜਾਂ ਜਿਨ੍ਹਾਂ ਦੀਆਂ ਬਹੁਤ ਸਾਰੀਆਂ ਲੱਤਾਂ ਹੋਣ। ਇਹ ਜਾਨਵਰ ਤੁਹਾਡੇ ਲਈ ਘ੍ਰਿਣਾਯੋਗ ਹੋਣੇ ਚਾਹੀਦੇ ਹਨ। 43 ਇਨ੍ਹਾਂ ਰੀਂਗਣ ਵਾਲੇ ਜੀਵਾਂ ਜਾਂ ਸੱਪਾਂ ਕਾਰਣ ਆਪਣੇ-ਆਪ ਨੂੰ ਘ੍ਰਿਣਾਯੋਗ ਨਾ ਬਣਾਉ। ਤੁਹਾਨੂੰ ਇਨ੍ਹਾਂ ਨਾਲ ਆਪਣੇ-ਆਪ ਨੂੰ ਗੰਦਾ ਨਹੀਂ ਬਨਾਉਣਾ ਚਾਹੀਦਾ, ਨਹੀਂ ਤਾਂ ਤੁਸੀਂ ਨਾਪਾਕ ਹੋ ਜਾਵੋਂਗੇ। 44 ਕਿਉਂਕਿ ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। ਮੈਂ ਪਵਿੱਤਰ ਹਾਂ, ਇਸ ਲਈ ਤੁਹਾਨੂੰ ਆਪਣੇ-ਆਪ ਨੂੰ ਪਵਿੱਤਰ ਰੱਖਣਾ ਚਾਹੀਦਾ ਹੈ। ਇਨ੍ਹਾਂ ਘਿਸਰਨ ਵਾਲਿਆਂ ਸ਼ੈਆਂ ਨਾਲ ਆਪਣੇ-ਆਪ ਨੂੰ ਪਲੀਤ ਨਾ ਬਣਾਉ। 45 ਮੈਂ ਯਹੋਵਾਹ ਹਾਂ ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਲਿਆਇਆ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋ ਸੱਕਾਂ। ਤੁਹਾਨੂੰ ਉਵੇਂ ਹੀ ਪਵਿੱਤਰ ਹੋਣਾ ਚਾਹੀਦਾ ਹੈ ਜਿਵੇਂ ਮੈਂ ਪਵਿੱਤਰ ਹਾਂ।”

46 ਇਹ ਨੇਮ ਸਾਰੇ ਪਾਲਤੂ ਜਾਨਵਰਾਂ, ਪੰਛੀਆਂ ਅਤੇ ਧਰਤੀ ਦੇ ਹੋਰ ਜਾਨਵਰਾਂ ਬਾਰੇ ਹਨ। ਇਹ ਨੇਮ ਸਮੁੰਦਰ ਦੇ ਸਾਰੇ ਜਾਨਵਰਾਂ, ਅਤੇ ਉਨ੍ਹਾਂ ਸਾਰੇ ਜਾਨਵਰਾਂ ਬਾਰੇ ਹਨ ਜਿਹੜੇ ਧਰਤੀ ਉੱਤੇ ਘਿਸਰਦੇ ਹਨ। 47 ਇਹ ਸਿੱਖਿਆਵਾਂ ਇਸ ਲਈ ਹਨ ਤਾਂ ਜੋ ਲੋਕ ਪਲੀਤ ਜਾਨਵਰਾਂ ਨੂੰ ਪਾਕ ਜਾਨਵਰਾਂ ਨਾਲੋਂ ਨਿਖੇੜ ਸੱਕਣ। ਤਾਂ ਜੋ ਲੋਕ ਜਾਣ ਸੱਕਣ ਕਿ ਕਿਨ੍ਹਾਂ ਜਾਨਵਰਾਂ ਨੂੰ ਉਹ ਖਾ ਸੱਕਦੇ ਹਨ ਅਤੇ ਕਿਨ੍ਹਾਂ ਨੂੰ ਉਹ ਨਹੀਂ ਖਾ ਸੱਕਦੇ।

ਨਵੀਆਂ ਬਣੀਆਂ ਮਾਵਾਂ ਲਈ ਬਿਧੀਆਂ

12 ਯਹੋਵਾਹ ਨੇ ਮੂਸਾ ਨੂੰ ਆਖਿਆ, “ਇਸਰਾਏਲ ਦੇ ਲੋਕਾਂ ਨੂੰ ਆਖ:

