M’Cheyne Bible Reading Plan
ਅਬਰਾਹਾਮ, ਆਪਣੇ ਪੁੱਤਰ ਨੂੰ ਮਾਰ ਦੇ
22 ਇਨ੍ਹਾਂ ਘਟਾਨਾਵਾਂ ਤੋਂ ਮਗਰੋਂ, ਪਰਮੇਸ਼ੁਰ ਨੇ ਅਬਰਾਹਾਮ ਨੂੰ ਪਰੱਖਣ ਦਾ ਨਿਆਂ ਕੀਤਾ। ਪਰਮੇਸ਼ੁਰ ਨੇ ਉਸ ਨੂੰ ਆਖਿਆ, “ਅਬਰਾਹਾਮ!”
ਅਤੇ ਅਬਰਾਹਾਮ ਨੇ ਆਖਿਆ, “ਹਾਂ ਯਹੋਵਾਹ!”
2 ਫ਼ੇਰ ਪਰਮੇਸ਼ੁਰ ਨੇ ਆਖਿਆ, “ਆਪਣੇ ਪੁੱਤਰ ਨੂੰ ਮੋਰੀਆਹ ਦੀ ਧਰਤੀ ਉੱਤੇ ਲੈ ਜਾ। ਮੋਰੀਆਹ ਉੱਤੇ ਜਾ ਕੇ ਆਪਣੇ ਪੁੱਤਰ ਦੀ ਮੇਰੇ ਲਈ ਬਲੀ ਚੜ੍ਹਾ। ਇਹ ਤੇਰਾ ਇੱਕ ਲੌਤਾ ਪੁੱਤਰ, ਇਸਹਾਕ ਹੀ ਹੋਣਾ ਚਾਹੀਦਾ ਹੈ-ਉਹ ਪੁੱਤਰ ਜਿਸ ਨੂੰ ਤੂੰ ਪਿਆਰ ਕਰਦਾ ਹੈਂ। ਉਸ ਨੂੰ ਇੱਥੋਂ ਦੇ ਪਹਾੜਾਂ ਵਿੱਚੋਂ ਕਿਸੇ ਇੱਕ ਉੱਤੇ ਹੋਮ ਦੀ ਭੇਟ ਵਜੋਂ ਵਰਤ। ਮੈਂ ਤੈਨੂੰ ਦੱਸਾਂਗਾ ਕਿਹੜੇ ਪਰਬਤ ਉੱਤੇ।”
3 ਸਵੇਰੇ ਅਬਰਾਹਾਮ ਉੱਠਿਆ ਅਤੇ ਆਪਣੇ ਖੋਤੇ ਨੂੰ ਕਾਠੀ ਪਾਈ। ਅਬਰਾਹਾਮ ਨੇ ਇਸਹਾਕ ਅਤੇ ਆਪਣੇ ਦੋ ਨੌਕਰਾਂ ਨੂੰ ਨਾਲ ਲੈ ਲਿਆ। ਅਬਰਾਹਾਮ ਨੇ ਬਲੀ ਲਈ ਲੱਕੜ ਕੱਟੀ। ਫ਼ੇਰ ਉਹ ਉਸ ਥਾਂ ਚੱਲੇ ਗਏ ਜਿੱਥੇ ਜਾਣ ਬਾਰੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਸੀ। 4 ਤਿੰਨ ਦਿਨ ਸਫ਼ਰ ਕਰਨ ਤੋਂ ਮਗਰੋਂ, ਅਬਰਾਹਾਮ ਨੇ ਉੱਪਰ ਵੱਲ ਦੇਖਿਆ ਅਤੇ ਕੁਝ ਦੂਰੀ ਤੇ, ਉਸ ਨੇ ਉਹ ਥਾਂ ਦੇਖੀ ਜਿੱਥੇ ਉਹ ਜਾ ਰਿਹਾ ਸੀ। 5 ਫ਼ੇਰ ਅਬਰਾਹਾਮ ਨੇ ਆਪਣੇ ਨੌਕਰਾਂ ਨੂੰ ਆਖਿਆ, “ਖੋਤੇ ਨਾਲ ਇੱਥੇ ਹੀ ਠਹਿਰੋ। ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਸ ਉਪਾਸਨਾ ਵਾਲੀ ਥਾਂ ਉੱਤੇ ਜਾਵਾਂਗਾ। ਫ਼ੇਰ ਅਸੀਂ ਤੁਹਾਡੇ ਕੋਲ ਵਾਪਸ ਆ ਜਾਵਾਂਗੇ।”
6 ਅਬਰਾਹਾਮ ਨੇ ਬਲੀ ਲਈ ਲੱਕੜਾਂ ਲਈਆਂ ਅਤੇ ਇਹ ਆਪਣੇ ਪੁੱਤਰ ਇਸਹਾਕ ਉੱਤੇ ਰੱਖ ਦਿੱਤੀਆਂ। ਅਬਰਾਹਾਮ ਨੇ ਖੁਦ ਅੱਗ ਅਤੇ ਚਾਕੂ ਨੂੰ ਚੁੱਕਿਆ। ਅਤੇ ਉਹ ਦੋਵੇਂ ਇਕੱਠੇ ਤੁਰ ਪਏ।
7 ਇਸਹਾਕ ਨੇ ਆਪਣੇ ਪਿਤਾ ਅਬਰਾਹਾਮ ਨੂੰ ਆਖਿਆ, “ਪਿਤਾ ਜੀ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਪੁੱਤਰ।”
ਇਸਹਾਕ ਨੇ ਆਖਿਆ, “ਮੈਨੂੰ ਲੱਕੜਾਂ ਅਤੇ ਅੱਗ ਤਾਂ ਨਜ਼ਰ ਆਉਂਦੀ ਹੈ। ਪਰ ਉਹ ਲੇਲਾ ਕਿੱਥੇ ਹੈ ਜਿਸ ਨੂੰ ਅਸੀਂ ਬਲੀ ਚੜ੍ਹਾਵਾਂਗੇ?”
8 ਅਬਰਾਹਾਮ ਨੇ ਜਵਾਬ ਦਿੱਤਾ, “ਪਰਮੇਸ਼ੁਰ ਖੁਦ ਹੀ ਬਲੀ ਲਈ ਲੇਲਾ ਭੇਜ ਰਿਹਾ ਹੈ, ਮੇਰੇ ਪੁੱਤਰ।”
ਇਸ ਤਰ੍ਹਾਂ ਅਬਰਾਹਾਮ ਅਤੇ ਉਸਦਾ ਪੁੱਤਰ ਦੋਵੇਂ ਉਸ ਥਾਂ ਚੱਲੇ ਗਏ। 9 ਉਹ ਉਸ ਥਾਂ ਗਏ ਜਿੱਥੇ ਉਨ੍ਹਾਂ ਨੂੰ ਪਰਮੇਸ਼ੁਰ ਨੇ ਜਾਣ ਵਾਸਤੇ ਆਖਿਆ ਸੀ। ਉੱਥੇ ਅਬਰਾਹਾਮ ਨੇ ਜਗਵੇਦੀ ਉਸਾਰੀ ਅਤੇ ਜਗਵੇਦੀ ਉੱਤੇ ਲੱਕੜਾਂ ਰੱਖ ਦਿੱਤੀਆਂ। ਫ਼ੇਰ ਅਬਰਾਹਾਮ ਨੇ ਆਪਣੇ ਪੁੱਤਰ ਇਸਹਾਕ ਨੂੰ ਬੰਨ੍ਹ ਦਿੱਤਾ। ਅਬਰਾਹਾਮ ਨੇ ਇਸਹਾਕ ਨੂੰ ਜਗਵੇਦੀ ਉੱਤੇ ਲੱਕੜਾਂ ਉੱਪਰ ਰੱਖ ਦਿੱਤਾ। 10 ਫ਼ੇਰ ਅਬਰਾਹਾਮ ਨੇ ਆਪਣੀ ਛੁਰੀ ਕੱਢ ਲਈ ਅਤੇ ਆਪਣੇ ਪੁੱਤਰ ਨੂੰ ਮਾਰਨ ਲਈ ਤਿਆਰ ਹੋ ਗਿਆ।
11 ਪਰ ਫ਼ੇਰ ਯਹੋਵਾਹ ਦੇ ਦੂਤ ਨੇ ਅਬਰਾਹਾਮ ਨੂੰ ਰੋਕ ਲਿਆ। ਦੂਤ ਨੇ ਆਕਾਸ਼ ਵਿੱਚੋਂ ਆਵਾਜ਼ ਦਿੱਤੀ ਅਤੇ ਆਖਿਆ, “ਅਬਰਾਹਾਮ, ਅਬਰਾਹਾਮ!”
