M’Cheyne Bible Reading Plan
ਯਾਕੂਬ ਬਹਾਦਰੀ ਦਿਖਾਉਂਦਾ
33 ਯਾਕੂਬ ਨੇ ਤੱਕਿਆ ਅਤੇ ਏਸਾਓ ਨੂੰ ਆਉਂਦਿਆ ਵੇਖਿਆ। ਏਸਾਓ 400 ਆਦਮੀਆਂ ਨਾਲ ਆ ਰਿਹਾ ਸੀ। ਯਾਕੂਬ ਨੇ ਆਪਣੇ ਬੱਚਿਆਂ ਨੂੰ ਲੇਆਹ, ਰਾਖੇਲ ਅਤੇ ਆਪਣੀਆਂ ਦੋ ਦਾਸੀਆਂ ਵਿੱਚਕਾਰ ਵੰਡ ਦਿੱਤਾ। 2 ਯਾਕੂਬ ਨੇ ਸਭ ਤੋਂ ਪਹਿਲਾਂ ਦਾਸੀਆਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਰੱਖਿਆ। ਫ਼ੇਰ ਯਾਕੂਬ ਨੇ ਲੇਆਹ ਅਤੇ ਉਸ ਦੇ ਬੱਚਿਆਂ ਨੂੰ ਉਨ੍ਹਾਂ ਦੇ ਪਿੱਛੇ ਰੱਖਿਆ। ਅਤੇ ਯਾਕੂਬ ਨੇ ਰਾਖੇਲ ਅਤੇ ਯਾਕੂਬ ਨੂੰ ਸਭ ਤੋਂ ਅਖੀਰ ਵਿੱਚ ਰੱਖਿਆ।
3 ਯਾਕੂਬ ਖੁਦ ਏਸਾਓ ਵੱਲ ਨੂੰ ਬਾਹਰ ਗਿਆ। ਇਸ ਲਈ ਉਹ ਏਸਾਓ ਦੇ ਸਾਹਮਣੇ ਆਉਣ ਵਾਲਾ ਪਹਿਲਾ ਬੰਦਾ ਸੀ। ਯਾਕੂਬ ਨੇ ਆਪਣੇ ਭਰਾ ਵੱਲ ਆਉਂਦਿਆਂ ਹੋਇਆ ਸੱਤ ਵਾਰੀ ਧਰਤੀ ਵੱਲ ਝੁਕ ਕੇ ਸਿਜਦਾ ਕੀਤਾ।
4 ਜਦੋਂ ਏਸਾਓ ਨੇ ਯਾਕੂਬ ਨੂੰ ਵੇਖਿਆ ਤਾਂ ਉਹ ਉਸ ਨੂੰ ਮਿਲਣ ਲਈ ਦੌੜ ਪਿਆ। ਏਸਾਓ ਨੇ ਯਾਕੂਬ ਦੁਆਲੇ ਬਾਹਾਂ ਵਲ ਲਈਆਂ ਅਤੇ ਉਸ ਨੂੰ ਜੱਫ਼ੀ ਪਾ ਲਈ ਅਤੇ ਉਸ ਨੂੰ ਚੁੰਮਿਆ। ਫ਼ੇਰ ਉਹ ਦੋਵੇਂ ਰੋ ਪਏ। 5 ਏਸਾਓ ਨੇ ਉੱਪਰ ਵੱਲ ਤੱਕਿਆ ਅਤੇ ਔਰਤਾਂ ਅਤੇ ਬੱਚਿਆਂ ਨੂੰ ਦੇਖਿਆ। ਉਸ ਨੇ ਆਖਿਆ, “ਤੇਰੇ ਨਾਲ ਇਹ ਸਾਰੇ ਲੋਕ ਕੌਣ ਹਨ?”
ਯਾਕੂਬ ਨੇ ਜਵਾਬ ਦਿੱਤਾ, “ਇਹ ਉਹ ਬੱਚੇ ਹਨ ਜਿਹੜੇ ਪਰਮੇਸ਼ੁਰ ਨੇ ਮੈਨੂੰ ਦਿੱਤੇ ਹਨ। ਪਰਮੇਸ਼ੁਰ ਮੇਰੇ ਉੱਤੇ ਮਿਹਰਬਾਨ ਰਿਹਾ ਹੈ।”
6 ਫ਼ੇਰ ਦੋ ਦਾਸੀਆਂ ਬੱਚਿਆਂ ਸਮੇਤ ਏਸਾਓ ਕੋਲ ਗਈਆਂ। ਉਨ੍ਹਾਂ ਨੇ ਉਸ ਦੇ ਸਾਹਮਣੇ ਝੁਕ ਕੇ ਸਿਜਦਾ ਕੀਤਾ। 7 ਲੇਆਹ ਅਤੇ ਉਸ ਦੇ ਬੱਚੇ ਏਸਾਓ ਕੋਲ ਗਏ ਅਤੇ ਉਸ ਦੇ ਸਾਹਮਣੇ ਝੁਕ ਗਏ ਅਤੇ ਫ਼ੇਰ ਰਾਖੇਲ ਅਤੇ ਯੂਸੁਫ਼ ਏਸਾਓ ਕੋਲ ਗਏ ਅਤੇ ਉਸ ਅੱਗੇ ਝੁਕ ਗਏ।
8 ਏਸਾਓ ਨੇ ਆਖਿਆ, “ਇਹ ਸਾਰੇ ਲੋਕ ਕੌਨ ਹਨ ਜਿਨ੍ਹਾਂ ਨੂੰ ਇੱਥੇ ਆਉਣ ਸਮੇਂ ਦੇਖਿਆ ਸੀ? ਅਤੇ ਇਹ ਸਾਰੇ ਜਾਨਵਰ ਕਾਹਦੇ ਲਈ ਹਨ?”
ਯਾਕੂਬ ਨੇ ਜਵਾਬ ਦਿੱਤਾ, “ਇਹ ਸਾਰੇ ਮੇਰੇ ਵੱਲੋਂ ਤੁਹਾਡੇ ਲਈ ਸੁਗਾਤ ਹਨ ਤਾਂ ਜੋ ਤੁਸੀਂ ਮੈਨੂੰ ਪ੍ਰਵਾਨ ਕਰ ਸੱਕੋਂ।”
9 ਪਰ ਏਸਾਓ ਨੇ ਆਖਿਆ, “ਭਰਾਵਾ, ਮੇਰੇ ਕੋਲ ਅਪਾਰ ਹੈ। ਜੋ ਤੇਰੇ ਕੋਲ ਹੈ ਉਸ ਨੂੰ ਰੱਖ।”
10 ਯਾਕੂਬ ਨੇ ਆਖਿਆ, “ਨਹੀਂ! ਮੈਂ ਤੁਹਾਨੂੰ ਬੇਨਤੀ ਕਰਦਾ ਹਾਂ। ਜੇ ਤੁਸੀਂ ਸੱਚਮੁੱਚ ਮੈਨੂੰ ਪ੍ਰਵਾਨ ਕਰਦੇ ਹੋ ਤਾਂ ਇਹ ਸਾਰੀਆਂ ਸੁਗਾਤਾਂ ਮੇਰੇ ਵੱਲੋਂ ਕਬੂਲ ਕਰੋ। ਮੈਨੂੰ ਇੱਕ ਵਾਰੀ ਫ਼ੇਰ ਤੁਹਾਡਾ ਚਿਹਰਾ ਵੇਖਕੇ ਬਹੁਤ ਖੁਸ਼ੀ ਹੋਈ ਹੈ। ਇਹ ਪਰਮੇਸ਼ੁਰ ਦਾ ਚਿਹਰਾ ਦੇਖਣ ਵਰਗੀ ਗੱਲ ਹੈ। ਮੈਨੂੰ ਇਹ ਦੇਖਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਤੁਸੀਂ ਮੈਨੂੰ ਪ੍ਰਵਾਨ ਕਰਦੇ ਹੋ। 11 ਇਸ ਲਈ ਮੈਂ ਬੇਨਤੀ ਕਰਦਾ ਹਾਂ ਕਿ ਤੁਸੀਂ ਮੇਰੀਆਂ ਇਹ ਸੁਗਾਤਾਂ ਵੀ ਪ੍ਰਵਾਨ ਕਰੋ। ਪਰਮੇਸ਼ੁਰ ਦੀ ਮੇਰੇ ਉੱਤੇ ਅਪਾਰ ਕਿਰਪਾ ਹੈ। ਮੇਰੇ ਕੋਲ ਮੇਰੀਆਂ ਲੋੜਾਂ ਨਾਲੋਂ ਵੱਧੇਰੇ ਹੈ।” ਇਸ ਤਰ੍ਹਾਂ ਯਾਕੂਬ ਨੇ ਏਸਾਓ ਨੂੰ ਸੁਗਾਤਾਂ ਲੈਣ ਲਈ ਬੇਨਤੀ ਕੀਤੀ। ਇਸ ਲਈ ਏਸਾਓ ਨੇ ਸੁਗਾਤਾਂ ਪ੍ਰਵਾਨ ਕਰ ਲਈਆਂ।
12 ਫ਼ੇਰ ਏਸਾਓ ਨੇ ਆਖਿਆ, “ਹੁਣ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ। ਮੈਂ ਤੁਹਾਡੇ ਨਾਲ ਜਾਵਾਂਗਾ।”
13 ਪਰ ਯਾਕੂਬ ਨੇ ਉਸ ਨੂੰ ਆਖਿਆ, “ਤੁਸੀਂ ਜਾਣਦੇ ਹੋ ਕਿ ਮੇਰੇ ਬੱਚੇ ਕਮਜ਼ੋਰ ਹਨ। ਅਤੇ ਮੈਨੂੰ ਆਪਣੇ ਇੱਜੜਾਂ ਅਤੇ ਉਨ੍ਹਾਂ ਦੇ ਜਵਾਨ ਪਸ਼ੂਆਂ ਦਾ ਬਹੁਤ ਧਿਆਨ ਰੱਖਣਾ ਪਵੇਗਾ। ਜੇ ਮੈਂ ਉਨ੍ਹਾਂ ਨੂੰ ਇੱਕ ਦਿਨ ਵਿੱਚ ਬਹੁਤ ਦੂਰ ਤੁਰਨ ਲਈ ਮਜ਼ਬੂਰ ਕਰਦਾ ਹਾਂ ਤਾਂ ਸਾਰੇ ਪਸ਼ੂ ਮਰ ਜਾਣਗੇ। 14 ਇਸ ਲਈ ਤੁਸੀਂ ਅੱਗੇ ਚੱਲੋ। ਮੈਂ ਹੌਲੀ-ਹੌਲੀ ਤੁਹਾਡੇ ਪਿੱਛੇ ਆਵਾਂਗਾ। ਮੈਂ ਆਪਣੇ ਪਸ਼ੂਆਂ ਅਤੇ ਹੋਰ ਜਾਨਵਰਾਂ ਕਾਰਣ ਕਾਫ਼ੀ ਹੌਲੀ ਚੱਲਾਂਗਾ ਤਾਂ ਜੋ ਉਹ ਸੁਰੱਖਿਅਤ ਰਹਿਣ ਅਤੇ ਮੇਰੇ ਬੱਚੇ ਬਹੁਤ ਜ਼ਿਆਦਾ ਨਾ ਥੱਕ ਜਾਣ। ਮੈਂ ਤੁਹਾਨੂੰ ਸੇਈਰ ਵਿੱਚ ਮਿਲਾਂਗਾ।”
