M’Cheyne Bible Reading Plan
ਅਚਨਚੇਤ ਕੀਤੇ ਪਾਪਾਂ ਲਈ ਭੇਟਾਂ
4 ਯਹੋਵਾਹ ਨੇ ਮੂਸਾ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖੋ; ਜੇ ਕੋਈ ਬੰਦਾ ਅਚਨਚੇਤੀ ਪਾਪ ਕਮਾਉਂਦਾ ਹੈ ਅਤੇ ਉਨ੍ਹਾਂ ਗੱਲਾਂ ਵਿੱਚੋਂ ਕੋਈ ਕਰ ਬੈਠਦਾ ਹੈ ਜਿਹੜੀਆਂ ਯਹੋਵਾਹ ਨੇ ਕਰਨ ਤੋਂ ਮਨਾਂ ਕੀਤਾ ਹੈ, ਤਾਂ ਉਸ ਬੰਦੇ ਨੂੰ ਇਹ ਗੱਲਾਂ ਕਰਨੀਆਂ ਚਾਹੀਦੀਆਂ ਹਨ:
3 “ਜੇ ਮਸਹ ਕੀਤਾ ਹੋਇਆ ਜਾਜਕ ਪਾਪ ਕਰਦਾ ਅਤੇ ਲੋਕਾਂ ਤੇ ਦੋਸ਼ ਲਿਆਉਂਦਾ, ਤਾਂ ਉਸ ਨੂੰ ਆਪਣੇ ਪਾਪ ਲਈ ਯਹੋਵਾਹ ਨੂੰ ਪਾਪ ਦੀ ਭੇਟ ਵਜੋਂ ਇੱਕ ਬੇਨੁਕਸ ਜਵਾਨ ਬਲਦ ਚੜ੍ਹਾਉਣ ਚਾਹੀਦਾ ਹੈ। 4 ਉਸ ਨੂੰ ਬਲਦ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਤੇ ਯਹੋਵਾਹ ਦੇ ਸਾਹਮਣੇ ਲਿਆਉਣਾ ਚਾਹੀਦਾ ਹੈ। ਉਸ ਨੂੰ ਆਪਣਾ ਹੱਥ ਬਲਦ ਦੇ ਸਿਰ ਉੱਤੇ ਰੱਖਣਾ ਚਾਹੀਦਾ ਅਤੇ ਇਸ ਨੂੰ ਯਹੋਵਾਹ ਦੇ ਸਾਹਮਣੇ ਮਾਰਨਾ ਚਾਹੀਦਾ ਹੈ। 5 ਫ਼ੇਰ ਮਸਹ ਕੀਤੇ ਜਾਜਕ ਨੂੰ ਬਲਦ ਦਾ ਥੋੜਾ ਜਿਹਾ ਖੂਨ ਲੈਣਾ ਚਾਹੀਦਾ ਹੈ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਦੇ ਅੰਦਰ ਲੈ ਜਾਣਾ ਚਾਹੀਦਾ ਹੈ। 6 ਜਾਜਕ ਨੂੰ ਚਾਹੀਦਾ ਹੈ ਕਿ ਉਹ ਆਪਣੀ ਉਂਗਲੀ ਨੂੰ ਖੂਨ ਵਿੱਚ ਡੁਬੋਏ ਅਤੇ ਸਭ ਤੋਂ ਪਵਿੱਤਰ ਸਥਾਨ ਦੇ ਪਰਦੇ ਦੇ ਸਾਹਮਣੇ ਯਹੋਵਾਹ ਦੇ ਸਨਮੁੱਖ ਸੱਤ ਵਾਰੀ ਖੂਣ ਛਿੜਕੇ। 7 ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਧੁਫ਼ ਵਾਲੀ ਜਗਵੇਦੀ ਦੇ ਕੋਨਿਆਂ ਉੱਪਰ ਛਿੜਕੇ। (ਇਹ ਜਗਵੇਦੀ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਬਲਦ ਦਾ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।) 8 ਅਤੇ ਉਸ ਨੂੰ ਚਾਹੀਦਾ ਹੈ ਕਿ ਪਾਪ ਦੀ ਭੇਟ ਵਾਲੇ ਬਲਦ ਦੀ ਸਾਰੀ ਚਰਬੀ ਇਕੱਠੀ ਕਰ ਲਵੇ। ਉਸ ਨੂੰ ਉਹ ਚਰਬੀ ਲੈਣੀ ਚਾਹੀਦੀ ਹੈ ਜਿਹੜੀ ਅੰਦਰਲੇ ਹਿਸਿਆਂ ਉੱਤੇ ਅਤੇ ਆਲੇ-ਦੁਆਲੇ ਹੈ। 9 ਉਹ ਦੋਵੇਂ ਗੁਰਦੇ ਅਤੇ ਉਨ੍ਹਾਂ ਉਤਲੀ ਪੁੱਠ ਦੇ ਹੇਠਲੇ ਹਿੱਸੇ ਦੀ ਚਰਬੀ ਅਤੇ ਕਲੇਜੀ ਦਾ ਚਰਬੀ ਵਾਲਾ ਹਿੱਸਾ ਲੈ ਲਵੇ ਜਿਸ ਨੂੰ ਉਹ ਗੁਰਦਿਆਂ ਦੇ ਨਾਲ ਲਾਹ ਲੈਂਦਾ ਹੈ। 10 ਉਸ ਨੂੰ ਇਨ੍ਹਾਂ ਹਿੱਸਿਆਂ ਨੂੰ ਉਸੇ ਤਰ੍ਹਾਂ ਲਾਹੁਣਾ ਚਾਹੀਦਾ ਜਿਵੇਂ ਸੁੱਖ-ਸਾਂਦ ਦੀ ਭੇਟ ਵਾਲੇ ਬਲਦ ਤੋਂ ਚਰਬੀ ਨੂੰ ਲਾਹਿਆ ਜਾਂਦਾ ਹੈ। [a] ਉਸ ਨੂੰ ਪਸ਼ੂ ਦੇ ਅੰਗਾਂ ਨੂੰ ਹੋਮ ਦੀ ਭੇਟ ਵਾਲੀ ਜਗਵੇਦੀ ਉੱਤੇ ਸਾੜ ਦੇਣ ਚਾਹੀਦਾ। 11-12 ਪਰ ਉਸ ਨੂੰ ਬਲਦ ਦੀ ਖੱਲ, ਇਸਦੇ ਅੰਦਰਲੇ ਹਿੱਸਿਆਂ ਅਤੇ ਇਸਦੇ ਸ਼ਰੀਰ ਦੀ ਰਹਿੰਦ-ਖੂੰਦ ਅਤੇ ਇਸਦੇ ਸਿਰ ਅਤੇ ਲੱਤਾਂ ਦਾ ਸਾਰਾ ਮਾਸ ਡੇਰੇ ਤੋਂ ਬਾਹਰ ਉਸ ਸਾਫ਼ ਥਾਵੇਂ ਲੈ ਜਾਣਾ ਚਾਹੀਦਾ ਜਿੱਥੇ ਰਾਖ ਸੁੱਟੀ ਜਾਂਦੀ ਹੈ। ਉਸ ਨੂੰ ਇਨ੍ਹਾਂ ਹਿੱਸਿਆਂ ਨੂੰ ਲੱਕੜਾਂ ਉੱਤੇ ਪਾਕੇ ਸਾੜ ਦੇਣਾ ਚਾਹੀਦਾ। ਬਲਦ ਨੂੰ ਉੱਥੇ ਸਾੜਿਆ ਜਾਵੇ ਜਿੱਥੇ ਰਾਖ ਸੁੱਟੀ ਜਾਂਦੀ ਹੈ।
13 “ਜੇਕਰ ਇਸਰਾਏਲ ਦੀ ਸਾਰੀ ਕੌਮ ਅਨਜਾਣੇ ਹੀ ਉਹ ਗੱਲ ਕਰਕੇ ਪਾਪ ਕਰੇ ਜਿਸ ਨੂੰ ਯਹੋਵਾਹ ਨੇ ਉਨ੍ਹਾਂ ਨੂੰ ਨਾ ਕਰਨ ਵਾਸਤੇ ਆਖਿਆ, ਉਹ ਦੋਸ਼ੀ ਹੋਣਗੇ, ਭਾਵੇਂ ਉਹ ਅਨਜਾਣ ਹਨ ਕਿ ਉਨ੍ਹਾਂ ਨੇ ਕੀਤਾ ਹੈ। 14 ਜਦੋਂ ਉਨ੍ਹਾਂ ਨੇ ਆਪਣੇ ਪਾਪ ਦਾ ਪਤਾ ਚੱਲ ਜਾਵੇ, ਉਨ੍ਹਾਂ ਨੂੰ ਸਾਰੀ ਕੌਮ ਖਾਤਰ ਇੱਕ ਜਵਾਨ ਬਲਦ ਪਾਪ ਦੀ ਭੇਟ ਵਜੋਂ ਯਹੋਵਾਹ ਨੂੰ ਚੜ੍ਹਾਉਣਾ ਚਾਹੀਦਾ ਹੈ, ਉਨ੍ਹਾਂ ਨੂੰ ਬਲਦ ਮੰਡਲੀ ਵਾਲੇ ਤੰਬੂ ਕੋਲ ਲੈ ਆਉਣਾ ਚਾਹੀਦਾ ਹੈ। 