M’Cheyne Bible Reading Plan
ਯਾਕੂਬ ਰਾਖੇਲ ਨੂੰ ਮਿਲਦਾ ਹੈ
29 ਫ਼ੇਰ ਯਾਕੂਬ ਨੇ ਆਪਣਾ ਸਫ਼ਰ ਜਾਰੀ ਰੱਖਿਆ। ਉਹ ਪੂਰਬ ਦੇ ਦੇਸ਼ ਵਿੱਚ ਗਿਆ। 2 ਯਾਕੂਬ ਨੇ ਝਾਤੀ ਮਾਰੀ ਅਤੇ ਉਸ ਨੂੰ ਖੇਤਾਂ ਅੰਦਰ ਇੱਕ ਖੂਹ ਨਜ਼ਰ ਆਇਆ। ਖੂਹ ਦੇ ਨੇੜੇ ਭੇਡਾਂ ਦੇ ਤਿੰਨ ਇੱਜੜ ਲੇਟੇ ਸਨ। ਇਹੀ ਉਹ ਖੂਹ ਸੀ ਜਿੱਥੇ ਇਹ ਭੇਡਾਂ ਪਾਣੀ ਪੀਂਦੀਆਂ ਸਨ। ਉੱਥੇ ਇੱਕ ਵੱਡਾ ਪੱਥਰ ਸੀ, ਜਿਸ ਨਾਲ ਖੂਹ ਦਾ ਮੂੰਹ ਕੱਜਿਆ ਹੋਇਆ ਸੀ। 3 ਜਦੋਂ ਸਾਰੇ ਇੱਜੜ ਉੱਥੇ ਇਕੱਠੇ ਹੋ ਜਾਂਦੇ ਸਨ ਅਯਾਲੀ ਪੱਥਰ ਨੂੰ ਖੂਹ ਤੋਂ ਹਟਾ ਦਿੰਦੇ ਸਨ। ਫ਼ੇਰ ਸਾਰੀਆਂ ਭੇਡਾਂ ਪਾਣੀ ਪੀ ਸੱਕਦੀਆਂ ਸਨ। ਜਦੋਂ ਭੇਡਾਂ ਦੀ ਪਿਆਸ ਬੁਝ ਜਾਂਦੀ ਤਾਂ ਅਯਾਲੀ ਪੱਥਰ ਨੂੰ ਮੁੜਕੇ ਪਹਿਲੀ ਥਾਂ ਖਿਸੱਕਾ ਦਿੰਦੇ ਸਨ।
4 ਯਾਕੂਬ ਨੇ ਉੱਥੋਂ ਦੇ ਅਯਾਲੀਆਂ ਨੂੰ ਆਖਿਆ, “ਭਰਾਵੋ, ਤੁਸੀਂ ਕਿੱਥੋਂ ਦੇ ਹੋ?”
ਉਨ੍ਹਾਂ ਨੇ ਜਵਾਬ ਦਿੱਤਾ, “ਅਸੀਂ ਹਾਰਾਨ ਤੋਂ ਹਾਂ।”
5 ਫ਼ੇਰ ਯਾਕੂਬ ਨੇ ਆਖਿਆ, “ਕੀ ਤੁਸੀਂ ਨਾਹੋਰ ਦੇ ਪੋਤਰੇ ਲਾਬਾਨ ਨੂੰ ਜਾਣਦੇ ਹੋ?”
ਅਯਾਲੀਆਂ ਨੇ ਜਵਾਬ ਦਿੱਤਾ, “ਅਸੀਂ ਉਸ ਨੂੰ ਜਾਣਦੇ ਹਾਂ।”
6 ਫ਼ੇਰ ਯਾਕੂਬ ਨੇ ਆਖਿਆ, “ਉਸਦਾ ਕੀ ਹਾਲ ਹੈ?”
ਉਨ੍ਹਾਂ ਨੇ ਜਵਾਬ ਦਿੱਤਾ, “ਉਹ ਰਾਜੀ-ਖੁਸ਼ੀ ਹੈ। ਹਰ ਚੀਜ਼ ਠੀਕ ਹੈ। ਦੇਖੋ ਉਹ ਉਸ ਦੀ ਧੀ ਰਾਖੇਲ ਉਸ ਦੀਆਂ ਭੇਡਾਂ ਦੇ ਨਾਲ ਤੁਰੀ ਆਉਂਦੀ ਹੈ।”
7 ਯਾਕੂਬ ਨੇ ਆਖਿਆ, “ਦੇਖੋ, ਹਾਲੇ ਤਾਂ ਦਿਨ ਖੜ੍ਹਾ ਹੈ ਸੂਰਜ ਛਿਪਣ ਵਿੱਚ ਹਾਲੇ ਦੇਰ ਹੈ। ਹਾਲੇ ਜਾਨਵਰਾਂ ਦੇ ਰਾਤ ਲਈ ਇਕੱਠੇ ਕਰਨ ਦਾ ਵੇਲਾ ਨਹੀਂ ਹੋਇਆ। ਇਸ ਲਈ ਇਨ੍ਹਾਂ ਨੂੰ ਪਾਣੀ ਪਿਲਾਉ ਅਤੇ ਖੇਤਾਂ ਵਿੱਚ ਵਾਪਸ ਜਾਣ ਦਿਉ।”
8 ਪਰ ਉਸ ਅਯਾਲੀ ਨੇ ਆਖਿਆ, “ਅਸੀਂ ਉਦੋਂ ਤੱਕ ਅਜਿਹਾ ਨਹੀਂ ਕਰ ਸੱਕਦੇ ਜਿੰਨਾ ਚਿਰ ਸਾਰੇ ਇੱਜੜ ਇਕੱਠੇ ਨਹੀਂ ਹੋ ਜਾਂਦੇ। ਫ਼ੇਰ ਅਸੀਂ ਖੂਹ ਤੋਂ ਪੱਥਰ ਖਿਸੱਕਾ ਦੇਵਾਂਗੇ ਅਤੇ ਸਾਰੀਆਂ ਭੇਡਾਂ ਪਾਣੀ ਪੀਣਗੀਆਂ।”
9 ਜਦੋਂ ਯਾਕੂਬ ਅਯਾਲੀਆਂ ਨਾਲ ਗੱਲ ਕਰ ਰਿਹਾ ਸੀ ਤਾਂ ਰਾਖੇਲ ਆਪਣੇ ਪਿਤਾ ਦੀਆਂ ਭੇਡਾਂ ਦੇ ਨਾਲ ਆ ਗਈ। (ਰਾਖੇਲ ਦਾ ਕੰਮ ਭੇਡਾਂ ਦੀ ਦੇਖ-ਭਾਲ ਕਰਨਾ ਸੀ।) 10 ਰਾਖੇਲ ਲਾਬਾਨ ਦੀ ਧੀ ਸੀ। ਲਾਬਾਨ ਯਕੂਬ ਦੀ ਮਾਂ ਰਿਬਕਾਹ ਦਾ ਭਰਾ ਸੀ। ਜਦੋਂ ਯਾਕੂਬ ਨੇ ਰਾਖੇਲ ਨੂੰ ਦੇਖਿਆ, ਉਸ ਨੇ ਜਾਕੇ ਪੱਥਰ ਖਿਸੱਕਾਇਆ ਅਤੇ ਫ਼ੇਰ ਭੇਡਾਂ ਨੂੰ ਪਾਣੀ ਦਿੱਤਾ। 11 ਫ਼ੇਰ ਯਾਕੂਬ ਨੇ ਰਾਖੇਲ ਨੂੰ ਚੁੰਮਿਆ ਅਤੇ ਰੋ ਪਿਆ। 12 ਯਾਕੂਬ ਨੇ ਰਾਖੇਲ ਨੂੰ ਦੱਸਿਆ ਕਿ ਉਹ ਉਸ ਦੇ ਪਿਤਾ ਦੇ ਪਰਿਵਾਰ ਵਿੱਚੋਂ ਸੀ। ਉਸ ਨੇ ਰਾਖੇਲ ਨੂੰ ਦੱਸਿਆ ਕਿ ਉਹ ਰਿਬਕਾਹ ਦਾ ਪੁੱਤਰ ਸੀ। ਇਸ ਲਈ ਰਾਖੇਲ ਘਰ ਦੌੜ ਗਈ ਅਤੇ ਆਪਣੇ ਪਿਤਾ ਨੂੰ ਇਸ ਬਾਰੇ ਦੱਸਿਆ।
13 ਲਾਬਾਨ ਨੇ ਆਪਣੀ ਭੈਣ ਦੇ ਪੁੱਤਰ ਯਾਕੂਬ ਬਾਰੇ ਸੁਣਿਆ। ਇਸ ਲਈ ਲਾਬਾਨ ਉਸ ਨੂੰ ਮਿਲਣ ਲਈ ਦੌੜਿਆ। ਲਾਬਾਨ ਨੇ ਉਸ ਨੂੰ ਜਫ਼ੀ ਪਾ ਲਈ ਅਤੇ ਚੁੰਮਿਆ ਅਤੇ ਆਪਣੇ ਘਰ ਲੈ ਆਇਆ। ਯਾਕੂਬ ਨੇ ਜੋ ਕੁਝ ਵਾਪਰਿਆ ਸੀ ਸਭ ਦੱਸ ਦਿੱਤਾ।
14 ਫ਼ੇਰ ਲਾਬਾਨ ਨੇ ਆਖਿਆ, “ਇਹ ਤਾਂ ਬਹੁਤ ਸ਼ਾਨਦਾਰ ਗੱਲ ਹੈ। ਤੂੰ ਮੇਰੇ ਆਪਣੇ ਪਰਿਵਾਰ ਵਿੱਚੋਂ ਹੈ।” ਇਸ ਲਈ ਯਾਕੂਬ ਲਾਬਾਨ ਕੋਲ ਇੱਕ ਮਹੀਨੇ ਲਈ ਠਹਿਰ ਗਿਆ।
ਲਾਬਾਨ ਦਾ ਯਾਕੂਬ ਨਾਲ ਧੋਖਾ ਕਰਨਾ
15 ਇੱਕ ਦਿਨ ਲਾਬਾਨ ਨੇ ਯਾਕੂਬ ਨੂੰ ਆਖਿਆ, “ਤੇਰੇ ਲਈ ਮੇਰੇ ਵਾਸਤੇ ਬਿਨਾ ਤਨਖਾਹ ਤੋਂ ਕੰਮ ਕਰਨਾ ਸਹੀ ਨਹੀਂ। ਤੂੰ ਇੱਕ ਰਿਸ਼ਤੇਦਾਰ ਹੈਂ, ਕੋਈ ਗੁਲਾਮ ਨਹੀਂ ਮੈਂ ਤੈਨੂੰ ਕੀ ਦੇਵਾਂ?”