ਅਬਰਾਹਾਮ ਨੇ ਜਵਾਬ ਦਿੱਤਾ, “ਹਾਂ ਜੀ।”
12 ਦੂਤ ਨੇ ਆਖਿਆ, “ਆਪਣੇ ਪੁੱਤਰ ਨੂੰ ਨਾ ਮਾਰ ਅਤੇ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚਾ। ਹੁਣ ਮੈਂ ਦੇਖ ਸੱਕਦਾ ਹਾਂ ਕਿ ਤੂੰ ਸੱਚਮੁੱਚ ਪਰਮੇਸ਼ੁਰ ਦਾ ਆਦਰ ਕਰਦਾ ਹੈਂ ਅਤੇ ਉਸਦਾ ਹੁਕਮ ਮੰਨਦਾ ਹੈਂ। ਮੈਂ ਦੇਖ ਰਿਹਾ ਹਾਂ ਕਿ ਤੂੰ ਮੇਰੇ ਲਈ ਆਪਣੇ ਪੁੱਤਰ, ਆਪਣੇ ਇੱਕੋ-ਇੱਕ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੈਂ।”
13 ਫ਼ੇਰ ਅਬਰਾਹਾਮ ਨੇ ਇੱਕ ਭੇਡੂ ਦੇਖਿਆ। ਭੇਡੂ ਦੇ ਸਿੰਗ ਝਾੜੀ ਵਿੱਚ ਫ਼ਸੇ ਹੋਏ ਸਨ। ਇਸ ਲਈ ਅਬਰਾਹਾਮ ਗਿਆ ਅਤੇ ਭੇਡੂ ਨੂੰ ਲੈ ਕੇ ਇਸ ਨੂੰ ਆਪਣੇ ਪੁੱਤਰ ਦੀ ਬਜਾਇ ਪਰਮੇਸ਼ੁਰ ਨੂੰ ਬਲੀ ਵਜੋਂ ਚੜ੍ਹਾ ਦਿੱਤਾ। 14 ਇਸ ਲਈ ਅਬਰਾਹਾਮ ਨੇ ਉਸ ਥਾਂ ਨੂੰ ਨਾਮ ਦਿੱਤਾ, “ਯਾਹਵੇਹ ਯਿਰਹ।” [a] ਅੱਜ ਵੀ ਲੋਕ ਆਖਦੇ ਹਨ, “ਇਸ ਪਰਬਤ ਉੱਤੇ ਯਹੋਵਾਹ ਦਾ ਦੀਦਾਰ ਕੀਤਾ ਜਾ ਸੱਕਦਾ ਹੈ।”
15 ਯਹੋਵਾਹ ਦੇ ਦੂਤ ਨੇ ਦੂਸਰੀ ਵਾਰ ਅਬਰਾਹਾਮ ਨੂੰ ਆਕਾਸ਼ੋਂ ਆਵਾਜ਼ ਦਿੱਤੀ। 16 ਦੂਤ ਨੇ ਆਖਿਆ, “ਤੂੰ ਮੇਰੀ ਖਾਤਿਰ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ ਸੀ। ਇਹ ਤੇਰਾ ਇੱਕਲੌਤਾ ਪੁੱਤਰ ਸੀ। ਕਿਉਂਕਿ ਤੂੰ ਮੇਰੀ ਖਾਤਿਰ ਅਜਿਹਾ ਕੀਤਾ, ਮੈਂ ਤੈਨੂੰ ਇਹ ਬਚਨ ਦਿੰਦਾ ਹਾਂ: ਮੈਂ, ਯਹੋਵਾਹ, ਇਕਰਾਰ ਕਰਦਾ ਹਾਂ ਕਿ 17 ਮੈਂ ਤੈਨੂੰ ਸੱਚਮੁੱਚ ਅਸੀਸ ਦੇਵਾਂਗਾ। ਮੈਂ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ, ਜਿੰਨੇ ਕਿ ਆਕਾਸ਼ ਵਿੱਚ ਤਾਰੇ ਹਨ। ਇੱਥੇ ਇੰਨੇ ਲੋਕ ਹੋਣਗੇ ਜਿੰਨੇ ਸਮੁੰਦਰੀ ਕੰਢੇ ਉੱਤੇ ਰੇਤ ਦੇ ਕਣ ਹਨ। ਅਤੇ ਤੇਰੇ ਲੋਕ ਉਨ੍ਹਾਂ ਸ਼ਹਿਰਾਂ ਵਿੱਚ ਰਹਿਣਗੇ ਜਿਹੜੇ ਉਹ ਆਪਣੇ ਦੁਸ਼ਮਣਾ ਤੋਂ ਜਿੱਤਣਗੇ। 18 ਧਰਤੀ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਕਾਰਣ ਅਸੀਸਮਈ ਹੋਣਗੀਆਂ, ਕਿਉਂਕਿ ਤੂੰ ਮੇਰੇ ਆਦੇਸ਼ਾਂ ਨੂੰ ਮੰਨਿਆ।”
19 ਫ਼ੇਰ ਅਬਰਾਹਾਮ ਆਪਣੇ ਨੌਕਰਾਂ ਕੋਲ ਵਾਪਸ ਚੱਲਾ ਗਿਆ। ਉਹ ਸਾਰੇ ਬਏਰਸਬਾ ਵਾਪਸ ਪਰਤ ਗਏ ਅਤੇ ਅਬਰਾਹਾਮ ਉੱਥੇ ਠਹਿਰ ਗਿਆ।
20 ਇਹ ਸਭ ਗੱਲਾਂ ਵਾਪਰਨ ਤੋਂ ਬਾਦ, ਅਬਰਾਹਾਮ ਨੂੰ ਇੱਕ ਸੰਦੇਸ਼ ਭੇਜਿਆ ਗਿਆ। ਸੰਦੇਸ਼ ਵਿੱਚ ਆਖਿਆ ਗਿਆ ਸੀ, “ਤੇਰੇ ਭਰਾ ਨਾਹੋਰ ਅਤੇ ਉਸਦੀ ਪਤਨੀ ਮਿਲਕਾਹ ਦੇ ਹੁਣ ਬੱਚੇ ਹਨ। 21 ਪਹਿਲੇ ਪੁੱਤਰ ਦਾ ਨਾਮ ਊਸ ਹੈ। ਦੂਸਰੇ ਪੁੱਤਰ ਦਾ ਨਾਮ ਬੂਜ਼ ਹੈ। ਤੀਸਰਾ ਪੁੱਤਰ ਅਰਾਮ ਦਾ ਪਿਤਾ, ਕਮੂਏਲ ਹੈ। 22 ਫ਼ੇਰ ਕਸਦ, ਹਜ਼ੋ, ਪਿਲਦਾਸ਼ ਅਤੇ ਯਿਦਲਾਫ਼ ਬਥੂਏਲ ਹਨ।” 23 ਬਥੂਏਲ ਰਿਬਕਾਹ ਦਾ ਪਿਤਾ ਸੀ। ਮਿਲਕਾਹ ਇਨ੍ਹਾਂ ਅੱਠਾਂ ਪੁੱਤਰਾਂ ਦੀ ਮਾਂ ਸੀ ਅਤੇ ਨਾਹੋਰ ਉਨ੍ਹਾਂ ਦਾ ਪਿਤਾ ਸੀ। ਨਾਹੋਰ ਅਬਰਾਹਾਮ ਦਾ ਭਰਾ ਸੀ। 24 ਨਾਹੋਰ ਦੇ ਆਪਣੀ ਦਾਸੀ ਰੂਮਾਹ ਤੋਂ ਵੀ ਚਾਰ ਪੁੱਤਰ ਸਨ। ਇਹ ਪੁੱਤਰ ਸਨ, ਤਬਹ, ਗਹਮ, ਤਹਸ਼ ਅਤੇ ਮਾਕਾਹ।
ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਦਾਖਲਾ(A)
21 ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਦੇ ਨੇੜੇ ਆ ਰਹੇ ਸਨ, ਪਰ ਰਾਹ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ, ਬੈਤਫ਼ਗਾ ਕੋਲ, ਰੁਕੇ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਨਗਰ ਵਿੱਚ ਭੇਜਿਆ। 2 ਅਤੇ ਆਖਿਆ, “ਜੋ ਸ਼ਹਿਰ ਤੁਹਾਡੇ ਸਾਹਮਣੇ ਹੈ ਉਸ ਅੰਦਰ ਜਾਓ, ਸ਼ਹਿਰ ਅੰਦਰ ਵੜਦੇ ਸਾਰ ਹੀ, ਤੁਸੀਂ ਇੱਕ ਗਧੀ ਨੂੰ ਆਪਣੇ ਛੋਟੇ ਬੱਚੇ ਨਾਲ ਬੰਨ੍ਹਿਆ ਪਾਵੋਂਗੇ, ਉਸ ਨੂੰ ਖੋਲ੍ਹਕੇ ਤੁਸੀਂ ਮੇਰੇ ਕੋਲ ਲੈ ਆਵੋ। 3 ਜੇਕਰ ਤੁਹਾਨੂੰ ਕੋਈ ਕੁਝ ਕਹੇ, ਤਾਂ ਉਸ ਨੂੰ ਆਖਣਾ, ‘ਪ੍ਰਭੂ ਨੂੰ ਇਨ੍ਹਾਂ ਗਧਿਆਂ ਦੀ ਲੋੜ ਹੈ। ਫ਼ੇਰ ਉਹ ਜਲਦੀ ਹੀ ਉਨ੍ਹਾਂ ਨੂੰ ਵਾਪਿਸ ਭੇਜ ਦੇਵੇਗਾ।’”
4 ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ:
5 “ਸੀਯੋਨ ਦੇ ਸ਼ਹਿਰ ਨੂੰ ਦੱਸੋ,
‘ਕਿ ਤੇਰਾ ਬਾਦਸ਼ਾਹ ਤੇਰੇ ਵੱਲ ਆ ਰਿਹਾ ਹੈ,
ਉਹ ਨਿਮ੍ਰਤਾ ਨਾਲ ਗਧੀ ਉੱਤੇ,
ਹਾਂ ਗਧੀ ਦੇ ਬੱਚੇ, ਉੱਤੇ ਬੈਠਕੇ ਆ ਰਿਹਾ ਹੈ।’” (B)
6 ਤਾਂ ਚੇਲਿਆਂ ਨੇ ਜਾਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ। 7 ਉਹ ਗਧੀ ਨੂੰ ਗਧੀ ਦੇ ਬੱਚੇ ਸਮੇਤ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਪਾ ਦਿੱਤੇ ਅਤੇ ਯਿਸੂ ਉਸ ਉੱਪਰ ਬੈਠ ਗਿਆ। 8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਾਸਤੇ ਰਸਤੇ ਤੇ ਆਪਣੇ ਕੱਪੜੇ ਵਿਛਾ ਦਿੱਤੇ। ਕਈਆਂ ਨੇ ਬਿਰਛਾਂ ਦੀ ਟਹਿਣੀਆਂ ਵਢੱਕੇ ਰਸਤੇ ਵਿੱਚ ਵਿਛਾ ਦਿੱਤੀਆਂ। 9 ਭੀੜ ਜਿਹੜੀ ਉਸ ਦੇ ਅੱਗੇ ਤੇ ਪਿੱਛੇ ਚਲੀ ਆਉਂਦੀ ਸੀ ਉੱਚੀ ਆਵਾਜ਼ ਵਿੱਚ ਆਖਣ ਲੱਗੀ,
“ਦਾਊਦ ਦੇ ਪੁੱਤਰ ਨੂੰ ਉਸਤਤਿ
‘ਉਹ ਧੰਨ ਹੈ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!’ (C)
ਸਵਰਗ ਵਿੱਚ ਪਰਮੇਸ਼ੁਰ ਨੂੰ ਉਸਤਤਿ!”
10 ਜਦੋਂ ਯਿਸੂ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ, ਉਸ ਸ਼ਹਿਰ ਦੇ ਸਾਰੇ ਲੋਕ ਸ਼ਸ਼ੋਪੰਚ ਵਿੱਚ ਪੈ ਗਏ ਅਤੇ ਪੁੱਛਿਆ, “ਇਹ ਆਦਮੀ ਕੌਣ ਹੈ?”
11 ਯਿਸੂ ਨਾਲ ਜਾ ਰਹੀ ਭੀੜ ਨੇ ਉੱਤਰ ਦਿੱਤਾ, “ਇਹ ਯਿਸੂ ਹੈ, ਗਲੀਲ ਦੇ ਕਸਬੇ ਨਾਸਰਤ ਦਾ ਇੱਕ ਨਬੀ।”
ਯਿਸੂ ਦਾ ਮੰਦਰ ਵਿੱਚ ਹੋਣਾ(D)
12 ਫ਼ੇਰ ਯਿਸੂ ਮੰਦਰ ਦੇ ਇਲਾਕੇ ਵੱਲ ਗਿਆ ਉਸ ਨੇ ਉਨ੍ਹਾਂ ਸਭ ਲੋਕਾਂ ਨੂੰ ਜਿਹੜੇ ਉੱਥੇ ਚੀਜ਼ਾਂ ਖਰੀਦ ਅਤੇ ਵੇਚ ਰਹੇ ਸਨ ਬਾਹਰ ਕੱਢ ਦਿੱਤਾ। ਅਤੇ ਸਰਾਫ਼ਾਂ ਦੇ ਤਖਤਪੋਸ਼ ਅਤੇ ਘੁੱਗੀਆਂ ਵੇਚਣ ਵਾਲਿਆਂ ਦੀਆਂ ਮੇਜ਼ਾਂ ਉਲਟਾ ਸੁੱਟੀਆਂ। 13 “ਉਸਨੇ ਉਨ੍ਹਾਂ ਲੋਕਾਂ ਨੂੰ ਆਖਿਆ, ਇਹ ਪੋਥੀਆਂ ਵਿੱਚ ਲਿਖਿਆ ਹੈ, ‘ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ’ [a] ਪਰ ਤੁਸੀਂ ਇਸ ਜਗ੍ਹਾ ਨੂੰ ਚੋਰਾ ਦੇ ਲੁਕਣ ਦੀ ਜਗ੍ਹਾ ਬਣਾ ਰਹੇ ਹੋ।’” [b]
14 ਅਤੇ ਉਸ ਮੰਦਰ ਦੇ ਇਲਾਕੇ ਵਿੱਚ ਬਹੁਤ ਸਾਰੇ ਅੰਨ੍ਹੇ ਅਤੇ ਲੰਗੜ੍ਹੇ ਯਿਸੂ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ। 15 ਜਦੋਂ ਪਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਦੇਖਿਆ ਜਿਹੜੇ ਉਸ ਨੇ ਕੀਤੇ ਅਤੇ ਬੱਚਿਆਂ ਨੂੰ ਉਸ ਮੰਦਰ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ “ਦਾਊਦ ਦੇ ਪੁੱਤਰ ਨੂੰ ਉਸਤਤਿ” ਆਖਦੇ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ।
16 ਉਨ੍ਹਾਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਸੁਣ ਰਿਹਾ ਹੈਂ ਇਹ ਬੱਚੇ ਕੀ ਆਖ ਰਹੇ ਹਨ?”
ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਕਦੇ ਵੀ ਪੋਥੀਆਂ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਜੁਆਕਾਂ ਨੂੰ ਉਸਤਤਿ ਕਰਨੀ ਸਿੱਖਾਈ?’” [c]
17 ਇਹ ਵਾਪਰਨ ਤੋਂ ਬਾਅਦ ਯਿਸੂ ਉਨ੍ਹਾਂ ਲੋਕਾਂ ਤੋਂ ਵਿਦਾ ਹੋ ਗਿਆ ਅਤੇ ਰਾਤ ਕੱਟਣ ਲਈ ਬਾਹਰ ਬੈਤਅਨੀਆ ਸ਼ਹਿਰ ਨੂੰ ਚੱਲਿਆ ਗਿਆ।
ਯਿਸੂ ਨੇ ਵਿਸ਼ਵਾਸ ਦੀ ਸ਼ਕਤੀ ਵਿਖਾਈ(E)
18 ਅਗਲੀ ਸਵੇਰ ਜਦ ਯਿਸੂ ਸ਼ਹਿਰ ਵੱਲ ਮੁੜਿਆ ਜਾਂਦਾ ਸੀ ਤਾਂ ਉਸ ਨੂੰ ਭੁੱਖ ਲੱਗੀ। 19 ਰਸਤੇ ਵਿੱਚ ਅੰਜੀਰ ਦਾ ਬਿਰਛ ਵੇਖਕੇ ਉਸ ਦੇ ਨੇੜੇ ਗਿਆ ਪਰ ਸਿਵਾਇ ਪੱਤਿਆਂ ਦੇ ਉੱਥੇ ਉਸ ਨੂੰ ਹੋਰ ਕੁਝ ਵੀ ਨਾ ਲੱਭਿਆ ਤਾਂ ਉਸ ਨੇ ਬਿਰਛ ਨੂੰ ਕਿਹਾ ਕਿ “ਅੱਜ ਤੋਂ ਤੈਨੂੰ ਭਵਿੱਖ ਵਿੱਚ ਕਦੇ ਵੀ ਫ਼ਲ ਨਾ ਲੱਗਣ।” ਤੁਰੰਤ ਹੀ ਰੁੱਖ ਸੁੱਕ ਗਿਆ।
20 ਚੇਲੇ ਵੇਖਕੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਪੁੱਛਿਆ, “ਅੰਜੀਰ ਦਾ ਰੁੱਖ ਇੰਨੀਂ ਛੇਤੀ ਕਿਵੇਂ ਕੁਮਲਾ ਗਿਆ?”
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇਕਰ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਕੋਈ ਭਰਮ ਨਾ ਰੱਖੋ। ਤੁਸੀਂ ਸਿਰਫ਼ ਇਹੋ ਹੀ ਕਰੋਂਗੇ ਜੋ ਅੰਜੀਰ ਦੇ ਬਿਰਛ ਨਾਲ ਮੈਂ ਕੀਤਾ ਸਗੋਂ ਤੁਸੀਂ ਇਸ ਪਹਾੜ ਨੂੰ ਵੀ ਆਖ ਸੱਕਦੇ ਹੋ ਜਾ ਅਤੇ ਸਮੁੰਦਰ ਵਿੱਚ ਜਾਕੇ ਡਿੱਗ ਤਾਂ ਅਜਿਹਾ ਹੀ ਹੋਵੇਗਾ। 22 ਜੇਕਰ ਤੁਸੀਂ ਵਿਸ਼ਵਾਸ ਕਰੋ, ਤਾਂ ਉਹ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਰਾਹੀਂ ਮੰਗੋਂਗੇ ਤੁਹਾਨੂੰ ਦਿੱਤਾ ਜਾਵੇਗਾ।”
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ(F)
23 ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”
24 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਜੇਕਰ ਤੁਸੀਂ ਮੈਨੂੰ ਉੱਤਰ ਦੇਵੋ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਗੱਲਾਂ ਕਰਦਾ ਹਾਂ। 25 ਯੂਹੰਨਾ ਦਾ ਬਪਤਿਸਮਾ ਕੀ ਇਹ ਪਰਮੇਸ਼ੁਰ ਵੱਲੋਂ ਆਇਆ ਜਾਂ ਮਨੁੱਖਾਂ ਵੱਲੋਂ?”
ਉਨ੍ਹਾਂ ਨੇ ਆਪਸ ਵਿੱਚ ਵਿੱਚਾਰ ਕੀਤਾ, ਜੇ ਅਸੀਂ ਕਹੀਏ “ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ” ਤਾਂ ਉਹ ਸਾਨੂੰ ਆਖੇਗਾ ਕਿ ਫ਼ੇਰ ਤੁਸੀਂ ਉਸਤੇ ਭਰੋਸਾ ਕਿਉਂ ਨਾ ਕੀਤਾ? 26 ਪਰ ਜੇਕਰ ਅਸੀਂ ਆਖੀਏ, ‘ਇਹ ਲੋਕਾਂ ਵੱਲੋਂ ਸੀ’, ਤਾਂ ਸਾਰੇ ਲੋਕ ਸਾਡੇ ਨਾਲ ਗੁੱਸੇ ਹੋਣਗੇ। ਕਿਉਂਕਿ ਇਹ ਸਭ ਯੂਹੰਨਾ ਨੂੰ ਨਬੀ ਸਮਝਦੇ ਹਨ।”
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਸ਼ਕਤੀ, ਕਿੱਥੋਂ ਆਈ।”
ਤਾਂ ਫ਼ਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਇਹ ਸਭ ਗੱਲਾਂ ਮੈਂ ਕਿਸ ਅਧਿਕਾਰ ਨਾਲ ਕਰ ਰਿਹਾ ਹਾਂ।
ਯਿਸੂ ਦੋ ਪੁੱਤਰਾਂ ਦੀ ਦ੍ਰਿਸ਼ਟਾਂਤ ਸੁਨਾਉਂਦਾ
28 “ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਕੇ ਬੋਲਿਆ, ‘ਪੁੱਤਰ, ਜਾ! ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ।’
29 “ਉਸਨੇ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ’, ਪੁੱਤਰ ਬਾਦ ਵਿੱਚ, ਉਸ ਨੇ ਆਪਣਾ ਮਨ ਬਦਲਿਆ ਅਤੇ ਚੱਲਿਆ ਗਿਆ।
30 “ਫ਼ੇਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਵੀ ਉਹੀ ਗੱਲ ਕਹੀ। ਉਸ ਨੇ ਉੱਤਰ ਦਿੱਤਾ, ‘ਹਾਂ ਜੀ, ਮੈਂ ਜਾਵਾਂਗਾ।’ ਪਰ ਉਹ ਨਾ ਗਿਆ।
31 “ਸੋ ਦੋਹਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”
ਉਨ੍ਹਾਂ ਆਖਿਆ, “ਪਹਿਲੇ ਨੇ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ। 32 ਕਿਉਂਕਿ ਯੂਹੰਨਾ ਤੁਹਾਨੂੰ ਜਿਉਣ ਦਾ ਸਹੀ ਢੰਗ ਸਿੱਖਾਉਣ ਲਈ ਆਇਆ ਪਰ ਤੁਸੀਂ ਉਸਦੀ ਪਰਤੀਤ ਨਾ ਕੀਤੀ ਸਗੋਂ ਮਸੂਲੀਆਂ ਅਤੇ ਕੰਜਰੀਆਂ ਨੇ ਉਸਦੀ ਪਰਤੀਤ ਕੀਤੀ। ਪਰ ਤੁਸੀਂ ਇਹ ਵੇਖਕੇ ਪਿੱਛੋਂ ਵੀ ਆਪਣੇ ਜੀਵਨ ਨਹੀਂ ਬਦਲੇ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ।
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ(G)
33 “ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਜ਼ਿਮੀਦਾਰ ਸੀ। ਉਸ ਨੇ ਇੱਕ ਅੰਗੂਰਾਂ ਦਾ ਬਾਗ ਲਾਇਆ। ਉਸ ਨੇ ਖੇਤ ਦੇ ਚੁਫ਼ੇਰੇ ਵਾੜ ਕਰ ਦਿੱਤੀ ਅਤੇ ਉਸ ਨੇ ਰਸ ਵਾਸਤੇ ਇੱਕ ਚੁਬੱਚਾ ਕੱਢਿਆ। ਫ਼ਿਰ ਉਸ ਆਦਮੀ ਨੇ ਉੱਥੇ ਇੱਕ ਬੁਰਜ ਉਸਾਰਿਆ ਅਤੇ ਉਸ ਨੂੰ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਪਰਦੇਸ ਚੱਲਿਆ ਗਿਆ। 34 ਜਦੋਂ ਫ਼ਲਾਂ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਨੋਕਰ ਕਿਸਾਨਾਂ ਦੇ ਕੋਲ ਆਪਣੇ ਅੰਗੂਰਾਂ ਦਾ ਹਿੱਸਾ ਲੈਣ ਲਈ ਭੇਜੇ।
35 “ਪਰ ਕਿਸਾਨਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਇੱਕ ਨੂੰ ਕੁਟਿਆ ਦੂਜੇ ਨੂੰ ਮਾਰ ਦਿੱਤਾ ਅਤੇ ਤੀਜੇ ਨੋਕਰ ਨੂੰ ਪੱਥਰਾਂ ਨਾਲ ਮਾਰ ਦਿੱਤਾ। 36 ਫ਼ੇਰ ਮਾਲਕ ਨੇ ਪਹਿਲੀ ਵਾਰ ਨਾਲੋਂ ਵੱਧ ਨੋਕਰ ਕਿਸਾਨਾਂ ਕੋਲ ਭੇਜੇ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਹੀ ਕੀਤਾ। 37 ਅਖੀਰ ਵਿੱਚ ਮਾਲਕ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਸੋਚਕੇ ਭੇਜਿਆ ਕਿ ‘ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
38 “ਪਰ ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਸੋਚਿਆ, ‘ਵਾਰਸ ਇਹੋ ਹੈ। ਅਸੀਂ ਇਸ ਨੂੰ ਮਾਰ ਦੇਈਏ ਅਤੇ ਉਸ ਦੇ ਵਿਰਸੇ ਤੇ ਕਬਜ਼ਾ ਕਰ ਲਈਏ।’ 39 ਤਾਂ ਉਨ੍ਹਾਂ ਨੇ ਪੁੱਤਰ ਨੂੰ ਫ਼ੜ ਲਿਆ ਅਤੇ ਬਾਗ ਵਿੱਚੋਂ ਬਾਹਰ ਕੱਢ ਉਸ ਨੂੰ ਮਾਰ ਦਿੱਤਾ।
40 “ਤਾਂ ਜਦੋਂ ਖੇਤ ਦਾ ਮਾਲਕ ਆਵੇਗਾ, ਉਹ ਉਨ੍ਹਾਂ ਕਿਸਾਨਾਂ ਨਾਲ ਕੀ ਕਰੇਗਾ?”