15 ਲੋਕਾਂ ਦੇ ਬਜ਼ੁਰਗ ਯਹੋਵਾਹ ਦੇ ਸਾਹਮਣੇ ਬਲਦ ਦੇ ਸਿਰ ਤੇ ਹੱਥ ਰੱਖਣ ਅਤੇ ਫ਼ੇਰ ਇਸ ਨੂੰ ਯਹੋਵਾਹ ਦੇ ਸਾਹਮਣੇ ਮਾਰਿਆ ਜਾਵੇਗਾ। 16 ਫ਼ੇਰ ਮਸਹ ਕੀਤਾ ਹੋਇਆ ਜਾਜਕ ਬਲਦ ਦਾ ਕੁਝ ਖੂਨ ਲਵੇ ਅਤੇ ਇਸ ਨੂੰ ਮੰਡਲੀ ਵਾਲੇ ਤੰਬੂ ਵਿੱਚ ਲੈ ਜਾਵੇ। 17 ਜਾਜਕ ਆਪਣੀ ਉਂਗਲੀ ਨੂੰ ਖੂਨ ਵਿੱਚ ਡੁਬੋਏ ਅਤੇ ਇਸ ਨੂੰ ਸੱਤ ਵਾਰੀ ਯਹੋਵਾਹ ਦੇ ਸਾਹਮਣੇ ਵਾਲੇ ਪਰਦੇ ਅੱਗੇ ਛਿੜਕੇ। 18 ਫ਼ੇਰ ਜਾਜਕ ਨੂੰ ਚਾਹੀਦਾ ਹੈ ਕਿ ਕੁਝ ਖੂਨ ਜਗਵੇਦੀ ਦੇ ਕੋਨਿਆਂ ਉੱਤੇ ਲਗਾ ਦੇਵੇ। (ਇਹ ਜਗਵੇਦੀ ਯਹੋਵਾਹ ਦੇ ਸਾਹਮਣੇ ਮੰਡਲੀ ਵਾਲੇ ਤੰਬੂ ਵਿੱਚ ਹੈ।) ਜਾਜਕ ਨੂੰ ਚਾਹੀਦਾ ਹੈ ਕਿ ਸਾਰਾ ਖੂਨ ਹੋਮ ਦੀ ਭੇਟ ਵਾਲੀ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਵੇ। (ਇਹ ਜਗਵੇਦੀ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਹੈ।) 19 ਫ਼ੇਰ ਜਾਜਕ ਨੂੰ ਜਾਨਵਰ ਦੀ ਸਾਰੀ ਚਰਬੀ ਲੈ ਲੈਣੀ ਚਾਹੀਦੀ ਹੈ ਅਤੇ ਇਸ ਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। 20 ਉਸ ਨੂੰ ਇਨ੍ਹਾਂ ਹਿੱਸਿਆਂ ਨੂੰ ਉਸੇ ਤਰ੍ਹਾਂ ਭੇਟ ਕਰਨਾ ਚਾਹੀਦਾ ਜਿਵੇਂ ਉਸ ਨੇ ਪਾਪ ਦੀ ਭੇਟ ਵਾਲੇ ਬਲਦ ਨੂੰ ਭੇਟ ਕੀਤਾ ਸੀ। [b] ਇਸ ਤਰ੍ਹਾਂ ਜਾਜਕ ਲੋਕਾਂ ਲਈ ਪਰਾਸਚਿਤ ਕਰੇਗਾ ਅਤੇ ਉਨ੍ਹਾਂ ਦੇ ਪਾਪ ਮੁਆਫ਼ ਹੋ ਜਾਣਗੇ। 21 ਜਾਜਕ ਨੂੰ ਚਾਹੀਦਾ ਹੈ ਕਿ ਇਸ ਬਲਦ ਨੂੰ ਡੇਰੇ ਤੋਂ ਬਾਹਰ ਲੈ ਜਾਵੇ ਅਤੇ ਸਾੜ ਦੇਵੇ, ਜਿਵੇਂ ਉਸ ਨੇ ਦੂਸਰੇ ਬਲਦ ਨੂੰ ਸਾੜਿਆ ਸੀ। ਇਹ ਸਾਰੀ ਕੌਮ ਲਈ ਪਾਪ ਦੀ ਭੇਟ ਹੈ।
22 “ਜਦੋਂ ਕੋਈ ਹਾਕਮ ਅਨਜਾਣੇ ਪਾਪ ਕਰਦਾ ਅਤੇ ਕੁਝ ਅਜਿਹਾ ਕਰਦਾ ਜਿਸ ਨੂੰ ਨਾ ਕਰਨ ਬਾਰੇ ਯਹੋਵਾਹ, ਉਸ ਦੇ ਪਰਮੇਸ਼ੁਰ, ਨੇ ਆਖਿਆ ਹੋਵੇ, ਉਹ ਦੋਸ਼ੀ ਹੋਵੇਗਾ। 23 ਜਦੋਂ ਹਾਕਮ ਆਪਣੇ ਪਾਪ ਬਾਰੇ ਜਾਣ ਜਾਵੇ, ਉਸ ਨੂੰ ਭੇਟ ਵਜੋਂ ਇੱਕ ਬੱਕਰੀ ਲਿਆਉਣੀ ਚਾਹੀਦੀ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ। 24 ਹਾਕਮ ਨੂੰ ਬੱਕਰੀ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਹੈ ਅਤੇ ਬੱਕਰੀ ਨੂੰ ਉਸੇ ਥਾਂ ਤੇ ਮਾਰਨਾ ਚਾਹੀਦਾ ਜਿੱਥੇ ਉਹ ਯਹੋਵਾਹ ਦੇ ਸਾਹਮਣੇ ਹੋਮ ਦੀ ਭੇਟ ਨੂੰ ਜ਼ਿਬਾਹ ਕਰਦੇ ਹਨ। ਇਹ ਬੱਕਰੀ ਪਾਪ ਦੀ ਭੇਟ ਹੈ। 25 ਜਾਜਕ ਨੂੰ ਚਾਹੀਦਾ ਹੈ ਕਿ ਪਾਪ ਦੀ ਭੇਟ ਦਾ ਖੂਨ ਆਪਣੀ ਉਂਗਲੀ ਉੱਤੇ ਲਾਵੇ ਅਤੇ ਇਸ ਨੂੰ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਦੇ ਕੋਨਿਆਂ ਉੱਤੇ ਲਾਵੇ। ਜਾਜਕ ਨੂੰ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। 26 ਉਸ ਨੂੰ ਬੱਕਰੀ ਦੀ ਸਾਰੀ ਚਰਬੀ ਜਗਵੇਦੀ ਉੱਤੇ ਉਸੇ ਤਰ੍ਹਾਂ ਸਾੜ ਦੇਣੀ ਚਾਹੀਦੀ ਹੈ ਜਿਵੇਂ ਉਹ ਸੁੱਖ-ਸਾਂਦ ਦੀ ਬਲੀ ਨੂੰ ਸਾੜਦਾ ਹੈ। ਇਸ ਤਰ੍ਹਾਂ, ਜਾਜਕ ਹਾਕਮ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਹਾਕਮ ਨੂੰ ਮੁਆਫ਼ ਕਰ ਦੇਵੇਗਾ।
27 “ਜਦੋਂ ਕੋਈ ਸਧਾਰਣ ਆਦਮੀ ਅਚਨਚੇਤੀ ਹੀ ਪਾਪ ਕਰਦਾ ਅਤੇ ਕੁਝ ਅਜਿਹਾ ਕਰਦਾ ਜਿਸ ਨੂੰ ਨਾ ਕੀਤੇ ਜਾਣ ਲਈ ਯਹੋਵਾਹ ਨੇ ਆਖਿਆ, ਉਹ ਦੋਸ਼ੀ ਹੋਵੇਗਾ। 28 ਜਦੋਂ ਉਹ ਬੰਦਾ ਆਪਣੇ ਪਾਪ ਬਾਰੇ ਜਾਣ ਜਾਂਦਾ ਹੈ ਤਾਂ ਉਸ ਨੂੰ ਇੱਕ ਬੱਕਰੀ ਲੈ ਕੇ ਆਉਣੀ ਚਾਹੀਦੀ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ। ਉਸ ਨੂੰ ਇਹ ਬੱਕਰੀ ਆਪਣੇ ਪਾਪ ਦੀ ਖਾਤਿਰ ਆਪਣੀ ਭੇਟ ਵਜੋਂ ਲਿਆਉਣੀ ਚਾਹੀਦੀ ਹੈ। 29 ਉਸ ਨੂੰ ਆਪਣਾ ਹੱਥ ਬੱਕਰੀ ਦੇ ਸਿਰ ਉੱਤੇ ਰੱਖਣਾ ਚਾਹੀਦਾ ਹੈ ਅਤੇ ਇਸ ਨੂੰ ਹੋਮ ਦੀ ਭੇਟ ਵਾਲੀ ਥਾਂ ਉੱਤੇ ਮਾਰਨਾ ਚਾਹੀਦਾ। 