15 ਇਸ ਲਈ ਏਸਾਓ ਨੇ ਆਖਿਆ, “ਤਾਂ ਫ਼ੇਰ ਮੈਂ ਆਪਣੇ ਕੁਝ ਬੰਦੇ ਤੁਹਾਡੀ ਸਹਾਇਤਾ ਲਈ ਛੱਡ ਦਿਆਂਗਾ।”
ਪਰ ਯਾਕੂਬ ਨੇ ਆਖਿਆ, “ਇਹ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੈ। ਪਰ ਇਸਦੀ ਕੋਈ ਲੋੜ ਨਹੀਂ।” 16 ਇਸ ਲਈ ਉਸ ਦਿਨ, ਏਸਾਓ ਨੇ ਆਪਣੇ ਨਗਰ ਵੱਲ ਵਾਪਸ ਆਪਣਾ ਸਫ਼ਰ ਸ਼ੁਰੂ ਕਰ ਦਿੱਤਾ। 17 ਪਰ ਯਾਕੂਬ ਸੁੱਕੋਥ ਨੂੰ ਚੱਲਾ ਗਿਆ। ਉਸ ਥਾਂ ਉਸ ਨੇ ਆਪਣੇ ਰਹਿਣ ਲਈ ਇੱਕ ਘਰ ਬਣਾਇਆ ਅਤੇ ਆਪਣੇ ਪਸ਼ੂਆਂ ਲਈ ਛੋਟੇ ਬਾੜੇ। ਇਸੇ ਲਈ ਉਸ ਥਾਂ ਦਾ ਨਾਮ ਸੁੱਕੋਥ ਰੱਖਿਆ ਗਿਆ।
18 ਯਾਕੂਬ ਨੇ ਪਦਮ ਅਰਾਮ ਤੋਂ ਆਪਣਾ ਸਫ਼ਰ ਸਫ਼ਲਤਾ ਨਾਲ ਪੂਰਾ ਕੀਤਾ ਜਦੋਂ ਉਹ ਕਨਾਨ ਦੇ ਸ਼ਹਿਰ ਸ਼ਕਮ ਪਹੁੰਚ ਗਿਆ ਯਾਕੂਬ ਨੇ ਸ਼ਹਿਰ ਦੇ ਨੇੜੇ ਇੱਕ ਮੈਦਾਨ ਵਿੱਚ ਆਪਣਾ ਡੇਰਾ ਲਾ ਲਿਆ। 19 ਜਿਸ ਮੈਦਾਨ ਵਿੱਚ ਯਾਕੂਬ ਨੇ ਡੇਰਾ ਲਾਇਆ ਸੀ ਉਹ ਉਸ ਨੇ ਸ਼ਕਮ ਦੇ ਪਿਤਾ ਹਮੋਰ ਦੇ ਪਰਿਵਾਰ ਤੋਂ ਖਰੀਦਿਆ ਹੋਇਆ ਸੀ। ਯਾਕੂਬ ਨੇ ਇਸ ਲਈ 100 ਚਾਂਦੀ ਦੇ ਸਿੱਕੇ ਦਿੱਤੇ ਸਨ। 20 ਯਾਕੂਬ ਨੇ ਉੱਥੇ ਪਰਮੇਸ਼ੁਰ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਯਾਕੂਬ ਨੇ ਉਸ ਥਾਂ ਦਾ ਨਾਮ “ਏਲ, ਇਸਰਾਏਲ ਦਾ ਪਰਮੇਸ਼ੁਰ,” ਧਰਿਆ।
ਬੀਜ ਬੀਜਣ ਵਾਲੇ ਕਿਸਾਨ ਦੀ ਦ੍ਰਿਸ਼ਟਾਂਤ(A)
4 ਇੱਕ ਹੋਰ ਸਮੇਂ ਯਿਸੂ ਨੇ ਝੀਲ ਦੇ ਕਿਨਾਰੇ ਉਪਦੇਸ਼ ਦੇਣਾ ਸ਼ੁਰੂ ਕੀਤਾ ਅਤੇ ਬੁਹਤ ਸਾਰੀ ਭੀੜ ਉਸ ਦੇ ਗਿਰਦ ਜੁੜ ਗਈ। ਤਾਂ ਉਹ ਇੱਕ ਬੇੜੀ ਵਿੱਚ ਚੜ੍ਹ੍ਹ ਗਿਆ ਜੋ ਕਿ ਝੀਲ ਦੇ ਵਿੱਚ ਸੀ ਤੇ ਬੈਠ ਗਿਆ। ਬਾਕੀ ਦੇ ਲੋਕ ਝੀਲ ਦੇ ਕੰਢੇ ਧਰਤੀ ਉੱਪਰ ਖੜ੍ਹੇ ਰਹੇ। 2 ਯਿਸੂ ਨੇ ਲੋਕਾਂ ਨੂੰ ਬੇੜੀ ਤੋਂ ਬਹੁਤ ਸਾਰੀਆਂ ਗੱਲਾਂ ਦ੍ਰਿਸ਼ਟਾਂਤਾਂ ਰਾਹੀਂ ਸਮਝਾਈਆਂ। ਉਸ ਨੇ ਕਿਹਾ,
3 “ਸੁਣੋ! ਇੱਕ ਕਿਸਾਨ ਬੀਜ ਬੀਜਣ ਲਈ ਨਿਕਲਿਆ। 4 ਜਦੋਂ ਉਹ ਬੀਜ ਬੋ ਰਿਹਾ ਸੀ, ਤਾਂ ਕੁਝ ਬੀਜ ਸੜਕ ਦੇ ਕਿਨਾਰੇ ਡਿੱਗ ਪਏ, ਪੰਛੀ ਆਏ ਤੇ ਉਨ੍ਹਾਂ ਬੀਜਾਂ ਨੂੰ ਚੁਗ ਗਏ। 5 ਕੁਝ ਬੀਜ ਪੱਥਰੀਲੀ ਜ਼ਮੀਨ ਤੇ ਡਿੱਗੇ, ਉਸ ਜ਼ਮੀਨ ਤੇ ਬਹੁਤੀ ਮਿੱਟੀ ਨਹੀਂ ਸੀ। ਉੱਥੇ ਬੀਜ ਬੜੀ ਜਲਦੀ ਫ਼ੁੱਟ ਪਏ ਕਿਉਂਕਿ ਮਿੱਟੀ ਜ਼ਿਆਦਾ ਡੂੰਘੀ ਨਹੀਂ ਸੀ। 6 ਪਰ ਜਦੋਂ ਹੀ ਸੂਰਜ ਚੜ੍ਹ੍ਹਿਆ ਤਾਂ ਪੌਦੇ ਕੁਮਲਾ ਗਏ ਅਤੇ ਸੜ ਗਏ। ਉਹ ਪੌਦੇ ਇਸ ਲਈ ਸੁੱਕ-ਸੜ ਗਏ ਕਿਉਂਕਿ ਉਨ੍ਹਾਂ ਦੀ ਜੜ੍ਹ ਬਹੁਤੀ ਡੂੰਘੀ ਨਹੀਂ ਸੀ। 7 ਕੁਝ ਹੋਰ ਬੀਜ ਕੰਡਿਆਲੀਆਂ ਝਾੜੀਆਂ ਦੇ ਵਿੱਚਕਾਰ ਡਿੱਗੇ, ਪਰ ਉੱਥੇ ਕੰਡਿਆਲੀਆਂ ਝਾੜੀਆਂ ਵੱਧੀਆਂ ਅਤੇ ਉਨ੍ਹਾਂ ਨੂੰ ਘੁੱਟ ਲਿਆ ਅਤੇ ਉਨ੍ਹਾਂ ਨੂੰ ਵੱਧਣ ਨਾ ਦਿੱਤਾ ਇਸ ਲਈ ਉਨ੍ਹਾਂ ਬੀਜਾਂ ਨੇ ਫ਼ਲ ਨਾ ਦਿੱਤੇ। 8 ਕੁਝ ਹੋਰ ਬੀਜ ਵੱਧੀਆ ਜਮੀਨ ਉੱਪਰ ਡਿੱਗੇ। ਅਤੇ ਜਦੋਂ ਉਸ ਵੱਧੀਆ ਜ਼ਮੀਨ ਤੇ ਬੀਜ ਡਿੱਗੇ ਤਾਂ ਉਹ ਪੁੰਗਰੇ ਅਤੇ ਅਨਾਜ ਪੈਦਾ ਕੀਤਾ। ਕੁਝ ਪੌਦਿਆਂ ਨੇ ਤੀਹ ਗੁਣਾ ਕੁਝ ਨੇ ਸੱਠ ਗੁਣਾ ਅਤੇ ਕੁਝ ਨੇ ਸੌ ਗੁਣਾ ਵੱਧ ਝਾੜ ਦਿੱਤਾ।”
9 ਫ਼ਿਰ ਯਿਸੂ ਨੇ ਕਿਹਾ, “ਜੇਕਰ ਤੁਸੀਂ ਸੁਣ ਸੱਕਦੇ ਹੋ ਤਾਂ, ਮੇਰੇ ਵੱਲ ਧਿਆਨ ਦਿਉ।”
ਯਿਸੂ ਨੇ ਦੱਸਿਆ ਕਿ ਉਹ ਦ੍ਰਿਸ਼ਟਾਂਤ ਕਿਉਂ ਦਿੰਦਾ ਹੈ(B)
10 ਬਾਦ ਵਿੱਚ ਜਦੋਂ ਯਿਸੂ ਇੱਕਾਂਤ ਵਿੱਚ ਸੀ ਤਾਂ ਬਾਰ੍ਹਾਂ ਰਸੂਲਾਂ ਅਤੇ ਚੇਲਿਆਂ ਨੇ ਉਸ ਨੂੰ ਦ੍ਰਿਸ਼ਟਾਤਾਂ ਦਾ ਅਰਥ ਪੁੱਛਿਆ।
11 ਉਸ ਨੇ ਆਖਿਆ, “ਪਰਮੇਸ਼ੁਰ ਦੇ ਰਾਜ ਦੇ ਭੇਤ ਦਾ ਪਤਾ ਸਿਰਫ਼ ਤੁਹਾਨੂੰ ਹੀ ਦਿੱਤਾ ਗਿਆ ਹੈ। ਪਰ ਦੂਜੇ ਲੋਕਾਂ ਨੂੰ, ਮੈਂ ਦ੍ਰਿਸ਼ਟਾਤਾਂ ਵਿੱਚ ਦੱਸਦਾ ਹਾਂ। 12 ਮੈਂ ਇਉਂ ਕਰਦਾ ਹਾਂ ਤਾਂ ਜੋ:
‘ਉਹ ਤੱਕਦੇ ਰਹਿਣਗੇ ਪਰ ਕਦੇ ਵੀ ਨਹੀਂ ਵੇਖਣਗੇ।
ਉਹ ਸੁਣਦੇ ਰਹਿਣਗੇ ਪਰ ਕਦੇ ਵੀ ਨਹੀਂ ਸਮਝਣਗੇ।
ਜੇਕਰ ਉਨ੍ਹਾਂ ਨੇ ਵੇਖਿਆ ਅਤੇ ਸਮਝਿਆ ਹੁੰਦਾ
ਤਾਂ ਸ਼ਾਇਦ ਉਹ ਪਰਮੇਸ਼ੁਰ ਵੱਲ ਮੁੜ ਪੈਂਦੇ ਅਤੇ ਪਾਪਾਂ ਦੀ ਮਾਫ਼ੀ ਪ੍ਰਾਪਤ ਕਰ ਸੱਕਦੇ।’” (C)