“ਜੇ ਕੋਈ ਔਰਤ ਮੁੰਡੇ ਨੂੰ ਜਨਮ ਦਿੰਦੀ ਹੈ, ਤਾਂ ਉਹ ਔਰਤ ਸੱਤ ਦਿਨ ਤੱਕ ਪਲੀਤ ਰਹੇਗੀ। ਇਹ ਉਸ ਦੇ ਮਹਾਂਵਾਰੀ ਦੇ ਸਮੇਂ ਪਲੀਤ ਹੋਣ ਵਾਂਗ ਹੋਵੇਗਾ। ਅੱਠਵੇਂ ਦਿਨ ਉਸ ਮੁੰਡੇ ਦੀ ਸੁੰਨਤ ਹੋਣੀ ਚਾਹੀਦੀ ਹੈ। ਖੂਨ ਦੀ ਕਮੀ ਤੋਂ ਉਸਦੀ ਸ਼ੁੱਧਤਾ ਲਈ ਹੋਰ 33 ਦਿਨ ਲੱਗਣਗੇ। ਉਸ ਨੂੰ ਕਿਸੇ ਵੀ ਪਵਿੱਤਰ ਚੀਜ਼ ਨੂੰ ਨਹੀਂ ਛੂਹਣਾ ਚਾਹੀਦਾ। ਉਸ ਦੇ ਪਾਕ ਹੋ ਜਾਣ ਦੇ ਸਮੇਂ ਤੀਕ, ਉਸ ਨੂੰ ਪਵਿੱਤਰ ਸਥਾਨ ਵਿੱਚ ਦਾਖਲ ਨਹੀਂ ਹੋਣਾ ਚਾਹੀਦਾ। ਪਰ ਜੇ ਔਰਤ ਕਿਸੇ ਕੁੜੀ ਨੂੰ ਜਨਮ ਦਿੰਦੀ ਹੈ, ਉਹ ਦੋ ਹਫ਼ਤਿਆਂ ਤੱਕ ਉਸੇ ਤਰ੍ਹਾਂ ਪਲੀਤ ਰਹੇਗੀ ਜਿਵੇਂ ਮਹਾਵਾਰੀ ਦੇ ਸਮੇਂ ਰਹਿੰਦੀ ਹੈ। ਖੂਨ ਦੀ ਕਮੀ ਤੋਂ ਉਸਦੀ ਸ਼ੁੱਧਤਾ ਲਈ ਹੋਰ 66 ਦਿਨ ਲੱਗਣਗੇ।

“ਆਪਣੇ ਪਾਕ ਹੋਣ ਦੇ ਸਮੇਂ ਦੇ ਮੁੱਕਣ ਤੋਂ ਮਗਰੋਂ ਮੁੰਡੇ ਜਾਂ ਕੁੜੀ ਦੀ ਨਵੀਂ ਮਾਂ ਨੂੰ ਮੰਡਲੀ ਵਾਲੇ ਤੰਬੂ ਲਈ ਖਾਸ ਬਲੀਆਂ ਲੈ ਕੇ ਆਉਣੀਆਂ ਚਾਹੀਦੀਆਂ ਹਨ। ਉਸ ਨੂੰ ਉਹ ਬਲੀਆਂ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਜਾਜਕ ਨੂੰ ਦੇਣੀਆਂ ਚਾਹੀਦੀਆਂ ਹਨ। ਉਸ ਨੂੰ ਹੋਮ ਦੀ ਭੇਟ ਲਈ ਇੱਕ ਸਾਲ ਦਾ ਲੇਲਾ ਅਤੇ ਪਾਪ ਦੀ ਭੇਟ ਲਈ ਇੱਕ ਘੁੱਗੀ ਜਾਂ ਕਬੂਤਰ ਲਿਆਉਣਾ ਚਾਹੀਦਾ ਹੈ। 7-8 ਜਾਜਕ ਇਨ੍ਹਾਂ ਨੂੰ ਯਹੋਵਾਹ ਅੱਗੇ ਭੇਟ ਕਰੇਗਾ। ਇਸ ਤਰ੍ਹਾਂ ਜਾਜਕ ਉਸ ਲਈ ਪਰਾਸਚਿਤ ਕਰੇਗਾ। ਫ਼ੇਰ ਉਹ ਆਪਣੇ ਖੂਨ ਦੀ ਕਮੀ ਤੋਂ ਪਾਕ ਹੋ ਜਾਵੇਗੀ। ਇਹ ਨੇਮ ਉਸ ਔਰਤ ਲਈ ਹਨ ਜੋ ਕਿਸੇ ਮੁੰਡੇ ਜਾਂ ਕੁੜੀ ਨੂੰ ਜਨਮ ਦਿੰਦੀ ਹੈ।” ਜੇ ਉਸ ਔਰਤ ਵਿੱਚ ਲੇਲਾ ਲਿਆ ਸੱਕਣ ਦੀ ਪੁੱਜਤ ਨਹੀਂ ਤਾਂ ਉਹ ਦੋ ਘੁੱਗੀ ਜਾਂ ਦੋ ਕਬੂਤਰ ਲਿਆ ਸੱਕਦੀ ਹੈ। ਇੱਕ ਪੰਛੀ ਹੋਮ ਦੀ ਭੇਟ ਲਈ ਅਤੇ ਦੂਸਰਾ ਪੰਛੀ ਪਾਪ ਦੀ ਭੇਟ ਲਈ ਹੋਵੇਗਾ।

ਜ਼ਬੂਰ 13-14

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

13 ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ?
    ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ?
ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ?
ਕਿੰਨਾ ਕੁ ਚਿਰ ਮੈਂ ਉਦਾਸੀ ਵਿੱਚ ਸੋਚਾਂਗਾ ਕਿ ਸ਼ਾਇਦ ਤੁਸੀਂ ਮੈਨੂੰ ਭੁੱਲ ਗਏ ਹੋਂ?
    ਕਿੰਨਾ ਕੁ ਚਿਰ ਮੈਂ ਇਹ ਉਦਾਸੀ ਆਪਣੇ ਦਿਲ ਅੰਦਰ ਜਰਾਂਗਾ?
ਕਿੰਨੇ ਕੁ ਚਿਰ ਤੱਕ ਮੇਰਾ ਦੁਸ਼ਮਣ ਮੇਰੇ ਉੱਤੋਂ ਜਿੱਤ ਪ੍ਰਾਪਤ ਕਰਦਾ ਰਹੇਗਾ?