30 ਫ਼ੇਰ ਜਾਜਕ ਨੂੰ ਆਪਣੀ ਉਂਗਲੀ ਉੱਤੇ ਬੱਕਰੀ ਦਾ ਕੁਝ ਖੂਨ ਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਹੋਮ ਦੀ ਭੇਟ ਦੀ ਜਗਵੇਦੀ ਦੇ ਕੋਨਿਆਂ ਉੱਤੇ ਲਾਉਣਾ ਚਾਹੀਦਾ ਹੈ। ਉਸ ਨੂੰ ਬਾਕੀ ਦਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। 31 ਉਸ ਨੂੰ ਬੱਕਰੀ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸ ਨੇ ਸੁੱਖ-ਸਾਂਦ ਦੀਆਂ ਭੇਟਾਂ ਦੀ ਚਰਬੀ ਚੜ੍ਹਾਈ ਸੀ। ਉਹ ਇਸ ਨੂੰ ਭਿਂਨੀ ਸੁਗੰਧੀ ਵਜੋਂ ਜਗਵੇਦੀ ਉੱਤੇ ਸਾੜੇ ਜੋ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। ਇਸ ਤਰ੍ਹਾਂ ਜਾਜਕ ਉਸ ਬੰਦੇ ਲਈ ਪਰਾਸਚਿਤ ਕਰੇਗਾ ਅਤੇ ਉਸਦਾ ਪਾਪ ਮਾਫ਼ ਹੋ ਜਾਵੇਗਾ।
32 “ਜੇ ਉਹ ਬੰਦਾ ਆਪਣੇ ਪਾਪ ਦੀ ਭੇਟ ਲਈ ਲੇਲਾ ਲੈ ਕੇ ਆਉਂਦਾ ਹੈ, ਤਾਂ ਉਸ ਨੂੰ ਮਾਦਾ ਲੇਲਾ ਲੈ ਕੇ ਆਉਣਾ ਚਾਹੀਦਾ ਹੈ ਜਿਸ ਵਿੱਚ ਕੋਈ ਨੁਕਸ ਨਾ ਹੋਵੇ। 33 ਉਸ ਬੰਦੇ ਨੂੰ ਜਾਨਵਰ ਦੇ ਸਿਰ ਤੇ ਆਪਣਾ ਹੱਥ ਰੱਖਣਾ ਚਾਹੀਦਾ ਅਤੇ ਇਸ ਨੂੰ ਉਸੇ ਥਾਂ ਤੇ ਪਾਪ ਦੀ ਭੇਟ ਵਜੋਂ ਮਾਰਨਾ ਚਾਹੀਦਾ ਹੈ ਜਿੱਥੇ ਉਹ ਹੋਮ ਦੀ ਭੇਟ ਦੇ ਜਾਨਵਰ ਨੂੰ ਮਾਰਦੇ ਹਨ। 34 ਜਾਜਕ ਨੂੰ ਪਾਪ ਦੀ ਭੇਟ ਦਾ ਕੁਝ ਖੂਨ ਆਪਣੀ ਉਂਗਲੀ ਉੱਤੇ ਲਾਉਣਾ ਚਾਹੀਦਾ ਹੈ ਅਤੇ ਇਸ ਨੂੰ ਹੋਮ ਦੀਆਂ ਭੇਟਾਂ ਵਾਲੀ ਜਗਵੇਦੀ ਦੇ ਕੋਨਿਆਂ ਉੱਤੇ ਲਾਉਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਲੇਲੇ ਦਾ ਸਾਰਾ ਖੂਨ ਜਗਵੇਦੀ ਦੇ ਥੜੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। 35 ਉਸ ਨੂੰ ਲੇਲੇ ਦੀ ਸਾਰੀ ਚਰਬੀ ਉਸੇ ਤਰ੍ਹਾਂ ਭੇਟ ਕਰ ਦੇਣੀ ਚਾਹੀਦੀ ਹੈ ਜਿਵੇਂ ਉਸ ਨੇ ਸੁੱਖ-ਸਾਂਦ ਦੀ ਭੇਟ ਵਾਲੇ ਲੇਲੇ ਦੀ ਚਰਬੀ ਭੇਟ ਕੀਤੀ ਸੀ। ਜਾਜਕ ਨੂੰ ਇਸ ਨੂੰ ਯਹੋਵਾਹ ਨੂੰ ਅੱਗ ਦੁਆਰਾ ਦਿੱਤੇ ਹੋਰਨਾਂ ਚੜ੍ਹਾਵਿਆਂ ਦੇ ਨਾਲ ਜਗਵੇਦੀ ਉੱਤੇ ਸਾੜਨਾ ਚਾਹੀਦਾ ਹੈ। ਇਸ ਤਰ੍ਹਾਂ ਜਾਜਕ ਉਸ ਵਿਅਕਤੀ ਦੇ ਕੀਤੇ ਪਾਪਾਂ ਦੇ ਲਈ ਪਰਾਸਚਿਤ ਕਰੇਗਾ ਅਤੇ ਪਰਮੇਸ਼ੁਰ ਉਸ ਵਿਅਕਤੀ ਨੂੰ ਮੁਆਫ਼ ਕਰ ਦੇਵੇਗਾ।
ਭਾਗ
(ਜ਼ਬੂਰ 1-41)
1 ਉਹ ਵਿਅਕਤੀ ਵਡਭਾਗਾ ਹੈ
ਜਿਹੜਾ ਬੁਰੇ ਬੰਦਿਆਂ ਦੀਆਂ ਸਲਾਹਾਂ ਨਹੀਂ ਲੈਂਦਾ
ਅਤੇ ਜਿਹੜਾ ਪਾਪੀਆਂ ਵਾਂਗ ਨਹੀਂ ਜਿਉਂਦਾ।
ਅਤੇ ਉਨ੍ਹਾਂ ਲੋਕਾਂ ਨਾਲ ਨਹੀਂ ਰਲਦਾ ਜਿਹੜੇ ਪਰਮੇਸ਼ੁਰ ਨੂੰ ਮਾਨ ਨਹੀਂ ਦਿੰਦੇ।
2 ਇੱਕ ਚੰਗਾ ਵਿਅਕਤੀ, ਯਹੋਵਾਹ ਦੇ ਉਪਦੇਸ਼ਾਂ ਨੂੰ ਪਿਆਰ ਕਰਦਾ,
ਅਤੇ ਉਹ ਉਨ੍ਹਾਂ ਤੇ ਦਿਨ ਰਾਤ ਸੋਚ ਵਿੱਚਾਰ ਕਰਦਾ ਹੈ।
3 ਇਸ ਤਰ੍ਹਾਂ ਉਹ ਉਸ ਰੁੱਖ ਵਾਂਗ ਬਲਵਾਨ ਬਣ ਜਾਂਦਾ ਹੈ ਜਿਹੜਾ ਨਦੀ ਦੇ ਕਿਨਾਰੇ ਉੱਤੇ ਬਰਾਬਰੀ ਨਾਲ ਵੱਧਦਾ ਹੈ।
ਅਤੇ ਉਹ ਰੁੱਖ ਉਪਯੁਕਤ ਸਮੇਂ ਤੇ ਫ਼ਲ ਦਿੰਦਾ ਹੈ।
ਉਹ ਉਸ ਰੁੱਖ ਵਰਗਾ ਹੈ ਜਿਸਦੇ ਪੱਤੇ ਨਹੀਂ ਸੁੱਕਦੇ
ਅਤੇ ਉਹ ਆਪਣੇ ਹਰ ਅਮਲ ਵਿੱਚ ਫ਼ਲਦਾਇੱਕ ਹੋ ਜਾਂਦਾ ਹੈ।
4 ਪਰ ਬੁਰੇ ਵਿਅਕਤੀ ਇਸ ਤਰ੍ਹਾਂ ਨਹੀਂ ਹਨ।
ਬੁਰੇ ਵਿਅਕਤੀ ਉਸ ਤੂੜੀ ਵਰਗੇ ਹਨ ਜਿਹੜੀ ਹਵਾ ਦੇ ਨਾਲ ਉੱਡ ਜਾਂਦੀ ਹੈ।
5 ਜੇ ਨੇਕ ਬੰਦੇ ਕਿਸੇ ਅਦਾਲਤੀ ਮੁਕੱਦਮੇ ਦਾ ਨਿਆਂ ਕਰਨ ਲਈ ਇਕੱਠੇ ਹੁੰਦੇ ਹਨ, ਤਾਂ ਬੁਰੇ ਵਿਅਕਤੀਆਂ ਨੂੰ ਬੁਰੇ ਅਮਲਾਂ ਵਾਸਤੇ ਦੋਸ਼ੀ ਠਹਿਰਾਇਆ ਜਾਵੇਗਾ।
ਉਨ੍ਹਾਂ ਪਾਪੀਆਂ ਦਾ ਨਿਆਂ ਬੇਕਸੂਰਾਂ ਵਾਂਗ ਨਹੀਂ ਹੋਵੇਗਾ।
6 ਕਿਉਂਕਿ ਯਹੋਵਾਹ, ਚੰਗੇ ਬੰਦਿਆਂ ਦੀ ਰੱਖਿਆ ਕਰਦਾ ਹੈ,
ਪਰ ਬੁਰੇ ਵਿਅਕਤੀਆਂ ਨੂੰ ਖਤਮ ਕਰਦਾ ਹੈ।
2 ਪਰਾਈਆਂ ਕੌਮਾਂ ਦੇ ਲੋਕ ਇੰਨੇ ਕ੍ਰੋਧ ਵਿੱਚ ਕਿਉਂ ਹਨ?