ਯਿਸੂ ਦੀ ਬੀਜ ਬਾਰੇ ਵਿਆਖਿਆ(D)
13 ਫ਼ਿਰ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਕੀ ਤੁਸੀਂ ਇਸ ਦ੍ਰਿਸ਼ਟਾਂਤ ਨੂੰ ਸਮਝੇ ਹੋ? ਜੇਕਰ ਤੁਸੀਂ ਇਹ ਨਹੀਂ ਸਮਝੇ ਤਾਂ ਬਾਕੀ ਦੇ ਦ੍ਰਿਸ਼ਟਾਂਤ ਕਿਵੇਂ ਸਮਝੋਂਗੇ? 14 ਬੀਜਣ ਵਾਲਾ ਉਸ ਮਨੁੱਖ ਵਾਂਗ ਹੈ ਜੋ ਲੋਕਾਂ ਵਿੱਚ ਪਰਮੇਸ਼ੁਰ ਦਾ ਬਚਨ ਬੀਜਦਾ ਹੈ। 15 ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਰਸਤੇ ਦੇ ਕਿਨਾਰੇ ਵਾਲੀ ਜਗ੍ਹਾ ਡਿੱਗੇ। ਪਰਮੇਸ਼ੁਰ ਦਾ ਸੰਦੇਸ਼ ਉਨ੍ਹਾਂ ਵਿੱਚ ਬੋਇਆ ਗਿਆ ਹੈ। ਉਹ ਉਸ ਨੂੰ ਸੁਣਦੇ ਹਨ, ਪਰ ਸ਼ੈਤਾਨ ਆਉਂਦਾ ਹੈ ਤੇ ਜੋ ਉਪਦੇਸ਼ ਉਨ੍ਹਾਂ ਵਿੱਚ ਬੋਏ ਗਏ ਸਨ ਉਨ੍ਹਾਂ ਨੂੰ ਲੈ ਜਾਂਦਾ ਹੈ।
16 “ਬਾਕੀ ਲੋਕ ਉਨ੍ਹਾਂ ਬੀਜਾਂ ਵਾਂਗ ਹਨ ਜਿਹੜੇ ਪੱਥਰੀਲੀ ਜ਼ਮੀਨ ਉੱਤੇ ਡਿੱਗੇ। ਉਹ ਉਪਦੇਸ਼ ਸੁਣਦਿਆਂ ਸਾਰ ਉਨ੍ਹਾਂ ਨੂੰ ਖੁਸ਼ੀ ਨਾਲ ਕਬੂਲ ਲੈਂਦੇ ਹਨ। 17 ਪਰ ਇਹ ਲੋਕ ਉਪਦੇਸ਼ ਨੂੰ ਆਪਣੇ ਵਿੱਚ ਡੂੰਘਿਆਂ ਨਹੀਂ ਜਾਣ ਦਿੰਦੇ। ਉਹ ਸਿਰਫ਼ ਥੋੜੀ ਦੇਰ ਲਈ ਹੀ ਇਨ੍ਹਾਂ ਦਾ ਅਨੁਸਰਨ ਕਰਦੇ ਹਨ। ਜਦੋਂ ਉਪਦੇਸ਼ਾਂ ਕਾਰਣ ਸੰਕਟ ਜਾਂ ਦੰਡ ਮਿਲਦਾ ਹੈ ਤਾਂ ਉਹ ਝੱਟ ਹੀ ਇਨ੍ਹਾਂ ਨੂੰ ਤਿਆਗ ਦਿੰਦੇ ਹਨ।
18 “ਬਾਕੀ ਕੁਝ ਲੋਕ ਉਨ੍ਹਾਂ ਬੀਜਾਂ ਵਰਗੇ ਹਨ ਜਿਹੜੇ ਕੰਡਿਆਲੀਆਂ ਝਾੜੀਆਂ ਤੇ ਡਿੱਗੇ। ਇਹ ਲੋਕ ਉਪਦੇਸ਼ ਸੁਣਦੇ ਹਨ, 19 ਪਰ ਜਦੋਂ ਇਸ ਜ਼ਿੰਦਗੀ ਦੀਆਂ ਚਿੰਤਾਵਾਂ, ਧਨ ਦੀ ਚਮਕ-ਦਮਕ ਅਤੇ ਸਾਰੀਆਂ ਚੀਜ਼ਾਂ ਤੇ ਕਬਜ਼ਾ ਕਰਨ ਦਾ ਲਾਲਚ ਉਨ੍ਹਾਂ ਦੇ ਦਿਲਾਂ ਵਿੱਚ ਆਉਂਦਾ ਹੈ ਤਾਂ, ਇਹ ਗੱਲਾਂ ਉਪਦੇਸ਼ਾਂ ਨੂੰ ਘੁੱਟ ਦਿੰਦੀਆਂ ਹਨ ਅਤੇ ਉਹ ਫ਼ਲ ਨਹੀਂ ਦੇਣ ਦਿੰਦੀਆਂ। ਇਸ ਲਈ ਉਹ ਅਫ਼ਲ ਰਹਿ ਜਾਂਦੇ ਹਨ।
20 “ਬਾਕੀ ਲੋਕ ਵੱਧੀਆ ਜ਼ਮੀਨ ਤੇ ਬੀਜੇ ਗਏ ਬੀਜ ਵਾਂਗ ਹਨ। ਉਹ ਉਪਦੇਸ਼ਾਂ ਨੂੰ ਸੁਣਦੇ ਹਨ ਅਤੇ ਉਨ੍ਹਾਂ ਨੂੰ ਕਬੂਲ ਲੈਂਦੇ ਹਨ ਅਤੇ ਉਹ ਫ਼ਲ ਪੈਦਾ ਕਰਦੇ ਹਨ, ਕੋਈ ਤੀਹ ਗੁਣਾ, ਕੋਈ ਸੱਠ ਗੁਣਾ ਅਤੇ ਕੋਈ ਸੌ ਗੁਣਾ।”
ਜੋ ਤੁਹਾਡੇ ਕੋਲ ਹੈ ਉਸਦੀ ਵਰਤੋਂ ਕਰੋ(E)
21 ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਦੀਵਾ ਲਿਆਕੇ ਉਸ ਨੂੰ ਕਟੋਰੇ ਹੇਠ ਜਾਂ ਮੰਜੇ ਹੇਠ ਰੱਖ ਦਿੰਦੇ ਹੋ? ਨਹੀਂ। ਤੁਸੀਂ ਉਸ ਦੀਵੇ ਨੂੰ ਸ਼ਮਾਦਾਨ ਤੇ ਰੱਖਦੇ ਹੋ। 22 ਹਰ ਲੁਕੀ ਚੀਜ਼ ਦੱਸੀ ਜਾਵੇਗੀ ਅਤੇ ਹਰ ਗੁਪਤ ਗੱਲ ਪ੍ਰਗਟ ਕੀਤੀ ਜਾਵੇਗੀ। 23 ਤੁਸੀਂ ਲੋਕ ਜੋ ਸੁਣ ਸੱਕਦੇ ਹੋ, ਸੁਣੋ! 24 ਉਸ ਨੇ ਉਨ੍ਹਾਂ ਨੂੰ ਇਹ ਵੀ ਆਖਿਆ, ‘ਜੋ ਕੁਝ ਵੀ ਤੁਸੀਂ ਸੁਣੋ, ਉਸ ਬਾਰੇ ਧਿਆਨ ਨਾਲ ਸੋਚੋ। ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ ਪਰ ਪਰਮੇਸ਼ੁਰ ਤੁਹਾਨੂੰ ਉਸਤੋਂ ਵੱਧੀਕ ਦੇਵੇਗਾ ਜਿੰਨਾ ਤੁਸੀਂ ਦਿੱਤਾ ਹੈ। 25 ਜਿਸ ਮਨੁੱਖ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਮਨੁੱਖ ਕੋਲ ਕੁਝ ਜ਼ਿਆਦਾ ਨਹੀਂ ਹੈ, ਤਾਂ ਜੋ ਕੁਝ ਵੀ ਉਸ ਦੇ ਕੋਲ ਹੈ ਉਹ ਵੀ ਲੈ ਲਿਆ ਜਾਵੇਗਾ।’”
ਯਿਸੂ ਬੀਜ ਦਾ ਦ੍ਰਿਸ਼ਟਾਂਤ ਵਰਤਦਾ ਹੈ
26 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦਾ ਰਾਜ ਉਸ ਮਨੁੱਖ ਵਾਂਗ ਹੈ ਜੋ ਧਰਤੀ ਉੱਤੇ ਬੀਜ ਬੀਜਦਾ ਹੈ। 27 ਬੀਜ ਵੱਧਣ ਲੱਗਦਾ ਹੈ। ਉਹ ਦਿਨ-ਰਾਤ ਵੱਧਦਾ ਹੈ। ਇਹ ਜ਼ਰੂਰੀ ਨਹੀਂ ਕਿ ਮਨੁੱਖ ਸੁੱਤਾ ਹੈ ਜਾਂ ਜਾਗਦਾ ਹੈ ਬੀਜ਼ ਤਾਂ ਵੱਧਦਾ ਹੀ ਰਹੇਗਾ। ਮਨੁੱਖ ਨਹੀਂ ਜਾਣਦਾ ਕਿ ਉਹ ਬੀਜ਼ ਕਿਵੇਂ ਵੱਧ ਰਿਹਾ ਹੈ। 28 ਜ਼ਮੀਨ ਤਾਂ ਆਪਣੇ-ਆਪ ਦਾਣੇ ਪੈਦਾ ਕਰਦੀ ਹੈ। ਪਹਿਲਾਂ, ਟਹਿਣੀ ਵੱਧਦੀ ਹੈ, ਫ਼ੇਰ ਸਿਟਾ, ਫ਼ੇਰ ਉਸ ਸਿੱਟੇ ਵਿੱਚ ਪੂਰੇ ਦਾਣੇ ਬਣਦੇ ਹਨ। 29 ਜਦੋਂ ਤੀਕਰ ਦਾਣੇ ਪੱਕ ਜਾਂਦੇ ਹਨ ਤਾਂ ਫ਼ੇਰ ਮਨੁੱਖ ਉਸ ਨੂੰ ਵੱਢਦਾ ਹੈ ਕਿਉਂਕਿ ਫ਼ੇਰ ਵਾਢੀ ਦਾ ਸਮਾਂ ਆ ਜਾਂਦਾ ਹੈ।”
ਰਾਜ ਸਰ੍ਹੋਂ ਦੇ ਦਾਣੇ ਵਾਂਗ ਹੈ(F)