ਯਹੋਵਾਹ, ਮੇਰੇ ਪਰਮੇਸ਼ੁਰ, ਮੇਰੇ ਵੱਲ ਤੱਕੋ। ਮੇਰੇ ਪ੍ਰਸ਼ਨ ਦਾ ਉੱਤਰ ਦੇਵੋ।
    ਮੈਨੂੰ ਜਵਾਬ ਦੇਵੋ ਨਹੀਂ ਤਾਂ ਮੈਂ ਮਰ ਜਾਵਾਂਗਾ।
ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।”
    ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ।
    ਉਹ ਖੁਸ਼ ਹੋਵੇਗਾ।

ਯਹੋਵਾਹ, ਮੈਂ ਸਹਾਇਤਾ ਲਈ ਤੁਹਾਡੇ ਪ੍ਰੇਮ ਵਿੱਚ ਆਸਥਾ ਰੱਖੀ,
    ਤੁਸੀਂ ਮੈਨੂੰ ਬਚਾਇਆ ਅਤੇ ਖੁਸ਼ੀ ਬਖਸ਼ੀ।
ਮੈਂ ਪਰਮੇਸ਼ੁਰ ਦੀ ਉਸਤਤਿ ਕਰਦਿਆਂ ਇੱਕ ਖੁਸ਼ੀ ਦਾ ਗੀਤ ਗਾਵਾਂਗਾ,
    ਕਿਉਂਕਿ ਉਸ ਨੇ ਮੇਰੇ ਲਈ ਚੰਗਾ ਕੀਤਾ ਹੈ।

ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ।

14 ਬਦਚਲਣ, ਆਪਣੇ ਮਨ ਵਿੱਚ ਆਖਦੇ ਨੇ, “ਕਿਤੇ ਵੀ ਕੋਈ ਪਰਮੇਸ਼ੁਰ ਨਹੀਂ ਹੈ।”
    ਮੂਰਖ ਲੋਕ ਭਰਿਸ਼ਟ ਕਰਨੀਆਂ ਕਰਦੇ ਹਨ।
    ਉਨ੍ਹਾਂ ਵਿੱਚੋਂ ਕੋਈ ਵੀ ਚੰਗਿਆਈ ਨਹੀਂ ਕਰਦਾ।

ਯਹੋਵਾਹ ਨੇ ਸਵਰਗ ਵਿੱਚੋਂ, ਜੇ ਕੁਝ ਸਿਆਣੇ ਲੋਕ ਹੋਣ, ਵੇਖਣ ਲਈ ਤੱਕਿਆ।
    ਸਿਆਣੇ ਲੋਕੋ, ਮਦਦ ਲਈ ਪਰਮੇਸ਼ੁਰ ਵੱਲ ਮੁੜੋ।
ਪਰ ਹਰ ਕਿਸੇ ਨੇ ਪਰਮੇਸ਼ੁਰ ਤੋਂ ਮੁੱਖ ਮੋੜਿਆ ਹੋਇਆ ਹੈ,
    ਸਾਰੇ ਹੀ ਦੁਸ਼ਟ ਰੂਹਾਂ ਬਣ ਗਏ ਹਨ।
ਇੱਕ ਵੀ ਚੰਗੀਆਂ ਕਰਨੀਆਂ ਨਹੀਂ ਕਰਦਾ।

ਦੁਸ਼ਟ ਲੋਕਾਂ ਨੇ ਮੇਰੇ ਲੋਕਾਂ ਨੂੰ ਤਬਾਹ ਕਰ ਦਿੱਤਾ ਹੈ ਅਤੇ ਉਹ ਬੁਰੇ ਲੋਕ ਪਰਮੇਸ਼ੁਰ ਬਾਰੇ ਨਹੀਂ ਜਾਣਦੇ।
    ਬੁਰੇ ਵਿਅਕਤੀਆਂ ਕੋਲ ਚੋਖਾ ਭੋਜਨ ਹੈ
    ਅਤੇ ਉਹ ਯਹੋਵਾਹ ਦੀ ਉਪਾਸਨਾ ਨਹੀਂ ਕਰਦੇ।
ਉਹ ਬੁਰੇ ਲੋਕ ਕਿਸੇ ਗਰੀਬ ਪਾਸੋਂ ਚੰਗਿਆਈ ਨਹੀਂ ਸੁਣਨਾ ਚਾਹੁੰਦੇ।
    ਕਿਉਂਕਿ ਉਹ ਗਰੀਬ ਆਦਮੀ ਪਰਮੇਸ਼ੁਰ ਉੱਤੇ ਨਿਰਭਰ।
ਪਰ ਪਰਮੇਸ਼ੁਰ ਹਮੇਸ਼ਾ ਭਗਤ ਬੰਦਿਆਂ ਦੇ ਨਾਲ ਹੈ।
    ਇਸੇ ਲਈ ਬੁਰੇ ਬੰਦਿਆਂ ਨੂੰ ਵੱਡੇਰਾ ਭੈ ਹੈ।

ਸੀਯੋਨ ਪਰਬਤ ਉੱਤੇ ਕੌਣ ਹੈ ਜੋ ਇਸਰਾਏਲ ਦੀ ਰੱਖਿਆ ਕਰ ਸੱਕਦਾ?
    ਯਹੋਵਾਹ ਹੀ ਹੈ ਜੋ ਇਸਰਾਏਲ ਨੂੰ ਬਚਾ ਸੱਕਦਾ।
ਯਹੋਵਾਹ ਦੇ ਲੋਕਾਂ ਨੂੰ ਕੈਦੀਆਂ ਵਾਂਗ ਲੈ ਲਿਆ ਗਿਆ ਹੈ।
    ਪਰ ਪਰਮੇਸ਼ੁਰ ਆਪਣੇ ਲੋਕਾਂ ਨੂੰ ਵਾਪਸ ਲਿਆਵੇਗਾ।
    ਫ਼ੇਰ ਯਾਕੂਬ (ਇਸਰਾਏਲ) ਬਹੁਤ ਖੁਸ਼ ਹੋਵੇਗਾ।