16 ਲਾਬਾਨ ਦੀਆਂ ਦੋ ਧੀਆਂ ਸਨ। ਵੱਡੀ ਲੇਆਹ ਸੀ ਅਤੇ ਛੋਟੀ ਰਾਖੇਲ ਸੀ।
17 ਲੇਆਹ ਜ਼ਿਆਦੇ ਖੂਬਸੂਰਤ ਨਹੀਂ ਸੀ, ਪਰ ਰਾਖੇਲ ਇੱਕ ਬਹੁਤ ਹੀ ਖੂਬਸੂਰਤ ਮੁਟਿਆਰ ਸੀ। 18 ਯਾਕੂਬ ਰਾਖੇਲ ਨੂੰ ਪਿਆਰ ਕਰਦਾ ਸੀ, ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਂ ਤੇਰੇ ਲਈ ਸੱਤ ਸਾਲ ਗੁਲਾਮੀ ਕਰਾਂਗਾ ਜੇ ਤੂੰ ਮੇਰੇ ਨਾਲ ਆਪਣੀ ਧੀ ਰਾਖੇਲ ਦਾ ਵਿਆਹ ਕਰ ਦੇਵੇਂ।”
19 ਲਾਬਾਨ ਨੇ ਆਖਿਆ, “ਉਸਦੇ ਲਈ ਵੀ ਤੇਰੇ ਨਾਲ ਸ਼ਾਦੀ ਕਰਨਾ ਹੋਰ ਕਿਸੇ ਨਾਲ ਸ਼ਾਦੀ ਕਰਨ ਨਾਲੋਂ ਬਿਹਤਰ ਹੋਵੇਗਾ। ਇਸ ਲਈ ਮੇਰੇ ਕੋਲ ਠਹਿਰ ਜਾ।”
20 ਇਸ ਲਈ ਯਾਕੂਬ ਠਹਿਰ ਗਿਆ ਅਤੇ ਸੱਤ ਵਰ੍ਹੇ ਲਾਬਾਨ ਲਈ ਕੰਮ ਕਰਦਾ ਰਿਹਾ। ਪਰ ਇਹ ਕੁਝ ਦਿਨਾਂ ਵਾਂਗ ਹੀ ਲੱਗਿਆ ਕਿਉਂਕਿ ਉਹ ਰਾਖੇਲ ਨੂੰ ਪਿਆਰ ਕਰਦਾ ਸੀ।
21 ਸੱਤ ਵਰ੍ਹਿਆਂ ਬਾਦ ਯਾਕੂਬ ਨੇ ਲਾਬਾਨ ਨੂੰ ਆਖਿਆ, “ਮੈਨੂੰ ਰਾਖੇਲ ਦਾ ਹੱਥ ਫ਼ੜਾ ਦੇ ਤਾਂ ਜੋ ਮੈਂ ਉਸ ਨਾਲ ਸ਼ਾਦੀ ਕਰ ਸੱਕਾਂ। ਮੇਰਾ ਤੇਰੇ ਲਈ ਕੰਮ ਕਰਨ ਦਾ ਸਮਾਂ ਮੁੱਕ ਗਿਆ ਹੈ।”
22 ਇਸ ਲਈ ਲਾਬਾਨ ਨੇ ਉਸ ਥਾਂ ਦੇ ਸਾਰੇ ਲੋਕਾਂ ਨੂੰ ਦਾਵਤ ਦਿੱਤੀ। 23 ਉਸ ਰਾਤ ਲਾਬਾਨ ਆਪਣੀ ਧੀ ਲੇਆਹ ਨੂੰ ਯਾਕੂਬ ਕੋਲ ਲੈ ਆਇਆ। ਯਾਕੂਬ ਅਤੇ ਲੇਆਹ ਨੇ ਸੰਭੋਗ ਕੀਤਾ। 24 (ਲਾਬਾਨ ਨੇ ਆਪਣੀ ਨੌਕਰਾਣੀ ਜ਼ਿਲਫ਼ਾਹ ਨੂੰ ਆਪਣੀ ਧੀ ਦੀ ਸੇਵਕਾ ਬਣਾ ਦਿੱਤਾ।) 25 ਸਵੇਰ ਨੂੰ ਯਾਕੂਬ ਨੇ ਦੇਖਿਆ ਕਿ ਉਹ ਤਾਂ ਲੇਆਹ ਨਾਲ ਸੁੱਤਾ ਸੀ। ਯਾਕੂਬ ਨੇ ਲਾਬਾਨ ਨੂੰ ਆਖਿਆ, “ਤੂੰ ਮੇਰੇ ਨਾਲ ਧੋਖਾ ਕੀਤਾ ਹੈ। ਮੈਂ ਤੇਰੇ ਲਈ ਸਖ਼ਤ ਮਿਹਨਤ ਕੀਤੀ ਤਾਂ ਜੋ ਰਾਖੇਲ ਨਾਲ ਸ਼ਾਦੀ ਕਰ ਸੱਕਾਂ। ਤੂੰ ਮੈਨੂੰ ਧੋਖਾ ਕਿਉਂ ਦਿੱਤਾ?”