ਉਹ ਐਸੀਆਂ ਯੋਜਨਾਵਾਂ ਕਿਉਂ ਬਣਾ ਰਹੇ ਹਨ ਜਿਹੜੀਆਂ ਵਿਅਰਥ ਹਨ?
2 ਉਨ੍ਹਾਂ ਦੇ ਰਾਜੇ ਅਤੇ ਆਗੂ ਯਹੋਵਾਹ ਦੇ ਖਿਲਾਫ਼ ਅਤੇ ਉਸ ਰਾਜੇ ਦੇ ਖਿਲਾਫ਼ ਲੜਨ ਲਈ
ਇੱਕ ਜੁਟ ਹੋ ਗਏ ਹਨ ਜੋ ਉਸ ਦੁਆਰਾ ਚੁਣਿਆ ਗਿਆ ਹੈ।
3 ਉਨ੍ਹਾਂ ਆਗੂਆਂ ਨੇ ਆਖਿਆ, “ਯਹੋਵਾਹ ਦੇ ਖਿਲਾਫ਼ ਨਾਲੇ ਉਸ ਰਾਜੇ ਦੇ ਖਿਲਾਫ਼ ਵਿਦ੍ਰੋਹ ਕਰੀਏ ਜੋ ਉਸ ਦੁਆਰਾ ਚੁਣਿਆ ਗਿਆ ਹੈ।
ਆਓ। ਆਪਾਂ ਇਨ੍ਹਾਂ ਬੰਧਨਾਂ ਨੂੰ ਵੱਢ ਸੁੱਟੀਏ ਜਿਨ੍ਹਾਂ ਨੇ ਸਾਨੂੰ ਬੰਨ੍ਹ ਰੱਖਿਆ ਹੈ ਅਤੇ ਉਨਾਂ ਤੋਂ ਆਜ਼ਾਦ ਹੋ ਜਾਈਏ।”
4 ਪਰ ਮੇਰਾ ਮਾਲਕ, ਸਵਰਗ ਦਾ ਰਾਜਾ,
ਉਨ੍ਹਾਂ ਲੋਕਾਂ ਉੱਤੇ ਹੱਸਦਾ ਹੈ।
5 ਪਰਮੇਸ਼ੁਰ ਗੁੱਸੇ ਹੈ ਅਤੇ ਉਨ੍ਹਾਂ ਲੋਕਾਂ ਨੂੰ ਦੱਸਦਾ ਹੈ,
“ਇਹ ਮੈਂ ਹੀ ਸੀ ਜਿਸਨੇ ਉਸ ਆਦਮੀ ਨੂੰ ਰਾਜਾ ਹੋਣ ਲਈ ਚੁਣਿਆ ਸੀ।
6 ਅਤੇ ਉਹ ਪਰਬਤ ਸੀਯੋਨ ਉੱਤੇ ਰਾਜ ਕਰੇਗਾ।
ਸੀਯੋਨ ਮੇਰਾ ਪਵਿੱਤਰ ਪਰਬਤ ਹੈ।
ਅਤੇ ਇਸ ਨਾਲ ਉਹ ਆਗੂ ਭੈਭੀਤ ਹੋ ਰਹੇ ਹਨ।”
7 ਹੁਣ ਮੈਂ ਤੁਹਾਨੂੰ ਪਰਮੇਸ਼ੁਰ ਦੇ ਕਰਾਰ ਬਾਰੇ ਦੱਸਾਂਗਾ।
ਪਰਮੇਸ਼ੁਰ ਨੇ ਮੈਨੂੰ ਆਖਿਆ।
“ਅੱਜ ਤੋਂ ਮੈਂ ਤੇਰਾ ਪਿਤਾ ਹਾਂ।
ਅਤੇ ਤੂੰ ਮੇਰਾ ਪੁੱਤਰ ਹੈਂ।
8 ਤੁਸੀਂ ਮੈਥੋਂ ਜਿਸ ਕਾਸੇ ਦੀ ਵੀ ਮੰਗ ਕਰੋਂਗੇ, ਮੈਂ ਤੁਹਾਨੂੰ ਸਾਰੀਆਂ ਕੌਮਾਂ ਦੇ ਦਿਆਂਗਾ।
ਸਾਰੀ ਧਰਤੀ ਦੇ ਲੋਕ ਤੇਰੇ ਆਪਣੇ ਹੋਣਗੇ।
9 ਉਨ੍ਹਾਂ ਕੌਮਾਂ ਨੂੰ ਤਬਾਹ ਕਰਨ ਯੋਗ ਹੋਵੇਂਗਾ,
ਜਿਵੇਂ ਲੋਹੇ ਦਾ ਡੰਡਾ ਮਿੱਟੀ ਦੇ ਗਮਿਲਆਂ ਨੂੰ ਚਕਨਾਚੂਰ ਕਰਨ ਦੇ ਯੋਗ ਹੁੰਦਾ ਹੈ।”
10 ਇਸੇ ਲਈ, ਰਾਜਿਓ ਤੁਸੀਂ ਸਿਆਣੇ ਬਣੋ।
ਤੁਸੀਂ ਸਾਰੇ ਆਗੂਓ, ਇਹ ਸਬਕ ਸਿੱਖ ਲਉ।
11 ਯਹੋਵਾਹ ਨੂੰ ਸ਼ਰਧਾ ਨਾਲ ਮੰਨੋ।
12 ਦਰਸ਼ਾਉ ਕਿ ਤੁਸੀਂ ਸਾਰੇ ਪਰਮੇਸ਼ੁਰ ਦੇ ਪੁੱਤਰ ਨੂੰ ਵਫ਼ਾਦਾਰ ਹੋ।
ਜੇ ਤੁਸੀਂ ਅਜਿਹਾ ਨਹੀਂ ਕਰੋਂਗੇ, ਉਹ ਗੁੱਸੇ ਹੋਵੇਗਾ ਤੇ ਤੁਹਾਨੂੰ ਖਤਮ ਕਰ ਦੇਵੇਗਾ।
ਉਹ ਵਡਭਾਗੇ ਹਨ ਜਿਹੜੇ ਪਰਮੇਸ਼ੁਰ ਵਿੱਚ ਯਕੀਨ ਰੱਖਦੇ ਹਨ।
ਪਰ ਹੋਰਾਂ ਨੂੰ ਹੁਸ਼ਿਆਰ ਰਹਿਣਾ ਚਾਹੀਦਾ ਹੈ।
ਯਹੋਵਾਹ ਆਪਣਾ ਗੁੱਸਾ ਦਰਸਾਉਣ ਲਈ ਤਿਆਰ ਹੈ।
19 ਜਿਹੜਾ ਗਰੀਬ ਨਿਰਦੋਸ਼ ਹੈ ਉਸ ਮੂਰਖ ਨਾਲੋਂ ਬਿਹਤਰ ਹੈ ਜੋ ਦੁਸ਼ਟ ਗੱਲਾਂ ਕਰਦਾ ਹੈ।
2 ਗਿਆਨ ਤੋਂ ਬਿਨਾ ਇੱਛਾ ਕਾਫ਼ੀ ਨਹੀਂ ਅਤੇ ਜਿਹੜਾ ਵਿਅਕਤੀ ਤੇਜ਼ੀ ਵਿੱਚ ਰਹਿੰਦਾ ਗਲਤੀਆਂ ਕਰਦਾ।
3 ਕਿਸੇ ਬੰਦੇ ਦੀ ਆਪਣੀ ਮੂਰੱਖਤਾ ਹੀ ਉਸ ਨੂੰ ਤਬਾਹ ਕਰ ਦੇਵੇਗੀ। ਪਰ ਉਹ ਯਹੋਵਾਹ ਨੂੰ ਦੋਸ਼ੀ ਠਹਿਰਾਵੇਗਾ।
4 ਜੇ ਕੋਈ ਬੰਦਾ ਅਮੀਰ ਹੈ, ਤਾਂ ਉਸਦੀ ਦੌਲਤ ਉਸ ਦੇ ਕਈ ਦੋਸਤ ਪੈਦਾ ਕਰੇਗੀ। ਪਰ ਜੇ ਕੋਈ ਬੰਦਾ ਗਰੀਬ ਹੈ ਤਾਂ ਉਸ ਦੇ ਸਾਰੇ ਦੋਸਤ ਉਸਦਾ ਸਾਥ ਛੱਡ ਦੇਣਗੇ।