ਕਹਾਉਤਾਂ 26

ਮੂਰੱਖਾਂ ਬਾਰੇ ਸਿਆਣੇ ਕਹਾਉਤਾਂ

26 ਜਿਵੇਂ ਕਿ ਗਰਮੀਆਂ ਵਿੱਚ ਬਰਫ਼ ਪੈਣੀ ਜਾਂ ਵਾਢੀਆਂ ਵਿੱਚ ਮੀਂਹ ਪੈਣਾ, ਇੰਝ ਹੀ ਮੂਰਖ ਲਈ ਆਦਰ ਅਨਉਚਿਤ ਹੈ।

ਇੱਕ ਬੇਘਰ ਚਿੱੜੀ ਜਾਂ ਇੱਕ ਉੱਡਦੀ ਅਬਾਬੀਲ ਵਾਂਗ, ਇਹ ਇੱਕ ਅਣਧਿਕਾਰੀ ਸਰਾਪ ਹੈ — ਇਹ ਅਰਾਮ ਨਹੀਂ ਕਰਨਗੀਆਂ।

ਕੋੜਾ ਘੋੜੇ ਲਈ ਹੈ, ਲਗਾਮ ਗਧੇ ਲਈ ਅਤੇ ਬੈਂਤ ਮੂਰੱਖਾਂ ਦੀ ਪਿੱਠ ਲਈ ਹੈ।

4-5 ਇਹ ਬੜੀ ਮੁਸ਼ਕਿਲ ਸਥਿਤੀ ਹੈ: ਜੇ ਕੋਈ ਮੂਰਖ ਤੁਹਾਨੂੰ ਕੋਈ ਮੂਰੱਖਤਾ ਭਰਿਆ ਪ੍ਰਸ਼ਨ ਪੁੱਛੇ ਤਾਂ ਤੁਸੀਂ ਉਸ ਨੂੰ ਮੂਰੱਖਤਾ ਭਰਿਆ ਉੱਤਰ ਨਹੀਂ ਦਿੰਦੇ ਨਹੀਂ ਤਾਂ ਤੁਸੀਂ ਵੀ ਮੂਰਖ ਹੀ ਜਾਪੋਂਗੇ; ਮੂਰਖ ਬੰਦੇ ਨੂੰ ਮੂਰੱਖਤਾ ਭਰਿਆ ਜਵਾਬ ਦੇਵੋ, ਨਹੀਂ ਤਾਂ ਉਹ ਆਪਣੇ-ਆਪ ਨੂੰ ਸਿਆਣਾ ਸਮਝੇਗਾ।

ਕਦੇ ਵੀ ਮੂਰਖ ਦੇ ਹੱਥ ਸੁਨੇਹਾ ਨਾ ਘੱਲੋ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਇਹ ਤੁਹਾਡੇ ਆਪਣੇ ਪੈਰ ਕਟਾਉਣ ਵਰਗਾ ਹੋਵੇਗਾ। ਤੁਸੀਂ ਮੁਸੀਬਤ ਨੂੰ ਸੱਦਾ ਦੇ ਰਹੇ ਹੋਵੋਂਗੇ।

ਮੂਰਖ ਬੰਦੇ ਦੇ ਮੂੰਹ ’ਚ ਕਹਾਉਤ ਲੰਗੇ ਆਦਮੀ ਦੀ ਲੰਗ ਲੱਤ ਜਿੰਨੀ ਹੀ, ਬੇਕਾਰ ਹੈ।

ਇੱਕ ਮੂਰਖ ਬੰਦੇ ਨੂੰ ਇੱਜ਼ਤ ਦੇਣੀ ਗੁਲੇਲ ਵਿੱਚ ਪੱਥਰ ਬੰਨ੍ਹਣ ਵਾਂਗ ਹੀ ਹੈ।

ਜਦੋਂ ਕੋਈ ਮੂਰਖ ਕੋਈ ਸਿਆਣੀ ਗੱਲ ਆਖਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਉਵੇਂ ਹੀ ਹੈ ਜਿਵੇਂ ਕੋਈ ਸ਼ਰਾਬੀ ਬੰਦਾ ਆਪਣੀ ਹਥੇਲੀ ਵਿੱਚੋਂ ਛਿਲਤਰ ਕੱਢਣ ਦੀ ਕੋਸ਼ਿਸ਼ ਕਰੇ।

10 ਕਿਸੇ ਮੂਰਖ ਜਾਂ ਕਿਸੇ ਅਜਨਬੀ ਨੂੰ ਕੰਮ ਤੇ ਰੱਖਣਾ ਖਤਰਨਾਕ ਹੈ। ਤੁਹਾਨੂੰ ਨਹੀਂ ਪਤਾ ਕਿਸਦਾ ਨੁਕਸਾਨ ਹੋ ਜਾਵੇ।