41 ਉਨ੍ਹਾਂ ਨੇ ਉਸ ਨੂੰ ਆਖਿਆ, “ਉਹ ਉਨ੍ਹਾਂ ਦੁਸ਼ਟ ਲੋਕਾਂ ਨੂੰ ਕਸ਼ਟ ਦਾਇੱਕ ਮੌਤ ਦੇਵੇਗਾ ਅਤੇ ਖੇਤ ਹੋਰਨਾਂ ਕਿਸਾਨਾਂ ਦੇ ਹੱਥ ਸੌਂਪ ਦੇਵੇਗਾ ਜੋ ਉਸ ਨੂੰ ਵਾਢੀ ਦੇ ਸਮੇਂ ਉਸਦਾ ਹਿੱਸਾ ਦੇਣਗੇ।”
42 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਭਲਾ ਤੁਸੀਂ ਪੋਥੀਆਂ ਵਿੱਚ ਕਦੇ ਨਹੀਂ ਪੜ੍ਹਿਆ:
‘ਜਿਹੜਾ ਪੱਥਰ ਰਾਜਾਂ ਦੁਆਰਾ ਨਾਮੰਜ਼ੂਰ ਕੀਤਾ ਗਿਆ
ਸੀ ਖੂੰਜੇ ਦਾ ਸਿਰਾ ਹੋ ਗਿਆ।
ਪ੍ਰਭੂ ਨੇ ਇਸ ਨੂੰ ਵਾਪਰਨ ਦਿੱਤਾ
ਅਤੇ ਸਾਡੇ ਲਈ ਇਹ ਅਚੰਭਾ ਹੈ।’ (H)
43 “ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਜਾਵੇਗਾ ਅਤੇ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਉਹੀ ਗੱਲਾਂ ਕਰਨਗੇ ਜੋ ਪਰਮੇਸ਼ੁਰ ਆਪਣੇ ਰਾਜ ਵਿੱਚ ਚਾਹੁੰਦਾ ਹੈ। 44 ਜੇਕਰ ਕੋਈ ਉਸ ਪੱਥਰ ਉੱਤੇ ਡਿੱਗੇਗਾ, ਉਹ ਚੂਰ-ਚੂਰ ਹੋ ਜਾਵੇਗਾ। ਜੇਕਰ ਪੱਥਰ ਕਿਸੇ ਉੱਪਰ ਡਿੱਗੇਗਾ, ਤਾਂ ਉਹ ਵਿਅਕਤੀ ਵੀ ਪੱਥਰ ਦੁਆਰਾ ਕੁਚੱਲਿਆ ਜਾਵੇਗਾ।”
45 ਜਦੋਂ ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਯਿਸੂ ਦੇ ਆਖੇ ਦ੍ਰਿਸ਼ਟਾਂਤ ਸੁਣੇ, ਤਾਂ ਉਹ ਜਾਣ ਗਏ ਕਿ ਉਹ ਉਨ੍ਹਾਂ ਬਾਰੇ ਹੀ ਗੱਲਾਂ ਕਰ ਰਿਹਾ ਸੀ। 46 ਉਹ ਉਸ ਨੂੰ ਗਿਰਫ਼ਤਾਰ ਕਰਨ ਦਾ ਕੋਈ ਉਪਾਅ ਕਰਨਾ ਚਾਹੁੰਦੇ ਸਨ, ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਉਹ ਉਸ ਨੂੰ ਨਬੀਂ ਮੰਨਦੇ ਸਨ।
ਨਵੇਂ ਲੋਕਾਂ ਦਾ ਯਰੂਸ਼ਲਮ ’ਚ ਆਉਣਾ
11 ਹੁਣ ਇਸਰਾਏਲ ਦੇ ਲੋਕਾਂ ਦੇ ਆਗੂ ਯਰੂਸ਼ਲਮ ਵਿੱਚ ਰਹਿਣ ਲਈ ਆਏ ਅਤੇ ਇਸਰਾਏਲ ਦੇ ਬਾਕੀ ਦੇ ਲੋਕਾਂ ਨੇ ਯਰੂਸ਼ਲਮ ਦੇ ਪਵਿੱਤਰ ਨਗਰ ਵਿੱਚ ਰਹਿਣ ਲਈ ਹਰ ਦਸਾਂ ਲੋਕਾਂ ਵਿੱਚੋਂ ਗੁਣੇ ਪਾਕੇ ਇੱਕ ਵਿਅਕਤੀ ਚੁਣਿਆ। ਅਤੇ ਬਾਕੀ ਦੇ 9 ਲੋਕ ਦੂਸਰੇ ਨਗਰਾਂ ਵਿੱਚ ਰਹਿ ਸੱਕਦੇ ਹਨ। 2 ਲੋਕਾਂ ਨੇ ਉਨ੍ਹਾਂ ਸਾਰੇ ਮਨੁੱਖਾਂ ਨੂੰ ਬਰਕਤ ਦਿੱਤੀ ਜਿਨ੍ਹਾਂ ਨੇ ਖੁਸ਼ੀ ਨਾਲ ਯਰੂਸ਼ਲਮ ਵਿੱਚ ਜਾਣਾ ਸਵੀਕਾਰ ਕੀਤਾ।
3 ਸੂਬਿਆਂ ਦੇ ਆਗੂ ਜੋ ਯਰੂਸ਼ਲਮ ਵਿੱਚ ਆਕੇ ਰਹੇ (ਇਸਰਾਏਲੀ, ਜਾਜਕ, ਲੇਵੀ, ਮੰਦਰ ਦੇ ਸੇਵਕ ਅਤੇ ਸੁਲੇਮਾਨ ਦੇ ਸੇਵਕਾਂ ਦੇ ਉੱਤਰਾਧਿਕਾਰੀ ਯਹੂਦਾਹ ਦੇ ਨਗਰਾਂ ਵਿੱਚ ਰਹਿ ਰਹੇ। ਹਰ ਵਿਅਕਤੀ ਭਿੰਨ-ਭਿੰਨ ਨਗਰਾਂ ਵਿੱਚ ਆਪਣੀ ਖੁਦ ਦੀ ਜਾਇਦਾਦ ਤੇ ਰਿਹਾ। 4 ਯਹੂਦਾਹ ਅਤੇ ਬਿਨਯਾਮੀਨ ਦੇ ਘਰਾਣਿਆਂ ਵਿੱਚੋਂ ਕੁਝ ਲੋਕ ਯਰੂਸ਼ਲਮ ਦੇ ਸ਼ਹਿਰ ਵਿੱਚ ਆਕੇ ਵਸ ਗਏ।)
ਯਹੂਦਾਹ ਦੇ ਉੱਤਰਾਧਿਕਾਰੀਆਂ ਜਿਹੜੇ ਯਰੂਸ਼ਲਮ ਵਿੱਚ ਜਾਕੇ ਵਸੇ, ਉਹ ਸਨ:
ਉਜ਼ੀਯ੍ਯਾਹ ਦਾ ਪੁੱਤਰ ਅਬਾਯਾਹ, (ਉਜ਼ੀਯ੍ਯਾਹ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਅਮਰਯਾਹ ਦਾ, ਅਮਰਯਾਹ ਸ਼ਫ਼ਟਯਾਹ ਦਾ ਅਤੇ ਸ਼ਫਟਯਾਹ ਮਹਲਲੇਲ ਦਾ ਪੁੱਤਰ ਸੀ। ਮਹਲਲੇਲ ਪਾਰਸ ਦੇ ਉੱਤਰਾਧਿਕਾਰੀਆਂ ਵਿੱਚੋਂ ਸੀ।) 5 ਅਤੇ ਮਅਸੇਯਾਹ ਬਾਰੂਕ ਦਾ ਪੁੱਤਰ ਸੀ। (ਬਾਰੂਕ ਕਾਲ-ਹੋਜਹ ਦਾ ਪੁੱਤਰ ਸੀ ਅਤੇ ਉਹ ਹਜ਼ਾਯਾਹ ਦਾ ਪੁੱਤਰ ਸੀ, ਹਜਾਯਾਹ ਅਦਾਯਾਹ ਦਾ ਪੁੱਤਰ ਸੀ, ਅਦਾਯਾਹ ਯੋਯਾਰੀਬ ਦਾ ਪੁੱਤਰ ਸੀ ਅਤੇ ਯੋਯਾਰੀਬ ਜ਼ਕਰਯਾਹ ਦਾ ਪੁੱਤਰ ਸੀ ਜੋ ਕਿ ਸ਼ਿਲੋਨੀ ਦਾ ਉੱਤਰਾਧਿਕਾਰੀ ਸੀ।) 6 ਪਾਰਸ ਦੇ ਉੱਤਰਾਧਿਕਾਰੀ ਜਿਹੜੇ ਆਕੇ ਯਰੂਸ਼ਲਮ ਵਿੱਚ ਵਸੇ ਗਿਣਤੀ ਵਿੱਚ 468 ਸਨ ਅਤੇ ਉਹ ਸਾਰੇ ਬਹਾਦੁਰ ਸਿਪਾਹੀ ਸਨ।
7 ਬਿਨਯਾਮੀਨ ਦੇ ਉੱਤਰਾਧਿਕਾਰੀਆਂ ਵਿੱਚੋਂ ਜਿਹੜੇ ਮਨੁੱਖ ਯਰੂਸ਼ਲਮ ਵਿੱਚ ਜਾ ਕੇ ਵਸੇ ਉਨ੍ਹਾਂ ਦੀ ਗਿਣਤੀ ਇਉਂ ਹੈ:
ਸੱਲੂ ਜੋ ਕਿ ਮੱਸ਼ੁਲਾਮ ਦਾ ਪੁੱਤਰ (ਮੱਸ਼ੁਲਾਮ ਯੋਏਦ ਦਾ ਪੁੱਤਰ, ਯੋਏਦ ਪਦਾਯਾਹ ਦਾ ਤੇ ਪਦਾਯਾਹ ਕੋਲਾਯਾਹ ਦਾ ਪੁੱਤਰ ਸੀ ਅਤੇ ਕੋਲਾਯਾਹ ਮਅਸੇਯਾਹ ਦਾ ਪੁੱਤਰ ਤੇ ਮਅਸੇਯਾਹ ਈਬੀਏਲ ਦਾ ਪੁੱਤਰ ਤੇ ਈਬੀਏਲ ਯਸ਼ਾਯਾਹ ਦਾ ਪੁੱਤਰ ਸੀ।) 8 ਅਤੇ ਜਿਨ੍ਹਾਂ ਨੇ ਯਸ਼ਾਯਾਹ ਦਾ ਅਨੁਸਰਣ ਕੀਤਾ ਉਨ੍ਹਾਂ ਵਿੱਚ ਗੱਬੀ ਅਤੇ ਸੱਲਾਈ ਸਨ। ਕੁੱਲ ਮਿਲਾ ਕੇ ਇਹ 928 ਮਨੁੱਖ ਸਨ। 9 ਜ਼ਿਕਰੀ ਦਾ ਪੁੱਤਰ ਯੋਏਲ ਇਨ੍ਹਾਂ ਸਾਰਿਆਂ ਲੋਕਾਂ ਦਾ ਸਰਦਾਰ ਸੀ ਅਤੇ ਯਹੂਦਾਹ ਜੋ ਕਿ ਹਸਨੂਆਹ ਦਾ ਪੁੱਤਰ ਸੀ ਸ਼ਹਿਰ ਦੇ ਦੂਜੇ ਜਿਲ੍ਹੇ ਦਾ ਸਰਦਾਰ ਸੀ।