5 ਜਿਹੜਾ ਬੰਦਾ ਕਿਸੇ ਹੋਰ ਦੇ ਖਿਲਾਫ਼ ਝੂਠ ਬੋਲਦਾ ਹੈ ਉਸ ਨੂੰ ਸਜ਼ਾ ਮਿਲੇਗੀ। ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਸੁਰੱਖਿਅਤ ਨਹੀਂ ਰਹੇਗਾ।
6 ਅਨੇਕਾਂ ਲੋਕ ਸ਼ਾਸਕ ਨੂੰ ਮਿਲਣਾ ਚਾਹੁੰਦੇ ਹਨ, ਅਤੇ ਹਰ ਕੋਈ ਉਸਦਾ ਦੋਸਤ ਬਣਨਾ ਚਾਹੁੰਦਾ ਜੋ ਸੁਗਾਤਾਂ ਦਿੰਦਾ ਹੈ।
7 ਇੱਕ ਗਰੀਬ ਆਦਮੀ ਆਪਣੇ ਹੀ ਰਿਸ਼ਤੇਦਾਰਾਂ ਦੁਆਰਾ ਵੀ ਤਿਰਸੱਕਾਰਿਆ ਜਾਂਦਾ ਹੈ, ਤਾਂ ਉਸਦਾ ਉਸ ਦੇ ਦੋਸਤਾਂ ਦੁਆਰਾ ਕਿੰਨਾ ਪਰਹੇਜ ਹੁੰਦਾ ਹੋਵੇਗਾ। ਉਹ ਉਨ੍ਹਾਂ ਅੱਗੇ ਬੇਨਤੀ ਕਰਦਾ, ਪਰ ਉਹ ਪਰਵਾਹ ਨਹੀਂ ਕਰਦੇ ਹਨ।
8 ਜਿਹੜਾ ਵਿਅਕਤੀ ਗਿਆਨ ਹਾਸਿਲ ਕਰ ਲੈਂਦਾ ਹੈ, ਆਪਣੇ-ਆਪ ਦਾ ਖਿਆਲ ਰੱਖਦਾ ਹੈ, ਜਿਹੜਾ ਵਿਅਕਤੀ ਸਿਖਦਾ ਰਹਿੰਦਾ ਹੈ, ਉੱਨਤੀ ਕਰਦਾ ਰਹਿੰਦਾ ਹੈ।
9 ਝੂਠੇ ਗਵਾਹ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ! ਜਿਹੜਾ ਬੰਦਾ ਝੂਠ ਬੋਲਦਾ ਹੈ ਉਹ ਤਬਾਹ ਹੋ ਜਾਵੇਗਾ।
10 ਕਿਸੇ ਮੂਰਖ ਲਈ ਐਸ਼ ਨਾਲ ਜਿਉਂਣਾ, ਉਪਯੁਕਤ ਨਹੀਂ, ਇਹ ਕਿੰਨਾ ਬੱਦਤਰ ਹੋਵੇਗਾ ਜੇਕਰ ਕੋਈ ਗੁਲਾਮ ਸ਼ਹਿਜਾਦਿਆਂ ਉੱਪਰ ਰਾਜ ਕਰੇ।
11 ਜੇ ਕੋਈ ਬੰਦਾ ਸੂਝਵਾਨ ਹੈ ਉਹ ਧੀਰਜ ਨੂੰ ਸਿਖਦਾ ਅਤੇ ਇਹ ਉਸਦੀ ਮਹਿਮਾ ਹੁੰਦੀ ਹੈ ਜਦੋਂ ਉਹ ਤਿਰਸੱਕਾਰ ਨੂੰ ਮੁਆਫ਼ ਕਰ ਦਿੰਦਾ ਹੈ।
12 ਰਾਜੇ ਦੇ ਗੁੱਸੇ ਭਰੇ ਬੋਲ ਬੱਬਰਸ਼ੇਰ ਦੀ ਗਰਜ ਵਰਗੇ ਹਨ। ਪਰ ਉਸਦੀਆਂ ਸ਼ੁਭਕਾਮਨਾਵਾਂ ਘਾਹ ਉੱਤੇ ਕੋਮਲਤਾ ਨਾਲ ਡਿੱਗਦੀ ਫ਼ੁਹਾਰ ਵਾਂਗ ਹੁੰਦੀਆਂ ਹਨ।
13 ਇੱਕ ਮੂਰਖ ਪੁੱਤਰ ਆਪਣੇ ਪਿਤਾ ਦੀ ਬਿਪਤਾ ਹੁੰਦਾ ਹੈ, ਅਤੇ ਇੱਕ ਝਗੜਾਲੂ ਪਤਨੀ ਛੱਤ ਵਿੱਚਲੇ ਛੇਕ ਵਾਂਗ ਹੁੰਦੀ ਹੈ।
14 ਵਿਅਕਤੀ ਨੂੰ ਆਪਣੇ ਹੀ ਮਾਪਿਆਂ ਤੋਂ ਪੈਸੇ ਅਤੇ ਘਰ ਪ੍ਰਾਪਤ ਹੁੰਦਾ ਹੈ, ਪਰ ਇੱਕ ਸੂਝਵਾਨ ਪਤਨੀ ਯਹੋਵਾਹ ਵੱਲੋਂ ਮਿਲੀ ਸੁਗਾਤ ਹੈ।
15 ਸੁਸਤ ਆਦਮੀ ਭਾਵੇਂ ਕਿੰਨਾ ਵੀ ਸੌਂ ਲਵੇ ਪਰ ਉਹ ਬਹੁਤ ਭੁੱਖਾ ਹੀ ਹੋਵੇਗਾ।
16 ਜਿਹੜਾ ਵਿਅਕਤੀ ਹੁਕਮ ਨੂੰ ਪੂਰਦਾ ਆਪਣੇ ਜੀਵਨ ਦਾ ਬਚਾਉ ਕਰੇਗਾ, ਪਰ ਉਹ ਜਿਹੜਾ ਆਪਣਾ ਜੀਵਨ ਬਾਰੇ ਧਿਆਨ ਨਹੀਂ ਦਿੰਦਾ ਮਾਰਿਆ ਜਾਵੇਗਾ।
17 ਗਰੀਬ ਲੋਕਾਂ ਦਾ ਲਿਹਾਜ ਕਰਨਾ ਯਹੋਵਾਹ ਨੂੰ ਪੈਸੇ ਉਧਾਰ ਦੇਣ ਵਰਗੀ ਗੱਲ ਹੈ, ਉਹ ਪ੍ਰਪੱਕ ਹੀ ਤੁਹਾਨੂੰ ਅਦਾਇਗੀ ਕਰੇਗਾ।
18 ਉਮੀਦ ਰਹਿੰਦਿਆਂ ਹੀ ਆਪਣੇ ਪੁੱਤਰ ਨੂੰ ਅਨੁਸ਼ਾਸਿਤ ਕਰੋ। ਜੇ ਤੁਸੀਂ ਅਜਿਹਾ ਕਰਨ ਤੋਂ ਇਨਕਾਰ ਕਰੋਂਗੇ, ਤਾਂ ਤੁਸੀਂ ਉਸਦੀ, ਆਪਣੇ-ਆਪ ਨੂੰ ਤਬਾਹ ਕਰਨ ਲਈ, ਸਹਾਇਤਾ ਕਰ ਰਹੇ ਹੋਵੋਂਗੇ।
19 ਛੇਤੀ ਗੁੱਸੇ ਵਿੱਚ ਆ ਜਾਣ ਵਾਲੇ ਵਿਅਕਤੀ ਨੂੰ ਕੀਮਤ ਜ਼ਰੂਰ ਦੇਣੀ ਪੈਂਦੀ ਹੈ। ਜੇਕਰ ਤੁਸੀਂ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕਰੋਂਗੇ, ਤੁਹਾਨੂੰ ਇਹ ਬਾਰ-ਬਾਰ ਕਰਨਾ ਪਵੇਗਾ।
