Print Page Options
Previous Prev Day Next DayNext

M’Cheyne Bible Reading Plan

The classic M'Cheyne plan--read the Old Testament, New Testament, and Psalms or Gospels every day.
Duration: 365 days
Punjabi Bible: Easy-to-Read Version (ERV-PA)
Version
ਉਤਪਤ 28

ਯਾਕੂਬ ਵਹੁਟੀ ਲੱਭਦਾ

28 ਇਸਹਾਕ ਨੇ ਯਾਕੂਬ ਨੂੰ ਸੱਦਿਆ ਅਤੇ ਉਸ ਨੂੰ ਅਸੀਸ ਦਿੱਤੀ। ਫ਼ੇਰ ਇਸਹਾਕ ਨੇ ਉਸ ਨੂੰ ਆਦੇਸ਼ ਦਿੱਤਾ। ਇਸਹਾਕ ਨੇ ਆਖਿਆ, “ਤੈਨੂੰ ਕਿਸੇ ਕਨਾਨੀ ਔਰਤ ਨਾਲ ਸ਼ਾਦੀ ਨਹੀਂ ਕਰਨੀ ਚਾਹੀਦੀ। ਇਸ ਲਈ ਇਹ ਥਾਂ ਛੱਡਦੇ ਅਤੇ ਪਦਨ ਅਰਾਮ ਨੂੰ ਚੱਲਿਆ ਜਾਹ। ਆਪਣੇ ਨਾਨੇ ਬਥੂਏਲ ਦੇ ਘਰ ਚੱਲਿਆ ਜਾਹ। ਉੱਥੇ ਤੇਰਾ ਮਾਮਾ ਲਾਬਾਨ ਰਹਿੰਦਾ ਹੈ। ਉਸਦੀ ਕਿਸੇ ਇੱਕ ਧੀ ਨਾਲ ਵਿਆਹ ਕਰਵਾ ਲੈ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਰਬ ਸ਼ਕਤੀਮਾਨ ਪਰਮੇਸ਼ੁਰ ਤੈਨੂੰ ਅਸੀਸ ਦੇਵੇ ਅਤੇ ਤੈਨੂੰ ਬਹੁਤ ਸਾਰੀ ਸੰਤਾਨ ਦੇਵੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਇੱਕ ਮਹਾਨ ਕੌਮ ਦਾ ਪਿਤਾ ਬਣੇ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਪਰਮੇਸ਼ੁਰ ਤੈਨੂੰ ਅਤੇ ਤੇਰ੍ਰ ਬੱਚਿਆਂ ਨੂੰ ਉਸੇ ਤਰ੍ਹਾਂ ਦੀ ਅਸੀਸ ਦੇਵੇ ਜਿਸ ਤਰ੍ਹਾਂ ਦੀ ਉਸ ਨੇ ਅਬਰਾਹਾਮ ਨੂੰ ਦਿੱਤੀ ਸੀ। ਅਤੇ ਮੈਂ ਪ੍ਰਾਰਥਨਾ ਕਰਦਾ ਹਾਂ ਕਿ ਜਿਸ ਧਰਤੀ ਉੱਤੇ ਤੂੰ ਰਹਿੰਦਾ ਹੈਂ ਤੂੰ ਉਸਦਾ ਮਾਲਿਕ ਹੋਵੇਂ। ਇਹ ਉਹੀ ਧਰਤੀ ਹੈ। ਜਿਹੜੀ ਪਰਮੇਸ਼ੁਰ ਨੇ ਅਬਰਾਹਾਮ ਨੂੰ ਦਿੱਤੀ ਸੀ।”

ਇਸ ਲਈ ਇਸਹਾਕ ਨੇ ਯਾਕੂਬ ਨੂੰ ਰਿਬਕਾਹ ਦੇ ਭਰਾ ਕੋਲ ਪਦਨ ਅਰਾਮ ਭੇਜ ਦਿੱਤਾ। ਇਸ ਤਰ੍ਹਾਂ ਯਾਕੂਬ ਆਰਾਮੀ ਬਥੂਏਲ ਦੇ ਪੁੱਤਰ ਲਾਬਾਨ ਕੋਲ ਚੱਲਾ ਗਿਆ। ਲਾਬਾਨ ਰਿਬਕਾਹ ਦਾ ਭਰਾ ਸੀ। ਰਿਬਕਾਹ ਯਾਕੂਬ ਅਤੇ ਏਸਾਓ ਦੀ ਮਾਂ ਸੀ।

ਏਸਾਓ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੇ ਯਾਕੂਬ ਨੂੰ ਅਸੀਸ ਦਿੱਤੀ ਹੈ। ਅਤੇ ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਵਹੁਟੀ ਲੱਭਣ ਲਈ ਪਦਨ ਅਰਾਮ ਭੇਜ ਦਿੱਤਾ ਹੈ। ਏਸਾਓ ਨੂੰ ਪਤਾ ਲੱਗਿਆ ਕਿ ਇਸਹਾਕ ਨੇ ਯਾਕੂਬ ਨੂੰ ਆਦੇਸ਼ ਦਿੱਤਾ ਹੈ ਕਿ ਉਹ ਕਾਨਾਨੀ ਔਰਤ ਨਾਲ ਸ਼ਾਦੀ ਨਾ ਕਰੇ। ਅਤੇ ਏਸਾਓ ਨੂੰ ਪਤਾ ਲੱਗਿਆ ਕਿ ਯਾਕੂਬ ਆਪਣੇ ਮਾਤਾ ਪਿਤਾ ਦੀ ਆਗਿਆ ਮੰਨ ਕੇ ਪਦਨ ਅਰਾਮ ਚੱਲਿਆ ਗਿਆ ਸੀ। ਏਸਾਓ ਨੂੰ ਇਸਤੋਂ ਪਤਾ ਲੱਗਿਆ ਕਿ ਉਸਦਾ ਪਿਤਾ ਇਹ ਨਹੀਂ ਚਾਹੁੰਦਾ ਕਿ ਉਸ ਦੇ ਪੁੱਤਰ ਕਨਾਨੀ ਔਰਤਾਂ ਨਾਲ ਵਿਆਹ ਕਰਨ। ਏਸਾਓ ਦੇ ਪਹਿਲਾਂ ਹੀ ਦੋ ਪਤਨੀਆਂ ਸਨ। ਪਰ ਉਹ ਇਸਮਾਏਲ ਕੋਲ ਗਿਆ ਅਤੇ ਇੱਕ ਹੋਰ ਔਰਤ ਨਾਲ ਸ਼ਾਦੀ ਕਰ ਲਈ। ਉਸ ਨੇ ਇਸਮਾਏਲ ਦੀ ਧੀ, ਮਹਲਥ, ਨਾਲ ਸ਼ਾਦੀ ਕਰ ਲਈ। ਇਸਮਾਏਲ ਅਬਰਾਹਾਮ ਦਾ ਪੁੱਤਰ ਸੀ। ਮਹਲਥ ਨਬਾਯੋਥ ਦੀ ਭੈਣ ਸੀ।

ਪਰਮੇਸ਼ੁਰ ਦਾ ਘਰ-ਬੈਤਏਲ

10 ਯਾਕੂਬ ਨੇ ਬਏਰਸਬਾ ਛੱਡ ਦਿੱਤਾ ਅਤੇ ਹਾਰਾਨ ਨੂੰ ਚੱਲਾ ਗਿਆ। 11 ਜਦੋਂ ਹਾਲੇ ਯਾਕੂਬ ਸਫ਼ਰ ਵਿੱਚ ਸੀ, ਕਿ ਸੂਰਜ ਛਿਪ ਗਿਆ। ਇਸ ਲਈ ਯਾਕੂਬ ਰਾਤ ਕੱਟਣ ਲਈ ਕਿਸੇ ਥਾਂ ਚੱਲਾ ਗਿਆ। ਯਾਕੂਬ ਨੇ ਉਸ ਥਾਵੇਂ ਇੱਕ ਚੱਟਾਨ ਦੇਖੀ ਅਤੇ ਉਸ ਉੱਤੇ ਸਿਰ ਰੱਖ ਕੇ ਸੌਂ ਗਿਆ। 12 ਯਾਕੂਬ ਨੂੰ ਇੱਕ ਸੁਪਨਾ ਆਇਆ। ਉਸ ਨੂੰ ਸੁਪਨਾ ਆਇਆ ਕਿ ਇੱਕ ਪੌੜੀ ਸੀ ਜਿਹੜੀ ਧਰਤੀ ਉੱਤੇ ਲਗੀ ਹੋਈ ਸੀ ਅਤੇ ਆਕਾਸ਼ ਤੱਕ ਜਾਂਦੀ ਸੀ। ਯਾਕੂਬ ਨੇ ਪਰਮੇਸ਼ੁਰ ਦੇ ਦੂਤਾਂ ਨੂੰ ਇਸ ਪੌੜੀ ਉੱਤੇ ਚਢ਼ਦਿਆਂ ਉੱਤਰਦਿਆਂ ਦੇਖਿਆ। 13 ਅਤੇ ਫ਼ੇਰ ਯਾਕੂਬ ਨੇ ਯਹੋਵਾਹ ਨੂੰ ਪੌੜੀ ਲਾਗੇ ਖਲੋਤਿਆਂ ਦੇਖਿਆ। ਯਹੋਵਾਹ ਨੇ ਆਖਿਆ, “ਮੈਂ ਤੇਰੇ ਦਾਦੇ, ਅਬਰਾਹਾਮ ਦਾ ਯਹੋਵਾਹ ਪਰਮੇਸ਼ੁਰ ਹਾਂ। ਮੈਂ ਇਸਹਾਕ ਦਾ ਪਰਮੇਸ਼ੁਰ ਹਾਂ। ਮੈਂ ਤੈਨੂੰ ਇਹ ਧਰਤੀ ਦੇਵਾਂਗਾ ਜਿਸ ਉੱਤੇ ਤੂੰ ਹੁਣ ਲੇਟਿਆ ਹੋਇਆ ਹੈਂ। ਮੈਂ ਇਹ ਧਰਤੀ ਤੈਨੂੰ ਅਤੇ ਤੇਰੇ ਬੱਚਿਆਂ ਨੂੰ ਦੇਵਾਂਗਾ। 14 ਤੇਰੇ ਬਹੁਤ ਸਾਰੇ ਉੱਤਰਾਧਿਕਾਰੀ ਹੋਣਗੇ। ਉਹ ਇੰਨੇ ਹੋਣਗੇ ਜਿੰਨੇ ਧਰਤੀ ਉੱਤੇ ਮਿੱਟੀ ਦੇ ਕਣ ਹਨ। ਉਹ ਪੂਰਬ, ਪੱਛਮ ਅਤੇ ਉੱਤਰ, ਦੱਖਣ ਵੱਲ ਫ਼ੈਲ ਜਾਣਗੇ। ਧਰਤੀ ਦੇ ਸਾਰੇ ਪਰਿਵਾਰਾਂ ਉੱਤੇ ਤੇਰੇ ਅਤੇ ਤੇਰੇ ਉੱਤਰਾਧਿਕਾਰੀਆਂ ਸਦਕਾ ਬਖਸ਼ਿਸ਼ ਹੋਵੇਗੀ।

15 “ਮੈਂ ਤੇਰੇ ਨਾਲ ਹਾਂ, ਅਤੇ ਜਿੱਥੇ ਵੀ ਤੂੰ ਜਾਵੇਂਗਾ ਮੈਂ ਤੇਰੀ ਰੱਖਿਆ ਕਰਾਂਗਾ। ਮੈਂ ਤੈਨੂੰ ਇਸ ਧਰਤੀ ਉੱਤੇ ਵਾਪਸ ਲਿਆਵਾਂਗਾ। ਮੈਂ ਤੈਨੂੰ ਓਨਾ ਚਿਰ ਨਹੀਂ ਛੱਡਾਂਗਾ ਜਿੰਨਾ ਚਿਰ ਤੱਕ ਮੈਂ ਉਹ ਗੱਲ ਪੂਰੀ ਨਹੀਂ ਕਰ ਲੈਂਦਾ ਜਿਸਦਾ ਮੈਂ ਵਚਨ ਦਿੱਤਾ ਹੈ।”

16 ਫ਼ੇਰ ਯਾਕੂਬ ਆਪਣੀ ਨੀਂਦ ਤੋਂ ਜਾਗ ਪਿਆ ਅਤੇ ਆਖਿਆ, “ਮੈਂ ਜਾਣਦਾ ਹਾਂ ਕਿ ਯਹੋਵਾਹ ਇਸ ਥਾਂ ਹੈ। ਪਰ ਮੈਨੂੰ ਓਨਾ ਚਿਰ ਤੱਕ ਇਸ ਗੱਲ ਦਾ ਪਤਾ ਨਹੀਂ ਲੱਗਿਆ ਜਿੰਨਾ ਚਿਰ ਤੱਕ ਕਿ ਮੈਂ ਸੌਂ ਨਹੀਂ ਗਿਆ।”