26 ਲਾਬਾਨ ਨੇ ਆਖਿਆ, “ਸਾਡੇ ਦੇਸ਼ ਵਿੱਚ ਅਸੀਂ ਵੱਡੀ ਧੀ ਤੋਂ ਪਹਿਲਾਂ ਛੋਟੀ ਦਾ ਵਿਆਹ ਨਹੀਂ ਕਰਦੇ। 27 ਪਰ ਤੂੰ ਪੂਰਾ ਹਫ਼ਤਾ ਸ਼ਾਦੀ ਦੀਆਂ ਰਸਮਾਂ ਵਿੱਚ ਸ਼ਾਮਿਲ ਰਹਿ, ਅਤੇ ਮੈਂ ਰਾਖੇਲ ਦਾ ਵੀ ਤੇਰੇ ਨਾਲ ਵਿਆਹ ਕਰ ਦਿਆਂਗਾ। ਪਰ ਤੈਨੂੰ ਮੇਰੇ ਲਈ ਸੱਤ ਵਰ੍ਹੇ ਹੋਰ ਕੰਮ ਕਰਨਾ ਪਵੇਗਾ।”
28 ਇਸ ਲਈ ਯਾਕੂਬ ਨੇ ਇਵੇਂ ਹੀ ਕੀਤਾ ਅਤੇ ਹਫ਼ਤਾ ਖਤਮ ਹੋ ਗਿਆ। ਫ਼ੇਰ ਲਾਬਾਨ ਨੇ ਆਪਣੀ ਧੀ ਰਾਖੇਲ ਦਾ ਵਿਆਹ ਵੀ ਉਸ ਨਾਲ ਕਰ ਦਿੱਤਾ। 29 (ਲਾਬਾਨ ਨੇ ਆਪਣੀ ਸੇਵਕਾ ਬਿਲਹਾਹ ਨੂੰ ਆਪਣੀ ਧੀ ਰਾਖੇਲ ਦੀ ਸੇਵਕਾ ਬਣਾ ਦਿੱਤਾ।) 30 ਇਸ ਲਈ ਯਾਕੂਬ ਨੇ ਰਾਖੇਲ ਨਾਲ ਵੀ ਸੰਭੋਗ ਕੀਤਾ ਅਤੇ ਯਾਕੂਬ ਰਾਖੇਲ ਨੂੰ ਲੇਆਹ ਨਾਲੋਂ ਵੱਧ ਪਿਆਰ ਕਰਦਾ ਸੀ। ਯਾਕੂਬ ਸੱਤ ਵਰ੍ਹੇ ਹੋਰ ਲਾਬਾਨ ਲਈ ਕੰਮ ਕਰਦਾ ਰਿਹਾ।
ਯਾਕੂਬ ਦਾ ਪਰਿਵਾਰ ਵੱਧਦਾ ਹੈ
31 ਯਹੋਵਾਹ ਨੇ ਦੇਖਿਆ ਕਿ ਲੇਆਹ ਦੀ ਅਣਗਹਿਲੀ ਹੁੰਦੀ ਸੀ। ਇਸ ਲਈ ਯਹੋਵਾਹ ਨੇ ਲੇਆਹ ਨੂੰ ਬੱਚੇ ਪੈਦਾ ਕਰਨ ਦਿੱਤੇ। ਪਰ ਰਾਖੇਲ ਦੇ ਬੱਚੇ ਪੈਦਾ ਨਾ ਹੋਏ।
32 ਲੇਆਹ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸਦਾ ਨਾਮ ਰਊਬੇਨ ਰੱਖਿਆ। ਲੇਆਹ ਨੇ ਇਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਯਹੋਵਾਹ ਨੇ ਮੇਰੀਆਂ ਮੁਸ਼ਕਿਲਾਂ ਦੇਖ ਲਈਆਂ ਹਨ। ਮੇਰਾ ਪਤੀ ਮੈਨੂੰ ਪਿਆਰ ਨਹੀਂ ਕਰਦਾ। ਇਸ ਲਈ ਸ਼ਾਇਦ ਹੁਣ ਮੇਰਾ ਪਤੀ ਮੈਨੂੰ ਪਿਆਰ ਕਰੇ।”
33 ਲੇਆਹ ਫ਼ੇਰ ਤੋਂ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਉਸਦਾ ਨਾਮ ਸ਼ਿਮਓਨ [a] ਰੱਖਿਆ। ਲੇਆਹ ਨੇ ਆਖਿਆ, “ਯਹੋਵਾਹ ਜਾਣਦਾ ਕਿ ਮੇਰਾ ਪਤੀ ਮੇਰੀ ਅਣਗਹਿਲੀ ਕਰਦਾ ਹੈ, ਇਸ ਲਈ ਉਸ ਨੇ ਮੈਨੂੰ ਇਹ ਪੁੱਤਰ ਦਿੱਤਾ ਹੈ।”
34 ਲੇਆਹ ਇੱਕ ਵਾਰ ਫ਼ੇਰ ਗਰਭਵਤੀ ਹੋ ਗਈ ਅਤੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ। ਉਸ ਨੇ ਇਸ ਪੁੱਤਰ ਦਾ ਨਾਮ ਲੇਵੀ ਰੱਖਿਆ। ਲੇਆਹ ਨੇ ਆਖਿਆ, “ਹੁਣ ਅਵੱਸ਼ ਹੀ ਮੇਰਾ ਪਤੀ ਮੇਰੇ ਨਾਲ ਜੁੜ ਜਾਵੇਗਾ। ਮੈਂ ਉਸ ਨੂੰ ਤਿੰਨ ਪੁੱਤਰ ਦਿੱਤੇ ਹਨ।”
35 ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।
ਯਿਸੂ ਦਾ ਪੁਨਰ ਉਥਾਨ(A)
28 ਜਦੋਂ ਸਬਤ ਦਾ ਦਿਨ ਬੀਤ ਗਿਆ ਤਾਂ ਉਸਤੋਂ ਅਗਲਾ ਦਿਨ ਹਫ਼ਤੇ ਦਾ ਪਹਿਲਾ ਦਿਨ ਸੀ। ਬਹੁਤ ਹੀ ਸਵੇਰੇ, ਮਰਿਯਮ ਮਗਦਲੀਨੀ ਅਤੇ ਦੂਜੀ ਮਰਿਯਮ ਕਬਰ ਨੂੰ ਵੇਖਣ ਲਈ ਗਈਆਂ।
2 ਉਸ ਵਕਤ ਉੱਥੇ ਬੜਾ ਜ਼ੋਰ ਦਾ ਭੁਚਾਲ ਆਇਆ। ਅਕਾਸ਼ ਤੋਂ ਇੱਕ ਪ੍ਰਭੂ ਦਾ ਦੂਤ ਆਇਆ। ਪ੍ਰਭੂ ਦੇ ਦੂਤ ਨੇ ਉਸ ਕਬਰ ਦੇ ਨੇੜੇ ਆਕੇ ਉਸ ਦੇ ਉੱਪਰੋਂ ਉਹ ਵੱਡਾ ਪੱਥਰ ਰੇੜ੍ਹਕੇ ਪਾਸੇ ਕੀਤਾ ਤੇ ਉਸ ਪੱਥਰ ਦੇ ਉੱਪਰ ਖੁਦ ਜਾਕੇ ਬੈਠ ਗਿਆ। 3 ਉਸ ਦੂਤ ਦਾ ਰੂਪ ਬਿਜਲੀ ਵਾਂਗ ਚਮਕਦਾ ਸੀ ਅਤੇ ਉਸ ਦੇ ਕੱਪੜੇ ਬਰਫ਼ ਵਰਗੇ ਸਫ਼ੇਦ ਸਨ। 4 ਕਬਰ ਦੀ ਪਹਿਰੇਦਾਰੀ ਕਰਦੇ ਸਿਪਾਹੀ ਦੂਤ ਨੂੰ ਵੇਖਕੇ ਬਹੁਤ ਡਰ ਗਏ। ਉਹ ਇੰਨਾ ਡਰੇ ਕਿ ਡਰ ਦੇ ਮਾਰੇ ਕੰਬਣ ਲੱਗੇ ਅਤੇ ਬੇਹੋਸ਼ ਹੋ ਗਏ।
5 ਦੂਤ ਨੇ ਉਨ੍ਹਾਂ ਔਰਤਾਂ ਨੂੰ ਕਿਹਾ, “ਤੁਸੀਂ ਨਾ ਡਰੋ, ਮੈਂ ਜਾਣਦਾ ਹਾਂ ਕਿ ਤੁਸੀਂ ਉਸ ਯਿਸੂ ਨੂੰ ਲੱਭ ਰਹੀਆਂ ਹੋ ਜਿਸ ਨੂੰ ਸਲੀਬ ਦਿੱਤੀ ਗਈ ਸੀ। 6 ਪਰ ਯਿਸੂ ਇੱਥੇ ਨਹੀਂ ਹੈ, ਕਿਉਂਕਿ, ਜਿਵੇ ਉਸ ਨੇ ਕਿਹਾ ਸੀ, ਉਹ ਮੌਤ ਤੋਂ ਉਭਾਰਿਆ ਗਿਆ ਹੈ। ਆਓ ਅਤੇ ਵੇਖੋ ਜਿਸ ਥਾਂ ਤੇ ਉਸਦਾ ਸ਼ਰੀਰ ਰੱਖਿਆ ਗਿਆ ਸੀ। 7 ਅਤੇ ਜਲਦੀ ਜਾਕੇ ਉਸ ਦੇ ਚੇਲਿਆਂ ਨੂੰ ਆਖੋ, ‘ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਉਹ ਗਲੀਲੀ ਵੱਲ ਜਾ ਰਿਹਾ ਹੈ। ਉਹ ਤੁਹਾਡੇ ਪਹੁੰਚਣ ਤੋਂ ਪਹਿਲਾਂ ਉੱਥੇ ਮੌਜੂਦ ਹੋਵੇਗਾ ਅਤੇ ਉੱਥੇ ਤੁਸੀਂ ਉਸ ਨੂੰ ਵੇਖੋਂਗੀਆਂ।’ ਮੈਂ ਤੁਹਾਨੂੰ ਇਹੀ ਦੱਸਣ ਲਈ ਆਇਆ ਸੀ।”