20 ਮਸ਼ਵਰੇ ਨੂੰ ਸੁਣੋ ਅਤੇ ਸੁਧਾਰ ਨੂੰ ਪ੍ਰਵਾਨ ਕਰੋ ਤਾਂ ਜੋ ਅਖੀਰ ਵਿੱਚ ਤੁਸੀਂ ਸਿਆਣੇ ਬਣ ਜਾਵੋਂਗੇ।
21 ਆਦਮੀ ਅਨੇਕਾਂ ਯੋਜਨਾਵਾਂ ਬਣਾਉਂਦਾ, ਪਰ ਯਹੋਵਾਹ ਦੀ ਰਜ਼ਾ ਨਿਸ਼ਚਾ ਕਰਦੀ ਹੈ ਕਿ ਕੀ ਵਾਪਰੇਗਾ।
22 ਲੋਕ ਵਫ਼ਾਦਾਰ ਆਦਮੀ ਨੂੰ ਪਸੰਦ ਕਰਦੇ ਹਨ, ਇਸ ਲਈ ਗਰੀਬ ਅਤੇ ਭਰੋਸੇਯੋਗ ਹੋਣਾ ਝੂਠੇ ਨਾਲੋਂ ਬਿਹਤਰ ਹੈ।
23 ਯਹੋਵਾਹ ਦਾ ਡਰ ਜਿੰਦਗ਼ੀ ਵੱਲ ਅਗਵਾਈ ਕਰਦਾ ਹੈ ਜੋ ਕੋਈ ਵੀ ਇਸ ਨਾਲ ਭਰਪੂਰ ਹੈ ਉਹ ਬਿਨਾਂ ਕਿਸੇ ਵੀ ਸਮੱਸਿਆ ਤੋਂ ਆਰਾਮ ਨਾਲ ਬੱਚ ਸੱਕਦਾ ਹੈ ਅਤੇ ਸਾਂਤੀ ਪ੍ਰਾਪਤ ਕਰਦਾ ਹੈ।
24 ਇੱਕ ਆਲਸੀ ਬੰਦਾ ਭਾਂਡੇ ਵਿੱਚ ਆਪਣਾ ਹੱਥ ਪਾਉਂਦਾ ਹੈ, ਪਰ ਇਸ ਨੂੰ ਮੂੰਹ ਤਾਈਂ ਚੁੱਕਣ ਨੂੰ ਬਹੁਤ ਮੁਸ਼ਕਿਲ ਮਹਿਸੂਸ ਕਰਦਾ ਹੈ।
25 ਬੇਅਦਬ ਵਿਅਕਤੀ ਨੂੰ ਕੁੱਟੋ ਅਤੇ ਇੱਕ ਆਮ ਆਦਮੀ ਇਸਤੋਂ ਸਿੱਖੇਗਾ। ਇੱਕ ਸੂਝਵਾਨ ਆਦਮੀ ਨੂੰ ਝਿੜਕੋ, ਅਤੇ ਉਹ ਇੱਕ ਸਬਕ ਸਿੱਖ ਜਾਵੇਗਾ।
26 ਜਿਹੜਾ ਪੁੱਤਰ ਆਪਣੇ ਪਿਤਾ ਤੋਂ ਚੋਰੀ ਕਰੇ ਅਤੇ ਆਪਣੀ ਮਾਂ ਨੂੰ ਦੂਰ ਭਜਾ ਦੇਵੇ ਘ੍ਰਿਣਾਯੋਗ ਹੈ ਅਤੇ ਉਹ ਸ਼ਰਮਿੰਦਗੀ ਦਾ ਕਾਰਣ ਬਣਦਾ ਹੈ।
27 ਜੇ ਤੁਸੀਂ ਨਿਰਦੇਸ਼ਾਂ ਨੂੰ ਸੁਣਨਾ ਛੱਡ ਦਿਓਗੇ ਤਾਂ ਤੁਸੀਂ ਮੂਰੱਖਤਾ ਭਰੀਆਂ ਗ਼ਲਤੀਆਂ ਕਰਦੇ ਰਹੋਂਗੇ।
28 ਵਿਅਰਥ ਗਵਾਹ ਇਨਸਾਫ਼ ਤੇ ਹੱਸਦਾ, ਅਤੇ ਇੱਕ ਬਦ ਆਦਮੀ ਦਾ ਮੂੰਹ ਬਦੀ ਨੂੰ ਨਿਗਲ ਜਾਂਦਾ ਹੈ।
29 ਮਖੌਲੀਆਂ ਨੂੰ ਸਜ਼ਾ ਮਿਲੇਗੀ। ਅਤੇ ਮੂਰਖ ਆਦਮੀ ਨੂੰ ਕੋੜੇ ਮਾਰੇ ਜਾਣਗੇ।
2 ਮੈ ਚਾਹੁੰਨਾ ਕਿ ਤੁਸੀਂ ਇਹ ਜਾਣ ਲਵੋ ਕਿ ਮੈਂ ਤੁਹਾਡੀ ਸਹਾਇਤਾ ਕਰਨ ਲਈ ਬਹੁਤ ਸਖਤ ਕੋਸ਼ਿਸ਼ ਕਰ ਰਿਹਾ ਹਾਂ। ਅਤੇ ਮੈਂ ਲਾਉਦਿਕੀਆ ਦੇ ਲੋਕਾਂ ਅਤੇ ਉਨ੍ਹਾਂ ਹੋਰ ਲੋਕਾਂ ਦੀ ਸਹਾਇਤਾ ਕਰਨ ਲਈ ਕੋਸ਼ਿਸ਼ ਕਰ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕਦੇ ਦੇਖਿਆ ਨਹੀਂ। 2 ਮੈਂ ਚਾਹੁੰਦਾ ਹਾਂ ਕਿ ਉਹ ਮਜ਼ਬੂਤ ਹੋਣ ਅਤੇ ਪ੍ਰੇਮ ਨਾਲ ਇੱਕਮੁੱਠ ਹੋਣ। ਮੈਂ ਅਜਿਹਾ ਇਸ ਲਈ ਕਰ ਰਿਹਾ ਹਾਂ ਤਾਂ ਕਿ ਉਹ ਹੌਂਸਲੇਮੰਦ ਅਤੇ ਪ੍ਰੇਮ ਨਾਲ ਸੰਯੁਕਤ ਹੋਣਗੇ। ਮੈਂ ਉਨ੍ਹਾਂ ਨੂੰ ਉਸ ਵਿਸ਼ਵਾਸ ਵਿੱਚ ਪੂਰੀ ਤਰ੍ਹਾਂ ਅਮੀਰ ਹੋਇਆ ਦੇਖਣਾ ਚਾਹੁੰਦਾ ਹਾਂ ਜੋ ਸਮਝਦਾਰੀ ਤੋਂ ਆਉਂਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਪੂਰੀ ਤਰ੍ਹਾਂ ਉਸ ਗੁਪਤ ਸੱਚ ਬਾਰੇ ਜਾਣ ਜਾਵੋਂ ਜੋ ਪਰਮੇਸ਼ੁਰ ਨੇ ਪਰਗਟ ਕੀਤਾ ਹੈ। ਇਹ ਸੱਚ ਮਸੀਹ ਹੀ ਹੈ। 3 ਮਸੀਹ ਵਿੱਚ, ਸਿਆਣਪ ਅਤੇ ਗਿਆਨ ਦੇ ਸਾਰੇ ਖਜ਼ਾਨੇ ਲੁਕੇ ਹੋਏ ਹਨ।