17 ਯਾਕੂਬ ਭੈਭੀਤ ਹੋ ਗਿਆ। ਉਸ ਨੇ ਆਖਿਆ, “ਇਹ ਬਹੁਤ ਮਹਾਨ ਥਾਂ ਹੈ। ਇਹ ਪਰਮੇਸ਼ੁਰ ਦਾ ਘਰ ਹੈ। ਇਹ ਆਕਾਸ਼ ਦਾ ਦਰਵਾਜ਼ਾ ਹੈ।”

18 ਯਾਕੂਬ ਸਵੇਰੇ ਬਹੁਤ ਤੜਕੇ ਉੱਠ ਬੈਠਾ। ਯਾਕੂਬ ਨੇ ਉਹ ਸਿਲ ਲਈ ਜਿਸ ਉੱਤੇ ਉਹ ਸੁੱਤਾ ਸੀ ਅਤੇ ਇਸ ਨੂੰ ਇਸਦੇ ਇੱਕ ਕਿਨਾਰੇ ਭਾਰ ਖੜ੍ਹਾ ਕਰ ਦਿੱਤਾ। ਫ਼ੇਰ ਉਸ ਨੇ ਸਿਲ ਉੱਤੇ ਤੇਲ ਚੋਇਆ। ਇਸ ਤਰ੍ਹਾਂ ਉਸ ਨੇ ਇਸ ਸਿਲ ਨੂੰ ਪਰਮੇਸ਼ੁਰ ਦੀ ਯਾਦਗਾਰ ਬਣਾ ਦਿੱਤਾ। 19 ਇਸ ਥਾਂ ਦਾ ਨਾਮ ਲੂਜ਼ ਸੀ। ਪਰ ਯਾਕੂਬ ਨੇ ਇਸ ਨੂੰ ਬੈਤਏਲ ਦਾ ਨਾਮ ਦਿੱਤਾ।

20 ਫ਼ੇਰ ਯਾਕੂਬ ਨੇ ਇੱਕ ਇਕਰਾਰ ਕੀਤਾ। ਉਸ ਨੇ ਆਖ਼ਿਆ, “ਜੇ ਪਰਮੇਸ਼ੁਰ ਮੇਰੇ ਨਾਲ ਹੈ, ਅਤੇ ਜੇ ਪਰਮੇਸ਼ੁਰ ਮੇਰੀ ਇਸ ਯਾਤਰਾ ਉੱਤੇ ਰੱਖਿਆ ਕਰੇਗਾ, ਅਤੇ ਜੇ ਪਰਮੇਸ਼ੁਰ ਮੈਨੂੰ ਖਾਣ-ਪੀਣ ਅਤੇ ਪਹਿਨਣ ਲਈ ਦਿੰਦਾ ਹੈ, 21 ਅਤੇ ਜੇ ਮੈਂ ਸ਼ਾਂਤੀ ਨਾਲ ਆਪਣੇ ਪਿਤਾ ਦੇ ਘਰ ਆ ਜਾਂਦਾ ਹਾਂ, ਤਾਂ ਯਹੋਵਾਹ ਮੇਰਾ ਪਰਮੇਸ਼ੁਰ ਹੋਵੇਗਾ। 22 ਮੈਂ ਇਸ ਪੱਥਰ ਨੂੰ ਇੱਕ ਯਾਦਗਾਰ ਪੱਥਰ ਵਜੋਂ ਸਥਾਪਿਤ ਕਰ ਰਿਹਾ ਹਾਂ। ਇਹ ਦਰਸਾਵੇਗਾ ਕਿ ਇਹ ਪਰਮੇਸ਼ੁਰ ਲਈ ਪਵਿੱਤਰ ਸਥਾਨ ਹੈ। ਅਤੇ ਮੈਂ ਪਰਮੇਸ਼ੁਰ ਨੂੰ ਉਸ ਸਾਰੇ ਕੁਝ ਦਾ ਦਸਵੰਧ ਦੇਵਾਂਗਾ ਜੋ ਕੁਝ ਵੀ ਉਹ ਮੈਨੂੰ ਦੇਵੇਗਾ।”

ਮੱਤੀ 27

ਯਿਸੂ ਰਾਜਪਾਲ ਪਿਲਾਤੁਸ ਦੇ ਸਨਮੁੱਖ(A)

27 ਅਗਲੀ ਸਵੇਰ ਪ੍ਰਧਾਨ ਜਾਜਕਾਂ ਅਤੇ ਲੋਕਾਂ ਦੇ ਬਜ਼ੁਰਗ ਆਗੂਆਂ ਨੇ ਯਿਸੂ ਨੂੰ ਜਾਨ ਤੋਂ ਮਾਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਪਾ ਦਿੱਤੀਆਂ ਅਤੇ ਪਿਲਾਤੁਸ ਦੇ ਹਵਾਲੇ ਕਰਨ ਲਈ ਲੈ ਗਏ।

ਯਹੂਦਾ ਨੇ ਆਤਮ ਹੱਤਿਆ ਕੀਤੀ(B)

ਯਹੂਦਾ ਨੇ ਵੇਖਿਆ ਕਿ ਉਨ੍ਹਾਂ ਨੇ ਯਿਸੂ ਨੂੰ ਮਾਰਨ ਦਾ ਫ਼ੈਸਲਾ ਕਰ ਲਿਆ ਹੈ। ਇਹ ਯਹੂਦਾ ਹੀ ਸੀ ਜਿਸਨੇ ਯਿਸੂ ਨੂੰ ਦੁਸ਼ਮਨਾਂ ਦੇ ਹੱਥ ਫ਼ੜਾ ਦਿੱਤਾ ਸੀ। ਜਦੋਂ ਉਸ ਨੇ ਇਹ ਸਭ ਵਾਪਰਦਾ ਵੇਖਿਆ, ਉਹ ਪਛਤਾਇਆ, ਅਤੇ ਉਸ ਨੇ ਉਹ 30 ਸਿੱਕੇ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਆਗੂਆਂ ਨੂੰ ਵਾਪਸ ਮੋੜ ਦਿੱਤੇ। ਯਹੂਦਾ ਨੇ ਉਨ੍ਹਾਂ ਨੂੰ ਆਖਿਆ, “ਮੈਂ ਪਾਪ ਕੀਤਾ ਹੈ ਜੋ ਇੱਕ ਨਿਰਦੋਸ਼ ਜਾਨ ਨੂੰ ਮਾਰਨ ਲਈ ਫ਼ੜਵਾ ਦਿੱਤਾ।”

ਯਹੂਦੀ ਆਗੂਆਂ ਨੇ ਜਵਾਬ ਦਿੱਤਾ, “ਸਾਨੂੰ ਇਸਦੀ ਕੋਈ ਪਰਵਾਹ ਨਹੀਂ ਇਹ ਤੇਰੀ ਸਮੱਸਿਆ ਹੈ, ਤੂੰ ਜਾਣ।”

ਤਾਂ ਯਹੂਦਾ ਨੇ ਉਹ ਚਾਂਦੀ ਦੇ ਸਿੱਕੇ ਮੰਦਰ ਵਿੱਚ ਸੁੱਟ ਦਿੱਤੇ ਅਤੇ ਵਾਪਸ ਮੁੜਕੇ ਖੁਦ ਨੂੰ ਫ਼ਾਹਾ ਲਾ ਲਿਆ।

ਪ੍ਰਧਾਨ ਜਾਜਕਾਂ ਨੇ ਉੱਥੋਂ ਉਹ ਸਿੱਕੇ ਚੁੱਕੇ ਅਤੇ ਕਿਹਾ, “ਇਨ੍ਹਾਂ ਪੈਸਿਆਂ ਨੂੰ ਮੰਦਰ ਦੇ ਖਜ਼ਾਨੇ ਵਿੱਚ ਪਾਉਣਾ ਯੋਗ ਨਹੀਂ ਕਿਉਂਕਿ ਇਹ ਧਨ ਕਿਸੇ ਦੀ ਮੌਤ ਲਈ ਦਿੱਤਾ ਗਿਆ ਸੀ।” ਤਾਂ ਉਨ੍ਹਾਂ ਇੱਕ ਮਤਾ ਪਾਸ ਕੀਤਾ ਕਿ ਇਸ ਧਨ ਨਾਲ ਇੱਕ ਘੁਮਿਆਰ ਦਾ ਖੇਤ ਖਰੀਦਿਆ ਜਾਵੇ। ਇਹ ਖੇਤ ਉਨ੍ਹਾਂ ਲੋਕਾਂ ਦੇ ਕੰਮ ਆਵੇਗਾ ਜੋ ਯਰੂਸ਼ਲਮ ਵਿੱਚ ਆਉਂਦੇ ਹੋਏ ਇੱਥੇ ਮਰ ਜਾਂਦੇ ਹਨ, ਇਹ ਖੇਤ ਉਨ੍ਹਾਂ ਲੋਕਾਂ ਨੂੰ ਦਫ਼ਨਾਉਣ ਦੇ ਕੰਮ ਆਵੇਗਾ। ਇਸੇ ਕਾਰਣ ਅੱਜ ਵੀ ਉਹ ਖੇਤ, ਲਹੂ ਦਾ ਖੇਤ ਕਰਕੇ ਜਾਣਿਆ ਜਾਂਦਾ ਹੈ। ਤਾਂ ਜਿਹੜਾ ਬਚਨ ਯਿਰਮਿਯਾਹ ਨਬੀ ਦੇ ਰਾਹੀਂ ਕਿਹਾ ਗਿਆ ਸੀ ਉਹ ਪੂਰਾ ਹੋਇਆ ਕਿ,

“ਉਨ੍ਹਾਂ ਨੇ ਤੀਹ ਚਾਂਦੀ ਦੇ ਸਿੱਕੇ ਵਾਪਸ ਲੈ ਲਏ, ਜੋ ਇੱਕ ਮਨੁੱਖ ਦੀ ਜਾਨ ਦਾ ਮੁੱਲ ਠਹਿਰਾਇਆ ਗਿਆ ਸੀ ਇਵੇਂ ਹੀ ਕੁਝ ਯਹੂਦੀਆਂ ਨੇ ਉਸਦੀ ਜਾਨ ਦੀ ਕੀਮਤ ਲਾਈ ਸੀ। 10 ਉਨ੍ਹਾਂ ਨੇ ਉਸ ਧਨ ਨੂੰ ਘੁਮਿਆਰ ਦਾ ਖੇਤ ਖਰੀਦਣ ਲਈ ਵਰਤਿਆ ਜਿਵੇਂ ਕਿ ਪ੍ਰਭੂ ਨੇ ਹੁਕਮ ਦਿੱਤਾ ਸੀ।” [a]

ਰਾਜਪਾਲ ਪਿਲਾਤੁਸ ਦੇ ਯਿਸੂ ਨਾਲ ਪ੍ਰਸ਼ਨ(C)

11 ਯਿਸੂ ਰਾਜਪਾਲ ਦੇ ਸਾਹਮਣੇ ਖੜ੍ਹਾ ਸੀ, ਅਤੇ ਰਾਜਪਾਲ ਨੇ ਉਸ ਨੂੰ ਇਹ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ?”

ਯਿਸੂ ਨੇ ਕਿਹਾ, “ਹਾਂ, ਮੈਂ ਹਾਂ।”

12 ਜਦੋਂ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਉਸ ਉੱਤੇ ਦੋਸ਼ ਲਾਏ, ਉਸ ਨੇ ਜਵਾਬ ਵਿੱਚ ਕੁਝ ਨਹੀਂ ਆਖਿਆ।

13 ਤਦ ਪਿਲਾਤੁਸ ਨੇ ਉਸ ਨੂੰ ਕਿਹਾ, “ਕੀ ਤੂੰ ਨਹੀਂ ਸੁਣ ਰਿਹਾ ਜੋ ਇਲਜ਼ਾਮ ਇਹ ਤੇਰੇ ਖਿਲਾਫ਼ ਲਾ ਰਹੇ ਹਨ?”