10 ਜਿਹੜੇ ਜਾਜਕ ਯਰੂਸ਼ਲਮ ਵਿੱਚ ਜਾਕੇ ਵਸੇ ਉਨ੍ਹਾਂ ਦੀ ਗਿਣਤੀ ਇਉਂ ਸੀ:
ਯੋਯਾਰੀਬ ਦਾ ਪੁੱਤਰ ਯਦਾਯਾਹ, ਯਾਕੀਨ, 11 ਅਤੇ ਸਰਾਯਾਹ ਹਿਲਕੀਯਾਹ ਦਾ ਪੁੱਤਰ (ਹਿਲਕੀਯਾਹ ਮੱਸ਼ੁਲਾਮ ਦਾ ਪੁੱਤਰ, ਮੱਸ਼ੁਲਾਮ ਸਦੋਕ ਦਾ ਪੁੱਤਰ ਅਤੇ ਸਦੋਕ ਮਰਾਯੋਬ ਦਾ ਪੁੱਤਰ ਤੇ ਉਹ ਅਹੀਟੂਬ ਦਾ ਪੁੱਤਰ ਸੀ ਜੋ ਕਿ ਪਰਮੇਸ਼ੁਰ ਦੇ ਮੰਦਰ ਦਾ ਪ੍ਰਧਾਨ ਸੀ।) 12 ਅਤੇ ਉਨ੍ਹਾਂ ਦੇ ਭਰਾ ਜਿਨ੍ਹਾਂ ਨੇ ਮੰਦਰ ਦਾ ਕੰਮ ਕੀਤਾ ਗਿਣਤੀ ਵਿੱਚ 822 ਸਨ, ਅਤੇ ਯਰੋਹਾਮ ਦਾ ਪੁੱਤਰ ਅਦਾਯਾਹ, (ਯਰੋਹਾਮ ਪਲਲਯਾਹ ਦਾ ਪੁੱਤਰ ਸੀ, ਪਲਲਯਾਹ ਅਮਸੀ ਦਾ ਪੁੱਤਰ ਸੀ, ਅਮਸੀ ਜ਼ਕਰਯਾਹ ਦਾ ਪੁੱਤਰ ਸੀ, ਜ਼ਕਰਯਾਹ ਪਸ਼ਹੂਰ ਦਾ ਪੁੱਤਰ ਸੀ ਅਤੇ ਪਸ਼ਹੂਰ ਮਲਕੀਯਾਹ ਦਾ ਪੁੱਤਰ ਸੀ।) 13 ਮਲਕੀਯਾਹ ਦੇ ਭਰਾਵਾਂ-ਭਾਈਆਂ ਦੀ ਗਿਣਤੀ 242 ਸੀ। (ਇਹ ਮਨੁੱਖ ਆਪੋ-ਆਪਣੇ ਘਰਾਣਿਆਂ ਦੇ ਆਗੂ ਸਨ।) ਅਮਸ਼ਸਈ ਅਜ਼ਰੇਲ ਦਾ ਪੁੱਤਰ (ਅਜ਼ਰੇਲ ਅਹਜ਼ਈ ਦਾ ਪੁੱਤਰ, ਤੇ ਉਹ ਮਸ਼ਿੱਲੇਮੋਬ ਦਾ ਪੁੱਤਰ ਤੇ ਮਸ਼ਿੱਲੇਮੋਬ ਇੰਮੇਰ ਦਾ ਪੁੱਤਰ ਸੀ,) 14 ਅਤੇ ਇੰਮੇਰ ਦੇ 128 ਭਰਾ। (ਇਹ ਸਾਰੇ ਬਹਾਦੁਰ ਸਿਪਾਹੀ ਸਨ ਅਤੇ ਹਗ੍ਗਦੋਲੀਮ ਦਾ ਪੁੱਤਰ ਜ਼ਬਦੀਏਲ ਉਨ੍ਹਾਂ ਦਾ ਸਰਦਾਰ ਸੀ।)
15 ਜਿਹੜੇ ਲੇਵੀ ਯਰੂਸ਼ਲਮ ਵਿੱਚ ਜਾਕੇ ਵਸੇ, ਉਨ੍ਹਾਂ ਦੇ ਨਾਉਂ ਇਵੇਂ ਸਨ:
ਸ਼ਮਾਯਾਹ ਹੱਸ਼ੂਬ ਦਾ ਪੁੱਤਰ, (ਹੱਸ਼ੂਬ ਅਜ਼ਰੀਕਾਮ ਦਾ ਪੁੱਤਰ ਤੇ ਉਹ ਹਸ਼ਬਯਾਹ ਦਾ ਪੁੱਤਰ ਜੋ ਕਿ ਬੁਂਨੀ ਦਾ ਪੁੱਤਰ ਸੀ।) 16 ਸ਼ਬਬਈ ਅਤੇ ਯੋਜ਼ਾਬਾਦ (ਇਹ ਦੋਵੇਂ ਲੇਵੀਆਂ ਦੇ ਆਗੂ ਅਤੇ ਸਾਡੇ ਪਰਮੇਸ਼ੁਰ ਦੇ ਮੰਦਰ ਦੇ ਬਾਹਰਲੇ ਹਿੱਸੇ ਦੇ ਕੰਮ ਦੇ ਆਗੂ ਸਨ।) 17 ਮਤਨਯਾਹ, (ਮਤਨਯਾਹ ਮੀਕਾ ਦਾ ਪੁੱਤਰ ਸੀ, ਮੀਕਾ ਜ਼ਬਦੀ ਦਾ ਪੁੱਤਰ ਸੀ, ਜ਼ਬਦੀ ਆਸਾਫ਼ ਦਾ ਪੁੱਤਰ ਸੀ), ਜੋ ਕਿ ਪ੍ਰਾਰਥਨਾ ਦਾ ਨਿਰਦੇਸ਼ਕ ਸੀ। ਆਸਾਫ਼ ਲੋਕਾਂ ਤੋਂ ਉਸਤਤ ਦੇ ਗੀਤ ਅਤੇ ਪਰਮੇਸ਼ੁਰ ਨੂੰ ਪ੍ਰਾਰਥਨਾਵਾਂ ਗਵਾਉਂਦਾ ਸੀ। ਬਕਬੁਕਯਾਹ, (ਬਕਬੁਕਯਾਹ ਆਪਣੇ ਭਰਾਵਾਂ ਵਿੱਚੋਂ ਦੂਜੇ ਦਰਜੇ ਤੇ ਸੀ) ਅਤੇ ਸ਼ਮੂਆ ਦਾ ਪੁੱਤਰ ਅਬਦਾ (ਸ਼ਮੂਆ ਗਾਲਾਲ ਦਾ ਪੁੱਤਰ ਸੀ ਅਤੇ ਗਾਲਾਲ ਯਦੂਬੂਨ ਦਾ ਪੁੱਤਰ ਸੀ।) 18 ਪਵਿੱਤਰ ਸ਼ਹਿਰ ਵਿੱਚ ਸਾਰੇ ਲੇਵੀ ਗਿਣਤੀ ’ਚ 284 ਸਨ।
19 ਜਿਹੜੇ ਦਰਬਾਨ ਯਰੂਸ਼ਲਮ ਵਿੱਚ ਜਾਕੇ ਰਹੇ ਉਹ ਸਨ
ਅੱਕੂਬ, ਟਲਮੋਨ ਅਤੇ ਉਨ੍ਹਾਂ ਦੇ ਭਰਾ, ਜਿਨ੍ਹਾਂ ਨੇ ਨਗਰ ਦੇ ਫ਼ਾਟਕਾਂ ਦੀ ਪਹਿਰੇਦਾਰੀ ਕੀਤੀ। ਉਹ ਗਿਣਤੀ ਵਿੱਚ 172 ਸਨ।
20 ਇਸਰਾਏਲ ਦੇ ਬਾਕੀ ਦੂਜੇ ਲੋਕ ਅਤੇ ਹੋਰ ਜਾਜਕ ਅਤੇ ਲੇਵੀ ਯਹੂਦਾਹ ਦੇ ਸਾਰੇ ਸ਼ਹਿਰਾਂ ਵਿੱਚ ਵਸੇ ਅਤੇ ਹਰ ਮਨੁੱਖ ਆਪਣੇ ਪੁਰਖਿਆਂ ਦੀ ਭੂਮੀਁ ਤੇ ਜਾ ਵਸਿਆ। 21 ਮੰਦਰ ਦੇ ਸੇਵਾਦਾਰ ਓਫ਼ਲ ਪਹਾੜ ਤੇ ਵਸੇ ਜਿਨ੍ਹਾਂ ਦੇ ਚੌਧਰੀ ਸੀਹਾ ਅਤੇ ਗਿਸ਼ਪਾ ਸਨ।
22 ਯਰੂਸ਼ਲਮ ਵਿੱਚ, ਲੇਵੀਆਂ ਉੱਪਰ ਉਜ਼ੀ ਅਧਿਕਾਰੀ ਸੀ। ਉਜ਼ੀ ਬਾਨੀ ਦਾ ਪੁੱਤਰ ਸੀ। (ਬਾਨੀ ਹਸ਼ਬਯਾਹ ਦਾ ਪੁੱਤਰ ਸੀ, ਹਸ਼ਬਯਾਹ ਮੱਤਨਯਾਹ ਦਾ ਪੁੱਤਰ ਸੀ ਅਤੇ ਮੱਤਨਯਾਹ ਮੀਕਾ ਦਾ ਪੁੱਤਰ ਸੀ।) ਉਜ਼ੀ ਆੱਸਾਫ਼ ਦਾ ਉੱਤਰਾਧਿਕਾਰੀ ਸੀ ਅਤੇ ਆਸਾਫ਼ ਦੇ ਉੱਤਰਾਧਿਕਾਰੀ ਗਵਈਏ ਸਨ ਜੋ ਕਿ ਪਰਮੇਸ਼ੁਰ ਦੇ ਮੰਦਰ ਦੀ ਸੇਵਾ ਦਾ ਕਾਰਜ ਸੰਭਾਲਦੇ ਸਨ। 23 ਗਾਉਨਵਾਲੇ ਪਾਤਸ਼ਾਹ ਦੇ ਹੁਕਮ ਨੂੰ ਮੰਨਦੇ ਸਨ ਜਿਨ੍ਹਾਂ ਵਿੱਚ ਪਾਤਸ਼ਾਹ ਵੱਲੋਂ ਹਰ ਰੋਜ਼ ਗਾਉਨਵਾਲਿਆਂ ਨੂੰ ਹਿਦਾਇਤਾਂ ਦਿੱਤੀਆਂ ਜਾਂਦੀਆਂ ਸਨ, ਜਿਨ੍ਹਾਂ ਦੀ ਉਹ ਪਾਲਣਾ ਕਰਦੇ ਸਨ। 24 ਜਿਹੜਾ ਮਨੁੱਖ ਉਨ੍ਹਾਂ ਨੂੰ ਪਾਤਸ਼ਾਹ ਦਾ ਹੁਕਮ ਸੁਣਾਉਂਦਾ ਸੀ ਕਿ ਉਨ੍ਹਾਂ ਨੇ ਕੀ ਕੁਝ ਕਰਨਾ ਹੈ, ਉਸਦਾ ਨਾਉਂ ਪਬਹਯਾਹ ਸੀ। (ਪਬਹਯਾਹ ਮਸ਼ੇਜ਼ਬੇਲ ਦਾ ਪੁੱਤਰ ਸੀ ਜੋ ਕਿ ਜ਼ਰਹ ਦੇ ਉੱਤਰਾਧਿਕਾਰੀਆਂ ਵਿੱਚੋਂ ਇੱਕ ਸੀ। ਜ਼ਰਹ ਯਹੂਦਾਹ ਦਾ ਪੁੱਤਰ ਸੀ।)