30 ਫ਼ੇਰ ਯਿਸੂ ਨੇ ਕਿਹਾ, “ਪਰਮੇਸ਼ੁਰ ਦੇ ਰਾਜ ਦਾ ਵਰਨਣ ਕਰਨ ਲਈ ਮੈਂ ਕਿਹੜਾ ਉਦਾਹਰਨ ਦੇਵਾਂ? ਇੰਝ ਵਿਸਤਾਰ ਪੂਰਵਕ ਦੱਸਣ ਲਈ ਮੈਂ ਕਿਹੜੀ ਕਹਾਣੀ ਵਰਤੋਂ ਚ ਲਿਆਵਾਂ 31 ਪਰਮੇਸ਼ੁਰ ਦਾ ਰਾਜ ਉਸ ਰਾਈ ਦੇ ਦਾਣੇ ਵਾਂਗ ਹੈ ਜਿਹੜਾ ਕਿ ਸਭ ਬੀਜਾਂ ਤੋਂ ਛੋਟਾ ਹੁੰਦਾ ਹੈ ਅਤੇ ਧਰਤੀ ਤੇ ਬੋਇਆ ਜਾਂਦਾ ਹੈ। 32 ਪਰ ਜਦੋਂ ਇਹ ਬੀਜਿਆ ਜਾਂਦਾ ਹੈ, ਇਹ ਵੱਧਦਾ ਹੈ ਅਤੇ ਇਹ ਤੁਹਾਡੇ ਬਾਗ ਦੇ ਸਾਰੇ ਪੌਦਿਆਂ ਵਿੱਚੋਂ ਸਭ ਤੋਂ ਵੱਧ ਵੱਡਾ ਬਣ ਜਾਂਦਾ ਹੈ। ਇਸ ਦੀਆਂ ਸ਼ਾਖਾਵਾਂ ਬੜੀਆਂ ਵੱਡੀਆਂ ਹੁੰਦੀਆਂ ਹਨ। ਇੱਥੇ ਜੰਗਲੀ ਪੰਛੀ ਆਕੇ ਆਪਣੇ ਆਲ੍ਹਣੇ ਪਾਕੇ ਆਪਣੇ-ਆਪ ਨੂੰ ਧੁੱਪ ਤੋਂ ਬਚਾਉਂਦੇ ਹਨ।”
33 ਯਿਸੂ ਨੇ ਅਜਿਹੇ ਕਈ ਦ੍ਰਿਸ਼ਟਾਂਤ ਉਨ੍ਹਾਂ ਨੂੰ ਪ੍ਰਚਾਰ ਕਰਦੇ ਸਮੇਂ ਦਿੱਤੇ। ਯਿਸੂ ਨੇ ਉਨ੍ਹਾਂ ਨੂੰ ਉਨੇ ਹੀ ਉਪਦੇਸ਼ ਦਿੱਤੇ ਜਿੰਨੇ ਵੱਧ ਤੋਂ ਵੱਧ ਉਹ ਸਮਝਣ ਯੋਗ ਸਨ। 34 ਯਿਸੂ ਹਮੇਸ਼ਾ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਕਹਾਣੀਆਂ ਦੀ ਵਰਤੋਂ ਕਰਦਾ। ਪਰ ਜਦੋਂ ਉਹ ਆਪਣੇ ਚੇਲਿਆਂ ਦੇ ਨਾਲ ਇੱਕਲਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਹਰ ਗੱਲ ਦਾ ਵਿਸਤਾਰ ਦਿੰਦਾ।
ਯਿਸੂ ਦਾ ਤੂਫ਼ਾਨ ਨੂੰ ਰੋਕਣਾ(G)
35 ਉਸ ਦਿਨ ਸ਼ਾਮ ਵੇਲੇ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਆਓ! ਝੀਲ ਦੇ ਉਸ ਪਾਰ ਚੱਲੀਏ।” 36 ਯਿਸੂ ਤੇ ਉਸ ਦੇ ਚੇਲੇ ਬਾਕੀ ਲੋਕਾਂ ਨੂੰ ਉੱਥੇ ਹੀ ਛੱਡ ਕੇ, ਉਸ ਬੇੜੀ ਵਿੱਚ ਬੈਠਕੇ ਚੱਲੇ ਗਏ ਜਿਸ ਬੇੜੀ ਚ ਬੈਠਕੇ ਉਹ ਉਪਦੇਸ਼ ਦੇ ਰਿਹਾ ਸੀ। ਕੁਝ ਹੋਰ ਵੀ ਬੇੜੀਆਂ ਉਸ ਦੇ ਨਾਲ ਸਨ। 37 ਤਦ ਝੀਲ ਤੇ ਭਿਆਨਕ ਹਨੇਰੀ ਵਗੀ। ਲਹਿਰਾਂ ਬੇੜੀ ਦੇ ਨਾਲ ਵੱਜ ਰਹੀਆਂ ਸਨ। ਬੇੜੀ ਪਾਣੀ ਨਾਲ ਭਰ ਚੱਲੀ ਸੀ। 38 ਯਿਸੂ ਉਸ ਵਕਤ ਬੇੜੀ ਦੇ ਪਿੱਛਲੇ ਪਾਸੇ ਇੱਕ ਸਿਰਹਾਣਾ ਰੱਖਕੇ ਸੁੱਤਾ ਹੋਇਆ ਸੀ। ਉਸ ਦੇ ਚੇਲਿਆਂ ਨੇ ਉਸ ਨੂੰ ਉੱਠਾਇਆ। ਉਨ੍ਹਾਂ ਆਖਿਆ, “ਗੁਰੂ ਜੀ, ਕੀ ਤੁਹਾਨੂੰ ਕੋਈ ਫ਼ਿਕਰ ਨਹੀਂ ਕਿ ਅਸੀਂ ਡੁੱਬ ਰਹੇ ਹਾਂ।”
39 ਯਿਸੂ ਉੱਠਿਆ ਅਤੇ ਉਸ ਨੇ ਹਨੇਰੀ ਅਤੇ ਲਹਿਰਾਂ ਨੂੰ ਹੁਕਮ ਦਿੱਤਾ “ਸ਼ਾਂਤ ਹੋ ਜਾਓ, ਥੰਮ ਜਾਓ।” ਤਾਂ ਹਨੇਰੀ ਰੁਕ ਗਈ ਅਤੇ ਝੀਲ ਸ਼ਾਂਤ ਹੋ ਗਈ।
40 ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਤੁਸੀਂ ਇੰਨੇ ਘਬਰਾਏ ਹੋਏ ਕਿਉਂ ਹੋ? ਕੀ ਤੁਹਾਨੂੰ ਅਜੇ ਵੀ ਵਿਸ਼ਵਾਸ ਨਹੀਂ?”
41 ਚੇਲੇ ਬਹੁਤ ਡਰੇ ਹੋਏ ਸਨ ਅਤੇ ਇੱਕ ਦੂਜੇ ਤੋਂ ਪੁੱਛ ਰਹੇ ਸਨ, “ਇਹ ਕਿਹੋ ਜਿਹਾ ਮਨੁੱਖ ਹੈ? ਹਵਾ ਅਤੇ ਝੀਲ ਵੀ ਉਸਦੀ ਆਗਿਆ ਦਾ ਪਾਲਣ ਕਰਦੇ ਹਨ।”
ਯਹੂਦੀਆਂ ਦੀ ਜਿੱਤ
9 ਬਾਰ੍ਹਵੇਂ ਮਹੀਨੇ (ਅਦਾਰ) ਦੇ ਤੇਰ੍ਹਵੇਂ ਦਿਨ ਲੋਕਾਂ ਲਈ ਪਾਤਸ਼ਾਹ ਦੇ ਹੁਕਮ ਨੂੰ ਮੰਨਣਾ ਲਾਜ਼ਮੀ ਸੀ। ਇਸ ਦਿਨ ਯਹੂਦੀਆਂ ਦੇ ਵੈਰੀਆਂ ਨੂੰ ਉਨ੍ਹਾਂ ਉੱਤੇ ਜਿੱਤ ਪਾਉਣ ਦੀ ਪੂਰੀ ਉਮੀਦ ਸੀ। ਪਰ ਹੁਣ ਹਾਲਾਤ ਬਦਲ ਗਏ ਸਨ। ਹੁਣ ਯਹੂਦੀ ਆਪਣੇ ਵੈਰੀਆਂ ਤੋਂ, ਜਿਹੜੇ ਕਿ ਯਹੂਦੀਆਂ ਨਾਲ ਨਫਰਤ ਕਰਦੇ ਸਨ, ਤਕੜੇ ਸਨ। 2 ਪਾਤਸ਼ਾਹ ਅਹਵੇਰੋਸ਼ ਦੇ ਰਾਜ ਦੇ ਸਾਰੇ ਪ੍ਰਾਂਤਾਂ ਵਿੱਚ ਸਾਰੇ ਯਹੂਦੀ ਆਪਣੇ ਸ਼ਹਿਰਾਂ ਵਿੱਚ ਇੱਕਤ੍ਰ ਹੋਏ। ਉਹ ਇਸ ਲਈ ਮਿਲੇ ਤਾਂ ਜੋ ਇਕੱਠੇ ਹੋਕੇ ਆਪਣੇ ਵੈਰੀਆਂ ਉੱਪਰ ਹਮਲਾ ਕਰ ਸੱਕਣ ਜਿਹੜੇ ਕਿ ਉਨ੍ਹਾਂ ਨੂੰ ਤਬਾਹ ਕਰਨਾ ਚਾਹੁੰਦੇ ਸਨ। ਸੋ ਹੁਣ ਕੋਈ ਵੀ ਉਨ੍ਹਾਂ ਦੀ ਤਾਕਤ ਦੇ ਨਾਲ ਮੱਥਾ ਲਾਉਣ ਦੇ ਸਮਰੱਥ ਨਹੀਂ ਸੀ। ਅਸਲ ਵਿੱਚ ਉਹ ਸਾਰੇ ਲੋਕ ਯਹੂਦੀਆਂ ਤੋਂ ਡਰਦੇ ਸਨ। 3 ਤਾਂ ਸਾਰੇ ਸੂਬਿਆਂ ਦੇ ਅਧਿਕਾਰੀਆਂ, ਆਗੂਆਂ ਅਤੇ ਪਾਤਸ਼ਾਹ ਦੇ ਰਾਜਪਾਲਾਂ ਅਤੇ ਸੰਚਾਲਕਾਂ ਜਿਨ੍ਹਾਂ ਨੇ ਸ਼ਾਹੀ ਬਿਵਸਬਾ ਨੂੰ ਸ਼ਕਤੀਸ਼ਾਲੀ ਬਣਾਇਆ ਸੀ ਯਹੂਦੀਆਂ ਦੀ ਮਦਦ ਕੀਤੀ। ਇਨ੍ਹਾਂ ਸਭਨਾਂ ਨੇ ਯਹੂਦੀਆਂ ਦੀ ਸਹਾਇਤਾ ਕੀਤੀ ਕਿਉਂ ਕਿ ਉਹ ਮਾਰਦਕਈ ਤੋਂ ਡਰਦੇ ਸਨ। 4 ਮਾਰਦਕਈ ਸ਼ਾਹੀ ਮਹਿਲ ਵਿੱਚ ਬਹੁਤ ਮਹੱਤਵਪੂਰਣ ਬਣ ਗਿਆ। ਸਾਰੀਆਂ ਪ੍ਰਾਂਤਾਂ ਦੇ ਲੋਕਾਂ ਨੇ ਉਸ ਦੀ ਪ੍ਰਸਿੱਧੀ ਅਤੇ ਮਹੱਤਤਾ ਬਾਰੇ ਪਤਾ ਲੱਗ ਗਿਆ। ਇਸ ਤਰ੍ਹਾਂ ਮਾਰਦਕਈ ਦਿਨੋ-ਦਿਨ ਤਾਕਤਵਰ ਹੁੰਦਾ ਗਿਆ।