14 ਪਰ ਯਿਸੂ ਨੇ ਉਸ ਨੂੰ ਕੋਈ ਵੀ ਉੱਤਰ ਨਹੀਂ ਦਿੱਤਾ। ਅਤੇ ਇਹ ਸਭ ਵੇਖਕੇ ਰਾਜਪਾਲ ਬੜਾ ਹੈਰਾਨ ਹੋਇਆ।

ਪਿਲਾਤੁਸ ਦੀ ਯਿਸੂ ਨੂੰ ਆਜ਼ਾਦ ਕਰਨ ਦੀ ਕੋਸ਼ਿਸ਼ ਨਾਕਾਮਯਾਬ(D)

15 ਇਹ ਰਿਵਾਜ਼ ਸੀ ਕਿ ਪਸਾਹ ਦੇ ਤਿਉਹਾਰ ਉੱਤੇ ਜਿਸ ਨੂੰ ਲੋਕ ਚਾਹੁਣ ਰਾਜਪਾਲ ਕੈਦ ਵਿੱਚੋਂ ਉਸ ਕੈਦੀ ਨੂੰ ਰਿਹਾ ਕਰਦਾ ਹੁੰਦਾ ਸੀ। 16 ਉਸ ਵਕਤ ਬਰੱਬਾ ਨਾਉਂ ਦਾ ਇੱਕ ਬਹੁਤ ਖਤਰਨਾਕ ਆਦਮੀ ਕੈਦ ਵਿੱਚ ਸੀ।

17 ਸਾਰੇ ਲੋਕ ਰਾਜਪਾਲ ਪਿਲਾਤੁਸ ਦੇ ਘਰ ਇਕੱਠੇ ਹੋਏ ਤਾਂ ਉਸ ਨੇ ਲੋਕਾਂ ਨੂੰ ਕਿਹਾ, “ਤੁਸੀਂ ਮੈਥੋਂ ਆਪਣੇ ਵਾਸਤੇ ਕਿਸਨੂੰ ਰਿਹਾ ਕਰਾਉਣਾ ਚਾਹੁੰਦੇ ਹੋ। ਬਰੱਬਾਸ, ਜਾਂ ਯਿਸੂ ਨੂੰ ਜੋ ਕਿ ਮਸੀਹ ਕਹਾਉਂਦਾ ਹੈ?” 18 ਕਿਉਂਕਿ ਉਹ ਜਾਣਦਾ ਸੀ ਕਿ ਲੋਕਾਂ ਨੇ ਉਸ ਨੂੰ ਈਰਖਾ ਕਾਰਣ ਉਸ ਦੇ ਹੱਥੀ ਫ਼ੜਵਾਇਆ ਸੀ।

19 ਜਦੋਂ ਉਹ ਨਿਆਂੇ ਵਾਲੀ ਕੁਰਸੀ ਤੇ ਬੈਠਾ ਹੋਇਆ ਸੀ, ਤਾਂ ਉਸਦੀ ਪਤਨੀ ਨੇ ਸੁਨੇਹਾ ਭੇਜਿਆ, “ਇਸ ਮਨੁੱਖ ਨੂੰ ਕੁਝ ਨਾ ਕਰ। ਇਹ ਅਪਰਾਧੀ ਨਹੀਂ ਹੈ ਅਤੇ ਅੱਜ ਮੈਂ ਇਸ ਬਾਰੇ ਸੁਪਨਾ ਵੇਖਿਆ ਹੈ ਅਤੇ ਉਸ ਨੇ ਮੈਨੂੰ ਬਹੁਤ ਪਰੇਸ਼ਾਨ ਕਰ ਦਿੱਤਾ ਹੈ।”

20 ਪਰ ਪ੍ਰਧਾਨ ਜਾਜਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਲੋਕਾਂ ਨੂੰ ਬਰੱਬਾਸ ਨੂੰ ਰਿਹਾ ਕਰਨ ਦੀ ਬੇਨਤੀ ਕਰਨ ਲਈ ਮਨਵਾਇਆ ਅਤੇ ਯਿਸੂ ਨੂੰ ਮਾਰੇ ਜਾਣ ਲਈ।

21 ਪਿਲਾਤੁਸ ਨੇ ਕਿਹਾ, “ਦੋਹਾਂ ਵਿੱਚੋਂ ਤੁਸੀਂ ਮੈਥੋਂ ਕਿਸਨੂੰ ਰਿਹਾ ਕਰਾਉਨਾ ਚਾਹੁੰਦੇ ਹੋ?”

ਲੋਕਾਂ ਨੇ ਕਿਹਾ, “ਬਰੱਬਾਸ ਨੂੰ ਛੱਡ ਦਿਉ।”

22 ਪੁਲਾਤੁਸ ਨੇ ਕਿਹਾ, “ਫ਼ੇਰ ਮੈਂ ਯਿਸੂ ਨਾਲ ਕੀ ਕਰਾਂ ਜਿਹੜਾ ਕਿ ਮਸੀਹ ਕਹਾਉਂਦਾ ਹੈ?”

ਲੋਕਾਂ ਨੇ ਉੱਤਰ ਦਿੱਤਾ “ਉਸ ਨੂੰ ਸਲੀਬ ਦਿਉ।”

23 ਰਾਜਪਾਲ ਨੇ ਆਖਿਆ, “ਕਿਉਂ? ਉਸ ਨੇ ਕੀ ਅਪਰਾਧ ਕੀਤਾ ਹੈ।”

ਪਰ ਸਭਨਾਂ ਨੇ ਹੋਰ ਉੱਚੀ ਡੰਡ ਪਾਕੇ ਕਿਹਾ, “ਉਸ ਨੂੰ ਸਲੀਬ ਦਿਓ।”

24 ਪਿਲਾਤੁਸ ਨੇ ਮਹਿਸੂਸ ਕੀਤਾ ਕਿ ਉਹ ਲੋਕਾਂ ਦਾ ਮਨ ਬਦਲਨ ਵਿੱਚ ਕਾਮਯਾਬ ਨਹੀਂ ਸੀ ਹੋ ਰਿਹਾ, ਅਤੇ ਇਸਦੀ ਜਗ੍ਹਾ, ਉਹ ਗੁੱਸਾ ਕਰ ਰਹੇ ਸਨ ਅਤੇ ਉਹ ਹੋਰ ਵੀ ਰੌਲਾ ਪਾ ਰਹੇ ਸਨ। ਉਸ ਨੇ ਪਾਣੀ ਲੈ ਕੇ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ ਅਤੇ ਆਖਿਆ, “ਮੈਂ ਇਸ ਮਨੁੱਖ ਦੇ ਲਹੂ ਤੋਂ ਨਿਰਦੋਸ਼ ਹਾਂ। ਦੋਸ਼ ਤੁਹਾਡੇ ਸਿਰ ਹੀ ਲੱਗੇਗਾ।”

25 ਸਭ ਲੋਕਾਂ ਨੇ ਜਵਾਬ ਦਿੱਤਾ, “ਅਸੀਂ ਅਤੇ ਸਾਡੇ ਬੱਚੇ ਇਸਦੇ ਲਹੂ ਦੇ ਜਿੰਮੇਵਾਰ ਹੋਵਾਂਗੇ।”

26 ਤਦ ਪਿਲਾਤੁਸ ਨੇ ਬਰੱਬਾਸ ਨੂੰ ਛੱਡ ਦਿੱਤਾ ਅਤੇ ਉਸ ਨੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਉਹ ਯਿਸੂ ਨੂੰ ਕੋੜਿਆਂ ਨਾਲ ਮਾਰਨ। ਅਤੇ ਉਸ ਨੇ ਯਿਸੂ ਨੂੰ ਸਿਪਾਹੀਆਂ ਹੱਥੀ ਸਲੀਬ ਉੱਤੇ ਚੜ੍ਹਾਉਣ ਲਈ ਦੇ ਦਿੱਤਾ।

ਪਿਲਾਤੁਸ ਦੇ ਸਿਪਾਹੀਆਂ ਵੱਲੋਂ ਯਿਸੂ ਨੂੰ ਮਸਖਰੀਆਂ(E)

27 ਤਦ ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲਿਆਏ ਅਤੇ ਉਸ ਦੇ ਦੁਆਲੇ ਸਾਰੇ ਪਹਿਰੇਦਾਰ ਇਕੱਠੇ ਕੀਤੇ। 28 ਸਿਪਾਹੀਆਂ ਨੇ ਉਸ ਦੇ ਸਾਰੇ ਕੱਪੜੇ ਲਾਹ ਕੇ ਇੱਕ ਲਾਲ ਚੋਗਾ ਉਸ ਨੂੰ ਪੁਵਾਇਆ। 29 ਕੰਡਿਆਂ ਨੂੰ ਗੁੰਦਕੇ ਉਨ੍ਹਾਂ ਨੇ ਇੱਕ ਕੰਡਿਆਂ ਦਾ ਤਾਜ ਬਨਾਇਆ ਅਤੇ ਉਸ ਦੇ ਸਿਰ ਤੇ ਪਾ ਦਿੱਤਾ। ਇੱਕ ਸੋਟੀ ਉਸ ਦੇ ਸੱਜੇ ਹੱਥ ਵਿੱਚ ਫ਼ੜਵਾ ਦਿੱਤੀ। ਫ਼ਿਰ ਸਿਪਾਹੀ ਉਸ ਅੱਗੇ ਝੁਕੇ ਅਤੇ ਉਸ ਨੂੰ ਮਸਖਰੀ ਕੀਤੀ, “ਹੇ ਯਹੂਦੀਆਂ ਦੇ ਪਾਤਸ਼ਾਹ, ਨਮਸੱਕਾਰ!” 30 ਸਿਪਾਹੀਆਂ ਨੇ ਯਿਸੂ ਉੱਤੇ ਥੁਕਿਆ ਅਤੇ ਫ਼ਿਰ ਉਸ ਦੇ ਹੱਥ ਵਿੱਚ ਫ਼ੜਾਈ ਹੋਈ ਸੋਟੀ ਨੂੰ ਖੋਹਕੇ ਉਸ ਦੇ ਨਾਲ ਕਿੰਨੀ ਵਾਰੀ ਉਸ ਦੇ ਸਿਰ ਤੇ ਸੱਟ ਮਾਰੀ। 31 ਜਦ ਉਹ ਉਸ ਨਾਲ ਮਸਖਰੀ ਕਰ ਹਟੇ ਤਾਂ ਉਨ੍ਹਾਂ ਨੇ ਉਹ ਲਾਲ ਚੋਗਾ ਉਸਤੋਂ ਲਾਹਕੇ, ਉਸ ਦੇ ਕੱਪੜੇ ਉਸ ਨੂੰ ਪੁਆਏ ਅਤੇ ਸਲੀਬ ਉੱਤੇ ਚੜ੍ਹਾਉਣ ਲਈ ਉਸ ਨੂੰ ਲੈ ਗਏ।

ਯਿਸੂ ਦਾ ਸਲੀਬ ਤੇ ਮਾਰਿਆ ਜਾਣਾ(F)

32 ਜਦੋਂ ਸਿਪਾਹੀ ਯਿਸੂ ਨੂੰ ਸ਼ਹਿਰ ਤੋਂ ਬਾਹਰ ਲੈ ਜਾ ਰਹੇ ਸਨ, ਉਨ੍ਹਾਂ ਨੇ ਕੁਰੇਨੀ ਦੇ ਸ਼ਮਊਨ ਨੂੰ ਵੇਖਿਆ, ਅਤੇ ਉਸ ਨੂੰ ਯਿਸੂ ਦੀ ਸਲੀਬ ਚੁੱਕਣ ਲਈ ਮਜਬੂਰ ਕੀਤਾ। 33 ਉਹ ਗਲਗਥਾ ਨਾਉਂ ਦੀ ਜਗ੍ਹਾ ਤੇ ਪਹੁੰਚੇ ਜਿਸਦਾ ਅਰਥ ਹੈ “ਖੋਪਰੀ ਦੀ ਥਾਂ।” 34 ਉੱਥੇ, ਉਨ੍ਹਾਂ ਨੇ ਯਿਸੂ ਨੂੰ ਪਿਤ ਨਾਲ ਮਿਸ਼੍ਰਿਤ ਮੈਅ ਪੀਣ ਨੂੰ ਦਿੱਤੀ। ਪਰ ਇਸਦਾ ਸੁਆਦ ਦੇਖਣ ਤੋਂ ਬਾਦ, ਉਸ ਨੇ ਇਸ ਨੂੰ ਪੀਣ ਤੋਂ ਇਨਕਾਰ ਕਰ ਦਿੱਤਾ।