25 ਅਤੇ ਉਨ੍ਹਾਂ ਦੀਆਂ ਬਸਤੀਆਂ ਅਤੇ ਖੇਤਾਂ ਬਾਬਤ, ਯਹੂਦਾਹ ਦੇ ਕੁਝ ਲੋਕ ਕਿਰਯਬ-ਅਰਬਾ ਵਿੱਚ ਅਤੇ ਇਸ ਦੇ ਦੁਆਲੇ ਦੇ ਨਗਰਾਂ ਵਿੱਚ ਰਹੇ, ਉਨ੍ਹਾਂ ਵਿੱਚੋਂ ਕੁਝ ਦੀਬੋਨ ਵਿੱਚ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਅਤੇ ਕੁਝ ਯਕਬਸੇਲ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਰਹੇ। 26 ਅਤੇ ਯੇਸ਼ੂਆ ਵਿੱਚ, ਮੋਲਾਦਾਹ ਅਤੇ ਬੈਤ-ਪਾਲਟ ਵਿੱਚ, 27 ਹਸ਼ਰ-ਸ਼ੂਆਲ, ਬੇਰ-ਸ਼ਬਾ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ, 28 ਅਤੇ ਸਿਕਲਾਗ ਵਿੱਚ, ਮਕੋਨਾਹ ਅਤੇ ਇਸਦੇ ਦੁਆਲੇ ਦੇ ਪਿੰਡਾਂ ਵਿੱਚ, 29 ਨ-ਰਿਂਮੋਨ, ਸਾਰਆਹ ਅਤੇ ਯਰਮੂਬ ਵਿੱਚ, 30 ਅਤੇ ਜਾਨੋਅਹ ਵਿੱਚ ਅਤੇ ਅਦ੍ਦੁਲਾਮ ਅਤੇ ਇਨ੍ਹਾਂ ਦੇ ਦੁਆਲੇ ਦੇ ਪਿੰਡਾਂ ਵਿੱਚ, ਲਾਕੀਸ਼ ਅਤੇ ਇਸ ਦੇ ਖੇਤਾਂ ਵਿੱਚ, ਅਜ਼ੇਕਾਹ ਅਤੇ ਇਸ ਦੇ ਦੁਆਲੇ ਪਿੰਡਾਂ ਵਿੱਚ, ਇਉਂ ਯਹੂਦਾਹ ਦੇ ਲੋਕ ਬੇਰ-ਸ਼ਬਾ ਤੋਂ ਲੈ ਕੇ ਹਿੰਨੋਮ ਦੀ ਵਾਦੀ ਤੀਕ ਵੱਸਦੇ ਸਨ।
31 ਬਿਨਯਾਮੀਨ ਦੇ ਘਰਾਣੇ ਦੇ ਲੋਕ ਗਬਾ, ਮਿਕਮਸ਼, ਅਯ੍ਯਾਹ, ਬੈਤੇਲ ਅਤੇ ਇਸ ਦੇ ਦੁਆਲੇ ਦੇ ਪਿੰਡਾਂ ਵਿੱਚ ਵੱਸਦੇ ਸਨ। 32 ਅਨਾਬੋਬ, ਨੋਬ ਅਤੇ ਅਨਨਯਾਹ, 33 ਹਾਸੋਰ, ਗਮਾਹ ਅਤੇ ਗਿਤ੍ਤਾਯਿਮ, 34 ਹਦੀਦ ਸਬੋਈਮ ਅਤੇ ਨੱਬਲਾਟ, 35 ਲੋਦ, ਓਨੋ ਅਤੇ ਕਾਰੀਗਰਾਂ ਦੀ ਵਾਦੀ ਵਿੱਚ, 36 ਅਤੇ ਯਹੂਦਾਹ ਤੋਂ ਲੇਵੀ ਦੇ ਪਰਿਵਾਰ ਵਿੱਚੋਂ ਕੁਝ ਲੋਕਾਂ ਦੇ ਸਮੂਹ ਬਿਨਯਾਮੀਨ ਦੀ ਧਰਤੀ ਤੇ ਚੱਲੇ ਗਏ।ਜਾਜਕ ਅਤੇ ਲੇਵੀ
ਪੌਲੁਸ ਦਾ ਯਰੂਸ਼ਲਮ ਨੂੰ ਜਾਣਾ
21 ਅਸੀਂ ਉਨ੍ਹਾਂ ਬਜ਼ੁਰਗਾਂ ਨੂੰ ਅਲਵਿਦਾ ਆਖਕੇ ਜਹਾਜ਼ ਵਿੱਚ ਚੱਲੇ ਗਏ। ਅਸੀਂ ਸਿੱਧਾ ਕੋਸ ਟਾਪੂ ਵੱਲ ਆਏ। ਅਗਲੇ ਦਿਨ ਅਸੀਂ ਰੋਦੁਸ ਟਾਪੂ ਵੱਲ ਗਏ ਅਤੇ ਰੋਦੁਸ ਤੋਂ ਪਾਤਰਾ ਵੱਲ ਨੂੰ। 2 ਪਾਤ੍ਰਾ ਵਿੱਚ ਸਾਨੂੰ ਇੱਕ ਜਹਾਜ਼ ਮਿਲਿਆ ਜੋ ਫ਼ੈਨੀਕੇ ਵੱਲ ਦੇ ਇਲਾਕੇ ਨੂੰ ਜਾ ਰਿਹਾ ਸੀ, ਅਸੀਂ ਉਸ ਜਹਾਜ਼ ਤੇ ਸਵਾਰ ਹੋਏ ਅਤੇ ਸਫ਼ਰ ਲਈ ਤੁਰ ਪਏ।
3 ਅਸੀਂ ਕੁਪਰੁਸ ਟਾਪੂ ਕੋਲ ਪਹੁੰਚੇ। ਇਹ ਸਾਨੂੰ ਉੱਤਰੀ ਦਿਸ਼ਾ ਵੱਲ ਵਿਖਾਈ ਦੇ ਰਿਹਾ ਸੀ, ਪਰ ਅਸੀਂ ਉੱਥੇ ਰੁਕੇ ਨਹੀਂ। ਅਸੀਂ ਉੱਥੋਂ ਸੁਰਿਯਾ ਵੱਲ ਨੂੰ ਚੱਲੇ ਗਏ। ਅਸੀਂ ਉੱਥੇ ਸੂਰ ਵਿੱਚ ਜਾ ਉੱਤਰੇ ਕਿਉਂਕਿ ਉੱਥੇ ਜਹਾਜ਼ ਨੇ ਆਪਣਾ ਮਾਲ ਉਤਾਰਨਾ ਸੀ। 4 ਉੱਥੇ ਅਸੀਂ ਕੁਝ ਯਿਸੂ ਦੇ ਚੇਲਿਆਂ ਨੂੰ ਲੱਭਿਆ ਅਤੇ ਉਨ੍ਹਾਂ ਕੋਲ ਅਸੀਂ ਸੱਤ ਦਿਨਾਂ ਲਈ ਠਹਿਰੇ। ਉਨ੍ਹਾਂ ਨੇ ਪਵਿੱਤਰ ਆਤਮਾ ਦੇ ਰਾਹੀਂ ਪੌਲੁਸ ਨੂੰ ਕਿਹਾ ਕਿ ਉਹ ਯਰੂਸ਼ਲਮ ਨੂੰ ਨਾ ਜਾਵੇ। 5 ਪਰ ਜਦੋਂ ਅਸੀਂ ਆਪਣੀ ਫ਼ੇਰੀ ਖਤਮ ਕੀਤੀ ਤਾਂ ਅਸੀਂ ਉੱਥੋਂ ਤੁਰ ਪਏ। ਅਸੀਂ ਆਪਣੀ ਯਾਤਰਾ ਜਾਰੀ ਰੱਖੀ। ਉੱਥੋਂ ਦੇ ਸਾਰੇ ਮਰਦ-ਔਰਤਾਂ ਅਤੇ ਬੱਚੇ ਸਾਨੂੰ ਸ਼ਹਿਰੋਂ ਬਾਹਰ ਤੱਕ ਅਲਵਿਦਾ ਆਖਣ ਸਾਡੇ ਨਾਲ ਆਏ। ਅਸੀਂ ਸਾਰਿਆਂ ਨੇ ਉੱਥੇ ਸਮੁੰਦਰ ਦੇ ਕੰਢੇ ਗੋਡੇ ਟੇਕ ਕੇ ਪ੍ਰਾਰਥਨਾ ਕੀਤੀ। 6 ਫ਼ਿਰ ਅਸੀਂ ਉਨ੍ਹਾਂ ਨੂੰ ਅਲਵਿਦਾ ਕਹੀ ਅਤੇ ਜਹਾਜ਼ ਉੱਪਰ ਚੜ੍ਹ੍ਹ ਗਏ ਅਤੇ ਉਹ ਲੋਕ ਆਪਣੇ ਘਰਾਂ ਨੂੰ ਪਰਤ ਗਏ।
7 ਅਸੀਂ ਸੂਰ ਤੋਂ ਅੱਗੇ ਆਪਣੀ ਜਲ ਯਾਤਰਾ ਜਾਰੀ ਰੱਖੀ ਅਤੇ ਤੁਲਮਾਇਸ ਪਹੁੰਚੇ। ਅਸੀਂ ਉੱਥੇ ਭਰਾਵਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਨ੍ਹਾਂ ਨਾਲ ਇੱਕ ਦਿਨ ਠਹਿਰੇ। 8 ਅਗਲੇ ਦਿਨ ਤੁਸੀਂ ਤੁਲਮਾਇਸ ਤੋਂ ਕੈਸਰਿਯਾ ਵੱਲ ਆਏ। ਅਸੀਂ ਫ਼ਿਲਿਪੁੱਸ ਦੇ ਘਰ ਅੰਦਰ ਗਏ ਅਤੇ ਉਸ ਦੇ ਨਾਲ ਠਹਿਰੇ। ਫ਼ਿਲਿਪੁੱਸ ਖੁਸ਼ਖਬਰੀ ਦਾ ਪ੍ਰਚਾਰਕ ਸੀ ਅਤੇ ਉਨ੍ਹਾਂ ਸੱਤ ਮਦਦਗਾਰਾਂ ਵਿੱਚੋਂ ਇੱਕ ਸੀ। 9 ਉਸ ਦੀਆਂ ਚਾਰ ਕੁੜੀਆਂ ਸਨ ਇਨ੍ਹਾਂ ਦੇ ਹਾਲੇ ਵਿਆਹ ਨਹੀਂ ਹੋਏ ਸਨ। ਇਨ੍ਹਾਂ ਕੁੜੀਆਂ ਕੋਲ ਅਗੰਮ ਵਾਕ ਕਰਨ ਦੀ ਬਖਸ਼ਸ਼ ਸੀ।
10 ਜਦੋਂ ਅਸੀਂ ਕਾਫ਼ੀ ਦਿਨਾਂ ਤੋਂ ਉੱਥੇ ਸੀ ਤਾਂ ਉੱਥੇ ਆਗਬੁਸ ਨਾਂ ਦਾ ਇੱਕ ਨਬੀ ਯਹੂਦਿਯਾ ਤੋਂ ਉੱਤਰ ਆਇਆ। 11 ਉਹ ਸਾਡੇ ਕੋਲ ਆਇਆ ਤੇ ਉਸ ਨੇ ਸਾਡੇ ਕੋਲੋਂ ਪੌਲੁਸ ਦੀ ਕਮਰ ਪੇਟੀ ਲੈ ਲਈ। ਅਤੇ ਉਸ ਕਮਰਪਟੇ ਨਾਲ ਆਪਣੇ ਹੱਥ-ਪੈਰ ਬੰਨ੍ਹ ਕੇ ਆਖਣ ਲੱਗਾ, “ਪਵਿੱਤਰ ਆਤਮਾ ਮੈਨੂੰ ਦੱਸਦਾ ਹੈ, ਕਿ ‘ਯਰੂਸ਼ਲਮ ਵਿੱਚ ਯਹੂਦੀ ਉਸ ਮਨੁੱਖ ਨੂੰ ਇਸੇ ਤਰ੍ਹਾਂ ਬੰਨ੍ਹ ਦੇਣਗੇ ਜਿਸ ਦਾ ਇਹ ਕਮਰਪਟਾ ਹੈ, ਅਤੇ ਉਸਤੋਂ ਬਾਅਦ ਉਹ ਉਸ ਨੂੰ ਪਰਾਈਆਂ ਕੌਮਾਂ ਦੇ ਲੋਕਾਂ ਦੇ ਹਵਾਲੇ ਕਰ ਦੇਣਗੇ।’”