5 ਯਹੂਦੀਆਂ ਨੇ ਆਪਣੇ ਸਾਰੇ ਵੈਰੀਆਂ ਨੂੰ ਹਰਾ ਦਿੱਤੀ। ਉਨ੍ਹਾਂ ਨੇ ਆਪਣੇ ਵੈਰੀਆਂ ਨੂੰ ਤਲਵਾਰਾਂ ਨਾਲ ਮਾਰਿਆ ਤੇ ਤਬਾਹ ਕਰ ਦਿੱਤਾ। ਇਨ੍ਹਾਂ ਯਹੂਦੀਆਂ ਨੇ ਉਨ੍ਹਾਂ ਲੋਕਾਂ ਨਾਲ ਆਪਣੀ ਮਨ ਮਰਜੀ ਦਾ ਸਲੂਕ ਕੀਤਾ ਜਿਹੜੇ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ। 6 ਯਹੂਦੀਆਂ ਨੇ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਤਬਾਹ ਕੀਤਾ। 7 ਯਹੂਦੀਆਂ ਨੇ ਪਰਸ਼ਨਦਾਬਾ, ਦਿਲਫੋਨ ਅਸਪਾਬਾ ਨੂੰ ਵੀ ਖਤਮ ਕੀਤਾ। 8 ਇਸਦੇ ਇਲਾਵਾ ਪੋਰਾਬਾ, ਅਦਲਯਾ, ਅਰੀਦਾਬਾ, 9 ਪਰਮਸ਼ਤਾ, ਅਰੀਸਈ, ਅਰੀਦਈ ਅਤੇ ਵੀਜ਼ਾਬਾ ਨੂੰ ਵੀ ਵੱਢ ਮੁਕਾਇਆ। 10 ਇਹ ਉਪਰੋਕਤ ਦੱਸੇ ਮਨੁੱਖ ਹਾਮਾਨ ਦੇ ਦਸ ਪੁੱਤਰ ਸਨ। ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ। ਯਹੂਦੀਆਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਮਾਰ ਮੁਕਾਇਆ ਪਰ ਉਨ੍ਹਾਂ ਨੇ ਉਨ੍ਹਾਂ ਦੀਆਂ ਵਸਤਾਂ ਨੂੰ ਹੱਥ ਨਾ ਲਾਇਆ।
11 ਉਸ ਦਿਨ ਪਾਤਸ਼ਾਹ ਨੇ ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਮਾਰੇ ਗਏ ਲੋਕਾਂ ਦੀ ਗਿਣਤੀ ਬਾਰੇ ਸੁਣਿਆ। 12 ਤਾਂ ਪਾਤਸ਼ਾਹ ਨੇ ਰਾਣੀ ਅਸਤਰ ਨੂੰ ਕਿਹਾ, “ਯਹੂਦੀਆਂ ਨੇ ਹਾਮਾਨ ਦੇ ਦੇਸ਼ਾਂ ਪੁੱਤਰਾਂ ਸਮੇਤ ਸ਼ੂਸ਼ਨ ਵਿੱਚ 500 ਮਨੁੱਖਾਂ ਨੂੰ ਮਾਰ ਦਿੱਤਾ ਹੈ। ਹੁਣ ਮੈਨੂੰ ਦੱਸ ਕਿ ਪਾਤਸ਼ਾਹ ਦੇ ਬਚੇ ਹੋਏ ਪ੍ਰਾਂਤਾਂ ਵਿੱਚ ਕੀ ਕੀਤਾ ਜਾਵੇ? ਮੈਨੂੰ ਦੱਸ ਮੈ ਇਸ ਨੂੰ ਪੂਰਾ ਕਰਾਂਗਾ।”
13 ਅਸਤਰ ਨੇ ਕਿਹਾ, “ਜੇਕਰ ਇਹ ਰਾਜੇ ਨੂੰ ਪ੍ਰਸੰਨ ਕਰੇ ਤਾਂ ਅੱਜ ਵਾਂਗ ਕੱਲ ਨੂੰ ਵੀ ਯਹੂਦੀਆਂ ਦੁਆਰਾ ਸ਼ੂਸ਼ਨ ਵਿੱਚ ਇਝ੍ਝ ਹੀ ਕੀਤਾ ਜਾਵੇੇ। ਅਤੇ ਹਾਮਾਨ ਦੇ ਦਸਾਂ ਪੁੱਤਰਾਂ ਦੀਆਂ ਲੌਬਾਂ ਨੂੰ ਟਂਗਿਆ ਜਾਵੇ।”
14 ਤਾਂ ਪਾਤਸ਼ਾਹ ਨੇ ਅਗਲੇ ਦਿਨ ਲਈ ਵੀ ਉਹੀ ਆਦੇਸ਼ ਦਿੱਤਾ। ਉਹ ਸ਼ਰ੍ਹਾ ਸ਼ੂਸ਼ਨ ਵਿੱਚ ਇੱਕ ਹੋਰ ਦਿਨ ਲਈ ਜਾਰੀ ਰਹੀ। ਫ਼ੇਰ ਉਨ੍ਹਾਂ ਨੇ ਹਾਮਾਨ ਦੇ ਪੁੱਤਰਾਂ ਦੀਆਂ ਲੋਬਾਂ ਨੂੰ ਸੂਲੀ ਚਾਢ਼ਿਆ। 15 ਸ਼ੂਸ਼ਨ ਜਿਲ੍ਹੇ ਦੇ ਮਹਿਲ ਵਿੱਚ ਅਦਾਰ ਦੇ ਮਹੀਨੇ ਦੇ ਚੌਦ੍ਹਵੇਂ ਦਿਨ ਫਿਰ ਸਾਰੇ ਯਹੂਦੀ ਇਕੱਠੇ ਹੋਏ। ਉਨ੍ਹਾਂ ਨੇ ਫਿਰ ਸ਼ੂਸ਼ਨ ਸ਼ਹਿਰ ਵਿੱਚ 300 ਮਨੁੱਖਾਂ ਨੂੰ ਮਾਰ ਦਿੱਤਾ ਪਰ ਉਨ੍ਹਾਂ ਦੀ ਕਿਸੇ ਵਸਤ ਨੂੰ ਹੱਥ ਨਾ ਲਾਇਆ।
16 ਉਸੇ ਵਕਤ ਹੋਰ ਸੂਬਿਆਂ ਵਿੱਚ ਵੱਸੱਦਿਆਂ ਯਹੂਦੀਆਂ ਨੂੰ ਵੀ ਇਕੱਠਾ ਕੀਤਾ ਤਾਂ ਜੋ ਇਕੱਠੇ ਹੋਕੇ ਆਪਣੇ ਬਚਾਓ ਲਈ ਆਪਣੇ-ਆਪ ਨੂੰ ਤਾਕਤਵਰ ਕਰਨ। ਉਨ੍ਹਾਂ ਨੇ ਆਪਣੇ ਵੈਰੀਆਂ ਨੂੰ ਪਿੱਛਾ ਛੁੜਾਉਣ ਲਈ 75,000 ਵੈਰੀਆਂ ਨੂੰ ਵੱਢ ਸੁੱਟਿਆ ਪਰ ਪਰ ਲੁੱਟ ਦੇ ਮਾਲ ਨੂੰ ਹੱਥ ਨਾ ਲਾਇਆ। 17 ਇਹ ਵਾਰਦਾਤ ਅਦਾਰ ਦੇ ਮਹੀਨੇ ਤੇਰ੍ਹਾਂ ਤਰੀਕ ਨੂੰ ਹੋਈ ਅਤੇ ਚੌਦ੍ਹਵੇਂ ਦਿਨ ਉਨ੍ਹਾਂ ਨੇ ਆਰਾਮ ਕੀਤਾ। ਉਸ ਦਿਨ ਨੂੰ ਯਹੂਦੀਆਂ ਨੇ ਖੁਸ਼ੀ ਦੀ ਛੁੱਟੀ ਜਾਣ ਕੇ ਖੁਸ਼ੀ ਮਨਾਈ।
ਪੂਰੀਮ ਦਾ ਪਰਬ
18 ਸੂਸ਼ਨ ਵਿੱਚ ਸਾਰੇ ਯਹੂਦੀ ਅਦਾਰ ਦੇ ਮਹੀਨੇ ਦੇ 13 ਵੇਂ ਅਤੇ 14 ਵੇਂ ਦਿਨ ਇਕੱਠੇ ਹੋਏ ਤੇ ਫਿਰ 15 ਵੇਂ ਦਿਨ ਉਹਨਾਂ ਨੇ ਆਰਾਮ ਕੀਤਾ ਤੇ ਪੰਦਰ੍ਹਵੇਂ ਦਿਨ ਛੁੱਟੀ ਦਾ ਜਸ਼ਨ ਮਨਾਇਆ। 19 ਇਉਂ ਦੇਸ਼ ਵਿੱਚ ਅਤੇ ਪਿੰਡਾਂ ਵਿੱਚ ਵੱਸਦੇ ਯਹੂਦੀਆਂ ਨੇ ਅਦਾਰ ਦੇ ਚੌਦ੍ਹਵੇਂ ਦਿਨ ਪੂਰੀਮ ਦਾ ਪਰਬ ਮਨਾਇਆ। ਚੌਦਵੇਂ ਦਿਨ ਨੂੰ ਉਨ੍ਹਾਂ ਨੇ ਖੁਸ਼ੀ ਦੀ ਛੁੱਟੀ ਰੱਖਿਆ। ਉਸ ਦਿਨ ਉਨ੍ਹਾਂ ਨੇ ਇੱਕ ਦੂਜੇ ਨੂੰ ਤੋਂਹਫੇ ਵੰਡੇ ਅਤੇ ਦਾਅਵਤਾਂ ਕੀਤੀਆਂ।