35 ਤਾਂ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾਇਆ ਅਤੇ ਉਸ ਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿੱਚਕਾਰ ਉਸ ਦੇ ਕੱਪੜੇ ਵੰਡ ਲਏ। 36 ਸਿਪਾਹੀ ਉੱਥੇ ਬੈਠੇ ਉਸਦੀ ਪਹਿਰੇਦਾਰੀ ਕਰ ਰਹੇ ਸਨ। 37 ਉਨ੍ਹਾਂ ਨੇ ਉਸ ਦੇ ਖਿਲਾਫ਼ ਦੋਸ਼ਾਂ ਦੀ ਨਿਸ਼ਾਨ ਪੱਤਰੀ ਯਿਸੂ ਦੇ ਸਿਰ ਤੇ ਪਾ ਦਿੱਤੀ। ਜਿਸ ਅਤੇ ਲਿਖਿਆ ਸੀ, “ ਇਹ ਯਹੂਦੀਆਂ ਦਾ ਪਾਤਸ਼ਾਹ ਯਿਸੂ ਹੈ।”

38 ਯਿਸੂ ਦੇ ਆਸੇ-ਪਾਸੇ ਹੋਰ ਦੋ ਜਣਿਆਂ ਨੂੰ ਸਲੀਬ ਦਿੱਤੀ ਗਈ ਸੀ। ਇੱਕ ਸੱਜੇ ਪਾਸੇ ਅਤੇ ਦੂਜਾ ਖੱਬੇ ਪਾਸੇ। 39 ਅਤੇ ਆਉਣ ਜਾਣ ਵਾਲੇ ਲੋਕ ਉਸ ਨੂੰ ਆਉਂਦੇ ਜਾਂਦੇ ਹੋਏ ਤਾਨੇ ਮਾਰਨ ਲੱਗੇ ਅਤੇ ਸਿਰ ਹਿਲਾਕੇ ਕਹਿਣ ਲੱਗੇ, 40 “ਤੂੰ ਜੋ ਕਹਿੰਦਾ ਸੀ ਕਿ ਇਸ ਮੰਦਰ ਨੂੰ ਢਾਹ ਕੇ ਤਿੰਨ ਦਿਨਾਂ ਵਿੱਚ ਦੋਬਾਰਾ ਬਣਾ ਸੱਕਦਾ ਹੈਂ, ਹੁਣ ਆਪਣੇ-ਆਪ ਨੂੰ ਬਚਾ? ਜੇ ਤੁਂ ਸੱਚ ਵਿੱਚ ਪਰਮੇਸ਼ੁਰ ਦਾ ਪੁੱਤਰ ਹੈਂ ਤਾਂ ਸਲੀਬ ਤੋਂ ਉੱਤਰ ਕੇ ਆਪਣੇ-ਆਪ ਨੂੰ ਬਚਾ।”

41 ਇਸ ਤਰ੍ਹਾਂ ਪ੍ਰਧਾਨ ਜਾਜਕਾਂ, ਨੇਮ ਦੇ ਉਪਦੇਸ਼ਕਾਂ ਅਤੇ ਬਜ਼ੁਰਗ ਯਹੂਦੀ ਆਗੂਆਂ ਨੇ ਯਿਸੂ ਦਾ ਮਜ਼ਾਕ ਉਡਾਇਆ 42 ਉਨ੍ਹਾਂ ਨੇ ਆਖਿਆ, “ਉਸਨੇ ਹੋਰਨਾਂ ਨੂੰ ਬਚਾਇਆ, ਪਰ ਉਹ ਆਪਣੇ-ਆਪ ਨੂੰ ਨਹੀਂ ਬਚਾ ਸੱਕਦਾ। ਲੋਕ ਉਸ ਨੂੰ ਇਸਰਾਏਲ ਦਾ ਪਾਤਸ਼ਾਹ ਬੁਲਾਉਂਦੇ ਹਨ। ਜੇਕਰ ਉਹ ਪਾਤਸ਼ਾਹ ਹੈ ਤਾਂ ਉਹ ਸਲੀਬ ਤੋਂ ਹੇਠਾਂ ਉਤਰ ਆਵੇ, ਅਤੇ ਅਸੀਂ ਉਸ ਵਿੱਚ ਵਿਸ਼ਵਾਸ ਕਰਾਂਗੇ। 43 ਉਸ ਨੇ ਪਰਮੇਸ਼ੁਰ ਵਿੱਚ ਭਰੋਸਾ ਰੱਖਿਆ। ਜੇਕਰ ਉਹ ਚਾਹੁੰਦਾ ਹੈ ਤਾਂ ਹੁਣ ਪਰਮੇਸ਼ੁਰ ਉਸ ਨੂੰ ਬਚਾਵੇ। ਉਸ ਨੇ ਖੁਦ ਹੀ ਆਖਿਆ ਸੀ, ‘ਮੈਂ ਪਰਮੇਸ਼ੁਰ ਦਾ ਪੁੱਤਰ ਹਾਂ।’” 44 ਜੋ ਡਾਕੂ ਯਿਸੂ ਦੇ ਨਾਲ ਸਲੀਬ ਤੇ ਚੜ੍ਹਾਏ ਗਏ ਸਨ, ਉਨ੍ਹਾਂ ਨੇ ਵੀ ਯਿਸੂ ਨੂੰ ਬੇਇੱਜ਼ਤੀ ਵਾਲੇ ਸ਼ਬਦ ਆਖੇ।

ਯਿਸੂ ਦੀ ਮੌਤ(G)

45 ਦੁਪਿਹਰ ਵੇਲੇ, ਹਨੇਰੇ ਨੇ ਸਾਰੇ ਦੇਸ਼ ਨੂੰ ਢੱਕ ਲਿਆ। ਜੋ ਕਿ ਤਕਰੀਬਨ ਤਿੰਨ ਘੰਟੇ ਰਿਹਾ। 46 ਤਕਰੀਬਨ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਵਿੱਚ ਪੁਕਾਰਿਆ, “ਏਲੀ-ਏਲੀ ਲਮਾ ਸਬਕਤਾਨੀ?” ਇਸਦਾ ਮਤਲਬ ਸੀ, “ਹੇ ਮੇਰੇ ਪਰਮੇਸ਼ੁਰ, ਹੇ ਮੇਰੇ ਪਰਮੇਸ਼ੁਰ, ਤੂੰ ਮੈਨੂੰ ਕਿਉਂ ਛੱਡ ਦਿੱਤਾ ਹੈ?” [b]

47 ਕੁਝ ਲੋਕ ਜੋ ਉੱਥੇ ਖੜ੍ਹੇ ਸਨ ਉਨ੍ਹਾਂ ਨੇ ਇਹ ਸੁਣਿਆ ਅਤੇ ਲੋਕਾਂ ਕਿਹਾ, “ਇਹ ਏਲੀਯਾਹ ਨੂੰ ਅਵਾਜ਼ ਮਾਰਦਾ ਹੈ।”

48 ਤੁਰੰਤ ਹੀ, ਉਨ੍ਹਾਂ ਵਿੱਚੋਂ ਇੱਕ ਬੰਦਾ ਭੱਜਕੇ ਗਿਆ ਅਤੇ ਇੱਕ ਸਪੰਜ ਲੈ ਆਇਆ। ਅਤੇ ਉਸ ਨੂੰ ਸਿਰਕੇ ਵਿੱਚ ਭਿਉਂਇਆ ਅਤੇ ਸਪੰਜ ਨੂੰ ਸੋਟੀ ਤੇ ਬੰਨ੍ਹਿਆ ਅਤੇ ਉਸ ਵਿੱਚੋਂ ਪੀਣ ਲਈ ਯਿਸੂ ਨੂੰ ਦਿੱਤਾ। 49 ਪਰ ਦੂਜੇ ਲੋਕਾਂ ਨੇ ਆਖਿਆ, “ਇੰਤਜ਼ਾਰ ਕਰੀਏ ਅਤੇ ਵੇਖਿਏ ਕਿ ਕੀ ਏਲੀਯਾਹ ਉਸ ਨੂੰ ਬਚਾਉਣ ਆਉਂਦਾ ਹੈ?”

50 ਫ਼ੇਰ ਯਿਸੂ ਇੱਕ ਵਾਰ ਬਹੁਤ ਉੱਚੀ ਅਵਾਜ਼ ਨਾਲ ਚੀਕਿਆ ਅਤੇ ਪ੍ਰਾਣ-ਹੀਣ ਹੋ ਗਿਆ।

51 ਜਦੋਂ ਯਿਸੂ ਮਰ ਗਿਆ, ਤਾਂ ਮੰਦਰ ਦਾ ਪੜਦਾ ਉੱਪਰ ਤੋਂ ਹੇਠਾਂ ਤੱਕ ਦੋ ਟੁਕੜਿਆਂ ਵਿੱਚ ਪਾਟ ਗਿਆ। ਧਰਤੀ ਕੰਬ ਗਈ ਅਤੇ ਚੱਟਾਨਾਂ ਤਿੜਕ ਗਈਆਂ ਸਨ। 52 ਕਬਰਾਂ ਖੁਲ੍ਹ ਗਈਆਂ, ਅਤੇ ਬਹੁਤ ਸਾਰੇ ਪਰਮੇਸ਼ੁਰ ਦੇ ਲੋਕ, ਜੋ ਮਰ ਚੁੱਕੇ ਸਨ ਮੌਤ ਤੋਂ ਉਭਰ ਆਏ। 53 ਉਹ ਕਬਰਾਂ ਤੋਂ ਬਾਹਰ ਆ ਗਏ, ਯਿਸੂ ਦੇ ਪੂਨਰ-ਉਥਾਨ ਤੋਂ ਬਾਦ, ਉਹ ਪਵਿੱਤਰ ਸ਼ਹਿਰ ਯਰੂਸ਼ਲਮ ਵਿੱਚ ਗਏ ਅਤੇ ਉਹ ਬਹੁਤ ਸਾਰੇ ਲੋਕਾਂ ਨੂੰ ਦਿਖਾਈ ਦਿੱਤੇ।

54 ਸੂਬੇਦਾਰ ਅਤੇ ਉਨ੍ਹਾਂ ਸਿਪਾਹੀਆਂ ਨੇ, ਜਿਨ੍ਹਾਂ ਨੇ ਯਿਸੂ ਦੀ ਪਹਿਰੇਦਾਰੀ ਕੀਤੀ ਸੀ, ਇਹ ਭੂਚਾਲ ਅਤੇ ਇਹ ਸਭ ਘਟਨਾਵਾਂ ਵੇਖੀਆਂ ਤਾਂ ਉਹ ਬਹੁਤ ਘਬਰਾਏ ਅਤੇ ਕਿਹਾ, “ਉਹ ਸੱਚ-ਮੁੱਚ ਪਰਮੇਸ਼ੁਰ ਦਾ ਪੁੱਤਰ ਸੀ।”

55 ਬਹੁਤ ਸਾਰੀਆਂ ਔਰਤਾਂ ਵੀ ਉੱਥੇ ਸਨ। ਉਹ ਥੋੜੀ ਦੂਰ ਤੋਂ ਵੇਖ ਰਹੀਆਂ ਸਨ। ਉਹ ਗਲੀਲ ਤੋਂ ਉਸਦੀ ਸੇਵਾ ਕਰਨ ਲਈ ਆਈਆਂ ਸਨ। 56 ਮਰਿਯਮ ਮਗਦਲੀਨੀ, ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਜ਼ਬਦੀ ਦੇ ਪੁੱਤਰਾਂ ਦੀ ਮਾਤਾ।

ਯਿਸੂ ਨੂੰ ਦਫ਼ਨਾਉਣਾ(H)

57-58 ਉਸ ਸ਼ਾਮ, ਯੂਸੁਫ਼ ਨਾਉਂ ਦਾ ਇੱਕ ਅਮੀਰ ਆਦਮੀ ਪਿਲਾਤੁਸ ਕੋਲ ਆਇਆ। ਯੂਸੁਫ਼ ਅਰੀਮਥੈਆ ਤੋਂ ਸੀ, ਅਤੇ ਉਹ ਵੀ ਯਿਸੂ ਦਾ ਚੇਲਾ ਸੀ। ਉਸ ਨੇ ਪਿਲਾਤੁਸ ਤੋਂ ਯਿਸੂ ਦਾ ਸ਼ਰੀਰ ਮੰਗਿਆ। ਪਿਲਾਤੁਸ ਨੇ ਯਿਸੂ ਦੀ ਲੋਥ ਉਸ ਨੂੰ ਦੇ ਦੇਣ ਲਈ ਆਪਣੇ ਸੈਨਕਾਂ ਨੂੰ ਹੁਕਮ ਦਿੱਤਾ। 59 ਯੂਸੁਫ਼ ਨੇ ਸ਼ਰੀਰ ਲਿਆ ਅਤੇ ਉਸ ਨੂੰ ਨਵੇਂ ਮਹੀਨ ਕੱਪੜੇ ਵਿੱਚ ਲਪੇਟਿਆ। 60 ਯੂਸੁਫ਼ ਨੇ ਯਿਸੂ ਦੇ ਸ਼ਰੀਰ ਨੂੰ ਉਸਦੀ ਨਵੀਂ ਕਬਰ ਵਿੱਚ ਰੱਖਿਆ ਜਿਹੜੀ ਉਸ ਨੇ ਚੱਟਾਨ ਵਿੱਚ ਤਰਾਸ਼ੀ ਹੋਈ ਸੀ। ਫ਼ਿਰ ਉਸ ਨੇ ਕਬਰ ਦਾ ਪ੍ਰਵੇਸ਼ ਦੁਆਰ ਵੱਡੇ ਪੱਥਰ ਨਾਲ ਢੱਕ ਦਿੱਤਾ ਅਤੇ ਚੱਲਿਆ ਗਿਆ। 61 ਮਰਿਯਮ ਮਗਦਲੀਨੀ ਅਤੇ ਮਰਿਯਮ ਨਾਉਂ ਦੀ ਦੂਜੀ ਔਰਤ ਉੱਥੇ ਹੀ ਕਬਰ ਦੇ ਸਾਹਮਣੇ ਬੈਠੀਆਂ ਰਹੀਆਂ।