8 ਉਹ ਔਰਤਾਂ ਛੇਤੀ ਹੀ ਕਬਰ ਤੋਂ ਵਿਦਾ ਹੋ ਗਈਆਂ। ਭਾਵੇਂ ਉਹ ਡਰੀਆਂ ਹੋਈਆਂ ਸਨ ਪਰ ਉਹ ਖੁਸ਼ ਵੀ ਬੜੀਆਂ ਹੋਈਆਂ। ਉਹ ਉਸ ਦੇ ਚੇਲਿਆਂ ਨੂੰ ਇਹ ਖਬਰ ਦੱਸਣ ਲਈ ਗਈਆਂ। 9 ਜਦੋਂ ਉਹ ਚੇਲਿਆਂ ਨੂੰ ਖਬਰ ਦੇਣ ਵਾਸਤੇ ਨਸੀਆਂ ਜਾ ਰਹੀਆਂ ਸਨ, ਅਚਾਨਕ ਉੱਥੇ ਯਿਸੂ ਉਨ੍ਹਾਂ ਸਾਹਮਣੇ ਖਲੋ ਗਿਆ ਅਤੇ ਉਨ੍ਹਾਂ ਨੂੰ ਆਖਿਆ, “ਸ਼ੁਭਕਾਮਨਾਵਾਂ!” ਉਹ ਉਸ ਕੋਲ ਗਈਆਂ ਅਤੇ ਉਸ ਦੇ ਚਰਨ ਫ਼ੜ ਲਏ ਅਤੇ ਉਸਦੀ ਉਪਾਸਨਾ ਕੀਤੀ। 10 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਡਰੋ ਨਾ, ਜਾਓ ਅਤੇ ਮੇਰੇ ਭਰਾਵਾਂ ਨੂੰ ਆਖੋ ਕਿ ਗਲੀਲੀ ਵੱਲ ਜਾਣ। ਉਹ ਮੈਨੂੰ ਉੱਥੇ ਵੇਖਣਗੇ।”
ਯਹੂਦੀ ਆਗੂਆਂ ਨੂੰ ਖਬਰ
11 ਉਹ ਔਰਤਾਂ ਉਸ ਦੇ ਚੇਲਿਆਂ ਨੂੰ ਇਹ ਖਬਰ ਦੇਣ ਚਲੀਆਂ ਗਈਆਂ। ਉਸੇ ਵਕਤ ਕੁਝ ਸਿਪਾਹੀ ਜੋ ਕਬਰ ਦੀ ਰਾਖੀ ਕਰ ਰਹੇ ਸਨ, ਸ਼ਹਿਰ ਵੱਲ ਗਏ। ਉਹ ਪਰਧਾਨ ਜਾਜਕਾਂ ਕੋਲ ਗਏ ਅਤੇ ਜੋ ਕੁਝ ਵਾਪਰਿਆ ਸੀ ਸਭ ਕੁਝ ਉਨ੍ਹਾਂ ਨੂੰ ਦਸਿਆ। 12 ਫ਼ੇਰ ਪ੍ਰਧਾਨ ਜਾਜਕ ਅਤੇ ਬਜ਼ੁਰਗ ਯਹੂਦੀ ਆਗੂ ਇਕੱਠੇ ਹੋਏ ਅਤੇ ਇੱਕ ਵਿਉਂਤ ਬਣਾਈ। ਉਨ੍ਹਾਂ ਨੇ ਸਿਪਾਹੀਆਂ ਨੂੰ ਬਹੁਤ ਸਾਰਾ ਧਨ ਦਿੱਤਾ। 13 ਉਨ੍ਹਾਂ ਨੇ ਉਨ੍ਹਾਂ ਨੂੰ ਹਿਦਾਇਤ ਦਿੱਤੀ, “ਤੁਸੀਂ ਲੋਕਾਂ ਨੂੰ ਆਖਣਾ: ਰਾਤ ਦੇ ਵਕਤ ਜਦੋਂ ਅਸੀਂ ਸੌਂ ਰਹੇ ਸਾਂ, ਯਿਸੂ ਦੇ ਚੇਲੇ ਆਏ ਅਤੇ ਉਸਦਾ ਸ਼ਰੀਰ ਚੋਰੀ ਕਰਕੇ ਲੈ ਗਏ। 14 ਜੇਕਰ ਰਾਜਪਾਲ ਇਸ ਗੱਲ ਬਾਰੇ ਜਾਣ ਜਾਵੇਗਾ ਤਾਂ ਅਸੀਂ ਉਸ ਨੂੰ ਨਿਸ਼ਚਿੰਤ ਕਰ ਦੇਵਾਂਗੇ ਅਤੇ ਤੁਹਾਨੂੰ ਮੁਸੀਬਤ ਤੋਂ ਦੂਰ ਰੱਖਾਂਗੇ।” 15 ਤਾਂ ਸਿਪਾਹੀਆਂ ਨੇ ਪੈਸੇ ਲੈ ਲਏ ਅਤੇ ਦਿੱਤੀਆਂ ਹੋਈਆਂ ਹਿਦਾਇਤਾਂ ਅਨੁਸਾਰ ਹੀ ਕੀਤਾ। ਇਹ ਗੱਲ ਅੱਜ ਵੀ ਆਮਤੌਰ ਤੇ ਯਹੂਦੀਆਂ ਵਿੱਚ ਫ਼ੈਲੀ ਹੋਈ ਹੈ।
ਯਿਸੂ ਦਾ ਆਪਣੇ ਚੇਲਿਆਂ ਨਾਲ ਗੱਲ ਕਰਨਾ(B)
16 ਫ਼ਿਰ ਗਿਆਰਾਂ ਚੇਲੇ ਗਲੀਲੀ ਨੂੰ ਵਿਦਾ ਹੋ ਗਏ ਅਤੇ ਉਸ ਪਹਾੜੀ ਤੇ ਆ ਗਏ ਜਿੱਥੇ ਯਿਸੂ ਨੇ ਉਨ੍ਹਾਂ ਨੂੰ ਜਾਣ ਵਾਸਤੇ ਹਿਦਾਇਤ ਦਿੱਤੀ ਸੀ। 17 ਜਦੋਂ ਉਨ੍ਹਾਂ ਨੇ ਉਸ ਨੂੰ ਵੇਖਿਆ, ਉਹ ਉਸ ਅੱਗੇ ਝੁਕ ਗਏ ਅਤੇ ਉਸਦੀ ਉਪਾਸਨਾ ਕੀਤੀ। ਪਰ ਕਈਆਂ ਨੂੰ ਸ਼ੱਕ ਸੀ। 18 ਫ਼ਿਰ ਯਿਸੂ ਉਨ੍ਹਾਂ ਕੋਲ ਆਇਆ ਅਤੇ ਆਖਿਆ, “ਸਵਰਗ ਅਤੇ ਧਰਤੀ ਦੇ ਸਾਰੇ ਅਧਿਕਾਰ ਮੈਨੂੰ ਦਿੱਤੇ ਗਏ ਹਨ। 19 ਇਸ ਲਈ ਜਾਓ ਅਤੇ ਸਾਰੀਆਂ ਕੌਮਾਂ ਵਿੱਚ ਚੇਲੇ ਬਣਾਓ ਅਤੇ ਉਨ੍ਹਾਂ ਨੂੰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਮ ਵਿੱਚ ਬਪਤਿਸਮਾ ਦਿਉ। 20 ਉਨ੍ਹਾਂ ਨੂੰ ਇਹ ਵੀ ਸਿੱਖਾਵੋ ਕਿ ਉਹ ਉਨ੍ਹਾਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਹੈ। ਨਿਸ਼ਚਿਤ ਹੀ, ਦੁਨੀਆਂ ਦੇ ਅੰਤ ਤੀਕਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ।”
ਅਸਤਰ ਦਾ ਪਾਤਸ਼ਾਹ ਨਾਲ ਗੱਲ ਕਰਨਾ
5 ਤੀਜੇ ਦਿਨ, ਅਸਤਰ ਨੇ ਆਪਣਾ ਸ਼ਾਹੀ ਪਹਿਰਾਵਾ ਪਾਇਆ ਅਤੇ ਜਾਕੇ ਪਾਤਸ਼ਾਹ ਦੇ ਮਹਿਲ ਦੇ ਅੰਦਰਲੇ ਵਿਹੜੇ ਵਿੱਚ ਖੜੀ ਹੋ ਗਈ। ਇਹ ਜਗ੍ਹਾ ਰਾਜੇ ਦੇ ਦੀਵਾਨ ਖਾਨੇ ਦੇ ਸਾਹਮਣੇ ਸੀ। ਰਾਜਾ ਦੀਵਾਨ ਖਾਨੇ ਵਿੱਚ ਪ੍ਰਵੇਸ਼ ਵੱਲ ਮੂੰਹ ਕਰਕੇ ਆਪਣੇ ਤਖਤ ਤੇ ਬੈਠਾ ਹੋਇਆ ਸੀ। 2 ਤਦ ਪਾਤਸ਼ਾਹ ਨੇ ਰਾਣੀ ਅਸਤਰ ਤੂੰ ਵਿਹੜੇ ਵਿੱਚ ਖੜੀ ਵੇਖਿਆ। ਉਹ ਉਸ ਨੂੰ ਵੇਖਕੇ ਬੜਾ ਖੁਸ਼ ਹੋਇਆ ਆਪਣਾ ਸੁਨਿਹਰੀ ਰਾਜ-ਦੰਡ [a] ਰਾਣੀ ਵੱਲ ਵੱਧਾਇਆ, ਜੋ ਉਸ ਦੇ ਹੱਥ ਵਿੱਚ ਸੀ, ਫੇਰ ਰਾਣੀ ਕਮਰੇ ’ਚ ਪ੍ਰਵੇਸ਼ ਕਰਕੇ ਪਾਤਸ਼ਾਹ ਦੇ ਕੋਲ ਚਲੀ ਗਈ ਤੇ ਉਸ ਆਸੇ ਦੀ ਨੋਕ ਨੂੰ ਛੂਹਿਆ।
3 ਪਾਤਸ਼ਾਹ ਨੇ ਪੁੱਛਿਆ, “ਰ੍ਰਾਣੀ ਅਸਤਰ, ਤੈਨੂੰ ਕਿਸ ਗੱਲ ਦੀ ਚਿੰਤਾ ਹੈ? ਤੂੰ ਮੇਰੇ ਕੋਲੋਂ ਕੀ ਪੁੱਛਣਾ ਚਾਹੁੰਦੀ ਹੈ? ਤੂੰ ਜੋ ਮੇਰੇ ਤੋਂ ਮੰਗੇ ਮੈਂ ਤੈਨੂੰ ਦੇਣ ਨੂੰ ਤਿਆਰ ਹਾਂ ਇਬੋਁ ਤੀਕ ਕਿ ਭਾਵੇਂ ਇਹ ਮੇਰਾ ਅੱਧਾ ਰਾਜ ਵੀ ਕਿਉਂ ਨਾ ਹੋਵੇ।”
4 ਅਸਤਰ ਨੇ ਕਿਹਾ, “ਮੈਂ ਤੇਰੇ ਅਤੇ ਹਾਮਾਨ ਲਈ ਇੱਕ ਦਾਅਵਤ ਕੀਤੀ ਹੈ ਕੀ ਤੂੰ ਅਤੇ ਹਾਮਾਨ ਅੱਜ ਉਸ ਦਾਵਤ ਵਿੱਚ ਸ਼ਰੀਕ ਹੋਵੋਗੇ?”