4 ਇਹ ਗੱਲਾਂ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਹਾਂ ਤਾਂ ਜੋ ਕੋਈ ਵੀ ਵਿਅਕਤੀ ਤੁਹਾਨੂੰ ਮਿੱਠੀਆਂ ਗੱਲਾਂ ਰਾਹੀਂ ਮੂਰਖ ਨਾ ਬਣਾ ਸੱਕੇ ਜਿਹੜੀਆਂ ਲੱਗਦੀਆਂ ਤਾਂ ਚੰਗੀਆਂ ਹਨ ਪਰ ਅਸਲ ਵਿੱਚ ਝੂਠੀਆਂ ਹਨ। 5 ਹਾਲਾਂ ਕਿ ਮੈਂ ਤੁਹਾਡੇ ਨਾਲ, ਸਰੀਰ ਵਿੱਚ ਨਹੀਂ ਹਾਂ, ਮੇਰਾ ਦਿਲ ਤੁਹਾਡੇ ਨਾਲ ਹੈ। ਮੈਂ ਤੁਹਾਡੇ ਚੰਗੇ ਜੀਵਨ ਅਤੇ ਮਸੀਹ ਵਿੱਚ ਤੁਹਾਡੇ ਤਕੜੇ ਵਿਸ਼ਵਾਸ ਨੂੰ ਦੇਖਕੇ ਖੁਸ਼ ਹਾਂ।
ਮਸੀਹ ਵਿੱਚ ਜਿਉਣਾ ਜਾਰੀ ਰੱਖੋ
6 ਤੁਸੀਂ ਯਿਸੂ ਮਸੀਹ ਨੂੰ ਪ੍ਰਭੂ ਵਾਂਗ ਕਬੂਲ ਕੀਤਾ। ਇਸ ਲਈ ਉਸ ਵਿੱਚ ਜਿਉਣਾ ਜਾਰੀ ਰੱਖੋ। 7 ਤੁਹਾਡੀ ਜ਼ਿੰਦਗੀ ਉਸਤੇ ਨਿਰਭਰ ਕਰਨੀ ਚਾਹੀਦੀ ਹੈ। ਅਤੇ ਜੜ੍ਹਾਂ ਮਸੀਹ ਵਿੱਚ ਹੋਣੀਆਂ ਚਾਹੀਦੀਆਂ ਹਨ। ਜਿਵੇਂ ਤੁਹਾਨੂੰ ਸਿੱਖਾਇਆ ਗਿਆ ਸੀ, ਆਪਣੇ ਦਿਲਾਂ ਨੂੰ ਉਸ ਵਿਸ਼ਵਾਸ ਵਿੱਚ ਦ੍ਰਿੜ ਰਹਿਣ ਦਿਉ। ਪਰਮੇਸ਼ੁਰ ਦੇ ਸ਼ੁਕਰਗੁਜ਼ਾਰ ਹੋਵੋ।
8 ਸਾਵੱਧਾਨ ਰਹੋ ਕਿ ਕੋਈ ਤੁਹਾਨੂੰ ਗਲਤ ਵਿੱਚਾਰਾਂ ਅਤੇ ਦੁਨਿਆਵੀ ਲੋਕਾਂ ਦੇ ਨਿਕਾਰਥਕ ਸ਼ਬਦਾਂ ਨਾਲ ਕੁਰਾਹੇ ਨਾ ਪਾ ਦੇਵੇ ਅਜਿਹੇ ਵਿੱਚਾਰ ਲੋਕਾਂ ਤੋਂ ਆਉਂਦੇ ਹਨ, ਮਸੀਹ ਵੱਲੋਂ ਨਹੀਂ। 9 ਮਸੀਹ ਵਿੱਚ ਪਰਮੇਸ਼ੁਰ ਦੀ ਸੰਪੂਰਣਤਾ ਸਰੀਰ ਰੂਪ ਵਿੱਚ ਜਿਉਂਦੀ ਹੈ। ਮਸੀਹ ਦੇ ਧਰਤੀ ਉੱਪਰਲੇ ਜੀਵਨ ਵਿੱਚ ਵੀ ਅਤੇ ਮਸੀਹ ਦੇ ਨਮਿੱਤ ਤੁਸੀਂ ਭਰਪੂਰ ਹੋ। 10 ਤੁਹਾਡਾ ਜੀਵਨ ਮਸੀਹ ਨਾਲ ਤੁਹਾਡੇ ਰਿਸ਼ਤੇ ਵਿੱਚ ਪੂਰਾ ਹੈ। ਮਸੀਹ ਸਮੂਹ ਹਾਕਮਾਂ ਅਤੇ ਸ਼ਕਤੀਆਂ ਦਾ ਹਾਕਮ ਹੈ।
11 ਮਸੀਹ ਦੇ ਨਮਿੱਤ ਤੁਸੀਂ ਵੱਖਰੀ ਤਰ੍ਹਾਂ ਦੀ ਸੁੰਨਤ ਵਾਲੇ ਹੋ। ਉਹ ਸੁੰਨਤ ਕਿਸੇ ਵਿਅਕਤੀ ਦੇ ਹੱਥੋਂ ਨਹੀਂ ਕੀਤੀ ਗਈ। ਮਸੀਹ ਦੀ ਕੀਤੀ ਸੁੰਨਤ ਰਾਹੀਂ ਤੁਸੀਂ ਪਾਪੀ ਆਪੇ ਦੀ ਸ਼ਕਤੀ ਤੋਂ ਮੁਕਤ ਕੀਤੇ ਗਏ ਹੋ। 12 ਇਹ ਉਦੋਂ ਵਾਪਰਿਆ ਜਦੋਂ ਤੁਹਾਨੂੰ ਬਪਿਤਸਮਾ ਦਿੱਤਾ ਗਿਆ ਸੀ; ਤੁਹਾਡਾ ਪੁਰਾਣਾ ਆਪਾ ਮਰ ਗਿਆ ਅਤੇ ਤੁਸੀਂ ਮਸੀਹ ਦੇ ਨਾਲ ਦਫ਼ਨਾਏ ਗਏ ਸੀ। ਤੁਸੀਂ ਪਰਮੇਸ਼ੁਰ ਦੀ ਸ਼ਕਤੀ ਵਿੱਚ ਨਿਹਚਾ ਦੁਆਰਾ ਮਸੀਹ ਦੇ ਨਾਲ ਜਿਵਾਲੇ ਗਏ ਸੀ। ਪਰਮੇਸ਼ੁਰ ਦੀ ਸ਼ਕਤੀ ਉਦੋਂ ਦਰਸ਼ਾਈ ਗਈ ਜਦੋਂ ਉਸ ਨੇ ਮਸੀਹ ਨੂੰ ਮੌਤ ਤੋਂ ਜਿਵਾਲਿਆ ਸੀ।
13 ਤੁਸੀਂ ਆਪਣੇ ਪਾਪਾਂ ਕਾਰਣ ਆਤਮਕ ਤੌਰ ਤੇ ਮਰ ਗਏ ਸੀ। ਤੁਸੀਂ ਆਪਣੇ ਪਾਪੀ ਆਪੇ ਦੇ ਕਾਬੂ ਹੇਠ ਸੀ। ਪਰ ਪਰਮੇਸ਼ੁਰ ਨੇ ਤੁਹਾਨੂੰ ਮਸੀਹ ਸਮੇਤ ਜੀਵਨ ਦਿੱਤਾ। ਅਤੇ ਤੁਹਾਡੇ ਸਾਰੇ ਪਾਪ ਮਾਫ਼ ਕਰ ਦਿੱਤੇ। 14 ਪਰਮੇਸ਼ੁਰ ਨੇ ਉਹ ਦਸਤਾਵੇਜ਼ ਹਟਾ ਦਿੱਤਾ ਜਿਸ ਵਿੱਚ ਸਾਰੇ ਦੋਸ਼ ਸ਼ਾਮਿਲ ਸਨ। ਉਹ ਇਲਜ਼ਾਮ ਇਸ ਲਈ ਲਗਾਏ ਗਏ ਸਨ ਕਿਉਂ ਕਿ ਅਸੀਂ ਮੂਸਾ ਦੀ ਸ਼ਰ੍ਹਾ ਨੂੰ ਨਹੀਂ ਮੰਨਿਆ। ਪਰਮੇਸ਼ੁਰ ਨੇ ਇਸ ਨੂੰ ਲੈ ਲਿਆ ਅਤੇ ਇਸ ਨੂੰ ਸਲੀਬ ਉੱਤੇ ਟੰਗ ਦਿੱਤਾ। 15 ਪਰਮੇਸ਼ੁਰ ਨੇ ਸਲੀਬ ਦੁਆਰਾ ਆਤਮਕ ਹਾਕਮਾਂ ਅਤੇ ਸ਼ਕਤੀਆਂ ਨੂੰ ਹਰਾ ਦਿੱਤਾ। ਫ਼ੇਰ ਉਸ ਨੇ ਉਨ੍ਹਾਂ ਨੂੰ ਸ਼ਰਮਸਾਰ ਕੀਤਾ ਜਦੋਂ ਕਿ ਸਾਰੀ ਦੁਨੀਆਂ ਨੇ ਵੇਖਿਆ।