ਯਿਸੂ ਦੀ ਕਬਰ ਦੀ ਰਾਖੀ

62 ਉਹ ਦਿਨ, ਤਿਆਰੀ ਦਾ ਦਿਨ ਕਹਾਉਂਦਾ ਸੀ। ਅਗਲੇ ਦਿਨ ਪ੍ਰਧਾਨ ਜਾਜਕ, ਅਤੇ ਫ਼ਰੀਸੀ ਇਕੱਠੇ ਹੋਕੇ ਪਿਲਾਤੁਸ ਕੋਲ ਆਏ ਅਤੇ ਬੋਲੇ, 63 “ਮਹਾਰਾਜ, ਸਾਨੂੰ ਯਾਦ ਹੈ ਕਿ ਜਦੋਂ ਉਹ ਜਿਉਂਦਾ ਸੀ ਉਸ ਦਗਾਬਾਜ਼ ਨੇ ਆਖਿਆ ਸੀ, ‘ਤਿੰਨ ਦਿਨਾਂ ਬਾਦ, ਮੈਂ ਮੌਤ ਤੋਂ ਜੀਅ ਉੱਠਾਂਗਾ।’ 64 ਇਸ ਲਈ ਹੁਕਮ ਦਿਉ ਕਿ ਤਿੰਨ ਦਿਨ ਤੱਕ ਕਬਰ ਦੀ ਧਿਆਨ ਨਾਲ ਪਹਿਰੇਦਾਰੀ ਕੀਤੀ ਜਾਵੇ। ਨਹੀਂ ਤਾਂ, ਉਸ ਦੇ ਚੇਲੇ ਆਕੇ ਉਸਦਾ ਸ਼ਰੀਰ ਲੈ ਜਾ ਸੱਕਦੇ ਹਨ, ਅਤੇ ਫ਼ਿਰ ਲੋਕਾਂ ਨੂੰ ਦੱਸਣਗੇ ਕਿ ਉਹ ਮੌਤ ਤੋਂ ਉੱਠ ਪਿਆ ਹੈ। ਇਹ ਅਖੀਰਲਾ ਪੱਖੰਡ ਪਹਿਲੇ ਨਾਲੋਂ ਵੀ ਭੈੜਾ ਹੋਵੇਗਾ।”

65 ਪਿਲਾਤੁਸ ਨੇ ਆਖਿਆ, “ਤੁਸੀਂ ਕੁਝ ਸਿਪਾਹੀ ਲੈ ਲਵੋ ਅਤੇ ਜਿੰਨੀ ਚੰਗੀ ਤਰ੍ਹਾਂ ਤੁਸੀਂ ਚਾਹੁੰਦੇ ਹੋ ਉਸਦੀ ਕਬਰ ਦੀ ਰਾਖੀ ਕਰੋ।” 66 ਤਦ ਉਹ ਸਾਰੇ ਕਬਰ ਵੱਲ ਗਏ ਅਤੇ ਚੋਰਾਂ ਤੋਂ ਬਚਾਉਣ ਲਈ ਉਸਦੀ ਰਾਖੀ ਕੀਤੀ। ਉਨ੍ਹਾਂ ਨੇ ਕਬਰ ਦੀ ਰਾਖੀ ਲਈ ਕਬਰ ਵਾਲੇ ਪੱਥਰ ਉੱਤੇ ਮੋਹਰ ਲਾਕੇ ਕੁਝ ਸਿਪਾਹੀਆਂ ਨੂੰ ਉੱਥੇ ਬਿਠਾਕੇ ਕਬਰ ਦੀ ਰਾਖੀ ਕਰਵਾਈ।

ਅਸਤਰ 4

ਮਾਰਦਕਈ ਦੀ ਅਸਤਰ ਅੱਗੇ ਫਰਿਆਦ

ਮਾਰਦਕਈ ਨੇ ਇਨ੍ਹਾਂ ਸਾਰੀਆਂ ਗੱਲਾਂ ਬਾਰੇ ਸੁਣਿਆ, ਅਤੇ ਜਦੋਂ ਉਸ ਨੂੰ ਪਾਤਸ਼ਾਹ ਦੇ ਯਹੂਦੀਆਂ ਵਿਰੁੱਧ ਹੁਕਮ ਬਾਰੇ ਪਤਾ ਲੱਗਾ ਤਾਂ ਮਾਰਦਕਈ ਨੇ ਆਪਣੇ ਵਸਤਰ ਪਾੜ ਲਈ। ਉਸ ਨੇ ਉਦਾਸੀ ਦੇ ਵਸਤਰ ਧਾਰਨ ਕਰਕੇ ਸਿਰ ਤੇ ਸੁਆਹ ਪਾ ਲਈ। ਫ਼ਿਰ ਉਹ ਉੱਚੀ-ਉੱਚੀ ਰੋਦਾ ਹੋਇਆ ਸ਼ਹਿਰ ਅੰਦਰ ਚੱਲਾ ਗਿਆ। ਪਰ ਉਹ ਪਾਤਸ਼ਾਹ ਦੇ ਫਾਟਕ ਤੀਕ ਹੀ ਜਾ ਸੱਕਿਆ ਕਿਉਂ ਕਿ ਕੋਈ ਵੀ ਮਨੁੱਖ ਉਦਾਸੀ ਦੇ ਕੱਪੜੇ ਧਾਰਨ ਕਰਕੇ ਉਸ ਫਾਟਕ ਅੰਦਰ ਦਾਖਲ ਨਹੀਂ ਸੀ ਹੋ ਸੱਕਦਾ। ਹਰ ਸੂਬੇ ਵਿੱਚ ਜਿੱਥੇ ਪਾਤਸ਼ਾਹ ਦਾ ਆਦੇਸ਼ ਪਹੁੰਚਿਆ, ਓੱਥੇ ਯਹੂਦੀਆਂ ਦਰਮਿਆਨ ਰੋਣਾ ਅਤੇ ਉਦਾਸੀ ਸੀ। ਉਹ ਵਰਤ ਰੱਖ ਰਹੇ ਸਨ ਅਤੇ ਉੱਚੀ-ਉੱਚੀ ਚੀਕ ਰਹੇ ਸਨ ਅਤੇ ਬਹੁਤ ਸਾਰੇ ਯਹੂਦੀਆਂ ਨੇ ਸੋਗ ਦੇ ਬਸਤਰ ਪਾਕੇ ਆਪਣੇ ਸਿਰਾਂ ਵਿੱਚ ਸੁਆਹ ਪਾਈ ਹੋਈ ਸੀ ਅਤੇ ਜ਼ਮੀਨ ਤੇ ਲਿਟੇ ਪਏ ਸਨ।

ਅਸਤਰ ਦੀਆਂ ਦਾਸੀਆਂ ਅਤੇ ਖੁਸਰਿਆਂ ਨੇ ਉਸ ਕੋਲ ਆ ਕੇ ਉਸ ਨੂੰ ਮਾਰਦਕਈ ਦੇ ਵਿਹਾਰ ਬਾਰੇ ਦੱਸਿਆ। ਇਸ ਗੱਲ ਨੇ ਰਾਣੀ ਨੂੰ ਬਹੁਤ ਬੇਚੈਨ ਅਤੇ ਉਦਾਸ ਕਰ ਦਿੱਤਾ। ਉਸ ਨੇ ਮਾਰਦਕਈ ਕੋਲ ਸੋਗ ਵਸਤਰ ਦੀ ਬਜਾਇ ਦੂਜੇ ਕੱਪੜੇ ਭੇਜੇ ਪਰ ਉਸ ਨੇ ਉਨ੍ਹਾਂ ਕੱਪੜਿਆਂ ਨੂੰ ਪਾਉਣ ਤੋਂ ਇਨਕਾਰ ਕਰ ਦਿੱਤਾ। ਤਦ ਅਸਤਰ ਨੇ ਹਬਾਕ ਨੂੰ ਸੱਦਿਆ। ਹ੍ਹਬਾਕ ਉਨ੍ਹਾਂ ਪਾਤਸ਼ਾਹੀ ਖੁਸਰਿਆਂ ਵਿੱਚੋਂ ਸੀ ਜਿਸ ਨੂੰ ਉਸਦੀ ਸੇਵਾ ਲਈ ਚੁਣਿਆ ਗਿਆ ਸੀ ਤਾਂ ਅਸਤਰ ਨੇ ਹਬਾਕ ਨੂੰ ਮਾਰਦਕਈ ਦੀ ਉਦਾਸੀ ਦਾ ਕਾਰਣ ਜਾਨਣ ਲਈ ਭੇਜਿਆ। ਤਾਂ ਹਬਾਕ ਸ਼ਹਿਰ ਦੀ ਉਸ ਬਾਵੇਂ ਪਾਤਸ਼ਾਹ ਦੇ ਫਾਟਕ ਦੇ ਸਾਹਮਣੇ ਗਿਆ ਜਿੱਥੇ ਮਾਰਦਕਈ ਖੁੱਲੀ ਜਗ੍ਹਾ ਕੋਲ ਖੜ੍ਹਾ ਸੀ। ਫਿਰ ਮਾਰਦਕਈ ਨੇ ਹਬਾਕ ਨੂੰ, ਜੋ ਕੁਝ ਵੀ ਵਾਪਰਿਆ ਸੀ ਦੱਸਿਆ। ਉਸ ਨੇ ਹਬਾਕ ਨੂੰ ਇਹ ਵੀ ਦੱਸਿਆ ਕਿ ਹ੍ਹਾਮਾਨ ਨੇ ਯਹੂਦੀਆਂ ਨੂੰ ਮਾਰਨ ਲਈ ਸ਼ਾਹੀ ਖਜਾਨੇ ਵਿੱਚ ਕਿੰਨੀ ਚਾਂਦੀ ਪਾਉਣ ਦਾ ਇਕਰਾਰ ਕੀਤਾ ਸੀ। ਮਾਰਦਕਈ ਨੇ ਹਬਾਕ ਨੂੰ ਉਸ ਖਤ ਦੀ ਇੱਕ ਨਕਲ ਵੀ ਦਿੱਤੀ, ਜਿਸ ਵਿੱਚ ਯਹੂਦੀਆਂ ਨੂੰ ਮਾਰਨ ਦਾ ਆਦੇਸ਼ ਸੀ, ਜੋ ਕਿ ਸ਼ੂਸ਼ਨ ਦੇ ਸਾਰੇ ਸ਼ਹਿਰ ਵਿੱਚ ਘਲਿਆ ਗਿਆ ਸੀ। ਉਹ ਚਾਹੁੰਦਾ ਸੀ ਕਿ ਹਬਾਕ ਅਸਤਰ ਨੂੰ ਇਹ ਵਿਖਾਵੇ ਅਤੇ ਉਸ ਨੂੰ ਜਾ ਕੇ ਸਾਰਾ ਹਾਲ ਦੱਸੇ। ਅਤੇ ਉਸ ਨੇ ਅਸਤਰ ਨੂੰ ਪਾਤਸ਼ਾਹ ਕੋਲ ਜਾਕੇ, ਮਾਰਦਕਈ ਅਤੇ ਆਪਣੇ ਲੋਕਾਂ ਤੇ ਤਰਸ ਕਰਨ ਦੀ ਮਿੰਨਤ ਕਰਨ ਦੀ ਹਿਦਾਇਤ ਦਿੱਤੀ।