20 ਮਾਰਦਕਈ ਨੇ ਇਨ੍ਹਾਂ ਸਭ ਗੱਲਾਂ ਨੂੰ ਲਿਖਿਆ ਅਤੇ ਫਿਰ ਉਸ ਨੇ ਪਾਤਸ਼ਾਹ ਅਹਸ਼ਵੇਰੋਸ਼ ਦੇ ਸਾਰੇ ਸੂਬਿਆਂ ਵਿੱਚ ਵੱਸਦੇ ਯਹੂਦੀਆਂ ਨੂੰ ਚਿੱਠੀਆਂ ਭੇਜੀਆਂ। ਉਸ ਨੇ ਸਭ ਜਗ੍ਹਾ ਦੂਰ-ਨੇੜੇ ਚਿੱਠੀਆਂ ਭੇਜੀਆਂ। 21 ਮਾਰਦਕਈ ਨੇ ਅਜਿਹਾ ਇਸ ਲਈ ਕੀਤਾ ਤਾਂ ਕਿ ਯਹੂਦੀਆਂ ਨੂੰ ਕਹੇ ਕਿ ਉਹ ਹਰ ਸਾਲ ਅਦਾਰ ਦੇ ਮਹੀਨੇ ਦੇ ਚੌਦਵੇਂ ਪੰਦਰਵੇਂ ਦਿਨ ਪੂਰੀਮ ਦਾ ਪੁਰਬ ਮਨਾਉਣ। 22 ਇਹ ਉਹ ਦਿਨ ਸਨ ਜਿਨ੍ਹਾਂ ਵਿੱਚ ਯਹੂਦੀਆਂ ਨੂੰ ਆਪਣੇ ਵੈਰੀਆਂ ਤੋਂ ਆਰਾਮ ਮਿਲਿਆ ਅਤੇ ਇਹ ਮਹੀਨਾ ਉਨ੍ਹਾਂ ਲਈ ਗਮ ਤੋਂ ਖੁਸ਼ੀ ਵਿੱਚ ਅਤੇ ਰੋਣ ਪਿੱਟਣ ਤੋਂ ਖੁਸ਼ੀ ਵਿੱਚ ਬਦਲ ਗਿਆ। ਉਸ ਨੇ ਇਨ੍ਹਾਂ ਦਿਨਾਂ ਨੂੰ ਖੁਸ਼ੀ ਦੀਆਂ ਛੁੱਟੀਆਂ ਘੋਸ਼ਿਤ ਕਰਨ ਲਈ, ਅਤੇ ਜਸ਼ਨ ਮਨਾਉਣ ਲਈ ਅਤੇ ਦਾਅਵਤਾਂ ਕਰਨ ਲਈ, ਇੱਕ ਦੂਜੇ ਨੂੰ ਤੋਹਫ਼ੇ ਦੇਣ ਲਈ ਅਤੇ ਗਰੀਬ ਲੋਕਾਂ ਨੂੰ ਤੋਹਫ਼ੇ ਭੇਜਣ ਲਈ ਵੀ ਕਿਹਾ।
23 ਤਾਂ ਯਹੂਦੀਆਂ ਨੇ ਜੋ ਕੁਝ ਮਾਰਦਕਈ ਤੇ ਲਿਖ ਕੇ ਭੇਜਿਆ, ਉਸ ਨੂੰ ਮੰਨਿਆ। ਉਹ ਆਪਣੇ ਸ਼ੁਰੂ ਕੀਤੇ ਹੋਏ ਤਿਉਹਾਰ ਨੂੰ ਜਾਰੀ ਰੱਖਣ ਲਈ ਰਾਜੀ ਹੋ ਗਏ।
24 ਅਗਾਗੀ ਹਮਦਾਬਾ ਦਾ ਪੁੱਤਰ ਹਾਮਾਨ ਯਹੂਦੀਆਂ ਦਾ ਵੈਰੀ ਸੀ ਅਤੇ ਉਸ ਨੇ ਯਹੂਦੀਆਂ ਨੂੰ ਤਬਾਹ ਕਰਨ ਦੀ ਭੈੜੀ ਵਿਉਂਤ ਬਣਾਈ ਸੀ ਅਤੇ ਹਾਮਾਨ ਨੇ ਯਹੂਦੀਆਂ ਨੂੰ ਤਬਾਹ ਕਰਨ ਵਾਸਤੇ ਦਿਨ ਮੁਕਰ੍ਰਰ ਕਰਨ ਲਈ ਗੁਣੇ ਪਾਏ ਸਨ, ਉਨ੍ਹਾਂ ਦਿਨਾਂ ਵਿੱਚ ਗੁਣੇ ਨੂੰ “ਪੂਰੀਮ” ਕਿਹਾ ਜਾਂਦਾ ਸੀ, ਇਸੇ ਲਈ ਇਸ ਛੁੱਟੀ ਨੂੰ “ਪੂਰੀਮ” ਆਖਿਆ ਗਿਆ। 25 ਹਾਮਾਨ ਨੇ ਇਹ ਬੁਰਿਆਈ ਕੀਤੀ ਪਰ ਅਸਤਰ ਪਾਤਸ਼ਾਹ ਕੋਲ ਇਸ ਬਾਰੇ ਗੱਲ ਕਰਨ ਲਈ ਗਈ। ਇਸ ਲਈ ਪਾਤਸ਼ਾਹ ਨੇ ਨਵਾਂ ਹੁਕਮ ਭੇਜਿਆ ਅਤੇ ਉਸ ਨਵੇਂ ਆਦੇਸ਼ ਨੇ ਸਿਰਫ਼ ਹਾਮਾਨ ਦੀ ਵਿਉਂਤ ਨੂੰ ਹੀ ਤਬਾਹ ਨਹੀਂ ਕੀਤਾ ਪਰ ਇਹ ਹਾਮਾਨ ਅਤੇ ਉਸ ਦੇ ਪਰਿਵਾਰ ਤੇ ਲਾਗੂ ਹੋਈ। ਇਵੇਂ ਹਾਮਾਨ ਅਤੇ ਉਸ ਦੇ ਪੁੱਤਰ ਸੂਲੀ ਚਾਢ਼ੇ ਗਏ।
26-27 ਇਨ੍ਹਾਂ ਦਿਨਾਂ ਵਿੱਚ, ਗੁਣਿਆਂ ਨੂੰ “ਪੂਰੀਮ” ਆਖਿਆ ਜਾਂਦਾ ਸੀ। ਇਸ ਲਈ ਇਸ ਛੁੱਟੀ ਨੂੰ ਵੀ “ਪੁਰੀਮ” ਦਾ ਨਾਂ ਦਿੱਤਾ ਗਿਆ। ਮਾਰਦਕਈ ਨੇ ਯਹੂਦੀਆਂ ਨੂੰ ਇਹ ਛੁੱਟੀ ਮਨਾਉਣ ਲਈ ਚਿੱਠੀ ਲਿਖੀ ਇਸ ਲਈ ਉਸ ਦਿਨ ਤੋਂ ਯਹੂਦੀਆਂ ਨੇ ਹਰ ਵ੍ਹਰੇ ਇਹ ਦੋ ਦਿਨਾਂ ਨੂੰ ਮਨਾਇਆ। 28 ਇਹ ਦਿਨ ਪੀੜੀ ਦਰ ਪੀੜੀ ਹਰ ਪਰਿਵਾਰ ਦੁਆਰਾ, ਹਰ ਪ੍ਰਾਂਤ ਅਤੇ ਹਰ ਨਗਰ ਵਿੱਚ ਯਾਦ ਕੀਤੇ ਅਤੇ ਮਨਾਏ ਜਾਣ ਲਈ ਹਨ। ਅਤੇ ਪੂਰੀਮ ਦੇ ਇਨ੍ਹਾਂ ਦਿਨਾਂ ਨੂੰ ਯਹੂਦੀਆਂ ਦਰਮਿਆਨ ਵੇਖੇ ਜਾਣ ਤੋਂ ਬੰਦ ਨਹੀਂ ਕੀਤੇ ਜਾਣੇ ਚਾਹੀਦੇ। ਅਤੇ ਨਾ ਹੀ ਉਨ੍ਹਾਂ ਦੀ ਯਾਦ ਉਨ੍ਹਾਂ ਦੇ ਉੱਤਰਾਧਿਕਾਰੀਆਂ ਵਿੱਚੋਂ ਖਤਮ ਹੋਵੇ। ਇਸ ਲਈ ਉਹ ਸਭ ਕੁਝ ਸਿਮਰਤੀਆਂ ਵਿੱਚ ਜੋ ਕੁਝ ਉਨ੍ਹਾਂ ਨਾਲ ਵਾਪਰਿਆ ਨੂੰ ਚੇਤੇ ਰੱਖਣ ’ਚ ਇਹ ਦਿਨ ਮਦਦ ਕਰੇ, ਇਸ ਲਈ ਇਹ ਦਿਨ ਯਾਦਗਾਰੀ ਮੁਕਰ੍ਰਰ ਕੀਤੇ ਗਏ।
29 ਫ਼ੇਰ ਅਬੀਹਯਿਲ ਦੀ ਧੀ ਰਾਣੀ ਅਸਤਰ ਅਤੇ ਮਾਰਦਕਈ ਯਹੂਦੀ ਇਸ ਦੂਸਰੇ ਖਤ ਨੂੰ ਪੱਕਿਆਂ ਕਰਨ ਲਈ ਰਾਜੇ ਦੇ ਸਾਰੇ ਅਧਿਕਾਰ ਨਾਲ, ਪੂਰੀਮ ਬਾਰੇ ਇੱਕ ਸ਼ਾਹੀ ਖਤ ਲਿਖਿਆ। 30 ਇਸ ਲਈ ਮਾਰਦਕਈ ਨੇ ਪਾਤਸ਼ਾਹ ਅਹਸ਼ਵੇਰੋਸ਼ ਦੇ 127 ਸੂਬਿਆਂ ਵਿੱਚ ਸਾਰੇ ਯਹੂਦੀਆਂ ਨੂੰ ਪੱਤਰ ਲਿਖੇ। ਮਾਰਦਕਈ ਨੇ ਦੱਸਿਆ ਕਿ ਇਹ ਛੁੱਟੀ ਆਪਸੀ ਪਿਆਰ ਅਤੇ ਯਹੂਦੀਆਂ ਵਿੱਚ ਆਪਸੀ ਭਰੋਸੇ ਦਾ ਪੈਗਾਮ ਬਣੇ। 31 ਮਾਰਦਕਈ ਨੇ ਇਨ੍ਹਾਂ ਖਤਾਂ ਨੂੰ ਲਿਖਿਆ ਤਾਂ ਜੋ ਪੁਰੀਮ ਦੇ ਇਨ੍ਹਾਂ ਦਿਨਾਂ ਨੂੰ ਨਿਸ਼ਚਿੰਤ ਸਮੇਂ ਤੇ ਮਨਾਇਆ ਜਾਵੇ। ਯਹੂਦੀ ਮਾਰਦਕਈ ਅਤੇ ਅਸਤਰ ਨੇ ਯਹੂਦੀਆਂ ਨੂੰ ਆਪਣੇ ਲਈ ਅਤੇ ਉਨ੍ਹਾਂ ਦੇ ਉੱਤਰਾਧਿਕਾਰੀਆਂ ਲਈ ਦੋ ਦਿਨਾਂ ਦੀ ਛੁੱਟੀ ਸਥਾਪਿਤ ਕਰਨ ਲਈ ਇਹ ਆਦੇਸ਼ ਭੇਜਿਆ। ਉਨ੍ਹਾਂ ਨੂੰ ਇਹ ਦਿਨ ਵੀ ਇੰਝ ਹੀ ਯਾਦ ਰੱਖਣਾ ਚਾਹੀਦਾ ਜਿਵੇਂ ਉਹ ਦੂਸਰੀਆਂ ਛੁੱਟੀਆਂ ਨੂੰ ਯਾਦ ਰੱਖਦੇ ਹਨ ਜਦੋਂ ਉਹ ਵਰਤ ਰੱਖ ਰਹੇ ਹੁੰਦੇ ਹਨ, ਪ੍ਰਾਰਥਨਾ ਕਰ ਰਹੇ ਹੁੰਦੇ ਹਨ, ਉਨ੍ਹਾਂ ਨਾਲ ਵਾਪਰੀਆਂ ਮਾੜੀਆਂ ਘਟਨਾਵਾਂ ਬਾਰੇ ਹੋ ਰਹੇ ਹੁੰਦੇ ਹਨ। 32 ਅਸਤਰ ਦੇ ਆਦੇਸ਼ਾਂ ਨਾਲ ਪੂਰੀਮ ਬਾਰੇ ਇਹ ਅਸੂਲ ਪੱਕੇ ਸਨ ਅਤੇ ਇਹ ਗੱਲਾਂ ਪੋਥੀ ਵਿੱਚ ਲਿਖੀਆਂ ਗਈਆ