12 ਜਦੋਂ ਅਸੀਂ ਇਹ ਬਚਨ ਸੁਣੇ, ਤਾਂ ਅਸੀਂ ਅਤੇ ਆਮ ਨਿਹਚਾਵਾਨਾਂ ਨੇ ਪੌਲੁਸ ਅੱਗੇ ਯਰੂਸ਼ਲਮ ਨੂੰ ਨਾ ਜਾਣ ਦੀ ਬੇਨਤੀ ਕੀਤੀ। 13 ਪਰ ਪੌਲੁਸ ਨੇ ਕਿਹਾ, “ਤੁਸੀਂ ਰੋ ਕਿਉਂ ਰਹੇ ਹੋ? ਤੁਸੀਂ ਮੇਰਾ ਦਿਲ ਕਿਉਂ ਤੋੜ ਰਹੇ ਹੋ। ਮੈਂ ਯਰੂਸ਼ਲਮ ਵਿੱਚ ਬੰਨ੍ਹੇ ਜਾਣ ਨੂੰ ਤਿਆਰ ਹਾਂ ਇਹੀ ਨਹੀਂ ਸਗੋਂ ਮੈਂ ਤਾਂ ਪ੍ਰਭੂ ਯਿਸੂ ਦੇ ਨਾਂ ਤੇ ਮਰ ਮਿਟਣ ਨੂੰ ਵੀ ਤਿਆਰ ਹਾਂ।”
14 ਅਸੀਂ ਉਸ ਨੂੰ ਯਰੂਸ਼ਲਮ ਨੂੰ ਨਾ ਜਾਣ ਲਈ ਨਾ ਮਨਵਾ ਸੱਕੇ। ਇਸ ਲਈ ਅਸੀਂ ਅਰਜੋਈ ਬੰਦ ਕਰਕੇ ਉਸ ਨੂੰ ਕਿਹਾ, “ਪ੍ਰਭੂ ਦੀ ਮਰਜ਼ੀ ਪੂਰੀ ਹੋਵੇ।”
15 ਇਸਤੋਂ ਬਾਅਦ ਅਸੀਂ ਯਰੂਸ਼ਲਮ ਲਈ ਤਿਆਰ ਹੋਕੇ ਚੱਲ ਪਏ। 16 ਕੈਸਰਿਯਾ ਵਿੱਚੋਂ ਕੁਝ ਯਿਸੂ ਦੇ ਚੇਲੇ ਸਾਡੇ ਨਾਲ ਜੁੜ ਗਏ। ਉਹ ਚੇਲੇ ਸਾਨੂੰ ਮਨਾਸੌਨ ਦੇ ਘਰ ਲੈ ਗਏ ਤਾਂ ਜੋ ਅਸੀਂ ਉਸ ਦੇ ਨਾਲ ਠਹਿਰ ਸੱਕੀਏ। ਉਹ ਕਪਰੁਸ ਤੋਂ ਸੀ। ਉਹ ਪਹਿਲੇ ਲੋਕਾਂ ਵਿੱਚੋਂ ਇੱਕ ਸੀ ਜੋ ਯਿਸੂ ਦੇ ਚੇਲੇ ਬਣੇ ਸਨ।
ਪੌਲੁਸ ਦਾ ਯਾਕੂਬ ਨੂੰ ਮਿਲਣਾ
17 ਯਰੂਸ਼ਲਮ ਵਿੱਚ ਨਿਹਚਾਵਾਨਾਂ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ। 18 ਅਗਲੇ ਦਿਨ ਪੌਲੁਸ ਸਾਡੇ ਨਾਲ ਯਾਕੂਬ ਨੂੰ ਮਿਲਣ ਗਿਆ। ਸਾਰੇ ਵਡੇਰੇ (ਕਲੀਸਿਯਾ ਦੇ ਆਗੂ) ਉੱਥੇ ਹੀ ਸਨ। 19 ਪੌਲੁਸ ਨੇ ਉਨ੍ਹਾਂ ਸਾਰਿਆਂ ਨੂੰ ਸ਼ੁਭਕਾਮਾਨਾਵਾਂ ਦਿੱਤੀਆਂ ਅਤੇ ਸਭ ਕੁਝ ਤਫ਼ਸੀਲ ਵਿੱਚ ਦੱਸਿਆ, ਜੋ ਪਰਮੇਸ਼ੁਰ ਨੇ ਉਸਦੀ ਸੇਵਾ ਰਾਹੀਂ ਪਰਾਈਆਂ ਕੌਮਾਂ ਵਿੱਚ ਕੀਤਾ ਸੀ।
20 ਜਦੋ ਆਗੂਆਂ ਨੇ ਅਜਿਹੀਆਂ ਗੱਲਾਂ ਸੁਣੀਆਂ ਤਾਂ ਉਨ੍ਹਾਂ ਪਰਮੇਸ਼ੁਰ ਦੀ ਉਸਤਤਿ ਕੀਤੀ ਅਤੇ ਉਨ੍ਹਾਂ ਨੇ ਪੌਲੁਸ ਨੂੰ ਕਿਹਾ, “ਭਰਾ ਤੂੰ ਵੇਖ ਸੱਕਦਾ ਹੈਂ ਕਿ ਹਜ਼ਾਰਾਂ ਹੀ ਯਹੂਦੀ ਨਿਹਚਾਵਾਨ ਬਣ ਚੁੱਕੇ ਹਨ। ਪਰ ਉਹ ਸੋਚਦੇ ਹਨ ਕਿ ਮੂਸਾ ਦੇ ਨੇਮਾਂ ਨੂੰ ਮੰਨਣਾ ਮਹੱਤਵਪੂਰਣ ਹੈ। 21 ਇਨ੍ਹਾਂ ਯਹੂਦੀਆਂ ਨੇ ਤੁਹਾਡੇ ਉਪਦੇਸ਼ ਸੁਣੇ ਹਨ ਅਤੇ ਇਹ ਵੀ ਸੁਣਿਆ ਹੈ ਕਿ ਤੁਸੀਂ ਦੂਜੇ ਦੇਸ਼ਾਂ ਵਿੱਚ ਰਹਿੰਦੇ ਯਹੂਦੀਆਂ ਨੂੰ ਮੂਸਾ ਦੀ ਸ਼ਰ੍ਹਾ ਨੂੰ ਤਿਆਗਣ ਅਤੇ ਆਪਣੇ ਬੱਚਿਆਂ ਨੂੰ ਸੁੰਨਤ ਨਾ ਕਰਾਉਣ ਦਾ ਉਪਦੇਸ਼ ਦਿੰਦੇ ਹੋ।
22 “ਸੋ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ। ਯਹੂਦੀ ਨਿਹਚਾਵਾਨ ਜ਼ਰੂਰ ਸੁਣ ਲੈਣਗੇ ਕਿ ਤੂੰ ਆਇਆ ਹੈਂ। 23 ਸੋ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕੀ ਕਰਨਾ ਹੈ? ਸਾਡੇ ਕੋਲ ਆਦਮੀ ਹਨ ਜਿਨ੍ਹਾਂ ਨੇ ਪਰਮੇਸ਼ੁਰ ਅੱਗੇ ਇਕਰਾਰ ਕੀਤਾ ਹੈ। 24 ਤੂੰ ਉਨ੍ਹਾਂ ਨੂੰ ਆਪਣੇ ਨਾਲ ਲੈ ਅਤੇ ਆਪਣੇ-ਆਪ ਨੂੰ ਉਨ੍ਹਾਂ ਨਾਲ ਸ਼ੁੱਧ ਕਰ ਅਤੇ ਉਨ੍ਹਾਂ ਦੇ ਖਰਚ ਨੂੰ ਪੂਰਾ ਕਰ ਤਾਂ ਜੋ ਉਹ ਆਪਣੇ ਸਿਰ ਮੁਨਵਾ ਸੱਕਣ। ਫ਼ੇਰ ਹਰ ਕੋਈ ਜਾਣ ਜਾਵੇਗਾ ਕਿ ਜੋ ਕੁਝ ਵੀ ਉਨ੍ਹਾਂ ਤੇਰੇ ਬਾਰੇ ਸੁਣਿਆ ਸੱਚ ਨਹੀਂ ਹੈ ਕਿਉਂਕਿ ਤੂੰ ਖੁਦ ਸ਼ਰ੍ਹਾਂ ਦੀ ਪਾਲਣਾ ਕਰਕੇ ਜਿਉਂਦਾ ਹੈਂ।
25 “ਅਸੀਂ ਪਹਿਲਾਂ ਹੀ ਉਨ੍ਹਾਂ ਗੈਰ-ਯਹੂਦੀਆਂ ਨੂੰ ਪੱਤਰ ਭੇਜ ਦਿੱਤਾ ਹੈ ਜਿਹੜੇ ਕਿ ਨਿਹਚਾਵਾਨ ਬਣ ਗਏ ਹਨ। ਉਸ ਪੱਤਰ ਵਿੱਚ ਲਿਖਿਆ ਹੈ;
‘ਉਹ ਭੋਜਨ ਨਾ ਖਾਓ ਜਿਹੜਾ ਮੂਰਤਾਂ ਨੂੰ ਅਰਪਿਤ ਕੀਤਾ ਗਿਆ ਹੈ,
ਲਹੂ ਨਾ ਖਾਓ, ਗਲ ਘੁੱਟੇ ਹੋਏ ਜਾਨਵਰਾਂ ਦਾ ਮਾਸ ਨਾ ਖਾਓ।
ਕਿਸੇ ਤਰ੍ਹਾਂ ਦਾ ਜਿਨਸੀ ਪਾਪ ਨਾ ਕਰੋ।’”
ਪੌਲੁਸ ਕੈਦ ਹੋ ਗਿਆ
26 ਅਗਲੇ ਦਿਨ, ਪੌਲੁਸ ਨੇ ਆਪਣੇ ਨਾਲ ਉਨ੍ਹਾਂ ਚਾਰ ਆਦਮੀਆਂ ਨੂੰ ਲਿਆ ਅਤੇ ਉਨ੍ਹਾਂ ਦੇ ਨਾਲ ਸ਼ੁੱਧਤਾ ਦੀ ਰੀਤ ਨਿਭਾਈ। ਫ਼ਿਰ ਉਹ ਮੰਦਰ ਦੇ ਇਲਾਕੇ ਵਿੱਚ ਗਿਆ ਅਤੇ ਐਲਾਨ ਕੀਤਾ ਕਿ ਸ਼ੁੱਧਤਾ ਦੀ ਰੀਤ ਦੇ ਦਿਨ ਪੂਰੇ ਕਦੋਂ ਹੋਣਗੇ ਅਤੇ ਕਦੋਂ ਉਨ੍ਹਾਂ ਵਿੱਚੋਂ ਹਰੇਕ ਲਈ ਭੇਂਟ ਦਿੱਤੀ ਜਾਵੇਗੀ।