ਹਬਾਕ ਨੇ ਜਾਕੇ ਸਭ ਕੁਝ ਅਸਤਰ ਨੂੰ ਉਵੇਂ ਕਿਹਾ ਜਿਵੇਂ ਮਾਰਦਕਈ ਨੇ ਆਖਿਆ ਸੀ।

10 ਫਿਰ ਅਸਤਰ ਨੇ ਹਬਾਕ ਨਾਲ ਗੱਲ ਕੀਤੀ ਤੇ ਮਾਰਦਕਈ ਲਈ ਇਹ ਸੁਨੇਹਾ ਭੇਜਿਆ, 11 “ਮਾਰਦਕਈ ਪਾਤਸ਼ਾਹ ਦੇ ਸਾਰੇ ਆਗੂਆਂ ਅਤੇ ਉਸ ਦੇ ਸੂਬੇ ਦੇ ਸਭ ਲੋਕਾਂ ਨੂੰ ਇਸ ਗੱਲ ਦਾ ਪਤਾ ਹੈ ਕਿ ਜੋ ਕੋਈ ਵੀ ਪਾਤਸ਼ਾਹ ਦੇ ਅੰਦਰਲੇ ਵਿਹੜੇ ਦੇ ਸਿੰਘਾਸਣ ਦੇ ਕੋਲ ਬਿਨ-ਬੁਲਾਇਆਂ ਜਾਵੇ, ਭਾਵੇਂ ਉਹ ਮਰਦ ਹੋਵੇ ਭਾਵੇਂ ਔਰਤ ਉਨ੍ਹਾਂ ਲਈ ਇੱਕੋ ਹੀ ਹੁਕਮ ਹੈ ਕਿ ਉਸ ਵਿਅਕਤੀ ਨੂੰ ਜਾਨੋ ਮਾਰ ਦਿੱਤਾ ਜਾਵੇ। ਪਰ ਉਸ ਵਿਅਕਤੀ ਲਈ ਜਿਸ ਖਾਤਰ ਪਾਤਸ਼ਾਹ ਆਪਣਾ ਸੁਨਿਹਰੀ ਰਾਜ-ਦੰਡ ਫੈਲਾਵੇ-ਉਸ ਵਿਅਕਤੀ ਦੀ ਜਾਨ ਬਚ ਜਾਵੇਗੀ। 30 ਦਿਨ ਹੋ ਗਏ ਹਨ ਅਤੇ ਮੈਨੂੰ ਅੰਦਰ ਰਾਜੇ ਦੇ ਕੋਲ ਹੋਣ ਲਈ ਨਹੀਂ ਸੱਦਿਆ ਗਿਆ ਹੈ”

12-13 ਤਦ ਅਸਤਰ ਦਾ ਸੁਨੇਹਾ ਮਾਰਦਕਈ ਨੂੰ ਦਿੱਤਾ ਗਿਆ। ਜਦੋਂ ਮਾਰਦਕਈ ਨੂੰ ਉਸਦਾ ਸੁਨੇਹਾ ਮਿਲਿਆ ਤਾਂ ਮੁੜ ਉਸ ਨੇ ਇਹ ਜਵਾਬ ਭੇਜਿਆ, “ਅਸਤਰ, ਇਹ ਨਾ ਸੋਚ ਕਿਉਂ ਕਿ ਤੂੰ ਪਾਤਸ਼ਾਹ ਦੇ ਮਹਿਲ ਵਿੱਚ ਹੈਂ, ਤੂੰ ਹੀ ਇੱਕ ਯਹੂਦਣ ਹੋਵੇਂਗੀ ਜੋ ਬਚ ਜਾਵੇਂਗੀ। 14 ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?”

15-16 ਤਦ ਅਸਤਰ ਨੇ ਫਿਰ ਆਪਣਾ ਜਵਾਬ ਮਾਰਦਕਈ ਨੂੰ ਭੇਜਿਆ, “ਮਾਰਦਕਈ! ਜਾਕੇ ਸ਼ੂਸ਼ਨ ਸ਼ਹਿਰ ਵਿੱਚੋਂ ਸਾਰੇ ਯਹੂਦੀਆਂ ਨੂੰ ਇਕੱਠਾ ਕਰ ਅਤੇ ਉਨ੍ਹਾਂ ਨੂੰ ਮੇਰੇ ਲਈ ਵਰਤ ਰੱਖਣ ਲਈ ਕਹਿ। ਪੂਰੇ ਤਿੰਨਾਂ ਦਿਨ ਅਤੇ ਤਿੰਨ ਰਾਤਾਂ ਕੁਝ ਵੀ ਖਾਣਾ ਪੀਣਾ ਨਹੀਂ। ਮੈਂ ਅਤੇ ਮੇਰੀਆਂ ਦਾਸੀਆਂ ਵੀ ਇਵੇਂ ਹੀ ਵਰਤ ਰੱਖਾਂਗੀਆਂ। ਵਰਤ ਪੂਰਾ ਹੋਣ ਤੋਂ ਬਾਅਦ, ਮੈਂ ਪਾਤਸ਼ਾਹ ਕੋਲ ਜਾਵਾਂਗੀ। ਹਾਲਾਂ ਕਿ ਮੈਂ ਜਾਣਦੀ ਹਾਂ ਕਿ ਬਿਨ ਬੁਲਾਏ ਪਾਤਸ਼ਾਹ ਕੋਲ ਜਾਣਾ ਬਿਧੀ ਦੇ ਖਿਲਾਫ ਹੈ, ਪਰ ਫਿਰ ਵੀ ਮੈਂ ਜਾਵਾਂਗੀ ਤੇ ਜੇਕਰ ਮੈਂ ਮਰ ਵੀ ਗਈ ਤਾਂ ਕੋਈ ਗੱਲ ਨਹੀਂ।”

17 ਤਾਂ ਫਿਰ ਮਾਰਦਕਈ ਚੱਲਾ ਗਿਆ ਅਤੇ ਉਸ ਨੇ ਸਭ ਕੁਝ ਅਸਤਰ ਦੇ ਹੁਕਮ ਮੁਤਾਬਕ ਕੀਤਾ।

ਰਸੂਲਾਂ ਦੇ ਕਰਤੱਬ 27

ਪੌਲੁਸ ਦਾ ਰੋਮ ਨੂੰ ਜਾਣਾ

27 ਇਹ ਨਿਸ਼ਚਿਤ ਸੀ ਕਿ ਅਸੀਂ ਇਤਾਲਿਯਾ ਨੂੰ ਜਹਾਜ਼ ਵਿੱਚ ਸਫ਼ਰ ਕਰਾਂਗੇ। ਪੌਲੁਸ ਅਤੇ ਕੁਝ ਹੋਰ ਕੈਦੀ ਇੱਕ ਯੂਲਿਉਸ ਨਾਂ ਦੇ ਸੈਨਾ ਅਧਿਕਾਰੀ ਦੇ ਹਵਾਲੇ ਕਰ ਦਿੱਤੇ ਗਏ ਸਨ। ਯੂਲਿਉਸ “ਪਾਤਸ਼ਾਹੀ” ਨਾਮੇ ਖਾਸ ਸੈਨਾ ਸਮੂਹ ਨਾਲ ਸੰਬੰਧਿਤ ਸੀ। ਅਸੀਂ ਜਹਾਜ਼ ਵਿੱਚ ਚੜ੍ਹ੍ਹ ਗਏ। ਇਹ ਜਹਾਜ਼ ਅੱਸਿਯਾ ਦੇ ਕਿਨਾਰੇ ਦੇ ਸ਼ਹਿਰਾਂ ਨੂੰ ਜਾਣ ਵਾਲਾ ਸੀ। ਅਰਿਸਤਰੱਖੁਸ ਜੋ ਕਿ ਥੱਸਲੁਨੀਕੇ ਮਕਦੂਨਿਯਾ ਦੇ ਸ਼ਹਿਰ ਦਾ ਸੀ, ਸਾਡੇ ਨਾਲ ਗਿਆ ਸੀ।

ਅਗਲੇ ਦਿਨ ਅਸੀਂ ਸੈਦਾ ਵਿੱਚ ਜਾ ਉੱਤਰੇ ਅਤੇ ਯੂਲਿਉਸ ਨੇ ਪੌਲੁਸ ਨਾਲ ਬੜਾ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਉੱਥੇ ਆਪਣੇ ਮਿੱਤਰਾਂ ਨੂੰ ਮਿਲਣ ਦੀ ਪਰਵਾਨਗੀ ਦੇ ਦਿੱਤੀ। ਇਨ੍ਹਾਂ ਮਿੱਤਰਾਂ ਨੇ ਪੌਲੁਸ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਅਸੀਂ ਸੈਦਾ ਦਾ ਸ਼ਹਿਰ ਛੱਡ ਦਿੱਤਾ ਅਤੇ ਕੁਪਰੁਸ ਟਾਪੂ ਦੇ ਤੱਟ ਤੇ ਸਫ਼ਰ ਕੀਤਾ ਕਿਉਂਕਿ ਹਵਾ ਸਾਡੇ ਅਗਿਉਂ ਵਗ ਰਹੀ ਸੀ। ਅਸੀਂ ਦਿਲਦਿਯਾ ਅਤੇ ਪੰਮਫ਼ੁਲਿਯਾ ਦੇ ਨੇੜਿਉਂ ਸਮੁੰਦਰੋਂ ਪਾਰ ਲੰਘੇ ਅਤੇ ਲੁਕਿਯਾ ਦੇ ਨਗਰ ਮੂਰਾ ਵਿੱਚ ਆ ਪਹੁੰਚੇ। ਉੱਥੇ ਸੈਨਾ ਅਧਿਕਾਰੀ ਨੇ ਸਿਕੰਦਰਿਯਾ ਦਾ ਇੱਕ ਜਹਾਜ਼ ਵੇਖਿਆ ਜੋ ਕਿ ਇਤਾਲਿਯਾ ਵੱਲ ਜਾ ਰਿਹਾ ਸੀ ਅਤੇ ਸਾਨੂੰ ਉਸ ਜਹਾਜ਼ ਉੱਪਰ ਚੜ੍ਹਾ ਦਿੱਤਾ।

ਬੜੇ ਦਿਨ ਅਸੀਂ ਹੌਲੀ-ਹੌਲੀ ਸਫ਼ਰ ਕਰਦੇ ਰਹੇ ਪਰ ਸਾਡੇ ਵਾਸਤੇ ਕਨੀਦੁਸ ਸ਼ਹਿਰ ਤੱਕ ਪਹੁੰਚਣਾ ਬੜਾ ਮੁਸ਼ਕਿਲ ਹੋ ਰਿਹਾ ਸੀ ਕਿਉਂਕਿ ਹਵਾ ਸਾਡੇ ਸਾਹਮਣੀ ਤਰਫ਼ੋ ਸੀ। ਅਸੀਂ ਉਸ ਰਸਤੇ ਬਹੁਤੀ ਦੂਰ ਤੱਕ ਨਹੀਂ ਸੀ ਜਾ ਸੱਕਦੇ। ਇਸ ਲਈ ਅਸੀਂ ਕਰੇਤ ਟਾਪੂ ਦੇ ਦੱਖਣੀ ਪਾਸੇ ਸਲਮੋਨੋ ਦੇ ਨੇੜੇ ਨੂੰ ਸਫ਼ਰ ਕੀਤਾ। ਬੜੀ ਮੁਸ਼ਕਿਲ ਨਾਲ, ਅਸੀਂ ਸਮੁੰਦਰੀ ਤਟ ਦੇ ਨਾਲ ਸਫ਼ਰ ਕੀਤਾ ਅਤੇ, “ਸੁਰੱਖਿਅਤ ਬੰਦਰਗਾਹ” ਨਾਮੀਂ ਇੱਕ ਜਗ਼੍ਹਾ ਤੇ ਪਹੁੰਚੇ। ਉੱਥੋਂ ਲਸਾਯਾ ਨਗਰ ਨੇੜੇ ਹੀ ਸੀ।