ਮਾਰਦਕਈ ਦਾ ਸਂਮਾਨ
10 ਅਹਸ਼ਵੇਰੋਸ਼ ਪਾਤਸ਼ਾਹ ਨੇ ਲੋਕਾਂ ਉੱਤੇ ਕਰ ਲਾ ਦਿੱਤਾ। ਰਾਜ ਦੇ ਸਾਰੇ ਲੋਕਾਂ ਨੂੰ ਭਾਵੇਂ ਉਹ ਸਮੁੰਦਰ ਦੇ ਟਾਪੂਆਂ ਤੇ ਰਹਿੰਦੇ ਹੋਣ, ਦੂਰ-ਦੁਰਾਡੇ ਵੱਸਦੇ ਲੋਕਾਂ ਉੱਪਰ ਵੀ ਪਾਤਸ਼ਾਹ ਨੇ ਵਸੂਲ ਲਗਾ ਦਿੱਤਾ। 2 ਪਾਤਸ਼ਾਹ ਅਹਸ਼ਵੇਰੋਸ਼ ਦੀਆਂ ਸਾਰੀਆਂ ਕਰਨੀਆਂ ਪਰਸੀਆਂ ਅਤੇ ਮਾਦੀ ਦੇ ਰਾਜਿਆਂ ਦੇ ਇਤਹਾਸ ਦੀ ਪੋਥੀ ਵਿੱਚ ਲਿਖੀਆਂ ਹੋਈਆਂ ਹਨ। ਅਤੇ ਮਾਰਦਕਈ ਦੀਆਂ ਕਰਨੀਆਂ ਅਤੇ ਕਿਵੇਂ ਰਾਜੇ ਨੇ ਉਸ ਨੂੰ ਤਰਕੀ ਦਿੱਤੀ ਦਾ ਵਿਵਰਣ ਉਨ੍ਹਾਂ ਪੋਥੀਆਂ ਵਿੱਚ ਲਿਖਿਆ ਗਿਆ। 3 ਯਹੂਦੀ ਮਾਰਦਕਈ ਅਹਸ਼ਵੇਰੋਸ਼ ਪਾਤਸ਼ਾਹ ਤੋਂ ਦੂਜੇ ਰੁਤਬੇ ਉੱਤੇ ਸੀ ਅਤੇ ਯਹੂਦੀਆਂ ਵਿੱਚ ਮਹੱਤਵਪੂਰਣ ਹਸਤੀ ਸੀ ਅਤੇ ਉਸ ਦੇ ਯਹੂਦੀ ਸਾਥੀਆਂ ਨੇ ਉਸ ਨੂੰ ਆਦਰ-ਮਾਣ ਦੇ ਕੇ ਰੱਖਿਆ। ਉਹ ਉਸ ਦੀ ਇੱਜ਼ਤ ਅਤੇ ਉਸਤਤ ਇਸ ਲਈ ਕਰਦੇ ਸਨ ਕਿਉਂ ਕਿ ਉਸ ਨੇ ਆਪਣੇ ਲੋਕਾਂ ਦੀ ਭਲਾਈ ਲਈ ਬਹੁਤ ਕੰਮ ਕੀਤੇ ਅਤੇ ਜੋ ਸਾਰੇ ਯਹੂਦੀਆਂ ਲਈ ਸ਼ਾਂਤੀ ਲਿਆਇਆਂ।
ਅਬਰਾਹਾਮ ਦਾ ਉਦਾਹਰਣ
4 ਤਾਂ ਅਸੀਂ ਅਬਰਾਹਾਮ ਬਾਰੇ ਕੀ ਆਖੀਏ ਜੋ ਸਾਡੇ ਲੋਕਾਂ ਦਾ ਪਿਤਾ ਹੈ? 2 ਉਸ ਨੇ ਨਿਹਚਾ ਬਾਰੇ ਕੀ ਸਿੱਖਿਆ? ਜੇਕਰ ਅਬਰਾਹਾਮ ਅਪਣੇ ਕੰਮਾਂ ਕਾਰਣ ਧਰਮੀ ਬਣਾਇਆ ਗਿਆ ਸੀ, ਤਾਂ ਉਸ ਕੋਲ ਸ਼ੇਖੀ ਦਾ ਕਾਰਣ ਹੈ, ਪਰ ਉਹ ਪਰਮੇਸ਼ੁਰ ਅੱਗੇ ਸ਼ੇਖੀ ਨਾ ਮਾਰ ਸੱਕਿਆ। 3 ਪੋਥੀ ਆਖਦੀ ਹੈ: “ਅਬਰਾਹਾਮ ਨੇ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਅਤੇ ਪਰਮੇਸ਼ੁਰ ਨੇ ਉਸਦੀ ਨਿਹਚਾ ਕਬੂਲ ਕੀਤੀ ਅਤੇ ਉਸ ਨੂੰ ਧਰਮੀ ਕਰਾਰ ਦਿੱਤਾ।” [a]
4 ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ, ਤਾਂ ਉਸਦੀ ਤਨਖਾਹ ਉਸ ਨੂੰ ਤੋਹਫ਼ੇ ਵਾਂਗ ਨਹੀਂ ਸਗੋਂ ਜਿਵੇਂ ਕਿ ਉਸ ਨੇ ਮਜਦੂਰੀ ਕਮਾਈ, ਦਿੱਤੀ ਜਾਂਦੀ ਹੈ। 5 ਪਰ ਜੇਕਰ ਇੱਕ ਵਿਅਕਤੀ ਧਰਮੀ ਬਣਨ ਵਾਸਤੇ ਕੋਈ ਕੰਮ ਨਹੀਂ ਕਰਦਾ, ਸਗੋਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹੈ,ਦੋ ਦੁਸ਼ਟ ਆਦਮੀ ਨੂੰ ਧਰਮੀ ਬਣਾਉਂਦਾ ਹੈ, ਫ਼ਿਰ ਪਰਮੇਸ਼ੁਰ ਉਸਦੀ ਨਿਹਚਾ ਨੂੰ ਕਬੂਲਦਾ ਹੈ ਅਤੇ ਉਸ ਨੂੰ ਧਰਮੀ ਬਣਾਉਂਦਾ ਹੈ। 6 ਦਾਊਦ ਵੀ ਆਖਦਾ ਹੈ ਕਿ ਉਹ ਮਨੁੱਖ ਧੰਨ ਹੈ ਜਿਸ ਨੂੰ ਪਰਮੇਸ਼ੁਰ ਉਸ ਦੇ ਕੰਮਾਂ ਨੂੰ ਗਿਣਿਆ ਬਿਨਾ ਧਰਮੀ ਕਰਾਰ ਦਿੰਦਾ ਹੈ।
7 “ਧੰਨ ਹਨ ਉਹ ਲੋਕ ਜਿਨ੍ਹਾਂ ਦੀਆਂ ਦੁਸ਼ਟ ਕਰਨੀਆਂ ਮੁਆਫ਼ ਕੀਤੀਆਂ
ਗਈਆਂ ਹਨ ਅਤੇ ਜਿਨ੍ਹਾਂ ਦੇ
ਪਾਪ ਭੁਲਾਏ ਗਏ ਹਨ।
8 ਧੰਨ ਹੈ ਉਹ ਮਨੁੱਖ ਜਿਸਦੇ
ਪਾਪ ਪ੍ਰਭੂ ਵੱਲੋਂ ਨਹੀਂ ਗਿਣੇ ਜਾਣਗੇ।” (A)
9 ਕੀ ਇਹ ਖੁਸ਼ ਨਸੀਬੀ ਸਿਰਫ਼ ਸੁੰਨਤੀਆਂ ਲਈ ਹੀ ਹੈ? ਜਾਂ ਕੀ ਇਹ ਉਨ੍ਹਾਂ ਲਈ ਵੀ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ? ਅਸੀਂ ਪਹਿਲਾਂ ਹੀ ਆਖਿਆ ਹੈ ਕਿ ਅਬਰਾਹਾਮ ਦੀ ਵਿਸ਼ਵਾਸ ਪਰਮੇਸ਼ੁਰ ਦੁਆਰਾ ਕਬੂਲੀ ਗਈ ਸੀ ਅਤੇ ਉਸਦੀ ਵਿਸ਼ਵਾਸ ਨੇ ਉਸ ਨੂੰ ਧਰਮੀ ਬਣਾਇਆ। 10 ਪਰ ਇਹ ਕਦ ਵਾਪਰਿਆ? ਕੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਸੁੰਨਤ ਹੋਣ ਤੋਂ ਪਹਿਲਾਂ ਕਬੂਲਿਆ ਜਾਂ ਉਸਦੀ ਸੁੰਨਤ ਹੋਣ ਤੋਂ ਬਾਅਦ? ਪਰਮੇਸ਼ੁਰ ਨੇ ਉਸ ਨੂੰ ਉਸਦੀ ਸੁੰਨਤ ਹੋਣ ਤੋਂ ਪਹਿਲਾਂ ਹੀ ਸਵੀਕਾਰ ਕਰ ਲਿਆ ਸੀ। 11 ਉਸ ਨੇ ਨਿਸ਼ਾਨੀ ਦੇ ਤੌਰ ਤੇ ਬਾਅਦ ਵਿੱਚ ਸੁੰਨਤ ਕਰਾਈ ਕਿ ਪਰੇਮਸ਼ੁਰ ਨੇ ਉਸ ਨੂੰ ਕਬੂਲਿਆ ਹੈ। ਉਸਦੀ ਸੁੰਨਤ ਇੱਕ ਸਬੂਤ ਸੀ ਕਿ ਉਹ ਸੁੰਨਤ ਹੋਣ ਤੋਂ ਪਹਿਲਾਂ ਹੀ ਧਰਮੀ ਸੀ। ਤਾਂ ਅਬਰਾਹਾਮ ਸਾਰਿਆਂ ਲੋਕਾਂ ਦਾ ਪਿਤਾ ਹੈ ਜਿਨ੍ਹਾਂ ਦੀ ਸੁੰਨਤ ਨਹੀਂ ਹੋਈ, ਪਰ ਵਿਸ਼ਵਾਸ ਰੱਖਦੇ ਹਨ। ਪਰਮੇਸ਼ੁਰ ਇਨ੍ਹਾਂ ਲੋਕਾਂ ਨੂੰ ਧਰਮੀ ਲੋਕਾਂ ਵਜੋਂ ਕਬੂਲਦਾ ਹੈ। 12 ਅਤੇ ਅਬਰਾਹਾਮ ਉਨ੍ਹਾਂ ਲੋਕਾਂ ਦਾ ਵੀ ਪਿਤਾ ਹੈ ਜਿਹੜੇ ਸੁੰਨਤੀਏ ਹਨ, ਪਰ ਇਹ ਉਨ੍ਹਾਂ ਦੀ ਇੱਕਲੀ ਸੁੰਨਤ ਹੀ ਨਹੀਂ ਜੋ ਅਬਰਾਹਾਮ ਨੂੰ ਉਨ੍ਹਾਂ ਦਾ ਪਿਤਾ ਥਾਪਦੀ ਹੈ, ਸਗੋਂ ਇਹ ਉਹੀ ਨਿਹਚਾ ਹੈ ਜਿਸ ਨੂੰ ਉਹ ਮੰਨਦੇ ਹਨ ਜਿਹੜੀ ਅਬਰਾਹਾਮ ਨੂੰ ਸੁੰਨਤ ਤੋਂ ਪਹਿਲਾਂ ਸੀ।