27 ਤਕਰੀਬਨ ਸੱਤ ਕੁ ਦਿਨ ਖਤਮ ਹੋ ਚੁੱਕੇ ਸਨ, ਪਰ ਅਸਿਯਾ ਵਿੱਚੋਂ ਆਏ ਕੁਝ ਯਹੂਦੀਆਂ ਨੇ ਪੌਲੁਸ ਨੂੰ ਮੰਦਰ ਦੇ ਇਲਾਕੇ ਵਿੱਚ ਵੇਖਿਆ ਤਾਂ ਉਨ੍ਹਾਂ ਨੇ ਸਾਰੇ ਲੋਕਾਂ ਨੂੰ ਪਰੇਸ਼ਾਨ ਕਰ ਦਿੱਤਾ। 28 ਅਤੇ ਪੌਲੁਸ ਨੂੰ ਫ਼ੜ ਲਿਆ ਅਤੇ ਉੱਚੀ ਉੱਚੀ ਚੀਕਣ ਲੱਗੇ, “ਹੇ ਇਸਰਾਏਲੀ ਮਰਦੋ। ਇੱਥੇ ਆਓ ਤੇ ਮਦਦ ਕਰੋ। ਇਹ ਉਹ ਮਨੁੱਖ ਹੈ, ਜੋ ਹਰ ਥਾਂ ਸਾਰੇ ਲੋਕਾਂ ਨੂੰ ਸਾਡੇ ਲੋਕਾਂ ਦੇ ਖਿਲਾਫ਼ ਮੂਸਾ ਦੀ ਸ਼ਰ੍ਹਾ ਦੇ ਖਿਲਾਫ਼, ਅਤੇ ਇਸ ਮੰਦਰ ਦੇ ਖਿਲਾਫ਼ ਉਪਦੇਸ਼ ਦੇ ਰਿਹਾ ਹੈ। ਇਹੀ ਨਹੀਂ, ਸਗੋਂ ਉਹ ਕੁਝ ਯੂਨਾਨੀਆਂ ਨੂੰ ਵੀ ਮੰਦਰ ਦੇ ਵਿਹੜੇ ਵਿੱਚ ਲਿਆਇਆ ਅਤੇ ਇਸ ਪਵਿੱਤਰ ਥਾਂ ਨੂੰ ਅਸ਼ੁੱਧ ਕਰ ਦਿੱਤਾ ਹੈ।” 29 (ਇਹ ਗੱਲ ਉਨ੍ਹਾਂ ਨੇ ਇਸ ਲਈ ਆਖੀ ਕਿਉਂਕਿ ਉਨ੍ਹਾਂ ਨੇ ਯਰੂਸ਼ਲਮ ਵਿੱਚ ਤ੍ਰੋਫ਼ਿਮੁਸ ਅਫ਼ਸੀ ਨੂੰ ਜੋ ਕਿ ਯੂਨਾਨੀ ਸੀ ਪੌਲੁਸ ਦੇ ਨਾਲ ਵੇਖਿਆ ਸੀ। ਅਤੇ ਇਹ ਸੋਚਿਆ ਕਿ ਪੌਲੁਸ ਉਸ ਨੂੰ ਆਪਣੇ ਨਾਲ ਇਸ ਮੰਦਰ ਦੇ ਪਵਿੱਤਰ ਅਹਾਤੇ ਵਿੱਚ ਲਿਆਇਆ ਹੋਵੇਗਾ।)
30 ਯਰੂਸ਼ਲਮ ਵਿੱਚ ਸਾਰੇ ਲੋਕ ਬਹੁਤ ਪਰੇਸ਼ਾਨ ਹੋ ਗਏ ਇਸ ਲਈ ਉਹ ਤੇਜ਼ੀ ਨਾਲ ਆਏ ਅਤੇ ਪੌਲੁਸ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਨੂੰ ਮੰਦਰ ਵਿੱਚੋਂ ਧੱਕ ਕੇ ਬਾਹਰ ਕੱਢ ਦਿੱਤਾ। ਝੱਟ ਹੀ ਮੰਦਰ ਦੇ ਦਰਵਾਜ਼ੇ ਬੰਦ ਹੋ ਗਏ। 31 ਲੋਕ ਉਸ ਨੂੰ ਜਾਨੋਂ ਮਾਰ ਮੁਕਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਤਾਂ ਰੋਮ ਦੀ ਫ਼ੌਜ ਦੇ ਕਮਾਂਡਰ ਨੂੰ ਖਬਰ ਪਹੁੰਚੀ ਕਿ ਸਾਰੇ ਸ਼ਹਿਰ ਵਿੱਚ ਭਗਦੜ ਮੱਚੀ ਹੋਈ ਹੈ। 32 ਤਾਂ ਝੱਟ ਹੀ ਕਮਾਂਡਰ ਉਸ ਭੀੜ ਵਾਲੀ ਥਾਂ ਤੇ ਪਹੁੰਚ ਗਿਆ। ਉਹ ਕੁਝ ਫ਼ੌਜੀ ਅਧਿਕਾਰੀਆਂ ਅਤੇ ਸੈਨਕਾਂ ਨੂੰ ਆਪਣੇ ਨਾਲ ਲਿਆਇਆ। ਜਦੋਂ ਲੋਕਾਂ ਨੇ ਸਰਦਾਰ ਅਤੇ ਸੈਨਕਾਂ ਨੂੰ ਆਉਂਦਿਆਂ ਵੇਖਿਆ, ਉਨ੍ਹਾਂ ਨੇ ਪੌਲੁਸ ਨੂੰ ਕੁੱਟਣਾ ਬੰਦ ਕਰ ਦਿੱਤਾ।
33 ਤਦ ਉਸ ਨੇ ਨੇੜੇ ਆਕੇ ਪੌਲੁਸ ਨੂੰ ਫ਼ੜ ਲਿਆ ਅਤੇ ਆਪਣੇ ਸਿਪਾਹੀਆਂ ਨੂੰ ਹੁਕਮ ਦਿੱਤਾ ਕਿ ਇਸ ਨੂੰ ਦੋ ਜੰਜ਼ੀਰਾਂ ਨਾਲ ਬੰਨ੍ਹ ਦੇਣ। ਤਦ ਉਸ ਨੇ ਪੁੱਛਿਆ, “ਇਹ ਆਦਮੀ ਕੌਣ ਹੈ? ਇਸਨੇ ਕੀ ਕੀਤਾ ਹੈ?” 34 ਭੀੜ ਵਿੱਚੋਂ, ਵੱਖ-ਵੱਖ ਲੋਕ ਉੱਚੀ-ਉੱਚੀ ਅੱਡੋ-ਅੱਡ ਗੱਲਾਂ ਦਾ ਰੌਲਾ ਪਾ ਰਹੇ ਸਨ ਇਸ ਖੱਪ ਰੌਲੇ ਵਿੱਚ ਸੈਨਾ ਅਧਿਕਾਰੀ ਨੂੰ ਸੱਚਾਈ ਨਾ ਪਤਾ ਲੱਗ ਸੱਕੀ। ਇਸ ਲਈ ਉਸ ਨੇ ਆਪਣੇ ਸਿਪਾਹੀਆਂ ਨੂੰ ਉਸ ਨੂੰ ਸੈਨਾ ਭਵਨ ਵਿੱਚ ਲੈ ਜਾਣ ਦਾ ਆਦੇਸ਼ ਦਿੱਤਾ। 35 ਸਾਰੀ ਭੀੜ ਉਸਦਾ ਪਿੱਛਾ ਕਰ ਰਹੀ ਸੀ। ਜਦੋਂ ਉਹ ਪੌੜੀਆਂ ਕੋਲ ਪਹੁੰਚੇ, ਸਿਪਾਹੀਆਂ ਨੇ ਬੇਕਾਬੂ ਭੀੜ ਕਾਰਣ ਪੌਲੁਸ ਨੂੰ ਚੁੱਕ ਲਿਆ। ਇਹ ਸਭ ਉਨ੍ਹਾਂ ਨੇ ਪੌਲੁਸ ਨੂੰ ਭੀੜ ਤੋਂ ਬਚਾਉਣ ਖਾਤਰ ਕੀਤਾ ਕਿਉਂਕਿ ਭੀੜ ਉਸ ਨੂੰ ਮਾਰਨ ਲਈ ਤਿਆਰ ਸੀ। 36 ਉਹ ਉਨ੍ਹਾਂ ਦਾ ਪਿੱਛਾ ਕਰ ਰਹੇ ਸਨ ਅਤੇ ਰੌਲਾ ਪਾ ਰਹੇ ਸਨ, “ਇਸ ਨੂੰ ਜਾਨੋ ਮਾਰ ਦਿਓ।”
37 ਸਿਪਾਹੀ ਉਸ ਨੂੰ ਸੈਨਾ ਭਵਨ ਵਿੱਚ ਲਿਜਾਣ ਨੂੰ ਤਿਆਰ ਸਨ। ਪੌਲੁਸ ਨੇ ਪੁੱਛਿਆ, “ਕੀ ਮੈਂ ਤੈਨੂੰ ਕੁਝ ਆਖ ਸੱਕਦਾ ਹਾਂ?”
ਉਸ ਨੇ ਕਿਹਾ, “ਓਏ। ਤੂੰ ਯੂਨਾਨੀ ਭਾਸ਼ਾ ਬੋਲਦਾ ਹੈਂ? 38 ਤਾਂ ਫ਼ਿਰ ਤੂੰ ਉਹ ਆਦਮੀ ਨਹੀਂ ਜੋ ਮੈਂ ਸੋਚਿਆ ਸੀ ਕਿ ਤੂੰ ਹੈ। ਮੈਂ ਸੋਚਿਆ ਤੂੰ ਉਹ ਮਿਸਰੀ ਸੀ ਜਿਸਨੇ ਹਾਲ ਵਿੱਚ ਹੀ ਸਰਕਾਰ ਦੇ ਵਿਰੁੱਧ ਇੱਕ ਵਿਦ੍ਰੋਹ ਸ਼ੁਰੂ ਕੀਤਾ ਸੀ ਅਤੇ ਚਾਰ ਹਜ਼ਾਰ ਖੂਨੀਆਂ ਨੂੰ ਉਜਾੜ ਵੱਲ ਲੈ ਗਿਆ ਸੀ।”
39 ਪੌਲੁਸ ਨੇ ਕਿਹਾ, “ਮੈਂ ਤਾਂ ਇੱਕ ਯਹੂਦੀ ਮਨੁੱਖ ਕਿਲਕਿਯਾ ਦੇ ਤਰਸੁਸ ਦਾ ਰਹਿਣ ਵਾਲਾ ਹਾਂ। ਮੈਂ ਉਸ ਖਾਸ ਸ਼ਹਿਰ ਦਾ ਵਸਨੀਕ ਹਾਂ, ਕਿਰਪਾ ਕਰਕੇ ਮੈਨੂੰ ਲੋਕਾਂ ਨਾਲ ਬੋਲਣ ਦੀ ਪਰਵਾਨਗੀ ਦੇ।”
40 ਉਸ ਨੇ ਪੌਲੁਸ ਨੂੰ ਬੋਲਣ ਦੀ ਪਰਵਾਨਗੀ ਦੇ ਦਿੱਤੀ। ਤਾਂ ਪੌਲੁਸ ਪੌੜੀਆਂ ਤੇ ਖੜ੍ਹਾ ਹੋ ਗਿਆ ਅਤੇ ਲੋਕਾਂ ਨੂੰ ਚੁੱਪ ਕਰਾਉਣ ਲਈ ਆਪਣੇ ਹੱਥ ਨਾਲ ਇਸ਼ਾਰਾ ਕੀਤਾ। ਜਦੋਂ ਲੋਕ ਸ਼ਾਂਤ ਹੋ ਗਏ, ਤਾਂ ਉਹ ਉਨ੍ਹਾਂ ਨੂੰ ਇਬਰਾਨੀ ਭਾਸ਼ਾ ਵਿੱਚ ਬੋਲਿਆ।
2010 by World Bible Translation Center