5 ਫਿਰ ਪਾਤਸ਼ਾਹ ਨੇ ਕਿਹਾ, “ਹਾਮਾਨ ਨੂੰ ਜਲਦੀ ਬੁਲਾਓ ਤਾਂ ਜੋ ਜਿਵੇਂ ਅਸਤਰ ਚਾਹੁੰਦੀ ਹੈ, ਉਵੇਂ ਕੀਤਾ ਜਾਵੇ।”
ਤਾਂ ਪਾਤਸ਼ਾਹ ਅਤੇ ਹਾਮਾਨ ਅਸਤਰ ਦੀ ਦਾਅਵਤ ਵਿੱਚ ਸ਼ਰੀਕ ਹੋਏ ਜਿਹੜੀ ਕਿ ਅਸਤਰ ਨੇ ਉਨ੍ਹਾ ਲਈ ਦਿੱਤੀ ਸੀ। 6 ਜਦੋਂ ਉਹ ਮੈਅ ਪੀ ਰਹੇ ਸਨ ਤਾਂ ਪਾਤਸ਼ਾਹ ਨੇ ਮੁੜ ਅਸਤਰ ਨੂੰ ਪੁੱਛਿਆ, “ਅੱਸਤਰ ਹੁਣ ਮੰਗ ਕਿ ਤੂੰ ਕੀ ਮੰਗਣਾ ਚਾਹੁੰਦੀ ਹੈ? ਤੂੰ ਕੁਝ ਵੀ ਮੰਗ ਲੈ ਮੈਂ ਉਹ ਤੈਨੂੰ ਦੇ ਦਿਆਂਗਾ ਸੋ ਉਹ ਕੀ ਹੈ ਜੋ ਤੂੰ ਮੰਗਣਾ ਚਾਹੁੰਦੀ ਹੈਂ। ਭਾਵੇਂ ਤੂੰ ਮੇਰਾ ਅੱਧਾ ਰਾਜ ਮੰਗ ਲੈ, ਮੈਂ ਉਹ ਵੀ ਤੈਨੂੰ ਦੇ ਦੇਵਾਂਗਾ।”
7 ਅਸਤਰ ਨੇ ਕਿਹਾ, “ਜੋ ਮੈਂ ਚਾਹੁੰਦੀ ਹਾਂ ਉਹ ਇਵੇਂ ਹੈ: 8 ਜੋ ਮੈਂ ਪਾਤਸ਼ਾਹ ਦੀ ਨਿਗਾਹ ਵਿੱਚ ਪਰਵਾਨ ਹਾਂ, ਅਤੇ ਜੋ ਮੈਂ ਮਂਗਾ ਉਹ ਪਾਤਸ਼ਾਹ ਖੁਸ਼ੀ ਨਾਲ ਪੂਰਾ ਕਰੇ ਤਾਂ ਚੰਗਾ ਹੋਵੇ ਜੋ ਪਾਤਸ਼ਾਹ ਅਤੇ ਹਾਮਾਨ ਕੱਲ ਇੱਥੇ ਆਉਣ। ਕੱਲ ਮੈਂ ਇੱਕ ਹੋਰ ਦਾਅਵਤ ਪਾਤਸ਼ਾਹ ਅਤੇ ਹਾਮਾਨ ਲਈ ਤਿਆਰ ਕਰਾਂਗੀ ਅਤੇ ਆਪਣੀ ਇੱਛਾ ਵੀ ਪਰਗਟ ਕਰਾਂਗੀ।”
ਮਾਰਦਕਈ ਤੇ ਹਾਮਾਨ ਦਾ ਕਰੋਧ
9 ਉਸ ਦਿਨ ਹਾਮਾਨ ਪਾਤਸ਼ਾਹ ਦੇ ਮਹਿਲੋਁ ਬੜੀ ਖੁਸ਼ੀ-ਖੁਸ਼ੀ ਪਰਤਿਆ। ਪਰ ਜਦੋਂ ਉਸ ਨੇ ਮਾਰਦਕਈ ਨੂੰ ਪਾਤਸ਼ਾਹ ਦੇ ਫਾਟਕ ਕੋਲ ਵੇਖਿਆ ਤਾਂ ਉਸ ਨੂੰ ਮਾਰਦਕਈ ਤੇ ਬੜਾ ਕਰੋਧ ਆਇਆ। ਉਸ ਨੂੰ ਮਾਰਦਕਈ ਤੇ ਪਾਗਲਾਂ ਵਾਂਗ ਕਰੋਧ ਚੜ੍ਹਿਆ ਕਿਉਂ ਕਿ ਉੱਥੋਂ ਲੰਘਦਿਆਂ ਨੂੰ ਉਸ ਨੇ ਮਾਣ ਨਹੀਂ ਸੀ ਦਿੱਤਾ। ਮਾਰਦਕਈ ਹਾਮਾਨ ਤੋਂ ਡਰਦਾ ਨਹੀਂ ਸੀ ਇਹ ਸੋਚ ਕੇ ਉਹ ਕਰੋਧ ’ਚ ਪਾਗਲ ਹੋ ਰਿਹਾ ਸੀ। 10 ਪਰ ਉਹ ਆਪਣੇ ਗੁੱਸੇ ਨੂੰ ਵੱਸ ਵਿੱਚ ਰੱਖ ਕੇ ਆਪਣੇ ਘਰ ਨੂੰ ਮੁੜ ਗਿਆ। ਤਦ ਹਾਮਾਨ ਨੇ ਘਰ ਆਕੇ ਆਪਣੀ ਪਤਨੀ ਜ਼ਰਸ਼ ਅਤੇ ਮਿੱਤਰਾਂ ਨੂੰ ਇਕੱਠਿਆਂ ਹ੍ਹੀ ਬੁਲਾਇਆ। 11 ਤਾਂ ਉਹ ਉਨ੍ਹਾਂ ਸਾਰਿਆਂ ਅੱਗੇ ਆਪਣੀ ਅਮੀਰੀ ਅਤੇ ਆਪਣੇ ਬਹੁਤ ਸਾਰੇ ਪੁੱਤਰਾਂ ਬਾਰੇ ਸ਼ੇਖੀ ਮਾਰਨ ਲੱਗ ਪਿਆ ਅਤੇ ਕਿਵੇਂ ਰਾਜੇ ਨੇ ਉਸ ਨੂੰ ਸਨਮਾਨਿਤ ਕੀਤਾ ਸੀ। ਉਹ ਸ਼ੇਖੀਆਂ ਮਾਰ ਰਿਹਾ ਸੀ ਕਿ ਪਾਤਸ਼ਾਹ ਨੇ ਕਿਵੇਂ ਉਸ ਨੂੰ ਦੂਸਰੇ ਆਗੂਆਂ ਨਾਲੋਂ ਉੱਚੀ ਪਦਵੀ ਦਿੱਤੀ ਸੀ। 12 “ਅਤੇ ਇੱਥੇ ਹੀ ਬਸ ਨਹੀਂ”, ਹਾਮਾਨ ਨੇ ਅੱਗੋਂ ਇਹ ਵੀ ਆਖਿਆ, “ਅਸਤਰ ਨੇ ਸਭ ਨੂੰ ਛੱਡ ਕੇ ਪਾਤਸ਼ਾਹ ਨਾਲ ਸਿਰਫ ਮੈਨੂੰ ਹੀ ਆਪਣੀ ਦਾਅਵਤ ਵਿੱਚ ਸੱਦਿਆ ਹੈ। ਅਤੇ ਕੱਲ੍ਹ ਨੂੰ ਫੇਰ ਇੱਕ ਹੋਰ ਦਾਅਵਤ ਵਿੱਚ ਵੀ ਉਸਨੇਪਾਤਸ਼ਾਹ ਅਤੇ ਮੈਨੂੰ ਬੁਲਾਵਾ ਦਿੱਤਾ ਹੈ। 13 ਪਰ ਇਨ੍ਹਾਂ ਸਾਰੀਆਂ ਗੱਲਾਂ ਤੋਂ ਮੈਨੂੰ ਕੋਈ ਖੁਸ਼ੀ ਨਹੀਂ ਹੁੰਦੀ ਜਦੋਂ ਮੈਂ ਮਾਰਦਕਈ ਯਹੂਦੀ ਨੂੰ ਪਾਤਸ਼ਾਹ ਦੇ ਫਾਟਕ ਤੇ ਬੈਠਿਆਂ ਵੇਖਦਾ ਹਾਂ।”