11 ਬਿਲਕੁਲ ਜਿਵੇਂ ਕੁੱਤਾ ਆਪਣੀ ਉਲਟੀ ਕੋਲ ਵਾਪਸ ਆਉਂਦਾ, ਇੰਝ ਹੀ ਮੂਰਖ ਆਪਣੀ ਮੂਰੱਖਤਾਈ ਦੁਹਰਾਉਂਦਾ ਹੈ।

12 ਕੀ ਤੁਸੀਂ ਕੋਈ ਅਜਿਹਾ ਵਿਅਕਤੀ ਵੇਖਿਆ ਜੋ ਖੁਦ ਨੂੰ ਸਿਆਣਾ ਘੋਸ਼ਿਤ ਕਰੇ? ਉਸ ਨਾਲੋਂ ਇੱਕ ਮੂਰਖ ਲਈ ਵੱਧੇਰੇ ਉਮੀਦ ਹੁੰਦੀ ਹੈ।

13 ਆਲਸੀ ਬੰਦਾ ਆਖਦਾ ਹੈ “ਸੜਕ ਤੇ ਸ਼ੇਰ ਹੈ ਰਾਹ ਵਿੱਚ ਸ਼ੇਰ ਹੈ।”

14 ਆਲਸੀ ਬੰਦਾ ਇੱਕ ਦਰਵਾਜ਼ੇ ਵਰਗਾ ਹੈ। ਉਹ ਆਪਣੇ ਬਿਸਤਰੇ ਵਿੱਚ ਓਸੇ ਤਰ੍ਹਾਂ ਪਾਸੇ ਪਰਤਦਾ ਰਹਿੰਦਾ ਹੈ ਜਿਵੇਂ ਦਰਵਾਜ਼ਾ ਆਪਣੀ ਚੂਲ ਦੁਆਲੇ ਘੁੰਮਦਾ ਰਹਿੰਦਾ ਹੈ। ਉਹ ਕਦੇ ਵੀ ਕਿਤੇ ਨਹੀਂ ਜਾਂਦਾ।

15 ਆਲਸੀ ਬੰਦਾ ਆਪਣਾ ਹੱਥ ਭੋਜਨ ਦੀ ਥਾਲੀ ਤਾਂਈ ਲਿਜਾਂਦਾ, ਪਰ ਉਸਦਾ ਆਲਸੀਪਨ ਉਸ ਨੂੰ ਆਪਣਾ ਹੱਥ ਵਾਪਸ ਮੂੰਹ ਤਾਈਂ ਨਹੀਂ ਲਿਜਾਣ ਦਿੰਦਾ।

16 ਆਲਸੀ ਬੰਦਾ ਸੋਚਦਾ ਹੈ ਕਿ ਉਹ ਬਹੁਤ ਸਿਆਣਾ ਹੈ। ਉਹ ਸੋਚਦਾ ਹੈ ਕਿ ਉਹ ਉਨ੍ਹਾਂ ਸੱਤਾਂ ਬੰਦਿਆਂ ਨਾਲੋਂ ਚਤੁਰ ਹੈ ਜਿਹੜੇ ਆਪਣੇ ਵਿੱਚਾਰਾਂ ਦੇ ਚੰਗੇ ਕਾਰਣ ਦੱਸ ਸੱਕਦੇ ਹਨ।

17 ਜਿਹੜਾ ਵਿਅਕਤੀ ਹੋਰਨਾਂ ਦੇ ਝਗੜਿਆਂ ਵਿੱਚ ਦਖਲ ਦੇਵੇ ਉਸ ਵਾਂਗ ਹੈ ਜਿਹੜਾ ਕੁੱਤੇ ਦੇ ਕੰਨ ਖਿੱਚਦਾ ਹੋਵੇ।

18-19 ਜਿਹੜਾ ਬੰਦਾ ਦੂਸਰੇ ਬੰਦੇ ਨਾਲ ਚਲਾਕੀ ਕਰਦਾ ਹੈ ਅਤੇ ਫ਼ੇਰ ਇਹ ਆਖਦਾ ਹੈ, “ਉਹ ਤਾਂ ਮਜ਼ਾਕ ਕਰ ਰਿਹਾ ਸੀ,” ਉਹ ਉਸ ਮੂਰਖ ਬੰਦੇ ਵਰਗਾ ਹੈ ਜਿਹੜਾ ਹਵਾ ਵਿੱਚ ਅੱਗ ਦੇ ਤੀਰ ਚਲਾਉਂਦਾ ਹੈ।

20 ਜੇ ਅੱਗ ਵਿੱਚ ਲੱਕੜਾਂ ਨਹੀਂ, ਤਾਂ ਅੱਗ ਬੁਝ ਜਾਵੇਗੀ। ਇਸੇ ਤਰ੍ਹਾਂ ਚੁਗਲੀ ਤੋਂ ਬਿਨਾਂ ਝਗੜਾ ਮੁੱਕ ਜਾਂਦਾ ਹੈ।

21 ਸੜਿਆ ਕੋਲਾ ਕੋਲਿਆਂ ਨੂੰ ਮੱਘਦਾ ਰੱਖਦਾ ਹੈ। ਅਤੇ ਲੱਕੜੀ ਅੱਗ ਨੂੰ ਬਲਦਾ ਰੱਖਦੀ ਹੈ। ਇਸੇ ਤਰ੍ਹਾਂ ਮੁਸੀਬਤਾਂ ਪੈਦਾ ਕਰਨ ਵਾਲੇ ਲੋਕ ਲੜਾਈ ਝਗੜ੍ਹੇ ਨੂੰ ਜਾਰੀ ਰੱਖਦੇ ਹਨ।