ਪਰਮੇਸ਼ੁਰ ਦੇ ਇਕਰਾਰ ਦਾ ਨਿਹਚਾ ਰਾਹੀਂ ਪ੍ਰਾਪਤ ਹੋਣਾ
13 ਅਬਰਾਹਾਮ ਅਤੇ ਉਸਦੀ ਉਲਾਦ ਨਾਲ ਇਹ ਵਚਨ ਹੋਇਆ ਕਿ ਉਹ ਪੂਰੀ ਦੁਨੀਆਂ ਪ੍ਰਾਪਤ ਕਰ ਸੱਕਣਗੇ। ਉਸ ਨੂੰ ਇਹ ਵਚਨ ਸਿਰਫ਼ ਸ਼ਰ੍ਹਾ ਦਾ ਅਨੁਸਰਣ ਕਰਨ ਕਾਰਣ ਪ੍ਰਾਪਤ ਨਹੀਂ ਹੋਇਆ, ਸਗੋਂ ਉਸ ਨੇ ਇਹ ਵਚਨ ਸਦਾਚਾਰੀ ਰਾਹੀਂ, ਜਿਹੜੀ ਨਿਹਚਾ ਦੁਆਰਾ ਆਉਂਦੀ ਹੈ, ਪ੍ਰਾਪਤ ਕੀਤਾ। 14 ਜੇਕਰ ਮਨੁੱਖ ਸ਼ਰ੍ਹਾ ਦੀ ਪਾਲਣਾ ਕਰਕੇ ਉਹ ਵਸਤਾਂ, ਜਿਨ੍ਹਾਂ ਦਾ ਵਚਨ ਪਰਮੇਸ਼ੁਰ ਨੇ ਕੀਤਾ ਹੈ, ਪ੍ਰਾਪਤ ਕਰ ਸੱਕਦਾ ਤਾਂ ਨਿਹਚਾ ਬੇਕਾਰ ਹੈ ਅਤੇ ਪਰਮੇਸ਼ੁਰ ਦਾ ਅਬਰਾਹਾਮ ਨਾਲ ਕੀਤਾ ਵਚਨ ਹੀ ਬੇਕਾਰ ਹੈ। 15 ਕਿਉਂ? ਕਿਉਂਕਿ ਸ਼ਰ੍ਹਾ ਸਿਰਫ਼ ਪਰਮੇਸ਼ੁਰ ਦਾ ਗੁੱਸਾ ਹੀ ਲਿਆ ਸੱਕਦੀ ਹੈ ਜਦੋਂ ਸ਼ਰ੍ਹਾ ਦਾ ਪਾਲਣ ਨਹੀਂ ਹੁੰਦਾ। ਪਰ ਜੇਕਰ ਇੱਥੇ ਸ਼ਰ੍ਹਾ ਨਾ ਹੋਵੇ, ਤਾਂ ਸ਼ਰ੍ਹਾ ਦੀ ਕੋਈ ਅਵਗਿਆ ਨਹੀਂ ਹੋ ਸੱਕਦੀ?
16 ਇਸ ਕਾਰਣ ਪਰਮੇਸ਼ੁਰ ਦਾ ਵਚਨ ਨਿਹਚਾ ਤੋਂ ਹੋਇਆ। ਇਹ ਇਸ ਲਈ ਹੋਇਆ ਤਾਂ ਜੋ ਵਚਨ ਇੱਕ ਮੁਫ਼ਤੀ ਦਾਤ ਹੋਵੇ। ਤੇ ਜੇਕਰ ਵਚਨ ਮੁਫ਼ਤੀ ਦਾਤ ਹੈ ਤਾਂ ਅਬਰਾਹਾਮ ਦੇ ਸਾਰੇ ਲੋਕ ਇਸ ਵਚਨ ਨੂੰ ਪ੍ਰਾਪਤ ਕਰ ਸੱਕਦੇ ਹਨ। ਇਹ ਵਚਨ ਸਿਰਫ਼ ਉਨ੍ਹਾਂ ਲੋਕਾਂ ਲਈ ਹੀ ਨਹੀਂ ਹੈ ਜੋ ਮੂਸਾ ਦੀ ਸ਼ਰ੍ਹਾ ਹੇਠ ਜਿਉਂਦੇ ਹਨ, ਸਗੋਂ ਇਹ ਉਨ੍ਹਾਂ ਲੋਕਾਂ ਵਾਸਤੇ ਹੈ ਜੋ ਅਬਰਾਹਾਮ ਵਾਂਗ ਨਿਹਚਾ ਨਾਲ ਜਿਉਂਦੇ ਹਨ। ਇਸ ਲਈ ਅਬਰਾਹਾਮ ਸਾਡੇ ਸਾਰਿਆਂ ਵਾਸਤੇ ਪਿਤਾ ਹੈ। 17 ਜਿਵੇਂ ਕਿ ਪੋਥੀਆਂ ਵਿੱਚ ਲਿਖਿਆ ਗਿਆ ਹੈ: “ਮੈਂ ਤੈਨੂੰ ਬਹੁਤ ਸਾਰੀਆਂ ਕੌਮਾਂ ਦਾ ਪਿਤਾ ਬਣਾਇਆ ਹੈ।” [b] ਇਹ ਪਰਮੇਸ਼ੁਰ ਦੇ ਅੱਗੇ ਸੱਚ ਹੈ ਕਿ ਅਬਰਾਹਾਮ ਨੇ ਉਸ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਜਿਹੜਾ ਮੁਰਦੇ ਲੋਕਾਂ ਨੂੰ ਜੀਵਨ ਵਿੱਚ ਲਿਆਉਂਦਾ ਹੈ ਅਤੇ ਅਣਹੋਣੀਆਂ ਨੂੰ ਵੀ ਹੋਣੀਆਂ ਕਰਦਾ ਹੈ।
18 ਕੋਈ ਉਮੀਦ ਨਹੀਂ ਸੀ ਕਿ ਅਬਰਾਹਾਮ ਦੇ ਘਰ ਔਲਾਦ ਹੋਵੇਗੀ। ਪਰ ਅਬਰਾਹਾਮ ਨੇ ਉਮੀਦ ਨਾਲ ਪਰਮੇਸ਼ੁਰ ਵਿੱਚ ਵਿਸ਼ਵਾਸ ਕੀਤਾ ਇਸੇ ਲਈ ਉਹ ਬਹੁਤੀਆਂ ਕੌਮਾਂ ਦਾ ਪਿਤਾ ਹੋ ਗਿਆ, ਜਿਵੇਂ ਕਿ ਪਰਮੇਸ਼ੁਰ ਨੇ ਉਸ ਨੂੰ ਕਿਹਾ, “ਤੇਰੀਆਂ ਬਹੁਤ ਔਲਾਦਾਂ ਹੋਣਗੀਆਂ।” [c] 19 ਅਬਰਾਹਾਮ ਬਹੁਤ ਬਜ਼ੁਰਗ ਹੋ ਚੁੱਕਾ ਸੀ। ਤਕਰੀਬਨ ਸੌ ਵਰ੍ਹਿਆਂ ਦਾ। ਉਹ ਬਹੁਤ ਚੰਗੀ ਤਰ੍ਹਾਂ ਜਾਣਦਾ ਸੀ ਕਿ ਉਸ ਲਈ ਔਲਾਦ ਪੈਦਾ ਕਰਨਾ ਸੰਭਵ ਨਹੀਂ ਸੀ। ਸਾਰਾਹ ਵੀ ਬੱਚੇ ਨੂੰ ਜਨਮ ਦੇਣ ਤੋਂ ਅਸਮਰਥ ਸੀ। ਪਰ ਪਰਮੇਸ਼ੁਰ ਵਿੱਚ ਉਸਦੀ ਨਿਹਚਾ ਕਮਜ਼ੋਰ ਨਾ ਹੋਈ। 20 ਪਰਮੇਸ਼ੁਰ ਦੇ ਵਚਨ ਵੱਲੋਂ ਉਸ ਨੇ ਬੇਪਰਤੀਤੀ ਨਾਲ ਸ਼ੰਕਾ ਨਾ ਕੀਤੀ। ਸਗੋਂ ਨਿਹਚਾ ਵਿੱਚ ਬਲਵਾਨ ਹੋਕੇ ਪਰਮੇਸ਼ੁਰ ਦੀ ਉਸਤਤਿ ਕੀਤੀ। 21 ਦੂਜੇ ਪਾਸੇ, ਉਸ ਨੇ ਦ੍ਰਿੜਤਾ ਨਾਲ ਵਿਸ਼ਵਾਸ ਕੀਤਾ ਕਿ ਪਰਮੇਸ਼ੁਰ, ਜਿਸਨੇ ਉਸ ਨਾਲ ਵਚਨ ਕੀਤਾ ਸੀ, ਵਚਨ ਨੂੰ ਪੂਰਨ ਕਰਨ ਯੋਗ ਸੀ। 22 ਇਸ ਲਈ, “ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ ਅਤੇ ਉਸ ਨੂੰ ਧਰਮੀ ਬਣਾਇਆ।” [d] 23 ਇਹ ਸ਼ਬਦ (“ਪਰਮੇਸ਼ੁਰ ਨੇ ਉਸਦੀ ਨਿਹਚਾ ਨੂੰ ਕਬੂਲ ਕੀਤਾ”) ਸਿਰਫ਼ ਅਬਰਾਹਾਮ ਲਈ ਨਹੀਂ ਲਿਖੇ ਗਏ ਸਗੋਂ ਇਹ ਸ਼ਬਦ ਸਾਡੇ ਲਈ ਵੀ ਲਿਖੇ ਗਏ ਸਨ। 24 ਪਰਮੇਸ਼ੁਰ ਸਾਨੂੰ ਵੀ ਕਬੂਲ ਕਰੇਗਾ ਕਿਉਂਕਿ ਅਸੀਂ ਉਸ ਉੱਪਰ ਨਿਹਚਾ ਕਰਦੇ ਹਾਂ। ਅਸੀਂ ਪਰਮੇਸ਼ੁਰ ਵਿੱਚ ਵਿਸ਼ਵਾਸ ਕਰਦੇ ਹਾਂ ਜਿਸਨੇ ਯਿਸੂ ਸਾਡੇ ਪ੍ਰਭੂ ਨੂੰ ਮੌਤ ਤੋਂ ਜਿਵਾਲਿਆ। 25 ਯਿਸੂ ਸਾਡੇ ਪਾਪਾਂ ਖਾਤਿਰ ਮਾਰਨ ਲਈ ਸੌਂਪਿਆ ਗਿਆ ਸੀ ਅਤੇ ਸਾਨੂੰ ਧਰਮੀ ਬਨਾਉਣ ਲਈ ਉਹ ਮੌਤ ਤੋਂ ਜੀਵਿਤ ਕੀਤਾ ਗਿਆ ਸੀ।
2010 by World Bible Translation Center