14 ਹਾਮਾਨ ਦੀ ਪਤਨੀ ਜ਼ਰਸ਼ ਅਤੇ ਹਾਮਾਨ ਦੇ ਸਾਰੇ ਮਿੱਤਰਾਂ ਨੇ ਉਸ ਨੂੰ ਸੁਝਾਵ ਦਿੱਤਾ। ਉਨ੍ਹਾਂ ਕਿਹਾ, “75 ਫੁੱਟ ਉੱਚੀ ਇੱਕ ਝੂਲਦੀ ਚੌਂਕੀ ਬਣਵਾਈ ਜਾਵੇ ਤੇ ਕੱਲ੍ਹ ਤੂੰ ਸਵੇਰੇ ਪਾਤਸ਼ਾਹ ਨੂੰ ਜਾਕੇ ਕਹੀਁ ਕਿ ਉਹ ਮਾਰਦਕਈ ਨੂੰ ਉਸਤੇ ਸੂਲੀ ਚੜ੍ਹਾ ਦੇਵੇੇ ਫ਼ਿਰ ਤੂੰ ਉਪਰੰਤ ਖੁਸ਼ੀ-ਖੁਸ਼ੀ ਪਾਤਸ਼ਾਹ ਨਾਲ ਦਾਅਵਤ ਤੇ ਚੱਲਾ ਜਾਵੀਂ।”
ਹਾਮਾਨ ਨੂੰ ਇਹ ਸੁਝਾਵ ਪਸੰਦ ਆਇਆ ਅਤੇ ਉਸ ਨੇ ਉਹ ਸੂਲੀ ਬਨਾਉਣ ਦਾ ਹੁਕਮ ਦਿ
ਪੌਲੁਸ ਮਾਲਟਾ ਟਾਪੂ ਵਿੱਚ
28 ਜਦੋਂ ਅਸੀਂ ਧਰਤੀ ਤੇ ਬਚ ਨਿਕਲੇ ਤਾਂ ਸਾਨੂੰ ਮਾਲੂਮ ਹੋਇਆ ਕਿ ਇਸ ਟਾਪੂ ਦਾ ਨਾਂ ਮਾਲਟਾ ਹੈ। 2 ਬਾਰਸ਼ ਹੋ ਰਹੀ ਸੀ ਅਤੇ ਬਹੁਤ ਠੰਡਾ ਮੌਸਮ ਸੀ। ਪਰ ਜਿਹੜੇ ਉੱਥੋਂ ਦੇ ਵਸਨੀਕ ਸਨ ਉਨ੍ਹਾਂ ਦਾ ਸਾਡੇ ਨਾਲ ਸਲੂਕ ਬੜਾ ਵੱਧੀਆ ਸੀ। ਉਨ੍ਹਾਂ ਸਾਡੇ ਲਈ ਅੱਗ ਬਾਲੀ ਅਤੇ ਸਾਡਾ ਸਾਰਿਆਂ ਦਾ ਸਵਾਗਤ ਕੀਤਾ। 3 ਪੌਲੁਸ ਨੇ ਬਹੁਤ ਸਾਰੀਆਂ ਲਕੜੀਆਂ ਇਕੱਠੀਆਂ ਕਰਕੇ ਅੱਗ ਉੱਤੇ ਪਾਈਆਂ, ਤਾਂ ਅੱਗ ਦੇ ਸੇਕ ਕਾਰਣ ਉਨ੍ਹਾਂ ਲੱਕੜਾਂ ਵਿੱਚੋਂ ਇੱਕ ਜ਼ਹਰੀਲਾ ਸੱਪ ਨਿਕਿਲਆ ਅਤੇ ਉਸ ਨੇ ਪੌਲੁਸ ਦੇ ਹੱਥ ਤੇ ਵੱਢਿਆ ਅਤੇ ਉਸ ਦੇ ਹੱਥ ਨਾਲ ਚਿੰਬੜ ਗਿਆ। 4 ਜਦੋਂ ਉੱਥੋਂ ਦੇ ਲੋਕਾਂ ਨੇ ਇਹ ਵੇਖਿਆ ਤਾਂ ਆਖਣ ਲੱਗੇ, “ਉਹ ਮਨੁੱਖ ਜ਼ਰੂਰ ਖੂਨੀ ਹੋਵੇਗਾ। ਉਹ ਸਮੁੰਦਰ ਵਿੱਚ ਨਹੀਂ ਮਰਿਆ, ਪਰ ਦੈਵੀ ਇਨਸਾਫ਼ ਨੇ ਇਸ ਨੂੰ ਜਿਉਂਦਾ ਨਹੀਂ ਛੱਡਿਆ।”
5 ਪਰ ਪੌਲੁਸ ਨੇ ਸੱਪ ਨੂੰ ਹੱਥ ਤੋਂ ਛਟਕ ਕੇ ਅੱਗ ਵਿੱਚ ਸੁੱਟ ਦਿੱਤਾ। ਉਸ ਨੂੰ ਕੋਈ ਵੀ ਸੱਟ ਨਹੀਂ ਲੱਗੀ। 6 ਲੋਕਾਂ ਨੇ ਸੋਚਿਆ ਸ਼ਾਇਦ ਉਹ ਸੁੱਜ ਜਾਵੇਗਾ ਜਾਂ ਅਚਾਨਕ ਮਰ ਜਾਵੇਗਾ। ਉਹ ਬੜੀ ਦੇਰ ਤੱਕ ਪੌਲੁਸ ਨੂੰ ਵੇਖਦੇ ਰਹੇ, ਪਰ ਉਸ ਨਾਲ ਕੁਝ ਵੀ ਬੁਰਾ ਨਾ ਵਾਪਰਿਆ। ਤਾਂ ਉਨ੍ਹਾਂ ਨੇ ਉਸ ਬਾਰੇ ਆਪਣੀਆਂ ਸੋਚਾਂ ਬਦਲ ਲਈਆਂ ਅਤੇ ਆਖਿਆ, “ਇਹ ਇੱਕ ਦੇਵਤਾ ਹੈ।”
7 ਉਸ ਇਲਾਕੇ ਦੇ ਆਸ-ਪਾਸ ਛੋਟੇ-ਛੋਟੇ ਖੇਤ ਸਨ। ਉਹ ਜਾਇਦਾਦ ਪੁਬਲਿਯੁਸ ਨਾਮੀਂ ਟਾਪੂ ਦੇ ਸਰਦਾਰ ਦੀ ਸੀ। ਉਸ ਨੇ ਆਪਣੇ ਘਰ ਵਿੱਚ ਸਾਡਾ ਸਵਾਗਤ ਕੀਤਾ ਅਤੇ ਤਿੰਨਾਂ ਦਿਨਾਂ ਤੱਕ ਸਾਡੇ ਨਾਲ ਬਹੁਤ ਦਿਆਮਈ ਵਿਹਾਰ ਕੀਤਾ। 8 ਪੁਬਲਿਯੁਸ ਦਾ ਪਿਉ ਬੁਖਾਰ ਤੋਂ ਅਤੇ ਮਰੋੜਾਂ ਤੋਂ ਬੜਾ ਪੀੜਤ ਸੀ ਤੇ ਮੰਜੇ ਤੇ ਪਿਆ ਸੀ। ਪਰ ਪੌਲੁਸ ਉਸ ਕੋਲ ਗਿਆ ਅਤੇ ਉਸ ਲਈ ਪ੍ਰਾਰਥਨਾ ਕੀਤੀ। ਪੌਲੁਸ ਨੇ ਆਪਣੇ ਹੱਥ ਉਸ ਉੱਪਰ ਰੱਖੇ ਤੇ ਉਸ ਨੂੰ ਚੰਗਾ ਕੀਤਾ। 9 ਇਹ ਵਾਪਰਨ ਤੋਂ ਬਾਅਦ ਉਸ ਟਾਪੂ ਦੇ ਹੋਰ ਸਾਰੇ ਰੋਗੀ ਪੌਲੁਸ ਕੋਲ ਆਏ, ਪੌਲੁਸ ਨੇ ਉਨ੍ਹਾਂ ਨੂੰ ਵੀ ਠੀਕ ਕੀਤਾ।
10-11 ਉਸ ਟਾਪੂ ਦੇ ਲੋਕਾਂ ਨੇ, ਬਹੁਤ ਸਾਰੇ ਢੰਗਾਂ ਨਾਲ, ਆਪਣਾ ਸਤਿਕਾਰ ਸਾਨੂੰ ਵਿਖਾਇਆ। ਅਸੀਂ ਉੱਥੇ ਤਿੰਨ ਮਹੀਨੇ ਤੱਕ ਰਹੇ। ਜਦੋਂ ਅਸੀਂ ਉੱਥੋਂ ਜਾਣ ਦੀ ਤਿਆਰੀ ਕੀਤੀ ਤਾਂ ਉੱਥੋਂ ਦੇ ਲੋਕਾਂ ਨੇ ਸਾਡੀ ਜ਼ਰੂਰਤ ਦਾ ਬਹੁਤ ਸਾਰਾ ਸਮਾਨ ਸਾਨੂੰ ਦਿੱਤਾ।