22 ਚੁਗਲੀ ਕਰਨੀ ਸੁਆਦਾਲੇ ਭੋਜਨ ਵਾਂਗ ਹੈ, ਇਹ ਆਦਮੀ ਦੇ ਸਰੀਰ ’ਚ ਡੂੰਘੀ ਵਸ ਜਾਂਦੀ ਹੈ।

23 ਬਦ ਆਦਮੀ ਦੀ ਸੁਵਕਤਤਾ ਬਿਲਕੁਲ, ਮਿੱਟੀ ਦੇ ਭਾਂਡੇ ਨੂੰ ਚਾਂਦੀ ਨਾਲ ਢੱਕਣ, ਵਾਂਗ ਹੈ। 24 ਇੱਕ ਦੁਸ਼ਮਣ ਮਿੱਠੀਆਂ ਗੱਲਾਂ ਨਾਲ ਆਪਣੀ ਬਦੀ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦਾ ਹੈ। ਪਰ ਉਹ ਆਪਣੇ ਦਿਲ ਵਿੱਚ ਘ੍ਰਿਣਾ ਨਾਲ ਭਰਿਆ ਹੋਇਆ ਹੈ। 25 ਜੋ ਗੱਲਾਂ ਉਹ ਆਖਦਾ ਹੈ ਉਹ ਭਾਵੇਂ ਚੰਗੀਆਂ ਲੱਗਣ। ਪਰ ਉਸ ਉੱਤੇ ਭਰੋਸਾ ਨਾ ਕਰੋ। ਉਸਦਾ ਦਿਲ ਘ੍ਰਿਣਿਤ ਵਿੱਚਾਰਾਂ ਨਾਲ ਭਰਿਆ ਹੋਇਆ ਹੈ। 26 ਚਲਾਕੀ ਕਰਕੇ, ਨਫ਼ਰਤ ਆਪਣੇ-ਆਪ ਨੂੰ ਛੁਪਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਉਸ ਦੀ ਬਦੀ ਸਭਾ ਵਿੱਚ ਪ੍ਰਗਟਾਈ ਜਾਵੇਗੀ।

27 ਜੇਕਰ ਤੁਸੀਂ ਟੋਆ ਪੁਟਦੇ ਹੋਂ, ਹੋ ਸੱਕਦਾ ਤੁਸੀਂ ਇਸ ਵਿੱਚ ਡਿੱਗ ਪਵੋ, ਅਤੇ ਜੇਕਰ ਤੁਸੀਂ ਪੱਥਰ ਨੂੰ ਰੋੜ੍ਹਦੇ ਹੋਂ, ਹੋ ਸੱਕਦਾ ਇਹ ਮੁੜ ਤੁਹਾਡੇ ਤੇ ਰੁੜ੍ਹਕ ਜਾਵੇ।

28 ਜਿਹੜਾ ਬੰਦਾ ਝੂਠ ਬੋਲਦਾ, ਉਨ੍ਹਾਂ ਨੂੰ ਨਫ਼ਰਤ ਕਰਦਾ ਹੈ ਜਿਨ੍ਹਾਂ ਦਾ ਉਹ ਨੁਕਸਾਨ ਕਰਦਾ ਹੈ ਅਤੇ ਜਿਹੜਾ ਵਿਅਕਤੀ ਚਾਪਲੂਸੀ ਕਰੇ ਉਹ ਤਬਾਹੀ ਦਾ ਕਾਰਣ ਬਣਦਾ ਹੈ।

1 ਥੱਸਲੁਨੀਕੀਆਂ ਨੂੰ 5

ਪ੍ਰਭੂ ਦੀ ਆਮਦ ਲਈ ਤਿਆਰ ਰਹੋ

ਹੁਣ ਭਰਾਵੋ ਅਤੇ ਭੈਣੋ, ਅਸੀਂ ਮਹਿਸੂਸ ਕਰਦੇ ਹਾਂ ਕਿ ਤੁਹਾਨੂੰ ਸਮੇਂ ਅਤੇ ਤਿਥੀ ਬਾਰੇ ਲਿਖਣਾ ਜਰੂਰੀ ਹੈ। ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਹੋ ਕਿ ਜਿਸ ਦਿਨ ਪ੍ਰਭੂ ਫ਼ੇਰ ਆਵੇਗਾ ਉਸੇ ਤਰ੍ਹਾਂ ਹੈਰਾਨ ਭਰਿਆ ਹੋਵੇਗਾ ਜਿਵੇਂ ਉਦੋਂ ਜਦੋਂ ਰਾਤ ਵੇਲੇ ਚੋਰ ਆਉਂਦਾ ਹੈ। ਲੋਕੀ ਕਹਿਣਗੇ, “ਅਸੀਂ ਅਮਨ ਵਿੱਚ ਹਾਂ ਅਤੇ ਸੁਰੱਖਿਅਤ ਹਾਂ।” ਉਸੇ ਸਮੇਂ ਬਹੁਤ ਤੇਜੀ ਨਾਲ ਤਬਾਹੀ ਆ ਜਾਵੇਗੀ। ਇਹ ਤਬਾਹੀ ਉਸੇ ਤਰ੍ਹਾਂ ਆਵੇਗੀ ਜਿਵੇਂ ਔਰਤ ਨੂੰ ਬੱਚੇ ਦੇ ਜੰਮਣ ਦੀਆਂ ਪੀੜਾਂ ਸਹਿਣੀਆਂ ਪੈਂਦੀਆਂ ਹਨ। ਅਤੇ ਉਹ ਲੋਕੀ ਨਹੀਂ ਬਚਣਗੇ।