ਉਨ੍ਹਾਂ ਨੇਮਾਂ ਤੇ ਨਾ ਚੱਲੋ ਜਿਹੜੇ ਇਨਸਾਨ ਬਣਾਉਂਦੇ ਹਨ
16 ਕਿਸੇ ਨੂੰ ਵੀ ਆਪਣੇ ਬਾਰੇ ਇਹ ਪਰੱਖਣ ਨਾ ਦਿਓ ਕਿ ਤੁਸੀਂ ਕੀ ਖਾਂਦੇ ਅਤੇ ਪੀਂਦੇ ਹੋ ਅਤੇ ਯਹੂਦੀ ਉਤਸਵਾਂ ਦਾ ਅਨੁਸਰਣ ਕਰਨ ਬਾਰੇ, ਜਿਵੇਂ ਅਮੱਸਿਯਾ ਜਾਂ ਸਬਤ। 17 ਅਤੀਤ ਵਿੱਚ ਇਹ ਗੱਲਾਂ ਉਸ ਪਰਛਾਵੇਂ ਵਰਗੀਆਂ ਸਨ ਜਿਹੜੀਆਂ ਇਹ ਦਰਸ਼ਾਉਂਦੀਆਂ ਸਨ ਕਿ ਕੀ ਹੋਣ ਵਾਲਾ ਹੈ। ਉਹ ਗੱਲਾਂ ਜੋ ਆ ਰਹੀਆਂ ਸਨ ਹੁਣ ਮਸੀਹ ਵਿੱਚ ਲੱਭਦੀਆਂ ਹਨ। 18 ਕੁਝ ਲੋਕ ਇਸ ਤਰ੍ਹਾਂ ਦਾ ਦਿਖਾਵਾ ਕਰਨਾ ਪਸੰਦ ਕਰਦੇ ਹਨ ਜਿਵੇਂ ਕਿ ਉਹ ਨਿਮ੍ਰ ਹਨ ਅਤੇ ਦੂਤਾਂ ਦੀ ਪੂਜਾ ਕਰਨੀ ਪਸੰਦ ਕਰਦੇ ਹਨ। ਉਹ ਲੋਕ ਹਮੇਸ਼ਾ ਦਰਸ਼ਨਾਂ ਬਾਰੇ ਗੱਲਾਂ ਕਰਦੇ ਹਨ ਜਿਹੜੇ ਉਨ੍ਹਾਂ ਨੇ ਵੇਖੇ ਹਨ। ਉਨ੍ਹਾਂ ਲੋਕਾਂ ਨੂੰ ਇਹ ਆਖਣ ਦੀ ਆਗਿਆ ਨਾ ਦਿਓ, “ਤੁਸੀਂ ਗਲਤ ਹੋ ਕਿਉਂਕਿ ਤੁਸੀਂ ਇਹ ਗੱਲਾਂ ਨਹੀਂ ਕਰਦੇ।” ਉਹ ਲੋਕ ਮੂਰੱਖਮਈ ਘਮੰਡ ਨਾਲ ਭਰਪੂਰ ਹਨ ਕਿਉਂਕਿ ਉਹ ਕੇਵਲ ਦੁਨੀਆਂ ਦੀਆਂ ਚੀਜ਼ਾਂ ਬਾਰੇ ਹੀ ਸੋਚਦੇ ਹਨ। 19 ਉਹ ਲੋਕ ਮਸੀਹ ਨਾਲ ਏਕਤਾ ਵਿੱਚ ਨਹੀਂ ਜਿਉਂਦੇ। ਮਸੀਹ ਸਰੀਰ ਦਾ ਮੁਖੀ ਹੈ। ਸਾਰਾ ਸਰੀਰ ਮਸੀਹ ਉੱਤੇ ਨਿਰਭਰ ਕਰਦਾ ਹੈ। ਇਸ ਲਈ ਸਰੀਰ ਦੇ ਸਾਰੇ ਅੰਗ ਇਕੱਠੇ ਜੁੜੇ ਹੋਏ ਹਨ। ਇੱਕ ਦੂਸਰੇ ਦਾ ਧਿਆਨ ਰੱਖੋ ਅਤੇ ਇੱਕ ਦੂਸਰੇ ਦੀ ਮਦਦ ਕਰੋ। ਇਹ ਸਰੀਰ ਨੂੰ ਤਾਕਤ ਪ੍ਰਾਪਤ ਕਰਨ ਵਿੱਚ ਅਤੇ ਉਸੇ ਢੰਗ ਨਾਲ ਵੱਧਣ ਵਿੱਚ ਮਦਦ ਕਰਦਾ ਹੈ, ਜਿਵੇਂ ਪਰਮੇਸ਼ੁਰ ਚਾਹੁੰਦਾ ਹੈ।
20 ਤੁਸੀਂ ਮਸੀਹ ਦੇ ਨਾਲ ਮਰੇ ਅਤੇ ਦੁਨੀਆਂ ਦੀਆਂ ਭ੍ਰਿਸ਼ਟ ਸ਼ਕਤੀਆਂ ਤੋਂ ਅਜ਼ਾਦ ਕਰ ਦਿੱਤੇ ਗਏ ਸੀ। ਇਸ ਲਈ ਤੁਸੀਂ ਇਸ ਤਰ੍ਹਾਂ ਦਾ ਵਿਹਾਰ ਕਿਉਂ ਕਰਦੇ ਹੋ ਜਿਵੇਂ ਤੁਸੀਂ ਇਸ ਦੁਨੀਆਂ ਦੇ ਹੋਵੋਂ ਅਤੇ ਇਨ੍ਹਾਂ ਨੇਮਾਂ ਦਾ ਅਨੁਸਰਣ ਕਰਦੇ ਹੋਵੋਂ। 21 “ਇਸ ਨੂੰ ਨਾ ਫ਼ੜੋ,” “ਇਸਦਾ ਸੁਆਦ ਨਾ ਵੇਖੋ,” “ਇਸ ਨੂੰ ਨਾ ਛੂਹੋ?” 22 ਇਹ ਸਾਰੇ ਨੇਮ ਉਨ੍ਹਾਂ ਗੱਲਾਂ ਬਾਰੇ ਹਨ। ਜੋ ਇੱਕ ਵਾਰ ਵਰਤੋਂ ਕਰਨ ਤੋਂ ਬਾਦ ਨਸ਼ਟ ਹੋ ਜਾਂਦੇ ਹਨ। ਇਹ ਉਹ ਹੁਕਮ ਅਤੇ ਉਪਦੇਸ਼ ਹਨ ਜਿਹੜੇ ਲੋਕਾਂ ਤੋਂ ਆਉਂਦੇ ਹਨ। 23 ਇਹ ਨੇਮ ਸੂਝਵਾਨ ਜਾਪਦੇ ਹਨ। ਪਰ ਇਹ ਨੇਮ ਮਾਨਵ-ਸਿਰਜਿਤ ਧਰਮ ਦਾ ਅੰਗ ਹਨ। ਉਹ ਲੋਕਾਂ ਅੱਗੇ ਨਿਮ੍ਰਤਾ ਦਾ ਦਿਖਾਵਾ ਕਰਦੇ ਹਨ ਅਤੇ ਉਨ੍ਹਾਂ ਤੋਂ ਆਪਣੇ ਸਰੀਰਾਂ ਨੂੰ ਦੰਡ ਦੁਵਾਉਂਦੇ ਹਨ। ਇਹ ਨੇਮ ਲੋਕਾਂ ਨੂੰ ਬਦੀਆਂ ਕਰਨ ਤੋਂ ਰੋਕਣ ਵਿੱਚ ਮਦਦ ਨਹੀਂ ਕਰਦੇ ਜੋ ਉਨ੍ਹਾਂ ਦੀਆਂ ਪਾਪੀ ਇੱਛਾਵਾਂ ਕਰਨੀਆਂ ਚਾਹੁੰਦੀਆਂ ਹਨ।
2010 by World Bible Translation Center