ਪੌਲੁਸ ਰੋਮ ਨੂੰ ਗਿਆ
ਫ਼ਿਰ ਸਾਨੂੰ ਸਿਕੰਦਰਿਯਾ ਸ਼ਹਿਰ ਦਾ ਇੱਕ ਜਹਾਜ਼ ਮਿਲਿਆ। ਸਿਆਲਾਂ ਵਿੱਚ ਇਹ ਜਹਾਜ਼ ਮਾਲਟਾ ਟਾਪੂ ਤੇ ਰੁਕਿਆ। ਜਹਾਜ਼ ਦੇ ਅਗਲੇ ਹਿੱਸੇ ਵੱਲ ਦੋ ਜੋੜੇ ਦੇਵਾਂ ਦਾਂ ਪ੍ਰਤੀਕ ਸੀ। 12 ਅਸੀਂ ਸੈਰਾਕੁਸ ਸ਼ਹਿਰ ਵਿੱਚ ਰੁਕੇ। ਇੱਥੇ ਅਸੀਂ ਤਿੰਨਾਂ ਦਿਨਾਂ ਤੱਕ ਰੁਕੇ ਤੇ ਫ਼ਿਰ ਚੱਲ ਪਏ। 13 ਫ਼ਿਰ ਅਸੀਂ ਰੇਗਿਯੁਨ ਸ਼ਹਿਰ ਵਿੱਚ ਪਹੁੰਚੇ। ਇੱਕ ਦਿਨ ਬਾਅਦ, ਜਦੋਂ ਦੱਖਣੀ ਹਵਾ ਵਗੀ, ਅਸੀਂ ਤੁਰ ਪਏ। ਅਗਲੇ ਦਿਨ ਅਸੀਂ ਪਤਿਯੁਲੇ ਪਹੁੰਚੇ। 14 ਉੱਥੇ ਅਸੀਂ ਕੁਝ ਭਰਾਵਾਂ ਨੂੰ ਮਿਲੇ। ਉਨ੍ਹਾਂ ਸਾਨੂੰ ਇੱਕ ਹਫ਼ਤਾ ਉੱਥੇ ਰਹਿਣ ਦੀ ਮਿੰਨਤ ਕੀਤੀ। ਅਖੀਰ ਅਸੀਂ ਰੋਮ ਪਹੁੰਚੇ। 15 ਜਦੋਂ ਉੱਥੇ ਨਿਹਚਾਵਾਨਾਂ ਨੇ ਸੁਣਿਆ ਕਿ ਅਸੀਂ ਉੱਥੇ ਪਹੁੰਚੇ ਹਾਂ, ਉਹ ਸਾਨੂੰ ਅਪੀਫ਼ੋਰੁਸ ਦੇ ਬਜ਼ਾਰ ਵਿੱਚ ਅਤੇ ਤਿੰਨ ਸਰਾਵਾਂ ਵਿੱਚ ਮਿਲਣ ਲਈ ਆਏ। ਜਦੋਂ ਪੌਲੁਸ ਨੇ ਇਨ੍ਹਾਂ ਨਿਹਚਾਵਾਨਾਂ ਨੂੰ ਵੇਖਿਆ ਤਾਂ ਉਸ ਨੂੰ ਹੌਂਸਲਾ ਹੋਇਆ ਅਤੇ ਉਸ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ।
ਪੌਲੁਸ ਰੋਮ ਵਿੱਚ
16 ਫ਼ਿਰ ਅਸੀਂ ਰੋਮ ਵਿੱਚ ਚੱਲੇ ਗਏ। ਪੌਲੁਸ ਨੂੰ ਰੋਮ ਵਿੱਚ ਇੱਕਲੇ ਰਹਿਣ ਦੀ ਆਗਿਆ ਸੀ। ਪਰ ਇੱਕ ਸਿਪਾਹੀ ਉਸਦੀ ਨਿਗਰਾਨੀ ਲਈ ਉਸ ਦੇ ਨਾਲ ਸੀ।
17 ਤਿੰਨ ਦਿਨਾਂ ਬਾਅਦ ਉਸ ਨੇ ਯਹੂਦੀਆਂ ਦੇ ਵੱਡੇ ਆਗੂਆਂ ਨੂੰ ਬੁਲਾਵਾ ਭੇਜਿਆ। ਜਦੋਂ ਉਹ ਇਕੱਠੇ ਹੋਕੇ ਆਏ ਤਾਂ ਪੌਲੁਸ ਨੇ ਆਖਿਆ, “ਹੇ ਮੇਰੇ ਯਹੂਦੀ ਭਰਾਵੋ, ਮੈਂ ਆਪਣੇ ਲੋਕਾਂ ਨਾਲ ਕੋਈ ਗਲਤ ਨਹੀਂ ਕੀਤਾ ਤੇ ਨਾ ਮੈਂ ਆਪਣੇ ਪੁਰਖਿਆਂ ਦੀਆਂ ਰੀਤਾਂ ਦੇ ਵਿਰੁੱਧ ਕੁਝ ਗਲਤ ਕੀਤਾ ਹੈ। ਪਰ ਮੈਨੂੰ ਯਰੂਸ਼ਲਮ ਵਿੱਚ ਗਿਰਫ਼ਤਾਰ ਕਰ ਲਿਆ ਗਿਆ ਅਤੇ ਰੋਮੀਆਂ ਦੇ ਹਵਾਲੇ ਕਰ ਦਿੱਤਾ ਗਿਆ। 18 ਰੋਮੀਆਂ ਨੇ ਮੈਨੂੰ ਸਵਾਲ ਕੀਤੇ ਪਰ ਉਨ੍ਹਾਂ ਨੂੰ ਕੋਈ ਵਜਹ ਨਾ ਲੱਭੀ ਜਿਸ ਵਾਸਤੇ ਮੈਂ ਮਾਰਿਆ ਜਾਵਾਂ? ਇਸ ਲਈ ਉਨ੍ਹਾਂ ਮੈਨੂੰ ਅਜ਼ਾਦ ਛੱਡ ਦੇਣਾ ਚਾਹਿਆ। 19 ਪਰ ਉੱਥੋਂ ਦੇ ਯਹੂਦੀ ਅਜਿਹਾ ਨਹੀਂ ਚਾਹੁੰਦੇ ਸਨ, ਇਸ ਲਈ ਮੈਨੂੰ ਆਪਣੀ ਦੁਹਾਈ ਕੈਸਰ ਅੱਗੇ ਦੇਣੀ ਪਈ। ਪਰ ਮੈਂ ਇਹ ਨਹੀਂ ਆਖ ਰਿਹਾ ਕਿ ਮੈਨੂੰ ਆਪਣੇ ਲੋਕਾਂ ਦੇ ਵਿਰੁੱਧ ਕੋਈ ਗਿਲਾ ਹੈ। 20 ਇਸੇ ਕਾਰਣ ਮੈਂ ਤੁਹਾਡੇ ਨਾਲ ਮਿਲ ਕੇ ਗੱਲ ਕਰਨੀ ਚਾਹੁੰਦਾ ਸੀ। ਮੈਂ ਇਸ ਜੰਜ਼ੀਰ ਨਾਲ ਬੰਨ੍ਹਿਆ ਹੋਇਆ ਹਾਂ ਕਿਉਂਕਿ ਮੈਂ ਇਸਰਾਏਲ ਦੀ ਆਸ ਵਿੱਚ ਵਿਸ਼ਵਾਸ ਰੱਖਦਾ ਹਾਂ।”