ਪਰ ਤੁਸੀਂ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਜਿਉਂਦੇ। ਇਸ ਲਈ ਉਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਨਹੀਂ ਕਰੇਗਾ। ਤੁਸੀਂ ਸਾਰੇ ਜਿਹੜੇ ਰੋਸ਼ਨੀ ਵਿੱਚ ਜਿਉਂ ਰਹੇ ਹੋ, ਅਤੇ ਤੁਸੀਂ ਦਿਨ ਨਾਲ ਸੰਬੰਧਿਤ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸੰਬੰਧਿਤ ਨਹੀਂ ਹਾਂ। ਇਸ ਲਈ ਸਾਨੂੰ ਹੋਰਨਾਂ ਲੋਕਾਂ ਵਾਂਗ ਨਹੀਂ ਜਿਉਂਣਾ ਚਾਹੀਦਾ। ਸਾਨੂੰ ਜਾਗੇ ਰਹਿਣਾ ਚਾਹੀਦਾ ਅਤੇ ਸਵੈ-ਕਾਬੂ ਹੋਣਾ ਚਾਹੀਦਾ ਹੈ। ਜਿਹੜੇ ਲੋਕ ਸੌਂਦੇ ਹਨ, ਰਾਤ ਨੂੰ ਸੌਂਦੇ ਹਨ। ਜਿਹੜੇ ਲੋਕ ਸ਼ਰਾਬ ਨਾਲ ਬਦਮਸਤ ਹੁੰਦੇ ਹਨ, ਰਾਤ ਨੂੰ ਹੁੰਦੇ ਹਨ। ਪਰ ਅਸੀਂ ਤਾਂ ਦਿਨ ਵਾਲੇ ਹਾਂ, ਇਸ ਲਈ ਸਾਨੂੰ ਆਪਣੇ-ਆਪ ਉੱਪਰ ਕਾਬੂ ਰੱਖਣਾ ਚਾਹੀਦਾ ਹੈ। ਸਾਨੂੰ ਵਿਸ਼ਵਾਸ ਅਤੇ ਪ੍ਰੇਮ ਨੂੰ ਆਪਣੇ ਸੁਰੱਖਿਆ ਕਵਚ ਵਾਂਗ ਪਹਿਨਣਾ ਚਾਹੀਦਾ ਹੈ, ਅਤੇ ਮੁਕਤੀ ਦੀ ਆਸ ਸਾਡਾ ਟੋਪ ਹੋਣੀ ਚਾਹੀਦੀ ਹੈ।

ਪਰਮੇਸ਼ੁਰ ਨੇ ਸਾਨੂੰ ਆਪਣਾ ਕਹਿਰ ਝੱਲਣ ਲਈ ਨਹੀਂ ਚੁਣਿਆ। ਪਰਮੇਸ਼ੁਰ ਨੇ ਸਾਨੂੰ ਆਪਣੇ ਪ੍ਰਭੂ ਯਿਸੂ ਮਸੀਹ ਰਾਹੀਂ ਮੁਕਤੀ ਪਾਉਣ ਲਈ ਚੁਣਿਆ। 10 ਯਿਸੂ ਸਾਡੇ ਲਈ ਮਰਿਆ ਤਾਂ ਜੋ ਅਸੀਂ ਇਕੱਠੇ ਉਸ ਦੇ ਨਾਲ ਜਿਉਂ ਸੱਕੀਏ। ਜਦੋਂ ਉਹ ਆਵੇਗਾ ਤਾਂ ਇਹ ਕੋਈ ਜ਼ਰੂਰੀ ਨਹੀਂ ਕਿ ਅਸੀਂ ਜਿਉਂਦੇ ਹੋਈਏ ਜਾਂ ਮਰ ਚੁੱਕੇ ਹੋਈਏ। 11 ਇਸ ਲਈ ਜਿਵੇਂ ਤੁਸੀਂ ਪਹਿਲਾਂ ਹੀ ਕਰ ਰਹੇ ਹੋ, ਇੱਕ ਦੂਸਰੇ ਨੂੰ ਹੌਂਸਲਾ ਅਤੇ ਤਾਕਤ ਦਿਉ।

ਆਖਰੀ ਉਪਦੇਸ਼ ਅਤੇ ਸ਼ੁਭਕਾਮਨਾਵਾਂ

12 ਹੁਣ ਭਰਾਵੋ ਅਤੇ ਭੈਣੋ, ਉਨ੍ਹਾਂ ਦੀ ਇੱਜ਼ਤ ਕਰੋ ਜਿਹੜੇ ਤੁਹਾਡੇ ਦਰਮਿਆਨ ਸਖਤ ਮਿਹਨਤ ਕਰਦੇ ਹਨ, ਜਿਹੜੇ ਤੁਹਾਡੀ ਪ੍ਰਭੂ ਵਿੱਚ ਅਗਵਾਈ ਕਰਦੇ ਹਨ। ਅਤੇ ਤੁਹਾਨੂੰ ਉਪਦੇਸ਼ ਦਿੰਦੇ ਹਨ। 13 ਉਨ੍ਹਾਂ ਦੀ ਇੱਜ਼ਤ ਉਸ ਕੰਮ ਦੀ ਖਾਤਿਰ, ਇੱਕ ਖਾਸ ਪ੍ਰੇਮ ਨਾਲ ਕਰੋ, ਜਿਹੜਾ ਉਹ ਕਰਦੇ ਹਨ।