ਪਰ ਅਸੀਂ ਬੜਾ ਸਮਾਂ ਗੁਆ ਚੁੱਕੇ ਸਾਂ, ਇਸ ਵਕਤ ਜਹਾਜ਼ ਦਾ ਸਫ਼ਰ ਬਹੁਤ ਖਤਰੇ ਵਾਲਾ ਸੀ ਕਿਉਂਕਿ ਯਹੂਦੀਆਂ ਦੇ ਵਰਤ ਦੇ ਦਿਨ ਪਹਿਲਾਂ ਹੀ ਲੰਘ ਚੁੱਕੇ ਸਨ। ਇਸ ਲਾਈ ਪੌਲੁਸ ਨੇ ਉਨ੍ਹਾਂ ਨੂੰ ਚੁਕੰਨਾ ਕੀਤਾ ਤੇ ਕਿਹਾ, 10 “ਹੇ ਮਨੁੱਖੋ। ਮੈਂ ਵੇਖ ਰਿਹਾ ਹਾਂ ਕਿ ਇਸ ਯਾਤਰਾ ਵਿੱਚ ਬਹੁਤ ਸੰਕਟ ਆਵੇਗਾ। ਸਾਡਾ ਜਹਾਜ਼ ਅਤੇ ਇਸ ਵਿੱਚਲਾ ਸਾਰਾ ਸਮਾਨ ਨਸ਼ਟ ਹੋ ਜਾਵੇਗਾ। ਹੋ ਸੱਕਦਾ ਹੈ ਕਿ ਸਾਡੀਆਂ ਜਾਨਾਂ ਵੀ ਚਲੀਆਂ ਜਾਣ।” 11 ਪਰ ਜਹਾਜ਼ ਦਾ ਕਪਤਾਨ ਤੇ ਮਾਲਿਕ ਪੌਲੁਸ ਦੀ ਇਸ ਗੱਲ ਨਾਲ ਸਹਿਮਤ ਨਾ ਹੋਏ ਇਸ ਲਈ ਸੈਨਾ-ਅਧਿਕਾਰੀ ਨੇ ਪੌਲੁਸ ਦੀ ਗੱਲ ਦਾ ਯਕੀਨ ਨਾ ਕੀਤਾ ਸਗੋਂ ਉਸ ਨੇ ਜਹਾਜ਼ ਦੇ ਕਪਤਾਨ ਅਤੇ ਮਾਲਿਕ ਦੀ ਗੱਲ ਤੇ ਇਤਬਾਰ ਕੀਤਾ। 12 ਅਤੇ ਉਹ ਘਾਟ ਸਰਦੀਆਂ ਵਿੱਚ ਜਹਾਜ਼ ਦੇ ਰੁਕਣ ਲਈ ਠੀਕ ਨਹੀਂ ਸੀ, ਇਸ ਲਈ ਬਹੁਤ ਸਾਰੇ ਲੋਕਾਂ ਨੇ ਉੱਥੋਂ ਚੱਲੇ ਜਾਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਫ਼ੈਨੀਕੁਸ ਪਹੁੰਚਣ ਦੀ ਉਮੀਦ ਕੀਤੀ ਤਾਂ ਜੋ ਜਹਾਜ਼ ਸਿਆਲਾਂ ਦੇ ਲੰਘਣ ਤੀਕ ਉੱਥੇ ਖੜ੍ਹਾ ਕੀਤਾ ਜਾ ਸੱਕੇ। ਫ਼ੈਨੀਕੁਸ ਸ਼ਹਿਰ ਕਰੇਤ ਟਾਪੂ ਦਾ ਇੱਕ ਸ਼ਹਿਰ ਹੈ। ਉਸਦਾ ਇੱਕ ਘਾਟ ਹੈ ਜਿਹੜਾ ਦੱਖਣ-ਪੱਛਮ ਅਤੇ ਉੱਤਰ-ਪੱਛਮ ਦੇ ਪਾਸੇ ਵੱਲ ਹੈ।

ਤੂਫ਼ਾਨ

13 ਜਦੋਂ ਦੱਖਣ ਵੱਲੋਂ ਹੌਲੇ-ਹੌਲੇ ਹਵਾ ਵਗਣ ਲੱਗੀ, ਜਹਾਜ਼ ਉੱਤੇ ਆਦਮੀਆਂ ਨੇ ਸੋਚਿਆ, “ਇਹੋ ਹਵਾ ਸੀ ਜੋ ਸਾਨੂੰ ਚਾਹੀਦੀ ਸੀ ਅਤੇ ਸਾਨੂੰ ਮਿਲ ਗਈ ਹੈ।” ਇਸ ਲਈ ਉਨ੍ਹਾਂ ਨੇ ਲੰਗਰ ਨੂੰ ਉਤਾਂਹ ਚੁੱਕਿਆ। ਅਸੀਂ ਕਰੇਤ ਟਾਪੂ ਦੇ ਬਹੁਤ ਨੇੜੇ ਆ ਗਏ। 14 ਪਰ ਤਦ “ਉੱਤਰੀ ਪੂਰਬ” ਵੱਲੋਂ ਇੱਕ ਬੜੀ ਤਕੜੀ ਹਨੇਰੀ ਟਾਪੂ ਤੇ ਆਈ। 15 ਇਹ ਹਵਾ ਜਹਾਜ਼ ਨੂੰ ਆਪਣੇ ਨਾਲ ਲੈ ਤੁਰੀ ਅਤੇ ਜਹਾਜ਼ ਹਵਾ ਦੀ ਉਲਟ ਦਿਸ਼ਾ ਵੱਲ ਜਾਣ ਤੋਂ ਅਸਮਰੱਥ ਸੀ। ਇਸ ਲਈ ਕੋਸ਼ਿਸ਼ ਕਰਨੀ ਬੰਦ ਕਰ ਦਿੱਤੀ ਅਤੇ ਹਵਾ ਨੂੰ ਸਾਨੂੰ ਨਾਲ ਲੈ ਜਾਣ ਦਿੱਤਾ।

16 ਅਸੀਂ ਕਲੌਦਾ ਨਾਂ ਦੇ ਇੱਕ ਛੋਟੇ ਟਾਪੂ ਕੋਲ ਜਾ ਪੁੱਜੇ। ਫ਼ੇਰ ਬੜੀ ਮੁਸ਼ਕਿਲ ਨਾਲ ਅਸੀਂ ਜੀਵਨ ਬੇੜੀ ਜਹਾਜ਼ ਤੇ ਲਿਆ ਸੱਕੇ। 17 ਉਨ੍ਹਾਂ ਨੇ ਜੀਵਨ ਬੇੜੀ ਨੂੰ ਅੰਦਰ, ਇੱਕ ਸਾਥ ਸਹਾਰਾ ਦੇ ਕੇ ਥੱਲਿਉਂ ਜਹਾਜ਼ ਨੂੰ ਰੱਸੀਆਂ ਨਾਲ ਬੰਨ੍ਹ ਦਿੱਤਾ। ਉਹ ਇਸ ਗੱਲੋਂ ਡਰਨ ਲੱਗੇ ਕਿ ਜਹਾਜ਼ ਕਿਤੇ ਸਿਰੁਤੀ ਦੇ ਬਰੇਤੇ ਵਿੱਚ ਨਾ ਫ਼ਸ ਜਾਵੇ ਇਸ ਲਈ ਉਨ੍ਹਾਂ ਨੇ ਪਾਲ ਹੇਠਾਂ ਕਰ ਲਏ ਅਤੇ ਤੇਜ਼ ਹਵਾ ਨੂੰ ਜਹਾਜ਼ ਨੂੰ ਰੋੜਨ ਦਿੱਤਾ।

18 ਅਗਲੇ ਦਿਨ ਤੂਫ਼ਾਨ ਇੰਨਾ ਤੇਜ਼ ਵਗ ਰਿਹਾ ਸੀ ਕਿ ਉਨ੍ਹਾਂ ਨੇ ਕਈ ਵਸਤਾਂ ਜਹਾਜ਼ ਵਿੱਚੋਂ ਸਮੁੰਦਰ ਵਿੱਚ ਸੁੱਟ ਦਿੱਤੀਆਂ। 19 ਇੱਕ ਦਿਨ ਬਾਅਦ ਉਨ੍ਹਾਂ ਨੇ ਜਹਾਜ਼ ਦਾ ਅਸਬਾਬ ਵੀ ਕੱਢ ਕੇ ਸੁੱਟ ਦਿੱਤਾ। 20 ਕਈ ਦਿਨਾਂ ਤੱਕ ਅਕਾਸ਼ ਤੇ ਸਾਨੂੰ ਕੋਈ ਸੂਰਜ ਜਾਂ ਤਾਰੇ ਨਜ਼ਰ ਨਾ ਆਏ। ਇਹ ਬੜਾ ਭਿਅੰਕਰ ਤੂਫ਼ਾਨ ਸੀ। ਅਸੀਂ ਜਿਉਣ ਦੀ ਹੋਰ ਆਸ ਗੁਆ ਦਿੱਤੀ।

21 ਆਦਮੀਆਂ ਨੇ ਕਈ ਦਿਨਾਂ ਤੱਕ ਕੁਝ ਨਾ ਖਾਧਾ, ਤਦ ਇੱਕ ਦਿਨ ਪੌਲੁਸ ਉਨ੍ਹਾਂ ਵਿੱਚ ਖਲ੍ਹੋ ਕੇ ਬੋਲਿਆ, “ਹੇ ਪੁਰਖੋ। ਮੈਂ ਤੁਹਾਨੂੰ ਕਿਹਾ ਸੀ ਜੌਕਿ ਕਰੇਤ ਤੋਂ ਨਾ ਜਾਵੋ, ਤੁਹਾਨੂੰ ਮੇਰੀ ਗੱਲ ਸੁਣਨੀ ਚਾਹੀਦੀ ਸੀ ਜੇਕਰ ਤੁਸੀਂ ਮੇਰਾ ਕਿਹਾ ਮੰਨਿਆ ਹੁੰਦਾ ਤਾਂ ਤੁਹਾਨੂੰ ਇਹ ਮੁਸੀਬਤ ਅਤੇ ਨੁਕਸਾਨ ਨਾ ਉੱਠਾਉਣਾ ਪੈਂਦਾ। 22 ਪਰ ਹੁਣ ਮੈਂ ਤੁਹਾਨੂੰ ਆਖਦਾ ਹਾਂ ਕਿ ਹੌਸਲਾ ਰੱਖੋ। ਤੁਹਾਡੇ ਵਿੱਚੋਂ ਕੋਈ ਵੀ ਨਹੀਂ ਮਰੇਗਾ, ਪਰ ਜਹਾਜ਼ ਤਬਾਹ ਹੋ ਜਾਵੇਗਾ। 23 ਕੱਲ ਰਾਤ ਇੱਕ ਦੂਤ ਮੇਰੇ ਕੋਲ ਆਇਆ ਜਿਸ ਨੂੰ ਪਰਮੇਸ਼ੁਰ ਨੇ ਭੇਜਿਆ ਸੀ, ਇਹ ਉਹੀ ਪਰਮੇਸ਼ੁਰ ਹੈ ਜਿਸਦੀ ਮੈਂ ਉਪਾਸਨਾ ਕਰਦਾ ਹਾਂ, ਮੈਂ ਉਸੇ ਦਾ ਹਾਂ। 24 ਪਰਮੇਸ਼ੁਰ ਦੇ ਦੂਤ ਨੇ ਕਿਹਾ, ‘ਪੌਲੁਸ, ਤੂੰ ਘਬਰਾ ਨਾ। ਤੈਨੂੰ ਕੈਸਰ ਅੱਗੇ ਜ਼ਰੂਰ ਖੜ੍ਹਾ ਹੋਣਾ ਚਾਹੀਦਾ ਹੈ ਅਤੇ ਤੇਰੀ ਖਾਤਿਰ ਪਰਮੇਸ਼ੁਰ ਉਨ੍ਹਾਂ ਸਾਰਿਆਂ ਦੀ ਜਾਨ ਬਚਾਵੇਗਾ ਜੋ ਤੇਰੇ ਨਾਲ ਜਹਾਜ਼ ਤੇ ਹਨ।’ 25 ਸੋ, ਹੇ ਪੁਰੱਖੋ। ਹੌਸਲਾ ਰੱਖੋ। ਮੈਂ ਪਰਮੇਸ਼ੁਰ ਵਿੱਚ ਯਕੀਨ ਰੱਖਦਾ ਹਾਂ ਕਿ ਸਭ ਕੁਝ ਉਵੇਂ ਹੀ ਵਾਪਰੇਗਾ ਜਿਵੇਂ ਦੂਤ ਨੇ ਮੈਨੂੰ ਆਖਿਆ ਹੈ। 26 ਪਰ ਅਸੀਂ ਜ਼ਰੂਰ ਕਿਸੇ ਟਾਪੂ ਨਾਲ ਜਾ ਟਕਰਾਵਾਂਗੇ।”