21 ਯਹੂਦੀਆਂ ਨੇ ਪੌਲੁਸ ਨੂੰ ਆਖਿਆ, “ਅਸੀਂ ਯਹੂਦਿਯਾ ਤੋਂ ਤੇਰੇ ਬਾਰੇ ਕੋਈ ਚਿੱਠੀ ਪ੍ਰਾਪਤ ਨਹੀਂ ਕੀਤੀ, ਤੇ ਨਾ ਹੀ ਸਾਡੇ ਉਨ੍ਹਾਂ ਭਰਾਵਾਂ ਵਿੱਚੋਂ, ਜੋ ਉੱਥੋਂ ਆਏ, ਤੇਰੇ ਬਾਰੇ ਕੋਈ ਖਬਰ ਲਿਆਏ ਜਾਂ ਤੇਰੇ ਬਾਰੇ ਕੁਝ ਬੁਰਾ ਕਿਹਾ। 22 ਪਰ ਅਸੀਂ ਤੈਥੋਂ ਤੇਰੀ ਨਿਹਚਾ ਬਾਰੇ ਸੁਣਨਾ ਚਾਹੁੰਦੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਹਰ ਜਗ਼੍ਹਾ ਦੇ ਲੋਕ ਇਸ ਸਮੂਹ ਬਾਰੇ ਮੰਦਾ ਬੋਲ ਰਹੇ ਹਨ।”
23 ਤਾਂ ਪੌਲੁਸ ਅਤੇ ਯਹੂਦੀਆਂ ਨੇ ਸਭਾ ਲਈ ਇੱਕ ਦਿਨ ਨਿਸ਼ਚਿਤ ਕੀਤਾ। ਉਸ ਦਿਨ ਹੋਰ ਵੀ ਬਹੁਤ ਸਾਰੇ ਯਹੂਦੀ ਲੋਕ ਪੌਲੁਸ ਨੂੰ ਉਸ ਦੇ ਘਰ ਮਿਲੇ। ਪੌਲੁਸ ਨੇ ਸਵੇਰੇ ਤੋਂ ਆਥਣ ਤੱਕ ਪਰਮੇਸ਼ੁਰ ਦੇ ਰਾਜ ਬਾਰੇ ਵਰਨਣ ਕੀਤਾ। ਅਤੇ ਉਨ੍ਹਾਂ ਨੂੰ ਯਿਸੂ ਬਾਰੇ ਨਿਹਚਾ ਕਰਵਾਉਣ ਲਈ ਮਨਾਉਣ ਦੀ ਕੋਸ਼ਿਸ਼, ਕੀਤੀ। ਉਸ ਨੇ ਇਹ ਕੋਸ਼ਿਸ਼ ਮੂਸਾ ਦੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਦਾ ਸਬੂਤ ਦੇਕੇ ਕੀਤੀ। 24 ਉਨ੍ਹਾਂ ਵਿੱਚੋਂ ਕਈਆਂ ਨੇ ਪੌਲੁਸ ਦੀਆਂ ਆਖੀਆਂ ਗੱਲਾਂ ਤੇ ਵਿਸ਼ਵਾਸ ਕੀਤਾ ਪਰ ਕਈਆਂ ਨੇ ਨਹੀਂ। 25 ਉਹ ਆਪਸ ਵਿੱਚ ਬਹਿਸ ਕਰਨ ਲੱਗੇ। ਜਦੋਂ ਯਹੂਦੀ ਉੱਥੋਂ ਜਾਣ ਹੀ ਵਾਲੇ ਸਨ, ਪੌਲੁਸ ਨੇ ਉਨ੍ਹਾਂ ਨੂੰ ਇੱਕ ਹੋਰ ਗੱਲ ਕਈ: “ਪਵਿੱਤਰ ਆਤਮਾ ਨੇ ਤੁਹਾਡੇ ਵਡਿਆਂ ਨੂੰ ਯਸਾਯਾਹ ਨਬੀ ਦੀ ਜ਼ਬਾਨੀ ਠੀਕ ਆਖਿਆ ਸੀ:
26 ‘ਇਸ ਕੌਮ ਦੇ ਲੋਕਾਂ ਕੋਲ ਜਾਓ ਅਤੇ ਉਨ੍ਹਾਂ
ਨੂੰ ਦੱਸੋ; ਤੁਸੀਂ ਸੁਣੋਂਗੇ।
ਪਰ ਸਮਝੋਂਗੇ
ਨਹੀਂ ਤੁਸੀਂ ਵੇਖੋਂਗੇ
ਪਰ ਜੋ ਵੇਖਿਆ ਉਸ ਨੂੰ ਸਮਝੋਂਗੇ ਨਹੀਂ।
27 ਇਨ੍ਹਾਂ ਲੋਕਾਂ ਦੀ ਬੁੱਧੀ ਮੋਟੀ ਹੋ ਚੁੱਕੀ ਹੈ।
ਇਨ੍ਹਾਂ ਲੋਕਾਂ ਦੇ ਕੰਨ ਹਨ ਪਰ ਇਹ ਸੁਣਦੇ ਨਹੀਂ।
ਇਹ ਲੋਕ ਵੇਖਣ ਤੋਂ ਇਨਕਾਰ ਕਰਦੇ ਹਨ।
ਇਹ ਇਸ ਲਈ ਵਾਪਰਿਆ ਹੈ ਤਾਂ ਜੋ
ਇਹ ਆਪਣੀਆਂ ਅੱਖਾਂ ਨਾਲ ਨਹੀਂ ਵੇਖਣਗੇ ਨਾਹੀ ਆਪਣੇ ਕੰਨਾਂ
ਨਾਲ ਸੁਨਣਗੇ ਅਤੇ ਨਾ ਹੀ ਆਪਣੇ ਦਿਮਾਗਾਂ ਨਾਲ ਸਮਝਣਗੇ।
ਇੰਝ ਇਸ ਲਈ ਵਾਪਰਿਆ ਹੈ ਤਾਂ ਜੋ ਇਹ
ਚੰਗੇ ਹੋਣ ਲਈ ਮੇਰੇ ਵੱਲ ਮੁੜਨਗੇ।’ (A)
28 “ਹੇ ਯਹੂਦੀਓ। ਮੈਂ ਤੁਹਾਨੂੰ ਇਹ ਪਤਾ ਲਾਉਣਾ ਚਾਹੁੰਦਾ ਹਾਂ ਕਿ ਪਰਮੇਸ਼ੁਰ ਨੇ ਇਹ ਮੁਕਤੀ ਗੈਰ-ਯਹੂਦੀ ਲੋਕਾਂ ਵਾਸਤੇ ਭੇਜੀ ਹੈ, ਅਤੇ ਉਹ ਸੁਣਨਗੇ।” 29 [a]
30 ਪੌਲੁਸ ਪੂਰੇ ਦੋ ਸਾਲ ਆਪਣੇ ਕਿਰਾਏ ਦੇ ਘਰ ਵਿੱਚ ਉੱਥੇ ਰਿਹਾ। ਜਿਹੜੇ ਵੀ ਲੋਕ ਉਸ ਕੋਲ ਆਉਂਦੇ ਉਹ ਉਨ੍ਹਾਂ ਨੂੰ ਜੀ ਆਇਆ ਆਖਦਾ। 31 ਪੌਲੁਸ ਨੇ ਪਰਮੇਸ਼ੁਰ ਦੇ ਰਾਜ ਦਾ ਪਰਚਾਰ ਕੀਤਾ। ਉਸ ਨੇ ਪ੍ਰਭੂ ਯਿਸੂ ਮਸੀਹ ਬਾਰੇ ਉਪਦੇਸ਼ ਦਿੱਤੇ। ਉਹ ਬਹੁਤ ਨਿਡਰਤਾ ਨਾਲ ਬੋਲਿਆਂ ਅਤੇ ਕਿਸੇ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਨਾ ਕੀਤੀ।
2010 by World Bible Translation Center