ਇੱਕ ਦੂਸਰੇ ਨਾਲ ਸ਼ਾਂਤੀ ਨਾਲ ਰਹੋ। 14 ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦੇਣ ਲਈ ਆਖਦੇ ਹਾਂ ਜਿਹੜੇ ਕੰਮ ਨਹੀਂ ਕਰਦੇ। ਉਨ੍ਹਾਂ ਲੋਕਾਂ ਦੀ ਹੌਂਸਲਾ ਅਫ਼ਜ਼ਾਈ ਕਰੋ ਜਿਹੜੇ ਡਰਦੇ ਹਨ। ਜਿਹੜੇ ਕਮਜ਼ੋਰ ਹਨ ਉਨ੍ਹਾਂ ਦੀ ਸਹਾਇਤਾ ਕਰੋ। ਹਰ ਕਿਸੇ ਨਾਲ ਨਿਮ੍ਰ ਹੋਵੋ। 15 ਇਸ ਗੱਲ ਨੂੰ ਯਕੀਨੀ ਬਣਾਉ ਕਿ ਕੋਈ ਵੀ ਵਿਅਕਤੀ ਬਦੀ ਦੇ ਬਦਲੇ ਬਦੀ ਨਹੀਂ ਕਰਦਾ। ਸਗੋਂ ਇਸਦੀ ਜਗ਼੍ਹਾ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੂਸਰੇ ਲਈ ਅਤੇ ਸਾਰਿਆਂ ਲੋਕਾਂ ਲਈ ਚੰਗਾ ਹੈ।

16 ਹਮੇਸ਼ਾ ਖੁਸ਼ ਰਹੋ। 17 ਕਦੇ ਵੀ ਪ੍ਰਾਰਥਨਾ ਕਰਨੀ ਨਾ ਛੱਡੋ। 18 ਹਰ ਵੇਲੇ ਪਰਮੇਸ਼ੁਰ ਦਾ ਧੰਨਵਾਦ ਕਰੋ। ਇਹੀ ਹੈ ਜੋ ਮਸੀਹ ਯਿਸੂ ਵਿੱਚ ਪਰਮੇਸ਼ੁਰ ਤੁਹਾਥੋਂ ਚਾਹੁੰਦਾ ਹੈ।

19 ਪਵਿੱਤਰ ਆਤਮਾ ਦੇ ਕਾਰਜ ਨੂੰ ਨਾ ਰੋਕੋ। 20 ਅਗੰਮੀ ਵਾਕਾਂ ਨੂੰ ਇੰਝ ਨਾ ਸਮਝੋ ਜਿਵੇਂ ਕਿ ਉਹ ਮਹੱਤਵਹੀਣ ਹੋਣ। 21 ਪਰ ਹਰ ਗੱਲ ਦੀ ਪਰੱਖ ਕਰੋ। ਜੋ ਚੰਗਾ ਹੈ ਉਸ ਨੂੰ ਰੱਖ ਲਵੋ। 22 ਅਤੇ ਹਰ ਪ੍ਰਕਾਰ ਦੀ ਬਦੀ ਤੋਂ ਦੂਰ ਰਹੋ।

23 ਅਸੀ ਪ੍ਰਾਰਥਨਾ ਕਰਦੇ ਹਾਂ ਕਿ ਅਮਨ ਦਾ ਪਰਮੇਸ਼ੁਰ ਖੁਦ ਤੁਹਾਨੂੰ ਉਸੇ ਦਾ ਹੋਣ ਲਈ ਪਵਿੱਤਰ ਬਣਾਵੋ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਤੁਹਾਡਾ ਆਤਮਾ ਅਤੇ ਜੀਵਨ ਅਤੇ ਸਰੀਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਆਉਣ ਤੱਕ ਸੁੱਰੱਖਿਅਤ ਅਤੇ ਦੋਸ਼ ਰਹਿਤ ਰਹਿਣ। 24 ਉਹ ਪਰਮੇਸ਼ੁਰ ਜਿਸਨੇ ਤੁਹਾਨੂੰ ਸੱਦਾ ਦਿੱਤਾ ਹੈ ਤੁਹਾਡੇ ਲਈ ਇਹ ਕਰੇਗਾ। ਤੁਸੀਂ ਉਸ ਵਿੱਚ ਵਿਸ਼ਵਾਸ ਰੱਖ ਸੱਕਦੇ ਹੋ।

25 ਭਰਾਵੋ ਅਤੇ ਭੈਣੋ, ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। 26 ਜਦੋਂ ਤੁਸੀਂ ਇਕੱਠੇ ਹੋਵੋਂ ਤਾਂ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇੱਕ ਪਵਿੱਤਰ ਚੁੰਮਣ ਨਾਲ ਸ਼ੁਭਕਾਮਨਾਵਾਂ ਦਿਉ। 27 ਮੈਂ ਤੁਹਾਨੂੰ ਪ੍ਰਭੂ ਦੇ ਇਖਤਿਆਰ ਨਾਲ ਮਸੀਹ ਵਿੱਚ ਸਾਰੇ ਭਰਾਵਾਂ ਅਤੇ ਭੈਣਾਂ ਨੂੰ ਇਹ ਪੱਤਰ ਪੜ੍ਹਕੇ ਸੁਣਾਉਣ ਲਈ ਆਖਦਾ ਹਾਂ। 28 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।

Punjabi Bible: Easy-to-Read Version (ERV-PA)

2010 by World Bible Translation Center