27 ਚੌਦ੍ਹਵੀਂ ਰਾਤ ਜਦੋਂ ਆਈ ਤਾਂ ਅਸੀਂ ਅਦਰਿਯਾ ਦੇ ਸਮੁੰਦਰ ਵਿੱਚ ਇੱਧਰ-ਉੱਧਰ ਰੁੜ ਰਹੇ ਸਾਂ। ਤਾਂ ਅੱਧੀ ਰਾਤ ਦੇ ਕਰੀਬ ਮਲਾਹਾਂ ਨੇ ਸੋਚਿਆ ਕਿ ਅਸੀਂ ਧਰਤੀ ਦੇ ਨੇੜੇ ਸੀ। 28 ਉਨ੍ਹਾਂ ਨੇ ਰੱਸੇ ਦੇ ਸਿਰੇ ਤੇ ਭਾਰ ਬੰਨ੍ਹਕੇ ਉਸ ਨੂੰ ਪਾਣੀ ਵਿੱਚ ਸੁੱਟਿਆ। ਉਹ ਜਾਣ ਗਏ ਕਿ ਉੱਥੇ ਪਾਣੀ ਇੱਕ ਸੌ ਵੀਹ ਫ਼ੁੱਟ ਡੂੰਘਾ ਸੀ ਫ਼ੇਰ ਉਨ੍ਹਾਂ ਨੇ ਕੁਝ ਦੂਰੀ ਹੋਰ ਤਹਿ ਕੀਤੀ ਅਤੇ ਤਾਂ ਫ਼ਿਰ ਰੱਸਾ ਪਾਣੀ ਵਿੱਚ ਸੁੱਟਿਆ। ਉੱਥੇ ਪਾਣੀ ਨੱਬੇ ਫ਼ੁੱਟ ਡੂੰਘਾ ਸੀ। 29 ਮਲਾਹਾਂ ਨੂੰ ਜਹਾਜ਼ ਦੇ ਚੱਟਾਨ ਦੇ ਨਾਲ ਟਕਰਾ ਜਾਣ ਦਾ ਡਰ ਸੀ। ਇਸ ਲਈ ਉਨ੍ਹਾਂ ਨੇ ਜਹਾਜ਼ ਦੇ ਪਿੱਛਲੇ ਪਾਸੇ ਵੱਲੋਂ ਚਾਰ ਲੰਗਰ ਪਾਣੀ ਵਿੱਚ ਸੁੱਟੇ ਅਤੇ ਦਿਨ ਦੀ ਰੋਸ਼ਨੀ ਦੇ ਨਿਕਲਣ ਲਈ ਪ੍ਰਾਰਥਨਾ ਕੀਤੀ। ਕੁਝ ਮਲਾਹ ਤਾਂ ਜਹਾਜ਼ ਹੀ ਛੱਡ ਕੇ ਜਾਣ ਨੂੰ ਤਿਆਰ ਸਨ। 30 ਉਨ੍ਹਾਂ ਨੇ ਡੌਂਗੀ ਨੂੰ ਪਾਣੀ ਵਿੱਚ ਥੋੜਾ ਥੱਲੇ ਕੀਤਾ। ਉਹ ਚਾਹੁੰਦੇ ਸਨ ਕਿ ਬਾਕੀ ਲੋਕ ਇਹ ਸੋਚਣ ਕਿ ਉਹ ਜਹਾਜ਼ ਦੇ ਅਗਲੇ ਪਾਸਿਓ ਪਾਣੀ ਵਿੱਚ ਹੋਰ ਲੰਗਰ ਸੁੱਟ ਰਹੇ ਹਨ। 31 ਤਾਂ ਪੌਲੁਸ ਨੇ ਸੈਨਾਪਤੀ ਨੂੰ ਅਤੇ ਹੋਰ ਸਿਪਾਹੀਆਂ ਨੂੰ ਕਿਹਾ, “ਜੇਕਰ ਇਹ ਮਨੁੱਖ ਇਸ ਜਹਾਜ਼ ਵਿੱਚ ਨਹੀਂ ਠਹਿਰਣਗੇ, ਤਾਂ ਤੁਹਾਡੀਆਂ ਜਾਨਾਂ ਨਹੀਂ ਬਚ ਸੱਕਦੀਆਂ।” 32 ਤਾਂ ਸਿਪਾਹੀਆਂ ਨੇ ਰਸਿਆਂ ਨੂੰ ਵੱਢ ਦਿੱਤਾ ਅਤੇ ਡੌਂਗੀ ਪਾਣੀ ਵਿੱਚ ਡਿੱਗਣ ਦਿੱਤੀ।

33 ਦਿਨ ਚੜ੍ਹ੍ਹਨ ਤੋਂ ਪਹਿਲਾਂ ਪੌਲੁਸ ਨੇ ਸਾਰੇ ਆਦਮੀਆਂ ਨੂੰ ਕੁਝ ਖਾ ਲੈਣ ਲਈ ਮਿੰਨਤ ਕੀਤੀ। ਉਸ ਕਿਹਾ, “ਪਿੱਛਲੇ ਚੌਦਹਾਂ ਦਿਨਾਂ ਤੋਂ ਤੁਸੀਂ ਵੇਖ ਰਹੇ ਹੋ ਅਤੇ ਮੌਸਮ ਦੇ ਸੁਧਰਨ ਦਾ ਇੰਤਜ਼ਾਰ ਕਰ ਰਹੇ ਹੋ ਅਤੇ ਤੁਸੀਂ ਕੁਝ ਵੀ ਨਹੀਂ ਖਾਧਾ। 34 ਇਸ ਲਈ ਮੈਂ ਕੁਝ ਖਾਣ ਲਈ ਤੁਹਾਡੀ ਮਿੰਨਤ ਕਰਦਾ ਹਾਂ। ਤੁਹਾਡੇ ਜਿਉਣ ਵਾਸਤੇ ਇਹ ਜ਼ਰੂਰੀ ਹੈ। ਤੁਹਾਡੇ ਸਾਰਿਆਂ ਵਿੱਚੋਂ ਕਿਸੇ ਇੱਕ ਦੇ ਸਿਰ ਦਾ ਇੱਕ ਵੀ ਵਾਲ ਵਿੰਗਾ ਨਹੀਂ ਹੋਵੇਗਾ।” 35 ਇਹ ਕਹਿਣ ਤੋਂ ਬਾਅਦ ਪੌਲੁਸ ਨੇ ਕੁਝ ਰੋਟੀ ਹੱਥ ਵਿੱਚ ਫ਼ੜਕੇ ਸਾਰਿਆਂ ਸਾਹਮਣੇ ਪਰਮੇਸ਼ੁਰ ਦਾ ਸ਼ੁਕਰ ਕੀਤਾ। ਉਸ ਨੇ ਇੱਕ ਟੁਕੜਾ ਤੋੜਿਆ ਅਤੇ ਖਾਣਾ ਸ਼ੁਰੂ ਕਰ ਦਿੱਤਾ। 36 ਸਾਰੇ ਮਨੁੱਖਾਂ ਨੂੰ ਉਤਸਾਹ ਮਿਲਿਆ ਤੇ ਉਨ੍ਹਾਂ ਸਾਰਿਆਂ ਨੇ ਵੀ ਖਾਣਾ ਸ਼ੁਰੂ ਕਰ ਦਿੱਤਾ। 37 (ਅਸੀਂ ਸਾਰੇ ਇਕੱਠੇ, ਜਹਾਜ਼ ਤੇ 276 ਆਦਮੀ ਸਾਂ।) 38 ਅਸੀਂ ਭਰ ਪੇਟ ਖਾਧਾ ਅਤੇ ਉਸਤੋਂ ਬਾਅਦ ਬਾਕੀ ਕਣਕ ਸਮੁੰਦਰ ਵਿੱਚ ਸੁਟਕੇ ਜਹਾਜ਼ ਨੂੰ ਹਲਕਿਆਂ ਕੀਤਾ।

ਜਹਾਜ਼ ਨਾ ਨਸ਼ਟ ਹੋਣਾ

39 ਜਦੋਂ ਦਿਨ ਚੜ੍ਹ੍ਹਿਆ ਤਾਂ ਮਲਾਹਾਂ ਨੂੰ ਧਰਤੀ ਵਿਖਾਈ ਦਿੱਤੀ। ਪਰ ਉਨ੍ਹਾਂ ਕੋਲੋਂ ਇਹ ਧਰਤੀ ਪਛਾਣੀ ਨਾ ਗਈ। ਉਨ੍ਹਾਂ ਨੇ ਸਮੁੰਦਰ ਦੇ ਕੰਢੇ ਇੱਕ ਖਾੜੀ ਵੇਖੀ, ਇਸ ਲਈ ਜੇਕਰ ਉਹ ਕਰ ਸੱਕਣ ਉਨ੍ਹਾਂ ਨੇ ਜਹਾਜ਼ ਨੂੰ ਖਾੜੀ ਤੇ ਲਿਜਾਣ ਦਾ ਫ਼ੈਸਲਾ ਕੀਤਾ। 40 ਤਾਂ ਉਨ੍ਹਾਂ ਨੇ ਲੰਗਰ ਦੇ ਰੱਸੇ ਵੱਢ ਦਿੱਤੇ ਅਤੇ ਲੰਗਰਾਂ ਨੂੰ ਸਮੁੰਦਰ ਵਿੱਚ ਛੱਡ ਦਿੱਤਾ ਅਤੇ ਉਹ ਰੱਸੇ ਖੋਲ੍ਹ ਦਿੱਤੇ ਜੋ ਪਤਵਾਰਾਂ ਨਾਲ ਬੰਨ੍ਹੇ ਹੋਏ ਸਨ। ਤਦ ਉਨ੍ਹਾਂ ਜਹਾਜ਼ ਦਾ ਅਗਲਾ ਹਿੱਸਾ ਹਵਾ ਵਿੱਚ ਉੱਚਾ ਕੀਤਾ ਅਤੇ ਕੰਢੇ ਵੱਲ ਨੂੰ ਚੱਲ ਪਏ। 41 ਪਰ ਜਹਾਜ਼ ਬਰੇਤੇ ਨਾਲ ਜਾ ਟਕਰਾਇਆ। ਜਹਾਜ਼ ਦਾ ਅਗਲਾ ਹਿੱਸਾ ਰੇਤ ਵਿੱਚ ਖੁੱਭ ਗਿਆ ਅਤੇ ਉੱਥੋਂ ਹਿੱਲ ਨਾ ਸੱਕਿਆ। ਫ਼ਿਰ ਸਮੁੰਦਰ ਦੀਆਂ ਵੱਡੀਆਂ ਲਹਿਰਾਂ ਨੇ ਜਹਾਜ਼ ਨੂੰ ਟੁਕੜੇ-ਟੁਕੜੇ ਕਰ ਦਿੱਤਾ।

42 ਸਿਪਾਹੀਆਂ ਨੇ ਕੈਦੀਆਂ ਨੂੰ ਮਾਰ ਦੇਣ ਦਾ ਫ਼ੈਸਲਾ ਕੀਤਾ ਤਾਂ ਜੋ ਕੋਈ ਵੀ ਤਰਕੇ ਆਪਣੇ ਆਪ ਨੂੰ ਨਾ ਬਚਾ ਸੱਕੇ। 43 ਸੈਨਾ ਅਧਿਕਾਰੀ ਯੂਲਿਉਸ ਪੌਲੁਸ ਨੂੰ ਜਿਉਂਦਾ ਰੱਖਣਾ ਚਾਹੁੰਦਾ ਸੀ ਇਸ ਲਈ ਉਸ ਨੇ ਉਨ੍ਹਾਂ ਨੂੰ ਮਾਰਨ ਤੋਂ ਰੋਕ ਦਿੱਤਾ। ਯੂਲਿਉਸ ਨੇ ਸਗੋਂ ਹੁਕਮ ਦਿੱਤਾ ਕਿ ਜਿਨ੍ਹਾਂ ਨੂੰ ਤੈਰਨਾ ਆਉਂਦਾ ਹੈ ਉਹ ਛਾਲ ਮਾਰਕੇ ਤੈਰ ਕੇ ਪਹਿਲਾਂ ਧਰਤੀ ਤੇ ਜਾ ਨਿਕਲਣ। 44 ਫ਼ੇਰ ਬਾਕੀਆਂ ਨੇ ਲੱਕੜ ਦੇ ਫ਼ੱਟਿਆਂ ਅਤੇ ਜ਼ਮੀਨ ਤੱਕ ਪਹੁੰਚਣ ਲਈ ਜਹਾਜ਼ ਦੇ ਟੁਕੜਿਆਂ ਦਾ ਇਸਤੇਮਾਲ ਕੀਤਾ ਅਤੇ ਕਿਵੇਂ ਨਾ ਕਿਵੇਂ ਸਾਰੇ ਜਣੇ ਸੁਰੱਖਿਅਤ ਜ਼ਮੀਨ ਤੇ ਪਹੁੰਚ ਗਏ।

Punjabi Bible: Easy-to-Read Version (ERV-PA)

2010 by World Bible Translation Center